ਬਿੰਬ,ਬੰਬ ਅਤੇ ਕਵਿਤਾ
ਕਵੀ ਸੌਂ ਗਿਆ।
ਇਕ ਅਛੂਤਾ ਬਿੰਬ
ਕਵਿਤਾ ਹੋਣੋ ਰਹਿ ਗਿਆ।
ਬਿੰਬ ਨੇ ਨਿਰਾਸ਼ਾ ‘ਚ
ਅਪਣੀ ‘ਸਿਹਾਰੀ’
ਵਗਾਹ ਮਾਰੀ।
ਅਤੇ ‘ਬੰਬ’ ਹੋ ਗਿਆ।
ਅੰਮ੍ਰਿਤ, ਬੱਚਾ ਤੇ ਹੈਮਬਰਗਰ
ਮੇਲੇ ਵਿੱਚ ‘ਹੈਮਬਰਗਰ’ ਦਾ ਹੋਕਾ ਸੁਣ
ਮਸਾਂਹ ‘ਪੰਜਾਂ-ਕੁ-ਦਾ ਬੱਚਾ’
ਹੈਮਬਰਗਰ ਦੀ ਜਿ਼ਦ ਕਰਦਾ ਹੈ।
ਅੰਮ੍ਰਿਤਧਾਰੀ ਹੱਥ,
ਬੱਚੇ ਦੀ ਗੱਲ੍ਹ ਤੇ
‘ਸਰਹੰਦ ਦੀ ਦੀਵਾਰ’ ਵਾਂਗ ਛਪਦਾ ਹੈ।
ਬੱਚੇ ਦੇ ਨੈਣਾ ਚੋਂ,
‘ਆਸਾ ਦੀ ਵਾਰ’ ਛਲਕਦੀ ਹੈ
ਬੱਚੇ ਦੇ ਰੋਣ ਵਿੱਚ,
ਕੰਨਾਂ ਵਿੱਚ ਗਰਮ ਸਿੱਕਾ ਪੁਆ ਰਹੇ
ਮਨੁੱਖ ਦੀ ਪੀੜਾ ਹੈ।
ਬੱਚੇ ਉਪਰ ਝੁਕੇ ਹੋਏ
ਬਾਪ ਦਾ ਗਾਤਰਾ
ਕਿਸੇ ਪੁਰਖੇ ਦੇ ਜਨੇਊ ਵਾਂਗ ਝੁਲ ਰਿਹਾ ਹੈ।
ਮੇਲੇ ਵਿੱਚ ‘ਹੈਮਬਰਗਰ’ ਦਾ ਹੋਕਾ ਸੁਣ
ਮਸਾਂਹ ‘ਪੰਜਾਂ-ਕੁ-ਦਾ ਬੱਚਾ’
ਹੈਮਬਰਗਰ ਦੀ ਜਿ਼ਦ ਕਰਦਾ ਹੈ।
ਖੁਰਾ *
ਪਾਣੀ ਦੇ ਸੁੰਮ ਦਾ
ਗੋਲ ਤਲਾ,
ਨਦੀ ਦੀ ਡੰਡੀ,
ਮੂੰਹ ਦਰਿਆ।
ਸਮੁੰਦਰ ਦਾ
ਖੁਰਾ ਹੈ
ਜਾਮ ਜਿਹਾ॥
* ਪੈੜ ਦਾ ਨਿਸ਼ਾਨ, (‘ਖੁਰਾ ਨੱਪਣਾ’)
ਛਾਂ
ਜੂਨ ਦੀ ਤਿੱਖੜ ਦੁਪਹਿਰੇ
ਮੇਰੇ ਬੂਹੇ ਮੋਹਰਿਓਂ, ਹੁਣੇ
ਘਣੀ ਛਾਂ ਲੰਘੀ ਹੈ।
ਅਪਣੀ ਠੰਡਕ ਨੂੰ
‘ਪੋਤੇ’ ਦੇ ਰੂਪ ਉਂਗਲੀ ਲਾਈ।
ਉਹਨੂੰ ਧੁੱਪ ਤੋਂ ਬਚਾਉਂਦੀ
ਅਪਣੀ ਚੁੰਨੀ ਦੀ ਪੱਗ ਬਣਉਂਦੀ
ਉਸਦੇ ਸਿਰ ਤੇ ਧਰਦੀ…
ਉਸ ਨਾਲ ਤੋਤਲੀਆਂ ਗੱਲਾਂ ਕਰਦੀ:
‘ਅੱਜ ਤਕਾਲੀਂ ਜਦੋਂ
ਤੇਰਾ ‘ਚਾਚਾ’ ਆਊਗਾ ਫੈਕਟਰੀਓਂ-
ਆਪਾਂ ਉਹਦੇ ਨਾਲ ਸਟੋਰ ਜਾਵਾਂਗੇ
ਤੇਰੇ ਲਈ ਸੋਹਣੀ ‘ਜਈ
ਲਾਲ ਛੱਤਰੀ ਲਿਆਵਾਂਗੇ॥’
ਜੂਨ ਦੀ ਵਗਦੀ ਲੂ ‘ਚ
ਮੇਰੇ ਬੂਹੇ ਮੋਹਰਿਓਂ, ਹੁਣੇ
ਘਣੀ ਛਾਂ ਲੰਘੀ ਹੈ…॥
ਉਹ…
(1)
ਜੇ ਉਹ…
ਖੁਦ ਹੀ ਹੈ
ਖੁਦ ਤੋਂ ਹੈ
ਖੁਦੀ ਰਹਿਤ ਹੈ
ਖੁਦਾ ਹੈ
ਤਾਂ…ਮੇਰਾ ਨਹੀਂ॥
(2)
ਜੇ ਉਹ…
ਆਸਿ਼ਕ ਹੈ
ਇਸ਼ਕ ਵੀ
ਲੋੜ ਨਾ ਉਸਨੂੰ
ਚੋਰੀਂ ਦਿਲ ਨੂੰ
ਮਿਲਣ ਦੀ
ਫੇ…ਮੇਰਾ ਲੱਗੇ ਕੀ॥
(3)
ਜੇ ਉਹ…
ਕਦੇ ਤੜਫਦਾ
ਨਾ ਤੁਰਸ਼ਦਾ
ਨਾ ਰੋਂਦਾ ਕਦੇ
ਨਾ ਵਿਲਕਦਾ
ਬੱਸ ਮੁਸਕਾਉਂਦਾ ਹੈ
ਤਾਂ…ਭੋਗੇ ਪਿਆ
ਜੂਨ ਪੋਥੀ ਦੀ
ਮੇਰੀ ਧਰਤੀ ਨੂੰ ਕੀ॥
(4)
ਜੇ ਉਹ…
ਜੁਲਫਾਂ ਦੀ ਨੋਕ ਨਾਲ
ਲਿਖ ਨਈਂ ਹੁੰਦਾ
ਝਿੰਮਣਾ ਦੇ ਬੁਰਸ ਨਾਲ
ਰੰਗ ਨਈਂ ਹੁੰਦਾ
ਜੇ ਉਸਦੇ ਚਾਨਣ ਵਿੱਚੀ
ਹੁਸਨ ਦੇ ਕਾਲੇ ਤਿਲ ਨਾਲ
ਲੰਘ ਨਈਂ ਹੁੰਦਾ
ਤਾਂ ਰਹੇ ਉਹ ਅ-ਕਾਲਖ-ਅਪਰੰ-ਅਪਾਰ
ਸਾਡੀ ਮਿੱਟਮੈਲੀ
ਬੇੜੀ ਦੀ ਜੈ ਜੈ ਕਾਰ॥
ਅੱਤਵਾਦ
ਉਹ ‘ਪ੍ਰਭਾਕਰਨ’1 ਦੇ ਪਿੰਡਾਂ ਦਾ
ਮਛਵਾਰਾ ਮੁੰਡਾ ਹੈ
ਅੱਤਵਾਦ ਖਿਲਾਫ਼ ਬੋਲਦਾ
‘ਟਾਈਗਰਾਂ’2 ਨੂੰ
ਤਾਮਿਲ ‘ਚ ਗਾਲ੍ਹਾਂ ਕੱਢਣ ਲੱਗਦਾ ਹੈ।
ਗਲੋਬਲੀ ਕੰਪਨੀ ਦੇ ਦਫਤਰੋਂ
ਦਸ-ਘੰਟੇ ਦੀ ਸਿ਼ਫਟ ਲਾ
ਅਸੀਂ ਭਾਂਅ ਭਾਂਅ ਕਰਦੀ
ਪਾਰਕਿੰਗ ਲਾਟ ‘ਚ
ਸਿਰਫ਼ ਸਾਡੀ ਖੜੀ ਕਾਰ ਵੱਲ ਵੱਧ ਰਹੇ ਹਾਂ।
ਉਹ ਮੇਰੇ ਪਿੱਛੇ ਪਿੱਛੇ
ਆਉਂਦਾ ਰੁਕ ਗਿਆ ਹੈ…
ਆਲ-ਦੁਆਲੇ ਦੇਖ ਕੇ ਕਹਿ ਰਿਹਾ ਹੈ
‘ਅੰਨਾ3! ਵਟ ਇਜ਼ ਦਿਸ
ਅੱਜ ਕਹਿੰਦੇ ਦਿਨ ਸੁਹਣਾ ਸੀ
ਆਲ ਗੋਰਾਅਸ ਗੌਨ
ਜਸਟ ਯੂ ਐਂਡ ਮੀਂ ਲੈਫਟ
ਟੂ ਫਿਨਸ਼ ਦ ਫੱਕਨ-ਵਰਕ!
ਸਮਥਿੰਗ ਰਾਂਗ ਵਿਦ ਦਿਸ ‘ਸਿਸ..ਟਮ’।”
‘ਸਿਸ..ਟਮ’ ਲਫ਼ਜ਼ ਕਹਿੰਦਿਆਂ
ਉਸਨੇ ਅਪਣੀਆਂ ਐਨਕਾਂ ਨੂੰ ਸਾਫ਼ ਕੀਤਾ ਹੈ।
‘ਸਿਸ’ ਅਤੇ ‘ਟਮ’ ਵਿਚਲੇ ਉਸਦੇ ‘ਪਾਉਜ਼’ ‘ਚ
ਅੱਤਵਾਦੀ ਸਪੇਸ ਹੈ॥
1. ਸ੍ਰੀ ਲੰਕਾ ਦੇ ‘ਲਿਟੇ’ ਖਾੜਕੂਆਂ ਦਾ ਸਰਗਨਾ 2. ਸ੍ਰੀ ਲੰਕਾ ਦੇ
‘ਲਿਟੇ’ ਖਾੜਕੂ 3. ‘ਭਾਅ-ਜੀ’ ਦਾ ਤਾਮਿਲ ਰੂਪ
ਸਿੱਪ-ਮਨੁੱਖ-ਐਸ਼ਟ੍ਰੇਅ
ਸਿਗਰਟ ਪੀਂਦਿਆਂ
ਧੂੰਆਂ ਹਵਾ ‘ਚ ਉਡਾ
ਸਵਾਹ, ‘ਸਿੱਪ ਦੀ ਐਸ਼ਟ੍ਰੇਅ’ ‘ਚ ਝਾੜ
ਮੈਂ ਸਿੱਪ ਨੂੰ ਕਿਹਾ:
“ਯਾਦ ਨੇ ਤੈਨੂੰ! ਤੇਰੇ ਪੁਰਖੇ?
ਜਗਿਆਸੂ ਸਨ ਸਵਾਂਤੀ ਬੂੰਦ ਦੇ!!”
ਸਿੱਪ –
ਸਮੁੰਦਰ ਵਾਂਗ ਗਹਿਰੀ ਆਵਾਜ਼ ‘ਚ ਬੋਲੀ:
“ਹਾਂ ਯਾਦ ਏ! ਕਹਿੰਦੇ
ਮੇਰੇ ‘ਉਹਨਾਂ ਪੁਰਖਿਆਂ ਵੇਲੇ’
ਬੱਦਲ –
ਤੇਰੇ ਪੁਰਖਿਆਂ ਦੇ ਧੁਆਂਖੇ
ਨਈਂ ਸੀ ਹੁੰਦੇ!”
-0- |