Welcome to Seerat.ca
Welcome to Seerat.ca

ਮੇਰਾ ਕਮਰਾ, ਮੇਰੀ ਕਲਮ

 

- ਇਕਬਾਲ ਰਾਮੂਵਾਲੀਆ (ਕੈਨੇਡਾ)

ਨਾਵਲ ਅੰਸ਼ / ਇਕੱਲਾ

 

- ਹਰਜੀਤ ਅਟਵਾਲ

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ

 

- ਸਰਵਣ ਸਿੰਘ

ਪੰਜਾਬ ਹੀਰਿਆਂ ਦੀ ਖਾਣ

 

- ਗੁਰਬਚਨ ਸਿੰਘ ਭੁੱਲਰ

ਸਫਰ ਦੀ ਇਹ ਦੁਨੀਆ ...

 

- ਗੁਲਸ਼ਨ ਦਿਆਲ

ਦੋ ਰਚਨਾਵਾਂ / ਅਮਰ ਕਥਾ ਤੇ ਮਿੱਡ ਡੇ ਮੀਲ

 

- ਗੁਰਪ੍ਰੀਤ ਸਿੰਘ

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ‘ਅੰਨ੍ਹੇ ਘੋੜੇ ਦਾ ਦਾਨ‘ ਤੱਕ

 

-  ਗੁਰਦਿਆਲ ਸਿੰਘ ਬੱਲ

ਔਰਤ-ਰਹਿਤ ਔਰਤਾਂ ਦੀ ਅਵਾਜ਼?

 

- ਜਸਵਿੰਦਰ ਸੰਧੂ, ਬਰੈਂਪਟਨ

ਯਾਦਾਂ ਦੇ ਝਰੋਖੇ 'ਚੋਂ / ਮੇਰਾ ਮਿੱਤਰ ਜਸਪਾਲ ਸਿੰਘ

 

- ਗੁਰਦੇਵ ਚੌਹਾਨ

ਗੁਰਮੀਤ ਸਿੰਘ ਪਿੰਕੀ ਦੀਆਂ ‘ਚਿੰਘਾੜਾਂ‘ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ

 

- ਗੁਰਦਿਆਲ ਸਿੰਘ ਬੱਲ

ਕਲਾ ਦੀ ਕ੍ਰਿਸ਼ਮਈ-ਕਥਾ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਕਿਤਾਬਾਂ ਦੀ ਦੁਨੀਆ

 

- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ

 

- ਚਰਨਜੀਤ ਸਿੰਘ

ਬਜੁਰਗ ਸਾਡਾ ਸਰਮਾਇਆ ਜਾਂ...?

 

- ਗੁਰਬਾਜ ਸਿੰਘ ਖੈਰਦੀਨਕੇ

ਗਜ਼ਲ

 

- ਗੁਰਨਾਮ ਢਿੱਲੋਂ

ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ

 

- ਹਰਜਿੰਦਰ ਸਿੰਘ ਗੁਲਪੁਰ

ਖੜ੍ਹ ਓਏ ਤੇਰੇ ਦੀ........

 

- ਸੁਭਾਸ਼ ਰਾਬੜਾ

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ

 

- ਕਰਨ ਬਰਾੜ ਹਰੀਕੇ ਕਲਾਂ

ਗੱਦ-ਕਾਵਿ

 

- ਅਵਤਾਰ ਸਾਦਿਕ (ਇੰਗਲੈਂਡ)

ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ‘ਤੇਰੀ ਮੁਹੱਬਤ’

 

- ਅਵਤਾਰ ਸਾਦਿਕ

ਆਜ਼ਾਦ ਸੋਚ...... ਗ਼ੁਲਾਮ ਕੰਨ......

 

- ਮਨਮਿੰਦਰ ਢਿਲੋਂ

ਮਿੰਨੀ ਕਹਾਣੀ / ਵੋਮੈਨ-ਡੇ

 

- ਸੁਖਵਿੰਦਰ ਕੌਰ 'ਹਰਿਆਓ'

ਕਵਿਤਾਵਾਂ

 

- ਸੁਰਜੀਤ

 

Online Punjabi Magazine Seerat

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ‘ਅੰਨ੍ਹੇ ਘੋੜੇ ਦਾ ਦਾਨ‘ ਤੱਕ
-  ਗੁਰਦਿਆਲ ਸਿੰਘ ਬੱਲ

 

ਮਣੀ ਕੌਲ ਅਜਿਹਾ ਉਮਦਾ ਫਿਲਮਸਾਜ਼ ਸੀ ਜਿਸ ਕੋਲ ਕਿਤਾਬਾਂ ‘ਚ ਬੀੜੇ ਸ਼ਬਦਾਂ ਨੂੰ ਫਿਲਮਾਂ ਦੇ ਦ੍ਰਿਸ਼ਾਂ ਵਿਚ ਉਲਥਾਉਣ ਦੀ ਅਥਾਹ ਸਮਰੱਥਾ ਸੀ। ਉਸ ਨੇ ਜਿਸ ਢੰਗ ਨਾਲ ਸਾਹਿਤ ਦਾ ਸਿਨੇਮਾ ਵਿਚ ਤਰਜਮਾ ਕੀਤਾ, ਉਹ ਬੇਮਿਸਾਲ ਹੈ। 70ਵਿਆਂ ਵਿਚ ਜਦੋਂ ਵਕਤ, ਸੰਸਾਰ ਪੱਧਰ ‘ਤੇ ਕਰਵਟ ਲੈ ਰਿਹਾ ਸੀ ਤਾਂ ਮਣੀ ਕੌਲ ਨੇ ਭਾਰਤੀ ਸਿਨੇਮਾ ਵਿਚ ਚੋਖਾ ਵੱਢ ਮਾਰਿਆ ਅਤੇ ਉਹ ਸਿਨੇਮਾ ਦੀ ਨਵੀਂ ਲਹਿਰ ਦਾ ਮੋਹਰੀ ਹੋ ਨਿਬੜਿਆ। ਉਸ ਦੀ ਸਿਨੇਮਾਈ ਮੁਹਾਰਤ ਬਾਰੇ ਬਾਤ ਇਸ ਲੇਖ ਵਿਚ ਪਾਈ ਗਈ ਹੈ। ਮਣੀ ਕੌਲ ਦੇ ਬਹਾਨੇ ਭਾਰਤੀ ਅਤੇ ਸੰਸਾਰ ਸਾਹਿਤ ਅਤੇ ਸਿਨੇਮਾ ਦੀਆਂ ਵਡਮੁੱਲੀਆਂ ਰਚਨਾਵਾਂ ਖਾਸ ਕਰਕੇ ਰੂਸ ਦੇ ਮਹਾਨ ਲਿਖਾਰੀ ਫਿਓਦਰ ਦਾਸਤੋਵਸਕੀ ਅਤੇ ਹਿੰਦੀ ਦੇ ਉਚ ਕੋਟੀ ਦੇ ਲੇਖਕ - ਮੋਹਣ ਰਾਕੇਸ਼ ਦੇ ਕਲਾਤਮਿਕ ਸੰਸਾਰ ਨਾਲ ਮਣੀ ਕੌਲ ਦੇ ਆਕਰਸ਼ਨ ਦੀ ਚਰਚਾ ਵੀ ਅਸਾਂ ਕੀਤੀ ਹੈ। ‘ਪੰਜਾਬੀ ਅਵਾਜ਼‘ ਦੇ ਪਾਠਕਾਂ ਦੇ ਹੁੰਗਾਰੇ ਦੀ ਉਡੀਕ ਰਹੇਗੀ। ਸੰਪਾਦਕ।
ਗੁਰਦਿਆਲ ਸਿੰਘ ਬੱਲ
647-982-6091

ਚਾਰ ਕੁ ਸਾਲ ਪਹਿਲਾਂ ਭਾਰਤ ਦੇ ਮਹਾਨ ਪ੍ਰਤਿਭਾਸ਼ੀਲ ਫਿਲਮ ਨਿਰਦੇਸ਼ਕ ਮਣੀ ਕੌਲ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਦੁੱਖ ਲੱਗਿਆ ਸੀ। ਉਸ ਦੀ ਉਮਰ ਅਜੇ 65-66 ਵਰ੍ਹਿਆਂ ਤੋਂ ਵੱਧ ਨਹੀਂ ਸੀ। ਭਾਰਤੀ ਕਲਾ ਜਗਤ ਲਈ ਇਹ ਬਹੁਤ ਵੱਡਾ ਘਾਟਾ ਸੀ। ਖਬਰ ਸੁਣਦੇ ਸਾਰ ਮੇਰੇ ਮਨ ਅੰਦਰ ਸਾਲ 1940 ‘ਚ 20ਵੀਂ ਸਦੀ ਦੇ ਆਪਣੀ ਹੀ ਤਰ੍ਹਾਂ ਦੇ ਮਹਾਨ ‘ਸੂਫੀ‘ ਚਿੰਤਕ ਵਾਲਟਰ ਬੈਂਜਾਮਿਨ ਦੇ ਜਰਮਨ ਨਾਜ਼ੀਆਂ ਹੱਥੋਂ ਤੰਗ ਪੈ ਕੇ ਆਤਮ ਹੱਤਿਆ ਕਰ ਜਾਣ ਤੇ ਉਸ ਦੇ ਦੋਸਤ ਬਰਖੋਲਟ ਬਰੈਖਤ ਦੇ ਅਤਿ ਉਦਾਸ ਲਹਿਜੇ ਵਿਚ ਕਹੇ ਸ਼ਬਦ ਉਭਰ ਗਏ। ਬਰੈਖਤ ਅਨੁਸਾਰ ਬੈਂਜਾਮਿਨ ਦੀ ਮੌਤ ਨਾਜ਼ੀਆਂ ਵੱਲੋਂ ਮਹਾਨ ਜਰਮਨ ਸਭਿਆਚਾਰ, ਸਾਹਿਤ ਅਤੇ ਕਲਾ ਦੇ ਖੇਤਰ ਨੂੰ ਮਾਰੀ ਗਈ ਸਭ ਤੋਂ ਵੱਡੀ ਸੱਟ ਸੀ। ਜਰਮਨ ਦਾਰਸ਼ਨਿਕ Hanna Arndt ਦੀ ‘ਮੈਨ ਇਨ ਡਾਰਕ ਟਾਈਮਜ਼‘ ਪਿਛਲੇ 40 ਵਰ੍ਹਿਆਂ ਤੋਂ ਮੇਰੀ ਮਨਭਾਉਂਦੀ ਕਿਤਾਬ ਹੈ ਅਤੇ ਇਸ ਵਿਚ ਵਾਲਟਰ ਬੈਂਜਾਮਿਨ ਦੇ ਦੁਖਾਂਤ ਦਾ ਜ਼ਿਕਰ ਬਹੁਤ ਹੀ ਮਾਰਮਿਕ ਤਰੀਕੇ ਨਾਲ ਕੀਤਾ ਹੋਇਆ ਹੈ। ਮਣੀ ਕੌਲ ਦੀ ਮੌਤ ਲਈ ਅਜਿਹਾ ਕੋਈ ਕਾਰਨ ਜ਼ਿੰਮੇਵਾਰ ਭਲੇ ਹੀ ਨਹੀਂ ਸੀ ਫਿਰ ਵੀ ਪਤਾ ਨਹੀਂ ਕਿਉਂ ਉਸ ਦੀ ਮੌਤ ਦੀ ਖਬਰ ਨਾਲ ਵਾਲਟਰ ਬੈਂਜਾਮਿਨ ਦੀ ਮੌਤ ਦਾ ਚੇਤਾ ਆਈ ਜਾ ਰਿਹਾ ਸੀ।
ਮਨ ਅੰਦਰ ਮਣੀ ਕੌਲ ਅਤੇ ਵਾਲਟਰ ਬੈਂਜਾਮਿਨ ਦੀਆਂ ਸ਼ਖਸੀਅਤਾਂ ਅਤੇ ਦਿਲਚਸਪੀਆਂ ਦੀਆਂ ਕਈ ਸਾਂਝਾਂ ਉਭਰ ਰਹੀਆਂ ਸਨ। ਮਸਲਨ ਮਣੀ ਕੌਲ ਸਾਰੀ ਉਮਰ ਮਹਾਨ ਰੂਸੀ ਨਾਵਲਕਾਰ ਫਿਓਦੋਰ ਦਾਸਤੋਵਸਕੀ ਦੇ ਵਿਸ਼ਾਲ ਅਤੇ ਅੰਤਾਂ ਦੇ ਰਹੱਸਮਈ ਕਲਾ ਜਗਤ ਪ੍ਰਤੀ ਰੁਚਿਤ ਰਿਹਾ ਜਦੋਂ ਕਿ ਵਾਲਟਰ ਬੈਂਜਾਮਿਨ ਜ਼ਿੰਦਗੀ ਭਰ ਅਜਿਹੀ ਹੀ ਸ਼ਿੱਦਤ ਭਰੀ ਦਿਲਚਸਪੀ ਦਾਸਤੋਵਸਕੀ ਦੇ ਇਕ ਹੋਰ ਅਤਿ ਪ੍ਰਤਿਭਾਵਾਨ ਆਤਮਿਕ ਭਰਾ ਆਧੁਨਿਕ ਸੰਵੇਦਨਾ ਦੇ ਮੋਢੀ ਵਿਲੱਖਣ ਫਰਾਂਸੀਸੀ ਸ਼ਾਇਰ ਬਾਦਲੇਅਰ ਦੇ ਕਾਵਿ ਜਗਤ ਦੇ ਚਕਰਾ ਦੇਣ ਵਾਲੇ ਅੰਤਰ ਦਵੰਦਾਂ ਦੀਆਂ ਜੜ੍ਹਾਂ ਨੂੰ ਸਮਝਣ ਵਿਚ ਲੈਂਦਾ ਰਿਹਾ।
ਮਣੀ ਕੌਲ ਵਲੋਂ ਆਪਣੀ ਫਿਲਮ ਨਿਰਮਾਣ ਕਲਾ ਦੇ ਸਿਖਰ ਤੇ ਦਾਸਤੋਵਸਕੀ ਦੇ ਸਿਰੇ ਦੇ ਅਦਭੁੱਤ ਨਾਵਲ ‘ਬੁੱਧੂ‘ (ਇਡੀਅਟ) ‘ਤੇ ਆਧਾਰਤ ਤਿੰਨ ਹਿੱਸਿਆਂ ‘ਚ ਬਣਾਈ ਫਿਲਮ-ਅਸੀਮ ਦਾਦ ਦੇ ਕਾਬਲ ਹੈ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਦਾਸਤੋਵਸਕੀ ਸ਼ਹਿਜਾਦੇ ਮਿਸ਼ਕਨ ਦੇ ਕਿਰਦਾਰ ਦੇ ਰੂਪ ਵਿਚ ਹਜ਼ਰਤ ਈਸਾ ਦਾ ਕੋਈ ਆਧੁਨਿਕ ਬਿੰਬ ਹੀ ਸਿਰਜਣਾ ਚਾਹੁੰਦਾ ਸੀ। ਪ੍ਰੰਤੂ ਇਹ ਗੱਲ ਮਨ ਨੂੰ ਜ਼ਿਆਦਾ ਜਚਦੀ ਨਹੀਂ ਹੈ। ਅਸਲ ਵਿਚ ‘ਬੁੱਧੂ‘ ਵਿਚ ਅਨੰਤ ਮੁਹੱਬਤ ਦੇ ਵਿਰੋਧਾਭਾਸਾਂ ਨੂੰ ਸਮਝਣ ਅਤੇ ਆਸ਼ਕਾਰ ਕਰਨ ਦੀ ਪ੍ਰੋਮੀਥੀਅਨ ਕੋਸ਼ਿਸ਼ ਕੀਤੀ ਹੈ। ਦਾਸਤੋਵਸਕੀ, ਮਹਾਨ ਨਾਵਲਕਾਰ ਬਾਲਜ਼ਾਕ ਦੇ ਕਹਿਣ ਅਨੁਸਾਰ, ਆਪਣੀ ਕਥਾ ਨੂੰ ‘ਮੁਹੱਬਤ ਦੀ ਭਿਆਨਕ ਤਿਕੋਣ‘ ਦੇ ਤਸੱਵਰ ਨਾਲ ਜੁੜੀ ਅੰਤਹਿਕਰਨ ਦੀ ਪੀੜ ਨੂੰ ਨੁਮਾਇਆ ਕਰਨ ਤੱਕ ਹੀ ਮਹਿਦੂਦ ਨਹੀਂ ਰਹਿਣ ਦਿੰਦਾ। ਇਥੇ ਪ੍ਰਿੰਸ ਮਿਸ਼ਕਿਨ ਦੇ ਇਰਦ ਗਿਰਦ ਅਗਿਲੀਆ ਇਵਾਨੋਵਨਾ ਅਤੇ ਨਾਸਤਾਸੀਆ ਫਿਲੀਪੋਵਨਾ ਦੇ ਨਾਲ ਨਾਲ ਰੌਗੋਜਿਨ ਵਰਗੀ ਸ਼ਕਤੀਸ਼ਾਲੀ ਚੌਥੀ ਧਿਰ ਵੀ ਹਾਜ਼ਰ ਹੈ। ਇਸ ਮਹਾਨ ਵਿਚਿੱਤਰ ਕਥਾ ਦੇ ਅਖੀਰ ਵਿਚ ਦਾਸਤੋਵਸਕੀ ਨੇ ਮਨੁੱਖੀ ਹਿਰਦੇ ਦੀਆਂ ਆਪਾਵਿਰੋਧੀ ਭਿਆਨਕ ਤੈਹਾਂ ਨੂੰ ਬੜੀ ਹੀ ਬੇਬਾਕੀ ਨਾਲ ਫਰੋਲਿਆ ਹੈ। ਨਾਵਲੀ ਕਥਾ ਦੇ ਅੰਤ ਤੇ ਪ੍ਰਿੰਸ ਮਿਸ਼ਕਿਨ ਨਾਲ ਵਿਆਹ ਦੀ ਵੇਦੀ ‘ਤੇ ਬੈਠੀ ਬੈਠੀ ਨਾਸਤਾਸੀਆ, ਰੌਗੋਜਿਨ ਦੇ ਅਚਾਨਕ ਸਾਹਮਣੇ ਆ ਜਾਣ ਤੇ ਸਾਰੇ ਪ੍ਰਪੰਚ ਨੂੰ ਛੱਡ ਛਡਾ ਕੇ ਉਸ ਨੂੰ ਧਾ ਜੱਫੀ ਪਾਉਂਦੀ ਹੈ-ਜੋ ਕਿ ਅੱਗੋਂ ਉਸ ਲਈ ਆਪਣੀ ਅਸੀਮ ਮੁਹੱਬਤ ਦੇ ਅਤਿ ਘਾਤਕ ‘ਇਜ਼ਹਾਰ‘ ਵਜੋਂ ਛੁਰਾ ਉਸ ਦੀ ਛਾਤੀ ਅੰਦਰ ਘੋਪ ਦਿੰਦਾ ਹੈ। ਇਹ ਭਾਣਾ ਵਾਪਰਨ ਤੋਂ ਬਾਅਦ ਮਿਸ਼ਕਿਨ ਅਤੇ ਰੌਗੋਜਿਨ-ਦੋਵੇਂ ‘ਰਕੀਬ‘ ਜਿਸ ਕਿਸਮ ਦੀ ਤੱਕਣੀ ਨਾਲ ਇਕ ਦੂਸਰੇ ਦਾ ਸਾਹਮਣਾ ਕਰਦੇ ਹਨ, ਜਿਸ ਕਿਸਮ ਦੀ ਬੇਬਸੀ ਦੋਵਾਂ ਆਦਮੀਆਂ ਦੀਆਂ ਨਿਗਾਹਾਂ ਵਿਚ ਹੈ-ਉਸ ਦਾ ਨਜ਼ਾਰਾ ਕਰਦਿਆਂ ਵੀ ਇਨਸਾਨ ਦੀ ਰੂਹ ਕੰਬ ਕੇ ਰਹਿ ਜਾਂਦੀ ਹੈ। 
ਲਿਓਨਾਰਦੋ ਦ ਵਿੰਸੀ ਨੇ ਮੋਨਾਲਿਜ਼ਾ ਦੀ ਤੱਕਣੀ ਦੇ ਰਹੱਸ ਨੂੰ ਜਿਵੇਂ ਉਜਾਗਰ ਕੀਤਾ ਹੈ-ਉਹ ਧੰਨ ਹੈ। ਪ੍ਰੰਤੂ ਮੇਰਾ ਵਿਸ਼ਵਾਸ ਹੈ ਕਿ ਜਿਸ ਜੋਰਦਾਰ ਅੰਦਾਜ਼ ਵਿਚ ਮਣੀ ਕੌਲ ਨੇ ਪ੍ਰਿੰਸ ਮਿਸ਼ਕਿਨ ਅਤੇ ਰੌਗੋਜਿਨ ਦੇ ਦੁੱਖ, ਸੰਤਾਪ ਅਤੇ ਕਰੁਣਾ ਭਰੇ ਰਹੱਸਮਈ ਭਾਵਾਂ ਨੂੰ ਫਿਲਮਾਇਆ ਹੈ-ਉਹ ਵੀ ਘੱਟ ਨਹੀਂ ਹੈ। ਇਨਸਾਨ ਚਾਹੇ ਉਹ ਸਿਕੰਦਰ ਮਹਾਨ ਜਾਂ ਨਿਪੋਲੀਅਨ ਦੇ ਵਾਂਗ ਤਾਕਤਵਾਰ ਅਤੇ ਪ੍ਰਤਿਭਾਵਾਨ ਵੀ ਕਿਉਂ ਨਾ ਹੋਵੇ-ਜ਼ਿੰਦਗੀ ਦੇ ਅੰਤਿਮ ਰਹੱਸ ਅੱਗੇ ਉਸ ਨੇ ਲਾਚਾਰ ਰਹਿਣਾ ਹੀ ਹੈ। ਪ੍ਰੰਤੂ ਆਦਮੀ ਦੀ ਸ਼ਾਨ ਇਸ ਮਾਣਮਤੀ ਜ਼ਿੱਦ ‘ਚ ਹੈ ਕਿ ਉਸ ਨੇ ਜ਼ਿੰਦਗੀ ਦੇ ਸੁਹੱਪਣ ਨੂੰ ਛੂਹ ਲੈਣ ਦੀ ਚਾਹਤ ਕਰੀ ਹੀ ਜਾਣੀ ਹੈ।
ਮਣੀ ਕੌਲ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਅਖਬਾਰਾਂ ਵਿਚ ਉਸ ਦੇ ਜੀਵਨ ਤੇ ਕਲਾ ਬਾਰੇ ਛਪੇ ਕਈ ਫੀਚਰ ਪੜ੍ਹੇ ਸਨ। ਪ੍ਰੰਤੂ ਉਨ੍ਹਾਂ ਫੀਚਰਾਂ ਨੂੰ ਪੜ੍ਹ ਕੇ ਪੂਰੀ ਤਸੱਲੀ ਨਾ ਹੋਈ। ਮੈਨੂੰ ਅਜੇ ਵੀ ਲਗਦਾ ਹੈ ਕਿ ਮਣੀ ਕੌਲ ਦੀ ਕਲਾ ਜਾਂ ਉਸ ਦੇ ਜੀਵਨ ਦਰਸ਼ਨ ਬਾਰੇ ਜਿਤਨੀਆਂ ਮਰਜੀ ਗੱਲਾਂ ਕਰ ਲਈਆਂ ਜਾਣ, ਗੱਲ ਉਸ ਸਮੇਂ ਤੱਕ ਨਹੀਂ ਬਣਦੀ ਜਦੋਂ ਤੱਕ ਉਸ ਦੀ ਸਾਲ 1970 ‘ਚ ਮਹਾਨ ਹਿੰਦੀ ਕਥਾਕਾਰ ਮੋਹਨ ਰਾਕੇਸ਼ ਦੀ ‘ਉਸ ਕੀ ਰੋਟੀ‘ ਨਾਂ ਦੀ ਛੋਟੀ ਜਿਹੀ ਕਹਾਣੀ ਨੂੰ ਲੈ ਕੇ ਅੰਤਾਂ ਦੀ ਸਸ਼ੱਕਤ ਸ਼ੈਲੀ ਵਿਚ ਇਸੇ ਨਾਂ ਹੇਠ ਬਣਾਈ ਫਿਲਮ ਬਾਰੇ ਗੱਲ ਨਾ ਕਰ ਲਈ ਜਾਵੇ।
ਮੈਂ ਖੁਦ ‘ਉਸ ਕੀ ਰੋਟੀ‘ ‘ਪੰਜਾਬੀ ਟ੍ਰਿਬਿਊਨ‘ ਵਿਚ ਠਾਹਰ ਮਿਲ ਜਾਣ ਦੀ ਬਦੌਲਤ ਪੂਰੇ 10 ਸਾਲ ਬਾਅਦ, ਸਾਲ 1980 ‘ਚ ਦੇਖੀ ਸੀ। ਚੰਡੀਗੜ੍ਹ ਫਿਲਮ ਸੁਸਾਇਟੀ ਵੱਲੋਂ ਦੇਸੀ, ਵਿਦੇਸ਼ੀ ਕਲਾਤਮਕ ਫਿਲਮਾਂ ਦਾ ਮੇਲਾ ਲਾਇਆ ਗਿਆ ਸੀ। ਵੱਡੇ ਭਾਈ ਚਿਤਰਕਾਰ ਮਲਕੀਅਤ ਦਾ ਸੁਨੇਹਾ ਮੈਨੂੰ ਅੱਜ ਵੀ ਯਾਦ ਹੈ ਕਿ ਬੱਲ, ਇਹ ਫਿਲਮ ਜੇਕਰ ਵੇਖਣੋਂ ਖੁੰਝ ਗਏ ਤਾਂ ਪਛਤਾਓਗੇ ਬਹੁਤ। ਦਲਜੀਤ (ਹੁਣ ਸੰਪਾਦਕ, ਅੰਮ੍ਰਿਤਸਰ ਟਾਈਮਜ਼) ਮੇਰੇ ਨਾਲ ਸੀ। ਬੜੇ ਹੀ ਚਾਵਾਂ ਭਰੇ ਦਿਨ ਸਨ ਉਹ ਅਤੇ ਅਜਿਹੀ ਸੁਹਜਾਤਮਿਕ ਫਿਲਮ ਵੇਖਣ ਦੀ ਖਿੱਚ ਉਸ ਅੰਦਰ ਉਨ੍ਹੀਂ ਦਿਨੀਂ ਜ਼ਾਹਰਾ ਤੌਰ ‘ਤੇ ਮੇਰੇ ਨਾਲੋਂ ਵੀ ਵੱਧ ਸੀ।
ਹੁਣ ਇਥੇ ਮੈਨੂੰ- ਅਸੀਂ ਉਹ ਫਿਲਮ ਕਿੰਜ ਵੇਖੀ ਅਤੇ ਸਾਡੇ ਉਤੇ ਮਣੀ ਕੌਲ ਦੇ ਕਲਾਤਮਕ ਜਾਦੂ ਦਾ ਅਸਰ ਕਿਸ ਕਿਸਮ ਦਾ ਹੋਇਆ-ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਕਹਾਣੀ ਦੇ ਲਿਖਾਰੀ ਮੋਹਨ ਰਾਕੇਸ਼ ਬਾਰੇ ਆਪਣੇ ਅਨੁਭਵ ਵੀ ਪਾਠਕਾਂ ਨਾਲ ਸਾਂਝੇ ਕਰ ਲੈਣ ਦਿੱਤੇ ਜਾਣ। ਮੋਹਨ ਰਾਕੇਸ਼ ਹਿੰਦੀ ਅਤੇ ਹਿੰਦੋਸਤਾਨ ਦਾ ਬਹੁਤ ਵੱਡਾ ਆਧੁਨਿਕ ਕਥਾਕਾਰ ਹੈ-ਮਹਾਨ ਮੁਣਸ਼ੀ ਪ੍ਰੇਮ ਚੰਦ ਦਾ ਬਹੁਤ ਹੀ ਯੋਗ ਵਾਰਸ! ਇਸੇ ਮੋਹਨ ਰਾਕੇਸ਼ ਦਾ ਬੇਹਦ ਖੂਬਸੂਰਤ ਨਾਵਲ ‘ਅੰਧੇਰੇ ਬੰਦ ਕਮਰੇ‘ ਮੈਂ ਸਾਲ 1971 ਜਾਂ 72 ਵਿਚ ਦੇਹਰਾਦੂਨ ਪੜ੍ਹਦਿਆਂ ਪੜ੍ਹਿਆ ਸੀ।
ਨਾਵਲ ਦੇ ਪਹਿਲੇ ਹੀ ਪੰਨੇ ‘ਤੇ ਭੂਮਿਕਾ ਵਜੋਂ ਰਾਕੇਸ਼ ਦਾ ਕਹਿਣਾ ਸੀ ਕਿ Ûਮੈਂ ਇਸ ਕਥਾ ਨੂੰ ਕੀ ਆਖਾਂ, ਅੱਜ ਦੀ ਦਿੱਲੀ ਦਾ ਖਾਕਾ? ਪੱਤਰਕਾਰ ਮਧੂਸੂਦਨ ਦੀ ਆਤਮਕਥਾ? ਹਰਬੰਸ ਤੇ ਨੀਲਮਾ ਦੀ ਮਾਨਸਿਕ ਖਿਚੋਤਾਣ ਦੀ ਕਹਾਣੀ? ਜਾਂ ਹਵਾ ਵਿਚ ਕਿਤੇ ਇਕ ਕੋਹਿਨੂਰ ਚਮਕਦਾ ਹੈ, ਉਸ ਕੋਹਿਨੂਰ ਦਾ ਕਿੱਸਾ?Û ਅਤੇ ਫਿਰ ਉਹ ਆਪ ਹੀ ਕਹਿੰਦਾ ਹੈ Ûਮੈਥੋਂ ਫੈਸਲਾ ਨਹੀਂ ਹੋ ਰਿਹਾ। ਤੁਸੀਂ ਪੜ੍ਹ ਕੇ ਜੋ ਫੈਸਲਾ ਕਰੋਗੇ ਉਹੀ ਠੀਕ ਹੋਵੇਗਾ ਅਤੇ ਜੇ ਫੈਸਲਾ ਨਾ ਕਰ ਸਕੇ ਤਾਂ ਇਹ ਸਮੱਸਿਆ ਕਿਸੇ ਹੋਰ ਲਈ ਛੱਡ ਕੇ ਮੇਰੀ ਤਰ੍ਹਾਂ ਵੱਖ ਹੋ ਜਾਣਾ।Û
ਇਸ ਪ੍ਰਕਾਰ ਕਥਾ ਦੇ ਪਾਠ ਦੇ ਅਰਥਾਂ ਤੇ ਲੇਖਕ ਦੀ ਥਾਂ ਪਾਠਕ ਦੀ ਸੁਤੰਤਰਤਾ ਦਾ ਐਲਾਨ ਮੋਹਨ ਰਾਕੇਸ਼ ਉਸ ਸਮੇਂ ਕਰਦਾ ਹੈ ਜਦੋਂ ਸਾਡੇ ਭਾਰਤੀ ਸਾਹਿਤਕ ਹਲਕਿਆਂ ਵਿਚ ਅਜੇ ਰੌਲਾਂ ਬਾਰਤ ਵਰਗੇ ਚਿੰਤਕਾਂ ਦਾ ਸ਼ਾਇਦ ਕਿਸੇ ਨੂੰ ਨਾਂ ਵੀ ਪਤਾ ਨਹੀਂ ਸੀ।
ਮੋਹਨ ਰਾਕੇਸ਼ ਵਲੋਂ ਦਿੱਤੀ ਖੁੱਲ ਨੂੰ ਵਰਤਦਿਆਂ ਮੈਂ ਕਹਿਣਾ ਚਾਹਾਂਗਾ ਕਿ ‘ਹਨੇਰੇ ਬੰਦ ਕਮਰੇ‘ ਨਿਸ਼ਚੇ ਹੀ ਹਰਬੰਸ ਅਤੇ ਨੀਲਮਾ, ਜਿਸ ਨੂੰ ਉਹ ਹੱਦੋਂ ਵੱਧ ਮੁਹੱਬਤ ਕਰਦਾ ਹੈ-ਦੀ ਵਿਆਹ ਤੋਂ ਬਾਅਦ ਸ਼ੁਰੂ ਹੋਈ ਲਾਜ਼ਮੀ, ਮਾਰੂ ਮਾਨਸਿਕ ਖਿਚੋਤਾਣ ਦੀ ਕਥਾ ਹੈ ਜਿਸ ਨੂੰ ਪੜ੍ਹ ਕੇ ਕੋਈ ਪਾਠਕ ਉਸੇ ਤਰ੍ਹਾਂ ਬੇਚੈਨ ਤੇ ਸਰਸ਼ਾਰ ਹੋ ਜਾਂਦਾ ਹੈ ਜਿਵੇਂ ਸੇਕਸ਼ਪੀਅਰ ਦੇ ਮਹਾਨ ਦੁਖਾਂਤ ਨਾਟਕਾਂ ਦਾ ਨਜ਼ਾਰਾ ਕਰਨ ਤੋਂ ਬਾਅਦ। ਨੀਲਮਾ ਦਾ ਚੱਕਰ ਇਹ ਹੈ ਕਿ ਉਸ ਦੀ ਆਤਮਾ ਅੰਦਰ ਵੀ ਸ਼ਾਇਦ ਕੋਈ ਅਜਿਹਾ ਹੀ ਦਵੰਦ ਹੈ ਜਿਸ ਕਿਸਮ ਦਾ ਕਿ ਪੁਨਰ-ਜਾਗ੍ਰਿਤੀ ਕਾਲ ਦੇ ਮਹਾਂ ਮਾਨਵ ਲਿਓਨਾਰਦੋ ਵਲੋਂ ਆਪਣੀ ‘ਮੋਨਾਲਿਜ਼ਾ ਦੀ ਮੁਸਕਾਨ‘ ਵਾਲੀ ਪੇਂਟਿੰਗ ਵਿਚ ਅਭਿਵਿਅਕਤ ਕਰਨ ਦਾ ਯਤਨ ਕੀਤਾ ਗਿਆ ਹੈ।
ਮੋਹਨ ਰਾਕੇਸ਼ ਨੇ ਹਰਬੰਸ ਤੇ ਨੀਲਮਾ ਦੀ ਕਥਾ ਅਜਿਹੇ ਜਾਦੂਮਈ ਤਰੀਕੇ ਨਾਲ ਕਹੀ ਹੈ ਕਿ ਨਾਵਲ ਪੜ੍ਹਨ ਤੋਂ ਪੂਰੇ 40 ਵਰ੍ਹੇ ਬਾਅਦ ਅੱਜ ਉਸ ਦੇ ਜਲਵੇ ਅਤੇ ਜਲਜ਼ਲਿਆਂ ਦੇ ਮੱਧਮ ਜਿਹੇ ਚੇਤਿਆਂ ਨਾਲ ਵੀ ਸਾਰੇ ਵਜੂਦ ਵਿਚ ਕਾਂਬੇ ਦੀਆਂ ਲਹਿਰਾਂ ਜਿਹੀਆਂ ਚਲਦੀਆਂ ਮਲੂਮ ਹੁੰਦੀਆਂ ਹਨ।
ਤੇ ਇਹੋ ਹਾਲ ਮੋਹਨ ਰਾਕੇਸ਼ ਦੀਆਂ ‘ਮੰਦਾ‘, ‘ਰੱਬ ਦਾ ਕੁੱਤਾ‘, ‘ਮਿਸ ਪਾਲ‘ ਅਤੇ ‘ਉਸ ਕੀ ਰੋਟੀ‘ ਆਦਿ ਕਹਾਣੀਆਂ ਦਾ ਹੈ। ਇਨ੍ਹਾਂ ਕਹਾਣੀਆਂ ਵਿਚ ਕਿਧਰੇ ਵੀ ਜਜ਼ਬਾਤੀ ਰੁਮਾਂਸ ਨਹੀਂ ਹੈ ਬਲਕਿ ਕਰੂਰ ਯਥਾਰਥ ਦਾ ਬੜੇ ਮਾਨਵੀ ਮੋਹ ਨਾਲ ਚਿਤਰਨ ਹੈ। ਮੋਹਨ ਰਾਕੇਸ਼ ਅੰਮ੍ਰਿਤਸਰ ਦਾ ਜੰਮਪਲ ਸੀ ਅਤੇ ਜਲੰਧਰ ਡੀ ਕਾਲਜ ‘ਚ ਉਹ ਮੁਢਲੇ ਸਾਲਾਂ ਦੌਰਾਨ ਪੜ੍ਹਾਉਂਦਾ ਰਿਹਾ ਸੀ। 1960-62 ਦੇ ਉਨ੍ਹਾਂ ਵਰ੍ਹਿਆਂ ਦੌਰਾਨ ਨਕੋਦਰ ਨੂੰ ਜਾਂਦੀ ਸੜਕ ਦੇ ਇਰਦ-ਗਿਰਦ ‘ਭੂਤਾਂ ਦਾ ਵਾਸ‘ ਹੁੰਦਾ ਸੀ। ਗਰਮੀਆਂ ਦੀ ਕੜਕ ਧੁੱਪ ਦੌਰਾਨ ਜੀਅ ਪਰਿੰਦਾ ਕੋਈ ਮੁਸ਼ਕਲ ਨਾਲ ਹੀ ਨਜ਼ਰ ਆਉਂਦਾ ਹੁੰਦਾ ਸੀ। ਕਹਾਣੀ ਦਾ ਨਾਇਕ ਡਰਾਈਵਰ ਸੁੱਚਾ ਸਿੰਘ ਜਲੰਧਰ ਤੋਂ ਨਕੋਦਰ ਬੱਸ ਚਲਾਉਂਦਾ ਹੈ। ਉਸ ਦੀ ਪਤਨੀ ਬਾਲੋ ਅਜਿਹੀ ਤਪਸ਼ ਭਰੀ ਮਾਰੂ ਉਜਾੜ ਵਿਚ ਲੰਮੀ ਵਾਟ ਤੁਰ ਕੇ ਉਸ ਲਈ ਰੋਜ਼ਾਨਾ ਦੁਪਹਿਰ ਦੀ ਰੋਟੀ ਪਹੁੰਚਾਉਂਦੀ ਹੈ। ਘਟਨਾ ਵਾਲੇ ਦਿਨ ਉਸ ਦੀ ਧੀਆਂ ਵਰਗੀ ਛੋਟੀ ਭੈਣ ਜਿੰਦਾਂ ਦੀ ਇੱਜਤ ਨੂੰ ਜੰਗੀ ਨਾਂ ਦਾ ਬਦਮਾਸ਼ ਹੱਥ ਪਾ ਲੈਂਦਾ ਹੈ। ਨਤੀਜੇ ਵਜੋਂ ਉਸ ਨੂੰ ਸਮੇਂ ‘ਤੇ ਰੋਟੀ ਪਹੁੰਚਾਉਣ ਵਿਚ ਦੇਰੀ ਹੋ ਗਈ ਹੈ ਅਤੇ ਸੁੱਚਾ ਸਿੰਘ ਦੀ ਬੱਸ ਨਿਕਲ ਜਾਂਦੀ ਹੈ। ਇਥੋਂ ਸ਼ੁਰੂ ਹੁੰਦਾ ਹੈ ਸੁੱਚਾ ਸਿੰਘ ਦੇ ਗੁੱਸੇ ਦਾ ਕਹਿਰ ਅਤੇ ਬਾਲੋ ਦੀ ਤਰਸਯੋਗ ਆਜ਼ਿਜ਼ੀ। ਇਸ ਸਾਰੀ ਨਾਟਕੀ ਸਥਿਤੀ ਨੂੰ ਮੋਹਨ ਰਾਕੇਸ਼ ਅਜਿਹੇ ਹਮਦਰਦਾਨਾ ਅੰਦਾਜ਼ ਵਿਚ ਚਿਤਰਦਾ ਹੈ ਕਿ ਬਾਰ ਬਾਰ ਅੰਤੋਨ ਚੈਖੋਵ ਵਰਗੇ ਮਾਸਟਰ ਕਥਾਕਾਰ ਦਾ ਚੇਤਾ ਕਰਵਾ ਦਿੰਦਾ ਹੈ। ਦੀ ਮੌਤ‘ ਮਾਨੋ ਜਿਸ ਦਾ ਬਦਲਾ ਲੈਣ ਲਈ ਹੀ ਕਾਮਰੇਡ ਲੈਨਿਨ ਵਲੋਂ ਮਹਾਨ ਰੂਸੀ ਇਨਕਲਾਬ ਕੀਤਾ ਗਿਆ ਹੋਵੇ!!
ਹੁਣ ਅੱਗੋਂ ਵਾਰੀ ਆ ਜਾਂਦੀ ਹੈ ਮਣੀ ਕੌਲ ਦੀ, ਕਿ ਉਹ ਬਾਲੋ ਦੀ ਸਥਿਤੀ ਨੂੰ ਕਿਉਂ ਮੁਖਾਤਬ ਹੁੰਦਾ ਹੈ? ਮਣੀ ਕੌਲ ਬਾਰੇ ਕਿਹਾ ਜਾਂਦਾ ਰਿਹਾ ਹੈ ਕਿ ਉਹ ਉਘੇ ਬੰਗਾਲੀ ਫਿਲਮ ਨਿਰਮਾਤਾ ਰਿਤਵਿਕ ਘਟਿਕ ਦਾ ਤਾਂ ਸ਼ਾਗਿਰਦ ਸੀ ਅਤੇ ਉਸ ਦੀ ਸ਼ੈਲੀ ‘ਤੇ 20ਵੀਂ ਸਦੀ ਦੇ ਮਹਾਨ ਰੂਸੀ ਫਿਲਮਕਾਰ ਤਾਰਕੋਵਸਕੀ ਦਾ ਬਹੁਤ ਹੀ ਗਹਿਰਾ ਪ੍ਰਭਾਵ ਸੀ। ਇਸ ਵਿਚ ਕੋਈ ਸੰਦੇਹ ਨਹੀਂ ਕਿ ਸਤਿਆਜੀਤ ਰੇਅ ਫਿਲਮਸਾਜ਼ੀ ਦਾ ਰੱਬ ਹੈ। ਪ੍ਰੰਤੂ ਰਿਤਵਿਕ ਵੀ ਉਸ ਤੋਂ ਘੱਟ ਨਹੀਂ ਸੀ। ਕਈ ਲੋਕਾਂ ਦੀਆਂ ਨਜ਼ਰਾਂ ਵਿਚ ਰਿਤਵਿਕ ਘਟਿਕ ਅਤੇ ਸਤਿਆਜੀਤ ਰੇਅ ਵਿਚਾਲੇ ਉਸੇ ਤਰ੍ਹਾਂ ਦਾ ਤਨਾਸਬ ਸੀ ਜਿਸ ਤਰ੍ਹਾਂ ਦਾ ਕਿ ਦਸਤੋਵਸਕੀ ਅਤੇ ਟਾਲਸਟਾਏ ਵਿਚਾਲੇ ਮੰਨਿਆ ਜਾਂਦਾ ਹੈ-ਯਾਨਿ ਇਹ ਕਹਿਣਾ ਮੂਲੋਂ ਹੀ ਕਠਿਨ ਹੈ ਕਿ ਦੋਵਾਂ ਜੁੱਟਾਂ ਵਿਚ ਰਚਨਾਤਮਕ ਤੌਰ ‘ਤੇ ਵੱਧ ਸ੍ਰੇਸ਼ਠ ਕੌਣ ਸੀ? ਆਪਣੇ ਉਸਤਾਦ ਰਿਤਵਿਕ ਵਾਂਗ ਹੀ ਮਣੀ ਕੌਲ ਦਾ ਦਾਅਵਾ ਸੀ ਕਿ ਸਿਨੇਮਾ ਦੀ ਕਲਾ ਪ੍ਰਫੌਰਮਿੰਗ ਆਰਟ ਨਹੀਂ ਬਲਕਿ ਪਲਾਸਟਿਕ ਆਰਟ ਹੈ। ਮਣੀ ਕੌਲ ਦੀਆਂ ਫਿਲਮਾਂ ਦਾ ਹਰ ਸ਼ਾਟ ਬੁੱਤਾਂ ਹਾਰ ਤਰਾਸ਼ਿਆ ਹੋਇਆ ਆਪਣੇ ਆਪ ਵਿਚ ਮੁਕੰਮਲ ਨਜ਼ਰ ਆਉਂਦਾ ਹੈ-ਤੇ ਇਨ੍ਹਾਂ ਤਰਾਸ਼ੇ ਹੋਏ ਫਰੇਮਾਂ ਵਿਚ ਮਣੀ ਕੌਲ-ਬਾਲੋ, ਸੁੱਚਾ ਸਿੰਘ, ਪਿਲਾਓ ਵਾਲਾ ਘੜੀ ਲਈ ਬੈਠੇ ਅਜਨਬੀ ਅਤੇ ਉਸ ਦੇ ਲਾਗੇ ਬੈਠੇ ਕੁੱਤੇ ਦੀ ਅਤਿ ਕਠੋਰ ਮਾਨਵੀ ਸਥਿਤੀ ਨੂੰ ਜਿਸ ਤਰ੍ਹਾਂ ਦੇ ਬਿੰਬਾਂ ਰਾਹੀਂ ਸਾਕਾਰ ਕਰਦਾ ਹੈ-ਆਦਮੀ ਦਾ ਸਾਹ ਸੂਤ ਕੇ ਰੱਖ ਦਿੰਦਾ ਹੈ।
ਫਰਾਂਜ ਕਾਫਕਾ ਦਾ ਕਹਿਣਾ ਹੈ ਕਿ ਕੋਈ ਕਿਤਾਬ ਜੇਕਰ ਆਦਮੀ ਦੇ ਦਿਲ ਅੰਦਰ ਛੁਰੇ ਵਾਂਗੂੰ ਲਹਿ ਜਾਣ ਦੀ ਤਾਕਤ ਨਹੀਂ ਰੱਖਦੀ ਤਾਂ ਉਸ ਦਾ ਕੀ ਫਾਇਦਾ। ਮੈਨੂੰ ਅੱਜ ਤੱਕ ਯਾਦ ਹੈ ਕਿ ‘ਉਸ ਕੀ ਰੋਟੀ‘ ਫਿਲਮ ਅਸਾਂ ਜਦੋਂ ਵੇਖੀ ਸੀ ਤਾਂ ਪੂਰੀ ਫਿਲਮ ਤਾਂ ਛੱਡੋ ਉਸ ਦਾ ਇਕ ਇਕ ਸ਼ਾਟ ਕਿਰਚ ਵਾਂਗੂੰ ਸਿਮ੍ਰਤੀ ਵਿਚ ਲਹਿ ਗਿਆ ਸੀ। ਇਹ ਬਿਲਕੁਲ ਸਹੀ ਹੈ ਕਿ ‘ਉਸ ਕੀ ਰੋਟੀ‘ ਦਾ ਉਹ ਦ੍ਰਿਸ਼ ਤਾਂ ਕਿਸੇ ਨੂੰ ਵੀ ਨਹੀਂ ਭੁੱਲੇਗਾ Ûਜਦੋਂ ਬਾਲੋ ਦਾ ਪਤੀ ਉਸ ਵੱਲੋਂ ਵੱਡੇ ਤਰੱਦਦ ਨਾਲ ਤਿਆਰ ਕਰਕੇ ਲਿਆਂਦੀ ਰੋਟੀ ਤੋਂ ਮੂੰਹ ਭਵਾਂ ਕੇ ਤੁਰ ਜਾਂਦਾ ਹੈ ਤਾਂ ਬਾਲੋ ਦਾ ਸਿਰ ਕਿਸ ਕਿਸਮ ਦੇ ਦਰਦ ਨਾਲ ਸਥਿਰ ਹੋ ਜਾਂਦਾ ਹੈ।Û
ਬਲੈਕ ਐਂਡ ਵਾਈਟ ਤਕਨੀਕ ‘ਚ ਬਣੀ ਇਸ ਫਿਲਮ ਦੇ ਪਾਤਰਾਂ ਦੇ ਚਿਹਰਿਆਂ ਦੇ ਸ਼ਾਟਾਂ ਨੂੰ ਤਾਂ ਛੱਡੋ-ਸੜਕ ਦੇ ਆਸ ਪਾਸ ਬੰਜਰ ਖੇਤਾਂ ਅਤੇ ਘਾਹ ਬੂਟਿਆਂ ਦੇ ਦ੍ਰਿਸ਼ ਵੀ ਜ਼ੋਰਦਾਰ ਸਨ।
ਮਣੀ ਕੌਲ ਨੇ ਫਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ, ਪੂਨਾ ਤੋਂ 1966 ਵਿਚ ਡਿਗਰੀ ਲੈ ਕੇ ਆਪਣੀ ਪਹਿਲੀ ਫਿਲਮ ਇਹੋ ਹੀ ਬਣਾਈ ਸੀ ਅਤੇ ਇਸ ਉਪਰ ਉਸ ਨੂੰ ਵਧੀਆ ਫੀਚਰ ਫਿਲਮ ਲਈ ‘ਫਿਲਮ ਫੇਅਰ ਕ੍ਰਿਟਿਕਸ ਐਵਾਰਡ‘ ਮਿਲਿਆ ਸੀ।
ਇਸ ਤੋਂ ਮਹਿਜ 4-5 ਸਾਲ ਪਿਛੋਂ, ਸਾਲ 1974 ਵਿਚ ਉਸ ਵਲੋਂ ਬਣਾਈ ਗਈ ‘ਦੁਵਿਧਾ‘ ਨਾਂ ਦੀ ਫਿਲਮ ਵੀ ਪੂਰੀ ਦੁਨੀਆਂ ਵਿਚ ਵੇਖੀ ਤੇ ਸਲਾਹੀ ਗਈ ਸੀ। ਇਸ ਫਿਲਮ ਨੇ ਵੀ ਉਤਮ ਨਿਰਦੇਸ਼ਨ ਲਈ ਕੈਮੀ ਫਿਲਮ ਇਨਾਮ ਜਿੱਤਿਆ ਸੀ। ‘ਸਿਧੇਸਵਰੀ‘ ਅਤੇ ‘ਧਰੁੱਪਦ‘ ਨਾਂ ਦੀਆਂ ਉਸ ਦੀਆਂ ਡਾਕੂਮੈਂਟਰੀ ਫਿਲਮਾਂ ਵੀ ਵੱਡੀ ਚਰਚਾ ਦਾ ਕੇਂਦਰ ਬਣੀਆਂ।
ਕਮਾਲ ਦੀ ਗੱਲ ਹੈ ਕਿ ਮੋਹਨ ਰਾਕੇਸ਼ ਤੋਂ ਮਣੀ ਕੌਲ ਦਾਸਤੋਵਸਕੀ ਵਾਂਗੂੰ ਹੀ ਪ੍ਰੇਰਿਤ ਅਤੇ ਪ੍ਰਭਾਵਿਤ ਸੀ। ਰਾਕੇਸ਼ ਦੇ ਕਾਲੀਦਾਸ ਦੀ ਕਹਾਣੀ ਉਪਰ ਆਧਾਰਤ ‘ਆਸ਼ਾੜ ਕਾ ਇਕ ਦਿਨ‘ ਨਾਂ ਦੇ ਨਾਵਲ ‘ਤੇ ਵੀ ਮਣੀ ਕੌਲ ਵੱਲੋਂ ਬਹੁਤ ਹੀ ਚਰਚਿਤ ਫਿਲਮ ਬਣਾਈ ਗਈ।
ਉਨ੍ਹੀਂ ਕੁ ਦਿਨੀਂ ਮੋਹਨ ਰਾਕੇਸ਼ ਦਾ ‘ਆਸ਼ਾੜ ਕਾ ਏਕ ਦਿਨ‘ ਉਤਰੀ ਭਾਰਤ ਦੇ ਥਿਏਟਰ ਜਗਤ ਵਿਚ ਮਾਨੋ ਪੂਰੀ ਤਰ੍ਹਾਂ ਛਾਇਆ ਹੋਇਆ ਸੀ। 80ਵਿਆਂ ਦੇ ਉਸੇ ਸਾਲ ਦੌਰਾਨ ਮੈਨੂੰ ਯਾਦ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਥਿਏਟਰ ਵਿਭਾਗ ਵੱਲੋਂ ਜਦੋਂ ਇਹੋ ਨਾਟਕ ਖੇਡਿਆ ਗਿਆ ਤਾਂ ਕਾਲੀਦਾਸ ਅਤੇ ਉਸ ਦੇ ਰਕੀਬ ਵਿਲੋਮ ਦੀ ਪ੍ਰੇਮਿਕਾ ਦੀ ਬਹੁਤ ਹੀ ਜਾਨਦਾਰ ਭੂਮਿਕਾ ਵਿਚ ਵਿਭਾਗ ਦੀ ਉਨ੍ਹਾਂ ਸਮਿਆਂ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਸੁਨੀਤਾ ਧੀਰ ਨੇ ਆਪਣੀ ਬਹੁਤ ਹੀ ਜਾਨਦਾਰ ਭੂਮਿਕਾ ਨਾਲ ਅਸ਼-ਅਸ਼ ਕਰਵਾ ਦਿੱਤੀ ਸੀ।
ਮਣੀ ਕੌਲ ਨੇ ਰੂਸੀ ਫਿਲਮ ਨਿਰਦੇਸ਼ਕ ਆਂਦਰੇਈ ਤਾਰਕੋਵਸਕੀ ਦਾ ਪ੍ਰਭਾਵ ਲਗਾਤਾਰ ਕਬੂਲਿਆ ਅਤੇ ਸਾਰੀ ਉਮਰ ਉਹ ਉਸ ਦਾ ਜ਼ਿਕਰ ਵੱਡੇ ਸਤਿਕਾਰ ਨਾਲ ਕਰਦੇ ਰਹੇ। ਤਾਰਕੋਵਸਕੀ ਨੇ ‘ਦਾ ਸਟਰੀਮ ਰੋਲਰ ਐਂਡ ਦਾ ਵਾਇਲਨ‘, ‘ਆਂਦਰੇਈ ਰੂਬਲਯੋਵ‘, ‘ਮਿਹਰ‘, ‘ਸਟਾਕਰ‘ ਅਤੇ ‘ਸੋਲਾਰਿਸ‘ ਆਦਿ ਬਹੁਤ ਹੀ ਜਾਨਦਾਰ ਫਿਲਮਾਂ ਬਣਾਈਆਂ।
ਮਣੀ ਕੌਲ ਦੀ ਕਲਾ ‘ਤੇ ਤਾਰਕੋਵਸਕੀ ਅਤੇ ਰਿਤਵਿਕ ਘਟਿਕ ਦੇ ਪ੍ਰਭਾਵ ਦੀਆਂ ਗੱਲਾਂ ਫਿਲਮ ਨਿਰਦੇਸ਼ਨ ਕਲਾ ਦੇ ਪਾਰਖੂ ਅਜੇ ਵਰ੍ਹਿਆਂ ਤੱਕ ਕਰਦੇ ਰਹਿਣਗੇ। ਮਣੀ ਕੌਲ ਦੀ ਕਲਾ ਨੇ ਅਜੇ ਹੋਰ ਸਿਖਰਾਂ ਛੂਹਣੀਆਂ ਸਨ। ਸ਼ੁਭਰਾ ਗੁਪਤਾ ਨੇ ਮਣੀ ਕੌਲ ਦੀ ਮੌਤ ‘ਤੇ ਲਿਖੀ ਸ਼ਰਧਾਂਜਲੀ ਵਿਚ ਕਿਹਾ ਸੀ ਕਿ ਅਜੇ ਤਾਂ ਉਹ ਆਪਣੇ ਕਿਸੇ ਬੜੇ ਹੀ ਹੋਣਕਾਰ ਚੇਲੇ ਗੁਰਵਿੰਦਰ ਨੂੰ ਪੰਜਾਬੀ ਫੀਚਰ ਫਿਲਮ ਬਣਾਉਣ ਲਈ ਪੂਰੇ ਉਤਸ਼ਾਹ ਨਾਲ ਸਹਿਯੋਗ ਦੇ ਰਿਹਾ ਸੀ ਕਿ ਮੌਤ ਉਸ ਨੂੰ ਸਾਥੋਂ ਖੋਹ ਕੇ ਲੈ ਗਈ।
ਅਸਲ ਵਿਚ ਗੁਰਵਿੰਦਰ ਨੇ ਉੱਘੇ ਪੰਜਾਬੀ ਨਾਵਲਕਾਰ, ਗੁਰਦਿਆਲ ਸਿੰਘ ਦੇ ਸਾਲ 1976 ਵਿਚ ਲਿਖੇ ‘ਅੰਨ੍ਹੇ ਘੋੜੇ ਦਾ ਦਾਨ‘ ਨਾਂ ਦੇ ਚਰਚਿਤ ਨਾਵਲ ਦੀ ਸਕਰਿਪਟ ਨੂੰ ਲੈ ਕੇ ਆਪਣੇ ਗੁਰੂਦੇਵ ਦੇ ਅਸ਼ੀਰਵਾਦ ਨਾਲ ਫਿਲਮ ਉਨ੍ਹਾਂ ਦੀ ਮੌਤ ਤੋਂ ਦੋ ਕੁ ਮਹੀਨੇ ਪਹਿਲਾਂ, ਮਾਰਚ-ਅਪ੍ਰੈਲ 2011 ਵਿਚ ਮੁਕੰਮਲ ਕਰ ਲਈ ਸੀ। ਰਿਲੀਜ਼ ਉਹ ਉਨ੍ਹਾਂ ਦੀ ਮੌਤ ਤੋਂ ਬਾਅਦ ਹੋਈ। ਭਾਸਵਤੀ ਘੋਸ਼ ਦਾ 24 ਮਈ, 2012 ਦਾ ਲਿਖਿਆ ਇਸ ਫਿਲਮ ਦਾ ਬਹੁਤ ਸੁੰਦਰ ਅਤੇ ਢੁਕਵਾਂ ਰਿਵੀਊ ਅੱਜ ਵੀ ਨੈੱਟ ਤੋਂ ਪੜ੍ਹਿਆ ਜਾ ਸਕਦਾ ਹੈ।
ਪਿਛਲੇ ਹਫਤੇ ਆਪਣੇ ਅਜੀਜ ਰਾਜਦੀਪ ਬੋਪਾਰਾਏ ਦੇ ਘਰੇ ਫਿਲਮ ਵੇਖਣ ਦਾ ਮੌਕਾ ਮਿਲਿਆ। ਵੇਂਹਦਿਆਂ ਰੂਹ ਸਰਸ਼ਾਰ ਹੋ ਗਈ। ਫਿਲਮ ਮਾਲਵਾ ਖੇਤਰ ਦੇ ਖੇਤ ਮਜ਼ਦੂਰ ਭਾਈਚਾਰੇ ਨਾਲ ਸਬੰਧਤ ਨਾਇਕ ਦੀ ਜ਼ਿੰਦਗੀ ਦੇ ਇਕ ਦਿਨ ਤੇ ਅਧਾਰਤ ਹੈ। ਫਿਲਮ ਵਿਚ ਕਿਧਰੇ ਵੀ ਬੇਲੋੜਾ ਸ਼ੋਰੀਲਾ ਸੰਗੀਤ, ਮਾਰਧਾੜ, ਗਲੈਮਰ ਜਾਂ ਤੜਕ ਭੜਕ ਨਹੀਂ ਹੈ। ਗੁਰਵਿੰਦਰ ਦਾ ਨਿਰਦੇਸ਼ਨ, ਫਿਲਮ ਦਾ ਪ੍ਰਤੀਕ ਵਿਧਾਨ ਅਤੇ ਅਤਿ ਸੋਹਜਮਈ ਅੰਦਾਜ਼ ਵਿਚ ਕੈਮਰੇ ਦੀ ਵਰਤੋਂ ਵੇਂਹਦਿਆਂ ਦਰਸ਼ਕ ਧੰਨ ਹੋ ਜਾਂਦਾ ਹੈ।
ਗੁਰਵਿੰਦਰ ਦੀ ਇਹ ਫਿਲਮ 68ਵੇਂ ਵੀਨਸ ਕੋਮਾਂਤਰੀ ਫਿਲਮ ਮੇਲੇ ਵਿਚ ਕਲਾ ਪਾਰਖੂਆਂ ਵਲੋਂ ਸਲਾਹੀ ਗਈ। ਉਸੇ ਵਰ੍ਹੇ ਅਬੂ ਧਾਬੀ ਕੌਮਾਂਤਰੀ ਫਿਲਮ ਮੇਲੇ ਵਿਚ ਫਿਲਮ ਨੇ ਬਲੈਕ ਪਰਲ ਟਰਾਫੀ ਜਿੱਤੀ। 59ਵੇਂ ਨੈਸ਼ਨਲ ਫਿਲਮ ਐਵਾਰਡ ਸਮਾਰੋਹ ਵਿਚ ਨਿਰਦੇਸ਼ਨ ਅਤੇ ਸਿਨਮੇਟੋਗਰਾਫੀ ਲਈ ਬੈਸਟ ਫਿਲਮ ਇਨਾਮ ਜਿੱਤਿਆ ਅਤੇ ਫਿਰ ਪਣਜੀ ਵਿਖੇ ਹੋਏ ਇੰਟਰਨੈਸ਼ਨਲ ਫਿਲਮ ਮੇਲੇ ਮੌਕੇ ਫਿਲਮ ਦੀ ਕਲਾਤਮਿਕ ਸ੍ਰੇਸ਼ਟਤਾ ਨੂੰ ਤਸਲੀਮ ਕਰਦਿਆਂ ਉਸਨੂੰ ਗੋਲਡਨ ਪੀਕਾਕ ਟਰਾਫੀ ਨਾਲ ਸਨਮਾਨਤ ਕੀਤਾ ਗਿਆ।
ਜ਼ਾਹਿਰ ਹੈ ਕਿ ਪੰਜਾਬੀ ਵਿਚ ਸਹੀ ਅਰਥਾਂ ਵਿਚ ਪਹਿਲੀ ਕਲਾਤਮਿਕ ਫਿਲਮ ਬਨਾਉਣ ਦਾ ਸਿਹਰਾ ਗੁਰਵਿੰਦਰ ਅਤੇ ਉਸਦੇ ਉਸਤਾਦ ਮਣੀ ਕੌਲ ਦੇ ਸਿਰ ਹੈ ਜਿਨ੍ਹਾਂ ਪੰਜਾਬੀ ਕਲਾ ਜਗਤ ਵਿਚ ਉਸੇ ਤਰ੍ਹਾਂ ਦਾ ਕੌਤਕ ਕਰਕੇ ਵਿਖਾਇਆ ਜਿਸ ਤਰ੍ਹਾਂ ਦਾ ਕੌਤਕ ਕਿ ਸਤਿਆਜੀਤ ਰੇਅ ਨੇ ਬੰਗਾਲੀ ਵਿਚ ‘ਪੰਥੇਰ ਪੰਚਾਲੀ‘ ਦੇ ਨਿਰਮਾਣ ਨਾਲ ਕੀਤਾ ਸੀ। ਉਨ੍ਹਾ ਦਸਿਆ ਹੈ ਕਿ ਪੰਜਾਬੀ ਵਿਚ ਵੀ ਆਖ਼ਰ ਸੋਹਜਪੂਰਨ ਫਿਲਮ ਕਿਉਂ ਨਹੀਂ ਬਣ ਸਕਦੀ - ਬੀੜਾ ਚੁੱਕਣ ਦਾ ਸਾਹਸ ਕਰਨ ਵਾਲਾ ਕੋਈ ਹੋਵੇ ਤਾਂ ਸਹੀ- ਨਿਸਚੇ ਹੀ ਬਣਾਈ ਜਾ ਸਕਦੀ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346