Welcome to Seerat.ca
Welcome to Seerat.ca

ਪਹਿਲਵਾਨ ਦਾਰਾ ਸਿੰਘ ਧਰਮੂਚੱਕੀਆ

 

- ਪ੍ਰਿੰ. ਸਰਵਣ ਸਿੰਘ

ਬੱਸ ਦੀ ਇੱਕ ਸਵਾਰੀ
ਕੁਲਦੀਪ ਸਿੰਘ ਨੂੰ ਯਾਦ ਕਰਦਿਆਂ

 

- ਕੁਲਵਿੰਦਰ ਖਹਿਰਾ

ਇਹ ਸੂਰਜ ਕਦੇ ਅਸਤ ਨਹੀਂ ਹੋਵੇਗਾ

 

- ਸਾਹਿਬ ਸਿੰਘ

ਸ਼ਬਦ-ਚਿੱਤਰ : ‘ਓਲ਼ਡ ਮੈਨ’ ਦਾ ਲੰਗੋਟੀਆ

 

- ਦਰਸ਼ਨ ਨੱਤ

ਹਵਾ

 

- ਹਰਜੀਤ ਅਟਵਾਲ

ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ

 

- ਜਸਪਾਲ ਜੱਸੀ

ਵਗਦੀ ਏ ਰਾਵੀ / ਸਾਡੇ ਵਿਚਕਾਰ ਕੌਣ ਖੜੋਤਾ ਹੈ

 

- ਵਰਿਆਮ ਸਿੰਘ ਸੰਧੂ

ਮੇਰੀ ਖੇਡ ਲੇਖਣੀ ਦੀ ਮੈਰਾਥਨ

 

- ਪ੍ਰਿੰ. ਸਰਵਣ ਸਿੰਘ

ਹਿੰਦੀ ਕਹਾਣੀ / ਆਵਰਣ

 

- ਉਦੈ ਪ੍ਰਕਾਸ਼

ਭਾਵਨਾਵਾਂ ਦੇ ਵੇਗ …!

 

- ਡਾ.ਸੁਰਿੰਦਰ ਮੰਡ

ਕਹਾਣੀ / ਮੈਂ ਇੰਡੀਆ ਜਾਣਾ ! ਪਲੀਜ਼

 

- ਸੁਖਵੀਰ ਸਿੰਘ ਸੰਧੂ ਪੈਰਿਸ

ਮੇਰੇ ਪਿੰਡ ਦੇ ਬੱਸ ਅੱਡੇ ਦੀ ਸਿਆਸਤੀ ਰੌਂਣਕ

 

- ਹਰਮੰਦਰ ਕੰਗ

ਪੌਲਿਟਿਕਲ ਆਟੋਮੇਸ਼ਨ

 

- ਗੁਰਜੀਤ ਸਿੰਘ

ਇੱਕ ਦਿਲਚਸਪ ਪੁਸਤਕ-‘ਜੋ ਵੇਖਿਆ ਸੋ ਆਖਿਆ‘

 

- ਨਿੰਦਰ ਘੁਗਿਆਣਵੀ

ਵਿਸਰਦਾ ਵਿਰਸਾ
ਪੱਖੀ

 

- ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਦੋ ਕਵਿਤਾ

 

- ਮਲਕੀਅਤ” ਸੁਹਲ”

ਇਕ ਕਵਿਤਾ / ਉਡੀਕ

 

- ਦਿਲਜੋਧ ਸਿੰਘ

ਅੱਖਾਂ ਥੱਕ ਗਈਆਂ ਤੱਕ ਤੱਕ ਰਾਹ ਸੱਜਣਾ!

 

- ਸੰਤੋਖ ਸਿੰਘ

ਇੱਕ ਸੀ ਸਾਡਾ ਭਾਅਜੀ ਤੇ ਤੁਹਾਡਾ ਭਾਈ ਮੰਨਾ ਸਿੰਘ

 

- ਹੀਰਾ ਰੰਧਾਵਾ

ਮੇਰੇ ਪੁੱਤਰੋ! ਮੈਂ ਜਿਉਨਾਂ ਵਾਂ

 

- ਕੁਲਵਿੰਦਰ ਖਹਿਰਾ

ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ!!

 

- ਕੁਲਵਿੰਦਰ ਖਹਿਰਾ

 
 


ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ

- ਜਸਪਾਲ ਜੱਸੀ
 

 

ਗੁਰਸ਼ਰਨ ਸਿੰਘ ਚਲੇ ਗਏ! ਕੁਦਰਤ ਦੇ ਅਟੱਲ ਨੇਮਾਂ ਅਨੁਸਾਰ ਇੱਕ ਦਿਨ ਉਹਨਾਂ ਜਾਣਾ ਹੀ ਸੀ। ਫ਼ਖ਼ਰਯੋਗ, ਮਾਣਮੱਤੀ, ਸੰਵੇਦਨਸ਼ੀਲ, ਸੰਗਰਾਮੀ, ਇਨਕਲਾਬੀ ਜ਼ਿੰਦਗੀ ਦੀ ਧੜਕਣ ਨੇ ਇੱਕ ਦਿਨ ਖਾਮੋਸ਼ ਹੋ ਜਾਣਾ ਸੀ। ਅਸੀਂ ਸਾਰੇ ਇਹ ਗੱਲ ਜਾਣਦੇ ਸਾਂ। ਜਦੋਂ 11 ਜਨਵਰੀ 2006 ਨੂੰ ਕੁੱਸੇ ਪਿੰਡ ਦੀ ਧਰਤੀ 'ਤੇ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਉਹਨਾਂ ਦੀ ਜੀਵਨ-ਘਾਲਣਾ ਨੂੰ ਜਨਤਕ ਸਲਾਮ ਭੇਟ ਕੀਤੀ ਅਤੇ ਉਹਨਾਂ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਦੇ ਕੇ ਸਤਿਕਾਰਿਆ, ਉਦੋਂ ਵੀ ਨੇੜੇ ਢੁਕ ਰਹੀ ਇਸ ਅਟੱਲ ਹੋਣੀ ਦੇ ਫਿਕਰ ਭਰੇ ਸੰਕੇਤ ਚਰਚਾ ਵਿੱਚ ਆਏ ਸਨ। ਉਹਨਾਂ ਦੇ ਲੰਮੇ ਜੀਵਨ ਲਈ ਸ਼ੁਭ ਕਾਮਨਾਵਾਂ ਭੇਟ ਹੋਈਆਂ ਸਨ। ਇਹ ਜ਼ਿਕਰ ਹੋਇਆ ਸੀ ਕਿ ਮੌਤ ਅਜਿਹੇ ਇਨਸਾਨ ਦੀ ਕਰਨੀ ਅਤੇ ਘਾਲਣਾ ਨੂੰ ਸਮਾਜਿਕ ਜੀਵਨ 'ਚੋਂ ਖਾਰਜ ਨਹੀਂ ਕਰ ਸਕਦੀ:
''ਸਾਡੇ ਕਰਮਾਂ ਦੀਆਂ ਪੈੜਾਂ ਨੇ
ਜੀਵਨ ਦੀ ਧਾਰਾ ਹੋ ਜਾਣਾ
ਜਿਉਂਦੇ ਰੰਗ ਦੀਆਂ ਤਰੰਗਾਂ ਨੇ
ਕੱਲ• ਦਾ ਲਿਸ਼ਕਾਰਾ ਹੋ ਜਾਣਾ
ਮਿਹਨਤ ਦੇ ਕੂਚ ਨਗਾਰੇ ਦਾ
ਜੇਤੂ ਧਮਕਾਰਾ ਹੋ ਜਾਣਾ
ਸਾਹਾਂ ਵਿੱਚ ਰਚ ਕੇ ਜਿੰਦਗੀ ਦੇ
ਅਸੀਂ ਸਦਾ ਸਦਾ ਲਈ ਜੀ ਰਹਿਣਾ
ਅਸੀਂ ਢਲਦੇ ਤਨ ਦੇ ਫਿਕਰਾਂ ਨੂੰ
ਸੀਨੇ ਚਿਪਕਾ ਕੇ ਕੀ ਲੈਣਾ''
ਗੁਰਸ਼ਰਨ ਸਿੰਘ ਦੇ ਹਿੱਸੇ 82 ਵਰੇ ਦੀ ਲੰਮੀ ਅਰਥ-ਭਰਪੂਰ ਜਿੰਦਗੀ ਆਈ। ਪਰ ਇਸ ਦੇ ਬਾਵਜੂਦ ਉਹਨਾਂ ਦੇ ਤੁਰ ਜਾਣ ਦੀ ਘੜੀ, ਜਦੋਂ ਵੀ ਆਉਣੀ ਸੀ, ਇੱਕ ਸਦਮਾ ਬਣ ਕੇ ਆਉਣੀ ਸੀ। ਗੁਰਸ਼ਰਨ ਸਿੰਘ ਨੇ, ਤੁਰ ਜਾਣ ਪਿੱਛੋਂ ਵੀ ਆਪਣੀ ਹੋਂਦ ਅਣਗਿਣਤ ਨੈਣਾਂ ਦੀ ਬੇਕਾਬੂ ਛਲਕ ਰਾਹੀਂ ਦਰਸਾਉਣੀ ਸੀ! 28 ਸਤੰਬਰ ਨੂੰ ਜਦੋਂ ਚੰਡੀਗੜ੍ਹ ਦੇ 25 ਸੈਕਟਰ 'ਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਸੀ ਤਾਂ ਇਹ ਨਾਹਰਾ ਵਾਰ ਵਾਰ ਗੂੰਜ ਰਿਹਾ ਸੀ, ''ਗੁਰਸ਼ਰਨ ਸਿੰਘ ਕਿਤੇ ਨਹੀਂ ਗਏ, ਗੁਰਸ਼ਰਨ ਸਿੰਘ ਸਾਡੇ ਦਿਲਾਂ 'ਚ ਨੇ''! ਉਹਨਾਂ ਦੀ ਮ੍ਰਿਤਕ ਦੇਹ ਕੋਲ ਖਲੋ ਕੇ ਉਹੀ ਬੋਲ ਇੱਕ ਵਾਰੀ ਫੇਰ ਦੁਹਰਾਏ ਜਾ ਰਹੇ ਸਨ, ਜੋ 11 ਜਨਵਰੀ 2006 ਨੂੰ ਕੁੱਸੇ ਦੀ ਧਰਤੀ 'ਤੇ ਹਜ਼ਾਰਾਂ ਲੋਕਾਂ ਵੱਲੋਂ ਗੁਰਸ਼ਰਨ ਸਿੰਘ ਦੇ ਸਤਿਕਾਰ 'ਚ ਖੜ੍ਹੇ ਹੋ ਕੇ ਸਾਂਝੇ ਤੌਰ 'ਤੇ ਉਚਾਰੇ ਗਏ ਸਨ। ਗੁਰਸ਼ਰਨ ਸਿੰਘ ਨੂੰ ਭੇਟ ਕੀਤੇ ਸਨਮਾਨ ਪੱਤਰ ਦੇ ਇਹ ਸ਼ਬਦ ਰਤਾ ਕੁ ਤਬਦੀਲੀ ਨਾਲ ਹੁਣ ਸ਼ਰਧਾਂਜਲੀ ਅਹਿਦਨਾਮੇ 'ਚ ਵਟ ਗਏ ਸਨ:
''ਅਸੀਂ ਪੰਜਾਬ ਦੇ ਲੋਕਾਂ ਦੀ ਇਨਕਲਾਬੀ ਲਹਿਰ ਵੱਲੋਂ ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਨੂੰ ਆਪਣਾ ਸਲਾਮ ਭੇਟ ਕਰਦੇ ਹਾਂ। ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਗੁਰਸ਼ਰਨ ਸਿੰਘ ਦੀ ਰਹਿਨੁਮਾਈ ਹੇਠ ਉੱਸਰੇ ਪੰਜਾਬ ਦੇ ਰੰਗਮੰਚ 'ਤੇ ਸਾਡੇ ਸੁਪਨਿਆਂ ਦੀ ਲੋਅ ਜਗਦੀ ਹੈ, ਸਾਡੇ ਵਿਰਸੇ ਦਾ ਸੂਰਜ ਚਮਕਦਾ
ਹੈ, ਸਾਡੇ ਸੰਘਰਸ਼-ਨਗਾਰੇ ਦੀ ਧਮਕ ਗੂੰਜਦੀ ਹੈ, ਸਾਡੇ ਭਵਿੱਖ ਦਾ ਝੰਡਾ ਲਹਿਰਾਉਂਦਾ ਹੈ ਅਤੇ ਲਹਿਰਾਉਂਦਾ ਰਹੇਗਾ। ਸਾਨੂੰ ਮਾਣ ਹੈ ਕਿ ਗੁਰਸ਼ਰਨ ਸਿੰਘ ਦੀ ਕਲਾ ਦੀ ਪ੍ਰੇਰਨਾ ਸਾਡੇ ਦਿਲਾਂ 'ਚ ਧੜਕਦੀ ਹੈ, ਸਾਡੇ ਮੱਥਿਆਂ 'ਚ ਜਗਦੀ ਹੈ, ਸਾਡੇ ਨੈਣਾਂ 'ਚ ਬਲਦੀ ਹੈ, ਤਣੇ ਹੋਏ ਮੁੱਕਿਆਂ 'ਚ ਲਹਿਰਾਉਂਦੀ ਹੈ ਅਤੇ ਲਹਿਰਾਉਂਦੀ ਰਹੇਗੀ।''.. .. ''ਸਾਨੂੰ ਮਾਣ ਹੈ ਕਿ ਸਾਡਾ ਗੁਰਸ਼ਰਨ ਸਿੰਘ, ਜਿੰਦਗੀ-ਭਰ ਸਾਡਾ ਹੋ ਕੇ ਜਿਉਂਇਆ ਹੈ। ਲਟ ਲਟ ਬਲਦੀ ਇਨਕਲਾਬੀ ਨਿਹਚਾ ਦੀ ਇਸ ਮੂਰਤ ਨੂੰ ਅਸੀਂ ਆਪਣੀਆਂ ਪਲਕਾਂ 'ਤੇ ਬਿਠਾ ਕੇ ਰੱਖਾਂਗੇ।
ਅਸੀਂ ਅਹਿਦ ਕਰਦੇ ਹਾਂ ਕਿ ਅਸੀਂ ਗੂੜ੍ਹੀ ਲੋਅ ਨਾਲ ਚਮਕਦੇ ਲੋਕਾਂ ਦੀ ਲਹਿਰ ਦੇ ਇਸ ਸਿਤਾਰੇ ਦੀ ਘਾਲਣਾ ਨੂੰ ਕਦੇ ਵੀ ਨਹੀਂ ਭੁੱਲਾਂਗੇ। ਨਿਹਫਲ ਨਹੀਂ ਜਾਣ ਦਿਆਂਗੇ। ਲੋਕਾਂ ਦੀ ਲਹਿਰ ਅਤੇ ਲੋਕਾਂ ਦੀ ਕਲਾ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਾਂਗੇ। ਲੋਕ-ਸੰਗਰਾਮਾਂ ਦਾ ਕਾਫ਼ਲਾ ਹੋਰ ਵੱਡਾ ਕਰਾਂਗੇ। ਇਸ ਨੂੰ ਨਵੇਂ ਸਮਾਜ ਦੀ ਮੰਜ਼ਲ ਤੱਕ ਲੈ ਕੇ ਜਾਵਾਂਗੇ।''
ਗੁਰਸ਼ਰਨ ਸਿੰਘ ਦੇ ਤੁਰ ਜਾਣ ਪਿੱਛੋਂ ਵੀ ਉਸਦੀ ਹੋਂਦ ਦੇ ਇਸ ਜਿਉਂਦੇ ਜਾਗਦੇ ਧੜਕਦੇ ਅਹਿਸਾਸ ਦੇ ਬਾਵਜੂਦ ਸੱਖਣੇਪਣ ਦੀ ਇੱਕ ਡੂੰਘੀ ਭਾਵਨਾ ਮੌਜੂਦ ਸੀ। ਇਹ ਸੱਖਣਾਪਣ ਨੈਣਾਂ 'ਚ ਉਮਡ ਰਿਹਾ ਸੀ, ਪਲਕਾਂ 'ਤੇ ਛਲਕ ਰਿਹਾ ਸੀ, ਉਦਰੇਵੇਂ ਭਰੀਆਂ ਆਪਸੀ ਗਲਵੱਕੜੀਆਂ ਰਾਹੀਂ ਪ੍ਰਗਟ ਹੋ ਰਿਹਾ ਸੀ ਅਤੇ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਦੇਣ ਪਿੱਛੋਂ ਚੁੱਪ ਚਾਪ ਬੈਠੇ ਇਕੱਠ ਦੀ ਖਾਮੋਸ਼ੀ 'ਚ ਬਿਰਾਜਮਾਨ ਸੀ। ਇਹ ਸੱਖਣਾਪਣ ਸਿਰਫ ਗੁਰਸ਼ਰਨ ਸਿੰਘ ਦੀ ਹਾਜ਼ਰੀ ਦੀ ਵਿਲੱਖਣ ਛੋਹ ਗੁਆਚ ਜਾਣ ਦਾ ਨਤੀਜਾ ਨਹੀਂ ਸੀ। ਜਜ਼ਬਾਤਾਂ ਅਤੇ ਭਾਵਨਾਵਾਂ ਨੇ ਇਹ ਛੋਹ ਦਹਾਕਿਆਂ-ਬੱਧੀ ਮਾਣੀ ਹੈ। ਇਸ ਦਾ ਅਲੋਪ ਹੋ ਜਾਣਾ ਉਦਾਸੀ ਪੈਦਾ ਕਰਦਾ ਹੈ। ਤਾਂ ਵੀ ਅਜਿਹੇ ਖਲਾਅ ਨੂੰ ਮਨ ਕੁਝ ਅਰਸੇ 'ਚ ਪੂਰ ਲੈਂਦੇ ਹਨ, ਸਾਵੇਂ ਹੋ ਜਾਂਦੇ ਹਨ ਅਤੇ ਜਿੰਦਗੀ ਆਪਣੀ ਤੋਰ ਤੁਰ ਪੈਂਦੀ ਹੈ। ਪਰ ਗੁਰਸ਼ਰਨ ਸਿੰਘ ਦੇ ਤੁਰ ਜਾਣ ਨਾਲ ਪੈਦਾ ਹੋਏ ਸੱਖਣੇਪਣ ਦੇ ਅਰਥ ਇਸ ਨਾਲੋਂ ਕਿਤੇ ਵੱਡੇ ਹਨ। ਇਹ ਹਕੀਕੀ ਸੱਖਣਾਪਣ ਹੈ, ਜਿਹੜਾ ਇਨਕਲਾਬੀ ਪੰਜਾਬੀ ਰੰਗਮੰਚ ਦੇ ਅਸਲੀ ਥੰਮ੍ਹ ਦੇ ਅਲੋਪ ਹੋ ਜਾਣ ਨਾਲ ਪੈਦਾ ਹੋਇਆ ਹੈ। ਇਸਦਾ ਪੂਰਾ ਅਹਿਸਾਸ ਆਉਂਦੇ ਦਿਨਾਂ 'ਚ ਅਮਲੀ ਤਜਰਬੇ ਰਾਹੀਂ ਹੋਵੇਗਾ। ਗੁਰਸ਼ਰਨ ਸਿੰਘ ਦੇ ਤੁਰ ਜਾਣ ਦਾ ਪੰਜਾਬੀਆਂ ਦੀ ਇਨਕਲਾਬੀ ਰੰਗਮੰਚ ਲਹਿਰ 'ਤੇ ਕੀ ਅਸਰ ਪੈਂਦਾ ਹੈ, ਇਸ ਦਾ ਪੂਰਾ ਪਤਾ ਵੀ ਆਉਂਦੇ ਦਿਨਾਂ 'ਚ ਲੱਗਣਾ ਹੈ। ਪੰਜਾਬ ਦੇ ਰੰਗਮੰਚ 'ਤੇ ਗੁਰਸ਼ਰਨ ਸਿੰਘ ਦੀ ਹਾਜ਼ਰੀ ਅਸਾਧਾਰਨ ਹੋ ਨਿੱਬੜੀ ਹੈ। ਉਹਨਾਂ ਨੇ ਇਨਕਲਾਬੀ ਨਾਟਕ ਲਹਿਰ ਦੇ ਸ਼੍ਰੋਮਣੀ ਉਸਰੱਈਏ ਦਾ ਰੋਲ ਅਦਾ ਕੀਤਾ ਅਤੇ ਫੇਰ ਇਸ ਉੱਸਰੀ ਹੋਈ ਲਹਿਰ ਦੇ ਇਨਕਲਾਬੀ ਤੰਤ ਅਤੇ ਜੁੱਸੇ ਦੀ ਰਾਖੀ ਕਰਨ 'ਚ ਅਹਿਮ ਰੋਲ ਅਦਾ ਕੀਤਾ। ਤਿਲ੍ਹਕਣਾਂ ਅਤੇ ਕਮਜ਼ੋਰੀਆਂ ਦੇ ਪਰਛਾਵੇਂ ਇਸ ਸ਼ਾਨਦਾਰ ਇਨਕਲਾਬੀ ਰੰਗਮੰਚ ਲਹਿਰ ਦੇ ਆਲੇ-ਦੁਆਲੇ ਮੰਡਲਾਉਂਦੇ ਰਹੇ ਹਨ। ਅਜਿਹੀ ਹਾਲਤ 'ਚ ਗੁਰਸ਼ਰਨ ਸਿੰਘ ਦੇ ਇਨਕਲਾਬੀ ਸਮਰਪਣ ਦਾ ਜਲੌਅ ਕਈ ਨਾਟਕ ਮੰਡਲੀਆਂ ਅਤੇ ਕਲਾਕਾਰਾਂ ਦੇ ਡੋਲਦੇ ਥਿੜਕਦੇ ਕਦਮਾਂ ਨੂੰ ਬੋਚ ਲੈਂਦਾ ਰਿਹਾ ਹੈ। ਗੁਰਸ਼ਰਨ ਸਿੰਘ ਦੀ ਕਲਾ-ਪ੍ਰਤਿਭਾ ਦੀ ਛੋਹ ਹੇਠ ਸਮਰੱਥ ਕਲਾਕਾਰਾਂ ਦੇ ਪੂਰਾਂ ਦੇ ਪੂਰ ਉੱਭਰੇ। ਇਹ ਬਹੁਤ ਵੱਡੀ ਅਤੇ ਲਾਮਿਸਾਲ ਪ੍ਰਾਪਤੀ ਸੀ। ਪਰ ਇਸ ਤੋਂ ਵੀ ਵੱਡੀ ਪ੍ਰਾਪਤੀ ਇਹਨਾਂ ਕਲਾਕਾਰਾਂ ਦੀ ਵੱਡੀ ਗਿਣਤੀ ਨੂੰ ਇੱਕ ਜਾਂ ਦੂਜੇ ਢੰਗ ਨਾਲ ਇਨਕਲਾਬੀ, ਲੋਕ-ਪੱਖੀ ਰੰਗਮੰਚ ਦੀ ਬੁੱਕਲ 'ਚ ਰੱਖ ਸਕਣਾ ਸੀ। ਅਜਮੇਰ ਔਲਖ ਨੇ ਇਹ ਦਰੁਸਤ ਟਿੱਪਣੀ ਕੀਤੀ ਸੀ ਕਿ ਪੰਜਾਬ ਦੇ ਪਿੰਡਾਂ 'ਚ ਪੰਜਾਬੀ ਰੰਗਮੰਚ ਦੀਆਂ ਕੰਕਰੀਟ ਦੀਆਂ ਪੱਕੀਆਂ ਕੰਧਾਂ ਗੁਰਸ਼ਰਨ ਸਿੰਘ ਨੇ ਉਸਾਰੀਆਂ ਹਨ। ਇਪਟਾ ਰਾਹੀਂ ਸ਼ੁਰੂ ਹੋਈ ਰੰਗਮੰਚ ਲਹਿਰ ਨੂੰ ਕਲਾ-ਮਿਆਰਾਂ ਪੱਖੋਂ ਕਿਤੇ ਉੱਚੇ ਪੱਧਰ 'ਤੇ ਲੈ ਜਾਣ ਦੀ ਭੂਮਿਕਾ ਵੀ ਗੁਰਸ਼ਰਨ ਸਿੰਘ ਨੇ ਨਿਭਾਈ। ਪਰ ਸਭ ਤੋਂ ਵੱਧ ਇਹ ਗੁਰਸ਼ਰਨ ਸਿੰਘ ਦੀ ਇਨਕਲਾਬੀ ਨਿਹਚਾ ਅਤੇ ਸਮਰਪਣ ਹੀ ਸੀ, ਜਿਸ ਨੇ ਉਹਨਾਂ ਨੂੰ ਇਨਕਲਾਬੀ ਨਾਟਕ ਲਹਿਰ ਦੀ ਬੇਜੋੜ ਸ਼ਖਸ਼ੀਅਤ ਬਣਾਇਆ।
ਨਿਰਦੇਸ਼ਨਾ ਅਤੇ ਅਦਾਕਾਰੀ ਦੀਆਂ ਰੌਸ਼ਨ ਮਿਸਾਲਾਂ ਪੱਖੋਂ ਹੁਣ ਵੀ ਪੰਜਾਬੀ ਰੰਗਮੰਚ ਦੀ ਝੋਲੀ ਸੱਖਣੀ ਨਹੀਂ ਹੈ, ਸਗੋਂ ਭਾਗਾਂ ਭਰੀ ਹੈ। ਪਰ ਇਨਕਲਾਬੀ ਨਿਹਚਾ ਅਤੇ ਸਮਰਪਣ ਦੀ ਭਾਵਨਾ ਪੱਖੋਂ ਗੁਰਸ਼ਰਨ ਸਿੰਘ ਦੇ ਮਿਆਰਾਂ ਨੂੰ ਛੋਹਣ ਖਾਤਰ ਇਨਕਲਾਬੀ ਰੰਗਮੰਚ ਲਹਿਰ ਅਜੇ ਸਮਾਂ ਲਵੇਗੀ। ਗੁਰਸ਼ਰਨ ਸਿੰਘ ਦੀ ਹਾਜ਼ਰੀ, ਕਲਾਕਾਰਾਂ ਅੰਦਰ ਮੌਜੂਦ ਲੋਕਾਂ ਪ੍ਰਤੀ ਸਮਰਪਣ ਦੀ ਭਾਵਨਾ ਦੀ ਹਰ ਚਿਣਗ ਨੂੰ ਇੱਕ ਲੜੀ 'ਚ ਪਰੋਅ ਲੈਣ ਦਾ ਰੋਲ ਅਦਾ ਕਰਦੀ ਰਹੀ ਹੈ। ਇਨਕਲਾਬੀ ਪੰਜਾਬੀ ਰੰਗਮੰਚ ਦੀ ਬੱਝਵੀਂ ਹੋਂਦ ਨੂੰ ਖੋਰੇ ਅਤੇ ਖਿੰਡਾਅ ਦੇ ਕਿਸੇ ਵੀ ਖਤਰੇ ਖਿਲਾਫ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਆਪਣੇ ਆਪ 'ਚ ਹੀ ਢਾਲ ਦਾ ਕੰਮ
ਕਰਦੀ ਸੀ। ਈਰਖਾਵਾਂ, ਮੁਕਾਬਲੇਬਾਜ਼ੀ ਅਤੇ ਸੌੜੀ ਧੜੇਬੰਦੀ ਦੀਆਂ ਰੁਚੀਆਂ ਨੂੰ ਕੰਟਰੋਲ ਕਰਨ 'ਚ ਇਸ ਪੱਖ ਨੇ ਅਹਿਮ ਰੋਲ ਅਦਾ ਕੀਤਾ।
ਇਹਨਾਂ ਪੱਖਾਂ ਕਰਕੇ ਗੁਰਸ਼ਰਨ ਸਿੰਘ ਦਾ ਤੁਰ ਜਾਣਾ ਇਨਕਲਾਬੀ ਰੰਗਮੰਚ ਲਹਿਰ ਦੇ ਖੇਤਰ 'ਚ ਇੱਕ ਚੁਣੌਤੀ ਵਰਗੀ ਘਟਨਾ ਹੈ। ਬਿਨਾ ਸ਼ੱਕ, ਗੁਰਸ਼ਰਨ ਸਿੰਘ ਵੱਲੋਂ ਘਾਲੀ ਘਾਲਣਾ ਨਿਹਫਲ ਨਹੀਂ ਜਾਵੇਗੀ। ਉਹਨਾਂ ਵੱਲੋਂ ਅਦਾ ਕੀਤਾ ਰੋਲ ਪਰੇਰਨਾ ਬਣਦਾ ਰਹੇਗਾ। ਇਨਕਲਾਬੀ ਰੰਗਮੰਚ ਲਹਿਰ ਦੀ ਕਦਮ-ਤਾਲ ਨੂੰ ਸਾਵੀਂ ਰੱਖਣ 'ਚ ਆਪਣਾ ਰੋਲ ਅਦਾ ਕਰਦਾ ਰਹੇਗਾ। ਤਾਂ ਵੀ ਕਾਫੀ ਕੁਝ ਗੁਰਸ਼ਰਨ ਸਿੰਘ ਤੋਂ ਪਰੇਰਨਾ ਲੈਣ ਦੇ ਸੁਚੇਤ ਅਤੇ ਸੁਹਿਰਦ ਯਤਨਾਂ 'ਤੇ ਨਿਰਭਰ ਕਰੇਗਾ। ਗੁਰਸ਼ਰਨ ਸਿੰਘ ਵਰਗੇ ਅਕੀਦੇ, ਘਾਲਣਾ ਅਤੇ ਸਮਰਪਣ ਨੂੰ ਲਗਾਤਾਰ ਪਾਲਣ-ਪੋਸਣ ਦੀ ਲੋੜ ਹੋਵੇਗੀ। ਪੰਜਾਬੀ ਰੰਗਮੰਚ ਦੀ ਧਰਤੀ 'ਤੇ ਗੁਰਸ਼ਰਨ ਸਿੰਘ ਦੀ ਵਰਾਸਤ ਦੇ ਬੀਜ ਖਿਲਰੇ ਹੋਏ ਹਨ। ਪਰ ਇਹਨਾਂ ਬੀਜਾਂ ਨੂੰ ਸਿੰਜਣ ਦੀ ਲੋੜ ਹੋਵੇਗੀ। ਇਹਨਾਂ ਬੀਜਾਂ ਦੀ ਫਸਲ ਦੀ ਲਗਾਤਾਰ ਗੋਡੀ ਕਰਨ ਦੀ ਲੋੜ ਹੋਵੇਗੀ, ਕਿਉਂਕਿ ਜਗੀਰੂ-ਸਾਮਰਾਜੀ ਸੱਭਿਆਚਾਰਕ ਹਮਲੇ ਦਾ ਨਦੀਣ ਆਸੇ-ਪਾਸੇ ਪੁੰਗਰ ਰਿਹਾ ਹੈ। ਬਰਾਬਰੀ ਅਧਾਰਤ ਸਮਾਜ ਗੁਰਸ਼ਰਨ ਸਿੰਘ ਦਾ ਟੀਚਾ ਸੀ। ਮਨੁੱਖੀ ਬਰਾਬਰੀ ਉਹਨਾਂ ਲਈ ਸਿਰਫ ਇੱਕ ਸਿਧਾਂਤ ਨਹੀਂ ਸੀ। ਨਿਰਾ ਵਿਚਾਰ ਜਾਂ ਨਾਹਰਾ ਨਹੀਂ ਸੀ। ਬਰਾਬਰੀ ਦੀ ਇਹ ਭਾਵਨਾ ਉਹਨਾਂ ਦੇ ਕਦਰ-ਪ੍ਰਬੰਧ 'ਚ ਰਚੀ ਹੋਈ ਸੀ। ਉਹਨਾਂ ਦਾ ਸਭਿਆਚਾਰ ਬਣੀ ਹੋਈ ਸੀ। ਜਾਤ-ਹੰਕਾਰ ਅਤੇ ਮਰਦ-ਹੰਕਾਰ ਦੀ ਬਿਰਤੀ ਨੂੰ ਉਹ ਦਿਲ ਦੀਆਂ ਡੂੰਘਾਈਆਂ 'ਚੋਂ ਸਖਤ ਨਫਰਤ ਕਰਦੇ ਸਨ। ਦਬਾਈਆਂ ਹੋਈਆਂ ਜਾਤਾਂ ਅਤੇ ਔਰਤਾਂ ਪ੍ਰਤੀ ਉਹਨਾਂ ਦਾ ਰਵੱਈਆ ਤਰਸ ਦੀ ਭਾਵਨਾ ਵਾਲਾ ਨਹੀਂ ਸੀ। ਉਹਨਾਂ ਦੀਆਂ ਤਕਰੀਰਾਂ, ਨਾਟਕ ਅਤੇ ਤਰਜ਼ੇ-ਜਿੰਦਗੀ ਇਹਨਾਂ ਸਮਾਜਿਕ ਪਰਤਾਂ ਅੰਦਰ ਅੰਗੜਾਈ ਲੈਂਦੀ ਸਵੈ-ਮਾਣ ਦੀ ਭਾਵਨਾ ਨਾਲ ਇੱਕਮਿੱਕ ਸਨ। ਇਸ ਪੱਖ ਦੀ ਇੱਕ ਉੱਘੜਵੀਂ ਮਿਸਾਲ ''ਨਵਾਂ ਜਨਮ'' ਨਾਟਕ ਸੀ। ਗੁਰਸ਼ਰਨ ਸਿੰਘ ਦੀ ਸਖਸ਼ੀਅਤ ਆਪਣੇ ਆਪ ਵਿੱਚ ਹੀ ਇਸ ਗਲਤ ਪ੍ਰਭਾਵ ਦਾ ਖੰਡਨ ਸੀ ਕਿ ਕਮਿਊਨਿਸਟ, ਇਨਕਲਾਬੀ ਅਤੇ ਅਗਾਂਹਵਧੂ ਲਹਿਰ ਜਾਤ-ਹੰਕਾਰ ਅਤੇ ਮਰਦ-ਹੰਕਾਰ ਤੋਂ ਮੁਕਤ ਮਨੁੱਖੀ ਭਾਵਨਾਵਾਂ ਸਿਰਜਣ ਅਤੇ ਸਥਾਪਤ ਕਰਨ ਦੇ ਸਮਰੱਥ ਨਹੀਂ ਹੈ।
ਸਾਮਰਾਜੀ ਸਭਿਆਚਾਰਕ ਹਮਲੇ ਖਿਲਾਫ ਉਹਨਾਂ ਨੇ ਹਮੇਸ਼ਾ ਗਰਜਵੀਂ ਆਵਾਜ਼ ਬੁਲੰਦ ਕੀਤੀ। ਪਰ ਗੁਰਸ਼ਰਨ ਸਿੰਘ ਉਹਨਾਂ 'ਚੋਂ ਨਹੀਂ ਸਨ, ਜੋ ਸਭਿਆਚਾਰਕ ਖੇਤਰ ਦੀ ਲੜਾਈ ਨੂੰ ਪੰਜਾਬੀ ਸਭਿਆਚਾਰ ਬਨਾਮ ਪੱਛਮੀ ਸਭਿਆਚਾਰ ਵਜੋਂ ਵੇਖਦੇ ਹਨ। ਉਹ ਪੱਛਮੀ ਸਭਿਆਚਾਰ ਦੇ ਨਿੱਘਰੇ ਸਾਮਰਾਜੀ ਪਹਿਲੂ ਦੇ ਬੇਕਿਰਕ ਅਲੋਚਕ ਸਨ। ਪਰ ਉਹਨਾਂ ਨਰੋਈਆਂ ਕਦਰਾਂ-ਕੀਮਤਾਂ ਨੂੰ ਮਹੱਤਵ ਦਿੰਦੇ ਸਨ, ਜੋ ਜਗੀਰੂ ਪ੍ਰਬੰਧ ਖਿਲਾਫ ਮਹਾਨ ਜਾਗਰਤੀ ਅਤੇ ਇਨਕਲਾਬਾਂ ਦੇ ਦੌਰ 'ਚ ਪੱਛਮੀ ਮੁਲਕਾਂ 'ਚ ਉੱਭਰੀਆਂ ਅਤੇ ਸਥਾਪਤ ਹੋਈਆਂ। ਦੂਜੇ ਪਾਸੇ ''ਪੰਜਾਬੀ ਸਭਿਆਚਾਰ'' ਬਾਰੇ ਵੀ ਉਹਨਾਂ ਦਾ ਜਮਾਤੀ ਨਜ਼ਰੀਆ ਸੀ। ਪੰਜਾਬੀ ਸਭਿਆਚਾਰ ਦੇ ਨਾਂ ਹੇਠ ਜਗੀਰੂ ਕਦਰਾਂ-ਕੀਮਤਾਂ ਦੇ ਗੁਣ-ਗਾਣ ਨਾਲ ਉਹਨਾਂ ਨੂੰ ਸਖਤ ਨਫਰਤ ਸੀ। ਔਰਤਾਂ ਪ੍ਰਤੀ ਤ੍ਰਿਸਕਾਰ ਦੀ ਜਗੀਰੂ ਭਾਵਨਾ ਵਿਸ਼ੇਸ਼ ਕਰਕੇ ਉਹਨਾਂ ਦੀ ਸਖਤ ਨੁਕਤਾਚੀਨੀ ਦੀ ਮਾਰ ਹੇਠ ਆਉਂਦੀ ਸੀ। ਜਮਹੂਰੀ ਰਵੱਈਆ ਅਤੇ ਕਦਰਾਂ-ਕੀਮਤਾਂ ਗ੍ਰਹਿਣ ਕਰਨ ਪੱਖੋਂ ਸਭਨਾਂ ਲੇਖਕਾਂ, ਕਲਾਕਾਰਾਂ ਅਤੇ ਇਨਕਲਾਬੀ ਕਾਰਕੁਨਾਂ ਦੀ ਹਾਲਤ ਸਾਵੀਂ ਨਹੀਂ ਹੈ। ਇਸ ਪੱਖੋਂ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਤੋਂ ਪ੍ਰੇਰਨਾ ਲੈਣ ਦੀ ਵਿਸ਼ੇਸ਼ ਅਹਿਮੀਅਤ ਹੈ। ਇਨਕਲਾਬੀ ਪੰਜਾਬੀ ਰੰਗਮੰਚ ਅਤੇ ਲੋਕਾਂ ਦੀ ਲਹਿਰ ਨੂੰ ਗੁਰਸ਼ਰਨ ਸਿੰਘ ਦੀ ਗੂੰਜਦੀ ਆਵਾਜ਼ ਦਾ ਵਿਗੋਚਾ ਅਤੇ ਖਲਾਅ ਕਾਫੀ ਚਿਰ ਮਹਿਸੂਸ ਹੁੰਦਾ ਰਹੇਗਾ। ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੇ ਕਿਸੇ ਸ਼ੇਅਰ ਰਾਹੀਂ ਸੁਝਾਇਆ ਹੈ ਕਿ ਸੱਖਣੇਪਣ ਅੰਦਰ ਗੂੰਜ ਪੈਦਾ ਕਰਨ ਲਈ ''ਆਂਦਰਾਂ ਨੂੰ ਤਾਰਾਂ ਵਾਂਗ'' ਕਸ ਲੈਣ ਦੀ ਜ਼ਰੂਰਤ ਹੁੰਦੀ ਹੈ। ਰੰਗਮੰਚ ਦੇ ਉਹਨਾਂ ਸੰਗਰਾਮੀਆਂ ਨੂੰ ਜਿਹੜੇ ਗੁਰਸ਼ਰਨ ਸਿੰਘ ਦੇ ਖਲਾਅ ਨੂੰ ਪੂਰਨ ਲਈ ''ਜਿੰਦਗੀ ਦਾ ਸਾਜ਼'' ਬਣ ਕੇ ਥਰਕਣਾ ਚਾਹੁੰਦੇ ਹਨ, ਇਹੋ ਕਰਨਾ ਪੈਣਾ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346