ਸਾਡੀ ਪ੍ਰਯੋਗਸ਼ਾਲਾ
ਅਸੀਂ ਕੁੜੀਆਂ
ਲੀਰਾਂ ਦੀਆਂ
ਗੁੱਡੀਆਂ ਬਣਾਉਂਦੀਆਂ
ਸੂਈ ਧਾਗੇ ਨਾਲ
ਉਹਨਾਂ ਦੇ ਨੈਣ ਨਕਸ਼ ਕਸੀਦਦੀਆਂ
ਪਟੋਲਿਆਂ ਨਾਲ ਉਹਨਾਂ ਨੂੰ ਸਜਾਉਂਦੀਆਂ !
ਅਤੇ
ਮਾਂ ਦੀਆਂ ਚੁੰਨੀਆਂ ਦੀ ਸਾੜ੍ਹੀ ਬਣਾ
ਉੱਚੀ ਅੱਡੀ ਦੇ ਸੈਂਡਲ ਪਾ
ਪਾਊਡਰ ਸੁਰਮੇ ਸੁਰਖੀਆਂ ਲਾ
ਲੁਕ ਲੁਕ ਕੇ ਘਰ ਘਰ ਖੇਡਦੀਆਂ !
ਰੁੱਸਦੀਆਂ ਮੰਨਦੀਆਂ
ਗੁੱਡੀਆਂ-ਗੁੱਡਿਆਂ ਦੇ ਵਿਆਹ ਕਰਦੀਆਂ
ਅਚੇਤ ਹੀ ਸਿੱਖ ਗਈਆਂ
ਸੀਊਣਾ-ਪਰੋਣਾ
ਕੱਸੀਦੇ ਕੱਢਣਾ
ਘਰ ਬਨਾਉਣਾ ਤੇ ਬੱਚੇ ਪਾਲਣਾ !
ਬਚਪਨ ਤੋਂ ਜਵਾਨੀ
ਜਲੰਧਰ ਤੋਂ ਜਰਮਨੀ
ਅਸੀਂ ਜਿੰਦਗੀ ਭਰ
ਬਸ ਘਰ ਘਰ ਦੀ ਖੇਡ ਹੀ
ਖੇਡਦੀਆਂ ਰਹੀਆਂ !
ਸਾਡੇ ਲਈ ਬਚਪਨ ਵੀ
ਭਵਿੱਖ ਦੀ ਪ੍ਰਯੋਗਸ਼ਾਲਾ ਹੀ ਸੀ ਮਹਿਜ਼ !
ਆਹ ਕੁੜੀਆਂ
ਬਾਰਬੀ ਡੌਲਾਂ ਨੂੰ
ਬਾਜਾਰੀ ਵਸਤਰਾਂ ਨਾਲ ਸਜਾਂਉਂਦੀਆਂ
ਦਿਲ ਭਰ ਜਾਏ ਤਾਂ
ਵਗਾਹ ਕੇ ਮਾਰਦੀਆਂ
ਬੇਪਰਵਾਹ
‘ਬਿਊਟੀ ਐਂਡ ਬੀਸਟ,
ਐਲਿਸ ਇਨ ਵੰਡਰਲੈਂਡ,
ਲਿਟਲ ਮਰਮੇਡ’ ਵਰਗੀਆਂ
ਫਿਲਮਾਂ ਵੇਖਦੀਆਂ
ਆਪਣੇ ਆਪ ਨੂੰ
ਪਰੀਆਂ ਤੋਂ ਘੱਟ ਨਾ ਸਮਝਦੀਆਂ,
ਨੈੱਟ
ਕੰਪਿਊਟਰਾਂ
ਸੈੱਲ ਫੋਨਾਂ ਨਾਲ ਜੁੜੀਆਂ
ਕਦੇ ਪੁਲਾੜ
ਕਦੇ ਖਲਾਅ ਵਿਚ ਜਾ ਉੜੀਆਂ !
ਵਿਆਹ
ਬੱਚੇ
ਘਰ
ਇਹਨਾਂ ਦੀ ਆਪਣੀ ਚੋਣ
ਇਨ੍ਹਾਂ ਲਈ ਇਨ੍ਹਾਂ ਸ਼ਬਦਾਂ ਦੇ ਮਾਇਨੇ ਹੋਰ!
ਇਹਨਾਂ ਦੇ ਬਚਪਨ ਵਿਚ ਉਤੇਜਨਾ
ਇਹਨਾਂ ਦੇ ਜੀਵਨ ਵਿਚ ਚੇਤਨਾ!
ਇਹ ਜੀਊਣ ਲਈ ਜੀਊਂਦੀਆਂ!
ਆਪਣੇ ਰੂ-ਬ-ਰੂ
ਆਪਣੇ ਘਰ ਅੰਦਰ
ਉੱਸਰ ਰਹੀਆਂ ਕੰਧਾਂ ਨੂੰ ਵੇਖ
ਕੰਧਾਂ ਤੇ ਉਕਰੇ
ਨਫ਼ਰਤ ਦੇ ਦੰਦਾਂ ਨੂੰ ਵੇਖ
ਆਪਸ ਵਿਚ ਉਲਝ ਗਏ
ਰਿਸ਼ਤਿਆਂ ਦੇ ਤੰਦਾਂ ਨੂੰ ਵੇਖ
ਅੰਦਰੋ ਅੰਦਰੀਂ ਉਬਲ ਰਹੇ
ਭਾਵਾਂ ਦੇ ਜੰਗਾਂ ਨੂੰ ਵੇਖ !
ਸਮਾਂ ਹੈ ਤੇ ਬਹਿ ਕੇ ਧੁੰਦ 'ਚ ਸਜੀ
ਆਪਣੀ ਬੈਠਕ ਦੀ ਸਜਾਵਟ ਨੂੰ ਵੇਖ
ਖਾਮੋਸ਼ ਪਏ
ਪੱਥਰ ਦੇ ਬੁੱਤਾਂ ਦੀ ਬਨਾਵਟ ਨੂੰ ਵੇਖ
ਘੋੜਿਆਂ ਵਾਂਗ ਸਰਪਟ ਦੌੜ ਰਹੇ
ਸਾਹਾਂ ਦੀ ਘਬਰਾਹਟ ਨੂੰ ਵੇਖ
ਆਪਣੇ ਹੀ ਬੂਹੇ ਅੱਗਿਓਂ
ਲੰਘ ਜਾਨੈ ਓਪਰਿਆਂ ਵਾਂਗ
ਕਦੇ ਅੰਦਰ ਆਕੇ
ਉਬਲ ਰਹੇ ਵਲਵਲਿਆਂ ਦੀ
ਤਰਾਵਟ ਨੂੰ ਵੇਖ !
ਜਲ ਉੱਠਣ ਬੁਝ ਗਏ ਸ਼ਮਾਦਾਨ
ਕੋਈ ਚਿਣਗ ਉਧਾਰੀ ਹੀ ਲੈ ਆ
ਕਿ ਸੜਦੇ ਰਹਿਣਾ ਨਹੀਂ ਹੈ ਜ਼ਿੰਦਗੀ
ਮੁਸਕਣੀਆਂ ਦੇ ਕੁਛ ਦੀਪ ਜਲਾ ਕੇ
ਆਪਣੇ ਘਰ ਦੀ ਜਗਮਗਾਹਟ ਤਾਂ ਵੇਖ !
ਸਮਾਂ ਹੈ ਤੇ ਬਹਿ ਕੇ ਧੁੰਦ 'ਚ ਸਜੀ
ਆਪਣੀ ਬੈਠਕ ਦੀ ਸਜਾਵਟ ਨੂੰ ਵੇਖ !
ਤੇਰਾ ਦੁਖ ਮੇਰਾ
ਹੇ !
ਮਾਂ ਧਰਤੀ
ਬੜਾ ਸੋਚਦੀ ਹਾਂ
ਕੋਈ ਨਜ਼ਮ ਲਿਖਾਂ
ਤੇਰੇ ਦੁੱਖਾਂ ਦੀ ਹਾਣ ਦੀ !
ਤੇਰੇ
ਖ਼ੁਰਦੇ ਪਰਬਤਾਂ ਦੀ
ਸੁੱਕ ਰਹੇ ਦਰਿਆਵਾਂ ਦੀ
ਗੰਧਲਾ ਗਏ ਸਾਗਰਾਂ ਦੀ
ਮੁਕ ਰਹੇ ਜੰਗਲਾਂ ਦੀ
ਦੂਸਿ਼ਤ ਹੋ ਰਹੀ ਹਵਾ ਦੀ !
ਇਸ ਦਰਦ ਦਾ
ਅਹਿਸਾਸ ਹੈ ਮੈਨੂੰ
ਪਰ ਸ਼ਬਦ ਗੁੰਮ ਹਨ !
ਹੇ ਮਹਿਤਾਰੀ
ਖਫ਼ਾ ਨਾ ਹੋਈਂ
ਇਕ ਦਿਨ
ਜਰੂਰ ਲਿਖਾਂਗੀ ਉਹ ਨਜ਼ਮ
ਜੋ ਤੇਰੇ ਦੁੱਖਾਂ ਦੀ ਹਾਣੀ ਹੋਵੇ !
-0- |