ਸਾਡੀ ਹਸਤੀ .... ਸਾਡੀ ਸੋਚ ਦੇ ਖੰਭਾਂ ਨਾਲ ਉਡਦੀ ਫਿਰਦੀ ਹੈ। ਅਸੀਂ
ਵਿਚਾਰਾਂ ਦੀ ਉਡਾਨ ਚ ਯਕੀਨ ਰੱਖਦੇ ਹਾਂ। ਪਰ ਸਾਡੇ ਗੁਲਾਮ ਕੰਨ ਕਈ ਵਾਰ
ਇਸ ਪਰਵਾਜ਼ ਨੂੰ ਰੁਕਾਵਟ ਬਣ ਕੇ ਟੱਕਰਦੇ ਨੇ। ਮਨੁੱਖੀ ਦਰਸ਼ਨ ਨੇ ਵੱਖ
ਵੱਖ ਪ੍ਰਸਥਿਤੀਆਂ 'ਚ ਤਬਦੀਲੀਆਂ ਨੂੰ ਅਪਣਾਇਆ ਤੇ ਖੁਦ ਨੂੰ ਵਿਕਸਤ ਕੀਤਾ
ਏ। ਅੱਖਾਂ ਤੇ ਕੰਨਾਂ ਦੇ ਬਦਲਦੇ ਹੋਏ ਨਿੱਜੀ ਤਜ਼ਰਬੇ ਸੋਚ ਨੂੰ ਨਵੇਂ
ਸਿਰਿਓਂ ਤਰਾਸ਼ਣ ਤੇ ਘਸੇ ਪਿਟੇ ਖਿਆਲਾਂ ਨੂੰ ਖੁਰਚ ਕੇ ਲਹੁਣ ਚ ਸਹਾਈ
ਹੁੰਦੇ ਨੇ। ਮਨੁੱਖ ਹਰ ਪੈਰ ਤੇ ਕੁਝ ਸਿਖਦਾ ਏ, ਹਰ ਕਰਵਟ ਨਾਲ ਬਦਲਦਾ ਏ
ਤੇ ਹਰ ਸਾਹ ਨਾਲ ਵਧਦਾ ਫੁੱਲਦਾ ਏ। ਜਿਥੇ ਉਹ ਸਰੀਰਕ ਤੌਰ ਤੇ ਵਧਦਾ ਏ ਓਥੇ
ਮਨਸਿਕ ਤੌਰ ਤੇ ਵੀ ਨਵੇ ਦਿੱਸਹੱਦਿਆਂ ਦੀ ਖ਼ੋਜ ਵੱਲ ਤੁਰਦਾ ਏ।
ਉਹ ਵਿਚਾਰਾਂ ਦੀ ਇਕ ਧਾਰ ਬਣਾ ਕੇ ਤੁਰਦਾ ਏ ਤੇ ਨਾਲ ਦੀ ਨਾਲ ਇਹ ਵੀ
ਚਹੁੰਦਾ ਏ ਕਿ ਉਸ ਦੇ ਸੋਚ ਨੂੰ ਸਮਾਜ ਵਿਚ ਮਾਨਤਾ ਮਿਲੇ। ਮਨੁੱਖ਼ ਆਸ ਪਾਸ
ਦੇ ਵਰਤਾਰੇ ਨੂੰ ਆਪਣੇ ਹਿਸਾਬ ਨਾਲ ਢਾਲ਼ਦਾ ਏ ਤੇ ਇਸ ਵਿਚ ਉਹ ਆਂਸ਼ਿਕ
ਜਾਂ ਪੂਰਨ ਤੌਰ ਤੇ ਸਫ਼ਲ ਵੀ ਹੋ ਜਾਂਦਾ ਏ। ਇਸ ਦੀ ਪੂਰਤੀ ਖ਼ਾਤਰ ਉਹ ਕਦੇ
ਉਪਦੇਸ਼ਾਂ ਦਾ ਸਹਾਰਾ ਲੈਂਦਾ ਏ ਤੇ ਕਦੇ ਤਲਵਾਰ ਦਾ।
ਧੱਕੇ ਨਾਲ ਆਪਣੇ ਵਿਚਾਰ ਦੂਸਰੇ ਤੇ ਠੋਸਣ ਦਾ ਇਤਿਹਾਸ ਮਨੁੱਖ ਦੀ ਸਮਾਜਿਕ
ਹੋਂਦ ਜਿੰਨਾ ਹੀ ਪੁਰਾਣਾਂ ਹੈ। ਮਨੁੱਖ ਨੇ ਆਰਥਿਕ, ਸਮਾਜਿਕ, ਧਾਰਮਿਕ ਅਤੇ
ਰਾਜਨੀਤਕ ਅਧਾਰਾਂ ਨੂੰ ਮਜਬੂਤ ਕਰਕੇ ਆਪਣੇ ਆਪ ਨੂੰ ਬਿਹਤਰ ਹਾਲਤਾਂ ਤੇ
ਹਾਲਾਤਾਂ ਚ ਲਿਆ ਖੜਿਆਂ ਕੀਤਾ ਹੈ। ਉਸ ਨੇ ਆਪਣੀ ਸੋਚ ਨੂੰ ਲਗਾਤਾਰ
ਤਰਾਸ਼ਦੇ ਹੋਏ ਆਪਣੇ ਵਰਤਮਾਨ ਤੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਤੇ
ਆਪਣੀ ਹੋਂਦ ਨੂੰ ਸਾਬਤ ਕਰਨ ਦੇ ਯਤਨਾਂ ਅਨੇਕਾਂ ਘਾੜਤਾਂ ਘੜੀਆਂ ਹਨ। ਉਸ
ਨੇ ਕੁਝ ਚੌਖਟੇ ਬਣਾਏ ਨੇ, ਉਸ ਨੇ ਕੁਝ ਸਾਂਚੇ ਤਿਆਰ ਕੀਤੇ ਨੇ, ਉਸ ਨੇ ਕਈ
ਸਿਧਾਂਤ ਘੜੇ ਨੇ ਤੇ ਕਈ ਵਿਚਾਰਧਾਰਾਵਾਂ ਦੀ ਉਸਾਰੀ ਕੀਤੀ ਹੈ। ਹਰ ਸ਼ੈਅ
ਨੂੰ ਉਹਨਾਂ ਸੰਵਿਧਾਨ ਅੰਦਰ ਨਾਪ ਨਾਪ ਕੇ ਤੇ ਜਾਂ ਫਿਰ ਤਰੋੜ ਮਰੋੜ ਕੇ
ਉਹਨਾਂ ਦੇ ਅੰਦਰ ਤੁੰਨ ਕੇ ਵਾੜਿਆ ਜਾਂਦਾ ਹੈ। ਜੋ ਨਹੀਂ ਵੜਦਾ ਉਸ ਨੂੰ
ਜਾਂ ਤਾ ਝਾੜ ਕੇ ਵਾੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਨਹੀਂ ਤਾਂ ਫਿਰ
ਉਸ ਦੀ ਹੋਂਦ ਮੁਕਾ ਦਿੱਤੀ ਜਾਂਦੀ ਹੈ।
ਦੁਨੀਆਂ ਦੀ ਸਾਰੀਆਂ ਸੱਭਿਅਤਾਵਾਂ ਤੇ ਵਿਰਸੇ ਵਿਰਾਸਤਾਂ ਨੂੰ ਇੱਕ ਨਜ਼ਰ
ਵੇਖਦਿਆਂ ਇਹ ਸਪਸ਼ਟ ਹੋਇਆ ਦਿਸਦਾ ਹੈ ਕਿ ਸਮੇਂ ਸਮੇਂ ਮਨੁੱਖ਼ ਕਿੰਨਾ
ਕਿੰਨਾ ਪ੍ਰਸਥਿਤੀਆਂ ਚੋਂ ਲੰਘਿਆ ਹੈ ਤੇ ਉਸ ਨੂੰ ਹਵਾ ਦੇ ਉਲਟ ਚੱਲਣ ਦਾ
ਕੀ ਖ਼ਮਿਅਜ਼ਾ ਭੁਗਤਣਾਂ ਪਿਆ ਹੈ। ਤਤਕਾਲੀਨ ਸਥਾਪਿਤ ਸਮਝਾਂ ਤੇ ਸਿਧਾਂਤਾਂ
ਦੇ ਵਿਰੋਧ ਚ ਵਿਚਾਰ ਰੱਖਣ ਵਾਲਿਆਂ ਨੂੰ ਆਪਣਾ ਅਸਤਿਤੱਵ ਬਚਾਈ ਰੱਖਣ ਲਈ
ਲੁਕ ਛਿਪ ਕੇ ਗੁਜ਼ਾਰਾ ਕਰਨਾਂ ਪਿਆ ਵਰਨਾ ਸਮੇਂ ਦੀਆਂ ਹਕੂਮਤਾਂ ਨੇ ਸਿਵਾਏ
ਸਿਰ ਕਲਮ ਕਰਨ ਤੋਂ ਉਹਨਾਂ ਨੂੰ ਹੋਰ ਕੋਈ ਇਨਾਮ ਨਹੀ ਦਿੱਤਾ।
ਮਹਾਨ ਲੋਕ ਨਹੀਂ ਹੁੰਦੇ ਮਹਾਨਤਾ ਸੋਚ ਦੀ ਸਿਖ਼ਰ ਦਾ ਨਾਮ ਹੈ। ਪੂਜਾ
ਮਨੁਖ਼ ਦੀ ਨਹੀਂ ਉਸ ਦੇ ਵਿਚਾਰਾਂ ਦੇ ਪ੍ਰਪੱਕ ਹੋਣ ਕਰਕੇ ਉਸ ਨੂੰ
ਮਹਾਤਮਾਂ ਮੰਨ ਲਿਆ ਜਾਂਦਾ ਹੈ। ਗੁਰੂ, ਪੀਰ ਜਾਂ ਦਾਰਸ਼ਨਿਕ ਲੋਕ
ਫਲਸਫ਼ਿਆਂ ਕਰਕੇ ਸਾਡੀ ਸ਼ਰਧਾ ਦੇ ਪਾਤਰ ਬਣਦੇ ਹਨ।
ਸਮਾਂ ਪਾ ਕੇ ਚੰਗੀਆਂ ਸੋਚਾਂ ਆਪਣੀ ਥਾਂ ਕਾਇਮ ਕਰਦੀਆਂ ਹਨ। ਕੋਈ ਨਵੇਂ
ਸਿਰੇ ਤੋਂ ਘੜਿਆ ਸਿਧਾਂਤ, ਵੱਖਰੇ ਅੰਦਾਜ਼ ਚ ਕੀਤੀ ਗੱਲ ਜਾਂ ਪੁਰਾਣੀ ਘਸੀ
ਪਿਟੀ ਰਿਵਾਇਤ ਦੇ ਖਿਲਾਫ਼ ਲਿਖੀ ਕਵਿਤਾ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ
ਪਰ ਛੇਤੀ ਕੀਤੇ ਲੋਕ ਉਸ ਨੂੰ ਅਪਣਾਉਂਦੇ ਨਹੀਂ। ਦੂਸਰਿਆਂ ਦਾ ਇੰਤਜ਼ਾਰ
ਕਰਦੇ ਨੇ, ਉਹ ਉਡੀਕਦੇ ਨੇ ਕਿ ਫਲਾਣੇ ਫਲਾਣੇ ਬੰਦੇ ਦੀ ਇਸ ਸਬੰਧੀ ਕੀ ਰਾਏ
ਹੈ। ਉਹ ਹਾਂ ਚ ਹਾਂ ਮਿਲਾਉਣ ਤੋਂ ਪਹਿਲਾਂ ਉਸ ਦੇ ਨਫ਼ੇ ਨੁਕਸਾਨ ਦਾ
ਜਾਇਜ਼ਾ ਲੈਣਗੇ ਤੇ ਬਹੁਸੰਮਤੀ ਦੀ ਉਡੀਕ ਕਰਨਗੇ। ਉਹ ਇਸ ਨੂੰ ਆਪਣੀ ਮਰਜ਼ੀ
ਨਾਲ ਨਹੀਂ ਬਲਕਿ ਇਸ ਆਧਾਰ ਤੇ ਕਬੂਲਣਗੇ ਕਿ ਹੋਰ ਕਿੰਨੇ ਲੋਕ ਇਸ ਦੇ ਅਸਰ
ਹੇਠ ਹਨ। ਭੀੜ ਦੀ ਕੋਈ ਸੋਚ ਨਹੀਂ ਹੁੰਦੀ ਬਸ ਇਕ ਹਾਂ ਚ ਹਾਂ ਹੁੰਦੀ ਹੈ।
ਅੰਦੋਲਨ, ਹੜਤਾਲਾਂ, ਬੰਦ ਦੇ ਸੱਦੇ, ਜਲੂਸ, ਸੈਮੀਨਾਰ ਤੇ ਗਿਆਨ ਗੋਸ਼ਟੀਆਂ
ਚ ਕੁਝ ਲੋਕ ਹੀ ਅੱਗੇ ਹੁੰਦੇ ਨੇ ਬਾਕੀ ਸਭ ਹਾਂ ਜੀ ਹਾਂ ਜੀ ਕਰਨ ਵਾਲੇ
ਜਿੰਦਾਬਾਦ ਜਿੰਦਾਬਾਦ ਹੀ ਕਰਦੇ ਨੇ।
ਕਿਸੇ ਵਿਅਕਤੀ ਦੀ ਨਿੱਜੀ ਰਾਏ ਕੀ ਹੈ ਇਹ ਗੱਲ ਮਾਇਨੇ ਨਹੀਂ ਰੱਖਦੀ। ਅਰਥ
ਭਰਪੂਰ ਗੱਲ ਇਹ ਹੈ ਕਿ ਉਹ ਸਮੂਹਕ ਤੌਰ ਤੇ ਕਿਹੋ ਜਿਹਾ ਸੋਚਦਾ ਹੈ। ਜਿਹਾਦ
ਦਾ ਮਤਲਬ ਹਰ ਕੋਈ ਨਹੀਂ ਸਮਝਦਾ, ਕਤਲ ਦੇ ਅਰਥਾਂ ਤੱਕ ਸਾਰੇ ਨਹੀਂ
ਅੱਪੜਦੇ, ਬਲਾਤਕਾਰ ਦੀ ਮਾਨਸਿਕ ਪੀੜਾ ਸਾਰਿਆਂ ਦੇ ਕੰਨੀ ਕਦੋਂ ਪੈਂਦੀ ਏ,
ਹੱਕ ਸੱਚ ਵੀ ਬਹਤੀਆਂ ਕਿਤਾਬਾਂ ਵਿਚ ਮਰੋੜੇ ਪੰਨਿਆਂ ਤੇ ਲਿਖੇ ਹੀ ਰਹਿੰਦੇ
ਨੇ। ਲਾਗੂ ਕਿਤੇ ਨਹੀਂ ਹੁੰਦੇ। ਅਸੀ ਸਿਰਫ਼ ਤੇ ਸਿਰਫ਼ ਆਪਣੀ ਗੱਲ
ਮਨਵਾਉਣੀ ਚਹੁੰਦੇ ਹਾਂ। ਖ਼ੇਤਰ ਕੋਈ ਵੀ ਹੋਏ ਇਹ ਗੱਲ ਏਨੇ ਮਾਇਨੇ ਨਹੀਂ
ਰੱਖਦੀ। ਸਾਨੂੰ ਬਹੁ ਗਿਣਤੀ ਨੂੰ ਬੁੱਲਾਂ ਤੇ ਉਂਗਲ਼ੀਆਂ ਰੱਖ ਕੇ ਬਸ ਚੱੁਪ
ਚਾਪ ਬੈਠੇ ਰਹਿਣ ਲਈ ਹੀ ਸਿਖਾਇਆ ਜਾਂਦਾ ਹੈ।
ਨਵੀਂ ਸੋਚ ਨਵੇਂ ਸਮਾਜ ਦੀ ਸਿਰਜਣਾਂ ਕਰਦੀ ਹੈ।
ਫਟੇ ਪੁਰਾਣੇ ਰੀਤੀ ਰਿਵਾਜ਼ ਤੇ ਸੋਚਾਂ ਬਦਲਦੀਆਂ ਰਹਿਣੀਆਂ ਚਾਹੀਦੀਆਂ ਹਨ।
ਖਲੋਤੇ ਪਾਣੀ ਬੋ ਹੀ ਮਾਰਦੇ ਨੇ, ਜਿਥੇ ਆਪਣੇ ਆਪ ਨੂੰ ਬਦਲਣ ਦੀ ਲੋੜ ਪਵੇ
ਝਿਜਕਣਾਂ ਨਹੀਂ ਚਾਹੀਦਾ ਕਿਉਂਕਿ ਬਦਲਾਵ ਸਮੇਂ ਦਾ ਦਸਤੂਰ ਹੈ। ਦਲੀਲ ਦਾ
ਹਥਿਆਰ ਤਿਖ਼ਾ ਹੋਣਾਂ ਚਾਹੀਦਾ ਹੈ। ਬਹੁਤੀ ਵਾਰ ਸੋਚ ਨੂੰ ਪਹਿਲਾ ਜਿੰਦਰਾ
ਘਰ ਵਿਚ ਹੀ ਵੱਜ ਜਾਂਦਾ ਹੈ।
ਵਧਾਈਆਂ ਦੇ ਪਾਤਰ ਨੇ ਉਹ ਮਾਪੇ ਜੋ ਬੱਚਿਆਂ ਨੂੰ ਖ਼ੂਬਸੂਰਤ ਵਿਚਾਰਾਂ ਦੇ
ਤੋਹਫ਼ੇ ਦਿੰਦੇ ਨੇ।
ਉਹ ਆਪਣੀ ਔਲਾਦ ਨੂੰ ਜਿਊਣ ਦਾ ਗੁਰ ਦੱਸਦੇ ਨੇ।
ਸਿਰ ਚੁੱਕ ਕੇ ਜੀਣਾਂ ਸਾਡੀ ਫ਼ਿਤਰਤ ਜੁ ਏ।
ਘੁਟ ਘੁਟ ਕੇ ਜਿਊਣਾਂ ਸਾਡੇ ਸੁਭਾਅਵਾਂ ਚ ਹੀ ਨਹੀਂ ਲਿਖਿਆ।
ਕੁਝ ਆਪਣੀ ਸੋਚ ਤੇ ਪਹਿਰਾ ਦਿੰਦੇ ਮਿੱਟ ਜਾਂਦੇ ਨੇ।
ਪਰ ਪੂਰਨੇ ਪਾ ਜਾਂਦੇ ਨੇ ਦੂਸਰਿਆਂ ਦੇ ਤੁਰਨ ਲਈ।
-0-
|