ਕਲਾ, ਮਾਨਸਿਕ ਆਵੇਸ਼,
ਸਵੈ ਦਾ ਪ੍ਰਗਟਾਅ ਤੇ ਫੈਲਾਅ। ਵੱਖੋ-ਵੱਖਰੇ ਢੰਗਾਂ ਨਾਲ ਖੁਦ ਦੀ ਪ੍ਰੀਭਾਸ਼ਾ। ਵੱਖ-ਵੱਖ
ਸਿਨਫ਼ਾਂ ਸੰਗ ਰੂਹ ਦੀ ਪੇਸ਼ਕਾਰੀ ਅਤੇ ਬਹੁਰੰਗੀ ਕਲਾਕਾਰੀ।
ਕਲਾ, ਸੁੱਤੀਆਂ ਕਲਾਂ ਜਗਾਉਣਾ, ਮਨ ਨੂੰ ਨਵੇਂ ਦਿਸਹੱਦਿਆਂ ਦੇ ਮਾਰਗੀਂ ਪਾਉਣਾ, ਅਦਿੱਖ
ਮੰਜ਼ਲਾਂ ਦਾ ਪਤਾ ਅਚੇਤ ਮਨ ਦੀ ਜੂਹੇ ਟਿਕਾਉਣਾ ਅਤੇ ਖੁਦ ਵਿਚੋਂ ਖੁਦਾ ਨੂੰ ਪਾਉਣਾ।
ਕਲਾ, ਅੰਤਰੀਵ ਵਿਚ ਛੁਪੀਆਂ ਭਾਵਨਾਵਾਂ ਦੀ ਤਸ਼ਬੀਹ, ਸੁਪਨ-ਉਡਾਣ, ਵਿਚਾਰ-ਪ੍ਰਵਾਹ ਅਤੇ
ਭਵਿੱਖਤਾ ਦੇ ਮੱਥੇ ‘ਤੇ ਨਵੀਆਂ ਪਿਰਤਾਂ ਦਾ ਸਿਰਜਣ-ਕਰਮ।
ਕਲਾ, ਆਪੇ ਨਾਲ ਸੰਵਾਦ, ਖੂਦ ‘ਚੋਂ ਪ੍ਰਤਿਭਾ-ਸ਼ਾਲੀ ਮਨੁੱਖ ਤਲਾਸ਼ਣ ਦਾ ਸ਼ੁਭ ਕਰਮ ਅਤੇ
ਮਾਨਵੀ ਕਾਰਜਾਂ ਲਈ ਅਰਪਿੱਤ ਧਰਮ।
ਕਲਾ, ਕ੍ਰਿਸ਼ਮਿਆਂ ਦੀ ਅਧਾਰਸਿ਼ਲਾ, ਕਮਰਮਯੋਗੀਆਂ ਦਾ ਕਰਮ-ਖੇਤਰ, ਕਰਮ-ਸ਼ੀਲਤਾ ਦੀ ਵਿਸ਼ਾਲ
ਕੈਨਵਸ ਅਤੇ ਇਸ ‘ਤੇ ਸੱਜਰੇ ਰੰਗਾਂ ਦੀ ਨਿਵੇਕਲੀ ਰੰਗ-ਲੀਲਾ।
ਕਲਾ, ਪ੍ਰਤਿਭਾ ‘ਚੋਂ ਪ੍ਰਤਿਭਾ ਤਲਾਸ਼ਦਿਆਂ, ਖੁਦੀ ਤੋਂ ਬੰਦ-ਖਲਾਸੀ, ਸਚਿਆਰੀ ਅਰਾਧਨਾ ਅਤੇ
ਸੁਪਨ-ਸਾਧਨਾ।
ਕਲਾ, ਮਾਨਵੀ-ਕਰਮ ਅਧਾਰ, ਛੁਪੇ ਸੱਚ ਦਾ ਪ੍ਰਗਟਾਅ, ਜੀਵਨ-ਜੁਗਤਾਂ ਦੀ ਵਿਲੱਖਣ ਪੇਸ਼ਕਾਰੀ।
ਸੁਹਜ, ਸਹਿਜ, ਸੰਵੇਦਨਾ, ਸਕੂਨ ਤੇ ਸਮਰਪਿੱਤਾ ਦਾ ਸੁੰਦਰੀਕਰਨ।
ਕਲਾ, ਖੁਦਾ ਦੀ ਇਬਾਦਤ, ਬੰਦਗੀ ‘ਚ ਲੀਨ ਹੋਇਆ ਆਪਾ, ਅਰਾਧਨਾ ਦਾ ਸਰਬੋਤਮ ਤਰੀਕਾ, ਸੰਵਾਦ
ਰਚਾਉਣ ਦੀ ਆਤਮਿਕ-ਪਿਰਤ ਅਤੇ ਊਦੈ ਹੁੰਦੀ ਸਿਰੜ-ਸਾਧਨਾ ਭਰੀ ਕਿਰਤ।
ਕਲਾ, ਕਲਾਕਾਰ ਦਾ ਪੈਦਾਇਸ਼ੀ ਗੁਣ, ਅੰਤਰੀਵੀ ਬਿਰਤੀ ਅਤੇ ਮਨ-ਲੋਚਾ। ਇਸਨੂੰ ਪੈਦਾ ਨਹੀਂ
ਕੀਤਾ ਜਾ ਸਕਦਾ। ਸਿਰਫ਼ ਸਿਦਕ-ਸਾਧਨਾ, ਚੰਗੇਰੇ ਮਾਰਗ-ਦਰਸ਼ਨ ਅਤੇ ਪੂਰਨ ਸਮਰਪਿੱਤਾ ਨਾਲ
ਸੰਵਾਰਿਆ ਅਤੇ ਹੀਰੇ ਵਾਂਗ ਤਰਾਸਿਅ਼ਾ ਜਾ ਸਕਦਾ ਏ।
ਕਲਾ ਦੇ ਬਹੁ-ਰੰਗ। ਇਹ ਸੰਗੀਤ, ਨ੍ਰਿਤ, ਲੇਖਣੀ, ਬੁੱਤ-ਤਰਾਸ਼ੀ, ਪੇਂਟਿੰਗ ਆਦਿ ਬਹੁਤ ਸਾਰੇ
ਰੰਗਾਂ ਵਿਚ ਮਨੁੱਖੀ ਮਨ ਅਤੇ ਸੋਚ ਦੀਆਂ ਤਹਿਆਂ ਫਰੋਲਦੀ। ਧਰਤ-ਅੰਬਰ ਨੂੰ ਆਪਣਾ ਵਿਸ਼ਾ
ਕੈਨਵਸ ਬਣਾਉਂਦੀ। ਸੋਚ-ਉਡਾਣ ਤਾਰਿਆਂ ਦੀ ਹਾਣੀ। ਮਸਤਕ ਵਿਚ ਚਾਨਣਾਂ ਦਾ ਕਾਫ਼ਲਾ ਜੋ ਕਲਾਮਈ
ਕ੍ਰਿਸ਼ਮਿਆਂ ਦੀ ਕਰਮ-ਭੂਮੀ ਬਣਦਾ।
ਕਲਾ, ਕਲਾਕਾਰਾਂ ਦੀ ਦਾਸੀ। ਉਹਨਾਂ ਦੀ ਸਿਦਕ-ਸਬੂਰੀ, ਅੱਖਾਂ ਵਿਚ ਉਨੀਂਦਰੀਆਂ ਰਾਤਾਂ ਦੇ
ਸਾਵੇ-ਸੁਪਨੇ, ਭੂੱਖ ਦੇ ਤੰਦੂਰ ਵਿਚ ਬਲਦੇ ਜਿਸਮਾਂ ਦੀ ਲੋਅ ਅਤੇ ਦੀਦਿਆਂ ਵਿਚ ਨਵੀਂ
ਸਿਰਜਣਧਾਰਾ ਦੀ ਕੰਨਸੋਅ ਨੂੰ ਸਲਾਮ।
ਕਲਾ ਅਤੇ ਕਲਾਕਾਰਾਂ ਦਰਮਿਆਨ ਮਨ-ਆਵੇਸ਼ ਦਾ ਰਿਸ਼ਤਾ, ਨਹੁੰ-ਮਾਸ ਦਾ ਸਬੰਧ, ਸਾਹ-ਜਿੰਦ
ਜੇਹੀ ਨੇੜਤਾ ਅਤੇ ਸੁਪਨੇ ਤੇ ਸਾਧਨਾ ਵਰਗੀ ਸਾਂਝ।
ਕਲਾ ਅਤੇ ਕਲਾਕਾਰ, ਕਲਾ-ਪ੍ਰੇਮੀਆਂ ਬਗੈਰ ਅਧੂਰੇ। ਉਹਨਾਂ ਦੀਆਂ ਸੂ਼ਭ-ਕਾਮਨਾਵਾਂ, ਤਾੜੀਆਂ,
ਸਰਾਹਨਾ, ਸਹਾਨੁਭੂਤੀ, ਸਹਿਯੋਗ ਤੇ ਦੁਆ, ਕਲਾ ਲਈ ਸਾਹ-ਰਗ। ਇਸ ਅਸੀਸ ‘ਚੋਂ ਬਹੁਤ ਕੁਝ
ਕਲਾ-ਖੇਤਰ ਦੇ ਨਾਮ ਹੁੰਦਾ।
ਕਲਾ, ਕਲਾ ਲਈ ਹੁੰਦੀ ਤਾਂ ਇਸਦਾ ਮੁਹਾਂਦਰਾ ਲਿਸ਼ਕਦਾ, ਨਵੀਆਂ ਪ੍ਰਾਪਤੀਆਂ ਨੂੰ ਨਰੋਏ
ਸਿਰਲੇਖ ਮਿਲਦੇ ਅਤੇ ਕਲਾ ਨਵੇਂ ਮਰਹੱਲਿਆਂ ਦੀ ਦਸਤਾਵੇਜ਼ ਲਿਖਦੀ।
ਕਲਾ, ਜਦ ਕਲਾ ਨੂੰ ਸਮਰਪਿੱਤ ਹੁੰਦੀ ਤਾਂ ਇਸਦੀਆਂ ਬਹੁਰੰਗੀ ਪਰਤਾਂ ਵਿਚੋਂ ਸੂਖਮ-ਭਾਵੀ
ਭਾਵਨਾਵਾਂ, ਪ੍ਰਤਿਭਾਵਾਂ ਅਤੇ ਅਦਾਵਾਂ ਦਾ ਮੁੱਖੜਾ ਲਿਸ਼ਕੋਰਦਾ।
ਕਲਾ, ਹੌਂਸਲਾ-ਅਫਜ਼ਾਈ ਦੇ ਕੰਧਾੜੇ ਚੜ੍ਹ, ਨਵੀਆਂ ਉਚਾਣਾਂ ਨੂੰ ਨੱਤਮਸਤਕ ਹੁੰਦੀ ਤੇ ਇਸਨੂੰ
ਮਾਣ ਬਖਸ਼ਣ ਵਾਲਿਆਂ ਸਦਕੇ ਜਾਂਦੀ।
ਕਲਾ ਜਦ ਕਲਾਕਾਰੀ ਛੋਹ ਦੀ ਤਮੰਨਾ ਮਨ ਵਿਚ ਪਾਲਣ ਲੱਗ ਪਵੇ, ਜਾਦੂਮਈ ਸਪੱਰਸ਼ ਕਿਰਤ ਨੂੰ
ਸੰਜੀਵਤਾ ਬਖਸ਼ਣ ਲੱਗ ਪਵੇ ਤਾਂ ਕਲਾ ਦੇ ਮੁੱਖੜੇ ‘ਤੇ ਨੂਰ ਡਲਕਦਾ।
ਕਲਾ, ਜਦ ਅਖੌਤੀ ਤੇ ਸਥਾਪਤ ਕਲਾ-ਪਾਰਖੂਆਂ ਦੀ ਨੁੱਕਤਾਚੀਨੀ ਤੋਂ ਬੇਨਿਆਜ਼ ਹੋ, ਆਪਣੇ
ਆਵੇਸ਼ ਤੇ ਮੌਲਿਕ ਅੰਦਾਜ ਵਿਚ ਕੁਝ ਨਵਾਂ ਸਿਰਜਦੀ ਏ ਤਾਂ ਇਹ ਆਉਣ ਵਾਲੀਆਂ ਸਦੀਆਂ ਨੂੰ
ਨਵਾਂ ਸਿਰਲੇਖ਼ ਬਣਨ ਦਾ ਮਾਣ ਦਿੰਦੀ।
ਕਲਾ ਜਦ ਕਲਾ ਨੂੰ ਅਰਪਿੱਤ ਹੋ ਜਾਵੇ ਤਾਂ ਇਹ ਇਨਾਮਾਂ-ਸਨਮਾਨਾਂ ਦੀ ਮੁਥਾਜ ਨਹੀਂ ਰਹਿੰਦੀ।
ਸਲਾਮਾਂ, ਸਲਾਹੁਤਾਂ ਜਾਂ ਸਿਫ਼ਤਾਂ ਤੋਂ ਬੇਮੁਹਤਾਜ਼। ਇਸਦੀ ਨਿਰਲੇਪਤਾ ਹੀ, ਕਲਾ ਦੀ ਸੁੱਚੀ
ਇਬਾਦਤ ਜੋ ਨਕੋਰ ਸਿਰਜਣ-ਅਧਾਰ ਬਣਦੀ।
ਕਲਾ, ਜਦ ਕਲਾ ‘ਚ ਗੁਆਚ ਜਾਵੇ ਤਾਂ ਬੀਆਬਾਨਾਂ ਵਿਚ ਰੌਣਕਾਂ ਲੱਗਦੀਆਂ, ਮਾਰੂਥਲਾਂ ਵਿਚ
ਸਾਉਣ ਲੱਥਦਾ, ਸੁੰਨਤਾ ਵਿਚ ਮਹਿਫ਼ਲਾਂ ਲੱਗਦੀਆਂ, ਡੂੰਘੀ ਚੁੱਪ ‘ਚ ਸੰਗੀਤ ਤਾਰੀ ਹੁੰਦਾ,
ਕਲਾ-ਕਿਰਤਾਂ ਬੋਲਦੀਆਂ ਅਤੇ ਖਾਮੋਸ਼ ਕੰਧਾਂ ਨੂੰ ਹਰਫ਼ ਬਖਸ਼ਦੀਆਂ। ਇਸ ਕਰਕੇ ਹੀ ਅਸੀਂ
ਮਹਾਨ ਕਲਾਕਾਰਾਂ ਦੀਆਂ ਕਲਾ-ਕਿਰਤਾਂ ਆਪਣੇ ਘਰਾਂ ਵਿਚ ਸਜਾਉਂਦੇ ਹਾਂ ਕਿਉਂਕਿ ਇਹ ਤੁਹਾਡੇ
ਨਾਲ ਸੰਵਾਦ ਰਚਾਉਂਦੀਆਂ, ਗੁੰਗੇ ਹੋਠਾਂ ‘ਤੇ ਬੋਲ ਧਰਦੀਆਂ ਅਤੇ ਤੁਹਾਡੀ ਸੱਖਣਤਾ ਨੂੰ
ਭਰਦੀਆਂ।
ਕਲਾ, ਜਦ ਹੰਕਾਰੀ ਜਾਂਦੀ ਤਾਂ ਇਸਦੀ ਕੁੱਖ ਵਿਚ ਹਾਊਮੈਂ ਉਪਜਦੀ। ਦਿੱਖ ਵਿਚ ਮਾਰੂ ਬਿਰਤੀਆਂ
ਅਹੁਲਦੀਆਂ ਅਤੇ ਆਖਰ ਨੂੰ ਕਲਾ ਇਕ ਮਰਸੀਆ ਬਣ ਜਾਂਦੀ।
ਕਲਾ ਜਦ ਵਿਕਾਓ ਹੋ ਜਾਵੇ ਤਾਂ ਕਲਾ ਸਿਸਕਦੀ, ਨੈਣਾਂ ਵਿਚ ਹੰਝੂ ਤਾਰੀ ਹੂੰਦੇ ਅਤੇ
ਕਲਾ-ਸਿਸਕੀ, ਫਿਜ਼ਾ ਵਿਚ ਫੈਲ ਜਾਂਦੀ।
ਕਲਾ ਜਦ ਸਿੱਕਿਆਂ ਸੰਗ ਤੁੱਲ ਜਾਵੇ, ਇਸਦੀ ਪਾਕੀਜ਼ਗੀ ‘ਚ ਗੰਧਲਾਪਣ ਘੁੱਲ ਜਾਵੇ ਅਤੇ ਇਸਦੀ
ਮਧੁਰਤਾ ਤੇ ਸਹਿਜਤਾ ‘ਚ ਸੰਕੀਰਨਤਾ ਤੇ ਮਲੀਨਤਾ ਰੱਲ ਜਾਵੇ ਤਾਂ ਕਲਾ, ਕਲਾ ਨਹੀਂ ਰਹਿੰਦੀ,
ਇਹ ਵੇਸਵੀ-ਵਪਾਰ ਤੋਂ ਵੀ ਨਖਿੱਧ ਹੋ ਜਾਂਦੀ।
ਕਲਾ ਤੜਫ਼ਦੀ ਜਦ ਕੋਈ ਕਲਾਕਾਰ ਚੌਰਾਹੇ ਵਿਚ ਵਿਕਣ ਲਈ ਤਿਆਰ ਹੁੰਦਾ, ਬੋਲੀ ਲੱਗਦੀ,
ਸਰਕਾਰੇ-ਦਰਬਾਰੇ ਸਨਮਾਨਾਂ ਲਈ ਲੇਲੜੀਆਂ ਕੱਢਦਾ। ਜੀ-ਹਜੂਰੀਏ ਕਲਾਕਾਰ, ਕਲਾ ਦੀ ਵਿਲੱਖਣ ਤੇ
ਨਰੋਈ ਪਛਾਣ ‘ਤੇ ਮੌਤ-ਚਿੰਨ।
ਕਲਾ, ਕਲਾ ਲਈ ਹੋਵੇ। ਕਲਾਕਾਰ, ਕਲਾ ਰਾਹੀਂ ਦਾਨਾਈ ਨੂੰ ਵਿਸਥਾਰੇ ਅਤੇ ਸਮਾਜ ਦੇ ਕੋਹਝੇ
ਵਰਤਾਰੇ ‘ਤੇ ਚੰਨ-ਰਿਸ਼ਮਾਂ ਦੀਆਂ ਬੂਟੀਆਂ ਪਾਵੇ।
ਕਲਾ, ਬੰਦਗੀ, ਬੰਦਿਆਈ ਅਤੇ ਬਰਕਤਾਂ ਦੀ ਬਹੁਲਤਾ। ਇਹਨਾਂ ਵਿਚੋਂ ਜੀਵਨ-ਸਦੀਵਤਾ ਤੇ
ਰਹਿਨੁਮਾਈ ਪ੍ਰਾਪਤ ਕਰਨ ਵਾਲੇ ਹੀ ਕਲਾ ਦੇ ਮਾਣਮੱਤੇ ਹਰਫ਼ ਹੁੰਦੇ।
ਕਲਾ, ਕਦੇ ਪੋਟਿਆਂ ਦੀ ਛੋਹ ਦਾ ਨਿੱਘ ਮਾਣਦੀ, ਬੋਲਾਂ ਦੀ ਗੁਫ਼ਤਗੂ ਸੰਗ ਮੌਲਦੀ, ਸੰਗੀਤਕਤਾ
‘ਚੋਂ ਰਸ ਮਾਣਦੀ, ਕਲਮ-ਛੋਹਾਂ ਨਾਲ ਜੀਵਨ ਧੜਕਾਉਂਦੀ, ਸੁਰਾਂ ਦੀ ਛਹਿਬਰ ਲਾਉਂਦੀ,
ਸੋਚ-ਫਿ਼ਜ਼ਾਵਾਂ ਨੂੰ ਰੁਮਕਾਉਂਦੀ, ਅੰਤਰੀਵ ਵਿਚ ਝਾਤੀ ਪਵਾਉਂਦੀ ਅਤੇ ਆਲਮੀ ਵਿਹੜੇ ਵਿਚ
ਰਾਗ-ਨਾਦਿ ਗੁਣਗਣਾਉਂਦੀ।
ਕੁਦਰਤ ਵਲੋਂ ਰਹਿਮਤਾਂ ਦੀ ਕਲਾਕਾਰੀ। ਸਰਘੀ ਵੇਲੇ ਤ੍ਰੇਲ-ਤੁਪਕਿਆਂ ਵਿਚੋਂ ਡੁੱਲ ਰਹੇ
ਕਿਰਮਚੀ-ਰੰਗ, ਡੁੱਬਦੇ ਦੀ ਲਾਲੀ ਪਹਾੜਾਂ, ਬਿਰਖ਼ਾਂ, ਪਰਿੰਦਿਆਂ ਤੇ ਸੂਹੀ ਪਰਤ ਚਾੜਦੀ।
ਸਮੁੰਦਰੀ ਲਹਿਰਾਂ ‘ਤੇ ਉਕਰੇ ਚਿੱਤਰ ਅਤੇ ਇਹਨਾਂ ਵਿਚੋਂ ਗੁੰਜਦਾ ਪੌਣ-ਸੰਗੀਤ। ਰੁੱਮਕਦੀ
ਪੌਣ ਦੀ ਮਧੁਰ ਧੁਨ, ਪੰਛੀਆਂ ਦੀ ਰੁੱਣਝੁਣ ਤੇ ਬੋਟ-ਗੁਟਕਣੀ ਦਾ ਮਜੀਠ ਰੰਗ। ਕੁਦਰਤ ਦੀ
ਉਪਮਾ ਵਿਚ ਰੁੱਝਿਆ ਅਨੰਤ ਜੀਵ-ਸੰਸਾਰ। ਤਾਹੀਂਉਂ ਤਾਂ ਮਨ ਵਿਚੋਂ ਆਪ ਮੁਹਾਰੇ ਨਿਕਲਦਾ ਏ
‘ਬਲਿਹਾਰੀ ਕੁਦਰਤ ਵੱਸਿਆ, ਤੇਰਾ ਅੰਤੁ ਨਾ ਜਾਈ ਲਖਿਆ ।’ ਸਿਰਜਣਹਾਰੀ ਕੁਦਰਤ ਨੂੰ ਕੋਟਿ
ਕੋਟਿ ਪ੍ਰਣਾਮ। ਕੁਦਰਤ ਜੇਡ ਨਾ ਕਲਾਕਾਰ ਕੋਈ ਅਤੇ ਨਾ ਹੀ ਬੇਪਨਾਹ ਸੁੰਦਰਤਾ ਦਾ ਸਾਨੀ। ਕਦੇ
ਕਦਾਈਂ ਕੁਦਰਤੀ ਵਿਸ਼ਾਲਤਾ ਅਤੇ ਅਸੀਮ ਸੰਦਰਤਾ, ਸੁਹੱਪਣ ਤੇ ਸਾਦਗੀ ਨੂੰ ਪ੍ਰਣਾਮ ਕਰਨਾ,
ਤੁਹਾਡੇ ਅੰਦਰ ਬੈਠੈ ਸੂਖਮ-ਭਾਵੀ ਮਨੁੱਖੀ-ਮਨ ਨੂੰ ਅਹਿਸਾਸ ਹੋਵੇਗਾ ਕਿ ਬੇਅੰਤ ਬਖਸਿ਼ਸ਼ਾਂ
ਕਰਨ ਵਾਲੀ ਕੁਦਰਤ ਕਿੰਨੀ ਨਿਰਮਾਣਤਾ ਅਤੇ ਸਹਿਜ ਨਾਲ ਜੀਵ-ਦਾਤੀਆਂ ਨੂੰ ਅਸੀਮ ਖੁਸ਼ੀਆਂ
ਬਖਸ਼ ਰਹੀ ਏ।
ਕਲਾ, ਬਾਬਰਕਿਆਂ ਦੀ ਬਾਂਦੀ ਬਣ ਕੇ ਮੜੀਆਂ ਦੇ ਰਾਹ ਤੁੱਰ ਪੈਂਦੀ ਏ ਜਦ ਕਿ ਬਾਬਿਆਂ ਦੀ
ਸ਼ਰਨ ਵਿਚ ਆ ਕੇ ਚਿਰ-ਸਦੀਵਤਾ ਦਾ ਪ੍ਰਚਮ ਲਹਿਰਾਉਂਦੀ ਏ।
ਕਲਾ, ਤਾਨਸੇਨ ਰਾਹੀਂ ਦਰਬਾਰੀ ਬਣ ਕੇ ਅਕਬਰ ਦੇ ਦਰਬਾਰ ਤੱਕ ਹੀ ਸਿਮਟ ਕੇ ਰਹਿ ਜਾਂਦੀ ਏ ਜਦ
ਕਿ ਅਲਾਹੀ ਰੂਪ ਧਾਰ ਕੇ ਹਰੀਦਾਸ ਰਾਹੀਂ ਉਦੈਮਾਨ ਹੁੰਦੀ ਤਾਂ ਸਮੁੱਚੀ ਕਾਇਨਾਤ ਵਜਦ ਵਿਚ
ਝੂਮਦੀ।
ਕਲਾ, ਕਲਾ ਲਈ ਜਿਉਂਦੀ ਰਹੇ। ਕਲਾ ਵਿਚੋਂ ਹੀ ਕਲਾ ਉਪਜੇ। ਕਲਾ, ਕਲਾ ਨੂੰ ਸਮਰਪਿੱਤ ਰਹੇ।
ਕਲਾ, ਜੀਵਨ ਦੀ ਸੁੰਦਰਤਾ, ਸਹਿਜਤਾ ਤੇ ਸਦੀਵਤਾ ਨੂੰ ਮੁਖਾਤਬ ਹੋਵੇ। ਇਸਦੇ ਮੁੱਖੜੇ ‘ਤੇ
ਚਿਰੰਜੀਵੀ ਨੂਰ ਡਲਕੇ। ਅਜੇਹਾ ਨੂਰ ਅਜੋਕੇ ਕਾਲਖੀ ਸਮਿਆਂ ਨੂੰ ਰੁੱਸ਼ਨਾਵੇ, ਇਹ ਤਮੰਨਾ ਤਾਂ
ਮਨ ਵਿਚ ਪਾਲੀ ਹੀ ਜਾ ਸਕਦੀ ਏ।
ਦੁਆ ਕਰੀਏ! ਕਲਾ ਦੀ ਤਲੀ ‘ਤੇ ਮੱਘਦਾ ਸੂਰਜ ਹਮੇਸ਼ਾ ਹੀ ਚਾਨਣ ਵੰਡਦਾ ਰਹੇ।
ਆਮੀਨ…………………।
ਫੋਨ # 001-216-556-2080
-0-
|