Welcome to Seerat.ca
Welcome to Seerat.ca

ਕੰਮੀਆਂ ਦਾ ਕਵੀ ਸੰਤ ਰਾਮ ਉਦਾਸੀ

 

- ਪਿੰ. ਸਰਵਣ ਸਿੰਘ

ਕੈਨੇਡਾ ਦੀਆਂ ਬਿਲੀਆਂ ਅਤੇ ਕੁੱਤੇ

 

- ਗੁਰਦੇਵ ਚੌਹਾਨ

(ਕਨੇਡਾ ਦੇ ਪ੍ਰਸੰਗ ਵਿਚ) / ਪਰਵਾਸੀ ਪੰਜਾਬੀ ਵਾਰਤਕ ਤੇ ਕਹਾਣੀ

 

- ਵਰਿਆਮ ਸਿੰਘ ਸੰਧੂ

ਖੂਨਦਾਨ

 

- ਹਰਪ੍ਰੀਤ ਸਿੰਘ

ਮਾਲਕ ਜੋ ਮੰਗਤੇ ਬਣ ਗਏ

 

- ਡਾ. ਨਿਰਮਲ ਸਿੰਘ ਹਰੀ

ਅਮਰੀਕਾ ਦੀ ਚੋਣਵੀਂ ਕਵਿਤਾ

 

- ਡਾ. ਗੁਰੂਮੇਲ ਸਿੱਧੂ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੀ ਕਾਨਫ਼ਰੰਸ ਸਫ਼ਲ ਪੂਰਵਕ ਸਮਾਪਤ

ਦੁਨੀਆਂ ਪਰਾਈ

 

- ਜੀਤਾ ਉੱਪਲ

ਜਥੇਦਾਰ ਜੀਵਨ ਸਿੰਘ ਉਮਰਾਨੰਗਲ ਜੀ

 

- ਗਿਆਨੀ ਸੰਤੋਖ ਸਿੰਘ

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ

 

- ਮਿੰਟੂ ਬਰਾੜ

ਮੇਰੀ ਜ਼ਿੰਦਗੀ ਉਤੇ ਪ੍ਰੀਤਲੜੀ ਦਾ ਪ੍ਰਭਾਵ

 

- ਹਰਬੀਰ ਸਿੰਘ ਭੰਵਰ

ਸੱਤ-ਨਜ਼ਮਾਂ

 

- ਉਂਕਾਰਪ੍ਰੀਤ

ਗ਼ਦਰੀ ਬਾਬਿਆਂ ਦੀ ਇਨਕਲਾਬੀ ਸੋਚ ਅਤੇ ਅਮਲ ਨੂੰ ਸਲਾਮ

 

- ਡਾ. ਰਘਬੀਰ ਕੌਰ

ਗ਼ਦਰ ਸ਼ਤਾਬਦੀ ਵੱਲ...

 

- ਗੁਰਮੀਤ

Relevance of Sikh Ideology for the Ghadar Movement
An Exploratory Note

 

- J.S. Grewal

Revolutionary Freedom Struggle and Evolution of Secularism

 

- R.S.CHEEMA

ਕੈਨੇਡਾ ਵਿੱਚ ਪੰਜਾਬੀ ਦੀ ਚੜ੍ਹਾਈ – ਖੁਸ਼ੀ ਜਾਂ ਖੁਸ਼ਫ਼ਹਿਮੀਂ

 

- ਉਂਕਾਰਪ੍ਰੀਤ

ਜਾਸਲਿਨ ਦੀ ਬਾਸਕਟ

 

- ਰਛਪਾਲ ਕੌਰ ਗਿੱਲ

ਹੁੰਗਾਰੇ

 

ਕੰਮੀਆਂ ਦਾ ਕਵੀ ਸੰਤ ਰਾਮ ਉਦਾਸੀ
- ਪਿੰ. ਸਰਵਣ ਸਿੰਘ

 

ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਸੰਤ ਰਾਮ ਉਦਾਸੀ ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ। ਉਹ ਖ਼ੁਦ ਭਾਵੇਂ ਛਿਪ ਗਿਆ ਪਰ ਉਹਦੇ ਗੀਤਾਂ ਤੇ ਨਜ਼ਮਾਂ ਦਾ ਤਪ-ਤੇਜ ਸਦਾ ਭਖਦਾ ਰਹੇਗਾ ਤੇ ਕਿਰਤੀ ਕਾਮਿਆਂ ਅੰਦਰ ਰੋਹ ਦੀਆਂ ਚਿਣਗਾਂ ਬਾਲਦਾ ਰਹੇਗਾ। ਉਦਾਸੀ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਐਸੀ ਅੱਗ ਬਾਲੀ ਜੋ ਹਾਕਮਾਂ ਤੇ ਲੋਟੂਆਂ ਦੇ ਬੁਝਾਉਣ ਦੇ ਬਾਵਜੂਦ ਬੁਝਣ ਵਾਲੀ ਨਹੀਂ। ਉਹਦੇ ਗੀਤਾਂ ਵਿਚ ਰੋਹੀਲੀ ਲਲਕਾਰ ਸੀ ਤੇ ਜਦੋਂ ਉਹ ਗਾਉਂਦਾ, ਉਹ ਹੋਰ ਵੀ ਪ੍ਰਚੰਡ ਹੋ ਜਾਂਦੀ। ਉਹ ਖੱਬਾ ਹੱਥ ਕੰਨ ‘ਤੇ ਧਰ ਕੇ ਸੱਜੀ ਬਾਂਹ ਅਸਮਾਨ ਵੱਲ ਉਠਾਉਂਦਾ ਤਾਂ ਉਹਦੀ ਸਰੋਦੀ ਆਵਾਜ਼ ਦੂਰ-ਦੂਰ ਤਕ ਗੂੰਜਦੀ। ਮਲਵਈ ਪੁੱਠ ਵਾਲੀ ਗਰਾਰੀਦਾਰ ਆਵਾਜ਼ ਦੀਆਂ ਤਰੰਗਾਂ ਨਾਲ ਚਾਰ ਚੁਫੇਰਾ ਲਰਜ਼ ਉੱਠਦਾ। ਉਹ ਆਪਣੀ ਸੰਖ ਵਰਗੀ ਉੱਚੀ ਹੇਕਮਈ ਆਵਾਜ਼ ਨਾਲ ਹਜ਼ਾਰਾਂ ਸਰੋਤਿਆਂ ਦੇ ‘ਕੱਠਾਂ ਨੂੰ ਕੀਲ ਲੈਂਦਾ। ਲੋਕ ਪੱਬਾਂ ਭਾਰ ਹੋ ਕੇ ਉਦਾਸੀ ਨੂੰ ਸੁਣਦੇ ਤੇ ਉਹਦੇ ਗੀਤਾਂ ਦੇ ਰੰਗ ਵਿਚ ਰੰਗੇ ਜਾਂਦੇ। ਜਿੰਨੇ ਜਾਨਦਾਰ ਉਹਦੇ ਗੀਤ ਸਨ ਉਨੀ ਹੀ ਧੜੱਲੇਦਾਰ ਉਹਦੀ ਆਵਾਜ਼ ਸੀ। ਗੀਤਾਂ ਤੇ ਕਵਿਤਾਵਾਂ ਨੂੰ ਪੇਸ਼ ਕਰਨ ਦਾ ਉਹਦਾ ਅੰਦਾਜ਼ ਵੀ ਅਦੁੱਤੀ ਸੀ। ਉਹ ਹਿੱਕ ਦੇ ਤਾਣ ਨਾਲ ਗਾਉਂਦਾ:
-ਦੇਸ਼ ਹੈ ਪਿਆਰਾ ਸਾਨੂੰ ਜਿ਼ੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ...।
ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ, ਆਖਦੇ ਨੇ ਲੋਕੀਂ ਹਿੱਕਾਂ ਠੋਕ ਹਾਣੀਆਂ।
ਹੜ੍ਹ ਲੋਕਤਾ ਦਾ, ਹੜ੍ਹ ਲੋਕਤਾ ਦਾ ਕਿਹੜਾ ਸਕੂ ਰੋਕ ਹਾਣੀਆਂ...।
ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸੱਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ।
ਜ਼ਰਾ ਹੱਲਾ ਮਾਰੋ, ਜ਼ਰਾ ਹੱਲਾ ਮਾਰੋ, ਕਿਰਤੀ ਕਿਸਾਨ ਜੁੜ ਕੇ...।

ਉਦਾਸੀ ਮੈਥੋਂ ਇਕ ਸਾਲ ਵੱਡਾ ਸੀ ਤੇ ਅਸੀਂ ਕਈ ਸਾਲ ਨੇੜੇ ਤੇੜੇ ਵਿਚਰੇ। ਉਹ 20 ਅਪ੍ਰੈਲ 1939 ਨੂੰ ਜਿ਼ਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ ਜੰਮਿਆ। ਕੰਮੀ ਵੀ ਉਹ ਜਿਨ੍ਹਾਂ ਨੂੰ ਮਜ਼੍ਹਬੀ ਸਿੱਖ ਕਿਹਾ ਜਾਂਦੈ। ਉਸ ਦੇ ਪਿਤਾ ਦਾ ਨਾਂ ਮਿਹਰ ਸਿੰਘ ਤੇ ਮਾਤਾ ਦਾ ਧੰਨ ਕੌਰ ਸੀ। ਉਸ ਦਾ ਪੜਦਾਦਾ ਭਾਈ ਕਾਹਲਾ ਸਿੰਘ ਆਪਣੇ ਸਮੇਂ ਦਾ ਚੰਗਾ ਗਵੰਤਰੀ ਸੀ। ਉਦਾਸੀ ਨੂੰ ਹੇਕਮਈ ਸੁਰੀਲੀ ਆਵਾਜ਼ ਵਿਰਸੇ ਵਿਚ ਮਿਲੀ। ਉਨ੍ਹਾਂ ਦੇ ਵਡੇਰੇ ਦਿਆਲਪੁਰਾ ਭਾਈਕੇ ਤੋਂ ਉੱਠ ਕੇ ਰਾਏਸਰ ਆਏ ਸਨ। ਕੰਮੀਆਂ ਦੇ ਕਿਹੜਾ ਕਿੱਲੇ ਗੱਡੇ ਹੁੰਦੇ ਨੇ? ਇਨ੍ਹਾਂ ਦੋਹਾਂ ਪਿੰਡਾਂ ਵਿਚਕਾਰ ਵੀਹ ਕੁ ਮੀਲਾਂ ਦਾ ਫਾਸਲਾ ਹੈ।
ਉਦਾਸੀ ਦੇ ਪਿੰਡ ਰਾਏਸਰ ਤੋਂ ਮੇਰਾ ਪਿੰਡ ਚਕਰ ਪੱਚੀ ਕੁ ਕਿਲੋਮੀਟਰ ਦੂਰ ਹੈ ਜਿਥੇ ਉਹ ਕਈ ਵਾਰ ਆਇਆ। ਸਾਡੇ ਗੁਆਂਢੀ ਮਾਸਟਰ ਗੁਰਪ੍ਰੀਤ ਸਿੰਘ ਦਾ ਉਹ ਦੋਸਤ ਸੀ ਜੋ ਉਦਾਸੀ ਦੇ ਗੀਤ ਵੀ ਗਾਇਆ ਕਰਦਾ ਸੀ। ਗੁਰਪ੍ਰੀਤ ਦੀ ਉਹਦੇ ਨਾਲ ਦੋਸਤੀ ਅਧਿਆਪਕ ਯੂਨੀਅਨ ਤੇ ‘ਕੱਠਿਆਂ ਖਾਣ ਪੀਣ ਤੋਂ ਬਣੀ ਸੀ। ਜਦੋਂ ਉਹ ਚਕਰ ਆਇਆ ਹੁੰਦਾ ਤਾਂ ਉਹਦੇ ਗੀਤ ਸੁਣਨ ਦਾ ਮੈਨੂੰ ਵੀ ਮੌਕਾ ਮਿਲਦਾ। ਉਹ ਕਦੇ ਕਦੇ ਢੁੱਡੀਕੇ ਕਾਲਜ ਵਿਚ ਵੀ ਫੇਰਾ ਪਾਉਂਦਾ ਜਿਥੇ ਮੈਂ ਤੀਹ ਸਾਲ ਦੇ ਕਰੀਬ ਪੜ੍ਹਾਇਆ। ਉਹਦੀਆਂ ਕਵਿਤਾਵਾਂ ਤੇ ਗੀਤ ਕਾਲਜ ਦੇ ਵਿਦਿਆਰਥੀ ਹੁੱਬ ਕੇ ਗਾਉਂਦੇ।
ਜਦੋਂ ਢੁੱਡੀਕੇ ਕਾਲਜ ਚਾਲੂ ਹੋਇਆ ਤੇ ਮੈਂ ਦਿੱਲੀ ਦਾ ਕਾਲਜ ਛੱਡ ਕੇ ਢੁੱਡੀਕੇ ਆਇਆ ਉਦੋਂ ਉਦਾਸੀ ਦੇ ਗੀਤਾਂ ਦੀ ਗੁੱਡੀ ਚੜ੍ਹੀ ਹੋਈ ਸੀ। ਮੋਗਾ-ਜਗਰਾਓਂ ਤੇ ਬਰਨਾਲੇ-ਬਠਿੰਡੇ ਦੇ ਇਲਾਕੇ ਵਿਚ ਉਦਾਸੀ-ਉਦਾਸੀ ਹੋ ਰਹੀ ਸੀ। ਉਦੋਂ ਪੰਜਾਬ ਵਿਚ ਵੀ ਨਕਸਲਬਾੜੀ ਲਹਿਰ ਪਹੁੰਚ ਚੁੱਕੀ ਸੀ। ਉਹ ਨਕਸਲਬਾੜੀ ਲਹਿਰ ਵਿਚ ਕੁੱਦ ਪਿਆ ਸੀ ਤੇ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ ਸੀ। ਉਹਦੇ ਗੀਤ ਵੱਡੇ-ਵੱਡੇ ‘ਕੱਠਾਂ ਨੂੰ ਬੰਨ੍ਹ ਬਿਠਾਉਂਦੇ। ਟੋਲੀਆਂ ਦੀਆਂ ਟੋਲੀਆਂ ਉਹਨੂੰ ਇਓਂ ਸੁਣਨ ਜਾਂਦੀਆਂ ਜਿਵੇਂ ਕਦੇ ਅਮਰ ਸਿੰਘ ਸੌ਼ਕੀ, ਯਮਲੇ ਜੱਟ ਤੇ ਸੁਰਿੰਦਰ ਕੌਰ ਨੂੰ ਸੁਣਨ ਜਾਂਦੀਆਂ ਸਨ। ਸਿ਼ਵ ਕੁਮਾਰ ਦੀ ਆਪਣੀ ਥਾਂ ਸੀ ਤੇ ਉਦਾਸੀ ਨੇ ਆਪਣੀ ਥਾਂ ਬਣਾ ਲਈ ਸੀ। ਸਿ਼ਵ ਕੁਮਾਰ ਬਿਰਹਾ ਗਾਉਂਦਾ ਸੀ ਜਦ ਕਿ ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ ਸੀ।
ਸੰਤ ਰਾਮ ਉਦਾਸੀ ਦਾ ਬਚਪਨ ਆਮ ਕੰਮੀਆਂ ਦੇ ਨਿਆਣਿਆਂ ਵਾਂਗ ਤੰਗੀ ਤੁਰਸ਼ੀ ਵਿਚ ਹੀ ਬੀਤਿਆ ਪਰ ਇਸ ਗੱਲੋਂ ਉਹ ਖੁਸ਼ਕਿਸਮਤ ਰਿਹਾ ਕਿ ਪਛੜੇ ਇਲਾਕੇ ਦੇ ਪਛੜੇ ਪਿੰਡ ਵਿਚ ਵੀ ਦਸਵੀਂ ਤਕ ਪੜ੍ਹ ਗਿਆ। ਉਨ੍ਹਾਂ ਦਾ ਪਰਿਵਾਰ ਨਾਮਧਾਰੀ ਬਣ ਗਿਆ ਸੀ ਜਿਨ੍ਹਾਂ ਨੂੰ ਕੂਕੇ ਕਿਹਾ ਜਾਂਦਾ ਸੀ। ਉਹ ਗੋਲ ਪੱਗ ਬੰਨ੍ਹਦੇ ਸਨ। ਨਾਮਧਾਰੀ ਮਾਹੌਲ ਵਿਚ ਸੰਤ ਰਾਮ ਪੜ੍ਹਾਈ ਵੱਲ ਪ੍ਰੇਰਿਆ ਗਿਆ। ਅੱਖਰਾਂ ਦੀ ਜਾਣਕਾਰੀ ਨੇ ਉਸ ਲਈ ਗਿਆਨ ਦੇ ਬੂਹੇ ਖੋਲ੍ਹ ਦਿੱਤੇ। ਦਸਵੀਂ ਕਰ ਕੇ ਉਹ ਭੈਣੀ ਸਾਹਿਬ ਚਲਾ ਗਿਆ ਤੇ ਕੁਝ ਸਮਾਂ ਪੌਂਗ ਡੈਮ ‘ਤੇ ਮੁਣਸ਼ੀ ਦੀ ਨੌਕਰੀ ਕੀਤੀ। ਫਿਰ ਉਹ ਬਖਤਗੜ੍ਹ ਤੋਂ ਜੇ. ਬੀ. ਟੀ. ਦਾ ਕੋਰਸ ਕਰ ਕੇ ਪ੍ਰਾਇਮਰੀ ਸਕੂਲ ਬੀਹਲੇ ਵਿਚ ਅਧਿਆਪਕ ਲੱਗ ਗਿਆ ਜਿਸ ਨਾਲ ਉਹ ਪੈਰਾਂ ਸਿਰ ਹੋ ਗਿਆ ਤੇ ਪਜਾਮੇ ਦੀ ਥਾਂ ਪੈਂਟ ਪਾਉਣ ਲੱਗਾ। ਪਿੰਡ ਦੇ ਜਿ਼ਮੀਦਾਰ ਕਹਿੰਦੇ, “ਢੇਡ ਪੈਂਟਾਂ ਪਾ-ਪਾ ਦਿਖਾਉਂਦੈ!”
ਮਾਸਟਰ ਲੱਗ ਕੇ ਉਹਦੇ ਗਿਆਨ ਤੇ ਤਜਰਬੇ ਵਿਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਅਧਿਆਪਕਾਂ ਵਿਚ ਉਹਦਾ ਦਾਇਰਾ ਖੁੱਲ੍ਹ ਗਿਆ। ਬਚਪਨ ਵਿਚ ਉਹਦੀਆਂ ਅੱਖਾਂ ‘ਚ ਕੁੱਕਰੇ ਹੋ ਗਏ ਸਨ ਜਿਸ ਕਰਕੇ ਸਾਰੀ ਉਮਰ ਉਹ ਚੁੰਨ੍ਹੀਆਂ ਅੱਖਾਂ ਵਾਲਾ ਕਹਾਉਂਦਾ ਰਿਹਾ। ਕੁੱਟ ਖਾਣੇ ਵਿਦਿਆਰਥੀ ਵੀ ਉਹਨੂੰ ਚੁੰਨ੍ਹੀਆਂ ਅੱਖਾਂ ਵਾਲਾ ਮਾਸਟਰ ਹੀ ਕਹਿੰਦੇ। ਉਸ ਦਾ ਇਹ ਕਾਵਿ-ਬੰਦ ਉਹਦੀ ਤੇ ਉਹਦੇ ਵਿਹੜੇ ਦੇ ਜੁਆਕਾਂ ਦੀ ਹਾਲਤ ਹੀ ਬਿਆਨਦਾ ਹੈ:
-ਜਿਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ...

ਸੰਤ ਰਾਮ ਦੇ ਕੁੱਕਰਿਆਂ ਦਾ ਇਲਾਜ ਕਰਾਉਣ ਲਈ ਉਹਦੀ ਮਾਂ ਉਹਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ ਡੇਰੇ ਪਿੰਡ ਮੂੰਮ ਲੈ ਗਈ ਸੀ। ਇਲਾਜ ਨਾਲ ਅੱਖਾਂ ਕੁਝ ਠੀਕ ਹੋਈਆਂ ਤਾਂ ਸੰਤ ਰਾਮ ਦਾ ਉਸ ਡੇਰੇ ਵਿਚ ਆਉਣ ਜਾਣ ਹੋ ਗਿਆ। ਉਹਦੇ ਦਾਦੇ ਨੇ ਉਹਨੂੰ ‘ਉਦਾਸੀ’ ਕਹਿਣਾ ਸ਼ੁਰੂ ਕਰ ਦਿੱਤਾ ਜੋ ਸੰਤ ਰਾਮ ਦੇ ਨਾਂ ਨਾਲ ਤਖੱਲਸ ਵਾਂਗ ਹਮੇਸ਼ਾਂ ਲਈ ਜੁੜ ਗਿਆ। ਬਚਪਨ ਵਿਚ ਉਹ ਧਾਰਮਿਕ ਕਵਿਤਾਵਾਂ ਕੰਠ ਕਰਦਾ ਤੇ ਧਾਰਮਿਕ ਸਮਾਗਮਾਂ ‘ਤੇ ਸੁਣਾਇਆ ਕਰਦਾ ਸੀ। ਉਹਦੇ ਮਾਪੇ ਨਾਮਧਾਰੀਏ ਹੋਣ ਕਾਰਨ ਉਸ ਨੂੰ ਧਰਮ ਦੀ ਗੁੜ੍ਹਤੀ ਬਚਪਨ ਵਿਚ ਹੀ ਮਿਲ ਗਈ ਸੀ। ਸਿੱਖ ਧਰਮ ਦਾ ਵਿਰਸਾ ਉਹਦੇ ਹੱਡਾਂ ‘ਚ ਰਚ ਗਿਆ ਜੋ ਉਹਦੀਆਂ ਰਚਨਾਵਾਂ ਵਿਚ ਨਮੂਦਾਰ ਹੁੰਦਾ ਰਿਹਾ। ਉਹ ਬਾਹਰੋਂ ਖੁੱਗੀ ਓਪਰੀ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਨੀ ਨਹੀਂ ਸਗੋਂ ਪੰਜਾਬ ਦੀ ਧਰਤੀ ਵਿਚੋਂ ਉੱਗੀ ਆਪਣੀ ਇਨਕਲਾਬੀ ਸਿੱਖ ਵਿਚਾਰਧਾਰਾ ਦੇ ਅਨੁਕੂਲ ਮਾਰਕਸੀ ਵਿਚਾਰਧਾਰਾ ਦਾ ਧਾਰਨੀ ਸੀ। ਉਸ ਨੇ ਆਪਣੇ ਗੀਤਾਂ ਤੇ ਨਜ਼ਮਾਂ ਵਿਚ ਇਨਕਲਾਬੀ ਸਿੱਖ ਵਿਰਸੇ ਤੇ ਸਿੱਖ ਬਿੰਬਾਂ ਦੀ ਰੂਹ ਨਾਲ ਵਰਤੋਂ ਕੀਤੀ। ਉਹ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬਾਂ ‘ਤੇ ਗਾਉਂਦਾ:
-ਮੈਂ ਏਸੇ ਲਈ ਮੰਨਿਆ ਸੀ ਆਪਣੇ ਆਪ ਨੂੰ ਗੁਰੂ-ਚੇਲਾ,
ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।
ਮੈਂ ਏਸੇ ਲਈ ਗੜ੍ਹੀ ਚਮਕੌਰ ਦੀ ਵਿਚ ਜੰਗ ਲੜਿਆ ਸੀ,
ਕਿ ਕੱਚੇ ਕੋਠੜੇ ਮੂਹਰੇ ਮਹਿਲ ਮਿਨਾਰ ਝੁਕ ਜਾਵੇ।
ਜੇਕਰ ਤੁਸੀਂ ਮੈਨੂੰ ਆਪਣਾ ਸਰਦਾਰ ਮੰਨਿਆ ਹੈ,
ਤਾਂ ਮੈਂ ਮੁੱਲ ਵੀ ਸਰਦਾਰੀਆਂ ਦਾ ਤਾਰ ਚੱਲਿਆ ਹਾਂ।
ਮੈਂ ਦੇਵਣ ਲਈ ਉਦਾਹਰਣ ਜੱਗ ਦੇ ਕੌਮੀ ਨੇਤਾਵਾਂ ਨੂੰ,
ਵਾਰ ਲੋਕਾਂ ਤੋਂ ਪਹਿਲਾਂ ਆਪਣਾ ਪਰਿਵਾਰ ਚੱਲਿਆ ਹਾਂ।
ਰੰਘਰੇਟੇ ਆਖ ਕੇ ਕਿਰਤੀ ਦਾ ਮੈਂ ਸਤਿਕਾਰ ਕਰਦਾ ਹਾਂ,
ਇਹਨਾਂ ਨੇ ਦਰਸ਼ ਅੰਤਮ ਬਾਪ ਦਾ ਮੈਨੂੰ ਕਰਾਇਆ ਸੀ।
ਮੈਂ ਨਾਈਆਂ, ਛੀਂਬਿਆਂ, ਝਿਊਰਾਂ ਤੋਂ ਜ਼ੁਲਮੀ ਛੱਟ ਲਾਹੁਣੀ ਸੀ,
ਮੈਂ ਸਾਂਝਾ ਪੰਥ ਸਾਜਣ ਦਾ ਤਾਹੀਓਂ ਕੌਤਕ ਰਚਾਇਆ ਸੀ।
ਤੇ ਗੁਰੂ ਨਾਨਕ ਦੇ ਗੁਰਪੁਰਬਾਂ ‘ਤੇ ਗੁਰੂ ਨੂੰ ਸਿਜਦਾ ਕਰਦਾ ਕਹਿੰਦਾ:
-ਕਿਰਤ ਕਰੋ ਤੇ ਆਪੋ ‘ਚ ਵੰਡ ਖਾਓ, ਸਾਰੀ ਧਰਤ ਦੇ ਉਤੇ ਪਰਚਾਰਿਆ ਸੀ।
ਭੱਜਾ ਆਇਓਂ ਮਰਦਾਨੇ ਦੀ ਰੱਖਿਆ ਨੂੰ, ਸੱਚੇ ਇਸ਼ਕ ਦਾ ਸਿਲਾ ਤੂੰ ਤਾਰਿਆ ਸੀ।
ਜਿਹੜਾ ਕਰੇ ਸੇਵਾ ਉਹੀ ਖਾਵੇ ਮੇਵਾ, ਦੈਵੀ ਹੱਕਾਂ ਨੂੰ ਤੂੰ ਲਲਕਾਰਿਆ ਸੀ।
ਰਾਜੇ ਅਫ਼ਸਰਾਂ ਤੋਂ ਕਦੇ ਭਲਾ ਨਾਹੀਂ, ਫਿਰਕੂ ਧਰਮ ਦਾ ਨਸ਼ਾ ਉਤਾਰਿਆ ਸੀ।

ਸੰਤ ਰਾਮ ਉਦਾਸੀ ਦੇ ਗੀਤਾਂ ਤੇ ਕਵਿਤਾਵਾਂ ਉਤੇ ਕੁਝ ਕੱਟੜ ਮਾਰਕਸਵਾਦੀ ਆਲੋਚਕਾਂ ਦਾ ਕਿੰਤੂ ਹੈ ਕਿ ਉਸ ਵਿਚ ਧਾਰਮਿਕਤਾ ਦਾ ਅੰਸ਼ ਹੱਦੋਂ ਵੱਧ ਹੈ। ਇਸ ਦਾ ਕਾਰਨ ਇਹ ਹੈ ਕਿ ਉਦਾਸੀ ਪੰਜਾਬ ਦੇ ਇਤਿਹਾਸ ਤੇ ਮਿਥਿਹਾਸ ਵਿਚ ਦਿਲ ਦੀਆਂ ਡੂੰਘਾਣਾਂ ਤਕ ਖੁੱਭਿਆ ਤੇ ਭਿੱਜਿਆ ਹੋਇਆ ਸੀ। ਉਸ ਨੇ ਪੰਜਾਬ ਦੇ ਤੇ ਖ਼ਾਸ ਕਰ ਕੇ ਸਿੱਖ ਧਰਮ ਦੇ ਇਨਕਲਾਬੀ ਵਿਰਸੇ ਨੂੰ ਸਮਾਜਵਾਦੀ ਇਨਕਲਾਬ ਲਿਆਉਣ ਲਈ ਰੱਜ ਕੇ ਵਰਤਿਆ। ਉਸ ਨੇ ਲਿਖਿਆ ਤੇ ਉੱਚੀ ਸੁਰ ਵਿਚ ਗਾਇਆ:
-ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ, ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।
ਉਸ ਦੀ ਕਵਿਤਾ ‘ਦਿੱਲੀਏ ਦਿਆਲਾ ਦੇਖ’ ਨੀਝ ਨਾਲ ਪੜ੍ਹਨ ਤੇ ਸੁਣਨ ਵਾਲੀ ਹੈ:
-ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ, ਅਜੇ ਤੇਰਾ ਦਿਲ ਨਾ ਠਰੇ।
ਮਤੀ ਦਾਸ ਤਾਈਂ ਚੀਰ ਆਰੇ ਵਾਂਗੂੰ ਜੀਭ ਤੇਰੀ, ਅਜੇ ਮਨ ਮੱਤੀਆਂ ਕਰੇ।
ਲਾਲ ਕਿਲ੍ਹੇ ਵਿਚ ਲਹੂ ਲੋਕਾਂ ਦਾ ਜੋ ਕੈਦ ਹੈ, ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ।
ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ, ਤੇਰੇ ਮਹਿਲੀਂ ਵੜੇ ਕਿ ਵੜੇ।
ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆਂ ਬੇਓੜ ਨੀ, ਇਕ ਦਾ ਤੂੰ ਮੁੱਲ ਭਾਵੇਂ ਰੱਖਦੀਂ ਕਰੋੜ ਨੀ।
ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ, ਸਿੰਘ ਤੈਥੋਂ ਜਾਣੇ ਨਾ ਫੜੇ...।
ਉਹ ਨਕਸਲਵਾੜੀਆਂ ਨੂੰ ਵੀ ਗੁਰੂ ਦੇ ਸਿੰਘ ਕਹਿੰਦਾ ਸੀ। ਉਹ ਧਰਮ ਦੇ ਨਾਂ ‘ਤੇ ਇਕ ਦੂਜੇ ਦਾ ਵਿਰੋਧ ਕਰਨ ਨੂੰ ਬੇਹੱਦ ਮਾੜਾ ਸਮਝਦਾ ਸੀ। 1984 ਵਿਚ ਜੋ ਕੁਛ ਵਾਪਰਿਆ ਉਹਦੇ ਬਾਰੇ ਉਹਨੇ ਇਥੋਂ ਤਕ ਲਿਖਿਆ:
-ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸਿ਼ਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ...

ਸੰਤ ਰਾਮ ਉਦਾਸੀ ਕਿਤਾਬਾਂ ਦੇ ਵਿਦਵਾਨ ਪਾਠਕਾਂ ਦੀ ਥਾਂ ਆਮ ਲੋਕਾਂ ਦਾ ਕਵੀ ਸੀ। ਉਹਦੀ ਸ਼ਬਦਾਵਲੀ, ਗੀਤਾਂ ਦੀ ਲੈਅ ਤੇ ਦਰਦ ਭਿੱਜੀ ਆਵਾਜ਼ ਸਿੱਧੀ ਲੋਕਾਂ ਦੇ ਦਿਲਾਂ ਵਿਚ ਲਹਿ ਜਾਂਦੀ। ਉਸ ਦੇ ਗੀਤਾਂ ਤੇ ਨਜ਼ਮਾਂ ਦੇ ਵਿਸ਼ੇ ਵੀ ਵੰਨਗੀ ਭਰਪੂਰ ਹਨ। ਕਦੇ ਉਹ ਕੰਮੀਆਂ ਦੇ ਵਿਹੜੇ ਦਾ ਗੀਤ ਲਿਖਦਾ, ਕਦੇ ਦੇਸ਼ ਪਿਆਰ ਦਾ, ਕਦੇ ਡੋਲੀ ਦਾ ਤੇ ਕਦੇ ਜਨਤਾ ਦੀ ਅਰਦਾਸ ਦਾ। ਕਦੇ ਪੂੰਜੀਪਤੀਆਂ ਨੂੰ ਰਾਕਸ਼ਾਂ ਦੀ ਧਾੜ ਕਹਿੰਦਾ, ਕਦੇ ਮਜ਼ਦੂਰਾਂ ਦੀ ਆਰਤੀ ਉਤਾਰਦਾ, ਕਦੇ ਮਲੰਗ ਲੱਖੇ ਦੇ ਨਾਂ ਗੀਤ ਲਿਖਦਾ ਤੇ ਕਦੇ ਕਿਰਤੀ ਨੂੰ ਉੱਠਣ ਦਾ ਸੱਦਾ ਦਿੰਦਾ:
-ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ
ਜੜ੍ਹ ਵੈਰੀ ਪੁੱਟ ਵੇ, ਪੁੱਟ ਵੇ ਪੁੱਟਣ ਦਾ ਵੇਲਾ...।
ਉਸ ਨੇ ਚੂੜੀਆਂ ਦਾ ਹੋਕਾ ਵੀ ਦਿੱਤਾ ਤੇ ਮਾਰੇ ਗਏ ਮਿੱਤਰਾਂ ਦੇ ਵੈਣ ਵੀ ਪਾਏ:
-ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ, ਖ਼ੈਰ-ਸੁੱਖ ਦਾ ਸੁਨੇਹੜਾ ਲਿਆ।
ਓਸ ਮਾਂ ਦਾ ਬਣਿਆ ਕੀ, ‘ਆਂਦਰਾਂ ਦੀ ਅੱਗ’ ਜੀਹਦੀ, ਗਈ ਕਸਤੂਰੀਆਂ ਖਿੰਡਾ...।
ਉਹ ਇਨਕਲਾਬੀ ਜੁਝਾਰੂਆਂ ਵੱਲੋਂ ਵਾਰਸਾਂ ਦੇ ਨਾਂ ਲਿਖਦਾ ਹੈ:
-ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ।
ਬਦਲਾ ਲਏ ਤੋਂ ਵੀ ਜਿਹੜੀ ਟੁੱਟਣੀ ਨਾ, ਏਡੀ ਲੰਮੀ ਹੈ ਸਾਡੀ ਕਤਾਰ ਬਾਪੂ।
ਇਹ ਸਤਰਾਂ ਉਹਨੇ ਉਦੋਂ ਲਿਖੀਆਂ ਸਨ ਜਦੋਂ ਨਕਸਲਬਾੜੀਆਂ ਨੂੰ ਫੜ ਕੇ ਪੁਲਿਸ ਝੂਠੇ ਮੁਕਾਬਲਿਆਂ ਵਿਚ ਬੇਦਰਦੀ ਨਾਲ ਮਾਰ ਰਹੀ ਸੀ। ਇਹਨਾਂ ਹੀ ਸਤਰਾਂ ਨੂੰ ਬਾਅਦ ਵਿਚ ਸੰਤ ਭਿੰਡਰਾਂਵਾਲੇ ਦੇ ਖਾੜਕੂ ਆਪਣੇ ਇਸ਼ਤਿਹਾਰਾਂ ਵਿਚ ਵਰਤਦੇ ਰਹੇ। ਉਹ ਵੀ ਇਹੋ ਕਹਿੰਦੇ ਰਹੇ-ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ...।
ਉਹਦੇ ਗੀਤਾਂ ਦੇ ਬਿੰਬ, ਤੁਲਨਾਵਾਂ ਤੇ ਅਲੰਕਾਰ ਮੌਲਿਕ ਸਨ ਜੋ ਕਿਰਤੀ ਕਾਮਿਆਂ ਦੇ ਕਿੱਤੇ ਤੇ ਖੇਤਾਂ ਵਿਚੋਂ ਲਏ ਗਏ ਸਨ:
-ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ, ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ।
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ‘ਤੇ, ਅਸੀਂ ਲੁੱਟ ਦਾ ਤਾਪ ਨਾ ਚੜ੍ਹਨ ਦੇਣਾ।
ਅਸੀਂ ਗਭਰੂ ਤੂਤ ਦੀ ਛਿਟੀ ਵਰਗੇ ਜਿੰਨਾ ਛਾਂਗੋਗੇ ਓਨਾ ਹੀ ਫੈਲਰਾਂਗੇ...।
-ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾਂ ਵਿਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ‘ਜੱਗਿਆ’।
ਸਾਡਾ ਘੁੱਟੀਂ ਘੁੱਟੀਂ ਖ਼ੂਨ ਤੇਲ ਪੀ ਗਿਆ, ਤੇ ਖਾਦ ਖਾ ਗੀ ਹੱਡ ਖਾਰ ਕੇ।
ਬੋਲੇ ਬੈਂਕ ਦੀ ਤਕਾਵੀ ਬਹੀ ਅੰਦਰੋਂ, ਬੋਹਲ ਨੂੰ ਖੰਘੂਰਾ ਮਾਰ ਕੇ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ, ਕਿ ਸੱਧਰਾਂ ਨੂੰ ਲਾਂਬੂ ਲੱਗਿਆ।
ਗਲ ਲੱਗ ਕੇ...।
ਇਕ ਵਾਰ ਜਦੋਂ ਸਾਥੀਆਂ ਦੇ ਸੱਦੇ ਉਤੇ ਉਹ ਵਿਦੇਸ਼ ਗਿਆ ਤਾਂ ਉਸ ਨੂੰ ਪਰਵਾਸੀਆਂ ਦੇ ਦੁੱਖ ਦਾ ਨੇੜਿਓਂ ਅਹਿਸਾਸ ਹੋਇਆ। ਇਸੇ ਅਹਿਸਾਸ ਵਿਚੋਂ ਉਸ ਨੇ ਗੀਤ ਗਾਇਆ:
-ਮੈਨੂੰ ਲੈ ਜਾ ਨੀ ਹਵਾਏ ਮੇਰੇ ਦੇਸ਼, ਕਰੇ ਜੋਦੜੀ ਨੀ ਇਕ ਦਰਵੇਸ਼।
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ, ਮਿਲੂ ਕਿਹੜੀਆਂ ਵਲੈਤਾਂ ‘ਚੋਂ ਉਧਾਰ ਨੀ,
ਮੈਨੂੰ ਖਿੜਿਆ ਕਪਾਹ ਦੇ ਵਾਂਗ ਰਹਿਣ ਦੇ, ਘੱਟ ਮੰਡੀ ਵਿਚ ਮੁੱਲ ਪੈਂਦਾ ਪੈਣ ਦੇ,
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼, ਕਰੇ ਜੋਦੜੀ ਨੀ ਇਕ ਦਰਵੇਸ਼...।
ਉਹਦੇ ਵਿਦੇਸ਼ ਜਾਣ ਦੀ ਵੱਡੀ ਪ੍ਰਾਪਤੀ ਇਹ ਹੋਈ ਕਿ ਉਥੇ ਉਹਦੇ ਗੀਤਾਂ ਦੀ ਉਹਦੀ ਆਵਾਜ਼ ਵਿਚ ਹੀ ਕੈਸਿਟ ਰਿਕਾਰਡ ਕਰ ਲਈ ਗਈ। ਨਹੀਂ ਤਾਂ ਸੰਭਵ ਸੀ ਕਿ ਉਹਦੀ ਰੋਹ ਭਰੀ ਆਵਾਜ਼ ਅਗਲੀਆਂ ਪੀੜ੍ਹੀਆਂ ਤਕ ਪੁੱਜਦੀ ਹੀ ਨਾ। ਅੱਜ ਵੀ ਅਸੀਂ ਉਸ ਨੂੰ ਉਸੇ ਤਰ੍ਹਾਂ ਸੁਣ ਸਕਦੇ ਹਾਂ ਜਿਵੇਂ ਉਹ ਵੱਡੇ-ਵੱਡੇ ‘ਕੱਠਾਂ ਵਿਚ ਗਾਉਂਦਾ ਹੁੰਦਾ ਸੀ।
ਕੈਨੇਡਾ ਵਿਚ ਰਹਿੰਦੇ ਹਰਿੰਦਰ ਮਾਹਲ ਤੇ ਸੁਰਿੰਦਰ ਧੰਜਲ ਵਰਗਿਆਂ ਨਾਲ ਉਹਦਾ ਚਿੱਠੀ ਪੱਤਰ ਹੁੰਦਾ ਰਹਿੰਦਾ ਸੀ। ਕਲਕੱਤੇ ਹਰਦੇਵ ਗਰੇਵਾਲ ਨਾਲ ਵੀ ਚਿੱਠੀ ਪੱਤਰ ਚਲਦਾ ਰਹਿੰਦਾ। ਇਪਾਨਾ ਦੇ ਸੱਦੇ ‘ਤੇ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਉਸ ਨੇ ਇਕ ਦਮ ਤਿਆਰੀ ਕਰ ਲਈ। ਉਹਦੀ ਮਾਤਾ ਉਦੋਂ ਆਪਣੇ ਦੂਜੇ ਪੁੱਤ ਗੁਰਦੇਵ ਕੋਇਲ ਕੋਲ ਜਲੰਧਰ ਗਈ ਹੋਈ ਸੀ। ਉਹ ਮਾਤਾ ਨੂੰ ਮਿਲੇ ਬਿਨਾਂ ਹੀ ਜਹਾਜ਼ ਚੜ੍ਹ ਗਿਆ। ਮਾਤਾ ਪਿੰਡ ਆਈ ਤਾਂ ਆਪਣੀ ਨੂੰਹ ਨਾਲ ਖ਼ਫਾ ਹੋਈ, “ਤੂੰ ਮੇਰਾ ਸਾਧ ਪੁੱਤ ਕਿਓਂ ਪਰਦੇਸ ਤੋਰਿਆ?”
ਪਰ ਪਰਦੇਸ ਉਹ ਬਹੁਤਾ ਸਮਾਂ ਨਹੀਂ ਰਿਹਾ। ਵਤਨ ਲਈ ਵੈਰਾਗਿਆ ਉਹ ਲੰਮੀਆਂ ਚਿੱਠੀਆਂ ਲਿਖਦਾ ਰਿਹਾ ਤੇ ਅਚਾਨਕ ਵਾਪਸ ਆ ਗਿਆ। ਆਉਂਦੇ ਨੇ ਬੇਬੇ ਨੂੰ ਗੋਦੀ ਚੁੱਕ ਲਿਆ ਤੇ ਨਿਆਣਿਆਂ ਦੇ ਮੂੰਹ ਮੱਥੇ ਚੁੰਮੇ। ਕੰਧਾਂ ਕੰਧੋਲੀਆਂ ਤੇ ਮੱਝਾਂ ਨੂੰ ਪਿਆਰ ਕੀਤਾ ਅਤੇ ਉਨ੍ਹਾਂ ਦੇ ਸਿਰਾਂ ‘ਤੇ ਹੱਥ ਫੇਰਦਾ ਰਿਹਾ। ਦੱਸੀ ਗਿਆ ਕਿ ਦੋਸਤਾਂ ਨੇ ਕਿੰਨੀ ਸੇਵਾ ਕੀਤੀ ਤੇ ਕਿਥੇ ਕਿਥੇ ਪ੍ਰੋਗਰਾਮ ਕੀਤੇ।
ਸੰਤ ਰਾਮ ਉਦਾਸੀ ਦਾ ਜੁੱਸਾ ਇਕਹਿਰਾ ਤੇ ਕੱਦ ਪੌਣੇ ਛੇ ਫੁੱਟ ਸੀ। ਉਹ ਨੰਗੇ ਪੈਰੀਂ ਤੁਰ ਕੇ ਪੜ੍ਹਨ ਜਾਂਦਾ ਰਿਹਾ ਤੇ ਸਾਈਕਲ ਉਤੇ ਚੜ੍ਹ ਕੇ ਮਾਸਟਰੀ ਕਰਦਾ ਰਿਹਾ। ਤੀਹ ਚਾਲੀ ਮੀਲ ਸਾਈਕਲ ਚਲਾਉਣਾ ਉਹਦੇ ਲਈ ਮਾਮੂਲੀ ਗੱਲ ਸੀ। ਸਾਈਕਲ ਉਹਨੇ ਚਲਾਇਆ ਵੀ ਬਹੁਤ ਤੇ ਸਾਈਕਲ ਚਲਾਉਂਦਿਆਂ ਗੀਤ ਵੀ ਬਹੁਤ ਸਿਰਜੇ। ਉਹ ਆਪਣੇ ਗੀਤ ਕਾਗਜ਼ ਕਾਪੀ ਉਤੇ ਲਿਖਣ ਦੀ ਥਾਂ ਮੂੰਹ ਜ਼ਬਾਨੀ ਰਚ ਕੇ ਯਾਦ ਰੱਖਿਆ ਕਰਦਾ ਸੀ। ਸਾਈਕਲ ਚਲਾਉਂਦਾ ਜਾਂ ਤੁਰਿਆ ਜਾਂਦਾ ਤੁਕਾਂ ਜੋੜਦਾ ਜਾਂਦਾ ਜਿਨ੍ਹਾਂ ਦਾ ਗੀਤ ਬਣਦਾ ਜਾਂਦਾ। ਉਹੀ ਗੀਤ ਬਾਅਦ ਵਿਚ ਕਾਪੀ ‘ਤੇ ਨੋਟ ਕਰ ਲੈਂਦਾ। ਬਹੁਤੇ ਗੀਤ ਉਹਦੇ ਅੰਦਰੋਂ ਉਦੋਂ ਨਿਕਲੇ ਜਦੋਂ ਉਹ ਘੁੱਟ ਪੀ ਕੇ ਸਰੂਰ ਵਿਚ ਹੁੰਦਾ ਸੀ। ਕਈ ਵਾਰ ਉਹ ਆਪਣੀ ਪਤਨੀ ਤੋਂ ਇਹ ਕਹਿ ਕੇ ਵੀ ਪਊਆ ਪੀਣ ਲਈ ਪੈਸੇ ਲੈਂਦਾ ਕਿ ਉਸ ਦੇ ਗੋਡੇ ਦੁਖਦੇ ਹਨ ਨਾਲੇ ਉਸ ਨੇ ਗੀਤ ਪੂਰਾ ਕਰਨੈਂ! ਉਦੋਂ ਉਹ ਨਸੀਬ ਕੌਰ ਨੂੰ ਕਾਮਰੇਡਣੀਏਂ ਕਹਿ ਕੇ ਸੰਬੋਧਨ ਕਰਦਾ ਸੀ।
ਉਹਦੀਆਂ ਅੱਖਾਂ ਤਾਂ ਚੁੰਨ੍ਹੀਆਂ ਸਨ ਹੀ, ਦਾੜ੍ਹੀ ਵੀ ਖੋਦੀ ਸੀ ਜੋ ਠੋਡੀ ਉਤੇ ਵੱਧ ਤੇ ਜਾਭਾਂ ਉਤੇ ਘੱਟ ਸੀ। ਨੱਕ ਤਿੱਖਾ ਸੀ, ਮੁੱਛਾਂ ਪਤਲੀਆਂ ਤੇ ਰੰਗ ਰਤਾ ਸਾਂਵਲਾ। ਉਹ ਬਣਦੀ ਸਰਦੀ ਸੁਕੀਨੀ ਵੀ ਲਾਉਂਦਾ ਸੀ ਪਰ ਫੈਸ਼ਨਾਂ ਦਾ ਨਹੀਂ ਸੀ ਪੱਟਿਆ। ਉਹਦੀ ਖੱਬੀ ਅੱਖ ਵਿਚ ਟੀਰ ਸੀ ਤੇ ਪੁਲਿਸ ਦੇ ਤਸ਼ੱਦਦ ਨਾਲ ਅੱਖਾਂ ਦੀ ਜੋਤ ਹੋਰ ਵੀ ਘਟ ਗਈ ਸੀ। ਉਹ ਅਕਸਰ ਕਾਲੀ ਐਨਕ ਲਾਉਂਦਾ ਸੀ। ਨਕਸਲਬਾੜੀ ਦੌਰ ਵਿਚ ਉਸ ਉਤੇ ਅੰਨ੍ਹਾਂ ਤਸ਼ੱਦਦ ਢਾਹਿਆ ਗਿਆ। ਉਹਦੀ ਨੌਕਰੀ ਵੀ ਖ਼ਤਰੇ ਵਿਚ ਪਈ ਰਹੀ ਪਰ ਉਹ ਦੁੱਖ ਤਕਲੀਫ਼ਾਂ ਸਹਿੰਦਾ ਗਾਉਂਦਾ ਰਿਹਾ:
-ਅਸੀਂ ਜੜ੍ਹ ਨਾ ਜ਼ੁਲਮ ਦੀ ਛੱਡਣੀ ਤੇ ਸਾਡੀ ਭਾਵੇਂ ਜੜ੍ਹ ਨਾ ਰਹੇ,
ਲੋਕ ਵੇ! ਅੱਗ ਵਿਚ ਜਿੰਦੜੀ ਨੂੰ ਦੇਣਾ ਝੋਕ ਵੇ।
ਜਿਹੜੀ ਖ਼ੂਨ ਹੈ ਕਿਰਤ ਦਾ ਪੀਂਦੀ, ਤੋੜ ਦੇਣੀ ਤਨ ਦੇ ਉਤੋਂ,
ਜੋਕ ਵੇ! ਲੋਕੀਂ ਹੁਣ ਨਿਕਲ ਪਏ ਹਿੱਕਾਂ ਠੋਕ ਵੇ।
ਉਦਾਸੀ ਨੇ ਆਪਣੇ ਗੀਤਾਂ ਨੂੰ ਲੋਕਾਂ ਦੇ ਮੂੰਹ ਚੜ੍ਹਾਉਣ ਲਈ ਲੋਕ ਗੀਤਾਂ ਤੇ ਕਿੱਸਾਕਾਰੀ ਦੇ ਛੰਦਾਂ ਦੀ ਭਰਪੂਰ ਵਰਤੋਂ ਕੀਤੀ। ਕਿਤੇ ਕੋਰੜਾ ਛੰਦ ਵਰਤਿਆ, ਕਿਤੇ ਕਬਿੱਤ ਤੇ ਕਿਤੇ ਕਲੀ:
-ਤੇਰਾ ਭੋਲੂ ਤਾਂ ਨਿੱਤ ਰੀਂ ਰੀਂ ਕਰਦਾ ਰਹਿੰਦਾ ਹੈ,
ਧੀ ਹੈ ਤੇਰੀ ਜਾਂਦੀ ਬੰਗਲੀਂ ਬਾਲ ਖਿਡਾਉਣ ਨੂੰ।
ਤੇਰੇ ਮਿੱਠੂ ਦੀ ਨਿੱਤ ਜਾਏ ਤੜਾਗੀ ਢਿਲਕਦੀ,
ਭੁੱਖੀ ਪਤਨੀ ਨੂੰ ਨਾ ਉਤਰੇ ਦੁੱਧ ਚੁੰਘਾਉਣ ਨੂੰ।
ਤੈਨੂੰ ਪਿਆ ਭੁਲੇਖਾ ਭਗਤੀ ਦੇ ਵਿਚ ਭੰਗਣਾ ਦਾ,
ਤਾਹੀਓਂ ਸਾਧਾਂ ਤੋਂ ਨਿੱਤ ਫਿਰਦਾ ਉੱਨ ਲਹਾਉਣ ਨੂੰ।
ਤੇਰੀ ਕਿਰਤ ਤਾਂ ਭਾਵੇਂ ਜੱਸ ਖੱਟ ਲੈਂਦੀ ਰਾਠਾਂ ਦਾ,
ਐਪਰ ਜਾਤ ਤਾਂ ਤੇਰੀ, ਗਿੱਟਲ ਢੇਡ ਕਹਾਉਣ ਨੂੰ।
ਕਦੋਂ ਕੁ ਪਿੰਡੇ ਉਤੋਂ ਉਤਰੂਗੀ ਪੰਡ ਜੂਆਂ ਦੀ,
ਕਦੋਂ ਕੁ ਤੁਰਨਾ ਹੈ ਤੂੰ ਚਾਨਣ ਵਿਚ ਨਹਾਉਣ ਨੂੰ...।

ਉਹਦੀ ਪਹਿਲੀ ਗ੍ਰਿਫਤਾਰੀ 1969-70 ਵਿਚ ਹੋਈ ਸੀ ਜਿਸ ਕਰਕੇ ਉਹਦੀ ਪਤਨੀ ਨੂੰ ਬੱਚੇ ਚੁੱਕ ਕੇ ਪੇਕੀਂ ਰਹਿਣਾ ਪਿਆ ਸੀ। ਉਥੇ ਹੀ ਉਹਦੀ ਤੀਜੀ ਧੀ ਦਾ ਜਨਮ ਹੋਇਆ। ਨਾਨਕੇ ਦਾਦਕੇ ਧੀਆਂ ਦੇ ਉਪ੍ਰੋਥਲੀ ਜਨਮ ਤੋਂ ਦੁਖੀ ਸਨ। ਉਦਾਸੀ ਦੀ ਮਾਂ ਤਾਂ ਇਹੋ ਕਹਿੰਦੀ ਰਹਿੰਦੀ, “ਮੇਰੇ ਸਾਧ ਪੁੱਤ ਨੂੰ ਕਿਥੋਂ ਪੱਥਰਾਂ ਦੀ ਮਾਰ ਪੈ ਗਈ? ਇਹ ਤਾਂ ਏਨੀ ਜੋਗਾ ਹੈ ਨੀ ਸੀ, ਇਹਨੇ ਤਾਂ ਕਦੇ ਕਿਸੇ ਦਾ ਮਾੜਾ ਨੀ ਸੀ ਚਿਤਵਿਆ।”
ਜਦੋਂ ਉਹ ਰਿਹਾਅ ਹੋ ਕੇ ਆਪਣੇ ਸਹੁਰੀਂ ਆਇਆ ਤਾਂ ਉਸ ਨੇ ਤੀਜੀ ਧੀ ਦੇ ਜੰਮਣ ਨੂੰ ਸ਼ੁਭ ਸ਼ਗਨ ਕਿਹਾ। ਉਹਦੀ ਪਤਨੀ ਬੇਸ਼ਕ ਰੋਈ ਜਾਂਦੀ ਸੀ ਪਰ ਉਦਾਸੀ ਲਈ ਧੀ ਪੁੱਤ ‘ਚ ਕੋਈ ਫਰਕ ਨਹੀਂ ਸੀ। ਉਹਨੂੰ ਮਿਲਣ ਗਿਲਣ ਆਏ ਵਾਰ-ਵਾਰ ਸਮਝਾਉਂਦੇ, “ਤੂੰ ਸੋਹਣੇ ਰੁਜ਼ਗਾਰ ‘ਤੇ ਲੱਗਿਐਂ, ਅਰਾਮ ਨਾਲ ਬੱਚੇ ਪਾਲ, ਚਲ ਹੋਰ ਨੀ ਤਾਂ ਤਿੰਨਾਂ ਕੁੜੀਆਂ ਦੇ ਮੂੰਹ ਵੱਲ ਈ ਦੇਖ। ਸਰਕਾਰ ਨਾਲ ਪੰਗੇ ਲੈ ਕੇ ਕੀ ਕਰ ਲਏਂਗਾ ਤੂੰ? ਐਮੇ ਪੁਲਸ ਤੋਂ ਕੁੱਟ ਖਾਂਦਾ ਫਿਰਦੈਂ!” ਉਦਾਸੀ ਇਹੋ ਜਵਾਬ ਦਿੰਦਾ, “ਮੈਂ ਕੋਈ ਚੋਰ ਡਾਕੂ ਨੀ। ਆਪਣੇ ਲਈ ਤਾਂ ਸਾਰੇ ਮਰਦੇ ਐ ਪਰ ਲੋਕਾਂ ਲਈ ਕੋਈ-ਕੋਈ ਈ ਮਰਦੈ।”
ਪੁਲਿਸ ਉਹਦੇ ਮਗਰ ਪਈ ਰਹੀ ਤੇ ਉਹ ਰਾਤ ਬਰਾਤੇ ਘਰ ਆਉਂਦਾ ਰਿਹਾ। ਘਰ ਵਾਲੇ ਕੋਈ ਉੱਘ ਸੁੱਘ ਨਾ ਦਿੰਦੇ। ਪਰ 1972-73 ‘ਚ ਪੁਲਿਸ ਨੇ ਅਜਿਹਾ ਛਾਪਾ ਮਾਰਿਆ ਕਿ ਉਸ ਨੂੰ ਚੁੱਕਿਆ, ਧੂਹਿਆ ਘਸੀਟਿਆ ਤੇ ਲੱਡਾ ਕੋਠੀ ਦੇ ਕਸਾਈਖਾਨੇ ਲੈ ਗਈ। ਕਈ ਦਿਨਾਂ ਦੀ ਕੁੱਟ ਮਾਰ ਪਿੱਛੋਂ ਛੱਡਿਆ ਤਾਂ ਨਾ ਉਹਤੋਂ ਖੜ੍ਹਾ ਹੋਇਆ ਜਾਂਦਾ ਸੀ ਤੇ ਨਾ ਤੁਰਿਆ ਜਾਂਦਾ ਸੀ। ਪੈਰਾਂ ਦੀਆਂ ਤਲੀਆਂ ਸੁੱਜੀਆਂ ਪਈਆਂ ਸਨ। ਪੁਲਿਸ ਵਾਲੇ ਨਾਲੇ ਕੁੱਟੀ ਜਾਂਦੇ ਨਾਲੇ ਕਹੀ ਜਾਂਦੇ, “ਤੇਰੇ ‘ਚੋਂ ਮਾਓ ਕੱਢਣਾ।”
ਘਰ ਆ ਕੇ ਵੀ ਉਹਨੂੰ ਕੋਈ ਅਮਨ ਚੈਨ ਨਹੀਂ ਸੀ। ਉਹਦਾ ਬਿਸਤਰਾ ਨੀਰੇ ਵਾਲੇ ਅੰਦਰ ਤੂੜੀ ਉਤੇ ਹੀ ਹੁੰਦਾ ਜਿਸ ਦੇ ਬਾਰ ਨੂੰ ਬਾਹਰੋਂ ਜਿੰਦਾ ਲੱਗਾ ਰਹਿੰਦਾ। ਰਾਤ ਬਰਾਤੇ ਨਕਸਲੀ ਕਾਮਰੇਡਾਂ ਦੀਆਂ ਮਿਲਣੀਆਂ ਤੇ ਮੀਟਿੰਗਾਂ ਹੁੰਦੀਆਂ। ਸਹਿਣੇ ਠਾਣੇ ਦੀ ਪੁਲਿਸ ਦੇ ਛਾਪੇ ਤਾਂ ਪੈਂਦੇ ਹੀ ਰਹਿੰਦੇ ਸਨ ਇਕੇਰਾਂ ਪਟਿਆਲੇ ਦੀ ਪੁਲਿਸ ਵੀ ਆ ਪਈ। ਉਹਨੇ ਘਰ ਵਾਲੀ ਤੇ ਜੁਆਕਾਂ ਦੀ ਵੀ ਧੂਹ ਘੜੀਸ ਕੀਤੀ। ਘਰ ਦਾ ਸਾਮਾਨ ਭੰਨ ਤੋੜ ਦਿੱਤਾ। ਉਦਾਸੀ ਦੇ ਨਾਲ ਉਹਦੇ ਪਰਿਵਾਰ ਨੇ ਵੀ ਅਤਿਅੰਤ ਦੁੱਖ ਦੇ ਦਿਨ ਦੇਖੇ।
ਫਿਰ ਐਮਰਜੈਂਸੀ ਲੱਗ ਗਈ। ਪੁਲਿਸ ਦਾ ਆਉਣਾ, ਫੜਨਾ, ਤਸ਼ੱਦਦ ਕਰਨਾ ਤੇ ਛੱਡ ਦੇਣਾ ਆਮ ਗੱਲ ਸੀ। ਤਸੱ਼ਸ਼ਦ ਨਾਲ ਉਦਾਸੀ ਦੀ ਕਮਜ਼ੋਰ ਨਿਗ੍ਹਾ ਹੋਰ ਕਮਜ਼ੋਰ ਹੋ ਗਈ, ਹੱਡਾਂ ਦੇ ਜੋੜ ਦਰਦ ਕਰਨ ਲੱਗੇ ਤੇ ਯਾਦਾਸ਼ਤ ਘਟ ਗਈ। ਉਹ ਆਪਣੀ ਪਤਨੀ ਨੂੰ ਅਕਸਰ ਕਹਿੰਦਾ, “ਮੇਰਾ ਕੀ ਪਤੈ, ਮੈਨੂੰ ਕਦੋਂ ਪੁਲਸ ਮਾਰ ਦੇਵੇ। ਤੂੰ ਜੁਆਕਾਂ ਦਾ ਧਿਆਨ ਰੱਖੀਂ।” ਅੱਗੋਂ ਉਹਦੀ ਪਤਨੀ ਕਹਿੰਦੀ, “ਕੋਈ ਮਾਰ ਕੇ ਤਾਂ ਦਿਖਾਵੇ ਜੇ ਢਿੱਡ ਨਾ ਪਾੜ ਦਿਆਂ ਅਗਲੇ ਦਾ।”
ਜਦ ਉਹਦਾ ਕੋਈ ਸਾਥੀ ਪੁਲਿਸ ਮੁਕਾਬਲੇ ਵਿਚ ਮਾਰਿਆ ਜਾਂਦਾ ਤਾਂ ਉਹ ਕਈ ਕਈ ਦਿਨ ਮਸੋਸਿਆ ਰਹਿੰਦਾ। ਰਾਤਾਂ ਨੂੰ ਉਭੜਵਾਹੇ ਉਠਦਾ ਤੇ ਹੰਝੂ ਵਹਾਉਣ ਲੱਗਦਾ। ਮੋਏ ਸਾਥੀਆਂ ਦੀ ਯਾਦ ਵਿਚ ਗੀਤ ਜੋੜਦਾ ਤੇ ‘ਕੱਠਾਂ ਵਿਚ ਰੋਹ ਨਾਲ ਗਾਉਂਦਾ:
-ਜਿਥੇ ਗਏ ਹੋ ਅਸੀਂ ਵੀ ਆਏ ਜਾਣੋ,
ਬਲਦੀ ਚਿਖਾ ਹੁਣ ਠੰਢੀ ਨੀ ਹੋਣ ਦੇਣੀ।
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨੀ ਹੋਣ ਦੇਣੀ...।
ਉਸ ਦੀ ਧੀ ਇਕਬਾਲ ਕੌਰ ਦਸਦੀ ਹੈ ਕਿ ਜਿੱਦਣ ਮੋਗਾ ਗੋਲੀ ਕਾਂਡ ਹੋਇਆ ਉਹਦੇ ਪਾਪਾ ਜੀ ਕਿਤੇ ਪ੍ਰੋਗਰਾਮ ਕਰ ਕੇ ਆ ਰਹੇ ਸਨ। ਖ਼ਬਰ ਸੁਣਨ ਸਾਰ ਬੜੇ ਦੁਖੀ ਹੋਏ ਤੇ ਤਵਾਜ਼ਨ ਖੋਹ ਬੈਠੇ। ਕਿਤੋਂ ਬੇਹੱਦ ਸ਼ਰਾਬ ਪੀ ਕੇ ਘਰ ਪਹੁੰਚੇ। ਘਰ ਦੇ ਉਹਦੀ ਹਾਲਤ ਵੇਖ ਕੇ ਘਬਰਾ ਗਏ। ਪ੍ਰੋਗਰਾਮ ਵਿਚ ਜਿੰਨੇ ਨੋਟ ਮਿਲੇ ਸਨ ਉਹ ਸਾਰੇ ਪਾੜ ਦਿੱਤੇ ਤੇ ਟੋਟੇ-ਟੋਟੇ ਕਰ ਕੇ ਖਿਲਾਰ ਦਿੱਤੇ। ਫਿਰ ਭੁੱਬਾਂ ਮਾਰ ਕੇ ਰੋਣ ਲੱਗੇ।
ਨਵੰਬਰ 84 ਵਿਚ ਦਿੱਲੀ ਦੇ ਘੱਲੂਘਾਰੇ ਤੋਂ ਬਾਅਦ ਉਸ ਨੂੰ ਲਾਲ ਕਿਲੇ ਦੇ ਕਵੀ ਦਰਬਾਰ ਵਿਚ ਬੁਲਾਇਆ ਗਿਆ। ਉਥੇ ਉਹਨੇ ਢੱਠੇ ਗੁਰਦਵਾਰੇ ਤੇ ਸਿੱਖਾਂ ਦੇ ਸੜੇ ਮਕਾਨ ਵੇਖੇ ਤੇ ਉੱਜੜੇ ਪਰਿਵਾਰਾਂ ਦੀ ਬਰਬਾਦੀ ਅਤੇ ਦਰਦਨਾਕ ਕਤਲਾਂ ਦੇ ਕਿੱਸੇ ਸੁਣੇ ਤਾਂ ਉਹ ਫਿਰ ਮਾਨਸਿਕ ਤੌਰ ‘ਤੇ ਹਿੱਲ ਗਿਆ। ਉਸ ਉਤੇ ਏਨਾ ਜਿ਼ਆਦਾ ਅਸਰ ਹੋਇਆ ਕਿ ਉਹ ਸੱਚਮੁੱਚ ਹੀ ਪਾਗ਼ਲਾਂ ਵਰਗਾ ਵਰਤਾਵ ਕਰਨ ਲੱਗਾ। ਵਾਪਸ ਆਉਂਦਾ ਪਿੰਡ ਭੋਤਨੇ ‘ਚ ਵੜਦਾ ਕਹੀ ਜਾਵੇ, “ਸਾਡਾ ਘਰ ਬਾਰ ਸੜ ਗਿਆ, ਓਥੇ ਪੁਲਿਸ ਬੈਠੀ ਐ, ਮੈਨੂੰ ਮਾਰ ਦੇਣਗੇ...।” ਦਿੱਲੀ ਦੇ ਕਤਲੇਆਮ ਦਾ ਉਹਦੇ ਅਚੇਤ ਮਨ ‘ਤੇ ਏਨਾ ਡੂੰਘਾ ਅਸਰ ਪਿਆ ਕਿ ਉਹ ਰਾਤਾਂ ਨੂੰ ਉੱਠ ਕੇ ਭੱਜ ਪੈਂਦਾ ਤੇ ਅਚਾਨਕ ਰੋਣ ਲੱਗ ਜਾਂਦਾ। ਲਗਭਗ ਇਕ ਸਾਲ ਉਹਦਾ ਏਹੀ ਹਾਲ ਰਿਹਾ ਜਿਸ ਨਾਲ ਪਰਿਵਾਰ ਵੀ ਪਰੇਸ਼ਾਨ ਰਿਹਾ।

ਜਿਥੇ ਉਦਾਸੀ ਦੇ ਗੀਤਾਂ ਵਿਚ ਲੋਹੜੇ ਦਾ ਵੇਗ ਤੇ ਗਾਉਣ ਦੀ ਬੁਲੰਦੀ ਸੀ ਉਥੇ ਉਸ ਦੀ ਸ਼ਖਸੀਅਤ ਦੇ ਕੁਝ ਉਲਾਰ ਪੱਖ ਵੀ ਸਨ। ਉਹ ਪਲ ‘ਚ ਤੋਲਾ ਤੇ ਪਲ ‘ਚ ਮਾਸਾ ਹੋ ਜਾਂਦਾ ਸੀ। ਉਹਦੇ ਸੁਭਾਅ ਨੂੰ ਹੋਰ ਤਾਂ ਕੀ ਉਹਦੇ ਘਰ ਵਾਲੇ ਵੀ ਨਹੀਂ ਸਨ ਸਮਝ ਸਕੇ। ਉਹ ਹੱਸਦਾ ਹੱਸਦਾ ਰੋ ਪੈਂਦਾ ਸੀ ਰੋਂਦਾ ਰੋਂਦਾ ਹੱਸ ਪੈਂਦਾ ਸੀ। ਕਦੇ ਕੂਕਾਂ ਮਾਰਦਾ ਤੇ ਕਦੇ ਚੁੱਪ ਗੜੁੱਪ। ਲੰਘ ਜਾਣ ਤਾਂ ਹਾਥੀ ਲੰਘ ਜਾਣ ਨਹੀਂ ਤਾਂ ਕੀੜੀ ਵੀ ਨਹੀਂ ਸੀ ਲੰਘ ਸਕਦੀ। ਅਜੀਬ ਸ਼ਖਸੀਅਤ ਦਾ ਮਾਲਕ ਸੀ ਸੰਤ ਰਾਮ ਉਦਾਸੀ। ਕਦੇ ਸੋਫੀ ਤੇ ਸਾਊ, ਕਦੇ ਐਬੀ ਤੇ ਸ਼ਰਾਬੀ!
ਕੁਝ ਐਬ ਉਹਦੇ ਦੋਸਤਾਂ ਨੇ ਆਪਣੇ ਕੋਲੋਂ ਵੀ ਉਹਦੇ ਨਾਂ ਜੋੜ ਰੱਖੇ ਸਨ। ਮਸਲਨ ਉਹ ਇੰਟੈਰੋਗੇਸ਼ਨ ਸੈਂਟਰ ਦਾ ਤਸ਼ੱਦਦ ਝੱਲ ਕੇ ਬਾਹਰ ਆਉਂਦਾ ਹੈ। ਕਿਸੇ ਸਭਾ ਦੇ ਸਮਾਗਮ ਵਿਚ ਹੱਡਬੀਤੀ ਬਿਆਨ ਕਰਦਾ ਹੈ। ਦੱਸਦਾ ਹੈ ਕਿ ਇੰਟੈਰੋਗੇਸ਼ਨ ਸੈਂਟਰ ਵਿਚ ਉਹਦੇ ਉਤੇ ਅੰਨ੍ਹਾਂ ਤਸ਼ੱਦਦ ਢਾਹਿਆ ਗਿਆ ਜਿਸ ਨਾਲ ਉਹਦੀ ਨਿਗ੍ਹਾ ਘਟ ਗਈ ਤੇ ਹੁਣ ਬੜਾ ਘੱਟ ਦਿਸਦੈ। ਸਾਹਮਣੇ ਬੈਠੇ ਸਰੋਤਿਆਂ ਦਾ ਵੀ ਬੱਸ ਝੌਲਾ ਜਿਹਾ ਈ ਪੈਂਦੈ। ਸਿਰ ਸਿ਼ਕੰਜੇ ‘ਚ ਪੀੜਿਆ ਗਿਐ ਜਿਸ ਨਾਲ ਯਾਦਾਸ਼ਤ ਮਾਰੀ ਗਈ ਐ...।
ਸਭਾ ਸਮਾਪਤ ਹੋਣ ਉਤੇ ਯਾਰਾਂ ਬੇਲੀਆਂ ਦੀਆਂ ਢਾਣੀਆਂ ਬਣ ਜਾਂਦੀਆਂ ਹਨ। ਉਦਾਸੀ ਦੀ ਢਾਣੀ ਚਾਰ ਜਣਿਆਂ ਦੀ ਹੈ। ਸਭ ਨੇ ਸਾਈਕਲਾਂ ਉਤੇ ਆਪੋ ਆਪਣੇ ਪਿੰਡੀਂ ਜਾਣਾ ਹੈ ਜੋ ਕਈ-ਕਈ ਮੀਲ ਦੂਰ ਹਨ। ਪ੍ਰੋਗਰਾਮ ਬਣਦਾ ਹੈ ਕਿ ਠੇਕੇ ਤੋਂ ਪਊਆ ਪਊਆ ਪੀ ਕੇ ਸਾਈਕਲਾਂ ‘ਤੇ ਲੱਤ ਦਿੱਤੀ ਜਾਵੇ। ਉਦਾਸੀ ਨੂੰ ਇਹ ਪ੍ਰੋਗਰਾਮ ਪਸੰਦ ਹੈ ਕਿਉਂਕਿ ਸਾਈਕਲ ਉਤੇ ਜਾਂਦਿਆਂ ਉਸ ਨੇ ਕੋਈ ਗੀਤ ਜੋੜ ਲੈਣਾ ਹੈ। ਐਨ ਉਵੇਂ ਜਿਵੇਂ ਬਾਬੂ ਰਜਬ ਅਲੀ ਨੇ ਕਾਫੀ ਸਾਰੀ ਕਵੀਸ਼ਰੀ ਨਹਿਰੀ ਬਾਬੂ ਬਣ ਕੇ ਘੋੜੀ ਦੀ ਸਵਾਰੀ ਕਰਦਿਆਂ ਜੋੜੀ ਸੀ। ਉਹ ਘੋੜੀ ਦੀ ਚਾਲ ਨਾਲ ਛੰਦ ਜੋੜਦਾ ਜਾਂਦਾ ਸੀ। ਉਦਾਸੀ ਪੈਡਲ ਮਾਰਦਾ ਤੁਕਾਂ ਜੋੜ ਲੈਂਦਾ ਸੀ।
ਉਨ੍ਹਾਂ ਦੀ ਢਾਣੀ ਠੇਕੇ ਕੋਲ ਜਾ ਖੜ੍ਹਦੀ ਹੈ। ਸਲਾਹਾਂ ਕਰਦੀ ਹੈ ਕਿ ਰਸਭਰੀ ਪੀਤੀ ਜਾਵੇ ਜਾਂ ਸੰਤਰਾ ਮਾਰਕਾ? ਕੋਈ ਸੌਂਫੀਏ ਦਾ ਨਾਂ ਲੈਂਦਾ ਹੈ। ਉਨ੍ਹੀਂ ਦਿਨੀਂ ਸਭ ਤੋਂ ਸਸਤੀ ਬੋਤਲ ਅੱਠ ਰੁਪਿਆਂ ਦੀ ਮਿਲਦੀ ਸੀ ਤੇ ਸਭ ਤੋਂ ਸਸਤਾ ਪਊਆ ਤਿੰਨਾਂ ਰੁਪਿਆਂ ਦਾ। ਜੇ ਚਾਰੇ ਜਣੇ ਆਪੋ ਆਪਣੇ ਪਊਏ ਖਰੀਦਦੇ ਹਨ ਤਾਂ ਮਹਿੰਗੇ ਪੈਂਦੇ ਹਨ। ਸਰਫੇ-ਹੱਥੇ ਚਾਰੇ ਜਣੇ ਦੋ-ਦੋ ਰੁਪਏ ਪਾਉਂਦੇ ਹਨ ਤੇ ਸਾਂਝੀ ਬੋਤਲ ਲੈ ਲੈਂਦੇ ਹਨ। ਚਾਰ ਗਲਾਸਾਂ ਦਾ ਵੀ ਪ੍ਰਬੰਧ ਹੋ ਜਾਂਦੈ। ਉਤੋਂ ਦਿਨ ਛਿਪ ਰਿਹਾ ਹੁੰਦੈ। ਉਦਾਸੀ ਦੇ ਕਾਲੀਆਂ ਐਨਕਾਂ ਲਾਈਆਂ ਹੁੰਦੀਐਂ। ਗਲਾਸਾਂ ‘ਚ ਪਊਆ ਪਊਆ ਪਾਉਣ ਵਾਲਾ ਸੋਚਦੈ, “ਉਦਾਸੀ ਨੂੰ ਕਿਹੜਾ ਦਿਸਦੈ?” ਉਹ ਉਹਦੇ ਗਲਾਸ ਵਿਚ ਘੱਟ ਪਾਉਂਦੈ ਤੇ ਬਾਕੀ ਤਿੰਨਾਂ ‘ਚ ਵੱਧ। ਉਦਾਸੀ ਕਾਲੀਆਂ ਐਨਕਾਂ ਲਾਹ ਕੇ ਆਖਦੈ, “ਪਤੰਦਰੋ, ਮੈਨੂੰ ਏਨਾ ਘੱਟ ਵੀ ਨੲ੍ਹੀਂ ਦੀਂਹਦਾ ਬਈ ਪਤਾ ਨਾ ਲੱਗੇ ਕਿ ਤੁਸੀਂ ਮੇਰੇ ਗਲਾਸ ‘ਚ ਪੂਰਾ ਹਿੱਸਾ ਨੀ ਪਾਇਆ!”
ਬਣਦਾ ਹਿੱਸਾ ਲੈਣ ਬਾਰੇ ਤਾਂ ਉਸ ਨੇ ਕਵਿਤਾ ਵੀ ਲਿਖੀ ਸੀ:
-ਉੱਚੀ ਕਰ ਕੇ ਆਵਾਜ਼ ਮਜ਼ਦੂਰ ਨੇ ਹੈ ਕਹਿਣਾ,
ਹਿੱਸਾ ਦੇਸ਼ ਦੀ ਆਜ਼ਾਦੀ ਵਿਚੋਂ ਅਸੀਂ ਵੀ ਹੈ ਲੈਣਾ।

ਉਦਾਸੀ ਦਾ ਪਰਿਵਾਰ ਜਿਵੇਂ ਜਿਵੇਂ ਵਧ ਰਿਹਾ ਸੀ ਉਸ ਦੇ ਖਰਚੇ ਵੀ ਵਧ ਰਹੇ ਸਨ ਜੋ ਇਕੱਲੇ ਜਣੇ ਦੀ ਤਨਖਾਹ ਨਾਲ ਪੂਰੇ ਨਹੀਂ ਸਨ ਹੋ ਰਹੇ। ਬਿਰਧ ਮਾਂ ਸਣੇ ਸੁੱਖ ਨਾਲ ਅੱਠਾਂ ਜੀਆਂ ਦਾ ਟੱਬਰ ਸੀ। ਤਿੰਨ ਧੀਆਂ ਸਨ ਤੇ ਦੋ ਪੁੱਤ ਜੋ ਪੜ੍ਹਾਈ ਕਰ ਰਹੇ ਸਨ। ਉਨ੍ਹਾਂ ਦੀਆਂ ਕਾਪੀਆਂ ਕਿਤਾਬਾਂ, ਲੀੜੇ ਕਪੜੇ ਤੇ ਹੋਰ ਵੀਹ ਖਰਚੇ ਸਨ। ਪਹਿਲਾਂ ਤਾਂ ਉਹ ਦਿਨ ਦਿਹਾਰ ‘ਤੇ ਹੀ ਪੀਂਦਾ ਤੇ ਮੀਟ ਖਾਂਦਾ ਸੀ। ਫਿਰ ਦਿਨ ਦਿਹਾਰ ਤੋਂ ਮਹੀਨੇਵਾਰ ਤੇ ਹਫ਼ਤੇਵਾਰ ‘ਤੇ ਉੱਤਰ ਆਇਆ। ਜਦੋਂ ਉਹ ਸ਼ਹਿਰੋਂ ਤਨਖਾਹ ਲੈਣ ਜਾਂਦਾ ਤਾਂ ਰਸੋਈ ਦੇ ਹੋਰ ਸਮਾਨ ਨਾਲ ਮੀਟ ਵੀ ਲੈ ਆਉਂਦਾ। ਨਾਲ ਨਿਆਣਿਆਂ ਨੂੰ ਵੀ ਮੀਟ ਖੁਆਉਂਦਾ। ਵੱਡੀ ਬੇਬੇ ਘਰ ‘ਚ ਮੁਰਗਾ ਨਹੀਂ ਸੀ ਵੱਢਣ ਦਿੰਦੀ। ਉਹ ਨਾਮ ਬਾਣੀ ਦੀ ਭਗਤਣੀ ਸੀ ਤੇ ਮੀਟ ਸ਼ਰਾਬ ਤੋਂ ਖਿਝਦੀ ਸੀ। ਬਹੁਤੀ ਵਾਰ ਉਦਾਸੀ ਬਾਹਰੇ ਬਾਹਰ ਹੀ ਪੀ ਖਾ ਆਉਂਦਾ।
ਉਹ ਸਾਹਿਤ ਸਭਾ ਬਰਨਾਲੇ ਤੇ ਹੋਰਨਾਂ ਮੀਟਿੰਗਾਂ ਵਿਚ ਵੀ ਜਾਂਦਾ ਰਹਿੰਦਾ। ਉੱਦਣ ਤਾਂ ਯਾਰਾਂ ਬੇਲੀਆਂ ਸੰਗ ਘੁੱਟ ਲਾ ਕੇ ਹੀ ਘਰ ਮੁੜਦਾ। ਕੁਝ ਨਾ ਕੁਝ ਨਿਆਣਿਆਂ ਦੇ ਖਾਣ ਲਈ ਵੀ ਲਿਆਉਂਦਾ। ਰਸੋਈ ਦਾ ਸਮਾਨ ਵੀ ਉਹਦੇ ਸਾਈਕਲ ਉਤੇ ਲੱਦਿਆ ਹੁੰਦਾ। ਘਰ ਆ ਕੇ ਧੀਆਂ ਪੁੱਤਾਂ ਨਾਲ ਲਾਡ ਕਰਦਾ ਤੇ ਉਨ੍ਹਾਂ ਦੇ ਮੂੰਹ ਚੁੰਮਦਾ। ਬੇਬੇ ਧੀਆਂ ਨਾਲ ਅਜਿਹੇ ਲਾਡ ਕਰਨੋਂ ਰੋਕਦੀ ਪਰ ਨਿਆਣੇ ਖੁਸ਼ੀ ਵਿਚ ਚਾਂਭਲਦੇ। ਉਹ ਕਦੇ ਲੱਤਾਂ ਨੂੰ ਚੰਬੜਦੇ ਕਦੇ ਮੋਢਿਆਂ ‘ਤੇ ਚੜ੍ਹਦੇ। ਉੱਦਣ ਉਦਾਸੀ ਦੇ ਵਿਹੜੇ ਸੂਰਜ ਚੜ੍ਹਿਆ ਲੱਗਦਾ। ਨਿਆਣੇ ਉਡੀਕਦੇ ਰਹਿੰਦੇ ਕਿ ਪਾਪਾ ਕਦ ਸ਼ਹਿਰ ਜਾਵੇ ਤੇ ਪੀ ਕੇ ਲਾਡ ਬਾਡੀਆਂ ਕਰੇ। ਮਹੀਨੇ ਮਗਰੋਂ ਤਨਖਾਹ ਲੈਣ ਲਈ ਤਾਂ ਉਹ ਸ਼ਹਿਰ ਜਾਂਦਾ ਹੀ ਸੀ। ਉਦਾਸੀ ਆਪਣੇ ਬੱਚਿਆਂ ਨਾਲ ਨਰਮ ਵੀ ਸੀ ਤੇ ਪੜ੍ਹਾਈ ਕਰਾਉਣ ਲਈ ਸਖ਼ਤ ਵੀ ਸੀ। ਉਨ੍ਹਾਂ ਨੇ ਦੋ ਮੱਝਾਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਨੂੰ ਬੰਨ੍ਹਣ ਖੋਲ੍ਹਣ, ਚਾਰਨ, ਪਾਣੀ ਪਿਆਉਣ, ਨਹਾਉਣ, ਪੱਠੇ ਪਾਉਣ ਤੇ ਗੋਹਾ ਕੂੜਾ ਕਰਨ ਵਿਚ ਸਾਰਾ ਟੱਬਰ ਰੁਝਿਆ ਰਹਿੰਦਾ ਸੀ।
ਜਦੋਂ ਉਦਾਸੀ ਸਹੁਰੀਂ ਜਾਂਦਾ ਤਾਂ ਕਦੇ-ਕਦੇ ਮੱਛਰ ਵੀ ਜਾਂਦਾ। ਉਹ ਜਣੇ ਖਣੇ ਨੂੰ ਸਾਲਾ ਬਣਾ ਧਰਦਾ। ਉਹਦਾ ਸਹੁਰਾ ਪਿੰਡ ਜਿ਼ਲ੍ਹਾ ਫਰੀਦਕੋਟ ਵਿਚ ਹੋਣ ਕਰਕੇ ਲਾਚੜਿਆ ਹੋਇਆ ਉਹ ਫਰੀਦਕੋਟ ਦੇ ਕਾਮਰੇਡਾਂ ਨੂੰ ਵੀ ਸਾਲੇ ਆਖਣੋ ਨਾ ਟਲਦਾ। ਆਪਣੇ ਜੁਆਕਾਂ ਨੂੰ ਕਹਿੰਦਾ ਕਿ ਇਹ ਥੋਡੇ ਮਾਮੇ ਨੇ! ਸਹੁਰੀਂ ਗਿਆ ਵਿਹੜੇ ਦੇ ਮੁਰਗੇ ਨਾ ਛੱਡਦਾ। ਜੀਹਦਾ ਕੁੱਕੜ ਕੋਲ ਦੀ ਲੰਘਦਾ ਫੜ ਕੇ ਧੌਣ ਮਰੋੜ ਦਿੰਦਾ। ਅਗਲੇ ਜੁਆਈ ਭਾਈ ਸਮਝ ਕੇ ਚੁੱਪ ਰਹਿੰਦੇ। ਲੁਕ ਛਿਪ ਕੇ ਰਾਤ ਕੱਟਣ ਵਾਲੇ ਉਹਦੇ ਨਕਸਲਬਾੜੀਏ ਸਾਥੀ ਕਹਿੰਦੇ ਕਿ ਉਦਾਸੀ ਦੇ ਸਹੁਰੇ ਆਏ ਗਏ ਦੀ ਬੜੀ ਖ਼ਾਤਰ ਕਰਦੇ ਨੇ। ਜਦੋਂ ਉਹ ਰਾਏਸਰ ਜਾ ਕੇ ਉਦਾਸੀ ਦੇ ਸਹੁਰਿਆਂ ਦੀ ਵਡਿਆਈ ਕਰਦੇ ਤਾਂ ਉਦਾਸੀ ਘਰ ਵਾਲੀ ਨੂੰ ਲਾ ਕੇ ਕਹਿੰਦਾ, “ਆਹੀ ਸੀਂਢਲ ਜੀ ਖ਼ਾਤਰ ਨੀ ਕਰਦੀ, ਉਹ ਤਾਂ ਬਥੇਰੀ ਖ਼ਾਤਰ ਕਰਦੇ ਆ ਭਾਈ।”

ਉਹਦਾ ਹੱਥ ਹਮੇਸ਼ਾਂ ਤੰਗ ਰਹਿੰਦਾ ਸੀ। ਯਾਰ ਬੇਲੀ ਵੀ ਮਦਦ ਕਰਨ ਦੀ ਹੈਸੀਅਤ ਵਿਚ ਨਹੀਂ ਸਨ। ਹੱਥ ਸੁਖਾਲਾ ਕਰਨ ਲਈ ਉਹ ਵਿਆਹਾਂ ਦੇ ਅਨੰਦ ਕਾਰਜਾਂ ਉਤੇ ਕਵਿਤਾਵਾਂ ਪੜ੍ਹਨ ਤੇ ਗੀਤ ਗਾਉਣ ਲੱਗ ਪਿਆ ਸੀ। ਜਿਹੜੇ ਪੈਸੇ ਸਿਹਰੇ ਤੇ ਸਿੱਖਿਆ ਪੜ੍ਹਨ ਵਾਲਿਆਂ ਨੂੰ ਮਿਲਣੇ ਹੁੰਦੇ ਉਹ ਉਦਾਸੀ ਨੂੰ ਮਿਲ ਜਾਂਦੇ ਬਲਕਿ ਉਹਦੇ ਗੀਤਾਂ ਤੋਂ ਖ਼ੁਸ਼ ਹੋ ਕੇ ਉਸ ਦੇ ਪ੍ਰਸੰਸਕ ਕੁਝ ਵੱਧ ਹੀ ਦੇ ਦਿੰਦੇ। ਇੰਜ ਪੈਸੇ ਕਮਾਉਣ ਨੂੰ ਉਹਦੇ ਕੁਝ ਸਾਥੀ ਚੰਗਾ ਨਾ ਸਮਝਦੇ ‘ਤੇ ਪਿੱਠ ਪਿੱਛੇ ਉਹਦੀ ਨਿੰਦਿਆ ਕਰਦੇ। ਕਹਿੰਦੇ, “ਇਹਨੇ ਭਾਈਆਂ ਵਾਲਾ ਕੰਮ ਕਿਉਂ ਫੜ ਲਿਆ?” ਪਰ ਉਦਾਸੀ ਨੂੰ ਪੈਸਿਆਂ ਦੀ ਲੋੜ ਸੀ ਤੇ ਉਹ ਅਨੰਦ ਕਾਰਜਾਂ ਤੋਂ ਅਗਾਂਹ ਗੁਰਦਵਾਰਿਆਂ ਵਿਚ ਦੀਵਾਨਾਂ ਮੌਕੇ ਵੀ ਗੀਤ-ਕਵਿਤਾਵਾਂ ਗਾਉਣ ਲੱਗ ਪਿਆ ਤੇ ਰਾਗੀਆਂ ਢਾਡੀਆਂ ਵਾਂਗ ਹੀ ਦਮੜੇ ਕਮਾਉਣ ਲੱਗ ਪਿਆ।
ਉਹ ਬੇਸ਼ੱਕ ਗੁਰਦਵਾਰੇ ਦੀ ਸਟੇਜ ‘ਤੇ ਗਾਉਂਦਾ, ਬੇਸ਼ਕ ਸਰਕਾਰੀ ਕਵੀ ਦਰਬਾਰਾਂ ਵਿਚ, ਬੇਸ਼ੱਕ ਅਨੰਦ ਕਾਰਜਾਂ ਸਮੇਂ ਗਾਉਂਦਾ, ਉਹਦੇ ਗੀਤ ਹਮੇਸ਼ਾਂ ਇਨਕਲਾਬੀ ਤੇ ਉਸਾਰੂ ਹੁੰਦੇ। ਕੋਈ ਉਸ ਦੇ ਗੀਤਾਂ ‘ਚ ਨੁਕਸ ਨਹੀਂ ਸੀ ਕੱਢ ਸਕਦਾ। ਉਹਦੇ ਇਨਕਲਾਬੀ ਸਾਥੀ ਉਦਾਸੀ ਦੇ ਇਸ ਤਰ੍ਹਾਂ ਪੈਸੇ ਕਮਾਉਣ ਦੀ ਨੁਕਤਾਚੀਨੀ ਤਾਂ ਕਰਦੇ ਪਰ ਇਹਦਾ ਕੋਈ ਹੋਰ ਇਲਾਜ ਨਾ ਸੋਚਦੇ। ਕੋਈ ਅਦਾਰਾ ਉਹਦੀ ਆਰਥਕ ਮਦਦ ਲਈ ਅੱਗੇ ਨਾ ਆਇਆ। ਉਦਾਸੀ ਨੂੰ ਘਰ ਦੇ ਗੁਜ਼ਾਰੇ ਲਈ ਪੈਸਿਆਂ ਦੀ ਲੋੜ ਸੀ ਜੋ ਹੋਰ ਕਿਸੇ ਤਰ੍ਹਾਂ ਪੂਰੀ ਨਾ ਹੁੰਦੀ। ਇਸ ਸਥਿਤੀ ਵਿਚ ਜੋ ਉਦਾਸੀ ਦੇ ਦਿਲ ‘ਤੇ ਬੀਤਦੀ ਉਹਦਾ ਦੁੱਖ ਓਹੀ ਜਾਣਦਾ ਸੀ। ਇਕੇਰਾਂ ਉਹਨੇ ਆਪਣੀ ਧੀ ਨੂੰ ਉਚੇਰੀ ਪੜ੍ਹਾਈ ਕਰਾਉਣ ਦੇ ਖਰਚੇ ਦੀ ਗੱਲ ਮੇਰੇ ਕੋਲ ਵੀ ਕੀਤੀ ਪਰ ਮੈਂ ਕੋਈ ਮਦਦ ਨਾ ਕਰ ਸਕਿਆ। ਇਹ ਸਾਡੇ ਬਹੁਤ ਸਾਰੇ ਕਲਾਕਾਰਾਂ ਦਾ ਦੁਖਾਂਤ ਹੀ ਰਿਹਾ ਕਿ ਗ਼ਰੀਬੀ ਨੇ ਪੱਟੀ ਨਹੀਂ ਬੱਝਣ ਦਿੱਤੀ। ਵਿਚਾਰਾ ਉਦਾਸੀ ਕੀ ਕਰਦਾ?
ਨਕਸਲਬਾੜੀ ਲਹਿਰ ਨਾਲ ਪਰਨਾਇਆ ਹੋਣ ਕਾਰਨ ਉਹ ਗੁਰਦਵਾਰਿਆਂ ਦੀਆਂ ਸਟੇਜਾਂ ਉਤੇ ਇਨਕਲਾਬੀ ਸਿੱਖ ਵਿਰਸੇ ਦੀਆਂ ਬਾਤਾਂ ਹੀ ਪਾਉਂਦਾ। ਸਰਕਾਰੀ ਕਵੀ ਦਰਬਾਰਾਂ ਵਿਚ ਵੀ ਸਰਕਾਰ ਵਿਰੋਧੀ ਕਵਿਤਾਵਾਂ ਪੜ੍ਹਦਾ। ਸਰਕਾਰੀ ਅਫ਼ਸਰਾਂ ਦੀ ਉਹਨੇ ਕਦੇ ਖ਼ੁਸ਼ਾਮਦ ਨਹੀਂ ਸੀ ਕੀਤੀ ਤੇ ਨਾ ਹੀ ਸਰਕਾਰਾਂ ਦੇ ਸੋਹਲੇ ਗਾਏ। ਉਹ ਸਥਾਪਤੀ ਦੇ ਮੰਚ ਉਤੇ ਸਥਾਪਤੀ ਵਿਰੁੱਧ ਬੋਲਦਾ ਰਿਹਾ। ‘ਦਿੱਲੀਏ ਦਿਆਲਾ ਦੇਖ’ ਕਵਿਤਾ ਉਸ ਨੇ ਲਾਲ ਕਿਲੇ ਦੇ ਸਰਕਾਰੀ ਕਵੀ ਦਰਬਾਰ ਵਿਚ ਪੜ੍ਹੀ ਸੀ। ਉਹ ਅਕਸਰ ਕਹਿੰਦਾ ਸੀ, “ਲਾਲ ਕਿਲੇ ‘ਤੇ ਕਵਿਤਾ ਹੀ ਨਹੀਂ ਪੜ੍ਹਨੀ, ਲਾਲ ਕਿਲੇ ‘ਤੇ ਲਾਲ ਝੰਡਾ ਵੀ ਗੱਡਣੈਂ।”
ਅਨੰਦ ਕਾਰਜਾਂ ਉਤੇ ਉਹ ਅਕਸਰ ‘ਡੋਲੀ’ ਨਾਂ ਦੀ ਕਵਿਤਾ ਸੁਣਾਉਂਦਾ:
-ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੀ ਬਾਬਲਾ ਵੇ, ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ
ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ, ਮਾਂਗ ਮੇਰੀ ਮੰਗਦੀ ਸੰਧੂਰ...
ਇਕ ਤਲਵਾਰ ਮੇਰੀ ਡੋਲੀ ਵਿਚ ਰੱਖ ਦਿਓ, ਹੋਰ ਵੀਰੋ ਦਿਓ ਨਾ ਵੇ ਦਾਜ
ਸਾਡੇ ਵੱਲ ਕੈਰੀ ਅੱਖ ਝਾਕ ਨਾ ਵੇ ਸਕੇ, ਸਾਡਾ ਰਸਮੀ ਤੇ ਵਹਿਮੀ ਇਹ ਸਮਾਜ
ਰਾਹਾਂ ਵਿਚ ਪਿੰਡ ਦਿਆਂ ਲੰਬੜਾਂ ਨੇ ਘਾਤ ਲਾਈ, ਜੁਰਮਾਂ ਦਾ ਜਿਨ੍ਹਾਂ ਨੂੰ ਗ਼ਰੂਰ
ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ, ਮਾਂਗ ਮੇਰੀ ਮੰਗਦੀ ਸੰਧੂਰ।
ਉਹ ਅਨੰਦ ਕਾਰਜਾਂ ‘ਤੇ ਜਾਂਦਾ ਤਾਂ ਵਿਆਹਾਂ ਵਾਲਾ ਖਾਣ ਪੀਣ ਵੀ ਕਰ ਲੈਂਦਾ। ਉਹਦੇ ਪ੍ਰਸੰਸਕ ਉਹਨੂੰ ਦਾਰੂ ਪਿਆ ਕੇ ਗੀਤ ਸੁਣਦੇ ਤੇ ਪਿੱਛੋਂ ਉਹਦੀ ਪੀਤੀ ਦੀਆਂ ਗੱਲਾਂ ਕਰਦੇ। ਕਦੇ ਕਦੇ ਸ਼ਰਾਬ ਉਹਦੇ ਉਤੋਂ ਦੀ ਵੀ ਹੋ ਜਾਂਦੀ ਤੇ ਉਹ ਜਿਥੇ ਹੁੰਦਾ ਉਥੇ ਹੀ ਡਿੱਗ ਢਹਿ ਪੈਂਦਾ। ਦਿਨ ਦਿਹਾਰ ਤੋਂ ਹਫ਼ਤੇਵਾਰ ‘ਤੇ ਆਇਆ ਉਹ ਨਿੱਤ ਦਾ ਪਿਆਕ ਬਣ ਗਿਆ ਸੀ। ਪਊਆ ਪੀਤੇ ਬਿਨਾਂ ਉਹਨੂੰ ਟੇਕ ਨਾ ਆਉਂਦੀ। ਕਈ ਵਾਰ ਅਧੀਆ ਤੇ ਵੱਧ ਵੀ ਖਿੱਚ ਜਾਂਦਾ। ਰੂੜੀ ਮਾਰਕਾ ਤੋਂ ਸੰਤਰਾ ਤੇ ਵਿਸਕੀ ਤਕ ਜਿਹੋ ਜਿਹੀ ਮਿਲਦੀ ਉਹੋ ਜਿਹੀ ਪੀਈ ਜਾਂਦਾ। ਪੀਣ ਉਤੇ ਉਹਦਾ ਕੰਟਰੋਲ ਨਾ ਰਹਿੰਦਾ।
ਸ਼ਰਾਬ ਸਾਡੇ ਕਈ ਕਵੀਆਂ ਤੇ ਲੇਖਕਾਂ ਦੀ ਕਮਜ਼ੋਰੀ ਬਣੀ ਹੈ। ਸਿ਼ਵ ਕੁਮਾਰ ਬਟਾਲਵੀ ਕਮਾਲ ਦਾ ਕਵੀ ਸੀ, ਉਸ ਨੂੰ ਇਸ਼ਕ ਮੁਸ਼ਕ ਨਾਲ ਸ਼ਰਾਬ ਵੀ ਲੈ ਬੈਠੀ। ਕਰਮਜੀਤ ਕੁੱਸਾ ਬੜਾ ਹੋਣਹਾਰ ਨਾਵਲਕਾਰ ਸੀ ਪਰ ਸ਼ਰਾਬ ਨੇ ਉਹ ਛੋਟੀ ਉਮਰ ਵਿਚ ਹੀ ਨਿਗਲ ਲਿਆ। ਮੀਸ਼ੇ ਦੀ ਮੌਤ ਵੀ ਸ਼ਰਾਬ ਨਾਲ ਜੋੜੀ ਜਾਂਦੀ ਹੈ। ਸਵਿਤੋਜ ਨੂੰ ਵੀ ਸ਼ਰਾਬ ਦਾ ਸੰਤਾਪ ਲੱਗਾ। ਨੰਦ ਲਾਲ ਨੂਰਪੁਰੀ ਸ਼ਰਾਬ ਦੇ ਦੁੱਖੋਂ ਖੁਦਕਸ਼ੀ ਕਰ ਗਿਆ। ਸ਼ਰਾਬ ਨੇ ਹੋਰ ਵੀ ਕਈਆਂ ਦਾ ਖਾਨਾ ਖਰਾਬ ਕੀਤਾ। ਕੀ ਪਤਾ ਉਦਾਸੀ ਦੇ ਅਧਖੜ ਉਮਰ ਵਿਚ ਹੀ ਗੁਜ਼ਰ ਜਾਣ ਦਾ ਇਕ ਕਾਰਨ ਸ਼ਰਾਬ ਵੀ ਹੋਵੇ। ਉਹਦੀ ਮੌਤ ਅਜੇ ਵੀ ਬੁਝਾਰਤ ਹੈ।
ਮੈਂ ਉਦਾਸੀ ਨਾਲ ਆਪ ਤਾਂ ਘੱਟ ਹੀ ਪੀਤੀ ਪਰ ਉਹਨੂੰ ਰੱਜ ਕੇ ਪੀਂਦੇ ਜ਼ਰੂਰ ਵੇਖਿਆ। ਇਕ ਵਾਰ ਅਸੀਂ ਕੁੱਸੇ ‘ਕੱਠੇ ਹੋਏ। ਕਰਮਜੀਤ ਕੁੱਸੇ ਦੀ ਭੈਣ ਦਾ ਵਿਆਹ ਸੀ। ਕੁਝ ਅਧਿਆਪਕ ਤੇ ਦੋਸਤ ਮਿੱਤਰ ਬਾਹਰਲੇ ਘਰ ਜਾ ਬੈਠੇ ਜਿਥੇ ਦਾਰੂ ਦੀ ਮਹਿਫ਼ਲ ਜੰਮ ਗਈ। ਦਾਰੂ ਦੀ ਲੋਰ ਵਿਚ ਉਦਾਸੀ ਚੜ੍ਹਦੇ ਤੋਂ ਚੜ੍ਹਦਾ ਗੀਤ ਗਾਉਂਦਾ ਗਿਆ। ਲੋਹੜਿਆਂ ਦਾ ਤਰੰਨਮ ਸੀ ਉਹਦੇ ਗਾਉਣ ਵਿਚ। ਮੰਝੇ ਹੋਏ ਗਾਇਕਾਂ ਵਾਲਾ। ਗਰਾਰੀਆਂ ਵਾਲੀ ਦਿਲ ਧੂਹਵੀਂ ਆਵਾਜ਼। ਕਈ ਤਰਜ਼ਾਂ ਉਹਨੇ ਕਮਾਲ ਦੀਆਂ ਕੱਢੀਆਂ। ਡੋਲੀ ਤੋਰਨ ਦਾ ਵਕਤ ਹੋਇਆ ਤਾਂ ਮਹਿਫ਼ਲ ਉੱਠ ਖੜ੍ਹੀ ਹੋਈ ਪਰ ਉਦਾਸੀ ਤੋਂ ਉਠਿਆ ਨਾ ਗਿਆ। ਉਹ ਘਰੋੜੇ ਮੰਜੇ ਉਤੇ ਹੀ ਲਮਲੇਟ ਹੋ ਗਿਆ ਤੇ ਉਹਦੇ ਸਾਥੀ ਉਹਨੂੰ ਉਥੇ ਹੀ ਛੱਡ ਗਏ। ਛੱਡ ਹੀ ਨਹੀਂ ਗਏ ਬਲਕਿ ਉਹਦੀ ਵੱਧ ਪੀਤੀ ਉਤੇ ਆਪਣੀ ਘੱਟ ਪੀਤੀ ਖੇੜਦੇ ਗਏ!
1982 ‘ਚ ਉਹ ਮੇਰੇ ਸਨਮਾਨ ਲਈ ਕੀਤੇ ਜਾ ਰਹੇ ਢੁੱਡੀਕੇ ਸਾਹਿਤ ਸਭਾ ਦੇ ਸਮਾਗਮ ਵਿਚ ਚਕਰ ਆਇਆ। ਜਸਵੰਤ ਸਿੰਘ ਕੰਵਲ ਵੀ ਹਾਜ਼ਰ ਸੀ ਤੇ ਹਾਕੀ ਵਾਲਾ ਪ੍ਰਿਥੀਪਾਲ ਸਿੰਘ ਵੀ। ਸਮਾਗਮ ਉਹਦੇ ਗੀਤਾਂ ਨਾਲ ਸਰਸ਼ਾਰਿਆ ਗਿਆ। ਸਰੋਤੇ ਬੜੇ ਖ਼ੁਸ਼ ਹੋਏ ਤੇ ਉਹਦਾ ਗੀਝਾ ਨੋਟਾਂ ਨਾਲ ਭਰ ਗਿਆ। ਮੈਨੂੰ ਡਰ ਸੀ ਕਿ ਖਾਣ ਪੀਣ ਵੇਲੇ ਉਦਾਸੀ ਕਿਤੇ ਕੁੱਸੇ ਵਾਲੀ ਨਾ ਕਰ ਬਹੇ। ਮੈਨੂੰ ਉਹਦੇ ਪੈਸਿਆਂ ਦਾ ਵੀ ਫਿ਼ਕਰ ਸੀ। ਇਸ ਲਈ ਮੈਂ ਪੀਣ ਪਿਆਉਣ ਦੀ ਸੁਲ੍ਹਾ ਨਾ ਮਾਰੀ ਤੇ ਉਦਾਸੀ ਬਿਨ ਪੀਤਿਆਂ ਉਦਾਸ ਜਿਹਾ ਰਾਏਸਰ ਚਲਾ ਗਿਆ। ਫਿਰ ਉਹ ਮੇਰੇ ਭਰਾ ਦੇ ਵਿਆਹ ਕਰਾਉਣ ਤੇ ਅਮਰੀਕਾ ਜਾਣ ਦੀ ਖ਼ੁਸ਼ੀ ਵਿਚ ਰੱਖੇ ਅਖੰਡ ਪਾਠ ਦੇ ਭੋਗ ਮੌਕੇ ਆਇਆ। ਉਸ ਨੇ ਕਵਿਤਾਵਾਂ ਸੁਣਾਈਆਂ ਜੋ ਸੰਗਤ ਵੱਲੋਂ ਬੜੀਆਂ ਸਲਾਹੀਆਂ ਗਈਆਂ। ਭੋਗ ਪੈ ਚੁੱਕਾ ਤਾਂ ਢੁੱਡੀਕੇ ਦੇ ਪ੍ਰੋਫੈਸਰ ਕਹਿਣ ਲੱਗੇ, “ਉਦਾਸੀ ਆਇਆ ਹੋਇਐ। ਏਥੋਂ ਉਠੀਏ ਤੇ ਕਿਤੇ ਹੋਰ ਬਹਿ ਕੇ ਉਦਾਸੀ ਦੇ ਗੀਤ ਸੁਣਨ ਦੀ ਮਹਿਫ਼ਲ ਲਾਈਏ।”
ਉੱਦਣ ਸਾਹਿਤ ਸਭਾ ਦੇ ਸਨਮਾਨ ਥਾਂ ਭਰਾ ਦੇ ਵਿਆਹ ਦੀ ਖ਼ੁਸ਼ੀ ਮਨਾਉਣ ਦਾ ਮੌਕਾ ਸੀ। ਇਸ ਖ਼ੁਸ਼ੀ ‘ਚ ਦਾਰੂ ਪੀਣ ਪਿਆਉਣ ਤੋਂ ਸੰਕੋਚ ਕਰਨਾ ਵਾਜਬ ਨਹੀਂ ਸੀ। ਮਾਸਟਰ ਗੁਰਪ੍ਰੀਤ ਦੇ ਚੁਬਾਰੇ ਵਿਚ ਖਾਣ ਪੀਣ ਦਾ ਪ੍ਰਬੰਧ ਕਰ ਦਿੱਤਾ ਗਿਆ। ਬਾਅਦ ਦੁਪਹਿਰ ਲੱਗੀ ਮਹਿਫ਼ਲ ਡੂੰਘੀ ਸ਼ਾਮ ਤਕ ਲੱਗੀ ਰਹੀ। ਚੁਬਾਰੇ ਦੀਆਂ ਕੰਧਾਂ ਉਦਾਸੀ ਦੇ ਗੀਤਾਂ ਨਾਲ ਲਰਜ਼ਦੀਆਂ ਰਹੀਆਂ। ਮੇਰੀ ਤੇ ਗੁਰਪ੍ਰੀਤ ਦੀ ਕੋਸਿ਼ਸ਼ ਸੀ ਕਿ ਉਦਾਸੀ ਠੀਕ ਠਾਕ ਰਹੇ ਪਰ ਕਿਸੇ ਪ੍ਰੋਫੈਸਰ ਨੇ ਪਤਾ ਨਹੀਂ ਕਦੋਂ ਉਹਨੂੰ ਭਰਵਾਂ ਹਾੜਾ ਲੁਆ ਕੇ ਤਾਲੋਂ ਬੇਤਾਲ ਕਰ ਦਿੱਤਾ। ਫਿਰ ਉਹੀ ਗੱਲ ਹੋਈ ਜੀਹਦਾ ਡਰ ਸੀ। ਉਦਾਸੀ ਗੀਤ ਗਾਉਣ ਦੀ ਥਾਂ ਘਿਆਕੋ ਬਿੱਲੀਆਂ ਬੁਲਾਉਣ ਲੱਗਾ। ਉਸ ਨੇ ਪੱਗ ਲਾਹ ਲਈ ਤੇ ਜਟਾਂ ਖਿਲਾਰ ਲਈਆਂ। ਬਾਕੀ ਤਾਂ ਸਾਰੇ ਆਪੋ ਆਪਣੇ ਰਾਹ ਪੈ ਗਏ ਪਰ ਉਦਾਸੀ ਚੁਬਾਰੇ ‘ਚੋਂ ਉਤਰਨ ਜੋਗਾ ਵੀ ਨਾ ਰਿਹਾ। ਅਗਲੇ ਦਿਨ ਪਤਾ ਲੱਗਾ ਕਿ ਗੁਰਪ੍ਰੀਤ ਹੋਰੀਂ ਸਾਰੀ ਰਾਤ ਜਾਗਦੇ ਰਹੇ ਕਿ ਹਾਏ ਹਾਏ ਕਰਦੇ ਉਦਾਸੀ ਨੂੰ ਕੁਝ ਹੋ ਹੀ ਨਾ ਜਾਵੇ। ਸਵੇਰੇ ਉਹ ਸ਼ਰਮ ਦਾ ਮਾਰਿਆ ਮੈਨੂੰ ਮਿਲੇ ਬਿਨਾਂ ਹੀ ਚਲਾ ਗਿਆ। ਉਹਦੀ ਭਾਜੀ ਵੀ ਬੰਨ੍ਹੀ ਰਹਿ ਗਈ। ਇਹ 1984 ਦੀ ਗੱਲ ਸੀ।
 
ਇਕ ਵਾਰ ਜਗਰਾਓਂ ਦੇ ਲਾਲਾ ਲਾਜਪਤ ਰਾਏ ਕਾਲਜ ਵਿਚ ਗੁਰਭਜਨ ਗਿੱਲ ਹੋਰਾਂ ਨੇ ਕਵੀ ਦਰਬਾਰ ਕਰਵਾਇਆ। ਹੋਰਨਾਂ ਕਵੀਆਂ ਤੋਂ ਬਿਨਾਂ ਸੂਬਾ ਸਿੰਘ ਨੂੰ ਵੀ ਸੱਦਿਆ ਗਿਆ ਤੇ ਸੰਤ ਰਾਮ ਉਦਾਸੀ ਨੂੰ ਵੀ। ਸੂਬਾ ਸਿੰਘ ਦੀਆਂ ਹਾਸਰਸੀ ਕਵਿਤਾਵਾਂ ਰੰਗ ਬੰਨ੍ਹ ਦਿੰਦੀਆਂ ਸਨ ਪਰ ਉਥੇ ਇਸ ਕਰਕੇ ਰੰਗ ਨਾ ਬੱਝਾ ਕਿ ਵਿਦਿਆਰਥੀ ਵਾਰ-ਵਾਰ ਉਦਾਸੀ ਦੀ ਮੰਗ ਕਰਦੇ ਰਹੇ। ਅੱਕ ਕੇ ਗੁਰਭਜਨ ਨੇ ਕਿਹਾ, “ਓਏ ਚੁੱਪ ਵੀ ਕਰੋ। ਪਹਿਲਾਂ ਸੂਬਾ ਸਿੰਘ ਦੀ ਹਾਸੀ ਤਾਂ ਸੁਣ ਲਓ ਫੇਰ ਉਦਾਸੀ ਵੀ ਵਰਤਾ ਦਿਆਂਗੇ! ਉਦਾਸੀ ਏਥੇ ਈ ਐ ਕਿਤੇ ਭੱਜ ਨਹੀਂ ਚੱਲਿਆ।”
ਸਾਹਿਤ ਟ੍ਰੱਸਟ ਢੁੱਡੀਕੇ ਵੱਲੋਂ ਪਹਿਲਾ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ 1978 ਵਿਚ ਸੰਤ ਰਾਮ ਉਦਾਸੀ ਨੂੰ ਦਿੱਤਾ ਗਿਆ ਸੀ। ਜਸਵੰਤ ਸਿੰਘ ਕੰਵਲ ਨਾਲ ਅਸੀਂ ਢੁੱਡੀਕੇ ਤੋਂ ਲੁਧਿਆਣੇ ਦੀ ਜ਼ਰਾਇਤੀ ਯੂਨੀਵਰਸਿਟੀ ਗਏ ਸਾਂ। ਸਮਾਗਮ ਪਾਲ ਆਡੀਟੋਰੀਅਮ ਵਿਚ ਸੀ ਜਿਸ ਦਾ ਇੰਤਜ਼ਾਮ ਡਾ. ਐੱਸ. ਐੱਸ. ਦੁਸਾਂਝ ਨੇ ਕੀਤਾ ਸੀ। ਉਥੇ ਸੰਤ ਸਿੰਘ ਸੇਖੋਂ ਤੇ ਹੋਰ ਕਈ ਸਾਹਿਤਕਾਰ ਵੀ ਹਾਜ਼ਰ ਸਨ। ਵਿਦਿਆਰਥੀਆਂ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ। ਉਦਾਸੀ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਆਇਆ ਸੀ। ਉਦੋਂ ਤਕ ਉਹ ਸਟਾਰ ਬਣ ਚੁੱਕਾ ਸੀ ਜਿਸ ਦੇ ਆਟੋਗਰਾਫ ਲੈਣ ਲਈ ਯੂਨੀਵਰਸਿਟੀ ਦੀਆਂ ਕੁੜੀਆਂ ਖੜ੍ਹੀਆਂ ਸਨ। ਉਥੇ ਉਸ ਨੂੰ ਕੰਬਲੀ ਨਾਲ 11 ਸੌ ਰੁਪਏ ਦੀ ਥੈਲੀ ਭੇਟ ਕੀਤੀ ਗਈ ਜਿਸ ਨਾਲ ਉਸ ਨੇ ਖਰਚਿਆਂ ਦੀਆਂ ਕਈ ਖੁੱਡਾਂ ਬੰਦ ਕੀਤੀਆਂ ਹੋਣਗੀਆਂ। ਉਸ ਸਮਾਗਮ ਲਈ ਉਸ ਨੇ ਕੰਮੀਆਂ ਦੇ ਵਿਹੜੇ ਦਾ ਨਵਾਂ ਗੀਤ ਲਿਖਿਆ ਸੀ ਤੇ ਆਪਣੀ ਬੁਲੰਦ ਆਵਾਜ਼ ਵਿਚ ਗਾਇਆ ਸੀ:
-ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
ਜਿਥੇ ਜੰਮਦਾ ਬੰਦਾ ਸੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ,
ਜਿਥੇ ਕਰਜ਼ੇ ਹੇਠ ਪੰਜੀਰੀ ਹੈ...
ਜਿਥੇ ਹਾਰ ਮੰਨ ਲਈ ਚਾਵਾਂ ਨੇ, ਜਿਥੇ ਕੂੰਜ ਘੇਰ ਲਈ ਕਾਵਾਂ ਨੇ,
ਜਿਥੇ ਅਣਵਿਆਹੀਆਂ ਹੀ ਮਾਵਾਂ ਨੇ, ਜਿਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ,
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ...।
ਇਸ ਗੀਤ ਨੂੰ ਏਨਾ ਪਸੰਦ ਕੀਤਾ ਗਿਆ ਕਿ ਹਾਲ ਦੇਰ ਤਕ ਤਾੜੀਆਂ ਨਾਲ ਗੂੰਜਦਾ ਰਿਹਾ।
ਫਿਰ ਜਗਦੇਵ ਸਿੰਘ ਜੱਸੋਵਾਲ ਨੇ ਐਲਾਨ ਕਰ ਦਿੱਤਾ ਕਿ ਉਦਾਸੀ ਦਾ ਸਨਮਾਨ ਸਿੱਕਿਆਂ ਨਾਲ ਤੋਲ ਕੇ ਕੀਤਾ ਜਾਵੇਗਾ। ਉਦਾਸੀ ਕਈ ਦਿਨ ਫੈਸਲਾ ਨਾ ਕਰ ਸਕਿਆ ਕਿ ਅਜਿਹਾ ਸਨਮਾਨ ਲਵੇ ਜਾਂ ਨਾ? ਆਖ਼ਰ ਉਸ ਨੇ ਇਹ ਸਨਮਾਨ ਲੈ ਲਿਆ ਤੇ ਆਪਣਾ ਭਾਰ ਸਿੱਕਿਆਂ ਨਾਲ ਤੁਲਾ ਲਿਆ। ਇਹਦੇ ਨਾਲ ਵੀ ਕਈ ਖਰਚਿਆਂ ਦੀਆਂ ਖੁੱਡਾਂ ਮੁੰਦੀਆਂ ਗਈਆਂ। ਪਰ ਉਹਦੇ ਕਈ ਕਾਮਰੇਡ ਯਾਰਾਂ ਦੋਸਤਾਂ ਨੇ ਇਸ ਦਾ ਬੁਰਾ ਮਨਾਇਆ ਤੇ ਮਤੇ ਪਾਸ ਕਰ ਦਿੱਤੇ ਕਿ ਉਦਾਸੀ ਨੂੰ ਹੁਣ ਨਕਸਲੀਆਂ ਦੀਆਂ ਸਟੇਜਾਂ ‘ਤੇ ਨਹੀਂ ਚੜ੍ਹਨ ਦੇਣਾ। ਉਨ੍ਹਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਸੰਤ ਰਾਮ ਉਦਾਸੀ ਹੁਣ ਪਹਿਲਾਂ ਵਾਲਾ ਉਦਾਸੀ ਨੀ ਰਿਹਾ। ਉਹ ਪਰੋਲੇਤਾਰੀ ਬਣੇ ਰਹਿਣ ਦੀ ਥਾਂ ਪੈਸੇ ਦਾ ਪੁੱਤ ਬਣ ਗਿਐ!
ਪਰ ਉਨ੍ਹਾਂ ਦਾ ਇਹ ਫਤਵਾ ਆਰਜ਼ੀ ਸਾਬਤ ਹੋਇਆ। ਉਦਾਸੀ ਦੀ ਮੌਤ ਤੋਂ ਪਿੱਛੋਂ ਉਹੀ ਕਾਮਰੇਡ ਉਸ ਨੂੰ ਇਨਕਲਾਬੀ ਸ਼ਾਇਰ ਮੰਨ ਰਹੇ ਨੇ ਤੇ ਉਹਦੀ ਯਾਦ ਵਿਚ ਸਮਾਗਮ ਰਚਾ ਰਹੇ ਨੇ!

1984 ਤੋਂ ਬਾਅਦ ਮੇਰਾ ਉਦਾਸੀ ਨਾਲ ਮੇਲ ਗੇਲ ਨਹੀਂ ਹੋ ਸਕਿਆ। ਸੰਭਵ ਹੈ ਕਿਤੇ ਰਾਹ ਖਹਿੜੇ ਜਾਂ ਕਿਸੇ ਸਭਾ ‘ਚ ਪਲ ਦੋ ਪਲ ਮਿਲੇ ਹੋਈਏ। ਉਂਜ ਉਹਦੀ ਖ਼ਬਰਸਾਰ ਮਿਲਦੀ ਰਹਿੰਦੀ। ਨਵੰਬਰ 1986 ਵਿਚ ਖ਼ਬਰ ਮਿਲੀ ਕਿ ਉਸ ਦਾ ਰੇਲ ਗੱਡੀ ਵਿਚ ਸਫ਼ਰ ਕਰਦਿਆਂ ਦੇਹਾਂਤ ਹੋ ਗਿਆ। ਪੜ੍ਹਨ ਸੁਣਨ ਵਾਲਿਆਂ ਨੂੰ ਪਹਿਲਾਂ ਤਾਂ ਇਸ ਖ਼ਬਰ ਦਾ ਸੱਚ ਨਾ ਆਇਆ ਪਰ ਇਹ ਸੱਚ ਸੀ। ਉਸ ਦੀ ਮੌਤ ਤੋਂ ਪਹਿਲਾਂ ਦਾ ਵੇਰਵਾ ਉਸ ਦੀ ਧੀ ਇਕਬਾਲ ਕੌਰ ਨੇ ਤੇ ਮੌਤ ਸਮੇਂ ਦਾ ਵੇਰਵਾ ਉਸ ਦੇ ਹਮਸਫ਼ਰ ਪ੍ਰੋ. ਬਲਕਾਰ ਸਿੰਘ ਨੇ ਕਲਮਬੰਦ ਕੀਤਾ।
ਉਦਾਸੀ ਆਏ ਸਾਲ ਦਿੱਲੀ, ਕਾਨਪੁਰ, ਕਲਕੱਤੇ ਤੇ ਨੇਪਾਲ ਦੇ ਕਵੀ ਦਰਬਾਰਾਂ ਵਿਚ ਜਾਣ ਲੱਗ ਪਿਆ ਸੀ। ਅਗਲੇ ਮਾਣ ਨਾਲ ਸੱਦਦੇ ਤੇ ਮਾਣ ਸਨਮਾਨ ਕਰਦੇ। 1986 ਵਿਚ ਨੇਪਾਲ ਤੋਂ ਸੱਦਾ ਆਇਆ ਤਾਂ ਪਹਿਲਾਂ ਉਹ ਦੁਚਿੱਤੀ ਵਿਚ ਪੈ ਗਿਆ ਫਿਰ ਜੱਕੋ-ਤਕੀ ਵਿਚ ਚਲਾ ਹੀ ਗਿਆ। ਰੇਲ ਗੱਡੀ ਵਿਚ ਵਾਪਸ ਆਉਂਦਿਆਂ ਉਹਦੀ ਪੱਗ ਦਾੜ੍ਹੀ ਕਰਕੇ ਜਨੂੰਨੀ ਸਵਾਰੀਆਂ ਨੇ ਉਹਨੂੰ ਭੱਦੇ ਮਜ਼ਾਕ ਕੀਤੇ ਤੇ ਉਹਦੇ ਉਤੇ ਬੀੜੀਆਂ ਸੁੱਟੀਆਂ। ਇਥੋਂ ਤਕ ਕਿ ਧੱਕਾ ਮਾਰ ਕੇ ਗੱਡੀ ‘ਚੋਂ ਬਾਹਰ ਸੁੱਟ ਦਿੱਤਾ ਪਰ ਉਸ ਦਾ ਬਚਾਅ ਹੋ ਗਿਆ। ਘਰ ਪੁੱਜ ਕੇ ਉਸ ਨੇ ਸਾਰੀ ਵਾਰਦਾਤ ਪਰਿਵਾਰ ਨੂੰ ਦੱਸੀ ਤੇ ਅੱਗੇ ਤੋਂ ਕਿਤੇ ਦੂਰ ਜਾਣੋ ਤੋਬਾ ਕਰ ਲਈ। ਪਰਿਵਾਰ ਨੇ ਉਸ ਦੇ ਬਚ ਜਾਣ ਦਾ ਸ਼ੁਕਰ ਮਨਾਇਆ।
ਅਕਤੂਬਰ 1986 ਵਿਚ ਹਜ਼ੂਰ ਸਾਹਿਬ ਤੋਂ ਚਿੱਠੀ ਆ ਗਈ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਜਿਸ ਵਿਚ ਪੁੱਜਣ ਲਈ ਸਹਿਮਤੀ ਭੇਜੋ। ਨੇਪਾਲ ਦੇ ਸਫ਼ਰ ਤੋਂ ਡਰਿਆ ਉਹ ਸਹਿਮਤੀ ਭੇਜਣ ਲਈ ਫਿਰ ਦੁਚਿੱਤੀ ਵਿਚ ਪੈ ਗਿਆ। ਇਕ ਪਾਸੇ ਸਫ਼ਰ ਵਿਚ ਅਣਹੋਣੀ ਹੋਣ ਦਾ ਡਰ ਸੀ ਪਰ ਦੂਜੇ ਪਾਸੇ ਸਿੱਖ ਹੋਣ ਦੇ ਨਾਤੇ ਹਜ਼ੂਰ ਸਾਹਿਬ ਜਾਣ ਦੀ ਖਿੱਚ ਸੀ। ਆਖ਼ਰ ਉਸ ਨੇ ਸਹਿਮਤੀ ਭੇਜ ਹੀ ਦਿੱਤੀ। ਹਜ਼ੂਰ ਸਾਹਿਬ ਤੋਂ ਇਸ਼ਤਿਹਾਰ ਆ ਗਿਆ ਜਿਸ ਵਿਚ ਉਹਦਾ ਨਾਂ ਛਪਿਆ ਹੋਇਆ ਸੀ। ਉਹ ਕਹਿਣ ਲੱਗਾ, “ਲੈ ਪਤੰਦਰਾਂ ਨੇ ਇਸ਼ਤਿਹਾਰ ਵਿਚ ਨਾਂ ਵੀ ਦੇ ਦਿੱਤੈ। ਹੁਣ ਤਾਂ ਲਾਜ਼ਮੀ ਜਾਣਾ ਪਵੇਗਾ।”
ਕਵੀ ਦਰਬਾਰ 3 ਨਵੰਬਰ ਨੂੰ ਸੀ। ਇਕ ਦਿਨ ਉਹਨੇ ਰੱਜ ਕੇ ਸ਼ਰਾਬ ਪੀਤੀ ਤੇ ਆਪਣੀ ਪਤਨੀ ਨੂੰ ਕਿਹਾ, “ਹੁਣ ਮੈਂ ਹਜ਼ੂਰ ਸਾਹਿਬ ਜਾਣਾ ਤੇ ਓਦੋਂ ਤਕ ਸ਼ਰਾਬ ਨੀ ਪੀਣੀ। ਜੇ ਮੈਂ ਹੁਣ ਨਾ ਛੱਡੀ ਤਾਂ ਹਜ਼ੂਰ ਸਾਹਿਬ ਜਾ ਕੇ ਔਖਾ ਹੋਊਂ।” ਘਰ ਦੇ ਦਸਦੇ ਹਨ ਕਿ ਅੱਠ ਨੌਂ ਦਿਨ ਉਹਨੇ ਸ਼ਰਾਬ ਨੂੰ ਹੱਥ ਨਾ ਲਾਇਆ। ਫਿਰ ਕਦੇ ਕਹਿ ਦਿੰਦਾ ਜਾਣੈਂ, ਕਦੇ ਕਹਿ ਦਿੰਦਾ ਨਹੀਂ ਜਾਣਾ। ਜਾਣ ਦੀ ਤਿਆਰੀ ਹੋ ਗਈ ਤੇ ਸਮਾਨ ਬੈਗ ਵਿਚ ਪੈਕ ਕਰ ਦਿੱਤਾ ਗਿਆ। ਉਹਦੇ ਤੁਰਨ ‘ਚ ਅੱਧਾ ਕੁ ਘੰਟਾ ਰਹਿੰਦਾ ਸੀ ਕਿ ਅਚਾਨਕ ਕਹਿਣ ਲੱਗਾ, “ਬੇਟੇ ਸਾਰਾ ਸਮਾਨ ਬੈਗ ‘ਚੋਂ ਕੱਢ ਦਿਓ, ਮੈਂ ਨੀ ਜਾਣਾ।” ਉਹਦੀ ਪਤਨੀ ਬੋਲੀ, “ਨਹੀਂ ਜਾਣਾ ਨਾ ਜਾਹ, ਖੇਡਾਂ ਨਾ ਕਰ। ਇਹ ਕੋਈ ਬੰਦਿਆਂ ਆਲੀ ਗੱਲ ਐ?”
ਉਹ ਅੰਦਰ ਜਾ ਕੇ ਮੰਜੇ ‘ਤੇ ਪੈ ਗਿਆ ਤੇ ਕਹਿਣ ਲੱਗਾ, “ਮੈਨੂੰ ਅੱਧੇ ਘੰਟੇ ਤਕ ਜਗਾ ਦੇਣਾ।” ਜਦੋਂ ਉਹਦੀ ਧੀ ਜਗਾਉਣ ਲਈ ਅੰਦਰ ਗਈ ਤਾਂ ਉਹ ਰੋ ਰਿਹਾ ਸੀ। ਧੀ ਨੇ ਪੁੱਛਿਆ, “ਪਾਪਾ ਜੀ ਕੀ ਹੋ ਗਿਐ?” ਉਹ ਕਹਿਣ ਲੱਗਾ, “ਬੇਟੇ! ਪਹਿਲਾਂ ਮੈਂ ਨੇਪਾਲ ਤੋਂ ਮਸਾਂ ਬਚ ਕੇ ਆਇਆ ਸੀ, ਹੁਣ ਪਤਾ ਨੀ ਕੀ ਹੋਊਗਾ? ਅਸਲ ਵਿਚ ਬੇਟੇ, ਮੇਰਾ ਘਰੋਂ ਜਾਣ ਨੂੰ ਦਿਲ ਨੀ ਕਰਦਾ।” ਧੀ ਨੇ ਪਾਣੀ ਫੜਾਇਆ। ਉਸ ਨੇ ਪਾਣੀ ਦੀਆਂ ਦੋ ਕੁ ਘੁੱਟਾਂ ਪੀਤੀਆਂ ਤੇ ਘੜੀ ਵੇਖ ਕੇ ਬੋਲਿਆ, “ਇਹ ਬੱਸ ਤਾਂ ਲੰਘ ਗਈ, ਮੈਂ ਅਗਲੀ ਬੱਸ ਤੇ ਜਾਊਂ, ਜਾਹ ਪੁੱਤ ਦੇਖ ਕੇ ਆ ਜਿਹੜੀ ਮਾਂਹ ਦੀ ਦਾਲ ਬਣਾਈ ਸੀ ਉਹ ਪਈ ਐ?”
ਉਸ ਨੇ ਮਾਹਾਂ ਦੀ ਦਾਲ ਵਿਚ ਦੋ ਆਂਡੇ ਪੁਆ ਕੇ ਰੋਟੀ ਖਾਧੀ ਤੇ ਅਗਲੀ ਬੱਸ ਚੜ੍ਹ ਕੇ ਹਜ਼ੂਰ ਸਾਹਿਬ ਜਾਣ ਲਈ ਗੱਡੀ ਜਾ ਫੜੀ। 4 ਨਵੰਬਰ ਨੂੰ ਉਦਾਸੀ ਲਈ ਰੋਟੀ ਪਕਾ ਕੇ ਰੱਖੀ ਗਈ ਕਿ ਹੋ ਸਕਦੈ ਰਾਤ ਦੀ ਗੱਡੀ ਆ ਜਾਵੇ। 5 ਨਵੰਬਰ ਨੂੰ ਦਿਨੇ ਵੀ ਤੇ ਰਾਤ ਨੂੰ ਵੀ ਉਹਦੀ ਉਡੀਕ ਹੁੰਦੀ ਰਹੀ ਪਰ ਉਹ ਨਾ ਆਇਆ। 6 ਨਵੰਬਰ ਦਾ ਦਿਨ ਵੀ ਲੰਘ ਗਿਆ। 7 ਨਵੰਬਰ ਨੂੰ ਨਸੀਬ ਕੌਰ ਬੱਚਿਆਂ ਨੂੰ ਕਹਿਣ ਲੱਗੀ, “ਅੱਜ ਤਾਂ ਥੋਡੇ ਭਾਪੇ ਨੇ ਜ਼ਰੂਰ ਈ ਰਾਤ ਆਲੀ ਗੱਡੀ ਆ ਜਾਣੈ।”
ਧੀਆਂ ਨੇ ਭਿੰਡੀਆਂ ਦੀ ਸਬਜ਼ੀ ਬਣਾਈ ਜੋ ਉਹਨਾਂ ਦੇ ਭਾਪੇ ਨੂੰ ਪਸੰਦ ਸੀ। ਉਨ੍ਹਾਂ ਦੀ ਬੀਬੀ ਨੇ ਭਾਪੇ ਦੇ ਹਿੱਸੇ ਦਾ ਆਟਾ ਚੁੱਕ ਦੇਣ ਲਈ ਕਿਹਾ, “ਮੈਂ ਆਪੇ ਆਏ ਤੇ ਰੋਟੀ ਬਣਾ ਦੂੰ।”
ਪਰ ਭਾਪੇ ਦੇ ਆਉਣ ਦੀ ਥਾਂ ਤਾਰ ਆਈ ਕਿ ਸੰਤ ਰਾਮ ਉਦਾਸੀ ਮਨਵਾੜ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀ ਵਿਚ ਮੁਰਦਾ ਪਾਇਆ ਗਿਆ। 8 ਨਵੰਬਰ ਨੂੰ ਰੇਲਵੇ ਪੁਲਿਸ ਦੀ ਤਾਰ ਆਈ ਕਿ ਸੰਤ ਰਾਮ ਉਦਾਸੀ ਦੀ ਮ੍ਰਿਤਕ ਦੇਹ ਲੈ ਜਾਓ। 9 ਨਵੰਬਰ ਨੂੰ ਮਨਵਾੜ ਰੇਲਵੇ ਸਟੇਸ਼ਨ ਅਤੇ ਹਜ਼ੂਰ ਸਾਹਿਬ ਤੋਂ ਵੀ ਤਾਰਾਂ ਆ ਗਈਆਂ। ਪਹਿਲੀ ਤਾਰ ਮਿਲਦੇ ਹੀ ਉਦਾਸੀ ਦਾ ਵੱਡਾ ਭਰਾ ਤੇ ਨਸੀਬ ਕੌਰ ਦਾ ਭਰਾ ਮਹਾਰਾਸ਼ਟਰ ਦੇ ਮਨਵਾੜ ਸਟੇਸ਼ਨ ਵੱਲ ਚੱਲ ਪਏ। ਰਾਏਸਰ ਵਿਚ ਮਾਤਮ ਛਾ ਗਿਆ। ਕੋਈ ਆਖੇ ਉਹਦਾ ਗੱਡੀ ਚੜ੍ਹਦੇ ਦਾ ਪੈਰ ਤਿਲ੍ਹਕ ਗਿਆ ਹੋਊ, ਕੋਈ ਕਹੇ ਕਿਸੇ ਨੇ ਮਾਰਤਾ ਹੋਊ ਜਾਂ ਆਤਮਘਾਤ ਕਰ ਲਿਆ ਹੋਊ! ਜਿੰਨੇ ਮੂੰਹ ਉਨੀਆਂ ਗੱਲਾਂ।
ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਪ੍ਰੋਫ਼ੈਸਰ ਬਲਕਾਰ ਸਿੰਘ ਵੀ ਹਜ਼ੂਰ ਸਾਹਿਬ ਗਿਆ ਸੀ। ਰਾਤ ਨੂੰ ਉਦਾਸੀ ਨੇ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਹੀ ਵਾਪਸ ਚੱਲਾਂਗਾ। ਬਲਕਾਰ ਸਿੰਘ ਸਿੰਘ ਨੇ ਸਵੱਖਤੇ ਰਿਕਸ਼ਾ ਲੈ ਕੇ ਉਦਾਸੀ ਨੂੰ ਚੜ੍ਹਨ ਲਈ ਆਵਾਜ਼ ਮਾਰ ਦਿੱਤੀ। ਉਦਾਸੀ ਚੜ੍ਹ ਤਾਂ ਗਿਆ ਪਰ ਬਲਕਾਰ ਸਿੰਘ ਨੂੰ ਲੱਗਾ ਕਿ ਉਹ ਤੋੜ ਦਾ ਭੰਨਿਆ ਪਿਆ ਸੀ। ਕਵੀ ਦਰਬਾਰ ਵਿਚ ਉਸ ਨੇ ਬਹੁਤ ਉੱਚੀ ਆਵਾਜ਼ ਵਿਚ ਗਾਇਆ ਸੀ। ਬਲਕਾਰ ਸਿੰਘ ਮਹਿਸੂਸ ਕਰ ਰਿਹਾ ਸੀ ਉਸ ਨੂੰ ਏਨਾ ਜ਼ੋਰ ਨਹੀਂ ਸੀ ਲਾਉਣਾ ਚਾਹੀਦਾ। ਉਨ੍ਹਾਂ ਦੀਆਂ ਰਾਹ ਵਿਚ ਨਾ ਮਾਤਰ ਗੱਲਾਂ ਹੋਈਆਂ। ਸਟੇਸ਼ਨ ਤੋਂ ਉਹ ਗੱਡੀ ਚੜ੍ਹੇ। ਉਦਾਸੀ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਸ ਨੂੰ ਉਪਰਲੇ ਫੱਟੇ ‘ਤੇ ਸੁਆ ਦਿੱਤਾ ਗਿਆ। ਮਨਵਾੜ ਸਟੇਸ਼ਨ ਉਤੇ ਉਸ ਦਾ ਹਾਲ ਪੁੱਛਿਆ ਗਿਆ ਤਾਂ ਅੱਗੋਂ ਕੋਈ ਜਵਾਬ ਨਾ ਮਿਲਿਆ। ਹਿਲੂਣਿਆਂ ਤਾਂ ਉਹਦਾ ਭੌਰ ਉਡਾਰੀ ਮਾਰ ਚੁੱਕਾ ਸੀ।
ਉਸੇ ਵੇਲੇ ਸਟੇਸ਼ਨ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬਲਕਾਰ ਸਿੰਘ ਨੇ ਉਦਾਸੀ ਦੀ ਸ਼ਨਾਖ਼ਤ ਦਿੱਤੀ ਤੇ ਪਤਾ ਟਿਕਾਣਾ ਲਿਖਾਇਆ। ਇਹ ਵੀ ਦੱਸਿਆ ਕਿ ਇਸ ਕਵੀ ਨੂੰ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੀ ਜਾਣਦੇ ਹਨ। ਮਨਵਾੜ ਦੇ ਸਿੱਖਾਂ ਨੇ ਲਾਸ਼ ਸੰਭਾਲ ਲਈ ਤੇ ਬਲਕਾਰ ਸਿੰਘ ਗੱਡੀ ਚੜ੍ਹ ਗਿਆ। ਉਹ ਬਰਨਾਲੇ ਪਹੁੰਚਾ ਜਿਥੇ ਲੇਖਕਾਂ ਦੀ ਸਾਹਿਤ ਸਭਾ ਹੋ ਰਹੀ ਸੀ। ਉਸ ਨੇ ਸਭਾ ਨੂੰ ਉਦਾਸੀ ਦੀ ਮ੍ਰਿਤੂ ਬਾਰੇ ਦੱਸਿਆ ਤੇ ਸਭਾ ਦੇ ਮੈਂਬਰਾਂ ਨੇ ਹਾਮੀ ਭਰੀ ਕਿ ਉਹ ਰਾਏਸਰ ਜਾ ਕੇ ਉਦਾਸੀ ਦੇ ਪਰਿਵਾਰ ਨੂੰ ਦੱਸ ਦੇਣਗੇ। ਬਲਕਾਰ ਸਿੰਘ ਵਾਪਸ ਪਟਿਆਲੇ ਚਲਾ ਗਿਆ। ਉਸ ਨੇ ਖ਼ੁਦ ਉਦਾਸੀ ਦੇ ਪਰਿਵਾਰ ਕੋਲ ਜਾਣ ਦੀ ਲੋੜ ਨਾ ਸਮਝੀ ਜਿਸ ਕਰਕੇ ਪਰਿਵਾਰ ਨੂੰ ਪਤਾ ਨਾ ਲੱਗ ਸਕਿਆ ਕਿ ਆਖ਼ਰੀ ਸਮੇਂ ਉਦਾਸੀ ਨਾਲ ਕਿਵੇਂ ਬੀਤੀ, ਕੀ ਹੋਇਆ, ਕੀ ਨਾ ਹੋਇਆ?

ਸੰਤ ਰਾਮ ਉਦਾਸੀ ਪੰਜਾਬੀ ਦਾ ਅਜ਼ੀਮ ਸ਼ਾਇਰ ਸੀ ਜੋ 1939 ਤੋਂ 1986 ਤਕ ਸੰਤਾਲੀ ਸਾਲ ਜੀਵਿਆ। ਉਸ ਦੇ ਤਿੰਨ ਕਾਵਿ ਸੰਗ੍ਰਹਿ ‘ਲਹੂ ਭਿੱਜੇ ਬੋਲ’, ‘ਚੌ-ਨੁਕਰੀਆਂ ਸੀਖਾਂ’ ਤੇ ‘ਸੈਨਤਾਂ’ ਉਸ ਦੀ ਹਯਾਤੀ ਵਿਚ ਛਪੇ। ਉਸ ਦੀਆਂ ਕੁਝ ਕਵਿਤਾਵਾਂ ਅਣਛਪੀਆਂ ਵੀ ਰਹਿ ਗਈਆਂ ਜੋ ਬਾਅਦ ਵਿਚ ਛਪਦੀਆਂ ਰਹੀਆਂ। ਲਿਖਾਰੀ ਸਭਾ ਬਰਨਾਲਾ ਨੇ ਉਸ ਦੇ ਅਣਛਪੇ ਗੀਤਾਂ ਤੇ ਕਵਿਤਾਵਾਂ ਦਾ ਸੰਗ੍ਰਹਿ ‘ਕੰਮੀਆਂ ਦਾ ਵਿਹੜਾ’ ਨਾਂ ਹੇਠ ਛਾਪਿਆ। ਇਹ ਨਾਂ ਉਦਾਸੀ ਨੇ ਜੀਂਦੇ ਜੀਅ ਤਜਵੀਜ਼ ਕੀਤਾ ਸੀ। ਜੀਂਦੇ ਜੀਅ ਉਸ ਦੀ ਕਦਰ ਤਾਂ ਪਈ ਪਰ ਉਨੀ ਨਹੀਂ ਪੈ ਸਕੀ ਜਿੰਨੀ ਦਾ ਉਹ ਹੱਕਦਾਰ ਸੀ।
ਉਦਾਸੀ ਦੀ ਦੇਹ ਦਾ ਅੰਤਮ ਸੰਸਕਾਰ ਕਾਮਰੇਡਾਂ ਵੱਲੋਂ ਲਾਲ ਸਲਾਮ ਕਹੇ ਬਿਨਾਂ ਇਕ ਸਿੱਖ ਦੀ ਲਾਵਾਰਸ ਲਾਸ਼ ਵਜੋਂ ਮਨਵਾੜ ਦੇ ਸਿੱਖਾਂ ਨੇ ਉਥੇ ਹੀ ਕਰ ਦਿੱਤਾ। ਉਹਦੀ ਜਨਮ ਭੋਇੰ ਰਾਏਸਰ ਨੂੰ ਆਪਣੇ ਲਾਲ ਦੀ ਮ੍ਰਿਤਕ ਦੇਹ ਦੇ ਦਰਸ਼ਨ ਵੀ ਨਾ ਨਸੀਬ ਹੋ ਸਕੇ। 12 ਨਵੰਬਰ ਨੂੰ ਉਦਾਸੀ ਦੇ ਦੋਵੇਂ ਰਿਸ਼ਤੇਦਾਰਾਂ ਨੇ ਆ ਕੇ ਦੱਸਿਆ ਕਿ ਉਹਦੇ ਫੁੱਲ ਗੋਦਾਵਰੀ ਵਿਚ ਤਾਰ ਆਏ ਹਨ ਤੇ ਉਹਦੇ ਸਮਾਨ ਵਾਲਾ ਬੈਗ ਲੈ ਆਏ ਹਨ। ਅਜਿਹੀ ਹੋਣੀ ਸੀ ਪੰਜਾਬੀ ਦੇ ਪ੍ਰਸਿੱਧ ਲੋਕ ਕਵੀ ਦੀ!
ਉਦਾਸੀ ਦੀ ਵਸੀਅਤ ਹੈ:
ਮੇਰੀ ਮੌਤ ‘ਤੇ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ।
ਮੇਰੀ ਜਿ਼ੰਦਗੀ ਵੀ ਕੀ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ ਤੀਲੀ ਬੇਸ਼ੱਕ ਨਾ ਲਾਇਓ।
ਵਲਗਣ ‘ਚ ਕੈਦ ਹੋਣਾ, ਮੇਰੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ ‘ਤੇ ਹੀ ਜਲਾਇਓ।
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346