ਪਰਚੇ ਦੇ ਸਿਰਲੇਖ਼ ਵਿਚ ਪਹਿਲਾਂ ਵਾਰਤਕ ਤੇ ਪਿੱਛੋਂ ਕਹਾਣੀ ਦੀ ਪਹਿਲ ਦੂਜ ਨਿਸਚਿਤ ਕਰਨ ਦੀ
ਖ਼ਾਸ ਵਜ੍ਹਾ ਹੈ। ਕਹਾਣੀ ਨਾਲ ਮੇਰੀ ਮੁਹੱਬਤ ਹੈ ਪਰ ਵਾਰਤਕ ਨਾਲ ਹਮਦਰਦੀ। ਪਰਵਾਸ ਜਾਂ
ਡਾਇਸਪੋਰਾ ਦੇ ਨਾਂ ਤੇ ਕੀਤੇ ਜਾਣ ਵਾਲੇ ਹਰੇਕ ਸੈਮੀਨਾਰ ਜਾਂ ਕਾਨਫ਼ਰੰਸ ਵਿਚ ਸਾਹਿਤ ਦੀਆਂ
ਦੂਜੀਆਂ ਵਿਧਾਵਾਂ ਦਾ ਰੱਜਵਾਂ ਜਿ਼ਕਰ ਹੁੰਦਾ ਰਹਿੰਦਾ ਹੈ ਪਰ ਪਰਵਾਸ ਵਿਚ ਲਿਖੀ ਜਾਂਦੀ
ਵਾਰਤਕ ਦਾ, ਮੇਰੀ ਜਾਚੇ, ਜਿ਼ਕਰ ਸ਼ਾਇਦ ਹੀ ਕਦੀ ਹੋਇਆ ਹੋਵੇ। ਭਾਵੇਂ ਕਿ ਸਾਡਾ ਮੁਢਲਾ
ਪੰਜਾਬੀ ਸਾਹਿਤ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ, ਲਾਲ ਸਿੰਘ ਕਮਲਾ ਅਕਾਲੀ, ਤੇਜਾ ਸਿੰਘ, ਜੋਧ
ਸਿੰਘ, ਕਪੂਰ ਸਿੰਘ, ਸਾਹਿਬ ਸਿੰਘ, ਬਲਰਾਜ ਸਾਹਨੀ ਜਿਹੇ ਵੱਡੇ ਵਾਰਤਕ-ਲੇਖਕਾਂ ਦੀ ਕਮਾਈ ਦੇ
ਸਿਰ ‘ਤੇ ਹੀ ਵੱਡੀ ਪਛਾਣ ਬਨਾਉਣ ਦੇ ਸਮਰੱਥ ਹੋਇਆ ਸੀ ਤੇ ਸਾਹਿਤ ਦੇ ਇਤਿਹਾਸ ਵਿਚ
ਵਾਰਤਕ-ਲੇਖਕਾਂ ਦੀ ਸਾਹਿਤਕ ਪੈਂਠ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ; ਤਦ ਵੀ ਪਿਛਲੇ ਕਈ
ਸਾਲਾਂ ਤੋ ਪੰਜਾਬੀ ਵਿਚ ਲਿਖੀ ਜਾ ਰਹੀ ਵਾਰਤਕ-ਰਚਨਾ ਤੇ ਵਾਰਤਕ-ਲੇਖਕਾਂ ਨੂੰ ਦੂਜੀਆਂ
ਸਾਹਿਤ-ਵਿਧਾਵਾਂ ਤੇ ਉਹਨਾਂ ਦੇ ਲੇਖਕਾਂ ਨਾਲੋਂ ਹਮੇਸ਼ਾਂ ਦੁਜੈਲਾ ਸਥਾਨ ਦਿੱਤਾ ਜਾਂਦਾ ਹੈ।
ਤੁਸੀਂ ਕਿਸੇ ਵੀ ਸਾਹਿਤਕ ਪਰਚੇ ਦਾ ਅੰਕ ਚੁੱਕ ਕੇ ਵੇਖ ਲਵੋ; ਪਹਿਲਾਂ ਕਵਿਤਾ, ਪਿੱਛੋਂ
ਕਹਾਣੀ ਤੇ ਉਸਤੋਂ ਪਿੱਛੋਂ ਵਾਰਤਕ ਛਪੀ ਮਿਲੇਗੀ। ਸੰਪਾਦਕਾਂ ਵੱਲੋਂ ਕੀਤੀ ਅਜਿਹੀ ਦਰਜੇਬੰਦੀ
ਵਾਰਤਕ ਬਾਰੇ ਸਾਡੇ ਰਵੱਈਏ ਦੀ ਨਿਸ਼ਾਨਦੇਹੀ ਕਰਦੀ ਹੈ। ਵਾਰਤਕ ਸਾਹਿਤ ਨੂੰ ਉਭਾਰਨ ਤੇ
ਪਰਚਾਰਨ ਲਈ ਹੋਰ ਸਾਹਿਤ-ਵਿਧਾਵਾਂ ਵਾਂਗ ਉਚੇਚੇ ਸੈਮੀਨਾਰ ਹੁੰਦੇ ਵੀ ਬਹੁਤ ਘੱਟ ਸੁਣੇ ਹਨ।
ਇਹ ਸਹਿਵਨ ਨਹੀਂ ਹੋਇਆ। ਜ਼ਰੂਰ ਕੁਝ ਕਾਰਨ ਹੋਣਗੇ। ਕੀ ਸਾਡੀ ਵਾਰਤਕ ਕੋਲ ਜਿ਼ੰਦਗੀ ਦੇ
ਵਿਆਪਕ ਮਸਲਿਆਂ ਨੂੰ ਚਿੰਤਨੀ ਲੋਅ ਵਿਚ ਵੇਖ ਤੇ ਲਿਖ ਸਕਣ ਵਾਲੇ ਪਹਿਲਾਂ ਵਰਗੇ ਵਡੇਰੇ
ਪ੍ਰਤਿਭਾਵਾਨ ਵਾਰਤਕ-ਲੇਖਕਾਂ ਦੀ ਕਮੀ ਹੈ? ਕੀ ਕੁਝ ਵਿਸ਼ੇਸ਼ ਕਾਰਨਾਂ ਕਰਕੇ ਸਾਡੇ ਆਲੋਚਕਾਂ
ਦੀ ਵਾਰਤਕ ਦੇ ਮਹੱਤਵ ਨੂੰ ਅਣਗੌਲੇ ਕਰਨ ਦੀ ਅਣਗਹਿਲੀ ਇਸਦਾ ਕਾਰਨ ਹੈ? ਕੀ ਗਿਣਤੀ ਵਿਚ
ਲਿਖੀ ਜਾਂਦੀ ਬਹੁਤੀ ਵਾਰਤਕ ਨਿਮਨ ਦਰਜੇ ਦੀ ਹੋਣ ਕਰਕੇ ਚੰਗੀ ਵਾਰਤਕ ਵੀ ਵਿਤਕਰੇ ਦਾ
ਸਿ਼ਕਾਰ ਤਾਂ ਨਹੀਂ ਹੋ ਜਾਂਦੀ?
ਇਸ ਪਰਚੇ ਰਾਹੀਂ ਹੁਣ ਤੱਕ ਲਿਖ ਗਈ ਸਾਰੀ ਕਨੇਡੀਅਨ ਵਾਰਤਕ ਦਾ ਜਿ਼ਕਰ ਤੇ ਮੁਲਾਂਕਣ ਕਰਨਾ
ਸੰਭਵ ਨਹੀਂ। ਇਸ ਲਈ ਮੈਂ ਪਿਛਲੇ ਦੋ ਕੁ ਸਾਲ ਦੇ ਸਮੇਂ ਵਿਚ ਕਨੇਡਾ ਵਿਚ ਲਿਖੀ ਜਾ ਰਹੀ
ਵਾਰਤਕ ਦਾ ਜਿ਼ਕਰ ਇਸ ਮਕਸਦ ਨਾਲ ਕਰ ਰਿਹਾਂ ਤਾਕਿ ਸਾਡੇ ਆਲੋਚਕਾਂ ਦਾ ਧਿਆਨ ਕੇਵਲ ਪਰਵਾਸੀ
ਪੰਜਾਬੀ ਵਾਰਤਕ ਵੱਲ ਹੀ ਨਹੀਂ ਸਗੋਂ ਮੁੱਖ-ਧਾਰਾ ਦੀ ਵਾਰਤਕ ਵੱਲ ਵੀ ਆਕਰਸਿ਼ਤ ਕੀਤਾ ਜਾ
ਸਕੇ। ਏਥੇ ਕਨੇਡਾ ਦੀ ਪੰਜਾਬੀ ਵਾਰਤਕ ਤੋਂ ਮੇਰੀ ਮੁਰਾਦ ਕਨੇਡਾ ਵਿਚ ਰਹਿੰਦੇ ਪੰਜਾਬੀ
ਲੇਖਕਾਂ ਦੁਆਰਾ ਲਿਖੀ ਵਾਰਤਕ ਹੈ। ਇਹ ਜ਼ਰੂਰੀ ਨਹੀਂ ਕਿ ਇਸ ਵਾਰਤਕ ਦੀ ਵਸਤੂ ਕੇਵਲ ਕਨੇਡਾ
ਵਿਚ ਰਹਿੰਦੇ ਪੰਜਾਬੀਆਂ ਦੇ ਮੁੱਦਿਆਂ-ਮਸਲਿਆਂ ਜਾਂ ਸੰਵੇਦਨਾ ਬਾਰੇ ਹੀ ਹੋਵੇ। ਸੱਚੀ ਗੱਲ
ਤਾਂ ਇਹ ਹੈ ਕਿ ਅਸਲੀ ਕਨੇਡੀਅਨ ਪੰਜਾਬੀ ਸਾਹਿਤ ਸਿਰਜਣਾ ਉਦੋਂ ਹੀ ਹੋ ਸਕੇਗੀ ਜਦੋਂ ਕਨੇਡਾ
ਵਿਚ ਜੰਮੇ-ਪਲ਼ੇ ਲੇਖਕ ਅਪਣੇ ਸੰਕਟਾਂ ਤੇ ਸਰੋਕਾਰਾਂ ਬਾਰੇ ਪੰਜਾਬੀ ਵਿਚ ਲਿਖਣਾ ਸ਼ੁਰੂ
ਕਰਨਗੇ। ਭਾਵੇਂ ਅਜਿਹੇ ਲੇਖਕ ਪੈਦਾ ਹੋਣ ਦੀ ਸੰਭਾਵਨਾ ਬੜੀ ਮੱਧਮ ਹੈ ਤਦ ਵੀ ਆਸ ਬਣਾਈ ਰੱਖਣ
ਵਿਚ ਕੀ ਹਰਜ ਹੈ!
ਬਾਬੇ ਨੇ ਠੀਕ ਕਿਹਾ ਸੀ, ‘ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।’ ਪਰਦੇਸੀ ਬਣ ਜਾਣ ਬਾਅਦ
ਲੇਖਕ ਭਾਵੇਂ ਪੰਜਾਬ ਬਾਰੇ ਹੀ ਕਿਉਂ ਨਾ ਲਿਖ ਰਿਹਾ ਹੋਵੇ ਉਹਦੀ ਦ੍ਰਿਸ਼ਟੀ ਵਿਚ ਵਿਸ਼ਾਲਤਾ
ਤੇ ਬਰੀਕੀ ਆ ਜਾਣ ਦੀ ਸੰਭਾਵਨਾ ਬਣ ਹੀ ਜਾਂਦੀ ਹੈ। ਸੋ ਪਰਵਾਸੀ ਲੇਖਕ ਬਾਹਰ ਰਹਿੰਦਿਆਂ
ਕਨੇਡਾ ਵੱਸਦੇ ‘ਪਰਦੇਸੀ ਪੰਜਾਬ’ ਪੰਜਾਬ ਬਾਰੇ ਵੀ ਲਿਖਦੇ ਹਨ ਤੇ ਪਰਦੇਸੀ ਮਨ ਵਿਚੋਂ ਝਾਤੀ
ਮਾਰ ਕੇ ਆਪਣੇ ‘ਪੰਜਾਬ’ ਬਾਰੇ ਵੀ ਲਿਖਦੇ ਹਨ।
ਸਾਹਿਤ ਦੀਆਂ ਹੋਰ ਵਿਧਾਵਾਂ ਵਾਂਗ ਕਨੇਡਾ ਦੇ ਬਹੁਤੇ ਵਾਰਤਕ ਲੇਖਕ ਭਾਰਤ ਵਿਚੋਂ ਹੀ ਲਿਖਦੇ
ਗਏ ਹਨ। ਕਈਆਂ ਦਾ ਤਾਂ ਪਹਿਲਾਂ ਹੀ ਪੰਜਾਬੀ ਸਾਹਿਤ ਵਿਚ ਜਿ਼ਕਰਯੋਗ ਨਾਂ ਥਾਂ ਹੈ। ਕਈਆਂ ਨੇ
ਆਪਣਾਂ ਨਾਂ ਕਨੇਡਾ ਵਿਚ ਆ ਕੇ ਬਣਾਇਆ ਹੈ। ਇਹਨਾਂ ਜਿ਼ਕਰਯੋਗ ਲੇਖਕਾਂ ਵਿਚ ਰਵਿਦਰ ਰਵੀ,
ਸੁਖਵੰਤ ਹੁੰਦਲ, ਸਾਧੂ ਬਿਨਿੰਗ, ਡਾ ਸਾਧੂ ਸਿੰਘ, ਸੁਰਜਨ ਜ਼ੀਰਵੀ, ਸਰਵਣ ਸਿੰਘ ਆਦਿ
ਲੇਖਕਾਂ ਦਾ ਨਾਂ ਲਿਆ ਜਾ ਸਕਦਾ ਹੈ। ਇਹਨਾਂ ਵਿਚੋਂ, ਜਿਵੇਂ ਅਸੀਂ ਜਾਣਦੇ ਹੀ ਹਾਂ, ਬਹੁਤ
ਸਾਰੇ ਲੇਖਕ ਸਾਹਿਤ ਦੀਆਂ ਹੋਰ ਵਿਧਾਵਾਂ ਨਾਲ ਵੀ ਜੁੜੇ ਹੋਏ ਹਨ ਪਰ ਸਮੇਂ ਸਮੇਂ ਵਾਰਤਕ
ਲੇਖਣ ਵਿਚ ਵੀ ਦਿਲਚਸਪੀ ਲੈਂਦੇ ਰਹਿੰਦੇ ਹਨ। ਸੁਖਵੰਤ ਹੁੰਦਲ ਤੇ ਸਾਧੂ ਬਿਨਿੰਗ ਅਕਸਰ
ਕਨੇਡੀਅਨ ਪੰਜਾਬੀਆਂ ਦੇ ਮਸਲਿਆਂ ਤੇ ਮੁੱਦਿਆਂ ਬਾਰੇ ਗਿਆਨਾਤਮਕ, ਸੂਚਨਾਤਮਕ ਤੇ ਸਿਰਜਣਾਤਮਕ
ਵਾਰਤਕ ਲਿਖਦੇ ਰਹਿੰਦੇ ਹਨ ਤੇ ਉਹਨਾਂ ਵੱਲੋਂ ਲਿਖੀ ਜਾਂਦੀ ਮੁੱਲਵਾਨ ਵਾਰਤਕ ਤੋਂ ਪਰਵਾਸੀ
ਸਾਹਿਤ ਦੇ ਜਾਣਕਾਰ ਪਹਿਲਾਂ ਹੀ ਜਾਣੂ ਹਨ। ਸੁਰਜਨ ਜ਼ੀਰਵੀ ਕਨੇਡਾ ਜਾਣ ਤੋਂ ਪਹਿਲਾਂ ਹੀ
ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਵਜੋਂ ਨਾਮਣਾ ਖੱਟ ਚੁੱਕਾ ਸੀ। ਕੁਝ ਸਾਲ ਹੋਏ ਉੁਸਦੀ ਵਾਰਤਕ
ਪੁਸਤਕ ‘ਇਹ ਹੈ ਬਾਰਬੀ ਸੰਸਾਰ’ ਦੀ ਲੋੜੀਂਦੀ ਚਰਚਾ ਜ਼ਰੂਰ ਹੋਈ ਸੀ ਜਿਸ ਵਿਚ ਉਸਨੇ ਆਪਣੀ
ਬਿਬੇਕ ਬੁੱਧ ਨਾਲ ਸੋਵੀਅਤ ਯੂਨੀਅਨ ਦੇ ਟੁੱਟਣ ਪਿੱਛੋਂ ਅਮਰੀਕਾ ਵੱਲੋਂ ਵਿਸ਼ਵੀਕਰਨ ਦੇ ਨਾਂ
‘ਤੇ ਵਿਸ਼ਵ ਗ਼ਲਬਾ ਸਥਾਪਤ ਕਰਨ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਪੋਲ ਖੋਲ੍ਹੀ ਹੈ ਅਤੇ ਤੱਥ,
ਸੰਵੇਦਨਾਂ ਅਤੇ ਲੁਕਵੇਂ ਵਿਅੰਗ ਦੇ ਸੁੰਦਰ ਸੰਜੋਗ ਵਾਲੀ ਵੱਖਰੀ ਕਿਸਮ ਦੀ ਸਾਹਿਤਕ ਵਾਰਤਕ
ਦੀ ਸਿਰਜਣਾ ਕਰਕੇ ਕਾਰਪੋਰੇਟ ਜਗਤ ਦੇ ਜਕੜ-ਜੱਫ਼ੇ ਦੀ ਕਰੜੀ ਕੱਸ ਵਿਚ ਕਸਮਸਾਉਂਦੇ ਤੇ
ਤੜਫ਼ਦੇ ਸੰਸਾਰ ਨੂੰ ਵਿਭਿੰਨ ਕੋਨਾਂ ਤੋਂ ਵੇਖਿਆ, ਜਾਣਿਆਂ ਅਤੇ ਸਮਝਿਆ ਹੈ। ਉਸਨੇ ਵਾਤਾਵਰਣ
ਵਿਚ ਆ ਰਹੀਆਂ ਤਬਦੀਲੀਆਂ ਤੋਂ ਲੈ ਕੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਵਾਪਰਨ ਵਾਲੀ
ਨਿੱਕੀ ਤੋਂ ਨਿੱਕੀ ਘਟਨਾ ਤੱਕ, ਜੋ ਕੁਝ ਵੀ ਸਾਡੇ ਗ੍ਰਹਿ ਵਿਚ ਵਾਪਰ ਰਿਹਾ ਹੈ, ਅੱਜ ਦੇ
ਮੁੱਖ ਸਵਾਲਾਂ ਨਾਲ ਜੋੜ ਕੇ ਸਮਝਣ ਦਾ ਯਤਨ ਕੀਤਾ ਹੈ। ਸੂਚਨਾ, ਗਿਆਨ ਅਤੇ ਸਿਆਣਪ ਦੀ
ਸਾਹਿਤਕ ਸੰਗਤ ਵਾਲੀ ਇਸ ਰਚਨਾ ਦਾ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਹੀ ਨਹੀਂ
ਸਗੋਂ ਸਮੁੱਚੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਵੱਖਰਾ ਤੇ ਵਿਸ਼ੇਸ਼ ਥਾਂ ਬਣਦਾ ਹੈ।
ਕਨੇਡਾ ਵਿਚ ਰਹਿੰਦਾ ਪ੍ਰਿੰਸੀਪਲ ਸਰਵਣ ਸਿੰਘ ਅਜਿਹਾ ਵਾਰਤਕ ਲੇਖਕ ਹੈ ਜਿਸਨੇ ਆਪਣੇ ਦਸ ਸਾਲ
ਦੇ ਪਰਵਾਸ ਦੌਰਾਨ ਦਰਜਨ ਦੇ ਲਗਭਗ ਵਾਰਤਕ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਇਸ
ਪ੍ਰਤਿਭਾਵਾਨ ਲੇਖਕ ਨੇ ਆਪਣੇ ਲਿਖਣ-ਕਾਲ ਦੇ ਮੁਢਲੇ ਦਿਨਾਂ ਵਿਚ ਹੀ ਵਾਰਤਕ-ਲੇਖਣ ਵਿਚ
ਸਿਖ਼ਰਲੀ ਕੌਸ਼ਲਤਾ ਦਾ ਪ੍ਰਦਰਸ਼ਨ ਕਰਕੇ ਪੰਜਾਬੀ ਪਾਠਕਾਂ ਦਾ ਧਿਆਨ ਆਕਰਸ਼ਤ ਕਰ ਲਿਆ ਸੀ।
ਵਾਰਤਕ ਦਾ ਇਹ ਵੈਟਰਨ ਖਿਡਾਰੀ ਅਜੇ ਵੀ ਪੂਰੇ ਜੋਸ਼-ਖ਼ਰੋਸ਼ ਨਾਲ ਲਿਖੀ ਜਾ ਰਿਹਾ ਹੈ ਤੇ
ਹਰੇਕ ਸਾਲ ਉਸਦੀ ਘੱਟੋ-ਘੱਟ ਇਕ ਵਾਰਤਕ ਪੁਸਤਕ ਤਾਂ ਪੰਜਾਬੀ ਪਾਠਕਾਂ ਦੇ ਰੂਬਰੂ ਹੋ ਹੀ
ਜਾਂਦੀ ਹੈ। ਇਹਨਾਂ ਵਿਚੋਂ ਬਹੁਤੀ ਵਾਰਤਕ ਖੇਡਾਂ, ਖਿਡਾਰੀਆਂ ਤੇ ਖੇਡ-ਮੇਲਿਆਂ ਬਾਰੇ ਹੈ।
ਇੱਕੇ ਵਿਸ਼ੇ ‘ਤੇ ਲਗਾਤਾਰ ਲਿਖਦੇ ਰਹਿਣ ਕਰਕੇ ਭਾਵੇਂ ਉਸਦੀ ਵਾਰਤਕ ਵਿਚ ਕਦੀ ਕਦੀ ਦੁਹਰਾਓ
ਵੀ ਨਜ਼ਰ ਆਉਣ ਲੱਗ ਪੈਂਦਾ ਹੈ ਤਦ ਵੀ ਉਹਦੀ ਵਾਰਤਕ ਕਲਾ ਦਾ ਵਿਲੱਖਣ ਜਲੌਅ ਉਹਦੀ ਹਰੇਕ
ਲਿਖਤ ਵਿਚੋਂ ਪਰਗਟ ਹੋ ਹੀ ਜਾਂਦਾ ਹੈ। ਉਹ ਪੰਜਾਬੀ ਵਿਚ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ
ਵਾਲਾ ਪਹਿਲਾ, ਵੱਡਾ ਤੇ ਪ੍ਰਮਾਣਿਕ ਲੇਖਕ ਹੈ ਪਰ ਸਰਵਣ ਸਿੰਘ ਨੇ ਸਿਰਫ਼ ਖੇਡਾਂ ਜਾਂ
ਖਿਡਾਰੀਆਂ ਬਾਰੇ ਹੀ ਨਹੀਂ ਲਿਖਿਆ। ਉਹਦੀਆਂ ਲਿਖਤਾਂ ਵਿਚ ਪੰਜਾਬ ਦਾ ਪਿੰਡ ਆਪਣੇ ਸਾਰੇ
ਰੰਗਾਂ, ਸੁਰਤੀਆਂ-ਬਿਰਤੀਆਂ ਵਿਚ ਉੱਠਦਾ, ਜਾਗਦਾ, ਅੰਗੜਾਈ ਭਰਦਾ, ਹੱਸਦਾ-ਖੇਡਦਾ,
ਤਰਦਾ-ਡੁੱਬਦਾ, ਚੜ੍ਹਦਾ-ਤਿਲਕਦਾ, ਖਲੋਤਾ-ਤੁਰਦਾ, ਲਲਕਾਰੇ ਮਾਰਦਾ ਤੇ ਭੁੱਬੀਂ ਰੋਂਦਾ
ਦਿਖਾਈ ਦਿੰਦਾ ਹੈ। ਅੱਜ ਤੱਕ ਪੰਜਾਬ ਦੇ ਪਿੰਡਾਂ ਬਾਰੇ ਸਭ ਤੋਂ ਪ੍ਰਮਾਣਿਕ ਪੁਸਤਕ ਗਿਆਨੀ
ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਗਿਣੀ ਜਾਂਦੀ ਹੈ। ਗੁਰਦਿੱਤ ਸਿੰਘ ਨੇ ਪੰਜਾਬ ਦੇ ਪਿੰਡ
ਦੀ ਕਹਾਣੀ ਨੂੰ ਜਿੱਥੇ ਛੱਡਿਆ ਸੀ, ਸਰਵਣ ਸਿੰਘ ਨੇ ਇਹ ‘ਦੌੜ’ ਉਸਤੋਂ ਅੱਗੇ ਸ਼ੁਰੂ ਕੀਤੀ
ਹੈ। ‘ਪਿੰਡ ਦੀ ਸੱਥ ਚੋਂ’, ‘ਬਾਤਾਂ ਵਤਨ ਦੀਆਂ’, ਸਵੈਜੀਵਨੀ ‘ਹਸੰਦਿਆਂ-ਖੇਲੰਦਿਆਂ’ ਤੇ
‘ਫੇਰੀ ਵਤਨਾਂ ਦੀ’ ਪੁਸਤਕਾਂ ਦੀ ਪੜ੍ਹਤ ਵਿਚੋਂ ਮੇਰੇ ਆਖੇ ਦੀ ਸਦਾਕਤ ਲੱਭੀ ਜਾ ਸਕਦੀ ਹੈ।
ਉਹਦੀ ਸਵੈਜੀਵਨੀ ‘ਹਸੰਦਿਆਂ-ਖੇਲੰਦਿਆਂ’ ਤੇ ਸਫ਼ਰਨਾਮਾ ‘ਫੇਰੀ ਵਤਨਾ ਦੀ’ ਉਸਨੇ ਕਨੇਡਾ ਵਿਚ
ਪਰਵਾਸ ਸਮੇਂ ਲਿਖੀਆਂ ਹਨ। ‘ਫੇਰੀ ਵਤਨਾਂ ਦੀ’ ਕਨੇਡੀਅਨ ਪੰਜਾਬੀ ਲੇਖਕ ਵੱਲੋਂ ਬਦਲ ਰਹੇ
ਪੰਜਾਬ ਬਾਰੇ ਲਿਖਿਆ ਪਹਿਲਾ ਸਫ਼ਰਨਾਮਾ ਹੈ। ਇਸ ਸਫ਼ਰਨਾਮੇ ਦਾ ਪਾਠ ਇਸ ਗੱਲ ਦਾ ਗਵਾਹ ਹੈ
ਕਿ ‘ਆਕਾਸ਼’ ਵਿਚ ਖਲੋ ਕੇ ‘ਧਰਤੀ’ ਨੂੰ ਵੇਖਣ, ਵਾਚਣ ਤੇ ਵਿਵੇਚਣ ਦੀ ਤਾਜ਼ੀ, ਤਿੱਖੀ ਤੇ
ਦੂਰ-ਦਰਸ਼ੀ ਨਜ਼ਰ ਦੇਣ ਵਿਚ ਕਨੇਡਾ-ਪਰਵਾਸ ਨੇ ਵੀ ਉਸਦੀ ਬੜੀ ਸਹਾਇਤਾ ਕੀਤੀ ਹੈ। ਉਹਦੀ
ਸਵੈਜੀਵਨੀ ਦਾ ਸ਼ੁਮਾਰ ਵੀ ਸਹਿਜੇ ਹੀ ਪੰਜਾਬੀ ਦੀਆਂ ਬਿਹਤਰੀਨ ਸਵੈਜੀਵਨੀਆਂ ਵਿਚ ਕੀਤਾ ਜਾ
ਸਕਦਾ ਹੈ। ਆਮ ਸਵੈਜੀਵਨੀ ਲੇਖਕਾਂ ਵਾਂਗ ਉਹ ਆਪਣੇ ਆਪ ਨੂੰ ਨਾਇਕ ਵਜੋਂ ਪੇਸ਼ ਕਰਨ ਦੀ ਥਾਂ
ਅਸਲੋਂ ਸਾਧਾਰਨ ਬੰਦੇ ਵਾਂਗ ਪੇਸ਼ ਕਰਦਾ ਹੈ। ਉਹ ਬੜੇ ਸਹਿਜ ਭਾਅ ਹੀ ਮੰਨ ਜਾਂਦਾ ਹੈ ਕਿ
ਉੁਹਨੇ ਪਹਿਲਾਂ ਬਣਾਈ ਕਿਸੇ ਯੋਜਨਾ ਅਨੁਸਾਰ ਜੀਵਨ ਨੂੰ ਵਿਉਂਤਣ ਜਾਂ ਉਸਾਰਨ ਦਾ ਚਾਰਾ ਨਹੀਂ
ਕੀਤਾ, ਸਗੋਂ ਹਾਲਾਤ ਜਿਹੜੀ ਵੀ ਸਥਿਤੀ ਵਿਚ ਉਸਨੂੰ ਸੁੱਟ ਦਿੰਦਾ ਰਿਹਾ ਹੈ ਉਹ ਓਸੇ ਸਥਿਤੀ
ਵਿਚੋਂ ਆਪਣੀ ਹਿੰਮਤ ਤੇ ਕਰੜੀ ਮਿਹਨਤ ਨਾਲ ਪਾਰ ਹੋ ਜਾਂਦਾ ਰਿਹਾ ਹੈ। ਇੰਜ ਉਹਦੀ ਸਖ਼ਸੀਅਤ
ਵੀ ਉਸਰਦੀ ਜਾਂਦੀ ਹੈ ਤੇ ਹਾਲਾਤ ਨਾਲ ਲੜਕੇ ਉਸਤੇ ਫ਼ਤਹਿ ਪਾ ਸਕਣ ਵਾਲੀ ਸਾਧਾਰਨ ਬੰਦੇ ਵਿਚ
ਲੁਕੀ ਅਸਧਾਰਨਤਾ ਦੇ ਦੀਦਾਰ ਵੀ ਹੁੰਦੇ ਜਾਂਦੇ ਹਨ। ਉਹ ਆਪਣੀਆਂ ਖੂਬੀਆਂ ‘ਤੇ ਉਚੇਚੀ ਫੜ੍ਹ
ਨਹੀਂ ਮਾਰਦਾ ਤੇ ਖ਼ਾਮੀਆਂ ਦੱਸਣ ਲੱਗਿਆਂ ਸ਼ਰਮ-ਸੰਕੋਚ ਨਹੀਂ ਕਰਦਾ। ਪਿਛਲੇ ਪੰਜਾਹ-ਸੱਠ
ਸਾਲ ਵਿਚ ਪੰਜਾਬ ਦਾ ਪਿੰਡ ਕਿਵੇਂ ਜੀਵਿਆ, ਵਿਚਰਿਆ ਤੇ ਬਦਲਿਆ ਹੈ, ਇਸਦੀ ਸਭ ਤੋਂ ਵੱਡੀ
ਯਾਦ-ਯੋਗ ਝਾਕੀ ਸਰਵਣ ਸਿੰਘ ਦੀਆਂ ਲਿਖਤਾਂ ਵਿਚੋਂ ਹੀ ਮਿਲੇਗੀ। ਇਹਨਾਂ ਲਿਖਤਾਂ ਵਿਚ ਬਦਲ
ਰਹੇ ਪੰਜਾਬ ਦੀ ਆਤਮਾ ਦੇ ਬਹੁ-ਰੰਗੇ ਝਲਕਾਰੇ ਦ੍ਰਿਸ਼ਟਮਾਨ ਹੁੰਦੇ ਹਨ।
ਸਰਵਣ ਸਿੰਘ ਦੀ ਵਾਰਤਕ ਦੀ ਵਿਲੱਖਣਤਾ ਇਹ ਵੀ ਹੈ ਕਿ ਉਸ ਵੱਲੋਂ ਆਪਣੀ ਲਿਖਤ ਰਾਹੀਂ ਪਾਠਕ
ਨੂੰ ਇੰਦਰਿਆਵੀ-ਰਸ ਦੇਣ ਲਈ ਸੁਚੇਤ ਪਰ ਬੜਾ ਸਹਿਜ ਤੇ ਸਫ਼ਲ ਯਤਨ ਕੀਤਾ ਗਿਆ ਹੈ। ਪਾਠਕ
ਇੰਦਿਆਰਵੀ-ਰਸ ਦਾ ਸਵਾਦ ਮਾਣਦਾ ਅੰਦਰੇ ਅੰਦਰ ਚਟਖ਼ਾਰੇ ਲੈਂਦਾ ਲਿਖਤ ਦੇ ਨਾਲ ਨਾਲ ਭੱਜਾ
ਜਾਂਦਾ ਹੈ। ਇਹ ਸਭ-ਕੁਝ ਕਰਨਾ ਸਰਵਣ ਸਿੰਘ ਦੀ ਰਚਨਾ-ਜੁਗਤ ਦਾ ਹਿੱਸਾ ਹੈ। ਉਹ ਮਨੁੱਖ ਦੇ
ਮਨ ਅੰਦਰ ਪਏ ਸਥਾਈ ਭਾਵਾਂ ਨੂੰ ਟੁੰਬਣ ਦਾ ਹੁਨਰ ਵੀ ਬਾਖ਼ੂਬੀ ਜਾਣਦਾ ਹੈ। ਸੂਖ਼ਮ ਕਿਸਮ ਦਾ
ਹਾਸ-ਵਿਅੰਗ ਤੇ ਟਿੱਚਰ-ਵਿਨੋਦ ਉਹਦੀ ਰਚਨਾ ਜੁਗਤ ਦਾ ਮੀਰੀ ਗੁਣ ਹੈ। ਉਹ ਪਾਠਕ ਨੂੰ
ਕੁਤਕੁਤਾਰੀਆਂ ਕਰੀ ਜਾਂਦਾ ਹੈ, ਹਸਾਈ ਵੀ ਜਾਂਦਾ ਹੈ ਤੇ ਜਿ਼ੰਦਗੀ ਦੀ ਕਿਸੇ ਟੇਢ, ਨੁਕਸ ਤੇ
ਬੇਤਰਤੀਬੀ ਦੀ ਸੁਹਜਮਈ ਠੁਕਾਈ ਵੀ ਕਰੀ ਜਾਂਦਾ ਹੈ ਤਾਕਿ ਸਥਿਤੀਆਂ, ਸਰਕਾਰਾਂ, ਹਾਲਾਤ,
ਬੰਦਿਆਂ ਅਤੇ ਵਰਤਾਰਿਆਂ ਦੇ ਵਲ-ਵਿੰਗ ਸਿੱਧੇ ਤੇ ਸੂਤ ਹੋ ਜਾਣ। ਉਸਦੀ ਲਿਖਤ ਵਿਚ ਅਕਸਰ
ਉਤਸ਼ਾਹ, ਖੇੜੇ, ਹੁਲਾਸ ਅਤੇ ਆਨੰਦ ਦਾ ਮਾਹੌਲ ਹੁੰਦਾ ਹੈ ਪਰ ਲੋੜ ਪੈਣ ‘ਤੇ ਉਹ ਕਿਤੇ ਕਿਤੇ
ਸਥਿਤੀ ਦੀ ਮੰਗ ਅਨੁਸਾਰ ਵਿਚ-ਵਿਚ ਅੱਥਰੂਆਂ ਦਾ ਛਿੱਟਾ ਵੀ ਦਈ ਜਾਂਦਾ ਹੈ। ਪਰ ਉਹ ਪਾਠਕ
ਨੂੰ ਅੱਥਰੂਆਂ ਵਿਚ ਡੁੱਬਣ ਨਹੀਂ ਦਿੰਦਾ। ਮਾੜੀਆਂ ਜਿਹੀਆਂ ਅੱਖਾਂ ਸਿੱਲ੍ਹੀਆਂ ਹੁੰਦੀਆਂ ਹਨ
ਤਾਂ ਉਹ ਫਿਰ ਪਾਠਕ ਦੀ ਵੱਖੀ ਕੁਤਕੁਤਾ ਦਿੰਦਾ ਹੈ। ਰੋਂਦੇ-ਰੋਂਦੇ ਬੰਦੇ ਦੇ ਬੁੱਲ੍ਹਾਂ ‘ਤੇ
ਮੁੜ ਮੁਸਕਣੀ ਖਿੜ ਉੱਠਦੀ ਹੈ। ਇਹ ਸਭ ਕੁਝ ਤਾਂ ਕੱਚਾ ਮਸਾਲਾ ਹੈ। ਲਿਖਣ ਦੇ ਬੇਸ਼ਕੀਮਤੀ
ਹੁਨਰ ਦੀ ਬਦੌਲਤ ਹੀ ਕੋਈ ਲੇਖਕ ਇਸ ਮਸਾਲੇ ਵਿਚੋਂ ਦਰਸ਼ਨੀ, ਸੁਹਜਮਈ, ਆਕਰਸ਼ਕ, ਆਦਰਸ਼ਕ,
ਚਿਰਜੀਵੀ ਤੇ ਪ੍ਰਭਾਵਸ਼ਾਲੀ ਆਕਾਰ ਘੜਣ ਦੇ ਸਮਰੱਥ ਹੁੰਦਾ ਹੈ। ਸਰਵਣ ਸਿੰਘ ਇਹਨਾਂ ਸਾਰੀਆਂ
ਬਰਕਤਾਂ ਨਾਲ ਮਾਲਾ-ਮਾਲ ਹੈ। ਉਹ ਸ਼ਬਦ-ਘਾੜਾ ਵੀ ਹੈ; ਸੁਹਜ-ਘਾੜਾ; ਸੂਰਤ-ਘਾੜਾ ਤੇ
ਸੁਰਤ-ਘਾੜਾ ਵੀ ਹੈ।
ਪਿਛਲੇ ਦੋ ਕੁ ਸਾਲਾਂ ਵਿਚ ਕਨੇਡਾ ਵਿਚ ਰਹਿੰਦੇ ਪੰਜਾਬੀ ਲੇਖਕਾਂ ਵੱਲੋਂ ਲਿਖੀਆਂ
ਸਵੈਜੀਵਨੀਆਂ ਸਮੁੱਚੇ ਸਵੈਜੀਵਨੀ ਸਾਹਿਤ ਵਿਚ ਬੜਾ ਵਡਮੁੱਲਾ ਵਾਧਾ ਹਨ। ਸਰਵਣ ਸਿੰਘ ਦੀ
ਸਵੈਜੀਵਨੀ ਤੋਂ ਇਲਾਵਾ ਪੰਜਾਬੀ ਸਾਹਿਤ ਦੀ ਮੁੱਖਧਾਰਾ ਵਿਚ ਪਹਿਲਾਂ ਹੀ ਸਥਾਪਤ ਹੋ ਚੁੱਕੇ
ਪੰਜਾਬੀ ਲੇਖਕ ਬਲਬੀਰ ਮੋਮੀ ਨੇ ਦੋ ਸਾਲ ਪਹਿਲਾਂ ਸਵੈਜੀਵਨੀ ਲਿਖੀ ਹੈ ‘ਕਿਹੋ ਜਿਹਾ ਸੀ
ਜੀਵਨ’। ਹੁਣੇ ਜਿਹੇ ਇਸਦਾ ਦੂਜਾ ਭਾਗ ਵੀ ਪ੍ਰਕਾਸਿ਼ਤ ਹੋ ਗਿਆ ਹੈ। ‘ਕਿਹੋ ਜਿਹਾ ਸੀ ਜੀਵਨ’
ਵਿਚ ਉਸਨੇ ਆਪਣੇ ਜਨਮ ਤੋਂ ਲੈ ਕੇ ਕਨੇਡਾ ਪਰਵਾਸ ਧਾਰਨ ਤੱਕ ਕਰਨ ਦਾ ਜੀਵਨ ਸਫ਼ਰ ਬੜੇ
ਵਿਸਥਾਰ ਤੇ ਬਰੀਕੀ ਨਾਲ ਚਿਤਰਿਆ ਹੈ। ਭਾਵੇਂ ਉਸਦੀ ਵਾਕ-ਰਚਨਾ ਵਿਚ ਵਿਆਕਰਨਕ ਪੱਖੋਂ ਕਈ
ਉਕਾਈਆਂ ਅਕਸਰ ਹੀ ਕੋਕੜੂ ਬਣ ਕੇ ਪੁਸਤਕ ਦੇ ਪਾਠ-ਆਨੰਦ ਨੂੰ ਕਿਰਕਿਰਾ ਕਰ ਦਿੰਦੀਆਂ ਹਨ ਫਿਰ
ਵੀ ਇਸ ਲਿਖਤ ਵਿਚ ਵਸਤੂ ਦੀ ਅਮੀਰੀ ਤੇ ਨਜ਼ਰੀਏ ਦੀ ਤਾਜ਼ਗੀ ਇਸਨੂੰ ਜਿ਼ਕਰਯੋਗ ਰਚਨਾ ਬਣਾ
ਦਿੰਦੀ ਹੈ। ਉਹਨੇ ਆਪਣੇ ਚੇਤੇ ਨੂੰ ਹੰਗਾਲ ਕੇ ਅੱਖੀਂ ਡਿੱਠੇ ਦੇਸ਼ ਵੰਡ ਦੇ ਦ੍ਰਿਸ਼-ਦਰਦ
ਦੀ ਅੱਕਾਸੀ ਅਤੇ ਉਪਰੰਤ ਇਕ ਪਨਾਹਗ਼ੀਰ ਵਜੋਂ ਪਰਿਵਾਰਾਂ ਦੇ ਸਥਾਪਤ ਹੋਣ ਦੀ ਸਾਰੀ ਕਹਾਣੀ
ਨੂੰ ਬੜੇ ਸਜਿੰਦ ਅੰਦਾਜ਼ ਵਿਚ ਪੇਸ਼ ਕੀਤਾ ਹੈ। ਉਹ ਦੇਸ਼ ਵੰਡ ਉਪਰੰਤ ਫ਼ੀਰੋਜ਼ਪੁਰ
ਜਿ਼ਲ੍ਹੇ ਵਿਚ ਸਤਲੁਜ ਦਰਿਆ ਦੇ ਕੰਢੇ ਆ ਵੱਸੇ ਸਨ। ਉਹਦੀ ਲਿਖਤ ਵਿਚ ਇਸ ਇਲਾਕੇ ਅਤੇ ਇਥੋਂ
ਦੇ ਰਹਿਣ ਵਾਲੇ ਰਾਅ ਸਿੱਖਾਂ, ਮੋਨੇ ਤੇ ਸਿੱਖ ਕੰਬੋਆਂ, ਲੋਕਲ ਤੇ ਲਾਹੌਰੀਏ ਜੱਟਾਂ,
ਬਹਾਵਲਪੁਰ ਤੇ ਮਿੰਟਗੁਮਰੀ ਦੇ ਅਰੋੜਿਆਂ, ਖਤਰੀਆਂ, ਸਾਂਸੀਆਂ, ਰਾਠੌਰਾਂ ਦੀ ਰਹਿਤਲ, ਦੇਸੀ
ਸ਼ਰਾਬ ਦੀਆਂ ਭਠੀਆਂ ਦੀ ਸ਼ਰਾਬ ਵੇਚਣ ਵਾਲਿਆਂ ਦੇ ਬਿਰਤਾਂਤ ਨੂੰ ਭੁਲਣਾ ਕਠਨ ਹੈ। ਇਸ ਤੋਂ
ਇਲਾਵਾ ਰਾਤੋ ਰਾਤ ਸਤਲੁਜ ਦਰਿਆ ਟੱਪ ਕੇ ਪਾਕਿਸਤਾਨ ਵਿਚੋਂ ਫੀਮ ਲਿਆਉਣ ਵਾਲੇ ਸਮੱਗਲਰਾਂ,
ਜਲਾਲਾਬਾਦ ਵੈਸਟ ਦੀ ਮੱਛੀ ਤੇ ਵੰਗੇ, ਹੱਦਾਂ ਪਾਰ ਕਰਦੇ ਪੰਛੀਆਂ, ਸੀਟੀਆਂ ਮਾਰਦੀਆਂ ਸਿਆਲੇ
ਦੀਆਂ ਠੰਢੀਆਂ ਹਵਾਵਾਂ, ਚੁਮਾਸਿਆਂ ਵਿਚ ਬਹੁਲਿਆਂ ਨਾਲ ਪੁੱਟੇ ਡੂੰਘੀਆਂ ਜੜ੍ਹਾਂ ਵਾਲੇ
ਕਾਨਿਆਂ ਅਤੇ ਸਰਕੜੇ ਦੇ ਮੁੱਢਾਂ, ਸੂਲਾਂ ਵਰਗੀ ਉਗੀ ਦੱਭ, ਪੋਹਲੀ, ਮਧਾਨੀ ਘਾਹ, ਹਰੀਆਂ
ਜਿਲਭਾਂ ਨਾਲ ਅੱਟੇ ਖਾਲ, ਖਪਰੇ ਤੇ ਫਨੀਅਰ ਸੱਪਾਂ ਦੀਆਂ ਸਿਰੀਆਂ, ਤਿੱਤਰਾਂ, ਭਟਿਟਰਾਂ,
ਬਟੇਰਿਆਂ, ਕੋਇਲਾਂ, ਕਬੂਤਰਾਂ ਅਤੇ ਘੁਗੀਆਂ ਤੇ ਬਿੰਡਿਆਂ ਦੀਆਂ ਆਵਾਜ਼ਾਂ, ਟਟਹਿਣਿਆਂ,
ਝੰਗੀਆਂ ਵਿਚ ਪੈਲਾਂ ਪਾਂਦੇ ਮੋਰ ਤੇ ਬੜਾ ਕੁਝ ਹੋਰ ਵੀ ਉਹਦੀਆਂ ਯਾਦਾਂ ਦੇ ਖਜ਼ਾਨੇ ਵਿਚ
ਦੱਬਿਆ ਪਿਆ ਹੈ। ਇਹ ਉਸ ਜੀਵਨ ਦੀ ਬੜੀ ਹੀ ਜੀਵੰਤ ਝਾਕੀ ਹੈ। ਬਤੌਰ ਮਨੁੱਖ ਉੁਹ ਆਪਣੇ
ਇਸ਼ਕਾਂ, ਆਪਣੀਆਂ ਕਮਜ਼ੋਰੀਆਂ, ਆਪਣੀਆਂ ਲਾਲਸਾਵਾਂ ਨੂੰ ਕਿਸੇ ਓਹਲੇ ਵਿਚ ਨਹੀਂ ਰੱਖਦਾ ਤੇ
ਆਪਣੇ ਆਪ ਨੂੰ ਇੱਕ ਜਿਊਂਦੇ ਜਾਗਦੇ ਸਧਾਰਨ ਇਨਸਾਨ ਵਾਂਗ ਵਿਚਰਦਾ ਵਿਖਾਉਂਦਾ ਹੈ। ਉਹ ਆਪਣੀ
ਸ਼ਖ਼ਸੀਅਤ ਉੱਤੇ ਆਦਰਸ਼ ਅਤੇ ਵਿਖਾਵੇ ਦਾ ਬਨਾਉਟੀ ਖਲੇਪੜ ਨਹੀਂ ਚਾੜ੍ਹਦਾ। ਹਕੀਕਤ ਦੀ
ਪੇਸ਼ਕਾਰੀ ਪ੍ਰਤੀ ਲੇਖਕੀ ਈਮਾਨਦਾਰੀ ਇਸ ਲਿਖਤ ਦੇ ਮਹੱਤਵ ਨੂੰ ਹੋਰ ਵੀ ਵਧਾ ਦਿੰਦੀ ਹੈ।
ਪੰਜਾਬੀ ਦੇ ਸ਼ਾਇਰ ਤੇ ਗਲਪਕਾਰ ਇਕਬਾਲ ਰਾਮੂਵਾਲੀਆ ਨੇ ਵੀ ਆਪਣੀ ਸਵੈ-ਜੀਵਨੀ ਲਿਖ ਕੇ
ਪੰਜਾਬੀ ਵਾਰਤਕ ਨੂੰ ਅਸਲੋਂ ਹੀ ਨਵੀਂ ਨੁਹਾਰ ਨਾਲ ਸਿ਼ੰਗਾਰ ਦਿੱਤਾ ਹੈ। ਸਿਰਜਣਾ ਦੇ
ਵਿਭਿੰਨ ਖੇਤਰਾਂ ਵਿਚ ਆਪਣਾ ਨਾਂ-ਥਾਂ ਬਣਾ ਕੇ ਇਕਬਾਲ ਆਪਣੀ ਸ੍ਵੈ-ਜੀਵਨੀ ‘ਸੜਦੇ ਸਾਜ਼ ਦੀ
ਸਰਗਮ‘ ਰਾਹੀਂ ਇਕ ਅਜਿਹੇ ਵਾਰਤਕ ਲੇਖਕ ਵਜੋਂ ਉਦੈ ਹੋਇਆ ਹੈ ਕਿ ਹੁਣ ਤੱਕ ਲਿਖੀ ਗਈ ਸਰਵੋਤਮ
ਵਾਰਤਕ ਦਾ ਹੁਸਨ ਉਹਦੀ ਲਿਖਤ ਦੀ ਖੂਬਸੂਰਤੀ ਵੱਲ ਵੇਖ ਕੇ ਦੰਦਾਂ ਵਿਚ ਉਂਗਲਾਂ ਟੁੱਕਦਾ
ਹੈਰਾਨੀ ਤੇ ਖੁਸ਼ੀ ਨਾਲ ਝਾਕਣ ਲੱਗ ਪੈਂਦਾ ਹੈ। ਇਸਦਾ ਇਕ ਇਕ ਸ਼ਬਦ ਤੇ ‘ਕੱਲਾ ‘ਕੱਲਾ ਵਾਕ
ਪੜ੍ਹ ਕੇ ਪਾਠਕ ਤਾਂ ਕੀ, ਕਹਿੰਦਾ ਕਹਾਉਂਦਾ ਲੇਖਕ ਵੀ ਅਸਚਰਜਤਾ ਨਾਲ ਚਕਾ-ਚੌਂਧ ਹੋ ਕੇ
ਆਪਣੇ ਆਪ ਨੂੰ ਆਖਦਾ ਤੇ ਪੁੱਛਦਾ ਹੈ, ‘‘ਹੱਛਾਅ! ਇਹ ਗੱਲ ਇਸ ਤਰ੍ਹਾਂ ਵੀ ਆਖੀ ਜਾ ਸਕਦੀ
ਸੀ, ਇਹ ਵਾਕ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਸੀ?!!!‘‘ ਇਕਬਾਲ ਪੰਜਾਬ ਦੀ ਮਿੱਟੀ ਵਿਚ
ਘੁਲ-ਮਿਲ ਗਏ ਸ਼ਬਦਾਂ ਨੂੰ ਜੌਹਰੀ ਦੀ ਨਜ਼ਰ ਨਾਲ ਤਲਾਸ਼ਦਾ ਹੈ, ਉਨ੍ਹਾਂ ਨਾਲ ਜੰਮਿਆ ਧੂੜ ਤੇ
ਘੱਟਾ ਸਾਫ਼ ਕਰਦਾ ਹੈ। ‘ਕੱਲੇ ‘ਕੱਲੇ ਸ਼ਬਦ ਨਾਲ ਲਾਡ ਲਡਾਉਦਾþ ਹੈ। ਕਿਸੇ ਨੂੰ ਨਜ਼ਰਾਂ ਦੇ
ਨੇੜੇ ਕਰਕੇ ਵੇਖਦਾ ਹੈ, ਕਿਸੇ ਨੂੰ ਦੂਰ ਕਰਕੇ ਉਹਦੀ ਕੀਮਤ ਜਾਚਦਾ ਹੈ ਤੇ ਫਿਰ ਉਸ ਨੂੰ ਏਨੀ
ਸੁਚੱਜਤਾ ਨਾਲ ਵਾਕ ਵਿਚ ਜੋੜਦਾ ਤੇ ਬੀੜਦਾ ਹੈ ਕਿ ਸੁੱਤੇ ਹੋਏ ਹਰਫ਼ ਜਾਗ ਪੈਂਦੇ ਹਨ। ਇਕਬਾਲ
ਦੇ ਆਖੇ ਲੱਗ ਕੇ ਕਦੀ ਹੱਸਣ ਲੱਗਦੇ ਹਨ ਤੇ ਕਦੇ ਰੋਣ ਲੱਗਦੇ ਹਨ। ਕਦੀ ਠੱਠਾ ਕਰਦੇ ਹਨ ਤੇ
ਕਦੀ ਮਸ਼ਕਰੀਆਂ। ਔਖੇ ਤੋਂ ਔਖੇ ਅਤੇ ਭਾਰੇ ਤੋਂ ਭਾਰੇ ਖ਼ਿਆਲ ਫੁੱਲਾਂ ਤੋਂ ਹੌਲੇ ਹੋ ਕੇ
ਪਾਠਕਾਂ ਦੀਆਂ ਰੂਹਾਂ ਵਿਚ ਮਹਿਕਣ ਲੱਗਦੇ ਹਨ। ਇਹ ਰਚਨਾ ਪੜ੍ਹਦਿਆਂ ਵਾਰ-ਵਾਰ ਸਜੀਵ ਦ੍ਰਿਸ਼
ਪਾਠਕ ਦੀਆਂ ਅੱਖਾਂ ਅੱਗੇ ਸਾਕਾਰ ਹੋ ਜਾਂਦੇ ਹਨ। ਇਕਬਾਲ ਦੇ ਹੱਥਾਂ ਦੀ ਪਾਰਸ ਛੋਹ ਨਾਲ
ਸਿਰਜੀ ਹਰੇਕ ਸਤਰ ‘ਖੁੱਲ੍ਹ ਜਾ ਸਿਮ ਸਿਮ‘ ਕਹਿ ਕੇ ਸਬੰਧਤ ਬੰਦੇ ਦੇ ਮਨ ਦੀਆਂ ਹਨ੍ਹੇਰੀਆਂ
ਗੁਫਾਵਾਂ ਨੂੰ ਲਿਸ਼ ਲਿਸ਼ ਲਿਸ਼ਕਣ ਤਾਂ ਲਾ ਹੀ ਦਿੰਦੀ ਹੈ, ਨਾਲ ਦੇ ਨਾਲ ਉਸ ਅੰਦਰ ਹੋ ਰਹੀ
ਕਲਵਲ ਦੀਆਂ ਰੇਖਾਵਾਂ ਉਹਦੇ ਚਿਹਰੇ ਤੇ ਸਰੀਰਕ ਭਾਸ਼ਾ ਰਾਹੀਂ ਇਸ ਕੌਸ਼ਲਤਾ ਨਾਲ ਜ਼ਾਹਿਰ
ਹੁੰਦੀਆਂ ਹਨ ਕਿ ਇਕਬਾਲ ਦੀ ਸ਼ਬਦਾਂ ਰਾਹੀਂ ਫਿਲਮਕਾਰੀ ਸਿਰਜਣ ਦੇ ਹੁਨਰ ‘ਤੇ ਵੀ ਰਸ਼ਕ ਆਉਣ
ਲੱਗਦਾ ਹੈ। ਇਹ ਵਾਰਤਕ ਰਚਨਾ ਉਹਦੇ ਲਹੂ ‘ਚੋਂ ਕਸ਼ੀਦ ਹੋ ਕੇ ਨਿਕਲੀ ਹੈ। ਇਸ ਵਿਚ ਉਹਦਾ
ਸੁਪਨਾ ਵੀ ਹੈ ਤੇ ਉਮਰ ਭਰ ਦਾ ਸੰਘਰਸ਼ ਵੀ। ਹਰੇਕ ਲੇਖਕ ਆਪਣੀ ਲਿਖਤ ਵਿਚ ਆਪਣੇ ਸੁਪਨੇ ਤੇ
ਸੰਘਰਸ਼ ਦੀ ਹੀ ਬਾਤ ਪਾਉਂਦਾþ। ਇਸ ਕਰਕੇ ਇਹ ਕੋਈ ਅਲੋਕਾਰ ਗੱਲ ਨਹੀਂ। ਅਲੋਕਾਰ ਗੱਲ ਤਾਂ ਇਹ
ਹੈ ਕਿ ਇਸ ਅੰਦਾਜ਼ ਵਿਚ ਇਹ ਬਾਤ ਅੱਜ ਤੱਕ ਕਿਸੇ ਲੇਖਕ ਨੇ ਨਹੀਂ ਸੀ ਪਾਈ। ਇਸ ਲਿਖਤ ਦਾ
ਮੁੱਲ ਲਿਖਣ ਦੇ ਏਸੇ ਅਨੂਠੇ ਤੇ ਅਲੋਕਾਰੀ ਅੰਦਾਜ਼ ਵਿਚ ਪਿਆ ਹੈ। ਮੈਨੂੰ ਇਸ ਗੱਲ ਦਾ ਥੋੜ੍ਹਾ
ਜਿਹਾ ਮਾਣ ਲੈਣ ਦਾ ਵੀ ਹੱਕ ਹੈ ਕਿ ਇਹ ਸ੍ਵੈ ਜੀਵਨੀ ਇਕਬਾਲ ਨੇ ਮੇਰੇ ਆਖਾ ਮੰਨ ਕੇ ਸਾਡੇ
ਪਰਚੇ ‘ਸੀਰਤ‘ ਵਿਚ ਛਪਣ ਲਈ ਆਰੰਭੀ ਤੇ ਸੰਪੂਰਨ ਕੀਤੀ ਸੀ।
‘ਅੱਖ਼ਰਮਾਲ਼ਾ ਚੇਤਨਾ’ ਸੁਰਿੰਦਰ ਸਿੰਘ ਪਾਮਾ ਦੀ ਵਾਰਤਕ ਤੇ ਕਵਿਤਾ ਦੀ ਮਿਲੀ-ਜੁਲੀ ਪੁਸਤਕ
ਹੈ, ਜੋ ਹਾਲ ਵਿਚ ਹੀ ਪ੍ਰਕਾਸਿ਼ਤ ਹੋਈ ਹੈ। ਵਾਰਤਕ ਭਾਗ ਵਿਚਲੇ ਸਵੈਜੀਵਨੀਪਰਕ ਬਿਰਤਾਂਤ
ਰਾਹੀਂ ਪਾਮਾ ਆਪਣੇ ਬਚਪਨ, ਜਵਾਨੀ, ਇਤਿਹਾਸ, ਸਭਿਆਚਾਰ, ਸੰਘਰਸ਼, ਆਵਾਸ-ਪਰਵਾਸ ਦੇ ਵੇਰਵੇ
ਬਿਆਨ ਕਰਦਿਆਂ ਆਪਣੇ ਅਨੁਭਵ ਤੇ ਨਜ਼ਰੀਏ ਦੇ ਰੂਬਰੂ ਕਰਦਾ ਹੈ। ਸਮਾਜਕ ਤੇ ਸਾਹਿਤਕ ਜਗਤ
ਬਾਰੇ ਚੇਤਨ ਹੋਏ ਪਾਮੇ ਦੇ ਹੱਥਾਂ ਵਿਚ ਉਹਦੀ ਲਿਖਤ ਲੜਾਈ ਲਈ ਹਥਿਆਰ ਬਣਦੀ ਹੈ। ਪਾਮਾ ਕੋਲ
ਦ੍ਰਿਸ਼ ਨੂੰ ਬਿਆਨ ਕਰਨ ਦੀ ਕਲਾ ਹੈ। ਉਸਦੇ ਹਾਣ-ਪ੍ਰਵਾਨ ਤੇ ਸਮਭਾਵੀ ਪਾਠਕਾਂ ਨੂੰ ਉਸਦੀ
ਲਿਖਤ ਵਿਚੋਂ ਆਪਣਾ ਚਿਹਰਾ ਦਿਸਣ ਲੱਗ ਪੈਂਦਾ ਹੈ। ਪਾਮਾਂ ਉਹਨਾਂ ਨੂੰ ਉਂਗਲ ਲਾਈ ਭੂਤ,
ਭਵਿੱਖ ਤੇ ਵਰਤਮਾਨ ਵਿੱਚ ਭਵਾਈ ਫਿਰਦਾ ਹੈ। ਅਜਿਹਾ ਕਰਦਿਆਂ ਉਹ ਬਹੁਤ ਹੀ ਸੰਵੇਦਨਸ਼ੀਲ,
ਸੂਰਮੇ ਤੇ ਸੰਘਰਸ਼ਸ਼ੀਲ ਜ਼ਿੰਮੇਵਾਰ ਬੰਦੇ ਦਾ ਬਿੰਬ ਪ੍ਰਸਤੁਤ ਕਰਦਾ ਹੈ। ਪੰਜਾਬ ਉਸਦੇ
ਪੁਰਖ਼ਿਆਂ ਦੀ ਧਰਤੀ ਹੈ। ਓਥੇ ਉਸਦਾ ਬਚਪਨ ਹੈ, ਜਵਾਨੀ ਹੈ, ਯਾਦਾਂ ਹਨ, ਇਤਿਹਾਸ ਹੈ,
ਸਭਿਆਚਾਰ ਹੈ, ਸੰਘਰਸ਼ ਹੈ, ਸਰਦਾਰੀ ਹੈ। ਪਰ ਕਨੇਡਾ ਉਸਦੀ ਰੋਜ਼ੀ ਰੋਟੀ ਦਾ ਦੇਸ਼ ਹੈ। ਉਹ
ਹੋਰਨਾਂ ਪਰਵਾਸੀਆਂ ਵਾਂਗ ‘ਬੁੱਸ ਬੁੱਸ’ ਨਹੀਂ ਕਰਦਾ ਜਿਹੜੇ ਪਿੱਛੇ ਨੂੰ ਯਾਦ ਕਰਕੇ ਇੰਜ
ਵਿਹਾਰ ਕਰਦੇ ਹਨ ਜਿਵੇਂ ਕਿਸੇ ਨੇ ਉਹਨਾਂ ਨੂੰ ਧੱਕਾ ਦੇ ਕੇ ਕਨੇਡਾ ਵਿੱਚ ਸੁੱਟ ਦਿੱਤਾ
ਹੋਵੇ। ਉਹ ਤਾਂ ਹੋਰਨਾਂ ਵਾਂਗ ਕਨੇਡਾ ਨੂੰ ‘ਸਵਰਗ’ ਸਮਝ ਕੇ ਏਥੇ ਆਇਆ ਸੀ। ਏਥੇ ਆਉਣਾ ਉਸਦੀ
ਆਪਣੀ ਚੋਣ ਸੀ। ਸੋ ਹੁਣ ਕਨੇਡਾ ਹੀ ਉਸਦਾ ਦੇਸ਼ ਹੈ। ਉਸਨੂੰ ‘ਕਨੇਡੀਅਨ’ ਹੋਣ ‘ਤੇ ਹੋਰਨਾਂ
ਵਾਂਗ ਪਛਤਾਵਾ ਨਹੀਂ, ਸਗੋਂ ਮਾਣ ਹੈ। ਉਹ ਕੁਝ ਵਧੇਰੇ ਹੀ ‘ਕਨੇਡੀਅਨ’ ਹੋ ਗਏ ਉਹਨਾਂ ਲੋਕਾਂ
ਵਰਗਾ ਵੀ ਨਹੀਂ ਜਿਨ੍ਹਾਂ ਲਈ ਨਾ ਆਪਣੇ ਪੁਰਖ਼ਿਆਂ ਦਾ ਇਤਿਹਾਸ ਕੋਈ ਅਰਥ ਰੱਖਦਾ ਹੈ, ਨਾ
ਜਿਨ੍ਹਾਂ ਨੂੰ ਆਪਣੀ ਵਿਰਾਸਤ ਤੇ ਜੜ੍ਹਾਂ ਨਾਲ ਕੋਈ ਮੋਹ ਹੈ। ਜਿਹੜੇ ਆਪਣੀ ਬੋਲੀ ਤੇ
ਸਭਿਆਚਾਰ ਤੋਂ ਬੇਮੁੱਖ ਹੋ ਗਏ ਹਨ। ਪਾਮਾ ਇਸ ਗੱਲ ਦਾ ਵਿਸ਼ਵਾਸੀ ਹੈ ਕਿ ਪੰਜਾਬ ਉਸਦੀ
ਵਿਰਾਸਤ ਹੈ, ਉਸਦੀ ਵਡਿਆਈ ਹੈ, ਉਸਦਾ ਅਵਚੇਤਨ ਹੈ, ਉਸਦੀ ਸ਼ਖ਼ਸੀਅਤ ਦੀ ਨੀਂਹ ਹੈ। ਉਹ
ਕਨੇਡੀਅਨ ਬਣ ਕੇ ਵੀ ਆਪਣੀ ਪੰਜਾਬੀ ਪਛਾਣ ਗੁਆਉਣਾ ਨਹੀਂ ਚਾਹੁੰਦਾ। ਉਹ ਪੰਜਾਬ ਦੀ ਵਿਰਾਸਤ
ਦਾ ਮਾਣ ਕਰਦਾ ਹੈ ਪਰ ਅੱਜ ਦੀ ਸਿੱਖੀ ਤੇ ਧਰਮ ਦੇ ਵਿਗਾੜ ਦਾ ਉਹ ਆਲੋਚਕ ਹੈ। ਉਹ ਜਾਣਦਾ ਹੈ
ਕਿ ‘ਧਰਮ’ ਤੇ ਸਿੱਖੀ’ ਹੁਣ ਆਤਮਾ ਦਾ ਹਿੱਸਾ ਨਹੀਂ ਰਹਿ ਗਏ ਸਗੋਂ ਵਰਤੇ ਜਾਣ ਵਾਲੀ ਚੀਜ਼ ਬਣ
ਗਏ ਹਨ। ਉਹ ਧਰਮ ਦੇ ਨਾਂ ‘ਤੇ ਕੀਤੀ ਜਾਣ ਵਾਲੀ ਸਿਆਸਤ ਨੂੰ ਪਸੰਦ ਨਹੀਂ ਕਰਦਾ। ਦੂਜੇ ਪਾਸੇ
ਕਨੇਡਾ ਭਾਵੇਂ ਉਸ ਲਈ ਸਵਰਗ ਦੀ ਧਰਤੀ ਹੈ, ਪਰੀਆਂ ਦਾ ਦੇਸ਼ ਹੈ; ਪਰ ਉਹ ਇਹ ਦੱਸਣੋਂ ਵੀ
ਨਹੀਂ ਉੱਕਦਾ ਕਿ ‘ਸਵਰਗ ਦੀ ਧਰਤੀ’ ਉੱਤੇ ਵੀ ਸਿਆਸਤਦਾਨ ਦੰਭ ਕਰਦੇ ਹਨ। ਏਥੇ ਵੀ ਵਿਤਕਰਾ
ਹੈ, ਏਜੰਸੀਆਂ ਦੀ ਲੁੱਟ ਹੈ, ਰੀਸੈਸ਼ਨ ਹੈ, ਖ਼ੁਦਗ਼ਰਜ਼ੀ ਹੈ, ਬਨਾਵਟੀ ਹਾਸਾ ਹੈ। ਹੱਥਾਂ ਰਾਹੀਂ
ਦਿਲ ਮਿਲਾਉਣ ਵਾਲਾ ਨਿੱਘ ਤੇ ਮੋਹ ਗਵਾਚ ਗਿਆ ਹੈ ਤੇ ਕੇਵਲ ਰੁੱਖੀ ਤੇ ਚਲਾਵੀਂ ‘ਹੈਲੋ’
ਸਾਡਾ ਨਸੀਬ ਹੋ ਗਈ ਹੈ। ਇਹ ਬੇਬਾਕ ਤੇ ਸੰਤੁਲਤ ਨਜ਼ਰੀਆ ਉਸਦੀ ਸ਼ਖ਼ਸੀਅਤ ਤੇ ਰਚਨਾ ਦੀ ਤਾਕਤ
ਹੈ।
ਕਨੇਡਾ ਵਾਸੀ ਬਲਬੀਰ ਸਿਕੰਦ ਦੀ ਸਵੈਜੀਵਨੀ ‘ਜੰਗਾਲਿਆ ਕਿੱਲ’ ਵੀ ਪਿਛਲੇ ਸਾਲ ਹੀ
ਪ੍ਰਕਾਸਿ਼ਤ ਹੋਈ ਹੈ। ਇਸ ਕਿਤਾਬ ਵਿਚ ਬਲਬੀਰ ਸਿਕੰਦ ਨੇ ਆਪਣੇ ਬਚਪਨ, ਪੜ੍ਹਾਈ, ਨੌਕਰੀ ਦੇ
ਸਮੇਂ ਅਤੇ ਪਿੱਛੋਂ ਫਿ਼ਲਮ ਜਗਤ ਵਿਚ ਪ੍ਰਵੇਸ਼ ਅਤੇ ਕਨੇਡਾ ਪਰਵਾਸ ਦੀ ਗੱਲ ਕਰਦਿਆਂ ਆਪਣੇ
ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਕਲਮਬਧ ਕੀਤਾ ਹੈ। ਉਹ ਹੱਦ ਦਰਜੇ ਦਾ ਸੰਵੇਦਨਸ਼ੀਲ
ਹੈ ਅਤੇ ਹਰੇਕ ਘਟਨਾ, ਬੰਦੇ ਤੇ ਸਥਿਤੀ ਦੀਆਂ ਬਰੀਕ ਪਰਤਾਂ ਵਿਚ ਨੂੰ ਫੋਲਣ, ਜਾਨਣ ਤੇ ਸਮਝਣ
ਦੀ ਬਿਰਤੀ ਦਾ ਧਾਰਨੀ ਹੈ। ਦੇਵਨੇਤ ਨਾਲ ਉਸਦੀ ਜਿ਼ੰਦਗੀ ਵਿਚ ਕੁਝ ਅਜਿਹੀਆਂ ਦੁਖਾਂਤਕ
ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਦਾ ਉਦਾਸ ਅਸਰ ਉਸਦੀ ਆਤਮਾ ਦਾ ਹਿੱਸਾ ਬਣ ਚੁੱਕਾ ਹੈ। ਇਸੇ
ਲਈ ਇਸ ਕਿਤਾਬ ਵਿਚ ਇਕੱਲਤਾ, ਬੇਵਫ਼ਾਈ ਦੀ ਪੀੜ ਤੇ ਗਹਿਰੀ ਉਦਾਸੀ ਹੈ। ਸਿਕੰਦ ਦਾ ਸੰਵਾਦ
ਆਤਮਮੁਖੀ ਹੈ ਅਤੇ ਕਰੁਣਾ ਤੇ ਸਵੈ-ਤਰਸ ਉਸਦੀਆਂ ਪਰਮੁੱਖ ਰਚਨਾ-ਜੁਗਤਾਂ ਹਨ। ਇਹ ਨਹੀਂ ਕਿ
ਉਸਦੀ ਜਿ਼ੰਦਗੀ ਵਿਚ ਕਦੀ ਕੁਝ ਚੰਗਾ ਵਾਪਰਿਆ ਹੀ ਨਾ ਹੋਵੇ। ਉਸਨੂੰ ਧਰਮਿੰਦਰ ਤੇ ਉਹਦੇ ਭਰਾ
ਅਜੀਤ ਦਿਓਲ ਦੀ ਦੋਸਤੀ ਤੇ ਪਿਆਰ ਦਾ ਨਿੱਘ ਮਿਲਿਆ ਹੈ। ਲਤਾ ਮੰਗੇਸ਼ਕਰ, ਮੀਨਾ ਕੁਮਾਰੀ ਤੇ
ਸਿ਼ਵਕੁਮਾਰ ਜਿਹੀਆਂ ਕਈ ਹਸਤੀਆਂ ਦਾ ਸਨੇਹ ਉਹਦੀ ਜਿੰ਼ਦਗੀ ਦਾ ਸਰਮਾਇਆ ਹੈ। ਪਰ ਉਹ ਇਸ
ਦੋਸਤੀ, ਪਿਆਰ ਅਤੇ ਵਫ਼ਾ ਦਾ ਬਿਰਤਾਂਤ ਰੌਸ਼ਨੀ ਬਣ ਕੇ ਰਚਨਾ ਵਿਚ ਫ਼ੈਲਣ ਨਹੀਂ ਦਿੰਦਾ ਤੇ
ਛੇਤੀ ਹੀ ਬੇਵਫ਼ਾਈ, ਦੁੱਖ ਅਤੇ ਗਹਿਰੀ ਪੀੜ ਦਾ ਪ੍ਰਛਾਵਾਂ ਉਸਤੇ ਭਾਰੂ ਹੋ ਜਾਂਦਾ ਹੈ। ਇਹ
ਠੀਕ ਹੈ ਕਿ ਉਦਾਸੀ, ਨਿਰਾਸਤਾ ਤੇ ਅਸਫ਼ਲਤਾ ਵੀ ਜਿ਼ੰਦਗੀ ਦੀ ਹਕੀਕਤ ਹਨ। ਇਹ ਰਚਨਾ ਇਸ
ਹਕੀਕਤ ਨੂੰ ਪਛਾਨਣ ਅਤੇ ਦੁਖ ਨੂੰ ਸਹਿਣ ਤੇ ਸਮਝਣ ਵਿਚ ਸਹਾਈ ਹੁੰਦੀ ਹੈ ਕਿਉਂਕਿ ਇਸਨੂੰ
ਪੜ੍ਹਦਿਆਂ ਪਾਠਕ ਪਾਤਰ ਦੇ ਅਨੁਭਵ ਤੋਂ ਜ਼ਰੂਰ ਕੁਝ ਸਿੱਖਦਾ ਤੇ ਗ੍ਰਹਿਣ ਕਰਦਾ ਹੈ ਅਤੇ
ਆਪਣਾ ਭਾਵ-ਵਿਰੇਚਨ ਕਰਦਾ ਹੋਇਆ ਇਸ ਉਦਾਸੀ ਵਿਚੋਂ ਨਿਕਲਣ ਲਈ ਪਾਤਰ ਦੀ ਅਸਫ਼ਲਤਾ ਤੋਂ ਸਹਿਜ
ਸਿੱਖਿਆ ਵੀ ਹਾਸਲ ਕਰ ਲੈਂਦਾ ਹੈ। ਆਖਣਾ ਤਾਂ ਸੌਖਾ ਹੈ ਕਿ ਦੁੱਖ ਨੂੰ ਭੱਜ ਕੇ ਗਲੇ ਲਗਾਉਣ
ਦੀ ਥਾਂ ਇਸ ਬਿਰਤੀ ਤੋਂ ਪਾਸਾ ਮੋੜ ਕੇ ਸਿਕੰਦ ਜਿ਼ੰਦਗੀ ਨੂੰ ਵੇਖਣ ਲਈ ਸੱਜਰੀ ਤੇ ਉਤਸ਼ਾਹੀ
ਨਜ਼ਰ ਲੈ ਲੈਂਦਾ ਤਾਂ ਉਸਦਾ ਜੀਵਨ ਸ਼ਾਇਦ ਏਨਾ ਨਿਰਾਸਾ ਭਰਿਆ ਤੇ ਹਨੇਰਾ ਨਾ ਹੁੰਦਾ ਪਰ ਇਸ
ਮਕਸਦ ਲਈ ਉਸਨੂੰ ਮੁੱਢੋਂ-ਸੁੱਢੋਂ ਨਵਾਂ ਜੀਵਨ ਜੀਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਦੁੱਖ
ਦੀ ਗੱਲ ਹੈ ਕਿ ਉਸਨੂੰ ਹੁਣ ਇਹ ਮੌਕਾ ਨਸੀਬ ਨਹੀਂ ਹੋਣਾ ਪਰ ਪਾਠਕ ਕੋਲ ਤਾਂ ਅਜੇ ਮੌਕਾ ਹੈ।
ਇਸ ਰਚਨਾ ਨੂੰ ਪੜ੍ਹਦਿਆਂ ਦਾ ਪਾਠਕ ਇਸ ਮੌਕੇ ਦਾ ਲਾਹਾ ਲੈ ਸਕਦਾ ਹੈ ਤੇ ਏਸੇ ਵਿਚ ਇਸ ਰਚਨਾ
ਦੀ ਪੜ੍ਹਤ ਦਾ ਮੁੱਲ ਲੁਕਿਆ ਹੋਇਆ ਹੈ।
ਮੈਂ ਪਹਿਲਾਂ ਕਹਿ ਆਇਆ ਹਾਂ ਕਿ ਅਸਲੀ ਕਨੇਡੀਅਨ ਸਾਹਿਤ ਤਾਂ ਉੁਦੋਂ ਰਚਿਆ ਜਾਏਗਾ ਜਦੋਂ
ਕਨੇਡਾ ਵਿਚ ਜੰਮੀ ਨਵੀਂ ਪੀੜ੍ਹੀ ਪੰਜਾਬੀ ਵਿਚ ਲਿਖਣਾ ਸ਼ੁਰੂ ਕਰੇਗੀ। ਪਰ ਏਥੇ ਮੈਂ ਜਿਹੜੇ
ਵਾਰਤਕ ਲੇਖਕ ਦਾ ਜਿ਼ਕਰ ਕਰਨ ਲੱਗਾ ਹਾਂ ਉਹ ਸਰੀਰਕ ਤੌਰ ਤੇ ਭਾਵੇਂ ਕਨੇਡਾ ਵਿਚ ਪੈਦਾ ਨਹੀਂ
ਹੋਇਆ ਪਰ ਲੇਖਕ ਵਜੋਂ ਉਸਦਾ ਜਨਮ ਕਨੇਡਾ ਜਾ ਕੇ ਹੀ ਹੋਇਆ ਹੈ। ਪ੍ਰਿੰਸੀਪਲ ਬਲਕਾਰ ਸਿੰਘ
ਬਾਜਵਾ ਨੇ ਕਨੇਡਾ ਜਾ ਕੇ ਕਲਮ ਚੁੱਕੀ ਤੇ ਖਹਿ ਕੇ ਹੰਢਾਏ ਆਪਣੇ ਪਰਵਾਸੀ ਅਨੁਭਵ ਨੂੰ ਪੇਸ਼
ਕਰਨ ਵਾਲੀਆਂ ਪਰਮਾਣਿਕ ਰਚਨਾਵਾਂ ਦੀ ਬਦੌਲਤ ਕਨੇਡੀਅਨ ਵਾਰਤਕ ਲੇਖਕਾਂ ਵਿਚ ਆਪਣਾ ਨਾਂ ਥਾਂ
ਪੱਕਾ ਕਰ ਲਿਆ ਹੈ। ਕੁਝ ਦਿਨ ਪਹਿਲਾਂ ਛਪੀ ਉਸਦੀ ਨਵੀਂ ਪੁਸਤਕ ‘ਮੇਰੇ ਹਮਸਫ਼ਰ’ ਸਮੇਤ ਉਸਨੇ
ਹੁਣ ਤੱਕ ਪੰਜ ਪੁਸਤਕਾਂ ਦੀ ਰਚਨਾ ਕਰਕੇ ਗਿਣਤੀ ਤੇ ਗੁਣ ਵਿਚ ਸੰਤੁਲਨ ਵੀ ਰੱਖਿਆ ਹੈ
ਕਨੇਡੀਅਨ ਪੰਜਾਬੀਆਂ ਦੇ ਜੀਵਨ ਦੀਆਂ ਰੰਗ-ਬਰੰਗੀਆਂ, ਬਹੁ-ਦਿਸ਼ਾਵੀ ਤੇ ਬਹੁਪਰਤੀ ਝਾਕੀਆਂ
ਪੇਸ ਕਰਕੇ ਜੀਵਨ ਨੂੰ ਬਰੀਕੀ ਨਾਲ ਵੇਖਣ ਤੇ ਵਾਚਣ ਵਾਲੀ ਪ੍ਰਤਿਭਾ ਦਾ ਪ੍ਰਗਟਾਵਾ ਵੀ ਕੀਤਾ
ਹੈ। ਪ੍ਰਿੰਸੀਪਲ ਰਹਿ ਚੁੱਕੇ ਤੇ ਸਰਦਾਰੀ ਜੀਵਨ ਜਿਊਣ ਦੇ ਆਦੀ ਹੋ ਚੁੱਕੇ ਬਾਜਵਾ ਨੇ ਕਨੇਡਾ
ਜਾ ਕੇ ਆਪਣੇ ਵੱਲੋਂ ਛੋਟੇ ਮੋਟੇ ਆਖੇ ਜਾਣ ਵਾਲੇ ਕੰਮ ਕਰਕੇ ਸਥਾਪਤ ਹੋਣ ਦੇ ਸੰਘਰਸ਼ ਨੂੰ
ਜਿਸ ਬੇਬਾਕੀ ਤੇ ਹੁਨਰਮੰਦੀ ਨਾਲ ਚਿਤਰਿਆ ਹੈ ਉਸ ਸਦਾਕਤ ਨਾਲ ਇਹਨਾਂ ਰਚਨਾਵਾਂ ਦੀ
ਭਰੋਸੇਯੋਗਤਾ ਵਧੀ ਹੈ, ਕਨੇਡੀਅਨ ਜੀਵਨ-ਸ਼ੈਲੀ ਬਾਰੇ ਜਾਣਕਾਰੀ ਮਿਲੀ ਹੈ, ਕੰਮ ਕਰਨ ਤੇ
ਸੰਘਰਸ਼ ਕਰਕੇ ਅੱਗੇ ਵਧਣ ਦੀ ਮਾਨਵੀ ਸਮਰੱਥਾ ਤੇ ਵਡਿਆਈ ਦਾ ਅਹਿਸਾਸ ਵੀ ਹੋਇਆ ਹੈ। ਇਕ
ਸਰਗਰਮ ਕਾਰਕੁਨ ਵਜੋਂ ਉਸਨੇ ਜਿੱਥੇ ਕਨੇਡੀਅਨ ਬਾਬਿਆਂ ਲਈ ਲੜੇ ਸੰਘਰਸ਼ ਦੀ ਬਾਤ ਇਹਨਾਂ
ਪੁਸਤਕਾਂ ਵਿਚ ਪਾਈ ਹੈ ਓਥੇ ਕਨੇਡੀਅਨ ਬਜ਼ੁਰਗਾਂ ਦੀ ਸਥਿਤੀ ਬਾਰੇ ਸਭ ਤੋਂ ਵੱਧ ਤੇ ਸਭ ਤੋਂ
ਪ੍ਰਮਾਣਿਕ ਲਿਖਤਾਂ ਲਿਖਣ ਵਿਚ ਵੀ ਉਸਦਾ ਮੁਹਰਲਾ ਸਥਾਨ ਹੈ। ‘ਮੇਰੇ ਹਮਸਫ਼ਰ’ ਪੁਸਤਕ ਵਿਚ
ਅਜਿਹੇ ਪਰਵਾਸੀ ਸੀਨੀਅਰਜ਼ ਦੀ ਜਿ਼ੰਦਗੀ ਦਾ ਹੀ ਬਿਆਨ ਹੈ ਜਿਨ੍ਹਾਂ ਨੇ ਲੰਮੀ ਜਦੋਜਹਿਦ
ਕਰਕੇ ਕਨੇਡੀਅਨ ਪੰਜਾਬੀ ਸਮਾਜ ਵਿਚ ਆਪਣਾ ਥਾਂ ਵੀ ਬਣਾਇਆ ਹੈ ਤੇ ਹੋਰਨਾਂ ਪੰਜਾਬੀਆਂ ਲਈ
ਸੰਘਰਸ਼ ਅਤੇ ਸਥਾਪਨਾ ਦੇ ਮਾਡਲ ਵੀ ਬਣੇ ਹਨ। ਸਭ ਤੋਂ ਵੱਡੀ ਗੱਲ ਹੈ ਲੇਖਕ ਦਾ ਨਜ਼ਰੀਆ। ਉਹ
ਇਹਨਾਂ ਲਿਖਤਾਂ ਰਾਹੀਂ ਸਭ ਦਿਲਗੀਰੀਆਂ, ਹੇਰਵਿਆਂ, ਦੁਚਿੱਤੀਆਂ ਤੇ ਝੋਰਿਆਂ ਨੂੰ ਤਿਆਗਣ ਦਾ
ਬਿੰਬ ਸਿਰਜ ਕੇ ਹਰ ਹਾਲਤ ਵਿਚ ਹਾਲਾਤ ਨਾਲ ਲੜਨ ਤੇ ਅੱਗੇ ਵਧਣ ਦੀ ਮਿਸਾਲੀ ਉਦਾਹਰਣ ਪੇਸ਼
ਕਰਦਾ ਹੈ ਤੇ ਨਾਲ ਹੀ ਕਨੇਡੀਅਨ ਮਾਹੌਲ ਅਨੁਸਾਰ ਆਪੇ ਨੂੰ ਅਨੁਕੂਲਣ ਦਾ ਤਰਕਸੰਗਤ ਸਾਹਿਤਕ
ਸੁਨੇਹਾਂ ਵੀ ਦਿੰਦਾ ਹੈ।
ਪਿਛਲੇ ਸਾਲਾਂ ਵਿਚ ਪਰਵਾਸੀ ਕਹਾਣੀ ਵਿਚ ਬੜੀ ਤੇਜ਼ੀ ਨਾਲ ਉੱਭਰਿਆ ਕਥਾਕਾਰ ਹਰਪ੍ਰੀਤ
ਸੇਖਾ ਕਨੇਡੀਅਨ ਪੰਜਾਬੀ ਵਾਰਤਕ ਲੇਖਕ ਵਜੋਂ ਵੀ ਆਪਣੀ ਵਿਲੱਖਣ ਪਛਾਣ ਸਥਾਪਤ ਕਰਨ ਵਾਲਾ
ਲੇਖਕ ਬਣ ਗਿਆ ਹੈ। ਉਸਦੀ ਵਾਰਤਕ ਨਿਰੋਲ ਕਨੇਡੀਅਨ ਜੀਵਨ-ਵਿਹਾਰ ਦੀ ਕਲਾਤਮਕ ਝਾਕੀ ਹੈ।
ਉਸਨੇ ਕਨੇਡਾ ਤੋਂ ਨਿਕਲਦੇ ਮਾਸਿਕ-ਪੱਤਰ ‘ਸੀਰਤ’ ਵਿਚ ਟੈਕਸੀ-ਚਾਲਕ ਵਜੋਂ ਆਪਣੇ ਅਨੁਭਵ ਨੂੰ
ਜ਼ਬਾਨ ਦੇਣੀ ਸ਼ੁਰੂ ਕੀਤੀ। ਉਸਦੀ ਹੁਣੇ ਛਪੀ ਪੁਸਤਕ ‘ਟੈਕਸੀ-ਨਾਮਾ’ ਓਸੇ ਅਨੁਭਵ ਦਾ
ਸੰਗਠਿਤ ਤੇ ਸੁਹਜਾਤਮਕ ਪ੍ਰਗਟਾਵਾ ਹੈ। ਪੱਛਮੀ ਮੁਲਕਾਂ ਵਿਚ ਬਹੁਤੇ ਪੰਜਾਬੀਆਂ ਨੂੰ
ਰੋਟੀ-ਰੋਜ਼ੀ ਦਾ ਚੱਕਰ ਚਲਾਉਣ ਲਈ ਟਰੱਕ ਅਤੇ ਟੈਕਸੀ ਚਲਾਉਣ ਦੇ ਕਿੱਤੇ ਨਾਲ ਜੁੜਨਾ ਪੈਂਦਾ
ਹੈ। ਵਿਸ਼ੇਸ਼ ਤੌਰ ‘ਤੇ ਟੈਕਸੀ-ਚਾਲਕਾਂ ਦਾ ਹਰ ਵਰਗ, ਕੌਮ, ਮੁਲਕ ਅਤੇ ਰੰਗ ਦੀਆਂ ਸਵਾਰੀਆਂ
ਨਾਲ ਵਾਹ ਪੈਂਦਾ ਰਹਿੰਦਾ ਹੈ। ਇੰਝ ਸੇਖਾ ਦੀ ਵਾਰਤਕ ਦਾ ਪਹਿਲਾ ਪਛਾਣ-ਚਿੰਨ੍ਹ ਤਾਂ ਇਹ ਹੈ
ਕਿ ਹੋਰ ਪੰਜਾਬੀ ਲੇਖਕਾਂ ਵਾਂਗ ਉਹਦੀ ਲਿਖਤ ਨਿਰੋਲ ਭੂ-ਹੇਰਵੇ ਤੋਂ ਪਾਰ ਦੀ ਲਿਖਤ ਹੈ। ਇਹ
ਵਾਰਤਕ ਆਮ ਗਲਪ ਸਾਹਿਤ ਵਾਂਗ ਕਨੇਡੀਅਨ ਪੰਜਾਬੀਆਂ ਦੇ ਸਭਿਆਚਾਰਕ ਤਨਾਓ, ਸਭਿਆਚਾਰਕ
ਅਨੁਕੂਲਨ ਜਾਂ ਪੀੜ੍ਹੀ-ਪਾੜੇ ਦੀਆਂ ਚਰਚਿਤ ਸਮੱਸਿਆਵਾਂ ਦੀਆਂ ਸੰਕੇਤਿਕ ਝਲਕੀਆਂ ਵੀ ਪੇਸ਼
ਕਰਦੀ ਹੈ। ਪਰ ਸਭ ਤੋਂ ਵੱਧ ਇਸ ਵਾਰਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਰਵਾਸੀ ਪੰਜਾਬ ਦੇ
ਘੇਰੇ ਤੋਂ ਬਾਹਰ ਨਿਕਲ ਕੇ ਆਪਣੇ ਮੋਕਲੇ ਕਲਾਵੇ ਵਿਚ ਪੂਰੇ ਕਨੇਡੀਅਨ ਜੀਵਨ ਦੇ ਵਿਭਿੰਨ
ਰੰਗਾਂ ਨੂੰ ਫੜਨ ਦਾ ਸਾਹਿਤਕ ਯਤਨ ਕਰਦੀ ਹੈ। ਗਲਪ ਦੀ ਚਾਸ਼ਨੀ ਵਾਲੀ ਪੜ੍ਹਨ- ਖਿੱਚ ਨਾਲ
ਭਰਪੂਰ ਇਸ ਵਾਰਤਕ ਵਿਚ ਰੰਗ-ਬ-ਰੰਗੇ ਪਾਤਰਾਂ ਨਾਲ ਪਾਠਕ ਦਾ ਵਾਹ ਪੈਂਦਾ ਹੈ। ਇਹਨਾਂ ਵਿਚ
ਵਜ਼ੀਰ ਹਨ, ਵੇਸਵਾਵਾਂ ਹਨ, ਸ਼ਰਾਬੀ ਹਨ, ਦੁਖੀ ਲੋਕ ਹਨ, ਅਤ੍ਰਿਪਤ ਆਤਮਾਵਾਂ ਹਨ, ਰੱਜੀਆਂ
ਰੂਹਾਂ ਹਨ। ਸਾਧਾਰਨ ਮਨੁੱਖਾਂ ਵਾਂਗ ਵਿਚਰਦੇ ਇਹਨਾਂ ਪਾਤਰਾਂ ਦੇ ਵਰਤਾਓ-ਵਿਹਾਰ ਵਿਚਲੇ ਕੁਝ
ਅਸਧਾਰਨ ਜਾਂ ਵਿਸ਼ੇਸ਼ ਪਲਾਂ ਦੇ ਬਿਆਨ ਰਾਹੀਂ ਸੇਖਾ ਉਹਨਾਂ ਅੰਦਰਲੇ ਚੰਗੇ-ਮੰਦੇ ‘ਬੰਦੇ’
ਨਾਲ ਸਾਡੀ ਜਾਣ-ਪਛਾਣ ਕਰਾਉਂਦਾ ਹੈ, ਕਨੇਡੀਅਨ ਜੀਵਨ-ਮੁੱਲਾਂ ਦਾ ਝਰੋਖਾ ਖੋਲ੍ਹਦਾ ਹੈ,
ਸਾਡੀ ਸੰਵੇਦਨਾ ਨੂੰ ਟੁੰਬਦਾ ਹੈ ਅਤੇ ਆਮ ਪੰਜਾਬੀ ਪਾਠਕ ਨੂੰ ਹੁਣ ਤੱਕ ਅਸਲੋਂ ਅਣਜਾਣੇ
ਸੰਸਾਰ ਦੇ ਰੂਬਰੂ ਕਰਦਾ ਹੈ।
ਪੂਰਨ ਸਿੰਘ ਪਾਂਧੀ, ਗੁਰਬਖ਼ਸ਼ ਸਿੰਘ ਭੰਡਾਲ ਤੇ ਹਰਜੀਤ ਗਿੱਲ ਰਹਿੰਦੇ ਤਾਂ ਭਾਵੇਂ ਕਨੇਡਾ
ਵਿਚ ਹਨ ਪਰ ਇਹ ਕੇਵਲ ਕਨੇਡੀਅਨ ਸਰੋਕਾਰਾਂ, ਸ਼ਖ਼ਸੀਅਤਾਂ ਜਾਂ ਸੰਕਟਾਂ ਬਾਰੇ ਹੀ ਨਹੀਂ
ਲਿਖਦੇ ਸਗੋਂ ਉਹਨਾਂ ਦੀ ਲਿਖਤ ਦਾ ਮੂਲ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਵਾਂਗ ਸੋਹਣੀ, ਸੁਚੱਜੀ
ਤੇ ਸਾਵੀਂ-ਪੱਧਰੀ ਜਿ਼ੰਦਗੀ ਜਿਊਣ ਲਈ ਰਾਹ ਹਮਵਾਰ ਕਰਨਾ ਹੈ। ਪੂਰਨ ਸਿੰਘ ਪਾਂਧੀ ਗੁਰਬਾਣੀ,
ਗੁਰ-ਇਤਿਹਾਸ ਅਤੇ ਸੰਗੀਤ ਦਾ ਗਿਆਤਾ ਹੈ। ਖੋਜੀ ਬਿਰਤੀ ਦਾ ਮਾਲਕ ਹੈ। ਕਨੇਡਾ ਵਿਚ ਜਿੱਥੇ
ਇਧਰਲੇ ਪੰਜਾਬ ਨਾਲੋਂ ਵੀ ਕਈ ਗੁਣਾਂ ਵੱਧ ਦਿੱਖ ਦੀ ਸਿੱਖੀ ਦਾ ਬੋਲਬਾਲਾ ਹੈ, ਜਿੱਥੇ ਗੁਰੂ
ਘਰਾਂ ਵਿਚ ਦਰਜਨਾਂ ਮਾਸੂਮਾਂ ਤੇ ਬੇਕਸੂਰੇ ਲੋਕਾਂ ਦੇ ਕਾਤਲਾਂ ਦੀਆਂ ਤਸਵੀਰਾਂ ਨਾਇਕਾਂ
ਵਾਂਗ ਲਾਈਆਂ ਮਿਲਦੀਆਂ ਹਨ; ਓਥੇ ਆਪਣੀਆਂ ਲਿਖਤਾਂ ਰਾਹੀਂ ਸਿੱਖੀ ਦੇ ਤੱਤ ਨੂੰ, ਗੁਰਬਖ਼ਸ਼
ਸਿੰਘ ਵਾਂਗ ਹੀ, ਵਿਗਿਆਨਕ ਚੇਤਨਾ ਤੇ ਤਰਕਸ਼ੀਲਤਾ ਦੀ ਪੁੱਠ ਦੇ ਕੇ ਪੇਸ਼ ਕਰਨਾ ਤੇ ਭੇਖ ਦੀ
ਸਿੱਖੀ ਨੂੰ ਵੰਗਾਰਦਿਆਂ, ਗੁਰਮਤਿ ਪ੍ਰੇਮੀਆਂ, ਖੋਜੀਆਂ, ਰਾਗੀਆਂ, ਢਾਡੀਆਂ, ਪਾਠੀਆਂ ਤੇ
ਪ੍ਰਚਾਰਕਾਂ ਲਈ ਮਾਰਗ-ਦਰਸ਼ਨ ਕਰਨ ਦਾ ਸਾਹਿਤਕ ਹੀਲਾ ਕਰਨਾ ਜਿਗਰੇ ਦਾ ਕੰਮ ਵੀ ਹੈ ਤੇ
ਵਿਚਾਰਾਂ ਨਾਲ ਪ੍ਰਤੀਬੱਧਤਾ ਨਿਭਾਉਣ ਦਾ ਮਿਸਾਲੀ ਨਮੂਨਾ ਵੀ। ਸੰਜਮਤਾ, ਸੰਖੇਪਤਾ, ਸਹਿਜਤਾ
ਤੇ ਸੰਗੀਤਾਤਮਕਤਾ ਉਹਦੀ ਵਾਰਤਕ ਦੇ ਮੀਰੀ ਗੁਣ ਹਨ। ‘ਤੇਰੀਆਂ ਗੱਲਾਂ ਤੇਰੇ ਨਾਲ’, ‘ਸਿਰੁ
ਨੀਵਾਂ ਕਰਿ ਦੇਖੁ’, ‘ਕਿਵ ਸਚਿਆਰਾ ਹੋਈਐ’ ਤੇ ‘ਹਰਮਨ ਦੇ ਦਿਲ ਦੀ ਕਹਾਣੀ’ ਉਹਦੀਆਂ ਚਰਚਿਤ
ਵਾਰਤਕ ਪੁਸਤਕਾਂ ਹਨ।
ਕਨੇਡਾ ਲੰਮਾ ਸਮਾਂ ਅਖ਼ਬਾਰ ਦੇ ਐਡੀਟਰ ਅਤੇ ਰੇਡੀਓ ਹੋਸਟ ਵਜੋਂ ਕਾਰਜਸ਼ੀਲ ਰਹੇ ਅਤੇ ਅਕਸਰ
ਹੀ ਕਨੇਡੀਅਨ ਪੰਜਾਬੀਆਂ ਦੀਆਂ ਸਮੱਸਿਆਵਾਂ ਤੇ ਜੀਵਨ ਸ਼ੈਲੀ ਦੇ ਦਵੰਦ ਨੂੰ ਪੇਸ਼ ਕਰਦੇ
ਰਹਿਣ ਵਾਲੇ ਵਾਰਤਕ ਲੇਖਕ ਹਰਜੀਤ ਸਿੰਘ ਗਿੱਲ ਦੀ ਹੁਣੇ ਹੁਣੇ ਛਪੀ ਪੁਸਤਕ ‘ਗਾਡੀ ਰਾਹ’
ਕਿਸੇ ‘ਗਾਡੀ ਰਾਹ’ ਨੂੰ ਵਿਖਾਉਣ ਦਾ ਨਹੀਂ ਸਗੋਂ ਇਸ ਰਾਹ ਦੀ ਤਲਾਸ਼ ਲਈ ਸ਼ੁਭ-ਭਾਵਨਾ ਨਾਲ
ਜੁੱਟੇ ਸੁਹਿਰਦ ਤੇ ਸੰਵੇਦਨਸ਼ੀਲ ਲੇਖਕ ਵੱਲੋਂ ਸਿਰਜਿਆ ਅਜਿਹਾ ਬਿਰਤਾਂਤ ਹੈ ਜਿਹੜਾ ਇਸ
ਹਕੀਕਤ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਮੁਕੰਮਲ ‘ਗਾਡੀ ਰਾਹ’ ਦਾ ਦਿਸਣਾ ਤਾਂ ਸ਼ਾਇਦ ਸਾਡੇ
ਵਰਗੇ ਸਾਧਾਰਨ ਬੰਦਿਆਂ ਦੀ ਹੋਣੀ ਨਾ ਵੀ ਹੋਵੇ ਤਦ ਵੀ ਹਨੇਰੇ ਵਿਚ ਗੁੰਮੇ-ਗਵਾਚੇ ਇਸ ਰਾਹ
ਉੱਤੇ ਆਪਣੇ ਅਧਿਅਨ, ਤਜਰਬੇ ਤੇ ਕਲਪਨਾ ਦੇ ਆਧਾਰ ‘ਤੇ ਆਪਣੀ ਸੀਮਤ ਸਮਰੱਥਾ ਅਨੁਸਾਰ ਕੁਝ ਨਾ
ਕੁਝ ਰੌਸ਼ਨੀ ਤਾਂ ਪਾਈ ਹੀ ਜਾ ਸਕਦੀ ਹੈ। ਹਰਜੀਤ ਨੇ ਰੌਸ਼ਨੀ ਦੀਆਂ ਇਹ ਕਾਤਰਾਂ ਆਪਣੇ
ਚੌਗਿਰਦੇ ਵਿਚ ਰਹਿੰਦੇ, ਮਿਲਦੇ ਚੰਗੇ ਲੋਕਾਂ ਦੇ ਵਿਹਾਰ ਵਿਚੋਂ ਲੱਭ ਕੇ ਉਹਨਾਂ ਲੋਕਾਂ ਦੀ
ਚੰਗਿਆਈ ਨੂੰ ਵੀ ਨਮਸਕਾਰ ਕੀਤਾ ਹੈ ਤੇ ਉਸ ਰੌਸ਼ਨੀ ਨੂੰ ਪਾਠਕ ਦੀ ਚੇਤਨਾ ਵਿਚ ਜਗਾਉਣ ਦੀ
ਸੁਚੱਜੀ ਸਾਹਿਤਕ ਕੋਸਿ਼ਸ਼ ਵੀ ਕੀਤੀ ਹੈ। ਇਸ ਕੋਸਿ਼ਸ਼ ਵਿਚੋਂ ਲੇਖਕ ਦੀ ਪਾਕ-ਪਵਿੱਤਰ ਰੂਹ
ਦੇ ਵੀ ਦੀਦਾਰ ਹੁੰਦੇ ਹਨ ਕਿਉਂਕਿ ਸੰਪਰਕ ਵਿਚ ਆਏ ਚੰਗੇ ਲੋਕਾਂ ਦੀ ਚੰਗਿਆਈ ਨੂੰ ਮਾਨਤਾ
ਦੇਣੀ ਅੱਜ ਦੇ ਬਹੁ-ਗਿਣਤੀ ਅਕ੍ਰਿਤਘਣ ਬੰਦਿਆਂ ਦਾ ਸ਼ੇਵਾ ਨਹੀਂ ਰਹਿ ਗਿਆ। ਇੰਝ ਇਸ ਲਿਖਤ
ਦੀ ਇਹ ਖ਼ੂਬਸੂਰਤੀ ਤਾਂ ਹੈ ਹੀ ਜੋ ਦੱਸਦੀ ਹੈ ਕਿ ‘ਕਲਜੁਗ’ ਆਖੇ ਜਾਣ ਵਾਲੇ ਜੁਗ ਵਿਚ ਵੀ
‘ਸਤਿਜੁਗੀ’ ਬੰਦਿਆਂ ਦਾ ਕਦੀ ਕਾਲ ਨਹੀਂ ਪੈਂਦਾ। ਇਹਨਾਂ ‘ਰੇਖਾ-ਚਿਤ੍ਰਾਂ’ ਵਿਚਲੇ ਨੇਕ
ਬੰਦਿਆਂ ਨੂੰ ‘ਮਿਲਦਿਆਂ’ ਪਾਠਕ ਦੇ ਮਨ ਦੀ ਮੈਲ ਧੁਪਦੀ ਹੈ। ਇਹੋ ਹੀ ਚੰਗੇ ਸਾਹਿਤ ਦਾ
ਕਰਤੱਵ ਹੈ। ਪੁਸਤਕ ਏਨੀ ਆਤਮੀਅਤਾ ਅਤੇ ਹੁਨਰਮੰਦੀ ਨਾਲ ਲਿਖੀ ਹੈ ਕਿ ਪਾਠਕ ਦਾ ਇਸਨੂੰ
ਇਕੋ-ਸਾਹੇ ਪੜ੍ਹ ਜਾਣ ਨੂੰ ਚਿੱਤ ਕਰਦਾ ਹੈ।
ਗੁਰਬਖ਼ਸ਼ ਸਿੰਘ ਭੰਡਾਲ ਵਿਗਿਆਨ ਦਾ ਅਧਿਆਪਕ ਤੇ ਸੰਵੇਦਨਸ਼ੀਲ ਸ਼ਾਇਰ ਵੀ ਹੈ। ਇਸਤੋਂ
ਇਲਾਵਾ ਵਾਰਤਕ ਲੇਖਣ ਦੇ ਨਾਲ-ਨਾਲ ਕਨੇਡਾ ਵਿਚ ਪੱਤਰਕਾਰੀ ਵੀ ਕਰ ਰਿਹਾ ਹੈ। ਇਸ ਲਈ ਉਸਦੀ
ਵਾਰਤਕ ਵਿਚ ਇਹ ਸਾਰੇ ਰੰਗ ਘੁਲੇ-ਮਿਲੇ ਹਨ। ਜਿੱਥੇ ਉਸਨੇ ਵਿਗਿਆਨਕ ਵਿਸਿ਼ਆਂ ਬਾਰੇ
ਸਿਰਜਾਣਤਮਕ ਤੇ ਸੁਹਜਾਤਮਕ ਜਾਣਕਾਰੀ ਦੇ ਕੇ ਇਸ ਖ਼ੇਤਰ ਵਿਚ ਹੁਣ ਤੱਕ ਹੋਏ ਨਾਂ-ਗਿਨਾਉਣੇ
ਕੰਮ ਵਿਚ ਸਾਰਥਕ ਯੋਗਦਾਨ ਪਾਇਆ ਹੈ ਓਥੇ ਉਸਨੇ ਸ਼ਾਇਰਾਨਾ ਅੰਦਾਜ਼ ਵਿਚ ਜੀਵਨ ਦੇ ਵਿਭਿੰਨ
ਕੋਨਿਆਂ ਬਾਰੇ ਸੰਵੇਦਨਸ਼ੀਲ ਝਾਤ ਪਾਉਂਦਿਆਂ ਇਕ ਸੁਲਝੇ ਹੋਏ ਵਾਰਤਕ ਲੇਖਕ ਵਜੋਂ ਆਪਣੀ
ਵੱਖਰੀ ਲਿਖਣ-ਸ਼ੈਲੀ ਨਾਲ ਵੀ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਉਹ ਛੋਟੇ-ਛੋਟੇ ਅਰਥਵਾਨ ਵਾਕ
ਲਿਖਦਾ ਹੈ ਜਿਨ੍ਹਾਂ ਵਿਚ ਜਿ਼ੰਦਗੀ ਦੀਆਂ ਅਟੱਲ ਸਚਾਈਆਂ ਵੀ ਹੁੰਦੀਆਂ ਨੇ, ਵਰਤਮਾਨ ਨੂੰ
ਸਮਝਣ ਤੇ ਇਸ ਨਾਲ ਨਜਿੱਠਣ ਦੀ ਸੋਝੀ ਵੀ ਹੁੰਦੀ ਹੈ ਅਤੇ ਭਵਿੱਖ ਦੇ ਸੁਪਨੇ ਤੇ
ਆਸਾਂ-ਉਮੰਗਾਂ ਵੀ ਹੁੰਦੀਆਂ ਹਨ। ਉਹਦੀ ਵਾਰਤਕ ਵਿਚ ਕਵਿਤਾ ਦੀ ਆਤਮਾ ਘੁਲੀ ਹੁੰਦੀ ਹੈ। ਇਕ
ਕੇਂਦਰੀ ਨੁਕਤੇ ਨੂੰ ਲੈ ਕੇ ਭੰਡਾਲ ਉਹਦੀਆਂ ਕਈ ਪਰਤਾਂ ਖੋਲ੍ਹਦਾ ਹੈ। ਇਹਨਾਂ ਪਰਤਾਂ ਦੇ
ਖੁੱਲ੍ਹਦਿਆਂ ਪਾਠਕ ਅੱਗੇ ਜਿ਼ੰਦਗੀ ਦੇ ਕਈ ਝਰੋਖੇ਼ ਵੀ ਖੁੱਲ੍ਹਦੇ ਹਨ, ਉਹਦੇ ਸੁਹਜ ਦੀ
ਤ੍ਰਿਪਤੀ ਵੀ ਹੁੰਦੀ ਹੈ। ਖਿ਼ਆਲ ਦੀ ਡੁੰਘਾਈ ਤੇ ਪੇਸ਼ਕਾਰੀ ਦੀ ਕਾਵਿਕ-ਪਰਵਾਜ਼ ਵਿਚ
ਸੰਤੁਲਨ ਕਾਇਮ ਰੱਖ ਕੇ ਉਸਨੇ ਪੰਜਾਬੀ ਵਾਰਤਕ ਦੇ ਵਰਤਮਾਨ ਇਤਿਹਾਸ ਵਿਚ ਆਪਣਾ ਨਾਂ-ਥਾਂ
ਪੱਕਾ ਕਰ ਲਿਆ ਹੈ। ਪਿਛਲੇ ਇਕ ਦਹਾਕੇ ਵਿਚ ਉਸਨੇ ਸੁਪਨਿਆਂ ਦੀ ਜੂਹ, ਰੰਗਾਂ ਦਾ ਦਰਿਆ,
ਅਸੀਸ ਤੇ ਆਸਥਾ, ਵਿਗਿਆਨ ਦੇ ਪਾਂਧੀ, ਵਿਗਿਆਨ ਦੇ ਪਾਸਾਰ, ਘਰ ਅਰਦਾਸ ਕਰੇ, ਪਰਵਾਸੀ
ਪੈੜਾਂ, ਸੂਰਜ ਦੀ ਦਸਤਕ ਜਿਹੀਆਂ ਮਹੱਤਵਪੂਰਨ ਵਾਰਤਕ ਪੁਸਤਕਾਂ ਦੀ ਰਚਨਾ ਕੀਤੀ ਹੈ।
ਗੁਰਦੇਵ ਚੌਹਾਨ ਪੰਜਾਬੀ ਕਵਿਤਾ ਦਾ ਜਾਣਿਆਂ-ਪਛਾਣਿਆਂ ਨਾਂ ਹੈ। ਕਵਿਤਾ ਦੇ ਨਾਲ ਨਾਲ ਉਸਨੇ
ਬੜੀ ਮੁੱਲਵਾਨ ਵਾਰਤਕ ਵੀ ਲਿਖੀ ਹੈ। ਉਹਦੀ ਵਾਰਤਕ ਵਿਚ ਪੰਜਾਬੀ ਜੀਵਨ ਦੀ ਝਲਕੀਆਂ ਵੀ ਹਨ
ਤੇ ਕਨੇਡੀਅਨ ਜੀਵਨ ਦਾ ਦਿਲਚਸਪ ਬਿਰਤਾਂਤ ਵੀ। ਉਸਨੂੰ ਫਿ਼ਕਰਾ ਲਿਖਣ ਦਾ ਹੁਨਰ ਆਉਂਦਾ ਹੈ।
ਉਹਦੀਆਂ ਲਿਖਤਾਂ ਵਿਚ ਵਿਅੰਗ ਦੀ ਬੜੀ ਸੂਖ਼ਮ ਛੁਹ ਹੁੰਦੀ ਹੈ ਜਿਸਨੂੰ ਸਮਝਦਾਰ ਪਾਠਕ ਦੀ
ਮੰਦ ਮੰਦ ਮੁਸਕਰਾਹਟ ਹੁੰਗਾਰਾ ਭਰਦੀ ਰਹਿੰਦੀ ਹੈ। ਮਸਲਿਆਂ ਤੇ ਮੁੱਦਿਆਂ ਨੂੰ ਫ਼ਲਸਫ਼ੀ
ਅੰਦਾਜ਼ ਵਿਚ ਵੇਖਣ ਤੇ ਵਾਚਣ ਦਾ ਨਜ਼ਰੀਆ ਉਹਦੀਆਂ ਵਾਰਤਕ ਲਿਖਤਾਂ ਦਾ ਇਕ ਹੋਰ ਜਿ਼ਕਰਯੋਗ
ਲੱਛਣ ਹੈ।
ਸੌਦਾਗਰ ਸਿੰਘ ਬਰਾੜ ਨੇ ‘ਢਾਈ ਸਦੀਆਂ ਦਾ ਪਿੰਡ’ ਨਾਂ ਦੀ ਪੁਸਤਕ ਵਿਚ ਆਪਣੇ ਪਿੰਡ ਰੋਡੇ
ਲੰਡੇ ਦੇ ਇਤਿਹਾਸ, ਜੁਗਰਾਫ਼ੀਏ ਤੇ ਸਭਿਆਚਾਰ ਦਾ ਸੰਗਠਿਤ ਬਿੰਬ ਪ੍ਰਸਤੁਤ ਕਰਕੇ ਇਕ ਵੱਡੀ
ਘਾਲਣਾ ਘਾਲੀ ਹੈ। ਅਜਿਹਾ ਕੰਮ ਕਦੀ ਭਾਸ਼ਾ ਵਿਭਾਗ ਨੇ ਸ਼ੁਰੂ ਕੀਤਾ ਸੀ ਤੇ ਪੰਜਾਬ ਦੇ ਕੁਝ
ਮਹੱਤਵਪੂਰਨ ਪਿੰਡਾਂ ਦੇ ਇਤਿਹਾਸ ਤੇ ਜੀਵਨ ਦਾ ਸਰਵੇਖਣ ਕਰਨ ਉਪਰੰਤ ਉਸਨੂੰ ਪੁਸਤਕ ਰੂਪ ਵਿਚ
ਵੀ ਪ੍ਰਕਾਸਿ਼ਤ ਕੀਤਾ ਸੀ। ਇਸ ਲਿਹਾਜ਼ ਨਾਲ ਸੌਦਾਗਰ ਸਿੰਘ ਬਰਾੜ ਦਾ ਕੰਮ ਕਿਸੇ ਸੰਸਥਾ
ਵੱਲੋਂ ਕੀਤੇ ਕੰਮ ਦੇ ਬਰਾਬਰ ਹੈ। ਸਗੋਂ ਇਸ ਲਿਖਤ ਵਿਚ ਲੇਖਕ ਦੀ ਨਿੱਜਤਾ ਦੀ ਛੂਹ ਨੇ
ਇਸਨੂੰ ਵਧੇਰੇ ਪ੍ਰਮਾਣਿਕ, ਆਤਮੀਯ ਤੇ ਪੜ੍ਹਨਯੋਗ ਬਣਾਉਣ ਵਿਚ ਵੀ ਯਥਾਯੋਗ ਹਿੱਸਾ ਪਾਇਆ ਹੈ।
ਕੈਲਗਰੀ ਵਿਚ ਰਹਿੰਦੀ ਗੁਰਚਰਨ ਕੌਰ ਥਿੰਦ ਦੀ ਹੁਣੇ ਛਪੀ ਪੁਸਤਕ ‘ਪਿੱਪਲਾਂ ਦੀ ਠੰਡੀ ਠੰਡੀ
ਛਾਂ’ ਵਿਚ ਕਨੇਡਾ ਵਿਚ ਵੱਸਦੇ ਪੰਜਾਬੀਆਂ ਬਾਰੇ, ਉਹਨਾਂ ਦੀਆਂ ਨਿੱਤ ਦੀਆਂ ਸਮੱਸਿਆਵਾਂ
ਬਾਰੇ, ਉਹਨਾਂ ਦੀ ਜੀਵਨ-ਸ਼ੈਲੀੇ, ਉਹਨਾਂ ਦੀਆਂ ਅਕਾਂਖਿਆਵਾਂ ਬਾਰੇ ਸੂਚਨਾਤਮਕ ਜਾਣਕਾਰੀ
ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਕਨੇਡਾ ਜਾਣ ਦੀ ਖ਼ਾਹਿਸ਼ ਰੱਖਣ ਵਾਲੇ ਪੰਜਾਬੀਆਂ ਲਈ
ਬੜੀ ਲਾਹੇਵੰਦੀ ਹੈ। ਥਿੰਦ ਪਰਵਾਸੀ ਪੰਜਾਬੀਆਂ ਨਾਲ ਜੁੜੇ ਇੱਕ ਇੱਕ ਮਸਲੇ ਨੂੰ ਲੈਂਦੀ ਹੈ;
ਗੱਲ-ਬਾਤੀ ਅੰਦਾਜ਼ ਵਿਚ ਪਾਠਕਾਂ ਨਾਲ ਨੇੜਲੀ ਸਾਂਝ ਪਾ ਕੇ ਬੜੀ ਸਹਿਜਤਾ ਤੇ ਸੁਚੱਜਤਾ ਨਾਲ
ਹਕੀਕੀ ਸੱਚ ਦੀ ਸੋਝੀ ਦੇਈ ਜਾਂਦੀ ਹੈ।
ਪਿਛਲੇ ਸਾਲ ਇਕ ਛਪੀ ਇਕ ਹੋਰ ਵਾਰਤਕ-ਪੁਸਤਕ ਸਾਡਾ ਧਿਆਨ ਖਿੱਚਦੀ ਹੈ। ਇਸ ਵਿਚ ਸਤਵੰਤ ਸਿੰਘ
ਦੇ ਲਿਖੇ ਸੱਤ ਸਫ਼ਰਨਾਮਿਆਂ ਦਾ ਬਿਰਤਾਂਤ ਦਰਜ ਹੈ। ਸਤਵੰਤ ਸਿੰਘ ਨੇ ਵੀ ਕਨੇਡਾ ਵਿਚ ਜਾ ਕੇ
ਲਿਖਣ-ਕਾਰਜ ਆਰੰਭਿਆ ਹੈ ਤੇ ਲਿਖੇ ਵੀ ਕੇਵਲ ਸਫ਼ਰਨਾਮੇ ਹੀ ਹਨ। ਇਸ ਪੁਸਤਕ ਵਿਚ ਉਹਦੀਆਂ ਇਹ
ਯਾਤਰਾਵਾਂ ਸ਼ਾਮਲ ਹਨ: 1997 ਵਿੱਚ ਕੈਨੇਡਾ ਦੇ ਤਿੰਨ ਪ੍ਰਾਂਤਾਂ ਦੀ ਵੈਨ ਯਾਤਰਾ, 2002
ਵਿੱਚ ਯੂਰਪ ਦੇ ਅੱਠ ਦੇਸ਼ਾਂ ਦੀ ਯਾਤਰਾ, 2004 ਵਿੱਚ ਪਾਕਿਸਤਾਨ ਤੇ ਪਟਨਾ ਸਾਹਿਬ ਦੀ
ਯਾਤਰਾ, 2006 ਵਿੱਚ ਚੀਨ ਤੇ ਵੈਨਕੂਵਰ ਦੀ ਯਾਤਰਾ, 2008 ਵਿੱਚ ਰਾਜਸਥਾਨ ਅਤੇ ਗਵਾਲੀਅਰ ਦੀ
ਯਾਤਰਾ, 2009 ਵਿੱਚ ਅੰਡੇਮਾਨ ਨਿਕੋਬਾਰ, ਕੈਰਲ, ਮਦਰਾਸ, ਕੋਲਕਾਟਾ ਦੀ ਯਾਤਰਾ। ਪੰਜਾਬੀ ਦੇ
ਬਹੁਤੇ ਸਫ਼ਰਨਾਮੇਂ ਤਾਂ ਕਿਸੇ ਲੇਖਕ ਦਾ ਮਹਿਜ਼ ਕਿਸੇ ਦੂਜੇ ਥਾਂ ਜਾਂ ਦੂਜੇ ਮੁਲਕ ਵਿਚ ਜਾਣ
ਦਾ ਯਾਤਰਾ-ਬਾਹਰਾ ਕੋਈ ਸਬੱਬ ਬਣ ਜਾਣ ਦਾ ਪ੍ਰਤੀਫ਼ਲ ਹਨ। ਇਹਨਾਂ ਸਫ਼ਰਨਾਮਾ ਲੇਖਕਾਂ ਦਾ
ਖ਼ਰਚਾ ਵੀ ਉਹਨਾਂ ਨੂੰ ਬੁਲਾਉਣ ਜਾਂ ਲੈ ਕੇ ਜਾਣ ਵਾਲੀਆਂ ਸੰਸਥਾਵਾਂ ਤੇ ਅਦਾਰੇ ਜਾਂ ਉਹਨਾਂ
ਦੇ ਨਿੱਜੀ ਸੰਬੰਧੀ ਜਾਂ ਯਾਰ-ਬੇਲੀ ਹੀ ਕਰਦੇ ਹਨ ਜਾਂ ਇਹ ਖ਼ਰਚਾ ਉਹਨਾਂ ਨੂੰ ਆਪਣੀ ਕਿਸੇ
ਲੋੜ ਜਾਂ ਮਜਬੂਰੀ ‘ਚੋਂ ਕਰਨਾ ਪੈਂਦਾ ਹੈ। ਪਰ ਸਤਵੰਤ ਸਿੰਘ ਦੁਆਰਾ ਕੀਤੀਆਂ ਬਹੁਤੀਆਂ
ਯਾਤਰਾਵਾਂ ਉਸਦੀ ਸਵੈਇੱਛਾ ਨਾਲ ਕੀਤੀਆਂ ਗਈਆਂ ਹਨ। ਇਹ ਯਾਤਰਾਵਾਂ ਉਸ ਦੁਆਰਾ ਉਲੀਕੀਆਂ ਤੇ
ਆਪਣੇ ਖ਼ਰਚੇ ‘ਤੇ ਕੀਤੀਆਂ ਗਈਆਂ ਹਨ। ਇਥੋਂ ਤੱਕ ਕਿ ਇਕ ਯਾਤਰਾ ਪੂਰੀ ਕਰਨ ਪਿੱਛੋਂ ਉਹ
ਆਪਣੀ ਅਗਲੀ ਯਾਤਰਾ ਦਾ ਪ੍ਰੋਗਰਾਮ ਵੀ ਉਲੀਕੀ ਬੈਠਾ ਹੁੰਦਾ ਹੈ। ਇਹ ਸਭ ਕੁਝ ਸਾਬਤ ਕਰਦਾ ਹੈ
ਕਿ ਉਸ ਅੰਦਰ ਨਵੇਂ ਮੁਲਕ ਤੇ ਨਵੀਆਂ ਥਾਵਾਂ ਨੂੰ ਵੇਖਣ ਦੀ ਰੀਝ ਹਰ ਸਮੇਂ ਕਲਵਲ ਕਰਦੀ
ਰਹਿੰਦੀ ਹੈ। ਇਸੇ ਰੀਝ ਦੀ ਪੂਰਤੀ ਲਈ ਉਹ ਥੋੜੇ ਥੋੜੇ ਸਮੇਂ ਬਾਅਦ ਕਿਸੇ ਨ ਕਿਸੇ ਯਾਤਰਾ
ਮੁਹਿੰਮ ‘ਤੇ ਤੁਰਿਆ ਰਹਿੰਦਾ ਹੈ। ਪੰਜਾਬੀ ਸਫ਼ਰਨਾਮਾ ਲੇਖਕਾਂ ਵਿਚ ਅਜਿਹੇ ਸਮਰਪਣ ਭਾਵ
ਵਾਲਾ ਯਾਤਰੀ ਕੋਈ ਵਿਰਲਾ ਵਾਂਝਾ ਹੀ ਨਜ਼ਰ ਆਉਂਦਾ ਹੈ। ਦੁਨੀਆਂ ਨੂੰ ਗਾਹੁਣ, ਜਾਨਣ-ਸਮਝਣ
ਦੀ ਇਸ ਰੀਝ ਪਿੱਛੇ ਬੁਨਿਆਦੀ ਪ੍ਰੇਰਕ ਜਿੱਥੇ ਉਹਨਾਂ ਵਿਸ਼ੇਸ਼ ਭੁਗੋਲਿਕ ਖਿੱਤਿਆਂ ਦੀ
ਇਤਿਹਾਸਕ, ਧਾਰਮਿਕ ਜਾਂ ਸਭਿਆਚਾਰਕ ਮਹੱਤਤਾ ਦੀ ਜਾਣਕਾਰੀ ਹਾਸਲ ਕਰਨਾ ਹੈ ਓਥੇ ਪ੍ਰਕਿਤੀ ਦਾ
ਆਨੰਦ ਮਾਨਣ ਦੀ ਅਭਿਲਾਸ਼ਾ ਵੀ, ਨਵੀਆਂ ਯਾਤਰਾਵਾਂ ‘ਤੇ ਤੋਰਨ ਲਈ; ਉਸ ਅੰਦਰ ਸਦਾ ਤਰੰਗਾਂ
ਛੇੜਦੀ ਰਹਿੰਦੀ ਹੈ। ਸਤਵੰਤ ਸਿੰਘ ਦੀ ਇਸ ਲੇਖਕੀ ਵਿਸ਼ੇਸ਼ਤਾ ਕਰਕੇ ਹੀ ਪਾਠਕ ਉਸ ਨਾਲ ਬੱਝਾ
ਤੁਰਿਆ ਜਾਂਦਾ ਹੈ। ਖ਼ੂਬਸੂਰਤ ਭੂ-ਦ੍ਰਿਸ਼, ਪਹਾੜ, ਝਰਨੇ, ਦਰਿਆ, ਸਮੁੰਦਰ, ਝੀਲਾਂ,
ਕਿਲ੍ਹੇ, ਮਾਰੂਥਲ, ਹਰਿਆਲੇ ਮੈਦਾਨ, ਬਰਫ਼ ਨਾਲ ਢੱਕਿਆ ਆਲਾ-ਦੁਆਲਾ ਤੇ ਹੋਰ ਕਿੰਨਾਂ ਕੁਝ
ਵੇਖਦਾ ਤਾਂ ਲੇਖਕ ਹੈ ਪਰ ਪਾਠਕ ਘਰ ਬੈਠਾ ਸਾਰੀ ਫਿ਼ਲਮ ਆਪਣੀਆਂ ਅੱਖਾਂ ਤੇ ਰੂਹ ਵਿਚ ਉਤਾਰੀ
ਜਾਂਦਾ ਹੈ। ਲੇਖਕ ਜਿੱਥੇ ਵੀ ਜਾਂਦਾ ਹੈ ਉਥੋਂ ਦੇ ਇਤਿਹਾਸ, ਭੁਗੋਲ, ਸਭਿਆਚਾਰ ਆਦਿ ਬਾਰੇ
ਕੀਮਤੀ ਜਾਣਕਾਰੀ ਵੀ ਪਾਠਕਾਂ ਨਾਲ ਸਾਂਝੀ ਕਰਦਾ ਜਾਂਦਾ ਹੈ। ਸਮੁੱਚੀ ਲਿਖਤ ਦਾ ਪਾਠ ਕਰਨ
ਉਪਰੰਤ ਪਾਠਕ ਮਹਿਸੂਸ ਕਰਦਾ ਹੈ ਕਿ ਲਿਖਤ ਪੜ੍ਹਨ ਤੋਂ ਪਹਿਲਾਂ ਜੋ ਕੁਝ ਉਹ ਸੀ, ਹੁਣ ਉਹ
'ਉਹ' ਨਹੀਂ ਰਹਿ ਗਿਆ। ਉਸ ਅੰਦਰ ਕੁਝ ਨਵਾਂ ਜੁੜ ਗਿਆ ਹੈ। ਉਹ ਪਹਿਲਾਂ ਨਾਲੋਂ ਮਾਨਸਿਕ ਤੇ
ਬੌਧਿਕ ਤੌਰ ਤੇ ਅਮੀਰ ਹੋ ਗਿਆ ਹੈ। ਉਸਦੀ ਸੋਚ ਦਾ ਦਿਸਹੱਦਾ ਵਿਸ਼ਾਲ ਹੋਇਆ ਹੈ। ਜਿਹੜੀਆਂ
ਥਾਵਾਂ ਪਾਠਕ ਨੇ ਵੇਖੀਆਂ ਨਹੀਂ ਪਰ ਕਿਸੇ ਨਾ ਕਿਸੇ ਕਾਰਨ ਉਹਨਾਂ ਨੂੰ ਵੇਖਣ ਦੀ ਇੱਛਾ ਉਹਦੇ
ਮਨ ਵਿਚ ਲੁਕੀ ਹੋਈ ਹੈ ਸਤਵੰਤ ਸਿੰਘ ਉਹਨੂੰ ਆਪਣੇ ਨਾਲ ਤੋਰ ਕੇ ਓਥੇ ਲੈ ਜਾਂਦਾ ਹੈ; ਉਹਨਾਂ
ਥਾਵਾਂ ਦਾ ਇਤਿਹਾਸ ਵੀ ਸੁਣਾਉਂਦਾ ਹੈ, ਹੋਰ ਜਾਣਕਾਰੀ ਵੀ ਦਿੰਦਾ ਹੈ ਤੇ ਸਭ ਤੋਂ ਵੱਧ
ਸਮਭਾਵੀ ਪਾਠਕ ਦੀ ਰੂਹ ਨੂੰ ਤ੍ਰਿਪਤ ਵੀ ਕਰਦਾ ਹੈ। ਇੰਜ ਹੀ ਭਾਵੇਂ ਚੀਨ ਦੀ ਦੀਵਾਰ ਹੋਵੇ,
ਭਾਵੇਂ ਦੱਖਣ ਦੇ ਮੰਦਰ ਤੇ ਭਾਰਤ ਦਾ ਆਖ਼ਰੀ ਸਿਰਾ ਕੰਨਿਆਂ ਕੁਮਾਰੀ, ਭਾਵੇਂ ਰਾਜਸਥਾਨ ਦੇ
ਕਿਲ੍ਹੇ ਤੇ ਉਹਨਾਂ ਨਾਲ ਜੁੜਿਆ ਇਤਿਹਾਸ ਤੇ ਹੋਰ ਕਿੰਨਾ ਕੁਝ ਪੰਜਾਬੀ ਪਾਠਕ ਨੇ ਪਹਿਲਾਂ ਹੀ
ਪੜ੍ਹ-ਸੁਣ ਰੱਖਿਆ ਹੈ। ਉਹਨਾਂ ਦਾ ਕਾਲਪਨਿਕ ਨਕਸ਼ਾ ਵੀ ਉਸਨੇ ਮਨ ਵਿਚ ਬਣਾਇਆ ਹੁੰਦਾ ਹੈ।
ਸਤਵੰਤ ਸਿੰਘ ਆਪਣੇ ਬਿਆਨ ਰਾਹੀਂ ਉਸਦੇ ਕਾਲਪਨਿਕ ਨਕਸ਼ੇ ਵਿਚ ਰੰਗ ਭਰਦਾ ਹੈ। ਕੁਝ ਥਾਵਾਂ
ਦਾ ਜਿ਼ਕਰ ਕਰਦਿਆਂ ਇਤਿਹਾਸ ਦੀਆਂ ਡੂੰਘੀਆਂ ਪਰਤਾਂ ਫਰੋਲਦਾ ਉਹ ਪਾਠਕ ਦੀ ਸੰਵੇਦਨਾ ਨੂੰ
ਝੂਣਦਾ ਹਲੂਣਦਾ ਹੈ। ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੀ ਯਾਤਰਾ ਕਰਦਿਆਂ ਉਹ ਸਾਡੇ ਆਜ਼ਾਦੀ
ਸੰਗਰਾਮ ਦੇ ਮਹਾਨ ਯੋਧਿਆਂ ਨੂੰ ਖ਼ਰਾਜ-ਏ-ਅਕੀਦਤ ਭੇਟ ਕਰਦਾ ਹੈ ਤਾਂ ਪਾਠਕ ਇਤਿਹਾਸ ਦੇ ਉਸ
ਵਿਸ਼ੇਸ਼ ਕਾਲ-ਖੰਡ ਸਾਹ ਲੈਂਦਾ ਮਹਿਸੂਸ ਕਰਦਾ ਹੈ।
ਇਹ ਵੀ ਠੀਕ ਹੈ ਕਿ ਕਿਸੇ ਵੀ ਵੇਖਣਯੋਗ ਇਮਾਰਤ, ਕਿਲ੍ਹੇ ਜਾਂ ਇਤਿਹਾਸਕ ਸਥਾਨ ਦੀ ਜਾਣਕਾਰੀ
ਤਾਂ ਅੱਜ ਕੱਲ੍ਹ ਇੰਟਰਨੈੱਟ ਤੋਂ ਵੀ ਪ੍ਰਾਪਤ ਹੋ ਜਾਂਦੀ ਹੈ ਤੇ ਕਿਹਾ ਜਾ ਸਕਦਾ ਹੈ ਕਿ
ਅਜਿਹੀ ਜਾਣਕਾਰੀ ਦੇਣ ਵਾਲੇ ਅਜਿਹੇ ਸਫ਼ਰਨਾਮੇ ਲਿਖੇ ਜਾਣਾ ਕਿਹੜੀ ਵਿਸ਼ੇਸ਼ ਪ੍ਰਾਪਤੀ ਹੈ।
ਸਤਵੰਤ ਸਿੰਘ ਦੇ ਸਫ਼ਰਨਾਮਿਆਂ ਵਿਚ ਕੇਵਲ ਸੰਬੰਧਤ ਥਾਵਾਂ ਤੋਂ ਮਿਲਦੇ ਪੈਫ਼ਲਿਟਾਂ ਤੋਂ
ਪੜ੍ਹ ਕੇ ਦਿੱਤਾ ਰੁੱਖਾ ਜਿਹਾ ਗਿਆਨ ਨਹੀਂ ਹਨ। ਉਸਦਾ ਚੱਲ-ਚਿਤ੍ਰ ਵਰਗਾ ਬਿਰਤਾਂਤ ਵਧੇਰੇ
ਸਜਿੰਦ ਹੈ; ਅੱਖਾਂ ਤੇ ਰੂਹ ਨੂੰ ਵਧੇਰੇ ਤਸਕੀਨ ਦੇਣ ਵਾਲਾ। ਇਸ ਬਿਰਤਾਂਤ ਵਿਚ ਉਸਦਾ ਆਪਣਾ
ਨਿੱਜ, ਆਪਣਾ ਮੱਤ, ਆਪਣਾ ਸਵਾਦ ਤੇ ਆਪਣੀ ਨਜ਼ਰ ਵੀ ਸ਼ਾਮਲ ਹੈ। ਇਹ ਸਾਰਾ ਕੁਝ ਮਿਲ ਕੇ
ਲਿਖਤ ਨੂੰ ਪੜ੍ਹਨ ਯੋਗ ਤੇ ਯਾਦ ਰੱਖਣ ਯੋਗ ਰਚਨਾ ਬਣਾ ਦਿੰਦੇ ਹਨ। ਮੇਰੇ ਖਿ਼ਆਲ ਵਿਚ ਸਤਵੰਤ
ਸਿੰਘ ਪੰਜਾਬੀ ਦਾ ਪਹਿਲਾ ਸਫ਼ਰਨਾਮਾ ਲੇਖਕ ਹੈ ਜਿਸਨੇ ਏਨੇ ਮੁਲਕਾਂ ਤੇ ਏਨੇ ਥਾਵਾਂ ਦੀ
ਯਾਤਰਾ ਕੀਤੀ ਤੇ ਉਸਦਾ ਹਾਲ-ਹਵਾਲ ਲਿਖਿਆ।
ਕਿਰਪਾਲ ਸਿੰਘ ਪੰਨੂੰ ਨੇ ਕੰਪਿਊਟਰ ਦਾ ਵਿਸੇਸ਼ੱਗ ਹੈ ਅਤੇ ਅਜੇ ਪਿਛਲੇ ਸਾਲ ਹੀ ਉਸਦੀ
ਪੁਸਤਕ ‘ਆਓ ਕੰਪਿਊਟਰ ਸਿੱਖੀਏ’ ਪ੍ਰਕਾਸਿ਼ਤ ਹੋਈ ਹੈ। ਭਾਵੇਂ, ਜਿਵੇਂ ਨਾਂ ਤੋਂ ਹੀ ਜ਼ਾਹਿਰ
ਹੈ, ਇਹ ਤਕਨੀਕੀ ਵਿਸ਼ੇ ਨਾਲ ਸੰਬੰਧਤ ਪੁਸਤਕ ਹੈ ਪਰ ਪੰਨੂੰ ਦੀ ਵਿਸ਼ੇਸ਼ਤਾ ਹੈ ਕਿ ਉਹ
ਤਕਨੀਕੀ ਵਿਸ਼ੇ ਨੂੰ ਪੇਸ਼ ਕਰਦਿਆਂ ਵੀ ਆਪਣੀ ਵਾਰਤਕ ਵਿਚ ਸਿਰਜਣਾ ਦਾ ਰੰਗ ਭਰਨੋਂ ਨਹੀਂ
ਉੱਕਦਾ। ਇਸਤੋਂ ਇਲਾਵਾ ਵੀ ਪੰਨੂੰ ਅਕਸਰ ਸਾਹਿਤਕ ਜਾਂ ਸਮਾਜਿਕ ਮਸਲਿਆਂ ਬਾਰੇ ਚੰਗੀ ਵਾਰਤਕ
ਲਿਖਦਾ ਰਹਿੰਦਾ ਹੈ।
ਇਹਨਾਂ ਪੁਸਤਕਾਂ ਦੇ ਲੇਖਕਾਂ ਤੋਂ ਇਲਾਵਾ ਕਨੇਡਾ ਵਿਚ ਬਹੁਤ ਸਾਰੇ ਅਜਿਹੇ ਲੇਖਕ ਵੀ ਹਨ
ਜਿਨ੍ਹਾਂ ਦੀ ਭਾਵੇਂ ਕੋਈ ਵਾਰਤਕ-ਪੁਸਤਕ ਅਜੇ ਛਪੀ ਨਹੀਂ ਪਰ ਉਹਨਾਂ ਨੇ ਵੱਖ ਵੱਖ ਸਮੇਂ ‘ਤੇ
ਵੱਖ ਵੱਖ ਸਾਹਿਤਕ ਪਰਚਿਆਂ ਤੇ ਅਖ਼ਬਾਰਾਂ ਵਿਚ ਸਿਰਜਣਾਤਮਕ ਵਾਰਤਕ ਲਿਖ ਕੇ ਆਪਣੀ ਚੰਗੀ
ਪਛਾਣ ਬਣਾਈ ਹੈ। ਇਹਨਾਂ ਵਿਚ ਕੁਲਵਿੰਦਰ ਖਹਿਰਾ ਦਾ ਨਾਂ ਵਿਸ਼ੇਸ਼ ਜਿ਼ਕਰਯੋਗ ਹੈ। ਮਾਸਿਕ
‘ਸੀਰਤ’ ਵਿਚ ਛਪੇ ਉਹਦੀ ਆਪਣੀ ਨਾਨੀ, ਆਪਣੇ ਚਾਚੇ ਸਵਰਗਵਾਸੀ ਸ਼ਾਇਰ ਨਰਜੀਤ ਖਹਿਰਾ ਬਾਰੇ
ਲਿਖੇ ਰੇਖਾ-ਚਿਤ੍ਰਾਂ ਵਿਚ ਉਸਨੇ ਆਪਣੀ ਵਿਸ਼ੇਸ਼ ਲਿਖਣ-ਸ਼ੈਲੀ ਨਾਲ ਅਜਿਹੇ ਰੰਗ ਭਰੇ ਹਨ ਕਿ
ਉਹ ਦੋਵੇਂ ਪਾਤਰ ਸਜੀਵ ਸ਼ਕਲ ਧਾਰ ਕੇ ਪਾਠਕ ਦੀਆਂ ਅੱਖਾਂ ਅੱਗੇ ਵੀ ਆ ਜਾਂਦੇ ਹਨ ਤੇ ਆਪਣੇ
ਬਾਰੇ ਪਾਠਕਾਂ ਦੇ ਮਨ ਵਿਚ ਸੰਵੇਦਨਾ ਦਾ ਡੂੰਘਾ ਅਹਿਸਾਸ ਵੀ ਜਗਾ ਜਾਂਦੇ ਹਨ। ਪਾਸ਼,
ਗੁਰਸ਼ਰਨ ਸਿੰਘ ਆਦਿ ਲੇਖਕਾਂ ਬਾਰੇ ਲਿਖੀਆਂ ਉਸਦੀਆਂ ਯਾਦਾਂ ਵੀ ਉਤਮ ਸਾਹਿਤਕ ਵਾਰਤਕ ਦਾ
ਨਮੂਨਾ ਹਨ। ਖਹਿਰਾ ਕਨੇਡਾ ਵਿਚ ਬੱਸ-ਚਾਲਕ ਹੈ ਅਤੇ ਉਸਨੂੰ ਬੱਸ ਚਲਾਉਂਦਿਆਂ ਕਈ ਅਜਿਹੇ
ਵਿਲੱਖਣ ਅਨੁਭਵ ਹੁੰਦੇ ਰਹਿੰਦੇ ਹਨ ਜਿਨ੍ਹਾਂ ਨੂੰ ਉਸਨੇ ‘ਬੱਸ ਦੀ ਸਵਾਰੀ’ ਨਾਂ ਦੇ ਕਾਲਮ
ਅਧੀਨ ਲਿਖਣਾ ਆਰੰਭਿਆ ਹੈ। ਇਹਨਾਂ ਲੇਖਾਂ ਵਿਚ ਉਹ ਕਿਸੇ ਨਾ ਕਿਸੇ ਅਜਿਹੇ ਮਸਲੇ ਨੂੰ ਹੱਥ
ਪਾਉਂਦਾ ਹੈ ਜਿਹੜਾ ਕਨੇਡੀਅਨ ਪੰਜਾਬੀਆਂ ਦੀ ਜਿ਼ੰਦਗੀ ਦੇ ਕਿਸੇ ਨਾ ਕਿਸੇ ਲੁਕਵੇਂ ਪਹਿਲੂ
ਨਾਲ ਸੰਬੰਧਿਤ ਹੁੰਦਾ ਹੈ। ਉਹਦੇ ਬਿਆਨ ਵਿਚਲੀ ਧੂਹ ਪਾਊ ਸਾਹਿਤਕ ਰੰਗਤ ਇਹਨਾਂ ਲਿਖਤਾਂ ਦਾ
ਮੀਰੀ ਗੁਣ ਹੈ।
ਉਂਕਾਰਪ੍ਰੀਤ ਭਾਵੇਂ ਬੁਨਿਆਦੀ ਤੌਰ ‘ਤੇ ਸ਼ਾਇਰ ਹੈ ਪਰ ਉਸ ਕੋਲ ਵੀ ਚੰਗੀ ਵਾਰਤਕ ਲਿਖਣ ਦਾ
ਹੁਨਰ ਹੈ। ਸਾਹਿਤਕ-ਸਮਾਜਿਕ ਮਸਲਿਆਂ ਬਾਰੇ ਲਿਖੀ ਉਹਦੀ ਵਾਰਤਕ ਦੀ ਵਿਸੇ਼ਸ਼ਤਾ ਜਿੱਥੇ ਉਸਦੀ
ਢੁਕਵੀਂ ਸ਼ਬਦ-ਚੋਣ ਤੇ ਸੁਹਜਾਤਮਕ ਵਾਕ ਸਿਰਜਣਾ ਵਿਚ ਨਿਹਿਤ ਹੈ ਓਥੇ ਉਸਦੇ ਬੇਬਾਕ ਤੇ
ਨਿਰਭਓ ਲਿਖਣ-ਅੰਦਾਜ਼ ਵਿਚ ਵੀ ਹੈ। ਉਹਦੀ ਲਿਖਤ ਵਿਚ ਚਿੰਤਨੀ ਸੁਰ ਹੁੰਦੀ ਹੈ, ਵਿਅੰਗ ਦੀ
ਚਾਸ਼ਨੀ ਵੀ ਤੇ ਸ਼ਾਇਰਾਨਾ ਸੁਹਜ ਵੀ। ਉਹਦੀ ਸੁਹੰਢਣੀ ਵਾਰਤਕ ਦੇ ਨਮੂਨੇ ਪੰਜਾਬੀ ਦੇ
ਸਾਹਿਤਕ ਪਰਚਿਆਂ ਵਿਚ ਪੜ੍ਹਨ ਨੂੰ ਅਕਸਰ ਮਿਲ ਜਾਂਦੇ ਹਨ। ਬਲਰਾਜ ਚੀਮਾ ਅਜਿਹਾ ਵਾਰਤਕ ਲੇਖਕ
ਹੈ ਜਿਸਦੀ ਕੋਈ ਵਾਰਤਕ ਪੁਸਤਕ ਤਾਂ ਪ੍ਰਕਾਸਿ਼ਤ ਨਹੀਂ ਹੋਈ ਪਰ ਉਹ ਅਕਸਰ ਵੱਖ ਵੱਖ
ਸਮਾਜਿਕ-ਸਭਿਆਚਾਰਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਮਸਲਿਆਂ ‘ਤੇ ਮੁੱਦਿਆਂ ‘ਤੇ ਲਿਖਦਾ
ਰਹਿੰਦਾ ਹੈ ਤੇ ਚਿੰਤਨ ਦੀ ਲੋਅ ਵਿਚ ਇਹਨਾਂ ਦਾ ਵਿਸ਼ਲੇਸ਼ਣ ਤੇ ਵਿਵੇਚਨ ਕਰਦਾ ਰਹਿੰਦਾ ਹੈ।
ਗੰਭੀਰ ਪਾਠਕ ਉਹਦੀਆਂ ਲਿਖਤਾਂ ਧਿਆਨ ਨਾਲ ਪੜ੍ਹਦੇ ਹਨ।
ਮੇਰਾ ਇਹ ਦਾਅਵਾ ਹਰਗਿ਼ਜ਼ ਨਹੀਂ ਕਿ ਮੈਂ ਕਨੇਡਾ ਵਿਚ ਲਿਖੀ ਗਈ ਵਾਰਤਕ ਦਾ ਸੰਪੂਰਨ ਬਿੰਬ
ਤੁਹਾਡੇ ਅੱਗੇ ਪੇਸ਼ ਕਰ ਦਿੱਤਾ ਹੈ। ਹੋ ਸਕਦਾ ਹੈ ਕਿ ਕੁਝ ਹੋਰ ਵੀ ਜਿ਼ਕਰਯੋਗ ਵਾਰਤਕ ਲੇਖਕ
ਜਾਂ ਰਚਨਾਵਾਂ ਹੋਣ ਜੋ ਮੇਰੀ ਜਾਣਕਾਰੀ ਜਾਂ ਨਜ਼ਰ ਤੋਂ ਓਹਲੇ ਰਹਿ ਗਈਆਂ ਹੋਣ। ਮੈਂ ਤਾਂ
ਤੁਹਾਨੂੰ ਦੇਗ ਚੋਂ ਕੁਝ ਜੁ ਦਾਣੇ ਲੱਭ ਕੇ ਚਖ਼ਾਏ ਹਨ, ਜਿਨ੍ਹਾਂ ਦਾ ਜ਼ਾਇਕਾ, ਜੇ ਇਹਨਾਂ
ਰਚਨਾਵਾਂ ਦੀ ਦੇਗ਼ ਚੱਖ ਲਵੋ, ਤਾਂ ਦੇਰ ਤੱਕ ਤੁਹਾਡੀ ਜੀਭ ਅਤੇ ਜਿ਼ਹਨ ਵਿਚ ਨਕਸ਼ ਹੋ
ਜਾਏਗਾ।
ਜਿੱਥੋਂ ਤੱਕ ਕਨੇਡੀਅਨ ਪੰਜਾਬੀ ਕਹਾਣੀ ਦਾ ਸੰਬੰਧ ਹੈ ਜਿਵੇਂ ਦੀ ਕਹਾਣੀ ਪਹਿਲਾਂ ਲਿਖੀ ਜਾ
ਰਹੀ ਸੀ, ਓਸੇਤਰ੍ਹਾਂ ਦੀ ਕਹਾਣੀ ਹੁਣ ਲਿਖੀ ਜਾ ਰਹੀ ਹੈ। ਇਸ ਵਿਚ ਸ਼ੱਕ ਨਹੀਂ ਕਿ ਕੁਝ
ਕਹਾਣੀਕਾਰਾਂ ਨੇ ਅਜਿਹੀਆ ਕਹਾਣੀਆਂ ਜ਼ਰੂਰ ਲਿਖੀਆਂ ਹਨ ਜਿਨ੍ਹਾਂ ਦਾ ਕਲਾਤਮਕ ਕੱਦ ਪੰਜਾਬੀ
ਦੀ ਮੂਲਧਾਰਾ ਦੀ ਕਹਾਣੀ ਦੇ ਨਾਲੋਂ ਕਿਵੇਂ ਵੀ ਘੱਟ ਨਹੀਂ ਹਨ ਅਤੇ ਉਹਨਾਂ ਕਹਾਣੀਕਾਰਾਂ ਤੇ
ਕਹਾਣੀਆਂ ਦਾ ਜਿ਼ਕਰ ਹਰੇਕ ਸੈਮੀਨਾਰ ਵਿਚ ਹੁੰਦਾ ਹੀ ਰਹਿੰਦਾ ਹੈ। ਜਰਨੈਲ ਸਿੰਘ, ਅਮਨਪਾਲ
ਸਾਰਾ, ਸਾਧੂ ਬਿਨਿੰਗ, ਸਾਧੂ ਸਿੰਘ, ਹਰਪ੍ਰੀਤ ਸੇਖਾ ਅਤੇ ਹੋਰ ਬਹੁਤ ਸਾਰੇ ਕਥਾਕਾਰਾਂ ਨੇ
ਕਨੇਡੀਅਨ ਪੰਜਾਬੀ ਕਹਾਣੀ ਦੇ ਨਾਲ ਮੂਲਧਾਰਾ ਦੀ ਕਹਾਣੀ ਵਿਚ ਵੀ ਆਪਣਾ ਨਾਂ-ਥਾਂ ਸੁਰੱਖਿਅਤ
ਕਰ ਲਿਆ ਹੈ। ਉਹਨਾਂ ਬਾਰੇ ਕਹਿਣ ਵਾਲੀ ਕੋਈ ਨਵੀਂ ਗੱਲ ਨਾ ਹੋਣ ਕਰਕੇ ਮੈਂ ਅਸਲੋਂ ਨਵੀਂ
ਕਹਾਣੀਕਾਰਾ ਰਛਪਾਲ ਕੋਰ ਗਿੱਲ ਦੇ ਨਵੇਂ ਛਪੇ ਕਹਾਣੀ ਸੰਗ੍ਰਹਿ ‘ਟਾਹਣੀਓਂ ਟੁੱਟੇ’ ਦਾ
ਜ਼ਰੂਰ ਉਚੇਚਾ ਜਿ਼ਕਰ ਕਰਨਾ ਚਾਹਾਂਗਾ। ਇਹਨਾਂ ਕਹਾਣੀਆਂ ਰਾਹੀਂ ਰਛਪਾਲ ਵਸਤੂ ਤੇ ਪੇਸ਼ਕਾਰੀ
ਦੇ ਨਜ਼ਰੀਏ ਪੱਖੋਂ ਪੰਜਾਬੀ ਕਹਾਣੀ ਵਿਚ ਨਵਾਂ ਪਸਾਰ ਜੋੜਦੀ ਹੈ। ਭਿੰਨ ਭਿੰਨ ਦੇਸ਼ਾਂ ਤੇ
ਸਭਿਆਚਾਰਾਂ ਦੇ ਵਿਦਿਆਰਥੀਆਂ ਦੀ ਸ਼ਕਲ ਵਿਚ ਬਿਰਤਾਂਤਕਾਰਾ ਹਰ ਰੋਜ਼ ਆਪਣੀ ਕਲਾਸ ਵਿਚ
'ਮਿੰਨ੍ਹੀ ਕਨੇਡਾ' ਦੇ ਰੂਬਰੂ ਹੁੰਦੀ ਹੈ। ਅਸਲ ਗੱਲ ਤਾਂ ਇਹ ਹੈ ਕਿ ਉਸਦੀ ਕਹਾਣੀ ਕੇਵਲ
ਸਕੂਲੀ ਜੀਵਨ ਦਾ ਤਰਦਾ ਤਰਦਾ ਬਿਰਤਾਂਤ ਨਹੀਂ ਸਗੋਂ ਸਕੂਲੀ ਜੀਵਨ ਦੇ ਝਰੋਖੇ ਰਾਹੀਂ ਉਹ
ਮੌਜੂਦਾ ਕਨੇਡੀਅਨ ਸਮਾਜ ਤੇ ਸਭਿਆਚਾਰ ਦੀਆਂ ਅਨੇਕਾਂ ਲੁਕਵੀਆਂ ਪਰਤਾਂ ਵੀ ਫੋਲਦੀ ਹੈ। ਇਸ
ਲਈ ਕਨੇਡੀਅਨ ਸਮਾਜ ਤੇ ਸਭਿਆਚਾਰ ਬਾਰੇ ਉਸਦਾ ਅਨੁਭਵ ਸਾਡੇ ਹੋਰ ਪਰਵਾਸੀ ਪੰਜਾਬੀ ਲੇਖਕਾਂ
ਵਾਂਗ ਤਰਦਾ ਤਰਦਾ ਤੇ ਮਾਂਗਵਾਂ ਜਿਹਾ ਨਹੀਂ ਸਗੋਂ ਵਧੇਰੇ ਪ੍ਰਮਾਣਿਕ ਤੇ ਮੰਨਣਯੋਗ ਹੈ।
ਇਸਤੋਂ ਪਹਿਲਾਂ ਕਨੇਡਾ ਦੇ ਸਕੂਲੀ ਜੀਵਨ ਬਾਰੇ ਇਸ ਸਿ਼ੱਦਤ ਤੇ ਸੂਖ਼ਮਤਾ ਨਾਲ ਕਿਸੇ ਹੋਰ
ਪੰਜਾਬੀ ਕਹਾਣੀਕਾਰ ਦੀ ਲਿਖੀ ਕਹਾਣੀ ਮੈਂ ਨਹੀਂ ਪੜ੍ਹੀ।।ਇਹਨਾਂ ਕਹਾਣੀਆਂ ਰਾਹੀਂ ਰਛਪਾਲ
ਅਧਿਆਪਕ-ਵਿਦਿਆਰਥੀ, ਮਾਪੇ-ਅਧਿਆਪਕ, ਬੱਚੇ ਤੇ ਕਨੇਡੀਅਨ ਸਰਕਾਰ, ਸਮਾਜ ਅਤੇ ਸਕੂਲ,
ਕਨੇਡੀਅਨ ਵਿਦਿਅਕ ਪ੍ਰਬੰਧ, ਖੁਲ੍ਹੇ ਕਾਮ-ਸੰਬੰਧ, ਟੁੱਟਦੇ ਪਰਿਵਾਰ ਤੇ ਖੰਡਿਤ ਹੁੰਦੇ
ਰਿਸ਼ਤੇ ਆਦਿ ਅਨੇਕਾਂ ਵਿਸਿ਼ਆਂ ਨੂੰ ਬੜੀ ਸੰਵੇਦਨਸ਼ੀਲਤਾ ਅਤੇ ਮਨੋਵਿਗਿਆਨਕ ਡੁੰਘਾਈ ‘ਚੋਂ
ਮੁਖ਼ਾਤਬ ਹੁੰਦੀ ਹੈ। ਉਹ ਕਨੇਡੀਅਨ ਵਿਦਿਅਕ ਪ੍ਰਬੰਧ ਦੀ ਅਜਿਹੀ ਸਹਿਜ ਝਾਕੀ ਪ੍ਰਸਤੁਤ ਕਰਦੀ
ਹੈ ਕਿ ਸਾਡੇ ਪੰਜਾਬ ਵਿਚਲੇ ਵਿਦਿਅਕ ਪ੍ਰਬੰਧ ਅੱਗੇ, ਤੇ ਕਿਤੇ ਕਿਤੇ ਤਾਂ ਕਨੇਡੀਅਨ ਵਿਦਿਅਕ
ਪ੍ਰਬੰਧ ਅੱਗੇ ਵੀ, ਕਈ ਪ੍ਰਸ਼ਨ-ਚਿੰਨ੍ਹ ਲੱਗ ਜਾਂਦੇ ਹਨ।
ਏਥੇ ਹੀ ਉਸਦੀਆਂ ਕਹਾਣੀਆਂ ਵਿਚਲਾ ਇਕ ਹੋਰ ਪਾਸਾਰ ਦ੍ਰਿਸ਼ਟੀਗੋਚਰ ਹੁੰਦਾ ਹੈ। ਉਹ ਹੈ
ਕਨੇਡੀਅਨ ਸਰਕਾਰ ਦਾ ਬੱਚਿਆਂ ਪ੍ਰਤੀ ਰਵੱਈਆ। ਕਨੇਡੀਅਨ ਸਰਕਾਰ ਬੱਚਿਆਂ ਪ੍ਰਤੀ ਮਾਪਿਆਂ
ਨਾਲੋਂ ਵੀ ਵਧੇਰੇ ਜਿ਼ੰਮੇਵਾਰ ਤੇ ਪ੍ਰਤੀਬੱਧ ਵਿਖਾਈ ਦਿੰਦੀ ਹੈ। ਕਨੇਡੀਅਨ ਸਰਕਾਰ ਬੱਚਿਆਂ
ਪ੍ਰਤੀ ਏਨੀ ਸੰਵੇਦਨਸ਼ੀਲ ਹੈ ਕਿ ਕੋਈ ਅਧਿਆਪਕ ਜਾਂ ਮਾਤਾ-ਪਿਤਾ ਬੱਚੇ ਨੂੰ ਝਿੜਕ ਜਾਂ ਮਾਰ
ਨਹੀਂ ਸਕਦੇ। ਜੇ ਕਿਧਰੇ ਅਜਿਹੀ ਸਿ਼ਕਾਇਤ ਮਿਲੇ ਤਾਂ ਸਰਕਾਰ ਬੱਚਿਆਂ ਨੂੰ ਮਾਪਿਆਂ ਕੋਲੋਂ
ਵੀ ਖੋਹ ਲੈਂਦੀ ਹੈ। 'ਫਰਜ਼' ਕਹਾਣੀ ਦਾ ਇਕ ਉਪ-ਬਿਰਤਾਂਤ ਦੱਸਦਾ ਹੈ ਕਿ ਬੱਚੀ ਕੇਰ੍ਹਾ ਨੂੰ
ਉਸਦੀ ਮਾਂ ਨੇ ਸਿ਼ਕਾਇਤ ਮਿਲਣ ‘ਤੇ ਇਸ ਕਰਕੇ ਥੱਪੜ ਮਾਰਿਆ ਸੀ ਕਿਉਂਕਿ ਕੇਰ੍ਹਾ ਨੇ ਕਿਸੇ
ਹੋਰ ਬੱਚੇ ਦਾ ਡਾਲਰ ਖੋਹ ਕੇ ਚਾਕਲੇਟ ਖ਼ਰੀਦ ਲਿਆ ਸੀ। ਕੇਰ੍ਹਾ ਦੀ ਗੱਲ੍ਹ ਉੱਤੇ ਚਪੇੜ ਦਾ
ਨਿਸ਼ਾਨ ਪੈ ਜਾਣ ਕਰਕੇ ਅਧਿਆਪਕਾ ਮਿਸਿਜ਼ ਨੈਲਸਨ ਦੀ ਸੂਚਨਾ ‘ਤੇ 'ਚਿਲਡਰਨ ਏਡ ਸੋਸਾਇਟੀ'
ਵਾਲੇ ਬੱਚੀ ਨੂੰ ਖੋਹ ਕੇ ਲੈ ਜਾਂਦੇ ਹਨ। ਕੇਰ੍ਹਾ ਦੀ ਮਾਂ ਹਰ ਰੋਜ਼ ਮਿਸਿਜ਼ ਨੈਲਸਨ ਦੀ
ਕਲਾਸ ਵਿਚ ਆ ਕੇ ਧਾਹਾਂ ਮਾਰ ਕੇ ਰੋਂਦੀ ਤੇ ਆਖਦੀ ਹੈ ਕਿ 'ਮੇਰੀ ਬੇਟੀ ਮੈਨੂੰ ਦਿਵਾ ਦੇਵੋ।
ਜੇਕਰ ਮੈਂ ਉਸਨੂੰ ਮਾਰਿਆ ਤਾਂ ਇਸਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਉਸਨੂੰ ਪਿਆਰ ਨਹੀਂ
ਕਰਦੀ।' ਇਸ ਪ੍ਰਕਾਰ ਇਹ ਕਹਾਣੀ ਬੱਚਿਆਂ ਪ੍ਰਤੀ ਸਰਕਾਰ ਦੀ ਅਜਿਹੀ ਅਤਿ ਦੀ ਸੰਵੇਦਨਸ਼ੀਲਤਾ
ਅੱਗੇ ਵੀ ਪ੍ਰਸ਼ਨ ਚਿੰਨ੍ਹ ਲਾਉਂਦੀ ਨਜ਼ਰ ਆਉਂਦੀ ਹੈ। ਲੁਕਿਆ ਹੋਇਆ ਸਵਾਲ ਇਹ ਵੀ ਬਣਦਾ ਹੈ
ਕਿ ਕਨੇਡੀਅਨ ਬੱਚਿਆਂ ਦੇ ਅਮੋੜ ਜਾਂ ਆਪ-ਹੁਦਰੇ ਬਣਦੇ ਜਾਣ ਲਈ ਕਿਤੇ ਸਰਕਾਰ ਦਾ ਅਜਿਹਾ
ਰਵੱਈਆ ਵੀ ਤਾਂ, ਕਿਸੇ ਹੱਦ ਤੱਕ, ਪ੍ਰੇਰਕ ਨਹੀਂ ਬਣਦਾ? ਇੰਜ ਹੀ ਕਨੇਡੀਅਨ ਵਿਦਿਅਕ ਪ੍ਰਬੰਧ
ਦੀ ਇੱਕ ਹੋਰ ਖ਼ਾਮੀ ਵੀ ਸਹਿਜੇ ਹੀ ਦ੍ਰਿਸ਼ਟੀਗੋਚਰ ਹੋ ਜਾਂਦੀ ਹੈ। 'ਭੁੱਲ-ਭੁੱਲਈਆਂ'
ਕਹਾਣੀ ਵਿਚਲੀ ਅਧਿਆਪਕਾ ਆਪਣੇ ਵਿਦਿਆਰਥੀਆਂ ਨੂੰ ਇਸ ਕਰਕੇ ਵਿਗਿਆਨਕ ਜਾਂ ਤਰਕਸੰਗਤ ਸਿੱਖਿਆ
ਨਹੀਂ ਦੇ ਸਕਦੀ ਕਿਉਂਕਿ ਕਨੇਡਾ ਬਹੁ-ਸਭਿਆਚਾਰਕ ਮੁਲਕ ਹੈ ਤੇ ਇਸ ਕਰਕੇ ਕੋਈ ਵੀ ਅਧਿਆਪਕ
ਜਾਂ ਸਰਕਾਰੀ ਮੁਲਾਜ਼ਮ ਮਾਪਿਆਂ ਜਾਂ ਬੱਚਿਆਂ ਦੇ ਧਾਰਮਿਕ, ਸਮਾਜਕ ਤੇ ਸਭਿਆਚਾਰਕ ਵਿਸ਼ਵਾਸ
ਵਿਰੁੱਧ ਕੁਝ ਵੀ ਨਹੀਂ ਆਖ ਸਕਦਾ ਭਾਵੇਂ ਕਿ ਉਹ ਵਿਸ਼ਵਾਸ ਕਿੰਨਾਂ ਵੀ ਤਰਕਹੀਣ ਜਾਂ
ਅਣਵਿਗਿਆਨਕ ਹੋਵੇ। ਜਿਹੜਾ ਸਰਕਾਰੀ ਜਾਂ ਵਿਦਿਅਕ ਪ੍ਰਬੰਧ ਬੱਚੇ ਦੇ ਸਵਾਲਾਂ ਦਾ ਤਰਕਸੰਗਤ
ਜਵਾਬ ਦੇਣ ਦੀ ਥਾਂ ਉਸਨੂੰ ਭੁੱਲ-ਭੁਲੱਈਆਂ ਵਿਚ ਪਾਈ ਰੱਖੇ ਤੇ ਉਸਦੀ ਵਿਗਿਆਨਕ ਚੇਤਨਾ ਨੂੰ
ਖੁੰਢਾ ਕਰੇ ਕੀ ਅਜਿਹੀ ਵਿਦਿਅਕ ਪਹੁੰਚ ਨੂੰ ਵਾਜਬ ਆਖਿਆ ਜਾ ਸਕਦਾ ਹੈ?
ਇਹਨਾਂ ਕਹਾਣੀਆਂ ਵਿਚ ਰਛਪਾਲ ਦਾ ਮੁਖ ਬਲ ਉਹਨਾਂ ਬੱਚਿਆਂ ਦੇ ਜੀਵਨ ਜਾਂ ਪਰਿਵਾਰਕ ਪਿਛੋਕੜ
ਉੱਤੇ ਹੈ ਜਿਹੜੇ ਭਾਵਕ ਤੇ ਮਾਨਸਿਕ ਤੌਰ ‘ਤੇ ਅਸੁਰੱਖਿਅਤ ਹਨ। ਬਹੁਤੀਆਂ ਕਹਾਣੀਆਂ ਵਿਚ
ਜਿਹੜੇ ਬੱਚੇ ਲੇਖਿਕਾ ਦੇ ਧਿਆਨ ਦੇ ਪਾਤਰ ਬਣਦੇ ਹਨ, ਉਹ ਵਧੇਰੇ ਕਰਕੇ ਟੁੱਟੇ ਘਰਾਂ ਨਾਲ
ਸੰਬੰਧਤ ਹਨ। ਕਹਾਣੀ ਸੰਗ੍ਰਹਿ ਦਾ ਨਾਂ 'ਟਾਹਣੀਓਂ ਟੁੱਟੇ' ਏਸੇ ਸਿਮਤ ਵੱਲ ਇਸ਼ਾਰਾ ਕਰਦਾ
ਹੈ। ਪਰਿਵਾਰਾਂ ਦੇ ਟੁੱਟਣ ਦੇ ਜਾਂ 'ਟਾਹਣੀਓਂ ਟੁਟਣ' ਵਾਲੇ ਹਰੇਕ ਬੱਚੇ ਦੇ ਟੁੱਟੇ-ਥੁੜੇ
ਜੀਵਨ ਦੇ ਕਾਰਨ ਵੱਖੋ ਵੱਖਰੇ ਹਨ। ਕਿਸੇ ਦਾ ਪਿਓ ਉਸਦੀ ਮਾਂ ਨੂੰ ਛੱਡ ਗਿਆ ਹੈ; ਕਿਸੇ ਦੀ
ਮਾਂ ਛੱਡ ਗਈ ਹੈ। ਕਿਸੇ ਬੱਚੇ ਦਾ ਪਿਓ ਸ਼ਰਾਬੀ ਹੈ ('ਦੁਖਦੀ ਰਗ਼' ਵਿਚ ਜਸਟਿਨ ਦਾ ਬਾਪ)
ਤਾਂ ਕਿਸੇ ਦੀ ਮਾਂ ਸ਼ਰਾਬਣ ਹੈ(ਫ਼ਾਦਰਜ਼ ਡੇ)। ਕਿਸੇ ਦੀ ਮਾਂ ਬੱਚਿਆਂ ਨੂੰ ਛੱਡ ਕੇ ਚਲੀ
ਗਈ ਹੈ (ਗੁਲਾਬੀ ਸੂਟ) ਤਾਂ ਕਿਸੇ ਦਾ ਬਾਪ (ਅਪਣੱਤ)। ਕਿਤੇ ਨਵਾਂ ਵਿਆਹ ਕਰਵਾ ਕੇ ਲਿਆਉਣ
ਵਾਲਾ ਪਤੀ ਪਹਿਲਾਂ ਹੀ ਕਿਸੇ ਨਾਲ ਪਿਆਰ-ਸੰਬੰਧਾਂ ਵਿਚ ਬੱਝਾ ਹੋਇਆ ਹੈ ਤੇ ਆਪੇ ਵਿਆਹ ਕੇ
ਲਿਆਂਦੀ ਪਤਨੀ ਨੂੰ ਅਸਵੀਕਾਰ ਕਰ ਦਿੰਦਾ ਹੈ (ਮਖ਼ੌਟੇ) ਤਾਂ ਕਿਸੇ ਹੋਰ ਕਹਾਣੀ ਵਿਚ ਬੱਚੇ
ਨੂੰ ਆਪਣੇ ਪਿਤਾ ਦੇ ਨਾਂ ਦਾ ਹੀ ਪਤਾ ਨਹੀਂ (ਫ਼ਾਦਰਜ਼ ਡੇ)। ਕਿਸੇ ਕਹਾਣੀ ਵਿਚ ਪਤੀ
ਸਮਲਿੰਗੀ ਹੋਣ ਕਰਕੇ ਪਤਨੀ ਉਸਨੂੰ ਤਿਆਗ ਦਿੰਦੀ ਹੈ ('ਮਖ਼ੌਟੇ' ਤੇ 'ਫ਼ਾਦਰਜ਼ ਡੇ') ਤੇ
ਕਿਤੇ ਪਿਤਾ ਦੇ ਹੁੰਦਿਆਂ ਸੁੰਦਿਆਂ ਬੱਚਾ ਪਿਤਾ-ਵਿਹੂਣਾ ਹੋ ਜਾਂਦਾ ਹੈ (ਮਖ਼ੌਟੇ)। ਮਾਤਾ
ਪਿਤਾ ਦੇ ਪਿਆਰ ਤੋਂ ਵਾਂਝੇ 'ਟਾਹਣੀਓਂ ਟੁੱਟੇ' ਇਹਨਾਂ ਬੱਚਿਆਂ ਦੇ ਜੀਵਨ ਵਿਚ ਇਕ ਮਾਨਸਕ
ਤੇ ਭਾਵਕ ਖਿ਼ਲਾਅ ਪਸਰ ਜਾਂਦਾ ਹੈ ਜਿਸ ਨਾਲ ਉਹਨਾਂ ਦੀ ਸ਼ਖ਼ਸੀਅਤ ਉਲਾਰ ਹੋ ਜਾਂਦੀ ਹੈ।
ਟੁੱਟੇ ਪਰਿਵਾਰਾਂ ਦੇ ਅਜਿਹੇ ਬੱਚੇ, ਮਾਪਿਆਂ ਦੀ ਮੁਹੱਬਤ ਅਤੇ ਸਿੱਖਿਆ ਦੇ ਅਭਾਵ ਵਿਚ,
ਬਹੁਤ ਹੱਦ ਤੱਕ ਸਹਿਜ ਤੇ ਸੰਤੁਲਨ ਤੋਂ ਵਿਰਵੇ ਰਹਿ ਜਾਂਦੇ ਹਨ ਤੇ ਆਮ ਕਰਕੇ ਗ਼ੈਰ
ਜਿ਼ੰਮੇਵਾਰ, ਨਸ਼ੱਈ, ਝਗੜਾਲੂ ਅਤੇ ਆਪ-ਹੁਦਰੇ ਹੋ ਜਾਂਦੇ ਹਨ। ਅਜਿਹੇ ਬੱਚਿਆਂ ਦੇ ਜੀਵਨ
ਪਿਛੋਕੜ ਨੂੰ ਫੋਕਸ ਵਿਚ ਲਿਆ ਕੇ ਲੇਖਿਕਾ ਅਸਿੱਧੇ ਤੌਰ ‘ਤੇ ਪਰਿਵਾਰਕ ਜੀਵਨ ਦੇ ਮਹੱਤਵ ਨੂੰ
ਉਜਾਗਰ ਕਰਦੀ ਹੈ ਤੇ ਪੱਛਮੀ ਜੀਵਨ ਵਿਚ ਵਧਦੀ ਜਾਂਦੀ ਬੇਰੋਕ ਲਿੰਗ ਖੁੱਲ੍ਹ ਤੇ ਵੀ ਸਵਾਲੀਆ
ਨਿਸ਼ਾਨ ਲਾ ਦਿੰਦੀ ਹੈ।
ਨਸਲੀ ਵਿਤਕਰੇ ਦੀ ਸਮੱਸਿਆ ਪਰਵਾਸੀ ਪੰਜਾਬੀ ਕਹਾਣੀਕਾਰਾਂ ਦਾ ਇਕ ਹੋਰ ਚਹੇਤਾ ਵਿਸ਼ਾ ਰਿਹਾ
ਹੈ। ਰਛਪਾਲ ਦੀ ਇਹ ਵਿਸ਼ੇਸ਼ਤਾ ਹੈ ਕਿ ਉਸਨੇ ਨਸਲੀ ਵਿਤਕਰੇ ਨੂੰ ਪੇਸ਼ ਕਰਨ ਵਾਲੀਆਂ
ਕਹਾਣੀਆਂ ਵਿਚ ਆਮ ਪੰਜਾਬੀ ਕਹਾਣੀਕਾਰਾਂ ਨਾਲੋਂ ਵੱਖਰਾ ਪੈਂਤੜਾ ਅਖ਼ਤਿਆਰ ਕੀਤਾ ਹੈ। ਜਦੋਂ
ਆਮ ਪੰਜਾਬੀ ਕਥਾਕਾਰਾਂ ਨੇ ਪੱਛਮੀ ਲੋਕਾਂ ਵੱਲੋਂ ਪਰਵਾਸੀ ਪੰਜਾਬੀਆਂ ਨਾਲ ਕੀਤੇ ਜਾਂਦੇ
ਵਿਤਕਰੇ ਨੂੰ ਜ਼ਬਾਨ ਦਿੱਤੀ ਹੈ ਓਥੇ ਰਛਪਾਲ ਇਸਤੋਂ ਉਲਟ ਪੰਜਾਬੀ ਕਿਰਦਾਰਾਂ ਦੇ ਅਵਚੇਤਨ
ਵਿਚ ਧਸ ਚੁੱਕੀ ਨਸਲੀ ਵੱਖਰਤਾ ਦੀ ਹਉਂ ਨੂੰ ਕਾਟਵੇਂ ਵਿਅੰਗ ਦਾ ਨਿਸ਼ਾਨਾ ਬਣਾਉਂਦੀ ਹੋਈ
'ਆਪਣੇ ਗਿਰੇਬਾਨ ਵਿਚ ਝਾਤੀ ਮਾਰਨ' ਦਾ ਸੁਨੇਹਾਂ ਦਿੰਦੀ ਹੈ। 'ਆਪਣੇ' ਕਹਾਣੀ ਵਿਚ ਹਨੀਫ਼ਾ
ਨੂੰ ਅਧਿਆਪਕ ਦੀ ਨੌਕਰੀ ਉਸ ਇਲਾਕੇ ਵਿਚ ਮਿਲਦੀ ਹੈ ਜਿੱਥੇ ਅਮੀਰ ਗੋਰੇ ਲੋਕਾਂ ਦੀ ਰਿਹਾਇਸ਼
ਹੈ। ਹਨੀਫ਼ਾ ਨੂੰ ਘਬਰਾਹਟ ਹੈ ਕਿ ਉਸਦੀ ਨਸਲ ਤੇ ਚਮੜੀ ਨੂੰ ਵੇਖ ਕੇ ਗੋਰੇ ਮਾਪੇ ਅਤੇ
ਅਧਿਆਪਕ ਸਾਥੀ ਪਤਾ ਨਹੀਂ ਉਸ ਨਾਲ ਕਿਹੋ ਜਿਹਾ ਸਲੂਕ ਕਰਨਗੇ। ਪਰ ਉਹਨਾਂ ਵੱਲੋਂ ਉਸ ਨਾਲ
ਅਜਿਹਾ ਚੰਗਾ, ਮਾਨਵੀ ਤੇ ਮੁਹੱਬਤੀ ਸਲੂਕ ਹੁੰਦਾ ਹੈ ਕਿ ਉਸ ਵਿਚੋਂ ਨਸਲੀ ਵਿਤਕਰੇ ਦਾ ਭੈਅ
ਅਤੇ ਹੀਣ-ਭਾਵ ਖ਼ਤਮ ਹੋ ਜਾਂਦਾ ਹੈ। ਪਰ ਵਿਡੰਬਨਾ ਇਹ ਹੈ ਕਿ ਜਦੋਂ ਉਹ 'ਆਪਣੇ' ਇਲਾਕੇ ਵਿਚ
ਬਦਲੀ ਕਰਵਾ ਲੈਂਦੀ ਹੈ ਤਾਂ ਉਹਦੀ ਹੀ ਨਸਲ ਤੇ ਧਰਮ ਦਾ ਬੰਦਾ ਇਬਰਾਹੀਮ ਇਹ ਸਿ਼ਕਾਇਤ ਲੈ ਕੇ
ਪ੍ਰਿੰਸੀਪਲ ਕੋਲ ਆਉਂਦਾ ਹੈ ਕਿ ਉਹ ਆਪਣੇ ਬੱਚੇ ਨੂੰ ਉਸ ਕੋਲੋਂ ਪੜ੍ਹਾਉਣ ਦੀ ਥਾਂ ਕਿਸੇ
ਗੋਰੇ ਅਧਿਆਪਕ ਕੋਲੋਂ ਪੜ੍ਹਾਉਣ ਦੀ ਇੱਛਾ ਰੱਖਦਾ ਹੈ।।
ਇੰਜ ਨਸਲੀ ਵਿਤਕਰੇ ਦੇ ਖਿ਼ਲਾਫ਼ ਹਾਲ-ਪਾਹਰਿਆ ਕਰਨ ਵਾਲੇ ਸਾਡੇ ਆਪਣੇ ਲੋਕਾਂ ਦੇ ਦੋਗ਼ਲੇ
ਕਿਰਦਾਰ ਨੂੰ ਵਿਅੰਗ ਦੀ ਦ੍ਰਿਸ਼ਟੀ ਤੋਂ ਚਿਤਰ ਕੇ ਉਹ ਗੋਰੇ ਲੋਕਾਂ ਬਾਰੇ ਫ਼ੈਲਿਆ ਨਸਲੀ
ਵਿਤਕਰੇ ਦਾ ਭਰਮ ਦੂਰ ਕਰਨ ਦੀ ਕੋਸਿ਼ਸ਼ ਵੀ ਕਰਦੀ ਹੈ।
ਧੁਰ ਮਨੋਵਿਗਿਆਨਕ ਡੂੰਘਾਣਾਂ ਤੱਕ ਜਾ ਕੇ ਬੱਚਿਆਂ, ਮਾਪਿਆਂ, ਸਮਾਜ ਤੇ ਸਭਿਆਚਾਰ ਦੀਆਂ
ਪਰਤਾਂ ਨੂੰ ਫਰੋਲ ਸਕਣ ਦੀ ਕਲਾਤਮਕ ਸਮਰੱਥਾ; ਸ਼ਖ਼ਸੀ ਆਜ਼ਾਦੀ ਤੇ ਕਾਮ-ਸੰਬੰਧਾਂ ਦੀ
ਬੇਮੁਹਾਰ ਖੁੱ਼ਲ੍ਹ ਬਾਰੇ ਆਲੋਚਨਾਤਮਕ ਪਹੁੰਚ; ਨਸਲੀ ਵਿਤਕਰੇ ਦਾ ਸੰਤੁਲਤ ਪ੍ਰਗਟਾਓ; ਕਨੇਡਾ
ਦੇ ਵਿਦਿਅਕ ਸਿਸਟਮ ਬਾਰੇ ਸਾਡੇ ਲਈ ਪ੍ਰੇਰਨਾ ਬਣਨ ਵਾਲੀ ਬਰੀਕ ਤੇ ਪ੍ਰਮਾਣਿਕ ਜਾਣਕਾਰੀ;
ਵਿਰਾਸਤੀ ਜੜ੍ਹਾਂ ਦਾ ਮਹੱਤਵ ਪੇਸ਼ ਕਰਨ ਦੇ ਨਾਲ ਨਾਲ ਧਾਰਮਕ ਵਿਹਾਰ ਵਿਚਲੀ ਦਿੱਖ ਤੇ ਤੱਤ
ਦਾ ਵਿਰੋਧ ਉਜਾਗਰ ਕਰਨ ਅਤੇ ਦੋਹਰੇ ਤੇ ਦੋਗਲੇ ਵਿਹਾਰ ਨੂੰ ਤਿੱਖੇ ਵਿਅੰਗ ਦਾ ਨਿਸ਼ਾਨਾ ਬਣਾ
ਸਕਣ ਦੀ ਰਚਨਾਤਮਕ ਯੋਗਤਾ ਕਰਕੇ ਰਛਪਾਲ ਕੌਰ ਗਿੱਲ ਪਰਵਾਸੀ ਪੰਜਾਬੀ ਕਹਾਣੀ ਵਿਚ ਆਪਣੀ
ਵੱਖਰੀ ਪਛਾਣ ਬਣਾਉਂਦੀ ਨਜ਼ਰ ਆਉਂਦੀ ਹੈ।
ਅਖ਼ੀਰ ਤੇ ਮੈਂ ਫਿਰ ਵਾਰਤਕ ਵੱਲ ਪਰਤਦਾ ਹਾਂ ਤੇ ਕੁਝ ਸਾਲ ਪਹਿਲਾਂ ਲਿਖੀ ਸ਼ਾਇਰ ਸੁਖਪਾਲ
ਦੀ ਦਾਰਸ਼ਨਿਕ ਛੁਹ ਵਾਲੀ ਬੇਹੱਦ ਸਹਿਜ, ਸੰਵੇਦਨਾ-ਪਰੁੱਚੀ ਤੇ ਧੁਰ ਮਨ ਮਸਤਕ ਤੱਕ ਉੱਤਰ ਨੇ
ਆਪਣੇ ਆਪ ਨੂੰ ਸਮਝਣ ਸਮਝਾਉਣ ਵਾਲੀ ਉੱਤਮ ਵਾਰਤਕ ‘ਰਹਿਣ ਕਿਥਾਊਂ ਨਾਹਿ’ ਦਾ ਹਵਾਲਾ ਦੇ ਕੇ
ਆਪਣੀ ਗੱਲ ਸਮੇਟਣਾ ਚਾਹੁੰਦਾ ਹਾਂ। ਇਹ ਵਾਰਤਕ ‘ਅੱਖਰ’ ਅਤੇ ‘ਸ਼ਬਦ’ ਦੀ ਤਾਕਤ ਨੂੰ ਅਸਲੋਂ
ਅਨੋਖੇ ਤੇ ਮੋਹ ਲੈਣ ਵਾਲੇ ਅੰਦਾਜ਼ ਵਿਚ ਪੇਸ਼ ਕਰਦੀ ਹੈ। ਉਹਦੇ ਆਪਣੇ ਸ਼ਬਦਾਂ ਵਿਚ:
ਮੈਂ ਪਰਦੇਸੀ ਹਾਂ, ਪਰ ਬੇਘਰ ਨਹੀਂ।
ਬਾਲਾਂ ਵਾਂਗ - ਮੈਂ ਜਿੱਥੇ ਵੀ ਹੁੰਦਾ ਹਾਂ, ਉਥੇ ਹੀ ਮੇਰਾ ਘਰ ਹੁੰਦਾ ਹੈ : ਇਸ ਪਲ ਵਿੱਚ,
ਮਿੱਤਰ ਪਿਆਰਿਆਂ ਦੇ ਹਿਰਦੇ ਵਿੱਚ, ਆਪਣੀਆਂ ਸੋਚਾਂ ਵਿੱਚ, ਚਾਰ ਦੀਵਾਰੀ ਵਿੱਚ।
ਬੰਦਾ ਜਦ ਬੋਲਦਾ ਹੈ, ਲਿਖਦਾ ਹੈ - ਉਸਦਾ ਆਪਾ ਅੱਖਰ ਵਿੱਚ ਸਮਾ ਜਾਂਦਾ ਹੈ। ਹੁਣ ਅੱਖਰ ਵੀ
ਮੇਰਾ ‘ਘਰ’ ਹੈ। ਘਰ ਦੀ ਭਾਲ ਕਰਦਿਆਂ ਲਿਖੇ ਗਏ ਸਭ ਅੱਖਰਾਂ ਵਿੱਚ ਵੀ ਮੈਂ ਹਾਂ।
ਅੱਖਰ ਦਾ ਅਰਥ ਹੀ ਹੈ : ਅ-ਖਰ, ਜੋ ਖੁਰਦਾ ਨਹੀਂ। ਅੱਖਰ ਦਾ ਇਹ ਘਰ ਢਹਿਣ ਦਾ ਮੈਨੂੰ ਕੋਈ
ਡਰ ਨਹੀਂ
ਬਾਬੇ ਫ਼ਰੀਦ ਦਾ ਅੱਖਰ-ਘਰ ਹਜ਼ਾਰ ਵਰ੍ਹੇ ਬਾਅਦ ਵੀ ਜਿਊਂਦਾ ਹੈ
ਅੱਖਰ ਕਿਸੇ ਇੱਕ ਦੇ ਨਹੀਂ ਹੁੰਦੇ। ਜਿਹੜਾ ਉਨ੍ਹਾਂ ਵਿੱਚ ਰਹਿਣਾ ਚਾਹੇ ਉਸੇ ਦੇ ਹੋ ਜਾਂਦੇ
ਹਨ।
ਮੇਰੇ ਅੱਖਰ ਸਿਰਫ਼ ਮੇਰੇ ਨਹੀਂ ਰਹੇ। ਜਿਸ ਜਿਸ ਨੇ ਵੀ ਪੜ੍ਹੇ ਹਨ, ਉਨ੍ਹਾਂ ਸਾਰਿਆਂ ਦੇ ਹੋ
ਗਏ ਹਨ।
ਅੱਖਰ ਦੇ ਇਸ ‘ਘਰ’ ਵਿੱਚ ਅਸੀਂ ਸਾਰੇ ਮਿਲ ਕੇ ਰਹਿੰਦੇ ਹਾਂ
ਅੱਖਰ ਦਾ ਇਹ ਘਰ ਹੀ ਸਾਡਾ ‘ਆਪਣਾ ਘਰ’ ਹੈ …
ਆਪਣੇ ਵੱਲੋਂ ਮੈਂ ਅੰਤ ਵਿਚ ਏਨਾ ਕੁ ਜੋੜਨਾ ਚਾਹੁੰਦਾ ਹਾਂ ਕਿ ਤੁਸੀਂ ਕਨੇਡਾ ਵਿਚ ਲਿਖੀ ਜਾ
ਰਹੀ ਵਾਰਤਕ ਦੇ ਘਰ ਵਿਚ ਅਜੇ ਤੱਕ ਵੜੇ ਕਿਉਂ ਨਹੀਂ।
-0-
|