ਕਨੈਡਾ ਦੇ ਬੰਦਿਆਂ ਬਾਰੇ
ਗਲ ਕਰਨ ਤੋਂ ਪਹਿਲਾਂ ਕੈਨੇਡਾਂ ਦੇ ਕੁੱਤਿਆਂ ਬਿੱਲਿਆਂ ਬਾਰੇ ਕੁਝ ਵਿਚਾਰ ਦਸਣੇ ਬਣਦੇ ਹਨ।
ਭਾਰਤ ਵਿਚ ਜੇ ਕਿਸੇ ਨੇ ਗਲਤ ਬੰਦੇ ਦੀ ਕਿਸੇ ਬਿਮਾਰੀ ਜਾਂ ਭਿਆਨਕ ਹਾਦਸੇ ਵਿਚ ਹੋਈ ਮੌਤ ਦਾ
ਹਵਾਲਾ ਦੇਣਾ ਹੋਵੇ ਤਾਂ ਕਹਿੰਦੇ ਹਨ ਕਿ ਫਲਾਨਾ ਤਾਂ ਕੁੱਤੇ ਦੀ ਮੌਤ ਮਰਿਆ ਹੈ। ਕੈਨੇਡਾ ਦੇ
ਕੁੱਤੇ ਦੀ ਜਿੰਦਗੀ ਦੀ ਗਲ ਤਾਂ ਇਕ ਪਾਸੇ ਰਹੀ ਜੇ ਕੈਨੇਡਾ ਦੇ ਕਿਸੇ ਆਮ ਕੁਤੇ ਦੀ ਮੌਤ
ਬਾਰੇ ਵੀ ਪੰਜਾਬ ਦੇ ਲੋਕ ਜਾਣ- ਸੁਣ ਲੈਣ ਤਾਂ ਉਹ ਵਾਹਿਗੁਰੂ ਪਾਸ ਹਰ ਰੋਜ਼ ਹੱਥ ਜੋੜ ਕੇ
ਇਹੀ ਅਰਦਾਸ ਕਰਿਆ ਕਰਨਗੇ ਕਿ ਹੇ ਵਾਹਿਗੁਰੂ ਸਾਨੂੰ ਕੈਨੇਡਾ ਦੇ ਕੁਤਿੱਆਂ ਵਾਲੀ ਮੌਤ
ਦੇਵੀਂ। ਔਰਤਾਂ ਕੈਨੇਡਾ ਦੀਆਂ ਬਿੱਲੀਆਂ ਵਰਗੀ ਮੌਤ ਆਪਣੇ ਲਈ ਮੰਗਣਗੀਆਂ।
ਮੌਤ ਦੀ ਗਲ ਕਰਨ ਤੋਂ ਪਹਿਲਾਂ ਜਿੰਦਗੀ ਦੀ ਗਲ ਹੋ ਜਾਵੇ ਤਾਂ ਠੀਕ ਰਹੇਗਾ। ਵੈਸੇ ਵੀ ਮੌਤ
ਨਾਲੋਂ ਜਿੰਦਗੀ ਪਹਿਲਾਂ ਆਂਦੀ ਹੈ ਜਿਵੇਂ ਬੁਢਾਪੇ ਤੋਂ ਪਹਿਲਾਂ ਬਚਪਨ ਆਉਂਦਾ ਹੈ ਅਤੇ
ਜਵਾਨੀ ਤੋਂ ਪਹਿਲਾਂ ਬਚਪਨ। ਪਹਿਲੀ ਤਾਂ ਗਲ ਇਹ ਹੈ ਕਿ ਕੈਨੇਡਾ ਦਾ ਕੋਈ ਵੀ ਕੱਤਾ ਭਾਰਤ
ਵਾਂਗ ਗਲੀਆਂ ਵਿਚ ਹੀ ਪੈਦਾ ਹੋਣਾ, ਭੌਕਣਾ, ਹੱਗਣਾ ਅਤੇ ਮਰਨਾ ਪਸੰਦ ਨਹੀਂ ਕਰਦਾ। ਕੈਨੇਡਾ
ਦਾ ਕੁੱਤਾ ਚਾਹੁੰਦਾ ਹੈ ਕਿ ਉਸ ਨੂੰ ਕੋਈ ਸੁਹਣੀ ਜਿਹੀ ਕੁੜੀ ਹਰ ਰੋਜ਼ ਸਵੇਰ ਸ਼ਾਮ ਸੈਰ
ਕਰਾਵੇ ਅਤੇ ਜਦ ਉਹ ਬਾਹਰ ਮਖ਼ਮਲੀ ਘਾ ਉੱਤੇ ਟੱਟੀ ਵੀ ਕਰੇ ਤਾਂ ਸੈਰ ਕਰਾਉਣ ਵਾਲੀ
ਖ਼ੂਬਸੂਰਤ ਕੁੜੀ ਆਪਣੇ ਨਾਜ਼ਕ ਦਸਤਾਨੇ ਵਾਲੇ ਹੱਥਾਂ ਨਾਲ ਉਸ ਦੀ ਕੀਤੀ ਹੋਈ ਟੱਟੀ ਪੇਪਰ
ਨੈਪਕਿਨ ਨਾਲ ਚੁੱਕੇ ਅਤੇ ਫਿਰ ਇਸ ਨੂੰ ਕਿਸੇ ਲਾਗਲੇ ਢੋਲ ਵਿਚ ਹੀ ਸੁੱਟੇ।
ਕੀ ਕਿਸੇ ਪੰਜਾਬੀ ਕੁੱਤੇ ਨੂੰ ਸੁਪਨੇ ਵਿਚ ਵੀ ਅਜੇਹਾ ਵਾਤਾਵਰਣ ਅਤੇ ਵਰਤਾਓ ਮਿਲ ਸਕਦਾ ਹੈ?
ਹੁਣ ਅਸੀਂ ਪੁਠੇਂ ਭੌਂ ਕੇ ਕੁੱਤੇ ਦੇ ਮੁਢਲੇ ਜੀਵਨ ਬਲਕਿ ਉਸ ਦੇ ਜਨਮ ਤੋਂ ਗਲ ਸ਼ੁਰੂ ਕਰਦੇ
ਹਾਂ। ਗਲ ਤਾਂ ਅਸੀਂ ਕੁਝ ਹੋਰ ਪਹਿਲਾਂ ਤੋਂ ਵੀ ਸੁ਼ੁਰੂ ਕਰ ਸਕਦੇ ਹਾਂ ਮਸਲਨ ਉਸ ਦੇ ਜਨਮ
ਦੀਆਂ ਮੁਢਲੀਆਂ ਤਿਆਰੀਆਂ ਤੋਂ। ਕੈਨੇਡੀਅਨ ਕੁੱਤਾ ਚਾਹੁੰਦਾ ਹੈ ਬਲਕਿ ਉਹ ਇਸਨੂੰ ਆਪਣਾ
ਕੁੱਤਵੀ ਅਧਿਕਾਰ ਸਮਝਦਾ ਹੈ ਕਿ ਉਸ ਨੂੰ ਆਪਣੇ ਜਨਮ ਤੋਂ ਪਹਿਲਾਂ ਆਪਣੀ ਕੌਮ, ਰੰਗ, ਨਸਲ,
ਕਿਸਮ, ਲਿੰਗ,, ਕੱਦ ਅਤੇ ਜਨਮ ਤਾਰੀਖ ਚੁਨਣ ਦਾ ਅਧਿਕਾਰ ਹੋਵੇ। ਇਹ ਵੀ ਕਿ ਉਸ ਦੀ ਮਾਂ ਕੌਣ
ਹੈ ਅਤੇ ਕਿੱਥੇ ਰਹਿੰਦੀ ਹੈ, ਉਸ ਦਾ ਪਿਉ ਕੌਣ ਹੈ ਅਤੇ ਉਸਦਾ ਆਪਣੇ ਪਾਲਤੂ ਮਾਲਕ ਤੇ ਕਿਤਨਾ
ਕੁ ਰੋਅਬ ਦਾਬ੍ਹ ਹੈ ਅਤੇ ਉਸਦੇ ਪਾਲਤੂ ਮਾਲਕ ਦੀ ਉੱਤੋਂ ਆਪਣੀ ਬੀਵੀ ਭਾਵ ਉਸਦੀ ਮਾਂ ਦੀ
ਪਾਲਤੂ ਮਾਲਕਣ ਨਾਲ ਬਣਦੀ ਹੈ ਕਿ ਨਹੀਂ।
ਪਛੱਮੀ ਜੀਵਨ ਤਰਜ ਤੇ ਚਲਦਿਆਂ ਇੱਥੇ ਦਾ ਕੁੱਤਾ ਚਾਹੁੰਦਾ ਹੈ ਕਿ ਉਸ ਦੀ ਮਾਂ ਦੀ ਮਰਜੀ ਹੈ
ਕਿ ਉਹ ਆਪਣੇ ਖਾਵੰਦ ਨਾਲ ਵਿਆਹ ਅਤੇ ਬੱਚਾ ਹੋਣ ਬਾਅਦ ਨਾਲ ਰਹੇ ਜਾ ਉਸ ਨੂੰ ਤਲਾਕ ਦੇ
ਦੇਵੇ। ਕੈਨੇਡੀਅਨ ਮਾਂ ਪਿਉ ਦੀ ਗਲ ਤਾਂ ਇਕ ਪਾਸੇ ਰਹੀ ਇੱਥੋਂ ਦਾ ਤਾਂ ਪਿੱਲਾ ਵੀ
ਕੈਨੇਡੀਅਨ ਸਮਾਜ ਵਾਂਗ ਆਪਣੀ ਮਾਂ ਨਾਲ ਦੁਧ ਪੀਣ ਤੀਕ ਹੀ ਰਹਿੰਦਾ ਹੈ। ਕੁਝ ਘਰਾ ਵਿਚ ਤਾਂ
ਕੁੱਤੇ ਨੂੰ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਬੋਤਲੀ ਦੁੱਧ ਦੇਣ ਦੀ ਪ੍ਰਥਾ ਹੈ। ਕੁੱਤੇ ਦੇ
ਜਨਮ ਨੂੰ ਬਹੁਤ ਉਤਸੁਕਤਾ ਨਾਲ ਉਡੀਕਿਆ ਜਾਂਦਾ ਹੈ। ਉਸ ਦੇ ਜਨਮ ਤੋਂ ਪਹਿਲਾਂ ਹੀ ਡਾਕਟਰੀ
ਮੁਆਇਨੇ ਸ਼ੁਰੂ ਹੋ ਜਾਦੇ ਹਨ ਕਿ ਆਪਣੀ ਮਾਂ ਦੀ ਕੁੱਖ ਵਿਚ ਉਸ ਦਾ ਵਧਣਾ ਫੁਲਣਾ ਕਿਵੇਂ ਚਲ
ਰਿਹਾ ਹੈ। ਉਸ ਦੇ ਰਹਿਣ ਦੀ ਥਾਂ, ਗਧੇਲੇ ਕੰਬਲ ਆਦਿ ਵੀ ਜਿਸ ਉੱਤੇ ਲੇਟ ਕੇ ਉਹ ਪਿਆਰੇ
ਦੋਧੇ ਦੰਦਾਂ ਨਾਲ ਆਪਣੇ ਮਾਲਕ ਦੇ ਛੋਟੇ ਬੱਚਿਆਂ ਨੂੰਂ ਮਾਸੂਮੀਅੱਤ ਵਿਚ ਕੱਟਿਆ ਕਰੇਗਾ, ਦਾ
ਵੀ ਪਹਿਲਾ ਹੀ ਇੰਤਜ਼ਾਮ ਕਰ ਦਿੱਤਾ ਜਾਂਦਾ ਹੈ। ਬਸ ਉਸ ਦੇ ਜਨਮ ਦੀ ਦੇਰ ਹੈ, ਘਰ ਦਾ ਹਰ
ਬੱਚਾ ਅਤੇ ਬੁਢਾ ਉਸ ਦੇ ਖਾਣ ਪੀਣ ਦਾ ਆਪਣੇ ਤੋਂ ਵੀ ਵੱਧ ਖਿਆਲ ਰਖਣ ਲਗ ਪੈਂਦਾ ਹੈ। ਸਾਰੇ
ਉਸ ਨੂੰ ਗੋਦ ਵਿਚ ਚੁੱਕ ਕੇ ਚੁੰਮਦੇ, ਚੱਟਦੇ ਹਨ। ਉਸ ਨੂੰ ਕਾਰ ਵਿਚ ਸੈਰ ਕਰਾਉਣ ਬਜ਼ਾਰ ਲੈ
ਜਾਂਦੇ ਹਨ। ਕੁਝ ਨਿੱਕੇ ਬੱਚੇ ਤਾਂ ਪਿੱਲੇ ਨੂੰ ਆਪਣੇ ਨਾਲ ਹੀ ਸੁਲਾ ਲੈਂਦੇ ਹਨ। ਉਸ ਦੀਆਂ
ਫੋਟੋ ਐਲਬਮਾਂ ਬਣਾਈਆਂ ਜਾਂਦੀਆਂ ਹਨ।
ਕੈਨੇਡਾ ਦੀਆਂ ਮਾਲਾਂ ਅਤੇ ਪਲਾਜਿ਼ਆਂ ਵਿਚ ਪੈੱਟ ਵੈਲੂ ਆਦਿ ਬਹੁਤ ਅਜੇਹੀਆਂ ਦੁਕਾਨਾਂ ਹਨ
ਜਿਹਨਾਂ ਵਿਚ ਕੁੱਤਿਆਂ ਦੀ ਹਰ ਲੋੜ ਦੀਆਂ ਚੀਜ਼ਾਂ ਵਸਤਾਂ ਵੇਚੀਆਂ ਜਾਂਦੀਆਂ ਹਨ। ਬੱਧੀਆਂ
ਸੰਗਲੀਆਂ, ਪੱਟਿਆਂ, ਖੇਡਣ ਵਾਲੀਆਂ ਗੇਂਦਾਂ ਤੋਂ ਲੈ ਕੇ ਉਹਨਾਂ ਦੀ ਪੌਸ਼ਟਿਕ ਖੁਰਾਕ ਦੀ ਹਰ
ਵਸਤ ਉੱਥੇ ਮਿਲਦੀ ਹੈ। ਬਹੁਤੀਆਂ ਵਸਤਾਂ ਵਿਚ ਸੁਕਾਇਆ ਹੋਇਆ ਮੀਟ ਹੁੰਦਾ ਹੈ। ਕੁੱਤਿਆਂ
ਵਾਲੇ ਬਿਸਕੁਟ ਤਾਂ ਮਨੁਖਾਂ ਦੇ ਖਾਣ ਵਾਲਿਆਂ ਤੋਂ ਵੀ ਵੱਧ ਸਵਾਦੀ ਦੱਸੇ ਜਾਂਦੇ ਹਨ ਅਤੇ
ਸੁਹਣੀ ਦਿੱਖ ਵਾਲੇ ਵੀ। ਪਿੱਛੇ ਜਿਹੇ ਕਿਸੇ ਤੋਂ ਸੁਣਿਆ ਸੀ, ਖ਼ੈਰ ਇਹ ਗੱਲ ਸੱਚ ਵੀ ਹੋ
ਸਕਦੀ ਹੈ ਜਾਂ ਨਿਰੀ ਗੱਪ ਵੀ ਪਈ ਕੈਨੇਡਾ ਵਿਚ ਨਵੇਂ ਨਵੇਂ ਆਏ ਦੋ ਪੰਜਾਬੀ ਮੁੰਡੇ
ਅਣਜਾਣਪੁਣੇ ਵਿਚ ਹੀ ਵਾਲ ਮਾਰਟ ਤੋਂ ਕੁੱਤਿਆਂ ਵਾਲੇ ਬਿਸਕੁਟਾਂ ਦੇ ਡਿੱਬੇ ਲੈ ਆਏ ਅਤੇ ਕਈ
ਦਿਨ ਖਾਦੇ ਰਹੇ। ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਵਧੀਆ ਦਿੱਖ ਅਤੇ ਸਵਾਦੀ ਚੱਖ਼
ਵਾਲੇ ਬਿਸਕੁੱਟ ਕੈਨੇਡਾ ਦੇ ਕੁੱਤਿਆਂ ਦੇ ਖਾਣ ਲਈ ਬਣਾਏ ਗਏ ਸਨ। ਉਹ ਤਾਂ ਇਸਨੂੰ ਮਨੁੱਖਾਂ
ਦੇ ਖਾਣ ਵਾਲੇ ਸਮਝ ਕੇ ਖਰੀਦ ਲਿਆਏ ਸਨ ਕਿਉਂਕਿ ਇਹ ਬਿਸਕੁਟ ਸੱਸਤੇ ਸਨ ਅਤੇ ਕਈ ਦਿਨ ਉਹਨਾਂ
ਨੂੰ ਪਤਾ ਹੀ ਨਾ ਲਗਾ ਨਾ ਸ਼ੱਕ ਹੀ ਪਈ ਕਿ ਉਹ ਅਸਲ ਵਿਚ ਕੁੱਤਿਆਂ ਦਾ ਭੋਜਨ ਖਾ ਰਹੇ ਸਨ।
ਇਹ ਤਾਂ ਉਹਨਾਂ ਨੂੰ ਤਾਂ ਪਤਾ ਲਗਾ ਜਦੋਂ ਇਕ ਦਿਨ ਉਹਨਾਂ ਦਾ ਕੋਈ ਦੋਸਤ ਮਿਲਣ ਆਇਆ। ਉਹਨਾਂ
ਨੇ ਜਦ ਚਾਹ ਨਾਲ ਬਿਸਕੁਟ ਰਖੇ ਤਾਂ ਉਸ ਦੋਸਤ ਨੇ ਝੱਟ ਤਾੜ ਲਿਆ ਅਤੇ ਦਸਿਆ ਕਿ ਉਹ ਤਾਂ
ਕੁੱਤਿਆਂ ਵਾਲੇ ਬਿਸਕੁੱਟ ਹੀ ਖਾਦੇ ਰਹੇ ਸਨ।
ਕੈਨੇਡਾ ਵਿਚ ਕੁੱਤੇ ਨੂੰ ਪੰਜਾਬ ਵਾਂਗ ਬਚੀ ਖੁਚੀ ਰੋਟੀ ਅਤੇ ਖਾਧੇ ਹੋਏ ਮੀਟ ਦੀਆਂ ਹੱਡੀਆਂ
ਨਹੀਂ ਦਿੱਤੀਆਂ ਜਾਂਦੀਆਂ ਕਿ ਉਹ ਇਹਨਾਂ ਮਾਸਹੀਨ ਹੱਡੀਆਂ ਨੂੰ ਇਹ ਸਮਝ ਕੇ ਚਰੂੰਢੇ ਕਿ ਇਹ
ਮੀਟ ਨਾਲ ਔਤਪੋਤ ਹਨ। ਕੈਨੇਡਾ ਦੇ ਕੁੱਤੇ ਤਾਂ ਅਸਲੀ ਮੀਟ ਖਾ ਕੇ ਉੱਤੋਂ ਵਿਟਾਮਨ ਦੀ ਗੋਲੀ
ਵੀ ਲੈਂਦੇ ਹਨ ਕਿ ਮਤਾਂ ਖੁਰਾਕ ਦਾ ਕੋਈ ਜ਼ਰੂਰੀ ਤੱਤ ਘਟ ਨਾ ਜਾਵੇ। ਇਸ ਤੋਂ ਇਲਾਵਾ
ਕੁੱਤਿਆਂ ਦੇ ਦੰਦਾਂ ਦੀ ਮਜ਼ਬੂਤੀ ਲਈ ਇਹਨਾਂ ਨੂੰ ਨਕਲੀ ਹੱਡੀ ਵੀ ਚਰੂੰਡਣ ਲਈ ਦਿੱਤੀ
ਜਾਂਦੀ ਹੈ।
ਕੈਨੇਡਾ ਵਿਚ ਕੁੱਤੇ ਦੇ ਨਾਂ ਬੱਚਿਆਂ ਦੇ ਨਾਂਵਾਂ ਵਾਂਗ ਸੁੰਦਰ ਹੁੰਦੇ ਹਨ: ਚਾਰਲਸ, ਬਰੂਸ,
ਚੈਂਪੀਅਨ, ਟਰਾਫੀ, ਟਰੇਸੀ, ਼ਲਿੱਲੀ, ਟਿਊਲਪ, ਸਕਾਈਅਰ, ਨੌਟੀ ਬੁਆਏ, ਲੇਜ਼ੀ ਬੁਆਏ ਆਦਿ।
ਇਹਨਾਂ ਦੇ ਬਰਥ ਡੇਅ ਮਨਾਏ ਜਾਂਦੇ ਹਨ ਅਤੇ ਕੇਕ ਕੱਟੇ ਜਾਂਦੇ ਹਨ। ਜੇ ਕਿਸੇ ਨੇਤਾ ਦੇ
ਕੁੱਤੇ ਦਾ ਜਨਮ ਦਿਨ ਹੋਵੇ ਤਾਂ ਇਨਵੀਟੇਸ਼ਨ ਕਾਰਡ ਵੰਡੇ ਜਾਂਦੇ ਹਨ, ਕਈ ਵਾਰ ਤਾਂ
ਪਰੋਟੋਕੋਟ ਅਤੇ ਡਰੈਸ ਕੋਡ ਵੀ ਇਹਨਾਂ ਕਾਰਡਾਂ ਤੇ ਲਿਖੀ ਹੁੰਦੀ ਹੈ।
ਪਿੱਛੇ ਜਿਹੇ ਇਕ ਕੰਪਨੀ ਦੇ ਬਣਾਏ ਹੋਏ ਕੁੱਤਿਆਂ ਦੀ ਖੁਰਾਕ ਖਾਣ ਨਾਲ ਕੁਝ ਕੁੱਤਿਆਂ ਦੀ
ਤਬੀਅਤ ਨਾਸਾਜ਼ ਹੋ ਗਈ ਸੀ। ਹਜ਼ਾਰਾਂ ਬੰਦਿਆਂ ਦੀਆਂ ਸ਼ਕਾਇਤਾਂ ਇਸ ਕੰਪਨੀ ਖਿਲਾਫ ਕੀਤੀਆਂ
ਗਈਆਂ। ਕਰੋੜਾਂ ਡਾਲਰਾਂ ਦੇ ਹਰਜਾਨੇ ਦੇ ਦਾਹਵੇ ਕੰਪਨੀ ਦੇ ਖਿਲਾਫ਼ ਅਦਾਲਤਾਂ ਵਿਚ ਦਾਇਰ
ਕੀਤੇ ਗਏ। ਕਈ ਵਫ਼ਦ ਸਬੰਧਤ ਮੰਤਰੀ ਨੂੰ ਮਿਲੇ। ਮਾਮਲਾ ਫੈਡਰਲ ਸਰਕਾਰ ਤੀਕ ਗਿਆ। ਕੁੱਤਿਆਂ
ਦੀ ਖੁਰਾਕ ਨਾਲ ਸਬੰਧਤ ਅਧਿਕਾਰੀ ਨੂੰ ਅਸਤੀਫਾ ਦੇਣਾ ਪਿਆ। ਕਰੋੜਾਂ ਦੀ ਖੁਰਾਕ ਦੇ ਡਿੱਬੇ
ਕੰਪਨੀ ਨੇ ਫੁਟਕਲ ਵਿਕਰੇਤਾਵਾਂ ਕੋਲੋਂ ਵਾਪਸ ਮੰਗਵਾ ਲਏ। ਕਈ ਹਰਜਾਨਾ ਕਲੇਮ ਮਨੁਖੀ ਖੁਰਾਕ
ਦੇ ਹਰਜਾਨੇ ਕਲੇਮਾਂ ਨਾਲੋਂ ਕਈ ਗੁਣਾ ਵੱਧ ਸਨ। ਕੁੱਤਿਆਂ ਦੇ ਸਪੈਸ਼ਲਿਸਟ ਵਕੀਲਾਂ ਦਾ ਖਿਆਲ
ਸੀ ਕਿ ਕੁੱਤਿਆਂ ਦੇ ਹਰਜ਼ਾਨਾ ਕਲੇਮ ਇਸ ਕਰਕੇ ਵੱਧ ਹੋਣੇ ਜ਼ਾਇਜ਼ ਹਨ ਕਿਉਂਕਿ ਉਹਨਾਂ
ਵਿਚਾਰਿਆਂ ਦੀ ਕੋਈ ਜੁ਼ੁਬਾਨ ਨਹੀਂ ਹੁੰਦੀ। ਅਦਾਲਤਾਂ ਵੀ ਕੁੱਤਿਆਂ ਦੀ ਵੱਧ ਫੇਵਰ ਕਰਦੀਆਂ
ਹਨ। ਜਾਪਦਾ ਹੈ ਮਨੁਖ ਨੂੰ ਜ਼ੁਬਾਨ ਲੁਆਉਣੀ ਬਹੁਤ ਮਹਿੰਗੀ ਪੈ ਰਹੀ ਹੈ।
ਇੱਥੇ ਹਰ ਸ਼ਹਿਰ ਵਿਚ ਕੁੱਤਿਆਂ ਦੇ ਠਹਿਰਣ ਦਾ ਇੰਤਜ਼ਾਮ ਹੁੰਦਾ ਹੈ। ਹਾਈਵੇਜ਼ ਦੇ ਗਿਰਦ
ਬਣੇ ਰੈੱਸਟ ਹਾਊਸਾਂ ਵਿਚ ਕੁੱਤਿਆਂ ਦੇ ਅਰਾਮ ਅਤੇ ਖੇਡ ਅਸਥਾਨ ਵੀ ਹੁੰਦੇ ਹਨ। ਇੱਥੇ ਕਿਸੇ
ਦੇ ਕੁੱਤੇ ਨੂੰ ਮਾਰਨਾ, ਉਸ ਦੀ ਬੇਇਜ਼ਤੀ ਕਰਨਾ, ਕੱਟਣ ਤੇ ਵੀ ਉਸ ਨਾਲ ਉਸੇ ਤਰ੍ਹਾਂ ਦਾ
ਮਿਤਰਤਾਨਾ ਵਰਤਾਓ ਨਾ ਕਰਨਾ ਇਕ ਵਿਖਮ ਜ਼ੁਰਮ ਹੈ। ਕੈਨੇਡਾ ਦੇ ਸੰਵਿਧਾਨ ਵਿਚ ਮਨੁਖੀ
ਅਧਿਕਾਰੀ ਦੇ ਚਾਰਟਰ ਦੇ ਨਾਲ ਨਾਲ ਕੁੱਤਿਆਂ ਦੇ ਅਧਿਕਾਰਾਂ ਦਾ ਚਾਰਟਰ ਵੀ ਤਜ਼ਵੀਜਿਆ ਅਤੇ
ਐਲਾਨਿਆ ਜਾ ਸਕਦਾ ਹੈ। ਜੇਕਰ ਇਹ ਹੁੰਦਾ ਹੈ ਤਾਂ ਇਹ ਕੋਈ ਅੱਥਕੱਥਨੀ ਨਹੀਂ ਹੋਵੇਗੀ। ਕੁੱਤੇ
ਦੇ ਵੱਢਣ ਤੇ ਵੀ ਉਸ ਨਾਲ ਮਾਨਵੀ ਵਿਵਹਾਰ ਜਾਰੀ ਰਖਣਾ ਕੈਨੇਡੀਅਨ ਵਿਰਾਸਤ ਦਾ ਹਿੱਸਾ ਬਣ
ਗਿਆ ਜਾਪਦਾ ਹੈ। ਇਹ ਵੀ ਸੁਨਣ ਵਿਚ ਆਇਆ ਹੈ ਕਿ ਕੁੱਤਿਆਂ ਨੂੰ ਪੜਾਉਣ ਅਤੇ ਚੰਗੀਆਂ ਆਦਤਾਂ
ਸਿਖਾਉਣ ਵਾਲੇ ਸਕੂਲਾਂ ਦੀ ਫੀਸ ਹਜ਼ਾਰਾਂ ਡਾਲਰ ਹੈ ਅਤੇ ਹਰ ਜਣਾ ਖਣਾ ਇਹ ਫੀਸ ਭਰਨ ਲਈ ਇਸ
ਤਰ੍ਹਾਂ ਤਿਆਰ ਹੋ ਜਾਂਦਾ ਹੈ ਜਿਵੇਂ ਕੁੱਤਾ ਨਹਂੀਂ ਉਹਨਾਂ ਦਾ ਬਾਲ ਹੀ ਸਕੂਲੇ ਪੜਣ ਪਾਇਆ
ਜਾ ਰਿਹਾ ਹੋਵੇ। ਬੰਦਾ ਭਾਵੇਂ ਪੜ੍ਹੇ ਜਾ ਨਾ ਪਰ ਅਣਪੜ੍ਹ ਕੁੱਤਾ ਤਾਂ ਖੁੱਦ ਸਰਕਾਰ ਨੂੰ ਵੀ
ਨਾਖ਼ੁਸ਼ਗਵਾਰ ਅਤੇ ਦਰਕਾਰ ਹੈ। ਕੁੱਤੇ ਦੀ ਪੜ੍ਹਾਈ ਕਦੋਂ ਦੀ ਲਾਜ਼ਮੀ ਕਰਾਰ ਦਿੱਤੀ ਜਾ
ਚੁੱਕੀ ਹੈ। ਹੋਰ ਤਾਂ ਹੋਰ ਅੱਜਕੱਲ ਤਾਂ ਬੰਦਿਆਂ ਨੂੰ ਕੁੱਤਿਆਂ ਬਿਲੀਆਂ ਨਾਲ ਕਿਵੇਂ ਪੇਸ਼
ਆਉਣਾ ਹੈ ਇਸ ਬਾਰੇ ਵੀ ਕਲਾਸਾਂ ਲਗਾਈਆਂ ਜਾਂਦੀਆਂ ਸੁਣੀਆਂ ਹਨ ਤਾਂ ਕਿ ਲੋਕਾਂ ਦਾ ਕੁੱਤਿਆਂ
ਪ੍ਰਤੀ ਵਤੀਰੇ ਵਿਚ ਸੁਧਾਰ ਕੀਤਾ ਜਾ ਸਕੇ।
ਇੱਥੇ ਇਸ ਗਲ ਤੇ ਰੀਸਰਚ ਹੋ ਰਹੀ ਹੈ ਕਿ ਕੈਨੇਡਾ ਦੇ ਕੁੱਤੇ ਦੀ ਜਿੰਦਗੀ ਕਿਵੇਂ ਹੋਰ ਵੀ
ਵਧੀਆ ਬਣਾਈ ਜਾਵੇ। ਉਸ ਦੇ ਸੁਭਾ ਨੂੰ ਸੁਧਾਰਨ ਦੇ ਇਥੇ ਸਕੂਲ ਖੁੱਲੇ ਹੋਏ ਹਨ। ਇਸ ਗਲ ਤੇ
ਵੀ ਸੀਸਰਚ ਹੋ ਰਹੀ ਹੈ ਕਿ ਕੁੱਤੇ ਵਿਚ ਸੈਂਸ ਆਫ਼ ਹੂਅਮਰ ਦੀ ਘਾਟ ਨੂੰ ਕਿਵੇਂ ਪੂਰਾ ਕੀਤਾ
ਜਾ ਸਕਦਾ ਹੈ। ਕੁਝ ਕੁੱਤਾ ਮਨੋਚਕਿਸਤਕ ਇਸ ਪਾਸੇ ਸਰਗਰਮ ਹਨ। ਕੈਨੇਡਾ ਦੀਆਂ ਕੁਝ ਫਰਮਾਂ
ਕੁੱਤੇ ਲਈ ਸੁਹਾਵਣੀ ਪਰਿਫੀਅੂਮ ਬਨਾਉਣ ਵਿਚ ਲਗੀਆਂ ਹੋਈਆਂ ਹਨ। ਇਕ ਕੁੱਤਾ-ਪੂਜਕ ਨੇ ਤਾਂ
‘ਕੁੱਤੇ ਲਈ ਗਾਰਡਨ ਡੀਜ਼ਾਈਨ ਕਰਨ ਬਾਰੇ’ ਇਕ ਪੂਰੀ ਕਿਤਾਬ ਲਿਖ ਮਾਰੀ ਹੈ।
ਕਈ ਔਰਤਾਂ ਆਪਣੇ ਖਾਵੰਦ ਨੂੰ ਤਾਂ ਤਲਾਕ ਦੇ ਸਕਦੀਆਂ ਹਨ ਪਰ ਕੁੱਤੇ ਨੂੰ ਤਿਲਾਂਜਲੀ ਨਹੀਂ
ਦੇ ਸਕਦੀਆਂ। ਕਈਆਂ ਤੇ ਤਾਂ ਕੁੱਤਾ-ਭੂਤ ਇਤਨਾ ਸਵਾਰ ਹੁੰਦਾ ਹੈ ਕਿ ਉਹ ਇਕ ਨਹੀਂ ਕਈ ਕਈ
ਕੁੱਤੇ ਰਖਦੇ ਹਨ। ਕੁੱਤੇ ਉਹਨਾਂ ਲਈ ਸਟੇਟੱਸ ਸਿੰਬਲ ਬਣ ਗਏ ਹੁੰਦੇ ਹਨ। ਜਿਤਨੇ ਵੱਧ ਕੁੱਤੇ
ਉਤਨੀ ਸਮਾਜ ਵਿਚ ਵੱਧ ਇਜ਼ਤ। ਕੁੱਤਾ ਬਿਮਾਰ ਪੈ ਜਾਵੇ ਤਾਂ ਸਾਰਾ ਟੱਬਰ ਤਿਮਾਰਦਾਰੀ ਵਿਚ
ਰੁਝ ਜਾਂਦਾ ਹੈ। ਕੁੱਤੇ ਦੀ ਮੌਤ ਉਪਰੰਤ ਵੀ ਉਸ ਦੀ ਮਨੁਖ ਵਾਂਗੂ ਦੀ ਕਬਰ ਬਣਾਈ ਜਾਂਦੀ ਹੈ।
ਅਫਸੋਸ ਕਰਨ ਵਾਲਿਆਂ ਦਾ ਤੰਤਾ ਲਗ ਜਾਂਦਾ ਹੈ। ਬਰਸੀ ਮਨਾਈ ਜਾਂਦੀ ਹੈ ਅਤੇ ਉਸ ਦੀ ਆਤਮਾ ਦੀ
ਸ਼ਾਂਤੀ ਲਈ ਪ੍ਰਾਥਨਾ ਕੀਤੀ ਜਾਂਦੀ ਹੈ। ਕਈ ਕਵੀ ਤਾਂ ਅਜੇਹੇ ਉੱਤਸਵਾਂ ਤੇ ਮਰਸੀਏ ਵੀ
ਪੜ੍ਹਦੇ ਹਨ। ਕੁੱਤੇ ਦੇ ਗ਼ਮ ਵਿਚ ਗਲਤਾਨ ਕਈ ਤਾਂ ਖੁੱਦਕੁਸ਼ੀ ਕਰਨ ਤੀਕ ਵੀ ਜਾਂਦੇ ਹਨ। ਕੀ
ਅਜੇਹੇ ਕੁੱਤਾ ਜੀਵਨ ਦਾ ਪੰਜਾਬੀ ਜਾਂ ਭਾਰਤੀ ਕੁੱਤੇ ਨੂੰ ਕਦੀ ਸੁਪਨਾ ਵੀ ਆ ਸਕਦਾ ਹੈ? ਖਾਸ
ਕਰ ਕੇ ਗਲੀ ਦੇ ਕੁੱਤੇ ਨੂੰ? ਹਾਂ ਸੱਚ। ਗਲ ਤਾਂ ਕੈਨੇਡਾ ਦੀ ਬਿੱਲੀ ਦੀ ਵੀ ਕਰਨੀ ਬਣਦੀ ਹੈ
ਪਰ ਇਹ ਕਦੀ ਫਿਰ ਸਹੀ ਕਿਉਂਕਿ ਇਸ ਵੇਲੇ ਤਾਂ ਉਹ ਇਕ ਕੁੜੀ ਦੀ ਗੋਦ ਵਿਚ ਘੂਕ ਸੁੱਤੀ ਹੋਈ
ਹੈ ਅਤੇ ਕੁੜੀ ਨੂੰ ਇਸ ਦੇ ਪਿਆਰ ਵਿਚ ਆਪਣੀ ਨੀਂਦ ਵੀ ਭੁੱਲ ਗਈ ਹੈ।
-0-
|