ਜਸਪਾਲ ਸਿੰਘ ਨੇ ਆਪਣੇ
ਨਾਂ ਨਾਲ ਨਾ ਡਾਕਟਰ ਲਗਾਇਆ ਹੈ ਅਤੇ ਨਾ ਹੀ ਹੋਰ ਕੋਈ ਉੱਪ ਨਾਂ। ਇਸ ਨਾਲ ਉਸ ਨੂੰ ਫਾਇਦਾ
ਹੋਇਆ ਹੈ ਜਾਂ ਨੁਕਸਾਨ ਇਸ ਬਾਰੇ ਉਸ ਨੇ ਕਦੀ ਨਹੀਂ ਸੋਚਿਆ ਹੋਣਾ। ਇਹ ਮੇਰਾ ਤਕਾਜ਼ਾ ਹੈ
ਕਿਉਂਕਿ ਮੈਂ ਜਾਣਦਾ ਹਾਂ ਕਿ ਉਹ ਇਸ ਤਰ੍ਹਾਂ ਦੇ ਵਿਸ਼ੇਸ਼ਣਾ ਅਤੇ ਇਹਨਾਂ ਦੇ ਪਰਦਣਸ਼ਣ ਦੇ
ਫਾਇਦਿਆਂ ਜਾਂ ਨੁਕਸਾਨਾਂ ਤੋਂ ਉੱਪਰ ਹੈ। ਉਸ ਦੀ ਦੁਨੀਆਂ ਹੋਰ ਹੈ। ਉਸਦੀ ਦੁਨੀਆਂ ਤਮਗਿਆਂ
ਉਦਾਲੇ ਨਹੀਂ ਵਿਚਾਰਾਂ, ਵਿਚਾਰਧਾਰਾਵਾਂ, ਹੋਂਦ ਅਤੇ ਥੀਣ ਦੇ ਮਾਮਲਿਆਂ ਜਾਂ ਇਹਨਾਂ ਦੇ
ਅੰਤਰਦਵੰਧਾਂ ਉਦਾਲੇ ਚੱਕਰ ਕੱਟਦੀ ਹੈ।
ਜਸਪਾਲ ਨੂੰ ਮੈਂ ਕੋਈ 35 ਵ੍ਹਰਿਆਂ ਤੋਂ ਜਾਣਦਾ ਹਾਂ। ਜਾਣਦਾ ਹੀ ਨਹੀਂ ਇਹਨਾਂ ਸਾਲਾਂ ਵਿਚ
ਮੈਂ ਉਸ ਦੇ ਕਈ ਰੰਗ ਵੀ ਵੇਖੇ ਹਨ। ਇਹਨਾਂ ਵਿਚ ਰੋਪੜ ਕਾਲੇਜ ਵਿਚ ਉਸ ਦੇ ਅੰਗਰੇਜ਼ੀ
ਅਧਿਆਪਿਕੀ ਦੇ ਦਿੰਨ ਵੀ ਆਉਂਦੇ ਹਨ, ਰਿਜਨਲ ਇਂਸਟੀਚਿਯੂਟ ਆਫ਼ ਇੰਗਲਿਸ਼, ਚੰਡੀਗੜ੍ਹ ਵਿਚ
ਅਧਿਆਪਕੀ ਦੇ ਦਿੰਨ ਵੀ, ਅੰਬੇਦਕਰ ਇੰਸਟੀਟਿਯੂਟ, ਮੋਹਾਲੀ ਦੀ ਪਿਰਿੰਸੀਪਲੀ ਦੇ ਦਿੰਨ ਅਤੇ
ਦੇਸ ਸੇਵਕ ਵਿਚ ਸੰਪਾਦਕੀ ਦੇ ਦਿੰਨ ਵੀ।
ਇਕ ਹੋਰ ਤਰ੍ਹਾਂ ਵੇਖਿਆਂ ਇਸ ਵਿਚ ਬੁੜੈਲ ਪਿੰਡ ਵਿਚਲੇ ਆਪਣੇ ਮਕਾਨ ਵਿਚ ਚੁਬਾਰੇ ਦੇ ਵਾਸ
ਦੇ ਦਿੰਨ ਆਉਂਦੇ ਹਨ, ਪ੍ਰਤਾਪ ਮਹਿੱਤਾ ਦੇ ਲੋਕਾਇਤ ਪ੍ਰਕਾਸ਼ਨ ਵਾਲੇ 17 ਸੈਕਟਰੀ ਤ੍ਰਕਾਲਾਂ
ਵਿਚ ਕਿਤਾਬਾਂ, ਫਲਸਫਿਆ, ਭਾਸ਼ਾ ਵਿਗਿਆਨੀ ਅਤੇ ਚਿਹਨਕੀ ਪ੍ਰਭਾਵਾਂ ਵਾਲੇ ਦਿੰਨ ਜਿਹਨਾਂ ਵਿਚ
ਦਾਰੂ ਅਤੇ ਦਰਸ਼ਨ ਰਲਗੱਡ ਹੋਏ ਹੁੰਦੇ, ਸਿਮਿਓਟਿਕਸ ਐਂਡ ਸਿਮਿਓਸਿਸ ਦੇ ਪ੍ਰਕਾਸ਼ਨ ਦੇ ਦਿੰਨ,
ਵਰਲਡ ਬੁੱਕ ਫੇਅਰ ਦਿੱਲੀ ਵਿਚ ਕਿਤਾਬਾਂ ਖਰੀਦਣ ਅਤੇ ਵਿਚਾਰਣ ਦੇ ਦਿੰਨ, ਅਗਰੇਜ਼ੀ ਟ੍ਰਿਬਿਊਨ
ਵਿਚ ਰਾਮਾਸਾਮੀ ਨਾਲ ਮੁਲਾਕਾਤਾਂ ਅਤੇ ਮੇਰੇ 7 ਸੈਕਟਰ ਚੰਡੀਗੜ ਦੀ ਝੀਲ ਦੇ ਨੇੜੇ ਵਾਲੇ
ਸਰਕਾਰੀ ਕੁਆਟਰ ਵਿਚ ਇਕੱਠਿਆਂ ਗੁਜ਼ਾਰੀਆਂ ਕਈ ਸ਼ਾਮਾਂ ਦੇ ਦਿੰਨ, ਟ੍ਰਿਬਿਊਨ ਵਿਚ ਉਸ ਦੇ
ਹਫਤਾਵਾਰੀ ਬੁੱਕ ਰਿਵਿਊ ਕਾਲਮ ਦੇ ਦਿੰਨ ਜਿਹੜੇ ਸਾਲਾਂਬੱਧੀ ਚਲਦੇ ਰਹੇ, ਕਾਲਕਾ ਤੋਂ ਕਸੌਲੀ
ਪੈਦਲ ਜਾਣ ਦੀ ਯਾਤਰਾ ਵੀ ਜਿਸ ਵਿਚ ਸਾਡੈ ਦੋਹਾਂ ਨਾਲ ਜਰਨੈਲ ਰੰਗੀ ਵੀ ਸ਼ਾਮਿਲ ਸੀ,ਨੈਸ਼ਨਲ
ਸ਼ੋਸ਼ਾਲੋਜੀਕਲ ਕਾਂਨਫਰੰਸ ਜਿਹੜੀ 1991 ਵਿਚ ਪੂੰਨੇ ਵਿਚ ਹੋਈ ਸੀ ਅਤੇ ਇਸੇ ਕਾਂਨਫਰੰਸ ਦੇ
ਆਖਰੀ ਦਿੰਨ ਵੀ ਜਦ ਸੋਵੀਅੱਤ ਯੂਨੀਅਨ ਦਾ ਵਿਘਟਨ ਹੋ ਗਿਆ ਸੀ, ਜਿਸ ਦੇ ਤੁਰੰਤ ਉਪਰੰਤ ਉਸੇ
ਦਿੰਨ ਦਿੱਲੀ ਵਾਲੇ ਪਰੋਫੈਸਰ ਰਣਧੀਰ ਸਿੰਘ ਦਾ ਭਾਰਤ ਭਰ ਤੋਂ ਆਏ ਪਰੋਫੈਸਰਾਂ ਦੇ ਇਕੱਠ ਨੂੰ
ਸੰਬੋਧਿੱਤ ਭਾਸ਼ਨ ਵੀ ਜਿਸਦੇ ਚਲਦਿਆਂ ਸਾਰੀ ਪ੍ਰਕਰਮਾਂ ਵਿਚ ਅਦਭੁੱਤ ਚੁੱਪ ਵਰਤੀ ਰਹੀ ਸੀ।
ਲੋਕੀਂ ਜਿੱਥੇ ਥਾਂ ਮਿਲੀ ਉੱਥੇ ਬੈਠੇ ਜਾਂ ਖਲੋਤੇ ਇਕ ਚਿੱਤ ਹੋਏ ਉਸ ਦਾ ਭਾਸ਼ਨ ਸੁਣ ਰਹੇ ਸਨ
ਅਤੇ ਉਹਨਾਂ ਕਾਰਣਾਂ ਵੱਲ ਦ੍ਰਿਸ਼ਟੀਗੋਚਰ ਹੋ ਰਹੇ ਸਨ ਜਿਹੜੇ ਇਸ ਵਿਘਟਨ ਦੇ ਪਿੱਛੇ ਰਹੇ ਸਨ।
ਸਾਰੀ ਥਾਂ ਮੱਲੀ ਹੋਣ ਕਾਰਣ ਮੈਂ ਅਤੇ ਜਸਪਾਲ ਸਿੰਘ ਪੌੜੀਆਂ ਵਿਚ ਬੈਠੇ ਸਾਂ ਜਿਹੜੀਆਂ
ਯੂਨੀਵਰਸਿਟੀ ਦੇ ਉਪਰਲੇ ਕਮਰਿਆਂ ਵੱਲ ਜਾ ਰਹੀਆਂ ਸਨ। ਮੈਂ ਵੇਖਿਆ ਕਿ ਸਾਡੀ ਹੇਠਲੀ ਪੌੜੀ
ਵਿਚ ਦਿੱਲੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਓਪੇਂਦਰ ਨਾਥ ਬਕਸ਼ੀ ਅੰਤਰਮੁਘਧ ਬੈਠਾ ਸੀ।
ਮੈਨੂੰ ਯਾਦ ਹੈ ਕਿ ਉਸ ਯੂਨੀਵਰਸਿਟੀ ਦੇ ਹੋਸਟਲ ਵਿਚ ਸ਼ਰਾਬ ਦਾ ਸੇਵਨ ਵਿਵਰਜੱਤ ਸੀ। ਸਾਡੇ
ਪਾਸ ਸ਼ਰਾਬ ਤਾਂ ਸੀ ਪਰ ਕਮਰੇ ਵਿਚ ਕੋਈ ਗਿਲਾਸ ਨਹੀਂ ਸੀ। ਸਬੱਬ ਨਾਲ ਦਿਵਾਲੀ ਦਾ ਤਿਓਹਾਰ
ਨਵਾਂ ਨਵਾਂ ਹੋ ਕੇ ਹੱਟਿਆ ਸੀ ਸੋ ਕੁਝ ਮਿੱਟੀ ਦੇ ਦੀਵੇ ਸਾਨੂੰ ਆਪਣੇ ਕਮਰੇ ਦੀ ਨੁੱਕਰ ਵਿਚ
ਪਏ ਮਿਲ ਗਏ। ਉਸ ਸ਼ਾਮ ਅਸੀਂ ਦੀਵਿਆਂ ਵਿਚ ਸ਼ਰਾਬ ਪਾ ਕੇ ਪੀਤੀ। ਇਤਫ਼ਾਕ ਨਾਲ ਹਰਜੀਤ ਸਿੰਘ
ਗਿੱਲ ਵੀ ਜਿਹੜਾ ਅਚਾਨਕ ਸ਼ਾਮ ਦੀ ਸੈਰ ਲਈ ਨਿਕਲਿਆ ਸੀ, ਸਾਡੇ ਨਾਲ ਮਿੱਟੀ ਦੇ ਬਰਤਣਾਂ ਵਾਲੇ
ਪਰਾਤਨੀ ਯੁੱਗ ਦੇ ਲਘੂ ਯੱਗ ਵਿਚ ਸ਼ਾਮਿਲ ਹੋ ਗਿਆ ਸੀ।ਇਹਨਾਂ ਦਿੰਨਾਂ ਵਿਚ ਹੀ ਅਸੀਂ ਓਸ਼ੋ ਦੇ
ਆਸ਼ਰਮ ਵੀ ਗਏ ਸਾਂ ਅਤੇ ਫਿਲਮ ਇੰਨਸੀਚਿਊਟ ਵਿਚ ਵੀ ਜਿਸ ਵਿਚ ਹਰਜੀਤ ਸਿੰਘ ਗਿੱਲ ਦੇ ਕੁਝ
ਪੁਰਾਣੇ ਵਿਦਿਆਰਥੀ ਵੀ ਕੰਮ ਕਰ ਰਹੇ ਸਨ ਅਤੇ ੁਉਹਨਾਂ ਨੇ ਉਚੇਚ ਨਾਲ ਸਾਰੇ ਕੰਪਲੈਕਸ ਦੀ
ਭਰਵੀਂ ਸੈਰ ਕਰਾਈ ਸੀ।
ਮੈਨੂੰ ਜਸਪਾਲ ਦੀ ਸੰਗਤ ਵਿਚ ਰਵਿੰਦਰ ਰਵੀ ਅਤੇ ਜੋਗਿੰਦਰ ਸਿੰਘ ਪੁਆਰ ਨਾਲ ਸਬੰਧਤ ਬਿਤਾਈਆਂ
ਕਈ ਸਾਂਝੀਆਂ ਘੜੀਆਂ ਵੀ ਯਾਦ ਹਨ। ਜਸਪਾਲ ਹੋਰਾ ਦੀ ਜੋਗਿੰਦਰ ਸਿੰਘ ਪੁਆਰ ਨਾਲ ਦੋਸਤੀ ਦਾ
ਨਿੱਘ ਕਈ ਬਾਰ ਮੈਨੂੰ ਮਾਨਣ ਦਾ ਵੀ ਮੌਕਾ ਮਿਲਿਆ ਹੈ। ਇਕ ਵਾਰ ਤਾਂ ਇਹ ਨਿੱਘ ਸਾਨੂੰ
ਇਕਿੱਠਆਂ ਜੋਗਿੰਦਰ ਪੁਆਰ ਹੋਰਾਂ ਦੇ ਜਲੰਧਰ ਸਿਥਿਤ ਘਰ ਵੀ ਲੈ ਗਿਆ ਸੀ। ਉਹ ਕਈ ਬਾਰ ਮੈਨੂੰ
ਪ੍ਰਤਾਪ ਮਹਿੱਤਾ ਦੀ ਕਿਤਾਬਾਂ ਦੀ ਦੁਕਾਨ 'ਤੇ ਮਿਲ ਜਾਂਦੇ ਜਿੱਥੇ ਜਸਪਾਲ ਸਿੰਘ ਦਾ
ਨਿਤਨੇਮੀ ਗੇੜਾ ਵੱਜਦਾ ਸੀ। ਜਸਪਾਲ ਸਿੰਘ ਕਾਲਜ ਤੋਂ ਅੱਸਿਧਾ ਉੱਥੇ ਆਉਂਦਾ ਸੀ ਅਤੇ ਮੈਂ
ਏਅਰ ਫੋਰਸ ਵਾਲੇ ਆਪਣੇ ਦਫਤਰ ਤੋਂ ਸਿੱਧਾ। ਉਹ ਪਹਿਲਾਂ ਘਰ ਜਾ ਕੇ ਇਕ ਢੌਂਕਾ ਨੀਦ ਦਾ ਲਾ
ਕੇ ਤਰੋ ਤਾਜ਼ਾ ਹੋ ਕੇ ਆਉਂਦਾ ਸੀ। ਰਵੀ ਨਾਲ ਹੁੰਦੀ ਚਰਚਾ ਵਿਚ ਮੈਂ ਅਕਸਰ ਮੂਕ ਦਰਸ਼ਕ ਦੀ
ਭੂਮਿਕਾ ਨਿਭਾਉਂਦਾ, ਪਰ ਜਦ ਕੋਈ ਭਾਰਤੀ ਜਾਂ ਬਿਦੇਸ਼ੀ ਸਾਹਿੱਤ ਦੀ ਗਲ ਆ ਜਾਂਦੀ ਤਾਂ ਮੈਂ
ਵੀ ਕੰਨ ਚੁੱਕ ਲੈਂਦਾ ਅਤੇ ਕੋਈ ਟਿਪਣੀ ਕਰਦਾ। ਅਸੀਂ ਦੋਵੇਂ ਦਰਬਾਰਾ ਸਿੰਘ ਦੀ ਰੀਰੀਡਿੰਗ
ਆਫ ਕਾਡਵੈੱਲ ਦੇ ਪਰਕਾਸ਼ਨ ਨਾਲ ਵੀ ਜੁੜੇ ਰਹੇ ਜਿਸ ਦਾ ਪ੍ਰਕਾਸ਼ਨ ਕੁਝ ਕੁ ਦੁਕਾਨਾਂ ਛੱਡ ਕੇ
17 ਸੈਕਟਰ ਦੇ ਉਸੇ ਸ਼ਾਪਿੰਗ ਕੰਪਲੈਕਸ ਵਿਚ ਹੋ ਰਿਹਾ ਸੀ। ਇਕ ਵਾਰ ਦਿੱਲੀ ਦੇ ਪਾਰਟੀ ਦਫਤਰ
ਵੀ ਦਰਬਾਰਾ ਸਿੰਘ, ਜਸਪਾਲ ਅਤੇ ਮੈਂ ਇਕੱਠੇ ਗਏ ਸਾਂ ਅਤੇ ਆਉਂਦੀ ਵੇਰ ਰੇਲ ਵਿਚ ਇਕੱਠੀ
ਯਾਤਰਾ ਕੀਤੀ ਸੀ। ਰਵੀ ਦੇ ਭੋਗ 'ਤੇ ਵੀ ਅਸੀਂ ਇਕੱਠੇ ਪਟਿਆਲੇ ਗਏ ਸਾਂ ਜਿਸ ਵਿਚ ਸਵੱਰਗੀ
ਪਾਲ ਸਿੰਘ ਵੀ ਸਾਡੇ ਨਾਲ ਸੀ ਜਿਹੜਾ ਇਕ ਵਾਰ ਜਰਮਨੀ ਵਿਚ ਮਾਰਕਸ 'ਤੇ ਪਰਚਾ ਵੀ ਪੜ੍ਹ ਆਇਆ
ਸੀ।
ਜਸਪਾਲ ਨਾਲ ਮੇਰੀ ਮਿੱਤਰਤਾ ਜਿੰਦਗੀ ਵਿਚ ਵਾਪਰਦੀਆਂ ਬਹੁਤ ਸਾਰੀਆਂ ਅਚਾਨਕੀ ਘਟਨਾਵਾਂ ਵਾਂਗ
ਹੋਈ। ਇਸ ਮੌਕਾਮੇਲ ਦਾ ਸੰਬੰਧ ਵੀ ਪ੍ਰਤਾਪ ਮਹਿਤਾ ਦੀ ਦੁਕਾਨ ਹੀ ਸੀ ਅਤੇ ਮੇਰਾ ਕਿਤਾਬਾਂ
ਦੀ ਦੁਨੀਆਂ ਦੇ ਬੰਦਿਆਂ ਨਾਲ ਮੋਹ। ਇਹ ਇਸ ਮੌਕਾਮੇਲ ਦੇ ਹੀ ਰੰਗ ਦਾ ਅੰਗ ਹੀ ਸੀ। ਸ਼ਾਇਦ ਜੇ
ਮੈਂ ਚੰਡੀਗੜ੍ਹ ਨਾ ਰਹਿੰਦਾ ਹੁੰਦਾ ਤਾਂ ਮੈਂ ਮਾਰਕਸਵਾਦ ਅਤੇ ਸਾਹਿਤ ਰਚਨਾ ਅਤੇ ਪਰਖ ਦੇ
ਆਧੁਨਿਕ ਰੁਝਾਨਾਂ ਦੇ ਇਸ ਤਰ੍ਹਾਂ ਕਰੀਬ ਨਾ ਹੋ ਸਕਦਾ। ਮੈਨੂੰ ਯਾਦ ਹੈ ਜਸਪਾਲ ਸਿੰਘ ਨਾਲ
ਮੇਰੀ ਲਗਾਤਾਰਤਾ ਨਾਲ ਜੁੜੀ ਜੁੱਟਮੰਡਲੀ ਹੀ ਸੀ ਜਿਸ ਕਾਰਣ ਮੈਂ ਕਵਿਤਾ ਤੋਂ ਬਾਹਰ ਨਿਕਲ ਕੇ
ਆਲੇ ਦੁਆਲੇ ਦੇ ਚਿੰਤਕੀ ਮਾਹੌਲ ਵਿਚ ਝਾਤ ਮਾਰ ਸਕਿਆ ਅਤੇ ਰਚਨਾਮਿਕ ਵਾਰਤਕ ਅਤੇ ਆਲੋਚਨਾ ਦੇ
ਖ਼ੇਤਰ ਵਿਚ ਪੈਰ ਰਖ ਸਕਿਆ। ਇਸ ਦਾ ਭਾਵੇਂ ਨੁਕਸਾਨ ਇਹ ਹੋਇਆ ਕਿ ਕਵਿਤਾ ਵੱਲ ਮੇਰੀ ਰੁਚੀ
ਨੂੰ 20 ਸਾਲ ਦੇ ਲੰਮੇ ਦੇ ਵਕਫੇ ਦੀ ਵਾਟ ਝਲਣੀ ਪਈ। ਕਵਿਤਾ ਦੀ ਮੇਰੀ ਪਹਿਲੀ ਕਿਤਾਬ ਜਿਹੜੀ
1981 ਵਿਚ ਪ੍ਰਤਾਪ ਮਹਿਤਾ ਨੇ ਛਾਪੀ,ਨਿੱਕੀਆਂ ਬੇੜੀਆਂ ਨਿੱਕੇ ਚੱਪੂ, ਉਹ ਜਸਪਾਲ ਵਲੋਂ
ਮਿਲੇ ਉਤਸ਼ਾਹ ਦਾ ਹੀ ਨਤੀਜਾ ਸੀ। ਮੇਰੀ ਦੁਸਰੀ ਕਾਵਿ-ਪੁਸਤਕ ਨੂੰ 15 ਸਾਲ ਦਾ ਦੀ ਉਡੀਕ
ਕਰਨੀ ਪਈ। ਰੋਲਾਂ ਬਾਰਤ, ਅਲਥੂਸਰ, ਕਾਮੂ, ਨੀਤਸ਼ੇ, ਪੇਅਰੀ ਮਸ਼ੈਅਰੀ, ਫੁਕੋ,ਲਾਕਾਂ,
ਕਾਡਵੈੱਲ,ਹੈਡੇਗਰ, ਮਾਰਲੋਪੋਂਤੀ ਆਦਿ ਮੈਨੂੰ ਜਸਪਾਲ ਸਦਕਾ ਹੀ ਕਿਤਾਬਾਂ ਵਿਚ ਮਿਲ ਸਕੇ।
ਅੰਗਰੇਜ਼ੀ ਟਿ੍ਿਰਬਊਨ ਵਿਚ ਪ੍ਰਕਾਸ਼ਿਤ ਮੇਰੇ ਪੁਸਤਕ ਰਿਵਿਊ ਵੀ ਕਿਸੇ ਹੱਦ ਤੀਕ ਜਸਪਾਲ ਅਤੇ
ਰਾਮਾਸਾਮੀ ਦੀ ਹੀ ਦੇਣ ਸਨ। ਅੰਮ੍ਰਿਤਾ ਪ੍ਰੀਤਮ ਦੀ ਹਿੰਦੀ ਪੁਸਤਕ, ਏਕ ਥੀ ਸਾਰਾ ਦਾ
ਅੰਗਰੇਜ਼ੀ ਅਨੁਵਾਦ ਵੀ ਮੈਂ ਜਸਪਾਲ ਦੀ ਨਜ਼ਰਗੋਚਰੇ ਕਰਨ ਤੋਂ ਬਾਅਦ ਹੀ ਪ੍ਰਕਾਸ਼ਨ-ਹਿੱਤ ਫਾਈਨਲ
ਕੀਤਾ ਸੀ।
ਇਕ ਵਾਰ ਅਸੀਂ ਦਿੱਲੀ ਵਿਚ ਸਾਂ। ਇਹ ਅਸੀਵਿਆਂ ਦੇ ਆਖ਼ੀਰੀ ਸਾਲ ਸਨ। ਸਾਨੂੰ ਇਹ ਅਵਸਰ ਪਸਤਕ
ਮੇਲੇ ਨੇ ਪ੍ਰਦਾਨ ਕੀਤਾ ਸੀ। ਅਸੀਂ ਇਕ ਪ੍ਰਦਰਸ਼ਨੀ ਹਾਲ ਦੀ ਪਹਿਲੀ ਮੰਜ਼ਲ ਦੇ ਆਗਣ ਵਿਚ ਖੜੇ
ਸਾਂ ਕਿ ਜਸਪਾਲ ਹੇਠਾਂ ਸਾਡੇ ਆਲੇ ਦੁਆਲੇ ਵੱਖ ਵੱਖ ਪ੍ਰਦਸ਼ਨੀ ਹਾਲਾਂ ਵਿਚ ਪਾਠਕਾਂ ਦੀ ਜੁੜੀ
ਭੀੜ ਵੇਖ ਕੇ ਕਹਿਣ ਲੱਗਾ, " ਜਦੋਂ ਇੰਨਕਲਾਬ ਆਏਗਾ ਤਾਂ ਅਸੀਂ ਇਸੇ ਤਰ੍ਹਾਂ ਦੇ ਮੇਲੇ
ਪਿੰਡਾਂ ਵਿਚ ਵੀ ਲਗਾਇਆ ਕਰਾਂਗੇ।ਇਸੇ ਫੇਰੀ ਦੋਰਾਨਰਾ ਮੈਨੂੰ ਅੰਮ੍ਰਿਤਾ ਪ੍ਰੀਤਮ ਨੂੰ ਵੀ
ਨਹੀਂ ਮਿਲਣ ਦਿੱਤਾ ਸੀ ਇਹ ਕਹਿ ਕੇ ਕਿ ਉਹ ਬੁਰਜੁਆ ਲੇਖਕ ਹੈ। ਇਥੋਂ ਤੀਕ ਕਿ ਉਸ ਦੇ ਕਹਿਣ
'ਤੇ ਮੈਂ ਨਾਗਮਣੀ ਵਿਚ ਕਵਿਤਾਵਾਂ ਅਤੇ ਲੇਖ ਭੇਜਣੇ ਵੀ ਬੰਦ ਕਰ ਦਿੱਤੇ। ਮੇਰਾ ਕਵਿਤਾ ਤੋਂ
ਅਵੇਸਲਾਪਣ ਵੱਧਦਾ ਗਿਆ। ਉਹਨਾਂ ਦਿੰਨਾਂ ਵਿਚ ਜਸਪਾਲ ਵਰਗਿਆਂ ਦੀ ਸੰਗਤ ਕਾਰਣ ਮੈਂ
ਨਿੰਦਣਯੋਗ ਕਿਤਾਬਾਂ ਜਿਹਨਾਂ ਵਿਚ ਫੋਕੋਯਾਮਾ ਦੀ ਐੰਡ ਆਫ ਹਿਸਟਰੀ ਐਂਡ ਦ ਲਾਸਟ ਮੈਨ
ਵਰਗੀਆਂ ਕਿਤਾਬਾਂ ਸਨ ਕਿਤਾਬਾਂ ਪੜ੍ਹਣ ਲਗਾ ਤਾਂ ਕਿ ਵੇਖ ਸਕਾ ਇਹਨਾਂ ਵਿਚ ਕੀ ਊੁਲਜਲੂਲ
ਛਾਪਿਆ ਗਿਆ ਹੈ ਇਸ ਦੇ ਵਿਪਰੀਤ ਮੈਂ ਟੈਰੀ ਗਿਲਟਨ, ਹੈਨਰੀ ਜੇਮਜ਼ਸਨ, ਰੇਮੰਡ ਵਿਲੀਅਮਜ,
ਚੌਮਸਕੀ ਆਦਿ ਦੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਣ ਲਗਾ ਜਿਹਨਾਂ ਦੀ ਮੈਨੂੰ ਥੁਹੜੀ ਬਹੁਤ ਹੀ
ਸਮਝ ਪੈਂਦੀ ਸੀ। ਜਦ ਮੈਂ ਇਕੱਲਾ ਬਠਿੰਡੇ ਗਿਆ ਤਾਂ ਮੈਂ ਹਰ ਦੂਜੇ ਤੀਜੇ ਮਹੀਨੇ ਦਿੱਲੀ
ਬੁੱਕਵਾਰਮ ਦੇ ਜਾਂਦਾ ਅਤੇ ਉਹੀ ਕਿਤਾਬਾਂ ਖਰੀਦਦਾ ਜਿਹਨਾਂ ਦਾ ਕਦੀ ਜਸਪਾਲ ਨੇ ਕਿਸੇ ਪਿਛਲੀ
ਮਿਲਣੀ ਵਿਚ ਜ਼ਿਕਰ ਕੀਤਾ ਹੁੰਦਾ। ਜਸਪਾਲ ਦਾ ਪੀਐਚ ਡੀ ਕਰਨ ਦੇ ਸਿਲਸਿਲੇ ਵਿਚ ਜਵਾਰਲ ਲਾਲ
ਯੂਨੀਵਰਸੱਟੀ ਵਿਚ ਗੇੜਾ ਲਗਦਾ ਰਹਿੰਦਾ ਸੀ ਜਿਸ ਸਮੇਂ ਹਰਜੀਤ ਸਿੰਘ ਗਿੱਲ ਉਥੇ ਹੁੰਦਾ
ਸੀ।ਦੋ ਕੁ ਬਾਰ ਮੈਂ ਵੀ ਨਾਲ ਸਾਂ। ਸਿਆਲ ਦੇ ਦਿਨ ਸਨ ਅਤੇ ਗਿੱਲ ਸਾਹਬ ਦੇਸੀ ਖੇਸੀ ਦੀ
ਬੁਕਲ ਮਾਰ ਕੇ ਬੈਠੇ ਸਨ। ੳਥੇ ਪਟਿਆਲੇ ਤੋਂ ਸੁਰਜੀਤ ਲੀ ਵੀ ਆਇਆ ਹੋਇਆ ਸੀ ਜਿਹੜਾ ਸਾਂਝੀ
ਕਲਾ 'ਤੇ ਜਸਪਾਲ ਵਾਂਗ ਹਰਜੀਤ ਸਿੰਘ ਗਿੱਲ ਦੇ ਦੇਖ ਰੇਖ ਹੇਠ ਪੀਐਚਡੀ ਕਰ ਰਿਹਾ ਸੀ.ਉਸ
ਦਿੰਨ ਪ੍ਰੋ. ਗਿੱਲ ਹੋਰਾਂ ਦਾ ਜਲੋਅ ਵੇਖਣ ਵਾਲਾ ਸੀ.
ਵਕਤ ਪਾ ਕੇ ਜਸਪਾਲ ਦੇ ਬਹੁਤ ਸਾਰੇ ਮਿੱਤਰ ਮੇਰੇ ਵੀ ਨਜ਼ਦੀਕੀ ਬਣ ਗਏ ਅਤੇ ਜਾਂ ਕਰੀਬੀ ਜਾਣੂ
ਹੋ ਗਏ। ਇਹਨਾਂ ਵਿਚ ਬਹੁਤ ਸਾਰਿਆਂ ਨੂੰ ਮੈਂ ਅਧਿਕਤਰ ਜਸਪਾਲ ਦੇ ਘਰ, ਸਾਂਝੇ ਦੋਸਤ
ਰਾਮਾਸਾਮੀ ਦੇ ਘਰ ਜਾਂ ਦਫਤਰ, ਜਾਂ ਪ੍ਰਤਾਪ ਦੀ ਕੁਲੈਕਟਿਵ ਪ੍ਰਕਾਸ਼ਨ ਦੇ ਦਫਤਰ ਵਿਚ ਹੀ
ਮਿਲਿਆ ਹੁੰਦਾ ਸਾਂ। ਇਹਨਾਂ ਵਿਚ ਸੀਪੀਐਮ ਦੇ ਬਲਵੰਤ ਸਿੰਘ, ਸੋਮ ਪੀ ਰੰਚਨ, ਜੋਗਿੰਦਰ ਸਿੰਘ
ਪੁਆਰ, ਐਸ ਪੀ ਧਵਨ, ਸਵਰਾਜ ਚੌਹਾਨ, ਮਰਹੂਮ ਰਵਿੰਦਰ ਰਵੀ, ਸ਼ੌਕੀਨ ਸਿੰਘ, ਜਰਨੈਲ ਰੰਗੀ ਆਦਿ
ਆਉਂਦੇ ਹਨ। ਸਾਡੀ ਸਾਂਝੀ ਜੁੰਡਲੀ ਵਿਚ ਤਾਂ ਹੋਰ ਵੀ ਬਹੁਤ ਸਾਰੇ ਚਿਹਰੇ ਵੇਖੇ ਜਾ ਸਕਦੇ ਸਨ
ਜੋਗਾ ਸਿੰਘ,ਹਰਦਿਲਜੀਤ ਸਿੰਘ ਲਾਲੀ,ਲੋਕ ਨਾਥ,ਭੂਸ਼ਨ, ਮੋਹਨ ਭੰਡਾਰੀ, ਗੁਰਬਚਨ, ਸੁੱਖਵਿੰਦਰ
ਕੰਬੋਜ, ਹਰਭਜਨ ਹਲਵਾਰਵੀ, ਮਲਕੀਤ ਆਰਟਿਸਟ, ਮਰਹੂਮ ਨਰਿੰਦਰ ਜੋਸੀ,ਗੁਰਦੀਪ,ਤ੍ਰਲੋਚਨ
ਗਰੇਵਾਲ, ਸੱਤ ਪਾਲ ਗੌਤਮ, ਅਨੂਪ ਵਿਰਕ,ਰਾਣਾ ਨਈਅਰ, ਦਲਵੀਰ, ਗੁਰਦਿਆਲ ਬੱਲ,ਦਲਜੀਤ
ਸਿੰਘ,ਹਰਸਰਨ ਸਿੰਘ, ਅਮਰ ਗਿਰੀ, ਦੇਵ ਭਾਰਦਵਾਜ਼ ਆਦਿ।
ਜਸਪਾਲ ਸਿੰਘ ਦਾ ਚਿੰਤਕੀ ਅਤੇ ਕਿਤਾਬੀ ਘੇਰਾ ਬਹੁਤ ਵੱਡਾ ਹੈ। ਉਸ ਨੂੰ ਪੜ੍ਹਣ ਦਾ ਮੁਢ ਤੋਂ
ਹੀ ਸ਼ੌਕ ਰਿਹਾ ਹੈ। ਮਾਰਕਸ਼ਿਜ਼ਮ, ਪੱਛਮੀ ਦਰਸ਼ਨ, ਚਿਹਨ ਵਿਗਿਆਨ, ਭਾਸ਼ਾ ਵਿਗਿਆਨ, ਰਾਜਨੀਤੀ,
ਵਿਸ਼ਵ ਅਤੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਉਸ ਦੇ ਚਹੇਤੇ ਮਨਨ ਅਤੇ ਕਾਰਜ਼ ਦੇ ਖੇਤਰ ਹਨ। ਉਸ
ਨੇ ਹਰਜੀਤ ਸਿੰਘ ਗਿੱਲ ਦੀ ਦੇਖਰੇਖ ਹੇਠ ਪੀਐਚ ਡੀ ਕੀਤੀ ਹੈ ਜਿਸ ਦਾ ਵਿਸ਼ਾ ਸੀ ਮਿੰਗਵੇਅ ਦੇ
ਨਾਵਲ ਫਾਰ ਹੂਮ ਦ ਬੈੱਲ ਟਾਲਜ਼ ਦਾ ਚਿਹਨਵਿਗਿਆਨਕ ਅਧਿਅਨ। ਇਸ ਥੀਸਿਜ਼ ਦੇ ਕਈ ਚੈਪਟਰ ਉਸ
ਗਾਹੇ ਬਗਾਹੇ ਮੇਰੇ ਨਾਲ ਵੀ ਸਾਂਝੇ ਕੀਤੇ ਸਨ। ਇਹ ਨਾਵਲ ਸਪੇਨੀ ਖਾਨਾਜੰਗੀ ਵਿਚ ਉਥੋਂ ਦੇ
ਤਾਨਾਸ਼ਾਹ ਵਿਰੁੱਧ ਸੰਸਾਰ ਭਰ ਤੋਂ ਆਏ ਖੱਬੇ-ਪੱਖੀ ਸਾਹਿਤਕਾਰਾਂ ਕਲਾਕਾਰਾਂ, ਬੁਧੀਜੀਵੀਆਂ
ਅਤੇ ਸਮਾਜਕ ਐਕਟਿਵਿਸਟਾਂ ਜਿਹਨਾਂ ਵਿਚ ਕਰਿਟੋਫਰ ਕਾਡਵੈਲ, ਹੈਮਿੰਗਵੇਅ ਵਰਗੀਆਂ ਸ਼ਖ਼ਸ਼ੀਅੱਤਾਂ
ਵੀ ਸ਼ਾਮਿਲ ਸਨ ਦੇ ਕਾਰਣ ਵਿਸ਼ੇਸ਼ ਮਹੱਤਵ ਰਖਦਾ ਹੈ। ਬਾਅਦ ਵਿਚ ਜਸਪਾਲ ਸੰਘ ਦਾ ਇਹ ਖੋਜਭਰਪੂਰ
ਥੀਸਿੱਸ ਪੁਸਤਕੀ ਰੂਪ ਵਿਚ ਵੀ ਪ੍ਰਕਾਸ਼ਿੱਤ ਹੋ ਗਿਆ ਸੀ।
ਅੰਗਰੇਜ਼ੀ ਟਿ੍ਰਬਿਊਨ ਵਿਚ ਜਸਪਾਲ ਸਿੰਘ ਨੇ ਲਗਾਤਾਰ ਕਈ ਸਾਲ ਪੰਜਾਬੀ ਅਤੇ ਵਿਸ਼ਵ ਸਾਹਿਤ
ਦੀਆਂ ਨਵਪ੍ਰਕਾਸ਼ਿਤ ਉੱਘੀਆਂ ਪੁਸਤਕਾਂ ਦੇ ਰੀਵਿਊ ਵੀ ਲਿਖੇ ਹਨ ਜਿਹੜੇ ਬੜੇ ਸਲਾਹੇ ਜਾਂਦੇ
ਸਨ। ਉਸ ਮੇਰੀ ਕਾਵਿ-ਪੁਸਤਕ, ਸਪਤਕ ਦਾ ਰਿਵਿਊ ਵੀ ਆਪਣੀ ਵਿਸ਼ੇਸ਼ ਸ਼ੈਲੀ ਵਿਚ ਕੀਤਾ ਸੀ। ਉਸ
ਦੇ ਕਈ ਪਸਤਕ ਰਿਵਿਊ ਚਰਚਾ ਛੇੜਣ ਅਤੇ ਬਹਿਸਬਾਜ਼ੀ ਦਾ ਕਾਰਣ ਵੀ ਬਣੇ ਜਿਹੜੀ ਕਿਸੇ ਵੀ ਅਖ਼ਬਾਰ
ਜਾਂ ਰਸਾਲੇ ਦੀ ਮਸ਼ਹੂਰੀ ਲਈ ਲਾਭਦਾਇਕ ਹੁੰਦੀ ਹੈ। ਪਿਛਲੇਰੇ ਵਰ੍ਹੇ ਅਮਰੀਕਾ ਵਿਚ ਗਦਰ ਲਹਿਰ
ਦਾ ਸੌ ਸਾਲਾ ਬਰਸੀ ਮਨਾਈ ਗਈ ਸੀ। ਅਜੇਹੇ ਉਤਸਵਾਂ ਦਾ ਮੁੱਖ ਕੇਂਦਰ ਸਟਾਕਟਨ ਯੂਨੀਵਰਸਿਟੀ
ਸੀ ਅਤੇ ਇਸੇ ਸ਼ਹਿਰ ਦਾ ਪੁਰਾਤਨ ਗੁਰਦਵਾਰਾ ਜਿਥੋਂ ਇਸ ਲਹਿਰ ਦਾ ਆਰੰਭ ਹੋਇਆ। ਇਸ
ਯੂਨੀਵਰਸਿਟੀ ਵਿਚ ਜਸਪਾਲ ਸਿੰਘ ਨੇ ਕਈ ਅਸਰਦਾਰ ਭਾਸ਼ਨ ਦਿੱਤੇ। ਇਹਨਾਂ ਉਤਸਵਾਂ ਵਿਚ ਵਿਸ਼ਵਭਰ
ਤੋਂ ਚਿੰਤਕਾਂ ਅਤੇ ਲੀਡਰਾਂ ਨੇ ਸ਼ਿਰਕਤ ਕੀਤੀ ਸੀ। ਭਾਰਤ ਤੋਂ ਇਹਨਾਂ ਸਮਾਗਮਾਂ ਵਿਚ ਹਿੱਸਾ
ਲੈਣ ਅਤੇ ਇਸ ਬਾਰੇ ਲਿਖਤਾਂ ਨੂੰ ਇਕੱਤਰ ਕਰਨ ਅਤੇ ਸੰਪਦਕੀ ਕਾਰਜ ਲਈ ਜਸਪਾਲ ਸਿੰਘ ਨੂੰ
ਉਚੇਚੇ ਤੌਰ 'ਤੇ ਬੁਲਾਇਆ ਗਿਆ ਸੀ। ਇਹਨਾਂ ਭਾਸ਼ਨਾਂ ਅਤੇ ਲੇਖਾਂ ਦੀਆਂ ਦੋ ਵੱਡਅਕਾਰੀ
ਪੁਸਤਕਾਂ ਵੀ ਹੋਂਦ ਵਿਚ ਆਈਆਂ। ਪਤਾ ਲੱਗਾ ਹੈ ਕਿ ਅਗੰਰੇਜ਼ੀ ਵਾਲੀ ਪੱਸਤਕ ਦੀ ਤਾਂ ਦੂਸਰੀ
ਐਡੀਸ਼ਨ ਵੀ ਛੇਤੀਂ ਹੀ ਪ੍ਰਕਾਸ਼ਿਤ ਹੋ ਰਹੀ ਹੈ।
ਜਸਪਾਲ ਸਿੰਘ ਕੈਨੇਡਾ ਤੋਂ ਸਾਫ਼ਟ ਕਾਪੀ ਵਿਚ ਪ੍ਰਕਾਸ਼ਿਤ ਵੀਕਲੀ ਪੱਤਰ, ਸਾਊਥ ਏਸ਼ੀਅਨ ਪੋਸਟ
ਦਾ ਵੀ ਆਸ਼ੋਸ਼ੀਏਟਿੱਡ ਐਡੀਟਰ ਹੈ। ਉਸ ਦੇ ਬਹੁਤ ਸਾਰੇ ਪੰਜਾਬੀ ਸਾਹਿਤ ਬਾਰੇ ਲੇਖ ਇਸ ਪਰਚੇ
ਦੇ ਆਰਕਾਈਵ ਵਿਚ ਪੜ੍ਹੇ ਜਾ ਸਕਦੇ ਹਨ। ਪਿਛਲੇ ਸਾਲ ਉਹ ਆਪਣੀ ਕੈਨੇਡਾ ਅਤੇ ਇੰਗਲੈਂਡ ਦੀ
ਯਾਤਰਾ ਦੌਰਾਨ ਇਕ ਦਿੰਨ ਉਚੇਚਾ ਟੋਰੰਟੋ ਤੋਂ ਟਰਿੰਟਨ ਮੈਨੂੰ ਮਿਲਣ ਆਇਆ ਸੀ। ਉਸ ਦਿਨ ਅਸੀਂ
ਪਿਛਲੀਆਂ ਯਾਦਾਂ ਵਿਚ ਘਿਰੇ ਰਹੇ।
ਕਈ ਬਾਰ ਮੈਨੂੰ ਜਾਪਦਾ ਹੈ ਜੀਕਣ ਅੰਤਮ ਭਾਵ ਵਿਚ ਸਾਡਾ ਅਸਤਿਤਵ ਹੱਡ ਮਾਸ ਦੇ ਨਾ ਹੋ ਕੇ
ਕੇਵਲ ਯਾਦਾਂ ਦੇ ਬਣਿਆ ਹੋਇਆ ਹੋਵੇ। ਇਹ ਅਹਿਸਾਸ ਹਰ ਪਿਛੱਲਝਾਤ ਨਾਲ ਸਾਡੇ ਮੂਹਰੇ ਆ ਜਾਂਦਾ
ਹੈ। ਬੱਸ ਹੁਣ ਦੀ ਘੜੀ ਹੀ ਹੈ ਜਿਹੜੀ ਸਾਡਾ ਵਿਅੱਕਤੀਤੱਵ ਬੁਣਦੀ ਹੈ ਅਤੇ ਫਿਰ ਦੂਸਰੇ ਪਲ
ਹੀ ਇਹ ਆਲੋਪ ਹੋ ਜਾਂਦੀ ਹੈ ਅਤੇ ਕੇਵਲ ਯਾਦ ਦੇ ਰੂਪ ਵਿਚ ਹੀ ਆਪਣੀ ਹੋਂਦ ਰਖਦੀ ਹੈ। ਇੰਜ
ਜਸਪਾਲ ਸਿੰਘ ਦੀ ਸਖਸ਼ੀਅੱਤ ਵੀ ਉਸ ਦੇ ਕਾਰਜ਼ਾਂ ਦੀਆਂ ਯਾਦਾਂ ਨਾਲ ਹੀ ਘੜੀ, ਜਾਣੀ ਅਤੇ ਮਾਣੀ
ਜਾ ਸਕਦੀ ਹੈ। ਸ਼ਾਇਦ ਸਾਡੇ ਸਭ ਦੀ ਸ਼ਖ਼ਸ਼ੀਅੱਤ ਵੀ।
-0-
|