1-ਅਮਰ ਕਥਾ (ਯਾਤਰਾ
ਪ੍ਰਸੰਗ)
ਛੁੱਟੀਆਂ ਵਾਲਾ ਜੂਨ ਮਹੀਨਾਂ ਅੱਧੇ ਤੋਂ ਵੱਧ ਲੰਘ ਗਿਆ ਸੀ। ਬੜੀਆਂ ਵਿਊਂਤਾਂ ਘੜੀਆਂ ਸੀ
ਮੈਂ ਇਹਦੇ ਬਾਰੇ ‘ਬਈ ਇਸ ਵਾਰ ਕਿਸੇ ਅਜਿਹੇ ਪਹਾੜੀ ਸਥਾਨ ਤੇ ਜਾਣੈ ਜਿੱਥੇ ਪਹਿਲਾਂ ਕਦੇ
ਨਹੀਂ ਗਿਆ। ਨਾਲ ਇੱਕ ਆਪਣਾ ਦੂਰ ਤੱਕ ਪੈਰੀਂ ਚੱਲ ਕੇ ਪਹਾੜ ਦੀ ਚੜ੍ਹਾਈ ਚੜ੍ਹਣ ਦਾ ਝੱਸ ਵੀ
ਪੂਰਾ ਕਰਨੈ। ਹਾਂ! ਟਰੈਕਿੰਗ ਕਰਨ ਦਾ....’ ਸਕੂਲ ਦੇ ਸਟਾਫ਼ ਵਿਚਕਾਰ ਵੀ ਹੋਈਆਂ ਸੀ
ਸਲਾਹਾਂ। ਪਰ ਸਾਰੇ ਜਣੇ ਜਿੱਥੇ ਜਾਣ ਤੇ ਜਿਵੇਂ ਰਹਿਣ ਦੀ ਵਿਊਂਤ ਬਣਾਉਂਦੇ ਸੀ ਉਹਦੇ ਵਿੱਚ
ਸੈਰ ਸਪਾਟੇ ਦੇ ਪਹਾੜੀ ਸ਼ਹਿਰਾਂ, ਤੇ ਉੱਥੋਂ ਦੇ ਹੋਟਲਾਂ ਦੇ ਪੈਕੇਜਾਂ, ਸਰਕਾਰੀ ਜਾਂ
ਵਿੱਦਿਅਕ ਸੰਸਥਾਵਾਂ ਦੇ ਰੈਸਟ ਹਾਊਸਾਂ ਵਿੱਚ ਰਿਹਾਇਸ਼ ਦੀ ਬੁਕਿੰਗ ਲਈ ਸਿਫ਼ਾਰਿਸ਼ਾਂ,
ਟੂਰਿਸਟ ਮਿੰਨੀ ਬੱਸਾਂ ਤੇ ‘ਖਾਣ ਪੀਣ ਦੀ ਸਮੱਗਰੀ’ ਆਦਿ ਸੁਵਿਧਾਵਾਂ ਅਤੇ ਇਸ ਸਭ ਤੇ ਆਉਣ
ਵਾਲੇ ਖਰਚੇ ਦਾ ਜਿ਼ਕਰ ਵਧੇਰੇ ਸੀ। ਇਸ ਵਿੱਚ ਟਰੈਕਿੰਗ ਕਰਨ ਜਿਹਾ ‘ਜ਼ੋਖਿਮ ਲੈਣ’ ਦਾ, ਇੱਕ
ਦੋ ਜਣਿਆਂ ਨੂੰ ਛੱਡ ਕੇ ਕੋਈ ਉਤਸ਼ਾਹ ਨਾਲ, ਬਹੁਤਾ ਨਾਂ ਨਹੀਂ ਸੀ ਲੈ ਰਿਹਾ।
ਜਿੱਥੋਂ ਤੱਕ ਮੇਰਾ ਸਵਾਲ ਹੈ, ਕਿਸੇ ਸੈਰ ਸਪਾਟੇ ਰਾਹੀਂ ਨਿਰੀ ਐਸ਼ਪ੍ਰਸਤੀ ਦਾ ਵਿਚਾਰ
ਮੈਨੂੰ ਕਦੇ ਟੁੰਬ ਨਹੀਂ ਸਕਿਆ ਤੇ ਜਦੋਂ ਵੀ ਮੈਨੂੰ ਕਦੇ ਦੁਨੀਆਂ ਨੂੰ ਮੁਸਾਫ਼ਰਾਂ ਦੀ
ਤਰ੍ਹਾਂ ਘੁੰਮ ਫਿਰ ਕੇ ਵੇਖਣ ਦਾ ਖਿਆਲ ਆਉਂਦਾ ਹੈ ਤਾਂ ਇਹਦੇ ਵਿੱਚ ਸਾਰਥਕਤਾ ਦੀ ਦਲੀਲ
ਜੋੜਣ ਲਈ ਅਕਸਰ ਹੀ ਮੈਂ ਮੈਕਸਿਮ ਗੋਰਕੀ ਦੀ ਕਹਾਣੀ ‘ਮਕਰ ਚੁਦਰਾ’ ਦੇ ਉਸ ਮੂਕ ਪਾਤਰ ਨੂੰ,
ਯਾਦ ਕਰਦਾ ਹਾਂ, ਜਿਸਨੂੰ ‘ਮਕਰ’, ਟੱਪਰੀਵਾਸ ਜ਼ੋਬਾਰ ਅਤੇ ਰਾਦਾ ਦੀ ਪ੍ਰੇਮ ਕਹਾਣੀ ਸੁਣਾ
ਕੇ ਅੰਤ ਵਿੱਚ ਸਦਾ ਚਲਦੇ ਰਹਿਣ, ਕਿਤੇ ਵੀ ਨਾ ਰੁਕਣ, ਇਸ ਤਰ੍ਹਾਂ ਜੀਵਨ ਦੇ ਸਫ਼ਰ ਵਿੱਚੋਂ
ਸਦਾ ਕੁਝ ਨਾ ਕੁਝ ਸਿੱਖਦੇ ਰਹਿਣ ਅਤੇ ਕਿਸੇ ਜੀਵੰਤ ਅਮਲ ਵਿੱਚ ਪਏ ਰਹਿਣ ਦੀ ਪ੍ਰੇਰਨਾ
ਦਿੰਦਾ ਹੈ।...
ਖੈਰ! ਇਹ ਗੱਲਾਂ ਕਦੇ ਫੇਰ ਸਹੀ। ..ਤਾਂ 22 ਜੂਨ 2009 ਦਾ ਦਿਹਾੜਾ ਆਉਂਦੇ-ਆਉਂਦੇ ਸਾਡਾ
ਚਾਰ ਬੇਲੀਆਂ ਦਾ ਇੱਕ ਵਿਚਾਰ ਬਣ ਹੀ ਗਿਆ। ਸਾਡੇ ਵਿੱਚੋਂ ਇੱਕ ਘੁੰਮਣ ਫਿਰਨ ਤੇ ਮੌਜ ਕਰਨ
ਦਾ ਸ਼ੌਕੀਨ, ਮੇਰਾ ਮਿੱਤਰ ਵਰਿੰਦਰ ਪਟੇਲ ਸੀ, ਦੂਜਾ ਆਪਣੇ ਕਾਲਜ ਸਮੇਂ ਦੌਰਾਨ ਕਰੌਸ ਕੰਟਰੀ
ਤੇ ਹੋਰ ਲੰਬੀਆਂ ਦੌੜਾਂ ਦਾ ਖਿਡਾਰੀ ਰਿਹਾ ਕੁਲਦੇਵ ਸਿੰਘ, ਤੀਜਾ ਮੇਰਾ ਮਾਣਕਮਾਜਰੇ ਸਕੂਲ
ਦਾ ਸਾਥੀ ਅਤੇ ਮੇਰਾ ਗੁਆਂਢੀ ਜਗਜੀਤ ਸਿੰਘ, ਜਿਹੜਾ ਕਿਸੇ ਡੈੱਕ ਤੇ ਚਲਦੀ ਨਾਨ ਸਟਾਪ ਕਮੇਡੀ
ਡਿਸਕ ਵਾਂਗ ਆਪਣੀ ਸਦਾ ਚਲਦੀ ਰਹਿਣ ਵਾਲੀ ਜ਼ੁਬਾਨ ਕਰਕੇ ਸਾਡੇ ਵਿਚਕਾਰ ਖਾਸਾ ਪ੍ਰਸਿੱਧ ਹੈ।
ਪੰਜਵਾਂ ਸਾਡਾ ਸਾਰਿਆਂ ਦਾ ਬੇਲੀ ਹੋ ਨਿੱਬੜਿਆ ਮੇਰਾ ਸਪੁੱਤਰ ਪ੍ਰਭਜੋਤ। ਜੀਹਨੂੰ ਜੇ ਅਸੀਂ
ਨਾਲ ਨਾ ਲੈ ਕੇ ਜਾਂਦੇ ਤਾਂ ਸਾਡੇ ਵਿੱਚ ਯਾਤਰਾ ਦੌਰਾਨ ‘ਮਾਪਿਆਂ ਵਾਲੀ ਜਿ਼ੰਮੇਵਾਰੀ’ ਓ
ਗਾਇਬ ਰਹਿਣੀ ਸੀ... ਸੰਭਵ ਸੀ ਕਿ ਅਸੀਂ ਉਸਦੀ ਗੈਰਹਾਜ਼ਰੀ ਵਿੱਚ ਯਾਤਰਾ ਦੀ ਬਜਾਏ ਸੈਰ
ਸਪਾਟਾ ਕਰਕੇ ਹੀ ਮੁੜ ਆਉਂਦੇ।
ਮੈਂ ਕੁਝ ਦਿਨ ਅਗਾਊਂ ਹੀ ਪੰਜਾਂ ਜਣਿਆਂ ਦੀ ਅਮਨਾਥ ਯਾਤਰਾ ਲਈ ਆਨਲਾਈਨ ਰਜਿਸਟਰੇਸ਼ਨ ਕਰਵਾ
ਦਿੱਤੀ ਸੀ। ਸੁਣਿਆਂ ਸੀ ਕਿ ਇਸ ਤੋਂ ਬਿਨਾਂ ਇਸ ਯਾਤਰਾ ਲਈ ਬੇਸ ਕੈਂਪਾਂ ਤੋਂ ਕਿਸੇ ਨੂੰ
ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਇਸ ਨਾਲ ਸਬੰਧਤ ਵੈਬ ਸਾਈਟਸ ਦੀ ਫੋਲਾ ਫਾਲੀ ਤੋਂ ਪਤਾ
ਲੱਗਿਆ ਸੀ ਕਿ ਇਸ ਯਾਤਰਾ ਦੌਰਾਨ ਕੀ ਕੀ ਦਿੱਕਤਾਂ ਅਤੇ ਜ਼ੋਖਿਮਾਂ ਦਾ ਸਾਹਮਣਾ ਕਰਨਾ ਪੈ
ਸਕਦਾ ਹੈ। ਤੇ ਅੰਤ 22 ਜੂਨ 2009 ਨੂੰ ਇਸ ਨਾਲ ਜੁੜੀਆਂ ਸੰਭਵ ਤਿਆਰੀਆਂ ਕਰਕੇ ਸਵੇਰੇ
ਸਵੇਰੇ 5 ਕੁ ਵਜੇ ਅਸੀਂ ਜੰਮੂ-ਕਸ਼ਮੀਰ ਵੱਲ ਚੱਲ ਪਏ।
ਇਸ ‘ਟੂਰ ਪ੍ਰੋਗਰਾਮ ਦੇ ਮਾਮਲੇ’ ਵਿੱਚ ਉਕਤ ਸਾਥੀਆਂ ਤੋਂ ਛੁੱਟ ਕਿਸੇ ਨਾਲ ਸਲਾਹ ਨਾ ਰਲ਼ਣ
ਦਾ ਇੱਕ ਕਾਰਨ ਇਹ ਵੀ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਜੰਮੂ ਕਸ਼ਮੀਰ ਦੇ ਅਨਿਸਚਿਤਤਾ ਭਰੇ
ਹਾਲਾਤ ਸਾਡੇ ਪਰਿਵਾਰਾਂ ਵਿੱਚ ਉੱਥੇ ਜਾਣ ਦੀ ਸਹਿਮਤੀ ਹੀ ਨਹੀਂ ਬਣਨ ਦਿੰਦੇ। ਹਾਂ ਇਹ ਠੀਕ
ਹੈ ਕਿ ਹਰ ਸਾਲ ਬਹੁਤ ਸਾਰੇ ਲੋਕ ਅਮਰਨਾਥ ਯਾਤਰਾ ਉੱਪਰ ਜਾਂਦੇ ਹਨ। ਪ੍ਰੰਤੂ ਉਹਨਾਂ ਵਿੱਚੋਂ
ਬਹੁਤਿਆਂ ਵਿੱਚ ਉਹੋ ਜਿਹਾ ਆਪਹੁਦਰਾਪਨ ਵੀ ਤਾਂ ਦੇਖਣ ਨੂੰ ਨਹੀਂ ਮਿਲਦਾ ਜੀਹਦੀ ਵਿਊਂਤ
ਅਸੀਂ ਘੜੀ ਹੋਈ ਸੀ!
ਅਸੀਂ ਆਪਣੀ ‘ਨਿਜੀ ਸੁਵਿਧਾ’ ਅਤੇ ਅਮਰਨਾਥ ਯਾਤਰਾ ਦੇ ਨਾਲ-ਨਾਲ ਜੰਮੂ ਕਸ਼ਮੀਰ ਦੇ ਹੋਰ
ਸਥਾਨਾਂ ‘ਤੇ ਜਾਣ ਦੀ ਖੁੱਲ੍ਹ ਅਤੇ ਹੋਰ ਮਨਮਾਨੀਆਂ ਖਾਤਰ ਆਪਣੀ ਕਾਰ ਤੇ ਜਾਣ ਨੂੰ ਤਰਜੀਹ
ਦਿੱਤੀ ਸੀ, ਜਦੋਂ ਕਿ ਬਹੁਤੇ ਲੋਕ ਅਮਰਨਾਥ ਯਾਤਰਾ ਦੇ ਮਾਰਗਾਂ ਵਿੱਚ ਲੱਗਣ ਵਾਲੇ ਭੰਡਾਰਿਆਂ
ਲਈ ਵਰਤੇ ਜਾਣ ਵਾਲੇ ਟਰੱਕਾਂ ਜਾਂ ਯਾਤਰਾ ਪੈਕੇਜ ਨਾਲ ਜੁੜੀ ਬੱਸ ਸਰਵਿਸ ਦਾ ਇਸਤੇਮਾਲ ਕਰਦੇ
ਹਨ। ਇਹਦੇ ਨਾਲ ਖਿਆਲ ਕੀਤਾ ਜਾਂਦਾ ਰਿਹਾ ਹੈ ਕਿ ਸੁਰੱਖਿਆ ਤੇ ਅਜਿਹੇ ਹੀ ਹੋਰ ਮਾਮਲਿਆਂ
ਵਿੱਚ ਆਉਣ ਵਾਲੀਆਂ ਦਿੱਕਤਾਂ ਘਟ ਜਾਂਦੀਆਂ ਹਨ। ਦੂਜੇ ਪਾਸੇ ਆਪਣੇ ਸਾਧਨਾਂ ਰਾਹੀਂ ਜਾਣ
ਵਾਲੇ ਆਪਣੀ ਹੋਣੀ ਲਈ ਖੁਦ ਜਿ਼ੰਮੇਵਾਰ ਹੁੰਦੇ ਹਨ। ਰਾਹ ਵਿੱਚ ਜੰਮੂ ਕਸ਼ਮੀਰ ਪੁਲਿਸ ਅਤੇ
ਮਿਲਟਰੀ ਦੇ ਨਾਕਿਆਂ ਉੱਤੇ ਤੰਗ ਪਰੇਸ਼ਾਨ ਹੁੰਦੇ ਹਨ ਤੇ ਇਹ ਆਮ ਪ੍ਰਚਾਰ ਹੈ ਕਿ ਅਜਿਹੇ
‘ਆਪਹੁਦਰੇ ਲੋਕ’, ਅਪਹਰਨ, ਲੁੱਟ ਖੋਹ ਅਤੇ ਅਜਿਹੇ ਹੀ ਹੋਰ ਕਈ ਪ੍ਰਕਾਰ ਦੇ ਹਾਦਸਿਆਂ ਲਈ
ਆਪਣੇ ਆਪ ਨੂੰ ਪਰੋਸਣ ਦੀ ਭੁੱਲ ਕਰਦੇ ਹਨ।
ਉਂਝ ਕਈ ਵਾਰ ਸੋਚੀਦਾ ਹੈ ਕਿ ਇਹ ਅਨਿਸਚਿਤਤਾ ਤਾਂ ਇਸ ਯੁੱਗ ਦਾ ਇੱਕ ਸਰਬ ਵਿਆਪਕ ਵਰਤਾਰਾ
ਹੈ। ਨਹੀਂ ਤਾਂ ਕੋਈ ਦੱਸੇ ਕਿ ਅਜੋਕੇ ਜਗਤ ਵਿੱਚ ਕਿਹੜੀ ਥਾਂ ਹੈ ਜਿੱਥੇ ਅਨਿਸਚਿਤਤਾ ਨਾਮ
ਦੀ ਚੀਜ਼ ਭੋਰਾ ਵੀ ਨਹੀਂ। ਤਾਂ ਫਿਰ ਕੀ ਕਸ਼ਮੀਰ ਦੇ ਮਾਮਲੇ ਵਿੱਚ ਫ਼ਰਕ ਸਿਰਫ਼ ਏਨਾ ਕੁ ਹੀ
ਹੈ ਕਿ ਉੱਥੇ ਇਸਨੂੰ ਅੱਤਵਾਦ ਦਾ ਡਰਾਉਣਾ ਨਾਂ ਮਿਲਿਆ ਹੋਇਆ ਹੈ?....
.....ਜੰਮੂ ਲੰਘ ਕੇ ਥੋੜੀ ਥੋੜੀ ਦੂਰੀ ਉੱਪਰ ਪਹਾੜਾਂ ਵਿੱਚ ਮੋਰਚੇ ਲਾਈ ਬੈਠੇ ਫੌਜੀਆਂ ਨੂੰ
ਵੇਖ ਕੇ ਆਪਣੇ ਉਧਾਲੇ ਜਾਣ ਦੇ ਖ਼ਤਰੇ ਦੀ ਇਹੋ ਅਨਿਸਚਿਤਤਾ ਦਾ ਖਿ਼ਆਲ ਆਇਆ ਸੀ... ਪਰ ਹੁਣ
ਸੋਚਕੇ ਮੁਸਕਰਾ ਪੈਂਦਾ ਹਾਂ ਕਿ ਇਹ ਖਿ਼ਆਲ ਮੈਨੂੰ ਕਲਪਨਾ-ਕਲਪਨਾ ਵਿੱਚ ਕਸ਼ਮੀਰ ਦੇ
ਅਤਿਵਾਦੀਆਂ ਦੀ ਕਿਸੇ ਔਝੜ ਰਾਹੇ ਬਣੀ ਕਿਸੇ ਛੁਪਣਗਾਹ ਵਿੱਚ ਚੁੱਕ ਕੇ ਲੈ ਗਿਆ ਸੀ। ਤੇ
ਉੱਥੇ ਰੱਸੀਆਂ ਨਾਲ ਨੂੜਿਆ ਹੋਇਆ ਮੈਂ, ਉਹਨਾਂ ਨੂੰ ਆਪਣੇ ਇਸਲਾਮਕ ਮੂਲਵਾਦ ਦੇ ਮਾਰਗਾਂ ਨੂੰ
ਤੱਜ ਦੇਣ ਅਤੇ ਇੱਕ ਸਰਬ ਸਾਂਝੇ ‘ਸਮੁੱਚੀ ਕਸ਼ਮੀਰੀ ਕੌਮ ਦੀ ਸੁਤੰਤਰ ਹੋਂਦ ਅਤੇ ਇੱਕਜੁਟਤਾ
ਦੇ ਸੰਘਰਸ਼’ ਵੱਲ ਆਉਣ ਲਈ ਪ੍ਰੇਰਨਾ ਦੇ ਰਿਹਾ ਸੀ, ਜਿਸ ਵਿੱਚੋਂ ਵੱਖਵਾਦ ਅਤੇ ਧਾਰਮਿਕ
ਕੱਟੜਤਾ ਦੀ ਬੋ ਆਉਣ ਦੀ ਬਜਾਏ ਵਿਸ਼ਵ ਦੀਆਂ ਦੂਜੀਆਂ ਕੌਮਾਂ ਤੇ ਸਭਨਾ ਧਰਮਾਂ ਪ੍ਰਤੀ
ਸਦਭਾਵਨਾ ਤੇ ਸਰਹੱਦਾਂ ਦੇ ਆਰ ਪਾਰ ਦੀ ਏਕਤਾ ਦੀ ਮਹਿਕ ਹੀ ਆਉਂਦੀ ਹੋਵੇ।
‘ਮੈਂ ਉਹਨਾਂ ਨੂੰ ਪੁੱਛ ਰਿਹਾ ਸੀ’ ਕਿ ਤੁਸੀਂ ਕਸ਼ਮੀਰ ਅਤੇ ਕਸ਼ਮੀਰੀਅਤ ਤੋਂ ਕੀ ਅਰਥ
ਕੱਢਦੇ ਹੋ? ਕੀ ਤੁਸੀਂ ਸਮਝਦੇ ਹੋ ਕਿ ਕਸ਼ਮੀਰੀ ਹੋਣ ਦੇ ਅਰਥ ਮੁਸਲਮਾਨ ਹੋਣ ਤੱਕ ਸੀਮਤ ਹਨ
ਜਾਂ ਦੂਜੇ ਪਾਸੇ ਕੀ ਤੁਸੀਂ ਇਸ ਗੱਲ ਨੂੰ ਪ੍ਰਵਾਨ ਕਰ ਸਕਦੇ ਹੋ ਕਿ ਮੁਸਲਮਾਨ ਹੋਣ ਦਾ ਅਰਥ
ਜ਼ਰੂਰ ਹੀ ਅੱਤਵਾਦੀ ਹੋਣਾ ਹੁੰਦਾ ਹੈ ਤੇ ਕੀ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਕਸ਼ਮੀਰ ਦੇ
ਹੋਰ ਬਾਸਿ਼ੰਦਿਆਂ, ਜਿਨ੍ਹਾਂ ਵਿੱਚ ਹਿੰਦੂ ਸਿੱਖ ਅਤੇ ਲੇਹ ਲਦਾਖ ਦੇ ਤਿੱਬਤੀ ਮੂਲ ਵਾਲੇ
ਬੋਧੀ ਵੀ ਸ਼ਾਮਲ ਹਨ, ਨੂੰ ਕਸ਼ਮੀਰੀ ਭਾਈਚਾਰੇ ਵਿੱਚੋਂ ਬੇਦਖ਼ਲ ਕਰ ਕੇ ਵਿਚਾਰਿਆ ਜਾਵੇ ਅਤੇ
ਕੀ ਤੁਹਾਡੀ ਉਹਨਾਂ ਸਾਰਿਆਂ ਨਾਲ ਕੋਈ ਵੀ ਇਤਿਹਾਸਕ, ਸਭਿਆਚਾਰਕ, ਆਰਥਿਕ ਅਤੇ ਘੱਟ ਤੋਂ ਘੱਟ
ਭਾਸ਼ਾ ਦੀ ਸਾਂਝ ਨਹੀਂ ਹੈ। .....’
....‘ਇਹ’ ਤੁੰਨ ਕੇ ਰੱਖਦੇ ਨੇ ‘ਉਹਨਾਂ ਨੂੰ’, ਤਾਂ ਹੀ ਆਪਣੇ ਅਰਗਿਆ ਦੀ ਹਿੰਮਤ ਪੈਂਦੀ ਐ
ਐਥੇ ਪੈਰ ਧਰਨ ਦੀ ਨਹੀਂ ਤਾਂ...!’ ਮੋਰਚੇ ‘ਚ ਆਪਣੀ ਐਲ. ਐਮ. ਜੀ. ਦੀ ਸਿ਼ਸਤ ਤਾਣੀ ਬੈਠੇ
ਤੇ ਇੱਕ ਟੱਕ ਸੜ੍ਹਕ ਵੱਲ ਕਿਸੇ ਰੋਬੋਟ ਵਾਂਗ ਅੱਖਾਂ ਗੱਡੀ ਤੱਕ ਰਹੇ, ਫੌਜੀ ਵੱਲ ਇਸ਼ਾਰਾ
ਕਰਦਿਆਂ, ਸਾਡੇ ਨਾਲ ਕਾਰ ਵਿੱਚ ਬੈਠਿਆਂ ‘ਚੋਂ ਕਿਸੇ ਨੇ ਉਭਾਸਰ ਕੇ ਏਦਾਂ ਕਹਿ ਛੱਡਿਆ ਤਾਂ
ਮੇਰੇ ਖਿਆਲਾਂ ਵਿੱਚ ਉੱਭਰਦੀਆਂ ਤਸਵੀਰਾਂ ਨੇ ਪਲਟਾ ਖਾਧਾ- ‘ਉਹਨਾਂ ਦੀ ਆਪਣੇ ਨਾਲ ਕੀ
ਦੁਸ਼ਮਣੀ ਹੋ ਸਕਦੀ ਐ ਭਲਾ!’ ਕਹਿੰਦਿਆਂ ਕਾਰ ਚਲਾਉਂਦਿਆਂ ਅਤੇ ਸੋਚਦਿਆਂ-ਸੋਚਦਿਆਂ ਹੁਣ ਮੈਂ
ਆਪਣੇ ਆਪ ਨੂੰ, ਮਿਲਟਰੀ ਫੋਰਸਿਜ਼ ਜਾਂ ਪੁਲਿਸ ਦੀ ਗ੍ਰਿਫ਼ਤ ਵਿੱਚ ਕਿਸੇ ਇੰਟੈਰੋਗੇਸ਼ਨ ਰੂਮ
ਵਿੱਚ ਬੈਠਾ ਪਾਇਆ ਸੀ, ਜਿੱਥੇ ਆਪਣੇ ਸਿਰ ਤੇ ਜਗਦੇ ਕਿਸੇ ਤੇਜ਼ ਰੌਸ਼ਨੀ ਵਾਲੇ ਲੈਂਪ ਥੱਲੇ
ਕੋਈ ਫੌਜ ਜਾਂ ਪੁਲਿਸ ਦਾ ਕੋਈ ਅਫ਼ਸਰ ਮੇਰੇ ਤੋਂ, ‘ਮੇਰੇ ਬਾਰੇ ਵਿੱਚ ਉਹਨੂੰ ਮਿਲੀ,
ਕਸ਼ਮੀਰੀ ਖਾੜਕੂਆਂ ਨਾਲ ਮੇਰਾ ਕੋਈ ਸੰਪਰਕ ਹੋਣ ਸਬੰਧੀ, ਕਿਸੇ ਖੂਫ਼ੀਆ ਰਿਪੋਰਟ ਦੇ ਸੰਦਰਭ
ਵਿੱਚ’, ਪੁੱਛ ਪੜਤਾਲ ਕਰ ਰਿਹਾ ਸੀ।....
ਤੇ ਖਿ਼ਆਲਾਂ ਹੀ ਖਿ਼ਆਲਾਂ ਵਿਚ ‘ਮੈਂ ਉਹਨੂੰ ਕਹਿ ਰਿਹਾ ਸੀ’ – “ਸਰ ਜੀ! ਤੁਸੀਂ ਅਮਨ ਅਤੇ
ਕਾਨੂੰਨ ਦੀ ਸਥਾਪਤੀ ਏਦਾਂ ਨਹੀਂ ਕਰ ਸਕਦੇ। ਇਹਦੇ ਲਈ ਸ਼ਸਤਰਾਂ ਨਾਲੋਂ ਕਸ਼ਮੀਰੀ ਲੋਕਾਂ ਦੀ
ਰੂਹ ਵਿੱਚ ਅਪਣੱਤ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਵਿਕਸਿਤ ਕਰਨ ਲਈ ਚੁੱਕੇ ਜਾਣ ਵਾਲੇ ਕੁਝ
ਠੋਸ ਕਦਮ ਵਧੇਰੇ ਕਾਰਗਰ ਸਾਬਤ ਹੋਣਗੇ। ਹਾਂ ਮੈਂ ਮੰਨਦਾ ਹਾਂ ਕਿ ਹਥਿਆਰਬੰਦ ਸੰਘਰਸ਼ਾਂ ਤੇ
ਜੰਗਾਂ ਵਿੱਚ ਤੁਹਾਡੇ ਬਹੁਤ ਸਾਰੇ ਜਵਾਨ ਸ਼ਹੀਦ ਹੋ ਚੁੱਕੇ ਹਨ। ਪਰ ਤੁਸੀਂ ਦੱਸੋ ਕਿ ਏਨੀਆਂ
‘ਕੁਰਬਾਨੀਆਂ’ ਦੇ ਬਾਅਦ ਵੀ ਸ਼ਾਂਤੀ ਦੀ ਬਹਾਲੀ ਕਿਉਂ ਨਹੀਂ ਹੋ ਸਕੀ। ਕੀ ਕਿਤੇ ਇਸਦਾ ਕਾਰਨ
ਇਹ ਤਾਂ ਨਹੀਂ ਕਿ ਜੰਗਾਂ ਅਤੇ ਸਸ਼ਤਰ ਸੰਘਰਸ਼ਾਂ ਦੇ ਸਮੁੱਚੇ ਕ੍ਰਮ ਵਿੱਚ ਫਸੇ ਹੋਏ ਅਸੀਂ,
ਕਸ਼ਮੀਰੀ ਲੋਕਾਂ ਵਿੱਚ ਭਾਰਤੀ ਗਣਰਾਜ ਨਾਲ ਸਾਂਝ ਤੇ ਲਗਾਓ ਦੇ ਭਾਵ ਜਗਾਉਣ ‘ਚ ਨਾਕਾਮਯਾਬ
ਰਹੇ ਹਾਂ?....’
ਅਜਿਹੇ ਹੀ ਹੋਰ ਖਿ਼ਆਲਾਂ ਵਿੱਚ ਗੜੂੰਦ ਮੈਂ ਕਾਰ ਡਰਾਈਵ ਕਰਦਾ ਰਿਹਾ। ਕੁਲਦੇਵ, ਜਗਜੀਤ ਅਤੇ
ਵਰਿੰਦਰ ਵਿਚਕਾਰ ਹੁੰਦੀ ਚਰਚਾ ਵਿੱਚ ਕਿਤੇ ਕਿਤੇ ਮੈਂ ਸ਼ਾਮਲ ਹੋ ਜਾਂਦਾ ਤੇ ਇਸੇ ਤਰ੍ਹਾਂ
ਸ਼ਾਮ ਛੇ ਕੁ ਵਜੇ ਅਸੀਂ ਜਵਾਹਰ ਟਨਲ ਪਾਰ ਕਰ ਗਏ। ਇਸਤੋਂ ਪਹਿਲਾਂ ਸਾਨੂੰ ਕਈ ਥਾਈਂ ਰੋਕਿਆ
ਗਿਆ। ਸਾਡੀ ਅਮਰਨਾਥ ਯਾਤਰਾ ਖਾਤਰ ਰਜਿਸਟਰੇਸ਼ਨ ਚੈੱਕ ਕੀਤੀ ਗਈ, ਕਾਰ ਦੀਆਂ ਸੀਟਾਂ ਥੱਲੇ
ਮੈਟਲ ਡਿਟੈਕਟਰ ਫੇਰੇ ਗਏ, ਕਾਰ ਦੀ ਡਿੱਗੀ ਖੁਲ੍ਹਾਕੇ ਤਲਾਸ਼ੀ ਲਈ ਗਈ ਤੇ ਸਾਡੇ ਸਫ਼ਰੀ ਬੈਗ
ਫੋਲੇ ਗਏ। ਹਰ ਵਾਰ ਕਸ਼ਮੀਰ ਦੇ ਹਾਲਾਤ ਸਾਜ਼ਗਾਰ ਨਾ ਹੋਣ ਸਬੰਧੀ ਦਹਿਸ਼ਤੀ ਅਹਿਸਾਸ, ਫੌਜ
ਦੀ ਸੰਘਣੀ ਤੋਂ ਸੰਘਣੀ ਹੁੰਦੀ ਜਾ ਰਹੀ ਤੈਨਾਤੀ ਦੇ ਸਮਵਿੱਥ ਹੋਰ ਵੀ ਗੂਹੜੇ ਹੁੰਦੇ ਗਏ।
ਪਰ ਜਵਾਹਰ ਟਨਲ ਪਾਰ ਕਰਕੇ ਪ੍ਰਕਿਰਤੀ ਦਾ ਜੋ ਦ੍ਰਿਸ਼ ਵੇਖਿਆ ਉਹ ਇੱਕ ਵਾਰ ਤਾਂ ਅੱਖਾਂ ਦੇ
ਨਾਲ ਨਾਲ ਮਨਾਂ ਨੂੰ ਵੀ ਠੰਡ ਪਹੁੰਚਾਉਣ ਵਾਲਾ ਜਾਪਿਆ ਸੀ। ਪਰ ਥੋੜ੍ਹਾ ਅੱਗੇ ਗਏ ਤਾਂ ਰਾਹ
ਦੇ ਨਾਲ-ਨਾਲ ਜੰਗਲ ਦੇ ਰੰਗਾਂ ਨਾਲ ਇੱਕ ਮਿੱਕ ਹੋ ਜਾਣ ਵਾਲੀਆਂ ਵਰਦੀਆਂ ਪਾਈ, ਭਾਰਤੀ ਫੌਜ
ਦੇ ਜਵਾਨ, ਹਥਿਆਰਾਂ, ਬੁਲਿਟ ਪਰੂਫ਼ ਜਾਕਟਾਂ, ਹੈਲਮਟ ਅਤੇ ਜਾਲੀਦਾਰ ਟੋਪਾਂ ਨਾਲ ਲੈਸ,
ਆਪਣੇ ਟਰੁੱਪਾਂ ਵਿੱਚ ਗਸ਼ਤ ਕਰਦੇ ਦੇਖੇ। ਇਹ ਸਭ ਦੇਖ ਕੇ ਪ੍ਰਕਿਰਤੀ ਦੀ ਸੁੰਦਰਤਾ ਦਾ
ਮਹਿਸੂਸ ਕੀਤਾ ਪ੍ਰਭਾਵ ਮੰਦ ਪੈਣ ਲੱਗਾ। ਉਹ ਆਪਣੇ ਹੱਥ ਵਿੱਚ ਮਾਈਨ ਡਿਟੈਕਟਰਾਂ ਦੀਆਂ ਛੜਾਂ
ਚੁੱਕੀ ਫਿਰਦੇ ਸਨ ਅਤੇ ਲਗਾਤਾਰ ਉਹਨਾਂ ਨੂੰ ਆਪਣੇ ਅੱਗੇ, ਆਸੇ-ਪਾਸੇ ਫੇਰਦਿਆਂ, ਚਿਹਰਿਆਂ
ਉੱਪਰ ਸਖ਼ਤ ਅਤੇ ਗੰਭੀਰ ਭਾਵਾਂ ਨਾਲ ਆਪਣੇ ਰਾਹਾਂ ਨੂੰ ਤੱਕਦੇ ਅੱਗੇ ਵਧ ਰਹੇ ਸਨ। ਉਹ ਇਹ
ਚੇਤੇ ਕਰਵਾਉਂਦੇ ਪ੍ਰਤੀਤ ਹੁੰਦੇ ਸਨ ਕਿ ਏਥੇ ਕੋਈ ਨਿੱਕੀ ਜਿਹੀ ਅਸਾਵਧਾਨੀ ਤੁਹਾਡੀ ਜਾਨ ਲੈ
ਸਕਦੀ ਹੈ। ਇੱਕ ਵਾਰੀ ਤਾਂ ਇਹ ਸਭ ਸੋਚਕੇ ਮੁੜਣ ਜਾਂ ਗੱਡੀ ਦਾ ਮੂੰਹ ਕਿਸੇ ਹੋਰ ਦਿਸ਼ਾ ਵੱਲ
ਕਰਨ ਦਾ ਵਿਚਾਰ ਵੀ ਆਇਆ ਪਰ ਵਰਿੰਦਰ ਪਟੇਲ ਦੇ ਏਸ ਵਿਚਾਰ ਨੇ ਕਿ ‘ਸਿੰਘ ਕਦੇ ਪਿੱਛੇ ਨੀ
ਹਟਦੇ ਹੁੰਦੇ’ ਓਸ ਵਿਚਾਰ ਨੂੰ ਛੰਡ ਸੁੱਟਿਆ। ਉਸਦੇ ਇਸ ਵਿਚਾਰ ਬਾਰੇ ਮੈਂ ਸੋਚਦਾ ਰਿਹਾ ਸਾਂ
ਕਿ ਸਾਡੀ ਕਾਰ ਵਿੱਚ ਸਵਾਰ ਇਹ ਕਿਹੜੇ ਸਿੰਘ ਸਨ ਤੇ ਕਿਹੜੇ ਮੋਰਚੇ ਨੂੰ ਇਹ ਫਤਹਿ ਕਰਨ ਲਈ
ਅੱਗੇ ਵਧ ਰਹੇ ਸਨ!....
ਜਵਹਰ ਟਨਲ ਪਾਰ ਕਰਕੇ ਸੁਰੱਖਿਆ ਦਸਤਿਆਂ ਦੀ ਤੈਨਾਤੀ ਹੋਰ ਵੀ ਸੰਘਣੀ ਹੋ ਗਈ ਦਿਖਦੀ ਸੀ।
ਸੁਰੱਖਿਆ ਕਰਮੀ ਹੁਣ ਬਖਤਰ ਬੰਦ ਗੱਡੀਆਂ ਅਤੇ ਹੋਰ ਵੀ ਅਸਾਧਾਰਨ ਹਥਿਆਰਾਂ ਨਾਲ ਲੈਸ ਦਿਖਾਈ
ਦੇ ਰਹੇ ਸਨ। ਉਹ ਅਚਾਨਕ ਕਿਸੇ ਪਹਾੜੀ ਤੇ ਉਚਾਈ ਤੇ ਬਣੇ ਮੋਰਚੇ ਵਿੱਚ ਤਣੇ ਹੋਏ ਖੜ੍ਹੇ
ਦਿਖਾਈ ਦੇ ਜਾਂਦੇ। ਉਹਨਾਂ ਦੇ ਅਸਾਧਾਰਨ ਹਥਿਆਰ ਅਤੇ ਉਹਨਾਂ ਦੀ ਅਸਾਧਾਰਨ ਮੁੱਦਰਾ ਕਿਸੇ
ਨੂੰ ਵੀ ਸਹਿਜ ਨਹੀਂ ਰਹਿਣ ਦੇ ਸਕਦੀ....
...ਆਪਣੇ ਮਨ ਤੇ ਛਾਈ ਅਸਹਿਜਤਾ ਜਾਂ ਦਹਿਸ਼ਤ ਕਿਤੇ ਸਾਡੇ ਚਾਅ ਸਾਡੇ ਹੱਥੋਂ ਖੋਹ ਨਾ ਖੋਹ
ਲਵੇ, ਸ਼ਾਇਦ ਕੁਝ ਇਹੋ ਜਿਹਾ ਹੀ ਸੋਚਕੇ ਮੈਂ ਰਾਹ ਵਿੱਚ ਇੱਕ ਬਹੁਤ ਸੁਹਣੇ ਪ੍ਰਕਿਰਤਕ
ਦ੍ਰਿਸ਼ ਵੱਲ ਇਸ਼ਾਰਾ ਕਰਦਿਆਂ ਗੱਡੀ ਸਾਈਡ ਤੇ ਲਾ ਕੇ ਰੋਕ ਦਿੱਤੀ। ਸੂਰਜ ਪਹਾੜਾਂ ਦੀਆਂ
ਟੀਸੀਆਂ ਤੋਂ ਹੇਠਾਂ ਲਹਿ ਰਿਹਾ ਸੀ। ਉਸਦੀ ਗੁਲਾਬੀ ਭਾਹ ਦਾ ਅਜਿਹਾ ਦ੍ਰਿਸ਼ ਬੜੇ ਚਿਰਾਂ
ਮਗਰੋਂ ਦੇਖਣ ਨੂੰ ਮਿਲਿਆ ਸੀ। .... ਅਸੀਂ ਕੰਕਰੀਟ ਦੇ ਜੰਗਲਾਂ ਵਿੱਚ ਰਹਿੰਦੇ ਲੋਕ ਅਜਿਹੇ
ਪ੍ਰਾਕਿਰਤਕ ਦ੍ਰਿਸ਼ਾਂ ਤੋਂ ਲਗਭਗ ਵਾਂਝੇ ਹੀ ਰਹਿੰਦੇ ਹਾਂ.... ਜਿੱਥੇ ਅਸੀਂ ਖੜ੍ਹੇ ਸਾਂ
ਸੜ੍ਹਕ ਦਾ ਸੱਜਾ ਕਿਨਾਰਾ ਸੀ। ਉਚਾਣ ਤੋਂ ਨਿਵਾਣ ਵੱਲ ਹਰੇ ਭਰੇ ਪੌੜੀਦਾਰ ਖੇਤ ਸਨ,
ਵਿੱਚ-ਵਿੱਚ ਰੁੱਖਾਂ ਨਾਲ ਵਲ਼ੇ ਹੋਏ। ‘ਇਨ੍ਹਾਂ ਦੀ ਹਰਿਆਵਲ ਤੇ ਨਿਰਮਲਤਾ ਬੰਦੇ ਦੇ ਅੰਦਰਲੇ
ਸਾਰੇ ਵੈਰ ਭਾਓ ਕੱਢ ਦੇਣ ਦੀ ਸਮਰੱਥਾ ਰੱਖਦੀ ਹੈ। ਇਸਦੇ ਬਾਵਜੂਦ ਇੱਥੇ ਹਰ ਵੇਲੇ ਜੰਗ ਵਰਗੇ
ਹਾਲਾਤ ਕਿਉਂ ਬਣੇ ਹੋਏ ਨੇ?....’ ਫੋਟੋਆਂ ਲੈਂਦਾ ਮੈਂ ਸੋਚ ਰਿਹਾ ਸੀ।
ਨ੍ਹੇਰਾ ਹੋ ਰਿਹਾ ਸੀ। ‘ਸਾਨੂੰ ਜਲਦੀ ਹੀ ਕਿਤੇ ਟਿਕਾਣਾ ਕਰ ਲੈਣਾ ਚਾਹੀਦਾ ਹੈ।’ ਇਹ ਵਿਚਾਰ
ਸਾਡੇ ਸਭ ਦੇ ਮਨਾਂ ਵਿੱਚ ਸੀ, ਅਜਿਹੇ ਵਿਚਾਰ ਨੂੰ ਜ਼ੁਬਾਨ ਤੇ ਲਿਆਉਣ ਤੋਂ ਪਹਿਲਾਂ ਹਰ ਇੱਕ
ਇਹ ਸੋਚ ਲੈਂਦਾ ਹੋਵੇਗਾ ‘ਸਾਡੇ ਨਾਲ ਇੱਕ ਛੋਟੀ ਉਮਰ ਦਾ ਮਲੂਕ ਜਿਹਾ ਮੁੰਡਾ ਵੀ ਹੈ ਜਿਹਨੂੰ
ਕਸ਼ਮੀਰ ਦੇ ਹਾਲਾਤ ਦੀ ਉਸ ਤਸਵੀਰ ਦਾ ਭੋਰਾ ਵੀ ਅਹਿਸਾਸ ਨਹੀਂ ਜਿਹੜੀ ਸਾਡੇ ਮਨਾਂ ਵਿੱਚ
ਸਪਸ਼ਟ ਹੋਈ ਪਈ ਸੀ।’
“ਕਿਤੇ ਬਹਿਕੇ, ਕੱਪ ਚਾਹ ਦਾ ਪੀਦੇ ਆਂ! ਨਾਲੇ ਚਾਹ ਆਲੇ ਤੋਂ ਨੇੜੇ-ਤੇੜੇ ਕੋਈ ਗੈਸਟ ਹਾਊਸ,
ਹੋਟਲ ਜਾਂ ਧਰਮਸ਼ਾਲਾ, ਜੋ ਵੀ ਨਸੀਬ ਹੋ ਸਕਦੈ ਪੁੱਛ ਲਵਾਂਗੇ।”, ਮੈਂ ਕਿਹਾ ਤਾਂ ਫੋਟੋਆਂ
ਖਿੱਚਣ ਉਪਰੰਤ ਕਾਰ ਤੇ ਸਵਾਰ ਹੁੰਦੇ ਦੋਸਤਾਂ ਨੇ ਹਾਮੀ ਭਰ ਦਿੱਤੀ। ਕੁਝ ਚਿਰ ‘ਆਪਣੀ ਕਾਰ
ਦੇ ਸੁੱਖ’ ਦੀਆਂ ਗੱਲਾਂ ਚੱਲੀਆਂ ‘ਬਈ ਜਿੱਥੇ ਮਰਜੀ ਹੋਈ ਬਰੇਕ ਮਾਰ ਲੀ। ਜਦੋਂ ਜੀਅ ਕੀਤਾ
ਅੱਗੇ ਚੱਲ ਪਏ। ਏਥੇ ਕਿਹੜਾ ਕਿਸੇ ਨੇ ਟਾਈਮ ਤੇ ਆਉਣ ਜਾਣ ਵਾਲੀ ਬੱਸ ਦੀ ਉਡੀਕ ਕਰਨੀ ਐਂ!
ਚਾਰ ਜਣੇ ਡਰਾਈਵਿੰਗ ਦੇ ਮਾਹਰ ਨੇ, ਸੌਣ ਨੂੰ ਥਾਂ ਨਹੀਂ ਮਿਲੀ ਤਾਂ ਡਿਊਟੀ ਬਦਲ-ਬਦਲ ਕੇ
ਡਰਾਈਵਿੰਗ ਕਰੀ ਜਾਵਾਂਗੇ। ਬਾਕੀ ਸਾਰੇ ਜਣੇ ਭਾਵੇਂ ਜਦੋਂ ਚਾਹੁਣ ਸੌਂ ਜਾਣ।....ਪਰ’
ਪਰ ਨੀਂਦ ਤਾਂ ਮੇਰੇ ਬੇਟੇ ਨੂੰ ਛੱਡ ਕੇ ਸਾਡੀ ਸਭ ਦੀ ਉੱਡ-ਪੁੱਡ ਚੁੱਕੀ ਸੀ। ਰਾਹ ਵਿੱਚ
ਦੂਰ-ਦੂਰ ਤੱਕ ਕੋਈ ਚਾਹ ਵਾਲਾ ਤਾਂ ਕੀ ਅਣਚਾਹਿਆ ਵੀ ਨਹੀਂ ਸੀ ਮਿਲ ਰਿਹਾ। ਇੱਕੋ ਗੱਲ ਸੀ
ਜਿਹੜੀ ਇੱਕੋ ਸਮੇਂ ਤਸੱਲੀ ਵੀ ਦਿੰਦੀ ਸੀ ਤੇ ਓਸੇ ਹੀ ਸਮੇਂ ਅੰਦਰੋਖਤੀਂ ਕੋਈ ਗੁੱਝਾ ਡਰ
ਜਿਹਾ ਵੀ ਪੈਦਾ ਕਰਦੀ ਸੀ- ਹਰ ਇੱਕ ਜਾਂ ਡੇਢ ਕਿੱਲੋਮੀਟਰ ਤੇ ਗਸ਼ਤ ਕਰਦੇ ਮਿਲਣ ਵਾਲੇ
ਮਿਲਟਰੀ ਦੇ ਟਰੁੱਪ ਤੇ ਕਦੇ ਸੜ੍ਹਕ ਦੇ ਨਾਲ ਲਗਦੀ ਪਹਾੜੀ ਦੀ ਢਲਾਨ ਉੱਪਰ ਕਿਸੇ ਓਟ ਪਿੱਛੇ
ਸੜ੍ਹਕ ਵੱਲ ਆਪਣੀਆਂ ਬੰਦੂਕਾਂ ਤਾਣੀ ਬੈਠੇ ਫੌਜ ਦੇ ਕਮਾਂਡੋ। ਉਹ ਤਸੱਲੀ ਇਸ ਗੱਲ ਦੀ ਦੇ
ਰਹੇ ਪ੍ਰਤੀਤ ਹੁੰਦੇ ਕਿ ਇਹਨਾਂ ਦੇ ਹੁੰਦਿਆਂ ਕੋਈ ਕਸ਼ਮੀਰੀ ਅੱਤਵਾਦੀ ਸਾਨੂੰ ਕੁਝ ਨਹੀਂ
ਕਹਿ ਸਕਦਾ ਤੇ ਡਰ ਇਸ ਗੱਲ ਦਾ ਕਿ ਖੁਦ ਇਹਨਾਂ ਦੀ ਚਲਾਈ ਕੋਈ ਗੋਲ਼ੀ ਕਿਤੇ ਸਾਨੂੰ ਕਸ਼ਮੀਰੀ
ਅੱਤਵਾਦੀ ਨਾ ਸਮਝ ਬੈਠੇ!
....ਕੋਈ ਚਾਲੀ ਕੁ ਕਿੱਲੋਮੀਟਰ ਚੱਲੇ ਹੋਵਾਂਗੇ ਰਾਹ ‘ਚ ਤਿੰਨ ਕਸ਼ਮੀਰੀ ਮੁੰਡੇ ਮਿਲੇ।
ਉਹਨਾਂ ਚੋਂ ਕੁਝ ਜਵਾਨ ਜਾਪਦੇ ਬਿੱਲੀਆਂ ਜਿਹੀਆਂ ਅੱਖਾਂ ਵਾਲੇ ਛੁਹਰ ਨੂੰ, ਜਿਸਦੀ ਦੀ
ਤੱਕਣੀ ‘ਚੋਂ ਮੈਂ ਪੁੰਗਰਦੇ ਕਸ਼ਮੀਰੀ ਮਿਲੀਟੈਂਟ ਦਾ ਅਕਸ ਭਾਲ ਰਿਹਾ ਸਾਂ (ਜਦੋਂ ਬੰਦੇ ਦੇ
ਮਨ ਤੇ ਕਿਸੇ ਡਰ ਦਾ ਅਸਰ ਹੁੰਦਾ ਹੈ ਉਦੋਂ ਉਹਦੇ ਮਨ ਵਿੱਚ ਅਜਿਹੇ ਬੜੇ ਉਲਟੇ ਸਿੱਧੇ ਵਿਚਾਰ
ਆਉਂਦੇ ਹਨ...), ਰੁਕ ਕੇ ਅਸੀਂ ਹਿੰਦੀ ਵਿੱਚ ਕਿਸੇ ਨੇੜੇ-ਤੇੜੇ ਦੀ ਸੈਲਾਨੀ ਰਿਹਾਇਸ਼ ਬਾਰੇ
ਪੁੱਛਿਆ ਤਾਂ ਉਹ ਆਪਣੇ ਸਾਥੀਆਂ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਨ ਲੱਗਾ। ਸ਼ਾਇਦ ਉਹਨਾਂ
ਵਿੱਚੋਂ ਕੋਈ ਵੀ ਸਾਡੀ ਗੱਲ ਸ਼ਾਇਦ ਸਮਝ ਈ ਨਹੀਂ ਸਕਿਆ ਤੇ ਜਵਾਬ ਵਿੱਚ ਜੋ ਕੁਝ ਉਹਨਾਂ ਨੇ
ਰਲ ਮਿਲ ਕੇ ਸਾਨੂੰ ਆਪਣੀ ਭਾਸ਼ਾ ਵਿੱਚ ਕਹਿਣ ਦਾ ਪ੍ਰਯਤਨ ਕੀਤਾ, ਉਹਦੀ ਸਾਨੂੰ ਕੋਈ ਸਮਝ
ਨਹੀਂ ਆਈ। ਇਸ ਕਰਕੇ ਸਾਡੀ ਗੱਲਬਾਤ ਬੇਸਿੱਟਾ ਰਹਿਣ ਉਪਰੰਤ ਅਸੀਂ ਵਰਿੰਦਰ ਪਟੇਲ ਨੂੰ ਉਹਨਾਂ
ਨਾਲ ਖੜ੍ਹਾ ਕੇ ਇੱਕ ਫੋਟੋ ਖਿੱਚੀ ਅਤੇ ਤੇ ਉਹਨੇ ਪੰਜਾਬੀ ਵਿੱਚ ਨਾਰਮਲ ਹੋਣ ਖਾਤਰ ਉਹਨਾਂ
ਨੂੰ ਥੋੜ੍ਹੀਆਂ ਟਿੱਚਰਾਂ ਕੀਤੀਆਂ ਅਤੇ ਉਪਰੰਤ ਅੱਗੇ ਚੱਲ ਪਏ।
ਵਰਿੰਦਰ ਪਟੇਲ ਜਵਾਹਰ ਸੁਰੰਗ ਤੋਂ ਪਾਰ
‘ਕਸ਼ਮੀਰ ਵਾਦੀ’ ਵਿੱਚ ਮਿਲੇ ਕਸ਼ਮੀਰੀ ਮੁੰਡਿਆਂ ਨਾਲ
ਪੰਜ ਚਾਰ ਕਿੱਲੋਮੀਟਰ ਉੱਪਰ ਕਾਜ਼ੀਗੁੰਡ ਦਾ ਕਸਬਾ ਆਇਆ ਤਾਂ ਸਾਨੂੰ ਸੁੱਖ ਦਾ ਸਾਹ ਆਇਆ।
ਇੱਥੇ ਪੌਣੇ ਅੱਠ ਵਜੇ ਵੀ ਚਹਿਲ ਪਹਿਲ ਬਣੀ ਹੋਈ ਸੀ। ਉੱਥੋਂ ਦੇ ਟੈਕਸੀ ਸਟੈਂਡ ਤੇ ਦਿੱਖ
ਪੱਖੋਂ ਭੱਦਰ ਪੁਰਸ਼ ਜਾਪਦੇ ਇੱਕ ਕਸ਼ਮੀਰੀ ਨੂੰ ਕਿਸੇ ਹੋਟਲ ਬਾਰੇ ਪੁੱਛਿਆ ਤਾਂ ਉਹਨੇ ਬੜੀ
ਅਪਣੱਤ ਜਿਹੀ ਨਾਲ ਸਾਨੂੰ ਇੱਕ ਹੋਟਲ ਦਾ ਪਤਾ ਦੱਸਿਆ। ਉਸਦੀ ਅਪਣੱਤ ਅਤੇ ਮਹਿਮਾਨ ਨਿਵਾਜ਼ੀ
ਦੇ ਭਾਵਾਂ ਨੂੰ ਮਹਿਸੂਸ ਕਰਕੇ ਤੇ ਇਹ ਸੋਚਕੇ ਕਿ ‘ਹੁਣ ਟਿਕਾਣਾ ਕਿੱਥੇ ਕਰਨਾ ਹੈ ਇਹਦੀ ਕੋਈ
ਚਿੰਤਾ ਨਹੀਂ’ ਸੁਰਖਰੂ ਜਿਹਾ ਹੁੰਦਿਆਂ ਮੈਂ ਹੁੱਬ ਕੇ ਉਸਨੂੰ ਪੁੱਛਿਆ ਸੀ, “ਭਰਾਵਾ! ਅਸੀਂ
ਰਾਹ ਵਿੱਚ ਬਹੁਤ ਜਗ੍ਹਾ ਫੌਜ ਦੇ ਸਿਪਾਹੀ ਗਸ਼ਤ ਕਰਦੇ ਤੇ ਨਾਕਿਆਂ ਉੱਤੇ ਪੁਲਿਸ ਦੇ
ਮੁਲਾਜ਼ਮ ਤਲਾਸ਼ੀਆਂ ਲੈਂਦੇ ਦੇਖੇ ਨੇ। ਕੀ ਗੱਲ ਅੱਜ ਕੱਲ੍ਹ ਇੱਥੇ ਹਾਲਾਤ ਨਾਜ਼ੁਕ ਤਾਂ
ਨਹੀਂ ਬਣੇ ਹੋਏ?”
“ਓ ਨਹੀਂ ਨਹੀਂ ਭਾਈ ਸਾਹਬ!” ਉਹ ਬੜੀ ਸਪਸ਼ਟ ਹਿੰਦੀ ਵਿੱਚ ਬੋਲਿਆ ਸੀ। “ਇਹ ਇੱਥੋਂ ਦਾ
ਨਿੱਤਕਰਮ ਹੈ। ਇਹਨੂੰ ਵੇਖ ਕੇ ਇੰਝ ਨਾ ਸੋਚੋ ਕਿ ਤੁਸੀਂ ਕਿਸੇ ਦੂਜੇ ਮੁਲਕ ਵਿੱਚ ਫਿਰ ਰਹੇ
ਹੋ। ਦੇਖੋ! ਅਸੀਂ ਰਹਿੰਦੇ ਹੀ ਹਾਂ ਇੱਥੇ। ਤੇ ਅਸੀਂ ਵੀ ਭਾਰਤੀ ਹਾਂ ਸਭ ਤੋਂ ਪਹਿਲਾਂ। ਤੇ
ਤੁਸੀਂ ਸਾਡੇ ਭਰਾ ਹੋ! ਏਥੇ ਤੁਹਾਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ। ਸਾਡੇ ਲਈ ਤਾਂ
ਤੁਸੀਂ ਸਾਡੇ ਮਹਿਮਾਨ ਵੀ ਹੋ, ਜਿੰਨ੍ਹਾਂ ਦੀ ਸੇਵਾ ਕਰਨਾ ਸਾਡਾ ਪਰਮ ਕਰਤਵ ਹੈ। ਅਸਲ ਗੱਲ
ਇਹ ਹੈ ਕਿ ਤੁਹਾਡੇ ਨਾਲ ਹੀ ਕਸ਼ਮੀਰ ਦੀਆਂ ਰੌਣਕਾਂ ਬਣੀਆਂ ਹੋਈਆਂ ਨੇ ਤੇ ਜੇ ਤੁਸੀਂ ਨਾ
ਆਵੋਂ ਤਾਂ....” ਉਸਦੀਆਂ ਇਹਨਾਂ ਗੱਲਾਂ ਤੋਂ ਮੈਂ ਇੰਨਾਂ ਪ੍ਰਭਾਵਿਤ ਹੋਇਆ ਕਿ ਤੁਰਨ
ਲੱਗਿਆਂ ਉਸਨੂੰ ਗਲੇ਼ ਲੱਗ ਕੇ ਵਿਦਾ ਆਖੀ।
ਉਸਦੇ ਦੱਸੇ ਜਿਸ ਹੋਟਲ ਵਿੱਚ ਰਾਤ ਕੱਟੀ ਉਸ ਦਾ ਨਾਂ ਆਰ. ਕੇ. ਹੋਟਲ ਸੀ। ਇਸ ਪਿੱਛੇ ਲੱਗੇ
‘ਕੇ’ ਤੋਂ ਭਾਵ ‘ਕੁਮਾਰ’ ਸੀ ਜਾਂ ਕੋਈ ‘ਖਾਨ’ ਇਹ ਤਾਂ ਨਹੀਂ ਪਤਾ ਪਰ ਉੱਥੇ ਸਭ ਕੁਝ ‘ਓਕੇ’
ਰਿਹਾ; ਵਰਤਾਵਿਆਂ ਨੇ ਵਧੀਆ ਰੂਮ ਸਰਵਿਸ ਦੇ ਕੇ ਸਾਨੂੰ ਸੁਆਦਲਾ ਖਾਣਾ ਖੁਆਇਆ ਤੇ ਸਵੇਰੇ
ਚੰਗੀ ਸੁਵਿਧਾ ਦੇ ਬਾਵਜੂਦ ਵੀ ਸਾਡੀ ਆਸ ਤੋਂ ਉਲਟ ਬਹੁਤ ਥੋੜ੍ਹੇ ਪੈਸੇ ਲਏ। ਇਹ ਖਾਣੇ ਸਮੇਤ
ਕੁੱਲ ਮਿਲਾ ਕੇ ਕੇਵਲ ਸਾਢੇ ਤਿੰਨ ਸੌ ਸਨ। ਇਹੋ ਜਿਹੇ ਹੋਟਲ ‘ਚ ਕੇਵਲ ਕਮਰੇ ਦਾ ਕਿਰਾਇਆ ਹੀ
ਹਿਮਾਚਲ ਅਤੇ ਭਾਰਤ ਦੇ ਹੋਰ ਸੈਰ ਸਪਾਟੇ ਦੇ ਪਹਾੜੀ ਥਾਵਾਂ ਤੇ ਦੋ ਤਿੰਨ ਹਜ਼ਾਰ ਨੂੰ ਅਰਾਮ
ਨਾਲ ਹੱਥ ਲੁਆ ਦਿੰਦਾ ਹੈ।...
.. ਇਹਦੇ ਬਾਰੇ ਮਿੱਤਰਾਂ ਵਿਚਕਾਰ ਗੱਲਾਂ ਚੱਲੀਆਂ ਤਾਂ ਅਸੀਂ ਇਨ੍ਹਾਂ ਨਤੀਜਿਆਂ ਉੱਤੇ
ਪਹੁੰਚੇ ਕਿ ਹਾਲਾਤ ਖ਼ਰਾਬ ਰਹਿਣ ਕਾਰਨ ਘੁੰਮਣ ਫਿਰਨ ਦੇ ਸ਼ੌਕੀਨ ਏਧਰ ਘੱਟ ਹੀ ਆਉਂਦੇ
ਹਨ.... ਤੇ ਜਾਂਦੇ ਚੋਰ ਦੀ ਲੰਗੋਟੀ ਸਹੀ ਵਾਲੀ ਸੋਚ ਜਾਂ ਤਾਂ ਕਸ਼ਮੀਰੀ ਸੁਭਾਅ ਨਾਲ ਮੇਲ
ਨਹੀਂ ਖਾਂਦੀ ਜਾਂ ਫਿਰ ਅਜਿਹੀ ਸੋਚ ਰੱਖਦਿਆਂ ਟੂਰਿਜ਼ਮ ਜਿਹੇ ਕਾਰੋਬਾਰ ਵਿੱਚ ਨਿਵੇਸ਼ ਕਰਨਾ
ਸੰਭਵ ਨਹੀਂ। ਸੈਲਾਨੀ ਤਾਂ ਇਹਨਾਂ ਲਈ ਇੱਕ ਦਾਤ ਦੀ ਤਰ੍ਹਾਂ ਈ ਹੋਵੇਗਾ, ਤਾਂ ਫਿਰ ਉਹਦੇ
ਨਾਲ ਇਹ ਮਾੜਾ ਵਰਤਾਓ ਕਿਸ ਤਰ੍ਹਾਂ ਕਰ ਸਕਦੇ ਹਨ?
ਉਪਰੋਕਤ ਵਿਚਾਰਾਂ ਦੀ ਪੁਸ਼ਟੀ ਕਾਜ਼ੀਗੁੰਡ ਕਸਬੇ ਤੋਂ ਤੁਰਨ ਤੋਂ ਪਹਿਲਾਂ ਸਸਤੇ ਮੁੱਲ ਦੇ
ਸੁੱਕੇ ਮੇਵੇ ਵੇਚਣ ਵਾਲੇ ਇੱਕ ਪੰਜਾਹ ਪਚਵੰਜਾ ਸਾਲ ਦੇ ਕਸ਼ਮੀਰੀ ਦੁਕਾਨਦਾਰ ਨੇ ਮੇਰੇ
ਕੁਰੇਦ ਕੇ ਪੁੱਛਣ ਤੇ ਕਰ ਦਿੱਤੀ। ਉਹ ਕਹਿ ਰਿਹਾ ਸੀ ਕਿ ਆਮ ਕਸ਼ਮੀਰੀ ਲੋਕ ਤਾਂ ਸ਼ਾਂਤੀ
ਚਾਹੁੰਦੇ ਹਨ। ਪ੍ਰੰਤੂ ਸਿਆਸੀ ਪਾਰਟੀਆਂ ਵਾਲੇ ਯਥਾ ਸਥਿਤੀ ਬਣਾਈ ਰੱਖਣ ਵਿੱਚ ਆਪਣੀ ਹੋਂਦ
ਨੂੰ ਯਕੀਨੀ ਸਮਝਦੇ ਹਨ। ਉਹਨੇ, ਕੁਝ ਕੁ ਸਥਾਪਤ ਚੋਣ ਲੜਣ ਅਤੇ ਚੋਣਾਂ ਦਾ ਬਾਈਕਾਟ ਕਰਨ
ਵਾਲੀਆਂ ਰਾਜਨੀਤਿਕ ਪਾਰਟੀਆਂ ਦਾ, ਉਹਨਾਂ ਤੋਂ ਆਪਣੇ ਆਪ ਨੂੰ ਨਿਰਲੇਪ ਦੱਸਦਿਆਂ, ਇਸ ਸਬੰਧ
ਵਿੱਚ ਨਾਂ ਵੀ ਲਿਆ। ਉਸ ਦੀਆਂ ਗੱਲਾਂ ਵਿੱਚ ਇਹ ਭਾਵ ਸਾਫ਼ ਝਲਕਦਾ ਸੀ ਕਿ ਦਰਅਸਲ ਉਹਨਾਂ
ਨੂੰ ਉਸ ਤਨਾਓ ਅਤੇ ਉਸ ਅਸੁਰੱਖਿਅਤਾ ਦੇ ਮਾਹੌਲ ਤੋਂ, ਜਿਸ ਵਿੱਚ ਉਹ ਕਿਸੇ ਨਾ ਕਿਸੇ
ਤਰ੍ਹਾਂ ਗੁਜ਼ਰ ਬਸਰ ਕਰ ਰਹੇ ਹਨ, ਮੁਕਤੀ ਅਤੇ ਦੁਨੀਆਂ ਦੇ ਹੋਰਨਾ ਲੋਕਾਂ ਵਾਂਗ ਇਜ਼ਤ ਮਾਣ
ਦੀ ਜਿ਼ੰਦਗੀ ਚਾਹੀਦੀ ਹੈ। ਬੇਸ਼ੱਕ ਇਹ ਕਿਸ ਤਰ੍ਹਾਂ ਤੇ ਕਦੋਂ ਮਿਲੇਗੀ ਇਹ ਉਸ ਨੂੰ ਸਪਸ਼ਟ
ਨਹੀਂ....
ਬਾਅਦ ਵਿੱਚ ਜਦੋਂ ਇਸ ਯਾਤਰਾ ਤੋਂ ਮੁੜਨ ਉਪਰੰਤ ਮੈਂ ਇਹ ਸਮੁੱਚਾ ਅਨੁਭਵ ਮੇਰੇ, ਕਸ਼ਮੀਰ
ਨਾਲ ਮੁਕਾਬਲਤਨ ਵਧੇਰੇ ਸੰਪਰਕ ਵਿੱਚ ਰਹਿਣ ਵਾਲੇ ਇੱਕ ਮਿੱਤਰ ਨਾਲ ਸਾਂਝਾ ਕੀਤਾ ਸੀ ਤਾਂ
ਉਸਨੇ ਕਿਹਾ ਸੀ ਕਿ ਕਾਜ਼ੀਗੁੰਡ ਕਸਬਾ ਜਿੱਥੇ ਅਸੀਂ ਉਸ ਰਾਤ ਰੁਕੇ, ਦਹਿਸ਼ਤਗਰਦੀ ਤੋਂ ਸਭ
ਤੋਂ ਵਧੇਰੇ ਪ੍ਰਭਾਵਿਤ ਥਾਂ ਹੈ ਅਤੇ ਉੱਥੋਂ ਦਾ ‘ਆਰ. ਕੇ. ਹੋਟਲ’ ਜਿੱਥੇ ਕਿ ਅਸੀਂ ਉਹ ਰਾਤ
ਕੱਟੀ ਸੀ, ਜਿੱਥੋਂ ਤੱਕ ਕਿ ਉਹਦੀ ਜਾਣਕਾਰੀ ਦਾ ਸੁਆਲ ਹੈ, ਉੱਥੇ ਹੋਣ ਵਾਲੀਆਂ ਵੱਖਵਾਦੀ
ਧਿਰਾਂ ਦੀਆਂ ਮੀਟਿੰਗਜ਼ ਅਤੇ ਉੱਥੇ ਪੈਣ ਵਾਲੀਆਂ ਰੇਡਜ਼ ਲਈ ਬਦਨਾਮ ਰਿਹਾ ਹੈ। ਸੋ ਉਸ ਦੀ
ਨਜ਼ਰ ਵਿੱਚ ਅਸੀਂ ਮਹਿਜ਼ ਭਾਰਤ ਦੇ ਉਹਨਾਂ ਕਰੋੜਾਂ ਲੋਕਾਂ ਵਿੱਚੋਂ ਕੁਝ ਸਾਬਿਤ ਹੋਏ ਸਾਂ
ਜਿੰਨਾਂ ਦੀ ਸੁਰੱਖਿਆ ਰੱਬ ਜਾਂ ਕਿਸਮਤ ਦੇ ਆਸਰੇ ਬਣੀ ਰਹਿੰਦੀ ਹੈ- ਤੇ ਜਿੰਨ੍ਹਾਂ ਬਾਰੇ
ਕਹਾਵਤ ਮਸ਼ਹੂਰ ਹੈ ‘ਜਾ ਕੋ ਰਾਖੇ ਸਾਈਆਂ ਮਾਰ ਸਕੈ ਨਾ ਕੋਏ’....
....ਉਸ ਤੋਂ ਇਹ ਸਭ ਸੁਣ ਕੇ ਮੈਨੂੰ ਹੈਰਾਨੀ ਹੋਈ ਸੀ ਅਤੇ ਮੈਂ ਉਹਦੀਆਂ ਅਜਿਹੀਆਂ
ਸੂਚਨਾਵਾਂ ਦੇ ਸ੍ਰੋਤਾਂ ਤੇ ਉਹਨਾਂ ਦੀ ਵਿਸ਼ਵਾਸ਼ਯੋਗਤਾ ਬਾਰੇ ਉਹਦੇ ਤੋਂ ਜ਼ੋਰ ਦੇਕੇ ਕਈ
ਗੱਲਾਂ ਪੁੱਛਦਾ ਰਿਹਾ ਸੀ। ਉਹਦਾ ਮੇਰੇ ਤੇ ਇਹੀ ਇਲਜ਼ਾਮ ਸੀ ਕਿ ਮੈਂ ਅਖ਼ਬਾਰਾਂ ਨਹੀਂ
ਪੜ੍ਹਦਾ ਅਤੇ ਖ਼ਬਰਾਂ ਘੱਟ ਸੁਣਦਾ ਹਾਂ। ਇਹਦੇ ਕਰਕੇ ਮੈਨੂੰ ਉੱਥੋਂ ਦੀ ਜ਼ਮੀਨੀ ਹਕੀਕਤ ਦਾ
ਪਤਾ ਨਹੀਂ ਹੈ, ਮੈਂ ਆਪਣਾ ਥੋੜੇ ਸਮੇਂ ‘ਚ ਜਾਣਾਂ ਪਛਾਣਾਂ ਕੱਢਣ ਵਾਲਾ ਸੁਭਾਅ ਹੋਣ ਕਰਕੇ
ਇੱਕ ਤਰਫ਼ਾ ਸੋਚ ਦਾ ਧਾਰਨੀ ਹਾਂ ਅਤੇ ਇਹ ਵੀ ਕਿ ਇੱਕ ਰਾਤ ਦੇ ਸੰਪਰਕ ਨਾਲ ਤੁਸੀਂ ਕਿਸੇ
ਸ਼ਹਿਰ ਜਾਂ ਪਿੰਡ ਦੀ ਸੰਸਕ੍ਰਿਤੀ ਦਾ ਨਿਚੋੜ ਨਹੀਂ ਕੱਢ ਸਕਦੇ ਤੇ ਵਾਸਤਵ ਵਿੱਚ ਮੈਨੂੰ
ਵਿਚਲੀਆਂ ਗੱਲਾਂ ਦਾ ਪਤਾ ਹੀ ਨਹੀਂ ਹੈ ਵਗੈਰਾ ਵਗੈਰਾ...
ਪਰ ਬਾਲਟਾਲ ਪਹੁੰਚ ਕੇ ਇੱਕ ਅੱਖਾਂ ਖੋਲ੍ਹਣ ਵਾਲਾ ਹੋਰ ਵਰਤਾਰਾ ਮੇਰੇ ਸਾਹਮਣੇ ਆਇਆ ਸੀ। ਉਹ
ਇਹ ਕਿ ਅਮਰਨਾਥ ਯਾਤਰਾ ਬੇਸ਼ੱਕ ਬੁਨਿਆਦੀ ਤੌਰ ਤੇ ਹਿੰਦੂ ਧਰਮ ਦੀਆਂ ਆਸਥਾਵਾਂ ‘ਤੇ ਅਧਾਰਿਤ
ਹੈ ਪ੍ਰੰਤੂ ਇਸ ਵਿੱਚ ਸਭ ਤੋਂ ਵੱਡੇ ਮਦਦਗਾਰ ਉਹੀ ਕਸ਼ਮੀਰੀ ਲੋਕ ਹਨ ਜਿੰਨ੍ਹਾਂ ਨੂੰ ਕੇਵਲ
ਮੁਸਲਮਾਨ ਤੇ ਕਈ ਵਾਰੀ ਪਾਕਿਸਤਾਨ ਪ੍ਰੇਮੀ ਕਰਕੇ ਜਾਣਿਆਂ ਜਾਂਦਾ ਹੈ। ਉਹਨਾਂ (ਕਸ਼ਮੀਰੀ
ਲੋਕਾਂ) ਉੱਤੇ ਹਿੰਦੂ ਕੱਟੜਵਾਦੀ ਸੰਗਠਨ ਇਹ ਇਲਜ਼ਾਮ ਲਗਾਉਂਦੇ ਨਹੀਂ ਥੱਕਦੇ ਕਿ ਉਹ ਅਮਰਨਾਥ
ਯਾਤਰਾ ਦੇ ਵਿਰੋਧੀ ਹਨ ਅਤੇ ਉਹ ਆਪਣੇ ਕਿਸੇ ਧਾਰਮਿਕ ਜਨੂੰਨ ਕਾਰਨ ਯਾਤਰੀਆਂ ਨਾਲ ਦੁਸ਼ਮਣੀ
ਦੀ ਭਾਵਨਾ ਰੱਖਦੇ ਹਨ। ਵਿਚੋਂ ਵਿੱਚ ਅਕਸਰ ਹੀ ਉਹ ਇਹ ਪ੍ਰਚਾਰ ਕਰਦੇ ਵੀ ਸੁਣੇ ਵੇਖੇ ਜਾ
ਸਕਦੇ ਹਨ ਕਿ ਅਸਲ ਵਿੱਚ ਕਸ਼ਮੀਰ ਉੱਤੇ ਭਾਰਤ ਦਾ ਕੰਟਰੋਲ ਇਸ ਯਾਤਰਾ ਦੇ ਨਿਰਵਿਘਨ ਚਲਦੇ
ਰਹਿਣ ਕਾਰਨ ਹੀ ਬਣਿਆਂ ਹੋਇਆ ਹੈ.....
ਬਾਲਟਾਲ ਬੇਸ ਕੈਂਪ ਊਤੇ ਖੱਬੇ ਤੋਂ ਸੱਜੇ: ਲੇਖਕ, ਕੁਲਦੇਵ ਸਿੰਘ, ਜਗਜੀਤ ਸਿੰਘ, ਵਰਿੰਦਰ
ਪਟੇਲ
ਇਹ ਇੱਕ ਪ੍ਰਤੱਖ ਸਚਾਈ ਹੈ ਕਿ ਨੱਬੇ ਪਚਾਨਵੇਂ ਫੀਸਦੀ ਲੋਕ, ਜਿਹੜੇ ਸਿ਼ਵ ਭਗਤਾਂ ਨੂੰ ਲਾਦੂ
ਖੱਚਰਾਂ, ਪੋਨੀਆਂ, ਬੱਘੀਆਂ ਅਤੇ ਇੱਥੋਂ ਤੱਕ ਕਿ ਆਪਣੀਆਂ ਪਿੱਠਾਂ ਜਾਂ ਮੋਢਿਆਂ ਉੱਪਰ ਚੁੱਕ
ਕੇ ਲਿਜਾਂਦੇ ਹਨ, ਉਹ ਕਸ਼ਮੀਰੀ ਮੁਸਲਮਾਨ ਹਨ, ਜਿਹੜੇ ਜਦੋਂ ਸਾਰਾ ਮੁਲਖਈਆਂ ਘੂਕ ਸੁੱਤਾ
ਪਿਆ ਹੁੰਦਾ ਹੈ ਉਦੋਂ ਅੱਧੀ ਰਾਤ ਦੇ ਬਾਰਾਂ ਵਜੇ ਯਾਤਰੂਆਂ ਦੀ ਅਜਿਹੀ ਮਦਦ ਖਾਤਰ ਬਾਲਟਾਲ
ਤੇ ਪਹਿਲਗਾਂਵ ਦੇ ਬੇਸ ਕੈਂਪਾਂ ਉੱਤੇ ਪਹੁੰਚ ਜਾਂਦੇ ਹਨ...
ਲੇਖਕ ਦਾ ਸਪੁੱਤਰ ਪ੍ਰਭਜੋਤ ਅਤੇ ਪਿਛੋਕੜ ਵਿੱਚ ਕਸ਼ਮੀਰੀ ਪੱਲੇਦਾਰ
ਅਮਰਨਾਥ ਦੇ ਯਾਤਰੂਆਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਲਿਜਾਂਦੇ ਹੋਏ।
ਉਸ ਰਾਤ ਇਹੋ ਨਜ਼ਾਰਾ ਅਸੀਂ ਆਪਣੇ ਅੱਖੀਂ ਦੇਖਿਆ ਸੀ। ਅਸੀਂ ਡੇਢ ਵਜੇ ਉੱਠ ਕੇ ਸਭ ਤੋਂ
ਪਹਿਲਾਂ ਯਾਤਰਾ ਸ਼ੁਰੂ ਕਰਨ ਦੇ ਚੱਕਰ ‘ਚ ਆਪਣੇ ਟੈਂਟ ‘ਚੋਂ ਤਿਆਰ ਹੋ ਕੇ ਹੱਥ ਵਿੱਚ, ਬਰਫ਼
ਤੇ ਚੱਲਣ ਵਿੱਚ ਸਹਾਇਤਾ ਦੇਣ ਵਾਲੀਆਂ ਸੋਟੀਆਂ ਫੜੀ ਬਾਹਰ ਆਏ ਤਾਂ ਅਸੀਂ ਦੇਖਿਆ ਕਿ
ਯਾਤਰੂਆਂ ਦੀ ਮਦਦ ਕਰਨ ਵਾਲੇ, ਉਹ ਮਿਹਨਤਕਸ਼ ਕਾਮੇਂ, ਸੈਂਕੜਿਆਂ ਦੀਆਂ ਕਤਾਰਾਂ ਬੰਨ੍ਹ ਕੇ
ਆਪਣੀ ਸੇਵਾ ਪ੍ਰਦਾਨ ਕਰਨ ਲਈ ਕਿਵੇਂ ਅੱਗੇ ਆਉਂਦੇ ਪਏ ਹਨ। ਫੌਜ ਕਿਸੇ ਬੈਰੀਕੇਡ ਤੇ ਉਹਨਾਂ
ਦੇ ਰਸਤੇ ਰੋਕ ਲੈਂਦੀ ਹੈ, ਤਲਾਸ਼ੀਆਂ ਲੈਂਦੀ ਹੋਈ, ਇਸ ਅਹਿਸਾਸ ਤੇ ਪੱਕੀ ਮੁਹਰ ਲਾ ਦਿੰਦੀ
ਹੈ ਕਿ ਉਹਨਾਂ ਵਿੱਚ ਕੋਈ ਗੜਬੜੀ ਪੈਦਾ ਕਰਨ ਵਾਲਾ ਵੀ ਹੋ ਸਕਦਾ ਹੈ।
ਪਰ ਓਧਰ ਯਾਤਰੀ ਇਸ ਦੌਰਾਨ, ਉਹਨਾਂ ਰੋਕਾਂ ਦੇ ਪਾਰ ਯਾਤਰੂਆਂ ਲਈ ਬਣੇ ਸੁਰੱਖਿਆ ਘੇਰੇ ਵਿੱਚ
ਕਵਰ ਕੀਤੇ ਕੈਂਪ ਦੇ ਅੰਦਰ, ਉਹਨਾਂ ਦੇ ਆਉਣ ਦੀ ਉਡੀਕ ਵਿੱਚ ਖੜ੍ਹੇ ਹੁੰਦੇ ਹਨ। ‘ਮੁਸਤੈਦੀ
ਭਰੀ ਜਾਂਚ ਪੜਤਾਲ ਮਗਰੋਂ’ ਉਹਨਾਂ ‘ਭਾਰ ਢੋਣ ਵਾਲਿਆਂ’ ਦਾ ਇੱਕ ਸਮੂਹ ਅੰਦਰ ਦਾਖ਼ਲ ਹੁੰਦਾ
ਹੈ ਤਾਂ ਕਿਸੇ ਨੂੰ ਕਿਸੇ ਨਾਲ ਰੇਟ ਤੈਅ ਕਰਨ ਦੀ ਮਗਜ਼ ਖਪਾਈ ਕਰਨ ਦੀ ਵੀ ਬਹੁਤੀ ਲੋੜ ਨਹੀਂ
ਪੈਂਦੀ। ਜਿਹਨੂੰ ਵੀ, ਸਮੇਤ ਬੱਚੇ ਬੁਢੇ ਜਾਂ ਬਿਮਾਰ ਜਾਂ ‘ਵੱਖਰੀ ਤਰ੍ਹਾਂ ਨਾਲ ਸਮਰੱਥ’
(ਡਿਫਰੈਂਟਲੀ ਏਬਲਡ) ਬੰਦੇ ਨੂੰ, ਉਹਨਾਂ ਦੁਆਰਾ ਮੁਹੱਈਆ ਕਰਵਾਈ ਜਾਣ ਵਾਲੀ ਸੇਵਾ ਦੀ ਲੋੜ
ਹੁੰਦੀ ਹੈ, ਉਹ ਬਸ ਆਪਣੀ ‘ਸਵਾਰੀ’ ਤੇ ਸਵਾਰ ਹੋ ਜਾਂਦਾ ਹੈ।
ਉਹ ਤਾਂ ਪੈਸੇ ਵੀ ਆਪਣੀ ਮਨਮਰਜ਼ੀ ਦੇ ਨਹੀਂ ਲੈਂਦੇ। ਸਗੋਂ ਅਮਰਨਾਥ ਸ਼ਰਾਈਨ ਬੋਰਡ ਵਲੋਂ
ਨਿਰਧਾਰਤ ਰੇਟਾਂ ਦੇ ਅਧਾਰ ਤੇ ਹੀ ਲੈਂਦੇ ਹਨ। ਮੈਂ ਸੁਣਿਆਂ ਹੋਇਆ ਸੀ ਕਿ ਕਿਵੇਂ, ਕਦੇ
ਕਦਾਈਂ ਸ਼ਰਾਈਨ ਬੋਰਡ ਵੱਲੋਂ ਨਿਰਧਾਰਤ ਰੇਟਾਂ ਤੋਂ ਵੱਧ ਕੀਮਤ ਲੈਣ ਵਾਲੇ ਪੱਲੇਦਰ ਦੀ,
ਉੱਥੇ ਤੈਨਾਤ ਭਾਰਤੀ ਫੌਜ ਦੇ ਜੁਆਨਾਂ ਵੱਲੋਂ ‘ਭੁਗਤ ਸੁਆਰੀ’ ਜਾਂਦੀ ਹੈ। ਪਰ ਆਪਣੀਆਂ
ਅੱਖਾਂ ਨਾਲ ਇਹੋ ਵੇਖਿਆ ਕਿ ਇਹਨਾਂ ਕੀਮਤਾਂ ਤੋਂ ਅਣਜਾਣ ਵਿਅਕਤੀ ਹੀ ਕਿਸੇ ਤੋਂ ਕਿਰਾਇਆ
ਭਾੜਾ ਪੁੱਛਦਾ ਫਿਰਦਾ ਹੈ ਪਰ ਘੜੀ ਕੁ ਮਗਰੋਂ ਉਹਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਇੱਥੇ
ਉਹਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਉਸਦੀ ਲੁੱਟ ਚੋਂਘ ਨਹੀਂ ਹੋਣ ਵਾਲੀ। ਸਗੋਂ ਉਹਨੇ ਹੀ
ਕਿਸੇ ਦੁਰਕਾਰੇ, ਲਤਾੜੇ ਅਤੇ ਬਾਰ ਬਾਰ ਬੇਇਜ਼ਤ ਕੀਤੇ ਜਾਣ ਵਾਲੇ ਕਿਸੇ ਮਿਹਨਤਕਸ਼ ਕਿਰਤੀ
ਦਾ ਹੱਕ ਹੀ ਦੇਣਾ ਹੈ....
ਉਹਨਾਂ (ਕਸ਼ਮੀਰੀ ਪੱਲੇਦਾਰਾਂ) ਦੁਆਰਾ ਕਿਸੇ ਪਾਲਕੀ ਤੇ ਬਿਠਾ ਕੇ ਬਾਲਟਾਲ ਤੋਂ ਅਮਰਨਾਥ
ਗੁਫ਼ਾ ਤੱਕ ਬਾਈ ਕਿੱਲੋਮੀਟਰ ਜਾਣ ਅਤੇ ਏਨਾ ਹੀ ਆਉਣ ਦੀ ਨਿਸਚਿਤ ਕੀਤੀ ਗਈ, ਚਾਰ ਚਾਰ
ਕਹਾਰਾਂ ਦੀ ਮਿਹਨਤ ਮਜ਼ਦੂਰੀ ਦੀ ਕੀਮਤ, ਜੇਕਰ ਦੇਸ਼ ਦੇ ਹੋਰ ਥਾਵਾਂ ਤੇ ਕੀਤੀ ਜਾਣ ਵਾਲੀ
ਅਦਾਇਗੀ ਨਾਲ ਤੋਲ ਕੇ ਦੇਖੀ ਜਾਵੇ ਤਾਂ ਕੋਈ ਵੀ ਮਾਨਵਤਾ ਵਿਚ ਵਿਸ਼ਵਾਸ਼ ਰੱਖਣ ਵਾਲਾ ਕੋਈ
ਬੰਦਾ ਉਹਨਾਂ ਲਈ ਹਮਦਰਦੀ ਦੇ ਦੋ ਬੋਲ ਕਹੇ ਬਿਨਾਂ ਨਹੀਂ ਰਹਿ ਸਕੇਗਾ.... ਉਹ ਜ਼ਰੂਰ
ਸੋਚੇਗਾ ਕਿ ਅਜਿਹੇ ਕਿਰਤੀਆਂ ਵਿੱਚੋਂ ਕੀ ਕੋਈ ਅਜਿਹਾ ਹਿੰਸਕ ਦਹਿਸ਼ਤਗਰਦ ਵੀ ਹੋ ਸਕਦਾ ਹੈ
ਜਿਹੜਾ ਆਪਣੀ ਦਹਿਸ਼ਤਗਰਦਾਂ ਵਾਲੀ ਤਬੀਅਤ ਹੋਣ ਦੇ ਬਾਵਜੂਦ ਵੀ ਰੋਜ਼ ਅੱਧੀ ਰਾਤ ਨੂੰ ਚੱਲ
ਕੇ ਚੁਤਾਲੀ-ਚੁਤਾਲੀ ਕਿੱਲੋਮੀਟਰ ਦਾ ਸਫ਼ਰ, ਕਿਸੇ ਭਾਰੀ ਬੰਦੇ ਦੀ ਮੌਜੀ ਦੇਹ ਨੂੰ ਆਪਣੇ
ਮੋਢੇ ਤੇ ਚੁੱਕ ਕੇ ਤੈਅ ਕਰਦਾ ਹੋਵੇ?...
ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ ਕਿ ਜੇ ਉਹਨੂੰ ਕਿਸੇ ਆਈ. ਐਸ. ਆਈ. ਜਿਹੀਆਂ ਖੂਫ਼ੀਆ
ਏਜੰਸੀਆਂ ਅਤੇ ਅਲਕਾਇਦਾ, ਲਸ਼ਕਰ-ਏ-ਤੋਇਬਾ ਜਾਂ ਜੇ. ਕੇ. ਐਲ. ਐਫ਼. ਜਿਹੀਆਂ ਦਹਿਸ਼ਤਗਰਦ
ਜੱਥੇਬੰਦੀਆਂ ਦੀ ਹਮਾਇਤ ਹਾਸਲ ਹੈ ਅਤੇ ਜੇ ਉਹਦੇ ਕੋਲ ਕੋਈ ਅਸਾਲਟ ਰਾਈਫ਼ਲ ਵਗੈਰਾ ਵੀ ਹੈ
ਤਾਂ ਉਹਨੂੰ ਕੀ ਜ਼ਰੂਰਤ ਹੈ ਕਿ ਉਹ ਕਿਸੇ ਦੂਜੇ ਧਰਮ ਦੇ ਲੋਕਾਂ ਦੀਆਂ ਧਾਰਮਿਕ ਆਸਥਾਵਾਂ ਦੀ
ਪੂਰਤੀ ਵਿੱਚੋਂ ਆਪਣੀ ਰੋਜ਼ੀ ਕਮਾਉਣ ਦਾ ਰਾਹ ਚੁਣੇ। ਉਹ ਵੀ ਉਸ ਹਾਲਤ ਵਿੱਚ ਜਦੋਂ ਕਿ
ਉਹਨੂੰ ਅਮਰਨਾਥ ਯਾਤਰਾ ਦੇ ਰਾਹ ਵਿੱਚ ਮਹਾਂਦੇਵ ਦੇ ਨਾਂ ਤੇ ਲੱਗੇ ਭੰਡਾਰਿਆਂ ਵਿੱਚ ਕੇਵਲ
ਇਸ ਵਹਿਮ ਕਰਕੇ ਪੈਰ ਵੀ ਨਾ ਰੱਖਣ ਦਿੱਤਾ ਜਾਂਦਾ ਹੋਵੇ ਕਿ ‘ਇਹਦੇ ਨਾਲ ਉੱਥੇ ਪੱਕਣ ਵਾਲੇ
ਬ੍ਰਹਮ ਭੋਜ ਭ੍ਰਿਸ਼ਟ ਹੋ ਜਾਣਗੇ!’
ਰਾਹ ਵਿੱਚ ਅਸੀਂ ਵਾਰ ਵਾਰ ਵੇਖਿਆ ਸੀ ਕਿ ਉਹਨਾਂ ਦੇ ਮੋਢਿਆਂ ਤੋਂ ਉੱਤਰ ਕੇ ਯਾਤਰੂ ਤਾਂ
ਉਹਨਾਂ ਭੰਡਾਰਿਆਂ ਵਿੱਚ ਪੱਕੇ ਬੜੇ ਹੀ ਸੁਆਦਲੇ ਤੇ ਚੰਗੀ ਤਰ੍ਹਾਂ ਚੋਪੜੇ ਪਕਵਾਨਾਂ ਨੂੰ,
ਅੰਦਰ ਵੜ ਕੇ, ਅਰਾਮ ਨਾਲ ਬਹਿ ਕੇ ਖਾਂਦੇ ਸਨ। ਪ੍ਰੰਤੂ ਉਹਨਾਂ ਦਾ ਬੋਝਾ ਢੋਣ ਵਾਲੇ ਭੁੱਖ
ਲੱਗਣ ਤੇ ਆਪਣੀ ਕਿਸੇ ਗੱਠੜੀ ਜਾਂ ਪੋਟਲੀ ਚੋਂ ਘਰੋਂ ਬੰਨ੍ਹ ਕੇ ਲਿਆਂਦੀ ਰੁੱਖੀ- ਸੁੱਖੀ
ਅਤੇ ਚੋਖੀ ਠੰਡ ਕਰਕੇ ਲੱਗਭਗ ਕਾਠ ਦੀ ਬਣ ਚੁੱਕੀ ਰੋਟੀ, ਭੰਡਾਰੇ ਵਾਲੀ ਥਾਂ ਤੋਂ ਦੂਰ
ਬੈਠਕੇ ਹੀ ਖਾਂਦੇ ਸਨ। ਤੇ ਭੰਡਾਰੇ ਦੇ ਬਾਹਰ ਪਰ੍ਹਾਂ ਵੱਗਦੇ ਬਰਫ਼ਾਨੀ ਨਾਲੇ ਚੋਂ, ਠੰਡਾ
ਪਾਣੀ ਪੀ ਕੇ ਹੀ ਆਪਣੇ ਢਿਡ ਨੂੰ ਧਰਵਾਸ ਜਿਹਾ ਦਿੰਦੇ ਸਨ।... ਭੰਡਾਰੇ ਵਾਲੇ ਤਾਂ ਉਹਨਾਂ
ਵਿੱਚੋਂ ਕਿਸੇ ਨੂੰ ਪਾਣੀ ਵੀ ਨਹੀਂ ਸੀ ਪਿਆਉਂਦੇ....
ਤੇ ਅਸੀਂ ਇਹ ਵੀ ਵੇਖਿਆ ਸੀ ਕਿ ਸਾਡੇ ਮਿੱਤਰ ਜਗਜੀਤ ਸਿੰਘ ਨੂੰ, ਕੇਵਲ ਉਹਦੀ ਕੁਝ
ਮੁਸਲਮਾਨਾਂ ਵਾਲੀ ਦਿੱਖ ਤੇ ਖੁੱਲ੍ਹੇ ਕੁੜਤੇ ਪਜਾਮੇ ਕਾਰਨ, ਪੋਨੀ ਜਾਂ ਪਾਲਕੀ ਵਾਲਾ ਸਮਝ
ਕੇ ਇੱਕ ਭੰਡਾਰੇ ਦੇ ਵਲੰਟੀਅਰ ਨੇ ਭੰਡਾਰੇ ਦੇ ਟੈਂਟ ‘ਚੋਂ ਬਾਹਰ ਹੋਣ ਲਈ ਕਹਿ ਦਿੱਤਾ ਸੀ।
ਪ੍ਰੰਤੂ ਜਦੋਂ ਹੀ ਉਹਨੇ ਪੰਜਾਬੀ ‘ਚ ਗੱਲ ਕੀਤੀ ਤੇ ਇਹਦਾ ਕਾਰਨ ਪੁੱਛਿਆ ਤਾਂ ਉਹਨੂੰ ਆਪਣੀ
‘ਗ਼ਲਤੀ ਦਾ ਅਹਿਸਾਸ’ ਹੋ ਗਿਆ ਸੀ। ਪਰ ਮੈਂ ਸੋਚ ਰਿਹਾ ਸੀ ਜਿਹੜੀ ਗ਼ਲਤੀ ਦਾ ਉਸਨੂੰ
ਅਹਿਸਾਸ ਹੋਇਆ ਹੈ, ਉਹ ਤਾਂ ਓਸ ਗ਼ਲਤੀ ਦੇ ਮੁਕਾਬਲੇ ਕੁਝ ਵੀ ਨਹੀਂ ਜਿਹੜੀ ਉਹ ਲਗਾਤਾਰ
ਰੋਜ਼ ਕਰਦੇ ਆ ਰਹੇ ਹਨ.... ਮੈਂ ਮਨ ਹੀ ਮਨ ਕਾਮਨਾ ਕੀਤੀ ਕਿ ਜਿਸਨੂੰ ਉਹ ਧਿਆਉਣ ਦਾ ਦਾਅਵਾ
ਕਰਦੇ ਹਨ ਉਹ ਮਹਾਂਦੇਵ, ਜੇ ਉਹਦੇ ਵਿੱਚ ਕੋਈ ਬੰਦਿਆਂ ਵਾਲੀ ਗੱਲ ਹੈ ਜਾਂ ਜੇ ਉਹ ਕੁਝ
ਬਖ਼ਸ਼ ਸਕਦਾ ਹੈ ਤਾਂ ਉਹਨਾਂ ਨੂੰ ਸੁਮੱਤ ਬਖ਼ਸ਼ੇ ਤੇ ਉਹਨਾਂ ਦੀਆਂ ਅਜਿਹੀਆਂ ਭੁੱਲਾਂ ਦੇ
ਬਾਵਜੂਦ ਉਹਨਾਂ ਦਾ ਉਦਾਰ ਕਰੇ, ਰਾਹੋਂ ਭਟਕੇ ਆਪਣੇ ਇਹਨਾਂ ਭਗਤਾਂ ਨੂੰ ਆਪਣੇ ਸਹੀ ਮਾਰਗ ਦੇ
ਦਰਸ਼ਨ ਕਰਾਵੇ।
ਮੈਨੂੰ ਇਹ ਸਭ ਦੇਖਕੇ ਸਿ਼ਵ ਪੁਰਾਣ ਵਿੱਚੋਂ ਪੜ੍ਹੀ ਇੱਕ ਦਿਲ ਨੂੰ ਟੁੰਬ ਲੈਣ ਵਾਲੀ ਇੱਕ
ਕਥਾ ਯਾਦ ਆ ਗਈ-
ਸਿ਼ਵ ਦੇ ਲਾਪਰਵਾਹੀ ਵਿੱਚ ਏ ਸੁੱਟੇ ਆਪਣੇ ਨੈਣਾਂ ਦੇ ਤੇਜ (ਦ੍ਰਿਸ਼ਟੀ) ਤੋਂ ਜਨਮੇ ਜਲੰਧਰ
ਨਾਂ ਦੇ ਦੈਂਤ ਦਾ, ਵਿਸ਼ਨੂੰ ਅਤੇ ਬ੍ਰਹਮਾਂ ਸਣੇ ਸਾਰੇ ਦੇਵਤਿਆਂ ਨੂੰ ਹਰਾਉਣ ਜਾਂ ਕੂਟਨੀਤੀ
ਅਧੀਨ ਆਪਣੇ ਅਧੀਨ ਕਰ ਲੈਣ ਉਪਰੰਤ, ਪੂਰੀ ਦੁਨੀਆਂ ਉੱਪਰ ਰਾਜ ਸਥਾਪਤ ਹੋ ਗਿਆ। ਦੇਵਤਿਆਂ ਲਈ
ਬਣੀ ਇਸ ਸਮੁੱਚੀ ਵਿਕਟ ਸਥਿਤੀ ਦੇ, ਕਿਸੇ ਝੀਲ ਵਾਂਗ ਸ਼ਾਤ ਖੜ੍ਹੇ ਪਾਣੀ ਵਿੱਚ ਡਿੱਗੇ
ਵਿਸ਼ਾਲ ਪੱਥਰ ਵਾਂਗ, ਮੁਨੀ ਰਾਜ ਨਾਰਦ ਆਣ ਕੁੱਦਿਆ ਸੀ।
ਉਹ ਜਲੰਧਰ ਕੋਲ ਗਿਆ ਤੇ ਉਹਨੂੰ ਆਖਣ ਲੱਗਿਆ, “ਬਾਈ ਜਲੰਧਰ! ਤੇਰੇ ਇਸ ਲੋਕ ਦੇ ਮੈਂ ਬੜੇ
ਚਰਚੇ ਸੁਣੇ ਨੇ। ਸੁਣਿਆਂ ਹੈ ਕਿ ਤੂੰ ਆਪਣੇ ਰਾਜ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿਣ
ਦਿੱਤੀ। ਦੂਜੇ ਪਾਸੇ ਸਿ਼ਵ ਲੋਕ ਹੈ। ਉਹਦੇ ਵਿੱਚ ਵੀ ਦੇਖ ਕੋਈ ਕਮੀ ਨਹੀਂ! ਚੱਲ ਇੰਝ ਕਰ
ਤੂੰ ਮੈਨੂੰ ਆਪਣੇ ਲੋਕ ਦੀ ਸੈਰ ਕਰਾ ਤਾਂ ਜੋ ਮੈਂ ਇਹ ਦੇਖ ਸਕਾਂ ਕਿ ਤੇਰੇ ਲੋਕ ਵਿੱਚ
ਅਜਿਹਾ ਕੀ ਹੈ ਜੋ ਸਿ਼ਵ ਲੋਕ ਵਿੱਚ ਨਹੀਂ ਹੈ ਜਾਂ ਸਿ਼ਵ ਲੋਕ ਵਿੱਚ ਅਜਿਹਾ ਕੀ ਹੈ ਜਿਹੜਾ
ਤੇਰੇ ਲੋਕ ਵਿੱਚ ਵਿੱਚ ਨਹੀਂ ਹੈ।”
ਜਲੰਧਰ, ਬ੍ਰਹਮਾਂ ਪੁੱਤਰ ਨਾਰਦ ਦੀਆਂ ਇਹ ਗੱਲਾਂ ਸੁਣਕੇ ਬਹੁਤ ਪ੍ਰਸੰਨ ਹੋਇਆ ਤੇ ਉਹਨੇ
ਨਾਰਦ ਨੂੰ, ਆਪਣੇ ਕਾਬੂ ਹੇਠ ਕੀਤੀ ਸਮੁੱਚੀ ਦੁਨੀਆਂ ਘੁੰਮਾਈ, ਜਿਸ ਵਿੱਚ ਨਾਰਦ ਨੇ ਕਸ਼ਮੀਰ
ਜਿਹੇ ਧਰਤੀ ਉੱਤੇ ਹੀ ਬਣੇ ਅਨੇਕਾਂ ਹੀ ਸੁਰਗ ਉੱਸਰੇ ਦੇਖੇ। ਨਾਰਦ ਨੇ ਵੇਖਿਆ ਕਿ ਵਿਸ਼ਨੂੰ
ਭਗਵਾਨ ਵੀ ਆਪਣੀ ਪਤਨੀ (ਜਲੰਧਰ ਦੀ ਭੈਣ) ਲੱਛਮੀ ਸਮੇਤ ਉਹਦੇ (ਆਪਣੇ ਸਾਲੇ ਜਲੰਧਰ ਦੇ) ਘਰ
ਆ ਵਸਿਆ ਸੀ (ਤੇ ਪੰਜਾਬੀਆਂ ਦੀ ਸਹੁਰੇ ਘਰ ਜਵਾਈ ਤੇ ਭੈਣ ਘਰ ਭਾਈ ਦੇ ਵਸਣ ਨਾਲ ਜੁੜੀ,
ਪੈਰੋਂ ਕੱਢਣ ਵਾਲੀ ਅਖਾਉਤ ਅੰਦਰਲੇ ਤਾਅਨੇ ਨੂੰ ਹੁਣ ਆਪਣੀ ਹਿੱਕ ‘ਤੇ ਹੰਢਾ ਰਿਹਾ ਸੀ)
ਉਹਦੇ ਨਾਲ ਹੀ ਸਾਰੇ ਦੇਵਤੇ ਵੀ ਉਸਦੀ ਅਧੀਨਗੀ ਵਿੱਚ ਉਹਦੇ (ਜਲੰਧਰ ਦੇ) ਘਰ ਹੀ ਰਹਿ ਰਹੇ
ਸਨ।
ਇੱਕ ਤਰ੍ਹਾਂ ਨਾਲ ਜ਼ਾਹਰਾ ਤੌਰ ਤੇ ਜਲੰਧਰ ਦੇ ਰਾਜ ਵਿੱਚ ਕਿਸੇ ਨੂੰ ਕੋਈ ਕਸ਼ਟ ਨਹੀਂ ਸੀ
ਅਤੇ ਕਿਸੇ ਵੀ ‘ਵਸਤ’ ਦੀ ਉੱਥੇ ਕੋਈ ਕਮੀ ਨਹੀਂ ਸੀ। ਉੱਤੋਂ ‘ਉਸਾਰੀ ਅਤੇ ਪੈਦਾਵਾਰ’ ਦੇ
ਕੰਮ ਜ਼ੋਰਾਂ ਤੇ ਚੱਲ ਰਹੇ ਸਨ। ਹਰ ਕੋਈ ਨਿੱਤ ਨੇਮ ਨਾਲ ਆਪਣੇ ਕੰਮ ਧੰਦਿਆਂ ਵਿੱਚ ਮਸਤ-ਮਗਨ
ਹੋ ਕੇ ਲੱਗਿਆ ਹੋਇਆ ਸੀ, ਕੋਈ ਵੀ ਗ਼ਰੀਬ ਜਾਂ ਥੁੜ੍ਹਾਂ ਦਾ ਮਾਰਿਆ ਹੋਇਆ ਨਹੀਂ ਸੀ, ਕੋਈ
ਕਿਸੇ ਦੀ ਲੁੱਟ ਚੋਂਘ ਨਹੀਂ ਸੀ ਕਰਦਾ ਅਤੇ ਕੋਈ ਕਿਸੇ ਨਾਲ ਝਗੜਾ ਜਾਂ ਅਨਿਆਂ ਨਹੀਂ ਸੀ
ਕਰਦਾ।
ਉਹ ਜਲੰਧਰ ਦੇ ਰਾਜ ਦੀ ਸ਼ੋਭਾ ਦੇਖ ਕੇ ਮਸਤ ਹੋਇਆ ਸਿਰ ਹਿਲਾਉਣ ਲੱਗਾ। ਆਖਰ ਜਲੰਧਰ ਨੇ
ਸੁਆਲ ਕੀਤਾ, “ਬਾਈ ਨਾਰਦ! ਤੂੰ ਮੈਨੂੰ ਦੱਸ ਕਿ ਅਜਿਹਾ ਕੀ ਹੈ ਜੋ ਸਿ਼ਵ ਦੇ ਉਸ ਲੋਕ ਵਿੱਚ
ਹੈ ਪ੍ਰੰਤੂ ਮੇਰੇ ਇਸ ਲੋਕ ਵਿੱਚ ਨਹੀਂ ਹੈ?”
ਅਚੰਭਿਤ ਹੋਇਆ ਨਾਰਦ ਆਪਣੇ ਆਪੇ ‘ਚ ਵਾਪਸ ਪਰਤਣ ਉਪਰੰਤ ਬੋਲਿਆ ਸੀ, “ਬਾਈ ਜਲੰਧਰ! ਮੈਂ ਵੇਖ
ਲਿਆ ਹੈ ਕਿ ਤੇਰੇ ਇਸ ਲੋਕ ਵਿੱਚ ਕੋਈ ਕਮੀ ਨਹੀਂ। ਪਰ ਬਾਕੀ ਸਭੋ ਕੁਝ ਹੈ ਪ੍ਰੰਤੂ ਸਿ਼ਵ ਦੇ
ਉਸ ਲੋਕ ਦੀ ਇੱਕੋ ਵਸਤ ਹੈ ਜੋ ਏਥੈ ਗੈਰਹਾਜ਼ਰ ਹੈ। ਉਹ ਹੈ ਸੁਹਜ ਤੇ ਸੌਂਦਰਯ ਦੀ ਮੂਰਤ
‘ਦਾਰਾ ਰਤਨ’। ਜੇ ਸਿ਼ਵ ਲੋਕ ਵਿੱਚ ਵਸਦੀ ਉਹ ਸੁੰਦਰ ਇਸਤਰੀ ‘ਦਾਰਾ ਰਤਨ’ ਤੇਰੇ ਲੋਕ ਵਿੱਚ
ਹੁੰਦੀ ਤਾਂ ਤੇਰਾ ਇਹ ਲੋਕ ਸਿ਼ਵ ਲੋਕ ਨੂੰ ਵੀ ਮਾਤ ਦੇ ਦਿੰਦਾ।”
ਬਸ ਏਨੀ ਗੱਲ ਸੁਣਕੇ ਜਲੰਧਰ ਦੇ ਮਨ ਵਿੱਚ, ਸਿ਼ਵ ਦੇ ਦਰਬਾਰ ਦੀ ਸ਼ੋਭਾ ਸੌਂਦਰਯ ਦੀ ਦੇਵੀ
ਦਾਰਾ ਰਤਨ ਨੂੰ ਹਰ ਹੀਲੇ ਹਾਸਲ ਕਰਨ ਦੀ ਮਹੱਤਵਾਕਾਂਖਿਆ ਨੇ ਜਨਮ ਲੈ ਲਿਆ। ਨਾਰਦ, ਉਹਦੇ ਇਹ
ਚੂੰਢੀ ਵੱਢ ਕੇ ਚਲਦਾ ਬਣਿਆਂ। ਪਰ ਉਹਦੇ ਜਾਣ ਤੋਂ ਬਾਅਦ ਜਲੰਧਰ ਦਾਰਾ ਰਤਨ ਨੂੰ ਹਾਸਲ ਕਰਨ
ਲਈ ਤੜਪਣ ਲੱਗ ਪਿਆ ਸੀ...
ਅੰਤ ਉਹਨੇ ਰਾਹੂ ਨਾਂ ਦੇ ਦੈਂਤ ਨੂੰ ਆਪਣਾ ਦੂਤ ਬਣਾ ਕੇ ਸਿ਼ਵ ਲੋਕ ਭੇਜਿਆ ਸੀ। ਸਿ਼ਵ ਦਾ
ਦੁਆਰਪਾਲ ਨੰਦੀ ਰਾਹੂ ਨੂੰ ਸਿੱਧਾ ਸਿ਼ਵ ਕੋਲ ਲੈ ਗਿਆ। ਇੱਕ ਵਿਸ਼ਾਲ ਪੱਥਰ ਦੇ ਆਸਣ ਤੇ
ਬਿਰਾਜਮਾਨ ਸਿ਼ਵ ਨੇ, ਆਪਣੀਆਂ ਭਵਾਂ ਨਾਲ ਇਸ਼ਾਰਾ ਕਰਕੇ ਰਾਹੂ ਨੂੰ ਉਹਦੇ ਆਉਣ ਦਾ ਪ੍ਰਯੋਜਨ
ਪੁੱਛਿਆ ਤਾਂ ਉਹਨੇ ਦੱਸਿਆ, “ਜਲੰਧਰ, ਜਿਹੜਾ ਸੰਸਾਰ ਵਿੱਚ ਸਰਵਸ਼੍ਰੇਸ਼ਠ ਹੈ ਅਤੇ ਜੀਹਦੇ
ਅਧੀਨ ਸਾਰੇ ਦੇਵਤੇ ਅਤੇ ਵਿਸ਼ਨੂੰ ਜੀ ਵੀ ਹਨ, ਉਹਨੇ ਤੁਹਾਡੇ ਲਈ ਇੱਕ ਸੁਨੇਹਾ ਦਿੱਤਾ ਹੈ
ਕਿ ਤੁਸੀਂ ਤਾਂ ਜ਼ਾਹਰਾ ਤੌਰ ਤੇ ਇੱਕ ਜੋਗੀ ਜਾਂ ਤਪੱਸਵੀ ਹੋ ਜੋ ਭਸਮ ਮਲ਼ ਕੇ ਜੰਗਲਾਂ,
ਪਹਾੜਾਂ, ਉਜਾੜ ਬੀਆਬਾਨਾਂ ਤੇ ਮੁਰਦਘਾਟਾਂ ਵਿੱਚ ਨਿਵਾਸ ਕਰਦੇ ਹੋ। ਤੁਹਾਡੇ ਲੋਕ ਵਿੱਚ
ਦਾਰਾ ਰਤਨ ਭਲਾ ਕੀ ਕਰਦੀ ਹੈ? ਇਸ ਕਰਕੇ ਚੰਗਾ ਹੈ ਕਿ ਤੁਸੀਂ ਇਹਦੀ ਸੌਪਣਾ ਜਲੰਧਰ ਨੂੰ ਕਰ
ਦੇਵੋ।”
ਸੁਣਕੇ ਮਹਾਂਦੇਵ ਬੜੇ ਵਿਚਲਿਤ ਹੋ ਗਏ ਸੀ। ਉਹਨਾਂ ਦੀਆਂ ਭਵਾਂ ਤਣ ਗਈਆਂ ਤੇ ਉਹਨਾਂ ਵਿੱਚਲੇ
ਇੱਕ ਵਾਲ ਤੋਂ ਇਸੇ ਵਿਚਲਤਾ ਦੇ ਪ੍ਰਭਾਵ ਅਧੀਨ ਇੱਕ ਵਿਸ਼ਾਲ, ਭਿਆਨਕ ਅਤੇ ਖੂੰਖਾਰ ਦੈਂਤ,
ਜਿਸਦਾ ਰੂਪ ਕਿਸੇ ਸ਼ੇਰ ਵਰਗਾ, ਜੀਭ ਤਿੱਖੀ, ਸਰੀਰ ਵੱਜਰ ਅਤੇ ਨੈਣ ਅੱਗ ਦੀ ਲਾਟ ਵਰਗੇ ਸੀ,
ਉਤਪੰਨ ਹੋ ਕੇ ਰਾਹੂ ਦੇ ਸਨਮੁਖ ਆ ਖੜ੍ਹਾ ਹੋਇਆ।...
ਸਿ਼ਵ ਦੇ ਇਸ ਗਣ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਆਪਣੇ ਜਨਮ ਤੋਂ ਹੀ ਭੁੱਖਾ ਸੀ, ਏਨਾ ਭੁੱਖਾ
ਕਿ ਸਾਹਮਣੇ ਜੋ ਵੀ ਆਇਆ ਉਸ ਨੂੰ ਖਾ ਜਾਵੇ। ਤੇ ਉਹ ਆਪਣੀ ਭੁੱਖ ਪੂਰੀ ਕਰਨ ਖਾਤਰ ਸਾਹਮਣੇ
ਖੜ੍ਹੇ ਰਾਹੂ ਵੱਲ ਵਧਣ ਲੱਗਾ। ਖ਼ਤਰੇ ਨੂੰ ਭਾਂਪ ਕੇ ਰਾਹੂ ਸਿ਼ਵ ਦੇ ਸਨਮੁਖ ਘਬਰਾ ਕੇ
ਗਿੜਗਿੜਾਉਂਦਾ ਹੋਇਆ ਬੋਲਿਆ, “ਓ ਮਹਾਂਦੇਵ! ਮੈਂ ਤਾਂ ਜਲੰਧਰ ਦਾ ਅਦਨਾ ਦੂਤ ਹਾਂ- ਤੁਹਾਡਾ
ਅਤਿਥੀ! ਤੁਹਾਡਾ ਇਹ ਗਣ, ਜੇ ਤੁਸੀਂ ਇਹਨੂੰ ਨਾ ਰੋਕਿਆ, ਮੈਨੂੰ ਮਾਰ ਕੇ ਖਾ ਜਾਵੇਗਾ। ਮੇਰੀ
ਰਾਖੀ ਕਰਨਾ ਤੁਹਾਡਾ ਕਰਤਵ ਹੈ...”
ਉਸਦੀ ਅਜਿਹੀ ਹਾਲ ਪਾਹਰਿਆ ਸੁਣਦਿਆਂ ਹੀ ਸਿ਼ਵ ਨੇ ਉਸ ਦੈਂਤ ਨੂੰ ਪੁਕਾਰਦਿਆਂ ਕਿਹਾ, “ਓ
ਭਲਿਆ ਲੋਕਾ! ਰੁਕ ਜਾ। ਇਉਂ ਨਾ ਕਰ!”
ਸੁਣ ਕੇ ਉਹ ਮੁੜਿਆ ਅਤੇ ਆਪਣੇ ਜਨਮਦਾਤੇ ਨੂੰ ਹੱਥ ਜੋੜਕੇ ਕਹਿਣ ਲੱਗਾ, “ਪਰ ਓ ਮਹਾਂਦੇਵ!
ਮੇਰਿਆ ਰੱਬਾ!! ਮੇਰੇ ਭੋਜਨ ਦਾ ਕੋਈ ਤਾਂ ਉਪਚਾਰ ਕਰ, ਤੂੰ ਦੇਖਦਾ ਹੀ ਹੈਂ ਕਿ ਮੈਂ ਅੰਤਾਂ
ਦਾ ਭੁੱਖਾ ਹਾਂ। ਤੇ ਭੁੱਖ ਨਾਲ ਮੇਰੀ ਜਾਨ ਨਿੱਕਲੀ ਜਾਂਦੀ ਐ! ਜੇ ਇਉਂ ਨਾ ਕਰਾਂ ਤਾਂ ਦੱਸ,
ਆਖਰ ਕਰਾਂ ਤਾਂ ਕੀ ਕਰਾਂ?”
ਭੋਲੇਨਾਥ ਉਹਦੀ ਗੱਲ ਨੂੰ ਸੁਣ ਕੇ ਮੁਸਕੁਰਾਇਆ ਸੀ ਤੇ ਕਹਿ ਬੈਠਿਆ ਸੀ, “ਜੇ ਤੂੰ ਏਨਾ ਹੀ
ਭੁੱਖਾ ਹੈਂ ਤਾਂ ਜਾਹ ਆਪਣੇ ਅੰਗ ਚਬਾ ਜਾ!”
ਪਰ ਇਸ ਤੋਂ ਉਪਰੰਤ ਸਿ਼ਵ ਕੀ ਦੇਖਦਾ ਹੈ ਕਿ ਉਸਦੀ ਆਗਿਆ, ਸੱਚੀਂਓ ਮੰਨ ਕੇ ਭੁੱਖੇ ਸਿ਼ਵ ਗਣ
ਨੇ ਰਾਹੂ ਜਿਹੇ ਦੈਂਤ ਜਾਂ ਕਿਸੇ ਹੋਰ ਨੂੰ ਆਪਣੀ ਭੁੱਖ ਦੀ ਪੂਰਤੀ ਲਈ ਆਪਣਾ ਭੋਜਨ ਬਣਾਉਣ
ਦਾ ਵਿਚਾਰ ਤਿਆਗ ਦਿੱਤਾ ਹੈ। ਉਹ ਸਚਮੁਚ ਹੁਣ ਉਹਦਾ ਕਿਹਾ ਮੰਨ ਕੇ ‘ਉਹਦੀ ਰਜ਼ਾ ਅਨੁਸਾਰ’
ਵਿਓਹਾਰ ਕਰਨ ਲੱਗ ਪਿਆ ਹੈ....
ਉਹਨੇ ਸਿ਼ਵ ਦਾ ਅਜਿਹਾ ਹੁਕਮ ਪਾਉਂਦਿਆਂ ਹੀ ਖੁਦ ਆਪਣੇ ਅੰਗਾਂ ਨੂੰ ਆਪਣੇ ਪੈਰਾਂ ਤੋਂ
ਸ਼ੁਰੂ ਕਰਕੇ ਖਾਣਾ ਸ਼ੁਰੂ ਕਰ ਦਿੱਤਾ ਸੀ। ਸਿ਼ਵ ਨੇ ਦੇਖਿਆ ਕਿ ਆਪਣੇ ਪੈਰ ਖਾਣ ਉਪਰੰਤ
ਉਹਨੇ ਆਪਣੀਆਂ ਲੱਤਾਂ ਖਾਧੀਆਂ, ਫੇਰ ਉਹਨੇ ਆਪਣੇ ਪੱਟ ਨਿਬੇੜੇ, ਫੇਰ ਉਹ ਆਪਣਾ ਲੱਕ ਹੜੱਪ
ਕਰ ਗਿਆ, ਫੇਰ ਉਹਨੇ ਆਪਣੇ ਢਿੱਡ ਨੂੰ ਪਾੜ ਖਾਧਾ, ਫਿਰ ਉਹਨੇ ਆਪਣਾ ਸੀਨਾ ਝੁਲਸਿਆ, ਫੇਰ
ਉਹਨੇ ਆਪਣੀਆਂ ਬਾਹਾਂ ਚੱਟ ਕਰ ਲਈਆਂ, ਫੇਰ ਉਹ ਆਪਣੇ ਮੋਢੇ ਜੀਮ ਗਿਆ ਤੇ ਫੇਰ ਅੰਤ ਨੂੰ
ਉਹਨੇ ਆਪਣੀ ਗੀਚੀ ਵੀ ਡੱਫ ਲਈ।
.....ਤੇ ਹੁਣ ਉਹਨੂੰ ਨਾ ਹੋਰ ਭੁੱਖ ਹੀ ਲੱਗੀ ਰਹਿ ਗਈ ਸੀ ਤੇ ਨਾ ਹੀ ਇਸ ਤੋਂ ਬਾਅਦ ਆਪਣੇ
ਮੁਖ ਤੋਂ ਬਿਨਾਂ ਹੋਰ ਕੁਝ ਉਹਦੇ ਕੋਲ ਖਾਣ ਲਈ ਬਚਿਆ ਸੀ।.... ਉਹ... ਓਥੇ ਰਾਹੂ ਅਤੇ ਸਿ਼ਵ
ਦੇ ਵਿਚਕਾਰ ਰਾਹ ਵਿੱਚ ਪਈ ਇੱਕ ਫੁੱਟਬਾਲ ਦੀ ਤਰ੍ਹਾਂ ਪਿਆ, ਭੋਜਨ ਕਰਨ ਉਪਰੰਤ ਜਿਵੇ ਕੋਈ
ਸੁਆਦ ਸੁਆਦ ਹੋ ਉੱਠਦਾ ਹੈ ਆਪਣੀਆਂ ਅੱਖਾਂ ਪਲ ਕੁ ਲਈ ਬੰਦ ਕਰਕੇ ਆਪਣੀ ਜੀਭ ਆਪਣੇ
ਬੁੱਲ੍ਹਾਂ ਉੱਤੇ ਫੇਰ ਰਿਹਾ ਸੀ!....
ਇਹ ਸਭ ਵੇਖਕੇ ਭੋਲੇਨਾਥ ਵੀ ਦੰਗ ਹੋਏ ਬਿਨਾਂ ਨਹੀਂ ਰਹਿ ਸਕਿਆ। ਉਹ ਓਸ ਭਲੇ ਪੁਰਖ ਦੀ
ਅਲੋਕਾਰ ‘ਕੀਤੀ-ਕੱਤਰੀ’ ਤੋਂ ਬੜਾ ਪ੍ਰਸੰਨ ਹੋਇਆ ਸੀ। ਇਸ ਪ੍ਰਸੰਨਤਾ ਅਤੇ ਵਿਲੱਖਣ ਪ੍ਰਕਾਰ
ਦੇ ਸੁਹਜ ਬੋਧ ਵਿੱਚ ਮਸਤ ਹੋਇਆ ਉਹ ਕਹਿ ਉੱਠਿਆ ਸੀ, “ਓ ਭਲਿਆ ਲੋਕਾ! ਇਹ ਤੂੰ ਕੀ ਕਰ
ਦਿੱਤੈ? ਤੇਰੇ ਏਦਾਂ ਕਰਨ ਤੇ, ਮੈਨੂੰ ਤੇਰੇ ਰੂਪ ਵਿੱਚ ਪ੍ਰਗਟ ਹੋਏ ਆਪਣੇ ਇੱਕ ਵੱਡੇ ਗੁਣ
ਦਾ ਅਹਿਸਾਸ ਹੋਇਐ। ਤਾਂ ਸੁਣ ਲੈ ਫੇਰ ਹੁਣ ਮੇਰੇ ਬਚਨ! ਤੇਰੀ ਇਸ ਕੀਤੀ-ਕੱਤਰੀ ਕਰਕੇ, ਅੱਜ
ਤੋਂ ਬਾਅਦ, ਦੁਨੀਆਂ ਤੈਨੂੰ ‘ਕੀਰਤੀ ਮੁੱਖ’ ਦੇ ਨਾਮ ਨਾਲ ਜਾਣਿਆਂ ਕਰੇਗੀ। ਮੈਂ ਤੇਰੇ ਤੋਂ
ਅਤਿਅੰਤ ਪ੍ਰਭਾਵਿਤ ਹੋਇਆ ਹਾਂ। ਤੂੰ, ਜੀਹਨੇ ਕਿ ਅੰਤਾਂ ਦੀ ਭੁੱਖ ਲੱਗਣ ਤੇ ਵੀ ਕਿਸੇ ਦੂਜੇ
ਨੂੰ ਲੁੱਟ ਲੈਣ ਜਾਂ ਮਾਰ ਕੇ ਖਾ ਜਾਣ ਦੀ ਥਾਂ ਤੇ ਮੇਰੀ (ਪਰਮਾਤਮਾ ਦੀ) ਰਜ਼ਾ ਵਿੱਚ
ਰਹਿੰਦਿਆਂ ਆਪਣੇ ਹੀ ਅੰਗ ਖਾ ਜਾਣ ਨੂੰ ਤਰਜੀਹ ਦਿੱਤੀ ਹੈ, ਅੱਜ ਤੋਂ ਤੂੰ ਹੀ ਮੇਰਾ ਦੁਆਰ
ਪਾਲ ਹੋਇਆ ਕਰੇਂਗਾ। ਤੈਨੂੰ ਧਿਆਉਣ ਤੋਂ ਪਹਿਲਾਂ ਕੋਈ ਮੇਰੇ ਦਰਸ਼ਨ ਨਹੀਂ ਕਰ ਸਕੇਗਾ। ਅੱਜ
ਤੋਂ ਬਾਅਦ ‘ਮੇਰੇ ਦਰਸ਼ਨਾਂ’ ਤੋਂ ਪਹਿਲਾਂ ਜਿਹੜਾ ਤੇਰੇ ‘ਦਰਸ਼ਨ’ ਨਹੀਂ ਕਰੂਗਾ, ਤੇਰੀ
‘ਪੂਜਾ’ ਨਹੀਂ ਕਰੇਗਾ ਜਾਂ ਤੇਰੀ ਕਦਰ ਨਹੀਂ ਕਰੇਗਾ ਉਹਨੂੰ ਮੈਂ ਜਾਗਦੇ ਹੋਏ ਤਾਂ ਕੀ
ਸੁਫ਼ਨੇ ਵਿੱਚ ਵੀ ‘ਦਰਸ਼ਨ’ ਨਹੀਂ ਦੇਵਾਂਗਾ....”
....ਪਹਿਲੀ ਵਾਰ ਹੀ ਏਨੀ ਸਖ਼ਤ ਚੜ੍ਹਾਈ ਚੜ੍ਹਦਿਆਂ ਪ੍ਰਭਜੋਤ ਥੱਕ ਗਿਆ ਸੀ। ਖੱਲੀਆਂ ਪੈ ਕੇ
ਉਹਦੀਆਂ ਲੱਤਾਂ ਦੁਖ ਰਹੀਆਂ ਸਨ। ਉਹਨੂੰ ਮੁੜ ਕੇ ਰਵਾਂ ਕਰਨ ਅਤੇ ਖੁਦ ਥੋੜ੍ਹਾ ਅਰਾਮ ਕਰਨ
ਖਾਤਰ ਰਾਹ ਵਿੱਚ ਅਸੀਂ ਕਿਸੇ ਭੰਡਾਰੇ ਤੋਂ ਚਾਹ ਦੇ ਕੱਪ ਲੈਕੇ ਇੱਕ ਪੱਥਰ ਨੂੰ ਆਪਣਾ ਆਸਣ
ਬਣਾ ਕੇ ਬਹਿ ਗਏ। ਤੇ ਜਦੋਂ ਅਸੀਂ ਉੱਥੇ ਬੈਠੇ ਚਾਹ ਦੀਆਂ ਚੁਸਕੀਆਂ ਭਰ ਰਹੇ ਸੀ ਤਾਂ ਸਾਡੇ
ਸਾਹਮਣੇ, ਅਮਰਨਾਥ ਨੂੰ ਜਾਂਦੇ ਪਹੇ ਦੇ ਪਾਰ ਬੈਠਾ ਇੱਕ ਪੱਲੇਦਾਰ ਮੈਨੂੰ ਸਿ਼ਵ ਦੇ ਦੁਆਰਪਾਲ
ਕੀਰਤੀ ਮੁਖ ਜਿਹਾ ਹੀ ਜਾਪਿਆ ਸੀ... ਉਹਨੇ ਸਾਡੇ ਸਾਹਮਣੇ ਆਪਣੇ ਹੋਰਨਾਂ ਤਿੰਨ ਸਾਥੀਆਂ
ਸਮੇਤ ਓਥੇ ਆ ਕੇ ਇੱਕ ਕੁਆਂਟਲ ਤੋਂ ਵੱਧ ਭਾਰੇ ਜਾਪਦੇ ਇੱਕ ਸਿ਼ਵ ਭਗਤ ਨੂੰ ਆਪਣੀ ਡਾਂਡੀ
ਤੋਂ ਹੇਠ ਉਤਾਰਿਆ ਸੀ ਤਾਂ ਜੋ ਉਹ ਭੰਡਾਰੇ ਤੋਂ ਕੁਝ ਖਾ ਪੀ ਲਵੇ ਅਤੇ ‘ਭੋਰਾ ਲੱਤਾਂ
ਸਿੱਧੀਆਂ ਕਰ ਲਵੇ’। ਉਹਨੇ ਆਪਣੀ ਲੋਈ ਨਾਲ ਆਪਣੇ ਚਿਹਰੇ ਤੋਂ ਲਾਦੂ ਖੱਚਰਾਂ ਦੀ ਉਡਾਈ ਧੂੜ
ਮਿੱਟੀ ਤੇ ਮੱਥੇ ਤੇ ਆਇਆ ਪਸੀਨਾਂ ਪੂੰਝਿਆ ਅਤੇ ਆਪਣੇ ਲੱਕ ਨਾਲ ਬੰਨ੍ਹੇ ਪੱਲੂ ‘ਚੋਂ ਰੋਟੀ
ਕੱਢ ਕੇ ਖਾਣੀ ਸ਼ੁਰੂ ਕਰ ਦਿੱਤੀ। ਉਸ ਰੋਟੀ ਨਾਲ ਕੋਈ ਲਾਵਨ ਜਾਂ ਦਾਲ ਭਾਜੀ ਨਹੀਂ ਸੀ...
....ਉਹ ਜ਼ਰੂਰ ਹੀ ਪਿਛਲੀ ਰਾਤ ਘੁੱਪ ਹਨੇਰਾ ਹੋਣ ਤੇ ਆਪਣੇ ਘਰੋਂ ਤੁਰਿਆ ਹੋਵੇਗਾ... ਪਤਾ
ਨਹੀਂ ਉਹਦੇ ਘਰ ਵਿੱਚ ਕੀ ਭੰਗ ਭੁੱਜਦੀ ਹੋਵੇਗੀ... ਪਤਾ ਨਹੀਂ ਉਹਨੂੰ ਇਹ ਸੁੱਕੀ ਰੋਟੀ
ਕਿਹੜੀ ਸੁਆਣੀ ਨੇ ਪਕਾ ਦਿੱਤੀ ਹੋਵੇਗੀ... ਮੂੰਹ ਨੇਰ੍ਹੇ ਆਪਣੀ ਕੁੱਲੀ ‘ਚੋਂ ਤੁਰਦਿਆਂ
ਉਹਨੇ ਜਦੋਂ ਆਪਣੀ ਧੀ, ਪਤਨੀ ਜਾਂ ਭੈਣ ਨੂੰ ਅੱਲਾ ਹਾਫਿ਼ਜ਼ ਕਿਹਾ ਹੋਵੇਗਾ ਤਾਂ ਉਹਨੂੰ
ਰੋਜ਼ ਦੀ ਤਰ੍ਹਾਂ ਆਪਣੇ ਮੋਢੇ ਤੁੜਾਉਣ ਜਾਂਦਾ ਦੇਖ ਕੇ ਉਹ ਪਤਾ ਨਹੀਂ ਕੀ ਸੋਚਦੀਆਂ
ਹੋਣਗੀਆਂ!...
ਅਜਿਹੀਆਂ ਹੀ ਕਈ ਗੱਲਾਂ ਉੱਤੇ ਮੇਰੇ ਮਨ ਨੇ ਵਿਚਾਰ ਕੀਤੀ ਸੀ। ਨਾਲ ਈ ਕਈ ਸੁਆਲ ਮੇਰੇ ਮਨ
ਵਿੱਚ ਉੱਠੇ ਸਨ ਕਿ ਜਿੱਥੇ ਅਸੀਂ ਫਿਰ ਰਹੇ ਹਾਂ ਕੀ ਇਹ ਕੋਈ ਸਿ਼ਵ ਲੋਕ ਹੈ? ਕੀ ਇੱਥੇ ਕੋਈ
ਦਾਰਾ ਰਤਨ ਨਾਂ ਦੀ ਕੋਈ ਸੁਹਜ ਦੀ ਦੇਵੀ ਨਿਵਾਸ ਕਰਦੀ ਵੀ ਹੈ? ਕੀ ਵਾਸਤਵ ਵਿੱਚ ਕਿਸੇ
ਕੀਰਤੀਮੁਖ ਦੀ ਇੱਥੇ ਕੋਈ ਕਦਰ ਕਰਦਾ ਹੈ? ਕੀ ਯਾਤਰੂਆਂ ਵਿੱਚੋਂ ਕਿਸੇ ਨੂੰ ਉਸ ਸਿ਼ਵ ਦੇ
‘ਦਰਸ਼ਨ’ ਕਦੀ ਹੋ ਸਕਨਗੇ ਜਿਸ ਸਿ਼ਵ ਦਾ ਮੂਰਤੀਮਾਨ ਸਰੂਪ ਸਮਝੇ ਜਾਂਦੇ ਬਰਫ਼ ਦੇ ਸਿ਼ਵਲਿੰਗ
ਵੱਲ ਉਹ ਵਧ ਰਹੇ ਹਨ, ਜਿਹੜਾ ਸਿ਼ਵ ਕਹਿੰਦਾ ਹੈ ਕਿ ਮੈਂ ਤੁਹਾਨੂੰ ਸੁਫ਼ਨੇ ਵਿੱਚ ਵੀ
‘ਦਰਸ਼ਨ’ ਨਹੀਂ ਦੇਵਾਂਗਾ ਜੇਕਰ ਤੁਸੀਂ ਮੇਰੇ ਦੁਆਰਪਾਲ ਕੀਰਤੀਮੁਖ ਦੀ ਪੂਜਾ ਨਹੀਂ ਕੀਤੀ
ਜਾਂ ਉਹਦੀ ਕਦਰ ਕਰਨੀ ਨਹੀਂ ਸਿੱਖੀ...
...ਮੇਰਾ ਬੇਟਾ ਚਾਹ ਪੀ ਕੇ ਰਵਾਂ ਹੋ ਗਿਆ ਸੀ। ਮੈਂ ਉਹਦੇ ਪੱਟਾਂ ਦੀ ਦੱਬ ਕੇ ਮਾਲਿਸ਼ ਵੀ
ਕੀਤੀ ਸੀ। ਮਾਲਿਸ਼ ਕਰਦਿਆਂ ਮੈਂ ਉਹਨੂੰ ਉਹਨਾਂ ਪੱਲੇਦਾਰਾਂ (ਕੀਰਤੀਮੁਖਾਂ) ਵੱਲ ਵੇਖਣ
ਬਾਰੇ ਕਹਿ ਰਿਹਾ ਸੀ ਜਿਹੜੇ ਸਾਰਾ ਰਾਹ ਸਣੇ ਡਾਂਡੀ (ਡੋਲੀ) ਦੇ ਆਪਣੇ ਮੋਢਿਆਂ ਤੇ ‘ਮਣ
ਪੱਕਾ ਭਾਰ’ ਚੱਕ ਕੇ ਉਦੋਂ ਤੱਕ ਚਲਦੇ ਰਹਿੰਦੇ ਸਨ ਜਦੋਂ ਤੱਕ ਉਹਨਾਂ ਦੀ ਸਵਾਰੀ ਖੁਦ ਕੋਈ
ਖਾਣ-ਪੀਣ ਜਾਂ ਕਿਸੇ ਕੁਦਰਤੀ ਸੀਨ ਦੇ ਅੱਗੇ ਖੜ੍ਹੋ ਕੇ ਫੋਟੋ ਖਿੱਚਣ ਜਾਂ ਫੇਰ ਹੱਗਣ-ਮੂਤਣ
ਲਈ ਹੇਠ ਉਤਾਰਨ ਨੂੰ ਨਾ ਕਹੇ।
“ ਇੱਕ ਪਾਸੇ ਤੂੰ ਐਂ ਕਿ ਆਹ ਇੱਕ ਸੋਟੀ ਤੇ ਨਿੱਕਾ ਜਿਹਾ ਪਿੱਠੂ ਬੈਗ ਚੱਕ ਕੇ ਤੁਰਨ ਤੋਂ
ਹੱਥ ਖੜ੍ਹੇ ਕਰੀ ਜਾਨੈਂ।” ਮੈਂ ਉਹਨੂੰ ਮਜ਼ਾਕ ਕਰਦਿਆਂ ਕਿਹਾ ਸੀ।
“ਪਾਪਾ! ਤੁਸੀਂ ਮੈਨੂੰ ਕਿਸੇ ਦਾ ਬੋਝਾ ਢੋਣ ਆਲਾ ਖੋਤਾ ਸਮਝੀ ਜਾਨੇ ਓਂ!!... ਮੈਂ ਤਾਂ
ਬੰਦਾ ਆਂ ਬੰਦਾ।...” ਉਹਦੇ ਇਸ ਜਵਾਬ ਨੇ ਜਿੱਥੇ ਇੱਕ ਪਾਸੇ ਸਾਡੇ ਵਿੱਚੋਂ ਹਰ ਇੱਕ ਨੂੰ
ਹਸਾ ਛੱਡਿਆ ਸੀ ਉੱਥੇ ਦੂਜੇ ਪਾਸੇ ਮੈਨੂੰ ਬੇ ਜਵਾਬ ਵੀ ਕਰ ਦਿੱਤਾ ਸੀ।
ਜਵਾਬ ਵਿੱਚ ਮੇਰੇ ਤੋਂ ਉਹਨੂੰ ਇਹ ਵੀ ਨਹੀਂ ਸੀ ਕਹਿ ਹੋਇਆ ਕਿ ‘ਉਹ ਕਿਹੜਾ ਬੰਦੇ ਨਹੀਂ
ਜਿਹੜੇ ਦੂਜਿਆਂ ਦਾ ਬੋਝਾ ਢੋਂਦੇ ਨੇ....’ ਕਿਉਂਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਉਹ ਸਮਾਂ
ਕਿਸੇ ਗੰਭੀਰ ਬਹਿਸ ਦਾ ਸਮਾਂ ਨਹੀਂ ਸੀ ਜਾਪਦਾ ਤੇ ਨਾ ਹੀ ਦਰਅਸਲ ਮੈਂ ਹੀ ਕਦੇ ਇਹ ਚਾਹਿਆ
ਹੈ ਕਿ ਮੇਰਾ ਬੇਟਾ ਜਿ਼ੰਦਗੀ ਦਾ ਆਨੰਦ ਮਾਣਨ ਵਾਲੀ ਉਮਰੇ ਦਾਰਸ਼ਨਿਕਾਂ ਵਾਂਗੂੰ ਗਹਿਰੀਆਂ
ਤੇ ਗੰਭੀਰ ਸੋਚਾਂ ਵਿੱਚ ਪੈ ਜਾਵੇ।... ਮੈਂ ਤਾਂ ਸਗੋਂ ਚਾਹੁੰਦਾ ਰਿਹਾ ਹਾਂ ਕਿ ਉਹ ਆਪਣੀ
ਪੂਰੀ ਜਿ਼ੰਦਗੀ ਹੀ ਚੜ੍ਹਦੀ ਕਲਾ ਵਿੱਚ ਰਹੇ। ਤੇ ਤੁਰਦਾ ਤੁਰਦਾ ਮੈਂ ਸੋਚ ਰਿਹਾ ਸਾਂ ਕਿ
ਆਪਣੇ ਪੁੱਤਾਂ ਬਾਰੇ ਇਹ ਅਕਾਂਖਿਆ ਦੂਜਿਆਂ ਦੇ ਪੁੱਤਾਂ ਬਾਰੇ ਸਾਨੂੰ ਕਿਉਂ ਸੋਚਣ ਲਈ ਨਹੀਂ
ਮਜ਼ਬੂਰ ਨਹੀਂ ਕਰਦੀ!...
ਮੈਂ ਸੋਚ ਰਿਹਾ ਸੀ ਕਿ ਜੇ ਅਸੀਂ ਸਚਮੁਚ ਸਿ਼ਵ ਦੇ ਸੱਚੇ ਭਗਤ ਹਾਂ ਤਾਂ ਸਾਨੂੰ ਆਪਣੇ
ਦੁੱਖਾਂ ਸੁੱਖਾਂ ਦੇ ਪਾਰ ਜਾ ਕੇ ਦੁਨੀਆਂ ਭਰ ਦੇ ਹਾਲਾਤ ਦੇ ਲਿਤਾੜੇ ਉਹਨਾਂ ਲੋਕਾਂ ਦੀਆਂ
ਚੀਕਾਂ ਕਿਉਂ ਸੁਣਾਈ ਨਹੀਂ ਦਿੰਦੀਆਂ ਜਿਹੜੇ ਭੁੱਖ ਲੱਗਣ ਤੇ ਰੋਜ਼ ਆਪਣਾ ਕੋਈ ਨਾ ਕੋਈ ਅੰਗ
ਚਬਾ ਜਾਣ ਲਈ ਹੀ ਮਜ਼ਬੂਰ ਹਨ ਤੇ ਕਿਉਂ ਅਸੀਂ ਉਹਨਾਂ ਨੂੰ ਕੇਵਲ ਆਪਣਾ ਬੋਝਾ ਚੁੱਕਣ ਦਾ
ਸਾਧਨ ਹੀ ਮੰਨੀ ਬੈਠੇ ਹਾਂ ਜਾਂ ਆਖਰ ਕਿਉਂ ਅਸੀਂ ਉਹਨਾਂ ਦਾ ਘੱਟੋ ਘੱਟ ਸਤਿਕਾਰ ਵੀ ਨਹੀਂ
ਕਰਦੇ ਉਲਟਾ ‘ਆਪਣੇ ਭੰਡਾਰਿਆਂ’ ਤੋਂ ਦੂਰ ਰੱਖਣ ਲਈ ਉਹਨਾਂ ਦੇ ਕਿਸੇ ਧਰਮ ਜਾਂ ਜ਼ਾਤ ਦਾ
ਬਹਾਨਾਂ ਘੜਦੇ ਫਿਰਦੇ ਹਾਂ!...
ਆਖਰ ਕਦੋਂ ਅਸੀਂ ਇਹ ਸਮਝਾਂਗੇ ਕਿ ਦੁਨੀਆਂ ਭਰ ਦੇ ਕੀਰਤੀਮੁਖਾਂ ਦਾ ਧਰਮ ਇੱਕੋ ਹੈ:
‘ਆਪਣੇ ਮੁਖ ਦੀ ਲੋੜ ਜਾਂ ਸੁਹਜ ਸੁਆਦ ਪਿੱਛੇ ਕਿਸੇ ਦੀ ਤੇ ਇੱਥੋਂ ਤੱਕ ਕਿ ਆਪਣੇ ਦੁਸ਼ਮਣ
ਦੀ ਵੀ ਬਲੀ ਨਾ ਲੈਕੇ ਖੁਦ ਆਪਣੀ ਸਰੀਰਕ ਹੋਂਦ ਦੀ ਹੀ ਕੁਰਬਾਨੀ ਦੇ ਦੇਣਾ’
...ਸੰਗਮ ਤੇ ਪਹੁੰਚੇ ਤਾਂ ਦੇਖਿਆ ਕਿ ਇੱਕ ਲਾਦੂ ਖੱਚਰ ਉੱਥੇ ਦੇ ਭੀੜ ਭੜੱਕੇ ਤੋਂ ਘਬਰਾ ਕੇ
ਹੇਠਾਂ ਵਹਿੰਦੇ ਬਰਫਾਨੀ ਪਾਣੀ ਦੇ ਨਾਲੇ ਵਿੱਚ ਜਾ ਪਿਆ ਸੀ। ਉਹਦੇ ਉੱਪਰ ਸਵਾਰ ਬੰਦਾ ਆਪਣੀ
ਤੇ ਪੋਨੀ ਵਾਲੇ ਦੀ ਰਲਵੀਂ ਕੋਸਿ਼ਸ਼ ਨਾਲ ਉਹਦੇ ਵਾਂਗ ਜਾਨ ਗੁਆ ਬੈਠਣ ਤੋਂ ਬਚ ਗਿਆ ਸੀ।
ਡਿੱਗਦੇ ਡਿੱਗਦੇ ਖੱਚਰ ਉੱਪਰਲੀ ਸਵਾਰੀ ਨੇ ਨਾਲੇ ਦੇ ਕੰਢੇ ਦੇ ਇੱਕ ਪੱਥਰ ਨੂੰ ਹੱਥ ਪਾ ਲਿਆ
ਸੀ। ਤੇ ਫਿਰ ਪੋਨੀ ਵਾਲੇ ਨੇ ਉਹਨੂੰ ਆਪਣੇ ਹੱਥ ਦਾ ਆਸਰਾ ਦਿੱਤਾ ਸੀ। ਮਗਰੋਂ ਖੱਚਰ ਦਾ ਉਹ
ਪਾਲਣਹਾਰ ਨਾਲੇ ਦੀ ਢਲਾਣ ਵੱਲ ਨਮੋਸ਼ੀ ਨਾਲ ਤੱਕਦਾ ਆਪਣੇ ਖੱਚਰ ਦੀ ਮ੍ਰਿਤ ਦੇਹ ਨੂੰ ਢੂੰਡ
ਰਿਹਾ ਸੀ।
ਉਸ ਸਮੇਂ ਉਹਦੇ ਮਨ ਵਿੱਚ ਕੀ ਚੱਲ ਰਿਹਾ ਹੋਵੇਗਾ? ਸ਼ਾਇਦ ਇਹੋ ਕਿ ਹੁਣ ਉਹਦਾ ਰੁਜ਼ਗਾਰ
ਜਾਂਦਾ ਰਿਹਾ ਹੈ ਜਾਂ ਇਹ ਕਿ ਅੱਜ ਤੋਂ ਖੱਚਰ ਦੀ ਥਾਂ ਤੇ ਸਵਾਰੀਆਂ ਢੋਣ ਨੂੰ ਉਹਦੀ ਪਿੱਠ
ਹੋਇਆ ਕਰੇਗੀ.... ਜੀਹਦੀ ਕੀਮਤ ਉਹਨੂੰ ਓਨੀ ਨਹੀਂ ਮਿਲ ਸਕਣੀ ਜਿੰਨੀ ਖੱਚਰ ਦੇ ਹੁੰਦਿਆਂ
ਸੁੰਦਿਆਂ ਮਿਲ ਜਾਂਦੀ ਸੀ... ਉਹਦੀ ਟੱਬਰੀ ਦੇ ਜੀਅ ਉਹਨੂੰ ਸੈਂਕੜੇ ਤਾਅਨੇ ਦੇਣਗੇ... ਉਹ
ਜਿਹੜਾ ਕਿ ‘ਆਪਣੀ ਹੀ ਭੁੱਲ’ ਕਾਰਨ ਆਪਣਾ ਰਿਜ਼ਕ ਗੁਆ ਬੈਠਾ ਸੀ, ‘ਉਹ ਏਨੀ ਭੀੜ ਵਿੱਚ ਧਿਆਨ
ਨਾਲ ਨਹੀਂ ਸੀ ਤੁਰ ਸਕਦਾ! ਜਦੋਂ ਚੰਗਾ ਭਲਾ ਪਤੈ ਬਈ ਓਥੇ ਤਾਂ ਨਿਰੀ ਭਗਦੜ ਕਾਰਨ ਹੀ
ਸੈਂਕੜੇ ਲੋਕ ਮਾਰੇ ਜਾਂਦੇ ਨੇ, ਢਿੱਗਾਂ ਉੱਤੇ ਡਿੱਗ ਪੈਂਦੀਆਂ ਨੇ ਅਤੇ ਅਜਿਹੇ ਭੀੜ ਭੜੱਕੇ
ਵਿੱਚ ਜਾਨਵਰ ਘਬਰਾ ਜਾਂਦੇ ਨੇ ਤਾਂ ਉਹਨੇ ਆਪਣੀ ਭਲਾਈ ਬਾਰੇ ਕਿਉਂ ਵਿਚਾਰ ਨਹੀਂ ਕੀਤੀ...
ਹੋ ਸਕਦਾ ਹੈ ਕਿ ਉਹਦੇ ਮਨ ਵਿੱਚ ਆਪਣੇ ਆਲੇ ਦੁਆਲੇ ਦੇ ਇਹੋ ਜਿਹੇ ਹੀ ਤਾਅਨੇ ਦਿੰਦੇ ਤੇ
ਤਮਾਸ਼ਾ ਦੇਖਦੇ ਲੋਕਾਂ ਨੂੰ ਵੇਖਕੇ ਇਹ ਵਿਚਾਰ ਵੀ ਆਇਆ ਹੋਵੇ ਕਿ ਸੁਆਦ ਤਾਂ, ਤਾਂ ਆਉਂਦਾ,
ਜੇ ਉਹਦੇ ਖੱਚਰ ਤੇ ਬੈਠਾ ਉਹ ਧੰਨਾਢ ਜਿਹਾ ਲੱਗਣ ਵਾਲਾ ਢਿੱਡਲ ਬੰਦਾ, ਜੀਹਦੇ ਬਚ ਜਾਣ ਤੇ
ਲੋਕ ਆਪਣੇ ਆਪਨੂੰ ਸੁਰਖਰੂ ਜਿਹੇ ਪ੍ਰਤੀਤ ਕਰ ਰਹੇ ਸਨ, ਉਹ ਵੀ ਨਾਲ ਏ ਰੁੜ੍ਹ ਕੇ ‘ਯਮਲੋਕ
ਪਹੁੰਚ ਜਾਂਦਾ’....
ਪਰ ਫਿਲਹਾਲ ਤਾਂ ਉਹ ਤਾਂ ਬੇਚਾਰਾ ਉਦਾਸ ਜਿਹਾ ਹੋਕੇ ਆਪਣੇ ਪਰਨੇ ਨਾਲ ਪਤਾ ਨਹੀਂ ਤਾਂ ਆਪਣੇ
ਮੱਥੇ ਤੋਂ ਮੁੜ੍ਹਕਾ ਪੂੰਝ ਰਿਹਾ ਸੀ ਜਾਂ ਪਤਾ ਨਹੀਂ ਤਾਂ ਅੱਖਾਂ ਵਿੱਚ ਉੱਮੜ ਕੇ ਆਏ
ਹੰਝੂਆਂ ਨੂੰ ਸਾਫ਼ ਕਰ ਰਿਹਾ ਸੀ.. ਮੇਰਾ ਦਿਲ ਕੀਤਾ ਕਿ ਉਹਦੇ ਕੋਲ ਘੜੀ ਪਲ ਬੈਠਾਂ ਅਤੇ
ਉਹਦੇ ਦੁੱਖ ਦੀ ਪੂਰੀ ਕਥਾ ਉਹਦੇ ਮੁਖ ਤੋਂ ਸੁਣਾ। ਪਰ ਫਿਰ ਇਹ ਸੋਚਕੇ ਕਿ ਹਮਦਰਦੀ ਦੇ ਦੋ
ਬੋਲਾਂ ਨਾਲ ਉਹਦਾ ਖੱਚਰ ਤਾਂ ਉਹਨੂੰ ਵਾਪਸ ਨਹੀਂ ਮਿਲ ਸਕਦਾ ਤੇ ਕਿਤੇ ਇਹਨਾਂ ਬੋਲਾਂ ਨਾਲ
ਉਹਦੇ ਜ਼ਖਮਾਂ ਉੱਤੇ ਲੂਣ ਈ ਨਾ ਛਿੜਕਿਆ ਜਾਵੇ ਮੈਂ ਅੱਗੇ ਤੁਰ ਪਿਆ..
ਸੰਗਮ ਦਰਅਸਲ ਉਹ ਥਾਂ ਹੈ ਜਿੱਥੇ ਅਮਰਨਾਥ ਗੁਫ਼ਾ ਨੂੰ ਜਾਂਦੇ ਦੋ ਮਾਰਗ ਮਿਲ ਜਾਂਦੇ ਹਨ।
ਇੱਥੇ ਆਕੇ ਪਹਿਲਗਾਂਵ ਤੇ ਬਾਲਟਾਲ ਬੇਸ ਕੈਂਪਾਂ ਤੋਂ ਚੱਲੇ ਸ਼ਰਧਾਲੂ ਇੱਕ ਬਰਫਾਨੀ ਨਾਲੇ ਦੀ
ਧੱਕ ਨਾਲ ਡੂੰਘੀ ਹੋਈ ਖੱਡ ਵਿੱਚ ਉੱਤਰਦੇ ਹਨ ਤੇ ਫਿਰ ਇਸ ਨਾਲੇ ਉੱਪਰੋਂ ਲੰਘਦੇ ਇੱਕ ਪੁਲ
ਨੂੰ ਪਾਰ ਕਰਕੇ ਅਮਰਨਾਥ ਗੁਫ਼ਾ ਵੱਲ ਵਧਦੇ ਹਨ। ਇੱਥੇ ਬਹੁਤ ਹੀ ਸਖ਼ਤ ਚੜ੍ਹਾਈ ਸ਼ੁਰੂ ਹੋ
ਜਾਂਦੀ ਹੈ। ਪਿਆਰਾ ਸਿੰਘ ਸਹਿਰਾਈ ਦੇ ਯਾਤਰਾ ਪ੍ਰਸੰਗ “ਮੇਰੀ ਅਮਰਨਾਥ ਯਾਤਰਾ” ਵਿੱਚ ਕਿਸੇ
ਪਿੱਸੂ ਘਾਟੀ ਬਾਰੇ ਪੜ੍ਹਿਆ ਸੀ ਜਿੱਥੇ ਇਨਸਾਨ ਪਿੱਸੂਆਂ ਦੀ ਤਰ੍ਹਾਂ ਤੁਰਦਾ ਹੈ। ਜਦੋਂ
ਮੇਰੀ ਹਾਲਤ ਇਸ ਚੜ੍ਹਾਈ ਸਮੇਂ ਪਿਸੂਆਂ ਵਰਗੀ ਹੋ ਗਈ ਤਾਂ ਮੈਂ ਸੋਚਿਆ ਸੀ ਕਿ ਜ਼ਰੂਰ ਇਹੋ
ਪਿੱਸੂ ਘਾਟੀ ਹੋਵੇਗੀ।
ਮੈਨੂੰ ਸਾਹ ਦੀ ਕਿੰਨੀ ਸਮੱਸਿਆ ਹੈ ਤੇ ਆਕਸੀਜਨ ਦੀ ਘਾਟ ਕੀ ਹੁੰਦੀ ਹੈ ਇੱਥੇ ਆ ਕੇ ਪਤਾ
ਲੱਗਾ। ਬਸ ਚਾਰ ਕਦਮ ਚੱਲ ਕੇ ਅੱਖਾਂ ਅੱਗੇ ਭੰਬੂ ਤਾਰੇ ਜਿਹੇ ਨੱਚਣ ਲੱਗਦੇ!....
ਅਮਰਨਾਥ ਯਾਤਰਾ ਦੇ ਇਸ ਮੁਕਾਮ ਤੇ ਉੱਚ ਜਾਂ ਨਿਮਨ ਰਕਤਚਾਪ ਦੀ ਬਿਮਾਰੀ ਤੋਂ ਪੀੜਤ ਬੰਦੇ
ਦਿਲ ਦੇ ਦੌਰੇ ਨਾਲ ਮਰ ਜਾਂਦੇ ਹਨ ਜਾਂ ਜੇ ਸਿ਼ਵ ਭਗਤਾਂ ਦੀ ਸ਼ਰਧਾ ਭਾਵਨਾ ਅਧੀਨ ਕਿਹਾ
ਜਾਵੇ ਤਾਂ ਸ਼ੰਕਰ ਭਗਵਾਨ ਨੂੰ ਉਹ ਓਵੇਂ ਹੀ ਪਿਆਰੇ ਹੋ ਜਾਂਦੇ ਹਨ ਜਿਵੇਂ ‘ਬਰਫ਼ਾਨੀ ਨਾਲੇ
ਵਿੱਚ ਡਿੱਗਿਆ ਉਹ ਖੱਚਰ ਭੋਲੇ ਨਾਥ ਨੂੰ ਪਿਆਰਾ ਹੋ ਗਿਆ ਸੀ’...
...ਇਹ ਸੋਚਕੇ ਮੈਂ ਵੀ ਡਰ ਗਿਆ ਸੀ ਕਿ ਕਿਤੇ ਮੈਂ ਵੀ ਅੱਜ ਮਹਾਂਦੇਵ ਨੂੰ ਪਿਆਰਾ ਨਾ ਹੋ
ਜਾਵਾਂ। ਇਸ ਕਰਕੇ ਮੈਂ ਹੋਰ ਕੁਝ ਵੀ ਕਰਨ ਦੀ ਥਾਂ ਤੇ ਆਪਣਾ ਰੇਨ ਕੋਟ ਆਪਣੇ ਕਿੱਟ ਬੈਗ
ਵਿੱਚੋਂ ਕੱਢਿਆ ਤੇ ਬਰਫ਼ ਉੱਤੇ ਵਿਛਾਕੇ ਉਹਦੇ ਉੱਪਰ ਏ ਬਹਿ ਗਿਆ। ਆਪਣੇ ਸਾਥੀਆਂ ਨੂੰ ਮੈਂ
‘ਆਪਣੇ ਅੰਦਰ ਮੇਰੇ ਪ੍ਰਤੀ ਪੈਦਾ ਹੋ ਰਹੇ ਸਿ਼ਵ ਪ੍ਰੇਮ’ ਭਾਵ ਨਿਮਨ ਰਕਤਚਾਪ ਭਾਵ ‘ਲੋ ਬਲੱਡ
ਪ੍ਰੈਸ਼ਰ’ ਦੀ ਸੂਚਨਾ ਦਿੱਤੀ ਤਾਂ ਵਰਿੰਦਰ ਪਟੇਲ ਨੇ ਝੱਟ ਆਪਣੇ ਕਿੱਟ ਬੈਗ ਚੋਂ ਨੀਂਬੂ,
ਲੂਣ ਤੇ ਕਾਲੀ ਮਿਰਚ ਤੇ ਪਾਣੀ ਦੀ ਬੋਤਲ ਕੱਢ ਕੇ ਮੈਨੂੰ ਸਿ਼ਕੰਜਵੀਂ ਬਣਾ ਕੇ ਪਿਲਾ ਦਿੱਤੀ
ਸੀ। ਇਸ ਦੌਰਾਨ ਜਗਜੀਤ ਸਿੰਘ ਆਪਣੇ ਵੱਲੋਂ ਧਰਵਾਸ ਦਿੰਦਿਆਂ ਮੈਨੂੰ ਕਹਿੰਦਾ ਰਿਹਾ ਸੀ,
“ਗੁਰਪ੍ਰੀਤ! ਜੇ ਤੈਨੂੰ ਬਹੁਤੀ ਤਕਲੀਫ਼ ਹੈ ਤਾਂ ਸੰਗਮ ਤੇ ਇੱਕ ਫੌਜੀ ਕੈਂਪ ਐ। ਓਥੇ
ਸ਼ਰਧਾਲੂਆਂ ਦੀ ਸੇਵਾ ਖਾਤਰ ਖਾਸ ਆਰਜ਼ੀ ਹਸਪਤਾਲ ਖੋਲ੍ਹਿਆ ਹੋਇਐ। ਤੈਨੂੰ ਓਥੇ ਲੈ ਚੱਲਦੇ
ਆਂ।....” ਤੇ ਮੇਰਾ ਬੇਟਾ ਹੁਣ ਆਪਣੀ ਵਾਰੀ ਮੇਰੀਆਂ ਲੱਤਾਂ ਦੀ ਮਾਲਿਸ਼ ਕਰ ਰਿਹਾ ਸੀ। ਪਰ
ਆਖਰ ਮੈਂ ਹੱਸ ਕੇ ਇਹ ਕਹਿੰਦਾ ਉੱਠ ਖੜ੍ਹਿਆ ਸੀ, “ਅੱਜ ਤੁਸੀਂ ਮੈਨੂੰ ਸ਼ੰਕਰ ਭਗਵਾਨ ਨੂੰ
ਪਿਆਰਾ ਹੋਣ ਤੋਂ ਬਚਾ ਲਿਆ ਹੈ।”
ਅੱਗੇ ਅਮਰਨਾਥ ਕੈਂਪ ਸ਼ੁਰੂ ਹੋ ਗਿਆ ਸੀ। ਬਰਫੀਲੇ ਰਾਹ ਤੇ ਵਿੱਚੋਂ ਵਿੱਚ ਝਾਤ ਪਾਉਣ ਵਾਲੇ
ਬਰਫਾਨੀ ਨਾਲੇ ਦੇ ਨਾਲ ਨਾਲ ਥਾਂ ਪੱਧਰਾ ਕਰਕੇ ਵਿਸ਼ੇਸ਼ ਪ੍ਰਕਾਰ ਦੇ ਟੈਂਟ ਲੱਗੇ ਹੋਏ ਸਨ।
ਜਿੰਨ੍ਹਾਂ ਦਾ ਅੰਦਰਲਾ ਭਾਗ ਸੁੱਕਾ ਰਹਿੰਦਾ ਸੀ ਕਿਉਂਕਿ ਉਹ ਹਰ ਤਰਫੋਂ ਵਾਟਰ ਪਰੂਫ਼
ਮਟੀਰੀਅਲ ਦੀਆਂ ਸ਼ੀਟਾਂ ਨਾਲ ਬਣੇ ਹੋਏ ਸਨ। ਠੰਡ ਵਿੱਚ ਹੋਰ ਨੀਂਬੂ ਪਾਣੀ ਪੀ ਕੇ ਕੋਈ
ਪੁੱਠਾ ਪੰਗਾ ਲੈਣ ਦੀ ਥਾਂ ਮੇਰੇ ਚਾਹ ਪੀ ਲੈਣ ਦੇ ਪ੍ਰਯੋਜਨ ਨਾਲ ਅਸੀਂ ਇੱਕ ਟੈਂਟ ‘ਚ ਵੜੇ
ਤਾਂ ਨਿੱਘ ਜਿਹਾ ਆ ਗਿਆ...
ਟੈਂਟ ਵਿੱਚ ਨਿੱਘੇ ਕੰਬਲਾਂ ਦਾ ਵੀ ਪ੍ਰਬੰਧ ਸੀ ਤੇ ਸਿਰਾਹਣਿਆਂ ਦਾ ਵੀ। ਪੁੱਛਗਿੱਛ ਕੀਤੀ
ਤਾਂ ਪਤਾ ਲੱਗਾ ਕਿ ਇਹ ਉਹਨਾਂ ਵਾਸਤੇ ਸਨ ਜੋ ਰਾਤ ਉੱਥੇ ਹੀ ਕੱਟਣ ਦਾ ਫੈਸਲਾ ਕਰ ਲੈਂਦੇ ਹਨ
ਜਾਂ ਮਜ਼ਬੂਰ ਹੋ ਜਾਂਦੇ ਹਨ। ਉਂਝ ਜੇ ਅਸੀਂ ਚਾਹੀਏ ਤਾਂ ਕੁਝ ਸਮੇਂ ਲਈ ਬਿਨਾਂ ਕੋਈ ਪੈਸੇ
ਦਿੱਤਿਆਂ ਉਹਨਾਂ ਨੂੰ ਵਰਤ ਸਕਦੇ ਹਾਂ।....ਤੇ ਮੈਂ ਇੱਕ ਕੰਬਲ ਦੀਆਂ ਤਹਿਆਂ ਖੋਲ੍ਹੀਆਂ ਅਤੇ
ਇੱਕ ਸਿਰਹਾਣੇ ਤੇ ਸਿਰ ਰੱਖ ਕੇ ਉਹਨੂੰ ਆਪਣੇ ਉੱਪਰ ਪਾ ਲਿਆ।
ਇਸ ਤਰ੍ਹਾਂ ਟੈਂਟ ਵੜਦਿਆਂ ਹੀ ਜੋ ਨਿੱਘ ਆਇਆ ਸੀ ਉਹ ਹੁਣ ਸੁਸਤੀ ਵਿੱਚ ਬਦਲਣ ਲੱਗਾ। ਕੁਝ
ਕੁ ਮਿੰਟਾਂ ਮਗਰੋਂ ਆਈ ਚਾਹ ਤਾਂ ਪੀ ਲਈ ਪਰ ਮੇਰੀ ਸੁਸਤੀ ਫੇਰ ਵੀ ਨਹੀਂ ਲੱਥੀ। ਮੇਰੇ ਨਾਲ
ਹੀ ਮੇਰਾ ਬੇਟਾ ਵੀ ਕੰਬਲ ਤਾਣ ਕੇ ਪੈ ਗਿਆ ਸੀ। ਉੱਠਣਾ ਅਤੇ ਅਜੇ ਢਾਈ ਕਿੱਲੋਮੀਟਰ ਹੋਰ
ਪਿੱਸੂ ਬਣ ਕੇ ਤੁਰਨਾ ਤਾਂ ਮੈਂ ਹੀ ਨਹੀਂ ਸੀ ਚਾਹੁੰਦਾ ਪਰ ਪੱਲਾ ਮੈਂ ਹੁਣ ਇਸ ਦਲੀਲ ਦਾ ਫੜ
ਲਿਆ ਸੀ ਕਿ ਮੈਂ ਆਪਣੇ ਪੁੱਤਰ ਨੂੰ ਭੋਰਾ ਅਰਾਮ ਕਰਵਾ ਲਵਾਂ ਤੇ ਫੇਰ ਜਦੋਂ ਉਹ ਸੌਖਾ
ਪ੍ਰਤੀਤ ਕਰੂਗਾ ਤਾਂ ਤੁਰ ਪਊਂਗਾ। ਰਾਹ ਵਿੱਚ ਉਹਨਾਂ ਨੂੰ ਮਿਲ ਪਵਾਂਗਾ। ਹੋਰ ਸਲਾਹ ਇਹ ਬਣੀ
ਕਿ ਕੁਲਦੇਵ, ਜਿਹੜਾ ਕਿ ਸਫ਼ਰ ਦੀ ਸ਼ੁਰੂਆਤ ਵਿੱਚ ਹੀ ਭੀੜ-ਭੜੱਕੇ ਕਾਰਨ ਸਾਥੋਂ ਚਾਰਾਂ ਤੋਂ
ਵਿੱਛੜ ਗਿਆ ਸੀ ਅਤੇ ਅਥਲੀਟ ਹੋਣ ਕਾਰਨ ਸਾਥੋਂ ਤਿੰਨ ਚਾਰ ਘੰਟੇ ਅਗਾਊਂ ਉੱਥੇ ਪਹੁੰਚ ਗਿਆ
ਸੀ, ਜੇ ਉਹਨਾਂ ਨੂੰ ਮਿਲਿਆ ਤਾਂ ਉਹਨੂੰ ਇਸ ਟੈਂਟ ਦਾ ਪਤਾ ਦੇ ਦਿੱਤਾ ਜਾਵੇ। ਵਾਪਸੀ ਦਾ
ਸਫ਼ਰ ਹਰ ਹਾਲਤ ਵਿੱਚ ਸਾਰਿਆਂ ਨੇ ਇਕੱਠਿਆਂ ਤੈਅ ਕਰਨਾ ਹੈ।
ਸੋ ਕੁੱਲ ਮਿਲਾ ਕੇ ਵਰਿੰਦਰ ਅਤੇ ਜਗਜੀਤ ਨੂੰ ਇਹ ਕਹਿਕੇ ਕਿ ‘ਤੁਸੀਂ ਚੱਲੋ ਮੈਂ ਆਇਆ’ ਮੈਂ
ਪੈ ਗਿਆ। ਉਹਨਾਂ ਦੇ ਜਾਂਦੇ ਸਾਰ ਮੈਨੂੰ ਗੂਹੜੀ ਨੀਂਦ ਨੇ ਆ ਘੇਰਿਆ। ਇਸ ਤਰ੍ਹਾਂ ਪਏ ਨੂੰ
ਪਤਾ ਹੀ ਨਹੀਂ ਚੱਲਿਆ ਕਿ ਕਿੰਨਾਂ ਸਮਾਂ ਬੀਤ ਗਿਆ...
ਪਰ ਆਖਰ ਤਿੰਨ ਚਾਰ ਘੰਟੇ ਮਗਰੋਂ ਕਿਸੇ ਨੀਲੀ, ਤੇ ਅੱਖਾਂ ਨੂੰ ਠੰਡ ਜਿਹੀ ਪਹੁੰਚਾਉਣ ਵਾਲੀ,
ਰੌਸ਼ਨੀ ਦੇ ਆਭਾ ਮੰਡਲ ਅਤੇ ਆਲੇ ਦੁਆਲੇ ਦੀਆਂ ਉੱਚੀਆਂ ਪਹਾੜੀ ਚਟਾਨਾਂ ਵਿੱਚ ਘਿਰੇ ਹੋਏ
ਨਿਰਮਲ ਜਲ, ਕਾਈ ਅਤੇ ਹੋਰ ਰੁੱਖ ਬੂਟਿਆਂ ਦੀ ਹਰੇਵਾਈ ਨਾਲ ਵਲੇ ਹੋਏ ਕਿਸੇ ਆਂਗਣ ਵਿੱਚ ਮੈਂ
ਖਲੋਤਾ ਸੀ। ਆਪਣੇ ਸਾਹਮਣੇ ਸਰੀਰਾਂ ਉੱਪਰ ਪ੍ਰਾਚੀਨ ਪ੍ਰਕਾਰ ਦੇ ਵਸਤਰ ਪਾਈ, ਨਗਾਰਿਆਂ,
ਢੋਲਕਾਂ ਅਤੇ ਕਈ ਪ੍ਰਕਾਰ ਦੇ ਸਾਜ਼ਾਂ ਦੇ ਬੜੇ ਮਧੁਰ ਸੰਗੀਤ ਦੀ ਤਾਲ ਤੇ ਤਾਂਡਵ ਕਰ ਰਹੇ,
ਸਿ਼ਵ ਪ੍ਰੇਮੀਆਂ ਦੇ ਉੱਪਰੋਂ ਦੀ, ਮੈਨੂੰ, ਕਿਸੇ ਉੱਚੇ ਸਥਾਪਤ ਕੀਤੇ ਪੱਥਰ ਦੇ ਆਸਣ ਉੱਤੇ
ਚੌਂਕੜੀ ਮਾਰ ਕੇ ਬੈਠੇ ਸਿ਼ਵ ਦੀ ਆਕ੍ਰਿਤੀ ਨਜ਼ਰ ਆਈ। ਉਹਨੇ ਆਪਣੇ ਲੱਕ ਨਾਲ ਕਿਸੇ ਸ਼ੇਰ ਦੀ
ਖੱਲ ਦਾ ਚਾਦਰਾ ਬਣਾਕੇ ਪਾਇਆ ਹੋਇਆ ਸੀ। ਉਹਦੇ ਸਿਰ ਤੇ ਜਟਾਵਾਂ ਦਾ ਜੂੜਾ ਕੀਤਾ ਹੋਇਆ ਸੀ।
ਓਸ ਵਿੱਚੋਂ ਮਾਨੋਂ ਸਭਨਾ ਜੀਵਾਂ ਦੀ ਪਿਆਸ ਬੁਝਾ ਦੇਣ ਵਾਲੇ ਪਾਣੀ ਦੀ ਧਾਰਾ ਇੱਕ ਫੁਹਾਰੇ
ਦੀ ਸ਼ਕਲ ਵਿੱਚ ਨਿੱਕਲ ਰਹੀ ਸੀ। ਇਸ ਧਾਰਾ ਦੀ ਸ਼ੁਰੁਆਤ ਦੇ ਸਥਾਨ ਤੇ ਸਿ਼ਵ ਦੇ ਜੂੜੇ ਦੇ
ਸੱਜੇ ਹੱਥ ਦਾਤੀ ਜਿਹਾ ਜਾਪਣ ਵਾਲਾ ਚੰਦ ਚਮਕਾਂ ਮਾਰ ਰਿਹਾ ਸੀ। ਮੈਂ ਸ਼ਰਧਾਲੂ ਭਗਤਾਂ ਨੂੰ
ਹੁੱਜਾਂ ਮਾਰਕੇ ਅੱਗੇ ਵਧਣ ਲੱਗਾ। ਪੱਥਰਾਂ ਦੀ ਬਿਸਾਤ ਉੱਤੇ ਸਰੀਰ ਉੱਪਰ ਭਸਮ ਮਲ਼ੀ ਤੇ ਹੱਥ
ਵਿੱਚ ਤ੍ਰਿਸ਼ੂਲ ਫੜੀ ਥਿਰ ਤੇ ਸ਼ਾਂਤ ਬੈਠਾ ਸਿ਼ਵ ਮੈਨੂੰ ਜਾਪ ਰਿਹਾ ਸੀ ਕਿ ਆਪਣੀਆਂ ਸਟੀਕ
ਨਜ਼ਰਾਂ ਨਾਲ ਮੇਰੇ ਵੱਲ ਹੀ ਵੇਖ ਰਿਹਾ ਹੈ...
ਪਰ ਉੱਥੇ ਮਨਾਏ ਜਾ ਰਹੇ ਜਸ਼ਨ ਦੇ ਮਾਹੌਲ ਵਿੱਚ ਕੋਈ ਮੈਨੂੰ ਉਹਦੇ ਤੱਕ ਪਹੁੰਚਣ ਲਈ ਰਾਹ
ਨਹੀਂ ਸੀ ਦੇ ਰਿਹਾ। ਮੈਂ ਕਤਾਰ ਵਿੱਚ ਲੱਗੇ ਹਜ਼ਾਰਾਂ ਲੋਕਾਂ ਵਿੱਚੋਂ ਹਰ ਇੱਕ ਨੂੰ ਧੱਕ ਕੇ
ਜਾਂ ਚੱਕ ਕੇ ਪਾਸੇ ਕਰਨ ਅਤੇ ਆਖਰ ਸਿ਼ਵ ਨੂੰ ਜਾ ਮਿਲਣ ਦੀ ਠਾਨ ਕੇ ਅੱਗੇ ਵਧਿਆ। ਮੈਂ ਪੱਕੀ
ਧਾਰ ਲਈ ਸੀ ਕਿ ਅੱਜ ਸਿ਼ਵ ਨੂੰ ਅੱਜ ਤੱਕ ਵਿਚਾਰੇ ਸਾਰੇ ਸੁਆਲਾਂ ਦੇ ਜਵਾਬ ਪੁੱਛਾਂਗਾ ਤੇ
ਕਹਾਂਗਾ ਕਿ ਉਹ ਏਥੇ ਬੈਠਾ ਉਹਦੀ ਭਗਤੀ ਵਿੱਚ ਕਮਲੇ ਤੱਕ ਹੋ ਗਏ ਲੋਕਾਂ ਦੇ ਤਾਂਡਵ ਨੂੰ
ਮਾਣਦਾ ਆਖਰ ਕੀ ਖੱਟ ਰਿਹਾ ਹੈ?... ਜਦੋਂ ਕਿ ਦੁਨੀਆਂ ਭਰ ਦੇ ਲੋਕ ਗਲੋਬਲਾਈਜ਼ੇਸ਼ਨ ਤੇ
ਸੰਸਾਰ ਸਾਮਰਾਜਵਾਦੀ ਸ਼ਕਤੀਆਂ ਤੋਂ ਪੀੜਿਤ ਹੋ ਕੇ ਤ੍ਰਾਹ ਤ੍ਰਾਹ ਕਰ ਰਹੇ ਹਨ। ਉਹਦੇ
ਹੁੰਦਿਆਂ ਸੁੰਦਿਆਂ ਰਿਸ਼ੀਆਂ ਮੁਨੀਆਂ ਦੀ ਧਰਤੀ ਅਖਵਾਉਣ ਵਾਲੇ ਭਾਰਤ ਦੇ ਸਿੱਖਿਆ ਅਤੇ ਸਿਹਤ
ਵਰਗੇ ਸੰਸਥਾਨ ਨਿਜੀ ਮੁਨਾਫ਼ਾਖੋਰ ਕਾਰਪੋਰੇਟਾਂ ਦੇ ਕਬਜ਼ੇ ਹੇਠ ਕੀਤੇ ਜਾ ਰਹੇ ਹਨ। ਉਹ
ਦੱਸੇ ਕਿ ਉਹਦੇ ਲੋਕ ਦੀ ਸ਼ੋਭਾ ਬਣਕੇ ਰਹਿਣ ਵਾਲੀ ਦਾਰਾ ਰਤਨ ਭਲਾ ਹੁਣ ਕਿੱਥੇ ਵੱਸਦੀ ਹੈ
ਜਦੋਂ ਕਿ ਹਰ ਪਾਸੇ ਕਈ ਜਲੰਧਰਾਂ ਦਾ ਰਾਜ ਹੋ ਗਿਆ ਹੈ, ਜਿਹੜੇ ਓਸ ਜਲੰਧਰ ਤੋਂ ਵੀ ਬਹੁਤ
ਮਾੜੇ ਨੇ ਜਿਸਦਾ ਉਹਦੇ ਪੁਰਾਣ ਵਿੱਚ ਜਿ਼ਕਰ ਆਇਆ ਹੈ। ਅਜੋਕੇ ਜਲੰਧਰਾਂ ਦੇ ਰਾਜ ਵਿੱਚ ਤਾਂ
ਹਰ ਤਰਫ਼ ਉਪਦ੍ਰਵ ਹੋ ਰਹੇ ਨੇ। ਬੇਦੋਸ਼ੇ ਲੋਕ ਫਿਰਕੂ ਦੰਗਿਆਂ, ਉਜਾੜਿਆਂ ਅਤੇ ਸਿਆਸੀ ਤੌਰ
ਤੇ ਥੋਪੀਆਂ ਜਾਣ ਵਾਲੀਆਂ ਬੇ-ਸਿੱਟਾ ਜੰਗਾਂ ਦੀ ਭੱਠੀ ਵਿੱਚ ਭੁੰਨੇ ਜਾ ਰਹੇ ਨੇ। ਚਾਰੇ
ਪਾਸੇ ਭੁੱਖਮਰੀ, ਥੁੜ੍ਹਾਂ, ਆਤਮਹੱਤਿਆਵਾਂ, ਅਪਰਾਧ, ਪ੍ਰਦੂਸ਼ਣ, ਮਹਿੰਗਾਈ, ਖਾਣ ਪੀਣ ਦੀਆਂ
ਚੀਜ਼ਾਂ ‘ਚ ਮਿਲਾਵਟ, ਨਸ਼ਾਖੋਰੀ ਅਤੇ ਚੁਤਰਫ਼ਾ ਅਸੁਰੱਖਿਆ ਦਾ ਅਜਿਹਾ ਆਲਮ ਹੈ ਕਿ
ਚੀਕਚਿਹਾੜਾ ਤੇ ਹਾਹਾਕਾਰ ਮੱਚੀ ਹੋਈ ਹੈ। ਮੁੱਕਦੀ ਗੱਲ ਹੁਣ ਕੀਰਤੀਮੁਖਾਂ ਦਾ ਤਾਂ ਕੀ
ਸੰਸਾਰ ਵਿੱਚ ਉਹਨਾਂ ਦੀ ਕਦਰ ਕਰਨ ਦੀ ਸਿੱਖਿਆ ਦੇਣ ਵਾਲੇ ਸਾਡੇ ਵਰਗੇ ਸਿੱਖਿਅਕਾਂ ਦਾ ਵੀ
ਸਨਮਾਨ ਨਹੀਂ ਕੀਤਾ ਜਾਂਦਾ। ਫੇਰ ਭਲਾ ਉਹ ਦੱਸੇ ਕਿ ਅੱਜ ਕੱਲ੍ਹ ਉਹ ਕਿਸੇ ਨੂੰ ਦਰਸ਼ਨ ਵੀ
ਦਿੰਦਾ ਹੈਂ ਜਾਂ ਨਹੀਂ...
ਮੈਂ ਵੇਖਿਆ ਕਿ ਸਿ਼ਵ ਨੇ ਆਪਣੀਆਂ ਭਵਾਂ ਨਾਲ, ਆਪਣੇ ਨੇੜੇ ਹੀ ਬਿਰਾਜਮਾਨ, ਨੰਦੀ ਜਿਹੇ
ਆਪਣੇ ਕਿਸੇ ਸੇਵਕ ਨੂੰ ਇਸ਼ਾਰਾ ਕਰਦਿਆਂ ਕੁਝ ਕਿਹਾ ਸੀ। ਮੈਨੂੰ ਮਹਿਸੂਸ ਹੋਇਆ ਕਿ ਉਹ ਮੇਰੇ
ਵੱਲ ਇਸ਼ਾਰਾ ਕਰਕੇ ਕਹਿ ਰਿਹਾ ਹੈ ਕਿ ਏਥੇ ਜਿੰਨੇ ਲੋਕ ਆਏ ਹੋਏ ਨੇ ਉਹਨਾਂ ਵਿੱਚੋਂ ਅਹੁ
ਬੰਦਾ, ਜਿਹੜਾ ਹੁੱਜਾਂ ਮਾਰਕੇ ‘ਮੇਰੇ ਵੱਲ’ ਵਧਣ ਦੇ ਯਤਨ ਕਰ ਰਿਹੈ ਤੇ ‘ਕੋਈ ਤੁਕ ਦੀ ਗੱਲ’
ਹੀ ‘ਮੇਰੇ ਨਾਲ’ ਸਾਂਝੀ ਕਰਨੀ ਚਾਹੁੰਦੈ, ਸਾਰਿਆਂ ‘ਚੋਂ ‘ਮੇਰਾ’ ਪਰਮ ਭਗਤ ਹੈ, ਸੋ ਹੋਰ
ਇੱਕ ਵੀ ਪਲ ਇੰਤਜ਼ਾਰ ਕਰਵਾਏ ਬਿਨਾਂ, ਇਹਨੂੰ ਮੇਰੇ ਕੋਲ ਲੈ ਕੇ ਆਓ ਤੇ ਮੇਰੇ ਸਾਰੇ ਗਣਾਂ
ਤੇ ਭਗਤਾਂ ਨੂੰ ਕਹਿ ਦਿਓ ਕਿ ਉਹ ‘ਮੇਰੇ ਲਈ’ ਮਾਰਗ ਖਾਲੀ ਕਰ ਦੇਣ ਤੇ, ‘ਮੇਰੇ ਅੱਗੇ’ ਪੈਰ
ਰੱਖਣ ਲਈ ਜ਼ਮੀਨ ਦੇਣ...
“ਗੁਰਪ੍ਰੀਤ! ਲੈ ਕੱਪ ਚਾਹ ਦਾ ਪੀ ਉੱਠ ਕੇ।” ਇਹ ਵਰਿੰਦਰ ਪਟੇਲ ਦੀ ਆਵਾਜ਼ ਸੀ ਜਿਹੜੀ
ਮੈਨੂੰ ਸੁਫ਼ਨੇ ਵਿੱਚ ਸੁਣਾਈ ਦਿੱਤੀ। ਸੁਣਦੇ ਸਾਰ ਮੇਰੇ ਤੇ ਸਿ਼ਵ ਦਰਮਿਆਨ ਦੇ ਮਾਰਗ ਵਿੱਚ
ਖਾਲੀ ਛੱਡੀ ਜਾ ਰਹੀ ਜਮੀਨ ਦਾ ਉਹ ਸਾਰਾ ਦ੍ਰਿਸ਼ ਛਾਈਂ ਮਾਈਂ ਹੋ ਗਿਆ। ਸੋਚਕੇ ਮੈਂ ਇੱਕ
ਵਾਰੀ ਤਾਂ ਉਦਾਸ ਜਿਹਾ ਹੋ ਗਿਆ ਸੀ, ‘ਕੀਰਤੀਮੁਖ ਦੇ ਦਰਸ਼ਨ ਕੀਤੇ ਬਗੈਰ ਸੁਫ਼ਨੇ ਵਿੱਚ ਵੀ
ਦਿਖਾਈ ਨਾ ਦੇਣ ਦਾ ਬਚਨ ਦੇਣ ਵਾਲੇ ਸਿ਼ਵ ਨੇ ਸੁਫ਼ਨੇ ਵਿੱਚ ਮੈਨੂੰ ਆਪਣੀ ਅੱਧੀ ਅਧੂਰੀ
ਜਿਹੀ ਝਲਕ ਦਿਖਾਈ ਸੀ।’ ਪਰ ਫੇਰ ਮੈਂ ਮਸਲੇ ਨੂੰ ਵਿਗਿਆਨਿਕ ਦ੍ਰਿਸ਼ਟੀ ਅਨੁਸਾਰ ਸੋਚਦਿਆਂ
ਪਲ ਕੁ ਲਈ ਸਿਰੋਂ ਛੰਡ ਮਾਰਿਆ। ਪਰ ਪਟੇਲ ਨੂੰ ਇਹ ਕਹਿਣੋਂ ਵੀ ਨਾ ਰਹਿ ਸਕਿਆ, “ਕੀ ਯਾਰ!
ਤੂੰ ਮੈਨੂੰ ਚੰਗੇ ਭਲੇ ਨੂੰ, ਸੁੱਤੇ ਪਏ ਨੂੰ ਉਠਾ ਦਿੱਤਾ। ਜੇ ਥੋੜ੍ਹਾ ਜਿਹੀ ਠੰਡ ਰੱਖਦਾ
ਤਾਂ ਅੱਜ ਉਹ ਹੋ ਜਾਣੀ ਸੀ ਜੀਹਦੇ ਬਾਰੇ ਵਿੱਚ ਤੈਂ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ
ਹੋਣਾ...”
“ਕੀ ਗੱਲ ਕੋਈ ਭੂੱਲੀ ਵਿੱਸਰੀ ਸਹੇਲੀ-ਸੂਹਲੀ ਤਾਂ ਨੀ ਮਿਲਗੀ ਤੈਨੂੰ ਸੁਫ਼ਨੇ ‘ਚ?” ਅੱਗੋਂ
ਜਗਜੀਤ ਮੈਨੂੰ ਠੱਠਾ ਕਰਨ ਲੱਗਾ। ਕੁਲਦੇਵ ਵੀ ਉਹਨਾਂ ਦੇ ਨਾਲ ਹੀ ਆਣ ਪਹੁੰਚਿਆ ਸੀ। ਉਹ
ਉਹਨਾਂ ਨੂੰ ਜਾਂਦੇ ਹੋਏ ਗੁਫ਼ਾ ਤੋਂ ਕਿਲੋ ਕੁ ਮੀਟਰ ਉਰ੍ਹਾਂ ਓਧਰੋਂ ਵਾਪਸ ਆਉਂਦਾ ਹੋਇਆ
ਟੱਕਰ ਗਿਆ ਸੀ ਤੇ ਉਹਨਾਂ ਦੇ ਵਾਪਸ ਆਉਣ ਤੱਕ ਇੱਕ ਟਿਕਾਣੇ ਤੇ ਇੰਤਜ਼ਾਰ ਕਰਨ ਲਈ ਕਹਿ ਕੇ
ਉਹ ਰਾਹ ਵਿੱਚ ਹੀ ਅਟਕਿਆ ਰਿਹਾ ਸੀ..
ਮੈਂ ਜਗਜੀਤ ਦੀ ਗੱਲ ਸੁਣ ਕੇ ਤੇ ਆਪਣੇ ਸੁਫ਼ਨੇ ਬਾਰੇ ਸੋਚ ਕੇ ਠਹਾਕਾ ਮਾਰ ਕੇ ਹੱਸਿਆ,
“ਸਹੇਲੀ ਓ ਸਮਝ! ਪਰ ਉਹੋ ਜਿਹੀ ਵੀ ਕੋਈ ਗੱਲ ਨੀ ਜੋ ਤੂੰ ਸੋਚਦੈਂ.... ਖੈਰ! ਜਾ ਆਏ ਤੁਸੀਂ
ਫੇਰ?”
“ਹਾਂ! ਅਸੀਂ ਤਾਂ ਭਾਈ ਕਰਿਆਏ ਦਰਸ਼ਨ...”
“ਹੁਣ ਤੁਸੀਂ ਦੋਹੇ ਉੱਠੋ ਤੇ ਜਾਓ। ਜਦ ਤੱਕ ਤੁਸੀਂ ਮੁੜ ਕੇ ਆਓਗੇ ਅਸੀਂ ਤੁਹਾਡੇ ਥਾਂ ਤੇ
ਇੱਥੇ ਉਡੀਕ ਕਰਾਂਗੇ।...” ਵਰਿੰਦਰ ਜ਼ੋਰ ਜਿਹਾ ਦੇ ਕੇ ਕਹਿਣ ਲੱਗਾ।
“ਚਾਰ ਵੱਜਣ ਆਲੇ ਹੋਗੇ ਸ਼ਾਮ ਦੇ।” ਮੈਂ ਮੋਬਾਈਲ ਤੇ ਸਮਾਂ ਵੇਖਦਿਆਂ ਕਿਹਾ, “ਤੇ ਕੁਲਦੇਵ
ਨੂੰ ਆਪਾਂ ਪਹਿਲਾਂ ਈ ਬਹੁਤ ਇੰਤਜ਼ਾਰ ਕਰਵਾ ਚੁੱਕੇ। ਹੁਣ ਅਸੀਂ ਜੇ ਗਏ ਤਾਂ ਤਿੰਨ ਚਾਰ
ਘੰਟੇ ਤੋਂ ਪਹਿਲਾਂ ਨਹੀਂ ਮੁੜ ਸਕਾਂਗੇ। ਸੋ ਮੇਰਾ ਖਿ਼ਆਲ ਐ ਹੁਣ ਆਪਾਂ ਨੂੰ ਵਾਪਸ ਮੁੜਨਾ
ਚਾਹੀਦੈ। ਨਾਲੇ ਮੇਰੀ ਤਾਂ ਭਰਾਵੋ ਤਸੱਲੀ ਜਿਹੀ ਹੋ ਗਈ ਏਥੇ ਤੱਕ ਏ ਆ ਕੇ ...”
“ਐਂ ਕਿਵੇਂ ਰਾਹ ਚੋਂ ਈ ਮੁੜ ਜੇਂਗਾ ਤੂੰ ‘ਦਰਸ਼ਨ’ ਕੀਤੇ ਬਿਨਾਂ ਹੈਂ!” ਪਟੇਲ ਮੇਰੀ ਗੱਲ
ਨੂੰ ਕੁਝ ਹੋਰ ਤਰ੍ਹਾਂ ਗ੍ਰਹਿਣ ਕਰ ਗਿਆ ਲਗਦਾ ਸੀ। ਉਹਦੇ ਲਹਿਜੇ ਵਿੱਚ ਵੀ ਕੋਈ ਅੱਚਵੀ
ਜਿਹੀ ਪ੍ਰਤੀਤ ਹੋਈ ਸੀ। ਮਨ ਹੀ ਮਨ ਮੈਨੂੰ ਲੱਗਾ ਜਿਵੇਂ ਉਹਨੂੰ, ਮੇਰੇ ‘ਸਿੱਖੀ ਮੂਲ ਜਾਂ
ਤਰਕਸ਼ੀਲ ਜਾਂ ਪਦਾਰਥਵਾਦੀ ਸੋਚ ਵਾਲਾ ਹੋਣ’ ਕਾਰਨ ਮੇਰੇ ਅੰਦਰ, ‘ਉਸਦੇ’ ਸਿ਼ਵ ਭਗਵਾਨ
ਪ੍ਰਤੀ ਕੋਈ ਸ਼ਰਧਾ ਨਾ ਹੋਣ ਜਿਹਾ, ਸਿ਼ਕਾਇਤੀ ਅਹਿਸਾਸ ਪੈਦਾ ਹੋਇਆ ਹੋਵੇ ਤੇ ਇਹਦੇ ਨਾਲ
ਉਹਦੀਆਂ ਧਾਰਮਿਕ ਭਾਵਨਾਵਾਂ ਤੇ ਕੋਈ ਠੇਸ ਪਹੁੰਚ ਗਈ ਹੋਵੇ।
ਤੇ ਮੈਨੂੰ ਲੱਗਾ ਜਿਵੇਂ ਆਪਣੀ ਆਸਥਾ ਅਤੇ ਸ਼ਰਧਾ ਭਾਵ ਅਧੀਨ ਉਹ ਕੋਈ ਗਿਲਾ ਜਿਹਾ ਕਰਨ ਵਾਲਾ
ਹੈ। ਪਰ ਫਿਰ ਉਹ ਜੋ ਬੋਲਿਆ, ਉਹਨੇ, ਮੇਰੀ ਉਹਦੇ ਪ੍ਰਤੀ ਅਪਣੱਤ ਨੂੰ, ਕਿੰਨੇ ਹੀ ਗੁਣਾਂ
ਵਧਾ ਦਿੱਤਾ ਸੀ, “ਜਿਹੜੇ ਮਕਸਦ ਲਈ ਆਪਾਂ ਏਥੇ ਆਏ ਉਹ ਤਾਂ ਪੂਰਾ ਹੋਣਾ ਹੀ ਚਾਹੀਦੈ। ਮੈਂ
ਸੁਣਿਐਂ ਜਿਹੜਾ ਬੰਦਾ ਇਹੋ ਜਿਹੇ ਪਵਿੱਤਰ ਸਥਾਨ ਤੇ ਦੂਜਿਆਂ ਨੂੰ ਢੋ ਕੇ ਲੈ ਕੇ ਆਉਂਦੈ ਤੇ
ਇਸ ਤਰ੍ਹਾਂ ਦੇ ਮੌਕੇ ਬਣਾਉਂਦੈ, ਦੂਜਿਆਂ ਦੀ ਕੀਤੀ ਭਗਤੀ ਦਾ ਫ਼ਲ ਸਭ ਤੋਂ ਪਹਿਲਾਂ ਉਹਨੂੰ
ਪਹੁੰਚਦੈ। ਤੂੰ ਯਾਰ ਸਾਨੂੰ ਐਥੇ ਤੱਕ ਲੈ ਕੇ ਆਇਐਂ। ਹੁਣ ਜੇ ਅਸੀਂ ਤੈਨੂੰ ਇੱਥੋਂ ਏ ਮੁੜਣ
ਦੇ ਦਈਏ ਤਾਂ ਸਾਡੇ ਲਈ ਵੀ ਇਹ ਗੱਲ ਠੀਕ ਨਹੀਂ ਹੋਣੀ। ਚੱਲ ਉੱਠ! ਤੇ ਹੁਣ ਹੋਰ ਸਮਾਂ ਨਾ
ਲਾ। ਔਖਾ ਸੌਖਾ ਹੋ ਕੇ ਜਾਹ। ਤੇਰੇ ਮੁੜ ਕੇ ਆਉਣ ਤੱਕ ਅਸੀਂ ਐਥੇ ਹੀ ਤੇਰੀ ਉਡੀਕ ਕਰਾਂਗੇ।”
ਉਹਦੀ ਗੱਲ ਨੇ ਇੱਕ ਵਾਰ ਤਾਂ ਮੈਨੂੰ ਬੇ-ਜਵਾਬ ਹੀ ਕਰ ਦਿੱਤਾ। ਇੱਕ ਵਾਰ ਤਾਂ ਮੈਂ ਉਹਦੇ
ਮੂੰਹੋਂ ਆਪਣੀ ਵਡਿਆਈ ਸੁਣ ਕੇ ਆਪਣੇ ਆਪਤੇ ਕੀਰਤੀਮੁੱਖ ਜਿਹਾ ਮਾਣ ਮਹਿਸੂਸ ਕਰਦਿਆਂ ਉੱਠ
ਖੜ੍ਹਿਆ ਸੀ ਪਰ ‘ਜਾਣ ਤੋਂ ਪਹਿਲਾਂ’ ਰਾਹ ਦੀਆਂ ਔਕੜਾਂ ਬਾਰੇ ਛੋਟੀਆਂ ਛੋਟੀਆਂ ਜਾਣਕਾਰੀਆਂ
ਲੈਣ ਲੱਗ ਪਿਆ ਸੀ।
“ਕਿੰਨਾਂ ਕੁ ਦੂਰ ਐ ਹੋਰ?” ਮੈਂ ਪੁੱਛਿਆ ਸੀ।
“ਢਾਈ ਤਿੰਨ ਕਿੱਲੋਮੀਟਰ ਐ ਬਸ”
“ਤੇ ਚੜ੍ਹਾਈ ਕਿੰਨੀ ਕੁ ਐ?”
“ਚੜ੍ਹਾਈ ਤਾਂ ਹੈਗੀ ਖਾਸੀ! ਪਰ ਤੂੰ ਸੂਰਮਾਂ ਬੰਦੈਂ, ਉਹਦੇ ਨਾਲ ਐਨੀ ਮੁਸ਼ਕਲ ਨਹੀਂ ਆਉਂਦੀ
ਤੈਨੂੰ। ਬਸ ਰਸ਼ ਜਿਹਾ ਈ ਬਹੁਤ ਐ ਨੇੜੇ ਜਾ ਕੇ। ਤੂੰ ਐਦਾਂ ਕਰੀਂ ਓਥੇ ਜਿਹੜੇ ਸੇਵਕ ਖੜ੍ਹੇ
ਐਂ ਉਹਨਾਂ ਨੂੰ ਦੱਸ ਕੇ ‘ਬਈ ਮੈਂ ਬਿਮਾਰ ਆਂ.... ਤੇ ਮੈਨੂੰ ਸਾਹ ਦੀ ਸਮੱਸਿਐ’ ਓਥੇ ਇੱਕ
ਹੋਰ ਰਸਤੈ ਓਧਰੋਂ ਦੀ ਚਲਿਆ ਜਾਈਂ। ਫੇਰ ਛੇਤੀ ਮੁੜ ਆਏਂਗਾ।...” ਜਗਜੀਤ ਆਪਣੇ ਦਿਲ ਤੇ ਹੱਥ
ਰੱਖ ਕੇ ਬਿਮਾਰ ਬੰਦੇ ਦੀ ਐਕਟਿੰਗ ਜਿਹੀ ਕਰਦਿਆਂ ਇਹ ਸਭ ਕਹਿੰਦਾ ਹੋਇਆ ਮੈਨੂੰ ਪੈਰੋਂ ਕੱਢ
ਰਿਹਾ ਸੀ।
“ਪਰ ਅ...!”
ਪਰ ਫੇਰ ਉਹ ਆਪਣੀ ਆਦਤ, ਜਿਸ ਦੇ ਤਹਿਤ ਉਹ ਮਜ਼ਾਕ ਮਜ਼ਾਕ ‘ਚ ਨਾ ਬੰਦੇ ਨੂੰ ਨਾ ਮਰਨ ਦਿੰਦੈ
ਤੇ ਨਾ ਜਿਊਣ ਦਿੰਦੈ, ਅਨੁਸਾਰ ਬੁਝਾਰਤ ਜਿਹੀ ਪਾਉਣ ਵਾਲੇ ਲਹਿਜੇ ਨਾਲ ਕਹਿਣ ਲੱਗਾ, “ਪਰ
ਇਹਦੀ ਇੱਕ ਸਮੱਸਿਆ ਥੋੜ੍ਹੋ ਐ!” ਤੇ ਉਹ ਮੈਨੂੰ ਛੱਡ ਕੇ ਵਰਿੰਦਰ ਨੂੰ ਸੰਬੋਧਨ ਕਰਨ ਲੱਗਾ,
“ਇਹਨੂੰ ਤਾਂ ਜੇ ਕੋਈ ਕਹੇ ਬਈ ਆਹ ਰਸਤਾ ਸੌਖੈ ਤੇ ਅਹੁ ਔਖੈ। ਇਹ ਤਾਂ ਪੁੱਠਾ ਈ ਚੱਲਕੇ ਔਖਾ
ਰਾਹ ਈ ਫੜੂ!...”
ਸੁਣ ਕੇ ਮੈਨੂੰ ਜਾਪਿਆ ਕਿ ਉਹ ਅੰਦਰੋਂ ਅੰਦਰੀਂ ਮੇਰੀ ਵਾਪਸ ਮੁੜਣ ਦੀ ਸਲਾਹ ਬਾਰੇ ਸਹਿਮਤੀ
ਬਣਾਈ ਬੈਠਾ ਸੀ। ਪਰ ਹੁੱਬ ਕੇ ਇਹਦੇ ਬਾਰੇ ਕਹਿਣਾ ਵੀ ਨਹੀਂ ਸੀ ਚਾਹੁੰਦਾ।
“ਚੱਲ ਛੱਡ ਇਹਨਾਂ ਗੱਲਾਂ ਨੂੰ,” ਮੈਂ ਉਹਦੀ ਗੱਲ ਟੋਕਦਿਆਂ ਕਿਹਾ ਸੀ, “ਓਥੇ ਤੂੰ ਕੀ-ਕੀ
ਦੇਖਿਆ ਇਹ ਦੱਸ।”
“ਓਥੇ? ਬਸ ਆਹੀ ਰੌਣਕ ਮੇਲਾ!”
“ਉਹ ਤਾਂ ਆਪਾਂ ਪਿੱਛੇ ਤੋਂ ਦੇਖਦੇ ਈ ਆਉਨੇ ਆਂ। ਹੋਰ ਦੱਸ ਕੀ ਐ ਓਥੇ?”
“ਗੁਰਪ੍ਰੀਤ! ਬੜਾ ਸੁਹਣਾ ਕੁਦਰਤ ਦਾ ਦ੍ਰਿਸ਼ ਐ ਓਥੇ! ਵੱਡੀ ਸਾਰੀ ਗੁਫਾ!! ਜੀਹਦੇ ‘ਚ ਇੱਕੋ
ਵੇਲੇ ਦੇਖੇਂਗਾ, ਹਜ਼ਾਰਾਂ ਬੰਦੇ ਕਿਵੇਂ ਤੁਰੇ ਫਿਰਦੇ ਨੇ ਦਰਸ਼ਨਾਂ ਖਾਤਰ। ਏਨੇ ਬੰਦੇ, ਬਈ
ਆਖਰੀ ਤਿੰਨ ਚਾਰ ਸੌ ਮੀਟਰ ਪਾਰ ਕਰਨ ‘ਚ ਪਤਾ ਨਹੀਂ ਕਿੰਨਾਂ ਸਮਾਂ ਲੱਗੂ। ਜੇ ਰਸ਼ ਤੁਰਦਾ
ਰਹੇ ਤਾਂ ਬੰਦਾ ਛੇਤੀ ਵਿਹਲਾ ਹੋ ਜਾਂਦੈ ਜੇ ਖੜ੍ਹਾ ਰਹੇ ਤਾਂ ਖੜ੍ਹਾ ਰਹੂ ਕਈ ਕਈ ਘੰਟੇ...”
ਕਹਿਕੇ ਉਹਨੇ ਫਿਰ ਸ਼ਰਾਰਤ ਜਿਹੀ ਨਾਲ ਮੇਰੀਆਂ ਅੱਖਾਂ ਨਾਲ ਅੱਖਾਂ ਮਿਲਾਉਂਦਿਆਂ ਮੇਰੇ ਦੇਰ
ਨਾਲ ਮੁੜਣ ਦਾ ਸੰਸਾ ਮੁੜ ਪ੍ਰਗਟ ਕਰ ਦਿੱਤਾ।
“ਉਹ ਤਾਂ ਯਾਰ ਤੂੰ ਮੈਨੂੰ ਪਹਿਲਾਂ ਈ ਦੱਸ ਚੁੱਕਿਆ ਤੂੰ ਹੋਰ ਦੱਸ ਕੀ ਦੇਖਿਆ ਤੈਂ ਅੰਦਰ?”
“ਕੁਦਰਤ ਦੀ ਬੜੀ ਸੁਹਣੀ ਕਾਰੀਗਰੀ ਕੀਤੀ ਹੋਈ ਐ ਅੰਦਰ। ਬਰਫ਼ ਦਾ ਸਿ਼ਵਲਿੰਗ ਐ”, ਵਰਿੰਦਰ
ਪਟੇਲ ਇਓਂ ਬੋਲਿਆ ਸੀ ਜਿਵੇਂ ਮੈਨੂੰ ਪਹਿਲਾਂ ਏਸ ਗੱਲ ਦਾ ਪਤਾ ਹੀ ਨਾ ਹੋਵੇ।
“ਪਰ ਉਹ ਤਾਂ ਮੈਨੂੰ ਪਹਿਲਾਂ ਈ ਪਤੈ! ਮੈਂ ਯੂ ਟਿਊਬ ਤੇ ਅਨੇਕਾਂ ਬਾਰ ਉਹਦੇ ਵੀਡਿਓਜ਼ ਦੇਖੇ
ਹੋਏ ਨੇ। ਅਣਗਿਣਤ ਫੋਟੋ ਓਸ ਦੇ ਇੰਟਰਨੈਟ ਤੇ ਪਏ ਨੇ- ਗੂਗਲ ਇੰਮੇਜਿਜ਼ ਵਿੱਚ।...”
“ਪਰ ਉਸ ਨਜ਼ਾਰੇ ਨੂੰ ਅਸਲੀਅਤ ਵਿੱਚ ਦੇਖਣਾ ਹੋਰ ਗੱਲ ਐ ਗੁਰਪ੍ਰੀਤ...” ਆਮ ਤੌਰ ਤੇ ਚੁੱਪ
ਰਹਿਣੇ ਕੁਲਦੇਵ ਨੇ ਮੇਰੀ ਜਾਚੇ ਵੱਡਾ ਤਰਕ ਦਿੱਤਾ। ਪਰ ਮੈਂ ਵੀ ਹੁਣ ਨਾ ਜਾਣ ਲਈ ਵਿੱਟਰਿਆ
ਬੈਠਾ ਸੀ। ਤੇ ਇਹਦੇ ਲਈ ਆਪਣੇ ਸੁਫ਼ਨੇ ਨੂੰ ‘ਸਭ ਤੋਂ ਵੱਡੀ ਦਲੀਲ’ ਬਣਾਕੇ ਵਿਚਾਰ ਕਰ ਰਿਹਾ
ਸੀ। ਦੂਜੇ ਪਾਸੇ ਮੇਰੇ ਅੰਦਰਲੇ ‘ਰਵਇਤੀ ਮਨੁੱਖ’ ਦੀ ਦ੍ਰਿਸ਼ਟੀ ‘ਚ ਉਹ ਸਾਰੇ ਸਿ਼ਵ ਦੇ
ਕੇਵਲ ਪ੍ਰਤੀਕਾਂ ਨੂੰ ਵੇਖ ਕੇ ਮੁੜ ਆਏ ਸਨ ਤੇ ਮੈਨੂੰ ‘ਅਸਲ ਸਿ਼ਵ’ ਦੇ ਦਰਸ਼ਨ ਹੋਏ ਸਨ...
ਇਹ ਸਭ ਸੋਚ ਕੇ ਮੈਂ ਮੁਸਕੁਰਾ ਪਿਆ ਤੇ ਮੇਰੇ ਵੱਲ ਸ਼ੱਕ ਜਿਹੇ ਦੀਆਂ ਨਿਗਾਹਾਂ ਨਾਲ ਤੱਕਦੇ
ਪਟੇਲ ਨੂੰ ਪੁੱਛਣ ਲੱਗਾ, “ਕੁਦਰਤੀ ਨਜ਼ਾਰੇ ਤਾਂ ਆਪਾਂ ਬਥੇਰੇ ਇੱਕ ਤੋਂ ਇੱਕ ਚੜ੍ਹਤ ਦੇਖ
ਲੇ ਰਾਹ ਵਿੱਚ, ਕਿਤੇ ਸਤਰੰਗੀਆਂ ਪੀਂਘਾਂ ਕਿਤੇ ਬਰਫ ਦੇ ਪੁਲ਼ ਤੇ ਕਿਤੇ ਬੱਦਲਾਂ ‘ਚੋਂ ਝਾਤ
ਪਾਉਂਦੀਆਂ ਰਿਸ਼ਮਾਂ.. ਤੂੰ ਮੈਨੂੰ ਐਂ ਦੱਸ ਓਥੇ ਹੋਰ ਕੀ ਵੱਖਰੈ ਜਿਹੜਾ ਮੈਂ ਓਥੇ ਜਾਏ
ਬਿਨਾਂ ਨਹੀਂ ਦੇਖ ਸਕੂੰਗਾ?”
ਸੁਣਕੇ ਪਟੇਲ ਇੱਕ ਵਾਰ ਤਾਂ ਸੋਚਾਂ ਵਿੱਚ ਪੈ ਗਿਆ। ਮੈਂ ਵੇਖਿਆ ਕਿ ਉਹਨੇ ਆਪਣੀ ਠੋਡੀ ਨੂੰ
ਆਪਣੇ ਸੱਜੇ ਹੱਥ ਵਿੱਚ ਫੜ ਲਿਆ ਸੀ ਅਤੇ ਫੇਰ ਕੁਝ ਦੇਰ ਸੋਚ ਕੇ ਮੁਸਕਰਾਉਂਦਿਆਂ ਕਹਿਣ
ਲੱਗਾ, “ਮੈਨੂੰ ਲਗਦੈ ਗੁਰਪ੍ਰੀਤ ਤੂੰ ਓਥੇ ਜਾਏ ਬਿਨਾਂ ਇੱਕ ਨਜ਼ਾਰਾ ਨਹੀਂ ਦੇਖ ਸਕੇਂਗਾ।
ਓਥੇ ਨਾ ਦੋ ਚਿੱਟੇ ਕਬੂਤਰ ਨੇ! ਲੋਕੀਂ ਉਹਨਾਂ ਦੇ ਦਰਸ਼ਨਾਂ ਨੂੰ ਤਰਸਦੇ ਐਂ ਤਰਸਦੇ! ਉਹਨਾਂ
ਨੂੰ ਦੇਖ ਕੇ ਉਹ ਧਰਤੀ ਤੇ ਢਿੱਡ ਪਰਨੇ ਲੰਬੇ ਪੈ ਜਾਦੇ ਐਂ। ਏਦਾਂ ਉਹ ਉਹਨਾਂ ਨੂੰ ਨਮਸਕਾਰ
ਕਰਦੇ ਐਂ ਤੇ ਉਹਨਾਂ ਦੀ ਪੂਜਾ ਕਰਦੇ ਐਂ।....”
“ਉਹ ਕਿਉਂ?”
“ਤੈਨੂੰ ਨੀ ਪਤਾ?”
“ਨਹੀਂ ਯਾਰ ਮੈਨੂੰ ਨਹੀਂ ਪਤਾ।”
ਤੇ ਫੇਰ ਜੋ ਵਰਿੰਦਰ ਨੇ ਮੈਨੂੰ ਦੱਸਿਆ ਉਹ ਸੁਣ ਕੇ ਮੈਂ ਕੁਝ ਆਪਣੇ ਹੀ ਕਾਰਨਾਂ ਕਰਕੇ
ਠਹਾਕਾ ਮਾਰ ਕੇ ਹੱਸ ਪਿਆ ਸੀ।
ਉਹ ਕਹਿਣ ਲਗਾ, “ਇੱਥੇ ਈ ਗੁਫ਼ਾ ਵਿੱਚ ਨਿਵਾਸ ਕਰਦਿਆਂ ਕਿਸੇ ਵੇਲੇ ਸਿ਼ਵ ਜੀ ਨੇ ਪਾਰਬਤੀ
ਨੂੰ ਅਮਰ ਕਥਾ ਸੁਣਾਈ ਸੀ, ਜਿਸ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਜੋ ਸੁਣੇਗਾ ਅਮਰ ਹੋ
ਜਾਊਗਾ। ਪਰ ਪਾਰਬਤੀ ਇਸ ਦੌਰਾਨ ਸੌਂ ਗਈ ਸੀ। ਸੋ ਉਹ ਅਮਰ ਕਥਾ ਸੁਣ ਨਹੀਂ ਸਕੀ ਪਰ ਉਹ
ਕਬੂਤਰ ਉੱਥੇ ਜਾਗਦੇ ਰਹੇ ਸਿ਼ਵ ਕਥਾ ਕਰਦੇ ਰਹੇ ਤੇ ਉਹ ‘ਹੂੰ-ਹੂੰ! ਹੂੰ-ਹੂੰ!!’ ਕਰਦੇ
ਸਿ਼ਵ ਦੀ ਕਥਾ ਦਾ, ਅਣਜਾਣ ਪੁਣੇ ਵਿੱਚ ਹੁੰਘਾਰਾ ਭਰਦੇ ਰਹੇ। ਸੋ ਪਾਰਬਤੀ ਆਪਣੇ ਉਸ ਰੂਪ ‘ਚ
ਅਮਰ ਨਹੀਂ ਹੋ ਸਕੀ ਪਰ ਕਬੂਤਰ ਅਮਰ ਹੋ ਗਏ। ਇਸੇ ਕਰਕੇ ਲੋਕ ਉਹਨਾਂ ਨੂੰ ਪੂਜਦੇ ਨੇ?”
ਇਹ ਸਾਰੀ ਗੱਲ ਸੁਣਦਾ ਮੈਂ ਹੁਣ ਅੰਦਰੋਂ ਅੰਦਰੀਂ ਆਪਣੀ ਤੁਲਨਾ ਪਾਰਬਤੀ ਨਾਲ ਕਰਨ ਲੱਗਾ ਸੀ।
ਤੇ ਮੈਨੂੰ ਜਾਪਿਆ ਸੀ ਕਿ ਪਟੇਲ ਹੋਰੀਂ ਕਬੂਤਰਾਂ ਵਾਂਗ ਜਾਗਦੇ ਰਹਿਕੇ ਮਹਾਂਦੇਵ ਦੀ ਕਥਾ
ਸੁਣ ਆਏ ਸਨ ਪਰ ਮੈਂ ਪਾਰਬਤੀ ਵਾਂਗ ਉੱਥੇ ਟੈਂਟ ਵਿੱਚ ਸੁੱਤਾ ਪਿਆ ਰਹਿ ਕੇ ਮਹਾਂਦੇਵ ਦੇ
ਅਜਿਹੇ ਪ੍ਰਸਾਦ ਤੋਂ ਵੰਚਿਤ ਰਹਿ ਗਿਆ ਸੀ। ਇਹ ਸੋਚਕੇ ਮੇਰੇ ਜ਼ੋਰ ਦਾ ਠਹਾਕਾ ਮਾਰਕੇ ਹੱਸਣ
ਉਪਰੰਤ ਖੁਦ ਖਿੜਖਿੜਾ ਕੇ ਹੱਸਿਆ ਮੇਰਾ ਬੇਟਾ ਪ੍ਰਭਜੋਤ ਵੀ ਉੱਠ ਕੇ ਬੈਠ ਗਿਆ ਸੀ ਤੇ ਮੈਨੂੰ
ਪੁੱਛਣ ਲੱਗਾ ਸੀ, “ਪਾਪਾ! ਉਹ ਕਬੂਤਰ ਹੁਣ ਕਿੰਨੇ ਕੁ ਸਾਲ ਦੇ ਹੋ ਗਏ ਹੋਣਗੇ?..... ਇਹ
ਉਦੋਂ ਦੇ ਏਥੇ ਈ ਨੇ?” ਉਸ ਮਨੋਸਥਿਤੀ ਵਿੱਚ ਮੈਨੂੰ ਉਹਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ
ਸੁਝ ਰਿਹਾ। ਇੱਥੇ ਕੁਲਦੇਵ ਨੇ, ਜਿਹੜਾ ਮੇਰੇ ਕਾਰ ਦੀ ਡਰਾਈਵਿੰਗ ਕਰਨ ਦੌਰਾਨ, ਉਸਦਾ ਬਹੁਤ
ਖਿ਼ਆਲ ਰੱਖਦਾ ਆਇਆ ਸੀ, ਦਖ਼ਲ ਦਿੱਤਾ ਅਤੇ ਕਹਿਣ ਲੱਗਾ, “ਪੁੱਤਰਾ! ਲੋਕਾਂ ਦੀ ਆਸਥਾ
ਅਨੁਸਾਰ ਇਹ ਉਹੀ ਨੇ। ਤੇ ਕਿਸੇ ਦੀ ਆਸਥਾ ਤੇ ਆਪਾਂ ਬਹੁਤੇ ਪ੍ਰਸ਼ਨ ਨਾ ਈ ਕਰੀਏ ਤਾਂ ਬੇਹਤਰ
ਐ।” ਮੈਂ ਮਨ ਹੀ ਮਨ ਕੁਲਦੇਵ ਦੀ ਬਹੁਤ ਹੀ ਸਿਆਣੀ ਤੇ ਦੋ ਟੂਕ ਗੱਲ ਲਈ ਉਹਦਾ ਧੰਨਵਾਦ
ਕੀਤਾ...
ਮੈਂ ਪ੍ਰਭਜੋਤ ਨੂੰ ਉਸਦੇ ਇਰਾਦੇ ਬਾਬਤ ਪੁੱਛਿਆ ਤਾਂ ਉਹਨੇ ਵੀ ਵਾਪਸ ਜਾਣ ਲਈ ਸਫ਼ਰ ਸ਼ੁਰੂ
ਕਰਨ ਖਾਤਰ ਕਹਿ ਦਿੱਤਾ। ਮੈਂ ਉਹਦਾ ਅਜਿਹੀਆਂ ਕੁਝ ਗੱਲਾਂ ਨਾਲ ਸਮਰਥਨ ਕਰਨ ਲੱਗਾ ਕਿ ਸਭਨਾਂ
ਧਰਮ ਗ੍ਰੰਥਾਂ ਵਿੱਚ ਇਹ ਬਾਰ ਬਾਰ ਆਇਆ ਹੈ ਕਿ ਰੱਬ ਨੂੰ ਭਾਲਣ ਲਈ ਕਿਸੇ ਜੰਗਲ, ਉਜਾੜ
ਬੀਆਬਾਨ ਜਾਂ ਕਿਸੇ ਧਾਰਮਿਕ ਤੀਰਥ ਸਥਾਨ ਤੇ ਬਣੀ ਗੁਫ਼ਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੇ
ਉਸ ਦੇ ਰਚਨਾਤਮਕ ਗੁਣਾਂ ਦਾ ਨਿਵਾਸ ਤੁਸੀਂ ਹਰ ਥਾਈਂ ਦੇਖ ਜਾਂ ਮਹਿਸੂਸ ਕਰ ਸਕਦੇ ਹੋ।
ਵਗੈਰਾ ਵਗੈਰਾ.....
ਸੋ ਹੁਣ ਵਾਪਸੀ ਲਈ ਇਹੀ ਦਲੀਲ ਸਾਰਿਆਂ ਨੂੰ ਪ੍ਰਵਾਨ ਹੋ ਗਈ ਤੇ ਹੋਰ ਬਿਨਾ ਕਿਸੇ ਆਪਸੀ
ਗਿਲੇ ਸਿ਼ਕਵੇ ਤੋਂ ਇੱਕ ਤਰ੍ਹਾਂ ਨਾਲ ‘ਪੁਰ-ਅਮਨ ਸਹਿਹੋਂਦ ਦੇ ਅੰਤਰਰਾਸ਼ਟਰੀ ਫਾਰਮੂਲੇ’
ਨੂੰ ਅਪਨਾ ਕੇ ਸਾਡੀ ਪੰਜ ਜਣਿਆਂ ਦੀ ਉਹ ‘ਸਥਾਈ ਸਿਕਿਓਰਿਟੀ ਕਾਂਸਲ’ ਬਿਨਾਂ ਕਿਸੇ ਹੋਰ
ਵੀਟੋ ਤੇ ਵਿਚਾਰ ਕੀਤਿਆਂ ਬਾਲਟਾਲ ਵੱਲ ਨੂੰ ਚੱਲ ਪਈ।
ਰਾਹ ਵਿੱਚ ਅਮਰਨਾਥ ਕੈਂਪ ਦਾ ਬਾਜ਼ਾਰ ਆਇਆ ਤਾਂ ਵਰਿੰਦਰ ਹੋਰੀਂ ਇਸ ਯਾਤਰਾ ਦੀ ਨਿਸ਼ਾਨੀ
ਵਜੋਂ ਜਾਂ ਆਪਣੇ ਬੀਵੀ ਬੱਚਿਆਂ ਲਈ ਕਿਸੇ ਸੁਗਾਤ ਵਜੋਂ ਕੁਝ ਚੀਜ਼ਾਂ ਖਰੀਦਣ ਲੱਗੇ। ਉਹਨਾਂ
ਨੇ ਇੱਥੋਂ ਦੇ ਕੁਝ ਧਾਰਮਿਕ ਚਿੰਨ੍ਹ, ਬਨਾਵਟੀ ਗਹਿਣੇ, ਕਲੰਡਰ, ਜੰਤਰੀਆਂ ਤੇ ਕੁਝ ਹੋਰ
ਸਜਾਵਟੀ ਚੀਜ਼ਾਂ ਖਰੀਦੀਆਂ। ਮੈਂ ਵੀ ਉਹਨਾਂ ਵਾਂਗ ਯਾਦਗਾਰ ਦੇ ਰੂਪ ਵਿੱਚ ਕੋਈ ਚੀਜ਼ ਲਿਜਾਣ
ਦੀ ਸੋਚ ਰਿਹਾ ਸੀ ਪਰ ਕਿਉਂਕਿ ਆਪਣੀ ਨੀਂਦ ਦੌਰਾਨ ਸਿ਼ਵ ਦੇ ਆਏ ਸੁਫ਼ਨੇ ਵਿੱਚੋਂ ਪੂਰੀ
ਤਰ੍ਹਾਂ ਉੱਭਰ ਨਹੀਂ ਸੀ ਸਕਿਆ ਇਸ ਕਰਕੇ ਕੋਈ ਫੈਸਲਾ ਨਹੀਂ ਸੀ ਕਰ ਪਾ ਰਿਹਾ ਸੀ। ਵਰਿੰਦਰ
ਹੁਰਾਂ ਨਾਲ ਹੋਈ ਤਾਜ਼ਾ ਗੱਲਬਾਤ ਕਾਰਨ ਇੱਕ ਖਿ਼ਆਲ ਨੇ ਮੇਰੀ ਮਨੋਸਥਿਤੀ ਤੇ ਮਾਨੋ ਕਬਜ਼ਾ
ਹੀ ਕਰ ਲਿਆ ਸੀ। ਮੈਂ ਹੁਣ ਤੱਕ ਅੰਦਰੋ ਅੰਦਰੀਂ ਲਗਾਤਾਰ ਸਿ਼ਵ ਵੱਲੋਂ ਸੁਣਾਈ ਉਸ ਕਥਾ ਬਾਰੇ
ਸੋਚਦਾ ਜਾ ਰਿਹਾ ਸੀ ਜੀਹਨੂੰ ਸੁਣ ਕੇ ਕੋਈ ਅਮਰ ਹੋ ਸਕਦਾ ਸੀ। ਮੈਂ ਸੋਚ ਰਿਹਾ ਸੀ ਉਸ ਕਥਾ
ਵਿੱਚ ਕਥਾਕਾਰ ਨੇ ਕਿਹੋ ਜਿਹੀ ਜਾਨ ਭਰੀ ਹੋਵੇਗੀ ਕਿ ਉਸਨੂੰ ਸੁਣਨ ਵਾਲਾ ਸਦਾ-ਸਦਾ ਲਈ
ਜਿਊਂਦਾ ਰਹਿ ਸਕਦਾ ਸੀ!...
ਇਹੀ ਕਾਰਨ ਸੀ ਜਿਸ ਕਰਕੇ, ਇਸ ਦੌਰਾਨ ਜਦੋਂ ਵਰਿੰਦਰ ਨੇ ਮੈਨੂੰ ਕਿਹਾ ਕਿ ਮੈਂ ਵੀ ਇਸ
ਯਾਤਰਾ ਦੀ ਨਿਸ਼ਾਨੀ ਵਜੋਂ ਕੁਝ ਲੈ ਲਵਾਂ, ਤਾਂ ਇੱਕ ਸਜਾਵਟੀ ਚੀਜ਼ਾਂ ਅਤੇ ਫੋਟੋਆਂ ਦੀ
ਸਟਾਲ ਅੱਗੇ ਖੜ੍ਹਾ ਮੈਂ ਉਹਨੂੰ ਕਹਿ ਉੱਠਿਆ ਸੀ, “ਆਪਾਂ ਯਾਰ ਜੇ ਇੱਥੇ ਕਿਤੇ ਮਿਲੀ ਤਾਂ
ਸਿ਼ਵ ਦੀ ਕਹੀ ਅਮਰਕਥਾ ਲੈ ਕੇ ਜਾਈਏ। ਅਜਿਹੀ ਪੁਸਤਕ ਜ਼ਰੂਰ ਕਿਸੇ ਨੇ ਸੰਪਾਦਿਤ ਕੀਤੀ
ਹੋਵੇਗੀ।” ਤੇ ਮੈਂ ਨਾਲ ਹੀ ਓਥੇ ਖੜ੍ਹਾ ਖੜ੍ਹਾ ਵਣਜਾਰੇ ਨੂੰ ਪੁੱਛਣ ਲੱਗਾ, “ਤੁਹਾਡੇ ਕੋਲ
ਅਮਰ ਕਥਾ ਹੈਗੀ?”
ਮੈਂ ਵੇਖਿਆ ਕਿ ਉਹਨੇ ਮੇਰੇ ਮੂੰਹ ਵੱਲ ਹੈਰਾਨੀ ਜਿਹੀ ਨਾਲ ਤੱਕਿਆ ਸੀ ਤੇ ਫੇਰ ਨਾਂਹ ਵਿੱਚ
ਸਿਰ ਹਿਲਾ ਦਿੱਤਾ ਸੀ। ਅੱਗੇ ਆ ਕੇ ਮੈਂ ਕਈ ਸਟਾਲ ਵੇਖੇ। ਇੰਝ ਨਹੀਂ ਸੀ ਕਿ ਅਮਰਕਥਾ ਦੇ
ਨਾਂ ਹੇਠ ਕੁਝ ਵੀ ਨਹੀਂ ਸੀ ਛਪਿਆ ਹੋਇਆ। ਇਸ ਸਿਰਲੇਖ ਅਧੀਨ ਰਸਾਲਾ ਨੁਮਾਂ ਕਈ ਪੁਸਤਕਾਂ
ਸਨ। ਪਰ ਉਹਨਾਂ ਵਿੱਚ ਅਮਰ ਕਥਾ ਦੀ ਬਜਾਏ ਅਮਰਨਾਥ ਗੁਫ਼ਾ ਦੀ ਯਾਤਰਾ ਕਰਨ ਵਾਲਿਆਂ ਦੀਆਂ
‘ਕਥਾਵਾਂ’ ਹੀ ਬਿਆਨ ਕੀਤੀਆਂ ਗਈਆਂ ਸਨ ਤੇ ਇਹਨਾਂ ਯਾਤਰਾਵਾਂ ਦੇ ਮਾਰਗ ਦੀਆਂ ਫੋਟੋਆਂ ਨਾਲ
ਅਜਿਹੇ ਰਸਾਲੇ ਭਰੇ ਹੋਏ ਸਨ। ਇਸ ਯਾਤਰਾ ਦੇ ਮਹਾਤਮ ਬਾਰੇ ਕਈ-ਕਈ ਸ਼ਰਧਾਮਈ ਕਾਲਮ ਲਿਖੇ ਗਏ
ਸਨ ਪਰ ਮੈਂ ਉਹਨਾਂ ਵਿੱਚ ਕਿਤੇ ਵੀ ਸਿ਼ਵ ਦੀ ਕਹੀ ਅਮਰਕਥਾ ਦੀ ਕੋਈ ਜਾਣ ਪਛਾਣ ਤੱਕ ਕਿਤੇ
ਲਿਖੀ ਨਹੀਂ ਵੇਖੀ।
‘ਅਮਰਨਾਥ’ ਵਾਲਾ ਬਾਜ਼ਾਰ ਖਤਮ ਹੋ ਗਿਆ ਤਾਂ ਜਗਜੀਤ ਮੈਨੂੰ ਕਹਿਣ ਲੱਗਾ ਕਿ ਬਾਲਟਾਲ ‘ਚ ਇਹ
(ਬਾਜ਼ਾਰ) ਅਮਰਨਾਥ ਨਾਲੋਂ ਜਿ਼ਆਦਾ ਵੱਡੈ। ਏਸ ਬਾਜ਼ਾਰ ਵਿੱਚ ਨਹੀ ਤਾਂ ਓਥੇ ਮੈਨੂੰ ਅਮਰਕਥਾ
ਜ਼ਰੂਰ ਮਿਲ ਜਾਵੇਗੀ। ਰਾਤ ਦੇ ਲਗਭਗ 11 ਵਜੇ ਅਸੀਂ ਬਾਲਟਾਲ ਆ ਪਹੁੰਚੇ ਕਿਸੇ ਭੰਡਾਰੇ ਦੇ
ਨਾਲ ਹੀ ਕੀਤੇ ਗਏ ਸੌਣ ਦੇ ਪ੍ਰਬੰਧ ਅਧੀਨ ਆਉਂਦੇ ਇੱਕ ਟੈਂਟ ਵਿੱਚ ਅਸੀਂ ਰਾਤ ਕੱਟੀ। ਸਵੇਰੇ
ਉੱਠ ਕੇ ਵਾਪਸੀ ਦਾ ਰਾਹ ਫੜਣ ਤੋਂ ਪਹਿਲਾਂ ਬਾਲਟਾਲ ਦਾ ਸਾਰਾ ਚੱਕਵੇਂ ਚੁੱਲ੍ਹੇ ਵਾਲਾ
ਬਾਜ਼ਾਰ ਗਾਹ ਮਾਰਿਆ ਪਰ ਅਮਰਕਥਾ ਨਹੀਂ ਮਿਲੀ..
ਪਰ ਅੰਤ ਵਿੱਚ ਇੱਕ ਸਟਾਲ ਤੇ ਜਦੋਂ ਮੈਂ ਇਸ ਬਾਰੇ ਪੁੱਛਿਆ ਤਾਂ ‘ਵਣਜਾਰਾ’ ਮੇਰੇ ਮੂੰਹ ਵੱਲ
ਤੱਕਦਿਆਂ ਮੁਸਕਰਾ ਕੇ ਪੁੱਛਣ ਲੱਗਿਆ, “ਭੋਲੇ! ਕੀ ਮੰਗਦੇ ਪਏ ਹੋ?”
ਮੈ ਕਿਹਾ, “ਅਮਰਕਥਾ।”
“ਅਮਰ ਕਥਾ?”
“ਹਾਂ! ਅਮਰਕਥਾ।”
“ਭੋਲੇ! ਉਹ ਨਹੀਂ ਮਿਲਣੀ ਤੁਹਾਨੂੰ ਕਿਤੇ ਵੀ!”
“ਕਿਉਂ?” ਮੈਂ ਸਹਿਜ ਸੁਭਾ ਪੁੱਛਿਆ।
“ਭੋਲੇ! ਉਹ ਤਾਂ ਕਬੂਤਰਾਂ ਨੇ ਸੁਣੀ ਸੀ। ਤੇ ਕਬੂਤਰ ਤੁਸੀਂ ਜਾਣਦੇ ਹੋ, ਬੋਲ ਨਹੀਂ ਸਕਦੇ।”
ਇਹ ਕਹਿਕੇ ਪਲ ਕੁ ਲਈ ਉਹ ਚੁੱਪ ਕਰ ਗਿਆ। ਤੇ ਨੀਵੀਂ ਪਾਕੇ ਘੜੀ ਪਲ ਉਹ ਆਪਣੇ ਸਟਾਲ ਤੇ
ਰੱਖੀਆਂ ਵਸਤਾਂ, ਪੁਸਤਕਾਂ ਤੇ ਰਸਾਲਿਆਂ ਨੂੰ ਤਰਤੀਬ ‘ਚ ਕਰਦਾ ਰਿਹਾ ਤੇ ਫਿਰ ਘੜੀ ਪਲ
ਮਗਰੋਂ ਸਿਰ ਉੱਚਾ ਚੁੱਕ ਕੇ ਮੇਰੀਆਂ ਅੱਖਾਂ ‘ਚ ਸਿੱਧਾ ਤੱਕਦਾ ਬੋਲਿਆ ਸੀ, “ਹਾਂ! ਪਾਰਬਤੀ
ਬੋਲ ਸਕਦੀ ਸੀ। ਪਰ ਉਹ ਸੌਂ ਗਈ। ਤੇ ਬਸ!.....” ਕਹਿਕੇ ਉਹ ਕਿਸੇ ਸਵੈਮਾਣ ਭਰੀ ਕਿਸੇ
ਗੁੱਝੀ ਤੱਕਣੀ ਨਾਲ ਮੇਰੇ ਵੱਲ ਵੇਖਦਾ ਫਿਰ ਮੁਸਕਰਾ ਪਿਆ ਸੀ। ਉਹਦੇ ਇਹਨਾਂ ਥੋੜ੍ਹੇ ਜਿਹੇ
ਕਥਨਾਂ ਨੇ ਮੇਰੇ ਮਨ ਦੇ ਕਈ ਕਪਾਟ ਖੋਲ੍ਹ ਦਿੱਤੇ ਸਨ......
ਵਾਪਸ ਆਉਂਦਿਆਂ ਸਾਰਾ ਰਾਹ ਮੈਂ ਉਹਦੇ ਇਸ ਸੰਖੇਪ ਕਥਨ ਦੇ ਅਰਥ ਕੱਢਦਾ ਰਿਹਾ- “ਭੋਲੇ! ਜੇ
ਪਾਰਬਤੀ ‘ਜਾਗਦੀ ਰਹਿੰਦੀ’ ਤਾਂ ਉਹ ਮਹਾਂਦੇਵ ਦੀ ਕਥਾ ਨੂੰ ‘ਸੁਣ’ ਪਾਉਂਦੀ। ਜੇ ਉਹ
‘ਸੁਣਦੀ’ ਤਾਂ ਦੂਜਿਆਂ ਨੂੰ ‘ਆਖ ਸੁਣਾਉਂਦੀ’। ਤੇ ਉਹਦੇ ਤੋਂ ‘ਸੁਣਕੇ’ ਦੂਜਿਆਂ ਵਿੱਚੋਂ
ਕੋਈ ਉਹਨੂੰ ‘ਲਿਖਦਾ’ ਵੀ। ਤੇ ਜੇ ਉਸ ਕਥਾ ਨੂੰ ਕੋਈ ‘ਲਿਖਦਾ’ ਤਾਂ ਉਹ ਜ਼ਰੂਰ ਕਿਸੇ ਨਾ
ਕਿਸੇ ਪਬਲੀਸ਼ਰ ਨੇ ‘ਛਾਪੀ’ ਵੀ ਹੁੰਦੀ। ਤੇ ਜੇ ਕਿਸੇ ਨੇ ‘ਛਾਪੀ’ ਹੁੰਦੀ ਤਾਂ ਭੋਲੇ! ਉਹ
‘ਮੇਰੇ ਕੋਲ’ ਹੁੰਦੀ ਤੇ ਮੈਂ ਉਹ ‘ਅਮਰ ਕਥਾ’ ਤੁਹਾਨੂੰ ਦਿੰਦਾ ਤੇ ਤੁਸੀਂ? ਤੁਸੀਂ ਉਹਨੂੰ
ਪੜ੍ਹ ਕੇ ‘ਅਮਰ’ ਹੋ ਜਾਂਦੇ!.... ਪਰ ਇਸ ਦੁਨੀਆਂ ਦੀ ਵੱਡੀ ਸਮੱਸਿਆ ਤਾਂ ਇਹੀ ਹੈ ਭੋਲੇ਼
ਕਿ ਜੋ ਬੋਲ ਨਹੀਂ ਸਕਦੇ, ਜੋ ਕੇਵਲ ਸੁਣ ਹੀ ਸਕਦੇ ਹਨ (ਤੇ ਬੋਲਣ ਦੇ ਨਾਂ ਤੇ ਬਸ
‘ਹੂੰ-ਹੂੰ’ ਹੀ ਕਰ ਛੱਡਦੇ ਹਨ) ਅਮਰ ਕਥਾ ਉਹਨਾਂ ਨੇ ਹੀ ਸੁਣੀ ਹੈ। ਉਹ ‘ਦੁਨੀਆਂ ਦੇ
ਕਬੂਤਰ’ ਖੁਦ ਤਾਂ ਅਮਰ ਹੋ ਗਏ ਪਰ ਆਪਣੀ ਅਜਿਹੀ ਅਮਰਤਾ ਦਾ ਪ੍ਰਸਾਦ ਆਪਣੇ ਮੂਕ ਅਤੇ
ਨਿਸ਼ਕ੍ਰਿਅ ਸ੍ਰੋਤੇ ਹੋਣ ਕਾਰਨ ਕਦੇ ਕਿਸੇ ਹੋਰ ਨੂੰ ਨਹੀਂ ਦੇ ਸਕੇ... ਤੇ ਜਿਹੜੇ ਬੋਲ
ਸਕਦੇ ਹਨ ਉਹ ਕਿਸੇ ਕੀਰਤੀਮੁਖ ਦੀ ਗੱਲ ਨੂੰ ਸੁਣਨਾ ਤਾਂ ਇੱਕ ਪਾਸੇ, ਮਹਾਂਦੇਵ ਦੀ ਕਹੀ
ਕਿਸੇ ਅਮਰ ਕਥਾ ਨੂੰ ਵੀ ਨਹੀਂ ਸੁਣਦੇ... ਇਸ ਦੁਨੀਆਂ ਵਿੱਚ ਅਜਿਹੇ ਗੂੰਗਿਆਂ ਅਤੇ ਬੋਲਿਆਂ
ਦਾ ਇਹ ਕਿਹੋ ਜਿਹਾ ‘ਰਾਮ ਰੌਲ਼ਾ’ ਹੈ ਭੋਲੇ!!......
2-ਮਿਡ ਡੇ ਤੱਕ ਦੇ ਮੀਲ
ਜਾਗਦੇ ਹੋਏ, ਬਹੁਤ ਸੁਚੇਤ
ਰਹਿ ਕੇ ਵੀ ਕਈ ਵਾਰ ਮੇਰੇ ਨਾਲ ‘ਅਜਿਹਾ‘ ਵਾਪਰਿਆ ਹੈ। ਮਸਲਨ ਕਿਸੇ ਸਫਰ ਤੇ ਜਾਣ ਸਮੇਂ,
‘ਇਹ ਸੌਖਾ ਕੱਟ ਜਾਵੇ‘ ਇਹੋ ਸੋਚਕੇ, ਬੱਸ ਜਾਂ ਰੇਲ ਗੱਡੀ ਵਿੱਚ ਬਹਿ ਕੇ ਪੜ੍ਹਨ ਲਈ ਕੋਈ
ਪੁਸਤਕ ਨਾਲ ਲੈ ਗਿਆ; ਤੇ ਉਸਨੂੰ ਪੜ੍ਹਨ ਖਾਤਰ ਐਨਕ ਵੀ, ਆਪਣੀ ਜਾਚੇ, ਉਸਦੇ ਕਵਰ ਸਮੇਤ
ਆਪਣੇ ਸਫਰੀ ਬੈਗ ਵਿੱਚ ਰੱਖ ਲਈ.... ਪਰ ਜਿਉਂ ਹੀ ਪੁਸਤਕ ਕੱਢੀ ਐਨਕ ਦਾ ਕਵਰ ਖੋਲ੍ਹਿਆ ਤਾਂ
ਵੇਖਿਆ ਕਿ ਉਹ ਤਾਂ ਖਾਲੀ ਹੈ।...ਬਿਨਾਂ ਐਨਕਾਂ ਤੋਂ ਪੌਣੇ ਦੋ ਡਿਗਰੀ ਵੇਵ ਲੈਂਥ ਵਾਲੀਆਂ
ਅੱਖਾਂ ਦਾ ਹੁਣ ਮੈਂ ਕੀ ਕਰਾਂ? ਕੋਈ ਹੋਰ ਚਾਰਾ ਮਾਰਨਾਂ ਪਵੇਗਾ! ਚੱਲੋ ਮਾਡਰਨ ਤੇ ਹਾਈਟੈਕ
ਬਣੀਏਂ!! ਤੇ ਮੋਬਾਈਲ ਤੇ ਡੈਟਾ ਕੁਨੈਕਸ਼ਨ ਆਨ ਕਰਕੇ ਗੂਗਲ ਜਾਂ ਵਿਕੀਪੀਡੀਆ ਤੋਂ ਬਦਲ ਵਜੋਂ
ਕਿਸੇ ਹੋਰ ਪੁਸਤਕ ਦੀ ਸਾਫਟ ਕਾਪੀ ਦੀ ਸਰਚ ਮਾਰੀਏ! ਪਰ...
ਪਰ ਮੋਬਾਈਲ ਦੀ ਬੈਟਰੀ ਦਾ ਚਾਰਜ ਮੁੱਕਿਆ ਵੇਖ ਕੇ ਇਹ ਫੂਕ ਵੀ ਨਿੱਕਲ ਜਾਂਦੀ ਹੈ। ਵਿਚਾਰ
ਆਉਂਦਾ ਹੈ ਕਿ ਕਿਸੇ, ਨਾਲ ਬੈਠੀ ਸਵਾਰੀ ਨਾਲ, ਉਵੇਂ ਗੱਲਾਂ ਕਰੀਏ ਜਿਵੇਂ ਗੁਰਬਖਸ਼ ਸਿੰਘ
ਪ੍ਰੀਤ ਲੜੀ ਦੀ ਕਹਾਣੀ ‘ਪਹੁਤਾ ਪਾਂਧੀ‘ ਵਿਚਲਾ ਮੇਜਰ ਸਾਹਿਬ ‘ਪੇ ਮਰਿਆਂ‘ ਦੇ ਡੱਬੇ ਨੂੰ
ਛੱਡ ਕੇ ਥਰਡ ਕਲਾਸ ਡੱਬੇ ਦੀਆਂ ਸਵਾਰੀਆਂ ਨਾਲ ਕਰਦਾ ਹੈ.... ਪਰ ਕੀ ਗੱਲ ਕਰੀਏ?..
ਗੱਲ ਸ਼ੁਰੂ ਕਰਨ ਲਈ ਵੀ ਕੋਈ ਸਾਂਝਾ ਸੰਦਰਭ ਚਾਹੀਦੈ!... ਤੇ ਹਾਲਾਤ ਨੇ ਅਜੋਕੇ ਮਨੁੱਖ ਦੀ
ਹੋਂਦ ਏਨੀ ਸੁੰਗੇੜ ਦਿੱਤੀ ਹੈ ਕਿ ਉਹ ਆਪਣੇ ਵਿਅਕਤੀਗਤ ਆਪੇ ਤੋਂ ਉੱਪਰ ਉੱਠ ਕੇ ਵੇਖਦਾ ਹੀ
ਨਹੀਂ। ਇਸੇ ਕਰਕੇ ਸੰਚਾਰ ਦੇ ਸਾਧਨਾਂ ਨੇ ਤਾਂ ਬਹੁਤ ਵਿਕਾਸ ਕਰ ਲਿਆ, ਪਰ ਸਾਡੇ ਵਿਚਕਾਰ
ਸੰਚਾਰ ਦੀ ਗੁੰਜਾਇਸ਼ ਸੁੰਗੜ ਗਈ ਹੈ। ਨਿਜਤਾ ਦੀ ਕੰਧ ਨਾਲ ਵਲ਼ਿਆ ਮਨੁੱਖ, ਭੀੜ ਭਰੇ ਮੇਲਿਆਂ
ਵਿਚ ਵੀ ਇਕੱਲਾ ਹੈ; ਸਭ ਕੁਝ ਦੇ ਹੁੰਦੇ-ਸੁੰਦੇ ਖਾਲਮ ਖਾਲੀ!... ਕੁਝ ਵਧੇਰੇ ਹੀ ਰਸਮੀ ਤੇ
ਪਾਖੰਡੀ!!... ਸੋਚਦਾ ਹੁੰਨਾਂ ਕਿ ਉਸਦਾ ਇਹ ਰਸਮੀ ਵਰਤਾਉ, ਕਿਸੇ ਸਮਾਜਿਕ ਸਮੂਹ ਵੱਲੋਂ
ਅਪਨਾਈ ਕਿਸੇ ਵਿਵਸਥਾ ਦੀ ਦੇਣ ਹੈ ਜਾਂ ਚੰਦ ਕੁ ਮੁੱਠੀ ਭਰ ‘ਵਣਜਕਾਰਾਂ‘ ਦੇ ਥੋਪੇ ਬਾਜ਼ਾਰੂ
ਹੱਥਕੰਡੇ ਤੇ ਧੋਖਾਧੜੀਆਂ ਦੀ ਇਕ ਲੜੀ?... ਖੈਰ ਅਜਿਹੀ ਹਾਲਤ ਵਿਚ ਸਮਝ ਨਹੀਂ ਆਉਂਦੀ ਕਿ
ਸਵੇਰ ਤੋਂ ਸ਼ੁਰੂ ਕੀਤਾ ਤੇ ਦੁਪਹਿਰ ਦੇ ਬਾਰਾਂ ਕੁ ਵਜੇ (ਮਿਡ ਡੇ/ਚਿੱਟੇ ਦਿਨ) ਤੱਕ ਚੱਲਣ
ਵਾਲਾ ਮੀਲਾਂ ਦਾ ਸਫਰ ਕਿਵੇਂ ਗੁਜ਼ਰੇਗਾ?
ਤੇ ਸੁੱਤੇ ਪਿਆਂ? ਸੁੱਤੇ ਪਿਆਂ, ਸੁਪਨੇ ਵਿਚ ਤਾਂ ਏਦੂੰ ਵੀ ਭੈੜੀ ਗੁਜ਼ਰਦੀ ਹੈ। ਐਨਕ ਦੇ
ਸੁਹਣੇ ਕਵਰ ਵਿਚ ਐਨਕ ਤਾਂ ਹੁੰਦੀ ਹੈ ਪਰ ਜਿਉਂ ਹੀ ਕਵਰ ਖੋਲ੍ਹ ਕੇ ਵਿਚੋਂ ਕੱਢਣ ਲੱਗਦਾ
ਹਾਂ, ਸ਼ਾਇਦ ਚੀਜ਼ਾਂ ਉੱਪਰ ਮੇਰੀ ਕਮਜ਼ੋਰ ਪਕੜ ਕਰਕੇ ਹੱਥੋਂ ਤਿਲਕ ਕੇ ਭੂੰਜੇ ਡਿੱਗ ਪੈਂਦੀ
ਹੈ....
‘ਹੁਣ ਨਵੀਂ ਬਣਵਾਉਣੀ ਪਵੇਗੀ!‘ ਸੋਚਕੇ ਜੇਬ ਵਿਚੋਂ ਪਰਸ ਕੱਢਦਾ ਹਾਂ ਤਾਂ ਵਿੱਚ ਪੰਜਾਂ ਦਾ
ਮੈਲਾ ਪੁਰਾਣਾ ਨੋਟ ਈ ਹੈ... ‘ਚੱਲੋ ਕਿਸੇ ਤੋ ਉਧਾਰੇ ਫੜ ਲੈਂਦੇ ਹਾਂ! ਪਰ ਕਿਸਤੋਂ?‘
ਮੋਬਾਈਲ ਕੱਢਦਾ ਹਾਂ ਪਰ ਵੇਖਦਾ ਹਾਂ ਉਸਦਾ ਤਾਂ ਡਿਸਪਲੇ ਹੀ ਖਰਾਬ ਹੋ ਗਿਆ ਹੈ! ਫਿਰ ਵੀ
ਟੱਚ ਸਕਰੀਨ ਤੇ ਤੁੱਕੇ ਨਾਲ ਟਾਈਪ ਕਰਕੇ, ਮੇਰੇ ਤੋਂ, ਚੋਖੇ ਪੈਸੇ ਉਧਾਰੇ ਫੜੀ ਬੈਠੇ, ਕਿਸੇ
ਮਿੱਤਰ ਨੂੰ ਫੋਨ ਲਾ ਲਿਆ ਹੈ। ਉਧਰੋਂ ਅਵਾਜ਼ ਆਉਂਦੀ ਹੈ: ”ਇਹ ਸੁਵਿਧਾ ਉਪਲਬਧ ਨਹੀਂ ਹੈ,
ਕਿਰਪਾ ਆਪਣੀ ਬਕਾਇਆ ਭੁਗਤਾਨ ਰਾਸ਼ੀ ਜਮ੍ਹਾਂ ਕਰਵਾ ਕੇ ਦੁਬਾਰਾ ਪ੍ਰਯਾਸ ਕਰੋ”....
ਕੀ ਇਹ ਸਭ ਵਿਅਕਤੀਗਤ ਵਰਤਾਰੇ ਨੇ ਜੋ ਕਿ ਸਿਰਫ਼ ਮੇਰੇ ਨਾਲ ਵਾਪਰ ਰਹੇ ਨੇ? ਕੀ ਇਹ ਕੋਈ
ਮੇਰਾ ਨਿਜੀ ਦੁੱਖ ਹੀ ਹੈ? ਜਾਂ ਕੀ ਇਹ ਜੋ ਆਪਣੇ ਉਦਾਸੇ ਦਿਲ ਦੀਆਂ ਗੱਲਾਂ ਮੈਂ ਇੱਥੇ
ਲਿਖੀਆਂ ਨਿਰੀਆਂ ਮੇਰੇ ਦਿਲ ਦਾ ਹੀ ਮਾਮਲਾ ਹਨ ਅਤੇ ਕੀ ਬਾਕੀ ਸਭ ਤਾਂ ਖੈਰ ਹੀ ਹੈ?
ਨਹੀਂ! ਮੈਨੂੰ ਯਾਦ ਹੈ ਫਰੀਦ ਦਾ ਉਹ ਸ਼ਲੋਕ:
ਫਰੀਦਾ ਮੈਂ ਜਾਨਿਆਂ ਦੁਖ ਮੁਝ ਕੂ, ਦੁਖ ਸਬਾਇਐ ਜਗਿ।।
ਉਚੇ ਚੜ੍ਹ ਕੇ ਦੇਖਿਆ ਤਾ ਘਰਿ ਘਰਿ ਏਹਾ ਅਗਿ।।
........
ਨਹੀਂ! ਇਹ ਕੋਈ ਵਿਅਕਤੀਗਤ ਵਰਤਾਰਾ ਨਹੀਂ। ਸਗੋਂ ਜਿਹੜੀ ਅੱਗ ਘਰ-ਘਰ ਲੱਗੀ ਹੋਈ ਹੈ, ਉਸੇ
ਦਾ ਕੋਈ ਸੇਕ ਮੇਰੇ ਦਿਲ ਨੂੰ ਪਹੁੰਚ ਰਿਹੈ!!... ਮੇਰਾ ਦਿਲ ਤਾਂ ਜੋ ਉਦਾਸ ਹੈ, ਸੋ ਤਾਂ ਹੈ
ਹੀ ਹੈ ਪਰ ਬਾਕੀ ਸਭ ਦੀ ਵੀ ਕੋਈ ਖੈਰ ਨਹੀਂ।
ਮੇਰੇ ਘਰ ਵਿੱਚ ਲੱਗਿਆ ਆਰ. ਓ. ਮੈਨੂੰ ਸਪਸ਼ਟ ਦੱਸਦੈ ਕਿ ਇਸ ਪੰਜਾਂ ਦਰਿਆਵਾਂ ਦੀ ਧਰਤੀ ਦਾ
ਪਾਣੀ ਪੀਣ ਯੋਗ ਨਹੀਂ ਰਿਹਾ। ਰੋਡ ਲੈਵਲ ਤੋਂ ਫੁੱਟ ਕੁ ਨੀਵਾਂ ਹੋਇਆ ਮੇਰਾ ਘਰ ਬਿਆਨ ਕਰਦੈ
ਕਿ ਇਸ ਸ਼ਹਿਰ ਦੇ ਰਹਿਨੁਮਾਂ ਧਰਤੀ ‘ਚ ਧਸੇ ਤੇ ਧਸ ਰਹੇ ਘਰਾਂ ਬਾਰੇ ਭੋਰਾ ਵੀ ਚਿੰਤਤ ਨਹੀਂ
ਕਰਦੇ। ਇਸਦੇ ਸਲਾਭੇ ਫਰਸ਼ ਦੱਸਦੇ ਨੇ ਕਿ ਸਾਡੇ ਸਭਨਾਂ ਦੇ ਘਰਾਂ ਤੋਂ ਨਿੱਕਲਣ ਵਾਲੇ
ਪ੍ਰਦੂਸ਼ਿਤ ਪਾਣੀ ਨੂੰ ਧਰਤੀ ਹੇਠ ਸਿੰਮਣ ਤੋਂ ਬਿਨਾਂ ਹੋਰ ਕੋਈ ਨਿਕਾਸ ਨਹੀਂ ਮਿਲ ਰਿਹਾ। ਆਸ
ਪਾਸ ਦੇ ਪਲਾਟਾਂ ਵਿੱਚ ਪਏ ਕੂੜੇ ਦੇ ਢੇਰ ਦੱਸਦੇ ਨੇ ਕਿ ਮੇਰੇ ਸਕੂਲ ਦੀ ਛੇਵੀਂ ਜਮਾਤ ਦੇ
ਵਿਦਿਆਰਥੀਆਂ ਨੂੰ ਪੜ੍ਹਾਏ ਜਾ ਰਹੇ ਠੋਸ ਕੂੜੇ ਕਰਕਟ ਦੇ ਵਿਗਿਆਨਿਕ ਇੰਤਜ਼ਾਮ ਦੇ ਪਾਠ,
ਖੋਖਲੇ ਨੈਤਿਕ ਉਪਦੇਸ਼ਾਂ ਤੋਂ ਬਿਨਾਂ ਕੁਝ ਵੀ ਨਹੀਂ।...
ਅਜਿਹੇ ਪਾਠਾਂ ਨੂੰ ਪੜ੍ਹਾਉਂਦਿਆਂ ਸਾਨੂੰ ਅਕਸਰ ਇੱਕ ਸਵਾਲਨੁਮਾ ਅਹਿਸਾਸ ਇਹ ਵੀ ਹੁੰਦਾ ਹੈ
ਕਿ ਕਿਤੇ ਅਸੀਂ ਲਗਭਗ ਰੂੜੀਆਂ ਦੇ ਢੇਰਾਂ ਉੱਪਰ ਰਹਿਣ ਲਈ ਮਜ਼ਬੂਰ ਲੋਕਾਂ ਦਾ ਇਹਨਾਂ
ਉਪਦੇਸ਼ਾਤਮਕ ਪਾਠਾਂ ਰਾਹੀਂ ਉਪਹਾਸ ਉਡਾਉਣ ਦਾ ਗੁਨਾਹ ਤਾਂ ਨਹੀਂ ਕਰ ਰਹੇ?
ਸਵੇਰੇ ਉੱਠਦਾ ਹਾਂ ਤਾਂ ਬਾਹਰ ਆਪਣਾ ਟੁੱਟਾ ਭੱਜਾ ਰੇਹੜਾ ਲੈਕੇ 35 ਕੁ ਸਾਲ ਦੀ ਉਮਰ ਦਾ,
ਆਪਣੀਆਂ ਔਖੀਆਂ ਜੀਵਨ ਅਤੇ ਕੰਮ ਦੀਆਂ ਹਾਲਤਾਂ ਕਰਕੇ ਬੁੱਢਾ ਜਾਪਣ ਵਾਲਾ, ਕੂੜਾ ਇਕੱਤਰ ਕਰਨ
ਵਿੱਚੋਂ ਮਾਮੂਲੀ ਕਮਾਈ ਕਰਨ ਵਾਲਾ “ਬਾਬਾ” ਆ ਗਿਆ ਹੈ। (ਉਸਨੂੰ ਇਹੋ ਨਾਮ ਮੇਰੀ ਪਤਨੀ ਨੇ
ਦਿੱਤਾ ਹੋਇਐ)। ਮੇਰੇ ਸ਼ਹਿਰ ਦੀ ਨਗਰ ਕੌਂਸਲ ਨੇ ਕੋਈ ਅਜਿਹੀ ਵਿਵਸਥਾ ਨਹੀਂ ਕੀਤੀ ਹੋਈ ਕਿ
ਮੇਰੀ ਪਤਨੀ ‘ਥਰੀ ਆਰ ਦੇ ਸਿਧਾਂਤ‘ ਨੂੰ ਲਾਗੂ ਕਰਕੇ ਆਪਣੇ ਘਰ ਤੋਂ ਨਿਕਲਣ ਵਾਲੇ
ਅਵਰਤੋਂਯੋਗ ਪਦਾਰਥਾਂ ਦਾ ਵਰਗੀਕਰਨ ਕਰੇ ਅਤੇ ਉਸ “ਬੁੱਢੇ” ਦੀ ਥਾਂ ਨਗਰ ਕੌਂਸਲ ਵੱਲੋਂ
ਉਹਨਾਂ ਪਦਾਰਥਾਂ ਨੂੰ ਵਿਸ਼ੇਸ਼ ਤੌਰ ਤੇ ਇਕੱਤਰ ਕਰਨ ਵਾਲੇ ਕਾਲਪਨਿਕ ਤੇ ਆਦਰਸ਼ ਟਰੱਕਾਂ ਦੇ
ਆਦਰਸ਼ ਕਰਮਚਾਰੀਆਂ ਨੂੰ ਸੌਂਪਣਾ ਕਰ ਦੇਵੇ।...
ਮਿਡ ਡੇ ਤੱਕ ਦਾ ਸਫਰ ਤੈਅ ਕਰਨ ਲਈ ਤਾਂ ਅਜੇ ਬਥੇਰਾ ਸਮਾਂ ਪਿਆ ਹੁੰਦੈ ਜਦੋਂ ਸਵੇਰੇ ਸਵੇਰੇ
ਸਕੂਲ ਜਾਂਦਿਆਂ ਮੇਰੇ ਘਰ ਤੋਂ ਮੀਲ ਕੁ ਫਾਸਲੇ ਤੇ ਰੋਜ਼ ਲੇਬਰ ਅੱਡੇ ਕੋਲੋਂ ਮੈਂ ਗੁਜ਼ਰਦਾ
ਹਾਂ। ਉੱਥੇ ਖੜ੍ਹੇ, ਪਸ਼ੂਆਂ ਦੀ ਮੰਡੀ ਵਾਂਗ, ਆਪਣੀ-ਆਪਣੀ ਬੋਲੀ ਲਾਉਣ ਵਾਲੇ ਸੈਂਕੜੇ
ਮਜ਼ਦੂਰਾਂ ਦੇ ਮੁਰਝਾਏ ਤੇ ਨਿਰਾਸ ਚਿਹਰੇ ਭਲੀ ਭਾਂਤ ਦੱਸਦੇ ਹਨ ਕਿ ਸਰਕਾਰਾਂ ਦੀਆਂ ਉਸਾਰੀ
ਮਜ਼ਦੂਰਾਂ ਦੀ ਕਥਿਤ ਭਲਾਈ ਦੇ ਨਾਂ ਤੇ ਘੜੀਆਂ ਸਕੀਮਾਂ, ਰੋਦਿਆਂ ਦੀਆਂ ਅੱਖਾਂ ਪੂੰਝਣ ਦੇ
ਪ੍ਰਪੰਚਾਂ ਤੋਂ ਬਿਨਾਂ ਕੁਝ ਵੀ ਨਹੀਂ। ਜੇ ਅਜਿਹਾ ਨਹੀਂ ਹੈ ਤਾਂ ਇਹਨਾਂ ਸਕੀਮਾਂ ਦੇ ਲਾਗੂ
ਹੋਣ ਦੇ ਅਨੇਕਾਂ ਸਾਲਾਂ ਦੇ ਬਾਅਦ ਵੀ ਕਿਉਂ ਇਹ ਸਥਿਤੀ ਬਣੀ ਹੋਈ ਹੈ ਕਿ ਉਹਨਾਂ ਨੂੰ
ਬੱਝਵਾਂ ਰੁਗ਼ਗਾਰ ਤਾਂ ਇੱਕ ਪਾਸੇ ਰਿਹਾ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਉਹਨਾਂ ਲਈ, ਸਹੂਲਤ
ਨਾਲ ਅਜਿਹਾ ਰੁਜ਼ਗਾਰ ਲੈਣ ਖਾਤਰ, ਕਿਸੇ ਪੱਕੇ ਟਿਕਾਣੇ ਤੱਕ ਦੀ ਵੀ ਵਿਵਸਥਾ ਨਹੀਂ ਕੀਤੀ ਗਈ।
ਹਰ ਸ਼ਹਿਰ ਵਿੱਚ ਇਸ ਸਕੀਮ ਅਧੀਨ ਪੰਜੀਕ੍ਰਿਤ ਹੋਏ ਮਜ਼ਦੂਰਾਂ ਦੀ ਚੋਖੀ ਗਿਣਤੀ ਹੈ ਪਰ ਉਹਨਾਂ
ਲਈ, ਅੱਜ ਤੱਕ ਇਸ ਸ਼ਹਿਰ ਵਾਂਗ ਕਿਸੇ ਵੀ ਸ਼ਹਿਰ ਵਿੱਚ, ਉਹਨਾਂ ਦੇ ਗੈਰ ਮਾਨਤਾ ਪ੍ਰਾਪਤ ਅਤੇ
ਆਮ ਤੌਰ ਤੇ ਅਵੈਧ ਘੋਸ਼ਿਤ ਕੀਤੇ ਗਏ ‘ਕੱਚੇ ਅੱਡੇ‘ ਤੇ ਪੀਣ ਦੇ ਪਾਣੀ ਦਾ ਬੰਦੋਬਸਤ ਤੱਕ
ਨਹੀਂ ਕੀਤਾ ਗਿਆ। ਉਲਟਾ ਪੁਲਿਸ ਦੇ ਮੁਲਾਜ਼ਮ ਅਕਸਰ ਉਹਨਾਂ ਨੂੰ ਖਦੇੜਦੇ ਰਹਿੰਦੇ ਹਨ; ਆਲੇ
ਦੁਆਲੇ ਦੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਉਹਨਾਂ ਦੀ ਮੌਜੂਦਗੀ ਰੜਕਦੀ ਹੈ। ਪਰ ਉਹ ਮਜ਼ਬੂਰ
ਲੋਕ, ਦਿਨ ਕਟੀ ਖਾਤਰ, ਕਿਸੇ ਰੁਜ਼ਗਾਰ ਦੀ ਭਾਲ ਵਿੱਚ ਭੁੱਖੇ ਪਿਆਸੇ ਢਿੱਡ ਨਾਲ, ਰੋਜ਼ ਇਸ
ਰੁੱਖ ਵਿਹੂਣੇ ਸ਼ਹਿਰ ਵਿੱਚ ਆਉਂਦੇ ਹਨ.... ਰਾਹ ਵਿੱਚ ਬਿਜਲੀ ਦੇ ਖੰਭਿਆਂ ਨਾਲ ਲੱਗੇ
ਪੰਛੀਆਂ ਲਈ, ਵਿਸ਼ੇਸ਼ ਤੌਰ ਤੇ ਸ਼ਹਿਰੀਆਂ ਤੇ ਪਿੰਡ ਨਿਵਾਸੀਆਂ ਵੱਲੋਂ ਲਗਾਏ, ਲੱਕੜ ਦੇ
ਬਨਾਵਟੀ ਆਲ੍ਹਣਿਆਂ ਨੂੰ ਵੇਖ ਕੇ ਉਹ ਕੀ ਸੋਚਦੇ ਹੋਣਗੇ!....
ਤੇ ਉਹਨਾਂ ਵਿੱਚੋਂ ਬਹੁਤ ਸਾਰੇ ਭੁੱਖਣ ਭਾਣੇ ਸ਼ਾਮ ਨੂੰ ਖਾਲੀ ਹੱਥ ਵਾਪਸ ਮੁੜ ਜਾਂਦੇ
ਹਨ।...
ਸ਼ਾਇਦ ਇੱਕੋ ਇੱਕ ਤਸੱਲੀ ਉਹਨਾਂ ਦੇ ਮਨ ਵਿੱਚ ਹੁੰਦੀ ਹੋਵੇਗੀ ਕਿ ਉਹਨਾਂ ਦਾ ਧੀ ਪੁੱਤ,
ਜਿਹੜਾ ਕਿਸੇ ਸਰਕਾਰੀ ਸਕੂਲ ਵਿੱਚ ਪੜ੍ਹ ਰਿਹੈ, ਉਸਨੂੰ ਅੱਧੀ ਛੁੱਟੀ ਵੇਲੇ ਕੋਈ ਪੌਸ਼ਟਿਕ
ਮਿਡ ਡੇ ਮੀਲ ਮਿਲ ਗਿਆ ਹੋਵੇਗਾ!...
ਮੇਰਾ ਸਕੂਲ, ਜਿੱਥੇ ਇਹੋ ਜਿਹਾ ਮੀਲ ਪੱਕਦੈ, ਲੇਬਰ ਅੱਡੇ ਤੋਂ ਲਗਭਗ 7.5 ਮੀਲ ਜਾਂ 12
ਕਿਲੋਮੀਟਰ ਦੇ ਫਾਸਲੇ ਉੱਤੇ ਹੈ। ਲੇਬਰ ਅੱਡਾ ਲੰਘ ਕੇ ਅਪਰੋਚ ਰੋਡ ਤੇ ਮੋਟਰ ਸਾਈਕਲ ਉੱਪਰ
ਉਸ ਸਕੂਲ ਵੱਲ ਜਾਂਦੇ ਨੂੰ, ਮੈਨੂੰ ਪੁਲਾਂ ਉੱਪਰੋਂ ਲੰਘਦਾ ਹਾਈਵੇ ਰੋਜ਼ ਦੱਸਦਾ ਹੈ ਕਿ
ਸਥਾਨਕ ਪ੍ਰਸ਼ਾਸ਼ਨ ਦੀ ਦ੍ਰਿਸ਼ਟੀ ਵਿੱਚ ਪੁਲ ਹੇਠ, ਨਜਾਇਜ਼ ਕਬਜ਼ਾ ਕਰਨ ਵਾਲੇ ਲੇਬਰ ਅੱਡੇ ਵਾਲੇ
ਮਜ਼ਦੂਰ ਤਾਂ ਇੱਕ ਪਾਸੇ ਰਹੇ, ਇਸ ਤੇ ਚੜ੍ਹਨ ਲਈ ਇਸ ਸ਼ਹਿਰ ਦੇ ਆਮ ਲੋਕ ਵੀ ਯੋਗ ਨਹੀਂ ਹਨ।
ਇਹ ਵੇਖ ਕੇ ਜਾਪਦਾ ਹੈ ਕਿ ਭੋਜਨ ਤੋਂ ਲੈਕੇ ਖ਼ਲਕਤ ਦੁਆਰਾ ਵਰਤੇ ਜਾਣ ਵਾਲੇ ਰਸਤਿਆਂ ਤੱਕ ਦੇ
ਮਾਮਲੇ ਵਿੱਚ ਉਸਦੀ ਗੁਣਵੱਤਾ ਅਨੁਸਾਰ ਇੱਥੇ ਕਾਣੀ ਵੰਡ ਹੋਈ ਪਈ ਹੈ। ਓਧਰ ਪਸ਼ੂਆਂ ਦੇ ਚਾਰੇ
ਦੇ ਨੇੜੇ-ਤੇੜੇ ਢੁਕਦੀ, ਗੁਜ਼ਾਰੇ ਜੋਗੀ ਖਾਧ ਸਮੱਗਰੀ ਨੂੰ, ਵਡਿਆ ਕੇ ਇਸਦਾ ਅੰਗ੍ਰੇਜ਼ੀ ਨਾਂ
ਧਰਦਿਆਂ, ਉਸ ਮਿਡ ਡੇ ਮੀਲ ਦਾ ਧੋਖਾ ਦਿੱਤਾ ਜਾਂਦੈ ਜਿੱਥੇ ਤੱਕ ਪਹੁੰਚਣ ਦਾ ਸਫ਼ਰ ਸਾਡੇ
ਕਾਣੀਆਂ ਵੰਡਾਂ ਭਰੇ ਸਮਾਜ ਨੇ ਅਜੇ ਸ਼ੁਰੂ ਵੀ ਨਹੀਂ ਕੀਤਾ ਤੇ ਇੱਧਰ ਪੈਦਲ ਤੇ ਸਾਈਕਲ ਤੇ
ਚੱਲਣ ਵਾਲੇ ਮਨੁੱਖ ਲਈ ਤਾਂ ਸੜ੍ਹਕ ਦੇ ਨਾਂ ਦੀ ਕੋਈ ਚੀਜ਼ ਹੀ ਨਹੀਂ ਬਣੀ ਹੋਈ।
ਮਨੁੱਖ ਤਾਂ ਮਨੁੱਖ ਇੱਥੇ ਛੋਟੇ ਤੇ ਵੱਡੇ ਸ਼ਹਿਰਾਂ ਤੇ ਪਿੰਡਾਂ ਵਿਚਕਾਰ ਵੀ ਸਾਫ਼ ਵੰਡ ਦਿਖਾਈ
ਦਿੰਦੀ ਹੈ। ਜਿਹੜਾ ਹਾਈਵੇ ਖੰਨੇ ਸ਼ਹਿਰ ਦੇ ਨਿਵਾਸੀਆਂ ਨੂੰ ਉੱਪਰ ਚੜ੍ਹਨ ਲਈ ਕਿਤੇ ਕੋਈ ਥਾਂ
ਨਹੀਂ ਦਿੰਦਾ ਲੁਧਿਆਣੇ ਤੇ ਜਲੰਧਰ ਵਰਗੇ ਸ਼ਹਿਰਾਂ ‘ਚ ਉਸਦੇ ਥਾਓਂ ਥਾਈਂ ਉਤਾਰ ਬਣੇ ਹੋਏ ਨੇ।
ਇੱਥੇ ਹੀ ਬਸ ਨਹੀਂ ਅਖਾਉਤੀ ਅਪਰੋਚ ਵੇ ਤੇ ਚੱਲਕੇ ਜਦੋਂ ਉਸ ਪਿੰਡ ਪਹੁੰਚਦਾ ਹਾਂ, ਜਿੱਥੋਂ
ਦੇ ਸਕੂਲ ਦਾ ਮੈਂ ਅਧਿਆਪਕ ਹਾਂ, ਤਾਂ ‘ਬਹੁਤ ਵੱਡੇ ਪਿੰਡ ਦੇ ਯਾਦਗਾਰੀ ਦਰਵਾਜ਼ੇ‘ ਵਿੱਚ ਵੜਨ
ਉਪਰੰਤ ਸ਼ਹਿਰ ਤੇ ਪਿੰਡ ਵਿਚਕਾਰ ਹੋਈ ਅਨਿਆਂਸ਼ੀਲ ਵੰਡ ਵੀ ਪ੍ਰਤੱਖ ਹੋ ਜਾਂਦੀ ਹੈ।
ਕਈ ਸਾਲ ਹੋ ਗਏ ਇਸ ਦਰਵਾਜ਼ੇ ਦੇ ਅੰਦਰ ਪਿੰਡ ਦੀ ਵਸੋਂ ਤੱਕ ਜਾਂਦੀ ਪਹੀ ਨੁਮਾਂ “ਸੜ੍ਹਕ” ਦੀ
ਕਿਸੇ ਨੇ ਸਾਰ ਤੱਕ ਨਹੀਂ ਪੁੱਛੀ। ਕਿਸੇ ਵੱਡੇ ਜ਼ਿਮੀਦਾਰ ਨੇ ਪੁਰਾਣਾ ਘਰ ਢਾਹ ਕੇ ਨਵਾਂ
ਬਣਾਇਆ ਤਾਂ ਇਸ ਤਰ੍ਹਾਂ ਇਕੱਠੇ ਹੋਏ ਮਲਬੇ ਨਾਲ ਇਸ ਸੜ੍ਹਕ ਦੇ ਟੋਏ ਭਰਨ ਦੀ “ਸੇਵਾ” ਨਿਭਾ
ਦਿੱਤੀ। ਫਿਰ ਕਈ ਮਹੀਨੇ ਉਸ ਉੱਪਰੋਂ ਲੰਘਦੇ ਲੋਕ, ਆਪਣੀ ਜਾਚੇ, ਮਲਬੇ ਉੱਪਰ ‘ਬੁਲਡੋਜ਼ਰ
ਫੇਰਦੇ ਰਹੇ‘। ਤੇ ਇੱਕ ਦਿਨ ਇਹ ਰਸਤਾ ਸਾਡੇ ਪੈਰਾਂ ਨੂੰ ਲੱਗ ਗਿਆ।...
ਪਰ ਪਿੰਡ ਵੜਦਿਆਂ ਹੀ ਗੰਦੇ ਤੇ ਕਾਲੇ ਪਾਣੀ ਦਾ ਛੱਪੜ, ਸਾਡਾ ਸਵਾਗਤ ਕਰਦਾ, ਕਾਲੇ ਪਾਣੀਆਂ
ਦੇ ਨਵੀਨ ਸੰਕਲਪ ਦਾ ਬੋਧ ਕਰਵਾ ਦਿੰਦਾ ਹੈ। ਛੱਪੜ ਲੰਘ ਕੇ ਪਿੰਡ ਦੇ ਅੰਦਰੂਨੀ ਭਾਗ ਵਿੱਚ
ਮੁੜਨ ਉਪਰੰਤ ਇੱਕ ਟੁੱਟੀ ਭੱਜੀ “ਮੈਟਲ ਰੋਡ” ਆਉਂਦੀ ਹੈ, ਜਿਸਤੇ ਮੇਰਾ ਸਕੂਲ ਸਥਿਤ ਹੈ। ਇਸ
ਦੇ ਬਾਹਰ ਇੱਕ ਮਾਟੋ ਲਿਖਿਆ ਰਹਿੰਦਾ ਹੈ, “ਵਿੱਦਿਆ ਕੋਈ ਬਾਜ਼ਾਰ ਵਿੱਚ ਵੇਚੀ ਜਾਂ ਖਰੀਦੀ
ਜਾਣ ਵਾਲੀ ਵਸਤੂ ਨਹੀਂ ਸਗੋਂ ਇੱਕ ਪਰੋਪਕਾਰੀ ਪ੍ਰਕਿਰਿਆ ਹੈ” ਪਰ....
ਪਰ ਜਦੋਂ ਮੈਂ ਮੇਰੇ ਸਕੂਲ ਸਮੇਤ ਸਮੁੱਚੇ ਪੰਜਾਬ ਦੇ ਸਕੂਲਾਂ ਵਿੱਚ, ਦਿੱਤੀ ਜਾਣ ਵਾਲੀ
ਵਿੱਦਿਆ ਪ੍ਰਤੀ, ਆਕਰਸ਼ਿਤ ਕਰਨ ਦੇ ਨਾਂ ਹੇਠ, ਕਥਿਤ ਪੌਸ਼ਟਿਕ ਮਿਡ ਡੇ ਮੀਲ ਦੇ ਪ੍ਰਬੰਧ ਤੇ
ਪੰਛੀ ਝਾਤ ਮਾਰਦਾ ਹਾਂ ਤਾਂ ਮੈਨੂੰ ਜਾਪਦਾ ਹੈ ਕਿ ਚਾਵਲ ਤੇ ਕਣਕ ਦੀ ਸਪਲਾਈ ਨਾਲ ਜੁੜੇ,
ਕੁਝ ਧਨ ਕੁਬੇਰ, ਤਾਂ ਮੁਨਾਫੇ ਕਮਾ ਰਹੇ ਹਨ ਪਰ ਇਸ ਦੌਰਾਨ ਆਮ ਲੋਕਾਂ ਨੂੰ ਉਦੋਂ ਠੱਗਿਆ ਜਾ
ਰਿਹਾ ਹੈ, ਜਦੋਂ ਕਿ ਕੁਪੋਸ਼ਣ ਨੂੰ ਧੱਕੇ ਨਾਲ ਪੋਸ਼ਣ ਦਾ ਨਾਮ ਦਿੱਤਾ ਜਾ ਰਿਹਾ ਹੈ। ਪ੍ਰਤੀ
ਵਿਦਿਆਰਥੀ 3.76 ਰੁ ਪ੍ਰਾਇਮਰੀ ਸਕੂਲਾਂ ਨੂੰ ਅਤੇ 5.64 ਰੁ ਅਪਰ ਪ੍ਰਾਇਮਰੀ ਸਕੂਲਾਂ ਨੂੰ
ਅਦਾ ਕੀਤੀ ਜਾਂਦੀ ਕਥਿਤ ਪੌਸ਼ਟਿਕ ਭੋਜਨ ਦੀ ਕੁਕਿੰਗ ਕਾਸਟ (ਕੀਮਤ) ਕਿਸੇ ਵੀ ਤਰ੍ਹਾਂ ਨਿਆਂ
ਸੰਗਤ ਨਹੀਂ। ਇਸ ਰਕਮ ਨਾਲ ਕਦੇ ਕਿਸੇ ਵਿਦਿਆਰਥੀ ਨੂੰ ਉਸ ਵਿੱਚ ਵਿਟਾਮੀਨ ਦੀ ਕਮੀ ਪੂਰੀ
ਕਰਨ ਲਈ ਸਲਾਦ ਜਾਂ ਫਲ ਨਹੀਂ ਪਰੋਸੇ ਜਾ ਸਕੇ। ਉਹਨਾਂ ਦੇ ਮੀਨੂੰ ਵਿੱਚ ਤਾਂ ਸ਼ਾਮਲ ਰਹੀ ਹੈ-
ਖਿਚੜੀ, ਜਿਸਨੂੰ ਪੌਸ਼ਟਿਕ ਖਿਚੜੀ ਦਾ ਨਾਮ ਦਿੱਤਾ ਜਾਂਦਾ ਰਿਹਾ।.... ਮੇਰਾ ਕਈ ਵਾਰ ਦਿੱਲ
ਕੀਤਾ ਹੈ ਕਿ ਕਾਸ਼ ਪੰਜਾਬ ਦੇ ਮਿਡ ਦੇ ਮੀਲ ਦੇ ਕਿਸੇ ਪ੍ਰਬੰਧਕ ਜਾਂ ਵਿਭਾਗ ਦੇ ਕਿਸੇ ਮੰਤਰੀ
ਜਾਂ ਉੱਚ ਅਧਿਕਾਰੀ ਦੇ ਸਪੁੱਤਰ ਨੂੰ ਵੀ ਕਦੇ ਇਹ ਪੌਸ਼ਟਿਕ ਖਿਚੜੀ ਖਾਣ ਦਾ “ਸੁਨਹਿਰੀ ਮੌਕਾ”
ਮਿਲੇ।
ਉੱਪਰ ਤੋਂ ਸਰਕਾਰ ਵੱਲੋਂ, ਰੋਜ਼ ਬਦਲਦੀਆਂ ਬਾਜ਼ਾਰ ਦੀਆਂ ਕੀਮਤਾਂ ਦੇ ਵਿਪਰੀਤ, ਜੋ ਮਿਡ ਡੇ
ਮੀਲ ਦਾ ਰਿਕਾਰਡ ਬਣਾਉਣ ਲਈ ਪੈਮਾਨੇ ਨਿਰਧਾਰਿਤ ਕੀਤੇ ਗਏ ਹਨ, ਉਹ ਅੰਤਾਂ ਦੇ ਅੰਤਰਮੁਖੀ ਤੇ
ਫਾਰਮੂਲਾ ਅਧਾਰਿਤ ਹਨ। ਮਸਲਨ ਰੋਜ਼ ਵਰਤੇ ਜਾਣ ਵਾਲੇ ਹਰ ਪ੍ਰਕਾਰ ਦੇ ਸਟਾਕ ਦਾ ਅਧਾਰ ਬੱਚਿਆਂ
ਦੀ ਰੋਜ਼ ਲੱਗਦੀ ਹਾਜ਼ਰੀ ਨੂੰ ਬਣਾਉਣ ਦੀ ਹਦਾਇਤ ਹੈ। ਹਦਾਇਤ ਅਨੁਸਾਰ ਪ੍ਰਾਇਮਰੀ ਸਕੂਲ ਵਿੱਚ
100 ਗ੍ਰਾਮ ਕਣਕ ਜਾਂ ਚਾਵਲ ਪ੍ਰਤੀ ਵਿਦਿਆਰਥੀ ਅਤੇ ਅਪਰ ਪ੍ਰਾਇਮਰੀ ਸਕੂਲ਼ ਵਿੱਚ 150 ਗ੍ਰਾਮ
ਕਣਕ ਜਾਂ ਚਾਵਲ ਪ੍ਰਤੀ ਵਿਦਿਆਰਥੀ ਦੀ ਖਪਤ ਜ਼ਰੂਰੀ ਬਣਾਈ ਗਈ ਹੈ। ਪ੍ਰੰਤੂ ਸਚਾਈ ਇਹ ਹੈ ਕਿ
ਘੱਟ ਤੋਂ ਘੱਟ ਇੰਨੀ ਮਾਤਰਾ ਵਿੱਚ ਚਾਵਲ ਦੀ ਤਾਂ ਕਦੇ ਖਪਤ ਨਹੀਂ ਹੁੰਦੀ ਕਿਉਂਕਿ ਇੱਕ ਤਾਂ
ਪ੍ਰਤੀ ਵਿਦਿਆਰਥੀ ਜ਼ਰੂਰਤ ਤੋਂ ਕਿਤੇ ਥੋੜ੍ਹੀ ਤੇ ਰਸਮ ਮਾਤਰ, ਮਿਲਣ ਵਾਲੀ ਕੁਕਿੰਗ ਕਾਸਟ,
ਉਹਨਾਂ (ਚੌਲ਼ਾਂ) ਨੂੰ ਅਮੂਮਨ ਲੇਟੀ ਤੋਂ ਵਧੀਆ ਗੁਣਵੱਤਾ ਪ੍ਰਦਾਨ ਕਰਨ ਦੇ ਸਮਰੱਥ ਨਹੀਂ
ਹੁੰਦੀ। ਦੂਜੇ ਇਹ 150 ਗ੍ਰਾਮ “ਪੁਲਾਓ” (ਚੌਲ) ਤਾਂ 2 ਤੰਦਰੁਸਤ ਬਾਲਗਾਂ ਲਈ “ਰੱਜਵੇਂ”
ਸਾਬਤ ਹੁੰਦੇ ਹਨ।...
ਇੱਥੇ ਹਰ ਵਿਦਿਆਰਥੀ ਦੇ ਸੁਹਜ ਸੁਆਦ ਵਿੱਚ ਵਖਰੇਵੇਂ ਦੇ ਨਾਲ ਨਾਲ ਖਾਣ ਪੀਣ ਦੀ ਮਾਤਰਾ ਅਤੇ
ਆਦਤਾਂ ਦੇ ਸੰਦਰਭ ਵਿੱਚ ਜੋ ਵਿਲੱਖਣਤਾ ਦਾ ਤੱਥ ਕਾਰਜਸ਼ੀਲ ਹੁੰਦਾ ਹੈ, ਉਹਦਾ ਵਿਸਤਾਰਪੂਰਵਕ
ਜ਼ਿਕਰ ਕਰਨਾ ਅਜੇ ਨਿਰਮੂਲ ਹੀ ਬਣਿਆਂ ਹੋਇਆ ਹੈ। ਨਾਲ ਹੀ ਭੋਜਨ ਕਰਨ ਜਾਂ ਨਾ ਕਰਨ ਬਾਰੇ
ਉਸਦੀ ਵਿਸ਼ੇਸ਼ ਚੋਣ ਵੀ ਕੋਈ ਸ਼ੈਅ ਹੁੰਦੀ ਹੋਵੇਗੀ, ਇਹ ਵਿਚਾਰ ਵੀ ਸਾਡੇ ਸਿੱਖਿਆ ਦੇ ਸਥਾਪਤ
ਚਿੰਤਕਾਂ ਦੀ ਚੇਤਨਾ ਤੇ ਕਦੇ ਅਸਰ ਅੰਦਾਜ਼ ਨਹੀਂ ਹੋਏ।
ਨਤੀਜੇ ਵਜੋਂ ਅਕਸਰ ਹੀ ਸਟਾਕ ਰਜਿਸਟਰ ਤੇ ਚੜ੍ਹਿਆ ਬਕਾਇਆ ਸਟਾਕ ਅਤੇ ਪੂਰੇ ਪੰਜਾਬ ਦੇ
ਸਕੂਲਾਂ ‘ਚ ਢੋਲਾਂ ਜਾਂ ਬੋਰੀਆਂ ਅੰਦਰ ਪਿਆ ਅਨਾਜ ਦਾ ਅਸਲ ਬਕਾਇਆ ਸਟਾਕ ਕਦੇ ਮੇਲ ਨਹੀਂ
ਖਾਂਦਾ। ਪਰ ਇਹ ਗੱਲ ਮੇਰੇ ਪੂਰੀ ਤਰ੍ਹਾਂ ਕਦੇ ਸਮਝ ਨਹੀਂ ਆਈ ਕਿ ਕਿਉਂ ਸਰਕਾਰ ਨੇ 100 ਜਾਂ
150 ਗ੍ਰਾਮ ਪ੍ਰਤੀ ਵਿਦਿਆਰਥੀ ਵਰਗੀ ਸੀਮਾਂ ਨੂੰ ਸਟਾਕ ਵਰਤੋਂ ਦੀ ਉੱਪਰਲੀ ਸੀਮਾਂ ਦੀ ਬਜਾਏ
ਐਨ ਸਟੀਕ ਸੀਮਾਂ ਦੇ ਤੌਰ ਤੇ ਨਿਸਚਿਤ ਕੀਤਾ ਹੋਇਆ ਹੈ। ਕੀ ਅਜਿਹੇ ਫਾਰਮੂਲਾ ਅਧਾਰਤ ਹਿਸਾਬ
ਦੇ ਗੇੜ ਵਿੱਚ ਪਾਉਣ ਪਿੱਛੇ ਕੋਈ ਗੁੱਝੀ ਘੁੰਡੀ ਜਾਂ ਸਾਜ਼ਿਸ਼ ਤਾਂ ਨਹੀਂ ਛਿਪੀ ਹੋਈ?
ਇਸੇ ਸੰਦਰਭ ਵਿੱਚ ਮੇਰੇ, ਸਾਬਕਾ ਸਕੂਲ ਮੁਖੀ ਰਹੇ, ਇੱਕ ਮਿੱਤਰ ਦਾ ਕਹਿਣਾ ਹੈ ਕਿ ਇਹੋ
ਜਿਹੇ ਫਾਰਮੂਲੇ ਕਦੇ ਲਾਗੂ ਹੋ ਹੀ ਨਹੀਂ ਸਕਦੇ। ਉਸਦਾ ਕਹਿਣਾ ਹੈ ਕਿ ਜਿੱਦੇਂ ਮੀਨੂੰ
ਅਨੁਸਾਰ ਆਲੂ ਛੋਲੇ ਬਣਾਉਣ ਦੀ ਵਾਰੀ ਆਉਂਦੀ ਹੈ ਤਾਂ ਛੋਲੇ ਤਾਂ “ਬਰਾਤ” ਨੂੰ ਵਰਤਾਉਣ ਤੋਂ
ਇੱਕ ਦਿਨ ਪਹਿਲਾਂ ਭਿਉਣੇ ਪੈਂਦੇ ਹਨ! ਫਿਰ ਤੁਸੀਂ ਇੱਕ ਦਿਨ ਪਹਿਲਾਂ ਕਿਵੇਂ ਫੈਸਲਾ ਕਰ
ਸਕਦੇ ਹੋ ਕਿ ਕੱਲ੍ਹ ਕਿੰਨੇ ਵਿਦਿਆਰਥੀ ਸਕੂਲ ਵਿੱਚ ਹਾਜ਼ਰ ਹੋਣਗੇ? ਤੇ ਜਿੰਨੇਂ ਛੋਲੇ
ਭਿਓਂਤੇ, ਓਨਿਆਂ ਦਾ ਕਿਹੜੇ ਹਾਜ਼ਰੀ ਰਜਿਸਟਰ ਨਾਲ ਮਿਲਾਨ ਕਰੋਗੇ?
ਸੋ ਅਜਿਹੇ ਭੰਬਲਭੂਸੇ ਵਿੱਚ ਫਸੇ ਪੰਜਾਬ ਭਰ ਦੇ ਮਿਡ ਡੇ ਮੀਲ ਦੇ ਇੰਚਾਰਜ ਅਧਿਆਪਕ ਨਿਸਚਿਤ
ਤੌਰ ਤੇ ਕਾਗਜ਼ੀ ਘਰ ਪੂਰੇ ਕਰਨ ਦੇ ਕੁਚੱਕਰ ਵਿੱਚ ਪੈਂਦੇ ਹੋਣਗੇ ਕਿ ਕਿੰਨੇ ਛੋਲੇ ਪ੍ਰਤੀ
ਵਿਦਿਆਰਥੀ ਦੇ ਹਿਸਾਬ ਨਾਲ ਸਟਾਕ ਵਿੱਚੋਂ ਵਰਤੇ ਗਏ ਦਿਖਾਉਣੇ ਹਨ ਤੇ ਕਿੰਨੇ ਅਸਲ ਵਿੱਚ
ਵਰਤਣੇ ਹਨ। ਇਸ ਚੱਕਵਿਊ ਵਿੱਚ ਫਸੇ ਹੋਏ ਅਧਿਆਪਕਾਂ ਦੀ ਅਜੀਬੋ-ਗਰੀਬ ਮਨੋਸਥਿਤੀ, ਮਾੜਾ
ਅਨਾਜ ਸਪਲਾਈ ਕਰਨ ਤੇ ਉਸਨੂੰ ਗੁਣਾਤਮਕ ਤੇ ਮਿਆਰੀ ਸਤਰ ਦਾ ਐਲਾਨ ਕੇ ਸਰਕਾਰੀ ਖਜ਼ਾਨਿਆਂ
ਵਿੱਚੋਂ ਚੋਖੀਆਂ ਰਕਮਾਂ ਵਸੂਲ ਕਰਨ ਵਾਲੀਆਂ, ਮੁਨਾਫਾਖੋਰ ਏਜੰਸੀਆਂ ਦੀ ਠੱਗੀ ਠੋਰੀ ਉੱਤੇ,
ਉਂਗਲ ਉਠਾਉਣ ਵਿੱਚ, ਕਿੰਨਾਂ ਵੱਡਾ ਅੜਿਕਾ ਡਾਹ ਸਕਦੀ ਹੈ, ਤੇ ਇਸ ਬਾਰੇ ਸੋਚਕੇ ਇਸ ਖੇਤਰ
ਦੇ ਠੱਗ ਆਪਣੇ ਆਪ ਨੂੰ ਕਿੰਨਾਂ ਸੁਰੱਖਿਅਤ ਮਹਿਸੂਸ ਕਰਦੇ ਹੋਣਗੇ, ਇਸਦਾ ਅੰਦਾਜ਼ਾ ਸਹਿਜੇ ਹੀ
ਲਗਾਇਆ ਜਾ ਸਕਦਾ ਹੈ..... ਸੋ ਪਰੋਪਕਾਰ ਤਾਂ ਗਿਆ ਭਾੜ ‘ਚ। ਹੁਣ ਤਾਂ ਪਰੋਪਕਾਰ ਦੇ ਨਾਂ ਤੇ
‘ਉਹ ਵਪਾਰੀ‘ ਸਾਡੀ ਵਿੱਦਿਆ ਨੂੰ ਵੀ ਚਾਰਨ ਲੱਗ ਪਏ ਹਨ।
ਕਹਿੰਦੇ ਹਨ ਕਿ ਕਿਸੇ ਦਿਨ ਪਾਪ ਦਾ ਘੜਾ ਚਿੱਟੇ ਦਿਨ ਚੁਰਾਹੇ ਵਿੱਚ ਫੁੱਟਦਾ ਹੈ ਭਾਵ ਐਨ
ਜਦੋਂ ਮਿਡ ਡੇ ਹੋਇਆ ਹੁੰਦੈ। ਪਰ ਪਤਾ ਨਹੀਂ ਉਸ ਮਿਡ ਡੇ ਤੱਕ ਸਾਨੂੰ ਕਿੰਨੇ ਮੀਲ ਤੈਅ ਕਰਨੇ
ਪੈਣਗੇ। ਫਿਲਹਾਲ ਤਾਂ ਸਾਨੂੰ ਆਪਣੀ ਐਨਕ ਉੱਪਰਲੇ ਕਵਰਾਂ ਨੂੰ ਸਾਂਭਣ ਦੇ ਟਟਵਹਿਰਾਂ ਤੋਂ ਹੀ
ਮੁਕਤੀ ਨਹੀਂ ਮਿਲ ਰਹੀ। ਪੜ੍ਹਨ ਲਈ ਪੁਸਤਕ ਤਾਂ ਸਾਡੇ ਸਫ਼ਰੀ ਬਸਤੇ ਵਿੱਚ ਪਈ ਹੈ ਪਰ ਕਮਜ਼ੋਰ
ਦ੍ਰਿਸ਼ਟੀ ਵਾਲੀਆਂ ਅੱਖਾਂ ਤੇ ਚਾੜ੍ਹੀ ਜਾਣ ਵਾਲੀ ਐਨਕ ਨੂੰ ਇਹਨਾਂ ਟਟਵਹਿਰਾਂ ‘ਚ ਫਸੇ ਹੋਏ
ਅਸੀਂ ਆਪਣੇ ਘਰ ਛੱਡ ਆਏ ਹਾਂ।....
ਗੁਰਪ੍ਰੀਤ
ਮਕਾਨ ਨੰ. ਬੀ-4/287
ਨੰਦੀ ਕਲੌਨੀ
ਖੰਨਾ (ਲੁਧਿ)
ਮੋਬਾਈਲ: 9464371689
-0-
|