----------------------
ਮੇਰੀ ਪੋਸਟਿੰਗ ਉਨ੍ਹੀਂ ਦਿਨੀਂ ਹਿਮਾਚਲ ਦੇ ਚੰਬੇ ਚ ਲਾਗਲੇ ਇੱਕ ਛੋਟਾ ਜਿਹਾ ਪਿੰਡ ਸਰੋਲ
ਸੀ Iਸਰਕਾਰੀ ਕੰਮ ਕਾਜ ਦੇ ਸਿਲਸਿਲੇ ਚ ਸਰੋਲ ਤੋਂ ਚੰਬੇ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ
I ਇੱਕ ਪਾਸੜ ਦੂਰੀ ਸੀ ਕੋਈ ਬਾਰ੍ਹਾਂ ਚੌਦਾਂ ਕਿਲੋ ਮੀਟਰ I ਕਈ ਵਾਰ ਦਿਨ ਚ ਦੋ ਦੋ ਵਾਰ ਵੀ
ਚੱਕਰ ਲੱਗ ਜਾਂਦੇ I ਆਉਂਦੇ ਜਾਂਦੇ ਓਹ ਨਜ਼ਰੀਂ ਪੈਂਦਾ I ਕਦੀ ਇੱਕ ਚੌਰਾਹੇ ਚ ਖੜਾ ਹੁੰਦਾ
ਕਦੀ ਦੂਜੇ ਚ I ਟ੍ਰੈਫਿਕ ਕਾਂਸਟੇਬਲ ਦੀ ਵਰਦੀ ਚ ਸਜਿਆ ਧ੍ਜਿਆ I ਮੂੰਹ ਚ ਸੀਟੀ ਅਤੇ ਹੱਥ ਚ
ਇੱਕ ਡਾਇਰੀ ਜਿਹੀ I ਗਰਮੀਆਂ ਹੋਣ ਭਾਵੇਂ ਸਰਦੀਆਂ ਭਾਵੇਂ ਬਰਫ਼ ਪੈਂਦੀ ਹੋਵੇ , ਓਹ ਆਪਣੀ
ਡਿਉਟੀ ਉੱਤੇ ਮੁਸਤੈਦ ਖੜਾ ਦਿਸੱਦਾ , ਜਿਵੇਂ ਸਰਹੱਦ ਉੱਤੇ ਕੋਈ ਪਹਿਰੇਦਾਰ I ਮਨ ਸ਼ਰਧਾ ਨਾਲ
ਭਰ ਜਾਂਦਾ I
ਪਰ ਪਹਿਲੋ ਪਹਿਲ ਓਹਦਾ ਜ਼ਿਕਰ ਤਦ ਛਿੜਿਆ ਜਦੋਂ ਇੱਕ ਸ਼ਾਮ ਤੀਰਥ ਡਰਾਇਵਰ ਨੇਂ ਦਫਤਰ ਚ
ਵੜਦਿਆਂ ਹੀ ਘਬਰਾਏ ਜਿਹੇ ਨੇੰ ਕਿਹਾ ," ਸਾਹਿਬ ਜੀ ਗੱਡੀ ਦਾ ਚਲਾਨ ਹੋ ਗਿਆ .. 100 ਰੁਪੈ
ਦਾ " ...I
" ਚਲਾਨ ? ਸੌ ਰੁਪੈ ਦਾ ? ਤੈਨੂੰ ਕਈ ਵਾਰ ਕਿਹੈ ਗੱਡੀ ਧਿਆਨ ਨਾਲ ਚਲਾਇਆ ਕਰ .. ਕਿਸੇ ਚ
ਮਾਰੀ ਹੋਣੀ ਹੈ ... ਕਿੰਨਾਂ ਕੁ ਨੁਕਸਾਨ ਹੋ ਗਿਆ ? " ਮੈਂ ਜਿਵੇਂ ਇੱਕੋ ਸਾਹੇ ਪੁਛ ਗਿਆ I
" ਨੁਕਸਾਨ ਨੁਕਸੂਨ ਤਾਂ ਕਾਹਦਾ ... ਬਸ ਗੱਡੀ ਪੁੱਠੇ ਪਾਸੇ ਪਾਰਕ ਕਰ ਤੀ ਸੀ ... ਹੌਲਦਾਰ
ਨਈਅਰ ਨੇਂ ਆ ਘੇਰਿਆ .. ਚਲਾਨ ਕੱਟ ਗਿਆ .. ਇੱਕ ਦੋ ਦਿਨ ਪਹਿਲਾਂ ਤਾਂ ਉਨ੍ਹੇਂ ਛੱਡ ਤਾ ਸੀ
..ਪਰ ਅੱਜ ਨਹੀਂ ਮੰਨਿਆ " I
".ਓਹਿਓ ਜਿਹੜਾ ਬਾਲੂ ਪੁਲ ਉੱਤੇ ਖੜਾ ਹੁੰਦੈ ਜਾਂ ਸ਼ੀਤਲਾ ਪੁਲ ਉੱਤੇ ? ਪਰ ਬੰਦਾ ਤਾਂ ਚੰਗਾ
ਲੱਗਦੈ ", ਮੈਂ ਪੁਛਿਆ I
" ਹਾਂ ਜੀ ਓਹਿਓ !! " ਅੱਗੋਂ ਜੁਆਬ ਆਇਆ I
ਕੋਲ ਖੜੇ ਆਫਿਸ ਸੁਪਰਡੈਂਟ ਨੇਂ ਗੱਲ ਅੱਗੇ ਤੋਰੀ ," ਸੌ ਪੰਜਾਹ ਓਹਦੇ ਮੱਥੇ ਮਾਰਣੇ ਸੀ ..
ਚਲਾਨ ਕਟਵਾ ਕੇ ਆ ਗਿਆ .. ਕੌਣ ਸਿਆਣਾ ਕਹੂ ਤੈਨੂੰ.. ਭਲਿਆ ਮਾਣਸਾ ਉਹਨੂੰ ਕਹਿਣਾ ਸੀ ਬਈ
ਕੇਂਦਰੀ ਸਰਕਾਰ ਦੀ ਗੱਡੀ ਐ "
ਤੀਰਥ ਜਿਹੜਾ ਹੁਣ ਤੱਕ ਚੁੱਪ ਚਾਪ ਸੁਣਦਾ ਪਿਆ ਸੀ ਬੋਲ ਉੱਠਿਆ ," ਮੰਨਦਾ ਦਾ ਤਾਂ ਓਹ ਸਕੇ
ਪਿਓ ਦੀ ਵੀ ਨਹੀਂ.. .. ਜੇ ਸਰਕਾਰੀ ਗੱਡੀ ਦੀ ਗੱਲ ਕਹਿ ਦਿੰਦਾ ਤਾਂ ਉਹਨੇ ਸੌ ਵਾਲੀ ਪਰਚੀ
ਰੱਦ ਕਰ ਕੇ ਡੂਢ ਸੌ ਵਾਲੀ ਕੱਟ ਦੇਣੀ ਸੀ "
ਐਸੀ ਸ਼ਖਸ਼ੀਅਤ ਬਾਰੇ ਦਿਲਚਸਪੀ ਜਾਗਣੀ ਲਾਜ਼ਮੀ ਸੀ .. ਸੋ ਗੱਲਾਂ ਚਾਲੇ ਪੈ ਗਈਆਂ I
ਤੀਰਥ ਨੇੰ ਫਿਰ ਚਰਖਾ ਚਲਾਉਣਾ ਸ਼ੁਰੂ ਕੀਤਾ ," ਮੁਗਲੇ ਪਿੰਡ ਦਾ ਹੈ .. ਬੰਦਾ ਸਿਆਣਾ ਹੈ ..
ਪੁਲਸ ਚ ਡਾਇਰੈਕਟ ਹਵਲਦਾਰ ਭਰਤੀ ਹੋਇਆ ਹੈ... ਪਰ ਲੱਗਦੈ ਬਤੌਰ ਹੌਲਦਾਰ ਹੀ ਰੀਟਾਇਰ ਵੀ
ਹੋਊਗਾ। .. ਇਹਦੇ ਨਾਲ ਦੇ ਤਾਂ ਸਾਰੇ ਛੋਟੇ ਵੱਡੇ ਥਾਣੇਦਾਰ ਬਣ ਗਏ। .. ਇਹ ਉੱਥੇ ਦਾ ਉੱਥੇ
"
" ਇਹ ਕਿਵੇਂ ? ਬੰਦਾ ਤਾਂ ਆਪਣੀ ਡਿਊਟੀ ਦਾ ਪੱਕਾ ਹੈ !!" ਮੈਂ ਹੈਰਾਨੀ ਜਿਹੀ ਦਰਸਾਈ I
" ਆਹੋ ਜੀ ਜਰੂਰਤ ਤੋਂ ਕੁਝ ਜਿਆਦਾ ਹੀ ਪੱਕਾ ਹੈ .. ਐਥੇ ਹੀ ਤਾਂ ਮਾਰ ਖਾਈ ਜਾਂਦੈ "
" ਉਹ ਕਿਵੇਂ ? " ਮੈਂ ਪੁਛਿਆ
" ਸਾਹਿਬ ਜੀ !! ਜਦੋਂ ਕੋਈ ਸਾਰਿਆਂ ਨਾਲ ਹੀ ਪੰਗੇ ਲਈ ਜਾਵੇ ਤਾਂ ਐਹੋ ਕੁਝ ਹੀ ਹੋਣੈਂ ..
ਇਨ੍ਹੇਂ ਕਿਸੇ ਨੂੰ ਵੀ ਨਹੀਂ ਛਡਿਆ .. ਮੈਂ ਦੱਸਦਾਂ ਤੁਹਾਨੂੰ .. ਇੱਕ ਵਾਰ ਇਨ੍ਹੇਂ ਐਸ
:ਪੀ ਸਾਹਿਬ ਦੀ ਗੱਡੀ ਦਾ ਚਲਾਨ ਹੀ ਕੱਟ ਤਾ ..ਐਸ ਪੀ ਦੀ ਗੱਡੀ ਡਰਾਈਵਰ ਨੇਂ ਐਥੇ ਓਥੇ
ਜਿੱਥੇ ਮਰਜ਼ੀ ਲਾ ਦੇਣੀ . ਇਨ੍ਹੇਂ ਦੋ ਚਾਰ ਵਾਰ ਰੋਕਿਆ .. ਪਰ ਐੱਸ : ਪੀ ਦਾ ਡਰਾਇਵਰ ...
ਸੁਣੇ ਕਿਸ ਦੀ .. ਸੋ ਇੱਕ ਦਿਨ ਐੱਸ ਪੀ ਸਾਹਿਬ ਦੀ ਗੱਡੀ ਦਾ ਚਲਾਨ ਕੱਟ ਕੇ ਸਾਹਿਬ ਦੇ ਹੀ
ਦਫਤਰ ਚਲਾ ਗਿਆ। .. ਸਲੂਟ ਮਾਰਿਆ ਅਤੇ ਚਲਾਨ ਸਾਹਿਬ ਦੇ ਪੇਸ਼ ਕਰ ਤਾ I "
" ਫਿਰ ?"
" ਫਿਰ ਕੀ ? ... ਸਾਹਿਬ ਹੱਸੇ .. ਚਲਾਨ ਆਪਣੇ ਸਟੇਨੋੰ ਨੂੰ ਇਹ ਕਹਿੰਦਿਆਂ ਦੇ ਦਿੱਤਾ ਕੀ
ਇਹਦਾ ਭੁਗਤਾਨ ਕਰ ਦਿੱਤਾ ਜਾਏ .. ਫਿਰ ਦੁਬਾਰਾ ਮੁਸਕਰਾਏ .. ਜੇਬ ਚੋਂ ਸੌ ਦਾ ਨੋਟ ਕਢਿਆ
.. ਨਈਅਰ ਹੌਲਦਾਰ ਨੂੰ ਦਿੱਤਾ ਅਤੇ ਸਟੇਨੋੰ ਨੂੰ ਫਿਰ ਹੁਕਮ ਦਿੱਤਾ ਕੇ ਇੱਕ ਸੋਹਣਾ ਜਿਹਾ
ਸੈਰਟੀਫ਼ਿਕੇਟ ਟਾਈਪ ਕਰ ਲਿਆਵੇ ਤਾਂ ਕੇ ਨੈਯ੍ਯਰ ਸਾਹਿਬ ਨੂੰ ਓਨ੍ਹਾਂ ਦੀ ਚੰਗੇ ਕੰਮ ਕਾਜ ਦੇ
ਇਵਜ਼ਾਨੇ ਵੱਜੋਂ ਦਿੱਤਾ ਜਾ ਸਕੇ ...ਟਾਈਪ ਕਰਵਾ ਲੈਣ ਤੋਂ ਬਾਅਦ .. ਆਪਣੀ ਕੁਰਸੀ ਤੋਂ
ਉੱਠੇ. ..ਨੈਯ੍ਯਰ ਨਾਲ ਹੱਥ ਮਿਲਾਇਆ ਅਤੇ ਥੋੜਾ ਮੁਸਕਰਾਉਣ ਤੋਂ ਬਾਅਦ ਨਈਅਰ ਸਾਹਿਬ ਨੂੰ
ਆਪਣੇ ਦਫਤਰੋਂ ਵਿਦਾ ਕੀਤਾ "
" ਆਹ ਹੋਈ ਨਾਂ ਗੱਲ। .. ਕੰਮ ਦਾ ਮੁੱਲ ਤਾਂ ਪੈਂਦਾ ਹੀ ਪੈਂਦਾ " ਮੈਂ ਕਿਹਾ
" ਪੈ ਗਿਆ ਮੁੱਲ ! ਐੱਸ ਪੀ ਸਾਹਿਬ ਨੇੰ ਪ੍ਰੈੱਸ ਕਾਨਫਰੰਸ ਕਰ ਕੇ ਨਈਅਰ ਨੂੰ ਸੈਰਟੀਫਿਕੇਟ
ਵੀ ਦਿੱਤਾ ਅਤੇ ਇਨਾਮ ਵੀ ... ਕਿੰਨੀਆਂ ਹੀ ਫੋਟੋਆਂ ਛਪੀਆਂ ਅਖਬਾਰਾਂ ਚ .......ਪਰ ਚਾਰ
ਕੁ ਮਹੀਨੇ ਲੰਘੇ ਤਾਂ ਚੱਕ ਕੇ ਮਹਿਲੇ ਥਾਣੇ ਚ ਡਿਉਟੀ ਲਾ ਦਿੱਤੀ ....ਅਖੇ ਓਥੋਂ ਦੇ ਤੋਸ਼ੇ
ਖਾਨੇ ਚ ਇੱਕ ਈਮਾਨਦਾਰ ਬੰਦਾ ਚਾਹੀਦਾ .... ਵਿਚਾਰੇ ਦਾ ਘਰ ਘਾਟ ਚੰਬੇ ਅਤੇ ਡਿਉਟੀ ਲਾ ਤੀ
ਚਾਲੀ ਕੋਹ ਦੂਰ , ਮਹਿਲੇ ....ਹੋਰ ਬਣ ਲਓ ਈਮਾਨਦਾਰ ! ਬਨਬਾਸ ਕੱਟ ਹੁਣ ਵਾਪਿਸ ਆਇਆ ਹੈ
ਢਾਈ ਸਾਲਾਂ ਬਾਅਦ .... ਇੱਕ ਵਾਰ ਹੋਰ ਇਹੋ ਜਿਹੀ ਈਮਾਨਦਾਰੀ ਦਿਖਾ ਟੀ ਤਾਂ ਸਮਝੋ ਕਿ
ਨੌਕਰੀ ਪੂਰੀ "
"ਇਹਦਾ ਪੰਗਾ ਤਾਂ ਜੱਜਾਂ ਨਾਲ ਵੀ ਪੈ ਚੁੱਕਿਆ ਹੈ " ਤੀਰਥ ਨੇੰ ਫਿਰ ਕਿਹਾ
" ਓਹ ਕਿਵੇਂ ?" ਮੈਂ ਪੁਛਿਆ
" ਇੱਕ ਦਿਨ ਇਹ ਬੈਠਾ ਸੀ ਹੇਮ ਰਾਜ ਨਾਈ ਦੀ ਦੁਕਾਨ ਤੇ .. ਓਥੇ ਆਏ ਜੱਜ ਸਾਹਿਬ ... ਹੇਅਰ
ਕੱਟ ਲੈਣ ਪਤਾ ਨਹੀਂ ਸ਼ੇਵ ਕਰਵਾਉਣ ਪਤਾ ਨਹੀਂ ਸਿਰ ਦੀ ਮਾਲਿਸ਼ ਕਰਵਾਉਣ ...
"
" ਕਿਹੜਾ ਜੱਜ ? ਓਹ ਪਟਿਆਲੇ ਵਾਲਾ ਗੁਪਤਾ ?"
" ਹਾਂ ਜੀ। ਓਹਿਓ .. ਹੇਅਰ ਕੱਟ ਕਰਵਾਉਣ ਤੋਂ ਬਾਅਦ ਬਿਨਾ ਪੈਸੇ ਦਿੱਤਿਆਂ ਜੱਜ ਸਾਹਿਬ
ਚੱਲੇ ਗਾਏ .. ਇਨ੍ਹੇਂ ਹੇਮ ਨੂੰ ਪੁਛਿਆ ਬਈ ਜੱਜ ਸਾਹਿਬ ਨੇੰ ਪੈਸੇ ਨਹੀਂ ਦਿੱਤੇ ..ਅਖੇ
ਨਹੀ . ਅਖੇ ਕਿਓਂ ..ਅਖੇ ਜੇ ਮੰਗੋ ਤਾਂ ਕਹਿੰਦਾ .. ਤੈਨੂੰ ਨਹੀਂ ਪਤਾ ਮੈਂ ਜੱਜ ਲੱਗਿਆਂ
.. ਫੜ ਕੇ ਅੰਦਰ ਕਰਵਾ ਦਿਉਂ। ਥੋੜੀ ਦੇਰ ਬਾਅਦ ਜੱਜ ਸਾਹਿਬ ਵਾਪਿਸ ਆਏ .. ਕੁਝ ਭੁੱਲ ਗਏ
ਸਨ .. ਹੇਮ ਰਾਜ ਕਹਿਣ ਲੱਗਾ ਸਾਹਿਬ ਕੰਨਾਂ ਤੋਂ ਥੋੜੇ ਥੋੜੇ ਵਾਲ ਹੋਰ ਸੈੱਟ ਕਰਵਾ ਲਵੋ ..
ਹੈਲਮੇਟ ਪਾਉਣਾ ਸੌਖਾ ਰਹੂਗਾ। ... ਕਹਿਣ ਲੱਗੇ ਹੈਲਮਿਟ ਤਾਂ ਮੈਂ ਕਦੇ ਪਾਇਆ ਹੀ ਨਹੀਂ ...
ਹੇਮ ਰਾਜ ਨੇੰ ਫਿਰ ਪੁਛਿਆ ਓਹ ਕਿਵੇਂ ... ਅਖੇ ਸੀ ਐਮ ਓ ਤੋਂ ਸਰਟੀ ਫਿਕੇਟ ਲਿਆ ਹੋਇਆ ਹੈ
ਬਈ ਇਨ੍ਹਾਂ ਦੇ ਸਿਰ ਚ ਤਾਂ ਐਲਰਜੀ ਹੈ। ਨਈਅਰ ਦੇ ਹਥ ਚ ਤਾਂ ਜਿਵੇਂ ਕੋਈ ਮੁਰਗਾ ਆ ਗਿਆ
ਹੋਵੇ .. ਪਰ ਓਦੋਂ ਉਹ ਚੁੱਪ ਰਿਹਾ "
"ਫਿਰ ?"
ਹੁਣ ਚੰਬਾ ਹੈਗਾ ਛੋਟਾ ਜਿਹਾ ਸ਼ਹਿਰ ..ਅਫਸਰ ਸਕੂਟਰਾਂ ਤੇ ਵੀ ਆਉਂਦੇ ਜਾਂਦੇ ਐ .. ਪੈਦਲ
ਵੀ। ਨਈਅਰ ਸਾਹਿਬ ਕੋਲ ਸੀ ਤਾਜ਼ਾ ਤਾਜ਼ਾ ਈਮਾਨਦਾਰੀ ਦਾ ਸੈਰਟੀਫਿਕੇਟ... ਜਿਹਦੀ ਗਰਮਾਇਸ਼ ਅਜੇ
ਬਰਕਰਾਰ ਸੀ .. ਜਦੋਂ ਜੱਜ ਸਾਹਿਬ ਨੇਂ ਦਫਤਰੋਂ ਬਾਹਰ ਨਿੱਕਲ ਕੇ ਸ੍ਕੂਟਰ ਨੂੰ ਕਿੱਕ ਦਿੱਤੀ
ਅਤੇ ਥੋੜਾ ਸੜਕ ਤੇ ਆਏ ਤਾਂ ਅੱਗੋਂ ਨਈਅਰ ਸਾਹਿਬ ਨੇੰ ਆ ਘੇਰਿਆ .... ਹੈਲਮਿਟ ਅਤੇ ਮੈਡੀਕਲ
ਸੈਰਟੀਫੀਕੇਟ ਨੂੰ ਲੈ ਕੇ ਥੋੜੀ ਗੱਲ ਬਾਤ ਹੋਈ ਅਤੇ ਨਈਅਰ ਸਾਹਿਬ ਨੇਂ ਚਲਾਨ ਕੱਟ ਕੇ ਜੱਜ
ਸਾਹਿਬ ਦੇ ਹਥ ਫੜਾ ਦਿੱਤਾ .. ਹੁਣ ਇਹ ਤਾਂ ਰੱਬ ਈ ਜਾਣੇ ਬਈ ਕੀ ਸੱਚ ਤੇ ਕਿੰਨਾਂ ਝੂਠ ਪਰ
ਕਹਿੰਦੇ ਐ ਕਿ ਜੱਜ ਸਾਹਿਬ ਕਿਸੇ ਹੋਰ ਚਲਾਨ ਦੇ ਕੇਸ ਚ ਨਈਅਰ ਸਾਹਿਬ ਦੀਆਂ ਲੋਟਣੀਆਂ ਹੁਣ
ਵੀ ਲੁਆਈ ਜਾਂਦੇ ਐ "
" ਚਲੋ ਛੱਡੋ। ..ਜੋ ਹੋ ਗਿਆ ਸੋ ਹੋ ਗਿਆ। .. ਚੰਗੇ ਵੀ ਇੱਥੇ ਤੇ ਮਾੜੇ ਵੀ ਇੱਥੇ ", ਮੈਂ
ਗੱਲ ਨੂੰ ਨਿਬੇੜਨ ਵਾਸਤੇ ਕਿਹਾ ,ਅਤੇ ਅਸੀਂ ਫਿਰ ਆਪੋ ਆਪਣੇ ਕੰਮੀਂ ਰੁਝ ਗਏ I
ਕੁਝ ਕੁ ਦਿਨਾਂ ਬਾਅਦ ਜਦੋਂ ਇੱਕ ਵਾਰ ਫਿਰ ਚੰਬੇ ਜਾ ਰਹੇ ਸਾਂ ਤਾਂ ਕੁਦਰਤੀਂ ਬਾਲੂ ਪੁਲ
ਉੱਤੇ ਨਈਅਰ ਸਾਹਿਬ ਟੱਕਰ ਗਏ। ਸ਼ਾਇਦ ਬਨੀ ਖੇਤ ਜਾਂ ਡਲਹੌਜੀ ਵਾਲੀ ਬੱਸ ਦਾ ਇੰਤਜ਼ਾਰ ਕਰ ਰਹੇ
ਸਨ I ਜਾਣਾ ਅਸੀਂ ਵੀ ਓਧਰ ਹੀ I ਗੱਲ ਬਾਤ ਕਰਣ ਨੂੰ ਦਿਲ ਤਾਂ ਕਈ ਦਿਨਾਂ ਤੋਂ ਕਰ ਹੀ ਰਿਹਾ
ਸੀ , ਸੋ ਮੈਂ ਤੀਰਥ ਨੂੰ ਕਿਹਾ ਇਨਹੂੰ ਲਿਫਟ ਦੇ ਦੇ..ਤੀਰਥ ਗਿਆ , ਕੁਝ ਦੇਰ ਨਾਂਹ ਨੁੱਕਰ
ਸੁਣਨ ਤੋ ਬਾਅਦ ਆਪਣੇ ਨਾਲ ਲੈ ਹੀ ਆਇਆ I
ਗੱਲਾਂ ਚੱਲ ਪਈਆਂ।
" ਜਿੱਦਣ ਡਾਏਰੈਕਟ ਹੌਲਦਾਰ ਭਰਤੀ ਹੋਇਆ ਸਾਂ ਤਾਂ ਘਰ ਦਿਆਂ ਦੇ ਤਾਂ ਪੱਬ ਨਹੀਂ ਲੱਗਦੇ ਸਨ
..ਬਈ ਮੁੰਡਾ ਡਾਏਰੈਕਟ ਹੌਲਦਾਰ ਭਰਤੀ ਹੋਇਆ ਹੈ ..ਵਾਰੇ ਨਿਆਰੇ ਕਰ ਦਊ ..ਘੱਟੋ ਘੱਟ ਡੀ
ਐੱਸ ਪੀ ਬਣ ਕੇ ਤਾਂ ਰਿਟਾਇਰ ਹੋਊਗਾ ਹੀ। .. ਮਣੀ ਮਹੇਸ਼ ਦੀ ਸੌਂਹ !! ਕਦੀ ਕਦੀ ਮੇਰਾ ਦਿਲ
ਵੀ ਅੰਦਰੋਂ ਅੰਦਰ ਇਹੋ ਚਾਹੁੰਦਾ ਸੀ ..ਪਰ ਅੰਦਰੋਂ ਅੰਦਰੀਂ ਡਰਦਾ ਵੀ ਸਾਂ .. ਜੇ ਕਿਤੇ
ਫੜਿਆ ਗਿਆ ਤਾਂ ਐਥੋਂ ਵੀ ਜਾਊਂ .. ਸੋ ਮਜਬੂਰੀ ਵੱਜੋਂ ਈਮਾਨਦਾਰ ਬਣਨਾਂ ਪਿਆ। ਫਿਰ ਇੱਕ
ਐਸੀ ਹਾਲਤ ਆ ਗਈ ਬਈ ਜੇ ਕਿਤੇ ਕਿਸੇ ਨੇਂ ਮੱਲੋ ਜੋਰੀ ਵੀ ਪੈਸੇ ਦੇਣੇ ਤਾਂ ਵੀ ਮੈਂ ਨਾਹਂ
ਕਰ ਦੇਣੀ।. ਮੇਰੀ ਈਮਾਨ ਦਾਰੀ ਦੀਆਂ ਧੁੰਮਾਂ ਚੁਫੇਰੇ ਫੈਲਣ ਲੱਗੀਆਂ ..ਲੋਕਾਂ ਮੈਨੂੰ ਚਾਹ
ਪਾਣੀ ਲਈ ਕਹਿਣਾ ਹੀ ਛੱਡ ਦਿੱਤਾ ...ਸਗੋਂ ਉਨਹਾਂ ਤਾਂ ਹੋਰਨਾ ਲੋਕਾਂ ਨੂੰ ਵੀ ਕਹਿਣਾ ਸ਼ੁਰੂ
ਕਰ ਦਿੱਤਾ ਬਈ ਬੜਾ ਹੀ ਈਮਾਨਦਾਰ ਬੰਦਾ ਹੈ .. ਰੱਤਾ ਪੈਸਾ ਵੀ ਨਹੀਂ ਲੈਂਦਾ ... ਕੰਮ ਵੀ
ਕਰ ਦਿੰਦੈ ਤੇ ਪੱਲਿਓਂ ਚਾਹ ਵੀ ਪਿਆਉਂਦਾ ਹੈ। ਕਦੀਂ ਕਦੀਂ ਹੋਲੀ ਦੀਵਾਲੀ ਦੇ ਮੌਕੇ ਉੱਤੇ
ਦਿਲ ਕਰਦਾ ਵੀ ਬਈ ਜੇ ਚਾਰ ਵਾਧੂ ਛਿਲੜ ਕੋਲ ਹੋਣ ਤਾਂ ਜੁਆਕ ਹੀ ਪਰਚਾ ਲਵਾਂ ਜਾਂ ਘੱਟੋ ਘੱਟ
ਜੁਆਕਾਂ ਨੂੰ ਧੜੋਗ ਮੁਹੱਲੇ ਵਾਲੇ ਸਰਕਾਰੀ ਸਕੂਲੋਂ ਕਢ ਕੇ ਬੀ :ਪੀ :ਐੱਸ ਚ ਹੀ ਪੜਾ ਲਵਾਂ।
ਨਾਲ ਦੇ ਸੰਗੀ ਸਾਥੀਆਂ ਨੂੰ ਗੱਲੀਂ ਗੱਲੀਂ ਇਸ਼ਾਰੇ ਵੀ ਕਰਦਾ ਪਰ ਹੁਣ ਤੱਕ ਮੇਰੀ ਇਮਾਨਦਾਰੀ
ਦੀਆਂ ਧੁੰਮਾ ਹੀ ਐਨੀਆਂ ਪੈ ਗਈਆਂ ਸਨ ਕੇ ਜਾਂ ਤਾਂ ਸਾਥੀਆਂ ਨੇੰ ਮੇਰੀਆਂ ਸੈਨਤਾਂ ਨੂੰ ਹੱਸ
ਕੇ ਟਾਲ ਦੇਣਾ ਜਾਂ ਮੇਰੇ ਵੱਲ ਇਓਂ ਵੇਖਣ ਲੱਗਣਾ ਜਿਵੇਂ ਮੈਂ ਭੂਰੀ ਸਿੰਘ ਮਿਉਜ਼ੀਅਮ ਚ
ਰੱਖਿਆ ਕੋਈ ਅਜੂਬਾ ਹੋਵਾਂ "
ਇੱਕ ਠੰਡਾ ਸਾਹ ਲੈਣ ਤੋਂ ਬਾਅਦ ਉਸ ਫਿਰ ਆਪਣੀ ਗੱਲ ਜਾਰੀ ਕੀਤੀ ," ਹੁਣ ਤਾਂ ਈਮਾਨਦਾਰੀ
ਜਿਵੇਂ ਮੇਰੇ ਲਿਬਾਸ ਦਾ ਹਿੱਸਾ ਬਣ ਗਈ ਹੈ ... ਇਸ ਤੋਂ ਬਿਨਾ ਤਾਂ ਹੁਣ ਮੈਂ ਜਿਵੇਂ ਆਪਣੇ
ਆਪ ਨੂੰ ਅਲਿਫ ਨੰਗਾ ਮਹਿਸੂਸ ਕਰਦਾ ਹਾਂ .. ਬਿਨਾਂ ਆਪਣੇ ਵਜੂਦ ਦਿਓਂ I ਚਲੋ ਹੁਣ ਤਾਂ
ਬਹੁਤੀ ਨਿੱਕਲ ਗਈ ਥੋੜੀ ਰਹਿ ਗਈ ...ਇਹ ਵੀ ਨਿੱਕਲ ਜਾਉ .. ਆਖਰੀ ਉਮਰੇ ਹੁਣ ਕਾਹਦੀ
ਮੁਸਲਮਾਨੀ .. ਜਿਹੜੀ ਕੰਬਲੀ ਸਾਰੀ ਉਮਰ ਮੋਢਿਆਂ ਉੱਤੇ ਚੱਕੀ ਰੱਖੀ ਹੈ , ਚਾਰ ਦਿਨ ਹੋਰ
ਸਹੀ I
ਗੱਲ ਬਾਤ ਦਾ ਸਿਲਸਿਲਾ ਖਤਮ ਹੁੰਦੇ ਹੁੰਦੇ ਅਸੀਂ ਬਨੀ ਖੇਤ ਪਹੁੰਚ ਗਏ। .. ਸੋ ਅਲੈਕ ਸਲੈਕ
ਕੀਤਾ ਤੇ ਆਪੋ ਆਪਣੇ ਰਾਹੇ ਪੈ ਗਏ I
ਕਾਫੀ ਦਿਨਾਂ ਬਾਅਦ , ਤੀਰਥ ਨੇੰ ਚੰਬੇ ਤੋਂ ਵਾਪਿਸ ਆਉਂਦਿਆਂ ਫਿਰ ਗੱਲ ਛੋਹ ਲਈ ,"ਆਉਂਦਿਆ
ਆਉਂਦਿਆਂ ਅੱਜ ਲੇਟ ਹੋ ਗਿਆ "
" ਕਿਓਂ ਕੀ ਹੋ ਗਿਆ ? " ਮੈਂ ਪੁਛਿਆ
" ਐਵੈ ਡਰਾਮਾ ਜਿਹਾ ਵੇਖਣ ਲੱਗ ਪਿਆ " ਉਸ ਹੱਸਦਿਆਂ ਹੱਸਦਿਆਂ ਕਿਹਾ ਅਤੇ ਗੱਲ ਜਾਰੀ ਰੱਖੀ
," ਓਹਿਓ ਨਈਅਰ ਸਾਹਿਬ !! ਥੋੜੇ ਦਿਨ ਪਹਿਲਾਂ ਉਨ੍ਹਾਂ ਨੂੰ ਸੱਟ ਲੱਗ ਗਈ ਸੀ ਪੈਰ ਤੇ ...
ਬਾਲੂ ਪੁਲੋੰ ਜੇ ਸ਼ਾਰਟ ਕੱਟ ਜਾਈਏ ਤਾਂ ਤੇ ਠੀਕ ..ਤੇ ਜੇ ਸੜਕੋ ਸੜਕ ਜਾਣਾ ਹੋਵੇ ਤਾਂ ਖਾਸੀ
ਦੂਰ ..ਪੈਦਲ ਜਾਣਾ ਮੁਸ਼ਕਿਲ .. ਨਈਅਰ ਸਾਹਿਬ ਸਵੇਰ ਤੋਂ ਓਹ ਓਥੇ ਖੜੇ ਸੀ ਬਈ ਕੋਈ ਲਿਫਟ
ਮਿਲ ਜਾਊ ... ਖੜਾ ਰਿਹਾ ਖੜਾ ਰਿਹਾ। ... ਆਉਣ ਜਾਣ ਵਾਲੇ ਬੱਸਾਂ ਟਰੱਕਾਂ ਨੂੰ ਹੱਥ ਦਿੰਦਾ
ਰਿਹਾ ਪਰ ਗੱਡੀ ਕੋਈ ਰੁਕੇ ਹੀ ਨਾਂ ...ਜਿਹੜਾ ਟਰੱਕ ਟਰੁੱਕ ਵਾਲਾ ਆਵੇ ..ਓਹਦੇ ਕੋਲ ਟਰੱਕ
ਹੌਲੀ ਕਰੇ ... ਤਾਕੀ ਖੋਲ ਡਰਾਈਵਰ ਲਾਗੇ ਬੈਠਾ ਕੰਡਕਟਰ ਵੀਹ ਪੰਜਾਹ ਦਾ ਨੋਟ ਨਈਅਰ ਸਾਹਿਬ
ਦੇ ਹਵਾਲੇ ਕਰ ਦਏ ...ਤੇ ਟਰੱਕ .ਔਹ ਗਿਆ ਤੇ ਔਹ ਗਿਆ। ਪੈਸੇ ਤਾਂ ਕਾਫੀ ਇਕੱਠੇ ਹੋ ਗਏ ਪਰ
ਲਿਫਟ ਕਿਸੇ ਨੇਂ ਨਾਂ ਈ ਦਿੱਤੀ । ਅੱਕੇ ਹੋਏ ਨਈਅਰ ਸਾਹਿਬ ਨੇਂ ਮੱਲੋ ਜੋਰੀ ਇੱਕ ਟਰੱਕ
ਰੁਕਵਾ ਲਿਆ। ਜਦੋਂ ਕੰਡਕਟਰ ਨੇਂ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਨਈਅਰ ਸਾਹਿਬ ਦੇ ਦਾ ਸਬਰ
ਜਿਵੇਂ ਹੜ ਬਣ ਗਿਆ ਹੋਵੇ।. ਓਨ੍ਹੇੰ ਤਾਂ ਡਰਾਇਵਰ ਕੰਡਕਟਰ ਦੀ ਮਾਂ ਭੈਣ ਇੱਕ ਕਰਨੀ ਸ਼ੁਰੂ
ਕਰ ਤੀ..... ਖੜ੍ਹੋ ਓਏ ਤੁਸੀਂ !! .... ਓਏ ਭੈਣ ਦੇਣੀ ਦਿਓ .. ਨੋਟ ਤੇ ਨੋਟ ਢੂਏ ਚ
ਤੁੰਨੀ ਜਾਨੇ ਓਂ ... ਸਵੇਰ ਦਾ ਇਥੇ ਖੜਾਂ..ਤੁਰਿਆ ਮੈਥੋਂ ਜਾਂਦਾ ਨਹੀਂ ਤੇ ਕੋਈ ਚਾਰ ਕੋਹ
ਦੀ ਲਿਫਟ ਕੋਈ ਦਿੰਦਾ ਨਹੀਂ। । ਗਾਲ ਤੇ ਗਾਲ .. ਡਰਾਇਵਰ ਕੰਡਕਟਰ ਨੂੰ ਵੀ ...ਤੇ ਚੁਗਿਰਦੇ
ਨੂੰ ਵੀ .... ਅਖੇ ਆਵਾ ਈ ਊਤਿਆ ਪਿਐ ...ਕੱਲਾ ਕਾਰਾ ਕੀ ਕਰੂ ...ਪੂਰੇ ਟੱਬਰ ਦਾ ਕੋਹੜ
ਵਢਿਆ ਈ ਕੁਝ ਬਣੂੰ। ਅੱਕ ਕੇ ਡਰਾਇਵਰ ਕੰਡਕਟਰ ਵੀ ਔਖੇ ਹੋ ਗਏ ... ਅਖੇ ਨਾਲੇ ਪੈਹੇ ਦਿਓ
ਨਾਲੇ ਗਾਲਾਂ ਸੁਣੋ ... ਜੂਡਿਓ ਜੂੰਡੀ ਹੋਣ ਲੱਗੇ ਸੀ .. ਮਸਾਂ ਮਸਾਂ ਛੁਡਾਏ ...ਆਪਣੀ
ਗੱਡੀ ਚ ਬਿਠਾ ਚੰਬੇ ਛਡਿਆ ਹੌਲਦਾਰ ਸਾਹਿਬ ਨੂੰ " ਤੀਰਥ ਨੇਂ ਗੱਲ ਨਿਬੇੜੀ ," ਤੁਸੀਂ ਹੀ
ਦੱਸੋ ਸਾਹਬ ਐਨਾ ਸਿਆਣਾ ਬਿਆਣਾ ਬੰਦਾ ..ਧੌਲਾ ਝਾਟਾ... ਗਾਲਾਂ ਕਢਦਾ ਚੰਗਾ ਲੱਗਦੈ ਭਲਾ ?
ਮਾਹੌਲ ਸੰਜੀਦਾ ਹੋ ਗਿਆ ਸੀ। ... ਪੁਛਿਆ ਗਿਆ ਸੁਆਲ ਹੀ ਸ਼ਾਇਦ ਬੇਹੱਦ ਸੰਗੀਨ ਸੀ ...ਨਈਅਰ
ਵਰਗੇ ਕਿਸੇ ਐਸੇ ਸ਼ਖਸ਼ , ਜਿਹੜਾ ਹੁਣ ਤੱਕ ਪੂਰੀ ਮੁਸਤੈਦੀ ਨਾਲ ਅਤੇ ਆਪਣੀ ਚਿੱਟੀ ਚਾਦਰ ਦੀ
ਸਫੈਦੀ ਬਰਕਰਾਰ ਰੱਖਦਿਆਂ ਹੋਇਆਂ ਨਿਜ਼ਾਮ ਦੀ ਚਾਕਰੀ ਕਰਦਾ ਰਿਹਾ , ਵੱਲੋਂ , ਓਸੇ ਨਿਜ਼ਾਮ
ਨੂੰ , ਇਸ ਉਮਰੇ ਗਾਲਾਂ ਦੇਣਾ ਸ਼ੋਭਦੈ ?
ਐਸੇ ਸੰਗੀਨ ਸੁਆਲ ਦਾ ਢੁੱਕਵਾਂ ਅਤੇ ਸ਼ਾਇਸ਼ਤਾ ਜੁਆਬ ਦੇਣ ਲਈ ਮੈਂ ਤਾਂ ਅਜੇ ਲਫਜਾਂ ਦੀ ਘਾੜਤ
ਚ ਹੀ ਮਸਰੂਫ ਸਾਂ ਕਿ ਕੋਲ ਖੜੋਤਾ ਚੇਤਨ ' ਬਾਗ਼ੀ ' ਵਿੱਚੋਂ ਹੀ ਬੋਲ ਪਿਆ ਜਿਵੇਂ ਨਈਅਰ ਨੂੰ
ਮੁਖਾਤਿਬ ਹੋ ਰਿਹਾ ਹੋਵੇ ," ਅਸ਼ਕੇ !! ਅਸ਼ਕੇ ਬਈ ਨਈਅਰ ਤੇਰੇ !! ਸ਼ਾਬਾਸ਼ੇ ਤੇਰੀ ਜੰਮਣ ਵਾਲੀ
ਦੇ ...ਚੱਕੀ ਚੱਲ ਫੱਟੇ ਇਓਂ ਈ " I ਫਿਰ ਤੀਰਥ ਵੱਲ ਮੁੜਦਿਆਂ ਉਸ ਗੱਲ ਜਾਰੀ ਰੱਖੀ ," ਲੱਖ
ਲੱਖ ਸੁਕਰ ਕਰ ਭਲਿਆ ਮਾਣਸਾ ..ਨਈਅਰ ਵਰਗੇ ਬੰਦੇ ਨੇਂ ਗਾਲ ਤਾਂ ਕਢੀ .. ਹੁਣ ਤੱਕ ਤਾਂ ਓਹ
ਕਾਗਜ਼ੀ ਜਹਾਜ਼ ਹੀ ਉੜਾਈ ਜਾਂਦਾ ਸੀ I ਅੱਜ ਤਾਂ ਰਾਜ ਨਗਰ ਵਾਲੇ ਪੀਰ ਬਾਬੇ ਦੀ ਦਰਗਾਹ ਤੇ
ਤੇਲ ਚੜਾਉਣ ਨੂੰ ਜੀ ਕਰਦੈ ਬਈ ਨਈਅਰ ਵਰਗੇ ਬੰਦੇ ਦੇ ਗਲ ਦਾ ਜਾਲਾ ਟੁੱਟਿਆ ਹੈ .. ਪਲੇਠੀ
ਦੀ ਗਲ ਦਿੱਤੀ ਐ ਓਹਨੇ। ......ਅੱਜ ਉਨ੍ਹੇਂ ਗਾਲਾਂ ਦਿੱਤੀਆਂ ... ਕੱਲ ਨੂੰ ਸੁੱਖ ਰਿਹਾ
ਤਾਂ ਡਾਂਗ ਸੋਟਾ ਵੀ ਚੁੱਕ ਲਊ ... ਤੀਰਥਾ ! ਗੱਡੀ ਤਾਂ ਇਓਂ ਹੀ ਚੱਲੂ "
ਤੀਰਥ ਵਿਚਾਰਾ ਭੰਬੂਤਰਿਆ ਜਿਹਾ ਕਦੇ ਮੇਰੇ ਵੱਲ ਵੇਖ ਰਿਹਾ ਸੀ ਕਦੀ ਬਾਗ਼ੀ ਵੱਲ। ... ਜਿਵੇਂ
ਕੁਝ ਸਮਝਣ ਦੀ ਕੋਸ਼ਿਸ਼ ਕਰ ਰਿਹ੍ਹਾ ਹੋਵੇ I
-0- |