ਗੁਰਸ਼ਰਨ
ਭਾਅ ਜੀ ਦਾ ਤੁਰ ਜਾਣਾ ਮਹਿਜ਼ ਇੱਕ ਕਲਾਕਾਰ ਤੇ ਸਾਹਿਤਕਾਰ ਦਾ ਤੁਰ ਜਾਣਾ
ਹੀ ਨਹੀਂ ਸਗੋਂ ਪੰਜਾਬੀ ਨਾਟਕ-ਜਗਤ ਦੇ ਪਿਤਾਮਾ ਦਾ ਤੁਰ ਜਾਣਾ ਹੈ ---
ਪਿੰਡ ਦੀ ਸੱਥ ਦੇ ਉਸ ਬੋਹੜ ਦਾ ਤੁਰ ਜਾਣਾ ਹੈ ਜਿਸ ਦੀ ਛਾਂ
ਏਅਰ-ਕੰਡੀਸ਼ਨਾਂ ਦੀ ਪਹੁੰਚ ਤੋਂ ਦੂਰ ਤਪਦੇ ਤਨਾਂ ਨੂੰ ਚੈਨ ਹੀ ਨਹੀਂ ਸੀ
ਬਖ਼ਸ਼ਦੀ ਸਗੋਂ ਪਿੰਡ ਦੀ ਸਾਂਝ ਅਤੇ ਆਪਸੀ ਨੇੜਤਾ ਦਾ ਸਬੱਬ ਵੀ ਬਣਦੀ ਸੀ।
ਗੁਰਸ਼ਰਨ ਭਾਅ ਜੀ ਉਸ ਸੰਘਰਸ਼ ਦਾ ਨਾਂ ਹੈ ਜਿਸ ਨੇ ਜਿ਼ੰਦਗੀ ਵਿੱਚ ਝੁਕਣਾ
ਅਤੇ ਰੁਕਣਾ ਕਦੇ ਨਹੀਂ ਸੀ ਸਿੱਖਿਆ। ਬਹੁਤ ਸਾਰੇ ਸਥਾਪਤ ਕਲਾਕਾਰ ਅਜਿਹੇ
ਹੋਣਗੇ ਜੋ ਭਾਅ ਜੀ ਦੀ ਨਾਟਕ-ਕਲਾ ‘ਤੇ ਕਿੰਤੂ ਕਰਦੇ ਤੇ ਮਜ਼ਾਕ ਉਡਾਉਂਦੇ
ਹੋਣਗੇ --- ਤੇ ਕਰਦੇ ਨੇ --- ਪਰ ਉਹ ਇਸ ਹਕੀਕਤ ਤੋਂ ਮੁਨਕਰ ਨਹੀਂ ਹੋ
ਸਕਦੇ ਕਿ ਜੋ ਨਾਮ ਅਤੇ ਪ੍ਰਸਿੱਧੀ ਲੋਕਾਂ ਦੀ ਖਾਤਰ ਜੀਣ ਵਾਲ਼ੇ ਇਸ
ਕਲਾਕਾਰ ਨੇ ਖੱਟੀ ਹੈ ਉਹ ਉਨ੍ਹਾਂ ਦੇ ਸਮਕਾਲੀ ਕਿਸੇ ਹੋਰ ਨਾਟਕਕਾਰ ਦੇ
ਨਸੀਬੀਂ ਨਹੀਂ ਹੋ ਸਕੀ। ਉਹ ਸਥਾਪਤ ਨਾਟਕਕਾਰ ਇਸ ਗੱਲ ਤੋਂ ਵੀ ਮੁਨਕਰ
ਨਹੀਂ ਹੋ ਸਕਦੇ ਕਿ ਜੇ ਪੰਜਾਬ ਵਿੱਚ ਨਾਟਕ ਦੀ ਕੋਈ ਕਦਰ ਪੈਣ ਲੱਗੀ ਹੈ
ਜਾਂ ਦ੍ਰਸ਼ਕ ਬਣਨ ਲੱਗੇ ਹਨ ਤਾਂ ਇਹ ਭਾਅ ਜੀ ਦੀ ਸਾਰੀ ਉਮਰ ਦੀ ਘਾਲਣਾ ਦਾ
ਹੀ ਨਤੀਜਾ ਹੈ ਜਿਸ ਦੇ ਫ਼ਲਸਰੂਪ ਅੱਜ ਇਨ੍ਹਾਂ ਸਥਾਪਤ ਨਾਟਕਕਾਰਾਂ ਨੂੰ ਵੀ
ਦ੍ਰਸ਼ਕ ਮਿਲਣ ਲੱਗੇ ਹਨ। ਇਹ ਮੇਰਾ ਨਿੱਜੀ ਵਿਸ਼ਵਾਸ ਹੈ ਕਿ ਜੇ ਅੱਜ
ਟਰਾਂਟੋ ਵਰਗੇ ਸ਼ਹਿਰ ਵਿੱਚ ਵੀ ਪੰਜਾਬੀ ਨਾਟਕ ਦੇ ਪੈਰ ਲੱਗਣ ਲੱਗੇ ਹਨ
ਤਾਂ ਇਸ ਦਾ ਸਿਹਰਾ ਵੀ ਗੁਰਸ਼ਰਨ ਭਾਅ ਜੀ ਦੀ ਘਾਲਣਾ ਦੇ ਸਿਰ ਹੀ ਜਾਂਦਾ
ਹੈ ਕਿਉਂਕਿ ਸਾਡਾ 99% ਦ੍ਰਸ਼ਕ ਪੇਂਡੂ ਜਿ਼ੰਦਗੀ ਨਾਲ਼ ਸਬੰਧਤ ਹੈ ਅਤੇ
ਉਨ੍ਹਾਂ ਹੀ ਪਿੰਡਾਂ ਵਿੱਚੋਂ ਆਇਆ ਹੋਇਆ ਹੈ ਜਿਨ੍ਹਾਂ ਪਿੰਡਾਂ ਦੇ
ਥੜ੍ਹਿਆਂ ਉੱਤੇ ਜਾ ਜਾ ਕੇ ਭਾਅ ਜੀ ਨੇ ਨਾਟਕ ਕੀਤੇ ਅਤੇ ਆਮ ਜਨਤਾ ਨੂੰ ਇਸ
ਕਲਾ ਨਾਲ਼ ਜੋੜਿਆ।
ਭਾਅ ਜੀ ਨੇ ਨਾਟਕ ਲਿਖੇ ਅਤੇ ਖਿਡਵਾਏ ਹੀ ਨਹੀਂ ਸਗੋਂ ਪੰਜਾਬੀ ਨਾਟਕ ਖੇਤਰ
ਨੂੰ ਅਜਿਹੇ ਨਾਮਵਰ ਅਦਾਕਾਰ ਤੇ ਨਾਟਕਕਾਰ ਵੀ ਦਿੱਤੇ ਜੋ ਅੱਜ ਪੰਜਾਬੀ
ਨਾਟਕ ਨੂੰ ਹੋਰ ਵੀ ਸਿਖਰਾਂ ਵੱਲ ਲਿਜਾ ਰਹੇ ਹਨ। ਆਪਣੀ ਸਾਰੀ ਉਮਰ ਦੀ
ਘਾਲਣਾ, ਲੋਕ-ਸੰਘਰਸ਼ ਲਈ ਪ੍ਰਤੀਬੱਧਤਾ ਅਤੇ ਪੰਜਾਬੀ ਨਾਟਕ ਦੇ ਉੱਜਲੇ
ਭਵਿੱਖ ਦੀ ਆਸ ਪੈਦਾ ਕਰਨ ਵਾਲ਼ੇ ਅਦਾਕਾਰਾਂ ਅਤੇ ਨਾਟਕਕਾਰਾਂ ਦੀ ਉਸਾਰੀ
ਕਰਕੇ ਭਾਅ ਜੀ ਪੰਜਾਬੀ ਨਾਟਕ-ਜਗਤ ਦੇ ਖੇਤਰ ਵਿੱਚ ਅਜਿਹੀ ਪਛਾਣ ਛੱਡ ਗਏ
ਹਨ ਕਿ ਅਮਰ ਹੋ ਗਏ ਹਨ। 15-16 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਏ ਨਾਟਕ
ਸੰਮੇਲਨ ਵਿੱਚ ਬੋਲਦਿਆਂ ਹੋਇਆਂ ਉਨ੍ਹਾਂ ਅਦਾਕਾਰਾਂ ਨੂੰ ਸੱਚ ਹੀ ਕਿਹਾ
ਸੀ, “ਜਦੋਂ ਮੈਂ ਤੁਹਾਨੂੰ ਕੰਮ ਕਰਦਿਆਂ ਵੇਖਦਾ ਹਾਂ ਤਾਂ ਮੈਂ ਮਹਿਸੂਸ
ਕਰਦਾ ਹਾਂ ਕਿ ‘ਮੈਂ ਅਜੇ ਜਿਊਨਾਂ ਵਾਂ।” ਉਹ ਜੀਣਗੇ ਜਦ ਤੱਕ ਪੰਜਾਬੀਆਂ
ਦੇ ਦਿਲਾਂ ਵਿੱਚ ਨਾਟਕ ਦੀ ਤਾਂਘ ਅਤੇ ਸੰਘਰਸ਼ ਦੀ ਚਿਣਗ ਮਘਦੀ ਰਹੇਗੀ। ਉਹ
ਜੀਣਗੇ ਜਦ ਤੱਕ ਪੰਜਾਬੀ ਆਪਣੇ ਪੁਰਖਿਆਂ ਦੀ ਘਾਲਣਾ ਤੋਂ ਧੁਰ ਤੱਕ ਬੇਮੁੱਖ
ਨਹੀਂ ਹੋ ਜਾਂਦੇ। ਉਹ ਵੈਲੀ ਅੱਖ ਵੱਲ ਇਸ਼ਾਰਾ ਕਰਕੇ ਦਹਾੜਦੇ ਰਹਿਣਗੇ:
“ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ ਮੈਂ ਅਜੇ ਜਿਊਨਾ ਵਾਂ!”
-0-
|