ਵੱਡਾ ਬੂਹਾ ਲੱਕੜ ਦਾ
ਉੱਤੇ ਵਾਹਿਆ ਖੰਡਾ ਹੁੰਦਾ ਸੀ।
ਪੂਰੇ ਪਿੰਡ ‘ਚ ਇਕ ਬਖਤੌਰੇ ਦਾ, ਤੋਲਣ-ਕੰਡਾ ਹੁੰਦਾ ਸੀ।
ਲੋਕੀਂ ਜਾਂਦੇ ਸੀ ਮੇਲਾ ਵੇਖਣ ਰੇੜ੍ਹੇ, ਗੱਡੇ, ਉੱਠਾਂ ‘ਤੇ,
ਕੈਲੂ ਬੁੜ੍ਹੇ ਦੇ ਜਾਣ ਨੂੰ ਸਾਇਕਲ ਇਕ ਲੰਡਾ ਹੁੰਦਾ ਸੀ।
ਰਿੱਝਦੀਆਂ ਵਿਚ ਤੌੜੀਆਂ ਦੇ ਦਾਲ਼ਾਂ, ਖੀਰਾਂ ਹੁੰਦੀਆਂ ਸੀ,
ਮਿੱਠੀਆਂ ਪੱਕਣ ਰੋਟੀਆਂ ਜਦ ਮੌਸਮ ਠੰਡਾ ਹੁੰਦਾ ਸੀ।
ਫੱਟੀਆਂ, ਦਵਾਤਾਂ ਤੇ ਕਲਮਾਂ ਵਾਲੇ ਉਹ ਸਕੂਲ ਜਦੋਂ ਸੀ,
ਤਾਪ ਬਹਾਨੇ ਨੂੰ ਝੋਲ਼ੇ ‘ਚ ਪਾਇਆ ਇਕ ਗੰਡਾ ਹੁੰਦਾ ਸੀ।
ਵਿੱਚ ਸਕੂਲੇ ਬੈਠਣ ਨੂੰ ਨਾਲ਼ ਸ਼ਿਆਹੀ ਲਿਬੜੇ ਬੋਰੇ ਸੀ,
ਅਧਿਆਪਕ ਕੋਲ ਤੂਤ ਦਾ ਉਦੋਂ ਗਿੱਲਾ ਡੰਡਾ ਹੁੰਦਾ ਸੀ।
ਦਾਣੇ ਚੱਬਣੇ, ਸੱਤੂ ਪੀ, ਤੱਤਾ ਗੁੜ ਗੰਨੇ ‘ਤੇ ਲਾ ਖਾਣਾ,
ਦੁਪਹਿਰ ਦੀ ਰੋਟੀ ਖਾਣ ਨੂੰ ਅਚਾਰ ਨਾਲ ਡੰਢਾ ਹੁੰਦਾ ਸੀ।
ਉਹ ਕਹਾਣੀ ਦਾਦੀ ਮਾਂ ਜੀ ਨੇ ਅੱਜ ਸੁਣਾਈ ਹੈ ‘ਲਾਡੀ‘ ਨੂੰ,
ਉਸ ਦੇ ਵਿਰਸੇ ਦਾ ਜਦ ਸਭ ਤੋਂ ਉੱਚਾ ਝੰਡਾ ਹੁੰਦਾ ਸੀ।
-------------------------0---------------------
ਲਾਡੀ ਸੁਖੰਿਜੰਦਰ ਕੌਰ ਭੁੱਲਰ, ਮੋਬ:-97811-91910
-0- |