ਗੱਲ ਅੱਜ ਤੋਂ 17000 ਸਾਲ
ਜਾਂ ਉਸ ਤੋਂ ਵੀ ਪਹਿਲਾਂ ਦੀ ਹੈ ਜਦੋਂ ਰੂਸ ਦਾ ਸਾਇਬੇਰੀਆ ਅਤੇ ਉੱਤਰੀ ਅਮਰੀਕਾ ਮਹਾਂਦੀਪ
ਦੇ ਅਲਾਸਕਾ ਇਲਾਕੇ ਵਿਚਕਾਰਲਾ ਸਮੁੰਦਰੀ ਖੇਤਰ ਪ੍ਰਸ਼ਾਤ ਮਹਾਂਸਾਗਰ ਵਿੱਚ ਪਾਣੀ ਦਾ ਪੱਧਰ
ਘਟਣ ਕਰਕੇ ਸੁੱਕਿਆ ਹੋਇਆ ਸੀ। ਇਹ ਹੀ ਉਹ ਸਮਾਂ ਸੀ ਜਦੋਂ ਮਨੁੱਖ ਜਾਤੀ ਦੇ ਮੁੱਢਲੇ ਕਦਮ
ਏਸ਼ੀਆ ਮਹਾਂਦੀਪ ਤੋਂ ਚੱਲ ਕੇ ਅਮਰੀਕੀ ਮਹਾਂਦੀਪ ਦੀ ਨਵੀਂ ਦੁਨੀਆਂ ਦੀ ਧਰਤੀ ਤੇ ਪਏ।
ਕਈ ਹਜ਼ਾਰ ਸਾਲ ਅਲਾਸਕਾ ਦੇ ਇਲਾਕੇ ਵਿੱਚ ਰਹਿਣ ਤੋਂ ਬਾਅਦ ਇਹ ਲੋਕ 1000 - 2000 ਸਾਲ
ਪਹਿਲਾਂ ਕੈਨੇਡਾ ਅਤੇ ਅਮਰੀਕਾ ਦੇ ਵੱਖ ਵੱਖ ਖੇਤਰਾਂ ਵਿੱਚ ਫੈਲ ਗਏ। ਇਹਨਾਂ ਲੋਕਾਂ ਦੇ
ਸੈਂਕੜੇ ਕਬੀਲੇ ਬਣ ਗਏ ਅਤੇ ਹਰ ਇੱਕ ਕਬੀਲੇ ਦੀ ਆਪਣੀ ਭਾਸ਼ਾਈ ਅਤੇ ਸੱਭਿਆਚਾਰਕ ਪਹਿਚਾਣ
ਸੀ। ਇਹ ਕੈਨੇਡਾ ਦੇ ਮੂਲਵਾਸੀ ਸਨ ਅਤੇ ਭੋਜਨ ਲਈ ਇਹ ਜ਼ਿਆਦਾਤਰ ਸ਼ਿਕਾਰ ਉੱਪਰ ਨਿਰਭਰ ਸਨ।
ਇੱਕ ਅੰਦਾਜ਼ੇ ਮੁਤਾਬਕ 15ਵੀਂ ਸਦੀ ਦੌਰਾਨ ਪੂਰੇ ਕੈਨੇਡਾ ਵਿੱਚ ਮੂਲਵਾਸੀਆਂ ਦੀ ਆਬਾਦੀ
2-20 ਲੱਖ ਸੀ। ਹਾਂ ਉਸ ਸਮੇਂ ਮੂਲਵਾਸੀ ਨਾਂ ਦਾ ਕੋਈ ਸ਼ਬਦ ਮੌਜੂਦ ਨਹੀਂ ਸੀ ਕਿਉਂਕਿ
ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ਤੇ ਰਹਿੰਦੇ ਇਹ ਲੋਕ ਹੀ ਪਰਜਾ ਸਨ ਅਤੇ ਇਹ ਹੀ ਸ਼ਾਸਨ
ਚਲਾਉਣ ਵਾਲੇ, ਹੋਰ ਕਿਸੇ ਨਸਲ ਦਾ ਕੈਨੇਡਾ ਦੀ ਧਰਤੀ ਤੇ ਨਾਮੋ ਨਿਸ਼ਾਨ ਨਹੀਂ ਸੀ।
ਸਮਾਂ ਬਦਲਿਆ ਅਤੇ 16ਵੀਂ ਅਤੇ 17ਵੀਂ ਸਦੀ ਦੌਰਾਨ ਯੂਰਪੀ (ਅੰਗਰੇਜ਼ ਫਰਾਂਸੀਸੀ, ਸਪੇਨੀ,
ਪੁਰਤਗਾਲੀ) ਲੋਕ ਦੁਨੀਆਂ ਦੇ ਦੂਜੇ ਖਿੱਤਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਵਪਾਰ ਦੇ
ਨਵੇਂ ਸਰੋਤ ਲੱਭਣ ਲਈ ਹੱਥ ਪੈਰ ਮਾਰਨ ਲੱਗੇ। ਅਜਿਹੀ ਹੀ ਇੱਕ ਕੋਸ਼ਿਸ਼ ਦੌਰਾਨ ਯੂਰਪੀ
ਯਾਤਰੀ ਕੋਲੰਬਸ ਦਾ ਜਹਾਜ਼ ਉੱਤਰੀ ਅਮਰੀਕਾ ਦੇ ਕੰਢੇ ਆਣ ਪੁੱਜਿਆ। ਇਸ ਤੋਂ ਬਾਅਦ ਇਸ 'ਨਵੀਂ
ਧਰਤੀ' ਦੇ ਵਸੀਲੇ ਦੇਖ ਯੂਰਪੀ ਲੋਕਾਂ ਨੇ ਏਧਰ ਨੂੰ ਵਹੀਰਾਂ ਘੱਤ ਦਿੱਤੀਆਂ।
ਸ਼ੁਰੂ ਸ਼ੁਰੂ ਵਿੱਚ ਇਹਨਾਂ ਯੂਰਪੀ ਲੋਕਾਂ ਅਤੇ ਕੈਨੇਡਾ ਦੇ ਮੂਲ ਨਿਵਾਸੀਆਂ ਦੇ ਸਬੰਧ
ਸ਼ਾਂਤਮਈ ਸਨ ਅਤੇ ਯੂਰਪ ਵਾਸੀ ਇਹਨਾਂ ਤੋਂ ਫਰ ਖਰੀਦਦੇ ਜਦਕਿ ਮੂਲ ਵਾਸੀ ਯੂਰਪੀਅਨਾਂ ਦੀਆਂ
ਨਵੀਆਂ ਵਸਤੂਆਂ ਨੂੰ ਚਾਅ ਨਾਲ ਖਰੀਦਦੇ। ਪਰ ਬਾਅਦ ਵਿੱਚ ਸ਼ਾਤਿਰ ਯੂਰਪੀ ਲੋਕ ਇਸ ਧਰਤੀ ਤੇ
ਪੱਕੇ ਤੌਰ ਨਾਲ ਵਸ ਗਏ ਅਤੇ ਸਮਾਂ ਪੈਣ ਤੇ ਮੂਲ ਵਾਸੀਆਂ ਨੂੰ ਦਬਾਉਣ ਲੱਗ ਪਏ। ਯੂਰਪੀ ਲੋਕ
ਆਪਣੇ ਨਾਲ ਕੁਝ ਛੂਤ ਦੇ ਰੋਗ ਜਿਵੇਂ ਕਿ ਹੈਜ਼ਾ, ਪਲੇਗ ਆਦਿ ਵੀ ਲੈ ਕੇ ਆਏ ਜਿਹੜੇ ਕਿ ਮੂਲ
ਵਾਸੀਆਂ ਲਈ ਇੱਕ ਨਵੀਂ ਸਮੱਸਿਆ ਸੀ। ਇਹਨਾਂ ਰੋਗਾਂ ਵਿਰੁੱਧ ਨਾਮਾਤਰ ਸਹਿਣ ਸ਼ਕਤੀ ਹੋਣ
ਕਰਕੇ ਮੂਲਵਾਸੀਆਂ ਦੀ ਜਨਸੰਖਿਆ ਘਟਣ ਲੱਗੀ। ਇੱਕ ਅੰਦਾਜ਼ੇ ਮੁਤਾਬਕ ਇਹਨਾਂ ਰੋਗਾਂ ਦੀ ਮਾਰ
ਹੇਠਾਂ ਮੂਲਵਾਸੀਆਂ ਦੀ ਜਨਸੰਖਿਆ ਅੱਧੀ ਤੋਂ ਘੱਟ ਗਈ।
ਅਠਾਰਵੀਂ ਸਦੀ ਦੇ ਅੱਧ ਤੱਕ ਅੰਗਰੇਜ਼ ਅਤੇ ਫਰਾਂਸੀਸੀ ਕੌਮਾਂ ਨੇ ਕੈਨੇਡਾ ਦੇ ਵਧੇਰੇ ਭਾਗ
ਤੇ ਪ੍ਰਭੂਸੱਤਾ ਕਾਇਮ ਕਰ ਲਈ ਸੀ। ਮੂਲਵਾਸੀ ਲੋਕ ਆਪਣੇ ਹੀ ਦੇਸ਼ ਵਿੱਚ ਦੂਜੇ ਦਰਜੇ ਦੇ
ਨਾਗਰਿਕ ਬਣ ਗਏ ਸਨ। ਅਠਾਰਵੀਂ ਸਦੀ ਦੇ ਦੂਜੇ ਅੱਧ ਵਿੱਚ ਦੇਸ਼ ਵਿੱਚ ਰੇਲਵੇ ਦਾ ਜਾਲ ਵਿਛਣ
ਕਰਕੇ ਵਧੇਰੇ ਗਿਣਤੀ ਵਿੱਚ ਯੂਰਪੀਅਨ ਲੋਕ ਕੈਨੇਡਾ ਅਤੇ ਖਾਸ ਕਰਕੇ ਪ੍ਰੇਰੀਜ਼ ਦੇ ਖੁੱਲ੍ਹੇ
ਮੈਦਾਨਾਂ ਵਿੱਚ ਆਉਣ ਲੱਗੇ। ਸ਼ਾਸ਼ਨ ਪ੍ਰਬੰਧ ਗੋਰਿਆਂ ਦੇ ਹੱਥ ਹੋਣ ਕਰਕੇ ਉਹ ਉਪਜਾਊ
ਜ਼ਮੀਨਾਂ ਅਤੇ ਹੋਰ ਵਸੀਲਿਆਂ ਉਤੇ ਕਾਬਜ਼ ਹੋਣ ਲੱਗੇ।
ਇਸ ਸਮੇਂ ਦੌਰਾਨ ਇਹਨਾਂ ਯੂਰਪੀ ਲੋਕਾਂ ਨੇ ਬਹੁਤਾਤ ਵਿੱਚ ਪਾਏ ਜਾਣ ਵਾਲੇ ਬਾਈਜ਼ਨ (ਸਥਾਨਿਕ
ਮੱਝ) ਦਾ ਬੇਹਿਸਾਬ ਸ਼ਿਕਾਰ ਕੀਤਾ ਜਿਸ ਕਰਕੇ ਇਹ ਜਾਨਵਰ ਸੰਨ 1880 ਤੱਕ ਪ੍ਰੇਰੀਜ਼ ਦੇ
ਮੈਦਾਨਾਂ ਵਿੱਚੋਂ ਲਗਭਗ ਖਤਮ ਹੋ ਗਿਆ ਸੀ। ਬਦਕਿਸਮਤੀ ਨੂੰ ਇਹ ਜਾਨਵਰ ਮੂਲਵਾਸੀਆਂ ਦੀ
ਖੁਰਾਕ ਅਤੇ ਤਨ ਢੱਕਣ ਲਈ ਪ੍ਰਮੁੱਖ ਸਰੋਤ ਸੀ। ਇਸ ਜਾਨਵਰ ਦੇ ਖਤਮ ਹੋਣ ਨਾਲ ਮੂਲ ਵਾਸੀਆਂ
ਦੀ ਹੋਂਦ ਖਤਰੇ ਵਿੱਚ ਪੈ ਗਈ। ਮੂਲਵਾਸੀਆਂ ਨੂੰ ਮਜਬੂਰ ਹੋ ਕੇ ਗੋਰੇ ਸ਼ਾਸਕਾਂ ਅੱਗੇ ਹੱਥ
ਅੱਡਣੇ ਪਏ। ਇਸ ਸਮੇਂ ਦੌਰਾਨ ਸਰਕਾਰ ਦੁਆਰਾ ਮੂਲਵਾਸੀਆਂ ਨੂੰ ਦਿੱਤੀ ਜਾਂਦੀ ਇਮਦਾਦ ਵੀ ਘਟਾ
ਦਿੱਤੀ ਗਈ। 1880-85 ਦੇ ਪੰਜ ਸਾਲਾਂ ਦੌਰਾਨ ਉੱਤਰ-ਪੱਛਮੀ ਸੂਬੇ ਵਿੱਚ 3000 ਲੋਕ ਭੁੱਖਮਰੀ
ਨਾਲ ਮੌਤ ਦਾ ਸ਼ਿਕਾਰ ਹੋ ਗਏ। ਮੂਲਵਾਸੀਆਂ ਨੇ ਇਸ ਧੱਕੇਸ਼ਾਹੀ ਦੇ ਵਿਰੁੱਧ ਆਵਾਜ਼ ਉਠਾਈ ਪਰ
ਪ੍ਰਸ਼ਾਸਨ ਨੇ ਸਖਤੀ ਨਾਲ ਬਗਾਵਤ ਨੂੰ ਦਬਾ ਦਿੱਤਾ।
ਅਠਾਰਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਗੋਰਿਆਂ ਨੇ ਮੂਲਵਾਸੀਆਂ ਨੂੰ ਆਪਣੇ ਸੱਭਿਆਚਾਰ ਵਿੱਚ
ਰਲਾਉਣ ਦੀ ਨੀਤੀ ਬਣਾਈ। ਇਸ ਨੀਤੀ ਤਹਿਤ ਸਰਕਾਰ ਨੇ 'ਰੈਜ਼ੀਡਂੈਸ਼ੀਅਲ ਸਕੂਲ' ਆਰੰਭ ਕੀਤੇ
ਜਿੰਨ੍ਹਾਂ ਵਿੱਚ ਮੂਲਵਾਸੀਆਂ ਦੇ ਬੱਚਿਆਂ ਨੂੰ ਚਰਚਾਂ ਦੀ ਦੇਖ ਰੇਖ ਹੇਠਾਂ ਸਿੱਖਿਆ ਦਿੱਤੀ
ਜਾਂਦੀ ਸੀ। ਇਹਨਾਂ ਸਕੂਲਾਂ ਵਿੱਚ ਮੂਲਵਾਸੀਆਂ ਦੇ ਛੋਟੇ ਛੋਟੇ ਬੱਚਿਆਂ ਨੂੰ ਜ਼ਬਰਦਸਤੀ
ਭਰਤੀ ਕੀਤਾ ਜਾਂਦਾ ਅਤੇ ਕਈ ਕਈ ਸਾਲ ਮਾਪਿਆਂ ਅਤੇ ਬੱਚਿਆਂ ਨੂੰ ਜੁਦਾ ਰੱਖਿਆ ਜਾਂਦਾ।
ਇਹਨਾਂ ਬੱਚਿਆਂ ਉਤੇ ਆਪਣੀ ਭਾਸ਼ਾ ਅਤੇ ਰਹੁ-ਰੀਤਾਂ ਅਪਨਾਉਣ ਲਈ ਸਖਤ ਪਾਬੰਦੀ ਸੀ। ਇਹਨਾਂ
ਮੂਲਵਾਸੀ ਬੱਚਿਆਂ ਉਤੇ ਭਾਰੀ ਸਰੀਰਿਕ ਅਤੇ ਮਾਨਸਿਕ ਅੱਤਿਆਚਾਰ ਕੀਤੇ ਗਏ ਅਤੇ
ਰਿਹਾਇਸ਼ਗਾਹਾਂ ਵਿੱਚ ਜ਼ਿਆਦਾ ਭੀੜ ਅਤੇ ਬਿਮਾਰੀਆਂ ਕਰਕੇ ਇਹਨਾਂ ਬੱਚਿਆਂ ਵਿੱਚ ਮੌਤ ਦਰ
ਬਹੁਤ ਜ਼ਿਆਦਾ ਸੀ । ਇਹ ਸਕੂਲ 1960 ਤੱਕ ਚੱਲਦੇ ਰਹੇ ਅਤੇ ਇਹਨਾਂ ਨੇ ਮੂਲਵਾਸੀਆਂ ਦੇ
ਸੱਭਿਆਚਾਰਕ ਪਿਛੋਕੜ ਨੂੰ ਖਤਮ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਹੁਣੇ ਹੁਣੇ ਕੈਨੇਡਾ
ਸਰਕਾਰ ਨੇ ਆਪਣੇ ਏਸ ਕੰਮ ਲਈ ਜਨਤਕ ਤੌਰ ਤੇ ਮੁਆਫ਼ੀ ਵੀ ਮੰਗੀ ਹੈ।
ਅੱਜ ਕੈਨੇਡਾ ਦੀ ਲਗਭਗ ਸਾਢੇ ਤਿੰਨ ਕਰੋੜ ਦੀ ਜਨਸੰਖਿਆ ਵਿੱਚ ਮੂਲਵਾਸੀਆਂ ਦੀ ਅਬਾਦੀ ਕਰੀਬ
ਪੌਣੇਂ ਬਾਰਾਂ ਲੱਖ ਹੈ। ਪਰ ਇਹ ਲੋਕ ਅੱਜ ਵੀ ਵਿਭਿੰਨ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਇਹਨਾਂ ਦੀ ਹਾਲਤ ਵਿੱਚ ਅੱਜ ਵੀ ਕੋਈ ਬਹੁਤਾ ਸੁਧਾਰ ਨਹੀਂ ਹੈ। ਯੂਰਪੀ ਸੱਭਿਆਚਾਰ ਦੇ
ਪ੍ਰਭਾਵ, ਜੱਦੀ ਪੁਸ਼ਤੀ ਜਾਇਦਾਦ ਖੁਸਣ ਅਤੇ ਵਿਤਕਰੇ ਭਰਪੂਰ ਆਧੁਨਿਕ ਪ੍ਰਸ਼ਾਸਨ ਕਰਕੇ ਇਹ
ਲੋਕ ਅੱਜ ਵੀ ਗੰਭੀਰ ਉਲਝਣ ਵਿੱਚ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਦਾ ਅਕਸ
ਬਦਨਾਮ ਕਰ ਦਿੱਤਾ ਗਿਆ ਹੈ। ਜਦੋਂ ਵਿਨੀਪੈੱਗ ਅਤੇ ਰਜਾਇਨਾ ਦੀਆਂ ਸੜਕਾਂ ਤੇ ਕੋਈ ਅਪਰਾਧ ਦੀ
ਘਟਨਾ ਹੁੰਦੀ ਹੈ ਤਾਂ ਜ਼ਿਹਨ ਵਿੱਚ ਚਿਹਰਾ ਮੂਲਵਾਸੀ ਦਾ ਹੀ ਆਉਂਦਾ ਹੈ । ਹਾਲਾਂਕਿ ਜ਼ੁਰਮ
ਦੀ ਦੁਨੀਆਂ ਵਿੱਚ ਮੂਲਵਾਸੀ ਨੌਜਵਾਨਾਂ ਦੀ ਜ਼ਿਆਦਾ ਸ਼ਮੂਲੀਅਤ ਦੇ ਕਈ ਪਹਿਲੂ ਹਨ।
ਹੋਰ ਤਾਂ ਹੋਰ ਏਸ਼ੀਆਈ ਦੇਸ਼ਾਂ ਵਿੱਚੋਂ ਆਏ ਆਵਾਸੀਆਂ ਸਾਹਮਣੇ ਵੀ ਇਹਨਾਂ ਮੂਲਵਾਸੀਆਂ ਦਾ
ਅਕਸ ਮੁਜਰਮਾਂ ਤੋਂ ਘੱਟ ਨਹੀਂ ਹੈ। ਹਰ ਨਵੇਂ ਆਏ ਅਵਾਸੀ ਨੂੰ ਇਹਨਾਂ ਤੋਂ ਬਚ ਕੇ ਰਹਿਣ ਦੀ
ਤਾਕੀਦਗੀ ਕੀਤੀ ਜਾਂਦੀ ਹੈ। ਅਸਲ ਵਿੱਚ ਵਿਨੀਪੈੱਗ ਅਤੇ ਰਜਾਇਨਾ ਵਰਗੇ ਮੂਲਵਾਸੀਆਂ ਦੀ
ਬਹੁਤਾਤ ਵਾਲੇ ਸ਼ਹਿਰਾਂ ਵਿੱਚ ਪੰਜਾਬੀ ਟੈਕਸੀ ਚਾਲਕਾਂ ਨਾਲ ਨਸ਼ੇ ਦੀ ਧੁੱਤ ਹਾਲਤ ਵਿੱਚ
ਕੀਤਾ ਬੁਰਾ ਵਿਵਹਾਰ ਉਹਨਾਂ ਦੇ ਬੁਰੇ ਅਕਸ ਨੂੰ ਹੋਰ ਹਵਾ ਦਿੰਦਾ ਹੈ। ਪਰ ਸੱਚਾਈ ਇਹ ਹੈ ਕਿ
ਇਹ ਨਸ਼ੱਈ ਮੂਲਵਾਸੀ ਤਾਂ ਮੂਲਵਾਸੀਆਂ ਦੀ ਜਨਸੰਖਿਆ ਦਾ ਇੱਕ ਪ੍ਰਤੀਸ਼ਤ ਹਿੱਸਾ ਵੀ ਨਹੀਂ
ਹਨ।
ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸ ਦੇਈਏ ਕਿ ਕੈਨੇਡਾ ਵਿੱਚ ਮੂਲਵਾਸੀਆਂ ਦੇ ਕਰੀਬ 600 ਤੋਂ
ਉਪਰ ਕਬੀਲੇ ਹਨ ਜੋ ਕਿ ਪੂਰੇ ਦੇਸ਼ ਵਿੱਚ ਖਿੰਡਰੇ ਹੋਏ ਹਨ। ਲਗਭਗ 30 ਪ੍ਰਤੀਸ਼ਤ ਮੂਲਵਾਸੀ
ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਹਨ ਜਿਹਨਾਂ ਨੂੰ 'ਫਸਟ ਨੈਸ਼ਨ ਰਿਜ਼ਰਵ' ਕਿਹਾ
ਜਾਂਦਾ ਹੈ। ਇਹਨਾਂ ਦੂਰ ਦੁਰਾਡੇ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਅਤੇ ਸਿਹਤ ਸੇਵਾਵਾਂ
ਬਹੁਤ ਖ਼ਸਤਾ ਹਾਲਤ ਵਿੱਚ ਹਨ।
ਹੁਣੇ ਹੁਣੇ ਕੈਨੇਡਾ ਦੇ ਸੂਬੇ ਓਂਟਾਰਿਓ ਦੇ ਉੱਤਰੀ ਇਲਾਕੇ ਦੇ ਇੱਕ ਕਬੀਲੇ ਨੂੰ ਕੈਨੇਡੀਅਨ
ਰੈੱਡ ਕਰਾਸ ਨੇ ਸਹਾਇਤਾ ਪਹੁੰਚਾਈ ਕਿਉਂਕਿ ਸਥਾਨਿਕ ਸਰਕਾਰਾਂ ਦੀ ਅਣਗਹਿਲੀ ਕਰਕੇ ਉਸ ਕਬੀਲੇ
ਦੀ ਹਾਲਤ ਬਦਤਰ ਹੋ ਗਈ ਸੀ। ਇਹ ਹਾਲਤ ਸਿਰਫ ਇਸ ਇਕੱਲੇ ਕਬੀਲੇ ਦੀ ਨਹੀਂ, ਬਲਕਿ ਅਲੱਗ ਅਲੱਗ
ਭਾਈਚਾਰਿਆਂ ਦੇ ਜੀਵਨ ਪੱਧਰ ਦੇ ਇੱਕ ਸਰਵੇਖਣ ਦੌਰਾਨ ਸਭ ਤੋਂ ਬਦਤਰ 100 ਭਾਈਚਾਰਿਆਂ ਵਿੱਚ
97 ਮੂਲਵਾਸੀ ਕਬੀਲੇ ਹਨ। ਗਰੀਬੀ, ਸਿਹਤ ਸਮੱਸਿਆਵਾਂ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਜੁਰਮ
ਅੱਜ ਮੂਲਵਾਸੀ ਲੋਕਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਹਨ। ਗੁਜ਼ਰੇ ਵਕਤ ਵਿੱਚ ਬਿਨ੍ਹਾਂ ਕਿਸੇ
ਠੋਸ ਵਿਉਂਤਬੰਦੀ ਦੇ ਇਹਨਾਂ ਲੋਕਾਂ ਨੂੰ 'ਰਿਜ਼ਰਵਸ' ਵਿੱਚ ਭੇਜਣਾ ਅਤੇ ਇਹਨਾਂ ਦੇ
ਪ੍ਰੰਪਰਾਗਤ ਆਮਦਨ ਸਰੋਤਾਂ ਨੂੰ ਖਤਮ ਕਰਨਾ ਅਜਿਹੇ ਪ੍ਰਮੁੱਖ ਕਾਰਨ ਹਨ ਜਿੰਨ੍ਹਾਂ ਨੇ ਇਹਨਾਂ
ਲੋਕਾਂ ਨੂੰ ਭਿਖਾਰੀ ਬਣਾ ਦਿੱਤਾ। ਜਦੋਂ ਇਹ ਲੋਕ ਆਪਣੀ ਗਰੀਬੀ ਤੋਂ ਛੁਟਕਾਰਾ ਪਾਉਣ ਲਈ
ਸ਼ਹਿਰਾਂ ਵਿੱਚ ਆ ਵਸੇ ਤਾਂ ਸਿੱਖਿਆ ਦੀ ਘਾਟ ਅਤੇ ਨਸਲੀ ਵਿਤਕਰੇ ਕਾਰਨ ਇਹਨਾਂ ਨੂੰ ਵਾਜਬ
ਰੁਜ਼ਗਾਰ ਨਹੀਂ ਮਿਲਿਆ। ਰੁਜ਼ਗਾਰ ਦੀ ਘਾਟ ਨੇ ਗੈਰ ਕਾਨੂੰਨੀ ਧੰਦਿਆਂ ਵੱਲ ਆਕਰਸ਼ਤ ਕੀਤਾ
ਅਤੇ ਮੂਲਵਾਸੀ ਨੌਜਵਾਨ ਨਸ਼ਿਆਂ ਦੇ ਧੰਦੇ ਵਿੱਚ ਲਿਪਤ ਹੋ ਗਏ। ਕਹਿਣ ਦਾ ਮਤਲਬ ਇਹ ਹੈ ਕਿ
ਇਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ।
ਜੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਸਥਿਤੀ ਹੋਰ ਸਪੱਸ਼ਟ ਹੁੰਦੀ ਹੈ। ਪੂਰੇ ਦੇਸ਼ ਦੀ ਪ੍ਰਤੀ
ਵਿਅਕਤੀ ਸਲਾਨਾ ਔਸਤ ਆਮਦਨ 30,000 ਡਾਲਰ ਦੇ ਕਰੀਬ ਹੈ ਜਦਕਿ ਮੂਲਵਾਸੀਆਂ ਦੀ ਔਸਤ ਆਮਦਨ
20,000 ਡਾਲਰ ਦੇ ਕਰੀਬ ਹੈ। ਜੇ ਸ਼ਹਿਰਾਂ ਤੋਂ ਦੂਰ ਦੁਰਾਡੇ ਰਹਿਣ ਵਾਲੇ ਕਬੀਲਿਆਂ ਵੱਲ
ਝਾਤੀ ਮਾਰੀਏ ਤਾਂ ਸਲਾਨਾ ਔਸਤ ਆਮਦਨ 15000 ਡਾਲਰ ਵੀ ਨਹੀਂ ਹੈ। ਸਿੱਖਿਆ ਦੇ ਖੇਤਰ ਵਿੱਚ
ਜਿੱਥੇ ਸਿਰਫ਼ 31 ਪ੍ਰਤੀਸ਼ਤ ਕੈਨੇਡੀਅਨ ਹਾਈ ਸਕੂਲ ਪੂਰਾ ਕਰਨ ਤੋਂ ਪਹਿਲਾਂ ਹਟ ਜਾਂਦੇ ਹਨ
ਉਥੇ ਦੂਰ ਦੁਰਾਡੇ ਦੇ ਮੂਲਵਾਸੀਆਂ ਵਿੱਚ ਇਹ ਪ੍ਰਤੀਸ਼ਤ 58 ਹੈ। ਬੇਰੁਜ਼ਗਾਰੀ ਦੀ ਦਰ
ਮੂਲਵਾਸੀਆਂ ਵਿੱਚ ਆਮ ਕੈਨੇਡੀਅਨ ਲੋਕਾਂ ਨਾਲੋਂ ਦੁੱਗਣੀ ਹੈ ਅਤੇ ਦੂਰ ਦੁਰਾਡੇ ਇਲਾਕਿਆਂ
ਵਿੱਚ ਤਾਂ ਇਹ ਪੰਜ ਤੋਂ ਛੇ ਗੁਣਾਂ ਹੈ।
ਕਿਸੇ ਕੌਮ ਦੀ ਸੱਭਿਆਚਾਰਕ ਅਤੇ ਆਰਥਿਕ ਹੋਂਦ ਖਤਮ ਹੋਣ ਤੋਂ ਬਾਅਦ ਉਸ ਦਾ ਕਿੰਨਾ ਬੁਰਾ
ਹਸ਼ਰ ਹੁੰਦਾ ਹੈ, ਕੈਨੇਡਾ ਦੇ ਮੂਲਵਾਸੀ ਇਸ ਦੀ ਪ੍ਰਤੱਖ ਉਦਾਹਰਣ ਹਨ। ਅੱਜ ਚਾਰਾਂ ਵਿੱਚੋਂ
ਸਿਰਫ਼ ਇੱਕ ਮੂਲਵਾਸੀ ਆਪਣੀ ਮਾਤਭਾਸ਼ਾ ਵਿੱਚ ਗੱਲ ਕਰ ਸਕਦਾ ਹੈ ਅਤੇ ਬਾਕੀ ਤਿੰਨ ਤਾਂ
ਯੂਰਪੀ ਕਲਚਰ ਦੇ ਤਾਣੇ-ਬਾਣੇ ਵਿੱਚ ਉਲਝ ਕੇ ਰਹਿ ਗਏ ਹਨ। ਸ਼ਹਿਰੀ ਮਾਹੌਲ ਵਿੱਚ ਮੂਲਵਾਸੀਆਂ
ਦਾ ਪਰਿਵਾਰਕ ਸੰਗਠਨ ਬਿਖ਼ਰ ਗਿਆ ਹੈ। ਗੁਜ਼ਰੇ ਵਕਤ ਵਿੱਚ ਚਲਾਕ ਯੂਰਪੀ ਲੋਕਾਂ ਨੇ ਇਹਨਾਂ
ਦੀ ਹੋਂਦ ਖਤਮ ਕਰਨ ਲਈ ਅਜਿਹੀਆਂ ਲੂੰਬੜ ਚਾਲਾਂ ਚੱਲੀਆਂ ਕਿ ਇਹ ਭੋਲੇ ਲੋਕ ਆਪਣੀ ਵਿਲੱਖਣ
ਪਛਾਣ ਗੁਆ ਬੈਠੇ।
ਪਿਛਲੇ 200 ਸਾਲਾਂ ਦੌਰਾਨ ਇਹਨਾਂ ਦੇ ਹਿਤਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਨੂੰ ਕਾਫੀ
ਵਕਤ ਲੱਗੇਗਾ। ਇਹ ਮਾਮਲੇ ਵਿੱਚ ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ ਬਹੁਤ ਕੁਝ ਕਰਨਾ
ਅਜੇ ਬਾਕੀ ਹੈ। ਅਜਿਹੀ ਹੀ ਇੱਕ ਕੋਸ਼ਿਸ਼ ਤਹਿਤ ਮੂਲਵਾਸੀ ਕਬੀਲਿਆਂ ਵਿੱਚ ਸਕੂਲੀ ਸਿੱਖਿਆ
ਦਾ ਪ੍ਰਬੰਧ ਮੂਲਵਾਸੀਆਂ ਦੇ ਆਪਣੇ ਸਿੱਖਿਆ ਸੰਗਠਨ ਨੇ ਲੈ ਲਿਆ ਹੈ ਅਤੇ ਹੁਣ ਸਾਖਰਤਾ ਦਰ
ਵਿੱਚ ਵਾਧਾ ਹੋ ਰਿਹਾ ਹੈ।
ਕੈਨੇਡਾ ਦੀ ਵਿਸ਼ਾਲ ਧਰਤੀ ਉਪਰ ਮੂਲਵਾਸੀਆਂ ਦੇ ਇਤਿਹਾਸ ਦੇ ਹਸਤਾਖਰ ਹਜ਼ਾਰਾਂ ਸਾਲ ਪੁਰਾਣੇ
ਹਨ। ਪਿਛਲੀਆਂ ਦੋ ਤਿੰਨ ਸਦੀਆਂ ਦੌਰਾਨ ਇਹਨਾਂ ਦੀ ਹਸਤੀ ਨੂੰ ਮਿਟਾਉਣ ਦੇ ਭਰਪੂਰ ਯਤਨ ਕੀਤੇ
ਗਏ ਹਨ ਅਤੇ ਇਹ ਅੱਜ ਵੀ ਆਪਣੀ ਪਛਾਣ ਨੂੰ ਬਚਾਉਣ ਲਈ ਹੱਥ-ਪੈਰ ਮਾਰ ਰਹੇ ਹਨ । ਉਮੀਦ ਹੈ ਕਿ
ਇਹ ਉੱਦਮੀ ਲੋਕ ਜੋ ਹਜ਼ਾਰਾਂ ਸਾਲ ਪਹਿਲਾਂ ਇਸ ਧਰਤੀ ਤੇ ਪਸਰੇ ਸਨ, ਇਸ ਜ਼ਮੀਨ ਤੇ ਆਪਣੀ
ਹੋਂਦ ਨੂੰ ਕਾਇਮ ਰੱਖਣਗੇ।
- ਵਿਨੀਪੈੱਗ, ਕੈਨੇਡਾ
pardesipunjab@hotmail.ca
-0-
|