ਸਟੈਟਸ ਕੈਨੇਡਾ ਦੀ ਸੈਨਸਿਸ ਰਿਪੋਰਟ ਜਦ ਛਪਦੀ ਹੈ ਤਾਂ ਇਸ ‘ਚ ਹੋਰ ਅੰਕੜਿਆਂ ਦੇ ਨਾਲ
ਨਾਲ ਕੈਨੇਡਾ ‘ਚ ਵਸਦੇ ਲੋਕਾਂ ਵਲੋਂ ਘਰ ‘ਚ ਬੋਲੀਆਂ ਜਾਂਦੀਆਂ ਬੋਲੀਆਂ ਦੀ ਗਿਣਤੀ ਵੀ
ਛਪਦੀ ਹੈ। ਇਸ ਲੜੀ ‘ਚ 2011 ਦੀ ਰਿਪੋਰਟ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚਾਰ
ਲੱਖ ਸੱਠ ਹਜ਼ਾਰ ਬੋਲਦੀ ਹੈ।
ਇਸ ਰਿਪੋਰਟ ਨੂੰ ਲੈ ਕੇ ਪੰਜਾਬੀ ਦੇ ਜ਼ਰਾ ਜਿ਼ਆਦਾ ਨੇੜਲੇ ਲੋਕ ‘ਪੰਜਾਬੀ ਮੀਡੀਆ’ ਤੇ
ਵਧਾਈਆਂ ਦੇਣ ਅਤੇ ਲੈਣ ਦਾ ਦੌਰ ਚਲਾਉਂਦੇ ਰਹਿੰਦੇ ਹਨ। ਕੈਨੇਡਾ ਵਸਦੇ ਪੰਜਾਬੀਆਂ ਵਲੋਂ
ਅਪਣੀ ਬੋਲੀ ਪੰਜਾਬੀ ਲਿਖਾਉਣਾ ਭਾਵੇਂ ਚੰਗੀ ਗੱਲ ਹੈ ਅਤੇ ਖੁਸ਼ੀ ਵੀ ਦਿੰਦੀ ਹੈ ਪਰ
ਵੱਡੇ ਆਧਾਰ ਤੇ ਪਰਖਿਆਂ ਇਹ ਖੁਸ਼ੀ, ਮਹਿਜ਼ ਖੁਸ਼ਫਹਿਮੀ ਤੋਂ ਵੱਧ ਕੁਝ ਨਹੀਂ ਹੈ।
ਬੋਲੀ ਅਤੇ ਭਾਸ਼ਾ ਦੀ ਕਦਰ ਅਤੇ ਸਰਦਾਰੀ ਦਾ ਮਸਲਾ ਵਿਤੀ ਸ਼ਕਤੀ,ਰਾਜ ਸੱਤਾ ਅਤੇ ਅੱਗੋਂ
ਰੁਜ਼ਗਾਰ ਨਾਲ ਜੁੜਿਆ ਹੋਇਆ ਹੈ। ਅੱਜ ਦੇ ਗਲੋਬਲੀ ਅਰਥਚਾਰੇ ‘ਚ ਇਸਦੇ ਸਥਾਨਿਕਤਾ ਵਾਲੇ
ਪਰਿਪੇਖ ਅਸਲੋਂ ਹੀ ਖ਼ਤਰੇ ‘ਚ ਹਨ ਕਿਉਂਕਿ ਗੱਲ ਹੁਣ ਸਭਿਆਚਾਰ ਤੇ ਅਧਾਰਿਤ
‘ਸਭਿਆਤਾਵਾਂ ਦੇ ਭੇੜ’ ਤੋਂ ਵੱਧ ਕੇ ‘ਗਲੋਬੀ ਆਰਥਿਕ ਸ਼ਕਤੀਆਂ’ ਦੇ ਭੇੜ ਤੇ ਪੁੱਜੀ
ਹੋਈ ਹੈ।
ਇਸ ਸੰਦਰਭ ‘ਚ ਕੈਨੇਡਾ ਵਸਦੇ ਪਰਵਾਸੀ ਪੰਜਾਬੀ ਤਾਂ ਮਹਿਜ਼ ਅਪਣੇ ਘਰ ਦੀ ਗਰੀਬੀ ਦੂਰ
ਕਰਨ ਲਈ ਜਾਂ ਰੱਜਵੀਂ ਰੋਟੀ ਖਾਤਿਰ ਇਹਨਾਂ ‘ਵਿਸ਼ਵ ਪੱਧਰੀ ਆਰਥਿਕ ਸ਼ਕਤੀਆਂ’ ਚੋਂ
ਇੱਕ, ਬਰਤਾਨਵੀ ਬਸਤੀ ਕੈਨੇਡਾ, ਪਾਸ ਨੌਕਰੀ ਪੇਸ਼ਾ ਕਰਨ ਵਾਲੀ ਕੌਮ ਵਜੋਂ ਵਿਚਰ ਰਹੇ
ਹਨ। ਤਦ ਹੀ ਕੈਨੇਡਾ ਦੇ ‘ਪੰਜਾਬੀ-ਗੈਟੋ’ ਇਲਾਕਿਆਂ ‘ਚ ਸੜਕਾਂ /ਬਾਜ਼ਾਰਾਂ ‘ਚ ਲੱਗੇ
ਪੰਜਾਬੀ ਭਾਸ਼ੀ ਤਖਤੀਆਂ/ਤਖ਼ਤੇ ਅਤੇ ਉਲੇਖ, ਬੈਂਕਾਂ, ਸਕੂਲਾਂ ‘ਚ ਨੌਕਰ ਪੰਜਾਬੀ ਬੋਲਣ
ਵਾਲੇ ਕਰਮਚਾਰੀ, ਮੁਖ-ਧਾਰਾ ਵਪਾਰਿਕ ਅਦਾਰਿਆਂ ‘ਚ ਪੰਜਾਬੀ ਦੁਭਾਸ਼ੀਏ, ਆਦਿ ਰਾਜ ਸੱਤਾ
ਦੀ ਸਹੂਲਤ ਜਾਂ ਸਿਆਸੀ ਪਾਰਟੀਆਂ ਦੇ ਵੋਟ ਬੈਂਕ ਦੇ ਹਿੰਦਸੇ ਤੋਂ ਵੱਧ ਕੋਈ ਔਕਾਤ ਨਹੀਂ
ਰੱਖਦੇ। ਨੌਕਰ-ਚਾਕਰ ਲੋਕ ਘਰਾਂ ‘ਚ ਕੀ ਬੋਲਦੇ ਹਨ, ਆਰਥਿਕ ਸੱਤਾ ਨੂੰ ਇਸ ਨਾਲ ਕੋਈ
ਫ਼ਰਕ ਨਹੀਂ ਪੈਂਦਾ। ਉਂਝ ਵੀ ਇਸ ਸੈਨਸਿਸ ਰਾਹੀਂ ਬੋਲੀ ਜਾਣ ਵਾਲੀ ਭਾਸ਼ਾ ਦੀ
ਨਿਸ਼ਾਨਦੇਹੀ ਦਾ ਮੰਤਵ ਕਿਵੇਂ ਵੀ ਉਸਨੂੰ ਪ੍ਰਫੁੱਲਤ ਕਰਨਾ ਨਹੀਂ ਹੁੰਦਾ। ਹਾਂ ਇਹ ਗੱਲ
ਜ਼ਰੂਰ ਹੈ ਕਿ ਆਰਥਿਕ ਸੱਤਾ ਨੂੰ ਜ਼ਰਾ ਸਹੂਲਤ ਰਹਿੰਦੀ ਹੈ ਕਿ ਕਿਹੜੇ ਗੈਟੋ-ਇਲਾਕੇ ‘ਚ
ਕਿਹੜੇ ਪੱਤੇ ਖੇਲਣੇ ਹਨ।
ਪਰਵਾਸ ‘ਚ ਪੰਜਾਬੀ ਦੀ ਚੜ੍ਹਾਈ ਦੇ ਦਾਅਵੇ ਕਰਨ ਵਾਲਿਆਂ ਵਲੋਂ ਉਪਰੋਕਤ ਸਭ ਪੰਜਾਬੀ
ਭਾਸ਼ਾ ਦੇ ਉਲੇਖਾਂ ਨੂੰ ਬੜੇ ਉਤਸ਼ਾਹ ਅਤੇ ਚਾਅ ਨਾਲ ਪਰਚਾਰਿਆ ਜਾਂਦਾ ਹੈ ਪਰ ਸਚਾਈ ਇਹ
ਹੈ ਕਿ ਪੰਜਾਬੀ ਭਾਸ਼ਾ ਅਪਣੇ ਦੋਹਾਂ ਘਰਾਂ ਭਾਰਤੀ ਅਤੇ ਪਾਕਿਸਤਾਨ ਪੰਜਾਬ ‘ਚ ਤੇਜ਼ੀ
ਨਾਲ ਹਸ਼ੀਏ ਤੇ ਜਾ ਰਹੀ ਹੈ। ਪਕਿਸਤਾਨੀ ਪੰਜਾਬ ਆਲੇ ਪਾਸੇ ਇਸਦੀ ਰਸਾਤਲ ਵੱਲ ਖਿਸਕਣ
ਦੀ ਰਫ਼ਤਾਰ ਜੇ 100 ਮੀਲ / ਘੰਟਾ ਹੈ ਤਾਂ ਭਾਰਤੀ ਪੰਜਾਬ ‘ਚ ਇਹ ਰਫ਼ਤਾਰ ਘੱਟੋ ਘੱਟ
ਸੱਠ ਕੁ ਦੀ ਤਾਂ ਹੈ ਹੀ। ਪਾਕਿਸਤਾਨੀੇ ਪੰਜਾਬ ‘ਚ ਪੰਜਾਬੀ ਭਾਸ਼ਾ ਤੇ ਬੋਲੀ ਪ੍ਰਾਇਮਰੀ
ਤੋਂ ਲੈ ਕੇ ਹਾਈ ਸਕੂਲ ਤੀਕ ਗਾਇਬ ਹੈ। ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ‘ਚ ਪੰਜਾਬੀ
ਬੋਲਣ ਦਾ ਹੌਸਲਾ ਕਰਨ ਵਾਲੇ ਵਿਧਾਇਕ ਨੂੰ ਲੱਤਾਂ ਬਾਹਵਾਂ ਤੋਂ ਫੜ ਕੇ ਬਾਹਰ ਸੁੱਟਿਆ
ਜਾ ਚੁੱਕਾ ਹੈ। ਭਾਰਤੀ ਪੰਜਾਬ ‘ਚ ਅੰਗ੍ਰੇਜ਼ੀ ਪਬਲਿਕ ਸਕੂਲਾਂ ਨੇ ਪ੍ਰਾਇਮਰੀ ਤੋਂ ਲੈ
ਕੇ ਕਾਲਜ ਤੀਕ਼ ਦੇ ਬੱਚਿਆਂ ‘ਚ ਅੰਗ੍ਰੇਜ਼ੀ ਨੂੰ ਹੀ ਅੱਜ ਦੀ ਭਾਸ਼ਾ ਤੇ ਬੋਲੀ ਵਜੋਂ
ਸਥਾਪਤ ਕਰ ਰੱਖਿਆ ਹੈ। ਹੋਰ ਤਾਂ ਹੋਰ ਵੱਡੇ ਵੱਡੇ ਪੰਜਾਬੀ ਲੇਖਕਾਂ, ਲੀਡਰਾਂ ਅਤੇ
ਕਾਰਕੁੰਨਾਂ ਦੇ ਘਰਾਂ ‘ਚ ਬੋਲੀ ਜਾਂਦੀ ਹਿੰਦੀ ਅੰਗ੍ਰੇਜ਼ੀ ‘ਚ ਟਾਵਾਂ ਟਾਵਾਂ ਅੱਖਰ ਹੀ
ਪੰਜਾਬੀ ਦਾ ਰਹਿ ਗਿਆ ਹੈ।
ਕੈਨੇਡਾ ਦੀ ਗੱਲ ਕਰਨੀ ਹੋਵੇ ਤਾਂ ਇਹ ਘਰਾਂ ‘ਚ ਬੋਲੀ ਜਾਂਦੀ ਭਾਸ਼ਾ ਦਾ ਪੰਜਾਬੀ
ਲਿਖਾਇਆ ਜਾਣਾ ਬਹੁਤਾ ਕਰਕੇ ਮਹਿਜ਼ ਭਾਵੁਕ ਵਰਤਾਰਾ ਹੈ। ਜਦੋਂ ਤੁਹਾਡੀ ਸੰਸਾਰ ਪੱਧਰ
ਤੇ ਪਛਾਣ ਰੱਜਵੀ ਰੋਟੀ ਖਾਤਿਰ ਅਪਣਾ ਘਰ ਬਾਰ ਛੱਡਣ ਵਾਲੇ ਪਰਵਾਸੀਆਂ ਵਜੋਂ ਹੋ ਰਹੀ
ਹੋਵੇ ਤਾਂ ਸੈਨਸਿਸ ਦੇ ਫਾਰਮ ਦਾ ਭਾਸ਼ਾ ਵਾਲਾ ਖਾਨਾ ਡੁੱਬ ਰਹੇ ਸਵੈਮਾਨ ਲਈ ਤਿਨਕੇ ਦੇ
ਸਹਾਰੇ ਤੋਂ ਵੱਧ ਨਹੀਂ ਹੁੰਦਾ। ਅਪਣੇ ਜੀਵਨ ਨਿਰਬਾਹ ਲਈ ਕੋਈ ਵੀ ਕੰਮ ਕਰਨਾ ਮਿਹਣਾ
ਨਹੀਂ ਅਤੇ ਕਦੇ ਵੀ ਘਟੀਆਂ ਨਹੀਂ ਪਰ ਜਦੋਂ ਤੁਹਾਡਾ ਕੰਮ ਅਤੇ ਕੰਮ ਦੀ ਥਾਂ ਉਹਨਾਂ
ਤਾਕਤਾਂ ਵਲੋਂ ਤੁਹਾਡੇ ਤੇ ਠੋਸਿਆ ਜਾਵੇ ਜਿਹੜੀਆਂ ਕੰਮ ਦੇ ਸਰੋਤਾਂ ਤੇ ਕਾਬਜ਼ ਹਨ ਤਾਂ
ਤੁਸੀ ਉਸ ਕੰਮ ਤੇ ਜਾਣ ਵੇਲੇ ਅਪਣੀ ਭਾਸ਼ਾ, ਸਭਿਆਚਾਰ ਅਤੇ ਸਵੈਮਾਨ ਨੂੰ ਮਿੱਧ ਕੇ ਲੰਘ
ਜਾਂਦੇ ਹੋ ਅਤੇ ਤੁਹਾਨੂੰ ਪਤਾ ਵੀ ਨਈਂ ਲੱਗਦਾ, ਜਾਂ ਇਹ ਸਭ ਤੁਹਾਨੂੰ ਕਿਵੇਂ ਵੀ
ਗ਼ੈਰ-ਵਜਿਬ ਨਹੀਂ ਲੱਗਦਾ। ਤਦ ਤੁਹਾਡੀ ਹਰ ਖੁਸ਼ੀ ਅਚੇਤ ਹੀ ਖੁਸ਼-ਫਹਿਮੀ ਹੋ ਕੇ ਰਹਿ
ਜਾਂਦੀ ਹੈ।
ਜੇਕਰ ਸਟੈਟਸ ਕੈਨੇਡਾ ਦੇ ਚਾਰ ਲੱਖ ਸੱਠ ਹਜ਼ਾਰ ਪੰਜਾਬੀ ਦੱਸਦੇ ਅੰਕੜੇ ਨੂੰ ਆਧਾਰ ਬਣਾ
ਕੇ ਇਹ ਮੰਨ ਲਈਏ ਕਿ ਭਾਰਤੀ ਪਾਕਿਸਤਾਨੀ ਪੰਜਾਬ ‘ਚ ਭਾਵੇਂ ਪੰਜਾਬੀ ਨਾ ਰਹੇ ਪਰ
ਕੈਨੇਡਾ ‘ਚ ਇਹ ਪ੍ਰਫੁੱਲਤ ਹੋ ਰਹੀ ਹੈ, ਹੋਵੇਗੀ ਅਤੇ ਰਹੇਗੀ ਤਾਂ ਇਹ ਸੋਚ ਬਚਗਾਨਾ
ਸਿੱਧ ਹੋਵੇਗੀ। ਇਹ ਖੁਸ਼-ਫਹਿਮੀ ਹੀ ਹੋਵੇਗੀ ਜੇ ਸੋਚ ਕੇ ਚੱਲੀਏ ਕਿ ਇੱਕ ਦਿਨ ਪੰਜਾਬੀ
ਭਾਸ਼ਾ ਕੈਨੇਡਾ ਦੇ ਰੋਜ਼ਗਾਰ ਦੀ ਭਾਸ਼ਾ ਬਣ ਜਾਵੇਗੀ ਅਤੇ ਰਾਜ ਸੱਤਾ ਪ੍ਰਾਪਤ ਕਰ
ਬਹੇਗੀ। ਬਕੌਲ ਮਿਰਜ਼ਾ ਗਾ਼ਲਿਬ:
ਹਮਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ
ਦਿਲ ਕੇ ਖੁਸ਼ ਰੱਖਨੇ ਕੋ ਗ਼ਾਲਿਬ ਯੇ ਖ਼ਯਾਲ ਅੱਛਾ ਹੈ॥
ਕਿਉਂਕਿ ਅਸਲੀਅਤ ਤਾਂ ਇਹ ਹੈ ਕਿ ਜਿਸ ਰਫ਼ਤਾਰ ਨਾਲ ਪੰਜਾਬੀ ਦੇ ਅਸਲ ਘਰਾਂ (ਭਾਰਤੀ/
ਪਾਕਿਸਤਾਨੀ ਪੰਜਾਬ) ਚੋਂ ਇਸਦਾ ਯੋਜਨਾਬੱਧ ਸਫ਼ਾਇਆ ਹੋ ਰਿਹਾ ਹੈ ਓਥੋਂ ਕੈਨੇਡਾ
ਅਮਰੀਕਾ ਆਉਣ ਵਾਲੇ ਲੋਕ ਕੁਝ ਕੁ ਸਾਲਾਂ ‘ਚ ਹੀ ਪੰਜਾਬੀਆਂ ਦੀ ਬਜਾਏ ਦੇਸੀ-ਅੰਗ੍ਰੇਜ
ਨੁਮਾ ਬੌਨੇ ਲੋਕ ਹੋਣੇ ਹਨ। ਕੈਨੇਡਾ ਦੇ ਜੰਮਪਲ ਬੱਚੇ ਤਾਂ ਅੱਗੇ ਹੀ ਪੰਜਾਬੀ ਦੇ ਕੁਝ
ਸ਼ਬਦ ਓਦੋਂ ਹੀ ਅੜ ਅੜ ਕੇ ਬੋਲਦੇ ਹਨ ਜਦੋਂ ਬਿਲਕੁਲ ਹੀ ਭੀੜ ਪੈ ਜਾਵੇ। ਇਹ ਵੀ ਤਲਖ਼
ਹਕੀਕਤ ਹੈ ਕਿ ਕੈਨੇਡਾ ਅਮਰੀਕਾ ਜਾਂ ਹੋਰ ਪਰਵਾਸੀ ਪੰਜਾਬੀ ਲਿਖਣੀ ਪੜ੍ਹਨੀ ਸਿੱਖਣ
ਵਾਲੇ ਬਹੁਗਿਣਤੀ ‘ਚ ਕੱਟੜ-ਸਿੱਖ ਪਰਿਵਾਰਾਂ ਚੋਂ ਹਨ ਜਿਹਨਾਂ ਨੇ ਪਾਠ ਕਰਨ ਜੋਗੇ ਹੋਣਾ
ਹੁੰਦਾ ਹੈ।
ਇਹ ਵੀ ਸਚਾਈ ਹੈ ਕਿ ਕੈਨੇਡਾ ‘ਚ ਪੰਜਾਬੀ ਘਰਾਂ ‘ਚ ਪਲਣ ਵਾਲੇ ਉਹੀ ਬੱਚੇ ਸਹੀ ਅਤੇ
ਠੇਠ ਪੰਜਾਬੀ ਬੋਲਣ ਵਾਲੇ ਹੁੰਦੇ ਹਨ ਜਿਹਨਾਂ ਦਾ ਬਚਪਨ ਬੇਬੀ ਸਿਟਰਾਂ ਦੇ ਬੀਤਣ ਦੀ
ਥਾਂ ਅਪਣੇ ਘਰ ਦਾਦੇ-ਦਾਦੀ ਜਾਂ ਨਾਨੇ-ਨਾਨੀ ਨਾਲ ਬੀਤਦਾ ਹੈ। ਪਰ ਜਿਸ ਤਰਾਂ ਕੈਨੇਡਾ
ਦੀ ਸਰਕਾਰ ਵਲੋਂ ਪਰਵਾਸ ਦੀ ਨੀਤੀ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਲੋਕ-ਸਭਿਆਚਾਰ
ਪੱਖੀ ਪਰਵਾਸੀ ਨੀਤੀ ਨੂੰ ਮੁਕਾ ਕੇ ‘ਸੁਪਰ-ਵੀਜ਼ੇ’ ਵਰਗੇ ਲੌਲੀ-ਪੌਪ ਦਿੱਤੇ ਜਾ ਰਹੇ
ਹਨ ਉਸ ਨਾਲ ਸਾਡੇ ਬਹੁਗਿਣਤੀ ਅਗਲੀ ਪਨੀਰੀ ਦੇ ਬੱਚਿਆ ਨੇ ਉਂਝ ਹੀ ਦਾਦੇ-ਦਾਦੀਆਂ ਤੋਂ
ਵਾਂਝੇ ਰਹਿਣਾ ਹੈ ਅਤੇ ਪਰਵਾਸੀਆਂ ਚੋਂ ਗਿਣਤੀ ਦੇ ਪਰਵਾਸੀ ਹੀ ਅਪਣੇ ਬਜ਼ੁਰਗ ਮਾਪਿਆਂ
ਨੂੰ ਏਥੇ ਸੱਦਣ ਦਾ ਹੌਸਲਾ ਕਰ ਸਕਣਗੇ। ਅਜਿਹੀਆਂ ਨੀਤੀਆਂ ਤੋਂ ਭਲੀਭਾਂਤੀ ਪਤਾ ਲਗਦਾ
ਹੈ ਕਿ ਕੈਨੇਡੀਅਨ ਰਾਜ ਸੱਤਾ ਪੰਜਾਬੀ ਦੀ ਪ੍ਰਫੁੱਲਤਾ ਲਈ ਕਿੰਨੀ ਕੁ ਸੁਹਿਰਦ ਹੈ।
ਇਹ ਸਭ ਕਿਉਂ ਹੋ ਰਿਹਾ ਹੈ? ਇਸ ਕਿਉਂ ਦੇ ਕਾਰਨ ਸੌ ਫੀ ਸਦੀ ਆਰਥਿਕਤਾ ਨਾਲ ਜੁੜੇ ਹਨ।
ਮਾਪੇ ਬੱਚੇ ਨੂੰ ਉਹੀ ਪੜ੍ਹਾਉਣਾ ਚਾਹੁੰਦੇ ਹਨ ਜਿਸ ਨਾਲ ਉਹ ਗਲੋਬੀ ਆਰਥਿਕ ਮੰਡੀ ‘ਚ
ਬਿਨਾ ਰੁਕਾਵਟ ਕਲਿੱਕ ਹੋ ਜਾਵੇ। ਇਸ ਸੰਦਰਭ ‘ਚ ਪੰਜਾਬੀ ਦੀ ਪੜ੍ਹਾਈ ਨਾਲ ਪੈਦਾ ਹੋਣ
ਵਾਲੇ ਰੋਜ਼ਗਾਰ ਵਸੀਲੇ ਜੇ ਹਾਲੇ ਬਿਲਕੁਲ ਨਹੀਂ ਮੁੱਕੇ ਤਾਂ ਨਾ-ਮਾਤਰ ਜ਼ਰੂਰ ਹਨ।
ਜੇਕਰ ਅੰਗ੍ਰੇਜ਼ੀ ਕੌਮਾਂ ਦੀ ਆਰਥਿਕਤਾ ਤੇ ਸਰਦਾਰੀ ਇਵੇਂ ਹੀ ਕਾਇਮ ਰਹੀ ਤਾਂ ਉਹ ਦਿਨ
ਦੂਰ ਨਹੀਂ ਜਦੋਂ ਇਹ ਗੈਰ-ਅੰਗ੍ਰੇਜ਼ੀ ਨਾ-ਮਾਤਰ ਰੋਜ਼ਗਾਰ ਸਰੋਤ ਵੀ ਮੁੱਕ ਜਾਣੇ ਹਨ।
ਇਸ ਸਥਿਤੀ ਨੂੰ ਬਦਲਣ ਜਾਂ ਘੱਟੋ ਘੱਟ ਇਸ ‘ਚ ਵੱਢ ਮਾਰਨ ਲਈ ਕੀ ਕੀਤਾ ਜਾਵੇ? ਸਭ ਤੋਂ
ਪਹਿਲੀ ਗੱਲ ਤਾਂ ਇਹ ਹੋਵੇ ਕਿ ਪੰਜਾਬੀ ਦੀ ਅਪਣੇ ਘਰ ‘ਚ ਸਰਦਾਰੀ ਬਹਾਲ ਹੋਵੇ। ਪੰਜਾਬੀ
ਵਿਰੋਧੀ ਰਾਜਨੀਤੀ ਨੂੰ ਭਾਂਜ ਦਿੱਤੀ ਜਾਵੇ। ਸਰਕਾਰੇ ਦਰਬਾਰੇ ਅਤੇ ਸਕੂਲਾਂ ਤੋਂ ਲੈ ਕੇ
ਦਫਤਰਾਂ ਤੀਕ ਇਸਨੂੰ ਲਾਜ਼ਮੀ ਕੀਤਾ ਜਾਵੇ। ਪੰਜਾਬੀ ਭਾਸ਼ਾ ਅਤੇ ਬੋਲੀ ਨੂੰ ਰੋਜ਼ਗਾਰ
ਲਈ ਲੋੜੀਂਦੀ ਬਣਾਇਆ ਜਾਵੇ। ਅਸਲੀ ਪੰਜਾਬੀ ਪਿਆਰੇ ਅਤੇ ਹਿਤੂ ਜਿੱਥੇ ਵੀ ਹਨ ਉਹ ਇਹਨਾਂ
ਕੁਝ ਕੁ ਮੁੱਢਲੇ ਕੰਮਾਂ ਨੂੰ ਅਪਣੀ ਸੋਚ, ਚਿੰਤਨ, ਕਾਰਕੁੰਨਤਾ ਅਤੇ ਲੇਖਣੀ ਦਾ ਹਿੱਸਾ
ਬਣਾਉਣ। ਨਹੀਂ ਤਾਂ ਆਰਥਿਕ ਸੱਤਾ ਤੇ ਕਾਬਜ਼ ਸਿ਼ਕਾਰੀਆਂ ਨੇ ਗਲੋਬੀ ਪੱਧਰ ਦਾ ਜਾਲ਼
ਵਿਛਾਇਆ ਹੋਇਆ ਹੈ ਅਤੇ ਪੰਜਾਬੀ ਸਮੇਤ ਹੋਰ ਬਹੁਤ ਸਾਰੀਆਂ ਆਰਥਿਕ ਪਖੋਂ ਗੁਲਾਮ ਕੌਮਾਂ
ਧੜਾਧੜ ਇਸ ‘ਚ ਫਸੀ ਜਾ ਰਹੀਆਂ ਹਨ ਅਤੇ ਅਪਣੀ ਭਾਸ਼ਾ ਤੇ ਬੋਲੀ ਦੀ ਪ੍ਰਫੁੱਲਤਾ ਦਾ
ਖੁਸ਼ਫਹਿਮ-ਗੀਤ ਵੀ ਖੁਸ਼ੀ ਖੁਸ਼ੀ ਗਾਈ ਜਾ ਰਹੀਆਂ ਹਨ।
ਇਹ ਖੁਸ਼-ਫਹਿਮ ਗੀਤ ਮਹਾਨ ਪੰਜਾਬੀ ਕੌਮ ਦੇ ‘ਭੋਲੇ਼ ਪੰਛੀ’ ਬਣਨ ਦੇ ਸਫ਼ਰ ਦਾ ਸੂਚਕ
ਹੈ, ਜਿਵੇਂ ਬ੍ਰਿਟਿਸ਼ ਕੋਲੰਬੀਆ ਵਸਦੇ ਸ਼ਾਇਰ ਦੋਸਤ ਸੁਰਿੰਦਰ ਧੰਜਲ ਦੀ ਪੁਸਤਕ,
‘ਜ਼ਖ਼ਮਾਂ ਦੀ ਫਸਲ’ ਚੋਂ ਨਜ਼ਮ ‘ਭੋਲੇ-ਪੰਛੀ’ ਦੀਆਂ ਇਹ ਸਤਰਾਂ:
“ਸਿ਼ਕਾਰੀ ਨੇ ਜਾਲ਼ ਲਾਇਆ
ਭੋਲ਼ੇ ਪੰਛੀ ਚੋਗੇ ਦੀ ਮਹਿਕ ਦੇ ਖਿੱਚੇ ਚਲੇ ਆਏ
ਆਉਂਦੇ ਆਉਂਦੇ ਗੀਤ ਵੀ ਗਾ ਰਹੇ ਸਨ:
ਪੰਛੀਓ, ਸਿ਼ਕਾਰੀ ਆਵੇਗਾ, ਜਾਲ਼ ਲਾਵੇਗਾ, ਖ਼ਬਰਦਾਰ ਰਹਿਣਾ
ਚੋਗਾ ਚੁਗਣ ਬੈਠੇ ਹੀ ਸਨ ਕਿ ਜਾਲ਼ ’ਚ ਫਸ ਗਏ
ਜਾਲ਼ ’ਚ ਫਸੇ ਹੋਏ ਵੀ ਗਾ ਰਹੇ ਸਨ:
ਪੰਛੀਓ, ਸਿ਼ਕਾਰੀ ਆਵੇਗਾ, ਜਾਲ਼ ਲਾਵੇਗਾ, ਖ਼ਬਰਦਾਰ ਰਹਿਣਾ॥”
-0- |