ਉਮਰ ਵਿੱਚ ਪ੍ਰੀਤਲੜੀ ਮੇਰੇ ਨਾਲੇ ਛੇ ਕੁ ਸਾਲ ਵੱਡੀ ਹੈ। ਮੈਂ ਜਦੋਂ ਹੋਸ਼ ਸੰਭਾਲੀ ਤਾਂ
ਪ੍ਰੀਤਲੜੀ ਹਰ ਮਹੀਨੇ ਸਾਡੇ ਘਰ ਆ ਰਹੀ ਸੀ। ਫਿਰ ਇਸੇ ਅਦਾਰੇ ਵੱਲੋਂ ਇਕ ਹੋਰ ਮਾਸਿਕ ਪੱਤਰ
‘ਬਾਲ ਸੰਦੇਸ਼‘ ਵੀ ਆਉਣ ਲੱਗਾ। ਆਪਣੀ ਪੜ੍ਹਾਈ ਦੀਆਂ ਪੁਸਤਕਾਂ ਤੋਂ ਬਿਨਾਂ ਮੈਂ ਜੋ ਕੁਝ
ਆਪਣੇ ਬਚਪਨ ਵਿੱਚ ਪੜ੍ਹਿਆ ਤਾਂ ਇਹ ਦੋ ਮਾਸਿਕ ਪੱਤਰ ਹੀ ਸਨ।
ਮਾਂ-ਪਿਓ ਭਾਵੇਂ ਅਨਪੜ੍ਹ ਸਨ (ਪਿਤਾ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਲਿਖ ਲੈਂਦੇ ਸਨ) ਪਰ ਬੜੇ
ਹੀ ਸੱਚੇ ਸੁੱਚੇ, ਨੇਕ, ਸਾਦਾ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਧਾਰਨੀ ਸਨ। ਉਨ੍ਹਾਂ ਸਾਨੂੰ
ਸਾਰੇ ਭੈਣ-ਭਰਾਵਾਂ ਨੂੰ ਇੱਕ ਸਿੱਧਾ-ਸਾਦਾ ਅਤੇ ਸੱਚਾ-ਸੁੱਚਾ ਇਮਾਨਦਾਰ ਜੀਵਨ ਬਿਤਾਉਣ ਦੀ
ਸਿੱਖਿਆ ਦਿੱਤੀ। ਮੇਰੇ ਪਿਤਾ ਸ੍ਰ: ਹਰਨਾਮ ਸਿੰਘ (ਪਿੰਡ ਪੱਖੋਵਾਲ ਜਿਲ੍ਹਾ ਲੁਧਿਆਣਾ) ਜੋ
ਪ੍ਰੀਤਲੜੀ ਦੇ ਲੱਗਭੱਗ ਇਸ ਦੇ ਜਨਮ ਤੋਂ ਹੀ ਪਾਠਕ ਸਨ, ਇੱਕ ਆਦਰਸ਼ਕ ਇਨਸਾਨ ਸਨ। ਹਰ ਸਮੇਂ
ਕਿਸੇ ਦੇ ਕੰਮ ਆਉਣਾ ਅਤੇ ਦੂਜੇ ਦਾ ਦੁੱਖ ਦਰਦ ਵੰਡਾਉਣਾ ਉਨ੍ਹਾ ਦਾ ਸੁਭਾੳੇ ਸੀ।ਉਹ ਸੱਚ
ਕਹਿਣ, ਭਾਵੇਂ ਉਨਹਾਂ ਵਿਰੁਧ ਹੀ ਗਲ ਜਾਦੀ ਹੋਵੇ, ਬੋਲਣ ਦੀ ਹਿੰਮਤ ਰਖਦੇ ਸਨ। ਮੇਰੇ ਜੀਵਨ
ਉੱਤੇ ਸਭ ਤੋਂ ਵੱਧ ਅਪਣੇ ਪਿਤਾ ਦਾ ਪ੍ਰਭਾਵ ਹੈ ਅਤੇ ਦੂਜੇ ਨੰਬਰ ‘ਤੇ ਪ੍ਰੀਤਲੜੀ ਵਿਸ਼ੇਸ਼
ਕਰਕੇ ਇਸ ਪਰਚੇ ਵਿੱਚ ਛਪੀਆ ਸ੍ਰ: ਗੁਰਬਖਸ਼ ਸਿੰਘ ਦੀਆਂ ਲਿਖਤਾਂ ਦਾ। ਉਹ ਹਰ ਮਹੀਨੇ ਇੱਕ
ਸਾਵੀ ਪੱਧਰੀ ਜਿੰਦਗੀ, ਚੰਗੇਰੀ ਦੁਨੀਆ, ਸਵੇ-ਪੂਰਨਤਾ ਦੀ ਲਗਨ ਤੇ ਮਨੋਹਰ ਸ਼ਖਸੀਅਤ ਆਦਿ
ਬਾਰੇ ਲੇਖ ਲਿਖਦੇ, ਪਾਠਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਸਨ। ਉਨ੍ਹਾ ਦੀਆਂ ਲਿਖਤਾਂ ਦਾ
ਪਾਠਕਾਂ ਉੱਤੇ ਜਾਦੂਈ ਅਸਰ ਹੁੰਦਾ ਸੀ। 1960-ਵਿਆਂ ਦੇ ਪਹਿਲੇ ਸਾਲਾਂ ਵਿਚ ਅਸੀਂ ਹਮਉਮਰ
ਸਾਥੀ ਪ੍ਰੀਤਲੜੀ ਦੇ ਨਵੇਂ ਅੰਕ ਨੂੰ ਹਰ ਮਹੀਨੇ ਇਸ ਤਰ੍ਹਾਂ ਉਡੀਕਦੇ ਹੁੰਦੇ ਸੀ ਜਿਵੇਂ
ਪ੍ਰੇਮੀ ਆਪਣੀ ਪ੍ਰੇਮਿਕਾ ਦੇ ਪੱਤਰ ਨੂੰ ਉਡੀਕਦੇ ਹੁੰਦੇ ਸਨ। ਪ੍ਰੀਤਲੜੀ ਦਾ ਨਵਾਂ ਪਰਚਾ
ਆਉਂਦਾ ਤਾਂ ਅਕਸਰ ਅਸੀਂ ਨੌਕਵਾਨ ਇੱਕ ਹੀ ਬੈਠਕ ਵਿੱਚ ਪੜ੍ਹ ਕੇ ਉੱਠਦੇ।
ਮੇਰੇ ਅੰਦਰ ਸਾਹਿਤਕ ਰੁਚੀ ‘ਬਾਲ ਸੰਦੇਸ਼‘ ਅਤੇ ‘ਪ੍ਰੀਤਲੜੀ‘ ਪੜ੍ਹ ਕੇ ਹੀ ਪੈਦਾ ਹੋਈ। ਸਕੂਲ
ਵਿੱਚ ਹੀ ਪੜ੍ਹਦਿਆਂ ਸਭ ਤੋਂ ਪਹਿਲੋਂ ਮੈਂ ਬਾਲ ਸੰਦੇਸ਼ ਲਈ ਚੁਟਕਲੇ, ਬੁਝਾਰਤਾਂ ਅਤੇ
ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਅਜ ਪੱਤਰਕਾਰੀ ਵਿੱਚ ਮੇਰਾ ਇੱਕ ਨਾਂਅ ਹੈ, ਆਪਣੀ ਇਕ
ਪਹਿਚਾਣ ਹੈ। ਮੈਨੂੰ ਇਸ ਸਥਾਨ ‘ਤੇ ਪਹੁੰਚਾਉਣ ਵਿੱਚ ਪ੍ਰੀਤਲੜੀ ਦਾ ਬਹੁਤ ਹੀ ਅਹਿਮ ਰੋਲ
ਹੈ।
ਮੈਨੂੰ ਇੱਕ ਆਦਰਸ਼ਕ ਜੀਵਨ ਬਿਤਾਉਣ ਲਈ ਸੇਧ ਸੁਨਹਿਰੀ ਦਿਲ ਵਾਲੇ ਆਪਣੇ ਪਿਤਾ ਤੋਂ ਬਿਨਾਂ
ਪ੍ਰੀਤਲੜੀ ਤੋਂ ਮਿਲੀ ਹੈ। ਇੱਕ ਕਾਮਯਾਬ ਪੱਤਰਕਾਰ ਜਾਂ ਲੇਖਕ ਤੋਂ ਵੀ ਜ਼ਰੂਰੀ ਹੈ ਇੱਕ ਵਧੀਆ
ਇਨਸਾਨ ਬਣਨਾ। ਇੱਕ ਲੇਖਕ, ਪੱਤਰਕਾਰ, ਕਲਾਕਾਰ, ਬੁੱਧੀਜੀਵੀ ਆਦਿ ਦਾ ਜੀਵਨ ਦੂਜੇ ਲੋਕਾਂ ਲਈ
ਇੱਕ ”ਰੋਲ ਮਾਡਲ” ਤੇ ਪ੍ਰੇਰਣਾ ਸਰੋਤ ਹੋਣਾ ਚਾਹੀਦਾ ਹੈ। ਜੇ ਉਨ੍ਹਾਂ ਦਾ ਆਪਣਾ ਜੀਵਨ ਚੰਗਾ
ਹੈ ਤਾਂ ਉਨ੍ਹਾਂ ਦੀ ਲੇਖਣੀ, ਕਲਾ ਜਾਂ ਰਚਨਾ ਦਾ ਆਮ ਲੋਕਾਂ ‘ਤੇ ਹੋਰ ਵੀ ਚੰਗਾ ਅਸਰ
ਹੋਵੇਗਾ ਅਤੇ ਉਹ ਇਸ ਤਰ੍ਹਾਂ ਸਮਾਜ ਦੀ ਵਧੇਰੇ ਸੇਵਾ ਕਰ ਸਕਣਗੇ।
ਮੈਂ ਪੱਤਰਕਾਰੀ ਵਿੱਚ ਆਉਣ ਤੋਂ ਪਹਿਲਾਂ 11-12 ਸਾਲ ਇੱਕ ਅਧਿਆਪਕ ਵਜੋਂ ਸੇਵਾ ਵੀ ਕੀਤੀ
ਹੈ। ਟ੍ਰਿਬਿਊਨ ਗਰੁੱਪ ਦੀ ਨੌਕਰੀ ਤੋਂ ਸੇਵਾ-ਮੁਕਤ ਹੋਇਆ ਹਾਂ। ਇੱਕ ਅਧਿਆਪਕ ਵਜੋਂ ਜਾਂ ਇਕ
ਪੱਤਰਕਾਰ ਵਜੋਂ ਕੀਤੇ ਆਪਣੇ ਕੰਮ ‘ਤੇ ਮੈਨੂੰ ਪੂਰੀ ਸੰਤੁਸ਼ਟੀ ਹੈ, ਮਾਨਸਿਕ ਤਸੱਲੀ ਹੈ। ਮੈਂ
ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੈਂ ਹਮੇਸ਼ਾ ਆਪਣੀ ਡਿਊਟੀ ਜਾਂ ਜ਼ਿੰਮੇਵਾਰੀ ਪੂਰੀ
ਇਮਾਨਦਾਰੀ ਨਾਲ ਨਿਭਾਈ ਹੈ। ਅਧਿਆਪਨ ਜਾਂ ਪੱਤਰਕਾਰੀ ਨੂੰ ਸਿਰਫ ਇੱਕ ਪੇਸ਼ੇ ਵਜੋਂ ਨਹੀਂ,
ਸਗੋਂ ਧਰਮ ਸਮਝ ਕੇ ਨਿਭਾਇਆ ਹੈ। ਇਸ ਸਭ ਲਈ ਪ੍ਰੀਤ ਲੜੀ ਦਾ ਬੜਾ ਯੋਗਦਾਨ ਹੈ, ਜਿਸ ਨੇ ਇੱਕ
ਸਾਵੀ ਪੱਧਰੀ ਜ਼ਿੰਦਗੀ ਜਿਊਣ ਦੀ ਜਾਚ ਸਿਖਾਈ ਅਤੇ ਇੱਕ ਸੁਚੱਜੇ ਜੀਵਨ ਲਈ ਸੇਧ ਦਿੱਤੀ।
ਮੈਂ ਧਰਮ-ਪੁੱਤਰ ਯੁਧਿਸ਼ਟਰ, ਭੀਸ਼ਮ ਪਿਤਾਮਾ ਜਾਂ ਰਾਜਾ ਹਰੀਸ਼ ਚੰਦਰ ਤਾਂ ਨਹੀਂ, ਪਰ ਆਪਣੀ
ਜ਼ਿੰਦਗੀ ਵਿੱਚ ਬਹੁਤ ਹੀ ਘੱਟ ਝੂਠ ਬੋਲਿਆ ਹੈ, ਬਹੁਤੀ ਵਾਰੀ ਕਿਸੇ ਮਜਬੂਰੀ ਹੇਠ ਜਾਂ ਦਰਪੇਸ਼
ਪ੍ਰਸਥਿਤੀਆਂ ਕਾਰਨ - ਹਾਂ, ਇਹ ਜਰੂਰ ਕਹਿ ਸਕਦਾ ਹਾਂ , ਜਦ ਕਦੀ ਵੀ ਝੂਠ ਬੋਲਿਆ, ਕਿਸੇ
ਦੂਸਰੇ ਦਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀਂ ਕੀਤਾ। ਹੁਣ ਕਈ ਵਾਰੀ ਸੋਚਦਾ ਹਾਂ ਕਿ
ਇਨ੍ਹਾਂ ਛੋਟੇ-ਮੋਟੇ ਝੂਠਾਂ ਤੋਂ ਵੀ ਬਚਿਆ ਜਾ ਸਕਦਾ ਸੀ, ਪਰ ਹੌਸਲੇ ਦੀ ਘਾਟ ਕਾਰਨ ਅਜਿਹਾ
ਨਾ ਕਰ ਸਕਿਆ। ਪੈਸਾ ਜ਼ਿੰਦਗੀ ਲਈ ਬੜਾ ਜ਼ਰੂਰੀ ਹੈ। ਦੋ ਨੰਬਰ ਦਾ ਅਣ-ਕਮਾਇਆ ਧਨ ਇਕੱਠਾ ਕਰ
ਸਕਦਾ ਸੀ, ਪਰ ਕਦੀ ਵੀ ਥਿੜਕਿਆ ਨਹੀਂ। ਵੈਸੇ ਤਾਂ ਅੱਜਕੱਲ੍ਹ ਮੇਰੇ ਵਰਗੇ ਬੰਦੇ ਨੂੰ
ਬੁਜ਼ਦਿਲ, ਡਰਪੋਕ, ਪਿਛਾਹ-ਖਿੱਚੂ ਵਿਚਾਰਾ ਵਾਲਾ ਕਿਹਾ ਜਾਂਦਾ ਹੈ, ਪਰ ਮੈਂ ਕਦੀ ਆਪਣੇ
ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਆਪਣੀ ਇਬਾਦਤ ਜਾਂ ਜ਼ੁੰਮੇਵਾਰੀ ਨੂੰ ਧਰਮ ਸਮਝ ਕੇ
ਨਿਭਾਇਆ ਹੈ।
ਇਹ ਹੰਕਾਰ ਜਾਂ ਅਪਣੇ ਮੂੰਹ ਆਪ ਮੀਆਂ ਮਿੱਠੂ ਬਣਨ ਵਾਲੀ ਗਲ ਨਹੀਂ, ਬੜੀ ਹੀ ਨਿਮ੍ਰਤਾ ਸਹਿਤ
ਮੈਂ ਆਖ ਸਕਦਾ ਹਾਂ ਕਿ ਇਕ ਸੁਚੱਜਾ ਜੀਵਨ ਬਿਤਾਇਆ ਹੈ। ਆਪਣੀ ਨੌਕਰੀ ਤੋਂ ਬੇਦਾਗ਼
ਸੇਵਾ-ਮੁਕਤ ਹੋਇਆ ਹਾਂ। ਮੈਂ ਆਪ ਨੂੰ ਪ੍ਰੀਤਲੜੀ ਦਾ ਇਕ ਆਦਰਸ਼ਕ ਪ੍ਰੀਤ-ਪਾਠਕ ਕਹਿ ਸਕਦਾ
ਹਾਂ।ਆਪਣੇ ਇਸ ਆਦਰਸ਼ ਕਾਰਨ ਅਨੇਕਾਂ ਮੁਸ਼ਕਿਲਾਂ ਵੀ ਆਈਆਂ, ਪ੍ਰੇਸ਼ਾਨੀਆਂ ਵੀ ਆਈਆਂ, ਪਰ ਅੰਤ
ਨੂੰ ਸਫਲਤਾ ਮਿਲਦੀ ਰਹੀ ਹੈ। ਮੇਰੀ ਸਾਦਗੀ, ਨਿਮ੍ਰਤਾ, ਸ਼ਰਾਫ਼ਤ ਜਾਂ ਦੂਜਿਆਂ ਦੇ ਕੰਮ ਆਉਣ
ਦੀ ਆਦਤ ਦਾ ਕਈ ਵਾਰੀ, ਇਸ ਦੋਸਤ-ਮਿੱਤਰ ਜਾਂ ਸਨੇਹੀ ਨੇ ਨਜਾਇਜ਼ ਫਾਇਦਾ ਵੀ ਉਠਾਇਆ ਅਤੇ ਖੁਦ
ਮੈਨੂੰ ਕਿਸੇ ਪ੍ਰੇਸ਼ਾਨੀ ਵਿੱਚ ਪਾਇਆ ਜਾਂ ਧੋਖਾ ਕੀਤਾ - ਵਿਸ਼ਵਾਸਘਾਤ ਕੀਤਾ। ਅਜਿਹੀ ਸਥਿਤੀ
ਵਿੱਚ ਕਈ ਵਾਰੀ ਮਨ ਬੜਾ ਹੀ ਦੁਖੀ ਹੁੰਦਾ ਹੈ, ਪ੍ਰੇਸ਼ਾਨ ਹੁੰਦਾ ਹੈ, ਫਿਰ ਵੀ ਮੈਂ ਆਪਣੀ
ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਕੋਈ ਪਛਤਾਵਾ ਨਹੀਂ ਹੈ, ਕੋਈ ਹਸਰਤ ਬਾਕੀ ਨਹੀਂ
ਹੈ। ਜਦ ਤੱਕ ਜੀਵਾਂਗਾ ਬਾਕੀ ਦੇ ਦਿਨ ਵੀ ਇਸੇ ਤਰ੍ਹਾਂ ਬਿਤਾਵਾਂਗਾ। ਹਮੇਸ਼ਾ ਮੇਰਾ ਮੁੱਖ
ਉਦੇਸ਼ ਸਮਾਜ ਸੇਵਾ ਰਿਹਾ ਹੈ ਤੇ ਰਹੇਗਾ। ਬਾਕੀ ਰਹਿੰਦੀ ਜ਼ਿੰਦਗੀ ਵਿਚ ਵੀ ਕਿਸੇ ਦੇ ਕੋਈ ਕੰਮ
ਆ ਸਕਾਂ, ਮੇਰਾ ਸੁਭਾਗ ਹੋਵੇਗਾ।
ਨੌਕਰੀ ਤੋਂ ਸੇਵਾ-ਮੁਕਤ ਹੋਣ ਦੀ ਉਮਰ ਤਾ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਇੱਕ ਤਰ੍ਹਾਂ
ਨਾਲ ਆਪਣੀ ਜ਼ਿੰਦਗੀ ਪੂਰੀ ਕਰ ਲਈ ਹੈ,ਬੋਨਸ ਦੀ ਜ਼ਿੰਦਗੀ ਜੀ ਰਿਹਾ ਹਾਂ। ਹੁਣ ਜ਼ਿੰਦਗੀ ਦੀ
ਸ਼ਾਮ ਵਿਚ ਹਾਂ, ਪਤਾ ਨਹੀਂ ਕਿਹੜੇ ਵੇਲੇ ਉਪਰੋਂ “ਸੱਦਾ” ਆ ਜਾਏ । ਪੱਤਰਕਾਰ ਕਦੀ ਰਿਟਾਇਰ
ਨਹੀਂ ਹੁੰਦੇ। ਉਹ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਸਕਦੇ ਹਨ, ਪਰ ਪੱਤਰਕਾਰੀ ਤੋਂ ਨਹੀਂ।
ਸੌ ਮੈਂ ਵੀ ਆਪਣੀ ਜ਼ਿੰਦਗੀ ਦੇ ਬਾਕੀ ਦਿਨ ਇੱਕ ਕਾਲਮ-ਨਵੀਸ ਵਜੋਂ ਸੇਵਾ ਕਰਦਾ ਰਹਿਣਾ
ਚਾਹੁੰਦਾ ਹਾਂ। ਫਰਾਂਸ ਦੀ ਇਕ ਬੜੀ ਹੀ ਪ੍ਰਸਿੱਧ ਪਂੇਟਿੰਗ ਹੈ ਜਿਸ ਵਿਚ ਦਿਖਾਇਆ ਹੈ ਕਿ ਇਕ
ਬਜ਼ੁਰਗ ਚਿੱਤਰਕਾਰ ਦੇ ਹੱਥੋ ਉਸ ਦਾ ਬੁਰਸ਼ ਮੌਤ ਦਾ ਫਰਿਸ਼ਤਾ ਹੀ ਆ ਕੇ ਛੁਡਵਾਉਂਦਾ ਹੈ। ਮੇਰੀ
ਅਰਦਾਸ ਹੈ ਕਿ ਮੌਤ ਦਾ ਫਰਿਸ਼ਤਾ ਹੀ ਆ ਕੇ ਮੇਰੇ ਹੱਥ ਚੋ ਕਲਮ ਛੁੱਡਵਾਏ। ਆਮੀਨ ।
194-ਸੀ,
ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ,
ਮੋ: 98762-95829
-0-
|