Welcome to Seerat.ca
Welcome to Seerat.ca

ਮੇਰਾ ਕਮਰਾ, ਮੇਰੀ ਕਲਮ

 

- ਇਕਬਾਲ ਰਾਮੂਵਾਲੀਆ (ਕੈਨੇਡਾ)

ਨਾਵਲ ਅੰਸ਼ / ਇਕੱਲਾ

 

- ਹਰਜੀਤ ਅਟਵਾਲ

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ

 

- ਸਰਵਣ ਸਿੰਘ

ਪੰਜਾਬ ਹੀਰਿਆਂ ਦੀ ਖਾਣ

 

- ਗੁਰਬਚਨ ਸਿੰਘ ਭੁੱਲਰ

ਸਫਰ ਦੀ ਇਹ ਦੁਨੀਆ ...

 

- ਗੁਲਸ਼ਨ ਦਿਆਲ

ਦੋ ਰਚਨਾਵਾਂ / ਅਮਰ ਕਥਾ ਤੇ ਮਿੱਡ ਡੇ ਮੀਲ

 

- ਗੁਰਪ੍ਰੀਤ ਸਿੰਘ

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ਅੰਨ੍ਹੇ ਘੋੜੇ ਦਾ ਦਾਨ ਤੱਕ

 

-  ਗੁਰਦਿਆਲ ਸਿੰਘ ਬੱਲ

ਔਰਤ-ਰਹਿਤ ਔਰਤਾਂ ਦੀ ਅਵਾਜ਼?

 

- ਜਸਵਿੰਦਰ ਸੰਧੂ, ਬਰੈਂਪਟਨ

ਯਾਦਾਂ ਦੇ ਝਰੋਖੇ 'ਚੋਂ / ਮੇਰਾ ਮਿੱਤਰ ਜਸਪਾਲ ਸਿੰਘ

 

- ਗੁਰਦੇਵ ਚੌਹਾਨ

ਗੁਰਮੀਤ ਸਿੰਘ ਪਿੰਕੀ ਦੀਆਂ ਚਿੰਘਾੜਾਂ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ

 

- ਗੁਰਦਿਆਲ ਸਿੰਘ ਬੱਲ

ਕਲਾ ਦੀ ਕ੍ਰਿਸ਼ਮਈ-ਕਥਾ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਕਿਤਾਬਾਂ ਦੀ ਦੁਨੀਆ

 

- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ

 

- ਚਰਨਜੀਤ ਸਿੰਘ

ਬਜੁਰਗ ਸਾਡਾ ਸਰਮਾਇਆ ਜਾਂ...?

 

- ਗੁਰਬਾਜ ਸਿੰਘ ਖੈਰਦੀਨਕੇ

ਗਜ਼ਲ

 

- ਗੁਰਨਾਮ ਢਿੱਲੋਂ

ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ

 

- ਹਰਜਿੰਦਰ ਸਿੰਘ ਗੁਲਪੁਰ

ਖੜ੍ਹ ਓਏ ਤੇਰੇ ਦੀ........

 

- ਸੁਭਾਸ਼ ਰਾਬੜਾ

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ

 

- ਕਰਨ ਬਰਾੜ ਹਰੀਕੇ ਕਲਾਂ

ਗੱਦ-ਕਾਵਿ

 

- ਅਵਤਾਰ ਸਾਦਿਕ (ਇੰਗਲੈਂਡ)

ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ਤੇਰੀ ਮੁਹੱਬਤ

 

- ਅਵਤਾਰ ਸਾਦਿਕ

ਆਜ਼ਾਦ ਸੋਚ...... ਗ਼ੁਲਾਮ ਕੰਨ......

 

- ਮਨਮਿੰਦਰ ਢਿਲੋਂ

ਮਿੰਨੀ ਕਹਾਣੀ / ਵੋਮੈਨ-ਡੇ

 

- ਸੁਖਵਿੰਦਰ ਕੌਰ 'ਹਰਿਆਓ'

ਕਵਿਤਾਵਾਂ

 

- ਸੁਰਜੀਤ

 

Online Punjabi Magazine Seerat

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ
- ਸਰਵਣ ਸਿੰਘ

 

ਪੰਜਾਬ ਦੇ ਹੀਰਿਆਂ ਦਾ ਲੇਖਾ ਨਹੀਂ। ਕੋਹੇਨੂਰ ਵਰਗੇ ਜਿਨ੍ਹਾਂ ਪੰਜਾਬੀਆਂ ਦੀ ਮੈਂ ਕੁਝ ਥਾਹ ਪਾ ਸਕਿਆ ਉਨ੍ਹਾਂ ਵਿਚੋਂ ਨੌਂ ਰਤਨਾਂ ਦੇ ਜੀਵਨੀ ਲੇਖ ਇਸ ਪੁਸਤਕ ਵਿਚ ਸ਼ਾਮਲ ਹਨ। ਇਨ੍ਹਾਂ ਵਿਚੋਂ ਕੋਈ ਅਰਥਚਾਰੇ ਦਾ ਧਰੂ ਤਾਰਾ ਹੈ, ਕੋਈ ਸਾਹਿਤਕਾਰੀ ਦਾ ਸਰੂ, ਕੋਈ ਕਵੀਸ਼ਰੀ ਦਾ ਪਾਰਸ, ਕੋਈ ਮੇਲਿਆਂ ਦਾ ਸੁਲਤਾਨ, ਕੋਈ ਫੁੱਟਬਾਲ ਦਾ ਜਰਨੈਲ, ਕੋਈ ਪਹਿਲਵਾਨੀ ਦਾ ਰੁਸਤਮ ਤੇ ਕੋਈ ਹਾਕੀ ਦਾ ਹੀਰੋ ਹੈ। ਕੋਈ ਤੇਜ਼ਤਰਾਰ ਦੌੜਾਂ ਦਾ ਉਡਣਾ ਦੌੜਾਕ ਹੈ ਤੇ ਕੋਈ ਮੈਰਾਥਨ ਦੌੜਾਂ ਦਾ ਦਸਤਾਰਧਾਰੀ ਝੱਖੜ! ਇਹ ਸਾਧਾਰਨ ਹੀਰੇ ਨਹੀਂ, ਚਾਨਣ ਦੇ ਪਹਾੜ, ਕੋਹੇਨੂਰ ਹੀਰੇ ਹਨ।
ਇਹ ਸਾਰੇ ਆਪੋ ਆਪਣੇ ਖੇਤਰਾਂ ਦੇ ਨਾਇਕ ਹਨ ਜਿਨ੍ਹਾਂ ਦੀ ਨੇਕਨਾਮੀ ਪੰਜਾਬ ਤੋਂ ਬਾਹਰ ਦੇਸ਼ਾਂ ਬਦੇਸ਼ਾਂ ਵਿਚ ਵੀ ਹੈ। ਮੈਂ ਇਨ੍ਹਾਂ ਦੇ ਸੰਪਰਕ ਵਿਚ ਆਉਣ ਕਰਕੇ ਇਨ੍ਹਾਂ ਬਾਰੇ ਕੁਝ ਨਿੱਜੀ ਛੋਹਾਂ ਵਾਲੀ ਜਾਣਕਾਰੀ ਦੇ ਸਕਿਆ ਹਾਂ। ਇਹ ਸਾਰੇ ਮੈਥੋਂ ਵਡੇਰੇ ਮੇਰੇ ਸਤਿਕਾਰ ਦੇ ਪਾਤਰ ਹਨ। 1911 ਤੋਂ 1936 ਤਕ ਦੇ ਜੰਮਪਲ। ਇਨ੍ਹਾਂ ਦੇ ਨਾਵਾਂ ਨਾਲ ਬਹੁਬਚਨੀ ਸੰਬੋਧਨ ਲਾਉਣੇ ਸ਼ੋਭਦੇ ਸਨ ਪਰ ਮੈਂ ਇਕਬਚਨੀ ਹੀ ਲਾਏ ਹਨ। ਇਸ ਨਾਦਾਨੀ ਦਾ ਕਾਰਨ ਮੇਰੀ ਸ਼ੈਲੀ ਦੀ ਸੰਖੇਪਤਾ ਤੇ ਸਰਲਤਾ ਹੈ। ਹਰ ਨਾਂ ਅੱਗੇ ਸਰਦਾਰ ਜਾਂ ਸ਼੍ਰੀ ਅਤੇ ਆਪ ਤੇ ਉਨ੍ਹਾਂ ਵਰਗੇ ਬਹੁਬਚਨ ਲਿਖਣ ਨਾਲ ਸ਼ਬਦਾਂ ਦੀ ਬੇਲੋੜੀ ਭਰਤੀ ਹੋਣੀ ਸੀ। ਤਰਤੀਬ ਵੀ ਮੈਂ ਅਹੁਦੇ ਜਾਂ ਉਮਰ ਦੀ ਥਾਂ ਪੈਂਤੀ ਅੱਖਰੀ ਅਨੁਸਾਰ ਰੱਖੀ ਹੈ।


ਡਾ. ਜੌਹਲ ਬਾਰੇ ਲਿਖਣ ਲੱਗਿਆਂ ਅਚਾਨਕ ਮੈਨੂੰ ਇਹ ਸ਼ਬਦ ਔੜੇ, ਡਾ. ਸਰਦਾਰਾ ਸਿੰਘ ਜੌਹਲ ਖੇਤਾਂ ਦਾ ਪੁੱਤ ਹੈ, ਸਨ ਆਫ਼ ਦਾ ਸਾਇਲ। ਉਹਦੀ ਗਿਣਤੀ ਦੁਨੀਆ ਦੇ ਚੋਟੀ ਦੇ ਅਰਥ ਸ਼ਾਸਤਰੀਆਂ ਵਿਚ ਹੁੰਦੀ ਹੈ। ਉਹ ਅਰਥਚਾਰੇ ਦੇ ਗਿਆਨ ਦਾ ਭਰ ਵਗਦਾ ਦਰਿਆ ਹੈ। ਫਿਰ ਮੈਂ ਡਾ. ਨਿਰਮਲ ਸਿੰਘ ਦਾ ਹਵਾਲਾ ਦਿੱਤਾ, ਬਾਰ ਚ ਜਨਮਿਆਂ, ਮਾਝੇ ਚ ਪੜ੍ਹਿਆ, ਮਾਲਵੇ ਚ ਵਸਿਆ, ਦੁਆਬੇ ਦੇ ਪਿਛੋਕੜ ਵਾਲਾ ਜੌਹਲ ਵਲੈਤ, ਅਮਰੀਕਾ, ਇਰਾਨ, ਲਿਬਨਾਨ, ਚੀਨ-ਮਚੀਨ ਦੀਆਂ ਬਾਤਾਂ ਸੁਣਾਉਂਦਾ ਕੋਈ ਉਪਦੇਸ਼ਕ, ਪ੍ਰਚਾਰਕ ਜਾਂ ਤੁਹਾਥੋਂ ਦੂਰ ਖੜ੍ਹਾ ਗੁਣੀ ਗਿਆਨੀ ਨਹੀਂ ਸਗੋਂ ਆਪਣੇ ਪਿੰਡ ਦਾ, ਆਪਣੇ ਵਿਚੋਂ ਹੀ ਇਕ ਲੱਗਦਾ ਹੈ। ਅਕਲ, ਗਿਆਨ, ਸੋਝੀ, ਦਲੀਲ ਤੇ ਤਰਕ ਉਹਦੀ ਲੇਖਣੀ ਵਿਚ ਸਮੋਏ ਹੋਣ ਕਾਰਨ ਉਹ ਸਾਨੂੰ ਸਿਧਾਂਤਕਾਰ, ਫਿਲਾਸਫਰ, ਉਸਤਾਦ ਜਾਂ ਅਧਿਆਪਕ ਨਾਲੋਂ ਬਹੁਤਾ ਆਪਣਾ ਨੇੜਲਾ ਸਾਥੀ ਜਾਂ ਵੱਡਾ ਭਰਾ ਜਾਪਦਾ ਹੈ। ਉਚੇਰੀ ਪੜ੍ਹਾਈ, ਉੱਚੀਆਂ ਅਹੁਦੇਦਾਰੀਆਂ-ਰੁਤਬੇ, ਸ਼ੋਹਰਤਾਂ ਤੋਂ ਨਿਰਲੇਪ ਨੇਕੀ ਦੀ ਮੂਰਤ ਡਾ. ਸਰਦਾਰਾ ਸਿੰਘ ਜੌਹਲ ਸਾਡਾ ਪੰਜਾਬੀਆਂ ਦਾ ਸਰਦਾਰ ਹੈ।
ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਗੱਲ ਉਹਦੇ ਇਕ ਛੰਦ ਨਾਲ ਤੋਰੀ:
ਚੰਦ ਤੇ ਰਣਜੀਤ ਹੋਰਾਂ, ਨਿੱਤ ਨੀ ਗਾਉਣੇ ਛੰਦ ਇਕੱਠਿਆਂ
ਕਰਨੈਲ ਕਵੀਸ਼ਰ ਨੇ, ਕਿਧਰੇ ਲੁਕ ਨੀ ਜਾਣਾ ਨੱਠਿਆਂ
ਜੱਗ ਯਾਦ ਰਹੂ ਕਰ ਲੈ, ਨੇਕੀ ਖੱਟ ਕੇ ਜਨਮ ਸੁਹੇਲਾ
ਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ...
ਉਹ ਸੱਚੀਂਮੁੱਚੀਂ ਪਾਰਸ ਸੀ। ਉਹਦੀ ਪਾਰਸ ਛੋਹ ਨਾਲ ਅਨੇਕਾਂ ਸ਼ਗਿਰਦ ਸੋਨਾ ਬਣੇ। ਜੀਵਨ ਦਾ ਪੰਧ ਮੁਕਾ ਚੁੱਕਿਆ ਬਾਪੂ ਪਾਰਸ ਪੰਜਾਬੀ ਸਭਿਅਤਾ ਤੇ ਸਭਿਆਚਾਰ ਨੂੰ ਲੰਮੀਆਂ ਉਮਰਾਂ ਦੀਆਂ ਦੁਆਵਾਂ ਬਖ਼ਸ਼ ਗਿਆ। ਉਸ ਦੀ ਰਚਨਾ ਵਿਚ ਵਗਦੇ ਦਰਿਆਵਾਂ ਦੀ ਰਵਾਨੀ, ਦਿਲਾਂ ਨੂੰ ਧੂਹ ਪਾਉਂਦੀ ਸਰਲਤਾ, ਸੂਖਮਤਾ ਤੇ ਸਾਰੰਗੀ ਦੀ ਤਾਣ ਵਰਗਾ ਸੋਜ਼ ਸੀ।
ਕਵੀਆਂ ਕਵੀਸ਼ਰਾਂ ਦੇ ਮੁੱਖ ਤੋਂ ਨਿਕਲੇ ਵਾਕ ਸੀਨਾ ਬਸੀਨਾ ਦੇਸ਼ ਕਾਲ ਦੇ ਪੈਂਡੇ ਤੈਅ ਕਰ ਜਾਂਦੇ ਹਨ। ਇਕ ਵਾਰ ਬਾਲ਼ੇ ਕਦੇ ਨਹੀਂ ਬੁਝਦੇ ਇਹ ਚਿਰਾਗ। ਹਨ੍ਹੇਰੀਆਂ ਝੱਖੜਾਂ ਵਿਚ ਵੀ ਮਨਾਂ ਦੀਆਂ ਮਮਟੀਆਂ ਉਤੇ ਜਗਦੇ ਰਹਿੰਦੇ ਨੇ...। ਤਨਾਂ ਦੀ ਭੁੱਖ ਪਿਆਸ ਅੰਨ ਪਾਣੀ ਨਾਲ ਮਿਟ ਜਾਂਦੀ ਹੈ ਪਰ ਰੂਹਾਂ ਦੀ ਭੁੱਖ ਪਿਆਸ ਬੋਲ ਬਾਣੀ ਨਾਲ ਤ੍ਰਿਪਤ ਹੁੰਦੀ ਹੈ। ਪਾਰਸ ਬੋਲ ਬਾਣੀ ਦਾ ਭਰ ਵਗਦਾ ਦਰਿਆ ਸੀ।
ਕੰਵਲ ਦਾ ਕਲਮੀ-ਚਿੱਤਰ ਇਸ ਤਰ੍ਹਾਂ ਸ਼ੁਰੂ ਕੀਤਾ, ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਰੁੱਖ ਹੈ। ਉੱਚਾ, ਨਿਆਰਾ ਤੇ ਹਵਾ ਨਾਲ ਹੁਲ੍ਹਾਰੇ ਲੈਣ ਵਾਲਾ। ਉਹ ਵਗਦੀਆਂ ਹਵਾਵਾਂ ਦੇ ਵੇਗ ਵਿਚ ਝੂੰਮਦੈ। ਕਦੇ ਖੱਬੇ ਲਹਿਰਾਉਂਦੈ, ਕਦੇ ਸੱਜੇ। ਉਹਦੇ ਘੁੰਮਦੇ ਹੁਲ੍ਹਾਰਿਆਂ ਵਿਚ ਮਿਕਨਾਤੀਸੀ ਖਿੱਚ ਹੈ। ਉਹਦੀਆਂ ਟਾਹਣੀਆਂ ਲਚਕਦਾਰ ਹਨ, ਤਣਾ ਮਜ਼ਬੂਤ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਵਾਵਰੋਲੇ ਤਾਂ ਕੀ, ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਵੇਗਮੱਤਾ ਲੇਖਕ ਹੈ ਤੇ ਲੋਹੜੇ ਦਾ ਉਪਭਾਵਕ। ਉਹਦੀਆਂ ਰੁਮਾਂਚਿਕ ਰਉਂ ਚ ਲਿਖੀਆਂ ਜਜ਼ਬਾਤੀ ਲਿਖਤਾਂ ਸਿੱਧੀਆਂ ਦਿਲਾਂ ਤੇ ਵਾਰ ਕਰਦੀਆਂ ਹਨ। ਮਿਹਣੇ ਮਾਰਦੀਆਂ ਤੇ ਆਰਾਂ ਲਾਉਂਦੀਆਂ ਹਨ। ਲਿਖਣ ਦਾ ਤਾਂ ਉਹਦਾ ਰਿਕਾਰਡ ਹੈ ਹੀ, ਸੰਭਵ ਹੈ ਸਭ ਤੋਂ ਲੰਮੀ ਸਾਹਿਤਕ ਉਮਰ ਦਾ ਰਿਕਾਰਡ ਵੀ ਰੱਖ ਜਾਵੇ। ਉਹ ਪੰਜਾਬੀ ਦਾ ਸਭ ਤੋਂ ਸੀਨੀਅਰ ਲੇਖਕ ਹੈ। ਉਹਦੇ ਹਾਣੀ ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ ਤੇ ਪ੍ਰੋ. ਪ੍ਰੀਤਮ ਸਿੰਘ ਹੋਰੀਂ ਸਭ ਚਲਾਣੇ ਕਰ ਗਏ ਹਨ।
ਜਗਦੇਵ ਸਿੰਘ ਜੱਸੋਵਾਲ ਮੇਲਿਆਂ ਦਾ ਸਿੰ਼ਗਾਰ ਸੀ। ਉਸ ਨੂੰ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਤੇ ਗਵੱਈਆਂ ਦਾ ਗਵਰਨਰ ਕਿਹਾ ਜਾਂਦਾ ਸੀ। ਉਹਦਾ ਜੀਵਨ ਰੰਗ ਤਮਾਸਿ਼ਆਂ ਦੀ ਲੀਲ੍ਹਾ ਸੀ। ਮੇਲਿਆਂ ਗੇਲਿਆਂ ਚ ਮੇਲ੍ਹਦਾ ਉਹ ਹੱਸਦਾ ਖੇਲ੍ਹਦਾ ਤੁਰ ਗਿਆ। ਉਹ ਯਾਰਾਂ ਦਾ ਯਾਰ, ਜਥੇਦਾਰਾਂ ਦਾ ਜਥੇਦਾਰ, ਸਿਆਸਤਦਾਨਾਂ ਦਾ ਸਿਆਸਤਦਾਨ, ਕਲਾਕਾਰਾਂ ਦਾ ਕਦਰਦਾਨ ਤੇ ਸਭਿਆਚਾਰਕ ਮੇਲਿਆਂ ਦਾ ਸੁਲਤਾਨ ਸੀ। ਉਹਦੇ ਚ ਮਹਿਕ ਸੀ, ਟਹਿਕ ਸੀ, ਮਿਠਾਸ ਸੀ ਤੇ ਕਰਾਰਾਪਣ ਸੀ। ਉਹ ਨੱਚਣ ਕੁੱਦਣ ਮਨ ਕਾ ਚਾਓ ਪੂਰਾ ਕਰਦਿਆਂ, ਹਸੰਦਿਆਂ, ਖੇਲੰਦਿਆਂ, ਖਾਵੰਦਿਆਂ, ਪਹਿਨੰਦਿਆਂ ਵਿਚੇ ਮੁਕਤੀ ਪਾ ਗਿਆ।
ਜਰਨੈਲ ਸਿੰਘ ਫੁੱਟਬਾਲ ਦਾ ਜਰਨੈਲ ਸੀ। ਉਸ ਨੇ ਦੋ ਸਾਲ ਏਸ਼ੀਅਨ ਆਲ ਸਟਾਰ ਫੁੱਟਬਾਲ ਟੀਮਾਂ ਦੀ ਕਪਤਾਨੀ ਕੀਤੀ। ਉਹਦੀਆਂ ਧੁੰਮਾਂ ਪਿੰਡ ਪਨਾਮ ਤੋਂ ਦਿੱਲੀ, ਲਾਹੌਰ, ਕਲਕੱਤੇ, ਕੁਆਲਾਲੰਪੁਰ ਤੇ ਰੋਮ ਤਕ ਪਈਆਂ ਰਹੀਆਂ। ਉਸ ਨੂੰ ਪੰਜਾਬ ਦਾ ਪੇਲੇ, ਮੈਰੀਡੋਨਾ ਜਾਂ ਰਨਾਲਡੋ ਕੁਝ ਵੀ ਕਿਹਾ ਜਾ ਸਕਦੈ। ਉਹ ਦਸ ਸਾਲ ਭਾਰਤ ਦਾ ਅੱਵਲ ਨੰਬਰ ਫੁੱਟਬਾਲ ਖਿਡਾਰੀ ਮੰਨਿਆ ਜਾਂਦਾ ਰਿਹਾ। ਉਸ ਨੇ ਤਿੰਨ ਸਾਲ ਭਾਰਤੀ ਫੁੱਟਬਾਲ ਟੀਮਾਂ ਦੀ ਕਪਤਾਨੀ ਕੀਤੀ ਤੇ ਜਕਾਰਤਾ ਤੋਂ ਏਸਿ਼ਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। 1960 ਦੀਆਂ ਓਲੰਪਿਕ ਖੇਡਾਂ ਚ ਉਹ ਬਿਹਤਰੀਨ ਫੁੱਲ ਬੈਕ ਖਿਡਾਰੀ ਸਾਬਤ ਹੋਇਆ। ਉਦੋਂ ਉਸ ਨੂੰ ਵਰਲਡ ਫੁੱਟਬਾਲ ਇਲੈਵਨ ਦਾ ਸੈਂਟਰ ਫੁੱਲ ਬੈਕ ਨਾਮਜ਼ਦ ਕੀਤਾ ਗਿਆ। ਏਸ਼ੀਆ ਚੋਂ ਇਹ ਮਾਣ ਸਿਰਫ਼ ਇਕ ਪੰਜਾਬੀ ਖਿਡਾਰੀ ਜਰਨੈਲ ਸਿੰਘ ਨੂੰ ਹੀ ਮਿਲਿਆ।
ਦਾਰੇ ਧਰਮੂਚੱਕੀਏ ਨੇ 500 ਕੁਸ਼ਤੀਆਂ ਲੜੀਆਂ ਤੇ 144 ਫਿਲਮਾਂ ਵਿਚ ਕੰਮ ਕੀਤਾ। ਉਹ ਅਖਾੜਿਆਂ ਵਿਚ ਵੀ ਦਰਸ਼ਕਾਂ ਦੀਆਂ ਅੱਖਾਂ ਸਾਹਮਣੇ ਰਿਹਾ ਤੇ ਸਿਨਮਾਂ ਘਰਾਂ ਵਿਚ ਵੀ। 1947 ਵਿਚ ਸਿੰਘਾਪੁਰ ਜਾਣ ਤੋਂ ਲੈ ਕੇ 1983 ਤਕ ਉਹ ਕੁਸ਼ਤੀਆਂ ਘੁਲਦਾ ਤੇ 1952 ਵਿਚ ਵਤਨ ਮੁੜ ਆਉਣ ਤੋਂ ਲੈ ਕੇ 2007 ਤਕ ਫਿਲਮਾਂ ਚ ਕੰਮ ਕਰਦਾ ਰਿਹਾ। ਫਰੀ ਸਟਾਈਲ ਕੁਸ਼ਤੀਆਂ ਦਾ ਉਹ ਰੁਸਤਮੇ ਜ਼ਮਾਂ ਸੀ। ਰਾਮਾਇਣ ਸੀਰੀਅਲ ਵਿਚ ਹਨੂੰਮਾਨ ਦਾ ਰੋਲ ਕਰਨ ਨਾਲ ਉਹਦੀਆਂ ਘਰ-ਘਰ ਗੱਲਾਂ ਹੋਈਆਂ। ਬਜਰੰਗ ਬਲੀ ਵਾਂਗ ਉਹਦੀਆਂ ਮੂਰਤਾਂ ਦੀ ਪੂਜਾ ਹੋਈ। ਉਹ ਰਾਜ ਸਭਾ ਦਾ ਮੈਂਬਰ ਤੇ ਭਾਰਤੀ ਜੱਟ ਸਮਾਜ ਦਾ ਪ੍ਰਧਾਨ ਬਣਿਆ। ਜੰਮਣ ਵੇਲੇ ਉਹ ਕੱਖਪਤੀ ਸੀ, ਮਰਨ ਵੇਲੇ ਕਰੋੜਪਤੀ। ਕਰੋੜਾਂ ਲੋਕਾਂ ਨੇ ਉਹਦੀ ਮੌਤ ਦਾ ਮਾਤਮ ਮਨਾਇਆ।
ਸੌ ਸਾਲ ਤੋਂ ਟੱਪਿਆ ਬਾਬਾ ਫੌਜਾ ਸਿੰਘ ਕੁਦਰਤ ਦਾ ਕ੍ਰਿਸ਼ਮਾ ਹੈ। ਰੋਜ਼ ਸੱਤ ਅੱਠ ਮੀਲ ਤੁਰਦਾ, ਵਗਦਾ ਤੇ ਦੁੜਕੀਆਂ ਲਾਉਂਦੈ। ਬਜ਼ੁਰਗਾਂ ਦਾ ਉਹ ਰੋਲ ਮਾਡਲ ਹੈ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਸਿਰੜੀ, ਮਿਹਨਤੀ ਤੇ ਮੰਜਿ਼ਲਾਂ ਮਾਰਨ ਵਾਲਾ ਮੈਰਾਥਨ ਦਾ ਮਹਾਂਰਥੀ। ਬੁੱਲ੍ਹੇ ਸ਼ਾਹ ਵਰਗੀ ਤਬੀਅਤ ਦਾ ਮਾਲਕ ਤੇ ਸ਼ਾਹ ਹੁਸੈਨ ਜਿਹਾ ਫੱਕਰ। ਸਹਿਜਤਾ, ਮਸੂਮੀਅਤ ਤੇ ਭੋਲੇਪਨ ਦੀ ਮੂਰਤ। ਉਹਦੀਆਂ ਗੱਲਾਂ ਸਾਦੀਆਂ, ਭੋਲੀਆਂ ਤੇ ਨਿਰਛਲ ਹਨ। ਹਾਸਾ ਠੱਠਾ ਕਰਨਾ ਉਹਦਾ ਸੁਭਾਅ ਹੈ ਜਿਸ ਨਾਲ ਹੱਸਦੇ ਦੀਆਂ ਅੱਖਾਂ ਛਲਕ ਪੈਂਦੀਆਂ ਹਨ। ਛਲਕਦੀਆਂ ਅੱਖਾਂ ਉਤੇ ਭਰਵੱਟਿਆਂ ਦੀ ਤੇ ਹੱਸਦੇ ਹੋਠਾਂ ਉਤੇ ਮੁੱਛਹਿਰਿਆਂ ਦੀ ਛਾਂ ਹੈ। ਦੌੜਦੇ ਦੀ ਉਹਦੀ ਲੰਮੀ ਦਾੜ੍ਹੀ ਝੂਲਦੀ ਤੇ ਆਸੇ ਪਾਸੇ ਲਹਿਰਾਉਂਦੀ ਹੈ।
ਹਾਕੀ ਦੇ ਯੁਗ ਪੁਰਸ਼ ਬਲਬੀਰ ਸਿੰਘ ਨੇ ਓਲੰਪਿਕ ਖੇਡਾਂ ਚੋਂ ਤਿੰਨ ਗੋਲਡ ਮੈਡਲ ਜਿੱਤੇ ਜਿਸ ਕਰਕੇ ਉਸ ਨੂੰ ਗੋਲਡਨ ਹੈਟ ਟ੍ਰਿਕ ਵਾਲਾ ਬਲਬੀਰ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਤੇ ਫਾਈਨਲ ਮੈਚਾਂ ਚ ਭਾਰਤੀ ਟੀਮ ਦੇ 9 ਗੋਲਾਂ ਵਿੱਚੋਂ 8 ਗੋਲ ਉਸ ਦੀ ਹਾਕੀ ਨਾਲ ਹੋਏ। ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ ਚੋਂ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦਾ 64 ਸਾਲ ਪੁਰਾਣਾ ਰਿਕਾਰਡ ਹੈ। ਓਲੰਪਿਕ ਖੇਡਾਂ ਦੇ ਇਤਿਹਾਸ ਚੋਂ ਜਿਹੜੇ 16 ਆਈਕੋਨਿਕ ਓਲੰਪੀਅਨ ਚੁਣੇ ਗਏ ਉਨ੍ਹਾਂ ਚ ਬਲਬੀਰ ਸਿੰਘ ਦਾ ਨਾਂ ਵੀ ਹੈ। ਉਸ ਦਾ ਕਹਿਣਾ ਹੈ, ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ। ਐਕਸਟਰਾ ਟਾਈਮ ਵਿਚ ਵੀ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ। ਮੈਂ ਹੁਣ ਗੋਲਡਨ ਗੋਲ ਦੀ ਉਡੀਕ ਚ ਹਾਂ। ਖੇਡ ਉਪਰਲੇ ਨਾਲ ਹੈ। ਜਦੋਂ ਗੋਲ ਹੋ ਗਿਆ ਤਾਂ ਖੇਡ ਖ਼ਤਮ!


ਕੀ ਸਰਕਾਰਾਂ ਬਲਬੀਰ ਸਿੰਘ ਦੇ ਗੋਲਡਨ ਗੋਲ ਦੀ ਉਡੀਕ ਵਿਚ ਹਨ? ਭਾਰਤੀ ਖਿਡਾਰੀਆਂ ਚੋਂ ਸਚਿਨ ਤੇਂਦੁਲਕਰ ਨੂੰ ਜੀਂਦੇ ਜੀਅ ਭਾਰਤ ਰਤਨ ਦੇ ਦਿੱਤਾ ਗਿਆ। ਵੇਖਦੇ ਹਾਂ ਬਲਬੀਰ ਸਿੰਘ ਨੂੰ ਭਾਰਤ ਰਤਨ ਜਿਊਂਦੇ ਜੀਅ ਮਿਲਦਾ ਹੈ ਜਾਂ ਜੀਵਨ ਉਪਰੰਤ?
ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਿਹਾ ਜਾਂਦੈ। ਇਹ ਖਿ਼ਤਾਬ ਉਸ ਨੂੰ ਲਾਹੌਰ ਦੇ ਸਟੇਡੀਅਮ ਵਿਚ ਮਿਲਿਆ। ਦੌੜ ਜਿੱਤਣ ਪਿੱਛੋਂ ਮਿਲਖਾ ਸਿੰਘ ਨੇ ਜੇਤੂ ਗੇੜੀ ਲਾਈ ਤਾਂ ਅਨਾਊਂਸਰ ਨੇ ਕਿਹਾ, ਮਿਲਖਾ ਸਿੰਘ ਦੌੜਿਆ ਨਹੀਂ, ਉਡਿਆ ਹੈ। ਅਸੀਂ ਏਹਨੂੰ ਫਲਾਈਂਗ ਸਿੱਖ ਦਾ ਖਿ਼ਤਾਬ ਦੇਨੇ ਆਂ! ਜਨਰਲ ਅਯੂਬ ਖਾਂ ਨਾਲ ਮਿਲਾਇਆ ਤਾਂ ਉਸ ਨੇ ਵੀ ਕਿਹਾ, ਮਿਲਖਾ ਸਿੰਘ, ਤੁਸੀਂ ਵਾਕਿਆ ਈ ਫਲਾਈਂਗ ਸਿੱਖ ਹੋ।
ਦੌੜ ਮਿਲਖਾ ਸਿੰਘ ਦੀ ਜਿ਼ੰਦਗੀ ਹੈ। ਉਹ ਸਕੂਲੇ ਜਾਂਦਾ ਤਾਂ ਸਕੂਲੋਂ ਦੌੜ ਜਾਂਦਾ। ਤਪਦੇ ਰਾਹਾਂ ਤੇ ਨੰਗੇ ਪੈਰ ਭੁੱਜਦੇ ਤਾਂ ਦੌੜ ਕੇ ਕਿਸੇ ਰੁੱਖ ਦੀ ਛਾਵੇਂ ਠੰਢੇ ਕਰਦਾ। ਇਕ ਰੁੱਖ ਦੀ ਛਾਂ ਤੋਂ ਦੂਜੇ ਰੁੱਖ ਦੀ ਛਾਂ ਵੱਲ ਦੌੜਦਾ। 1947 ਵਿਚ ਉਹ ਪਾਕਿਸਤਾਨ ਚੋਂ ਜਾਨ ਬਚਾ ਕੇ ਦੌੜਿਆ। ਪਹਿਲਾਂ ਮੁਲਤਾਨ, ਫਿਰ ਫਿਰੋਜ਼ਪੁਰ ਤੇ ਫਿਰ ਦਿੱਲੀ ਪੁੱਜਾ। ਦਿੱਲੀ ਉਹ ਰੇਲ ਗੱਡੀਆਂ ਨਾਲ ਦੌੜਿਆ ਤੇ ਚੋਰੀਆਂ ਚਕਾਰੀਆਂ ਕੀਤੀਆਂ। ਪੁਲਿਸ ਫੜਨ ਲੱਗੀ ਤਾਂ ਦੌੜ ਕੇ ਬਚਿਆ। ਬੇਟਿਕਟਾ ਸਫ਼ਰ ਕਰਦਾ ਦੌੜਨ ਲੱਗਾ ਤਾਂ ਫੜਿਆ ਗਿਆ ਜਿਸ ਕਰਕੇ ਜੇਲ੍ਹ ਜਾ ਪੁੱਜਾ। ਭੈਣ ਨੇ ਵਾਲੀਆਂ ਗਹਿਣੇ ਰੱਖ ਕੇ ਜੇਲ੍ਹੋਂ ਛੁਡਾਇਆ। ਫਿਰ ਉਸ ਨੂੰ ਭੈਣ ਦੇ ਸਹੁਰਿਆਂ ਨੇ ਦੌੜਾਅ ਦਿੱਤਾ।
ਚੜ੍ਹਦੀ ਜੁਆਨੀ ਚ ਉਹ ਇਕ ਗ਼ਰੀਬ ਕੁੜੀ ਦੇ ਕੁਆਰੇ ਇਸ਼ਕ ਪਿੱਛੇ ਦੌੜਿਆ ਪਰ ਉਹ ਹੱਥ ਨਾ ਆਈ। ਇਕ ਅਮੀਰ ਕੁੜੀ ਉਹਦੇ ਮਗਰ ਦੌੜੀ ਜਿਸ ਨੂੰ ਮਿਲਖਾ ਸਿੰਘ ਨੇ ਡਾਹੀ ਨਾ ਦਿੱਤੀ। ਫੌਜ ਚ ਭਰਤੀ ਹੋਇਆ ਤਾਂ ਕਰਾਸ ਕੰਟਰੀ ਦੌੜ ਕੇ ਦੁੱਧ ਦਾ ਸਪੈਸ਼ਲ ਗਲਾਸ ਲੁਆਇਆ। ਦੌੜ-ਦੌੜ ਕੇ ਤਰੱਕੀਆਂ ਪਾਈਆਂ ਤੇ ਸਿਪਾਹੀ ਤੋਂ ਅਫ਼ਸਰ ਬਣਿਆ। ਦੇਸਾਂ ਪਰਦੇਸਾਂ ਵਿਚ ਦੌੜ ਕੇ ਉਹ ਮੈਡਲ ਜਿੱਤਦਾ ਗਿਆ ਤੇ ਅਮਰੀਕਾ ਦੀ ਹੈਲਮਜ਼ ਟਰਾਫੀ ਨੂੰ ਜਾ ਹੱਥ ਪਾਇਆ। ਰੋਮ ਦੀਆਂ ਓਲੰਪਿਕ ਖੇਡਾਂ ਚ ਦੌੜ ਕੇ ਪਹਿਲਾ ਓਲੰਪਿਕ ਰਿਕਾਰਡ ਤੋੜਿਆ ਤਾਂ ਕੁਲ ਦੁਨੀਆ ਚ ਮਿਲਖਾ-ਮਿਲਖਾ ਹੋ ਗਈ। ਮੁਸੀਬਤਾਂ ਉਸ ਨੂੰ ਵਾਰ-ਵਾਰ ਘੇਰਦੀਆਂ ਰਹੀਆਂ ਪਰ ਉਹ ਉਨ੍ਹਾਂ ਤੋਂ ਬਚਦਾ ਅੱਗੇ ਹੀ ਅੱਗੇ ਦੌੜਦਾ ਗਿਆ। ਉਹਦੇ ਬਾਰੇ ਫਿਲਮ ਬਣਾਉਣ ਵਾਲਿਆਂ ਨੂੰ ਵੀ ਇਹੋ ਨਾਂ ਸੁੱਝਾ, ਭਾਗ ਮਿਲਖਾ ਭਾਗ। 1947 ਵਿਚ ਕੱਟੇ ਵੱਢੇ ਜਾ ਰਹੇ ਉਹਦੇ ਬਾਪ ਦੇ ਆਖ਼ਰੀ ਬੋਲ ਸਨ, ਦੌੜ ਜਾ ਪੁੱਤਰਾ! ਦੌੜ ਜਾਹ...।
ਮੈਂ ਇਨ੍ਹਾਂ ਉੱਚ ਦੁਮਾਲੜੇ ਸੱਜਣਾਂ ਬਾਰੇ ਲਿਖਦਿਆਂ ਕੋਈ ਉਚੇਚ ਜਾਂ ਸੰਕੋਚ ਨਹੀਂ ਕੀਤਾ। ਜਿਹੋ ਜਿਹੇ ਮੈਨੂੰ ਲੱਗੇ ਉਹੋ ਜਿਹੇ ਬਿਆਨ ਕਰ ਦਿੱਤੇ। ਜ਼ਰੂਰੀ ਨਹੀਂ ਕਿ ਉਹ ਹੂਬਹੂ ਅਜਿਹੇ ਹੀ ਹੋਣ। ਮੈਥੋਂ ਤਾਂ ਉਨ੍ਹਾਂ ਦੇ ਰੇਖਾ-ਚਿੱਤਰ ਉਵੇਂ ਹੀ ਵਾਹੇ ਗਏ ਨੇ ਜਿਵੇਂ ਮੈਨੂੰ ਭਾਏ ਨੇ। ਮੈਂ ਸਿੱਧੀ ਸਰਲ ਬੋਲੀ ਵਾਲਾ ਲੇਖਕ ਹਾਂ। ਨਾ ਔਖੇ ਭਾਰੇ ਸ਼ਬਦ, ਨਾ ਗੁੰਝਲਦਾਰ ਵਾਕ ਤੇ ਨਾ ਅਲੰਕਾਰਾਂ ਤੇ ਵਿਸ਼ੇਸ਼ਣਾਂ ਦਾ ਬੋਝ। ਮੇਰੀ ਸੋਚ ਅਨੁਸਾਰ ਉਹ ਵਾਰਤਕ ਹੀ ਕਾਹਦੀ ਜਿਹੜੀ ਵਹਿੰਦੇ ਪਾਣੀ ਵਾਂਗ ਨਾ ਵਹੇ। ਉਹ ਕਿਥੋਂ ਦੀ ਅਮੀਰ ਸ਼ਬਦਾਵਲੀ ਹੋਈ ਜੀਹਦੀ ਸਮਝ ਹੀ ਨਾ ਆਵੇ। ਜਿਹੜੀ ਲਿਖਤ ਰੌਚਿਕ ਨਾ ਹੋਵੇ ਤੇ ਕੋਈ ਸੇਧ ਨਾ ਦੇਵੇ ਉਹ ਕਾਹਦੀ ਸਾਹਿਤਕ ਰਚਨਾ ਹੋਈ? ਇਹ ਤਾਂ ਪਾਠਕ ਹੀ ਦੱਸਣਗੇ ਕਿ ਇਹ ਪੁਸਤਕ ਉਨ੍ਹਾਂ ਨੂੰ ਕਿਹੋ ਜਿਹੀ ਲੱਗੀ? ਉਮੀਦ ਹੈ ਇਸ ਦਾ ਦੂਜਾ ਭਾਗ ਵੀ ਛੇਤੀ ਤਿਆਰ ਕਰ ਲਵਾਂਗਾ ਜਿਸ ਵਿਚ ਕੁਝ ਹੋਰ ਹੀਰਿਆਂ ਦਾ ਵੇਰਵਾ ਹੋਵੇਗਾ।
ਸ਼ੁਕਰ-ਗੁਜ਼ਾਰ ਹਾਂ ਉਨ੍ਹਾਂ ਮਿੱਤਰਾਂ ਪਿਆਰਿਆਂ ਦਾ, ਜਿਨ੍ਹਾਂ ਦੇ ਮੇਲ ਮਿਲਾਪ, ਲਿਖਤਾਂ ਪੜ੍ਹਤਾਂ ਤੇ ਸਲਾਹ ਮਸ਼ਵਰਿਆਂ ਨੇ ਮੈਥੋਂ ਇਹ ਪੁਸਤਕ ਲਿਖਵਾਈ। ਬਾਈ ਗੁਰਬਚਨ ਸਿੰਘ ਭੁੱਲਰ ਦਾ ਸ਼ੁਕਰੀਆ ਜੀਹਨੇ ਭੂਮਿਕਾ ਬੰਨ੍ਹੀ। ਪਿੱਛੇ ਜਿਹੇ ਮੈਂ ਸਿ਼ਕਾਗੋ ਗਿਆ ਤਾਂ ਮੇਰੀਆਂ ਲਿਖਤਾਂ ਦੇ ਪ੍ਰੇਮੀ ਸੱਜਣ ਮਿਲੇ। ਡਾ. ਰਛਪਾਲ ਸਿੰਘ ਬਾਜਵਾ, ਡਾ. ਮੁਖਤਿਆਰ ਸਿੰਘ ਨੰਦੜਾ ਤੇ ਉਨ੍ਹਾਂ ਦੇ ਸਾਥੀਆਂ ਦਾ ਮੈਂ ਉਚੇਚਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਪੁਸਤਕ ਸਿ਼ਕਾਗੋ ਦੇ ਪਾਠਕਾਂ ਤਕ ਪੁਚਾਉਣ ਲਈ ਦਸਵੰਧ ਦਿੱਤਾ। ਕਿਤਾਬਾਂ ਪੜ੍ਹਨ ਲਈ ਹੀ ਛਾਪੀਆਂ ਜਾਂਦੀਆਂ ਨੇ। ਮੈਨੂੰ ਪਾਠਕਾਂ ਦੇ ਹੁੰਗਾਰੇ ਦੀ ਉਡੀਕ ਰਹੇਗੀ।
-ਸਰਵਣ ਸਿੰਘ

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346