ਸਾਹਿਤ ਰਚਨਾ ਦੀ
ਪ੍ਰਕਿਰਿਆ ਵਿੱਚੋਂ ਜਦੋਂ ਮੌਖਿਕ (ਓਰਲ) ਪ੍ਰੰਪਰਾ ਬਿਲਕੁਲ ਹੀ ਅਲੋਪ ਹੋ ਗਈ, ਓਦੋਂ ਤੋਂ
ਕੁਝ ਸਾਲਾਂ ਤੀਕਰ ਕਲਮ ਹੀ ਲੇਖਕ ਲਈ ਸਭ ਤੋਂ ਅਹਿਮ ਵਸਤੂ ਬਣੀ ਰਹੀ ਹੈ। ਲੇਖਕ ਲਈ, ਕਲਮ
ਤੋਂ ਬਾਅਦ ਦੂਸਰੀ ਅਹਿਮ ਚੀਜ਼ ਹੈ ਲਿਖਣ ਦੇ ਪਲਾਂ ਦੌਰਾਨ ਰਚਨਾ ਨਾਲ਼ ਇੱਕ-ਮਿੱਕ ਹੋਣ ਲਈ ਅਤੇ
ਰਚਨਾ ਦਾ ਰੂਪ ਲੈ ਰਹੇ ਸ਼ਬਦਾਂ ਨੂੰ ਕਾਗਜ਼ ਉੱਤੇ ਉਤਰਾਨ ਦੇ ਪਲਾਂ ਦੌਰਾਨ ਲੋੜੀਂਦਾ
ਚੌਗਿਰਦਾ। ਹੋਰਨਾ ਲੇਖਕਾਂ ਵਾਂਗਣ, ਇਹਨਾਂ ਦੋਹਾਂ ਵਸਤੂਆਂ ਦਾ ਮੇਰੇ ਲਈ ਮਹੱਤਵ ਤੇ ਇਹਨਾਂ
ਨਾਲ ਮੇਰਾ ਰਿਸ਼ਤਾ ਗੂੜ੍ਹਾ ਅਤੇ ਚਿਰੋਕਣਾ ਹੈ।
ਲੇਖਕ ਹੋਣਾ ਤਾਂ ਐਵੇਂ ਇਤਿਫ਼ਾਕ ਦੀ ਗੱਲ ਹੀ ਹੈ; ਉਂਜ ਮੈਂ ਵੀ ਆਮ ਵਰਗਾ ਹੀ ਮਨੁੱਖ ਹਾਂ;
ਮਨੁੱਖੀ ਸੁਭਾਅ ਦੀਆਂ ਸਾਰੀਆਂ ਕਮਜ਼ੋਰੀਆਂ ਖੂਬੀਆਂ ਦਾ ਮਿਲ਼ਗੋਭਾ! ਲੇਖਕ ਬਣ ਜਾਣਾ ਮੇਰੇ ਲਈ
ਕੋਈ ਅਲੋਕਾਰ ਵਰਤਾਰਾ ਨਹੀਂ; ਮੈਂ ਸਮਝਦਾ ਹਾਂ ਕਿ 'ਬੰਦਾ' ਬਣ ਜਾਣਾ ਲੇਖਕ ਬਣਨ ਨਾਲੋਂ
ਜ਼ਿਆਦਾ ਜ਼ਰੂਰੀ ਹੈ। ਇਸੇ ਕਰਕੇ, ਮੈਂ ਅਕਸਰ ਸੋਚਦਾ ਹਾਂ ਕਿ ਲੇਖਕ ਤਾਂ ਮੈਂ ਉਹਨਾਂ ਛਿਣਾਂ
ਦੌਰਾਨ ਹੀ ਹੁੰਦਾ ਹਾਂ ਜਦੋਂ ਕੋਈ ਰਚਨਾ ਮੇਰੇ ਜ਼ਿਹਨ ਵਿੱਚ ਸ਼ਬਦਾਂ ਦੇ ਰੂਪ ਵਿੱਚ ਵਟ ਰਹੀ
ਹੁੰਦੀ ਹੈ ਅਤੇ ਮੈਂ ਆਲ਼ੇ-ਦੁਆਲ਼ੇ ਤੋਂ ਬੇਖ਼ਬਰ ਆਪਣੇ ਜ਼ਿਹਨ ਵਿੱਚ ਸ਼ਬਦਾਂ ਨਾਲ਼ ਖੇਡ ਰਿਹਾ
ਹੁੰਦਾ ਹਾਂ। ਬਾਕੀ ਸਮੇਂ ਦੌਰਾਨ ਤਾਂ ਮੈਂ ਬੱਸ ਇਕਬਾਲ ਹੀ ਹੁੰਦਾ ਹਾਂ, ਆਮ ਲੋਕਾਂ ਵਰਗਾ
ਆਮ ਇਨਸਾਨ!
ਲੇਖਕ ਹੋਣ ਨਾਤੇ ਕਲਮ ਮੇਰੀ ਜ਼ਿੰਦਗੀ ਦਾ ਅਹਿਮ ਅੰਗ ਰਹੀ ਹੈ। ਕਲਮ ਬਾਰੇ ਸੋਚਦਿਆਂ ਮੇਰੇ
ਸਾਹਮਣੇ ਉਹ ਦਿਨ ਉੱਗ ਆਉਂਦੇ ਹਨ ਜਦੋਂ ਦਸਵੀਂ ਪਾਸ ਕਰ ਕੇ ਪ੍ਰੀ-ਯੂਨੀਵਰਸਿਟੀ ਲਈ ਆਪਣਾ
ਦਾਖ਼ਲਾ ਫ਼ੋਰਮ ਫੜੀ ਮੈਂ ਮੋਗੇ ਦੇ ਡੀ. ਐਮ. ਕਾਲਜ ਦੇ ਕਲਰਕਾਂ ਦੇ ਸਾਹਮਣੇ ਖਲੋਤਾ ਫ਼ੀਸ ਵਾਲੇ
ਪੈਸੇ ਗਿਣ ਰਿਹਾ ਸਾਂ। ਮੇਰੇ ਨੱਕ ਦੇ ਪਰਛਾਵੇਂ ਹੇਠ, ਉੱਪਰਲੇ ਬੁੱਲ੍ਹ ਉੱਤੇ, ਅਤੇ
ਜੁਬਾੜਿਆਂ ਤੋਂ ਹੇਠਾਂ ਠੋਡੀ ਵੱਲ ਨੂੰ ਕਾਲ਼ੀ-ਕੂਲ਼ੀ ਲੂੰਈ ਪਰਗਟ ਹੋਣ ਦੀ ਉਮਰ ਦੇ ਉਸ ਤਪਦੇ
ਪੜਾਅ ਦੌਰਾਨ ਮੇਰੇ ਲਹੂ ਵਿੱਚ ਵੀ ਤੁਕਬੰਦੀ ਦੀਆਂ ਲਹਿਰਾਂ ਲਰਜ਼ਣ ਲੱਗੀਆਂ ਸਨ। ਓਦੋਂ ਪੋਪਲੇ
ਵਾਲ਼ੇ ਪੈੱਨ ਹੋਇਆ ਕਰਦੇ ਸਨ ਜਿਨ੍ਹਾਂ ਦੇ ਅੰਦਰ ਸਿਆਹੀ ਨਾਲ਼ ਭਰੀ ਹੋਈ ਰਬੜ ਦੀ ਟਿਊਬ ਹੁੰਦੀ
ਸੀ, ਤੇ ਉਸ ਟਿਯੂਬ ਦਾ ਮੂੰਹ ਪੈੱਨ ਦੀ ਨਿੱਬ ਦੇ ਪਿਛਲੇ ਪਾਸੇ ਬਣੇ ਗੋਲਾਈਦਾਰ ਚੇਂਬਰ ਨਾਲ਼
ਜੁੜਿਆ ਹੁੰਦਾ ਸੀ। ਟਿਊਬ ਵਿੱਚਲੀ ਸਿਆਹੀ ਨਿੱਬ ਵੱਲ ਵਗਦੀ ਅਤੇ ਲੇਖਕ ਦੇ ਤਸੱਵਰ ਵਿੱਚ ਜੁੜ
ਰਿਹਾ ਸਾਹਿਤ ਨਿੱਬ ਰਾਹੀਂ ਕਾਗਜ਼ ਉੱਪਰ ਸਾਕਾਰ ਹੁੰਦਾ।
ਉਸ ਭਖ਼ਦੀ ਉਮਰੇ ਮੈਂ ਮੋਗੇ ਸ਼ਹਿਰ ਦੇ ਡੀ. ਐਮ. ਕਾਲਜ ਵਿੱਚ ਪ੍ਰੀ-ਯੂਨੀਵਰਸਿਟੀ ਦੀਆਂ
ਕਿਤਾਬਾਂ ਦਾ ਵਾਕਫ਼ ਹੋਣ ਦੇ ਨਾਲ਼-ਨਾਲ਼ ਆਪਣੇ ਲਹੂ ਵਿੱਚ ਪਰਚੰਡ ਹੋ ਰਹੀ ਤੱਤੀ ਸੁਗੰਧੀ ਨੂੰ
ਵੀ ਮਹਿਸੂਸ ਕਰਨ ਲੱਗ ਪਿਆ ਸਾਂ। ਉਨ੍ਹੀਂ ਦਿਨੀਂ ਹੀ ਕਾਲਜ ਦੇ ਨੋਟਿਸ ਬੋਰਡ ਉੱਪਰ ਇਕ
ਸੁਨੇਹਾਂ ਪਰਗਟ ਹੋ ਗਿਆ: ਕਾਲਜ ਮੈਗਜ਼ੀਨ ਦੇ ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਸੰਸਕ੍ਰਿਤ
ਸੈਕਸ਼ਨਾਂ ਲਈ ਕਵਿਤਾਵਾਂ, ਕਹਾਣੀਆਂ ਅਤੇ ਹੋਰ ਸਾਹਿਤਕ ਸਮਗਰੀ ਫ਼ਲਾਂਅ ਤਾਰੀਖ਼ ਤੋਂ ਪਹਿਲਾਂ
ਦਾਖ਼ਲ ਕਰੋ!
ਨੋਟਿਸ ਪੜ੍ਹਨ ਮਗਰੋਂ, ਮੇਰੇ ਲਹੂ ਵਿੱਚ ਉੱਗ ਰਿਹਾ ਤੁਕਬੰਦਕ ਸੇਕ ਮੇਰੇ ਉਸ ਪੈੱਨ ਦੀ ਚੁੰਝ
ਵਿੱਚ ਸਵਾਰ ਹੋਣ ਲਈ ਤਾਂਘਣ ਲੱਗਾ ਸੀ ਜਿਹੜਾ ਮੈਂ ਮੋਗੇ ਦੇ ਮੇਨ ਬਜ਼ਾਰ 'ਚ 'ਮਹਿੰਦਰਾ
ਪੈੱਨ' ਨਾਮ ਦੀ ਦੁਕਾਨ ਤੋਂ ਖ਼ਰੀਦਿਆ ਸੀ। ਮਹਿੰਦਰਾ ਵਾਲਿਆਂ ਦੇ ਉਹ 'ਫ਼ਾਊਨਟਨ' ਪੈੱਨ ਅੱਜ
ਇਤਿਹਾਸ ਬਣ ਗਏ ਹਨ ਕਿਉਂਕਿ ਉਨ੍ਹਾਂ ਪੈੱਨਾਂ ਦੇ ਪੈਰ ਬਾਲ ਪੈੱਨਾਂ ਨੇ ਉਖੇੜ ਸੁੱਟੇ ਹਨ।
ਓਦੋਂ ਤੋਂ1975 ਵਿੱਚ ਕੈਨੇਡਾ ਦੀ ਹਵਾ 'ਚ ਪਹਿਲਾ ਸਾਹ ਲੈਣ ਤੀਕਰ, ਆਪਣੀਆਂ
ਕਵਿਤਾਵਾਂ-ਕਹਾਣੀਆਂ ਨੂੰ ਕਾਗਜ਼ ਉੱਤੇ ਉਤਾਰਨ ਲਈ ਮੈਂ ਮੁੜ-ਮੁੜ ਪੈੱਨ ਦੀ ਨਿੱਬ ਨੂੰ ਹੀ
ਸਾਫ਼ ਕਰਦਾ ਰਿਹਾ। ਬੀ. ਏ. ਦੇ ਪਹਿਲੇ ਸਾਲ ਦੌਰਾਨ ਤਾਂ ਇਹ ਧੁੰਦਲਾ ਜਿਹਾ ਭਰਮ ਵੀ ਸ਼ਾਇਦ
ਮੇਰੇ ਨਾਲ਼-ਨਾਲ਼ ਤੁਰਨ ਲੱਗ ਪਿਆ ਸੀ ਕਿ ਚੰਗੀ ਸਾਹਿਤਕ ਰਚਨਾ ਕੀਮਤੀ ਪੈੱਨ ਅਤੇ ਰੰਗ-ਬਰੰਗੀ
ਸਿਆਹੀ ਵਿੱਚੋਂ ਰਤਾ ਵਧੇਰੇ ਸੋਹਣੀ ਹੋ ਕੇ ਨਿਕਲ਼ਦੀ ਹੈ; ਇਸ ਲਈ ਮੈਂ ਆਪਣੇ-ਆਪ ਨੂੰ ਆਪਣੇ
ਬਟੂਏ ਦੀ ਪਹੁੰਚ ਤੋਂ ਅੱਗੇ ਤੀਕ ਖਿੱਚ ਕੇ ਵੀ ਕੀਮਤੀ ਪੈੱਨ ਆਪਣੀ ਜੇਬ ਵਿੱਚ ਟੁੰਗੀ ਰਖਦਾ
ਅਤੇ ਹਰੇ ਰੰਗ ਦੀ 'ਸਵਾਨ-ਇੰਕ' (ਜਿਸ ਦਾ ਉਚਾਰਣ ਵਿਗੜ ਕੇ 'ਸਪੈਨਿਕ' ਬਣ ਗਿਆ ਸੀ) ਦੀ
ਦਵਾਤ ਨੂੰ ਆਪਣੇ ਮੇਜ਼ ਉੱਤੇ ਟਿਕਾਉਣ ਵਿੱਚ ਖੁਸ਼ੀ ਹਾਸਲ ਕਰਦਾ।
ਕੈਨੇਡਾ ਆ ਕੇ, ਕਵਿਤਾ ਦੀਆਂ ਆਪਣੀਆਂ ਤਿੰਨ ਪੁਸਤਕਾਂ ਲਈ ਕਵਿਤਾਵਾਂ ਰਚਣ ਲਈ ਵੀ ਮੈਂ
ਪੈੱਨਾਂ ਨੂੰ ਹੀ ਆਪਣੇ ਲਿਖਣ-ਟੇਬਲ ਉੱਤੇ ਇੱਕ ਖਾਲੀ ਪਿਆਲੀ ਵਿੱਚ ਖੜ੍ਹੇ ਕਰੀ ਰੱਖਦਾ ਸਾਂ;
ਇਹ ਵੱਖਰੀ ਗੱਲ ਹੈ ਕਿ ਫ਼ਾਊਨਟਨ ਪੈੱਨ ਦੀ ਥਾਂ ਹੁਣ ਬਾਲਪੋਆਇੰਟ ਨੇ ਮੱਲ ਲਈ ਸੀ।
ਪ੍ਰੰਤੂ ਬੀਤੇ ਪੱਚੀ ਕੁ ਵਰ੍ਹਿਆਂ ਤੋਂ ਪੈੱਨ ਨਾਮ ਦੀ ਵਸਤੂ ਦੀ ਵਰਤੋਂ ਮੈਂ ਸਿਰਫ਼ ਫ਼ੋਨਬੁੱਕ
ਵਿੱਚ ਵਾਕਫ਼ਕਾਰਾਂ ਤੇ ਦੋਸਤਾਂ ਦੇ ਫ਼ੋਨ ਨੰਬਰ ਝਰੀਟਣ ਲਈ ਹੀ ਕਰਦਾ ਆ ਰਿਹਾ ਹਾਂ। ਕੈਨੇਡਾ
ਵਿੱਚ, ਸੰਨ 1985-86 ਦੇ ਇਰਦ-ਗਿਰਦ ਕੰਪਿਊਟਰ, ਦਫ਼ਤਰਾਂ ਤੇ ਸਕੂਲਾਂ ਦੀ ਚਾਰਦੀਵਾਰੀ 'ਚੋਂ
ਨਿਕਲ਼ ਕੇ, ਆਪਣੀ ਹਾਜ਼ਰੀ ਘਰਾਂ ਵਿੱਚ ਸਟਡੀ ਡੈਸਕਾਂ ਉੱਤੇ ਲਵਾਉਣ ਲੱਗ ਪਏ ਸਨ। ਦੇਖਾ-ਦੇਖੀ
ਐਪਲ ਮੈਕਨਟਾਸ਼ ਦਾ ਇੱਕ 'ਪਿੱਦਾ' ਜਿਹਾ ਕੰਪਿਊਟਰ 1990 ਵਿੱਚ ਮੈਂ ਵੀ ਆਪਣੇ ਲਿਖਣ-ਟੇਬਲ
ਉੱਤੇ ਸਜਾ ਲਿਆ ਸੀ; ਬਹੁਤ ਉੱਚੀ ਕੀਮਤ 'ਤੇ, ਦੋ ਹਜ਼ਾਰ ਡਾਲਰ 'ਚ! ਉਸ ਪਿੱਦੇ ਕੰਪਿਊਟਰ
ਵਿਚਲੀਆਂ ਹੈਰਾਨੀਜਨਕ ਸਹੂਲਤਾਂ ਅਤੇ ਜਲਵਿਆਂ ਨੇ ਛੇ ਕੁ ਮਹੀਨਿਆਂ ਵਿੱਚ ਹੀ ਪੈੱਨ ਨੂੰ
ਮੇਰੀਆਂ ਉਂਗਲ਼ਾਂ ਵਿੱਚੋਂ ਸਦਾ ਲਈ ਖਿੱਚ ਲਿਆ। 1995-96 ਤੀਕ ਅੱਪੜਦਿਆਂ ਕੰਪਿਊਟਰ ਉੱਪਰ
ਪੰਜਾਬੀ ਟਾਈਪ ਕਰਨ ਦਾ ਝੱਲ ਮੇਰੇ ਅੰਦਰ ਏਨੀ ਗਹਿਰਾਈ ਨਾਲ਼ ਛਾ ਗਿਆ ਕਿ ਉਨ੍ਹਾਂ ਸਾਲਾਂ ਤੋਂ
ਬਾਅਦ ਮੇਰੀ ਸਾਰੀ ਸਾਹਿਤਿਕ ਤੇ ਗ਼ੈਰ-ਸਾਹਿਤਿਕ ਰਚਨਾ ਸਿੱਧੀ ਕੰਪਿਊਟਰ ਉੱਤੇ ਹੀ ਹੋਈ ਹੈ।
ਬੀਤੇ ਕਈ ਸਾਲਾਂ ਤੋਂ ਮੈਂ ਪੰਜਾਬੀ ਸਾਹਿਤ ਨਾਲ਼ ਜੁੜੇ ਕਈ 'ਬੁੱਢੇ ਤੋਤਿਆਂ' ਨੂੰ ਕੰਪਿਊਟਰ
ਦੇ ਲੜ ਲਾ ਚੁੱਕਾ ਹਾਂ, ਲੇਕਿਨ ਇਹ 'ਬਜ਼ੁਰਗ ਤੋਤੇ' ਦਸਦੇ ਹਨ ਕਿ ਲੰਮਾਂ ਸਮਾਂ ਪੈਨ ਨਾਲ਼
ਲਿਖਤਕਾਰੀ ਕਰਨ ਦੀ ਵਜ੍ਹਾ ਕਾਰਨ, ਪੈੱਨ ਨਾਲ਼ ਅੰਦਰੋਂ ਉਹ ਏਨੀ ਸ਼ਿੱਦਤ ਨਾਲ਼ ਜੁੜੇ ਹੋਏ ਹਨ
ਕਿ ਰਚਨਾ ਉਹ ਪਹਿਲਾਂ ਪੈੱਨ ਨਾਲ ਹੀ ਕਰਦੇ ਹਨ, ਤੇ ਫ਼ੇਰ ਆਖ਼ਰੀ ਡਰਾਫ਼ਟ ਨੂੰ ਕੰਪਿਊਟਰ ਉੱਤੇ
ਟਾਈਪ ਕਰ ਕੇ ਉਹ ਰਚਨਾ ਨੂੰ ਅਖ਼ਬਾਰਾਂ-ਰਿਸਾਲਿਆਂ ਵੱਲੀਂ ਤੋਰ ਦੇਂਦੇ ਹਨ।
ਪਰ ਇਸ ਮਾਮਲੇ 'ਚ ਮੇਰਾ ਅਨੁਭਵ ਬਿਲਕੁਲ ਹੀ ਵੱਖਰਾ ਹੈ। ਕੰਪਿਊਟਰ ਤੋਂ ਪਹਿਲੇ ਦੌਰ ਵਿੱਚ,
ਮੇਰੇ ਮਨ ਵਿੱਚ ਰਚਨਾਤਮਕ 'ਉਬਾਲ਼' ਤੇ 'ਉਥਲ-ਪੁਥਲ' ਓਦੋਂ ਹੀ ਉੱਠਦੇ ਸਨ ਜਦੋਂ ਕਾਗਜ਼ ਦੀਆਂ
ਸ਼ੀਟਾਂ ਦੀ ਸੱਖਣਤਾ ਮੇਰੇ ਸਾਹਮਣੇ ਮੈਨੂੰ ਵੰਗਾਰ ਰਹੀ ਹੁੰਦੀ ਅਤੇ ਪੈੱਨ ਮੇਰੀਆਂ ਉਂਗਲ਼ਾਂ
ਵਿੱਚ ਕਾਗਜ਼ ਵੱਲ ਸੇਧਿਆ ਹੁੰਦਾ, ਪ੍ਰੰਤੂ ਹੁਣ ਮੇਰੇ ਅੰਦਰ ਰਚਨਾਤਮਕ 'ਬੇਚੈਨੀ' ਓਦੋਂ ਹੀ
ਖਿੜਨ ਲਗਦੀ ਹੈ ਜਦੋਂ ਮੇਰੀਆਂ ਉਂਗਲ਼ਾਂ ਕੀਅ-ਬੋਰਡ ਉੱਪਰ ਹੋਵਣ ਅਤੇ ਨਜ਼ਰਾਂ ਸਕਰੀਨ ਉੱਤੇ।
ਇਸ ਵਰਤਾਰੇ 'ਚੋਂ ਗੁਜ਼ਰਦਿਆਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਣੇ-ਆਪ ਨੂੰ 'ਕਲਮਕਾਰ'
ਕਹਾਂ ਕਿ 'ਕੰਪਿਊਟਰਕਾਰ'!
ਭਾਵੇਂ ਕਿ ਹਕੀਕਤ ਹੈ ਕਿ ਰਚਨਾ ਤਾਂ ਲੇਖਕ ਦੇ ਜ਼ਿਹਨ ਵਿੱਚ ਹੁੰਦੀ ਹੈ; ਕਲਮ ਜਾਂ ਕੰਪਿਊਟਰ
ਤਾਂ ਅਣਲਿਖਤ ਸਾਹਿਤ ਨੂੰ ਕਾਗਜ਼ ਜਾਂ ਸਕਰੀਨ ਉੱਪਰ ਦਰਸ਼ਨੀ ਬਣਾਉਣ ਦਾ ਮਾਧਿਅਮ ਹੈ, ਪਰ ਇੱਕ
ਹਕੀਕਤ ਇਹ ਵੀ ਤਾਂ ਹੈ ਕਿ ਕਲਮ ਦੀ ਸਹੂਲਤ ਨੇ ਸਾਹਿਤ ਰਚਨਾ ਨੂੰ ਵਾਰ-ਵਾਰ ਪੜ੍ਹਨ ਅਤੇ
ਸੋਧਣ ਦੀ ਬਾਕਮਾਲ ਸਹੂਲਤ ਵੀ ਪਰਦਾਨ ਕਰ ਦਿੱਤੀ ਹੈ। ਇਹ ਸਹੂਲਤ ਮੇਰੀ ਪੀੜ੍ਹੀ ਤੇ ਮੈਥੋਂ
ਪਹਿਲਾਂ ਵਾਲ਼ੇ ਲੇਖਕਾਂ ਲਈ ਉਪਲਬਧ ਨਹੀਂ ਸੀ। ਇਹੀ ਕਾਰਨ ਹੈ ਕਿ ਕੰਪਿਊਟਰੀ ਯੁਗ ਤੋਂ ਪਹਿਲੇ
ਲੇਖਕ ਆਪਣੀ ਰਚਨਾ ਨੂੰ ਓਨੀ ਵਾਰ ਸੋਧ ਨਹੀਂ ਸਨ ਸਕਦੇ ਜਿੰਨੀ ਵਾਰ, ਕੰਪਿਊਟਰ ਦੀ ਹੋਂਦ
ਕਾਰਨ, ਅੱਜ ਦੇ ਲੇਖਕ ਕੋਲ਼ ਸੋਧਣ ਦੀ ਗੁੰਜਾਇਸ਼ ਹੈ। ਸੋਧ-ਸੁਧਾਈ ਦੇ ਇਸ ਮਾਮਲੇ 'ਚ
ਕੰਪਿਊਟਰ ਇਕ ਲਾਜਵਾਬ ਔਜ਼ਾਰ ਸਾਬਤ ਹੋ ਰਿਹਾ ਹੈ। ਇਸ ਲਈ ਕਲਮ ਦਾ ਰਵਾਇਤੀ ਅਕਸ ਮੇਰੇ ਲਈ
ਹੁਣ ਬਹੁਤਾ ਮਹੱਤਵ ਨਹੀਂ ਰਖਦਾ। ਮੇਰੇ ਲਈ ਕਲਮ ਹੁਣ ਆਪਣਾ ਮਹੱਤਵ ਲਗ-ਭਗ ਗੁਆ ਚੁੱਕੀ ਹੈ,
ਅਤੇ ਲਿਖਣ ਦਾ ਤਸੱਵਰ ਕਰਦਿਆਂ ਮੇਰੇ ਜ਼ਿਹਨ ਵਿੱਚ ਕਲਮ ਨਹੀਂ ਸਗੋਂ ਸਕਰੀਨ ਅਤੇ ਕੀਅ-ਬੋਰਡ
ਹੀ ਉਦੈ ਹੁੰਦੇ ਹਨ।
ਕਲਮ ਬਾਰੇ ਸੋਚਦਿਆਂ-ਲਿਖਦਿਆਂ ਮੈਨੂੰ ਆਪਣੇ ਰਚਨਾਤਮਕ ਪਲਾਂ ਦੌਰਾਨ ਲੋੜੀਂਦੇ ਮਹੌਲ ਦੀ ਯਾਦ
ਵੀ ਆ ਜਾਂਦੀ ਹੈ। ਮੇਰੇ ਲਈ ਰਚਨਾ ਦੇ ਪਲਾਂ ਦੌਰਾਨ ਆਲੇ-ਦੁਆਲੇ ਵਿੱਚ ਚੁੱਪ ਦੀ ਡਾਢੀ
ਜ਼ਰੂਰਤ ਹੁੰਦੀ ਹੈ ਕਿਉਂਕਿ ਮੇਰੇ ਲਈ ਉਸ ਵਕਤ ਆਪਣੇ ਅੰਦਰਲੀ ਚੁੱਪ ਅਤੇ ਸ਼ੋਰ ਤੇ ਬੇਚੈਨੀ
ਨੂੰ ਸੁਣਨਾ ਬਹੁਤ ਜ਼ਰੂਰੀ ਹੁੰਦਾ ਹੈ: ਇਸ ਲਈ ਮੈਂ ਆਪਣੇ ਲਿਖਣ-ਪਲਾਂ ਦੌਰਾਨ ਕਿਸੇ ਅਜੇਹੀ
ਨੁੱਕਰ ਦੀ ਲੋੜ ਮਹਿਸੂਸ ਕਰਦਾ ਹਾਂ ਜਿੱਥੇ ਮੇਰੀ ਬਿਰਤੀ ਨੂੰ ਠੁੰਗਣ ਵਾਲਾ ਖੜਕਾ ਤੇ
ਸਰਗਰਮੀ ਨਾ ਹੋਵੇ। ਕੈਨੇਡਾ ਵਿੱਚ ਜਦੋਂ ਮੈਨੂੰ ਤੇ ਮੇਰੀ ਟਬਰੀ ਨੂੰ ਬੇਸਮੈਂਟਾਂ ਤੇ
ਫ਼ਲੈਟਾਂ ਵਿੱਚ ਨਿਵਾਸ ਰੱਖਣਾ ਪਿਆ, ਓਦੋਂ ਰੋਜ਼ੀ-ਰੋਟੀ ਲਈ ਕੀਤੀ ਜਾ ਰਹੀ ਸਖ਼ਤ ਮਿਹਨਤ ਨੇ
ਵੇਹਲ ਨੂੰ ਘੁੱਟ ਕੇ ਐਵੇਂ ਮੱਕੀ ਦੇ ਦਾਣੇ ਕੁ ਜੇਡੀ ਕਰ ਦਿੱਤਾ ਸੀ। ਪ੍ਰੰਤੂ ਓਦੋਂ ਵੀ
ਲਿਖਣ ਲਈ ਲੋੜੀਂਦੀ ਚੁੱਪ ਮੈਨੂੰ ਤੜਕੇ ਦੋ, ਢਾਈ, ਜਾਂ ਤਿੰਨ ਵਜੇ ਹੀ ਉਠਾਲ਼ ਲੈਂਦੀ ਰਹੀ।
ਫ਼ਿਰ ਫ਼ਲੈਟਾਂ ਤੋਂ ਘਰਾਂ ਵੱਲ ਨੂੰ ਰੁਖ਼ ਹੋਇਆ ਤਾਂ ਮੈਂ ਤੇ ਮੇਰਾ ਕੰਪਿਊਟਰ ਬੇਸਮੈਂਟ ਵਿੱਚ
ਉੱਤਰ ਗਏ: ਬੇਸਮੈਂਟ ਵਿੱਚ ਉੱਤਰ ਕੇ ਇੰਜ ਮਹਿਸੂਸ ਹੋਣ ਲੱਗਾ ਜਿਵੇਂ ਮੈਂ ਆਪਣੇ ਧੁਰ ਅੰਦਰ
'ਚ ਉੱਤਰ ਗਿਆ ਹੋਵਾਂ। ਬੇਸਮੈਂਟ ਦੇ ਸਿੱਲ੍ਹੇ ਚਾਨਣ ਵਿੱਚ ਮੈਨੂੰ ਮੇਰੇ ਅੰਦਰ ਕੁਝ ਸੁਲ਼ਘਦਾ
ਹੋਇਆ ਮਹਿਸੂਸ ਹੋਣ ਲਗਦਾ। ਪਰ ਸੰਨ 2010 'ਚ ਜਦੋਂ ਮੈਨੂੰ ਕੈਂਸਰ ਨੇ ਚੁਨੌਤੀ ਦੇ ਦਿੱਤੀ,
ਤਾਂ ਸੁਖਸਾਗਰ ਨੇ ਮੇਰੇ ਲਿਖਣ-ਡੈਸਕ ਨੂੰ ਉਪਰਲੇ ਫ਼ਲੋਰ `ਤੇ, ਸਾਡੇ ਬੈੱਡਰੂਮ ਦੀ ਖਿੜਕੀ
ਦੇ ਸਾਹਮਣੇ, ਬਿਠਾਲ਼ ਦਿੱਤਾ। ਹੁਣ ਮੇਰੀ ਕੰਮਪਿਊਟਰੀ ਸਕਰੀਨ ਦੀ ਪਿੱਠ ਕੰਧ ਨਾਲ਼ ਹੈ ਤੇ
ਮੇਰੇ ਸਰੀਰ ਦਾ ਸੱਜਾ ਪਾਸਾ ਖਿੜਕੀ ਵੱਲੀਂ! ਖਿੜਕੀ ਵਿੱਚੋਂ ਸੂਰਜ ਦੀਆਂ ਸੱਜਰੀਆਂ ਕਿਰਨਾਂ
ਮੇਰੇ ਸੱਜੇ ਕੰਨ ਉੱਪਰ ਨਿੱਘ ਖਿਲਾਰਦੀਆਂ ਹਨ ਤੇ ਦੋ ਢਾਈ ਘੰਟੇ ਖਿਲਾਰੀ ਹੀ ਜਾਂਦੀਆਂ ਹਨ।
ਟੈਲਾਵਿਯਨ ਦਾ ਆਸਣ ਗਰਾਊਂਡ ਫਲੋਰ ਉੱਤੇ ਕਿਚਨ ਦੇ ਬਿਲਕੁਲ ਨਾਲ ਹੀ ਹੈ। ਉਥੋਂ ਕੋਈ ਆਵਾਜ਼
ਜਾਂ ਖੜਕਾ ਮੇਰੇ ਲਿਖਣ-ਡੈਸਕ ਤੀਕ ਮਾਰ ਨਹੀਂ ਕਰਦਾ। ਮੇਰੇ ਡੈਸਕ ਦੇ ਨਜ਼ਦੀਕ ਹੀ ਸਾਡੇ ਪਲੰਘ
ਦਾ ਵਸੇਰਾ ਹੈ। ਹਰ ਦੋ ਕੁ ਘੰਟੇ ਬਾਅਦ ਚਾਦਰ ਤੇ ਸਿਰਹਾਣਾ ਜਦੋਂ ਮੈਨੂੰ ਸੀਟੀ ਮਾਰਨ ਲੱਗ
ਜਾਂਦੇ ਹਨ ਤਾਂ ਮੈਂ ਵੀਹ ਕੁ ਮਿੰਟ ਦਾ ਝਪਕਾ ਲਾ ਕੇ ਮੁੜ ਆਪਣੇ ਕੰਪਿਊਟਰ ਨੂੰ ਜਗਾ ਲੈਂਦਾ
ਹਾਂ।
ਮੇਰੇ ਕਾਵਿ-ਨਾਟ ‘ਪਲੰਘ ਪੰਘੂੜਾ’ ਅਤੇ ਸਵੈਜੀਵਨੀ ਦੇ ਦੋਹਾਂ ਭਾਗਾਂ (‘ਬਰਫ਼ ਵਿੱਚ
ਉਗਦਿਆਂ’ ਤੇ ‘ਸੜਦੇ ਸਾਜ਼ ਦੀ ਸਰਗਮ’) ਦਾ ਵਜੂਦ ਤੇ ਸਰੂਪ ਮੇਰੇ ਕੰਪਿਊਟਰ ਅਤੇ ਕਮਰੇ ਤੋਂ
ਬਗ਼ੈਰ ਸ਼ਾਇਦ ਕੁਝ ਹੋਰ ਹੀ ਹੁੰਦਾ।
-ਕੈਨਡਾ, (905 792 7357)
-0-
|