ਪਹਿਲਵਾਨ ਦਾਰਾ ਸਿੰਘ ਫਰੀ
ਸਟਾਈਲ ਕੁਸ਼ਤੀਆਂ ਦਾ ਰੁਸਤਮੇ ਜ਼ਮਾਂ ਰਿਹਾ। ਉਸ ਨੇ ਸੈਂਕੜੇ ਕੁਸ਼ਤੀਆਂ ਘੁਲੀਆਂ ਤੇ ਸੌ
ਤੌਂ ਵੱਧ ਫਿਲਮਾਂ ਵਿਚ ਰੋਲ ਅਦਾ ਕੀਤਾ। ਕਦੇ ਸੈਮਸਨ, ਕਦੇ ਹਰਕੁਲੀਸ, ਕਦੇ ਜੱਗਾ ਡਾਕੂ,
ਕਦੇ ਭੀਮ ਸੈਨ ਤੇ ਕਦੇ ਹਨੂੰਮਾਨ ਬਣਦਾ ਰਿਹਾ। ਉਸ ਨੇ ਦੇਸ਼ ਵਿਦੇਸ਼ ਵਿਚ ਦਾਰਾ ਦਾਰਾ ਕਰਵਾ
ਦਿੱਤੀ। ਦਾਰਾ ਸਿੰਘ ਦਾ ਨਾਂ ਤਾਕਤ ਦਾ ਠੱਪਾ ਬਣ ਗਿਆ। ਇਸ਼ਤਿਹਾਰ ਦੇਣ ਵਾਲੇ ਘਿਓ ਦੇ ਡੱਬੇ
ਵੇਚਣ ਲਈ ਦਾਰਾ ਸਿੰਘ ਦਾ ਨਾਂ ਵਰਤਣ ਲੱਗੇ। ਉਹਨੂੰ ਬਿਨਾਂ ਜ਼ੋਰ ਲਾਇਆਂ ਮਸ਼ਹੂਰੀਆਂ ਦੀ
ਕਮਾਈ ਹੋਣ ਲੱਗੀ। ਉਹਦੀ ਅੰਨ੍ਹੀ ਤਾਕਤ ਦੀਆਂ ਅਫ਼ਵਾਹਾਂ ਉੱਡੀਆਂ ਪਈ ਖੱਡੇ ਵਿਚ ਡਿੱਗਿਆ
ਟਰੱਕ ਉਹਨੇ ਇੰਜਣ ਨੂੰ ਜੱਫਾ ਪਾ ਕੇ ਬਾਹਰ ਧੂਹ ਖੜਿਆ। ਕਿਸੇ ਦਾ ਜ਼ੋਰ ਪਰਖਣ ਲਈ ਕਿਹਾ ਜਾਣ
ਲੱਗਾ, “ਤੂੰ ਕਿਹੜਾ ਦਾਰਾ ਸਿੰਘ ਐਂ!”
ਦਾਰੇ ਦੀਆਂ ਦੰਦ ਕਥਾਵਾਂ ਦਿਓਆਂ ਵਾਂਗ ਤੁਰ ਪਈਆਂ ਪਰ ਉਹ ਕੋਈ ਦਿਓ ਨਹੀਂ ਆਮ ਆਦਮੀਆਂ ਵਰਗਾ
ਆਦਮੀ ਹੈ। ਉਹ ਸਾਡੇ ਵਿਚ ਈ ਵਿਚਰਦੈ। ਉਸ ਦੀ ਜਿ਼ੰਦਗੀ ਦਸਦੀ ਹੈ ਕਿ ਕਿਵੇਂ ਇਕ ਸਾਧਾਰਨ
ਕਿਸਾਨ ਪਰਿਵਾਰ ਦਾ ਇਕ ਸਾਧਾਰਨ ਬੱਚਾ ਤੰਗੀ ਤੁਰਸ਼ੀ ਦੀਆਂ ਹਾਲਤਾਂ ਵਿਚੋਂ ਲੰਘਦਿਆਂ ਮਿਹਨਤ
ਕਰ ਕੇ ਦੁਨੀਆ ਵਿਚ ਆਪਣਾ ਨਾਂ ਚਮਕਾ ਸਕਦੈ। ਨੌਜੁਆਨ ਤੇ ਬੱਚੇ ਉਹਦੇ ਜੀਵਨ ਤੋਂ ਕਾਫੀ ਕੁਝ
ਸਿੱਖ ਸਕਦੇ ਹਨ। ਉਸ ਨੇ ਆਪਣੀ ਆਤਮ ਕਥਾ ਵੀ ਲਿਖੀ ਹੈ।
ਮੈਂ ਦਾਰਾ ਸਿੰਘ ਦੀ ਕੁਸ਼ਤੀ ਕਈ ਵਾਰ ਵੇਖੀ ਸੀ। ਸਿਨਮੇ ਦੀ ਸਕਰੀਨ ਉਤੇ ਵੀ ਉਹਨੂੰ ਅਨੇਕਾਂ
ਰੂਪਾਂ ਵਿਚ ਤੱਕਿਆ ਸੀ। ਉਹਦੇ ਬਾਰੇ ਗੱਲਾਂ ਵੀ ਬਥੇਰੀਆਂ ਸੁਣੀਆਂ ਸਨ ਪਰ ਕਦੇ ਮੇਲ ਗੇਲ ਤੇ
ਬਚਨ ਬਿਲਾਸ ਨਹੀਂ ਸਨ ਹੋਏ। 1962 ਤੋਂ 67 ਤਕ ਦਿੱਲੀ ਰਹਿੰਦਿਆਂ ਮੈਂ ਦੇਸ਼ ਦੇ ਅਨੇਕਾਂ
ਚੈਂਪੀਅਨ ਖਿਡਾਰੀਆਂ ਨੂੰ ਮਿਲ ਚੁੱਕਾ ਸਾਂ ਤੇ ਉਨ੍ਹਾਂ ਬਾਰੇ ਲਿਖਣਾ ਸ਼ੁਰੂ ਕਰ ਲਿਆ ਸੀ ਪਰ
ਦਾਰਾ ਸਿੰਘ ਨੂੰ ਮਿਲਣ ਦਾ ਸਬੱਬ ਨਹੀਂ ਸੀ ਬਣਿਆ। ਉਹਨੀਂ ਦਿਨੀਂ ਉਹਦੀ ਗੁੱਡੀ ਬੜੀ ਚੜ੍ਹੀ
ਹੋਈ ਸੀ।
1967 ਵਿਚ ਮੈਂ ਢੁੱਡੀਕੇ ਦੇ ਕਾਲਜ ਵਿਚ ਆ ਗਿਆ ਜਿਸ ਨਾਲ ਜਸਵੰਤ ਸਿੰਘ ਕੰਵਲ ਦਾ ਗੂੜ੍ਹਾ
ਸੰਬੰਧ ਸੀ। ਬਲਰਾਜ ਸਾਹਨੀ ਕੰਵਲ ਦਾ ਮਿੱਤਰ ਸੀ ਜੋ ਢੁੱਡੀਕੇ ਆਉਂਦਾ ਜਾਂਦਾ ਸੀ। ਕੰਵਲ ਵੀ
ਬੰਬਈ ਬਲਰਾਜ ਸਾਹਨੀ ਕੋਲ ਜਾਂਦਾ ਰਹਿੰਦਾ। ਉਥੇ ਦਾਰਾ ਸਿੰਘ ਵੀ ਕੰਵਲ ਦਾ ਮਿੱਤਰ ਬਣ ਗਿਆ।
ਕੰਵਲ ਹੋਰਾਂ ਨੇ ਢੁੱਡੀਕੇ ਦੇ ਕਾਲਜ ਲਈ ਦਾਰਾ ਸਿੰਘ ਦੇ ਦੋ ਇਮਦਾਦੀ ਘੋਲ ਕਰਵਾਏ। ਇਕ ਮੋਗੇ
ਤੇ ਦੂਜਾ ਫਿਰੋਜ਼ਪੁਰ। ਮੈਂ ਪ੍ਰਬੰਧਕਾਂ ‘ਚ ਹੁੰਦਾ ਹੋਇਆ ਵੀ ਦਾਰਾ ਸਿੰਘ ਨਾਲ ਮੁਲਾਕਾਤ ਨਾ
ਕਰ ਸਕਿਆ। ਦੋਹੀਂ ਥਾਂਈਂ ਭੀੜਾਂ ਨੂੰ ਕਾਬੂ ਕਰਨ ਲਈ ਘੋੜਿਆਂ ਵਾਲੀ ਪੁਲਿਸ ਲਾਉਣੀ ਪਈ ਸੀ।
ਦਾਰਾ ਸਿੰਘ ਪੁਲਿਸ ਦੇ ਪਹਿਰੇ ਹੇਠ ਆਉਂਦਾ, ਗੱਡੀ ‘ਚੋਂ ਗਾਊਨ ਪਾਈ ਨਿਕਲਦਾ, ਰਿੰਗ ‘ਚ
ਗਾਊਨ ਉਤਾਰਦਾ, ਉਹਦਾ ਗੋਰਾ-ਗੰਦਵੀਂ ਰੰਗ ਲਿਸ਼ਕਦਾ ਤੇ ਫਰੀ ਸਟਾਈਲ ਕੁਸ਼ਤੀ ਸ਼ੁਰੂ ਹੋ
ਜਾਂਦੀ। ਪਹਿਲਵਾਨ ਇਕ ਦੂਜੇ ਨੂੰ ਚੁੱਕ ਚੁੱਕ ਮਾਰਦੇ। ਉਹ ਵਿਰੋਧੀ ਪਹਿਲਵਾਨ ਨੂੰ ਬਾਹਾਂ
‘ਤੇ ਚੁੱਕ ਲੈਂਦਾ ਤੇ ਘੁਮਾ ਕੇ ਸੁਟਦਾ। ਵਿਰੋਧੀ ਫਿਰ ਉਠ ਨਾ ਸਕਦਾ ਤੇ ਕੁਸ਼ਤੀ ਖ਼ਤਮ ਹੋ
ਜਾਂਦੀ। ਦਰਸ਼ਕਾਂ ਦੀ ਬੱਲੇ ਬੱਲੇ ਨਾਲ ਹੀ ਉਹ ਅਲੋਪ ਹੋ ਜਾਂਦਾ। ਮੇਰੇ ਕੋਲ ਦਾਰਾ ਸਿੰਘ
ਦੀਆਂ ਗੱਲਾਂ ਤਾਂ ਬਹੁਤ ਸਨ ਪਰ ਮੈਂ ਉਹਦੇ ਬਾਰੇ ਲਿਖਣ ਲਈ ਇੰਟਰਵਿਊ ਦੀ ਉਡੀਕ ਕਰਦਾ ਰਿਹਾ।
ਜੂਨ 1978 ਵਿਚ ਮੈਂ ਸਵੇਰੇ ਸੈਰ ਨੂੰ ਨਿਕਲਿਆ ਤਾਂ ਕੰਵਲ ਸਾਹਿਬ ਆਪਣੇ ਘਰ ਦੇ ਬਾਰ ਮੂਹਰੇ
ਮਿਲੇ। ਕਹਿਣ ਲੱਗੇ, “ਅੱਜ ਜਲੰਧਰ ਦਾਰੇ ਦੀ ਕੁਸ਼ਤੀ ਐ। ਤੂੰ ਕਈ ਵਾਰ ਕਹਿ ਚੁੱਕੈਂ, ਚੱਲ
ਕਰ ਲਈਂ ਅੱਜ ਖੁੱਲ੍ਹੀਆਂ ਡੁੱਲ੍ਹੀਆਂ ਗੱਲਾਂ। ਮੈਂ ਕਾਦਰ ਕੋਲ ਦਾਰੇ ਨੂੰ ਸੁਨੇਹਾ ਭੇਜ
ਦਿੱਤੈ।”
ਅਸੀਂ ਤਿੱਖੜ ਦੁਪਹਿਰੇ ਢੁੱਡੀਕੇ ਤੋਂ ਜਲੰਧਰ ਨੂੰ ਚਾਲੇ ਪਾਏ। ਉਹਨੀਂ ਦਿਨੀਂ ਮੇਰੀ ਕਿਤਾਬ
‘ਪੰਜਾਬ ਦੇ ਉੱਘੇ ਖਿਡਾਰੀ’ ਛਪੀ ਸੀ। ਉਹ ਮੈਂ ਦਾਰਾ ਸਿੰਘ ਨੂੰ ਭੇਟ ਕਰਨ ਲਈ ਆਪਣੇ ਨਾਲ ਲੈ
ਲਈ। ਅਸੀਂ ਅੱਡੇ ‘ਚੋਂ ਜਿਸ ਟਾਂਗੇ ਵਿਚ ਬੈਠੇ ਉਹਦਾ ਘੋੜਾ ਵਿਹਰ ਗਿਆ। ਉਹ ਦਸ ਕਦਮ ਅਗਾਂਹ
ਨੂੰ ਪੁੱਟਦਾ ਤੇ ਪੰਜ ਕਦਮਾਂ ਦਾ ਬੈਕ ਗੇਅਰ ਮਾਰਦਾ। ਘੋੜੇ ਨੂੰ ਛਮਕਾਂ ਮਾਰਦਾ ਟਾਂਗੇ ਵਾਲਾ
ਅੱਡ ਪਰੇਸ਼ਾਨ ਸੀ। ਸ਼ਗਨ ਚੰਗਾ ਨਹੀਂ ਸੀ ਪਰ ਅਸੀਂ ਚੁੱਪ ਚਾਪ ਬੈਠੇ ਰਹੇ। ਇਕ ਦੋ ਵਾਰ ਤਾਂ
ਟਾਂਗਾ ਖਤਾਨਾਂ ‘ਚ ਡਿਗਣੋਂ ਮਸਾਂ ਬਚਿਆ। ਮੈਂ ਸੋਚਣ ਲੱਗਾ, “ਮਨਾਂ, ਕੰਵਲ ਤਾਂ ਖਾਧੀ ਪੀਤੀ
ਫਿਰਦਾ ਹੈ। ਖਤਾਨਾਂ ‘ਚ ਜਾ ਡਿੱਗਾ ਤਾਂ ਕੋਈ ਗੱਲ ਨਹੀਂ। ਤੂੰ ਤਾਂ ਅਜੇ ਜੁਆਨ ਐਂ। ਛੱਡ
ਖਹਿੜਾ ਟਾਂਗੇ ਦਾ। ਏਦੂੰ ਤਾਂ ਵਗ ਕੇ ਈ ਅਜੀਤਵਾਲ ਪਹਿਲਾਂ ਪਹੁੰਚ ਜਾਵਾਂਗਾ।”
ਅਸੀਂ ਰਸਤੇ ਵਿਚ ਈ ਟਾਂਗੇ ਤੋਂ ਉੱਤਰ ਖੜ੍ਹੇ ਤੇ ਪਿਛੋਂ ਆਉਂਦੀ ਟਰਾਲੀ ‘ਤੇ ਚੜ੍ਹ ਗਏ।
ਦਾਰਾ ਸਿੰਘ ਜਲੰਧਰ ਦੇ ਸਕਾਈ ਲਾਰਕ ਹੋਟਲ ਵਿਚ ਠਹਿਰਿਆ ਹੋਇਆ ਸੀ। ਅਸੀਂ ਹੋਟਲ ਦੀਆਂ
ਪੌੜੀਆਂ ਚੜ੍ਹ ਰਹੇ ਸਾਂ ਕਿ ਪੌੜੀਆਂ ਉਤਰਦਾ ਕਸ਼ਮੀਰ ਕਾਦਰ ਮਿਲ ਗਿਆ। ਉਹ ਬੌਂਦਲਿਆ ਫਿਰਦਾ
ਸੀ। ਉਹਨੇ ਹੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਦਾਰਾ ਸਿੰਘ ਦੀ ਕੁਸ਼ਤੀ ਦਾ ਪ੍ਰਬੰਧ
ਕੀਤਾ ਸੀ। ਅਖ਼ਬਾਰਾਂ ਵਿਚ ਖ਼ਾਸੀ ਇਸ਼ਤਿਹਾਰਬਾਜ਼ੀ ਤੇ ਚੈਲੰਜਬਾਜ਼ੀ ਹੋਈ ਸੀ। ਲੋਕ ਵੱਡੀ
ਗਿਣਤੀ ਵਿਚ ਜਲੰਧਰ ਆ ਰਹੇ ਸਨ। ਦੁਪਹਿਰੇ ਖ਼ਬਰ ਨਸ਼ਰ ਹੋਈ ਕਿ ਅਕਾਲ ਤਖ਼ਤ ਤੋਂ
ਨਿਰੰਕਾਰੀਆਂ ਬਾਰੇ ਹੁਕਮਨਾਮਾ ਜਾਰੀ ਹੋਣ ਕਾਰਨ ਪੰਜਾਬ ਵਿਚ ਕਰਫੂ ਲੱਗ ਸਕਦੈ। ਅਮਨ ਕਾਨੂੰਨ
ਨੂੰ ਮੁੱਖ ਰੱਖਦਿਆਂ ਕੁਸ਼ਤੀਆਂ ਰੱਦ ਹੋ ਸਕਦੀਆਂ। ਅਕਾਲੀ-ਨਿਰੰਕਾਰੀ ਕਸ਼ੀਦਗੀ ਕਾਰਨ ਦਫ਼ਾ
ਚੁਤਾਲੀ ਲੱਗ ਗਈ ਸੀ ਤੇ ਪਹਿਲਵਾਨ ਹੋਟਲ ਵਿਚ ਡੱਕੇ ਬੈਠੇ ਸਨ। ਅਸੀਂ ਦਾਰਾ ਸਿੰਘ ਦੇ ਕਮਰੇ
ਵਿਚ ਗਏ ਤਾਂ ਅੰਦਰ ਬੈਠੇ ਭਲਵਾਨਾਂ ‘ਚੋਂ ਇਕ ਨੇ ਕਿਹਾ, “ਦਾਰਾ ਜੀ ਹਾਲੇ ਨਹੀਂ ਆਏ। ਆਓ
ਬੈਠੋ, ਉਹ ਆਉਣ ਈ ਵਾਲੇ ਨੇ।”
ਅਸੀਂ ਤਪਦੀ ਧੁੱਪ ‘ਚੋਂ ਗਏ ਸਾਂ ਤੇ ਏਅਰ ਕੰਡੀਸੰਡ ਕਮਰੇ ਵਿਚ ਆਰਾਮ ਨਾਲ ਬੈਠ ਗਏ। ਮੈਂ
ਭਲਵਾਨਾਂ ਦੇ ਜੁੱਸਿਆਂ, ਕਲੀਆਂ ਵਾਲੇ ਕੁੜਤਿਆਂ ਤੇ ਭੋਥਿਆਂ ਵੱਲ ਨਜ਼ਰ ਮਾਰੀ, ਉਹ ਜਾਨੀਆਂ
ਵਾਂਗ ਸਜੇ ਬੈਠੇ ਸਨ। ਬੀਅਰ ਦੀਆਂ ਬੋਤਲਾਂ ਤੇ ਗਲਾਸ ਮੇਜ਼ ਉਤੇ ਪਏ ਸਨ। ਜਾਪਦਾ ਸੀ ਭਲਵਾਨ
ਸ਼ਰਦਾਈ ਦੀ ਥਾਂ ਬੀਅਰ ਪੀ ਕੇ ਕੁਸ਼ਤੀ ਲਈ ਤਿਆਰ ਹੋ ਰਹੇ ਸਨ! ਬੀਅਰ ਦਾ ਨੀਮ ਗੁਲਾਬੀ ਨਸ਼ਾ
ਉਹਨਾਂ ਦੀਆਂ ਅੱਖਾਂ, ਚਿਹਰਿਆਂ ਤੇ ਗੱਲਾਂ ਬਾਤਾਂ ਵਿਚ ਲਿਸ਼ਕਾਂ ਮਾਰ ਰਿਹਾ ਸੀ। ਬਾਅਦ ਵਿਚ
ਪਤਾ ਲੱਗਾ ਕਿ ਉਹ ਫਿਲਮੀ ਪਹਿਲਵਾਨ ਸਨ ਤੇ ਦਾਰਾ ਸਿੰਘ ਨਾਲ ਕੇਵਲ ਮੌਜ ਮੇਲੇ ਲਈ ਆਏ ਸਨ।
ਹੋਟਲ ਦੀ ਚੌਥੀ ਮੰਜਿ਼ਲ ਤੋਂ ਹੇਠਾਂ ਨਿਗਾਹ ਮਾਰੀ ਤਾਂ ਸੈਂਕੜੇ ਦਰਸ਼ਕ ਦਾਰਾ ਸਿੰਘ ਦੇ
ਦਰਸ਼ਨਾਂ ਲਈ ਧੁੱਪੇ ਸੜਕ ਉਤੇ ਖੜ੍ਹੇ ਸਨ। ਅਜੇ ਕੁਸ਼ਤੀਆਂ ਪੱਕੀ ਤਰ੍ਹਾਂ ਕੈਂਸਲ ਹੋਈਆਂ
ਨਹੀਂ ਸਨ ਲੱਗਦੀਆਂ। ਕੋਸਿ਼ਸ਼ਾਂ ਹੋ ਰਹੀਆਂ ਸਨ ਕਿ ਪੁਲਿਸ ਦਾ ਵਧੇਰੇ ਪ੍ਰਬੰਧ ਕਰ ਕੇ
ਕੁਸ਼ਤੀਆਂ ਕਰਾ ਲਈਆਂ ਜਾਣ, ਜਿਸ ਨਾਲ ਬਾਹਰੋਂ ਆਏ ਲੋਕ ਨਿਰਾਸ਼ੇ ਨਾ ਮੁੜਨ। ਪਰ ਡੀ. ਸੀ.
ਤੇ ਐੱਸ. ਐੱਸ. ਪੀ. ਕੋਈ ਖ਼ਤਰਾ ਮੁੱਲ ਲੈਣ ਨੂੰ ਤਿਆਰ ਨਹੀਂ ਸਨ ਹੋ ਰਹੇ।
ਸ਼ਾਮ ਦੇ ਛੇ ਵੱਜ ਗਏ। ਜਿਵੇਂ ਜਿਵੇਂ ਸ਼ਾਮ ਢਲਣੀ ਸ਼ੁਰੂ ਹੋਈ ਘੋਲ ਵੇਖਣ ਆਇਆਂ ਨੂੰ ਪੱਕ
ਹੁੰਦਾ ਗਿਆ ਕਿ ਹੁਣ ਕੁਸ਼ਤੀਆਂ ਨਹੀਂ ਹੋਣਗੀਆਂ ਤੇ ਉਹ ਬੱਸਾਂ ‘ਤੇ ਚੜ੍ਹਨ ਲੱਗੇ। ਸਾਢੇ ਛੇ
ਵਜੇ ਸਾਡੀ ਦਾਰਾ ਸਿੰਘ ਨਾਲ ਮੁਲਾਕਾਤ ਹੋ ਸਕੀ। ਉਹਦੇ ਚਿਹਰੇ ‘ਤੇ ਵੀ ਕਾਦਰ ਵਾਂਗ
ਪਰੇਸ਼ਾਨੀ ਸੀ। ਫਿਰ ਵੀ ਉਹ ਮੁਸਕਰਾ ਕੇ ਬੜੇ ਤਪਾਕ ਨਾਲ ਮਿਲਿਆ। ਕੰਵਲ ਤੋਂ ਘਰ ਪਰਿਵਾਰ ਦਾ
ਹਾਲ ਚਾਲ ਪੁੱਛਿਆ। ਕੰਵਲ ਨੇ ਮੇਰੀ ਜਾਣ ਪਛਾਣ ਕਰਾ ਦਿੱਤੀ। ਤਦੇ ਇਸ਼ਾਰਾ ਆਉਣ ‘ਤੇ ਉਹ
ਟੈਰਸ ਉਤੇ ਖੜ੍ਹੇ ਪਹਿਲਵਾਨ ਕਸ਼ਮੀਰਾ ਸਿੰਘ ਕੋਲ ਚਲਾ ਗਿਆ। ਹੇਠਾਂ ਉਹਦੇ ਦਰਸ਼ਨ ਅਭਿਲਾਸ਼ੀ
ਖ਼ੁਸ਼ੀ ਨਾਲ ਚਾਂਭਲ ਪਏ, “ਔਹ ਦਾਰਾ ਸਿੰਘ, ਔਹ ਦਾਰਾ ਸਿੰਘ।”
ਕੁਝ ਮਿੰਟ ਬਾਹਰ ਖੜ੍ਹ ਕੇ ਦਾਰਾ ਸਿੰਘ ਨੇ ਕਸ਼ਮੀਰਾ ਸਿੰਘ ਨਾਲ ਗੱਲਾਂ ਬਾਤਾਂ ਕੀਤੀਆਂ ਤੇ
ਹੇਠਾਂ ਖੜ੍ਹੇ ਸ਼ਰਧਾਲੂਆਂ ਨੂੰ ਰੱਜਵੇਂ ਦਰਸ਼ਨ ਦਿੱਤੇ। ਫਿਰ ਉਹ ਸਾਡੇ ਵਿਚਕਾਰ ਆਣ ਬੈਠਾ
ਤੇ ਕਹਿਣ ਲੱਗਾ, “ਕਰੋ ਗੱਲ ਸ਼ੁਰੂ।” ਮੈਂ ਗੱਲ ਸ਼ੁਰੂ ਕਰਨ ਲੱਗਾ ਤਾਂ ਦੋ ਪੂਰਬੀਏ ਫੌਜੀ
ਕਮਰੇ ਵਿਚ ਆ ਗਏ। ਉਹਨਾਂ ਨਾਲ ਇਕ ਫੋਟੋਗਰਾਫਰ ਵੀ ਸੀ। ਉਹਨਾਂ ਨੇ ਅਰਜ਼ ਗੁਜ਼ਾਰੀ,
“ਪਹਿਲਵਾਨ ਜੀ, ਹਮ ਨੇ ਆਪ ਕੇ ਸਾਥ ਫੋਟੋ ਉਤਰਵਾਨੀ ਹੈ। ਮਿਹਰਬਾਨੀ ਕੀਜੀਏ।”
ਦਾਰਾ ਸਿੰਘ ਅੱਖਾਂ ਹੀ ਅੱਖਾਂ ਨਾਲ ਸਾਥੋਂ ਹਾਂ ਪੁੱਛ ਕੇ ਸੀਟ ਤੋਂ ਉੱਠ ਖੜ੍ਹਾ ਹੋਇਆ।
ਦੋਵੇਂ ਫੌਜੀ ਉਹਦੀਆਂ ਕੱਛਾਂ ਹੇਠ ਆ ਗਏ। ਕੈਮਰੇ ਦੀ ਅੱਖ ਜਗੀ ਤਾਂ ਇਕ ਲਾਲਾ ਜੀ ਕਹਿਣ
ਲੱਗੇ, “ਮੈਂ ਜੀ ਆਪਦੇ ਬੱਚੇ ਦੀ ਫੋਟੋ ਤੁਹਾਡੇ ਨਾਲ ਖਿਚਵਾਉਣੀ ਐਂ।” ਉਹ ਫੋਟੋ ਵੀ ਖਿੱਚੀ
ਗਈ। ਫਿਰ ਹੋਟਲ ਦਾ ਬਹਿਰਾ ਫੋਟੋ ਖਿਚਾਉਣ ਲੱਗਾ। ਅਖ਼ੀਰ ਪਹਿਲਵਾਨ ਦਾ ਖਹਿੜਾ ਓਦੋਂ ਛੁੱਟਾ
ਜਦੋਂ ਕੈਮਰੇ ਦੀ ਰੀਲ੍ਹ ਈ ਮੁੱਕ ਗਈ। ਫਿਰ ਉਹ ਸਾਡੇ ਕੋਲ ਗੋਡੇ ਨਾਲ ਗੋਡਾ ਜੋੜ ਕੇ ਬਹਿ
ਗਿਆ। ਉਹਦੇ ਕਾਸ਼ਨੀ ਧਾਰੀਆਂ ਵਾਲੀ ਕਾਲੀ ਪਤਲੂਣ ਪਾਈ ਹੋਈ ਸੀ ਤੇ ਚਿੱਟੇ ਫੁੱਲਾਂ ਵਾਲੀ
ਕਾਲੀ ਬੁਸ਼ਰਟ। ਗੋਡੇ ਨਾਲ ਗੋਡਾ ਜੋੜੀ ਮੈਂ ਰੁਸਤਮੇ ਜ਼ਮਾਂ ਪਹਿਲਵਾਨ ਦੀ ਛੋਹ ਪਹਿਲੀ ਵਾਰ
ਮਹਿਸੂਸ ਕੀਤੀ। ਪੈਂਟ ਉਹਦੇ ਪੱਟਾਂ ਵਿਚ ਫਸੀ ਪਈ ਸੀ ਤੇ ਛਾਤੀ ਉਭਰੀ ਹੋਈ ਸੀ। ਹੱਥ ਲੰਮੇ
ਤੇ ਨਿੱਗਰ ਸਨ।
ਮੈਂ ਕਿਹਾ, “ਤੁਸਾਂ ਚੰਗਾ ਕੀਤਾ। ਫੋਟੋ ਖਿਚਾ ਕੇ ਉਹਨਾਂ ਦਾ ਦਿਲ ਖ਼ੁਸ਼ ਕਰ ਦਿੱਤਾ। ਉਹ
ਤੁਹਾਨੂੰ ਹਮੇਸ਼ਾਂ ਚੇਤੇ ਰੱਖਣਗੇ।” ਉਸ ਨੇ ਮੁਸਕਰਾਂਦਿਆਂ ਕਿਹਾ, “ਇਹ ਤਾਂ ਫੇਰ ਕਰਨਾ ਈ
ਪੈਂਦਾ। ਇਹ ਨਾ ਕਰੀਏ ਤਾਂ ਅਗਲੇ ਦਾ ਮਨ ਦੁਖੀ ਹੁੰਦਾ। ਤੁਸੀਂ ਵੇਖੋ ਅਗਲੇ ਕਿੰਨਾ ਮਾਣ
ਕਰਦੇ ਆ?”
“ਉਂਜ ਇਸ ਤਰ੍ਹਾਂ ਦੀ ਭੱਜ ਨੱਸ ਵਿਚ ਖ਼ੁਸ਼ ਤਾਂ ਰਹਿੰਦੇ ਓ?”
“ਹਾਂ, ਆਪਾਂ ਖ਼ੁਸ਼ ਈ ਰਹੀਦਾ। ਭਲਵਾਨ ਖ਼ੁਸ਼ ਈ ਹੁੰਦੇ ਨੇ।”
“ਮੈਂ ਤੇ ਕੰਵਲ ਸਾਹਿਬ ਰਸਤੇ ਵਿਚ ਤੁਹਾਡੇ ਬਾਰੇ ਗੱਲਾਂ ਕਰਦੇ ਆਏ ਆਂ। ਤੁਹਾਡੀਆਂ ਕਈ
ਗੱਲਾਂ ਕੰਵਲ ਸਾਹਿਬ ਨੇ ਦੱਸੀਆਂ...।”
“ਇਹ ਜਾਣੀਜਾਣ ਜੁ ਹੋਏ।” ਦਾਰਾ ਸਿੰਘ ਨੇ ਵਿਚਕਾਰੋਂ ਹੀ ਕਿਹਾ ਤੇ ਹੱਸ ਪਿਆ।
ਕੰਵਲ ਸਾਹਿਬ ਨੇ ਮਜ਼ਾਕ ਵਿਚ ਕਿਹਾ, “ਬੇਫਿ਼ਕਰ ਰਹੋ ਮੈਂ ਘਰ ਦੀ ਕੋਈ ਗੱਲ ਨਹੀਂ ਦੱਸੀ।”
ਮਾਹੌਲ ਸਹਿਜ ਸੁਖਾਵਾਂ ਬਣ ਗਿਆ। ਹੁਣ ਇਕੋ ਡਰ ਸੀ ਕਿ ਕੋਈ ਹੋਰ ਨਾ ਫੋਟੋ ਖਿਚਾਉਣ ਆ ਜਾਵੇ।
ਮੈਂ ਮਨ ‘ਚ ਸੋਚਿਆ, ਪਹਿਲਵਾਨ ਨੇ ਦੁਨੀਆ ਘੁੰਮੀ ਐਂ। ਫਜ਼ੂਲ ਗੱਲਾਂ ‘ਚ ਸਮਾਂ ਗੁਆਉਣ ਦੀ
ਥਾਂ ਜਿਹੜੇ ਗਿਣਤੀ ਦੇ ਮਿੰਟ ਹਨ ਪਹਿਲਵਾਨ ਦੀਆਂ ਗੱਲਾਂ ਸੁਣੀਆਂ ਜਾਣ। ਮੈਂ ਕਿਹਾ, “ਬਚਪਨ
ਬਾਰੇ ਕੁਝ ਦੱਸੋਗੇ?”
ਦਾਰਾ ਸਿੰਘ ਕੁਰਸੀ ‘ਤੇ ਠੀਕ ਠਾਕ ਹੋਇਆ। ਇਸ ਤੋਂ ਪਹਿਲਾਂ ਕਿ ਉਹ ਬਚਪਨ ਦੀ ਕਥਾ ਸ਼ੁਰੂ
ਕਰਦਾ ਮੈਂ ਉਹਦੀ ਠੋਡੀ ਵਿਚ ਪੈਂਦਾ ਟੋਆ, ਮੱਥੇ ਦੀ ਲਕੀਰ, ਹੱਥਾਂ ਦੀਆਂ ਉਭਰੀਆਂ ਨਾੜਾਂ ਤੇ
ਸੋਹਣੇ ਦੰਦਾਂ ਦੀ ਤਸਵੀਰ ਮਨ ਵਿਚ ਉਤਾਰ ਲਈ। ਹੇਠਲੀ ਪਾਲ ਦਾ ਇਕ ਦੰਦ ਰਤਾ ਕੁ ਅੱਗੇ ਨੂੰ
ਵਧਿਆ ਹੋਇਆ ਸੀ। ਖੱਬੀ ਸਿਹਲੀ ‘ਤੇ ਚੋਟ ਦਾ ਨਿਸ਼ਾਨ ਸੀ। ਪੇਟ ਨਾਮਾਤਰ ਵਧਿਆ, ਚੌੜੇ ਹੱਥ
ਤੇ ਸਮੁੱਚਾ ਵਜੂਦ ਸਡੌਲਤਾ ਵਿਚ ਗੁੰਦਿਆ ਹੋਇਆ। ਸਿਹਲੀਆਂ ਸੰਘਣੀਆਂ ਤੇ ਕੰਨ ਆਮ ਪਹਿਲਵਾਨਾਂ
ਵਾਂਗ ਮਲੇ਼ ਹੋਏ ਗੋਲ। ਉਹਨੇ ਦੱਸਣਾ ਸ਼ੁਰੂ ਕੀਤਾ, “ਮੇਰਾ ਜਨਮ ਧਰਮੂਚੱਕ ‘ਚ ਹੋਇਆ। ਇਹ
ਅੰਬਰਸਰ ਜਿ਼ਲ੍ਹੇ ਦਾ ਨਿੱਕਾ ਜਿਹਾ ਪਿੰਡ ਆ। 1928 ਦਾ ਮੇਰਾ ਜਨਮ ਆਂ। ਡੇਰੇ ਦੇ ਸੰਤ ਬਾਬਾ
ਸ਼ਾਮ ਸਿੰਘ ਕੋਲੋਂ ਗੁਰਮੁਖੀ ਸਿੱਖੀ। ਦਾਦੇ ਨੇ ਸਕੂਲੋਂ ਹਟਾ ਕੇ ਕੰਮ ‘ਚ ਲਾ ਲਿਆ ਸੀ ਫਿਰ
ਮੈਂ ਘੁਲਣ ਅੱਲੇ ਆ ਗਿਆ।”
“ਹਲ ਵਾਹੁਣ ਨਹੀਂ ਲੱਗੇ?” ਮੈਂ ਵਿਚਕਾਰੋਂ ਪੁੱਛਿਆ।
“ਨਹੀਂ, ਘਰ ਦੇ ਸਿਆਣੇ ਬੰਦੇ ਨੂੰ ਹਾਲੀ ਲਾਇਆ ਜਾਂਦਾ। ਨਵੇਂ ਮੁੰਡੇ ਨੂੰ ਹਲ ਨਹੀਂ
ਫੜਾਉਂਦੇ। ਉਂਜ ਮੈਂ ਹਲ ਵਾਹ ਲੈਨਾਂ। ਮੇਰੇ ਫਾਦਰ ਨੂੰ ਵੱਟੇ ਚੁੱਕਣ ਦਾ ਸ਼ੌਕ ਹੁੰਦਾ ਸੀ।
ਪਿੰਡ ‘ਚ ਭਲਵਾਨੀ ਵੀ ਹੁੰਦੀ ਸੀ। ਮੈਂ ਵੀ ਭਲਵਾਨੀ ਕਰਨ ਲੱਗ ਪਿਆ ਤੇ ਖੁਰਾਕ ਵੀ ਮਿਲਣ ਲੱਗ
ਪਈ। ਫਿਰ ਰੁਜ਼ਗਾਰ ਲਈ ਸਤਾਰਾਂ ਸਾਲ ਦੀ ਉਮਰ ਵਿਚ ਚਾਚਿਆਂ ਨਾਲ ਸਿੰਘਾਪੁਰ ਚਲਾ ਗਿਆ। ਉਥੇ
ਦੰਗਲ ਆਮ ਹੁੰਦੇ ਸਨ। ਮੈਂ ਵੀ ਵੇਖਾ ਵੇਖੀ ਭਲਵਾਨ ਬਣ ਗਿਆ। ਏਧਰ ਮੇਰੇ ਜੂੜਾ ਰੱਖਿਆ ਹੁੰਦਾ
ਸੀ। ਸਿੰਘਾਪੁਰ ਜਾ ਕੇ ਵਾਲ ਕਟਾਏ।”
“ਖੁਰਾਕ ਕਿਹੋ ਜਿਹੀ ਖਾਂਦੇ ਰਹੇ?”
“ਦੁੱਧ, ਘਿਓ ਤੇ ਬਦਾਮ। ਮੀਟ ਤੇ ਫਰੂਟ। ਪਹਿਲੋਂ ਤਾਂ ਖੁਰਾਕ ਬਹੁਤ ਖਾਈ ਦੀ ਸੀ।”
“ਪਿੰਡ ਦੀ ਪੜ੍ਹਾਈ ਪਿੱਛੋਂ ਵੀ ਕਿਤੇ ਪੜ੍ਹੇ?”
“ਹਾਂ, ਸਿੰਘਾਪੁਰ ਅੰਗਰੇਜ਼ੀ ਲਈ ਇਕ ਟਿਊਟਰ ਰੱਖਿਆ ਸੀ। ਪਰ ਉਹਨੇ ਕੁਝ ਨਹੀਂ ਪੜ੍ਹਾਇਆ।
ਪੰਜਾਬੀ-ਅੰਗਰੇਜ਼ੀ ਟੀਚਰ ਇਕ ਕਿਤਾਬ ਸੀ, ਉਹਦੇ ਤੋਂ ਮੈਂ ਅੰਗਰੇਜ਼ੀ ਸਿੱਖੀ। ਉਂਜ ਮੈਂ
ਉਰਦੂ ਹਿੰਦੀ ਵੀ ਪੜ੍ਹ ਲੈਨਾਂ।” “ਬਚਪਨ ਦੇ ਸ਼ੌਕ?”
“ਇਹੋ ਜੋ ਆਮ ਬੱਚਿਆਂ ਦੇ ਹੁੰਦੇ ਨੇ। ਕਦੀ ਖਰਬੂਜ਼ੇ ਭੰਨ ਲਏ, ਕਦੀ ਗੰਨੇ। ਕਦੇ ਘੋੜੇ ‘ਤੇ
ਚੜ੍ਹ ਗਏ, ਕਦੇ ਗਧੇ ‘ਤੇ। ਉਂਜ ਕੁਸ਼ਤੀ ਦਾ ਸ਼ੌਕ ਵਧੇਰੇ ਸੀ।”
‘ਕੋਈ ਸੱਟ ਫੇਟ, ਬਿਮਾਰੀ?”
“ਖ਼ਾਸ ਨਹੀਂ। ਸੱਟਾਂ ਤਾਂ ਕਈ ਵਾਰ ਲੱਗੀਆਂ ਪਰ ਮਾੜੀਆਂ ਮੋਟੀਆਂ। ਤਿੰਨ ਚਾਰ ਵਾਰ ਗੋਡੇ ਦੀ
ਸੱਟ ਨਾਲ ਮਹੀਨਾ ਮਹੀਨਾ ਮੰਜੇ ‘ਤੇ ਵੀ ਰਿਹਾ। ਖੰਘ ਤਾਪ ਦੀਆਂ ਨਿੱਕੀਆਂ ਨਿੱਕੀਆਂ
ਬਿਮਾਰੀਆਂ ਤਾਂ ਕਦੇ ਕਦਾਈਂ ਹੋ ਜਾਂਦੀਆਂ ਨੇ। ਉਂਜ ਵਧੇਰੇ ਬਿਮਾਰ ਕਦੇ ਨਹੀਂ ਹੋਇਆ।” “ਘਰ
ਪਰਿਵਾਰ?”
“ਸਭ ਸੁਖ ਆ। ਮੌਜਾਂ ਕਰਦੇ ਨੇ। ਤਿੰਨ ਲੜਕੇ ਆ, ਤਿੰਨ ਲੜਕੀਆਂ। ਵੱਡੇ ਨੂੰ ਕੁਸ਼ਤੀ ਦਾ
ਸ਼ੌਕ ਸੀ ਪਰ ਫਿਲਮਾਂ ਦੇ ਸ਼ੌਕ ਨੇ ਗੜਬੜ ਕਰ ‘ਤਾ। ਹੁਣ ਉਹ ਮੇਰਠ ਫਾਰਮ ‘ਤੇ ਖੇਤੀ ਕਰਦਾ।”
“ਧਰਮੂਚੱਕ ਜਾਂਦੇ ਰਹਿੰਦੇ ਓ?”
“ਹਾਂ, ਜਾਂਦੇ ਈ ਰਹੀਦਾ। ਹੁਣ ਵੀ ਓਧਰੋਂ ਈ ਆਇਆਂ। ਬੰਦਾ ਜਿਥੇ ਜੰਮਿਆ ਪਲਿਆ ਹੁੰਦਾ, ਓਥੇ
ਮੁੜ ਮੁੜ ਜਾਂਦੈ।”
“ਧਰਮੂਚੱਕ ਵੀ ਏਸ ਤਰ੍ਹਾਂ ਈ ਲੋਕ ਦਰਸ਼ਨਾਂ ਨੂੰ ਖੜ੍ਹੇ ਰਹਿੰਦੇ ਨੇ?”
“ਨਹੀਂ। ਜਿਨ੍ਹਾਂ ਕੋਲ ਬੰਦਾ ਜੰਮਿਆ ਪਲਿਆ ਹੁੰਦਾ ਓਹ ਉਹਨਾਂ ਦਾ ਆਪਣਾ ਹੁੰਦਾ। ਉਹਨਾਂ ਨੂੰ
ਏਨੀ ਖਿੱਚ ਨਹੀਂ ਹੁੰਦੀ।”
“ਕਿਥੇ ਕਿਥੇ ਕੁਸ਼ਤੀਆਂ ਲੜੀਆਂ?”
“ਸਾਰੇ ਥਾਈਂ ਮਿਡਲ ਈਸਟ, ਫਾਰ ਈਸਟ, ਅਫਰੀਕਾ, ਕਨੇਡਾ, ਅਮਰੀਕਾ, ਇੰਗਲੈਂਡ। ਗੱਲ ਕੀ ਸਾਰੇ
ਯੌਰਪ ਵਿਚ। ਜਪਾਨ ‘ਚ ਬੜਾ ਰਸ਼ ਹੁੰਦਾ।”
“ਸੁਣਿਐਂ ਕਈ ਵਾਰ ਭਲਵਾਨ ਮਿਲ ਕੇ ਘੁਲ ਜਾਂਦੇ ਨੇ।”
“ਹੋ ਸਕਦਾ ਜੇ ਬਹੁਤਾ ਈ ‘ਤਬਾਰ ਹੋਵੇ। ਪਰ ਭਲਵਾਨੀ ਵਿਚ ਤਾਂ ਪਿਓ ਪੁੱਤ ਦਾ ਵੀ ‘ਤਬਾਰ
ਨਹੀਂ ਹੁੰਦਾ। ਉਹ ਵੀ ਸੱਚੀਂਮੁੱਚੀਂ ਘੁਲ ਪੈਂਦੇ ਨੇ। ਮੈਂ ਕਦੇ ਰਿਸਕ ਨਹੀਂ ਲਿਆ।”
“ਫਿ਼ਲਮਾਂ ਵੱਲ ਕਿਵੇਂ ਆਏ?”
“ਬੰਬਈ ‘ਚ ਘੁਲ ਰਿਹਾ ਸਾਂ ਕਿ ਇਕ ਫਿ਼ਲਮ ਪ੍ਰੋਡਿਊਸਰ ਨੂੰ ਮੇਰਾ ਜੁੱਸਾ ਜਚ ਗਿਆ। ਕੰਮ ਤਾਂ
ਕੋਈ ਕਰਨਾ ਈ ਸੀ ਸੋ ਫਿਲਮਾਂ ਅੱਲੇ ਆ ਗਿਆ।”
“ਖੇਡਾਂ ਬਾਰੇ ਕੋਈ ਗੱਲ ਬਾਤ।”
ਪਹਿਲਾਂ ਉਹਨੇ ਮੁੱਠਾਂ ਮੀਚੀਆਂ। ਫਿਰ ਹੱਥ ਖੋਲ੍ਹ ਕੇ ਕਹਿਣ ਲੱਗਾ, “ਬੰਦੇ ਨੂੰ ਮਨੋਰੰਜਨ
ਤਾਂ ਚਾਹੀਦਾ ਈ ਆ। ਫਿ਼ਲਮੀ ਮਨੋਰੰਜਨ ਤਮਾਸ਼ੇ ਵਾਲਾ ਹੁੰਦਾ। ਲੋਕ ਫਿ਼ਲਮਾਂ ਤਮਾਸ਼ੇ ਲਈ
ਵੇਖਦੇ ਆ, ਉਪਦੇਸ਼ ਲਈ ਨਹੀਂ। ਖੇਡਾਂ ਸਿਹਤਮੰਦ ਮਨੋਰੰਜਨ ਆ। ਇਹਨਾਂ ਵਿਚ ਬੀਰ ਰਸ ਹੁੰਦਾ।
ਨੇਸ਼ਨ ਦੀ ਸਿਹਤ ਖੇਡਾਂ ਨਾਲ ਵਧੇਰੇ ਚੰਗੀ ਬਣ ਸਕਦੀ ਆ। ਬਾਹਰਲੇ ਦੇਸ਼ਾਂ ਵਿਚ ਆਪਣੇ ਨਾਲੋਂ
ਵਧੇਰੇ ਨੌਜੁਆਨ ਖੇਡ ਮੈਦਾਨਾਂ ‘ਚ ਜਾਂਦੇ ਆ। ਓਤਰ੍ਹਾਂ ਆਪਣੇ ਖੇਡ ਮੈਦਾਨ ਹੈ ਵੀ ਘੱਟ।
ਪੁਰਾਣੇ ਵੇਲੇ ਸਿਹਤ ਦਾ ਵਧੇਰੇ ਸ਼ੌਕ ਹੁੰਦਾ ਸੀ। ਹੁਣ ਦੇ ਮੁੰਡੇ ਫੀਮਾਂ ਖਾਣ ਲੱਗ ਪਏ ਆ।”
“ਫਿ਼ਲਮੀ ਦੁਨੀਆ ‘ਚ ਭਲਵਾਨੀ ਕਿਵੇਂ ਕਾਇਮ ਰੱਖੀ?”
“ਮਨ ਨੂੰ ਕਾਬੂ ‘ਚ ਰੱਖ ਕੇ। ਫਿ਼ਲਮੀ ਦੁਨੀਆ ‘ਚ ਮਨ ਕਾਬੂ ਨਾ ਰੱਖਦੇ ਤਾਂ ਸ਼ਰਾਬ ਪਾਰਟੀਆਂ
ਤੇ ਰੰਗ ਰਲੀਆਂ ਵਾਲਿਆਂ ਨੇ ਖਿੱਚੀ ਧੂਹੀ ਫਿਰਨਾ ਸੀ। ਮੈਂ ਹਾਲੀ ਵੀ ਹਰ ਰੋਜ਼ ਦੋ ਘੰਟੇ
ਕਸਰਤ ਕਰਦਾਂ। ਸਰੀਰ ਨੂੰ ਫਿੱਟ ਰੱਖਣ ਲਈ ਬਤ੍ਹੇਰਾ ਕੁਝ ਕਰਨਾ ਪੈਂਦਾ।”
ਦਾਰਾ ਸਿੰਘ ਨਾਲ ਅੱਧਾ ਘੰਟਾ ਖੁੱਲ੍ਹੀਆਂ ਗੱਲਾਂ ਹੋਈਆਂ ਜਿਨ੍ਹਾਂ ਤੋਂ ਅਹਿਸਾਸ ਹੋਇਆ ਕਿ
ਉਹ ਚੋਟੀ ਦਾ ਭਲਵਾਨ ਹੀ ਨਹੀਂ, ਵਧੀਆ ਇਨਸਾਨ ਵੀ ਹੈ। ਉਹਦੇ ਚਿਹਰੇ ਦੀ ਸੰਗ, ਅੱਖਾਂ ਦੀ
ਲੱਜਾ ਤੇ ਮਿਲਣਸਾਰ ਤਬੀਅਤ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਛੇ ਫੁੱਟ ਦੋ ਇੰਚ
ਕੱਦ ਤੇ ਪੰਜਾਹ ਇੰਚ ਛਾਤੀ ਵਾਲੇ ਸੁੰਦਰ ਸਡੌਲ ਸਰੀਰ ਵੱਲ ਸਭ ਪਰਸੰਸਾ ਦੀਆਂ ਨਜ਼ਰਾਂ ਨਾਲ
ਤੱਕਦੇ ਹਨ। ਉਹਦੀ ਮਿੱਤ੍ਰਤਾ ਦਾ ਘੇਰਾ ਫਿਲਮੀ ਹਸਤੀਆਂ ਤੋਂ ਲੈ ਕੇ ਸਿਆਸਤਦਾਨਾਂ,
ਸਾਹਿਤਕਾਰਾਂ ਤੇ ਹਾਲੀਆਂ ਪਾਲੀਆਂ ਸਭਨਾਂ ਤਕ ਹੈ। ਬੱਚਿਆਂ ਤੇ ਨੌਜੁਆਨਾਂ ਵਿਚ ਉਹਨੂੰ
ਨੇੜਿਓਂ ਵੇਖਣ ਦੀ ਪਰਬਲ ਰੀਝ ਹੈ। ਬੇਸ਼ਕ ਉਹਨੇ ਏਸਿ਼ਆਈ, ਕਾਮਨਵੈਲਥ ਤੇ ਓਲੰਪਿਕ ਖੇਡਾਂ
‘ਚੋਂ ਕੋਈ ਤਮਗ਼ਾ ਨਹੀਂ ਜਿੱਤਿਆ ਪਰ ਉਹ ਇਕ ਵਿਸ਼ੇਸ਼ ਭਾਂਤ ਦੀ ਕੁਸ਼ਤੀ ਦਾ ਵਿਸ਼ਵ
ਚੈਂਪੀਅਨ ਬਣਿਆ।
ਦਾਰਾ ਸਿੰਘ ਤੋਂ ਵਿਦਾ ਹੁੰਦਿਆਂ ਮੈਂ ਪੁੱਛਿਆ, “ਜਿ਼ੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਕਦੋਂ
ਮਿਲੀ?”
ਉਹਨੇ ਹੱਥ ਮਿਲਾਂਦਿਆਂ ਕਿਹਾ, “ਖ਼ੁਸ਼ੀ ਦੇ ਬੜੇ ਮੌਕੇ ਆਏ। ਖ਼ੁਸ਼ੀ ਤਾਂ ਮਨ ਦੀ ਕਨਸੈਪਟ
ਆ। ਨਿੱਕੇ ਹੁੰਦਿਆਂ ਵੇਲੇ ਨਾਲ ਪੱਠੇ ਵੱਢ ਲੈਣੇ ਤਾਂ ਮਨ ਨੂੰ ਖ਼ੁਸ਼ੀ ਹੋ ਜਾਂਦੀ ਸੀ। ਹੁਣ
ਵੱਡੀਆਂ ਵੱਡੀਆਂ ਮੱਲਾਂ ਮਾਰ ਲਈਏ ਤਾਂ ਵੀ ਮਨ ਓਤਰ੍ਹਾਂ ਖ਼ੁਸ਼ ਨਹੀਂ ਹੁੰਦਾ। ਉਂਜ ਮਨ
ਖ਼ੁਸ਼ ਰੱਖਣਾ ਚਾਹੀਦਾ।”
ਦਾਰਾ ਸਿੰਘ ਦਾ ਪਿੰਡ ਧਰਮੂਚੱਕ ਅੰਮ੍ਰਿਤਸਰ ਤੋਂ ਚਾਲੀ ਕੁ ਕਿਲੋਮੀਟਰ ਉੱਤਰ-ਪੂਰਬ ਵੱਲ ਹੈ।
ਪੰਜ ਕੁ ਸੌ ਸਾਲ ਪਹਿਲਾਂ ਇਸ ਪਿੰਡ ਦੀ ਮੋਹੜੀ ਧਰਮੂ ਰੰਧਾਵੇ ਨੇ ਗੱਡੀ ਸੀ। ਧਰਮੂ ਦਾ
ਪੁੱਤਰ ਚੜ੍ਹਤ ਤੇ ਅੱਗੋਂ ਖੋਖਰ, ਪਠਾਣ, ਸਾਂਦਰਾਣ, ਢੀਂਗਾ, ਨੰਦਾ, ਗੁਰਦਾਸ, ਪਲਾਤ, ਦੇਵਾ,
ਦਸੌਂਧਾ ਸਿੰਘ, ਉੱਤਮ ਸਿੰਘ, ਰੂਪਾ ਸਿੰਘ, ਗੁਰਦਿੱਤ ਸਿੰਘ, ਬੂੜ ਸਿੰਘ, ਸੂਰਤ ਸਿੰਘ ਤੇ
ਦਾਰਾ ਸਿੰਘ ਹੁੰਦੇ ਗਏ। ਏਨੀਆਂ ਪੀੜ੍ਹੀਆਂ ਵਿਚ ਵੰਡੀਦੀ ਜ਼ਮੀਨ ਉਂਗਲਾਂ ‘ਤੇ ਗਿਣੇ ਜਾਣ
ਜੋਗੇ ਵਿਘਿਆਂ ਵਿਚ ਘਟਦੀ ਗਈ। ਦਾਰਾ ਸਿੰਘ ਦੇ ਬਾਬੇ ਬੂੜ ਸਿੰਘ ਦੇ ਹਿੱਸੇ ਪੰਜ ਵਿਘੇ
ਜ਼ਮੀਨ ਰਹਿ ਗਈ ਸੀ ਤੇ ਉਸ ਦੇ ਪੰਜ ਪੁੱਤਰ ਸਨ। ਜੂੰਨ ਗੁਜ਼ਾਰੇ ਲਈ ਇਕ ਨੂੰ ਫੌਜ ਵਿਚ ਤੇ
ਚਹੁੰ ਨੂੰ ਸਿੰਘਾਪੁਰ ਜਾਣਾ ਪਿਆ।
ਦਾਰਾ ਸਿੰਘ ਆਪਣੀ ਆਤਮ ਕਥਾ ਵਿਚ ਲਿਖਦੈ, “ਜਦੋਂ ਧਰਮੂ ਨੇ ਪਿੰਡ ਬੱਧਾ ਸੀ ਤਾਂ ਪਿੰਡ ਦੀ
ਜ਼ਮੀਨ ਸੀ ਨੌਂ ਸੌ ਵਿਘੇ ਤੇ ਜਦੋਂ ਸਾਡੇ ਪੜਦਾਦਿਆਂ ਦੀਆਂ ਔਲਾਦਾਂ ਨੇ ਜੰਮ ਕੇ ਇਸ ਰੰਗੀਲੀ
ਦੁਨੀਆ ਨੂੰ ਚਾਰ ਚੰਨ ਲਾਏ ਤਾਂ ਜ਼ਮੀਨ ਘਟਦੀ ਘਟਦੀ ਘਰ ਪ੍ਰਤੀ ਪੰਜ ਜਾਂ ਦਸ ਵਿਘੇ ਹੀ ਰਹਿ
ਗਈ। ਫਿਰ ਵਿਚਾਰੇ ਧਰਮੂਚੱਕੀਏ ਪਿੰਡ ਛੱਡ ਛੱਡ ਲੱਗੇ ਦੂਰ ਦੁਰਾਡੇ ਵੱਸਣ। ਜਿਸ ਤਰ੍ਹਾਂ ਇਕ
ਕਹਾਵਤ ਹੈ, ਜ਼ਰੂਰਤ ਈਜ਼ਾਦ ਦੀ ਮਾਂ ਹੈ। ਇਸ ਤਰ੍ਹਾਂ ਸਾਰਿਆਂ ਨੇ ਆਪਣੇ ਸੁਖੀ ਜੀਵਨ ਲਈ
ਕੋਈ ਨਾ ਕੋਈ ਸਾਧਨ ਲੱਭ ਹੀ ਲਿਆ ਤੇ ਮਨੀ ਆਰਡਰ ਧਰਮੂਚੱਕ ਆਉਣ ਲੱਗ ਪਏ।”
ਉਸ ਦੀਆਂ ਜਨਮ ਤਾਰੀਖਾਂ ਦੋ ਹਨ, ਇਕ ਪਿੰਡ ਦੇ ਚੌਕੀਦਾਰ ਦੀ ਲਿਖਵਾਈ ਹੋਈ ਤੇ ਦੂਜੀ ਪਾਂਧੇ
ਦੀ ਪੱਤਰੀ ਵਾਲੀ। ਫਰਕ ਸਿਰਫ਼ ਦੋ ਦਿਨਾਂ ਦਾ ਹੀ ਹੈ। ਦੋ ਦਿਨ ਦਾ ਫਰਕ ਇਸ ਕਰਕੇ ਪਿਆ
ਕਿਉਂਕਿ ਪਿੰਡ ਦਾ ਬਰਵਾਲਾ ਰਪਟੀਆ ਉਦੋਂ ਤਕ ਰਪਟ ਦਰਜ ਕਰਾਉਣ ਸ਼ਹਿਰ ਨਹੀਂ ਸੀ ਜਾਂਦਾ ਜਦੋਂ
ਤਕ ਜੰਮਣ ਵਾਲੇ ਬੱਚਿਆਂ ਦੀ ਗਿਣਤੀ ਬਾਰਾਂ ਨਹੀਂ ਸੀ ਹੋ ਜਾਂਦੀ। ਫਿਰ ਜਦੋਂ ਬਾਰਾਂ ਬੱਚਿਆਂ
ਦੀਆਂ ਜਨਮ ਤਾਰੀਖ਼ਾਂ ਲਿਖਾਉਂਦਾ ਤਾਂ ਦੋ ਚਾਰ ਦਿਨ ਅੱਗੇ ਪਿਛੇ ਹੋ ਜਾਣੇ ਮਾਮੂਲੀ ਗੱਲ ਸੀ।
ਦਾਰਾ ਸਿੰਘ ਦੀ ਜਨਮ ਤਾਰੀਖ਼ ਉਸ ਦੇ ਪਾਸਪੋਰਟ ‘ਤੇ 19 ਨਵੰਬਰ 1928 ਦਰਜ ਹੈ। 19 ਨਵੰਬਰ
ਹੀ ਇੰਦਰਾ ਗਾਂਧੀ ਦਾ ਜਨਮ ਦਿਵਸ ਹੈ ਜਿਸ ਕਰਕੇ ਪਹਿਲਵਾਨ ਦਾ ਜਨਮ ਦਿਨ ਉਂਜ ਹੀ ਸਾਰੇ ਦੇਸ਼
ਵਿਚ ਮਨਾ ਲਿਆ ਜਾਂਦੈ!
ਦਾਰਾ ਸਿੰਘ ਦਾ ਬਚਪਨ ਬੜੀਆਂ ਕਠਨ ਹਾਲਤਾਂ ਵਿਚ ਬੀਤਿਆ। ਪਿਤਾ ਤੇ ਚਾਚਿਆਂ ਦੇ ਸਿੰਘਾਪੁਰ
ਤੁਰ ਜਾਣ ਕਾਰਨ ਬਾਬੇ ਬੂੜ ਸਿੰਘ ਨੂੰ ‘ਕੱਲਿਆਂ ਖੇਤੀ ਕਰਨੀ ਔਖੀ ਸੀ। ਉਸ ਨੇ ਬਾਲਕ ਦਾਰੇ
ਨੂੰ ਪ੍ਰਾਇਮਰੀ ਸਕੂਲ ਵਿਚ ਜਾਣ ਲੱਗੇ ਨੂੰ ਹੀ ਪੜ੍ਹਨੋਂ ਹਟਾ ਲਿਆ ਤੇ ਆਪਣੇ ਨਾਲ ਕੰਮ ਉਤੇ
ਜੋੜ ਲਿਆ। ਉਹ ਦਾਰੇ ਦੀ ਮਾਂ ਨੂੰ ਕਹਿਣ ਲੱਗਾ, “ਭਈ ਮੁੰਡਾ ਛੇ ਸੱਤ ਸਾਲਾਂ ਦਾ ਹੋ ਗਿਆ,
ਇਸ ਨੂੰ ਘਰ ਦਾ ਕੰਮ ਕਾਜ ਕਰਨ ਦਿਓ, ਭੇਜ ਦਿੰਦੀ ਆ ਪਰੌਂਠੇ ਬੰਨ੍ਹ ਕੇ ਮਦਰੱਸੇ। ਡੰਗਰ
ਖੁਰਲੀਆਂ ‘ਤੇ ਭੁੱਖੇ ਤਿਹਾਏ ਬੱਝੇ ਰਹਿੰਦੇ ਨੇ। ਮੱਝਾਂ ਨੂੰ ਬਾਹਰ ਨਾ ਛੱਡਿਆ ਜਾਵੇ ਤਾਂ
ਦੁੱਧੋਂ ਸੁੱਕ ਜਾਂਦੀਆਂ ਨੇ। ਇਹਦੀ ਉਮਰ ਦੇ ਮੁੰਡੇ ਤਾਂ ਵੱਗ ਚਾਰਨ ਤੋਂ ਇਲਾਵਾ ਪੱਠਾ ਦੱਥਾ
ਵੀ ਕਰਵਾਉਂਦੇ ਨੇ।”
ਮਾਂ ਨੇ ਮਜਬੂਰੀ ‘ਚ ਕਿਹਾ, “ਪੁੱਤ ਹੁਣ ਤੂੰ ਪੜ੍ਹਨ ਨਹੀਂ ਜਾ ਸਕਦਾ।” ਦਾਰੇ ਨੇ ਰੌਲਾ ਪਾ
ਦਿੱਤਾ ਕਿ ਮੈਂ ਜ਼ਰੂਰ ਪੜ੍ਹਨਾ ਹੈ। ਮਾਂ ਨੇ ਡਾਂਟ ਡਪਟ ਕੀਤੀ ਤੇ ਦਾਰੇ ਨੇ ਰੋਣਾ ਸ਼ੁਰੂ
ਕਰ ਦਿੱਤਾ। ਮਾਂ ਨੇ ਗੁੱਸੇ ਵਿਚ ਉਹਦਾ ਬਸਤਾ ਉੱਚੀ ਜਗ੍ਹਾ ਪਰਛੱਤੀ ‘ਤੇ ਵਗਾਹ ਮਾਰਿਆ ਤੇ
ਆਪ ਵੀ ਰੋਣ ਲੱਗ ਪਈ। ਪੁੱਤ ਨੂੰ ਉਦੋਂ ਏਨੀ ਸਮਝ ਨਹੀਂ ਸੀ ਕਿ ਮਾਂ ਦਾ ਰੋਣ ਕਿਓਂ ਨਿਕਲਿਆ
ਸੀ? ਫਿਰ ਦਾਰੇ ਨੇ ਗੁਰਮੁਖੀ ਦੇ ਅੱਖਰ ਸੰਤ ਬਾਬਾ ਸ਼ਾਮ ਸਿੰਘ ਪਾਸੋਂ ਸਿੱਖੇ। ਸੰਤਾਂ ਨੇ
ਉਸ ਨੂੰ ਕਿਰਤ ਕਰਨ ਤੇ ਸੱਚ ਬੋਲਣ ਦੀ ਜੀਵਨ ਜਾਚ ਸਿਖਾਈ ਜੋ ਉਸ ਦੇ ਸਾਰੀ ਉਮਰ ਕੰਮ ਆਈ। ਉਹ
ਸਵੇਰੇ ਸੰਤਾਂ ਦੀ ਬਗੀਚੀ ਵਿਚ ਸੇਵਾ ਕਰਦਾ, ਅੱਖਰ ਸਿਖਦਾ ਤੇ ਘਰ ਮੁੜ ਕੇ ਡੰਗਰ ਚਾਰਨ ਚਲਾ
ਜਾਂਦਾ। ਉਹ ਦਸਦਾ ਹੈ ਕਿ ਉਨ੍ਹਾਂ ਦੀ ਲਾਖੀ ਗਾਂ ਉਹਨੂੰ ਬੜਾ ਤੰਗ ਕਰਦੀ ਸੀ। ਉਹ ਐਨਾ
ਭੱਜਦੀ ਕਿ ਮੋੜੇ ਲੁਆਉਂਦਿਆਂ ਬਾਲਕ ਦਾਰੇ ਨੂੰ ਇਕ ਦੋ ਵਾਰ ਜ਼ਰੂਰ ਰੁਆਉਂਦੀ।
ਡੰਗਰ ਚਾਰਦੇ ਮੁੰਡੇ ਖੇਡਾਂ ਖੇਡਣ ਲੱਗਦੇ ਤੇ ਆਪਸ ਵਿਚ ਘੁਲ ਵੀ ਪੈਂਦੇ। ਦਾਰਾ ਘੁਲਣ ਵਿਚ
ਹਾਣੀਆਂ ਨਾਲੋਂ ਤਕੜਾ ਸਾਬਤ ਹੁੰਦਾ। ਉਹਦੀ ਪਹਿਲੀ ਵੇਖਣਯੋਗ ਕੁਸ਼ਤੀ ਜਮਾਲੇ ਘੁਮਿਆਰ ਨਾਲ
ਹੋਈ ਜੋ ਤਵੱਕੀਂ ਜਿੱਤੀ ਗਈ। ਦਰਸ਼ਕਾਂ ਨੇ ਦਾਰੇ ਨੂੰ ਮੋਢਿਆਂ ‘ਤੇ ਚੁੱਕ ਲਿਆ ਤੇ ਘਰਦਿਆਂ
ਨੂੰ ਉਹਦੀ ਖੁਰਾਕ ਵਧਾਉਣੀ ਪਈ। ਦਾਰਾ ਘਰ ਦੇ ਤੇ ਖੇਤਾਂ ਦੇ ਕੰਮ ਕਰਦਾ, ਸੰਤਾਂ ਦੇ ਡੇਰੇ
ਜਾਂਦਾ ਤੇ ਪਹਿਲਵਾਨੀ ਦੀ ਕਸਰਤ ਕਰਦਾ। ਉਸ ਦਾ ਆਪਣੇ ਨਾਨਕੇ ਪਿੰਡ ਰਤਨਗੜ੍ਹ ਵਾਹਵਾ ਜਾਣ
ਆਉਣ ਸੀ। ਉਮਰ ਦੇ ਪਹਿਲੇ ਪੰਜ ਵਰ੍ਹਿਆਂ ਵਿਚੋਂ ਤਾਂ ਵਧੇਰੇ ਸਮਾਂ ਉਹ ਆਪਣੇ ਨਾਨਕੀਂ ਹੀ
ਰਿਹਾ ਸੀ।
ਇਕ ਵਾਰ ਉਹ ਬਾਹਰ ਨੰਗ ਧੜੰਗਾ ਖੇਡ ਰਿਹਾ ਸੀ। ਹੋਵੇਗਾ ਤਿੰਨਾਂ ਚਹੁੰ ਸਾਲਾਂ ਦਾ। ਉਹਦਾ
ਮਾਮਾ ਭੈਣ ਨੂੰ ਮਿਲ ਕੇ ਰਤਨਗੜ੍ਹ ਨੂੰ ਮੁੜਿਆ ਤਾਂ ਢਾਬ ਕੰਢੇ ਖੇਡਦਾ ਦਾਰਾ ਮਾਮੇ ਨਾਲ ਜਾਣ
ਲਈ ਖਹਿੜੇ ਪੈ ਗਿਆ। ਮਾਮੇ ਨੇ ਨੰਗ ਧੜੰਗੇ ਨੂੰ ਈ ਘੋੜੀ ‘ਤੇ ਬਹਾਇਆ ਤੇ ਰਤਨਗੜ੍ਹ ਲੈ ਗਿਆ।
ਮਾਮੀ ਨੇ ਕਿਹਾ, “ਇਹਨੂੰ ਕਪੜੇ ਤਾਂ ਪੁਆ ਲਿਆਉਂਦਾ।”
ਮਾਮਾ ਉਸੇ ਵੇਲੇ ਬਾਲਕ ਨੂੰ ਕੁੱਛੜ ਚੁੱਕ ਕੇ ਹੱਟੀ ‘ਤੇ ਦਰਜ਼ੀ ਕੋਲ ਲੈ ਗਿਆ। ਬੂਆ ਪੰਡਤ
ਉਸ ਦਾ ਝੱਗਾ ਬਣਾਉਣ ਲਈ ਮਾਪ ਲੈਣ ਲੱਗਾ। ਦਾਰੇ ਦੇ ਮੱਥੇ ਦੀ ਰੇਖਾ ਵੇਖ ਕੇ ਪੰਡਤ ਨੇ
ਕਿਹਾ, “ਰੂੜ ਸਿਆਂ, ਇਹ ਬਾਲਕ ਤਾਂ ਬੜੇ ਨਛੱਤਰ ਵਾਲਾ ਹੈ। ਇਸ ਦਾ ਨੰਗੇਜ ਤੂੰ ਅੱਜ ਢਕਿਆ
ਹੈ, ਇਹ ਵਕਤ ਆਉਣ ‘ਤੇ ਬਹੁਤਿਆਂ ਦੇ ਨੰਗੇਜ ਢਕੇਗਾ।”
ਉਨ੍ਹਾਂ ਦਿਨਾਂ ਵਿਚ ਕਿਸਾਨਾਂ ਦੇ ਬੱਚਿਆਂ ਬਾਰੇ ਕਿਹਾ ਜਾਂਦਾ ਸੀ ਕਿ ਛੋਟੀ ਉਮਰ ਵਿਚ ਈ
ਮੰਗੇ ਜਾਣ ਤਾਂ ਮੰਗੇ ਜਾਣ ਨਹੀਂ ਵੱਡੇ ਹੋਏ ਵਿਆਹੇ ਨਹੀਂ ਜਾਂਦੇ ਤੇ ਛੜੇ ਰਹਿ ਜਾਂਦੇ ਹਨ।
ਦਾਰੇ ਦਾ ਮੰਗਣਾ ਵੀ ਬਹੁਤ ਛੋਟੀ ਉਮਰ ਵਿਚ ਕਰ ਦਿੱਤਾ ਗਿਆ। ਮਾਂ ਕਹਿਣ ਲੱਗੀ, “ਪੁੱਤ,
ਕੱਲ੍ਹ ਤੇਰਾ ਛੁਹਾਰਾ ਪੈਣਾ ਏਂ, ਕੁੜੀ ਵਾਲੇ ਸਵੇਰੇ ਆਉਣਗੇ ਤੇ ਦੁਪਹਿਰ ਪਿਛੋਂ ਛੁਹਾਰਾ ਪੈ
ਜਾਵੇਗਾ। ਤੂੰ ਨ੍ਹਾ ਧੋ ਕੇ ਸੋਹਣੀ ਪੱਗ ਬੰਨ੍ਹੀਂ।” ਦਾਰਾ ਇਹੋ ਗੱਲ ਦੱਸਣ ਸਾਥੀਆਂ ਵੱਲ
ਦੌੜਿਆ ਭਈ ਕੱਲ੍ਹ ਮੇਰਾ ਛੁਹਾਰਾ ਪੈਣਾ ਏਂ। ਛੁਹਾਰਾ ਤਾਂ ਪੈ ਗਿਆ ਪਰ ਮੰਗਣੀ ਪੱਕੀ ਨਾ ਰਹੀ
ਤੇ ਉਹਦਾ ਸਹੁਰਾ ਰਿਸ਼ਤੇ ਤੋਂ ਮੁੱਕਰ ਗਿਆ। ਰਿਸ਼ਤਾ ਨਾਨਕਿਆਂ ਨੇ ਕਰਾਇਆ ਸੀ ਜਿਨ੍ਹਾਂ ਦੀ
ਬਦਨਾਮੀ ਹੋਣ ਲੱਗੀ। ਉਨ੍ਹਾਂ ਨੇ ਬਦਨਾਮੀ ਤੋਂ ਬਚਦਿਆਂ ਦਾਰੇ ਦਾ ਰਿਸ਼ਤਾ ਕਿਸੇ ਹੋਰ ਲੜਕੀ
ਨਾਲ ਕਰਵਾ ਦਿੱਤਾ। ਕਾਹਲੀ ਵਿਚ ਇਹ ਵੀ ਨਾ ਵੇਖਿਆ ਕਿ ਮੁੰਡਾ ਸੱਤ ਅੱਠ ਸਾਲ ਦਾ ਹੈ ਤੇ
ਕੁੜੀ ਚੌਦਾਂ ਪੰਦਰਾਂ ਸਾਲਾਂ ਦੀ।
1937 ਵਿਚ ਦਾਰੇ ਦਾ ਬਾਪ ਸਿੰਘਾਪੁਰੋਂ ਮੁੜਿਆ ਤੇ 38 ਵਿਚ ਉਹਦੇ ਤਿੰਨੇ ਚਾਚੇ ਉਹਦੇ ਬਾਪ
ਨਾਲ ਸਿੰਘਾਪੁਰ ਜਾਣ ਲਈ ਤਿਆਰ ਹੋ ਗਏ। ਮਾਮੇ ਨੇ ਕਿਹਾ ਕਿ ਸਿੰਘਾਪੁਰ ਜਾਣ ਤੋਂ ਪਹਿਲਾਂ
ਦਾਰੀ ਦਾ ਵਿਆਹ ਕਰ ਜਾਓ ਫਿਰ ਪਤਾ ਨਹੀਂ ਕਦ ਮੁੜੋਗੇ? ਬਾਪ ਕਹਿਣ ਲੱਗਾ, “ਮੁੰਡੇ ਦਾ ਤਾਂ
ਹਾਲੇ ਵੀ ਮੰਜੇ ‘ਤੇ ਈ ਮੂਤ ਨਿਕਲ ਜਾਂਦੈ, ਇਸ ਦਾ ਵਿਆਹ ਕਰ ਕੇ ਕੀ ਕਰਾਂਗੇ।” ਇਹ ਗੱਲ ਸੀ
ਵੀ ਸੱਚੀ। ਦਾਰਾ ਰਾਤ ਨੂੰ ਸੁੱਤਾ ਪਿਆ ਬਿਸਤਰਾ ਗਿੱਲਾ ਕਰ ਦਿੰਦਾ ਸੀ। ਜਦੋਂ ਬਿਸਤਰਾ
ਗਿੱਲਾ ਹੋ ਜਾਂਦਾ ਉਹਨੂੰ ਓਦੋਂ ਪਤਾ ਲੱਗਦਾ ਸੀ।
ਖ਼ੈਰ, ਵਿਆਹ ਦਾ ਦਿਨ ਬੱਝ ਗਿਆ। ਚਾਲੀ ਪੰਜਾਹ ਘੋੜੀਆਂ ‘ਤੇ ਬੜੀ ਧੂਮ ਧਾਮ ਨਾਲ ਜੰਜ
ਚੜ੍ਹੀ। ਦਾਰੇ ਤੋਂ ਘੋੜੀ ਮਸੀਂ ਸੰਭਾਲੀ ਜਾ ਰਹੀ ਸੀ, ਉਮਰ ਨਿਆਣੀ ਜੁ ਹੋਈ। ਜੰਜ ਰੋਟੀ ਖਾਣ
ਲੱਗੀ ਤਾਂ ਕੋਠੇ ‘ਤੇ ਗੀਤ ਗਾਉਂਦੀਆਂ ਔਰਤਾਂ ਨੇ ਸਿਠਣੀਆਂ ਦਿੰਦਿਆਂ ਕਿਹਾ, ਹੈਂ, ਨੀ
ਮੁੰਡਾ ਤਾਂ ਉਮਰੋਂ ਬਹੁਤ ਈ ਛੋਟਾ ਐ। ਰੋਟੀ ਖਾ ਕੇ ਹਵੇਲੀ ਡੇਰੇ ਲਾਏ ਤਾਂ ਦੁੱਧ ਦੀਆਂ
ਵਲਟੋਹੀਆਂ ਆ ਗਈਆਂ। ਦਾਰਾ ਦੁੱਧ ਨਾ ਪੀਵੇ ਮਤਾਂ ਸੁੱਤਿਆਂ ਪਿਆਂ ਬਿਸਤਰਾ ਨਾ ਗਿੱਲਾ ਹੋ
ਜਾਵੇ। ਮਾਂ ਨੇ ਤਕੀਦ ਕਰ ਕੇ ਤੋਰਿਆ ਸੀ ਕਿ ਰਾਤੀਂ ਦੁੱਧ ਨਾ ਪੀਵੀਂ ਤੇ ਪਿਸ਼ਾਬ ਕਰ ਕੇ
ਸੰਵੀਂ। ਫਿਰ ਵੀ ਕਹਿਣ ਕਹਾਉਣ ‘ਤੇ ਦੁੱਧ ਪੀਤਾ ਗਿਆ ਤੇ ਜਿਸ ਗੱਲ ਦਾ ਡਰ ਸੀ ਉਹ ਭਾਣਾ
ਸੁੱਤਿਆਂ ਪਿਆ ਵਰਤ ਈ ਗਿਆ। ਖੁਨਾਮੀ ਬੜੀ ਹੋਣੀ ਸੀ ਪਰ ਜਾਨੀਆਂ ਦੇ ਜੰਗਲ ਪਾਣੀ ਜਾਣ ਵੇਲੇ
ਦਾਰੇ ਦਾ ਬਿਸਤਰਾ ਉਹਦੇ ਦੋਸਤ ਨੇ ਕਿਸੇ ਹੋਰ ਨਾਲ ਬਦਲ ਕੇ ਲਾੜੇ ਦੀ ਰੱਖ ਵਿਖਾਈ। ਇਸ ਗੱਲ
ਦਾ ਭੇਤ ਕਈ ਸਾਲਾਂ ਬਾਅਦ ਖੁੱਲ੍ਹਾ।
ਵਿਆਹ ਕਰ ਕੇ ਦਾਰਾ ਸਿੰਘ ਦਾ ਬਾਪ ਤੇ ਚਾਚੇ ਸਿੰਘਾਪੁਰ ਚਲੇ ਗਏ। ਸਾਲ ਕੁ ਬਾਅਦ ਬਾਪ ਵਾਪਸ
ਮੁੜਿਆ ਤਾਂ ਕੁੜੀ ਵਾਲਿਆਂ ਦੇ ਕਹਿਣ ‘ਤੇ ਮਾਮਾ ਜ਼ੋਰ ਪਾਉਣ ਲੱਗਾ ਪਈ ਮੁਕਲਾਵਾ ਵੀ ਲੈ ਲਓ।
ਤਦ ਤਕ ਦਾਰਾ ਕਾਠੀ ਨੀਵੀਂ ਕਰ ਕੇ, ਵੱਟ ਉਤੇ ਖੜ੍ਹ ਕੇ ਸਾਈਕਲ ‘ਤੇ ਚੜ੍ਹਨ ਜੋਗਾ ਮਸੀਂ
ਹੋਇਆ ਸੀ। ਉਹ ਆਪਣੀ ਪਤਨੀ ਨੂੰ ਸਾਈਕਲ ਉਤੇ ਬਿਠਾ ਕੇ ਧਰਮੂਚੱਕ ਲਿਆਇਆ ਤਾਂ ਰਾਹ ਵਿਚ ਕਈ
ਵਾਰ ਡਿੱਗੇ। ਇਕ ਰਾਹਗੀਰ ਸਾਈਕਲ ਸਵਾਰ ਨੇ ਉਹਦੀ ਪਤਨੀ ਨੂੰ ਸਵਾਰੀ ਦਿੱਤੀ ਜਿਸ ਨਾਲ ਦਾਰੇ
ਨੂੰ ਬੜੀ ਨਮੋਸ਼ੀ ਹੋਈ। ਪਰ ਉਹਦੀ ਉਮਰ ਨਾ ਅਜੇ ਮੁਕਲਾਵਾ ਲਿਆਉਣ ਜੋਗੀ ਸੀ ਤੇ ਨਾ ਸਾਈਕਲ
ਪਿੱਛੇ ਵਹੁਟੀ ਨੂੰ ਬਿਠਾ ਕੇ ਸਹੁਰੀਂ ਲਿਆਉਣ ਜੋਗੀ। ਵਹੁਟੀ ਦੋ ਚਾਰ ਦਿਨ ਸਹੁਰੀਂ ਰਹਿ ਕੇ
ਪੇਕੀਂ ਚਲੀ ਗਈ ਤੇ ਦਾਰੇ ਨੂੰ ਖੁਰਾਕਾਂ ਖੁਆ ਕੇ ਛੇਤੀ ਜੁਆਨ ਕਰਨ ਦਾ ਆਹਰ ਪਾਹਰ ਸ਼ੁਰੂ ਹੋ
ਗਿਆ।
ਉਨ੍ਹਾਂ ਖੁਰਾਕਾਂ ਨੇ ਉਸ ਨੂੰ ਜੁਆਨ ਵੀ ਛੇਤੀ ਕਰ ਦਿੱਤਾ ਤੇ ਪਹਿਲਵਾਨ ਬਣਨ ਦੀ ਨੀਂਹ ਵੀ
ਰੱਖ ਦਿੱਤੀ। ਮੁਕਲਾਵੇ ਤੋਂ ਦੋ ਸਾਲਾਂ ਬਾਅਦ ਉਹ ਵਹੁਟੀ ਨੂੰ ਫਿਰ ਲੈ ਆਇਆ। ਉਹਦਾ ਜੀਅ
ਪਹਿਲਵਾਨੀ ਕਰਨ ਨੂੰ ਕਰਦਾ ਸੀ ਪਰ ਖੇਤੀ ਵਾਹੀ ਦੇ ਕੰਮ ਵਿਚ ਏਨੀ ਵਿਹਲ ਨਹੀਂ ਸੀ। ਦਾਰਾ
ਸਤਾਰਵੇਂ ਸਾਲ ਵਿਚ ਸੀ ਜਦੋਂ ਉਹਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਪ੍ਰਦੁਮਣ ਸਿੰਘ
ਰੱਖਿਆ ਗਿਆ। ਇਕ ਦਿਨ ਉਹ ਛਿੰਝ ਵੇਖ ਕੇ ਆਇਆ ਤਾਂ ਬੱਚਾ ਮੰਜੇ ‘ਤੇ ਪਿਆ ਲੱਤਾਂ ਮਾਰ ਰਿਹਾ
ਸੀ। ਦਾਰੇ ਨੇ ਮਨ ਵਿਚ ਧਿਆ ਲਿਆ ਕਿ ਉਹ ਆਪ ਪੜ੍ਹ ਨਾ ਸਕਣ ਤੇ ਪਹਿਲਵਾਨੀ ਨਾ ਕਰ ਸਕਣ ਦੀਆਂ
ਅਧੂਰੀਆਂ ਰੀਝਾਂ ਪੰਮੇ ਨੂੰ ਪੜ੍ਹਾ ਕੇ ਤੇ ਪਹਿਲਵਾਨ ਬਣਾ ਕੇ ਪੂਰੀਆਂ ਕਰੇਗਾ। ਪਰ ਕੁਦਰਤ
ਨੂੰ ਕੁਝ ਹੋਰ ਮਨਜ਼ੂਰ ਸੀ।
ਦਾਰਾ ਸਿੰਘ ਕਿਰਸਾਣੀ ਦਾ ਏਡਾ ਤਕੜਾ ਕਾਮਾ ਬਣ ਗਿਆ ਸੀ ਕਿ ਇਕ ਦਿਨ ਉਹਨੇ ਪੂਰੇ ਦੋ ਵਿਘੇ
ਢਹੀ ਹੋਈ ਕਣਕ ਵੱਢ ਦਿੱਤੀ ਸੀ ਤੇ ਵਾਢੀ ਦਾ ਚੈਂਪੀਅਨ ਮੰਨਿਆ ਗਿਆ ਸੀ। ਇਹ 1947 ਦੇ ਦਿਨ
ਸਨ ਤੇ ਇਹੀ ਦਾਰੇ ਦੀ ਖੇਤੀਬਾੜੀ ਦਾ ਆਖ਼ਰੀ ਸਾਲ ਸੀ। ਹਾੜ੍ਹੀ ਤੋਂ ਬਾਅਦ ਰੂੜੀ ਖੇਤਾਂ ਵਿਚ
ਢੋਈ ਗਈ। ਇਹ ਬੜਾ ਕਰੜਾ ਕੰਮ ਸੀ। ਘਰ ਦੀ ਕਿਸੇ ਗੱਲੋਂ ਦਾਰੇ ਦਾ ਮਾਂ ਨਾਲ ਝਗੜਾ ਹੋ ਗਿਆ।
ਮਾਂ ਨੇ ਉਹਦੇ ਹਿੱਸੇ ਦੀ ਕਣਕ ਭੜੋਲੇ ‘ਚੋਂ ਕੱਢਵਾ ਕੇ ਇਕ ਕਮਰੇ ਵਿਚ ਸੁੱਟ ਦਿੱਤੀ ਤੇ
ਦਾਰੇ ਨੂੰ ਅੱਡ ਕਰ ਦਿੱਤਾ। ਦਾਰੇ ਦਾ ਛੋਟਾ ਭਰਾ ਸਰਦਾਰਾ ਸਕੂਲੇ ਪੜ੍ਹਦਾ ਸੀ। ਦਾਰੇ ਨੂੰ
ਤਾਂ ਹਿੱਸੇ ਬਹਿੰਦੀ ਵਿਘਾ ਜ਼ਮੀਨ ਵੀ ਨਹੀਂ ਸੀ ਆਉਂਦੀ। ਉਸ ਨੂੰ ਆਪਣਾ ਭਵਿੱਖ ਹਨ੍ਹੇਰਾ
ਦਿਸਣ ਲੱਗਾ।
ਦਾਰੇ ਨੇ ਘਰ ਵਾਲੀ ਨੂੰ ਪੇਕੀਂ ਛੱਡਿਆ, ਸੱਸ ਤੋਂ 300 ਰੁਪਏ ਫੜੇ ਤੇ ਆਪਣੇ ਚਾਚੇ ਨਾਲ
ਸਿੰਘਾਪੁਰ ਨੂੰ ਚੱਲ ਪਿਆ। ਤਦ ਤਕ ਉਹਨੇ ਅੰਿਮ੍ਰਤਸਰ, ਤਰਨ ਤਾਰਨ ਤੇ ਜਲੰਧਰ ਤੋਂ ਬਿਨਾਂ
ਹੋਰ ਕੋਈ ਸ਼ਹਿਰ ਨਹੀਂ ਸੀ ਵੇਖਿਆ। ਮਦਰਾਸ ਉਹ ਇਕ ਸਰਾਂ ਵਿਚ ਠਹਿਰੇ ਜਿਥੇ ਦਾਰੇ ਨੇ ਕਿਸੇ
ਦੀ ਜ਼ੇਬ ਨੂੰ ਹੱਥ ਮਾਰ ਲਿਆ। ਦਰਅਸਲ ਉਹਦੇ ਹੱਥ ਜਾਨੀ ਚੋਰ ਦਾ ਚਿੱਠਾ ਆ ਗਿਆ ਸੀ ਜਿਸ ਨੂੰ
ਪੜ੍ਹ ਕੇ ਉਹਦਾ ਵੀ ਜਾਨੀ ਚੋਰ ਬਣਨ ਨੂੰ ਜੀਅ ਕਰ ਆਇਆ ਸੀ। ਸਮੁੰਦਰੀ ਜਹਾਜ਼ ਵਿਚ ਉਹ ਕਿਸੇ
ਔਰਤ ਦਾ ਹਾਰ ਚੋਰੀ ਕਰਨ ਲੱਗਾ ਤਾਂ ਰੌਲਾ ਪੈ ਗਿਆ ਪਰ ਉਹਦਾ ਕਿਸੇ ਨੂੰ ਪਤਾ ਨਾ ਲੱਗਾ। ਮਰਦ
ਉਸ ਔਰਤ ਬਾਰੇ ਹੋਰ ਈ ਕਿਆਫ਼ੇ ਲਾਉਣ ਲੱਗੇ ਤਾਂ ਦਾਰਾ ਸਿੰਘ ਨੂੰ ਆਪਣੇ ਆਪ ‘ਤੇ ਬੜੀ
ਗਿ਼ਲਾਨੀ ਹੋਈ ਕਿ ਉਸ ਨੇ ਇਕ ਸ਼ਰੀਫ਼ ਔਰਤ ਦੀ ਬੇਇੱਜ਼ਤੀ ਕਰਵਾ ਦਿੱਤੀ ਹੈ। ਉਸ ਨੇ ਜਾਨੀ
ਚੋਰ ਦਾ ਕਿੱਸਾ ਸੁੱਟਿਆ ਸਮੁੰਦਰ ਵਿਚ ਤੇ ਪ੍ਰਣ ਕੀਤਾ ਕਿ ਮੁੜ ਕੇ ਮਨ ਵਿਚ ਚੋਰੀ ਦਾ ਕਦੇ
ਖਿ਼ਆਲ ਵੀ ਨਹੀਂ ਆਉਣ ਦੇਣਾ।
ਸਿੰਘਾਪੁਰ ਪਹੁੰਚ ਕੇ ਉਸ ਨੇ ਮਿਹਨਤ ਮਜਦੂਰੀ ਕੀਤੀ ਤੇ ਪਹਿਲਵਾਨ ਜੋਗਿੰਦਰ ਸਿੰਘ
ਸੁਰਸਿੰਘੀਏ ਦੇ ਸੰਪਰਕ ਵਿਚ ਆ ਗਿਆ। ਉਸ ਦਾ ਆਪਣਾ ਅਖਾੜਾ ਸੀ। ਉਥੇ ਉਹ ਜ਼ੋਰ ਕਰਨ ਤੇ
ਕੁਸ਼ਤੀ ਦੇ ਦਾਅ ਪੇਚ ਸਿੱਖਣ ਲੱਗਾ। ਸਿੰਘਾਪੁਰ ਵਿਚ ਹੈਪੀ ਵਰਲਡ ਤੇ ਗ੍ਰੇਟ ਵਰਲਡ ਵਾਲੇ
ਕੁਸ਼ਤੀਆਂ ਦੇ ਦੰਗਲ ਚਲਾਉਂਦੇ ਸਨ। ਹੈਪੀ ਵਰਲਡ ਵਾਲਿਆਂ ਕੋਲ ਜੋਗਿੰਦਰ ਸਿੰਘ ਸੁਰਸਿੰਘੀਆ,
ਦਾਰਾ ਸਿੰਘ ਦੁਲਚੀਪੁਰੀਆ ਤੇ ਹੋਰ ਕਈ ਪਹਿਲਵਾਨ ਸਨ। ਦਾਰੇ ਦੁਲਚੀਪੁਰੀਏ ਦਾ ਉਹਦੇ ਚਾਚੇ
ਨਿਰੰਜਣ ਸਿੰਘ ਨਾਲ ਬਹਿਣ ਉੱਠਣ ਸੀ। ਹਰ ਸ਼ਨਿੱਚਰਵਾਰ ਨੂੰ ਕੁਸ਼ਤੀਆਂ ਹੁੰਦੀਆਂ ਸਨ ਜੋ
ਦਾਰੇ ਹੋਰੀਂ ਵੇਖਣੋ ਨਾ ਖੁੰਝਦੇ। ਇਕ ਦਿਨ ਪਹਿਲਵਾਨ ਹਰਨਾਮ ਸਿੰਘ ਹੈਪੀ ਵਰਲਡ ਵਾਲਿਆਂ
ਦੀਆਂ ਕੁਸ਼ਤੀਆਂ ਵੇਖਣ ਆ ਗਿਆ। ਉਸ ਨੇ ਦਾਰੇ ਨੂੰ ਕਿਹਾ ਕਿ ਤੂੰ ਗਰੇਟ ਵਰਲਡ ਵਿਚ ਆ ਜਾਇਆ
ਕਰ, ਮੈਂ ਤੈਨੂੰ ਕੁਸ਼ਤੀ ਸਿਖਾ ਦਿਆਂਗਾ।
ਉਨ੍ਹਾਂ ਦਿਨਾਂ ਵਿਚ ਹੈਪੀ ਵਰਲਡ ਸਟੇਡੀਅਮ ਦੀ ਸਟਾਰ ਖਿੱਚ ਦਾਰਾ ਸਿੰਘ ਦੁਲਚੀਪੁਰੀਆ ਸੀ ਤੇ
ਗਰੇਟ ਵਰਲਡ ਦੀ ਕਿੰਗਕਾਂਗ ਸੀ। ਦਾਰਾ ਸਿੰਘ ਨੇ ਬਾਕਾਇਦਾ ਰਸਮੀ ਮਰਿਆਦਾ ਨਾਲ ਪਹਿਲਵਾਨ
ਹਰਨਾਮ ਸਿੰਘ ਨੂੰ ਗੁਰੂ ਧਾਰ ਲਿਆ। ਗੁਰੂ ਤੋਂ ਦਾਅ ਪੇਚ ਸਿੱਖਣ ਪਿੱਛੋਂ ਦਾਰਾ ਸਿੰਘ ਵੀ
ਕੁਸ਼ਤੀਆਂ ਲੜਨ ਲੱਗ ਪਿਆ ਤੇ ਉਸ ਨੂੰ ਵੀ ਹੋਰ ਪਹਿਲਵਾਨਾਂ ਵਾਂਗ ਪੈਸੇ ਮਿਲਣ ਲੱਗੇ। ਪਹਿਲਾ
ਚੈੱਕ ਮਿਲਣ ਵੇਲੇ ਤਾਂ ਉਸ ਨੂੰ ਪਤਾ ਵੀ ਨਹੀਂ ਸੀ ਕਿ ਇਸ ਕਾਗਜ਼ ਦਾ ਕਰਨਾ ਕੀ ਹੈ? ਉਹ
ਹੈਰਾਨ ਸੀ ਕਿ ਇਸ ਕਾਗਜ਼ ਨਾਲ ਰੁਪਏ ਕਿਵੇਂ ਮਿਲ ਜਾਂਦੇ ਹਨ? ਜੇ ਮਿਲਦੇ ਹਨ ਤਾਂ ਕੋਈ ਘੱਟ
ਦੀ ਥਾਂ ਵੱਧ ਕਿਓਂ ਨਾ ਭਰੇ? ਕੀ ਲੱਗਦੈ ਲਿਖਣ ‘ਤੇ? ਪਰ ਇਸ ਕਾਗਜ਼ ‘ਤੇ ਵੱਧ ਘੱਟ ਲਿਖਣ ਦੇ
ਭੇਤ ਦਾ ਪਤਾ ਉਹਨੂੰ ਉਦੋਂ ਲੱਗਾ ਜਦੋਂ ਉਹਨੇ ਆਪ ਬੈਂਕ ਵਿਚ ਖਾਤਾ ਖੁਲ੍ਹਵਾਇਆ।
ਸਿੰਘਾਪੁਰ ਰਹਿੰਦਿਆਂ ਉਹ ਕੁਸ਼ਤੀਆਂ ਵੀ ਸਿਖਦਾ ਗਿਆ ਤੇ ਇੰਗਲਿਸ਼-ਪੰਜਾਬੀ ਟੀਚਰ ਕਿਤਾਬ
ਤੋਂ ਅੰਗਰੇਜ਼ੀ ਵੀ ਸਿਖਦਾ ਗਿਆ। ਕਦੇ ਉਹ ਮਲੇਸ਼ੀਆ ਵਿਚ ਕੁਸ਼ਤੀਆਂ ਘੁਲਣ ਜਾਂਦਾ ਤੇ ਕਦੇ
ਇੰਡੋਨੇਸ਼ੀਆ ਵਿਚ। ਕੁਸ਼ਤੀਆਂ ਤੋਂ ਉਸ ਨੂੰ ਪੈਸੇ ਵੀ ਮਿਲਦੇ ਤੇ ਮਸ਼ਹੂਰੀ ਵੀ ਹੁੰਦੀ। ਉਧਰ
ਉਹ ਕੁਸ਼ਤੀਆਂ ਵਿਚ ਮਸ਼ਰੂਫ਼ ਸੀ ਤੇ ਪਿੱਛੇ ਉਸ ਦੀ ਪਤਨੀ ਬਚਨੋ ਕਦੇ ਪੇਕੀਂ ਜਾਂਦੀ ਕਦੇ
ਸਹੁਰੀਂ। ਉਸ ਦੇ ਮਨ ਵਿਚ ਪਤਾ ਨਹੀਂ ਕੀ ਆਈ ਕਿ ਉਹ ਦਾਰਾ ਸਿੰਘ ਨੂੰ ਚਿੱਠੀ ਪਾਏ ਬਿਨਾਂ
ਸਿੰਘਾਪੁਰ ਨੂੰ ਜਹਾਜ਼ ਚੜ੍ਹ ਪਈ। ਦਾਰਾ ਕਲਕੱਤੇ ਨੂੰ ਆ ਰਿਹਾ ਸੀ। ਦਾਰੇ ਨੂੰ ਜਦੋਂ ਬਚਨੋ
ਦੇ ਸਿੰਘਾਪੁਰ ਜਾਣ ਦਾ ਪਤਾ ਲੱਗਾ ਤਾਂ ਉਸ ਨੇ ਬੜਾ ਬੁਰਾ ਮਨਾਇਆ। ਉਸ ਨੇ ਸੁਨੇਹਾ ਭਿਜਵਾਇਆ
ਕਿ ਉਹ ਕਲਕੱਤੇ ਆ ਮਿਲੇ। ਕਾਫੀ ਖੱਜਲ ਖੁਆਰੀ ਬਾਅਦ ਉਨ੍ਹਾਂ ਦਾ ਕਲਕੱਤੇ ਵਿਚ ਮੇਲ ਹੋਇਆ
ਤਾਂ ਦਾਰਾ ਇਹ ਜਾਣ ਕੇ ਬੜਾ ਦੁਖੀ ਹੋਇਆ ਕਿ ਉਸ ਦੀ ਪਤਨੀ ਗਰਭਵਤੀ ਸੀ। ਉਸ ਨੇ ਗੱਲ ਵਧਾਉਣ
ਦੀ ਬਜਾਏ ਚੁੱਪ ਰਹਿਣ ਵਿਚ ਹੀ ਭਲਾ ਸਮਝਿਆ।
ਦਾਰਾ ਸਿੰਘ ਲਿਖਦਾ ਹੈ, “ਮੈਂ ਤਾਂ ਸਾਰੀ ਰਾਤ ਸੌਂ ਨਹੀਂ ਸਕਿਆ। ਫਿ਼ਕਰ ਤੇ ਸੋਚਾਂ ਵਿਚ
ਪਾਸੇ ਮਾਰਦਾ ਰਿਹਾ। ਦਿਹਾੜੀ ਨਿਮੋਝੂਣੇ ਹੀ ਨਿਕਲ ਗਈ। ਦੂਸਰੀ ਰਾਤੇ ਸੌਣ ਦੀ ਕੋਸਿ਼ਸ਼
ਕੀਤੀ। ਥੋੜ੍ਹੀ ਬਹੁਤ ਅੱਖ ਲੱਗੀ ਤਾਂ ਦਿਨ ਚੜ੍ਹ ਗਿਆ। ਸਿਆਲ ਦੇ ਦਿਨ ਸਨ ਤੇ ਦੁਪਹਿਰ ਨੂੰ
ਘੋਲ ਸੀ। ਦੰਗਲ ਵੇਖਿਆ ਨਹੀਂ, ਮੈਨੂੰ ਆਵਾਜ਼ ਪਈ ਤਾਂ ਨਾਲ ਦਿਆਂ ਨੇ ਮੇਰਾ ਲੰਗੋਟ ਕਰਵਾਇਆ।
ਸਾਡੀ ਹੱਥ ਜੋੜੀ ਹੋਈ ਤਾਂ ਪਤਾ ਨਹੀਂ ਵਿਰੋਧੀ ਪਹਿਲਵਾਨ ਨੇ ਕੀ ਦਾਅ ਮਾਰਿਆ, ਅਸੀਂ ਜ਼ਮੀਨ
‘ਤੇ ਡਿੱਗ ਕੇ ਸਾਹਮਣੇ ਖੜ੍ਹੇ ਹੋਏ ਤਾਂ ਮੁਨਸਫ਼ ਨੇ ਕਿਹਾ ਤੂੰ ਹਾਰ ਗਿਆ ਏਂ। ਮੈਂ ਮਹਿਰੂ
ਵੱਲ ਵੇਖਿਆ ਕੀ ਇਹ ਸੱਚ ਕਹਿ ਰਿਹਾ ਹੈ? ਉਸ ਕਿਹਾ, ਹਾਂ, ਤੇਰਾ ਮੋਢਾ ਲੱਗ ਗਿਆ ਸੀ। ਅਸੀਂ
ਮੂੰਹ ਲਟਕਾਈ ਵਾਪਸ ਆ ਗਏ ਤੇ ਦੂਜੇ ਦਿਨ ਗੱਡੀ ‘ਤੇ ਸਵਾਰ ਹੋ ਪੰਜਾਬ ਵੱਲ ਚੱਲ ਪਏ।”
ਪਿੰਡ ਆ ਕੇ ਦਾਰਾ ਕਦੇ ਬਚਨੋ ਨੂੰ ਛੱਡ ਦੇਣ ਬਾਰੇ ਸੋਚੇ ਤੇ ਕਦੇ ਜਾਨੋਂ ਮਾਰ ਦੇਣ ਬਾਰੇ।
ਪਰ ਇਹ ਦੋਵੇਂ ਕੰਮ ਮਾੜੇ ਸਨ। ਆਖ਼ਰ ਦਾਰਾ ਸਿੰਘ ਨੇ ਪਤਨੀ ਨੂੰ ਪੇਕੀਂ ਵਾੜ ਦਿੱਤਾ ਤੇ ਆਪ
ਫਿਰ ਸਿੰਘਾਪੁਰ ਚਲਾ ਗਿਆ। ਮਾਪਿਆਂ ਨੇ ਬਾਅਦ ਵਿਚ ਉਸ ਨੂੰ ਕਿਤੇ ਹੋਰ ਬਿਠਾ ਦਿੱਤਾ ਜਿਥੇ
ਉਸ ਦੀ ਮੌਤ ਹੋ ਗਈ। ਦਾਰੇ ਦਾ ਪੁੱਤਰ ਪੰਮਾ ਦਾਰੇ ਦੇ ਮਾਪਿਆਂ ਨੇ ਸੰਭਾਲ ਲਿਆ। ਹੁਣ ਵੀ
ਦਾਰਾ ਸਿੰਘ ਬਚਨੋ ਬਾਰੇ ਸੋਚਦਾ ਹੈ ਤਾਂ ਉਸ ਨੂੰ ਬਚਨੋ ਨਿਰਦੋਸ਼ ਲੱਗਣ ਲੱਗਦੀ ਹੈ। ਕਿਉਂਕਿ
ਕਸੂਰ ਤਾਂ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਇਕ ਜੁਆਨ ਕੁੜੀ ਇਕ ਨਿਆਣੇ ਨਾਲ ਵਿਆਹ ਦਿੱਤੀ
ਤੇ ਦੂਜਾ ਕਸੂਰ ਹੈ ਗ਼ਰੀਬੀ ਦਾ। ਜਦੋਂ ਉਹ ਨਿਆਣਾ ਜੁਆਨ ਹੋਇਆ ਤਾਂ ਗ਼ਰੀਬੀ ਨੇ ਉਸ ਵਿਚਾਰੀ
ਨੂੰ ਉਸ ਕੋਲੋਂ ਦੂਰ ਕਰ ਦਿੱਤਾ। ਉਹ ਫਿਰ ਕੀ ਕਰਦੀ?
ਦੂਜੀ ਵਾਰ ਦਾਰਾ ਸਿੰਘ ਸਿੰਘਾਪੁਰ ਨੂੰ 1950 ਵਿਚ ਗਿਆ। ਉਦੋਂ ਤਕ ਉਹ ਵਾਹਵਾ ਨਾਮੀ
ਪਹਿਲਵਾਨ ਬਣ ਚੁੱਕਾ ਸੀ। 1951 ਵਿਚ ਉਸ ਨੇ ਆਪਣੇ ਛੋਟੇ ਭਰਾ ਸਰਦਾਰਾ ਸਿੰਘ ਨੂੰ ਆਪਣੇ ਕੋਲ
ਸੱਦ ਕੇ ਕੁਸ਼ਤੀਆਂ ਵਿਚ ਪਾ ਲਿਆ। ਫਿਰ ਦਾਰਾ ਸਿੰਘ ਨੇ ਸ੍ਰੀਲੰਕਾ ਵਿਚ ਕੁਸ਼ਤੀਆਂ ਵਿਖਾਈਆਂ
ਤੇ ਕਈ ਟਾਈਟਲ ਜਿੱਤੇ। 1955 ਵਿਚ ਮਦਰਾਸ ਵਿਖੇ ਉਸ ਨੂੰ ਪਹਿਲਵਾਨੀ ਦੇ ਲੈਣ ਦੇਣ ਵਿਚ ਕਾਰ
ਮਿਲ ਗਈ ਜੋ ਬਾਅਦ ਵਿਚ ਭੰਗ ਦੇ ਭਾੜੇ ਗਈ।
ਤਦ ਤਕ ਦਾਰਾ ਸਿੰਘ ਏਡਾ ਤਕੜਾ ਪਹਿਲਵਾਨ ਬਣ ਚੁੱਕਾ ਸੀ ਕਿ ਉਸ ਨੂੰ ਵਿਦੇਸ਼ਾਂ ਤੋਂ ਸੱਦੇ
‘ਤੇ ਸੱਦੇ ਆ ਰਹੇ ਸਨ। ਕਦੇ ਉਹ ਮਲੇਸ਼ੀਆ ਜਾਂਦਾ, ਕਏ ਬੋਰਨੀਓਂ, ਕਦੇ ਜਪਾਨ ਤੇ ਕਦੇ
ਇੰਡੋਨੇਸ਼ੀਆ। ਉਸ ਨੇ ਕਲਕੱਤੇ, ਬੰਬਈ ਤੇ ਮਦਰਾਸ ਤੋਂ ਇਲਾਵਾ ਦੇਸ਼ ਦੇ ਕਈ ਸ਼ਹਿਰਾਂ ਵਿਚ
ਘੋਲ ਵਿਖਾਏ। 1956 ਵਿਚ ਉਹਨੇ ਅਜੀਤ ਸਿੰਘ ਤੇ ਸਰਦਾਰੇ ਨਾਲ ਅੰਮ੍ਰਿਤਸਰ ਰਹਿ ਕੇ ਜ਼ੋਰ ਕਰਨ
ਦੀ ਵਿਓਂਤ ਬਣਾਈ ਤਾਂ ਕੋਈ ਮਕਾਨ ਮਾਲਕ ਕਮਰਾ ਕਿਰਾਏ ‘ਤੇ ਨਾ ਦੇਵੇ। ਕਾਰਨ ਸੀ ਕਿ ਉਹ ਛੜੇ
ਸਨ। ਇਕ ਦਿਨ ਪਾਕਿਸਤਾਨ ਦਾ ਕੁਸ਼ਤੀ ਪ੍ਰਮੋਟਰ ਦਾਰੇ ਨੂੰ ਲਾਹੌਰ ਲੈ ਗਿਆ ਜਿਥੇ ਉਸ ਨੇ
ਰੁਸਤਮੇ ਜ਼ਮਾਂ ਗਾਮੇ ਭਲਵਾਨ ਦੇ ਦਰਸ਼ਨ ਕੀਤੇ। ਗਾਮਾ ਉਦੋਂ ਮੰਜੇ ‘ਤੇ ਬਿਮਾਰ ਪਿਆ ਸੀ ਤੇ
ਹੌਲੀ ਹੌਲੀ ਬੋਲਦਾ ਦਾਰੇ ਨੂੰ ਕਹਿ ਰਿਹਾ ਸੀ, “ਸ਼ਾਬਾਸ਼ ਪੁੱਤਰ, ਸੋਹਣਾ ਗਭਰੂ ਏਂ।” ਗਾਮਾ
ਪਟਿਆਲੇ ਵਿਚ ਮਾਣੇ ਚੰਗੇ ਦਿਨਾਂ ਨੂੰ ਯਾਦ ਕਰ ਕੇ ਰੋ ਪਿਆ ਸੀ। ਲਾਹੌਰ ਵਿਚ ਦਾਰਾ ਇਮਾਮ
ਬਖ਼ਸ਼ ਤੇ ਭੋਲੂ ਹੋਰਾਂ ਨੂੰ ਵੀ ਮਿਲਿਆ।
1957 ਤੋਂ ਦਾਰਾ ਸਿੰਘ ਦੀ ਚੱਲ ਸੋ ਚੱਲ ਹੋ ਗਈ। ਉਹ ਮਾਸਕੋ ਦੇ ਯੂਥ ਫੈਸਟੀਵਲ ਵਿਚ ਗਿਆ ਤੇ
ਲੰਡਨ ਜਾ ਪੁੱਜਾ ਜਿਥੇ ਕੁਸ਼ਤੀਆਂ ਦੀ ਵਰਲਡ ਚੈਂਪੀਅਨਸਿ਼ਪ ਚੱਲ ਰਹੀ ਸੀ। ਉਸ ਨੇ ਪਹਿਲੀਆਂ
ਕੁਸ਼ਤੀਆਂ ਜਿੱਤ ਲਈਆਂ ਤੇ ਫਾਈਨਲ ਕੁਸ਼ਤੀ ਵਰਲਡ ਚੈਂਪੀਅਨ ਲੂਥੇਜ ਨਾਲ ਬਰਾਬਰ ਰਹੀ। 1958
ਦੀਆਂ ਗਰਮੀਆਂ ਤਕ ਲੰਡਨ ਰਹਿ ਕੇ ਉਹ ਅੱਸੀ ਕੁਸ਼ਤੀਆਂ ਲੜਿਆ। ਉਨ੍ਹਾਂ ਵਿਚ ਚਾਰ ਪੰਜ ਬਰਾਬਰ
ਰਹੀਆਂ ਜਦ ਕਿ ਬਾਕੀ ਜਿੱਤਦਾ ਰਿਹਾ। 1959 ਦੇ ਸ਼ੁਰੂ ਵਿਚ ਉਹ ਵਾਪਸ ਇੰਡੀਆ ਆ ਗਿਆ।
1955 ਵਿਚ ਜਦੋਂ ਉਹ ਜਪਾਨ ਦੀਆਂ ਕੁਸ਼ਤੀਆਂ ‘ਚੋਂ ਚੋਖੀ ਕਮਾਈ ਕਰ ਕੇ ਪਿੰਡ ਪਰਤਿਆ ਸੀ ਤਾਂ
ਘਰ ਦਿਆਂ ਨੇ ਦੂਜਾ ਵਿਆਹ ਕਰਾਉਣ ਲਈ ਜ਼ੋਰ ਪਾਇਆ ਸੀ। ਇਕ ਐੱਮ. ਏ. ਪੜ੍ਹੀ ਸ਼ਹਿਰਨ ਕੁੜੀ
ਉਹਦੀਆਂ ਕੁਸ਼ਤੀਆਂ ਵੇਖ ਕੇ ਦਾਰੇ ‘ਤੇ ਆਸ਼ਕ ਹੋ ਗਈ ਸੀ ਪਰ ਦਾਰਾ ਸਮਝਦਾ ਸੀ ਕਿ ਉਹਦੇ ਨਾਲ
ਵੀ ਪਹਿਲੀ ਵਾਂਗ ਨਿਭ ਨਹੀਂ ਸਕੇਗੀ। ਦਰਅਸਲ ਉਸ ਦਾ ਮਨ ਪਹਿਲਾ ਵਿਆਹ ਕਰਾਉਣ ਤੋਂ ਬਾਅਦ
ਖੱਟਾ ਹੋ ਚੁੱਕਾ ਸੀ।
1959 ਵਿਚ ਉਹ ਪਿੰਡ ਪਰਤਿਆ ਤਾਂ ਉਹਦੀ ਚਾਚੀ ਨੇ ਆਪਣੀ ਭਾਣਜੀ ਦੇ ਰਿਸ਼ਤੇ ਦੀ ਦੱਸ ਪਾਈ।
ਉਹ ਲੜਕੀ ਮੈਟ੍ਰਿਕ ਪਾਸ ਸੀ ਤੇ ਉਂਜ ਵੀ ਬਰਾਬਰ ਦੀ ਜੋੜੀ ਬਣਦੀ ਸੀ। ਉਸ ਨੇ ਹਾਂ ਕਰ ਦਿੱਤੀ
ਤੇ 11 ਮਈ 1961 ਨੂੰ ਦਾਰੇ ਦੇ ਕਹਿਣ ਅਨੁਸਾਰ ਉਹਦਾ ਦੂਜਾ ਪਰ ਅਸਲੀ ਵਿਆਹ ਹੋ ਗਿਆ। ਦੂਜੇ
ਵਿਆਹ ਦੀ ਪਤਨੀ ਸੁਰਜੀਤ ਕੌਰ ਦੀ ਕੁੱਖੋਂ ਦੋ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ।
ਦਾਰਾ ਸਿੰਘ ਲਿਖਦਾ ਹੈ, “ਚਾਰ ਸਾਲ ਤੇ ਚਾਰ ਮਹੀਨਿਆਂ ਵਿਚ ਤਿੰਨ ਬੱਚੇ, ਅਸੀਂ ਵਾਹਵਾ
ਤਰੱਕੀ ਕਰ ਗਏ ਸਾਂ। ਇਹਨਾਂ ਦਿਨਾਂ ਵਿਚ ਘੱਟ ਬੱਚੇ ਪੈਦਾ ਕਰਨ ਦੀ ਖੁਸਰ ਫੁਸਰ ਲੋਕਾਂ ਵਿਚ
ਸ਼ੁਰੂ ਹੋ ਗਈ ਸੀ। ਪਤਨੀ ਨੇ ਕਿਹਾ, ਭਈ ਲੋਕਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ, ਅੱਜ
ਕੱਲ੍ਹ ਪੜ੍ਹੇ ਲਿਖੇ ਲੋਕ ਦੋ ਜਾਂ ਤਿੰਨ ਸੰਤਾਨਾਂ ਤੋਂ ਵੱਧ ਪੈਦਾਇਸ਼ ਨਹੀਂ ਹੋਣ ਦਿੰਦੇ।
ਮੈਂ ਕਿਹਾ, ਆਪਾਂ ਨੂੰ ਹਰ ਗੱਲ ਵਿਚ ਚੈਂਪੀਅਨ ਬਣਨ ਦੀ ਆਦਤ ਹੈ, ਤੂੰ ਫਿ਼ਕਰ ਨਾ ਕਰ ਤੇ
ਪੈਦਾ ਕਰੀ ਚੱਲ। ਇਹਨਾਂ ਨੂੰ ਚੰਗੇ ਸ਼ਹਿਰੀ ਬਣਾਉਣ ਦੀ ਜਿ਼ੰਮੇਵਾਰੀ ਮੇਰੇ ‘ਤੇ ਛੱਡ ਦੇ।
ਪਰ ਸ੍ਰੀਮਤੀ ਨਹੀਂ ਮੰਨੀ ਤੇ ਵਿਚਾਰੀ ਨੇ ਯਤਨ ਕਰਨੇ ਸ਼ੁਰੂ ਕਰ ਦਿੱਤੇ, ਪਰ ਫਿਰ ਵੀ ਦੋ
ਧੀਆਂ ਹੋਰ ਪੈਦਾ ਹੋ ਗਈਆਂ ਤੇ ਪੰਜਾਂ ਵਿਚ ਪ੍ਰਮੇਸ਼ਰ ਜਾਣ ਕੇ ਵਾਹਿਗੁਰੂ ਦਾ ਸ਼ੁਕਰ ਅਦਾ
ਕੀਤਾ।”
ਬੱਚੇ ਵੀ ਪੈਦਾ ਹੁੰਦੇ ਗਏ ਤੇ ਦਾਰਾ ਸਿੰਘ ਕੁਸ਼ਤੀਆਂ ਵੀ ਲੜੀ ਗਿਆ। 1968 ਵਿਚ ਬੰਬਈ ਵਿਖੇ
ਉਸ ਨੇ ਵਰਲਡ ਚੈਂਪੀਅਨ ਦਾ ਖਿ਼ਤਾਬ ਜਿੱਤ ਲਿਆ। ਕੁਸ਼ਤੀਆਂ ਦੇ ਨਾਲ ਨਾਲ 1952 ਤੋਂ ਉਹ
ਫਿਲਮਾਂ ਵਿਚ ਵੀ ਰੋਲ ਕਰਨ ਲੱਗ ਪਿਆ ਸੀ। ਸਭ ਤੋਂ ਪਹਿਲਾਂ ਉਸ ਨੇ ‘ਦੀ ਵਰਲਡ’ ਫਿਲਮ ਵਿਚ
ਕੁਸ਼ਤੀ ਵਿਖਾਈ ਤੇ ਫਿਰ ‘ਪਹਿਲੀ ਝਲਕ’ ਵਿਚ ਸਕਰੀਨ ‘ਤੇ ਆਇਆ। ਫਿਲਮ ‘ਕਿੰਗਕਾਂਗ’ ਨੇ ਉਸ
ਦੀ ਗੁੱਡੀ ਅਸਮਾਨੇ ਚੜ੍ਹਾ ਦਿੱਤੀ। ਸੱਠਵਿਆਂ ਵਿਚ ਤਾਂ ਇਹ ਹਾਲ ਸੀ ਇਕ ਸਾਲ ਉਸ ਦੀਆਂ
ਬਾਰਾਂ ਫਿਲਮਾਂ ਰਿਲੀਜ਼ ਹੋਈਆਂ। ਫਿਲਮਾਂ ਬਣਾਉਣ ਵਾਲੇ ਉਹਦੇ ਅੱਗੇ ਪਿੱਛੇ ਤੁਰਨ ਲੱਗੇ।
ਫਿਲਮਾਂ ਨੇ ਦਾਰਾ ਸਿੰਘ ਮਸ਼ਹੂਰੀ ਵੀ ਬਹੁਤ ਕੀਤੀ।
1970 ਤੋਂ ਦਾਰਾ ਸਿੰਘ ਖ਼ੁਦ ਫਿਲਮਾਂ ਦਾ ਡਾਇਰੈਕਟਰ ਬਣ ਗਿਆ ਤੇ ਫਿਰ ਫਿ਼ਲਮਾਂ ਪ੍ਰੋਡਿਊਸ
ਵੀ ਕਰਨ ਲੱਗ ਪਿਆ। ਉਸ ਨੇ ਸਭ ਤੋਂ ਪਹਿਲਾਂ ‘ਨਾਨਕ ਦੁਖੀਆ ਸਭ ਸੰਸਾਰ’ ਨਾਂ ਦੀ ਪੰਜਾਬੀ
ਫਿ਼ਲਮ ਬਣਾਈ ਤੇ ਫਿਰ ਹਿੰਦੀ ਫਿ਼ਲਮ ‘ਮੇਰਾ ਦੇਸ਼ ਮੇਰਾ ਧਰਮ’। ਉਸ ਦੀ ਫਿ਼ਲਮ ‘ਸਵਾ ਲਾਖ
ਸੇ ਏਕ ਲੜਾਊਂ’ ਦਾ ਨਿਹੰਗਾਂ ਵੱਲੋਂ ਵਿਰੋਧ ਵੀ ਹੋਇਆ। ਉਸ ਦੀ ਫਿ਼ਲਮ ‘ਮੈਂ ਮਾਂ ਪੰਜਾਬ
ਦੀ’ ਨੂੰ ਨੈਸ਼ਨਲ ਅਵਾਰਡ ਮਿਲਿਆ। ਉਸ ਨੇ ਚੰਡੀਗੜ੍ਹ ਦੇ ਨਾਲ ਮੁਹਾਲੀ ਵਿਚ ਦਾਰਾ ਫਿਲਮ
ਸਟੂਡੀਓ ਬਣਵਾਇਆ। ਪਿੰਡ ਵਿਚ, ਗੁਆਂਢੀ ਪਿੰਡ ਤੇ ਮੇਰਠ ਵਿਚ ਜ਼ਮੀਨ ਖਰੀਦੀ, ਅੰਮ੍ਰਿਤਸਰ
ਮਕਾਨ ਲਿਆ ਤੇ ਮੁੰਬਈ ਵਿਚ ਬੰਗਲੇ ਲਏ। ਉਸ ਨੇ ਟੀ. ਵੀ. ਸੀਰੀਅਲ ਰਮਾਇਣ ਵਿਚ ਹਨੂੰਮਾਨ ਦਾ
ਰੋਲ ਨਿਭਾ ਕੇ ਕਰੋੜਾਂ ਲੋਕਾਂ ਨਾਲ ਸਾਂਝ ਪਾਈ ਤੇ ਜ਼ੀ ਟੀ. ਵੀ. ਤੋਂ ਸੀਰੀਅਲ ‘ਹੱਦ ਕਰ
ਦੀ’ ਵਿਚ ਹੱਦ ਕਰ ਦਿੱਤੀ। ਉਹ 2003 ਤੋਂ 09 ਤਕ ਰਾਜ ਸਭਾ ਦਾ ਮੈਂਬਰ ਰਿਹਾ ਤੇ ਅਖਿਲ
ਭਾਰਤੀ ਜਾਟ ਮਹਾਸਮੇਲਣ ਵਿਚ ਟੌਰੇ ਤੇ ਲੜ ਵਾਲੀ ਪੱਗ ਨਾਲ ਟੌਅਰ ਕੱਢਦਾ ਰਿਹਾ।
1978 ਦੀ ਮੁਲਾਕਾਤ ਤੋਂ ਬਾਅਦ ਵੀ ਮੇਰੀਆਂ ਦਾਰਾ ਸਿੰਘ ਨਾਲ ਕੁਝ ਮੁਲਾਕਾਤਾਂ ਹੋਈਆਂ। ਉਹਦੇ
ਵਿਚ ਹਲੀਮੀ ਹੈ, ਮਿਠਾਸ ਹੈ ਤੇ ਉਹਦੀਆਂ ਗੱਲਾਂ ਬਾਤਾਂ ਵਿਚ ਰਸ ਹੈ। ਉਹ ਸੱਚਾ ਸੁੱਚਾ
ਇਨਸਾਨ ਹੈ ਤੇ ਪੰਜਾਬੀ ਸਭਿਆਚਾਰ ਦਾ ਸ਼ੈਦਾਈ ਹੈ। ਉਹ ਅੱਸੀ ਸਾਲਾਂ ਤੋਂ ਟੱਪ ਗਿਆ ਹੈ ਤੇ
ਉਹਦੀ ਸਿਹਤ ਅਜੇ ਵੀ ਪਹਿਲਵਾਨਾਂ ਵਰਗੀ ਹੈ। ਇਹ ਵੱਖਰੀ ਗੱਲ ਹੈ ਕਿ ਗੋਡੇ ਮੋਢੇ ਦੁਖਣ ਲੱਗ
ਪਏ ਹਨ। ਜੁਆਨੀ ਵੇਲੇ ਉਹਦੀ ਨਿੱਤ ਦੀ ਖੁਰਾਕ ਸੌ ਗਰਾਮ ਘਿਓ, ਦੋ ਕਿੱਲੋ ਦੁੱਧ, ਸੌ ਗਰਾਮ
ਬਦਾਮਾਂ ਦੀ ਸ਼ਰਦਾਈ, ਦੋ ਕੁੱਕੜ ਜਾਂ ਅੱਧਾ ਕਿੱਲੋ ਬੱਕਰੇ ਦਾ ਮਹਾਂ ਪ੍ਰਸ਼ਾਦ, ਸੌ ਗਰਾਮ
ਮੁਰੱਬਾ, ਚਾਂਦੀ ਦੇ ਵਰਕ ਦਸ ਪੰਨੇ, ਮੌਸਮੀ ਫਲ ਤੇ ਦਾਲ ਸਬਜ਼ੀ ਨਾਲ ਤਿੰਨ ਚਾਰ ਰੋਟੀਆਂ
ਸੀ। ਹਫ਼ਤੇ ਵਿਚ ਇਕ ਦਿਨ ਨਾਗਾ ਹੋ ਜਾਂਦਾ। ਹੁਣ ਉਹਦੀ ਖੁਰਾਕ ਘੱਟ ਗਈ ਹੈ ਪਰ ਉਹ ਰੋਜ਼ਾਨਾ
ਵਰਜਿਸ਼ ਕਰਦਾ ਹੈ।
ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਦੱਸਦਿਆਂ ਉਹ ਕਹਿੰਦਾ ਹੈ ਕਿ ਬੰਦੇ ਨੂੰ ਬੇਫਿ਼ਕਰ
ਰਹਿਣਾ ਚਾਹੀਦੈ। ਬੇਫਿ਼ਕਰ ਤੇ ਹਰਫਨ ਮੌਲਾ ਇਨਸਾਨ ਹਮੇਸ਼ਾਂ ਚੜ੍ਹਦੀਆਂ ਕਲਾਂ ਵਿਚ ਰਹਿੰਦਾ
ਹੈ। ਬੇਫਿ਼ਕਰ ਰਹਿਣ ਲਈ ਬੰਦਾ ਸਦਾ ਸੱਚ ਬੋਲੇ, ਕਿਸੇ ਦੀ ਨਿੰਦਾ ਨਾ ਕਰੇ ਤੇ ਕੋਈ ਐਸਾ ਕੰਮ
ਨਾ ਕਰੇ ਜੀਹਦੇ ਨਾਲ ਅੰਤਰ ਆਤਮਾ ਨੂੰ ਡਰ ਲੱਗੇ। ਨੇਕੀ ਕਰ ਕੂੰਏਂ ਮੇਂ ਡਾਲ ਵਾਲੀ ਕਹਾਵਤ
‘ਤੇ ਅਮਲ ਕਰਨ ਵਾਲਾ ਇਨਸਾਨ ਕਦੇ ਦੁਖੀ ਨਹੀਂ ਹੁੰਦਾ। ਦਾਰਾ ਸਿੰਘ ਦੀ ਆਤਮ ਕਥਾ ਦਾ ਕਥਨ
ਹੈ, “ਆਪਾਂ ਸਾਰੇ ਦੁਨੀਆ ਦਾ ਮੌਜ ਮੇਲਾ ਵੇਖਣ ਆਏ ਹਾਂ। ਸਾਡੇ ਬਜ਼ੁਰਗ ਇਸ ਦੁਨੀਆ ਨੂੰ
ਸਾਡੇ ਵਾਸਤੇ ਸੁਹਾਵਣੀ ਬਣਾ ਕੇ ਗਏ ਹਨ। ਇਸ ਦਾ ਸਵਾਦ ਲਈਏ ਤੇ ਆਉਣ ਵਾਲਿਆਂ ਲਈ ਇਸ ਦੁਨੀਆ
ਨੂੰ ਬਜ਼ੁਰਗਾਂ ਨਾਲੋਂ ਵੀ ਸੋਹਣੀ ਬਣਾ ਕੇ ਛੱਡ ਜਾਈਏ।”
-0-
|