ਅਮਰੀਕਾ ਵਿਚ ਸੱਭ ਤੋਂ
ਪਹਿਲਾਂ ਲਿਖੀ ਗਈ ਕਵਿਤਾ, ਗ਼ਦਰੀ ਬਾਬਿਆਂ ਦੀ ਹੈ। ਇਹ ਆਪਣੇ ਆਪ ਵਿਚ ਇਕ ਵਿਸ਼ਾਲ ਵਿਸ਼ਾ ਹੈ
ਅਤੇ ਵੱਖਰੇ ਲੇਖ ਦੀ ਮੰਗ ਕਰਦਾ ਹੈ। ਗ਼ਦਰ ਦੀ ਕਵਿਤਾ ਬਾਰੇ ਜਾਣਕਾਰੀ ਗ਼ਦਰ ਲਹਿਰ ਦੀ
ਕਵਿਤਾ ਨਾਮੀਂ ਪੁਸਤਕ (ਸੰਪਾਦਕ ਡਾ. ਕੇਸਰ ਸਿੰਘ ਅਤੇ ਸੰਗ੍ਰਹਿ ਕਰਤਾ ਨਾਵਲਕਾਰ ਕੇਸਰ
ਸਿੰਘ ਕਨੇਡੀਅਨ) ਵਿਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਹੱਥਲੇ ਲੇਖ ਵਿਚ ਕੇਵਲ ਸਮਕਾਲੀ
ਅਮਰੀਕਨ ਕਵਿਤਾ ਬਾਰੇ ਚਰਚਾ ਕੀਤੀ ਜਾਵੇਗੀ।
ਅਮਰੀਕਾ ਵਿਚ ਗ਼ਜ਼ਲ ਅਤੇ ਕਵਿਤਾ ਬਰੋਬਰਾਬਰ ਲਿਖੀਆਂ ਜਾ ਰਹੀਆਂ ਹਨ। ਗ਼ਜ਼ਲਗੋਆਂ ਵਿਚ ਸੁਰਜੀਤ
ਸਖੀ, ਸੁਰਿੰਦਰ ਸੀਰਤ, ਹਰਜਿੰਦਰ ਕੰਗ, ਕੁਲਵਿੰਦਰ, ਸੁਰਿੰਦਰ ਸੋਹਲ, ਆਜ਼ਾਦ ਜਾਲੰਧਰੀ,
ਹਰਿਭਜਨ ਸਿੰਘ ਬੈਂਸ, ਭੁਪਿੰਦਰ ਦੁਲੇਰ, ਈਸ਼ਰ ਸਿੰਘ ਮੋਮਨ ਅਤੇ ਜਗਜੀਤ ਨੁਸ਼ਹਿਰਵੀ ਆਦਿ ਨਾਂ
ਗਿਨਣ ਯੋਗ ਹਨ। ਇਨ੍ਹਾਂ ਵਿਚੋਂ ਕੁਝ ਕਵੀਆਂ ਜਿਵੇਂ, ਸੁਰਜੀਤ ਸਖੀ, ਸੁਰਿੰਦਰ ਸੀਰਤ,
ਸੁਰਿੰਦਰ ਸੋਹਲ, ਆਜ਼ਾਦ ਜਾਲੰਧਰੀ ਆਦਿ ਨੇ ਕਵਿਤਾ ਤੇ ਵੀ ਹੱਥ ਅਜ਼ਮਾਇਆ ਹੈ। ਪਰ ਮੈਂ ਇਨ੍ਹਾਂ
ਨੂੰ ਪ੍ਰਮੁੱਖ ਤੌਰ ਤੇ ਗ਼ਜ਼ਗੋ ਹੀ ਸਵੀਕਾਰ ਕਰਦਾ ਹਾਂ। ਕਵਿਤਾ ਦੇ ਖੇਤਰ ਵਿਚ ਸੁਖਬਿੰਦਰ
ਕੰਬੋਜ਼, ਸੁਖਪਾਲ ਸੰਘੇੜਾ, ਰਵਿੰਦਰ ਸਹਿਰਾ, ਸਵਰਾਜ ਕੌਰ, ਸ਼ਸ਼ੀ ਸਮੁੰਦਰਾ, ਜਸਬੀਰ, ਨੀਲਮ
ਸੈਣੀ, ਨਵਨੀਤ ਪੰਨੂ, ਗੁਲਸ਼ਨ ਦਿਆਲ ਅਤੇ ਗੁਰੂਮੇਲ ਸਿੱਧੂ ਆਦਿ ਨੇ ਆਪਣੀ ਆਪਣੀ ਸਮਰਥਾ
ਅਨੁਸਰ ਬਣਦਾ ਯੋਗਦਾਨ ਪਾਇਆ ਹੈ। ਕਵਿਤਾ ਦੀ ਗੱਲ ਕਰਦਿਆਂ ਗੀਤ ਦੀ ਵਿਧਾ ਅਕਸਰ ਅਣਗੌਲੀ ਰਹਿ
ਜਾਂਦੀ ਹੈ ਕਿਉਂਕਿ ਬਹੁਤੇ ਗੀਤ ਹਲਕੀ ਪੱਧਰ ਦੇ ਹੁੰਦੇ ਹਨ। ਪਰ ਹਰਜਿੰਦਰ ਕੰਗ ਅਤੇ ਕੁਝ
ਹੱਦ ਤੱਕ ਹਰਭਜਨ ਢਿਲੋਂ ਦੇ ਗੀਤ ਗਿਨਣ ਯੋਗ ਹਨ। ਪਹਿਲਾਂ ਗ਼ਜ਼ਲ ਦੀ ਵਿਧਾ ਦਾ ਲੇਖਾ ਜੋਖਾ
ਕਰਦੇ ਹਾਂ।
ਗ਼ਜ਼ਲ
ਤਕਨੀਕੀ ਪੱਖ ਤੋਂ ਗ਼ਜ਼ਲ ਬਹਿਰਾਂ ਵਿਚ ਲਿਖੀ ਜਾਂਦੀ ਹੈ ਜਿਨ੍ਹਾਂ ਦੀ ਬਣਤਰ ਅੱਠ ਅਰਕਾਨਾਂ ਦੇ
ਸਾਲਮ ਜਾਂ ਉਨ੍ਹਾਂ ਦੇ ਜ਼ਿਹਾਫਾਂ ਤੇ ਅਧਾਰਤ ਹੈ। ਅਰਕਾਨਾਂ ਦੀਆਂ ਮੁਖ਼ਤਲਿਫ ਸੰਧੀਆਂ ਰਾਹੀਂ
ਬੇਗਿਣਤ ਬਹਿਰਾਂ ਬਣ ਸਕਦੀਆਂ ਹਨ ਪਰ ਕੇਵਲ 19 ਬਹਿਰਾਂ ਹੀ ਪਰਚੱਲਤ ਹਨ ਜਿਨ੍ਹਾਂ ਵਿਚੋਂ
ਉਰਦੂ ਭਾਸ਼ਾ ਵਿਚ 12 ਅਤੇ ਪੰਜਾਬੀ ਵਿਚ ਕੋਈ ਪੰਜ-ਛੇ ਬਹਿਰਾਂ ਅਕਸਰ ਵਰਤੀਆਂ ਜਾਂਦੀਆਂ ਹਨ।
ਪੰਜਾਬੀ ਵਿਚ ਫਊ-ਲੁਨ, ਫਾ-ਇਲੁਨ, ਮੁਫਾ-ਈ-ਲੁਨ, ਮੁਸ-ਤਫ-ਇਲੁਨ, ਫਾ-ਇਲਾ-ਤੁਨ, ਆਦਿ
ਰੁਕਨਾਂ ਤੇ ਅਧਾਰਤ ਬਹਿਰਾਂ ਵਧੇਰੇ ਪ੍ਰਚੱਲਤ ਹਨ।ਪੰਜਾਬੀ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ
ਫੇਲੁਨ ਫੇਲੁਨ ਦੇ ਚੱਕਰ ਵਿਚ ਮਿਲਦੀਆਂ ਹਨ। ਫੇਲੁਨ, ਰੁਕਨ ਫਾ-ਇਲੁਨ ਦਾ ਜ਼ਿਹਾਫ ਹੈ ਜਿਸ
ਵਿਚ ਫਾ ਦਾ ਕੰਨਾ ਅਤੇ ਇ ਦੀ ਸਿਹਾਰੀ ਨੂੰ ਗਿਰਾਕੇ ਗਭਲੀ ਧੁਨੀ ਫੇ ਨੂੰ ਬਣਾਇਆ ਗਿਆ ਹੈ।
ਫੇਲੁਨ ਫੇਲੁਨ ਪੰਜਾਬੀ ਦੇ ਦੁਵੱਯਾ ਛੰਦ ਦੀ ਚਾਲੇ ਚਲਦਾ ਹੈ ਜੋ ਦੋ ਗੁਰੂ ਮਾਤ੍ਰਾਂ ਤੇ
ਅਧਾਰਤ ਹੈ ਜਿਵੇਂ ਪਾਣੀ-ਧਾਣੀ, ਮੁੰਡਾ-ਖੁੰਡਾ, ਪੈਸਾ-ਧੇਲਾ, ਗੁੱਲੀ-ਡੰਡਾ, ਅੰਨ੍ਹੀ-ਕਾਣੀ,
ਤਾਣਾ-ਪੇਟਾ ਆਦਿ। ਪੰਜਾਬੀ ਦੀ ਤਾਂ ਪੈਂਤੀ ਵੀ ਦਵੱਯਾ ਛੰਦ ਵਿਚ ਹੈ ਜਿਵੇਂ ਊੜਾ, ਐੜਾ,
ਈੜੀ, ਸੱਸਾ, ਹਾਹਾ ਆਦਿ। ਫੇਲੁਨ ਫੇਲੁਨ ਵਿਚ ਲਿਖੀ ਗਈ ਗ਼ਜ਼ਲ ਦੇ ਸ਼ਿਅਰ ਦੀ ਲੰਬਾਈ ਫੇਲੁਨ
ਦੇ ਦੁਹਰਾਉ ਤੇ ਨਿਰਭਰ ਹੈ। ਜੇ ਫੇਲੁਨ ਪੰਜ ਵਾਰੀ ਦੁਹਰਾਇਆ ਗਿਆ ਹੋਵੇ ਤਾਂ ਗ਼ਜ਼ਲ ਨੂੰ,
ਅੰਗ੍ਰੇਜ਼ੀ ਦੇ ਛੰਦ ਪੈਂਟਾਮੀਟਰ ਦੀ ਰੀਸੇ, ਪੈਨਟਾਮੀਟਰ ਜੇ ਛੇ ਵਾਰੀ ਤਾਂ ਹੈਕਸਾਮੀਟਰ ਕਿਹਾ
ਜਾ ਸਕਦਾ ਹੈ। ਯਾਦ ਰਹੇ ਕਿ ਅੰਗ੍ਰੇਜ਼ੀ ਦੇ ਇਨ੍ਹਾਂ ਛੰਦਾਂ ਦੀ ਮੂਲ ਇਕਾਈ ਆਇਐਂਬਿਕ
(Iambic) ਯੁਜ ਤੇ ਅਧਾਰਤ ਹੈ ਜੋ ਇਕ ਗੂਰੂ ਮਾਤ੍ਰਾ ਦਾ ਹੁੰਦਾ ਹੈ। ਜ਼ਿਹਾਫ ਫੇਲੁਨ-ਫੇਲੁਨ
ਸ਼ਿਅਰਾਂ ਵਿਚ ਲੈਅ ਜਾਂ ਸੰਗੀਤਕ ਰੇੜ੍ਹ ਪੈਦਾ ਕਰਦਾ ਹੈ। ਕਿਉਂਕਿ ਪੰਜਾਬੀ ਸੁਰਾਤਮਕ
(Tonal) ਭਾਸ਼ਾ ਹੈ ਇਸ ਲਈ ਇਹ ਛੰਦ ਪੰਜਾਬੀ ਗ਼ਜ਼ਲਾਂ ਅਤੇ ਗੀਤਾਂ ਲਈ ਬਹੁਤ ਲਾਭਦਾਇਕ ਹੈ।
ਜਿਵੇਂ ਵੱਖਰੇ ਵੱਖਰੇ ਰਾਗਾਂ ਅਤੇ ਰਸਾਂ ਦੀ ਤਾਸੀਰ ਦਾ ਵਿਸ਼ੇ ਦੇ ਮਿਜ਼ਾਜ ਨਾਲ ਡੂੰਘਾ ਸੰਬੰਧ
ਹੈ ਉਸੇ ਤਰਾਂ ਗ਼ਜ਼ਲਾਂ ਦਾ ਵੀ ਬਹਿਰਾਂ ਦੇ ਮਿਜਾਜ਼ ਨਾਲ ਰਾਬਤਾ ਹੋਣਾ ਚਾਹੀਦਾ ਹੈ। ਹਰ ਬਹਿਰ
ਦੀ ਆਪਣੀ ਆਪਣੀ ਰਵਾਨੀ ਹੈ ਜੋ ਵਿਸ਼ੇ ਦੀ ਤਾਸੀਰ ਨਾਲ ਮੇਚਵੀਂ ਹੋਣੀ ਚਾਹੀਦੀ ਹੈ। ਮਿਜਾਜ਼ ਦੀ
ਤਾਸੀਰ ਰਿੰਦਾਨਾਂ, ਆਸ਼ਕਾਨਾਂ ਜਾਂ ਕਿਸੇ ਸਮਾਜਿਕ ਸਰੋਕਾਰ ਨਾਲ ਬਾਵਸਤਾ ਹੋ ਸਕਦੀ ਹੈ।ਭਾਵ
ਇਹ ਕਿ ਜੇ ਗ਼ਜ਼ਲ ਬਹਿਰ ਹਜਜ਼ (ਮੁਫਾ-ਈਲੁਨ) ਵਿਚ ਹੈ ਤਾਂ ਇਸ ਦੇ ਸ਼ਿਅਰਾਂ ਵਿਚੋਂ ਦਿਲ ਨੂੰ ਧੂ
ਪਾਉਣ ਵਾਲੀ ਭਾਵਨਾ ਵਿਅਕਤ ਹੋਣੀ ਚਾਹੀਦਾ ਹੈ।ਇਸੇ ਤਰਾਂ ਬਹਿਰ ਮੁਤਦਾਰਕ (ਫਾਇ-ਲੁਨ) ਵਿਚੋਂ
ਮੇਲ ਮਿਲਾਪ ਦੀ ਸ਼ਿੱਦਦ, ਮੁਤਕਾਰਬ (ਫਊਲੁਨ) ਵਿਚੋਂ ਵਿਛੋੜੇ ਜਾਂ ਦੁੱਖ ਦਾ ਅਹਿਸਾਸ, ਰਮਲ
(ਫਾਇਲਾਤੁਨ) ਵਿਚੋਂ ਸ਼ੋਖ਼ੀ/ਛੇੜਛਾੜ ਅਤੇ ਬਹਿਰ ਹਜ਼ਜ (ਮੁਫਾਈਲੁਨ) ਵਿਚੋਂ ਜੀਵਨ ਦੇ ਸਹਿਜ
ਅਤੇ ਸੋਹਜ ਆਦਿ ਗੁਣ ਵਿਅਕਤ ਹੋਣੇ ਚਾਹੀਦੇ ਹਨ। ਇਹ ਬਹਿਰਾਂ ਪੰਜਾਬੀ ਗ਼ਜ਼ਲਾਂ ਵਿਚ ਆਮ
ਵਰਤੀਆਂ ਜਾਂਦੀਆਂ ਹਨ। ਜਦੋਂ ਮੈਂ ਉਪਰੋਕਤ ਬਹਿਰਾਂ ਦੇ ਮਿਜਾਜ਼ਾਂ ਨੂੰ ਅਮਰੀਕਾ ਦੇ ਗ਼ਜ਼ਲਗੋਆਂ
ਵਿਚੋਂ ਭਾਲਦਾ ਹਾਂ ਤਾਂ ਮੈਨੂੰ ਬਹੁਤੀ ਨਿਰਾਸ਼ਾ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਵਿਚੋਂ
ਬਹੁਤੇ ਉਸਤਾਦਾਂ ਦੇ ਚੰਡੇ ਹੋਏ ਅਤੇ ਚੇਤੰਨ ਗ਼ਜ਼ਲਗੋ ਹਨ। ਆਮ ਕਰਕੇ ਇਹ ਗ਼ਜ਼ਲਗੋ ਦੋ ਬਹਿਰਾਂ,
ਰਮਲ ਅਤੇ ਹਜ਼ਜ, ਦੀ ਵਰਤੋਂ ਵਧੇਰੇ ਕਰਦੇ ਹਨ। ਇਹ ਬਹਿਰਾਂ ਪੰਜਾਬੀ ਦੇ ਸੁਭਾਵਕ ਜਾਂ ਗਲਬਾਤੀ
ਮਿਜਾਜ਼ ਨੂੰ ਬੜੀ ਸਰਲਤਾ ਨਾਲ ਚਿਤਰਦੀਆਂ ਹਨ। ਆਪਣੇ ਵਿਚਾਰ ਦੀ ਪੁਸ਼ਟੀ ਵਿਚ ਕੁਝ ਗ਼ਜ਼ਲਗੋਆਂ
ਵਲੋਂ ਬਹਿਰ ਰਮਲ, ਹਜ਼ਜ ਅਤੇ ਫੇਲਨ ਫੇਲਨ ਵਿਚ ਰਚੇ ਸ਼ਿਅਰ ਹਾਜ਼ਰ ਹਨ।
ਸੁਰਜੀਤ ਸਖੀ ਇਕ ਬਹੁਤ ਹੀ ਸੁਲਝੀ ਹੋਈ ਗ਼ਜ਼ਲਕਾਰਾ ਹੈ। ਉਸ ਦੀਆਂ ਵੀ ਬਹੁਤੀਆਂ ਗ਼ਜ਼ਲਾਂ ਰਮਲ,
ਹਜ਼ਜ ਅਤੇ ਫੇਲੁਨ-ਫੇਲੁਨ ਬਹਿਰਾਂ ਵਿਚ ਲਿਖੀਆਂ ਹੋਈਆਂ ਹਨ। ਸਖੀ ਇਕ ਸੰਵੇਦਨਸ਼ੀਲ ਕਵਿੱਤਰੀ
ਹੈ ਜੋ ਜੀਵਨ ਦੇ ਅਨੁਭਵ ਚੋਂ ਕਵਿਤਾ ਲਿਖਦੀ ਹੈ। ਉਸ ਦੇ ਸ਼ਿਅਰਾਂ ਵਿਚ ਸ਼ਬਦਾਂ ਦੀ ਜੜਤ,
ਉਰਦੂ ਦੀਆਂ ਗ਼ਜ਼ਲਾਂ ਦੀ ਰਵਾਨੀ ਦੀ ਯਾਦ ਦਲਾਉਂਦੀ ਹੈ। ਜੇ ਭਾਵ ਅਨੁਭਵ ਦੀ ਸਾਣ ਤੇ ਚੜ੍ਹ ਕੇ
ਢੁਕਵੀਂ ਸ਼ਬਦਾਬਲੀ ਰਾਹੀਂ ਵਿਅਕਤ ਹੋਣ, ਤਾਂ ਕਲਿਆਣਕਾਰੀ ਕਵਿਤਾ ਦੀ ਸਿਰਜਣਾ ਹੁੰਦੀ ਹੈ।
ਰਮਲ (ਫਾਇਲਾਤੁਨ):
ਹੌਲੀ ਹੌਲੀ ਸਭ ਘਰਾਂ ਚੋ, ਨਿਕਲ ਔਂਦਾ ਹੈ ਧੂਆਂ,
ਹੁਣ ਅਸਰ ਐਨਾ ਹੈ, ਕਤਲੇ-ਆਮ ਦੇ ਐਲਾਨ ਦਾ।
ਕਣਕ ਨੂੰ ਵੱਢਾਂ, ਯਾ ਸਾਂਭਾਂ ਸਿਰਾਂ ਦੇ ਬੋਹਲ ਅੱਜ,
ਪੇਟ ਲੋਕਾਂ ਦਾ ਭਰਾਂ ਯਾਂ ਮੂੰਹ ਭਰਾਂ ਸ਼ਮਸ਼ਾਨ ਦਾ।
ਹਜਜ਼ (ਮੁਫਾਈਲੁਨ):
1 ਇਹ ਜੀਵਨ, ਜਿਸਮ ਤੇ ਧਰਤੀ ਦੇ ਵਿਚ ਇਕ ਅਹਿਦਨਾਮਾ ਹੈ,
ਉਹੀ ਬੰਦਾ ਹੈ ਜੋ ਇਸ ਅਹਿਦ ਦੇ ਖ਼ਾਕੇ ਚ ਢਲ ਜਾਵੇ।
ਫਿਰ ਉਸਦੇ ਪਾਰਦਰਸ਼ੀ ਹੋਣ ਦਾ ਕੀ ਅਰਥ ਰਹਿ ਜਾਂਦੈ,
ਜੇ ਸ਼ੀਸ਼ਾ ਪਰਦਿਆਂ ਵਿਚ ਹੋ ਰਹੀ ਸਾਜ਼ਿਸ਼ ਚ ਰਲ ਜਾਏ।
2. ਕਦੀ ਤਾਂ ਗੀਤ ਲਗਦਾ ਹੈ, ਕਦੀ ਸਰਗਮ ਜਿਹਾ ਲਗਦਾ।
ਉਹ ਮੁਖੜਾ ਭੇਰਵੀ ਦਾ, ਸੁਰ ਉਦ੍ਹਾ ਪੰਚਮ ਜਿਹਾ ਲਗਦਾ।
ਲਈ ਫਿਰਦਾ ਹੈ ਹਰ ਇਨਸਾਨ ਏਥੇ ਤਰਜਮਾ ਅਪਣਾ,
ਤੁਹਾਡੇ ਸ਼ਹਿਰ ਵਿਚ ਪੂਰਬ ਵੀ ਕੁਝ ਪੱਛਮ ਜਿਹਾ ਲਗਦਾ।
ਫੇਲਨ:
ਦਸ ਮੈਂ ਕਿੱਧਰ ਲੈ ਕੇ ਜਾਵਾਂ, ਇਹ ਮੱਥੇ ਦਾ ਦੀਵਾ।
ਪੁਛਦਾ ਸੂਰਜ ਦਾ ਸਿਰਨਾਵਾਂ , ਇਹ ਮੱਥੇ ਦਾ ਦੀਵਾ।
ਇਕ ਦਿਨ ਇਸ ਨੇ,ਇਕ ਇਕ ਕਰਕੇ, ਹਰ ਮੱਥੇ ਵਿਚ ਜਗਣੈ,
ਹੁਣ ਜੋ ਦਿਸਦੈ ਟਾਵਾਂ ਟਾਵਾਂ, ਇਹ ਮੱਥੇ ਦਾ ਦੀਵਾ।
ਸਖੀ ਇਨਸਾਨੀ ਭਾਵਨਾਵਾਂ ਦੀ ਤਾਸੀਰ ਨੂੰ ਬਹੁਤ ਸ਼ਿੱਦਤ ਨਾਲ ਪੇਸ਼ ਕਰਦੀ ਹੈ। ਉਸ ਦੇ ਸ਼ਿਅਰਾਂ
ਵਿਚਲੀ ਰਮਜ਼ ਅਤੇ ਚੁਸਤੀ ਪਾਠਕਾਂ ਦਾ ਸਹਿਜੇ ਹੀ ਧਿਆਨ ਖਿਚ ਲੈਂਦੀ ਹੈ। ਸਰਲਤਾ ਅਤੇ ਰਵਾਨੀ
ਉਸ ਦੀਆਂ ਗ਼ਜ਼ਲਾਂ ਦੇ ਮੀਰੀ ਹੁਣ ਹਨ ਜੋ ਇਕ ਕੁਸ਼ਲ ਗ਼ਜ਼ਲਗੋ ਦੀ ਨਿਸ਼ਾਨੀ ਹੈ।
ਕੁਲਵਿੰਦਰ ਅਕਸਰ ਬਹਿਰ ਰਮਲ ਅਤੇ ਹਜ਼ਜ ਵਿਚ ਜਾਂ ਇਨ੍ਹਾਂ ਦੇ ਵਿਗੜੇ ਹਪਏ ਰੂਪਾਂ ਵਿਚ ਗ਼ਜ਼ਲ
ਕਹਿੰਦਾ ਹੈ। ਉਸ ਦੀ ਨਵੀਂ ਪੁਸਤਕ, ਨੀਲੀਆ ਲਾਟਾਂ ਦਾ ਸੇਕ ਵਿਚ ਇਹ ਦੋ ਬਹਿਰਾਂ ਬਹੁਤਾਤ
ਵਿਚ ਵਰਤੀਆਂ ਗਈਆਂ ਹਨ।
ਰਮਲ: ਫਾਇਲਾਤੁਨ):
ਕਿਸ ਦੀਆਂ ਬਾਹਾਂ ਚ ਅਜ ਕਲ ਚਾਂਦਨੀ ਮੁਸਕਾ ਰਹੀ ਹੈ।
ਸੁਰਮਈ ਰੰਗਾਂ ਚ ਮੇਰੀ ਸ਼ਾਮ ਡੁਬਦੀ ਜਾ ਰਹੀ ਹੈ।
ਜ਼ਿੰਦਗੀ ਦਾ ਮੋੜ ਕੈਸਾ ਜਿਸਮ ਠਰ ਕੇ ਬਰਫ਼ ਹੋਇਐ,
ਆਤਮਾ ਕਿ ਨੀਲੀਆਂ ਲਾਟਾਂ ਚ ਬਲਦੀ ਜਾ ਰਹੀ ਹੈ।
ਹਜ਼ਜ: ਮੁਫਾਈਲੁਨ
ਤੁਸੀਂ ਸੁੱਕਾ ਜਿਹਾ ਪੱਤਾ ਸਮਝ ਕੇ ਹੀ ਨਾ ਲੂਹ ਦੇਣਾ
ਛੁਪੇ ਹੋਏ ਨੇ ਲੱਖਾਂ ਰੰਗ ਵੀ ਇਸ ਖ਼ੁਸ਼ਕ ਪੱਤਰ ਵਿਚ।
ਮੈਂ ਇਸ ਪੱਥਰ ਨੂੰ ਸੀਨੇ ਨਾਲ ਲਾਇਆ ਉਮਰ ਭਰ ਕਿਉਂਕੇ
ਦਿਖਾਈ ਦੇ ਰਿਹਾ ਸੀ ਸ਼ੀਸ਼ਿਆਂ ਦਾ ਅਕਸ ਪੱਥਰ ਵਿਚ। (ਨੀਲੀਆਂ ਲਾਟਾਂ ਦਾ ਸੇਕ)
ਫੇਲਨ:
ਮੈਂ ਹਾਂ ਰੇਤੇ ਦੇ ਘਰ ਵਰਗਾ।
ਤੂੰ ਬੇਖੌਫ ਸਮੁੰਦਰ ਵਰਗਾ।
ਸ਼ੀਸ਼ੇ ਵਰਗਾ ਜਿਸਮ ਤੇਰਾ,
ਪਰ ਤੇਰਾ ਦਿਲ ਪੱਥਰ ਵਰਗਾ।
ਪਹਿਲੀ ਉਦਾਹਰਨ ਵਿਚ ਸ਼ੋਖੀ ਅਤੇ ਤਲਖ਼ੀ ਦਾ ਰਲਵਾ-ਮਿਲਵਾਂ ਇਜ਼ਹਾਰ ਹੈ ਅਤੇ ਦੂਜੀ ਵਿਚ ਜ਼ਿੰਦਗੀ
ਦੀ ਕਸਕ ਹੈ। ਦੋਹਾਂ ਬਹਿਰਾਂ ਵਿਚ ਉਨ੍ਹਾਂ ਦੇ ਮਿਜਾਜ਼ ਨੂੰ ਬਰਕਰਾਰ ਰੱਖਿਆ ਗਿਆ ਹੈ।
ਕੁਲਵਿੰਦਰ ਅੰਤਰਮੁਖੀ ਬਿੰਬਾਂ ਰਾਹੀਂ ਭਾਵ ਦੀ ਸੂਖਮਤਾ ਨੂੰ ਪਕੜਦਾ ਹੈ ਜੋ ਗ਼ਜ਼ਲ ਵਿਚ
ਨਵਾਂਪੰਨ ਹੈ। ਇਸ ਤਰਾਂ ਕਰਨ ਨਾਲ ਉਹ ਭਾਵ ਦੀ ਐਬਸਟ੍ਰਿਕ ਪੇਂਟਿੰਗ ਬਣਾਉਂਦਾ ਹੈ ਜੋ
ਪੜ੍ਹਨਸਾਰ ਤਾਂ ਅਰਥ ਸੰਚਾਰ ਦਾ ਖਦਸਾ ਸਹੇੜਦੀ ਹੈ ਪਰ ਗੁੜ੍ਹਨ ਨਾਲ ਇਕ ਚਿਰਜੀਵੀ ਅਸਰ ਛੱਡ
ਜਾਂਦੀ ਹੈ।
ਸੁਰਿੰਦਰ ਸੀਰਤ ਨੇ ਵੀ ਬਹੁਤੀਆਂ ਗ਼ਜ਼ਲਾਂ ਰਮਲ ਅਤੇ ਹਜ਼ਜ ਬਹਿਰਾਂ ਵਿਚ ਹੀ ਕਹੀਆਂ ਹਨ।
ਰਮਲ: ਫਾਇਲਾਤੁਨ
ਸ਼ੋਰ ਹੈ ਬਾਹਰ ਬੜਾ, ਭੀਤਰ ਲਈ ਚੁੱਪਾਂ ਨੂੰ ਭਾਲ
ਸੁਣ ਸਕੇਂ ਕੁਝ ਬੋਲ ਮਿਠੜੇ, ਸੁਰ ਦੀਆਂ ਰਮਜ਼ਾਂ ਨੂੰ ਭਾਲ।
ਜੋ ਸਮਝ ਆਇਆ ਤਿਰੇ, ਉਹ ਸ਼ਿਅਰ ਮੈਂ ਲਿਖਿਆ ਨਹੀਂ,
ਸ਼ਬਦ ਤਾਂ ਓਹੀ ਨੇ ਪਰ, ਇਨਹਾਂ ਦਿਆਂ ਅਰਥਾਂ ਨੂੰ ਭਾਲ।
ਹਜ਼ਜ: ਮੁਫਾਈਲੁਨ
ਸਫ਼ਰ ਹੁੰਦਾ ਜੇ ਹੁੰਦੇ ਪੈਰ ਮੇਰੇ
ਜੇ ਪਰ ਹੁੰਦੇ ਤਾਂ ਭਰ ਲੈਂਦਾ ਉਡਾਰੀ
ਮਿਰੀ ਤ੍ਰਿਸ਼ਨਾ ਨੂੰ ਲੱਭੇ ਜਲ-ਭਰਮ ਹੀ
ਮੈਂ ਹਰ ਸਹਿਰਾ ਦੀ ਹਿਕੜੀ ਛਾਣ ਮਾਰੀ। (ਸੂਰਤ ਸੀਰਤ ਤੇ ਸਰਾਬ)
ਸੀਰਤ ਨੇ ਭਾਵੇਂ ਹੋਰ ਬਹਿਰਾਂ (ਮੁਤਦਾਰਕ, ਮੁਜਤਸ, ਖ਼ਫ਼ੀਫ਼ ਮੁਜ਼ਾਰਿਆ) ਵਿਚ ਵੀ ਗ਼ਜ਼ਲਾਂ
ਲਿਖੀਆਂ ਹਨ ਪਰ ਇਨ੍ਹਾਂ ਦੋ ਬਹਿਰਾਂ ਨੂੰ ਬਖੂਬੀ ਵਰਤਿਆ ਹੈ। ਸੀਰਤ ਦੇ ਸ਼ਿਅਰ ਸੰਬੰਧਤ
ਬਹਿਰਾਂ ਦੀ ਮੀਜ਼ਾ ਨੂੰ ਬਰਕਰਾਰ ਰਖਦੇ ਹੋਏ ਜ਼ਿੰਦਗੀ ਦੀਆਂ ਸਥਾਈ ਕੀਮਤਾਂ ਦੀ ਬਾਤ ਪਾਉਂਦੇ
ਹਨ। ਸੀਰਤ ਦੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਅਕਸਰ ਜ਼ਿੰਦਗੀ ਦੀ ਫਿਲਾਸਫੀ ਨੂੰ ਮੁੱਖ ਰੱਖ ਕੇ
ਲਿਖੇ ਗਏ ਹੁੰਦੇ ਹਨ। ਪਰ ਕਈ ਵਾਰੀ ਪੰਜਾਬੀ ਬੋਲੀ ਦੀ ਸ਼ਬਦਾਬਲੀ ਦੀ ਸਮੱਸਿਆ ਇਨ੍ਹਾਂ ਦੇ
ਅਰਥ ਸੰਚਾਰ ਲਈ ਬਾਧਿਕ ਬਣ ਜਾਂਦੀ ਹੈ। ਉਸ ਦੀਆਂ ਗ਼ਜ਼ਲਾਂ ਵਿਚ ੳਰਦੂ ਪਿਛੋਕੜ ਦੇ ਸ਼ਬਦਾਂ ਦੀ
ਵਰਤੋਂ ਕਾਫੀ ਮਿਲਦੀ ਹੈ। ਕਿਉਂਕਿ ਪੰਜਾਬੀ ਵਿਹੜੇ ਵਿਚ ਗ਼ਜ਼ਲ ਤਾਂ ਆਈ ਹੀ ਉਰਦੂ/ਫਾਰਸੀ ਦੇ
ਦਰ ਥਾਣੀ ਹੈ ਇਸ ਲਈ ਇਨ੍ਹਾਂ ਦੋਹਾਂ ਬੋਲੀਆਂ ਦੀ ਵਰਤੋਂ ਕੋਈ ਐਬ ਨਹੀਂ।ਪਰ ਕਈ ਬਾਰੀ ਉਰਦੂ
ਸ਼ਬਦਾਬਲੀ ਦਾ ਰਬੜੀਪੰਨ ਜਾਂ ਰੇੜ੍ਹ ਅਤੇ ਪੰਜਾਬੀ ਦੇ ਖਰਵੀਂ ਆਵਾਜ਼ ਵਾਲੇ ਅੱਖਰਾਂ ਅਤੇ ਅਦਕ
ਦੀ ਹੁੱਝ ਕਰਕੇ ਪੈਦਾ ਹੋਇਆ ਖਰਵਾਪੰਨ ਮਿਲਕੇ ਗ਼ਜ਼ਲ ਦੀ ਰਵਾਨੀ ਵਿਚ ਵਾਧਕ ਬਣ ਜਾਂਦੇ ਹਨ।
ਮੇਰੇ ਵਿਚਾਰ ਵਿਚ ਸੀਰਤ ਨੂੰ ਗ਼ਜ਼ਲ ਦੀ ਰੌਚਿਕਤਾ ਲਈ ਨਹੀਂ ਅਰਥਾਂ ਦੀ ਗੰਭੀਰਤਾ ਲਈ ਪੜ੍ਹਨਾ
ਚਾਹੀਦਾ ਹੈ ਕਿਉਂਕਿ ਉਹ ਸਟੇਜੀ ਕਵਿਤਾ ਨਾਲੋਂ ਸਾਹਿਤਕ ਪਿੜ ਦਾ ਘੁਲਾਟੀਆ ਹੈ।
ਹਰਜਿੰਦਰ ਕੰਗ ਉਹ ਸ਼ਾਇਰ ਹੈ ਜੋ ਭਾਸ਼ਾ ਦੀ ਸਰਲਤਾ ਅਤੇ ਢੁਕਵੇਂ ਸ਼ਬਦਾਂ ਦੀ ਜੜਤ-ਬੁਣਤ ਰਾਹੀਂ
ਭਾਵ ਦੀ ਸੰਪੂਰਨਤਾ ਨੂੰ ਬਰਕਰਾਰ ਰਖਦਾ ਹੈ। ਹਰਜਿੰਦਰ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ
ਫੇਲੁਨ-ਫੇਲੁਨ ਵਿਚ ਹਨ। ਇਹ ਬਹਿਰ ਲੋਕ ਗੀਤਾਂ ਵਿਚ ਅਕਸਰ ਵਰਤੀ ਜਾਂਦੀ ਹੈ। ਹਰਜਿੰਦਰ
ਕਿਉਂਕਿ ਲੋਕ ਗੀਤਾਂ ਵਰਗੇ ਅਨੇਕ ਗੀਤ (ਅਸੀਂ ਦੋਵੇਂ ਰੁੱਸ ਬੈਠੈ ਤਾਂ ਮਨਾਊ ਕੌਣ ਵੇ, ਮੇਰੇ
ਨਾਂ ਦਾ ਫੁੱਲ ਨਾ ਪਾਵੀਂ ਤੂੰ ਆਪਣੀ ਫੁਲਕਾਰੀ ਤੇ) ਲਿਖਣ ਦੀ ਮੁਹਾਰਤ ਰਖਦਾ ਹੈ ਇਸ ਲਈ
ਜ਼ਿਹਾਫ ਫੇਲੁਨ ਦਾ ਉਸ ਦੀਆਂ ਗ਼ਜ਼ਲਾਂ ਤੇ ਭਾਰੂ ਹੋਣਾ ਬੜਾ ਸੁਭਾਵਕ ਹੈ।ਫੇਲੁਨ ਤੋਂ ਬਾਅਦ
ਹਰਜਿੰਦਰ ਦੇ ਮਨਭਾਉਂਦੇ ਦੂਸਰੇ ਦੋ ਅਰਕਾਨ ਵੀ ਉਪਰੋਕਤ ਗ਼ਜ਼ਲਗੋਆਂ ਵਾਂਗ ਫਾਇਲਾਤੁਨ ਅਤੇ
ਮੁਫਾਈਲੁਨ ਹੀ ਹਨ।
ਰਮਲ: ਫਾਇਲਾਤੁਨ
ਪਿੰਜਰੇ ਦਾ ਮੂੰਹ ਹਵਾ ਵਿਚ ਅੱਡਿਆ ਹੀ ਰਹਿ ਗਿਆ।
ਸੱਤਰੰਗੀ ਪੀਂਘ ਤੇ ਚਿੜੀਆਂ ਦਾ ਚੰਬਾ ਬਹਿ ਗਿਆ।
ਦਰਦ ਟੁੱਟੇ ਚੂੜਿਆਂ ਦਾ ਜਦ ਨਾ ਹੋ ਸਕਿਆ ਬਿਆਨ,
ਇਕ ਪਰਿੰਦਾ ਉੱਡ ਕੇ ਬਲਦੀ ਚਿਤਾ ਤੇ ਬਹਿ ਗਿਆ
ਹਜਜ਼: ਮੁਫਾਈਲੁਨ
ਭਟਕਦੀ ਰਾਤ ਰਹਿੰਦੀ ਹੈ ਮੇਰੇ ਸੀਨੇ ਚ ਸਾਰਾ ਦਿਨ।
ਧਮਕ ਖ਼ਾਬਾਂ ਦੀ ਪੈਂਦੀ ਹੈ ਮੇਰੇ ਸੀਨੇ ਚ ਸਾਰਾ ਦਿਨ।
ਉਹਦਾ ਸੰਗਦਾ ਜਿਹਾ ਹਾਸਾ ਖਿਲਰਿਆ ਤਾਰਿਆਂ ਵਾਂਗੂੰ,
ਘੁਲੀ ਸ਼ਗਨਾਂ ਦੀ ਮਹਿੰਦੀ ਹੈ ਮੇਰੇ ਸੀਨੇ ਚ ਸਾਰਾ ਦਿਨ
ਫੇਲੁਨ: ਜਦ ਬੰਦੇ ਨੂੰ ਘਰ ਛੱਡ ਕੇ ਪਰਦੇਸੀ ਹੋਣਾ ਪੈ ਜਾਂਦਾ ਹੈ।
ਦਿਲ ਦਾ ਇਕ ਟੁਕੜਾ ਸੀਨੇ ਵਿਚ, ਇਕ ਵਤਨਾਂ ਵਿਚ ਰਹਿ ਜਾਂਦਾ ਹੈ।
ਰੁਜ਼ਗ਼ਾਰ ਦੇ ਪਿੱਛੇ ਪਿੱਛੇ ਬੰਦਾ ਤੁਰਦਾ ਆਵੇ ਭੁਰਦਾ ਆਵੇ,
ਮਾਂ, ਮਹਿਬੂਬਾ, ਦੇਸ਼, ਯਰਾਨੇ, ਕੀ ਕੀ ਛੱਡਣਾ ਪੈ ਜਾਂਦਾ ਹੈ।
ਹਰਜਿੰਦਰ ਵਿਸ਼ੇ ਨੂੰ ਕਿਸੇ ਬਹਿਰ ਦੇ ਮਿਜ਼ਾਜ ਨੂੰ ਮੁੱਖ ਰੱਖਕੇ ਨਹੀਂ ਚੁਣਦਾ ਸਗੋਂ ਵਿਸ਼ੇ ਦੀ
ਤਾਸੀਰ ਅਨੁਸਾਰ ਗ਼ਜ਼ਲ, ਸਹਿਸੂਤੇ ਹੀ ਸੰਬੰਧਤ ਰੁਕਨਾਂ ਦੀ ਚੁਗਾਠ ਵਿਚ ਜੜੀ ਜਾਂਦੀ ਹੈ।ਇਹ ਇਕ
ਸੰਵੇਦਨਸ਼ੀਲ ਗ਼ਜ਼ਲਗੋ ਦੀ ਨਿਸ਼ਾਨੀ ਹੈ।
ਸੁਰਿੰਦਰ ਸੋਹਲ ਦੀਆਂ ਗ਼ਜ਼ਲਾਂ ਵਿਚ ਨਿਵੀਂ ਤਰਾਂ ਦੀ ਤਾਜ਼ਗੀ ਹੈ ਜੋ ਪ੍ਰੰਪਰਾ ਅਤੇ ਆਧੁਨਿਕਤਾ
ਦਾ ਸੁਮੇਲ ਕਰਾਉਂਦੀ ਹੈ। ਸ਼ਿਅਰਾਂ ਵਿਚ ਇਕ ਖਾਸ ਕਿਸਮ ਦੀ ਚੁਸਤੀ ਹੈ ਜੋ ਪੜ੍ਹਿਦਿਆਂ ਸਾਰ
ਅਚਾਨਕ ਜ਼ਹਿਨ ਵਿਚ ਪ੍ਰਕਾਸ਼ ਹੁੰਦੀ ਹੈ। ਇਹ ਹਨ੍ਹੇਰੇ ਤੋਂ ਚਾਨਣ ਵਲ ਨੂੰ ਜਾਣ ਦਾ ਅਹਿਸਾਸ
ਪੈਦਾ ਕਰਦੀ ਹੈ। ਉਸ ਦੀਆਂ ਗ਼ਜ਼ਲਾਂ ਚੋਂ ਬਹਿਰ ਰਮਲ ਅਤੇ ਹਜਜ਼ ਦੇ ਸ਼ਿਅਰ ਹਾਜ਼ਰ ਹਨ।
ਰਮਲ: ਫਾਇਲਾਤੁਨ
ਐਨੀ ਢੂੰਘੀ ਰਾਤ ਵਿਚ ਵਿਲਕਣ ਨੂੰ ਕਿਸ ਦਾ ਚਿਤ ਕਰੇ
ਰੋ ਰਹੇ ਪੰਚੀ ਹੋਣੇ ਨੇ, ਪਰ ਸੜੇ! ਕੁਝ ਬੇਘਰੇ।
ਬਲ ਰਹੇ ਬਿਰਖਾਂ ਦੇ ਕੋਲੋਂ ਮੰਗ ਰਹੇ ਨੇ ਛਾਂ ਘਣੀ,
ਇਸ ਨਗਰ ਦੇ ਲੋਕ ਹਨ ਭੋਲੇ ਜਾਂ ਸੋਹਲ ਸਿਰ ਫਿਰੇ।
ਹਜਜ਼: ਮੁਫਾਈਲੁਨ
ਅਦਾਲਤ ਵਿਚ ਨਹਕ ਮੁਜਰਿਮ ਖੜਾ ਐਲਾਨ ਕਰਦਾ ਹਾਂ।
ਅਦਲ ਅੰਨ੍ਹੇ ਨੂੰ ਮੈਂ ਦੋਵੇਂ ਹੀ ਅੱਖਾਂ ਦਾਨ ਕਰਦਾ ਹਾਂ।
ਤੁਸੀਂ ਡੁੱਬੇ ਜਦੋਂ ਤਾਂ ਆਸਰਾ ਮੇਰਾ ਹੀ ਭਾਲੋਗੇ,
ਤੁਸੀਂ ਮੈਨੂੰ ਕਿਹਾ ਤਿਣਕਾ ਮੈਂ ਇਹ ਪਰਵਾਨ ਕਰਦਾ ਹਾਂ।
ਮੇਜਰ ਭੁਪਿੰਦਰ ਦੁਲੇਰ ਇਕ ਸਰਲਭਾਵੀ ਅਤੇ ਸਪੱਸ਼ਟ ਗ਼ਜ਼ਲਗੋ ਹੈ। ਆਪਣੀ ਗੱਲ ਕਹਿਣ ਲਈ ਉਹ
ਸ਼ਬਦਾਂ ਦੀ ਕੰਧ ਨਹੀਂ ਬਣਾਉਂਦਾ, ਉਸ ਦੇ ਭਾਵ ਦੀਵਾਰ ਤੇ ਸੌਂਹੇ ਲਿਖੇ ਹੋਏ ਲਗਦੇ ਹਨ। ਉਸ
ਨੇ ਵੀ ਕੁਝ ਗ਼ਜ਼ਲਾਂ ਵਿਚਾਰ ਅਧੀਨ ਦੋ ਬਹਿਰਾਂ ਵਿਚ ਲਿਖੀਆਂ ਹਨ।
ਰਮਲ: ਫਾਇਲਾਤੁਨ
ਅੱਜ ਉਸ ਦੇ ਰੂਬਰੂ ਜਦ ਫੇਰ ਆਉਣਾ ਪੂ ਗਿਆ।
ਇਕ ਸੁੱਤੇ ਦਰਦ ਨੂੰ ਮੁੜ ਕੇ ਜਗਾਉਣਾ ਪੂ ਗਿਆ।
ਲਖ ਦੀਵੇ ਬਾਲ ਕੇ ਵੀ ਜਦ ਹਨੇਰਾ ਨਾ ਗਿਆ,
ਰਾਤ ਦੀ ਸਰਦਲ ਤੇ ਇਕ ਜੁਗਨੂਮ ਜਗਾੳਣਾ ਪੈ ਗਿਆ।
ਹਜਜ਼: ਮੁਫਾਈਲੁਨ
ਕਦੇ ਜੁਗਨੂੰ ਕਦੇ ਤਾਰਾ ਕਦੇ ਲਿਸ਼ਕਾਂ ਘਟਾ ਬਣ ਕੇ।
ਕਦੇ ਉਡਦਾ ਬੜਾ ਉੱਚਾ ਸਮੁੰਦਰ ਦੀ ਹਵਾ ਬਣ ਕੇ।
ਕਦੇ ਡਿਗ ਕੇ ਤੇਰੇ ਨੈਣੋਂ ਤੇਰੇ ਰੁਖਸਾਰ ਤੋਂ ਤਿਲਕਾਂ,
ਕਦੇ ਵਸਿਆ ਤੇਰੇ ਨੈਣੀਂ ਮੈਂ ਤੇਰੀ ਹੀ ਹਯਾ ਬਣ ਕੇ।
ਆਜ਼ਾਦ ਜਾਲੰਧਰੀ ਇਕ ਬਹੁ-ਪੱਖੀ ਸਾਹਿਤਕਾਰ ਹੈ ਜਿਸ ਨੇ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਤੇ
ਖੂਬ ਹੱਥ ਅਜ਼ਮਾਇਆ ਹੈ।ਉਹ ਛੰਦ ਵਿਧਾਨ ਦੇ ਨਾਲ ਨਾਲ ਸੰਗੀਤਕ ਲੇਅ ਵਿਚ ਵੀ ਮੁਹਾਰਤ ਰਖਦਾ ਹੈ
ਇਸ ਲਈ ਉਸ ਦੀ ਗ਼ਜ਼ਲ/ਕਵਿਤਾ ਵਿਚ ਤੋਲ ਅਤੇ ਲ਼ੈਅ ਨੂੰ ਆਂਚ ਨਹੀਂ ਆਉਂਦੀ।
ਮਿਲੇ ਹਮਦਰਦ ਕੋਈ ਐਸਾ ਜੋ ਦੇਖੇ ਬੇਬਸੀ ਸਾਡੀ।
ਗ਼ਮਾਂ ਦੀ ਗੋਦ ਵਿਚ ਪਲਦੀ ਪਈ ਏ ਹਰ ਖ਼ੁਸ਼ੀ ਸਾਡੀ।
ਘਰੋਂ ਚਲਦੇ ਹਾਂ ਜਦ ਵੀ ਸੋਚਦੇ ਹਾਂ ਮੁੜ ਵੀ ਆਵਾਂਗੇ,
ਗ਼ੁਜ਼ਰਦੀ ਮੌਤ ਦੇ ਸਾਏ ਦੇ ਹੇਠਾਂ ਜ਼ਿੰਦਗੀ ਸਾਡੀ।
ਹਰਭਜਨ ਸਿੰਘ ਬੈਂਸ ਗ਼ਜ਼ਲ-ਨੁਮਾ ਕਵਿਤਾ ਲਿਖਦਾ ਹੈ ਜੋ ਅਕਸਰ ਪੁਰਾਤਨ ਅਤੇ ਟਕਸਾਲੀ ਛੰਦ
ਰੂਪਾਂ ਤੇ ਅਧਾਰਤ ਹੈ। ਉਸ ਨੇ ਗੁਰਬਾਣੀ ਦੇ ਕਈ ਛੰਦ ਰੂਪ ਵਰਤੇ ਹਨ ਜਿਵੇਂ ਚਾਚਰੀ ਛੰਦ,
ਭੁਜੰਗ ਪ੍ਰਯਾਤ ਛੰਦ, ਰੂਆਲ ਛੰਦ ਆਦਿ। ਇਹ ਛੰਦ ਦਸਵੇਂ ਗੁਰੂ ਸਾਹਿਬ ਦੀ ਮੌਲਿਕ ਬਾਣੀ ਵਿਚ
ਆਮ ਵਰਤੇ ਗਏ ਹਨ। ਬੈਂਸ ਦੀ ਇਕ ਉਦਾਹਰਨ ਰੁਆਲ ਛੰਦ ਵਿਚੋਂ ਲੈਂਦੇ ਹਾਂ ਜੋ ਤਕਰੀਬਨ
ਫੇਲੁਨ-ਫੇਲੁਨ ਦੇ ਚੱਕਰ ਵਿਚ ਵਿਚਰਦਾ ਹੈ।
ਆ ਬੈਠੇ ਹਾਂ ਦੂਰ ਭਲੇ ਹੀ ਸਾਂਝੇ ਘਰ ਤੋਂ।
ਪਰ ਨ੍ਹਈਂ ਉਠਦੀ ਯਾਦ ਨਿਮਾਣੀ ਘਰ ਦੇ ਦਰ ਤੋਂ।
ਮਹਿਕ ਪਵਨ ਸੰਗੀਤ ਲਈ ਨ੍ਹਈਂ ਜੇਕਰ ਹੱਦਾਂ,
ਸ਼ਾਇਰ ਨੇ ਕੀ ਲੇਣਾ ਵਲਗਣਹਾਰੇ ਘਰ ਤੋਂ।
ਈਸ਼ਰ ਸਿੰਘ ਮੋਮਨ ਵੀ ਗ਼ਜ਼ਲਾਂ ਰਾਹੀਂ ਆਪਣਾ ਯੋਗਦਾਨ ਪਾ ਰਿਹਾ ਹੈ। ਮੋਮਨ ਤਨਜ਼ ਨਾਲ ਸਮਾਜ ਤੇ
ਚੋਟ ਮਾਰਦਾ ਹੈ ਅਤੇ ਇਸ ਦੀ ਚੋਭ ਪਾਠਕ ਨੂੰ ਸੋਚਣ ਤੇ ਮਜ਼ਬੂਰ ਕਰਦੀ ਹੈ।
ਹਰਭਜਨ ਢਿੱਲੋਂ ਮੂਲ ਰੂਪ ਵਿਚ ਇਕ ਗੀਤਕਾਰ ਹੈ ਜਿਸ ਦੇ ਗੀਤਾਂ ਵਿਚੋਂ ਪੰਜਾਬੀ ਭਾਈਚਾਰੇ ਦੀ
ਸਮਾਜਿਕ ਰੌਹਰੀਤ ਦਾ ਝਲਕਾਰਾ ਮਿਲਦਾ ਹੈ।
ਜਗਜੀਤ ਨੁਸ਼ਹਿਰਵੀ ਇਕ ਉਭਰਦਾ ਕਵੀ ਹੈ ਜਿਸ ਨੇ ਗ਼ਜ਼ਲਾਂ ਵੀ ਅਤੇ ਕਵਿਤਾਵਾਂ ਵੀ ਲਿਖੀਆਂ
ਹਨ।ਉਸ ਦੀ ਪੁਸਤਕ ਛਪਣ ਅਧੀਨ ਹੈ। ਉਸ ਵਿਚੋਂ ਕੁਝ ਸ਼ਿਅਰ ਹੇਠ ਦਿੱਤੇ ਜਾਂਦੇ ਹਨ।
ਮੈਂ ਵਗਦਾ ਸ਼ਾਂਤ ਭਾਵੇਂ ਕੰਢਿਆਂ ਤੱਕ ਭਰ ਗਿਆ ਹੁੰਦਾ।
ਜੇ ਮੇਰੇ ਪਾਣੀਆਂ ਵਿਚ ਉਹ ਨ ਖਲਬਲ ਕਰ ਗਿਆ ਹੁੰਦਾ।
ਤਿਰੇ ਸਾਹਾਂ ਦੀ ਸੌਂਹ, ਆਉਂਦਾ ਮੈਂ ਜੇ ਇਕ ਵਾਰ ਤੂੰ ਕਹਿੰਦੋਂ,
ਲਹੂ ਅਪਣੇ ਦਾ ਵੀ ਦਰਿਆ ਜੇ ਹੁੰਦਾ, ਤਰ ਗਿਆ ਹੁੰਦਾ। (ਛਪਣ ਹੇਤ ਪੁਸਤਕ ਵਿਚੋਂ)
ਗ਼ਜ਼ਲ ਦਾ ਵਿਸ਼ੇ ਨਾਲ ਸੰਬੰਧ
ਵਿਸ਼ੇ-ਵਸਤੂ ਪੱਖੋਂ ਗ਼ਜ਼ਲ ਦੇ ਹਰ ਸ਼ਿਅਰ ਦਾ ਆਤਮ ਸੰਪੰਨ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਇਹ
ਧਾਰਨਾ ਪ੍ਰੰਪਰਾਗਤ ਜਾਂ ਰਵਾਇਤੀ ਗ਼ਜ਼ਲਾਂ ਤੇ ਤਾਂ ਢੁਕਦੀ ਹੈ ਪਰ ਆਧੁਨਿਕ ਗ਼ਜ਼ਲ ਦੇ ਸੰਬੰਧ
ਵਿਚ ਸੰਪੂਰਨ ਤੌਰ ਤੇ ਦਰੁਸਤ ਨਹੀਂ ਜਾਪਦੀ।ਪੁਰਾਣੇ ਵਕਤਾਂ ਵਿਚ ਗ਼ਜ਼ਲ ਅਕਸਰ ਸ਼ਾਹੀ ਦਰਬਾਰਾਂ,
ਮੁਜਰਿਆਂ ਅਤੇ ਚਕਲਿਆਂ ਦੇ ਰਸਮੀ ਅਤੇ ਵਕਤੀ ਮਹੌਲ ਨੂੰ ਦਰਸਾਉਣ ਲਈ ਲਿਖੀ ਜਾਂਦੀ ਸੀ।
ਅਰਥਾਤ, ਗ਼ਜ਼ਲਗੋ ਮੌਕਾ ਦੇਖ ਕੇ ਜਾਂ ਮੌਕਾ ਤਾੜ ਕੇ ਸ਼ਿਅਰ ਕਹਿੰਦੇ ਸਨ ਕਿਉਂਕਿ ਇਹ ਕਿੱਤਾ
ਉਨ੍ਹਾਂ ਦੀ ਕਮਾਈ ਦਾ ਸਾਧਨ ਸੀ।ਸਮਾਜਕ ਚੇਤਨਤਾ ਵਿਚ ਉਭਾਰ ਆਉਣ ਕਰਕੇ ਜਦ ਗ਼ਜ਼ਲ ਇਨ੍ਹਾਂ
ਮਹੌਲਾਂ ਦੀ ਬਾਂਦੀ ਨਾ ਰਹੀ ਤਾਂ ਗ਼ਜ਼ਲਗੋ ਸਮਾਜਕ ਵਰਤਾਰੇ ਦੇ ਵਿਸ਼ਾ-ਵਸਤੂ ਬਾਰੇ ਚੇਤਨ ਅਤੇ
ਸੰਜੀਦਾ ਹੋ ਗਏ। ਫਲਸਰੂਪ, ਸ਼ਿਅਰਾਂ ਵਿਚ ਸੁਭਾਵਕ ਹੀ ਵਿਸ਼ੇ ਦੀ ਇਕਾਗਰਤਾ ਅਰਥਾਤ, ਸੁਜੀਵਕ
ਇਕਾਈ (Organic unity) ਆ ਆਈ। ਮਨੋਵਿਗਿਆਨਿਕ ਪੱਖੋਂ ਜਦ ਕਿਸੇ ਰੌਸ਼ਨ ਦਿਮਾਗ ਬੰਦੇ ਦਾ
ਜ਼ਹਿਨ ਕਿਸੇ ਸੋਚ ਪ੍ਰਕਿਰਿਆ ਵਿਚ ਪੈਂਦਾ ਹੈ ਤਾਂ ਖਿਆਲ ਦੀ ਨਿਰੰਤਰਤਾ ਦਾ ਬਣਿਆ ਰਹਿਣਾ ਇਕ
ਸੁਭਾਵਕ ਅਮਲ ਬਣ ਜਾਂਦਾ ਹੈ। ਆਧੁਨਿਕ ਗ਼ਜ਼ਲ ਦੇ ਸ਼ਿਅਰ ਮਿਜਾਜ਼ ਵਿਚ ਕਿੰਨੇ ਵੀ ਵਖਰੇ ਵਖਰੇ
ਅਤੇ ਵਿਭਿੰਨ ਭਾਵੀ ਜਾਪਣ ਪਰ ਅੰਦਰਖਾਤੇ ਉਨ੍ਹਾਂ ਦੀ ਸੋਚ ਸਿੱਧੇ/ਅਸਿੱਧੇ ਤੌਰ ਤੇ ਕੇਂਦਰੀ
ਭਾਵ ਨਾਲ ਜੁੜੀ ਰਹਿੰਦੀ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਗ਼ਜ਼ਲ ਵਿਚ ਨਜ਼ਮੀਅਤ ਨਾਲੋਂ
ਸ਼ਿਅਰਾਂ ਦਾ ਸੰਕੇਤਕ, ਸੁਝਾਊ ਅਤੇ ਰਮਜ਼ਭਰੇ ਹੋਣਾ ਜ਼ਰੂਰੀ ਹੈ ਪਰ ਅਯੋਕੀ ਗ਼ਜ਼ਲ ਵਿਚ ਵਿਸ਼ੇ ਦੀ
ਇਕਾਗਰਤਾ ਦਾ ਸਵਾਲ ਵਿਸ਼ੇ ਦੇ ਮੁਖਾਤਬੀ ਸੁਰ ਨਾਲ ਤੁਅਲੱਕ ਰਖਦਾ ਹੈ।ਆਧੁਨਿਕ ਗ਼ਜ਼ਲਗੋ
ਮੁਖਾਤਬੀ ਸੁਰ ਨਾਲੋਂ ਕਦੇ ਵੀ ਸੰਪੂਰਨ ਤੌਰ ਤੇ ਉਰੇ ਪਰੇ ਨਹੀਂ ਹੁੰਦਾ।ਰਵਾਇਤ ਅਨੁਸਾਰ ਇਹ
ਵੀ ਕਿਹਾ ਜਾਂਦਾ ਹੈ ਕਿ ਗ਼ਜ਼ਲ ਦਾ ਕੋਈ ਵਿਸ਼ਾ ਨਹੀਂ ਹੁੰਦਾ ਕੇਵਲ ਇਕ ਮਿਜ਼ਾਜ ਜਾਂ ਮੂਡ ਹੁੰਦਾ
ਹੈ। ਚਲੋ ਮੰਨ ਲੈਂਦੇ ਹਾਂ, ਪਰ ਆਖਿਰ ਨੂੰ ਇਹ ਮਿਜਾਜ਼ ਜਾਂ ਮੂਡ ਵੀ ਤਾਂ ਕਿਸੇ ਵਿਸ਼ੇ ਨਾਲ
ਸੰਬੰਧਤ ਹੋਣਗੇ! ਬਕੌਲ ਸੁਰਜੀਤ ਪਾਤਰ ਜੇ ਸ਼ੇਅਰਾਂ ਦੀ ਸੁਤੰਤਰਤਾ ਮੂਡ ਨੂੰ ਭੰਗ ਕਰੇ ਤਾਂ
ਗ਼ਜ਼ਲ ਦਾ ਪ੍ਰਭਾਵ ਖੰਡਿਤ ਹੋ ਜਾਦਾਂ ਹੈ। ਸਾਰੰਸ਼ ਇਹ ਕਿ ਟਕਸਾਲੀ ਗ਼ਜ਼ਲ ਵਿਚ ਵਿਸ਼ੇ ਦੀ
ਇਕਾਗਰਤਾ ਦੀ ਵਿਖੰਡਤਾ ਸ਼ਿਅਰਾਂ ਦੀਆਂ ਵੱਖ ਵੱਖ ਭਾਂਤਾਂ (Types) ਕਰਕੇ ਹੈ ਅਤੇ ਆਧੁਨਿਕ
ਗ਼ਜ਼ਲ ਵਿਚ ਸ਼ਿਅਰਾਂ ਦੀਆਂ ਵੰਨਗੀਆਂ (Kinds) ਕਰਕੇ ਹੈ। ਅਲੰਕਾਰਕ ਤੌਰ ਤੇ ਟਕਸਾਲੀ ਗ਼ਜ਼ਲ ਦੇ
ਸ਼ਿਅਰ ਵੱਖਰੇ ਵੱਖਰੇ ਰੰਗਾਂ ਵਾਂਗ ਹਨ ਅਤੇ ਆਧੁਨਿਕ ਗ਼ਜ਼ਲ ਦੇ ਇਕੋ ਰੰਗ ਦੇ ਸ਼ੇਡਜ਼ (Shades)
ਮਾਤਰ ਹਨ ਜੋ ਇਕ ਦੂਜੇ ਵਿਚ ਅਭੇਦ ਹੋ ਜਾਂਦੇ ਹਨ।
ਆਲੋਚਨਾ ਪੱਖੋਂ ਇਕ ਆਖਰੀ ਗੱਲ। ਇਸ ਵਿਚ ਦੂਜੀ ਰਾਏ ਨਹੀਂ ਕਿ ਬਹਿਰ, ਗ਼ਜ਼ਲ ਦੇ ਰੂਪ ਦਾ
ਮੁਢਲਾ ਅਤੇ ਜ਼ਰੂਰੀ ਪੱਖ ਹੈ ਪਰ ਸਭ ਕੁਝ ਨਹੀਂ। ਪਰ ਗ਼ਜ਼ਲ ਬਾਰੇ ਬਹਿਸ ਕਰਨ ਲੱਗਿਆਂ ਅਕਸਰ ਇਸ
ਨੂੰ ਰੂਪ (Form) ਤੱਕ ਹੀ ਸੀਮਤ ਕਰ ਲਿਆ ਜਾਂਦਾ ਹੈ। ਬਹਿਰ ਤਾਂ ਗ਼ਜ਼ਲ ਦੀ ਮੁੱਢਲੀ ਸ਼ਰਤ ਹੈ
ਇਸ ਲਈ ਰੂਪ ਦੀ ਬੰਦਸ਼ ਦੀ ਗੱਲ ਤਾਂ ਏਥੇ ਹੀ ਮੁੱਕ ਜਾਂਦੀ ਹੈ। ਇਸ ਲਈ ਗ਼ਜ਼ਲ ਦੇ ਰੂਪ ਨੂੰ
ਮੁੱਖ ਰੱਖਣ ਨਾਲੋਂ ਇਸ ਦੇ ਹੋਰ ਸਾਹਿਤਕ ਪਹਿਲੂਆਂ ਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ। ਰੂਪ
ਵਿਚ ਢੁਕਵੀਂ ਸ਼ਬਦਾਬਲੀ, ਅਲੰਕਾਰਾਂ ਦੀ ਸਮਗਰਤਾ, ਅਨੁਪਰਾਸਾਂ ਵਿਚ ਕਾਵਿਕ ਲੈਅ ਪੈਦਾ ਕਰਨ
ਦੀ ਯੋਗਤਾ, ਸੁਰ (Tone), ਧੁਨੀ ਸਰੂਪ (Timbre), ਅਤੇ ਰੇੜ੍ਹ ਜਾਂ ਲੈਅ (Cadence)
ਸ਼ਾਮਿਲ ਹਨ।
ਕਵਿਤਾ
ਅਮਰੀਕਾ ਵਿਚ ਬਹੁਤੇ ਕਵੀ ਖੁੱਲ੍ਹੀ ਕਵਿਤਾ ਲਿਖ ਰਹੇ ਹਨ। ਇਹ ਅਕਸਰ ਸੋਚ ਲਿਆ ਜਾਂਦਾ ਹੈ ਕਿ
ਖੁੱਲ੍ਹੀ ਕਵਿਤਾ ਲਿਖਣਾ ਤਾਂ ਖਾਲਾ ਜੀ ਦਾ ਵਾੜਾ ਹੈ, ਛੋਟੀਆਂ ਵੱਡੀਆਂ ਸਤਰਾਂ ਰਾਹੀਂ ਜੋ
ਮਰਜ਼ੀ ਲਿਖੀ ਜਾਉ। ਇਨ੍ਹਾਂ ਲਈ ਖੁਲ੍ਹੀ ਕਵਿਤਾ ਲਿਖਣਾ, ਬਕੌਲ ਅੰਗ੍ਰੇਜ਼ੀ ਦੇ ਕਵੀ ਰੌਬਰਟ
ਫਰੌਸਟ, ਜਾਲ (Net) ਨੂੰ ਨੀਵਾਂ ਕਰਕੇ ਟੈਨਿਸ ਖੇਲਣ ਵਾਂਗ ਹੈ ਜਾਂ ਚਾਰਲਜ਼ ਹਾਰਟਮਨ ਦੇ
ਕਹਿਣ ਅਨੁਸਾਰ ਅਣਗਹਿਲੀ ਵਿਚ ਲਿਖੀ ਹੋਈ ਵਾਰਤਕ ਹੈ। ਸਤਰਬੰਦੀ (Lineation)
ਖੁਲ੍ਹੀ ਕਵਿਤਾ ਦੀ ਸ਼ਾਹਰਗ ਹੈ। ਇਸ ਵਿਚ ਸਤਰ-ਮੋੜ (Enjambment), ਸਤਰ-ਤੋੜ (Line
break), ਸਤਰ-ਅੰਤ (Line end) ਸਤਰਾਂ ਅਤੇ ਸ਼ਬਦਾਂ ਵਿਚਲੀ ਵਿੱਥ (Space between words
and lines) ਆਦਿ ਗਿਣੇ ਜਾਂਦੇ ਹਨ। ਹੋਰ ਵਿਸਥਾਰ ਲਈ ਮੇਰੀ ਪੁਸਤਕ, ਖੁਲ੍ਹੀ ਕਵਿਤਾ ਦੇ
ਮਾਪਦੰਡ ਵਾਚੀ ਜਾ ਸਕਦੀ ਹੈ।
ਅਮਰੀਕਾ ਦੇ ਕਵੀਆਂ ਵਿਚੋਂ ਸੁਖਵਿੰਦਰ ਕੰਬੋਜ ਮੂਲ ਰੂਪ ਵਿਚ ਇਕ ਅਗਾਂਹਵਧੂ ਕਵੀ ਹੈ ਜਿਸ
ਵਿਚ ਜੁਝਾਰੂ ਭਾਵਨਾ ਦੀ ਝਲਕ ਪੈਂਦੀ ਹੈ। ਪਰ ਉਸ ਨੇ ਪੱਛਮੀ ਸਭਿਆਚਾਰ ਦੀਆਂ
ਆਧੁਨਿਕ/ਉਤਰ-ਆਧੁਨਿਕ ਕਦਰਾਂ ਕੀਮਤਾਂ ਨੂੰ ਵੀ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਦਿਲਚਸਪ
ਗੱਲ ਇਹ ਹੈ ਕਿ ਉਸ ਦੀ ਵਿਚਾਰਧਾਰਾ ਪੱਛਮੀ ਕਦਰਾਂ ਕੀਮਤਾਂ ਦੀ ਤਰਜਮਾਨੀ ਕਰਦੀ ਹੋਈ ਵੀ
ਪ੍ਰਗਤੀਵਾਦੀ ਸੋਚ ਦਾ ਪੱਲਾ ਨਹੀਂ ਛੱਡਦੀ। ਇਸ ਟਕਰਾਉ ਵਿਚੋਂ ਸੁਖਵਿੰਦਰ ਦੀ ਸਮਕਾਲੀ ਕਵਿਤਾ
ਦੀ ਪਰਤਾਂ ਖੁਲ੍ਹਦੀਆਂ ਹਨ। ਉਸ ਦੀ ਨਵੀਂ ਪੁਸਤਕ, ਇਕੋ ਜਿਹਾ ਦੁੱਖ ਵਿਚ ਟਕਸਾਲੀ ਅਤੇ
ਸਮਕਾਲੀ ਕਦਰਾਂ ਕੀਮਤਾਂ ਵਿਚਕਾਰ ਅੰਤਰ ਦਵੰਦ ਬੜੀ ਸ਼ਿਦਤ ਨਾਲ ਵਿਅਕਤ ਹੁੰਦਾ ਹੈ। ਉਸ ਦੀ
ਕਵਿਤਾ ਯੁੱਧ ਵਿਚੋਂ ਇਸ ਦਵੰਦ ਦੀ ਤਸਦੀਕ ਭਲੀਭਾਂਤ ਹੋ ਜਾਂਦੀ ਹੈ।
ਇਹ ਵੀ ਤਾਂ ਇਕ ਯੁੱਧ ਹੈ ਪਿਆਰੇ/ ਇਸ ਬਾਰੇ ਤਾਂ ਆਪਣੀ ਅੱਖ ਸਾਫ ਕਰ/ ਹੋਰ ਲਈ ਨਾ
ਸਹੀ/ਆਪਣੇ ਆਪ ਲਈ ਤੇ ਭੋਗਣ ਜਾ ਰਹੇ ਰਿਸ਼ਤਿਆਂ ਲਈ ਤਾਂ ਸਾਫ ਕਰ/ਕਿਤੇ ਤਾਂ ਖੜ/ ਗ਼ੈਰਾਂ ਲਈ
ਨਾ ਸਹੀ/ਆਪਣੇ ਆਪ ਲਈ ਤਾਂ ਲੜ/ਤੂੰ ਆਪਣੇ ਆਪ ਲਈ ਵੀ ਲਾਈ ਰੱਖਦੈਂ/ ਉਧਾਰੀ ਤੇ ਬੇਹੀ
ਵਿਸ਼ਵੀਕਰਨ ਦੀ ਐਨਕ/ਓ ਕਵੀਆ! ਕਦੇ ਆਪਣੀ ਮਾਂ, ਭੈਣ, ਧੀ ਦੇ ਵੀ ਲਾਕੇ ਤਾਂ ਦੇਖ/ ਇਹ ਉਤਰ
ਆਧੁਨਿਕ ਰਿਸ਼ਤੇ/ਫਿਰ ਵੇਖ ਆਪਣੀ ਕਵਿਤਾ ਦੀ ਸਾਰਥਿਕਤਾ/ ਤੈਨੂੰ ਕਿਹਾ ਸੀ ਨਾ/ਇਹ ਇਕ ਯੁਧ
ਹੈ/ ਤੇ ਜੰਗ ਵਿਚ ਸਭ ਕੁਝ ਜਾਇਜ਼ ਹੈ ਪਿਆਰੇ। (ਇਕੋ ਜਿਹਾ ਦੁੱਖ)
ਇਸ ਬੰਦ ਦੀ ਸਤਰਬੰਦੀ ਕਿਸੇ ਖਾਸ ਪੈਟ੍ਰਨ ਵਿਚ ਨਹੀਂ ਵਿਚਰਦੀ। ਹਰ ਸਤਰ ਇਕ-ਸਤਰ ਇਕ-ਭਾਵ,
ਦੀ ਮਨੌਤ ਨੂੰ ਵਰਕਰਾਰ ਰਖਦੀ ਹੈ। ਪਰ ਹਰ ਸਤਰ ਦਾ ਅੰਦਰੂਨੀ ਤੋਲ ਭਾਵ ਦੀ ਪੜ੍ਹਤ ਅਤੇ
ਗੁੜ੍ਹਤ ਵਿਚ ਵਾਧਾ ਕਰਦਾ ਹੈ। ਜਦ ਇਸ ਕਵਿਤਾ ਦੇ ਸਮੁੱਚ ਨੂੰ ਵਿਚਾਰੀਏ ਤਾਂ ਇਕ ਮੁਸਲਸਲ
ਵਿਚਾਰ ਉਦੈ ਹੁੰਦਾ ਹੈ।
ਇਸੇ ਪ੍ਰਥਾ ਦਾ ਦੂਜਾ ਕਵੀ ਹੈ ਰਵਿੰਦਰ ਸਹਿਰਾ ਜਿਸ ਦੀ ਸੋਚਣੀ ਦੀ ਕਮਾਣ ਦਾ ਇਕ ਸਿਰਾ
ਪ੍ਰਗਤੀਵਾਦ ਵਲ ਅਤੇ ਦੂਜਾ ਆਧੁਨਿਕਤਾ ਵਲ ਝੁਕਿਆ ਹੋਇਆ ਹੈ। ਪਹਿਲੀ ਪੁਸਤਕ, ਚੁਰਾਏ ਪਲਾਂ
ਦਾ ਹਿਸਾਬ ਤੋਂ ਲੈਕੇ ਨਵੀਂ ਪੁਸਤਕ, ਅੱਖਰਾਂ ਦੀ ਲੋਅ ਤੱਕ ਉਸ ਦੀ ਸੋਚ ਦਾ ਵਿਕਾਸ
ਦੇਖਿਆ ਜਾ ਸਕਦਾ ਹੈ। ਸਹਿਰਾ ਪ੍ਰਗਤੀਵਤਦੀ ਸੋਚ ਤੋਂ ਪੈਰਾ-ਪ੍ਰਗਤੀਵਾਦੀ ਸੋਚ ਥਾਣੀ ਹੁੰਦਾ
ਹੋਇਆ ਪੱਛਮੀ ਸੀਭਆਚਾਰ ਦੀਆਂ ਸਾਮਿਅਕ ਕਦਰਾਂ ਕਮਿਤਾਂ ਨਾਲ ਲੋਹਾ ਲੈਂਦਾ ਹੈ। ਇਸ ਸੋਚ ਦੇ
ਦੋਹਾਂ ਪੱਖਾਂ ਨੂੰ ਵਿਅਕਤ ਕਰਦੀਆਂ ਦੋ ਕਾਵਿ-ਟੁੜੀਆਂ ਮੇਰੀ ਦਲੀਲ ਦੀ ਪੁਸ਼ਟੀ ਵਿਚ ਹਾਜ਼ਰ
ਹਨ।
ਅਸੀਂ ਉਸ ਉਦਾਸ ਮੌਸਮ ਦਾ/ ਸਿਰਫ ਕਾਰਨ ਹੀ ਨਹੀਂ ਲੱਭਣਾ/ਜੋ ਸਾਰੀ ਉਮਰ ਹੀ/ਸਾਉਣ ਦੇ ਬਦਲਾਂ
ਦੀ ਤਰਾਂ/ਅਸਾਡੇ ਸਿਰਾਂ ਤੇ ਮੰਡਲਾਂਦਾ ਰਿਹਾ/ ਤੇ ਜਦੋਂ ਸਾਡੇ ਖ਼ੁਸ਼ਗਵਾਰ ਪਲਾਂ ਨੂੰ/ਤੁਸੀਂ
ਲੈਰੇ ਦੋਧਿਆਂ ਦੀ ਤਰਾਂ/ ਬੇਫਿਕਰ ਹੋਕੇ ਚੂੰਢਦੇ ਰਹੇ। 3ਅਸਾਡਾ ਫੈਸਲਾ ਵੀ ਦੋ ਟੁਕਾ ਹੀ
ਹੋਣਾ ਹੈ/ਤੇ ਹੁਣ ਅਸੀਂ ਉਦਾਸ ਮੌਸਮ ਦਾ/ਕਾਰਨ ਨਹੀਂ ਲੱਭਣਾ/ਸਗੋਂ ਚੁਰਾਏ ਪਲਾਂ ਦਾ ਹਿਸਾਬ
ਹੈ ਲੈਣਾ। (ਚੁਰਾਏ ਪਲਾਂ ਦਾ ਹਿਸਾਬ)
ਮੇਰੇ ਵਤਨ ਦੇ ਲੋਕੋ/ਅਸੀਂ ਕੁਝ ਵੀ ਨਹੀਂ/ ਬੱਸ! ਪਿੱਛੇ ਰਹਿ ਗਈ/ਤੇ ਏਥੇ ਜਨਮੀ/ਦੋ
ਪੀੜ੍ਹੀਆਂ ਵਿਚਕਾਰਲਾ ਦੁਖਾਂਤ ਹਾਂ/ਜਿਸ ਨੂੰ ਤਿਲ ਤਿਲ ਕਰਕੇ ਭੋਗਣਾ/ਸਾਡੇ ਹੀ ਜ਼ਿੰਮੇ ਆਇਆ
ਹੈ। (ਅੱਖਰਾਂ ਦੀ ਲੋਅ)
ਕੰਬੋਜ ਅਤੇ ਸਹਿਰਾ ਦੇ ਪੂਰਬੀ ਅਤੇ ਪਛਮੀ ਵਿਚਾਰਾਂ ਦੇ ਵਿਕਾਸ ਵਿਚ ਇਕ ਫਰਕ ਹੈ; ਜਿੱਥੇ
ਸਹਿਰਾ ਪੱਛਮੀ ਕਦਰਾਂ ਕੀਮਤਾਂ ਨੂੰ ਭਾਵੀ ਮੰਨ ਕੇ ਸੰਤੁਸ਼ਟ ਹੋ ਜਾਂਦਾ ਹੈ ਉਥੇ ਕੰਬੋਜ
ਉਨ੍ਹਾਂ ਨਾਲ ਮੱਥਾ ਡਾਉਣ ਲਈ ਤਿਆਰ ਰਹਿੰਦਾ ਹੈ।
ਪ੍ਰਗਤੀਵਾਦੀ ਭਾਵਨਾ ਵਾਲਾ ਇਕ ਹੋਰ ਕਵੀ ਸੁਖਪਾਲ ਸੰਘੇੜਾ ਹੈ। ਉਹ ਪੱਛਮੀ ਵਾਤਾਵਰਣ ਵਿਚ
ਵਸਦਾ ਹੋਇਆ ਵੀ ਅਗਾਂਹਵਧੂ ਸੋਚ ਦਾ ਪੱਲਾ ਨਹੀਂ ਛਡਦਾ। ਇਹ ਇਕ ਪਰਕਾਰ ਨਾਲ ਖੁਦ ਸਹੇੜੀ ਹੋਈ
ਵਿਚਾਰਧਾਰਾ ਪ੍ਰਤੀ ਬਚਨਵੱਧਤਾ ਹੈ ਜੋ ਸਲ੍ਹਾਉਣ ਯੋਗ ਹੈ। ਉਹ ਤੜਾਗੀਵਾਦੀ ਸੋਚ ਨੂੰ ਨ੍ਹਾਰਾ
ਲਾਕੇ ਨਹੀਂ ਨਹੋਰੇ ਮਾਰ ਕੇ ਤੋੜਨਾ ਚਾਹੁੰਦਾ ਹੈ; ਨ੍ਹਾਰੇ ਨੂੰ ਨਹੋਰੇ ਵਿਚ ਬਦਲਣ ਲਈ ਉਹ
ਖਾਲਿਸ ਪੇਂਡੂ ਸ਼ਬਦਾਵਲੀ ਵਰਤਦਾ ਹੈ।
ਅਤੀਤ ਦੀਆਂ ਅੱਖਾਂ ਚ ਅੱਖਾਂ ਗੱਡ ਕੇ, ਅਸੀਂ/ਭਵਿਖ ਵਲ ਨੂੰ/ਪਿਛਲਖੁਰੀ ਤੁਰਦੇ ਹਾਂ।/ਲੱਖ
ਠੋਕਰਾਂ ਖਾਣ ਤੋਂ ਬਾਅਦ ਵੀ/ਨਾ ਸਾਡੀ ਪਿੱਠ ਤੇ ਅੱਖ ਉੱਗੀ ਹੈ/ਨਾ ਅਸੀਂ ਅਗਲਖੁਰੀ ਚੱਲਣ ਦੀ
ਜਾਂਚ ਸਿੱਖੀ ਹੈ (ਕਿੱਸਿਆਂ ਦੇ ਕੈਦੀ)
ਹੁਣੇ ਜਹੇ ਇਕ ਹੋਰ ਕਵੀ, ਸੰਤੋਖ ਸਿੰਘ ਮਿਨਹਾਸ ਸਾਡੇ ਨਾਲ ਆ ਜੁੜਿਆ ਹੈ ਜਿਸ ਦੀ ਸੱਜਰੀ
ਪੁਸਤਕ, ਫੁੱਲ, ਤਿਤਲੀ ਤੇ ਉਹ ਛਪੀ ਹੈ। ਸੰਤੋਖ ਇਕ ਕਵੀ ਦਾ ਰੁਤਵਾ ਤਾਂ ਪੰਜਾਬ ਵਿਚ ਹੀ
ਕਮਾ ਚੁਕਿਆ ਸੀ ਪਰ ਉਸ ਦੀਆਂ ਨਵੀਆਂ ਕਵਿਤਾਵਾਂ ਪਿੱਤਰੀ ਅਤੇ ਪਰਾਏ ਦੇਸ਼ ਦੇ ਦਵੰਧ ਵਿਚੋਂ
ਪੈਦਾ ਹੋਈ ਮਾਨਸਿਕਤਾ ਨੂੰ ਬਖ਼ੂਬੀ ਬਿਆਨ ਕਰਦੀਆਂ ਹਨ। ।
ਉਹ ਜੋ ਪਿੰਡ ਆਪਣੇ/ਪਹਾੜ ਜਿੱਡਾ/ਤੇ ਰੁੱਖਾਂ ਵਰਗਾ/ਜੇਰਾ ਰਖਦਾ ਸੀ/ਪਰਦੇਸ ਆ ਕੇ/ਟੁੱਟ
ਗਿਆ-ਭੁਰ ਗਿਆ/ਖਿਲਰ ਗਿਆ ਕਿਣਕਿਆਂ ਦੇ ਵਾਂਗ।ਹੁਣ ਉਹ/ਆਪਣਾ ਆਪਾ/ਸਾਂਭਣ ਦੇ ਆਹਰ ਵਿਚ/ਬੰਦ
ਮੁੱਠੀ ਚੋਂ ਵੀ/ਹੋਰ ਕਿਰੀ ਜਾ ਰਿਹਾ ਹੈ। (ਫੁੱਲ, ਤਿਤਲੀ ਤੇ ਉਹ)
ਅਮਰੀਕਾ ਵਿਚ ਕੁਝ ਕਵਿੱਤਰੀਆਂ ਦੀ ਕਵਿਤਾ ਵੀ ਧਿਆਨ ਮੰਗਦੀ ਹੈ। ਇਨ੍ਹਾਂ ਵਿਚੋਂ ਸੁਰਜੀਤ
ਸਖੀ, ਸ਼ਸ਼ੀ ਸਮੁੰਦਰਾ, ਸਵਰਾਜ ਕੌਰ, ਜਸਵੀਰ ਆਦਿ ਦੇ ਨਾਂ ਸਿਰਕੱਢ ਹਨ ਭਾਵੇਂ ਰਾਣੀ ਨਗਿੰਦਰ,
ਨੀਲਮ ਸੈਣੀ ਅਤੇ ਨਵਨੀਤ ਪੰਨੂੰ ਆਦਿ ਵੀ ਅੱਛੀ ਕਵਿਤਾ ਲਿਖਦੀਆਂ ਹਨ। ਸਖੀ ਕਵਿਤਾ ਨਾਲੋਂ
ਗ਼ਜ਼ਲਕਾਰੀ ਵਿਚ ਵਧੇਰੇ ਨਿਪੁੰਨ ਹੈ ਅਤੇ ਉਸ ਦੀ ਗ਼ਜ਼ਲ ਦਾ ਨਮੂਨਾ ਉੱਪਰ ਪੇਸ਼ ਕਰ ਆਏ ਹਾਂ।
ਸ਼ਸ਼ੀ ਸਮੁੰਦਰਾ ਦੀ ਇਕ ਪੁਸਤਕ, ਬੋਗਨਵਿਲਾ ਦੇ ਵਸਤਰ 1992 ਵਿਚ ਛਪੀ ਸੀ। ਇਨ੍ਹਾਂ
ਕਵਿਤਵਾਂ ਵਿਚ ਔਰਤ ਦੇ ਪਿਆਰ ਦੀ ਇਨਤਹਾ ਅਤੇ ਮਰਦ ਦੀ ਦਮਨ ਪੈਤ੍ਰਕ (Repressive
patriarchy) ਸੋਚ ਵਿਚੋਂ ਪੈਦਾ ਹੋਈ ਬੇਰੁਖੀ ਵਿਅਕਤ ਹੁੰਦੇ ਹਨ। ਜਿਵੇਂ ਕਿ ਨਾਰੀ-ਕਾਵਿ
ਵਿਚ ਅਕਸਰ ਹੁੰਦਾ ਹੈ, ਸ਼ਸ਼ੀ ਦੀਆਂ ਕਵਿਤਾਵਾਂ ਵਿਚ ਅਧੂਰੇ ਪਿਆਰ ਲਈ ਵਾਸਤਾ ਨਹੀਂ ਪਾਇਆ ਗਿਆ
ਸਗੋਂ ਠਰੰਮਾ, ਮਿਹਣਾ ਅਤੇ ਨਹੋਰਾ ਆਦਿ ਭਾਵ ਪ੍ਰਗਟ ਹੁੰਦੇ ਹਨ।ਅਜੇਹੀਆਂ ਭਾਵਨਾਵਾਂ ਵਿਚ
ਅਪਣੱਤ ਵੀ ਹੁੰਦੀ ਹੈ, ਈਰਖਾ ਵੀ ਅਤੇ ਘਿਰਣਾ ਵੀ।ਉਸ ਦੀ ਨਵੀਂ ਛਪੀ ਪੁਸਤਕ ਵਿਚ ਇਹੋ ਵਿਚਾਰ
ਅੱਗੇ ਤੁਰਦੇ ਪਰਤੀਤ ਹੁੰਦੇ ਹਨ।
ਮੇਰੀ ਕੋਹਰਾ ਜੰਮੀਂ ਬਾਰੀ ਤੇ/ਉਨ੍ਹਾਂ ਮੇਰੇ ਨਾਂ ਨਾਲ/ਬਦਨਾਮ ਕਹਾਣੀਆਂ ਲਿਖ
ਦਿੱਤੀਆਂ/ਉਤਸ਼ਾਹ ਨਾਲ /ਕੁਝ ਨੇ ਪੜ੍ਹੀਆਂ/ਕੁਝ ਨੇ ਸੁਣੀਆਂ/ਜਦ ਸੂਰਜ ਚੜ੍ਹਿਆ/ਤਾਂ ਅੱਖਰ
ਅੱਖਰ ਪਿਘਲ ਕੇ/ਮਿੱਟੀ ਚ ਜਾ ਰਲਿਆ/ਮੈਂ ਉਸ ਥਾਂ/ ਫੁੱਲਾਂ ਦੀ ਕਿਆਰੀ ਬੀਜ ਦਿੱਤੀ।
ਜਦ ਉਹ ਦੋਸਤ ਬਣਿਆ/ਤਾਂ ਕਿੰਨਾ ਚੰਗਾ ਸੀ/ਜਦ ਉਹ ਮਹਿਬੂਬ ਬਣਿਆ/ਤਾਂ ਕਿੰਨਾ ਸੋਹਣਾ ਤੇ
ਨਿੱਘਾ ਸੀ/ਜਦ ਉਹ ਖ਼ਾਵਿੰਦ ਬਣਿਆ/ਤਾਂ ਸਭ ਕੁਝ ਬਦਲ ਗਿਆ/ਉਹ ਹਿਟਲਰ ਬਣ ਗਿਆ/ਤੇ ਉਹ ਉਹਦੇ
ਕਨਸਨਟ੍ਰੇਸ਼ਨ ਕੈਂਪ ਵਿਚ/ਇਕ ਯਹੂਦੀ ਔਰਤ।
ਸਵਰਾਜ ਕੌਰ ਦੀ ਕਵਿਤਾ ਵਿਸ਼ਿਆਂ ਦਾ ਕੌਲ਼ਾਜ ਹੈ। ਪਰ ਔਰਤ ਤੇ ਪਏ ਦਮਨਪੈਤ੍ਰਿਕ ਕਦਰਾਂ
ਕੀਮਤਾਂ ਦੇ ਪ੍ਰਭਾਵ ਅਤੇ ਅਤ੍ਰਿਪਤ ਪਿਆਰ ਦਆਂ ਕਸਕਾਂ ਦਾ ਵਿਸ਼ਾ ਭਾਰੂ ਹੈ। ਉਸ ਅਨੁਸਾਰ ਮਰਦ
ਦਾ ਪਿਆਰ ਔਰਤ ਦੇ ਤਨ ਦੀ ਚਾਦਰ ਨੂੰ ਓੜਨ ਤੱਕ ਹੀ ਸੀਮਤ ਹੈ, ਇਸ ਵਿਚ ਲਪੇਟੇ ਮਨ ਦੀ ਮਖਮਲੀ
ਛੋਹ ਤੋਂ ਅਵੇਸਲਾ ਰਹਿੰਦਾ ਹੈ। ਮਨ ਵਿਚ ਵਸਦੀ ਰੂਹ ਦੀ ਖ਼ੁਸ਼ਬੋ ਨਾਲੋਂ ਰੂਹੋਂ ਸੱਖਣੇ ਤਨ ਦੀ
ਬੋਅ ਮਰਦ ਨੂੰ ਵਧੇਰੇ ਲਭਾਉਂਦੀ ਹੈ।
ਮੇਰਾ ਗੁਨਾਹ ਕੁੜੀ ਹੋਣਾ/ਜੋ ਜਨਮ ਤੋਂ ਮੇਰੇ ਨਾਲ ਆਇਆ ਸੀ/ਜਿਸ ਦੀ ਸਜ਼ਾ ਮੈਨੂੰ ਹੀ
ਨਹੀਂ/ਮੇਰੀ ਜਨਮਦਾਤੀ ਨੂੰ ਵੀ ਮਿਲੀ।/ਸਾਰੇ ਘਰ ਦਾ ਉੱਤਰਿਆ ਚਿਹਰਾ/ਮੱਥੇ ਤਿਊੜੀ/ਮਾੜਾਂ
ਮੋਟਾ ਹੋਰ ਵਿਤਕਰਾ/ਸਜ਼ਾ ਵੱਡੀ ਤਾਂ ਨਹੀਂ/ਗੁਨਾਹ ਵੀ ਛੋਟਾ ਨਹੀਂ ਨਾ।
ਰੂਹੋਂ ਸੱਖਣਾ/ਜਿਸਮ ਬਣਨਾ ਜਦੋਂ ਵੀ/ਉਸ ਦਾ ਦੁਰਭਾਗ ਹੁੰਦਾ/ਉਹ ਜਿਉਂਦੀ ਨਹੀਂ/ਲਾਸ਼ ਹੁੰਦੀ
ਹੈ/ਉਂਝ ਕਦੋਂ ਆਉਂਦੀ ਹੈ/ਸੰਸਾਰ ਦੀ ਜੰਗਲੀ ਭੁੱਖ ਨੂੰ/ਮੋਏ ਮਾਸ ਦੀ ਬੋਅ।
ਜਸਵੀਰ ਲਿਖਦੀ ਤਾਂ ਕਈ ਸਾਲਾਂ ਤੋਂ ਹੈ ਪਰ ਉਸ ਦੀ ਪਹਿਲੀ ਪੁਸਤਕ, ਆਪਣੇ ਆਪਣੇ ਜੰਗਲ
ਪਿੱਛੇ ਜਹੇ ਛਪੀ ਹੈ। ਇਸ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਸੰਖੇਪ ਅਤੇ ਇਕਹਿਰੀ ਮਨਬਚਨੀ ਹੈ।
ਅਜੇਹੀ ਕਵਿਤਾ ਜਾਂ ਤਾਂ ਲੀੜੇ ਲੜ ਬੰਨ੍ਹੇ ਬਰਫ ਦੇ ਟੁਕੜੇ ਵਾਂਗ ਖੁਰ ਜਾਣ ਦਾ ਖਦਸਾ
ਸਹੇੜਦੀ ਹੈ ਅਤੇ ਜਾਂ ਕਿਸੇ ਪੁਖ਼ਤਾ ਵਿਚਾਰ ਵਿਚ ਢਲ ਜਾਣ ਦਾ ਮਾਣ। ਪਰ ਜਸਵੀਰ ਦੀ ਕਵਿਤਾ
ਇਨ੍ਹਾਂ ਦੋਹਾਂ ਚੌਖਟਿਆਂ ਵਿਚ ਫਿੱਟ ਨਹੀਂ ਹੁੰਦੀ। ਉਸ ਦੀ ਕਵਿਤਾ ਔਰਤ ਅਤੇ ਮਰਦ ਦੇ
ਰਿਸ਼ਤਿਆਂ ਤੇ ਠੋਕੀ ਹੋਈ ਰਸਮੀ ਨਿਸ਼ਾਨਦਿਹੀ ਅਤੇ ਫਰਜ਼ਾਂ ਦੀ ਵਾਹੀ ਹੋਈ ਕਾਰ-ਰੇਖਾ ਨੂੰ ਭੰਗ
ਕਰਕੇ ਬਰਾਬਰੀ ਦੇ ਸੂਤਰ, ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ਵਿਚ ਬਦਲਣਾ ਚਾਹੁੰਦੀ ਹੈ।
ਤੂੰ ਤੇ ਮੈਂ/ਪਤਾ ਨਹੀਂ ਕਦੋਂ ਤੇ ਕਿਵੇਂ/ਇਕ ਦੂਜੇ ਦੇ ਮਹਿਬੂਬ ਬਣਦੇ ਬਣਦੇ/ ਮਲਕੀਅਤ ਬਣ
ਬੈਠੇ/ਹਕੂਮਤ ਦੀ ਪਤਾ ਨਹੀਂ ਕਿਹੀ ਹਨ੍ਹੇਰੀ ਝੁੱਲੀ/ਤੇਰੇ ਡੌਲਿਆਂ ਦੇ ਜ਼ੋਰ/ਮੈਨੂੰ ਮਜ਼ਲੂਮ
ਬਣਾ ਦਿੱਤਾ/ਤੇਰੇ ਮੇਰੇ ਉਦਾਲੇ ਲਿਪਟੀ/ਫੁੱਲਾਂ ਦੀ ਸੁਗੰਧ ਭਰੀ ਤਰਤੀਬ/ਨਾ ਜਾਣਾ ਕਦ/ਮਹਿਜ਼
ਰਿਸ਼ਤਿਆਂ ਦੀ ਬੇਤਰਤੀਬੀ ਬਣ ਬੈਠੀ/ਇਸ ਤੋਂ ਪਹਿਲਾਂ ਕਿ ਤੇਰਾ ਮੇਰਾ ਰਿਸ਼ਤਾ/ਹੋਰ ਗਰਕ
ਜਾਵੇ/ਆ ਆਪਾਂ/ਆਪਣੇ ਆਪਣੇ ਘਰ ਪਰਤ ਜਾਈਏ।
ਖਾਵਿੰਦ ਬਨਣ ਚ ਨਾ ਤੇਰਾ ਕਸੂਰ ਹੈ/ਨਾ ਬੀਵੀ ਬਣਨ ਚ ਮੇਰਾ/ਪਰ3ਆ ਰਿਸ਼ਤਿਆਂ ਦਾ/ਅਲਫ਼ ਬੇ
ਮੁੜ ਕੇ ਪੜ੍ਹੀਏ/ਤੇ ਇਕ ਦੂਜੇ ਦੇ/ਰਿਮੋਟ ਕੰਟਰੋਲ ਬਣਨਾ ਬੰਦ ਕਰੀਏ।
ਨਵਨੀਤ ਪੰਨੂ ਦੀ ਕਾਵਿ-ਪਸਤਕ, ਇਕਾਂਤ ਦਾ ਦਿਹਾਂਤ ਦੀਆਂ ਕਵਿਤਾਵਾਂ ਕਲਾ ਪੱਖੋਂ ਊਣੀਆਂ
ਹਨ ਪਰ ਕੁਝ ਭਾਵ ਪੱਖੋਂ ਜ਼ਿਕਰ ਯੋਗ ਹਨ।
ਮੇਰੀ ਚੇਤਨਾ ਦੇ ਆਭਾ ਮੰਡਲ ਵਿਚ/ਮੇਰੀ ਇਕੱਲਤਾ/ਸਿਖਰ ਦੁਪਹਿਰੇ/ਸਿਰ ਦੇ ਸਾਏ ਵਾਂਗ/ਬੌਣੀ
ਹੋਕੇ ਰਹਿ ਜਾਂਦੀ ਹੈ/ਤੇ ਮੇਰੇ ਚੇਤਨਕੋਸ਼ ਚੋਂ/ਕਈ ਅੱਖਰ ਕਵਿਤਾ ਬਣ ਨਿਕਲਦੇ ਹਨ/ਮੈਂ ਜ਼ਬਤੀ
ਹਾਂ/ਮੈਂ ਕੋਮਲ ਹਾਂ/ਮੈਂ ਟਵੈਂਟੀ ਫਸਟ ਸੈਂਚਰੀ ਵਮਨ ਹਾਂ।
ਗੁਲਸ਼ਨ ਦਿਆਲ ਦੀ ਪੁਸਤਕ, ਗਜਰ ਜ਼ਿਕਰ ਯੋਗ ਹੈ। ਇਸ ਪੁਸਕ ਵਿਚ ਕੁਝ ਜ਼ਿਕਰ ਯੋਗ ਕਵਿਤਾਵਾਂ
ਹਨ। ਮੂਲਰੂਪ ਵਿਚ ਇਸ ਦੀਆਂ ਕਵਿਤਾਵਾਂ ਪਿਆਰ ਦੇ ਰਿਸ਼ਤਿਆਂ ਨਾਲ ਸੰਬੰਧਤ ਹਨ।
ਸੋਹਣਿਆਂ ਅੱਜ ਤੂੰ ਮੇਰੇ ਨਾਲ ਗੱਲ ਕੀਤੀ/ਮੇਰੀ ਅੱਜ ਇਕ ਕਵਿਤਾ ਗੁਆਚੀ/ਰੇਸ਼ਮ ਵਰਗੀ ਕਲੀ,
ਰਿਸ਼ਮਾਂ ਨਾਲ ਧੋਤੀ/ਸ਼ਹਿਦ ਵਾਂਗ ਮਿੱਠੀ, ਰੰਗਾ ਨਾਲ ਨਹਾਤੀ/ਮੇਰੀ ਇਕ ਕਵਿਤਾ ਗੁਆਚੀ/ਮੈਂ
ਤੇਰੇ ਚੇਤੇ ਚ ਤਾਂ ਸੀ/ਤੂੰ ਕੁੱਝ ਕਹਿਣਾ ਵੀ ਚਾਹਿਆ ਸੀ/ਹਵਾਵਾਂ ਤੋਂ ਮੈਂ ਤੇਰੇ ਦਿਲ
ਦੀਆਂ-ਧੜਕਣਾਂ ਸੁਣ ਲਈਆਂ ਸਨ/ਤੇਰੇ ਦਿਲ ਦੇ ਜਜ਼ਬਾਤਾਂ ਨੂੰ ਧੁੱਪਾਂ ਵੀ ਚੁੰਮ ਆਈਆਂ ਸਨ/ਤੇ
ਫਿਰ ਇਨ੍ਹਾਂ ਧੁੱਪਾਂ ਨੇ/ ਤੇਰੇ ਸਾਰੇ ਹਰਫਲ਼ ਮੇਰੇ ਪਿੰਡੇ ਤੇ ਉੱਕਰ ਦਿੱਤੇ ਸਨ।
ਜਿਵੇਂਕਿ ਬਹੁਤ ਸਾਰੀਆਂ ਉਪ੍ਰੋਕਤ ਉਦਾਹਰਣਾਂ ਤੋਂ ਜ਼ਾਹਿਰ ਹੈ, ਨਾਰੀ ਕਾਵਿ ਦਾ ਵਿਸ਼ਾ ਅਕਸਰ
ਦਮਨਪੈਤ੍ਰਿਕ (Patriarchic) ਕਦਰਾਂ ਕੀਮਤਾਂ ਦੁਆਲੇ ਘੁੰਮਣ ਕਰਕੇ ਇਕਹਿਰਾ ਅਤੇ ਇਕ ਪਾਸੜਾ
ਹੈ। ਇਸ ਵਿਚ ਅਕਸਰ ਮਰਦ ਪ੍ਰਤੀ ਰੋਹ, ਵਿਦਰੋਹ, ਧ੍ਰੋਹ ਅਤੇ ਘਿਰਣਾ ਵਿਅਕਤ ਹੁੰਦੀ ਹੈ। ਇਸ
ਵਿਚ ਕੋਈ ਸ਼ੱਕ ਨਹੀਂ ਕਿ ਇਹ ਭਾਵਨਾ ਦਰੁਸਤ ਵੀ ਹੈ ਪਰ ਮਰਦ ਤੋਂ ਵਗੈਰ ਨਾਰੀ ਵੀ ਅਧੂਰੀ ਹੈ।
ਜੀਵਨ ਦੇ ਹੋਰ ਬੜੈ ਮਸਲੇ ਹਨ ਜੋ ਮਰਦ-ਔਰਤ ਦੀ ਸਾਂਝ ਜਾਂ ਵਿਰੋਧ ਨਾਲ ਬਾਵਸਤਾ ਹਨ ਜਿਨ੍ਹਾਂ
ਵਲ ਨਾਰੀ-ਕਾਵਿ ਵਿਚ ਬਹੁਤਾ ਨਹੀਂ ਲਿਖਿਆ ਗਿਆ। ਖਾਸ ਕਰਕੇ ਆਧੁਨਿਕ ਜੀਵਨ ਵਿਚ ਨਾਰੀਵਾਦ
(Feminism) ਨੇ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਚਣਾਉਤੀ ਦੇਕੇ ਕਈ ਜੀਵਨ ਦੇ ਨਵੇਂ ਸਰੋਕਾਰ
ਪੈਦਾ ਕੀਤੇ ਹਨ। ਕਵੇਲ ਮਰਦ-ਝਾੜਝੰਦ (Men-Bashing) ਨਾਲੋਂ ਨਵੇਂ ਸਮਾਜ ਵਿਚ ਪੈਦਾ ਹੋਏ
ਆਧੁਨਿਕ ਮਸਲਿਆਂ ਬਾਰੇ ਲਿਖਣਾ ਵਧੇਰੇ ਲਾਹੇਬੰਦ ਰਹੇਗਾ।
ਆਖੀਰ ਵਿਚ ਮੈਂ ਚਾਰ ਸ਼ਬਦ ਆਪਣੀ ਕਵਿਤਾ ਬਾਰੇ ਅੰਕਿਤ ਕਰਨ ਦੀ ਖੁੱਲ੍ਹ ਲਵਾਂਗਾ ।ਆਪਣੇ ਬਾਰੇ
ਆਪ ਲਿਖਣ ਨਾਲੋਂ ਕੁਝ ਪੰਜਾਬੀ ਦੇ ਆਲੋਚਕਾਂ ਦੇ ਵਿਚਾਰ ਹਾਜ਼ਰ ਹਨ।
1. ਗੁਰੂਮੇਲ ਦੀ ਵਿਚਾਰਧਾਰਾ ਤੇ ਭਾਵ-ਪ੍ਰਣਾਲੀ ਨਾਲ ਮੇਰੀ ਸਹਿਮਤੀ ਨਹੀਂ, ਪਰ ਫਿਰ ਵੀ
ਜਿਸ ਪ੍ਰਭਾਵਸ਼ਾਲੀ ਸ਼ੈਲੀ ਵਿਚ ਉਹ ਕਵਿਤਾ ਰਚਦਾ ਹੈ, ੳਸਦਾ ਮੈਂ ਪ੍ਰਸੰਸਕ ਹਾਂ।ਜੇ ਗੌਹ ਨਾਲ
ਦੇਖਿਆ ਜਾਵੇ ਤਾਂ ਉਸ ਦੀ ਸ਼ੈਲੀ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀ ਸ਼ੈਲੀ ਨਾਲੋਂ ਇਤਨੀ
ਵੱਖਰੀ ਨਹੀਂ। ਵਿਚਾਰ ਤੇ ਬਿੰਬ ਦੀ ਦਲੇਰੀ ਪਹਿਲਿਆਂ ਵਿਚ ਵੀ ਸੀ ਤੇ ਗੁਰੂਮੇਲ ਵਿਚ ਵੀ ਹੈ।
ਪਰ ਗੁਰੂਮੇਲ ਵਿਚ ਇਕ ਸੂਖਮ ਵਿਅੰਗ ਤੇ ਇਕ ਆਤਮਕ ਪੀੜ ਹੈ, ਜਿਹੜੀ ਬਿਲਕੁਲ ਨਵੀਂ ਹੈ (ਸੰਤ
ਸਿੰਘ ਸੇਖੋਂ: ਅਪੈਰੀਆ ਵਾਟਾਂ ਦੀ ਭੂਮਿਕਾ ਵਿਚੋਂ)।
2. ਡਾ. ਗੁਰੂਮੇਲ, ਵਿਗਿਆਨ, ਕਵਿਤਾ ਤੇ ਸਾਹਿਤ-ਚਿੰਤਨ ਦੀ ਤ੍ਰਿਵੈਣੀ ਹੈ।3ਉਸ ਦੀ
ਪ੍ਰਬੁੱਧਤਾ ਨੇ ਉਸਦੇ ਪ੍ਰਗੀਤਮਈ ਸੋਮਿਆਂ ਨੂੰ ਸੁਕਾਇਆ ਨਹੀਂ। ਉਸ ਨੂੰ ਇਸ ਗੱਲ ਦੀ ਡੂੰਘੀ
ਪ੍ਰਤੀਤੀ ਹੈ ਕਿ ਸਿਧਾਂਤ ਸੀਮ ਹੁੰਦੇ ਹਨ ਪਰ ਜ਼ਿੰਦਗੀ ਦੇ ਰਹੱਸ ਅਸੀਮ, ਇਸ ਲਈ ਬੁੱਧੀ ਦੀਆਂ
ਸੂਖਮ ਪਰਤਾਂ ਨੂੰ ਚੀਰ ਕੇ ਉਸਦੀ ਕਵਿਤਾ ਚਸ਼ਮੇ ਵਾਂਗ ਫੁਟ ਪੈਂਦੀ ਹੈ। ਸੁਰਜੀਤ ਪਾਤਰ:
ਸ਼ਬਦਾਂ ਦਾ ਸ਼ਗਨ ਵਿਚੋਂ)
ਸੁਰਜੀਤ ਕਲਸੀ ਨੇ ਮੇਰੀਆਂ ਕੁਝ ਕਵਿਤਾਵਾਂ ਦਾ ਅੰਗ੍ਰੇਜ਼ੀ ਅਨੁਵਾਦ, "Shadows of the
Past" ਨਾਮੀਂ ਪੁਸਤਕ ਵਿਚ ਛਾਪਿਆ ਹੈ। ਇਸ ਬਾਰੇ ਦੋ ਆਲੋਚਕਾਂ ਦੀ ਰਾਏ ਹੇਠ ਅੰਕਿਤ
ਕੀਤੀ ਜਾਂਦੀ ਹੈ।
1. Gurumel Sidhu is a man of intellect. The first half of his book,
Shadows of the Past, comprises poems of thought and is full of profound
philosophical insight. He is also a man of feeling. The second half of his
book is made up of poems of passion. The book thus covers the whole realm
of human experience (Michael Bullock: Introduction to Shadows of the
Past)
2. Gurumel Sidhus Shadows of the Past is a poetic meditation that dances
between the shadows of time as it relates to thought, emotions, and
vision. One immediately recognizes that this work pays homage to T.S.
Eliots Four Quarters while at the same time uncovering fresh facets drawn
from a parallel perspective born of another culture. The reader is taken
on a journey so familiar and yet still unknown. Pradoxes arise, shine, and
suddenly fade into the darkness of the autherss rumination. In the end
one cannot help but feel awakened, satisfied, and then set free to
wander. (Lori-ann Latremouille: Introduction to Shadows of the Past)
ਸਮਕਾਲੀ ਅਮਰੀਕਨ ਪੰਜਾਬੀ ਕਵਿਤਾ ਅਤੇ ਗ਼ਜ਼ਲ ਵਿਚ ਪਹਿਲਾਂ ਆਏ ਪ੍ਰਵਾਸੀਆਂ ਦੀਆਂ ਪੁਰਾਣੀਆਂ
ਮਨੋਸਥਿਤੀਆਂ, ਜਿਵੇਂ ਉਦਾਸੀ, ਤਾਂਘ ਅਤੇ ਹੇਰਵਾ ਦਾ ਪ੍ਰਭਾਵ ਘਟਿਆ ਜ਼ਰੂਰ ਹੈ ਪਰ ਇਸ ਦੀ
ਰਹਿੰਦਖੂੰਦ ਅਜੇ ਵੀ ਬਾਕੀ ਹੈ। ਕਾਰਨ ਇਹ ਹੈ ਕਿ ਬਹੁਤੇ ਕਵੀ ਪੰਜਾਬੀ ਸਭਿਆਚਾਰ ਵਿਚ
ਜੰਮੇ-ਪਲੇ ਹਨ। ਪੱਛਮੀ ਸਭਿਆਾਚਰ ਵਿਚ ਆਕੇ ਜਿਨ੍ਹਾਂ ਨਵੀਆਂ ਸਥਿਤੀਆਂ ਨਾਲ ਵਾਹ ਪਿਆ,
ਉਨ੍ਹਾਂ ਨੂੰ ਪ੍ਰੰਪਰਾਗਤ ਪਿੱਠਭੂਮੀ ਦੇ ਪ੍ਰਸੰਗ ਵਿਚ ਰੱਖ ਕੇ ਹੀ ਚਿਤਵਦੇ, ਚਿਤਾਰਦੇ ਅਤੇ
ਬਿਆਨਦੇ ਹਨ। ਜਿਵੇਂ ਪਹਿਲਾ ਪਿਆਰ ਕਦੇ ਨਹੀਂ ਭੁਲਦਾ ਉਸੇ ਤਰਾਂ ਜੀਵਨ ਤੇ ਲੱਗਿਆ ਹੋਇਆ
ਪਿੱਤ੍ਰੀ ਸਭਿਆਚਾਰਕ ਦਾ ਠੱਪਾ ਵੀ ਸੰਪੂਰਨ ਤੌਰ ਤੇ ਕਦੇ ਨਹੀਂ ਮਿਟਦਾ। ਪਰ ਇਸ ਵਿਚ ਕੋਈ
ਸ਼ੱਕ ਨਹੀਂ ਕਿ ਅਮਰੀਕਨ ਕਵਿਤਾ ਵਿਚੋਂ ਪੂਰਬੀ ਅਤੇ ਪੱਛਮੀ ਸਭਿਆਚਾਰਾਂ ਦੇ ਦੁਮੇਲ ਦਾ ਚਿਤਰਨ
ਆਵਸ਼ ਵਿਅਕਤ ਹੁੰਦਾ ਹੈ ਜਿਸ ਦੀ ਤਸਦੀਕ ਉਪਰੋਕਤ ਦਿੱਤੀਆਂ ਉਦਾਹਰਨਾਂ ਤੋਂ ਭਲੀਭਾਂਤ ਹੋ
ਜਾਂਦੀ ਹੈ।
-0-
|