ਇਨਕਲਾਬੀ ਗ਼ਦਰੀ ਵਿਰਸੇ ਦੇ ਪ੍ਰੇਮੀਓ ਤੇ ਵਾਰਸੋ!
ਅਜ਼ਾਦੀ ਸੰਗਰਾਮ ‘ਚ ਅਜ਼ਾਦ ਹਿੰਦ ਫ਼ੌਜ ਦੀ ਭੂਮਿਕਾ ਨੂੰ ਸਮਰਪਿਤ ਇੱਕੀਵਾਂ ‘ਮੇਲਾ ਗ਼ਦਰੀ
ਬਾਬਿਆਂ ਦਾ‘ ‘ਚ ਸ਼ਾਮਿਲ ਹੋਣ ਲਈ ਦੇਸ਼-ਬਦੇਸ਼ ਤੋਂ ਪੁੱਜੇ ਹਰ ਕਦਮ ਨੂੰ ਹਾਰਦਿਕ ਜੀ ਆਇਆ।
ਇੱਕੀਵਾਂ ਮੇਲਾ ਗ਼ਦਰੀ ਬਾਬਿਆਂ ਦੇ ਮੌਕੇ ਉਤੇ ਅਸੀਂ ਸਮੂਹ ਦੇਸ਼ ਅਤੇ ਬਦੇਸ਼ ਵਾਸੀਆਂ ਨੂੰ
ਵਿਸ਼ੇਸ਼ ਤੌਰ ‘ਤੇ ਸਮਾਜਿਕ ਪਰਿਵਰਤਨ ਲਈ ਸੰਘਰਸ਼ਸ਼ੀਲ ਲੋਕਾਂ ਨੂੰ ਇਨਕਲਾਬੀ ਸ਼ੁੱਭ ਇੱਛਾਵਾਂ
ਅਤੇ ਵਧਾਈਆਂ ਦਿੰਦੇ ਹਾਂ। ਮੇਲਾ ਗ਼ਦਰੀ ਬਾਬਿਆਂ ਦਾ ਤੁਹਾਡੇ ਸਭ ਦੇ ਭਰਪੂਰ ਸਹਿਯੋਗ ਅਤੇ
ਪਿਆਰ ਸਦਕਾ ਹਰ ਸਾਲ ਨਵੀਆਂ ਬੁਲੰਦੀਆਂ ਛੋਹ ਰਿਹਾ ਹੈ। ਇਸ ਮੌਕੇ ਉਪਰ ਜਿਥੇ ਅਗਾਂਹਵਧੂ ਦੇਸ਼
ਭਗਤ, ਧਰਮ ਨਿਰਪੱਖ ਅਤੇ ਇਨਕਲਾਬੀ ਰੰਗਾਂ ਵਿੱਚ ਰੰਗੀਆਂ ਹੋਈਆਂ ਭਿੰਨ ਭਿੰਨ ਸਭਿਆਚਾਰਕ
ਵੰਨਗੀਆਂ ਜਿਵੇਂ ਗੀਤ-ਸੰਗੀਤ, ਭਾਸ਼ਣ, ਕੁਇਜ਼ ਮੁਕਾਬਲੇ, ਪੇਟਿੰਗ, ਕਵੀ ਦਰਬਾਰ, ਵਿਚਾਰ
ਗੋਸ਼ਟੀਆਂ, ਨਾਟਕ ਅਤੇ ਕੋਰਿਓਗ੍ਰਾਫ਼ੀਆਂ ਆਦਿ ਦਰਸ਼ਕਾਂ ਦੇ ਸਨਮੁੱਖ ਪੇਸ਼ ਕੀਤੀਆਂ ਜਾਂਦੀਆਂ
ਹਨ, ਉਥੇ ਨਾਲ ਹੀ ਗ਼ਦਰ ਪਾਰਟੀ ਅਤੇ ਦੇਸ਼ ਦੀ ਅਜ਼ਾਦੀ ਲਈ ਬੇਮਿਸਾਲ ਕੁਰਬਾਨੀਆਂ ਕਰਨ ਵਾਲੀਆਂ
ਹੋਰ ਵੱਖ-ਵੱਖ ਜੁਝਾਰੂ ਧਾਰਾਵਾਂ, ਸ਼ਹੀਦ-ਏ-ਅਜ਼ਮ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੁਆਰਾ
ਅਜ਼ਾਦੀ, ਬਰਾਬਰਤਾ ਅਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਵਾਸਤੇ ਰਚੇ ਗਏ ਯਾਦਗਾਰੀ ਇਤਿਹਾਸ ਦੀਆਂ
ਗਾਥਾਵਾਂ ਨੂੰ ਯਾਦ ਕਰਦਿਆਂ ਹੋਇਆ ਉਨ੍ਹਾਂ ਪ੍ਰੰਪਾਰਾਵਾਂ ਨੂੰ ਅਜੋਕੀਆਂ ਪ੍ਰਸਿਤੀਆਂ ਵਿੱਚ
ਜਾਰੀ ਰੱਖਣ ਦਾ ਅਹਿਦ ਵੀ ਦੁਹਰਾਇਆ ਜਾਂਦਾ ਹੈ।
ਅਸਲ ਵਿੱਚ ਗ਼ਦਰੀ ਸੂਰਬੀਰਾਂ ਦੀ ਯਾਦ ਵਿਚ ਮਨਾਏ ਜਾਂਦੇ ਮੇਲੇ ਜੋ ਇਸ ਵਾਰ ਅਜ਼ਾਦੀ ਸੰਗਰਾਮ
‘ਚ ਅਜ਼ਾਦ ਹਿੰਦ ਫ਼ੌਜ ਦੀ ਭੂਮਿਕਾ ਨੂੰ ਸਮਰਪਿਤ ਹੈ, ਨੇ ਹਾਕਮ ਲੁਟੇਰੇ ਵਰਗਾਂ ਦੀਆਂ
ਸਰਕਾਰਾਂ ਅਤੇ ਹਾਕਮ ਰਾਜਸੀ ਪਾਰਟੀਆਂ ਵਲੋਂ ਲੋਕਾਂ ਨੂੰ ਪਰੋਸੇ ਜਾ ਰਹੇ ਅਸ਼ਲੀਲ, ਖਪਤਵਾਦੀ,
ਅਸਮਾਜਿਕ ਤੇ ਸਥਾਪਤੀ ਪੱਖੀ ਸਭਿਆਚਾਰ ਦੇ ਮੁਕਾਬਲੇ ਵਿੱਚ ਇਕ ਸਿਹਤਮੰਦ, ਅਗਾਂਹਵਧੂ,
ਮਾਨਵਵਾਦੀ ਅਤੇ ਤਬਦੀਲੀ ਮੁੱਖੀ ਨਰੋਏ ਸਭਿਆਚਾਰ ਨੂੰ ਪ੍ਰਫੁਲਤ ਕਰਨ ਦਾ ਇਕ ਮੰਚ ਪੇਸ਼ ਕੀਤਾ
ਹੈ।
ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਸਮਝਦੀ ਹੈ ਕਿ ਦੇਸ਼ ਨੂੰ ਦਰਪੇਸ਼ ਮੌਜੂਦਾ ਸੰਕਟ ਵਿਚੋਂ
ਬਾਹਰ ਕੱਢਣ ਵਾਸਤੇ ਗ਼ਦਰੀ ਬਾਬਿਆਂ ਵਲੋਂ ਦਰਸਾਏ ਧਰਮ ਨਿਰਪੱਖਤਾ, ਦੇਸ਼ ਭਗਤੀ ਅਤੇ
ਸਾਂਝੀਵਾਲਤਾ ਦੇ ਉਸ ਸੁਨੇਹੇ ਨੂੰ ਮੁੜ ਆਪਣੇ ਚੇਤਿਆਂ ਵਿੱਚ ਸਮੋਣ ਅਤੇ ਉਸ ਉਪਰ ਅਮਲ ਕਰਨ
ਦੀ ਵੱਡੀ ਜ਼ਰੂਰਤ ਹੈ। ਸਾਮਰਾਜੀ ਸ਼ਕਤੀਆਂ ਸਾਡੇ ਹਾਕਮਾਂ ਦੀ ਮਿਲੀ-ਭੁਗਤ ਰਾਹੀਂ ਭਾਰਤੀ
ਮੰਡੀ, ਇਸ ਦੇ ਅਨਮੋਲ ਕੁਦਰਤੀ ਖ਼ਜ਼ਾਨਿਆਂ ਅਤੇ ਵਿੱਤੀ ਖੇਤਰ ਉਪਰ ਕਬਜ਼ਾ ਕਰਨ ਲਈ ਅੱਡੀ ਚੋਟੀ
ਦਾ ਜ਼ੋਰ ਲਗਾ ਰਹੀਆਂ ਹਨ।
ਸਰਕਾਰ ਵਲੋਂ ਅਪਣਾਈਆਂ ਜਾ ਰਹੀ ਸਾਮਰਾਜ ਨਿਰਦੇਸ਼ਤ, ਨਵ ਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ
ਸਦਕਾ ਦੇਸ਼ ਨੂੰ ਗਰੀਬੀ, ਭੁੱਖ ਮਰੀ, ਬੇਕਾਰੀ, ਮਹਿੰਗਾਈ, ਅਨਪੜ੍ਹਤਾ ਅਤੇ ਹੋਰ ਤਰ੍ਹਾਂ
ਤਰ੍ਹਾਂ ਦੀਆਂ ਲਾਹਨਤਾਂ ਨੇ ਘੇਰ ਰਖਿਆ ਹੈ। ਅਰਬਾਂ ਰੁਪਏ ਦੇ ਭ੍ਰਿਸ਼ਟਾਚਾਰੀ ਕਾਰਨਾਮਿਆਂ
ਨਾਲ ਹਾਕਮ ਧਿਰਾਂ ਦੇ ਬਹੁਤ ਸਾਰੇ ਨੇਤਾ ਸੰਸਾਰ ਪ੍ਰਸਿੱਧੀ ਹਾਸਿਲ ਕਰ ਗਏ ਹਨ। ਔਰਤਾਂ,
ਪਛੜੇ ਅਤੇ ਦਲਿਤ ਜਾਤੀਆਂ ਨਾਲ ਸਬੰਧਿਤ ਵੱਡੇ ਹਿੱਸੇ ਦੇ ਲੋਕਾਂ ਉਪਰ ਜ਼ਬਰ ਅਤੇ ਆਮ ਲੋਕਾਂ
ਉਪਰ ਅਨਿਆਂ ਦੀਆਂ ਵਾਰਦਾਤਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕਾਨੂੰਨ ਅਤੇ ਪ੍ਰਬੰਧ
ਦੀ ਵਿਵਸਥਾ ਡਗਮਗਾ ਗਈ ਹੈ। ਪ੍ਰੰਤੂ ਕਾਨੂੰਨ ਪ੍ਰਬੰਧ ਕਾਇਮ ਰੱਖਣ ਲਈ ਜ਼ਿੰਮੇਵਾਰ ‘ਸਰਕਾਰੀ
ਮਸ਼ੀਨਰੀ‘, ਲੋਕ ਲਹਿਰਾਂ ਅਤੇ ਸੰਘਰਸ਼ਸ਼ੀਲ ਲੋਕਾਂ ਉਪਰ ਜ਼ਬਰ ਢਾਹੁਣ ਵਿੱਚ ਪੂਰੀ ਤਰ੍ਹਾਂ
ਮਸਰੂਫ਼ ਹੈ। ਦੇਸ਼ ਭਗਤਾਂ ਵਲੋਂ ਕੁਰਬਾਨੀ, ਸਾਦਗੀ ਤੇ ਨਿਰਸਵਾਰਥ ਸੇਵਾ ਦੀਆਂ ਪ੍ਰੰਪਰਾਵਾਂ
ਦੇ ਉਲਟ ਸਾਡੇ ਹਾਕਮ ਲੁੱਟ-ਖਸੁੱਟ, ਸੁਆਰਥ ਅਤੇ ਮੌਕਾ-ਪ੍ਰਸਤੀ ਦੇ ਰਾਹ ਤੁਰੇ ਹੋਏ ਹਨ।
ਅਜਿਹੇ ਸਮੇਂ ਵਿੱਚ ਦੇਸ਼ ਦੀ ਅਜ਼ਾਦੀ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਵਾਲੇ ਸਮੂਹ ਦੇਸ਼
ਭਗਤਾਂ ਤੇ ਗ਼ਦਰੀ ਸੂਰਬੀਰਾਂ ਦੀ ਵਿਰਾਸਤ ਵੀ ਦੋ-ਪਾਸੜ ਹਮਲਿਆਂ ਦੀ ਸ਼ਿਕਾਰ ਹੈ। ਇਕ ਹਮਲਾ ਹੈ
ਹਾਕਮ ਧਿਰ ਵਲੋਂ, ਜਿਹਨਾਂ ਨੇ ਪਹਿਲਾ ਤਾਂ ਇਸ ਜੁਝਾਰੂ ਦੇਸ਼ ਭਗਤੀ ਦੀ ਵਿਰਾਸਤ ਨੂੰ ਲੋਕਾਂ
ਦੇ ਜ਼ਿਹਨ ਵਿਚੋਂ ਮਿਟਾਉਣ ਖਾਤਰ ਇਸ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰੀ ਰਖਿਆ ਤੇ ਇਨ੍ਹਾਂ
ਸੂਰਬੀਰ ਯੋਧਿਆਂ ਨੂੰ ਅੱਤਵਾਦੀ, ਸਿਰਫਿਰੇ ਤੇ ਬੇਸਮਝ ਵਰਗੇ ਵੱਖ-ਵੱਖ ਵਿਸ਼ੇਸ਼ਣਾਂ ਨਾਲ
ਨਿਵਾਜਿਆ। ਹੁਣ ਜਦੋਂ ਇਨ੍ਹਾਂ ਸੂਰਬੀਰ ਯੋਧਿਆਂ ਦਾ ਸਿਰਜਿਆ ਇਤਿਹਾਸ ਹਨੇਰ ਗਲੀ ਵਿੱਚ ਫਸੇ
ਲੋਕਾਂ ਨੂੰ ਚਮਕਦੇ ਸਿਤਾਰਿਆਂ ਦੀ ਤਰ੍ਹਾਂ ਰਾਹ ਦਾਸੇਰਾ ਬਣ ਰਿਹਾ ਹੈ, ਤਦ ਫਿਰ ਇਹੀ ਹਾਕਮ
ਟੋਲਾ ਲੋਕਾਂ ਲਈ ਜਾਨਾਂ ਨਿਛਾਵਰ ਕਰਨ ਵਾਲੇ ਇਨ੍ਹਾਂ ਇਤਿਹਾਸ ਰਚੇਤਿਆਂ ਨੂੰ ਉਧਾਲਣ ਦਾ ਯਤਨ
ਕਰ ਰਿਹਾ ਹੈ। ਉਹ ਇਨ੍ਹਾਂ ਦੇਸ਼ ਭਗਤਾਂ ਦੇ ਪੈਰੋਕਾਰ ਹੋਣ ਦਾ ਪਖੰਡ ਕਰਕੇ ਆਪਣੀਆਂ ਕਾਲੀਆਂ
ਕਰਤੂਤਾਂ ਉਪਰ ਪਰਦਾ ਪਾਉਣ ਦਾ ਜੁਗਾੜ ਕਰਨਾ ਚਾਹੁੰਦੇ ਹਨ।
ਦੇਸ਼ ਭਗਤਾਂ ਦੀ ਵਿਰਾਸਤ ਉਪਰ ਦੂਸਰਾ ਹੱਲਾ ਹੈ, ਪਿਛਾਖੜੀ ਅਤੇ ਸਾਮਰਾਜ ਹਿਤੈਸ਼ੀ ਫਿਰਕੂ ਅਤੇ
ਜਾਤੀ-ਪਾਤੀ ਤਾਕਤਾਂ ਵਲੋਂ ਸੇਧਤ। ਧਾਰਮਿਕ ਕੱਟੜਤਾ ਅਤੇ ਜਾਤੀ -ਪਾਤੀ ਵਲਗਣਾਂ ਤੋਂ ਪਰ੍ਹਾਂ
ਹੱਟ ਕੇ ਬਰਾਬਰੀ, ਧਰਮ-ਨਿਰਪੱਖਤਾ ਅਤੇ ਇਨਕਲਾਬੀ ਵਿਚਾਰਾਂ ਦਾ ਝੰਡਾ ਬੁਲੰਦ ਕਰਨ ਵਾਲੇ
ਸਮੂਹ ਦੇਸ਼ ਭਗਤਾਂ ਅਤੇ ਗ਼ਦਰੀ ਸੂਰਬੀਰਾਂ ਨੂੰ ਹਿੰਦੂ, ਸਿੱਖ ਜਾਂ ਕਿਸੇ ਖਾਸ ਜਾਤ ਤੇ ਫ਼ਿਰਕੇ
ਨਾਲ ਸਬੰਧਿਤ ਹੋਣ ਦਾ ਵਿਸ਼ਲੇਸ਼ਣ ਲਗਾ ਕੇ ਅਸਲ ਵਿੱਚ ਉਹ ਇਨ੍ਹਾਂ ਮਹਾਪੁਰਸ਼ਾਂ ਦੀ ਅਸਲ
ਵਿਚਾਰਧਾਰਾ ਨੂੰ ਖੁੰਡਿਆ ਕਰਨਾ ਚਾਹੁੰਦੇ ਹਨ ਤੇ ਮਨੁੱਖਤਾ ਦੇ ਵਿਸ਼ਾਲ ਚੁਤਰਫ਼ਾ ਫੈਲੇ
ਪਰਿਵਾਰ ਵਿਚੋਂ ਬਾਹਰ ਕੱਢ ਕੇ ਧਰਮਾਂ ਤੇ ਜਾਤਾਂ ਦੀਆਂ ਸੌੜੀਆਂ ਤੇ ਸਵਾਰਥੀ ਵਲਗਣਾਂ ਵਿੱਚ
ਸੁਗੇੜਣਾ ਚਾਹੁੰਦੇ ਹਨ।
ਇਤਿਹਾਸ ਗਵਾਹ ਹੈ ਕਿ ਗ਼ਦਰ ਪਾਰਟੀ ਵਲੋਂ ਸਮੂਹ ਲੋਕਾਂ ਦੀ ਏਕਤਾ ਸਿਰਜ ਕੇ ਦੇਸ਼ ਨੂੰ ਅਜ਼ਾਦ
ਕਰਾਉਣ ਲਈ ਸਾਮਰਾਜ ਵਿਰੁੱਧ ਲੜੀ ਗਈ ਲੜਾਈ ਵਿੱਚ ਉਹਨਾਂ ਦੀ ਧਰਮ-ਨਿਰਪੱਖ ਪਹੁੰਚ ਬਾਰੇ ਕਦੀ
ਵੀ ਕਿਸੇ ਸ਼ੱਕ-ਸ਼ੁਭੇ ਦੀ ਗੁੰਜਾਇਸ਼ ਨਹੀਂ ਰਹੀ। ਫਿਰ ਵੀ ਜੇ ਸਾਨੂੰ ਅੱਜ ਇਸ ਮਸਲੇ ਬਾਰੇ ਵਾਰ
ਵਾਰ ਗੱਲਬਾਤ ਕਰਨੀ ਪੈ ਰਹੀ ਹੈ ਤਾਂ ਇਸ ਪਿੱਛੇ ਉਹਨਾਂ ਕੁਝ ਮੁੱਠੀ ਭਰ ਲੋਕਾਂ ਦੀ ਗਿਣੀ
ਮਿਥੀ ਯੋਜਨਾ ਨੂੰ ਪਰਦੇ ਵਿਚੋਂ ਬਾਹਰ ਲਿਆਉਣਾ ਵੀ ਸਾਡਾ ਮਕਸਦ ਹੈ ਜਿਨ੍ਹਾਂ ਨੇ ਪਿਛਲੇ ਕੁਝ
ਸਮੇਂ ਤੋਂ ਗ਼ਦਰੀ ਬਾਬਿਆਂ ਵਲੋਂ ਦੇਸ਼ ਦੀ ਅਜ਼ਾਦੀ ਲਈ ਲੜੀ ਭਰਾਤਰੀ-ਭਾਵ ਉਪਰ ਅਧਾਰਤ, ਹਿੰਦੂ,
ਸਿੱਖ ਤੇ ਮੁਸਲਮਾਨਾਂ ਦੀ ਸਾਂਝੀ ਲੜਾਈ ਨੂੰ ਕੇਵਲ ਤੇ ਕੇਵਲ ‘ਸਿੱਖਾਂ ਦੀ ਲੜਾਈ‘ ਬਣਾ ਕੇ
ਪੇਸ਼ ਕਰਨਾ ਚਾਹ ਰਹੇ ਹਨ। ਉਹ ਅਸਿੱਧੇ ਢੰਗ ਨਾਲ ਇਸ ਵਿਆਪਕ ਤੇ ਵਸੀਹ ਲੜਾਈ ਦਾ ਨਾਤਾ ਆਪਣੀ
ਖ਼ਾਸ ਤਰ੍ਹਾਂ ਦੀ ਸੰਕੁਚਿਤ ਲੜਾਈ ਨਾਲ ਜੋੜਨ ਹਿੱਤ ਗ਼ਦਰੀ ਬਾਬਿਆਂ ਦੇ ਵੱਡੇ ਕੱਦ ਨੂੰ ਛੋਟੇ
ਕਰਕੇ, ਉਸ ਛੋਟੀ ਲੜਾਈ ਦੇ ਹੱਕ ਵਿਚ ਭੁਗਤਾਉਣਾ ਚਾਹੁੰਦੇ ਹਨ। ਇੱਕ ਪਾਸੇ ਤਾਂ ਉਹ ਗ਼ਦਰ
ਲਹਿਰ ਨੂੰ ਆਪਣੇ ਹੱਕ ਵਿੱਚ ਭੁਗਤਾਉਣਾ ਚਾਹੁੰਦੇ ਹਨ ਤੇ ਦੂਜੇ ਪਾਸੇ ਉਹਨਾਂ ਲੋਕਾਂ ਨੂੰ
ਗ਼ਦਰੀ ਬਾਬਿਆਂ ਦੇ ‘ਰਾਸ਼ਟਰਵਾਦੀ‘ ਹੋਣਾ ਵੀ ਸੁਖਾਉਂਦਾ ਨਹੀਂ। ਉਹ ਗੁਰੂਆਂ ਅਤੇ ਉਹਨਾਂ ਤੋਂ
ਵਰੋਸਾਏ ਬਾਬਿਆਂ ਦੀ ਵਸੀਹ ਸੋਚ ਦੇ ਸਮੁੰਦਰ ਨੂੰ ‘ਕੁੱਜੇ‘ ਵਿਚ ਸੁੰਗੇੜਣ ‘ਤੇ ਤੁੱਲੇ ਹੋਏ
ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਕਦੀ ਇਹਨਾਂ ਬਾਬਿਆਂ
ਦਾ ਮੋਹ-ਤੇਹ ਨਹੀਂ ਜਾਗਿਆ। ਹੁਣ ਜਦੋਂ ਪਿਛਲੇ ਸਾਲਾਂ ਤੋਂ ਦੇਸ਼ ਭਗਤ ਯਾਦਗਾਰ ਕਮੇਟੀ ਨੇ
ਦੇਸ਼-ਵਿਦੇਸ਼ ਵਿਚ ਗ਼ਦਰ ਲਹਿਰ ਦੀ ਸ਼ਤਾਬਦੀ ਨੂੰ ਵਿਸ਼ਵ ਪੱਧਰ ਉੱਤੇ ਮਨਾਉਣ ਦਾ ਹੋਕਾ ਦਿੱਤਾ ਹੈ
ਤੇ ਇਸ ਤੋਂ ਪ੍ਰਭਾਵਿਤ ਹੋ ਕੇ ਦੇਸ਼-ਵਿਦੇਸ਼ ਵਿਚ ਗ਼ਦਰੀ ਬਾਬਿਆਂ ਦੇ ਵਾਰਸਾਂ ਨੇ ਉਹਨਾਂ ਦੀ
ਯਾਦ ਵਿਚ ਸਮਾਗਮ ਕਰਨੇ ਤੇ ਮੇਲੇ ਲਾਉਣੇ ਸ਼ੁਰੂ ਕੀਤੇ ਹਨ ਤਾਂ ਅਚਨਚੇਤ ਇਹਨਾਂ ਘੁਣਤਰੀ
ਲੋਕਾਂ ਦੇ ਮਨਾਂ ਵਿਚ ਗ਼ਦਰੀ ਬਾਬਿਆਂ ਦਾ ਹੇਜ ਜਾਗ ਪਿਆ ਹੈ।
ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਇਹ ਮੰਨਣ ਵਿਚ ਕੋਈ ਝਿਜਕ ਨਹੀਂ, ਸਗੋਂ
ਮਾਣ ਹੈ ਕਿ ਗ਼ਦਰੀ ਬਾਬਿਆਂ ਵਿਚੋਂ ਬਹੁਤ ਸਾਰੇ ਸਿੱਖੀ ਦੀ ਸਰਬੱਤ ਦੇ ਭਲੇ ਲਈ ਲੜੀ ਜਾਣ
ਵਾਲੀ ਜੁਝਾਰੂ ਵਿਰਾਸਤ ਤੋਂ ਪ੍ਰਭਾਵਿਤ ਤੇ ਪ੍ਰੇਰਿਤ ਸਨ। ਅਸੀਂ ਇਹ ਵੀ ਮੰਨਦੇ ਹਾਂ ਕਿ ਗ਼ਦਰ
ਪਾਰਟੀ ਦੇ ਬਹੁਤੇ ਆਗੂ ਜਾਂ ਵਰਕਰ ਸਿੱਖ ਧਰਮ ਵਿਚ ਯਕੀਨ ਰੱਖਣ ਵਾਲੇ ਸਨ। ਉਹਨਾਂ ਵਿਚੋਂ
ਬਹੁਤ ਸਾਰੇ ਅੰਮ੍ਰਿਤਧਾਰੀ ਵੀ ਸਨ। ਇਸ ਵਿਚ ਵੀ ਸ਼ੱਕ ਨਹੀਂ ਕਿ ਗ਼ਦਰ ਲਹਿਰ ਦੇ ਉਥਾਨ ਅਤੇ
ਪ੍ਰਚਾਰ-ਪਰਸਾਰ ਲਈ ਕਨੇਡਾ ਤੇ ਅਮਰੀਕਾ ਵਿਚਲੇ ਗੁਰਦਵਾਰੇ ਉਹਨਾਂ ਦੇ ਕੇਂਦਰੀ ਮਿਲਣ-ਵਿਚਰਨ
ਤੇ ਵਿਚਾਰਨ ਵਾਲੇ ਅਸਥਾਨ ਸਨ। ਧਾਰਮਿਕ ਸਥਾਨ ਦੇ ਨਾਲ ਨਾਲ ਇਹ ਗੁਰਦਵਾਰੇ ਸਾਂਝੇ ਭਾਈਚਾਰਕ
ਸਥਾਨ ਵੀ ਸਨ ਜਿਥੇ ਸਭ ਧਰਮਾਂ ਤੇ ਵਿਸ਼ਵਾਸਾਂ ਦੇ ਭਾਰਤੀ/ਪੰਜਾਬੀ ਮਿਲ ਬੈਠ ਕੇ ਆਪਣੇ ਸਾਂਝੇ
ਮਸਲਿਆਂ ਅਤੇ ਦੁਸ਼ਵਾਰੀਆਂ ਦਾ ਟਾਕਰਾ ਕਰਨ ਲਈ ਸਾਂਝੀ ਰਾਇ ਬਣਾਉਂਦੇ ਤੇ ਆਪਣੀ ਕਾਰਜਸ਼ੈਲੀ
ਉਲੀਕਦੇ ਸਨ। ਸਾਡਾ ਇਹ ਮੰਨਣਾ ਹੈ ਕਿ ਕਿਸੇ ਵੀ ਇਨਕਲਾਬੀ ਲੜਾਈ ਵਿਚ ਸਾਡਾ ਇਤਿਹਾਸ ਤੇ
ਮਿਥਿਹਾਸ ਸਦਾ ਸਾਡਾ ਪ੍ਰੇਰਨਾ ਸਰੋਤ ਬਣਦਾ ਹੈ। ਉਸ ਤੋਂ ਮੁਨਕਰ ਹੋਣਾ ਹਕੀਕਤ ਤੋਂ ਇਨਕਾਰ
ਕਰਨਾ ਹੈ। ਪਰ ਅਸੀਂ ਇਹ ਵੀ ਸਾਫ਼ ਕਰਨਾ ਚਾਹੁੰਦੇ ਹਾਂ ਕਿ ਗ਼ਦਰੀ ਬਾਬਿਆਂ ਨੇ ਧਰਮ ਨੂੰ
ਨਿਰੋਲ ਨਿੱਜੀ ਮਸਲਾ ਸਮਝ ਕੇ ਹਰ ਇਕ ਨੂੰ ਉਸਦੇ ਵਿਸ਼ਵਾਸ ਅਨੁਸਾਰ ਜੀਣ ਅਤੇ ਮੰਨਣ ਦੀ
ਖੁੱਲ੍ਹ ਦਿੱਤੀ ਸੀ ਪ੍ਰੰਤੂ ਦੇਸ਼ ਲਈ ਲੜੀ ਜਾਣ ਵਾਲੀ ਲੜਾਈ ਵਿਚ ਧਰਮ ਨੂੰ ਕਦੇ ਵੀ ਆੜ ਵਜੋਂ
ਨਹੀਂ ਸੀ ਵਰਤਿਆ।
ਸਾਨੂੰ ਭੁਲੇਖਾ ਨਹੀਂ ਕਿ ਕੁਝ ਵਿਦਵਾਨ ਅੱਜ ਪੁਰਾਣੇ ਇਤਿਹਾਸ ਨੂੰ ਆਪਣੇ ਸੌੜੇ ਮਕਸਦਾਂ ਲਈ
ਕਿਉਂ ਭੰਨ ਤੋੜ ਰਹੇ ਹਨ ਤੇ ਇਸ ਦੀ ਮਨਚਾਹੀ ਵਿਆਖਿਆ ਕਿਉਂ ਕਰ ਰਹੇ ਹਨ। ਫਿਰ ਵੀ ਅਸੀਂ
ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ‘ਹਿੰਦੁਸਤਾਨ‘ ਨੂੰ ਇਹ ਲੋਕ ਨਿਰੋਲ ‘ਹਿੰਦੂਆਂ‘ ਦਾ ਮੁਲਕ
ਮਨਵਾਉਣ ‘ਤੇ ਤੁੱਲੇ ਹੋਏ ਹਨ, ਸਿੱਖ ਰਵਾਇਤਾਂ ਤੇ ਸਿੱਖ ਗੁਰੂਆਂ ਦਾ ਉਸ ਹਿੰਦੁਸਤਾਨ ਬਾਰੇ
ਕੀ ਰਵੱਈਆ ਸੀ? ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਵੀ ਸਾਫ਼ ਕਰਨਾ ਚਾਹੁੰਦੇ ਹਾਂ ਕਿ
ਜਿਹੜੇ ‘ਰਾਸ਼ਟਰਵਾਦ‘ ਦੇ ਸੰਕਲਪ ਦੇ ਖਿਲਾਫ਼ ਇਹਨਾਂ ‘ਵਿਦਵਾਨਾਂ‘ ਨੇ ਰੌਲਾ ਚੁੱਕਿਆ ਹੋਇਆ ਹੈ
ਤੇ ਜਿਸ ਰਾਸ਼ਟਰਵਾਦ ਲਈ ਲੜਨ ਕਰਕੇ ਇਹ ਸ਼ਹੀਦ ਭਗਤ ਸਿੰਘ ਤੇ ਗ਼ਦਰੀ ਬਾਬਿਆਂ ਦੇ ਆਲੋਚਕ ਵੀ
ਹਨ, ਉਸ ‘ਰਾਸ਼ਟਰਵਾਦ‘ ਨੂੰ ਦੇਸ਼ ਦੀ ਵੰਡ ਤੋਂ ਪਿਛਲੇ ਸੌੜੇ ਭਾਰਤੀ ਰਾਸ਼ਟਰਵਾਦ ਨਾਲ ਜੋੜ ਕੇ
ਵੇਖਣਾ ਠੀਕ ਨਹੀਂ। ਹਰੇਕ ਰਾਜਨੀਤਕ ਸੰਕਲਪ ਨੂੰ ਵਿਸ਼ੇਸ਼ ਇਤਿਹਾਸਕ ਦੌਰ ਦੀਆਂ ਲੜਾਈਆਂ ਅਤੇ
ਤਕਾਜ਼ਿਆਂ ਦੇ ਪ੍ਰਸੰਗ ਵਿਚ ਹੀ ਸਮਝਣਾ ਚਾਹੀਦਾ ਹੈ। ਉਸ ਸਮੇਂ ਸਾਰੇ ਭਾਰਤ ਵਾਸੀਆਂ ਨੂੰ
ਜ਼ਾਤ, ਮਜ੍ਹਬ, ਫ਼ਿਰਕੇ ਜਾਂ ਇਲਾਕੇ ਤੋਂ ਉਪਰ ਉੱਠ ਕੇ ਅਤੇ ਆਪਸੀ ਪ੍ਰੇਮ-ਪਿਆਰ ਵਾਲਾ ਸਾਂਝਾ
ਭਾਈਚਾਰਾ ਉਸਾਰ ਕੇ ਸਾਮਰਾਜ ਵਿਰੁੱਧ ਲੜਨਾ ਸਮੇਂ ਦੀ ਲੋੜ ਅਨੁਸਾਰ ਬਹੁਤ ਹੀ ਸ਼ਾਨਦਾਰ
ਅਗਾਂਹਵਧੂ ਨਜ਼ਰੀਆ ਸੀ। ਗ਼ਦਰੀ ਬਾਬਿਆਂ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੁਰਾਂ ਦੀ ਲੜਾਈ ਨੂੰ
ਏਸੇ ਪਰਿਪੇਖ ਵਿਚ ਠੀਕ ਤਰ੍ਹਾਂ ਸਮਝਿਆ ਤੇ ਇਹਦਾ ਮੁਲਾਂਕਣ ਕੀਤਾ ਜਾ ਸਕਦਾ ਹੈ।
ਹੁਣ ਅਸੀਂ ਗੁਰੂਆਂ ਦੇ ਨਜ਼ਰੀਏ ਬਾਰੇ ਗੱਲ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ
ਸੀ,‘ਨਾ ਹਮ ਹਿੰਦੂ ਨਾ ਮੁਸਲਮਾਨ‘। ਉਹਨਾਂ ਨੇ ਇਹ ਆਖ ਕੇ ਇਕ ਤਰ੍ਹਾਂ ਨਾਲ ਆਪਣੇ ਆਪ ਨੂੰ
ਫਿਰਕੂ ਵਲਗਣਾਂ ਤੋਂ ਪਾਰ ਕਰ ਲਿਆ ਸੀ ਅਤੇ ਆਪਣੇ ਕਲਾਵੇ ਵਿਚ ਸਾਰੀ ਮਨੁੱਖਤਾ ਸਮੋਅ ਲਈ ਸੀ।
ਇੱਕ ਫਿਰਕੇ ਜਾਂ ਇੱਕ ਖਿੱਤੇ ਦੇ ਭਲੇ ਦੀ ਥਾਂ ਉਹ ਸਰਬੱਤ ਦਾ ਭਲਾ ਮੰਗਣ ਵਾਲੇ ਸਨ। ਇਸ
ਵਿਸ਼ਵਾਸ ਵਾਲੇ ਗੁਰੂ ਸਾਹਿਬਾਨ ਲਈ ਕੀ ਇਹ ਮੁਲਕ ਪਰਾਇਆ ਜਾਂ ਬਿਗ਼ਾਨਾ ਸੀ ਜਾਂ ਕੇਵਲ ਇੱਕੋ
ਫ਼ਿਰਕੇ ਦਾ ਹੀ ਸੀ? ਕੀ ਉਹ ਇਸ ਨੂੰ ਆਪਣਾ ਮੁਲਕ ਮੰਨਦੇ ਸਨ ਜਾਂ ਨਹੀਂ? ਬਾਬੇ ਨਾਨਕ ਨੇ ਤਾਂ
ਬਾਬਰਵਾਣੀ ਉਚਾਰਦਿਆਂ ‘ਹਿੰਦੁਸਤਾਨ‘ ਨੂੰ ਹੀ ਮੁੱਖ ਰਖਿਆ ਸੀ। ‘ਖੁਰਾਸਾਨ ਖਸਮਾਨਾ ਕੀਆ
ਹਿੰਦੁਸਤਾਨ ਡਰਾਇਆ‘ ਆਖਣ ਵਾਲੇ ਗੁਰੂ ਨਾਨਕ ਸਾਹਿਬ ਤੋਂ ਬਾਬਰ ਦੇ ਹੱਲੇ ਵੇਲੇ ਹਿੰਦੁਸਤਾਨ
ਨੂੰ ਪੈਂਦੀ ਮਾਰ ਬਰਦਾਸ਼ਤ ਨਹੀਂ ਸੀ ਹੋਈ। ਉਹਨਾਂ ਨੇ ਰੱਬ ਨੂੰ ਵੀ ਉਲਾਹਮਾਂ ਦਿੱਤਾ ਸੀ ਕਿ
ਜੇ ਉਹ ਸਾਰੇ ਜੀਆਂ ਦਾ ਰਾਖਾ ਹੈ ਤਾਂ ਹੁਣ ਉਸਨੇ ਆਪਣੇ ਜੀਆਂ ਦੀ ਰੱਖਿਆ ਕਿਉਂ ਨਹੀਂ ਕੀਤੀ?
ਉਸ ਰੱਬ ਨੇ ਸਕਤਿਆਂ ਤੋਂ ਉਹਨਾਂ ਦਾ ਬਚਾਅ ਕਿਉਂ ਨਹੀਂ ਕੀਤਾ? ਜੇ ਗੁਰੂ ਸਾਹਿਬਾਨ ਨੇ ਬਾਣੀ
ਰਚੀ ਤਾਂ ਉਸ ਭਾਸ਼ਾ ਵਿਚ ਰਚੀ ਜਿਹੜੀ ਲਗਭਗ ਸਾਰੇ ਉੱਤਰੀ ਭਾਰਤ ਵਿਚ ਸਮਝੀ ਜਾਣ ਵਾਲੀ ਸੀ।
ਉਹਨਾਂ ਦਾ ਇਹ ਯਤਨ ਵੀ ਵਸੀਹ ਹੋਣ ਦਾ ਸੀ, ਸੁੰਗੜਣ ਦਾ ਨਹੀਂ। ਗੁਰੂ ਅਰਜਨ ਦੇਵ ਜੀ ਨੇ
ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਜ਼ਾਤ, ਮਜ਼ਹਬ ਤੇ ਇਲਾਕੇ ਦੇ ਭਿੰਨ-ਭੇਦ
ਤੋਂ ਉਪਰ ਉੱਠ ਕੇ ਸਾਰੇ ਹਿੰਦੁਸਤਾਨ ਦੇ ਸੰਤਾਂ-ਭਗਤਾਂ ਦੀ ਬਾਣੀ ਨੂੰ ਇਸ ਵਿਚ ਸ਼ਾਮਲ ਕਰਕੇ
ਇਸ ਨੂੰ ਸਮੁੱਚੀ ਮਾਨਵਤਾ ਦਾ ਗ੍ਰੰਥ ਬਣਾ ਦਿੱਤਾ। ਸਾਰਾ ‘ਹਿੰਦੁਸਤਾਨ‘ ਤੇ
‘ਹਿੰਦੁਸਤਾਨੀਅਤ‘ ਵੀ ਇਹਦੇ ਵਿਚ ਸ਼ਾਮਲ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜਿਆ
ਤਾਂ ਉਹਨਾਂ ਨੇ ਪੰਜ ਪਿਆਰੇ ਇਕੱਲੇ ਪੰਜਾਬ ਤੋਂ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ ਖਿੱਤਿਆਂ
ਅਤੇ ਜਾਤਾਂ ਵਿਚੋਂ ਸਨ। ਸਾਨੂੰ ਪਤਾ ਹੈ ਕਿ ਸਾਡੇ ਸਰੋਤੇ ਇਹ ਗੱਲਾਂ ਪਹਿਲਾਂ ਹੀ ਜਾਣਦੇ ਹਨ
ਪਰ ਇਹਨਾਂ ਨੂੰ ਦੁਹਰਾਉਣ ਦਾ ਮਕਸਦ ਸਿਰਫ਼ ਇਹ ਹੈ ਕਿ ਸਿੱਖੀ ਸਾਰੀ ਮਨੁੱਖਤਾ ਨੂੰ ਕਲਾਵੇ
ਵਿਚ ਲੈਂਦੀ ਸੀ। ਸਾਰੇ ਦੇਸ਼ ਨੂੰ ਆਪਣਾ ਸਮਝਦੀ ਸੀ ਤੇ ਗ਼ਦਰੀ ਬਾਬਿਆਂ ਨੇ ਵੀ ਗੁਰੂਆਂ ਵੱਲੋਂ
ਦੱਸੀ ਤੇ ਸਮਝਾਈ ਏਸੇ ਸੱਚੀ ਸਿੱਖੀ ਨੂੰ ਆਪਣੇ ਦਿਲ ਵਿਚ ਵਸਾਇਆ ਸੀ। ਇਹ ਸਿੱਖੀ ਉਦੋਂ ਮੰਗ
ਕਰਦੀ ਸੀ ਕਿ ਉਹਦੇ ਸਿੱਖ ਅੰਗਰੇਜ਼ ਸਾਮਰਾਜ ਦਾ ਮੁਕਾਬਲਾ ਕਰਨ ਤੇ ਹਿੰਦੁਸਤਾਨ ਦੀ ਅਜ਼ਾਦੀ ਲਈ
ਲੜਨ।
ਗ਼ਦਰੀਆਂ ਦੇ ਵਿਚਾਰ, ਵਿਹਾਰ ਤੇ ਕਿਰਦਾਰ ਉੱਤੇ ਸਹਿਜ ਝਾਤੀ ਪਾਇਆਂ ਹੀ ਉਹਨਾਂ ਦਾ
ਧਰਮ-ਨਿਰਪੱਖ, ਦੇਸ਼-ਭਗਤਕ ਨਜ਼ਰੀਆ ਦ੍ਰਿਸ਼ਟੀ-ਗੋਚਰ ਹੋ ਜਾਂਦਾ ਹੈ। ਗ਼ਦਰ ਪਾਰਟੀ ਦੀ ਸਥਾਪਨਾ
ਵੇਲੇ ਹੀ ਬਾਬਾ ਸੋਹਣ ਸਿੰਘ ਭਕਨਾ ਨੂੰ ਪ੍ਰਧਾਨ, ਲਾਲਾ ਹਰਦਿਆਲ ਨੂੰ ਜਨਰਲ ਸਕੱਤਰ ਤੇ ਭਾਈ
ਕਾਂਸ਼ੀ ਰਾਮ ਮੜੌਲੀ ਨੂੰ ਖਜ਼ਾਨਚੀ ਬਣਾਉਣ ਤੋਂ ਹੀ ਪਾਰਟੀ ਦੀ ਮੁੱਢਲੀ ਧਰਮ-ਨਿਰਪੱਖ ਦਿੱਖ
ਪ੍ਰਗਟ ਹੋ ਜਾਂਦੀ ਹੈ। ਤੱਤ ਵੇਖਣਾ ਹੋਵੇ ਤਾਂ ਗ਼ਦਰ ਸਾਹਿਤ ਨੂੰ ਪੜ੍ਹ ਕੇ ਵੇਖੋ, ਜਿਸ ਵਿਚ
ਵਾਰ-ਵਾਰ ਭਾਈਚਾਰਕ ਏਕੇ ਅਤੇ ਹਿੰਦੁਸਤਾਨ ਜਾਂ ਭਾਰਤ ਦੀ ਅਜ਼ਾਦੀ ਲਈ ਲੜੀ ਜਾਣ ਵਾਲੀ ਸਾਂਝੀ
ਲੜਾਈ ਦੀ ਗੱਲ ਕੀਤੀ ਗਈ ਹੈ। ‘ਗ਼ਦਰ ਦੀਆਂ ਗੂੰਜਾਂ‘ ਵਿਚ ਕੋਈ ਕਵਿਤਾ ਅਜਿਹੀ ਨਹੀਂ ਹੋਵੇਗੀ,
ਜਿਸ ਵਿਚ ਥਾਂ-ਥਾਂ ਤੇ ਵਾਰ-ਵਾਰ ਹਿੰਦੁਸਤਾਨ ਦੀ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਦਾ ਹੋਕਾ
ਨਾ ਦਿੱਤਾ ਹੋਵੇ। ਏਥੇ ਅਸੀਂ ‘ਖਾਲਸਾ ਪੰਥ‘ ਨੂੰ ਸੰਬੋਧਤ ਹੋ ਕੇ ਲਿਖੀ ਇੱਕ ਕਵਿਤਾ ‘ਪੰਥ
ਅੱਗੇ ਪੁਕਾਰ‘ ਵਿਚੋਂ ਕੁਝ ਸਤਰਾਂ ਉਦਾਹਰਣ ਲਈ ਦੇ ਰਹੇ ਹਾਂ, ਜਿਹੜੀਆਂ ਦੱਸਦੀਆਂ ਹਨ ਕਿ
ਸਿੱਖ, ਹਿੰਦੂ ਤੇ ਮੁਸਲਮਾਨ: ਇੱਕ ਦੇਸ਼ ਭਗਤ, ਇੱਕ ਇਨਕਲਾਬੀ ਤੇ ਇਕ ਰਾਸ਼ਟਰਵਾਦੀ ਦੀ ਹੋਂਦ
ਅਸਲੋਂ ਇਕ ਮਿਕ ਸੀ। ਉਹਨਾਂ ਨੂੰ ਜਾਤਾਂ, ਫ਼ਿਰਕਿਆਂ ਅਤੇ ਚਿੰਨ੍ਹਾਂ ਦੇ ਆਧਾਰ ‘ਤੇ ਵੰਡਿਆ
ਨਹੀਂ ਸੀ ਜਾ ਸਕਦਾ। ਉਹਨਾਂ ਨੂੰ ਤਾਂ ਹਿੰਦ ਦੀ ਅਜ਼ਾਦੀ ਲਈ ਮਰ ਮਿਟਣਾ ਹੀ ਅਸਲੀ ‘ਖ਼ਾਲਸਾ
ਧਰਮ‘ ਲੱਗਦਾ ਹੈ।
ਪਰਉਪਰਕਾਰ ਕਾਰਨ ਗੁਰਾਂ ਸਾਜਿਆ ਸੀ। ਹੱਥੀਂ ਕੀਤੇ ਸੀ ਜੰਗ ਕੁਮਾਲ ਸਿੰਘੋ।।
ਏਸ ਹਿੰਦ ਦੀ ਰੱਖਿਆ ਕਰਨ ਖ਼ਾਤਰ। ਵਾਰ ਦਿੱਤੇ ਸੀ ਜਿਗਰ ਦੇ ਲਾਲ ਸਿੰਘੋ।।
ਭਾਰਤ ਮਾਤ ਦਾ ਜ਼ੁਲਮ ਮਟਾਣ ਖ਼ਾਤਰ। ਚੁਣੇ ਗਏ ਸੀ ਵਿਚ ਦਵਾਲ ਸਿੰਘੋ।।
ਅੱਜ ਮੁਲਕ ਅਜ਼ਾਦੀ ਵਿਚ ਖੇਡਣਾ ਸੀ। ਕਰਦੇ ਪਿਯਾਰ ਜੇ ਗ਼ਦਰ ਦੇ ਨਾਲ ਸਿੰਘੋ।।
ਭਾਰਤ ਮਾਤ ਦੇ ਬੱਚੇ ਨਾ ਮੂਲ ਬਿਕਦੇ। ਲੈਂਦੇ ਗ਼ਦਰ ਜੇ ਅਸੀਂ ਸੰਭਾਲ ਸਿੰਘੋ।।
ਜਿਨ੍ਹਾਂ ਗੋਰਿਆਂ ਤਿਲਕ ਨੂੰ ਕੈਦ ਕੀਤਾ। ਉਨ੍ਹਾਂ ਕਰੋ ਹੁਣ ਗਰਕ ਪਤਾਲ ਸਿੰਘੋ।।
ਬੈਠਾ ਵਿਚ ਜਪਾਨ ਦੇ ਬ੍ਰਕਤਉੱਲਾ। ਤਕਵਾ ਰਖਿਆ ਜੁਲ ਜਲਾਲ ਸਿੰਘੋ।।
ਕ੍ਰਿਸ਼ਨਾ ਵਰਮਾ ਜਾ ਵਿਚ ਫਰਾਂਸ ਬੈਠਾ। ਮੈਡਮ ਕਾਮਾ ਦਾ ਕਰੋ ਖਿਯਾਲ ਸਿੰਘੋ।।
ਭਾਰਤ ਮਾਤਾ ਦਾ ਭਾਰ ਉਤਾਰ ਦਿਓ। ਭਾਰਤ ਮਾਤਾ ਦੇ ਨੌਨਿਹਾਲ ਸਿੰਘੋ।।
ਇਹ ‘ਸਿੱਖ ਵਿਦਵਾਨ‘ ਵੀ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਸਿੱਖੀ ਤਾਂ ਸਰਬੱਤ ਦੇ ਭਲੇ ਦਾ
ਨਾਂ ਹੈ। ਪਰ ਇਹਨਾਂ ਦਾ ਮੁੱਖ ਬੁਲਾਰਾ ਇਸ ਗੱਲ ‘ਤੇ ਦੁਖੀ ਹੈ ਕਿ ਗ਼ਦਰੀ ਬਾਬਿਆਂ ਨੇ, ਜੋ
ਸਿੱਖ ਸਨ, ਹਿੰਦੁਸਤਾਨ ਵਿਚੋਂ ਨੌਜਵਾਨ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਕੇ ਅਮਰੀਕਾ ਵਿਚ ਉੱਚੀ
ਵਿੱਦਿਆ ਪ੍ਰਾਪਤ ਕਰਨ ਲਈ ਸੱਦਿਆ ਤਾਂ ਇਸਦਾ ਬਹੁਤਾ ਲਾਭ ਵੀ ‘ਹਿੰਦੂ‘ ਵਿਦਿਆਰਥੀਆਂ ਨੇ
ਲਿਆ। ਗ਼ਦਰੀ ਬਾਬੇ ਨੇ ਤਾਂ ਹਿੰਦੂ ਸਿੱਖ ਦਾ ਵਿਤਕਰਾ ਪਾਉਣਾ ਮੁਨਾਸਬ ਨਾ ਸਮਝਿਆ ਪਰ ‘ਸਰਬੱਤ
ਦੇ ਭਲੇ‘ ਦੀ ਗੱਲ ਕਰਨ ਵਾਲੇ ਇਸ ਵਿਦਵਾਨ ਨੂੰ ‘ਹਿੰਦੂ‘ ਵਿਦਿਆਰਥੀ ਦੀ ਮਦਦ ਕਰਨੀ ‘ਸਰਬੱਤ
ਦੇ ਭਲੇ‘ ਦੇ ਦਾਇਰੇ ਅੰਦਰ ਆਉਂਦੀ ਨਹੀਂ ਲੱਗਦੀ। ਇਹਨਾਂ ਨੇ ਸਰਬੱਤ ਦੇ ਭਲੇ ਨੂੰ ਵੀ ਕਿੰਨਾ
ਸੁੰਗੇੜ ਲਿਆ ਹੈ। ਇਹ ਝੂਠੇ ਮਜ੍ਹਬ ਲਈ ਲੋਕਾਂ ਨੂੰ ਲੜਾ ਲੜਾ ਕੇ ਮਰਵਾਉਣਾ ਚਾਹੁੰਦੇ ਹਨ।
ਜਿੰਨ੍ਹਾਂ ਬਾਰੇ ਗ਼ਦਰੀਆਂ ਨੇ ਕਿਹਾ ਸੀ:
ਝੂਠੇ ਮਜ੍ਹਬਾਂ ਤੋਂ ਮਰਨ ਦਿਨ ਰਾਤ ਲੜ ਲੜ,
ਸੱਚੇ ਦੀਨ ਦੀ ਕਿਸੇ ਨੂੰ ਸੂਹ ਕੋਈ ਨਾ।।
‘ਸੱਚੇ ਦੀਨ‘ ਦੀ ਸੂਹ ਤਾਂ ਸੀ ਗ਼ਦਰੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਵਰਗਿਆਂ ਨੂੰ ਜਿਸ ਨੇ
ਫ਼ਾਂਸੀ ਦੀ ਕੋਠੜੀ ਵਿਚੋਂ ਗ੍ਰੰਥੀ ਭਾਈ ਮਿਤ ਸਿੰਘ ਨੂੰ ਹਿੰਦੀਆਂ ਦੇ ਨਾਂ ਸੁਨੇਹਾ ਭੇਜਿਆ
ਸੀ, ਜਿਸ ਵਿਚ ਏਕੇ ਦਾ ਸਿਧਾਂਤ ਇਸ ਪ੍ਰਕਾਰ ਦ੍ਰਿੜਾਇਆ ਗਿਆ ਸੀ:
‘ਇਸ ਗੁਲਾਮੀ ਦੇ ਸਰਾਪ ਤੋਂ ਬਚ ਕੇ ਨਿਕਲਣ ਲਈ ਪੂਰੇ ਜ਼ੋਰ ਨਾਲ ਯਤਨ ਕਰੋ। ਫਿਰ ਇਹ ਕੰਮ ਤਾਂ
ਹੀ ਹੋ ਸਕੇਗਾ ਜੇ ਇਸ ਵਿਚ ਇਲਾਕੇ ਬੰਦੀ ਤੇ ਮਜ੍ਹਬੀ ਅਸਹਿਨਸ਼ੀਲਤਾ ਬਿਲਕੁਲ ਨਾ ਰਹੇ। ਨਾ
ਮਾਝੇ ਮਾਲਵੇ ਤੇ ਦੁਆਬੇ ਦੇ ਸਵਾਲ ਉੱਠਣ, ਨਾ ਹੀ ਹਿੰਦੂ, ਮੁਸਲਿਮ ਤੇ ਸਿੱਖ ਮਜ੍ਹਬਾਂ ਦੇ
ਸਵਾਜ ਉੱਠਣ।‘
ਗ਼ਦਰੀ ਬਾਬਿਆਂ ਦੇ ਮਹਾਨ ਵਿਚਾਰਾਂ ਤੇ ਅਮਲਾਂ ਵਿਚੋਂ ਜੇਕਰ ਧਰਮ ਨਿਰਪੱਖਤਾ ਤੇ ਵਿਗਿਆਨਕ
ਮਾਨਵਵਾਦੀ ਵਿਚਾਰ ਧਾਰਾ ਨੂੰ ਮਨਫ਼ੀ ਕਰ ਦਿੱਤਾ ਜਾਵੇ ਤਾਂ ਇਨ੍ਹਾਂ ਯੋਧਿਆਂ ਨਾਲ ਘੋਰ
ਬੇਇਨਸਾਫ਼ੀ ਹੋਵੇਗੀ ਅਤੇ ਇਨਕਲਾਬੀ ਲਹਿਰ ਨਾਲ ਵੱਡਾ ਧਰੋਹ ਵੀ।
ਦੇਸ਼ ਭਗਤ ਯਾਦਗਾਰ ਕਮੇਟੀ ਇਤਿਹਾਸ ਦੇ ਇਨ੍ਹਾਂ ਨਿਵੇਕੇਲੇ ਰੋਸ਼ਨ ਦਿਮਾਗ ਲੋਕ ਨਾਇਕਾਂ ਦੀ
ਦੇਸ਼ ਭਗਤੀ, ਧਰਮ ਨਿਰਪੱਖਤਾ ਅਤੇ ਵਿਗਿਆਨਕ ਵਿਚਾਰਧਾਰਾ ਉਪਰ ਪਹਿਰਾ ਦਿੰਦਿਆਂ ਹੋਇਆਂ ਇਸ
ਨੂੰ ਅਗਾਂਹ ਤੋਰਨ ਦਾ ਹਰ ਸੰਭਵ ਯਤਨ ਕਰੇਗੀ ਅਤੇ ਇਸ ਨੂੰ ਕਮਜ਼ੋਰ ਤੇ ਕੁਰਾਹੇ ਪਾਉਣ ਵਾਲੀ
ਕਿਸੇ ਵੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦੀ ਰਹੇਗੀ।
ਸਾਲ 2013 ਵਿਚ ਗ਼ਦਰ ਪਾਰਟੀ ਦੀ ਜਨਮ ਸ਼ਤਾਬਦੀ ਸਾਡੀਆਂ ਬਰੂਹਾਂ ‘ਤੇ ਆਣ ਢੁੱਕੀ ਹੈ। ਦੇਸ਼
ਭਗਤ ਯਾਦਗਾਰ ਕਮੇਟੀ, ਜਲੰਧਰ ਇਸ ਸ਼ਤਾਬਦੀ ਵਰ੍ਹੇ ਨੂੰ ਨਿਵੇਕਲੇ ਢੰਗਾਂ ਨਾਲ ਯਾਦਗਾਰੀ
ਬਣਾਉਣ ਦਾ ਯਤਨ ਕਰੇਗੀ ਤਾਂਕਿ ਆਪਣੇ ਸੀਮਤ ਯਤਨਾਂ ਤੇ ਸਾਧਨਾਂ ਰਾਹੀਂ ਸਮੂਹ ਦੇਸ਼ ਭਗਤਾਂ,
ਗ਼ਦਰੀ ਬਾਬਿਆਂ ਅਤੇ ਮਹਾਨ ਕ੍ਰਾਂਤੀਕਾਰੀਆਂ ਦੇ ਸਜੋਏ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਸਹਾਈ
ਹੋ ਸਕੇ। ਇਹ ਕੰਮ ਕਿਸੇ ਸੀਮਤ ਸਮੇਂ ਦਾ ਨਹੀਂ ਸਗੋਂ ਇਸ ਵਿੱਚ ਲੰਮੇ ਸਮੇਂ ਦੀ ਨਿਰੰਤਰਤਾ
ਚਾਹੀਦੀ ਹੈ, ਜਿਸ ਨਾਲ ਬਰਾਬਰੀ ਤੇ ਸਾਂਝੀਵਾਲਤਾ ‘ਤੇ ਅਧਾਰਿਤ ਸਮਾਜਿਕ ਪਰਿਵਰਤਨ ਦਾ ਮਹਾਨ
ਕਾਰਜ ਸਿਰੇ ਚਾੜਿਆ ਜਾ ਸਕੇ। ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਇਹ ਇੱਕੀਵਾਂ
ਮੇਲਾ ਅਜਿਹੇ ਹੀ ਨਿਰੰਤਰਤਾ ਦੀ ਇਕ ਛੋਟੀ ਜਿਹੀ ਕੜੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਜਿਊਂਦਿਆਂ ਰੱਖਣ ਲਈ ਇਨਕਲਾਬੀ ਤਬਦੀਲੀ ਦੀ ਲਹਿਰ ਨੂੰ ਹੋਰ
ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਬਣਦਾ ਹਿੱਸਾ ਤੇ
ਜ਼ਿੰਮੇਵਾਰੀ ਨਿਭਾਉਂਣ ਦਾ ਵਾਅਦਾ ਕਰਦੇ ਹੋਏ ਅਜਿਹੇ ਯਤਨਾਂ ਵਿੱਚ ਆਪ ਸਭ ਦੇ ਭਰਪੂਰ ਸਹਿਯੋਗ
ਦੀ ਆਸ ਕਰਦੇ ਹਾਂ।
ਆਓ ਰਲ ਕੇ ਇਸ ਮੌਕੇ ਪ੍ਰਣ ਕਰੀਏ ਕਿ ਗ਼ਦਰੀਆਂ ਵਲੋਂ ਬਰਾਬਰੀ, ਸਾਂਝੀਵਾਲਤਾ ਤੇ ਧਰਮ
ਨਿਰਪੱਖਤਾ ‘ਤੇ ਅਧਾਰਿਤ ਬਾਲ਼ੀ ਇਸ ਸੂਹੀ ਲਾਟ ਨੂੰ ਮਘਦੀ ਰੱਖਣ ਲਈ ਅਸੀਂ ਆਪਣਾ ਬਣਦਾ
ਯੋਗਦਾਨ ਪਾਵਾਂਗੇ। ਆਓ ਸਾਰੇ ਅਗਲਾ ਵਰ੍ਹਾ 2013, ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ
ਨਾਂਅ ਕਰਕੇ ਇਸ ਦੇ ਸਬੰਧ ਵਿਚ ਬਹੁ-ਪੱਖੀ ਸਰਗਰਮੀਆਂ ਨੂੰ ਤੇਜ਼ ਕਰੀਏ ਤਾਂ ਕਿ ਸ਼ਤਾਬਦੀ
ਸਮਾਰੋਹ ਇਤਿਹਾਸ ਦਾ ਇਕ ਯਾਦਗਾਰੀ ਪੰਨਾ ਬਣ ਸਕਣ।
ਜਨਰਲ ਸਕੱਤਰ
ਦੇਸ਼ ਭਗਤ ਯਾਦਗਾਰ ਹਾਲ, ਜਲੰਧਰ।
-0-
|