ਦੇਸ਼ ਦੇ ਵਾਰਸੋ ਜਾਗੋ
ਉੱਠੋ! ਲੋਕੋ ਉੱਠੋ!!
ਆਪਣੇ ਪੈਰਾਂ ਦੀ
ਧਮਕ ਧੁਮਾਉਂਦੇ ਉੱਠੋ
ਆਪਣੀ ਧਰਤੀ ਦੇ
ਰੰਗ ਬਰੰਗੇ ਫੁੱਲਾਂ ਦੀ ਰਾਖੀ ਲਈ ਉੱਠੋ
ਜਿਸ ਅੱਗ ਵਿਚ
ਗੁਲਾਮੀ ਦੀਆਂ ਜੰਜ਼ੀਰਾਂ ਢਲੀਆਂ
ਉੱਸ ਅੱਗ ਦੀ ਰਾਖੀ ਲਈ ਉੱਠੋ
ਜਿਸ ਬਾਗ ਵਿਚ ਮਹਿਕ ਪਸਾਰਾ
ਉਸ ਮਾਲੀ ਦੀ ਰਾਖੀ ਲਈ ਉੱਠੋ
ਪੌਣ ਵਿਚ ਦੁਰਗੰਧ ਘੁਲੀ ਏ
ਨਫ਼ਰਤ ਦੀ ਹਨੇਰੀ ਝੁੱਲੀ ਏ
ਰੁੱਖਾਂ ਦੀਆਂ ਟਾਹਣਾਂ ਟੁੱਟਣ
ਘਰਾਂ ਦੀਆਂ ਛੱਤਾਂ ਉਡਣ
ਡਰ, ਖੌਫ਼ ਵਿਚ ਸਹਿਮੀਆਂ ਰੂਹਾਂ ਦੀ
ਰਾਖੀ ਲਈ ਉੱਠੋ
ਵੇਖੋ! ਆਪਣੇ ਅੱਖੀਂ ਵੇਖੋ
ਧੁੰਦਲੇ ਮੌਸਮ ਵਿਚ ਝੱਖੜ ਝੁੱਲੇ
ਕੰਧਾਂ ਨਾਲ ਸਿਰ ਟਕਰਾਅ ਕੇ
ਲਹੂ- ਲੁਹਾਣ ਹੋਵਣ ਹਵਾ ਦੇ ਬੁਲ੍ਹੇ
ਧਰਤੀ ਮਾਂ ਤੋਂ ਲੋਰੀਆਂ ਲੈਵਣ ਵਾਲੇ
ਮੋਹ-ਮਮਤਾ ਦੇ ਰਾਗ ਨੇ ਭੁੱਲੇ
ਜ਼ਨੂੰਨ ਦੀਆਂ ਤ੍ਰਿਸ਼ੂਲਾਂ ਚਲਣ
ਬੇਦੋਸ਼ਿਆਂ ਦਾ ਖੂਨ ਪਿਆ ਡ੍ਹੁੱਲੇ
ਘਰ ਨੇ ਖੰਡਰ ਬਣ ਗਏ
ਅੱਗ ਦੀ ਛੂਹ ਲਈ ਤੜਫਣ ਚੁੱਲ੍ਹੇ
ਹੁਣ ਲੋਕੋ! ਤੁਸੀਂ ਆਪ ਦੱਸੋ
ਭਲਾ ਬੇਦੋਸ਼ੇ ਖੂਨ ਦੀਆਂ ਵਹਿੰਦੀਆਂ ਨਦੀਆਂ
ਇੰਜ ਵੇਖ ਕੇ ਕੋਈ,ਕਿਵੇਂ ਆਰਾਮ ਨਾਲ ਬਹਿ ਸਕਦਾ ਹੈ
ਜੋ ਜਨੂੰਨੀ ਨਦੀ ਪੁਲਾਂ ਨੂੰ ਢਾਹਵੇ
ਉਸ ਬਰਬਾਦੀ ਨੂੰ ਕਿੰਜ ਕੋਈ ਸਹਿ ਸਕਦਾ ਹੈ
ਲੋਕੋ! ਖੂਨੀ ਨਦੀ ਵਿਚ ਤੈਰਦੇ ਮਗਰਮੱਛ ਨੂੰ ਤੱਕੋ
ਜੋ ਸਾਡੀਆਂ ਅੱਖਾਂ ਸਾਹਵੇਂ
ਨਿਗਲ ਗਿਆ ਹੈ ਮਾਸੂਮ ਭੋਲੀਆਂ ਮੱਛੀਆਂ
ਇਹ ਕੇਹਾ ਕੌਤਕ ਹੈ ਲੋਕੋ
ਕਿ ਦੇਸ਼ ਦੇ ਸਾਧਾਂ ਦੀ ਲਾਮਡੋਰ ਲਈ
ਬਣ ਗਈ ਹੈ ਇਹ ਨਦੀ ਪਵਿੱਤਰ ਗੰਗਾ
ਇਹ ਕੇਹੋ ਜਹੇ ”ਧਰਮ-ਰਾਜ” ਦਾ ਉਪਦੇਸ਼ ਹੈ
ਕਿ ਵਿਗਿਆਨ ਦੇ ਯੁੱਗ ਵਿਚ ਆਪਾਂ
ਨਦੀ ਵਿਚ ਤੈਰਦੀ ਬੇੜੀ ਨੂੰ ”ਰੱਥ” ਆਖੀਏ
ਤੇ ”ਰੱਥ” ਦੇ ਸ਼ਾਹਅਸਵਾਰ ਰਾਵਣ ਨੂੰ
”ਰਾਮ ਭਗਤ” ਆਖੀਏ
ਜਦ ਕੇ ਰੱਥ ਦੇ ਪਹੀਆਂ ਵਿਚੋਂ
ਵਹਿਸ਼ਤ ਦੀ ਗੂੰਜ ਉੱਠੀ ਏ
ਰੱਥ ਨੂੰ ਖਿਚਦੇ ਘੋੜੇ
ਭਗਵੀਆਂ ਹਵਾਵਾਂ ਵਿਚ ਹਿਣਕਦੇ ਨੇ
ਤੇ ਰੱਥਵਾਨ ਦੇ ਹੱਥ ਵਿਚ ਜਬਰ ਦਾ ਚਾਬਕ ਏ
ਲੋਕੋ! ਜਰਾ ਯਾਦ ਕਰੋ
ਇਸ ਰੱਥ ਦੇ ਸਫਰ ਨੂੰ
ਜੋ ਅਯੁੱਧਿਆ ਤੋਂ ਗੁਜਰਾਤ ਤੱਕ
ਦੰਗੇ, ਫਸਾਦਾਂ, ਕਤਲਾਂ,ਬਲਾਤਕਾਰਾਂ ਸੰਗ
ਦਹਿਸ਼ਤ, ਦਰਿੰਦਗੀ,ਡਰ, ਸਹਿਮ,ਹਿੰਸਾ ਤੇ ਬਰਬਾਦੀ ਦਾ
ਕਾਲ਼ਾ, ਕਲੰਕਤ ਇਤਿਹਾਸ ਰਚ ਚੁੱਕਾ ਏ
ਰਾਮ ਮੰਦਰ ਤੇ ਰਾਮ ਰਾਜ ਦਾ ਡੌਰੂ ਪਿੱਟਦਾ
ਲੋਕੋ! ਤੁਸੀਂ ਕਿੰਜ ਭੁੱਲ ਸਕੋ ਗੇ
ਉਹ ਭਿਆਨਕ ਕੌਮੀ ਦੁਰਘਟਨਾ
ਜਦੋਂ ਦੇਸ਼ ਦੇ ਪਿਤਾ ਗਾਂਧੀ ਦੇ ਸੀਨੇ
ਗੋਲੀ ਦਾਗੀ ਗਈ ਸੀ
ਉਸ ਦੇ ਮੂੰਹੋਂ ਆਵਾਜ਼ ਨਿਕਲੀ ਸੀ
ਹੇ ਰਾਮ, ਹੇ ਰਾਮ, ਹੇ ਰਾਮ
ਗੋਲੀ ਮਾਰਨ ਵਾਲੇ ਨੱਥੂ ਰਾਮ ਗੌਡਸੇ ਨੇ
ਬਾਹਾਂ ਉਲਾਰ ਕੇ, ਜੋਸ਼ ਵਿਚ ਕਿਹਾ ਸੀ
ਜੈ ਰਾਮ, ਜੈ ਰਾਮ
ਭਾਰਤ ਦੇਸ਼ ਦੀ ਕਿੱਡੀ ਬਦਕਿਸਮਤੀ ਏ
ਕਿ ਨੱਥੂ ਰਾਮ ਦੇ ਭਗਤ
ਸਿਰ ਤੇ ਰਾਮ ਮੁਕਟ ਪਹਿਨੀ
ਦੇਸ਼ ਦੀ ਚਮਕ ਲਈ ਨਿਰਮਾਣ ਦਾ ਨਾਅਰਾ ਲਾ ਕੇ
ਸੱਭ ਕੁੱਝ ਚੰਗਾ ਮਹਿਸੂਸਣ ਲਈ
ਤੇ ਦੇਸ਼ ਦੀ ਖੁਸ਼ਹਾਲੀ ਦੇ ਨਾਉਂ ਤੇ
ਹਵਨ ਕੁੰਡ ਰਚਣ ਲਈ
ਦੇਸ਼ ਦੇ ਕੋਨੇ ਕੋਨੇ ਵਿਚ
ਤੇ ਇਸ ਵਿਚ ਸੁੱਟੀ ਜਾਵਣ ਯੋਗ
ਸਮੱਗਰੀ ਸਮਝ ਕੇ ਸਾੜਨ ਲਈ :
ਰੋਟੀ ਲਈ ਵਿਲਕਦੀਆਂ ਆਵਾਜਾਂ
ਰੁਜ਼ਗਾਰ ਲਈ ਤੜਪਦੇ ਹੱਥ
ਸਿਰਾਂ ਲਈ ਛੱਤ ਦੀ ਆਸ
ਇਲਾਜ ਲਈ ਨਿਰਾਸ਼ ਅੱਖਾਂ
ਹਿਰਾਸੇ ਹੋਏ ਮਜ਼ਦੂਰ ਦੀਆਂ ਆਹਾਂ
ਮੰਦਹਾਲੀ ਵਿਚ ਕਲਪਦੀਆਂ ਹੂਕਾਂ
ਨੇਤਰਹੀਣ ਲੋਕਾਂ ਦੀ ਲਾਚਾਰੀ
ਕੰਮੀਆਂ ਦੇ ਵਿਹੜੇ ਦਾ ਨਿਰਾਦਰ
ਲੋਕਾਂ ਦੀਆਂ ਸੱਧਰਾਂ ਨਾਲ ਬਲਾਤਕਾਰੀ
ਜਬਰ ਸਹਿੰਦੀਆਂ ਔਰਤਾਂ ਦੀਆਂ ਪੀੜਾਂ
ਵਿੱਦਿਆ ਵਿਹੂਣੇ ਸਿਰਾਂ ਨਾਲ ਹੁੰਦੀ ਦਰਿੰਦਗੀ
ਬਾਲ ਹੱਥਾਂ ਦੇ ਰਿਸਦੇ ਜ਼ਖਮ
ਨੰਗੇ ਪਿੰਡੇ ਹੰਢਾਉਂਦੇ ਰੁੱਤਾਂ ਦਾ ਕਹਿਰ
ਮੰਡੀ ਵਿਚ ਰੁਲ਼ਦੀਆਂ ਕਿਸਾਨਾਂ ਦੀਆਂ ਸੱਧਰਾਂ
ਤੇ ਬੱਚੇ ਪਾਲਣ ਦੀਆਂ ਰੀਝਾਂ
ਕੀਤੀ ਜਾ ਰਹੀ ਏ ਮਾਇਆਧਾਰੀ ਉਨਤੀ
ਭਰਿਸ਼ਟਾਚਾਰ ਦੇ ਵਿਕਾਸ ਲਈ
ਖੱਫਣ ਚੋਰਾਂ ਦੀ ਪ੍ਰਫੁੱਲਤਾ ਲਈ
ਘੁਟਾਲਿਆਂ ਦੇ ਨਿਰਮਾਣ ਲਈ
ਮਾਤ-ਭੂਮੀ ਵੇਚਣ ਲਈ
ਗੁਲਾਮੀ ਦੀਆਂ ਜੰਜ਼ੀਰਾਂ ਦੀ ਮਜ਼ਬੂਤੀ ਲਈ
ਤੇ ਸੁੱਤੰਤਰ ਆਵਾਜ਼ਾਂ ਦੇ ਮੂੰਹਾਂ ਵਿਚ ਤੁਨ ਕੇ ਤ੍ਰਿਸ਼ੂਲਾਂ
ਗਾਇਣ ”ਫੀਲ਼ ਗੁੱਡ” ਲਈ
ਲੋਕੋ!
ਸੱਚ ਜਾਣੋ
ਇਸ ਗੀਤ ਦੇ ਗਾਇਕ ਨੇ
ਮੁਸੋਲਿਨੀ,ਹਿਟਲਰ ਤੇ ਟੋਜੋ
ਤੇ ਗੀਤ ਦੀਆਂ ਧੁਨਾਂ ਦਾ ਨਾਉਂ ਹੈ
ਮੌਤ,ਕਬਰਾਂ,ਹਨੇਰ ਬਿਰਤੀ, ਭੂਤ ਪ੍ਰੇਤ, ਮੜ੍ਹੀਆਂ ਤੇ ਛਲੇਡੇ
ਦੇਸ਼ ਦੇ ਵਾਰਸੋ ਜਾਗੋ!
ਮਹਾਂਰਥੀਆਂ ਦੀਆਂ ਚਾਲਾਂ ਨੂੰ ਸਮਝੋ
ਲਾਹੁਣ ਲਈ ਧੁੰਦ ਦਾ ਨਕਾਬ
ਉੱਠੋ ! ਸਿਰ ਤੇ ਬੰਨ ਕੇ ਸੰਘਰਸ਼ ਦੀਆਂ ਪੱਗਾਂ
ਵਜਾਉਣ ਲਈ ਲੋਕ- ਏਕੇ ਦੀਆਂ ਬੀਨਾਂ
ਜਾਗੋ! ਲੋਕੋ ਜਾਗੋ !!
-0- |