ਗੱਲ ਰਹੀ ਤਕਰੀਰਾਂ ਤੀਕਰ
ਪਹੁੰਚੀ ਨਾ ਤਦਬੀਰਾਂ ਤੀਕਰ ।
ਤੇਰਾ ਮਹਿਲਾਂ ਨਾਲ ਯਰਾਨਾ
ਸਾਡੀ ਪਹੁੰਚ ਫਕੀਰਾਂ ਤੀਕਰ ।
ਬਿਨ ਰਿਸ਼ਵਤ ਦੇ ਕੰਮ ਨਾ ਹੋਵੇ
ਜਾਵੇ ਮਾਲ ਵਜੀਰਾਂ ਤੀਕਰ ।
ਤੂੰ ਪਾਵੇਂ ਮਖਮਲ ਦੇ ਵਸਤਰ
ਨਿਰਧਨ ਪਹਿਨਣ ਲੀਰਾਂ ਤੀਕਰ ।
ਸੱਚੇ ਇਸ਼ਕ ”ਚ ਰੁਲ਼ਨਾ ਪੈਂਦਾ
ਸੱਸੀ, ਸੋਹਣੀ, ਹੀਰਾਂ ਤੀਕਰ ।
ਮੈਂ, ਤਾਂ ਰੂਹ ਵਿਚ ਰਚਣਾ ਚਾਹੁੰਨਾਂ
ਤੇਰੀ ਲੋੜ ਸਰੀਰਾਂ ਤੀਕਰ ।
ਆਪਣੀ ਕਿਸਮਤ ਆਪ ਰਚਾਂ ਗੇ
ਮੱਥੇ ਦੀਆਂ ਲਕੀਰਾਂ ਤੀਕਰ ।
ਜੁਗ-ਪਲਟਣ ਦੀ,ਸੀਮਾ ਨਹੀਂ ਹੈ
ਨੇਜ਼ੇ, ਬਰਛੇ, ਤੀਰਾਂ ਤੀਕਰ ।
ਦਲਿਤਾਂ ਦਾ ਦੁੱਖ ਕੋਈ ਨਾ ਬੁੱਝੇ
ਭਗਤਾਂ, ਗੁਰੂਆਂ, ਪੀਰਾਂ,ਤੀਕਰ ।
ਬੁੱਲ੍ਹਾ ਮੁਰਸ਼ਦ ਦੇ ਦਰ ਪੁੱਜਾ
ਮਿਰਜ਼ਾ ਜੰਡ-ਕਰੀਰਾਂ ਤੀਕਰ ।
ਮਕਤਲ ਨੂੰ ਰਾਹ ਜਾਂਦਾ ਸਾਡਾ
ਨਿਭ”ਜੇ ਸਿਦਕ ਅਖੀਰਾਂ ਤੀਕਰ ।
................................................................................................
ਛੰਦ ਪਰਾਗੇ
...........................
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਗਹਿਣਾ
ਭਾਰਤਵਰਸ਼ ਦੇ ਲੋਕੋ ਜਾਗੋ ਕਦ ਤਕ ਸੁੱਤਿਆਂ ਰਹਿਣਾ ।
ਛੰਦ ਪਰਾਗੇ ਨਰਮ ਦਿਲਾਂ ਵਿਚ ਦੇਣੇ ਖ਼ੰਜਰ ਖੋਭ
ਬ੍ਰਾਹਮਣਵਾਦ ਨੇ ਦੇਣਾ ਭਾਰਤਵਰਸ਼ ਦਾ ਬੇੜਾ ਡੋਬ ।
ਛੰਦ ਪਰਾਗੇ ਆਈਏ ਜਾਈਏ ਗੱਲ੍ਹ ਸੁਣ ਮੇਰੀ ”ਜੱਗੂ” !
ਜਦੋਂ ਸ਼ਾਸਕਾਂ ਜੇਲੀਂ ਸੁੱਟੇ ਪਤਾ ਤੁਹਾਨੂੰ ਲੱਗੂ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਭਾਂਡਾ
ਪੁਲਟਸ ਬੰਨਣੀ ਪਊ ਪੁਲਸ ਨੇ ਜਦੋਂ ਚ੍ਹਾੜਿਆ ”ਫਾਂਡਾ” ।
ਛੰਦ ਪਰਾਗੇ ਮਚੇ ਕਿਉਂ ਨਾ ਦੇਸ਼ ”ਚ ਹਾਹਾਕਾਰ
ਕਰ ਕੇ ਝੂਠੇ ਪੁਲਸ ਟਾਕਰੇ, ਗੱਭਰੂ ਦਿੰਦੇ ਮਾਰ ।
ਛੰਦ ਪਰਾਗੇ ਨੇਤਾ ਲਾ ਰਹੇ ਲਾਰੇ ਉੱਤੇ ਲਾਰਾ
ਲੋਕਾਂ ਦਾ ਲਹੂ ਚੂਸ ਰਹੇ ਇਹ ਅੰਦਰਖਾਤੇ ਸਾਰਾ ।
ਛੰਦ ਪਰਾਗੇ ਲੋਕ ਲਹਿਰ ਬਿਨ ਹੋਂਣਾ ਨਹੀਂ ਛੁਟਕਾਰਾ
ਇਕਮੁੱਠ ਹੋ ਕੇ ਹੰਭਲਾ ਮਾਰੋ ਹੋਵੇ ਪਾਰ ਉਤਾਰਾ ।
ਛੰਦ ਪਰਾਗੇ ਬਿਨਾਂ ਅਰਥ ਦੇ ਸ਼ਬਦ ਹੋਂਣ ਸ਼ਰਮਿੰਦੇ
ਅਮਲਾਂ ਬਾਝੋਂ ਕਿਤੇ ਨਾ ਢੋਈ ਸੱਚ ਸਿਆਣੇ ਕਹਿੰਦੇ ।
ਛੰਦ ਪਰਾਗੇ ਤੇਰੀ ਮੇਰੀ ਨਿਭਣੀ ਨਹੀਓਂ ਯਾਰੀ
ਮੈਂ ਲੋਕਾਂ ਦਾ ਬੰਦਾ ਹਾਂ ਤੇ ਤੂੰ ਬੰਦਾ ਸਰਕਾਰੀ ।
ਲੋਕਾ ਜਾਗ ਬਈ ਓ.............!
.....................................................................................
-0- |