Welcome to Seerat.ca
Welcome to Seerat.ca

ਮੇਰਾ ਕਮਰਾ, ਮੇਰੀ ਕਲਮ

 

- ਇਕਬਾਲ ਰਾਮੂਵਾਲੀਆ (ਕੈਨੇਡਾ)

ਨਾਵਲ ਅੰਸ਼ / ਇਕੱਲਾ

 

- ਹਰਜੀਤ ਅਟਵਾਲ

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ

 

- ਸਰਵਣ ਸਿੰਘ

ਪੰਜਾਬ ਹੀਰਿਆਂ ਦੀ ਖਾਣ

 

- ਗੁਰਬਚਨ ਸਿੰਘ ਭੁੱਲਰ

ਸਫਰ ਦੀ ਇਹ ਦੁਨੀਆ ...

 

- ਗੁਲਸ਼ਨ ਦਿਆਲ

ਦੋ ਰਚਨਾਵਾਂ / ਅਮਰ ਕਥਾ ਤੇ ਮਿੱਡ ਡੇ ਮੀਲ

 

- ਗੁਰਪ੍ਰੀਤ ਸਿੰਘ

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ‘ਅੰਨ੍ਹੇ ਘੋੜੇ ਦਾ ਦਾਨ‘ ਤੱਕ

 

-  ਗੁਰਦਿਆਲ ਸਿੰਘ ਬੱਲ

ਔਰਤ-ਰਹਿਤ ਔਰਤਾਂ ਦੀ ਅਵਾਜ਼?

 

- ਜਸਵਿੰਦਰ ਸੰਧੂ, ਬਰੈਂਪਟਨ

ਯਾਦਾਂ ਦੇ ਝਰੋਖੇ 'ਚੋਂ / ਮੇਰਾ ਮਿੱਤਰ ਜਸਪਾਲ ਸਿੰਘ

 

- ਗੁਰਦੇਵ ਚੌਹਾਨ

ਗੁਰਮੀਤ ਸਿੰਘ ਪਿੰਕੀ ਦੀਆਂ ‘ਚਿੰਘਾੜਾਂ‘ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ

 

- ਗੁਰਦਿਆਲ ਸਿੰਘ ਬੱਲ

ਕਲਾ ਦੀ ਕ੍ਰਿਸ਼ਮਈ-ਕਥਾ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਕਿਤਾਬਾਂ ਦੀ ਦੁਨੀਆ

 

- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ

 

- ਚਰਨਜੀਤ ਸਿੰਘ

ਬਜੁਰਗ ਸਾਡਾ ਸਰਮਾਇਆ ਜਾਂ...?

 

- ਗੁਰਬਾਜ ਸਿੰਘ ਖੈਰਦੀਨਕੇ

ਗਜ਼ਲ

 

- ਗੁਰਨਾਮ ਢਿੱਲੋਂ

ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ

 

- ਹਰਜਿੰਦਰ ਸਿੰਘ ਗੁਲਪੁਰ

ਖੜ੍ਹ ਓਏ ਤੇਰੇ ਦੀ........

 

- ਸੁਭਾਸ਼ ਰਾਬੜਾ

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ

 

- ਕਰਨ ਬਰਾੜ ਹਰੀਕੇ ਕਲਾਂ

ਗੱਦ-ਕਾਵਿ

 

- ਅਵਤਾਰ ਸਾਦਿਕ (ਇੰਗਲੈਂਡ)

ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ‘ਤੇਰੀ ਮੁਹੱਬਤ’

 

- ਅਵਤਾਰ ਸਾਦਿਕ

ਆਜ਼ਾਦ ਸੋਚ...... ਗ਼ੁਲਾਮ ਕੰਨ......

 

- ਮਨਮਿੰਦਰ ਢਿਲੋਂ

ਮਿੰਨੀ ਕਹਾਣੀ / ਵੋਮੈਨ-ਡੇ

 

- ਸੁਖਵਿੰਦਰ ਕੌਰ 'ਹਰਿਆਓ'

ਕਵਿਤਾਵਾਂ

 

- ਸੁਰਜੀਤ

 

Online Punjabi Magazine Seerat

ਨਾਵਲ ਅੰਸ਼
ਇਕੱਲਾ
- ਹਰਜੀਤ ਅਟਵਾਲ

 

ਅਰੂੜ ਸਿੰਘ ਅਗਸਤ ਦੇ ਪਹਿਲੇ ਹਫਤੇ ਫੜਿਆ ਗਿਆ ਸੀ। ਉਸ ਦਾ ਫੜਿਆ ਜਾਣਾ ਹਿੰਦੁਸਤਾਨ ਦੀ ਪੁਲੀਸ ਦੀ ਬਹੁਤ ਵੱਡੀ ਪ੍ਰਪਤੀ ਮੰਨਿਆਂ ਜਾ ਰਿਹਾ ਸੀ। ਉਸ ਨੂੰ ਫੜੇ ਜਾਣ ਤੋਂ ਬਾਅਦ ਹੁਣ ਪੁਲੀਸ ਦਾ ਸਾਰਾ ਧਿਆਨ ਠਾਕੁਰ ਸਿੰਘ ਵਲ ਸੀ ਪਰ ਠਾਕੁਰ ਸਿੰਘ ਨੂੰ ਕਿਸੇ ਵੀ ਤਰ੍ਹਾਂ ਫੜਿਆ ਨਹੀ ਸੀ ਜਾ ਸਕਦਾ ਕਿਉਂਕਿ ਪਾਂਡੀਚਰੀ ਵਿਚ ਫਰਾਂਸ ਦਾ ਰਾਜ ਚਲਦਾ ਸੀ। ਅੰਗਰੇਜ਼ ਅਫਸਰ ਜਾਂ ਪੁਲੀਸ ਦੇ ਹੋਰ ਲੋਕ ਪਾਂਡੀਚਰੀ ਦੇ ਗੇੜੇ ਕੱਢਦੇ ਰਹਿੰਦੇ ਸਨ। ਹਰ ਸਵੇਰੇ ਠਾਕੁਰ ਸਿੰਘ ਦਾ ਸਾਰਾ ਪਰਿਵਾਰ ਤੇ ਨੌਕਰ-ਚਾਕਰ ਸਮੁੰਦਰ ਦੇ ਕੰਢੇ ਇਕੱਠੇ ਹੋਇਆ ਕਰਦੇ ਸਨ। ਇਸ ਬਾਰੇ ਇਕ ਅੰਗਰੇਜ਼ ਅਫਸਰ ਦਾ ਕਹਿਣਾ ਸੀ ਕਿ ਜੇ ਕੋਈ ਇਹਨਾਂ ਦੀ ਬੋਲੀ ਜਾਣਦਾ ਹੋਵੇ ਤਾਂ ਸਹਿਜੇ ਹੀ ਇਹਨਾਂ ਵਿਚ ਰਲ਼ ਸਕਦਾ ਹੈ। ਇਸੇ ਗੱਲ ਨੂੰ ਮਨ ਵਿਚ ਰੱਖ ਕੇ ਜੇ. ਸੀ. ਮਿੱਤਰ 16 ਅਗਸਤ ਨੂੰ ਪਾਂਡੀਚਰੀ ਪੁੱਜ ਗਿਆ। ਉਹ ਅਰੂੜ ਸਿੰਘ ਦਾ ਖਾਸ ਬੰਦਾ ਬਣ ਕੇ ਪੇਸ਼ ਹੋਇਆ। ਉਸ ਬਾਰੇ ਅਰੂੜ ਸਿੰਘ ਪਹਿਲਾਂ ਠਾਕੁਰ ਸਿੰਘ ਨਾਲ ਗੱਲ ਤਾਂ ਕਰ ਹੀ ਚੁੱਕਿਆ ਸੀ। ਠਾਕੁਰ ਸਿੰਘ ਨੇ ਉਸ ਨਾਲ ਖੁਲ੍ਹ ਕੇ ਗੱਲਾਂ ਕੀਤੀਆਂ। ਆਪਣੇ ਘਰ ਤੇ ਪਰਿਵਾਰ ਦੇ ਅੰਦਰ ਤਕ ਆ ਲੈਣ ਦਿਤਾ। ਅਲੀ ਮੁਹੰਮਦ ਜੋ ਬਾਅਦ ਵਿਚ ਭਗੀਰਥ ਰਾਮ ਬਣ ਕੇ ਅਰੂੜ ਸਿੰਘ ਨੂੰ ਮਿਲਿਆ ਸੀ ਵੀ ਉਸੇ ਇਲਾਕੇ ਵਿਚ ਹੀ ਸੀ। ਉਹ ਆਪਣੇ ਆਪ ਨੂੰ ਪੰਜਾਬ ਤੋਂ ਆਇਆ ਹਿੰਦੂ ਜ਼ਾਹਿਰ ਕਰ ਰਿਹਾ ਸੀ। ਜੇ. ਸੀ. ਮਿੱਤਰ 17 ਤਰੀਕ ਨੂੰ ਆਪਣੇ ਖਾਸ-ਖਾਸ ਕੰਮ ਕਰ ਕੇ ਵਾਪਸ ਚਲੇ ਗਿਆ। ਅਗਲੀ ਸ਼ਾਮ ਠਾਕੁਰ ਸਿੰਘ ਨੂੰ ਹਲਕਾ ਜਿਹਾ ਬੁਖਾਰ ਚੜਿਆ। ਡਾਕਟਰ ਬੁਲਾਇਆ ਗਿਆ। ਫਰਾਂਸੀਸੀ ਡਾਕਟਰ ਸੀ। ਉਸ ਨੇ ਬੁਖਾਰ ਹੀ ਦਸਿਆ ਸੀ ਪਰ ਦੇਖਦਿਆਂ ਹੀ ਦੇਖਦਿਆਂ ਠਾਕੁਰ ਸਿੰਘ ਨੇ ਸਵਾਸ ਤਿਆਗ ਦਿਤੇ। ਉਮਰ ਭਾਵੇਂ ਕਾਫੀ ਹੋ ਚੁੱਕੀ ਸੀ ਪਰ ਵੈਸੇ ਠਾਕੁਰ ਸਿੰਘ ਸਿਹਤਵੰਦ ਸੀ। ਉਸ ਦੀ ਮੌਤ ਦੇ ਸਦਮੇ ਨੂੰ ਪਾਂਡੀਚਰੀ ਵਿਚ ਉਸ ਨਾਲ ਰਹਿ ਰਹੇ ਸਾਰੇ ਪਰਿਵਾਰ ਨੂੰ ਬਹੁਤਾ ਕੁਝ ਸੋਚਣ ਦਾ ਸਮਾਂ ਵੀ ਨਾ ਦਿਤਾ। ਸਵੇਰੇ ਵੇਲੇ ਸਿਰ ਹੀ ਠਾਕੁਰ ਸਿੰਘ ਦਾ ਅੰਤਿਮ ਸੰਸਕਾਰ ਵੀ ਕਰ ਦਿਤਾ ਗਿਆ। ਕੁਝ ਦਿਨਾਂ ਬਾਅਦ ਹਿੰਦੁਸਤਾਨੀ ਅਖਬਾਰਾਂ ਵਿਚ ਜਿਹੜੀ ਖ਼ਬਰ ਆ ਰਹੀ ਸੀ ਉਸ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਡਾਕਟਰ ਦੁਆਰਾ ਜ਼ਹਿਰ ਦੇ ਦਿਤੀ ਗਈ ਹੈ। ਇਸ ਖ਼ਬਰ ਦਾ ਅਧਾਰ ਠਾਕੁਰ ਸਿੰਘ ਦੇ ਪਰਿਵਾਰ ਦੇ ਫਰਾਂਸ ਦੀ ਸਰਕਾਰ ਨਾਲ ਸਬੰਧ ਖਰਾਬ ਕਰਨੇ ਸੀ। ਠਾਕੁਰ ਸਿੰਘ ਦੇ ਪਰਿਵਾਰ ਦਾ ਯਕੀਨ ਸੀ ਕਿ ਉਸ ਦੀ ਮੌਤ ਪਿੱਛੇ ਜੇ ਕਿਸੇ ਦਾ ਹੱਥ ਹੈ ਤਾਂ ਉਹ ਹਿੰਦੁਸਤਾਨ ਦੀ ਸਰਕਾਰ ਦਾ ਹੈ। ਕਿੰਨੀ ਵਾਰੀ ਠਾਕੁਰ ਸਿੰਘ ਦੇ ਪਾਂਡੀਚਰੀ ਵਾਲੇ ਘਰ ਵਿਚ ਹਿੰਦੁਸਤਾਨ ਦੀ ਸਰਕਾਰ ਚੋਰੀ ਕਰਵਾ ਚੁੱਕੀ ਸੀ ਤਾਂ ਜੋ ਕੋਈ ਦਸਤਾਵੇਜ਼ ਹੱਥ ਲਗ ਸਕੇ। ਇਕ ਵਾਰ ਕੁਝ ਜ਼ਰੂਰੀ ਕਾਗਜ਼ ਹੱਥ ਲਗ ਵੀ ਗਏ ਸਨ ਜਿਹਨਾਂ ਦੇ ਅਧਾਰ ਤੇ ਪੁਲੀਸ ਆਪਣੀਆਂ ਰਿਪ੍ਰੋਟਾਂ ਵੀ ਤਿਆਰ ਕਰਦੀ ਰਹੀ ਸੀ। ਪਾਂਡੀਚਰੀ ਦੀ ਸਥਿਤੀ ਬਾਰੇ ਜਿਹੜੀ ਰਿਪ੍ਰੋਟ ਸਰ ਹੈਨਰੀ ਪੌਨਸਨਬੀ ਨੂੰ ਭੇਜੀ ਗਈ ਉਹ ਇਵੇਂ ਸੀ;
‘...ਮਹਾਂਰਾਜੇ ਨੇ ਮਾਸਕੋ ਤੋਂ ਆਪਣਾ ਇਕ ਬੰਦਾ ਅਰੂੜ ਸਿੰਘ ਇਥੋਂ ਦੇ ਰਾਜਕੁਮਾਰਾਂ ਦੇ ਨਾਂ ਇਹ ਸੁਨੇਹੇ ਦੇ ਕੇ ਭੇਜਿਆ ਸੀ ਕਿ ਅੰਗਰੇਜ਼ ਸਰਕਾਰ ਦੀ ਪੰਜਾਲੀ ਗਲੋਂ ਲਾਹ ਸੁਟੋ। ...ਮਹਾਂਰਾਜੇ ਦਾ ਇਕ ਏਜੰਟ ਠਾਕੁਰ ਸਿੰਘ ਪਾਂਡੀਚਰੀ ਵਿਚ ਵੀ ਸੀ ਜਿਸ ਤੋਂ ਅਰੂੜ ਸਿੰਘ ਦੇ ਆਉਣ ਦਾ ਪਤਾ ਚਲਿਆ ਸੀ। ...ਠਾਕੁਰ ਸਿੰਘ ਅਚਾਨਕ ਮਰ ਗਿਆ ਤੇ ਅਰੂੜ ਸਿੰਘ ਨੂੰ ਕੈਦ ਕਰ ਲਿਆ ਗਿਆ ਹੈ। ...ਉਸ ਤੋਂ ਮਹਾਂਰਾਜੇ ਵਲੋਂ ਕੁਝ ਬਲੈਂਕ-ਚੈੱਕ ਤੇ ਕੁਝ ਦੇਸ਼ ਧਰੋਹ ਨਾਲ ਸਬੰਧਤ ਖਤ ਮਿਲੇ ਹਨ ਇਸ ਤੋਂ ਬਿਨਾਂ ਹੀ ਰੂਸੀ ਹਕੂਮਤ ਨੂੰ ਹਿੰਦੁਸਤਾਨ ਦੀ ਸਰਕਾਰ ਡੇਗਣ ਬਾਰੇ ਇੰਤਜ਼ਾਮਾਂ ਦੀ ਤਫਸੀਲ ਵੀ। ...ਨਾਲ ਹੀ ਕਿਸੇ ਮਿਸਟਰ ਸੀ. ਦੇ ਖਤ ਵੀ ਸਨ ਜੋ ਕਿ ਮੰਨਿਆਂ ਜਾ ਰਿਹਾ ਹੈ ਕਿ ਪੈਰਿਸ ਵਿਚ ਬੈਠੇ ਕਿਸੇ ਆਇਰਸ਼ ਬੰਦੇ ਦੇ ਹਨ ਜੋ ਕਿ ਹਿੰਦੁਸਤਾਨ ਵਿਚ ਹਾਜ਼ਰ ਆਇਰਸ਼ ਫੌਜੀਆਂ ਦੇ ਨਾਂ ਹਨ। ...ਪੁਲੀਸ ਹੁਣ ਕੁਝ ਹੋਰ ਸ਼ੱਕੀ ਬੰਦਿਆਂ ਦਾ ਪਿੱਛਾ ਕਰ ਰਹੀ ਹੈ ਤਾਂ ਜੋ ਇਹ ਸਾਜਿਸ਼ ਦਾ ਅੰਤ ਕੀਤਾ ਜਾ ਸਕੇ। ...ਪਰ ਵਿਦੇਸ਼ ਸੈਕਟਰੀ ਮਿਸਟਰ ਡੁਰੈਂਡ ਹਾਲੇ ਵੀ ਯਕੀਨ ਕਰ ਰਿਹਾ ਹੈ ਕਿ ਜੇ ਕਰ ਦਲੀਪ ਸਿੰਘ ਰੂਸ ਦੀ ਫੌਜ ਨਾਲ ਆ ਜਾਂਦਾ ਹੈ ਤਾਂ ਸਿੱਖ ਉਸ ਦਾ ਸਾਥ ਦੇਣਗੇ। ...ਪਰ ਉਹ ਸੋਚਦਾ ਹੈ ਕਿ ਬਹੁਤ ਸਾਰੇ ਸਿੱਖ ਤਾਂ ਵਫਾਦਾਰ ਹਨ। ਬਹੁਤੀਆਂ ਰੈਜਮੈਂਟਾਂ ਵਿਚ ਤਾਂ ਦਲੀਪ ਸਿੰਘ ਬਾਰੇ ਕੋਈ ਜਾਨਣਾ ਵੀ ਨਹੀਂ ਚਾਹੁੰਦਾ। ਮਾਸਕੋ ਤੇ ਹਿੁੰਦਸਤਾਨ ਵਿਚਕਾਰ ਚਿੱਠੀ ਪੱਤਰ ਕੌਂਸਟੈਟਿਨਪੋਲ ਵਿਚ ਬੈਠੇ ਮੁਸਤਫਾ ਇਫੈਂਡੀ ਰਾਹੀਂ ਹੋ ਰਹੀ ਹੈ ਜਿਸ ਉਪਰ ਅੱਖ ਰੱਖੀ ਜਾ ਰਹੀ ਹੈ।’
ਪਾਂਡੀਚਰੀ ਵਿਚ ਠਾਕੁਰ ਸਿੰਘ ਦੀ ਮੌਤ ਨਾਲ ਹੋਰ ਕੁਝ ਸਰਗਰਮੀਆਂ ਦਾ ਵਧਣਾ ਵੀ ਕੁਦਰਤੀ ਸੀ। ਰੋਣਾ-ਧੋਣਾ, ਅੰਤਮ ਸਸਕਾਰ ਦੀਆਂ ਰਸਮਾਂ, ਅਫਸੋਸ ਲਈ ਆਉਂਦੇ ਜਾਂਦੇ ਲੋਕ ਤੇ ਹੋਰ ਕਿੰਨਾ ਕੁਝ ਹੀ ਦੇਖਣ ਨੂੰ ਮਿਲ ਰਿਹਾ ਸੀ ਇਸ ਪਰਿਵਾਰ ਦੀ ਰਿਹਾਇਸ਼ ਉਪਰ।
ਇਸ ਦੇ ਨਾਲ ਹੀ ਮਹਾਂਰਾਜੇ ਦੇ ਪ੍ਰਧਾਨ ਮੰਤਰੀ ਦੀ ਖਾਲੀ ਕੁਰਸੀ ਨੂੰ ਭਰਨ ਦਾ ਕੰਮ ਵੀ ਹੋਇਆ। ਇਹ ਕੁਰਸੀ ਠਾਕੁਰ ਸਿੰਘ ਦੇ ਵੱਡੇ ਪੁੱਤਰ ਗੁਰਬਚਨ ਸਿੰਘ ਨੂੰ ਸੌਂਪੀ ਗਈ। ਗਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉਸ ਦੇ ਸਾਹਮਣੇ ਗੁਰਬਚਨ ਸਿੰਘ ਨੂੰ ਗਰੰਥੀ ਨੇ ਸੌਂਹ ਚੁਕਵਾਈ। ਗੁਰਬਚਨ ਸਿੰਘ ਪੜ੍ਹਿਆ-ਲਿਖਿਆ ਨੌਜਵਾਨ ਸੀ। ਕਿਸੇ ਵੇਲੇ ਹਿੰਦੁਸਤਾਨ ਵਿਚ ਉੱਚ-ਪੱਧਰ ਦਾ ਅਫਸਰ ਵੀ ਰਿਹਾ ਸੀ। ਅੰਗਰੇਜ਼ ਆਮ ਤੌਰ ‘ਤੇ ਹਿੰਦੁਸਤਾਨੀਆਂ ਨੂੰ ਬਹੁਤ ਘੱਟ ਵੱਡੇ ਆਹੁਦਿਆਂ ‘ਤੇ ਰੱਖਦੇ ਸਨ। ਗੁਰਬਚਨ ਸਿੰਘ ਉਹਨਾਂ ਗਿਣੇ-ਚੁਣੇ ਬੰਦਿਆਂ ਵਿਚੋਂ ਹੀ ਸੀ। ਅੰਗਰੇਜ਼ਾਂ ਦੀ ਨੌਕਰੀ ਕਰਦਾ ਰਿਹਾ ਹੋਣ ਕਰਕੇ ਉਹ ਅੰਗਰੇਜ਼-ਰਾਜ ਦਾ ਬਹੁਤਾ ਵਿਰੋਧੀ ਨਹੀਂ ਸੀ ਪਰ ਮਹਾਂਰਾਜੇ ਨਾਲ ਉਸ ਦੀ ਪੂਰੀ ਹਮਦਰਦੀ ਸੀ। ਉਸ ਨੂੰ ਚਿੱਠੀ ਪੱਤਰ ਵੀ ਕਰਿਆ ਕਰਦਾ ਸੀ। ਗੁਰਬਚਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਦੀ ਖ਼ਬਰ ਅੰਗਰੇਜ਼ਾਂ ਨੂੰ ਲਗ ਗਈ ਸੀ ਪਰ ਉਹ ਜਾਣਦੇ ਸਨ ਕਿ ਇਹ ਹੁਣ ਬਹੁਤ ਕਮਜ਼ੋਰ ਕੜੀ ਸੀ। ਹੁਣ ਲਹੌਰ ਦੇ ਮਹਾਂਰਾਜੇ ਦੇ ਪ੍ਰਧਾਨ ਮੰਤਰੀ ਵਾਲੀ ਪਹਿਲਾਂ ਜਿਹੀ ਹੈਸੀਅਤ ਨਹੀਂ ਸੀ। ਹੁਣ ਇਸ ਨੂੰ ਸਰਕਾਰ ਲਈ ਵੱਡਾ ਖਤਰਾ ਨਹੀਂ ਸੀ ਮੰਨਿਆਂ ਜਾ ਰਿਹਾ ਪਰ ਫਿਰ ਵੀ ਨਜ਼ਰ ਰੱਖਣੀ ਜ਼ਰੂਰੀ ਸਮਝੀ ਜਾ ਰਹੀ ਸੀ। ਇਸ ਲਈ ਕੁਝ ਗੁਪਤਚਰ ਕਿਸੇ ਨਾ ਕਿਸੇ ਰੂਪ ਵਿਚ ਉਸ ਦੇ ਦੁਆਲੇ ਮੰਡਲਾਉਂਦੇ ਹੀ ਰਹਿਣੇ ਸਨ।...
ਅਲੀ ਮਹੁੰਦਮ ਜਾਂ ਐਲ. ਐਮ. ਜਾਂ ਅਜ਼ੀਜ਼ ਉ ਦੀਨ ਅੰਗਰੇਜ਼ਾਂ ਦਾ ਕਾਮਯਾਬ ਜਸੂਸ ਸਮਝਿਆ ਜਾ ਰਿਹਾ ਸੀ। ਜਿਸ ਕੰਮ ਨੂੰ ਹੱਥ ਪਾਉਂਦਾ ਪੂਰਾ ਕਰ ਕੇ ਦਿਖਾਉਂਦਾ। ਜਿਸ ਕੰਮ ਨੂੰ ਸ਼ੁਰੂ ਕਰਦਾ ਉਸ ਦਾ ਨਤੀਜਾ ਜ਼ਰੂਰ ਲਿਆਉਂਦਾ। ਅਰੂੜ ਸਿੰਘ ਤੋਂ ਸਭ ਕੁਝ ਉਸ ਨੇ ਪਿਆਰ ਨਾਲ ਕਹਿਲਵਾ ਲਿਆ ਸੀ, ਠਾਕੁਰ ਸਿੰਘ ਨੂੰ ਵੀ ਪਰਦੇ ਤੋਂ ਸਦਾ ਲਈ ਹਟਾ ਦਿਤਾ ਸੀ। ਅਖ਼ਬਾਰਾਂ ਨੇ ਗੱਲ ਨੂੰ ਉਲਝਾਉਣ ਲਈ ਕਿਹੋ ਜਿਹੇ ਵੀ ਲੇਖ ਲਿਖੇ ਹੋਣ ਪਰ ਗੁਰਬਚਨ ਸਿੰਘ ਨੂੰ ਆਪਣੇ ਘਰ ਵਿਚ ਆਏ ਓਪਰੇ ਜਿਹੇ ਬੰਦਿਆਂ ਉਪਰ ਸਿੱਧਾ ਸ਼ੱਕ ਸੀ। ਇਕ ਤਾਂ ਬੰਗਾਲੀ ਪੁਲਸ ਅਫਸਰ ਜੇ. ਸੀ. ਮਿੱਤਰ ਤੇ ਦੂਜਾ ਐਲ. ਐਮ.। ਗੁਰਬਚਨ ਸਿੰਘ ਨੇ ਇਹਨਾਂ ਦੋਨਾਂ ਬੰਦਿਆਂ ਬਾਰੇ ਮਹਾਂਰਾਜੇ ਨੂੰ ਵੀ ਲਿਖ ਦਿਤਾ ਸੀ। ਉਸ ਨੇ ਐਲ. ਐਮ. ਦਾ ਪੂਰਾ ਹੁਲੀਆ ਤੇ ਉਸ ਦੇ ਵਿਅਕਤੀਤੱਵ ਦਾ ਵਰਨਣ ਲਿਖ ਕੇ ਭੇਜ ਦਿਤਾ ਸੀ ਤਾਂ ਜੋ ਉਹ ਮਹਾਂਰਾਜੇ ਤਕ ਪਹੁੰਚ ਕਰੇ ਤਾਂ ਪੱਛਾਣਿਆਂ ਜਾ ਸਕੇ।
ਅਲੀ ਮੁਹੰਮਦ ਕੋਈ ਆਮ ਬੰਦਾ ਨਹੀਂ ਸੀ। ਇਕ ਤਾਂ ਉਹ ਵੈਸੇ ਹੀ ਬਹੁਤ ਤੇਜ਼ ਬੰਦਾ ਸੀ ਤੇ ਦੂਜੇ ਉਹ ਸਖਤ ਟਰੇਨਿੰਗਾਂ ਤੋਂ ਬਾਅਦ ਇਸ ਮੁਕਾਮ ਉਪਰ ਪੁੱਜਾ ਸੀ। ਅੰਗਰੇਜ਼ ਅਫਸਰ ਉਸ ਉਪਰ ਬੇਹੱਦ ਭਰੋਸਾ ਕਰਦੇ ਸਨ। ਜਿਹੜਾ ਕੰਮ ਕੋਈ ਹੋਰ ਨਹੀਂ ਸੀ ਕਰ ਸਕਦਾ ਉਹ ਅਲੀ ਮੁਹੰਮਦ ਕਰ ਦਿੰਦਾ ਸੀ। ਕਰਨਲ ਹੈਂਡਰਸਨ ਨੇ ਕਲਕੱਤੇ ਬੇਠੈ ਨੇ ਹੀ ਅਲੀ ਮੁਹੰਮਦ ਦੀ ਜਿ਼ੰਮੇਵਾਰੀ ਲਾ ਦਿਤੀ ਕਿ ਪਤਾ ਕਰੇ ਕਿ ਸੰਧਾਵਾਲੀਆ ਟੱਬਰ ਨਾਲ ਹੋਰ ਕਿਹੜੇ ਕਿਹੜੇ ਨਾਂ ਜੁੜੇ ਹੋਏ ਸਨ। ਇਸ ਪਰਿਵਾਰ ਦੀ ਜੋ ਕੋਈ ਵੀ ਮੱਦਦ ਕਰਦਾ ਸੀ ਉਸ ਨੂੰ ਖਤਮ ਕਰਨ ਬਹੁਤ ਜ਼ਰੂਰੀ ਸੀ। ਅਲੀ ਮੁਹੰਮਦ ਨੇ ਇਸ ਕੰਮ ਲਈ ਆਪਣੀ ਇਕ ਟੀਮ ਬਣਾ ਲਈ ਤੇ ਜਲਦੀ ਹੀ ਉਸ ਨੇ ਕਰਨਲ ਹੈਂਡਰਸਨ ਦੀ ਮੇਜ਼ ਉਪਰ ਦੋ ਨਾਂ ਪੁਜਦੇ ਕਰ ਦਿਤੇ। ਇਹਨਾਂ ਵਿਚ ਇਕ ਸੋਹਣ ਲਾਲ ਸੀ ਤੇ ਦੂਜਾ ਜਵਾਲਾ ਸਿੰਘ। ਜਵਾਲਾ ਸਿੰਘ ਠਾਕੁਰ ਸਿੰਘ ਨਾਲ ਇੰਗਲੈਂਡ ਵੀ ਜਾ ਚੁੱਕਿਆ ਸੀ ਤੇ ਮਹਾਂਰਾਜੇ ਨੂੰ ਸਿੱਖੀ ਵਲ ਪ੍ਰੇਰਨ ਵਿਚ ਉਸ ਦਾ ਵੀ ਵਾਹਵਾ ਹੱਥ ਸੀ। ਜਵਾਲਾ ਸਿੰਘ ਅਜਕੱਲ ਪਾਂਡੀਚਰੀ ਵਿਚ ਨਹੀਂ ਸੀ। ਉਹ ਠਾਕੁਰ ਸਿੰਘ ਦੇ ਅਸਤ ਲੈ ਕੇ ਹਰਦੁਆਰ ਗਿਆ ਹੋਇਆ ਸੀ। ਸੋਹਣ ਲਾਲ ਵੀ ਪਾਂਡੀਚਰੀ ਤੋਂ ਪੰਜਾਬ ਵਲ ਰਵਾਨਾ ਹੋ ਚੁੱਕਿਆ ਸੀ। ਅਰੂੜ ਸਿੰਘ ਦੇ ਗਾਇਬ ਹੋ ਜਾਣ ਤੋਂ ਬਾਅਦ ਉਸ ਦਾ ਅਧੂਰਾ ਕੰਮ ਸੋਹਣ ਲਾਲ ਨੇ ਹੀ ਕਰਨਾ ਸੀ। ਸੋਹਣ ਲਾਲ ਦਾ ਕੰਮ ਅਰੂੜ ਸਿੰਘ ਦੇ ਲਿਆਂਦੇ ਸੁਨੇਹੇ ਇਕੱਲੇ ਇਕੱਲੇ ਰਾਜੇ ਕੋਲ ਪਹੁੰਚਦੇ ਕਰਨੇ ਸਨ ਤੇ ਪੰਜਾਬ ਵਿਚ ਘੁੰਮ ਕੇ ਮਹਾਂਰਾਜੇ ਦੇ ਆਉਣ ਬਾਰੇ ਲੋਕਾਂ ਨੂੰ ਦੱਸਣਾ ਤੇ ਜਾਗਰਿਤ ਕਰਨਾ ਸੀ। ਅੰਗਰੇਜ਼ਾਂ ਲਈ ਸੋਹਣ ਲਾਲ ਜਵਾਲਾ ਸਿੰਘ ਨਾਲੋਂ ਵੱਧ ਖਤਰਨਾਕ ਬੰਦਾ ਸੀ। ਕਰਨਲ ਹੈਂਡਰਸਨ ਨੇ ਇਹ ਦੋ ਨਾਂ ਦੇਖਦਿਆਂ ਹੀ ਇਹਨਾਂ ਲਈ ਵਾਰੰਟ ਤਿਆਰ ਕਰਵਾ ਕੇ ਅਲੀ ਮੁਹੰਮਦ ਨੂੰ ਭੇਜਦਿਆਂ ਹਿਦਾਇਤ ਕਰ ਦਿਤੀ ਕਿ ਇਹਨਾਂ ਦੋਨਾਂ ਦਾ ਫੜੇ ਜਾਣਾ ਬਹੁਤ ਜ਼ਰੂਰੀ ਸੀ। ਕਰਨਲ ਹੈਂਡਰਸਨ ਦੀਆਂ ਖਾਸ ਹਿਦਾਇਤਾਂ ਇਹ ਸਨ ਕਿ ਇਹ ਦੋਵੇਂ ਹੀ ਇਕਬਾਲੀਆ ਬਿਆਨ ਦੇ ਕੇ ਸਭ ਕੁਝ ਕਬੂਲ ਕਰਨ। ਇਵੇਂ ਕਰਨ ਦਾ ਉਸ ਦਾ ਮਕਸਦ ਸੀ ਕਿ ਪੰਜਾਬ ਵਿਚ ਮਹਾਂਰਾਜੇ ਦੀ ਤਾਕਤ ਦਾ ਸਹੀ ਅੰਦਾਜ਼ਾ ਲਗਾਇਆ ਜਾ ਸਕੇ। ਵਾਰੰਟ ਅਲੀ ਮੁਹੰਮਦ ਕੋਲ ਪੁੱਜ ਗਏ। ਉਹ ਇਹਨਾਂ ਦੋਨਾਂ ਵਿਅਕਤੀਆਂ ਨੂੰ ਫੜਨ ਦੀਆਂ ਕੋਸਿ਼ਸ਼ਾਂ ਕਰਨ ਲਗਿਆ। ਅਲੀ ਮੁਹੰਮਦ ਨੂੰ ਹੁਣ ਸਾਰੇ ਪੱਛਾਣਦੇ ਸਨ। ਮੂੰਹੋਂ ਮੂੰਹ ਉਸ ਦੀ ਪੱਛਾਣ ਠਾਕੁਰ ਸਿੰਘ ਦੇ ਸਾਰੇ ਹਮਦਰਦਾਂ ਤਕ ਪੁੱਜ ਚੁੱਕੀ ਸੀ। ਮਹੀਨੇ ਭਰ ਦੀਆਂ ਉਸ ਦੀਆਂ ਕੋਸਿ਼ਸ਼ਾਂ ਫੇਹਲ ਹੋ ਗਈਆਂ।
ਜਿਵੇਂ ਅਲੀ ਮੁਹੰਮਦ ਤੇਜ਼ ਗੁਪਤਚਰ ਸੀ ਇਵੇਂ ਹੀ ਦਿੱਲੀ ਦੀ ਪੁਲੀਸ ਵਿਚ ਇਕ ਸਿੱਖ ਗੁਪਤਚਰ ਨੱਥਾ ਸਿੰਘ ਵੀ ਬਹੁਤ ਮਾਹਿਰ ਮੰਨਿਆਂ ਜਾਂਦਾ ਸੀ। ਦਿੱਲੀ ਦੇ ਡਿਪਟੀ ਕਮਿਸ਼ਨਰ ਕੈਪਟਨ ਵਿਲੀਅਮ ਮਰਕ ਨੇ ਨੱਥਾ ਸਿੰਘ ਨੂੰ ਸੋਹਣ ਲਾਲ ਦੇ ਪਿੱਛੇ ਲਾ ਦਿਤਾ। ਸਿੱਖ ਹੋਣ ਕਰਕੇ ਨੱਥਾ ਸਿੰਘ ਦਾ ਪੱਛਾਣਿਆਂ ਜਾਣਾ ਵੀ ਮੁਸ਼ਕਲ ਸੀ। ਕਾਫੀ ਸਾਰੀ ਭੱਜ-ਦੌੜ ਬਾਅਦ ਨੱਥਾ ਸਿੰਘ ਨੇ ਪਤਾ ਲਗਾਇਆ ਕਿ ਸੋਹਣ ਲਾਲ ਪੰਜ ਸਤੰਬਰ ਨੂੰ ਕਿਸੇ ਨੂੰ ਮਿਲ ਰਿਹਾ ਸੀ। ਉਹ ਕਿਸੇ ਨੂੰ ਮਿਲ ਰਿਹਾ ਸੀ ਤੇ ਕਿਥੇ ਮਿਲ ਰਿਹਾ ਸੀ ਇਸ ਬਾਰੇ ਪਤਾ ਨਾ ਚਲ ਸਕਿਆ। ਨੱਥਾ ਸਿੰਘ ਸੋਚ ਰਿਹਾ ਸੀ ਕਿ ਇਹ ਜ਼ਰੂਰ ਕੋਈ ਅਹਿਮ ਮੀਟਿੰਗ ਹੋਵੇਗੀ। ਪੰਜ ਤਰੀਕ ਨਿਕਲ ਗਈ ਪਰ ਨੱਥਾ ਸਿੰਘ ਕਾਮਯਾਬ ਨਾ ਹੋ ਸਕਿਆ। ਹੋਰ ਕੋਸਿ਼ਸ਼ ਕਰਕੇ ਉਸ ਨੇ ਪਤਾ ਕਰ ਲਿਆ ਕਿ ਸੋਹਣ ਲਾਲ ਦਾ ਪਿੰਡ ਦਾਦਰੀ ਸੀ। ਉਹ ਕੁਝ ਦਿਨਾਂ ਬਾਅਦ ਦਸ ਸਤੰਬਰ ਨੂੰ ਦਾਦਰੀ ਪੁੱਜ ਗਿਆ। ਉਹ ਆਇਆ ਤਾਂ ਸੋਹਣ ਲਾਲ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਸੀ ਪਰ ਸੋਹਣ ਲਾਲ ਉਸ ਨੂੰ ਪਿੰਡ ਹੀ ਮਿਲ ਗਿਆ। ਉਹ ਠਾਕੁਰ ਸਿੰਘ ਦਾ ਹਮਦਰਦ ਬਣ ਕੇ ਉਸ ਨੂੰ ਮਿਲਿਆ। ਉਸ ਨੇ ਮਹਾਂਰਾਜੇ ਲਈ ਕੁਝ ਪੈਸੇ ਭੇਜਣ ਦੀ ਇੱਛਿਆ ਵੀ ਜਤਾਈ। ਦਾਦਰੀ ਜੀਂਦ ਰਿਆਸਤ ਵਿਚ ਪੈਂਦਾ ਸੀ ਤੇ ਸੋਹਣ ਲਾਲ ਨੇ ਜੀਂਦ ਦੇ ਰਾਜੇ ਨੂੰ ਹੀ ਮਿਲਣਾ ਸੀ ਤੇ ਮਹਾਂਰਾਜੇ ਦੀ ਚਿੱਠੀ ਦੀ ਇਕ ਨਕਲ ਦੇਣੀ ਸੀ ਜਿਹੜੀ ਉਸ ਨੇ ਹਿੰਦੁਸਤਾਨ ਦੇ ਸਾਰੇ ਰਾਜਿਆਂ ਦੇ ਨਾਂ ਲਿਖੀ ਹੋਈ ਸੀ। ਨੱਥਾ ਸਿੰਘ ਆਪਣੀ ਇਸ ਪ੍ਰਾਪਤੀ ‘ਤੇ ਬਹੁਤ ਖੁਸ਼ ਸੀ। ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਸਥਾਨਕ ਪੁਲੀਸ ਦੀ ਮੱਦਦ ਲੈ ਕੇ ਸੋਹਣ ਲਾਲ ਨੂੰ ਕਾਬੂ ਕਰ ਲਿਆ। ਸੋਹਣ ਲਾਲ ਨੂੰ ਠਾਣੇ ਲੈ ਜਾਇਆ ਗਿਆ। ਉਸ ਦੀ ਤਲਾਸ਼ੀ ਲਈ ਗਈ ਪਰ ਉਸ ਕੋਲੋਂ ਬਹੁਤਾ ਕੁਝ ਨਾ ਨਿਕਲਿਆ। ਉਹੋ ਕੁਝ ਚਿੱਠੀਆਂ ਜਿਹਨਾਂ ਉਪਰ ਮਹਾਂਰਾਜੇ ਦੀ ਸੀਲ ਵਾਲੀ ਮੋਹਰ ਲਗੀ ਸੀ, ਇਕ ਪੇਪਰ ਉਪਰ ਗੁਰਮੁਖੀ ਵਿਚ ਲਿਖਿਆ ਹੋਇਆ ਸੀ; ‘ਰੂਸੀ ਤੇ ਨਿਹੰਗ’। ਇਹ ਦੋ ਸ਼ਬਦ ਮਹਾਂਰਾਜੇ ਤੇ ਰੂਸੀਆਂ ਦੇ ਗੱਠਜੋੜ ਵਲ ਇਸ਼ਾਰਾ ਕਰਦੇ ਸਨ। ਇਸ ਦੇ ਅਰਥ ਇਹ ਵੀ ਨਿਕਲਦੇ ਸਨ ਕਿ ਮਹਾਂਰਾਜਾ ਸਿੱਖਾਂ ਤੇ ਰੂਸੀਆਂ ਦੋਨਾਂ ਉਪਰ ਭਰੋਸਾ ਕਰ ਰਿਹਾ ਸੀ। ਇਕ ਮਿਸਰ ਦੇਸ਼ ਦੇ ਰੇਲਵੇ ਮਹਿਕਮੇ ਦਾ ਗਰਮੀਆਂ 1886 ਦਾ ਟਾਈਮਟੇਬਲ ਵੀ ਮਿਲਿਆ। ਜ਼ਾਹਰ ਸੀ ਕਿ ਮਹਾਂਰਾਜਾ ਉਹਨਾਂ ਦਿਨਾਂ ਵਿਚ ਮਿਸਰ ਵਿਚ ਦੀ ਲੰਘਿਆ ਸੀ ਤੇ ਇਹ ਉਸੇ ਦਾ ਹੀ ਹੋਵੇਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਸੋਹਣ ਲਾਲ ਕੋਲ ਪੁਜਿਆ ਹੋਵੇਗਾ। ਸੋਹਣ ਲਾਲ ਦਾ ਕਹਿਣਾ ਸੀ ਕਿ ਇਹ ਸਭ ਉਸ ਨੂੰ ਠਾਕੁਰ ਸਿੰਘ ਤੋਂ ਮਿਲਿਆ ਸੀ।
ਸੋਹਣ ਲਾਲ ਦੇ ਫੜੇ ਜਾਣ ‘ਤੇ 18 ਸਤੰਬਰ ਨੂੰ ਕੈਪਟਨ ਵਿਲੀਅਮ ਮਰਕ ਨੇ ਪੁਲੀਸ ਦੀ ਸਪੈਸ਼ਲ ਬਰਾਂਚ ਨੂੰ ਤਾਰ ਦਿੰਦਿਆਂ ਲਿਖਿਆ;
‘ਸੋਹਣ ਲਾਲ ਫੜਿਆ ਤਾਂ ਗਿਆ ਪਰ ਬਿਮਾਰ ਨਾਲ ਨਿਢਾਲ ਹੋਇਆ ਪਿਆ ਹੈ, ਹਾਲੇ ਕਿਸੇ ਗੱਲ ਦਾ ਜਵਾਬ ਦੇਣ ਦੇ ਕਾਬਲ ਨਹੀਂ ਹੈ ਪਰ ਬਾਕੀ ਦੇ ਪਤਾ ਨਹੀਂ ਕਿਹੜੇ ਘੁਰਨੇ ਵਿਚ ਲੁਕ ਗਏ ਹਨ।’
ਤਿੰਨ ਦਿਨ ਬਾਅਦ ਉਸ ਨੇ ਫਿਰ ਤਾਰ ਦਿਤੀ;
‘ਇਸ ਬਦਮਾਸ਼ ਦੀ ਮੈਂ ਆਪ ਤਫਤੀਸ਼ ਕਰਨੀ ਚਾਹਾਂਗਾ, ਸਾਡੇ ਸਿੱਖ ਗੁਪਤਚਰ ਨੇ ਕੇਸ ਤਾਂ ਕਿਸੇ ਹੱਦ ਤਕ ਤਿਆਰ ਕਰ ਦਿਤਾ ਹੈ ਪਰ ਜੇ ਅਜ਼ੀਜ਼ੋਦੀਨ ਨੂੰ ਮੇਰੇ ਕੋਲ ਭੇਜ ਦਿਤਾ ਜਾਵੇ ਤਾਂ ਜ਼ਰਾ ਸੌਖਾ ਰਹੇ, ...ਦਿੱਲੀ ਵਿਚ ਮੁਹੱਰਮ ਕਾਰਨ ਬਹੁਤ ਭੀੜ ਭੜੱਕਾ ਹੈ, ਇਹ ਕੰਮ ਹੁਣ ਇਸ ਤੋਂ ਬਾਅਦ ਹੀ ਹੋਏਗਾ।’
ਵਿਲੀਅਮ ਮਰਕ ਨੇ ਦਿੱਲੀ ਦੇ ਹੀ ਇਕ ਸਿਪਾਹੀ ਇਲਾਹੀ ਬਖਸ਼ ਨੂੰ ਨਾਲ ਲੈ ਕੇ ਸੋਹਣ ਲਾਲ ਦੀ ਪੁੱਛਗਿਛ ਸ਼ੁਰੂ ਕਰ ਦਿਤੀ। ਸੋਹਣ ਲਾਲ ਬਿਮਾਰੀ ਕਾਰਨ ਬਹੁਤ ਕਮਜ਼ੋਰ ਹੋ ਚੁਕਿਆ ਸੀ ਤੇ ਉਸ ਨੇ ਕੁਟਮਾਰ ਦੀ ਤਾਬ ਨਾ ਝਲਦਿਆਂ ਜਲਦੀ ਹੀ ਸਭ ਕਬੂਲ ਲਿਆ ਤੇ ਇਕਬਾਲੀਆ ਬਿਆਨ ਲਿਖ ਕੇ ਦੇ ਦਿਤਾ;
‘ਠਾਕੁਰ ਸਿੰਘ ਤੇ ਗੁਰਬਚਨ ਸਿੰਘ ਨੇ ਮੈਨੂੰ ਕਿਹਾ ਸੀ ਕਿ ਮਹਾਂਰਾਜਾ ਕੁਝ ਮਹੀਨਿਆਂ ਵਿਚ ਹੀ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ ਆ ਰਿਹਾ ਹੈ ਤੇ ਫਿਰ ਉਹ ਹਿੁੰਦਸਤਾਨ ਦਾ ਰਾਜਾ ਹੋਵੇਗਾ, ਉਹਨਾਂ ਨੇ ਹੀ ਮੈਨੂੰ ਪੰਜ ਲਿਫਾਫੇ ਨਾਭਾ, ਜੀਂਦ, ਪਟਿਆਲਾ, ਫਰੀਦਕੋਟ ਤੇ ਇਕ ਹੋਰ ਰਾਜੇ ਦੇ ਨਾਂ ਦੇਣ ਲਈ ਕਿਹਾ ਸੀ, ਪੰਜਵਾਂ ਨਾਂ ਮੈਂ ਭੁੱਲ ਰਿਹਾ ਹਾਂ। ...ਠਾਕੁਰ ਸਿੰਘ ਨੇ ਕਿਹਾ ਸੀ ਕਿ ਇਹ ਲਿਫਾਫੇ ਬਹੁਤ ਹੀ ਲੁਕੋ ਕੇ ਲੈ ਜਾਣੇ ਹਨ, ਇਹਨਾਂ ਦੇ ਫੜੇ ਜਾਣ ‘ਤੇ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ, ਜਦ ਮੈਨੂੰ ਪਤਾ ਚਲਿਆ ਕਿ ਮੈਂ ਫੜੇ ਜਾਣ ਵਾਲਾ ਹਾਂ ਤਾਂ ਮੈਂ ਬਾਕੀ ਦੇ ਲਿਫਾਫੇ ਜਲ਼ਾ ਦਿਤੇ...।’
ਕੈਪਟਨ ਵਿਲੀਅਮ ਮਰਕ ਸਮਝ ਗਿਆ ਕਿ ਸੋਹਣ ਲਾਲ ਕੋਲ ਜੋ ਕੁਝ ਵੀ ਸੀ ਉਸ ਨੇ ਦਸ ਦਿਤਾ ਸੀ। ਉਸ ਦਾ ਇਕਬਾਲੀਆ ਬਿਆਨ ਕਲਮਬੰਦ ਕਰਕੇ ਇਸ ਉਪਰ ਦਸਤਖਤ ਕਰ ਕੇ ਨਾਲ ਹੀ ਇਕ ਨੋਟ ਲਿਖ ਦਿਤਾ;
‘ਇਹ ਬਿਆਨ ਸੋਹਣ ਲਾਲ ਨੇ ਇਸ ਸ਼ਰਤ ਨਾਲ ਦਿਤਾ ਹੈ ਕਿ ਉਸ ਦੀ ਜਾਨ ਬਖਸ਼ ਦਿਤੀ ਜਾਵੇਗੀ।’
ਪਰ ਸੋਹਣ ਲਾਲ ਦੀ ਜਾਨ ਬਖਸ਼ੀ ਨਹੀਂ ਗਈ। ਉਹ ਬਿਮਾਰ ਸੀ, ਉਸ ਦਾ ਕੋਈ ਇਲਾਜ ਨਾ ਕਰਾਇਆ ਗਿਆ ਤੇ ਉਹ ਛੇ ਮਹੀਨੇ ਬਾਅਦ ਜੇਲ੍ਹ ਵਿਚ ਹੀ ਮਰ ਗਿਆ।
ਪੁਲੀਸ ਨੇ ਜਵਾਲਾ ਸਿੰਘ ਦੀ ਪੈੜ ਵੀ ਜਲਦੀ ਹੀ ਨੱਪ ਲਈ ਸੀ। ਉਸ ਨੇ ਹਰਦੁਆਰ ਜਾ ਕੇ ਠਾਕੁਰ ਸਿੰਘ ਦੇ ਅਸਤ ਜਲਪ੍ਰਵਾਹ ਕਰਨੇ ਸਨ। ਉਸ ਨੂੰ ਪੁਲੀਸ ਨੇ ਹਾਲੇ ਨਾ-ਫੜਨ ਦਾ ਫੈਸਲਾ ਕਰ ਲਿਆ। ਪੁਲੀਸ ਨੂੰ ਲਗਦਾ ਸੀ ਕਿ ਉਹ ਸੋਹਣ ਲਾਲ ਤੋਂ ਵੱਡੀ ਚੀਜ਼ ਹੈ ਤੇ ਉਸ ਦੇ ਅਗਾਂਹ ਵੀ ਰਾਬਤੇ ਹੋ ਸਕਦੇ ਹਨ ਤੇ ਇਹ ਵੀ ਦੇਖਿਆ ਜਾਣਾ ਸੀ। ਪੁਲੀਸ ਜਾਣਨਾ ਚਾਹੁੰਦੀ ਕਿ ਉਹ ਹੋਰ ਕਿਸ ਕਿਸ ਨੂੰ ਮਿਲਦਾ ਹੈ। ਫਿਰ 26 ਸਤੰਬਰ ਨੂੰ ਜਵਾਲਾ ਸਿੰਘ ਨੂੰ ਲਹੌਰ ਦੇ ਸਟੇਸ਼ਨ ਤੋਂ ਬਹੁਤ ਹੀ ਚੁੱਪ ਜਿਹੇ ਤਰੀਕੇ ਨਾਲ ਫੜ ਲਿਆ ਗਿਆ। ਇਥੋਂ ਤਕ ਕਿ ਉਸ ਦੇ ਨਾਲ ਬੈਠੇ ਬੰਦੇ ਨੂੰ ਵੀ ਪਤਾ ਨਹੀਂ ਚਲਣ ਦਿਤਾ ਗਿਆ। ਲਹੌਰ ਤੋਂ ਅੰਮ੍ਰਿਤਸਰ ਤੇ ਉਥੋਂ ਉਸ ਨੂੰ ਸਿ਼ਮਲੇ ਭੇਜ ਦਿਤਾ ਗਿਆ। ਹੁਣ ਉਸ ਦੀ ਤਫਤੀਸ਼ ਅਜ਼ੀਜ਼ੋਦੀਨ ਨੇ ਕਰਨੀ ਸੀ। ਜਵਾਲਾ ਸਿੰਘ ਵੀ ਅਜ਼ੀਜ਼ੋਦੀਨ ਮੁਹਰੇ ਬਹੁਤਾ ਨਹੀਂ ਅੜਿਆ ਤੇ ਸਭ ਕੁਝ ਜਲਦੀ ਹੀ ਗਿਆ। ਉਸ ਨੇ ਬਿਆਨ ਦੇ ਦਿਤਾ;
‘...ਮੈਂ ਠਾਕੁਰ ਸਿੰਘ ਦਾ ਪੰਦਰਾਂ ਸਾਲ ਤੋਂ ਨੌਕਰ ਹਾਂ, ਉਸ ਨਾਲ ਇੰਗਲੈਂਡ ਵੀ ਗਿਆ ਹਾਂ ਤੇ ਮਹਾਂਰਾਜੇ ਦੇ ਹੌਲੈਂਡ ਪਾਰਕ ਵਾਲੇ ਘਰ ਵਿਚ ਠਹਿਰਿਆ ਸਾਂ, ...ਮਹਾਂਰਾਜਾ ਤੇ ਠਾਕੁਰ ਸਿੰਘ ਇਸ ਗੱਲ ਤੇ ਵਿਚਾਰ ਕਰਿਆ ਕਰਦੇ ਸਨ ਕਿ ਜਿਹੜਾ ਵਿਅਕਤੀ ਇਕ ਵਾਰ ਸਿੱਖ ਧਰਮ ਛੱਡ ਜਾਂਦਾ ਹੈ, ਮੁੜ ਕੇ ਵਾਪਸ ਸਿੱਖ ਧਰਮ ਅਪਣਾ ਸਕਦਾ ਹੈ ਜਾਂ ਨਹੀਂ, ਗੋਲਡਨ ਟੈਂਪਲ ਦੇ ਗਰੰਥੀ ਨੇ ਇਸ ਦਾ ਜਵਾਬ ਦਿਤਾ ਸੀ ਕਿ ਅਪਣਾ ਸਕਦਾ ਹੈ। ...ਜਦੋਂ ਅਸੀਂ ਪਾਂਡੀਚਰੀ ਪੁੱਜੇ ਤਾਂ ਮਹਾਂਰਾਜਾ ਪੈਰਿਸ ਚਲੇ ਗਿਆ ਸੀ ਤੇ ਉਥੋਂ ਉਸ ਨੇ ਠਾਕੁਰ ਸਿੰਘ ਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕਰ ਦਿਤਾ ਸੀ। ...ਅਰੂੜ ਸਿੰਘ ਜਦੋਂ ਮਾਸਕੋ ਤੋਂ ਆਇਆ ਸੀ ਤਾਂ ਉਸ ਕੋਲ ਦਸਤਾਵੇਜ਼ਾਂ ਵਾਲਾ ਇਕ ਬਕਸਾ ਸੀ ਜਿਸ ਨੂੰ ਬੰਗਾਲੀ ਇਨਸਪੈਕਟਰ ਜੇ. ਸੀ. ਮਿੱਤਰ ਲੈ ਗਿਆ ਸੀ...।”
ਜਵਾਲਾ ਸਿੰਘ ਮਹਾਂਰਾਜੇ ਦੇ ਮਾਮਲੇ ਵਿਚ ਜਿਸ ਜਿਸ ਨੂੰ ਵੀ ਮਿਲਿਆ ਜਾਂ ਜਿਸ ਨਾਲ ਵੀ ਉਸ ਨੇ ਰਾਬਤਾ ਕਾਇਆ ਕੀਤਾ ਉਹਨਾਂ ਸਭ ਦੇ ਨਾਂ ਪੁਲੀਸ ਨੂੰ ਲਿਖਵਾ ਦਿਤੇ। ਇਹਨਾਂ ਵਿਚ ਬਹੁਤੇ ਨਾਂ ਤਾਂ ਪੰਜਾਬ ਦੇ ਪ੍ਰਸਿੱਧ ਲੋਕਾਂ ਦੇ ਸਨ ਜਿਹਨਾਂ ਨੂੰ ਅੰਗਰੇਜ਼ ਆਪਣੇ ਵਲ ਦੇ ਸਮਝਦੇ ਸਨ। ਗੋਲਡਨ ਟੈਂਪਲ ਦੇ ਮੁੱਖ ਗਰੰਥੀ ਦੇ ਅੰਗਰੇਜ਼ਾਂ ਨਾਲ ਵਧੀਆ ਸਬੰਧ ਸਨ ਪਰ ਜਵਾਲਾ ਸਿੰਘ ਨੇ ਉਸ ਦਾ ਨਾਂ ਸਭ ਤੋਂ ਪਹਿਲਾਂ ਲਿਖਵਾਇਆ। ਅੰਮ੍ਰਿਤਸਰ ਦੀ ਇਕ ਹੋਰ ਜਾਣੀ-ਪੱਛਾਣੀ ਹਸਤੀ ਬਾਵਾ ਬੁੱਧ ਸਿੰਘ ਦਾ ਨਾਂ ਵੀ ਜਵਾਲਾ ਸਿੰਘ ਨੇ ਲਿਖਵਾਇਆ। ਬਾਵਾ ਬੁੱਧ ਸਿੰਘ ਪਾਂਡੀਚਰੀ ਤੇ ਕਸ਼ਮੀਰ ਵਿਚਕਾਰ ਕੜੀ ਦਾ ਕੰਮ ਕਰ ਰਿਹਾ ਸੀ। ਤਫਤੀਸ਼ ਤੋਂ ਬਾਅਦ ਅਜ਼ੀਜ਼ੋਦੀਨ ਨੇ ਆਪਣੀ ਰਿਪ੍ਰੋਟ ਪੇਸ਼ ਕੀਤੀ, ਜਿਸ ਵਿਚ ਉਸ ਨੇ ਲਿਖਿਆ ਕਿ ਜਵਾਲਾ ਸਿੰਘ ਨੇ ਸੰਧਾਵਾਲੀਆ ਪਰਿਵਾਰ ਨਾਲ ਇਕ ਲੰਮਾ ਸਮਾਂ ਵਫਾਦਾਰੀ ਨਿਭਾਈ ਸੀ ਤੇ ਹੁਣ ਉਹ ਪੰਦਰਾਂ ਰੁਪਏ ਮਹੀਨਾ ਤਨਖਾਹ ਉਪਰ ਪੁਲੀਸ ਦਾ ਸੂਹੀਆ ਬਣਨ ਲਈ ਤਿਆਰ ਹੋ ਗਿਆ ਹੈ।
ਕਰਨਲ ਹੈਂਡਰਸਨ ਇਹਨਾਂ ਉਪਲਬਧੀਆਂ ਤੋਂ ਬਹੁਤ ਖੁਸ਼ ਹੋ ਰਿਹਾ ਸੀ। ਉਸ ਨੂੰ ਲਗਦਾ ਸੀ ਕਿ ਮਹਾਂਰਾਜਾ ਦੇ ਹਿਮਾਈਤੀਆਂ ਦਾ ਖਾਤਮਾ ਜਲਦੀ ਹੀ ਹੋ ਜਾਵੇਗਾ। ਉਸ ਨੇ ਅਗਲੀ ਫੜ-ਫੜਾਈ ਦੀ ਸੂਚੀ ਤਿਆਰ ਕਰਨ ਦਾ ਹੁਕਮ ਦੇ ਦਿਤਾ। ਇਸ ਦੇ ਨਾਲ ਹੀ ਤਿੰਨ ਹੋਰ ਸਿੱਖ ਵੀ ਇਸ ਸੂਚੀ ਵਿਚ ਸ਼ਾਮਲ ਸਨ; ਮੱਘਰ ਸਿੰਘ ਜਿਸ ਨੇ ਸੋਹਣ ਲਾਲ ਨਾਲ ਉਸ ਦੇ ਕਾਗਜ਼ ਜਲਾਉਣ ਵਿਚ ਮੱਦਦ ਕੀਤੀ ਸੀ, ਦੂਜਾ ਅੰਮ੍ਰਿਤਸਰ ਤੋਂ ਕੇਸਰ ਸਿੰਘ ਸੀ ਤੇ ਤੀਜਾ ਬਾਵਾ ਬੁਧ ਸਿੰਘ ਦਾ ਨੌਕਰ ਹਰੀ ਸਿੰਘ। ਇਹਨਾਂ ਸਭ ਨੂੰ ਇਕ ਇਕ ਕਰਕੇ ਬਿਨਾਂ ਕਿਸੇ ਵੱਡੇ ਹੰਗਾਮੇ ਦੇ ਫੜਿਆ ਗਿਆ। ਪੁਲੀਸ ਵਲੋਂ ਇਹਨਾਂ ਸਭ ਉਪਰ ਇਕੋ ਧਾਰਾ ਹੇਠ ਮੁਕੱਦਮਾ ਚਲਾਏ ਜਾਣ ਦਾ ਫੈਸਲਾ ਹੋਇਆ ਕਿਉਂਕਿ ਜਿ਼ਆਦਾ ਬੰਦਿਆਂ ਦੀ ਸ਼ਮੂਲੀਅਤ ਕਾਰਨ ਮੁਕੱਦਮੇ ਨੂੰ ਬੱਲ ਮਿਲਣਾ ਸੀ।
ਬਾਵਾ ਬੁੱਧ ਸਿੰਘ ਦਾ ਪਿਛੋਕੜ ਨਿਪਾਲ ਤੋਂ ਸੀ ਤੇ ਸਦਾ ਹੀ ਅੰਗਰੇਜ਼ਾਂ ਦਾ ਵਫਾਦਾਰ ਜਾਣਿਆਂ ਜਾਂਦਾ ਰਿਹਾ ਸੀ। ਵੱਡੇ ਵੱਡੇ ਅਫਸਰਾਂ ਨਾਲ ਉਸ ਦੀ ਬੈਠਣੀ-ਉਠਣੀ ਵੀ ਸੀ। ਜਦ ਉਸ ਨੂੰ ਫੜਿਆ ਗਿਆ ਤਾਂ ਉਪਰੋਂ ਹੁਕਮ ਆ ਗਏ ਕਿ ਉਸ ਨਾਲ ਕਿਸੇ ਕਿਸਮ ਦੀ ਸਖਤੀ ਨਾ ਕੀਤੀ ਜਾਵੇ। ਕਿਉਂਕਿ ਅੰਗਰੇਜ਼ਾਂ ਦੇ ਹੋਰਨਾਂ ਹਮਦਰਦਾਂ ਉਪਰ ਇਸ ਦਾ ਉਲਟਾ ਅਸਰ ਹੋ ਸਕਦਾ ਸੀ। ਜੇ ਬਾਵਾ ਬੁੱਧ ਸਿੰਘ ਲਿਖਤੀ ਮੁਆਫੀ ਦਿੰਦਾ ਸੀ ਤਾਂ ਉਸ ਨੂੰ ਕੁਝ ਨਾ ਕਿਹਾ ਜਾਵੇ ਪਰ ਹੇਠਲੇ ਅਫਸਰਾਂ ਨੇ ਇਸ ਹੁਕਮ ਦੀ ਪ੍ਰਵਾਹ ਕੀਤੇ ਬਿਨਾਂ ਬਾਵਾ ਬੁੱਧ ਸਿੰਘ ਤੋਂ ਤਫਤੀਸ਼ ਸ਼ੁਰੂ ਕਰ ਦਿਤੀ। ਇਹ ਤਫਤੀਸ਼ ਅਜ਼ੀਜ਼ੋਦੀਨ ਹੀ ਕਰ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਅਜਿਹੇ ਨਰਮੀ ਵਰਤਣ ਦੇ ਹੁਕਮ ਅਰੂੜ ਸਿੰਘ ਵੇਲੇ ਵੀ ਆਏ ਸਨ ਕਿਉਂਕਿ ਉਹ ਬ੍ਰਤਾਨਵੀ ਸ਼ਹਿਰੀ ਸੀ ਪਰ ਉਸ ਨੂੰ ਵੀ ਸਖਤ ਪੁੱਛ-ਗਿੱਛ ਵਿਚ ਦੀ ਲੰਘਣਾ ਪਿਆ ਸੀ। ਬਾਵਾ ਬੁੱਧ ਸਿੰਘ ਨੂੰ ਬਾਕੀ ਦੇ ਚਾਰਾਂ ਮੁਰਜਮਾਂ ਦੇ ਨਾਲ ਹੀ ਰੱਖਿਆ ਗਿਆ ਤੇ ਅੰਬਾਲੇ ਲੈ ਜਾਇਆ ਗਿਆ। ਇਹਨਾਂ ਸਭ ਨੂੰ ਇਸ ਢੰਗ ਨਾਲ ਅਲੱਗ ਅਲੱਗ ਰਖਿਆ ਗਿਆ ਕਿ ਇਕ ਦੂਜੇ ਬਾਰੇ ਕੋਈ ਖ਼ਬਰ ਵੀ ਨਾ ਹੋਣ ਦਿਤੀ। ਅਜ਼ੀਜ਼ੋਦੀਨ ਨੇ ਬਾਵਾ ਬੁੱਧ ਸਿੰਘ ਨਾਲ ਸਭ ਤੋਂ ਵਧ ਸਖਤੀ ਕੀਤੀ। ਉਹ ਜਲਦੀ ਹੀ ਆਪਣੇ ਬਿਆਨ ਦੇਣ ਲਈ ਤਿਆਰ ਹੋ ਗਿਆ। 11 ਨਵੰਬਰ ਨੂੰ ਬਾਵਾ ਬੁੱਧ ਸਿੰਘ ਦਾ ਇਕਬਾਲੀਆ ਬਿਆਨ ਆ ਗਿਆ;
‘...ਮੇਰੀ ਉਮਰ ਛੱਤੀ-ਸੈਂਤੀ ਸਾਲ ਦੀ ਹੈ, ਮੈਂ ਨਿਪਾਲੀ ਆਰਮੀ ਵਿਚ ਕੈਪਟਨ ਹਾਂ ਤੇ ਇਕ ਸਿੱਖ ਹਾਂ, ਦੋ ਸਾਲ ਤੋਂ ਅੰਮ੍ਰਿਤਸਰ ਵਿਚ ਰਹਿ ਰਿਹਾ ਹਾਂ, ਠਾਕੁਰ ਸਿੰਘ ਨੇ ਮੇਰੇ ਤਕ ਪਹੁੰਚ ਕੀਤੀ ਸੀ ਤੇ ਮਹਾਂਰਾਜੇ ਬਾਰੇ ਗੱਲਾਂ ਕੀਤੀਆਂ ਸਨ, ...ਮੈਨੂੰ ਕੇਸਰ ਸਿੰਘ ਤੇ ਹਰੀ ਸਿੰਘ ਮਿਲੇ ਤਾਂ ਉਹਨਾਂ ਪਾਸ ਇਕ ਹਿਸਾਬ ਦੀ ਕਿਤਾਬ ਸੀ ਜਿਸ ਵਿਚੋਂ ਉਹਨਾਂ ਨੇ ਮੈਨੂੰ ਇਕ ਲਿਫਾਫਾ ਦਿਤਾ ਜੋ ਕਸ਼ਮੀਰ ਵਿਚ ਪੁਣਛ ਦੇ ਰਾਜੇ ਨੂੰ ਦੇਣਾ ਸੀ ਤੇ ਉਸ ਨੂੰ ਦਲੀਪ ਸਿੰਘ ਦੇ ਹਿੰਦੁਸਤਾਨ ਪੁੱਜਣ ਸਮੇਂ ਬਗਾਵਤ ਕਰਨ ਲਈ ਕਹਿਣ ਸੀ ਜਿਸ ਵਿਚ ਪੁਲ਼ ਤੇ ਰੇਲਵੇ ਲਾਈਨ ਉਡਾਉਣੇ ਵੀ ਸ਼ਾਮਲ ਸਨ। ਮੈਂ ਇਹ ਲਿਫਾਫਾ ਖੋਹਲ ਕੇ ਦੇਖਿਆ, ਇਸ ਉਪਰ ਲਾਲ ਰੰਗ ਦੀ ਮੋਹਰ ਲਗੀ ਸੀ ਤੇ ਇਹ ਫਾਰਸੀ ਵਿਚ ਲਿਖਿਆ ਹੋਇਆ ਸੀ...।”
ਹਰੀ ਸਿੰਘ ਵੀ ਉਸੇ ਦਿਨ ਹੀ ਸਭ ਕੁਝ ਮੰਨ ਗਿਆ ਕਿ ਉਹ ਕੁਝ ਖਤ, ਖੰਡ ਤੇ ਕਪੜੇ ਲੈ ਕੇ ਪਾਂਡੀਚਰੀ ਗਿਆ ਸੀ ਤੇ ਕਿਹਾ ਜਾ ਰਿਹਾ ਸੀ ਕਿ ਮਹਾਂਰਾਜੇ ਲਈ ਚਾਂਦੀ ਦੀਆਂ ਸੜਕਾਂ ਵਿਛਾ ਦਿਤੀਆਂ ਜਾਣਗੀਆਂ। ਕਸ਼ਮੀਰੀ ਲੋਕ ਠਾਕੁਰ ਸਿੰਘ ਨੂੰ ਪਾਗਲ ਕਹਿੰਦੇ ਹਨ। ਤੀਜੇ ਕੈਦੀ ਕੇਸਰ ਸਿੰਘ ਦਾ ਵੀ ਲਗਭਗ ਇਹੋ ਜਿਹਾ ਬਿਆਨ ਹੀ ਸੀ। ਚੌਥੇ ਮੱਘਰ ਸਿੰਘ ਨੇ ਤਾਂ ਸਿਰਫ ਚਿੱਠੀਆਂ ਸਾੜੀਆਂ ਹੀ ਸਨ ਉਸ ਨੂੰ ਤਾਂ ਗਿਣਤੀ ਵਧਾਉਣ ਲਈ ਹੀ ਫੜਿਆ ਹੋਇਆ ਸੀ। ਇਸ ਨਾਲ ਹਿੰਦੁਸਤਾਨ ਵਿਚੋਂ ਅਧਾਰ ਬਿਲਕੁਲ ਖਤਮ ਹੋ ਗਿਆ ਸੀ। ਪਾਂਡੀਚਰੀ ਵਿਚ ਗੁਰਬਚਨ ਸਿੰਘ ਸੰਧਾਵਾਲੀਆ ਜ਼ਰੂਰ ਬੈਠਾ ਸੀ ਪਰ ਉਸ ਨੂੰ ਬਹੁਤਾ ਖਤਰਨਾਕ ਨਹੀਂ ਸੀ ਸਮਝਿਆ ਜਾ ਰਿਹਾ। ਪੁਲੀਸ ਦੀ ਅਪਰਾਧ-ਸ਼ਾਖਾ ਨੇ ਮਹਾਂਰਾਜੇ ਵਾਲੀ ਫਾਈਲ ਚੁੱਕ ਕੇ ਇਕ ਪਾਸੇ ਰੱਖ ਦਿਤੀ ਕਿਉਂਕਿ ਹਾਲ ਦੀ ਘੜੀ ਖਤਰਾ ਟਲ਼ ਗਿਆ ਸੀ। ਆਪਣੇ ਪਾਲੇ ਹੋਏ ਜਸੂਸਾਂ ਨੂੰ ਅੰਗਰੇਜ਼ਾਂ ਨੇ ਵਿਸ਼ੇਸ਼ ਇਨਾਮ ਤਾਂ ਦੇਣੇ ਹੀ ਹੁੰਦੇ ਸਨ।...
ਰੂਸ ਵਿਚ ਬੈਠਾ ਮਹਾਂਰਾਜਾ ਬਹੁਤ ਇਕੱਲਾ ਸੀ। ਹਾਲੇ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਏਨਾ ਤਨਹਾ ਰਹਿ ਗਿਆ ਹੈ। ਹਿੰਦੁਸਤਾਨ ਵਿਚ ਉਸਾਰਿਆ ਉਸ ਮਹੱਲ ਢਹਿ ਚੁਕਿਆ ਸੀ। ਉਹ ਤਾਂ ਰੂਸ ਵਿਚ ਦਰਪੇਸ਼ ਆ ਰਹੇ ਮਸਲਿਆਂ ਵਿਚ ਹੀ ਉਲਝਿਆ ਪਿਆ ਸੀ। ਉਹ ਕਦੇ ਕਦੇ ਅਰੂੜ ਸਿੰਘ ਬਾਰੇ ਜ਼ਰੂਰ ਸੋਚਦਾ ਕਿ ਉਹ ਉਸ ਨੂੰ ਕੋਈ ਖ਼ਬਰ ਕਿਉਂ ਨਹੀਂ ਭੇਜ ਰਿਹਾ। ਮਹਾਂਰਾਜੇ ਦਾ ਹਰ ਇਕ ਤੋਂ ਯਕੀਨ ਉਠਿਆ ਪਿਆ ਸੀ ਇਸ ਲਈ ਉਸ ਨੂੰ ਲਗਣ ਲਗਦਾ ਕਿ ਅਰੂੜ ਸਿੰਘ ਵੀ ਪੈਸੇ ਲੈ ਕੇ ਭੱਜ ਗਿਆ ਹੋਵੇਗਾ। ਪੈਸੇ ਕੋਲ ਹੋਣਗੇ ਤੇ ਹਿੰਦੁਸਤਾਨ ਵਿਚ ਹੀ ਵਿਆਹ ਕਰਵਾ ਕੇ ਕਿਧਰੇ ਬੈਠ ਗਿਆ ਜਾਂ ਫਿਰ ਕਿਤੇ ਮਰ ਹੀ ਗਿਆ ਹੋਵੇਗਾ ਨਹੀਂ ਤਾਂ ਉਹ ਏਨਾ ਚਿਰ ਚੁੱਪ ਰਹਿਣ ਵਾਲਾ ਨਹੀਂ ਸੀ। ਕੁਝ ਵੀ ਹੋਵੇ ਇਕ ਗੱਲ ਉਸ ਦੇ ਧੁਰ ਅੰਦਰ ਬੈਠੀ ਹੋਈ ਸੀ ਕਿ ਹਿੰਦੁਸਤਾਨ ਦੇ ਰਾਜੇ ਤੇ ਰਾਜਕੁਮਾਰ ਉਸ ਤੋਂ ਪੈਸੇ ਵਲੋਂ ਮੂੰਹ ਨਹੀਂ ਮੋੜਨਗੇ। ਹਿੰਦੁਸਤਾਨ ਵਿਚ ਕੀ ਹੋਇਆ ਇਸ ਦੀ ਖ਼ਬਰ ਅਖ਼ਬਾਰਾਂ ਨੂੰ ਵੀ ਨਹੀਂ ਸੀ ਦਿਤੀ ਗਈ। ਮਹਾਂਰਾਜੇ ਤਕ ਹੋਰ ਕੋਈ ਜ਼ਰੀਆ ਵੀ ਨਹੀਂ ਸੀ ਖ਼ਬਰ ਪੁੱਜਣ ਦਾ। ਗੁਰਬਚਨ ਸਿੰਘ ਵੀ ਉਸ ਨੂੰ ਬਹੁਤ ਘੱਟ ਚਿਠੀ ਲਿਖ ਰਿਹਾ ਸੀ। ਉਸ ਦੇ ਆਪਣੇ ਮਨ ਦਾ ਸੰਤੁਲਨ ਬਹੁਤਾ ਸਹੀ ਨਹੀਂ ਸੀ। ਮਹਾਂਰਾਜੇ ਦੀਆਂ ਚਿੱਠੀਆਂ ਦਾ ਜਵਾਬ ਦੇਣ ਵਿਚ ਵੀ ਘਾਉਲ ਕਰ ਜਾਂਦਾ ਸੀ। ਕਈ ਚਿੱਠੀਆਂ ਦੇ ਜਵਾਬ ਵਿਚ ਉਸ ਨੇ ਇਕ ਚਿੱਠੀ ਵਿਚ ਲਿਖਿਆ;
‘ਤੁਹਾਡੇ ਆਉਣ ਦੀ ਖ਼ਬਰ ਨਾਲ ਪੰਜਾਬ ਦੇ ਲੋਕਾਂ ਵਿਚ ਬਹੁਤ ਹੀ ਚਾਅ ਹੈ ਖਾਸ ਤੌਰ ‘ਤੇ ਸਿੱਖਾਂ ਵਿਚ, ਲੋਕ ਤੁਹਾਡੇ ਆਉਣ ਦਾ ਅਫਗਾਨਿਸਤਾਨ ਦੀ ਸਰਹੱਦ ਤੇ ਪੁੱਜਣ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਅਸੀਂ ਯੋਅਰ ਮੈਜਿਸਟੀ ਨੂੰ ਯਕੀਨ ਦਵਾਉਣਾ ਚਾਹੁੰਦੇ ਹਾਂ ਕਿ ਤੁਹਾਡੇ ਕਾਬਲ ਕੰਧਾਰ ਪੁਜਦਿਆਂ ਹੀ ਇਸ ਪਾਸੇ ਬਗਾਵਤ ਸ਼ੁਰੂ ਹੋ ਜਾਵੇਗੀ।’
ਇਹ ਗੁਰਬਚਨ ਸਿੰਘ ਸੰਧਾਵਾਲੀਆ ਦੀ ਇਕ ਚਿੱਠੀ ਸੀ ਤੇ ਉਸੇ ਵਕਤ ਦੂਜੀ ਚਿੱਠੀ ਪੰਜਾਬ ਦੇ ਗਵਰਨਰ ਜਨਰਲ ਨੂੰ ਲਿਖੀ;
‘...ਅਸੀਂ ਵਿਦੇਸ਼ੀ ਧਰਤੀ ਉਪਰ ਬੈਠੇ ਹਾਂ ਤੇ ਇਥੇ ਕਿਸੇ ਸਹਾਇਤਾ ਬਿਨਾਂ ਬਹੁਤ ਤਕਲੀਫ ਵਿਚ ਹਾਂ ਤੇ ਸਾਡੀ ਅਜਿਹੀ ਹਾਲਤ ਵਿਚ ਤੁਹਾਡੀ ਸਰਕਾਰ ਤੋਂ ਮਆਫੀ ਮੰਗਦੇ ਹਾਂ, ...ਸਾਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਅੰਦਰਲੀ ਇਨਸਾਨੀਅਤ ਤੇ ਚੰਗਿਆਈ ਸਾਨੂੰ ਇਕ ਵਾਰ ਫਿਰ ਪੰਜਾਬ ਦੀ ਅਜ਼ਾਦ ਧਰਤੀ ਉਪਰ ਵਸਣ ਦੀ ਇਜਾਜ਼ਤ ਦੇਵੇਗੀ।’
ਗੁਰਬਚਨ ਸਿੰਘ ਦਾ ਮੁਆਫੀਨਾਮੇ ਦੀ ਖ਼ਬਰ ਨੂੰ ਅੰਗਰੇਜ਼ ਪਸੰਦ ਤਾਂ ਕਰ ਰਹੇ ਸਨ ਪਰ ਇਸ ਦਾ ਉਹਨਾਂ ਉਪਰ ਕੋਈ ਅਸਰ ਨਹੀਂ ਸੀ। ਹੁਣ ਉਹਨਾਂ ਨੂੰ ਸੰਧਾਵਾਲੀਆ ਪਰਿਵਾਰ ਤੋਂ ਕੋਈ ਖਤਰਾ ਵੀ ਨਹੀਂ ਸੀ ਦਿਸ ਰਿਹਾ। ਸਰ ਚਾਰਲਸ ਐਟਚੀਸਨ ਨੇ ਸਲਾਹ ਦਿਤੀ ਕਿ ਉਹਨਾਂ ਨੂੰ ਵਾਪਸ ਆ ਲੈਣ ਦਿਓ ਪਰ ਕਰਨਲ ਹੈਂਡਰਸਨ ਗੁਰਬਚਨ ਸਿੰਘ ਨੂੰ ਕਿਸੇ ਤਰ੍ਹਾਂ ਵੀ ਮੁਆਫ ਕਰਨ ਦੇ ਹੱਕ ਵਿਚ ਨਹੀਂ ਸੀ। ਉਹ ਉਹਨਾਂ ਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਸੀ ਦੇਣਾ ਚਾਹੁੰਦਾ। ਅਖੀਰ ਸਰਕਾਰ ਨੇ ਗੁਰਬਚਨ ਸਿੰਘ ਦੇ ਮੁਆਫੀ ਨਾਮੇ ਦੇ ਜਵਾਬ ਵਿਚ ਕਿਹਾ ਕਿ ਜੇ ਉਹਨਾਂ ਨੇ ਪੰਜਾਬ ਆਉਣਾ ਹੈ ਤਾਂ ਆ ਸਕਦੇ ਹਨ ਪਰ ਉਹਨਾਂ ਦੀ ਸੁਰੱਖਿਆ ਦੀ ਕੋਈ ਜਿ਼ੰਮੇਵਾਰੀ ਨਹੀਂ ਲਈ ਜਾ ਸਕਦੀ।
ਗੁਰਬਚਨ ਸਿੰਘ ਨੇ ਮਹਾਂਰਾਜੇ ਨਾਲ ਸਬੰਧਿਤ ਸਾਰੇ ਕਾਗਜ਼-ਪੱਤਰ ਅੰਗਰੇਜ਼ਾਂ ਨੂੰ ਦੇ ਦਿਤੇ। ਇਹਨਾਂ ਵਿਚ ਕੁਝ ਅਜਿਹੇ ਵੀ ਸਨ ਜਿਹੜੇ ਟੈਵਿਸ ਦੇ ਹੱਥ ਨਹੀਂ ਸਨ ਲਗੇ। ਇਹ ਚਿੱਠੀਆਂ ਫਰਾਂਸ ਰਾਹੀਂ ਨਾ ਭੇਜ ਕੇ ਟਰਕੀ ਰਸਤੇ ਪਾਂਡੀਚਰੀ ਪੁੱਜੀਆਂ ਸਨ ਇਸ ਲਈ ਅੰਗਰੇਜ਼ਾਂ ਦੀ ਨਜ਼ਰ ਤੋਂ ਬਚੀਆਂ ਰਹਿ ਗਈਆਂ ਸਨ। ਇਕ ਚਿੱਠੀ ਤੋਂ ਇਹ ਪਤਾ ਚਲਦਾ ਸੀ ਕਿ ਕੋਈ ਰੂਸੀ ਅਫਸਰ ਪੰਜਾਬ ਦੇ ਹਾਲਾਤ ਦਾ ਜਾਇਜ਼ਾ ਲੈਣ ਜਾ ਰਿਹਾ ਸੀ। ਉਸ ਨੇ ਫਾਰਸੀ ਦਾ ਸਕੌਲਰ ਬਣ ਕੇ ਪੰਜਾਬ ਵਿਚ ਤੇ ਫਿਰ ਹਿੰਦੁਸਤਾਨ ਵਿਚ ਪੁੱਜਣਾ ਸੀ। ਇਸ ਚਿੱਠੀ ਨੇ ਇਕ ਵਾਰ ਫਿਰ ਬ੍ਰਤਾਨਵੀ ਸਰਕਾਰ ਨੂੰ ਫਿਕਰਾਂ ਵਿਚ ਪਾ ਦਿਤਾ। ਉਹ ਤਾਂ ਇਹੋ ਸੋਚੀ ਬੈਠੇ ਸਨ ਕਿ ਰੂਸੀ ਸਰਕਾਰ ਮਹਾਂਰਾਜੇ ਨੂੰ ਕੋਈ ਅਹਿਮੀਅਤ ਨਹੀਂ ਦੇ ਰਹੀ। ਮਹਾਂਰਾਜੇ ਨਾਲ ਜੁੜੇ ਲੋਕਾਂ ਦੀ ਫੜ-ਫੜਾਈ ਦੀਆਂ ਸਾਰੀਆਂ ਖ਼ਬਰਾਂ ਬ੍ਰਤਾਨਵੀ ਸਰਕਾਰ ਰੂਸੀ ਸਰਕਾਰ ਤਕ ਪੁਜਦੀ ਕਰਦੀ ਰਹੀ ਸੀ। ਕਾਰਨ ਇਹੋ ਸੀ ਕਿ ਰੂਸੀਆਂ ਨੂੰ ਪਤਾ ਲਗੇ ਕਿ ਮਹਾਂਰਾਜੇ ਦਾ ਹਿੰਦਸਤਾਨ ਵਿਚ ਹੁਣ ਕੋਈ ਅਧਾਰ ਨਹੀਂ ਰਿਹਾ।
ਪਾਂਡੀਚਰੀ ਤੋਂ ਮਿਲੀਆਂ ਇਹਨਾਂ ਚਿੱਠੀਆਂ ਵਿਚ ਮਹਾਂਰਾਜੇ ਦੀ ਇਕ ਉਹ ਚਿੱਠੀ ਵੀ ਸੀ ਜਿਹੜੀ ਉਸ ਨੇ ਪਹਿਲੀਆਂ ਵਿਚ ਰੂਸੀ ਸਫਾਰਤਖਾਨੇ ਜਾਣ ਵੇਲੇ ਲਿਖੀ ਸੀ ਕਿ ਪੈਰਿਸ ਵਿਚ ਬੈਠੇ ਰੂਸੀ ਮੰਤਰੀਆਂ ਨੂੰ ਇਕ ਲੱਖ ਪੌਂਡ ਰਿਸ਼ਵਤ ਦੇਣੀ ਪਵੇਗੀ ਤਾਂ ਜਾ ਕੇ ਉਹ ਮੈਨੂੰ ਰੂਸੀ ਸਰਕਾਰ ਨੂੰ ਮਿਲਣ ਦੇਣਗੇ। ਤੇ ਇਕ ਚਿੱਠੀ ਉਹ ਵੀ ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਰੂਸੀਆਂ ਲਈ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਕੱਢਣ ਦੇ ਪੈਂਤੀ ਲੱਖ ਪੌਂਡ ਦੇਣੇ ਹਨ ਤੇ ਇਹ ਰਕਮ ਨਿਜ਼ਾਮ, ਹੋਲਕਰ ਤੇ ਕਸ਼ਮੀਰ ਤੋਂ ਜਲਦੀ ਤੋਂ ਜਲਦੀ ਇਕੱਠੀ ਕੀਤੀ ਜਾਵੇ। ਇਸ ਚਿੱਠੀ ਵਿਚ ਇਹ ਵੀ ਕਿਹਾ ਹੋਇਆ ਸੀ ਕਿ ਰੂਸੀਆਂ ਨੂੰ ਸਿਰਫ ਪੈਸੇ ਦੀ ਪਰਵਾਹ ਹੈ, ਉਹਨਾਂ ਨੂੰ ਹਿੰਦੁਸਤਾਨੀਆਂ ਦੀ ਕੋਈ ਚਿੰਤਾ ਨਹੀਂ। ਅੰਗਰੇਜ਼ ਇਹਨਾਂ ਚਿੱਠੀਆਂ ਵਿਚਲੇ ਸੱਚ ਨੂੰ ਲੈ ਕੇ ਫਿਕਰਵੰਦ ਹੋਏ ਪਏ ਸਨ ਕਿ ਰੂਸੀ ਪੈਸੇ ਲੈ ਕੇ ਮਹਾਂਰਾਜੇ ਦੀ ਮੱਦਦ ਕਰਨ ਲਈ ਤਿਆਰ ਸਨ। ਬ੍ਰਤਾਨਵੀ ਸਰਕਾਰ ਨੇ ਰੂਸੀ ਸਰਕਾਰ ਨਾਲ ਸਿੱਧਾ ਸਬੰਧ ਕਾਇਮ ਕਰਦਿਆਂ ਬੇਨਤੀ ਕੀਤੀ ਸੀ ਕਿ ਮਹਾਂਰਾਜੇ ਨੂੰ ਅਣਗੌਲ ਦਿਤਾ ਜਾਵੇ ਪਰ ਇਹ ਚਿੱਠੀਆਂ ਕਹਿ ਰਹੀਆਂ ਸਨ ਕਿ ਮਹਾਂਰਾਜਾ ਕਿਸੇ ਹੱਦ ਤਕ ਚੰਗੀ ਤਰ੍ਹਾਂ ਗੌਲਿਆ ਜਾਂਦਾ ਰਿਹਾ ਸੀ।
ਕੁਝ ਹੋਰ ਪੁਰਾਣੀਆਂ ਚਿੱਠੀਆਂ ਵੀ ਸਨ ਜੋ ਕਿ ਮਖਾਈਲ ਕੈਟਕੌਫ ਤੇ ਜਰਨਲ ਬੋਗਡੈਨੋਵਿਚ ਦੇ ਦਲੀਪ ਸਿੰਘ ਨਾਲ ਗੂੜ੍ਹੇ ਸਬੰਧਾਂ ਦਾ ਸਬੂਤ ਸਨ, ਕੁਝ ਚਿੱਠੀਆਂ ਉਪਰ ਤਰੀਕਾਂ ਨਾ ਹੋਣ ਕਰਕੇ ਅੰਗਰੇਜ਼ ਸਰਕਾਰ ਲਈ ਸੋਚਣ ਦਾ ਕਾਰਨ ਬਣੀਆਂ ਹੋਈਆਂ ਸਨ। ਅੰਗਰੇਜ਼ ਅੰਦਾਜ਼ੇ ਲਗਾ ਰਹੇ ਸਨ ਕਿ ਜਨਰਲ ਬੋਗਡੈਨੋਵਿਚ ਦਾ ਪੈਰਿਸ ਆਉਣਾ ਜਾਣਾ ਹਾਲੇ ਵੀ ਜਾਰੀ ਹੈ ਤੇ ਇਸ ਦਾ ਮਤਲਵ ਕਿ ਲੜਾਈ ਦਾ ਖਤਰਾ ਹਾਲੇ ਟਲਿ਼ਆ ਨਹੀਂ ਸੀ। ਸੱਚ ਇਹ ਸੀ ਕਿ ਅੰਗਰੇਜ਼ ਐਵੇਂ ਹੀ ਡਰੀ ਜਾ ਰਹੇ ਸਨ। ਜਨਰਲ ਬੋਗਡੈਨੋਵਿਚ ਸਿਰਫ ਇਕ ਵਾਰ ਪੈਰਿਸ ਆਇਆ ਸੀ।
(ਨਾਵਲ ‘ਆਪਣਾ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346