ਅੱਜ ਜਿਸ
ਨੂੰ ਅਸੀਂ ਵਿਸ਼ਵੀਕਰਨ ਦਾ ਯੁੱਗ ਆਖਦੇ ਹਾਂ ਅਤੇ ਪੂਰੇ ਗਲੋਬ ਨੂੰ ਇੱਕ ਗਲੋਬ ਵਜੋਂ
ਪ੍ਰਭਾਸਿ਼ਤ ਕਰਨ ਲੱਗੇ ਹੋਏ ਹਾਂ ਤਾਂ ਇਸ ਪਿੱਛੇ ਮੁੱਖ ਰੋਲ ਹੈ ਮੀਡੀਏ ਦਾ। ਸੰਸਾਰ ਦੇ
ਇੱਕ ਕੋਨੇ ਵਿੱਚ ਵਾਪਰੀ ਕੋਈ ਵੀ ਘਟਨਾ ਦਾ ਵੇਰਵਾ, ਸੂਚਨਾ, ਟਿੱਪਣੀਆਂ ਅਤੇ
ਵਿਸ਼ਲੇਸ਼ਣ ਦੇ ਰੂਪ ਵਿੱਚ ਸੰਸਾਰ ਦੇ ਦੂਜੇ ਕੋਨੇ ਵਿੱਚ ਪਹੁੰਚ ਜਾਂਦਾ ਹੈ। ਫਿ਼ਰ
ੳੇੁਸ ਘਟਨਾ ਬਾਰੇ ਟਿੱਪਣੀਆਂ ਦਰ ਟਿੱਪਣੀਆਂ, ਵਿਸ਼ਲੇਸ਼ਣ ਦਰ ਵਿਸ਼ਲੇਸ਼ਣ ਹੋਣੇ ਸ਼ੁਰੂ
ਹੋ ਜਾਂਦੇ ਹਨ ਅਤੇ ਸਾਰੇ ਸੰਸਾਰ ਵਿੱਚ ਉਸ ਵਿਸ਼ੇਸ਼ ਘਟਨਾ ਬਾਰੇ ਲੋਕ-ਰਾਇ ਬਣਨੀ
ਸ਼ੁਰੂ ਹੋ ਜਾਂਦੀ ਹੈ। ਮੀਡੀਆ ਸਮੁੱਚੇ ਸੰਸਾਰ ਦੀ ਸੋਚ ਨੂੰ ਆਪਣੀ ਮੁੱਠੀ ਵਿੱਚ ਰੱਖਣ
ਵਾਲੀ ‘ਮਹਾਂ-ਸ਼ਕਤੀ’ ਬਣ ਗਿਆ ਹੈ।
ਮੀਡੀਏ ਦੀ ਬੇ-ਓੜਕ ਸ਼ਕਤੀ ਪਿੱਛੇ ਬੇਅੰਤ ਦੌਲਤ ਅਤੇ ਬੇਸ਼ੁਮਾਰ ਰਾਜਨੀਤਿਕ ਤਾਕਤ
ਕਾਰਜਸ਼ੀਲ ਹੈ। ਮੀਡੀਆ ਜਿੱਥੇ ਲੋਕ-ਹਿੱਤਾਂ ਦੀ ਗੱਲ ਕਰਦਾ ਥੱਕਦਾ ਨਹੀਂ, ਓਥੇ ਆਪਣੇ
‘ਆਕਾਵਾਂ’ ਦੀ ਸੇਵਾ ਕਰਨ ਵੱਲੋਂ ਵੀ ਉੱਕਦਾ ਨਹੀਂ। ਮੀਡੀਏ ਦੀ ਤੱਕੜੀ ਵਿੱਚ ਵੀ ਪਾਸਕੂ
ਹੈ। ਇਹਦੀ ਡੰਡੀ ਵੀ ਵਿਕਸਿਤ ਦੇਸ਼ਾਂ ਦੀ ਸੋਚ ਅਤੇ ਨੀਤੀ ਵੱਲ ਝੁਕਦੀ ਹੈ। ਵਿਕਾਸਸ਼ੀਲ
ਦੇਸ਼ ਦੀਆਂ ਲੋੜਾਂ ਅਤੇ ਸਮੱਸਿਆਵਾਂ ਇਸਦੀ ਸੂਚੀ ਉੱਤੇ ਪਹਿਲੇ ਸਿਖ਼ਰ ਤੇ ਨਹੀਂ
ਆਉਂਦੀਆਂ।
ਤਗੜਿਆਂ ਵੱਲੋਂ ਮੀਡੀਏ ਰਾਹੀਂ ਵਿੱਢੀ ਲੜਾਈ ਵਿੱਚ ਮਾੜਿਆਂ ਵੱਲੋਂ ਵੀ ਜੇ ਲੜਾਈ ਲੜੀ
ਜਾਣੀ ਹੈ ਤਾਂ ਉਹਨਾਂ ਨੂੰ ਵੀ ਮੀਡੀਏ ਦੀ ਹੀ ਤੇਗ ਚੁੱਕਣੀ ਪੈਣੀ ਹੈ।
ਅਸੀਂ ਜੋ ਪਛੜੇ ਦੇਸ਼ਾਂ ਵਿੱਚ ਆ ਵਸੇ ਹਾਂ, ਸਾਡੀਆਂ ਆਪਣੀਆਂ ਵੱਖਰੀ ਕਿਸਮ ਦੀਆਂ
ਅਕਾਂਖਿਆਵਾਂ ਅਤੇ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਜ਼ੁਬਾਨ ਦੇਣ ਲਈ ਵੀ ਮੀਡੀਏ ਦੀ ਟੇਕ
ਲੈਣੀ ਪੈਣੀ ਹੈ।
ਉੱਤਰੀ ਅਮਰੀਕਾ ਵਿੱਚ ਇਸ ਮਕਸਦ ਦੀ ਪੂਰਤੀ ਲਈ ਸਾਡੀ ਜ਼ੁਬਾਨ ਪੰਜਾਬੀ ਵਿੱਚ ਜਿੱਥੇ
ਕੁਝ ਟੀ:ਵੀ ਪ੍ਰੋਗਰਾਮ ਵੱਡਮੁੱਲੀ ਸੇਵਾ ਕਰ ਰਹੇ ਹਨ, ਓਥੇ ਬਹੁਤ ਸਾਰੇ ਹਫ਼ਤਾਵਾਰੀ
ਅਖ਼ਬਾਰ ਅਤੇ ਮੈਗ਼ਜ਼ੀਨ ਵੀ ਆਪਣੀ ਆਪਣੀ ਥਾਂ ਪੰਜਾਬੀ ਭਾਈਚਾਰੇ ਦੇ ਇਤਿਹਾਸ, ਰਾਜਨੀਤੀ
ਅਤੇ ਸਮਾਜ-ਸੱਭਿਆਚਾਰ ਨੂੰ ਸਮਝਣ ਲਈ ਮੁੱਲਵਾਨ ਯੋਗਦਾਨ ਪਾ ਰਹੇ ਹਨ। ਅਸੀਂ ਅਜਿਹੇ
ਸਾਰੇ ਯਤਨਾਂ ਦੇ ਕਦਰਦਾਨ ਅਤੇ ਧੰਨਵਾਦੀ ਹਾਂ।
ਅਜਿਹੇ ਯਤਨਾਂ ਦੀ ਆਪਣੇ ਭਾਈਚਾਰੇ ਲਈ ਮਹੱਤਤਾ ਅਨੁਭਵ ਕਰਦੇ ਹੋਏ ਅਸੀਂ ‘ਸੀਰਤ’
ਮੈਗ਼ਜ਼ੀਨ ਦੇ ਰਾਹੀਂ ਆਪਣੇ ਪੰਜਾਬੀ ਪਿਆਰਿਆਂ ਦੇ ਇਸ ਖ਼ੇਤਰ ਵਿੱਚ ਜੋ ਸੱਜਣ ਜਾਂ
ਅਦਾਰੇ ਪਹਿਲਾਂ ਕੰਮ ਕਰ ਰਹੇ ਹਨ, ਅਸੀਂ ਉਹਨਾਂ ਦੀ ਦੇਣ ਨੂੰ ਨਤਮਸਤਕ ਹਾਂ। ‘ਸੀਰਤ’
ਦੀ ਸ਼ੁਰੂਆਤ ਅਸੀਂ ਇਸ ਕਰ ਕੇ ਨਹੀਂ ਕਰ ਰਹੇ ਕਿ ਅਸੀਂ ਕਿਸੇ ਦਾ ਵਿਰੋਧ ਕਰਨਾ ਹੈ ਜਾਂ
ਹਮਾਇਤ ਕਰਨੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਪੰਜਾਬੀ ਸਮਾਜ-ਸੱਭਿਆਚਾਰ ਬਾਰੇ,
ਪਰਵਾਸੀ ਲੋਕਾਂ ਦੀਆਂ ਸਮੱਸਿਆਵਾਂ ਬਾਰੇ ‘ਆਪਣੀ ਰਾਇ’ ਰੱਖਦੇ ਹਾਂ। ‘ਨਾਂ ਕਾਹੂੰ ਸੇ
ਦੋਸਤੀ ਨਾਂ ਕਾਹੂੰ ਸੇ ਬੈਰ’ ਦੇ ਕਥਨ ਮੁਤਾਬਿਕ ਅਸੀਂ ‘ਸੀਰਤ’ ਵਿੱਚ ਉਹੋ ਕੁਝ ਪਰੋਸਣ
ਦਾ ਯਤਨ ਕਰਾਂਗੇ, ਜੋ ਸਾਨੂੰ ਠੀਕ ਅਤੇ ਚੰਗਾ ਲੱਗਦਾ ਹੈ। ਉਹ ਸਾਡੇ ਭਾਈਚਾੇ ਲਈ
‘ਚੰਗਾ’ ਅਤੇ ‘ਠੀਕ’ ਹੋਵੇ, ਇਹ ਸਾਡੀ ਮਾਨਤਾ ਹੈ।
ਅਸੀਂ ਕਿਸੇ ਹੋਰ ਵਰਗੇ ਨਹੀਂ , ਕੇਵਲ ਆਪਣੇ ਆਪ ਵਰਗੇ ਹੋਣਾ ਅਤੇ ਦਿੱਸਣਾ ਚਾਹੁੰਦੇ
ਹਾਂ। ਹੋਰਨਾਂ ਨਾਲੋਂ ਨਿਆਰੇ ਅਤੇ ਵੱਖਰੇ। ਇਸ ਤੋਂ ਵੱਡਾ ਸਾਡਾ ਕੋਈ ਦਾਅਵਾ ਨਹੀਂ।
ਅਸੀਂ ਆਪਣੇ ਗੁਰੂਆਂ ਵੱਲੋਂ ਦੱਸੇ ਮਾਰਗ ਤੇ ਚੱਲਦਿਆਂ ‘ਸਰਬੱਤ ਦਾ ਭਲਾ’ ਮੰਗਾਂਗੇ।
ਛੋਟੀਆਂ, ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਤੋਂ ਉੱਪਰ ਉੱਠ ਕੇ, ਸਮੁੱਚੀ ਮਾਨਵਤਾ ਨੂੰ
ਕਲਾਵੇ ਵਿੱਚ ਲੱਣ ਦੀ ਕੋਸਿ਼ਸ਼ ਕਰਾਂਗੇ। ਆਪਣੇ ਲੋਕਾਂ ਨੂੰ ਆਪਣੀ ਮਿੱਟੀ, ਆਪਣੀ
ਭਾਸ਼ਾ, ਆਪਣੇ ਸੱਭਿਆਚਾਰ ਨਾਲ ਅਤੇ ਆਪਣੀਆਂ ਜੜ੍ਹਾਂ ਨਾਲ ਜੋੜਨ ਦੀ ਕੋਸਿ਼ਸ਼ ਵੀ
ਕਰਾਂਗੇ। ਪਰ ਇਸ ਕੋਸਿ਼ਸ਼ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਤੋਂ ਉੱਪਰ ਉੱਠ ਕੇ ਸਾਰੇ
ਵਿਸਵ਼ ਨਾਲ ਆਪਣਾ ਸਜਿੰਦ ਨਾਤਾ ਜੋੜਨਾ ਵੀ ਸਾਡੀ ਪਹਿਲ ਹੋਵੇਗੀ।
ਸਾਡੇ ਇਸ ਯਤਨ ਦੀ ਸਫ਼ਲਤਾ ਲਈ ਸਾਨੂੰ ਤੁਹਾਡੇ ਹਰ ਤਰ੍ਹਾਂ ਦੇ ਭਰਵੇਂ ਹੁੰਗਾਰੇ ਅਤੇ
ਸਾਥ ਦੀ ਲੋੜ ਹੈ। ਆਪਣੇ ਲੋਕਾਂ ਦੀ ਹੱਲਾਸ਼ੇਰੀ ਤੋਂ ਇਲਾਵਾ ਸਾਨੂੰ ਆਪਣੇ ਪੱਤਰਕਾਰ
ਭਾਈਚਾਰੇ ਦੀ ਹੱਲਾਸ਼ੇਰੀ ਅਤੇ ਸਹਿਯੋਗ ਦੀ ਵੀ ਆਸ ਹੈ।
ਜਦੋਂ ਗੁਰੂ ਨਾਨਕ ਦੇਵ ਜੀ ਮੁਲਤਾਨ ਗਏ ਤਾਂ ਉਸ ਵੇਲੇ ਮੁਲਤਾਨ ਪੀਰਾਂ ਫ਼ਕੀਰਾਂ ਦਾ
ਸ਼ਹਿਰ ਸੀ। ਆਪਣੀ ਆਮਦ ਬਾਰੇ ਇਹਨਾਂ ਪੀਰਾਂ ਫ਼ਕੀਰਾਂ ਦਾ ਪ੍ਰਤੀਕਰਮ ਜਾਨਣ ਲਈ ਗੁਰੂ
ਜੀ ਸ਼ਹਿਰ ਦੇ ਬਾਰਹ ਰੁਕ ਗਏ। ਕੁਝ ਚਿਰ ਬਾਅਦ ਪੀਰਾਂ ਫ਼ਕੀਰਾਂ ਦਾ ਇੱਕ ਪ੍ਰਤੀਨਿਧ
ਆਇਆ। ਉਸ ਦੇ ਹੱਥ ਵਿੱਚ ਦੁੱਧ ਦਾ ਨੱਕੋ-ਨੱਕ ਭਰਿਆ ਹੋਇਆ ਛੰਨਾ ਸੀ, ਜੋ ਉਸ ਨੇ ਗੁਰੂ
ਜੀ ਨੂੰ ਪੇਸ਼ ਕੀਤਾ। ਇਸ ਦੇ ਸੰਕੇਤਕ ਅਰਥ ਸਨ ਕਿ ਇੱਥੇ ਤਾਂ ਦੁੱਧ ਦੇ ਨੱਕੋ ਨੱਕ ਭਰੇ
ਹੋਏ ਛੰਨੇ ਵਾਂਗ ਪਹਿਲਾਂ ਹੀ ਫ਼ਕੀਰਾਂ ਦੀ ਗਿਣਤੀ ਬਹੁਤ ਹੈ, ਤੁਹਾਡੇ ਲਈ ਇੱਥੇ ਕੋਈ
ਥਾਂ ਨਹੀਂ। ਗੁਰੂ ਜੀ ਨੇ ਇਸ ਸੰਕੇਤ ਦੇ ਉੱਤਰ ਵਜੋਂ ਇੱਕ ਨਿੱਕੀ ਖੁਸ਼ਬੂਦਾਰ ਕਲੀ
ਦੁੱਧ ਦੀ ਤਹਿ ਉੱਤੇ ਰੱਖ ਦਿੱਤੀ। ਬਿਨਾਂ ਦੁੱਧ ਦਾ ਕਤਰਾ ਡੋਲ੍ਹੇ, ਉਹ ਕਲੀ ਦੁੱਧ
ੳੁੱਤੇ ਤਰਨ ਲੱਗੀ। ਗੁਰੂ ਜੀ ਨੇ ਦੱਸ ਦਿੱਤਾ ਕਿ ਅਸੀਂ ਤਾਂ ਤੁਹਾਡਾ ਥਾਂ ਮੱਲੇ ਬਿਨਾਂ
ਹੀ ਆਪਣੀ ਥਾਂ ਬਣਾ ਲਵਾਂਗੇ। ਪੱਰਤਕਾਰੀ ਦੇ ਖੇਤਰ ਵਿੱਚ ਆਪਣੇ ਗੁਰੂ ਦੀ ਆਸ਼ੀਰਵਾਦ
ਨਾਲ ‘ਸੀਰਤ’ ਦੀ ਸ਼ਕਲ ਵਿੱਚ ਅਸੀਂ ਵੀ ਆਪਣੀ ‘ਕਲੀ’ ਰੱਖ ਦਿੱਤੀ ਹੈ।
|