Welcome to Seerat.ca
Welcome to Seerat.ca

ਪਹਿਲਵਾਨ ਦਾਰਾ ਸਿੰਘ ਧਰਮੂਚੱਕੀਆ

 

- ਪ੍ਰਿੰ. ਸਰਵਣ ਸਿੰਘ

ਬੱਸ ਦੀ ਇੱਕ ਸਵਾਰੀ
ਕੁਲਦੀਪ ਸਿੰਘ ਨੂੰ ਯਾਦ ਕਰਦਿਆਂ

 

- ਕੁਲਵਿੰਦਰ ਖਹਿਰਾ

ਇਹ ਸੂਰਜ ਕਦੇ ਅਸਤ ਨਹੀਂ ਹੋਵੇਗਾ

 

- ਸਾਹਿਬ ਸਿੰਘ

ਸ਼ਬਦ-ਚਿੱਤਰ : ‘ਓਲ਼ਡ ਮੈਨ’ ਦਾ ਲੰਗੋਟੀਆ

 

- ਦਰਸ਼ਨ ਨੱਤ

ਹਵਾ

 

- ਹਰਜੀਤ ਅਟਵਾਲ

ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ

 

- ਜਸਪਾਲ ਜੱਸੀ

ਵਗਦੀ ਏ ਰਾਵੀ / ਸਾਡੇ ਵਿਚਕਾਰ ਕੌਣ ਖੜੋਤਾ ਹੈ

 

- ਵਰਿਆਮ ਸਿੰਘ ਸੰਧੂ

ਮੇਰੀ ਖੇਡ ਲੇਖਣੀ ਦੀ ਮੈਰਾਥਨ

 

- ਪ੍ਰਿੰ. ਸਰਵਣ ਸਿੰਘ

ਹਿੰਦੀ ਕਹਾਣੀ / ਆਵਰਣ

 

- ਉਦੈ ਪ੍ਰਕਾਸ਼

ਭਾਵਨਾਵਾਂ ਦੇ ਵੇਗ …!

 

- ਡਾ.ਸੁਰਿੰਦਰ ਮੰਡ

ਕਹਾਣੀ / ਮੈਂ ਇੰਡੀਆ ਜਾਣਾ ! ਪਲੀਜ਼

 

- ਸੁਖਵੀਰ ਸਿੰਘ ਸੰਧੂ ਪੈਰਿਸ

ਮੇਰੇ ਪਿੰਡ ਦੇ ਬੱਸ ਅੱਡੇ ਦੀ ਸਿਆਸਤੀ ਰੌਂਣਕ

 

- ਹਰਮੰਦਰ ਕੰਗ

ਪੌਲਿਟਿਕਲ ਆਟੋਮੇਸ਼ਨ

 

- ਗੁਰਜੀਤ ਸਿੰਘ

ਇੱਕ ਦਿਲਚਸਪ ਪੁਸਤਕ-‘ਜੋ ਵੇਖਿਆ ਸੋ ਆਖਿਆ‘

 

- ਨਿੰਦਰ ਘੁਗਿਆਣਵੀ

ਵਿਸਰਦਾ ਵਿਰਸਾ
ਪੱਖੀ

 

- ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਦੋ ਕਵਿਤਾ

 

- ਮਲਕੀਅਤ” ਸੁਹਲ”

ਇਕ ਕਵਿਤਾ / ਉਡੀਕ

 

- ਦਿਲਜੋਧ ਸਿੰਘ

ਅੱਖਾਂ ਥੱਕ ਗਈਆਂ ਤੱਕ ਤੱਕ ਰਾਹ ਸੱਜਣਾ!

 

- ਸੰਤੋਖ ਸਿੰਘ

ਇੱਕ ਸੀ ਸਾਡਾ ਭਾਅਜੀ ਤੇ ਤੁਹਾਡਾ ਭਾਈ ਮੰਨਾ ਸਿੰਘ

 

- ਹੀਰਾ ਰੰਧਾਵਾ

ਮੇਰੇ ਪੁੱਤਰੋ! ਮੈਂ ਜਿਉਨਾਂ ਵਾਂ

 

- ਕੁਲਵਿੰਦਰ ਖਹਿਰਾ

ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ!!

 

- ਕੁਲਵਿੰਦਰ ਖਹਿਰਾ

 

ਸ਼ਬਦ-ਚਿੱਤਰ : ‘ਓਲ਼ਡ ਮੈਨ’ ਦਾ ਲੰਗੋਟੀਆ
- ਦਰਸ਼ਨ ਨੱਤ

 

“ਓਹ ਹੋਰ ਸੁਣਾ ਫੇਰ ‘ਓਲ਼ਡ ਮੈਨ’,ਕਿਵੇਂ ਐਂ? “
ਮੈਂ ਆਪਣੇ ਧਿਆਨ ਬੈਠਾ ਕੁਝ ਪੜ੍ਹ ਰਿਹਾ ਹੁੰਦਾ ਤਾਂ ਦਰਸ਼ਨ ਗਿੱਲ ਅਚਾਨਕ ਜਿਵੇਂ ਖਲਾਅ ‘ਚੋਂ ਪ੍ਰਗਟ ਹੋ ਜਾਂਦਾ ਤੇ ਉਸ ਦਾ ਜ਼ੋਰਦਾਰ ਧੱਫਾ ਮੇਰੇ ਮੌਰਾਂ ‘ਚ ਪੈਂਦਾ। ਮੈਂ ਬੌਂਦਲ਼ਿਆ ਜਿਹਾ ਮੁਤਰ ਮੁਤਰ ਝਾਕਣ ਲਗਦਾ ਤੇ ਸੋਚਦਾ ‘ਆਓਣ ਦੀ ਨਾ ਕੋਈ ਖ਼ਬਰ ਨਾ ਸਾਰ,ਇਹ ਕਿੱਥੋਂ ਨਮੂਦਾਰ ਹੋ ਗਿਐ ! ਕੈਨੇਡਾ ਤਾਂ ਏਸ ਨੇ ਇਓਂ ਬਣਾ ਰੱਖਿਐ ਜਿਵੇਂ ਚੰਡੀਗੜ੍ਹ ਹੁੰਦੈ ! ਝੱਟ ਆ ਧਮਕਦੈ ਪਤੰਦਰ !’
ਸੱਠਵਿਆਂ ਵਿੱਚ ‘ਪ੍ਰੀਤ ਲੜੀ’ ਵਿੱਚ ਮੇਰੀ ਨਜ਼ਮ ‘ਬੁੱਢਾ’ ਦੀਆਂ ਇਹ ਸਤਰਾਂ-

“ਹੋਰਾਂ ਖ਼ਾਤਰ ਖਾਵਣ ਅਤੇ ਹੰਢਾਵਣ ਦੇ ਸਾਧਨ ਉਪਜਾਉਂਦਾ
………………………………………………..
……………………………………………….
ਹਰ ਇੱਕ ਬੰਦਾ,
ਅੱਜ ਨਹੀਂ ਤਾਂ ਕੱਲ੍ਹ ਨੂੰ ‘ਬੁੱਢਾ’ ਹੋ ਜਾਵੇਗਾ ।“

ਕੀ ਛਪੀਆਂ ਕਿ ਊਸ ਨੇ ਮੇਰਾ ਨਾਂ ਹੀ ‘ਬੁੱਢਾ’ ਪਾ ਲਿਆ,ਜਿਸ ਨੂੰ(ਸ਼ਾਇਦ ਖ਼ੁਦ ਅੰਗ੍ਰੇਜ਼ੀ ਦਾ ਪ੍ਰੋਫ਼ੈਸਰ ਹੋਣ ਕਾਰਨ ) ਉਹ ‘ਓਲ਼ਡ ਮੈਨ’ ਕਹਿ ਕੇ ਖ਼ੁਸ਼ ਹੁੰਦਾ ਸੀ।ਜਦੋਂ ਵੀ ਉਹ ਮੈਨੂੰ ਇਸ ਨਾਂ ਨਾਲ ਬੁਲਾਉਂਦਾ,ਮੈਂ ਮਨ ਹੀ ਮਨ ਆਪਣੇ ਆਪ ਨੂੰ ਅਰਨੈੱਸਟ ਹੈਮਿੰਗਵੇ ਦੇ ਨਾਵਲ ‘ਬੁੱਢਾ ਤੇ ਸਮੁੰਦਰ’ ਦੇ ਨਾਇਕ ਦੇ ਤੌਰ ਤੇ ਤਸੱਵਰ ਕਰ ਕੇ ਖ਼ੁਸ਼ ਹੋ ਲੈਂਦਾ! ਵੈਸੇ ਵੀ,ਜਦੌਂ ਮੈਂ ਐਡੀਸ਼ਨਲ ਡਾਇਰੈੱਕਟਰ ਬਣਿਆ ਤਾਂ ਪਰਸਨੈੱਲਿਟੀ ਇੰਮਪਰੂਵ ਕਰਨ ਲਈ(ਸਰੀਰ ਦਾ ਇਕਹਿਰਾ ਹੋਣ ਕਰਕੇ) ਮੈਂ ਹੋਰ ਕੁਝ ਨਾ ਕਰ ਸਕਿਆ ਤਾਂ ਦਾੜ੍ਹੀ ਸਫ਼ੈਦ ਕਰ ਕੇ ਸੱਚੀਂਮੁੱਚੀਂ ‘ਬਜ਼ੁਰਗ’ ਲੱਗਣਾ ਸ਼ੁਰੂ ਕਰ ਦਿੱਤਾ ਸੀ। ਉਮਰ ਦੇ ਹਿਸਾਬ ਨਾਲ ਉਹ ਮੈਥੋਂ ਦੋ ਤਿੰਨ ਸਾਲ ਵੱਡਾ ਹੀ ਸੀ। ਪਿੱਛੋਂ ਜਿਹੇ ਆ ਕੇ ਜਦੋਂ ਬੀਮਾਰੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਤਾਂ ਮੂੰਹ ਤੇ ਇੱਕਾ ਦੁੱਕਾ ਝੁਰੜੀਆਂ ਵੀ ਨਜ਼ਰ ਆਉਣ ਲੱਗੀਆਂ ਸਨ,ਪਰ ਦਿਲੋਂ ਉਹ ਅਖੀਰ ਤੱਕ ‘ਜੁਆਨ’ ਹੀ ਰਿਹਾ ਤੇ ਵਾਲ਼ ਕਾਲੇ ਕਰਨੇ ਨਹੀਂ ਛੱਡੇ।ਮਰਦੇ ਦਮ ਤੱਕ ਉਹ ਚੜ੍ਹਦੀਆਂ ਕਲਾਂ ‘ਚ ਹੀ ਰਿਹਾ।
1958 ‘ਚ ਮੈਂ ਤੇ ਦਰਸ਼ਨ ਗਿੱਲ ਦੋਹਾਂ ਨੇ ਮੈਟ੍ਰਿਕ ਪਾਸ ਕੀਤੀ,ਜਿਸ ਦਾ ਇਮਤਿਹਾਨ ਉਦੌਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਲਿਆ ਜਾਂਦਾ ਸੀ।ਉਹ ਆਪਣੇ ਸਕੂਲ-ਗੁਰੂਸਰ ਸਧਾਰ (ਲੁਧਿਆਣਾ ) ‘ਚੋਂ ਫ਼ਸਟ ਰਿਹਾ ਤੇ ਮੈਂ ਆਪਣੇ ਸਕੂਲ-ਹੇਰ੍ਹਾਂ (ਲੁਧਿਆਣਾ) ‘ਚੋਂ,ਯੂਨੀਵਰਸਿਟੀ ਸਕਾਲਰਸ਼ਿਪ ਲੈ ਕੇ,ਜ਼ਿਲ੍ਹੇ ਭਰ ਦੇ ਪੇਂਡੂ ਸਕੂਲਾਂ ‘ਚੋਂ ਪਹਿਲੇ ਨੰਬਰ ;ਤੇ ਰਿਹਾ। ਬੇਸ਼ਕ ਅਸੀਂ ਜ਼ਾਤੀ ਤੌਰ ;ਤੇ ਇੱਕ ਦੂਜੇ ਨੂੰ ਜਾਣਦੇ ਨਹੀਂ ਸਾਂ,ਪਰ ਉਸਦੇ ਨਾਨਕੇ-ਬੋਪਾਰਾਇ ਕਲਾਂ ਤੇ ਮੇਰਾ ਪਿੰਡ ਰਾਜੋਆਣਾ ਕਲਾਂ ਨੇੜੇ ਨੇੜੇ ਹੀ ਹੋਣ ਕਰਕੇ ਜਿਵੇਂ ਅਸੀਂ ਇੱਕ ਦੂਜੇ ਪ੍ਰਤੀ ‘ਸੁਚੇਤ’ ਜਿਹੇ ਜ਼ਰੂਰ ਹੋ ਗਏ।ਕਾਲਜ ਸਾਨੂੰ ਦੋਹਾਂ ਨੂੰ ਹੀ ਗੁਰੂਸਰ ਸਧਾਰ ਪੈਂਦਾ ਸੀ।ਦੋਵੇਂ ਉੱਥੇ ਐੱਫ਼.ਐੱਸ ਸੀ./ਐੱਫ਼. ਏ. ਵਿੱਚ ਦਾਖ਼ਲ ਹੋਏ ਤਾਂ ਉਹ, ਬਾਕੀ ਮੁੰਡਿਆਂ ਵਾਂਗ,ਹੁਸ਼ਿਆਰ ਹੋਣ ਦੀ ਭੱਲ ਬਣੀ ਹੋਣ ਕਰਕੇ,ਮੇਰੇ ਨੇੜੇ ਨੇੜੇ ਰਹਿਣ ਲੱਗਾ।ਸਬੱਬੋਂ ਹੀ,ਪੰਜਾਬੀ ਸਾਹਿਤ ਦੇ ਬਾਬਾ ਬੋਹੜ-ਸੰਤ ਸਿੰਘ ਸੇਖ਼ੋਂ, ਉਰਦੂ ਦੇ ਮਸ਼ਹੂਰ ਸ਼ਾਇਰ-ਆਾਜ਼ਾਦ ਗੁਲ੍ਹਾਟੀ ਤੇ ਪੰਜਾਬੀ ਕਵੀ ਸੁਰਜੀਤ ਹਾਂਸ-ਸਾਡੇ ਅਧਿਆਪਕਾਂ ‘ਚੋਂ ਸਨ।ਉਹ ਕਾਲਜ ਵਿੱਚ ਕੋਈ ਨਾ ਕੋਈ ਸਮਾਗ਼ਮ ਕਰਵਾਉਂਦੇ ਰਹਿੰਦੇ। ਬਲਵੰਤ ਗ਼ਾਰਗ਼ੀ ਤੇ ਜਸਵੰਤ ਸਿੰਘ ਕੰਵਲ ਵਰਗੇ ਸਾਹਿਤਕਾਰ ਸਮਾਗ਼ਮਾਂ ਤੇ ਆਏ ਰਹਿੰਦੇ।ਲਾਇਬ੍ਰੇਰੀ ਵਿੱਚ ਸਾਹਿਤਕ ਕਿਤਾਬਾਂ ਬਹੁਤ ਸਨ। ਕੋਰਸ ਦੀਆਂ ਕਿਤਾਬਾਂ ਨਾਲੋਂ ਵੀ ਵੱਧ ਜਿਵੇਂ ਉਨ੍ਹਾਂ ਨੂੰ ਪੜ੍ਹਨ ਦਾ ਸ਼ੌਕ ਹੋ ਗਿਆ।ਕਾਲਜ ਮੈਗ਼ਜ਼ੀਨ ਵਿੱਚ ਵੀ ਆਪਣਾ ਨਾਂ ਛਪਿਆ ਦੇਖ਼ਣ ਦਾ ਸ਼ੌਕ ਚੜ੍ਹਿਆ ਤਾਂ ਅਸੀਂ ਕੁਝ ਨਾ ਕੁਝ ਝਰੀਟ ਕੇ ਛਪਵਾਉਣ ਲੱਗੇ। ਇਸੇ ਮਾਹੌਲ ਵਿੱਚ,ਅਗਲੇ ਸਾਲ ਹਲਵਾਰੇ ਵਾਲਾ ਭਜਨ( ਜੋ ਬਾਅਦ ਵਿੱਚ ਹਰਭਜਨ ਬੇਦਿਲ ਤੋਂ ਹਰਭਜਨ ਸੇਵਕ ਹੁੰਦਾ ਹੋਇਆ ਹਰਿਭਜਨ ਹਲਵਾਰਵੀ ਬਣਿਆ),ਵੀ ਸਾਡੇ ਗਰੁੱਪ ;ਚ ਸ਼ਾਮਲ ਹੋ ਗਿਆ। ਕੁਲਵੰਤ ਕੌਮੀ(ਹੁਣ ਟੋਰਾਂਟੋ ਤੋਂ ਨਿੱਕਲਦੇ ਪੰਜਾਬੀ ਅਖ਼ਬਾਰ ‘ਹਮਦਰਦ’ ਵਿੱਚ ) ਇਸ ਗਰੁੱਪ ਦਾ ਉਹ ਮੈਂਬਰ ਸੀ ਜੋ ਦਰਸ਼ਨ ਗਿੱਲ ਨਾਲ ਖ਼ਾਰ ਖਾਂਦਾ ਸੀ ਤੇ ਉਸ ਨੂੰ( ਉਸ ਦੀਆਂ ਅੱਖਾਂ ਦੇ ਹਰੇ ਰੰਗ ਕਰਕੇ) ‘ਬਿੱਲਾ’ ਕਹਿ ਕੇ ਖ਼ੁਸ਼ ਹੁੰਦਾ ਸੀਉਹ ਕਾਲਜ ਮੈਗ਼ਜ਼ੀਨ ‘ਗੁਰੂਸਰ’ ਦਾ ਸੰਪਾਦਕ ਬਣਿਆ।ਮੈਂ ਤੇ ਦਰਸ਼ਨ ਨੇ ਆਪਣੇ ਆਪ ਨੂੰ,ਆਪੇ ਹੀ, ਉਸ ਦੇ ਉੱਪ-ਸੰਪਾਦਕ ਥਾਪ ਲਿਆ।।ਕੁਲਵੰਤ ਗਿੱਲ ਤੇ ਦਿਲਾਵਰ ਪੰਨੂੰ ਸਾਡੇ ਉਹ ਦੋਸਤ ਸਨ,ਜਿੰਨ੍ਹਾਂ ਨੂੰ ਪੰਜਾਬੀ ਸਾਹਿਤ ਨਾਲ ਬਹੁਤਾ ਲਗਾਓ ਨਹੀਂ ਸੀ।ਇੰਨ੍ਹੀ ਦਿਨੀਂ ਅਕਾਲੀ ਰਾਜਨੀਤੀ ‘ਚ ਹੋਏ ਮਾਸਟਰ ਤਾਰਾ ਸਿੰਘ ਤੇ ਸੰਤ ਫ਼ਤਹਿ ਸਿੰਘ ਦੇ ਕਿਸੇ ਝਗੜੇ ਕਾਰਨ ਲੁਧਿਆਣੇ ਤੋਂ ਨਿੱਕਲਦੇ ਇੱਕ ਪੰਜਾਬੀ ਅਖ਼ਬਾਰ ਨੇ ਇੱਕ ਸਮੱਸਿਆ ( ‘ਇੰਞ ਗ਼ੱਦਾਰੀ ਕਰਿਆ ਨਾ ਕਰ’ ) ਦੇ ਕੇ ਉਸ ਤੇ ਕਵਿਤਾਵਾਂ ਲਿਖਣ ਲਈ ਕਿਹਾ। ਮੈਨੂ ਤੇ ਦਰਸ਼ਨ ਨੂੰ ਤਾਂ ਜਿਵੇ ਸਮੱਸਿਆ ਤੇ ਕਵਿਤਾ ਲਿਖਣ ਦਾ ਬੁਖ਼ਾਰ ਹੀ ਚੜ੍ਹ ਗਿਆ। ਕਾਲਜ ਵਿੱਚ ਹੀ ਪੀਰੀਅਡ ਬਗ਼ੈਰਾ ਛੱਡ ਕੇ ,ਇੱਕ ਕਲਾਸ ਰੂਮ ਦੇ ਪਿਛਵਾੜੇ ,ਭੁੰਞੇ ਹੀ ਕੰਧ ਨਾਲ ਢਾਸਣਾ ਲਾ ਕੇ ਬੈਠ ਗਏ ਅਤੇ ‘ਸਾਂਝੀ ਕਵਿਤਾ’ ਪੂਰੀ ਕਰਕੇ ਹੀ ਉੱਠੇ। ਉਦੋਂ ਤੱਕ ਕਾਲਜ ਬੰਦ ਹੋ ਚੁੱਕਿਆ ਸੀ ਤੇ ਸਭ ਲੋਕ ਘਰੋ ਘਰੀ ਜਾ ਚੁੱਕੇ ਸਨ। ਇਹ ਕਵਿਤਾ ਸਾਡੇ ਦੁਹਾਂ ਦੇ ਸਾਂਝੇ ਨਾਂ ਹੇਠ ਛਪੀ।


ਦਰਸ਼ਨ ਗਿੱਲ

ਕਾਲਜ ਯੂਨੀਅਨ ਦੀਆਂ ਇਲੈੱਕਸ਼ਨਾਂ ਹੋਈਆਂ ਤਾਂ ਦਰਸ਼ਨ ਨੇ ਵਧ ਚੜ੍ਹ ਕੇ ਹਿੱਸਾ ਲਿਆ। ਮੈਂ ਵੀ ਨਾਲ ਤੁਰਿਆ ਰਹਿੰਦਾ।ਇਹ ਗੱਲ ਪ੍ਰਿੰਸੀਪਲ ਕੁੰਦਨ ਸਿੰਘ ਨੂੰ ਬਹੁਤ ਨਾਗ਼ਵਾਰ ਗ਼ੁਜ਼ਰੀ। ਇੱਕ ਦਿਨ ਮੈਨੂੰ ਕਾਲਜ ਆਉਂਦੇ ਨੂੰ ਰਾਹ ਵਿੱਚ ਰੋਕ ਕੇ ਕਹਿਣ ਲੱਗੇ, “ ਤੂੰ ਪੜ੍ਹਨ ਵਾਲਾ ਮੁੰਡੈਂ।ਸਾਨੂੰ ਬਹੁਤ ਆਸਾਂ ਨੇ ਤੈਥੋਂ। ਇਹਨਾਂ ‘ਲੰਡਰਾਂ’ ਨਾਲ ਕਿਉਂ ਤੁਰਿਆ ਫ਼ਿਰਦੈਂ ? ਖ਼ਬਰਦਾਰ ਜੇ ਅੱਗੇ ਤੋਂ ਮੈ ਤੈਨੂੰ ਏਸ ‘ਚੰਡਾਲ ਚੌਕੜੀ’ ਨਾਲ ਤੁਰਿਆ ਫਿਰਦਾ ਦੇਖਿਆ ਤਾਂ !” ਅੱਗੇ ਤੋਂ ਮੈਂ ਬਹੁਤ ਚੌਕੰਨਾ ਹੋ ਕੇ ਉਨ੍ਹਾ ਨਾਲ ਜਾਣ ਲੱਗਿਆ। ਇਲੈਕਸ਼ਨਾਂ ਹੋਈਆਂ ਤਾਂ ਦਰਸ਼ਨ ਭਾਰੀ ਬਹੁਮੱਤ ਨਾਲ ਜੁਆਇੰਟ ਸੈਕਰੇਟਰੀ ਚੁਣਿਆ ਗਿਆ। ਸਾਡੇ ਹੀ ਗਰੁੱਪ ਦਾ ਤ੍ਰਿਲੋਚਨ ਧਾਲੀਵਾਲ ਪ੍ਰਧਾਨ ਤੇ,ਕੁਲਵੰਤ ਕੌਮੀ ਸਕੱਤਰ ਚੁਣੇ ਗਏ। ਵਿਰੋਧੀ ਗਰੁੱਪ ਦਾ ਉਦੈ ਸਿੰਘ ਊੱਪ-ਪ੍ਰਧਾਨ ਬਣਿਆ।ਦਰਸ਼ਨ ਦੇ ਜਾਇੰਟ-ਸਕੱਤਰ ਬਣਨ ਨਾਲ ਉਸ ਨੇ ਤਾਂ ਉੱਪਰਲੀਆਂ ਹਵਾਵਾਂ ‘ਚ ਹੋਣਾ ਹੀ ਸੀ ਅਸੀਂ ਵੀ ਜਿਵੇਂ ਧਰਤੀ ਤੋਂ ਗਿੱਠ ਗਿੱਠ ਉੱਚੇ ਹੋ ਕੇ ਤੁਰਨ ਲੱਗੇ!ਯੂਨੀਅਨ ਪੋਇਟੀਕਲ ਰੈਸੀਟੇਸ਼ਨ ਜਾਂ ਡੈਕਲੇਮੇਸ਼ਨ,ਡੀਬੇਟ ਆਦਿ ਕਰਵਾਉਂਦੀ ਤਾਂ ਹੁਣ ਪੰਜਾਬੀ ਸਾਹਿਤ ਜਗਤ ਦੀ ਮਸ਼ਹੂਰ ਸਖ਼ਸ਼ੀਅਤ, ਦੀਪਕ ਮਨਮੋਹਨ ਸਿੰਘ ਵੀ ਗੌਰਮਿੰਟ ਕਾਲਜ ਮਲੇਰਕੋਟਲਾ ਤੋਂ ਆਉਂਦੇ।ਬਾਅਦ ਵਿੱਚ ਉਹ ਵੀ ਗੁਰੂਸਰ ਸਧਾਰ ਦਾਖ਼ਲ ਹੋ ਗਏ।
ਦਰਸ਼ਨ (ਪਿਤਾ ਸ. ਜਗੀਰ ਸਿੰਘ ਹੋਰਾਂ ਦੇ ਕਿਸੇ ਮੁਕੱਦਮੇ ਵਿੱਚ ਜੇਲ੍ਹ ਦੀ ਸਜ਼ਾ ਹੋਈ ਹੋਣ ਕਾਰਨ ) ਆਪਣੇ ਨਾਨਕੇ ਪਿੰਡ ਬੋਪਾਰਾਇ ਰਹਿੰਦਾ ਸੀ।ਸਾਡਾ ਗਰੁੱਪ ਕਦੇ ਮੇਰੇ ਪਿੰਡ ਰਾਤ ਕਟਦਾ,ਕਦੇ ਬੋਪਾਰਾਇ ਤੇ ਕਦੇ ਕਿਸੇ ਹੋਰ ਮੈਂਬਰ ਦੇ ਪਿੰਡ।ਸਭ ਦੇ ਮਾਂ ਪਿਓ ਸਾਡੇ ਸਭਨਾ ਦਾ ਹੀ ਬੜਾ ਤਿਓਹ ਕਰਦੇ।ਸਧਾਰ ਕਾਲਜ ਪਾਸ ਕਰਨ ਤੋਂ ਬਾਅਦ ਉਹ ਆਪਣੇ ਪਿੰਡ,ਢੁੱਡੀਕੇ ਚਲਾ ਗਿਆ।ਪਿਤਾ ਜੀ ਰਿਹਾ ਹੋ ਕੇ ਘਰ ਆ ਗਏ ਸਨ।ਮੈਂ ਇੰਜੀਨੀਅਰਿੰਗ ਕਰਨ ਲਈ ਲੁਧਿਆਣੇ ਦਾਖ਼ਲ ਹੋ ਗਿਆ।
ਮਹੀਨੇ ਕੁ ਬਾਅਦ ਇੰਜੀਨੀਅਰਿੰਗ ਕਾਲਜ ਵਾਲਿਆਂ ਨੂੰ ਪਤਾ ਲੱਗਿਆ ਕਿ ਮੇਰੀ ਤਾਂ ਉਮਰ ਥੋੜ੍ਹੀ ਜਿਹੀ ਘੱਟ ਸੀ ਤੇ ਉਹ ਮੇਰਾ ਦਾਖ਼ਲਾ ਗ਼ਲਤੀ ਨਾਲ ਕਰ ਬੈਠੇ ਸਨ।ਉਨ੍ਹਾ ਮੈਨੂੰ ਅਗਲੇ ਸਾਲ, ਮੇਰੀ ਸੀਟ ਪੱਕੀ ਹੋਣ ਦਾ ਪ੍ਰਵਾਨਾ ਫੜਾ ਕੈ, ਘਰ ਜਾਣ ਲਈ ਤੋਰ ਦਿੱਤਾ।ਮੈਂ ਆਪਣੇ ਮਾਂ ਬਾਪ ਨੂੰ ਇੰਜੀਨੀਅਰਿੰਗ ‘ਚੋਂ ਕੱਢੇ ਜਾਣ ਦਾ (ਬੇਸ਼ਕ ਉਹ ਆਰਜ਼ੀ ਤੌਰ ਤੇ ਹੀ ਸੀ)ਸਦਮਾ ਦੇਣ ਲਈ ਤਿਆਰ ਨਹੀਂ ਸਾਂ।ਸੋ ਬੱਸ ਫੜੀ ਤੇ ਢੁੱਡੀਕੇ ਜਾ ਉੱਤਰਿਆ।ਅਗਲੇ ਦਿਨ ਦਰਸ਼ਨ ਮੈਨੂੰ ਆਪਣੇ ਨਾਲ ਮੋਗੇ ਲੈ ਗਿਆ,ਜਿੱਥੇ ਉਸ ਨੇ ਡੀ. ਐੱਮ. ਕਾਲਜ ਵਿੱਚ,ਬੀ. ਏ. ‘ਚ ਦਾਖ਼ਲਾ ਲੈ ਰੱਖਿਆ ਸੀ। ਬੀ. ਐੱਸ ਸੀ. ‘ਚ ਦਾਖ਼ਲਾ ਹਾਲੇ ਖੁੱਲ੍ਹਾ ਸੀ। ਮੈਂ ਉਸ ਵਿੱਚ ਇਹ ਜਾਣਦੇ ਬੁਝਦੇ ਹੋਏ ਵੀ ਦਾਖ਼ਲਾ ਲੈ ਲਿਆ ਕਿ ਮੈਂ ਉਸ ਨੂੰ ਪੂਰਾ ਨਹੀਂ ਕਰ ਸਕਣਾ।ਅਗਲੇ ਸਾਲ ਤਾਂ ਮੈਂ ਵਾਪਸ ਇੰਜੀਨੀਅਰਿੰਗ ਵਿੱਚ ਦਾਖ਼ਲ ਜਾ ਹੋਣਾ ਸੀ!ਕਦੇ ਅਸੀਂ ਮੋਗੇ ਦੇ ਨਿਊ ਟਾਊਨ ਵਿਚਲੇ ਮੇਰੇ ਕਮਰੇ ‘ਚ ਰਹਿ ਲੈਂਦੇ ਤੇ ਕਦੇ ਢੁੱਡੀਕੇ ਚਲੇ ਜਾਂਦੇ। ਇਸ ਕਾਲਜ ਵਿੱਚ ਵੀ ਪ੍ਰਸਿੱਧ ਉਰਦੂ ਵਿਅੰਗ-ਲੇਖ਼ਕ ਕਨੱਹੀਆ
3. ਲਾਲ ਕਪੂਰ(ਅੰਗ੍ਰੇਜ਼ੀ ਗਾਈਡਾਂ ਲਿਖਣ ਵਾਲੇ ਕੇ ਐੱਲ ਕਪੂਰ ) ਸਾਡੇ ਅਧਿਆਪਕਾਂ ‘ਚੋਂ ਸਨ। ਪੰਜਾਬੀ ਦੇ ਅਧਿਆਪਕ ਕ੍ਰਿਪਾਲ ਸਾਗ਼ਰ ਵੀ ਲਿਖਣ ਦਾ ਸ਼ੌਕ ਰਖਦੇ ਸਨ। ਢੁੱਡੀਕੇ ਜਾਂਦੇ ਤਾਂ ਜਸਵੰਤ ਸਿੰਘ ਕੰਵਲ ਹੋਰਾਂ ਦੀ ਸੰਗਤ ਕਰਦੇ।ਉਨ੍ਹਾ ਕੋਲ ਬਲਰਾਜ ਸਾਹਨੀ ਵੀ ਆਏ
ਹੁੰਦੇ।ਅਸੀਂ ਉਹਨਾ ਦੇ ਅੱਗੇ ਪਿੱਛੇ ਫਿਰਦੇ ਤੇ ਚਾਹੁੰਦੇ ਕਿ ਉਹ ਸਾਨੂੰ ਕੋਈ ਨਿੱਕਾ ਮੋਟਾ ਕੰਮ ਕਹਿਣ। ਉਹ ਕੰਮ ਕਰ ਕੇ ਅਸੀਂ ਫੁੱਲੇ ਨਾ ਸਮਾਉਂਦੇ। ਕਦੇ ਕਦੇ ਦਿੱਲੀਉਂ ਆਏ ਡਾ. ਅਜੀਤ ਸਿੰਘ (ਜੋ ਉਦੋਂ ਸਾਧੂ ਸਿੰਘ ਤੇ ਫੇਰ ਏ. ਐੱਸ. ਪੰਛੀ ਹੁੰਦੇ ਸਨ) ਨੂੰ ਵੀ, ਸਾਡੇ ਮਿੱਤਰ ਯੁਵਰਾਜ ਰਤਨ ਦਾ ਵੱਡਾ ਭਰਾ ਹੋਣ ਸਦਕਾ, ਮਿਲ ਲੈਂਦੇ।
ਮੋਗੇ ਹੁੰਦੇ ਤਾਂ ਸ਼ਾਮ ਨੂੰ ਪੰਜਾਬੀ ਸੂਬੇ ਦੇ ਹੱਕ ਵਿੱਚ ਨਾਅਰੇ ਮਾਰ ਰਹੀ ਬੱਚਿਆਂ ਦੀ ਭੀੜ ਦੀ ‘ਸੇਵਾ’ ਬਿਸਕੁਟਾਂ ਨਾਲ ਕਰਦੇ।ਕਿਤਾਬਾਂ ਵਾਲੀ ਦੁਕਾਨ ਤੇ ਇੱਕ ਦਿਨ ਸ਼ਿਵ ਕੁਮਾਰ ਦੀ ਕਿਤਾਬ ‘ਪੀੜਾਂ ਦਾ ਪਰਾਗਾ” ਆਈ ਦੇਖੀ ਤਾਂ ਝੱਟ ਖਰੀਦ ਲਈ ਤੇ ਉਸ ਦਾ ਕਈ ਵਾਰ ‘ਅਖੰਡ ਪਾਠ’ ਕੀਤਾ। ਫ਼ੀਸ ਦੇ ਪੈਸੇ ਥੁੜ ਗਏ ਤਾਂ ਦਰਸ਼ਨ ਦੀ ਵੱਡੀ ਭੈਣ ਬਲਜੀਤ (ਜੋ ਉਦੋਂ ਧੂਲਕੋਟ ਰਣਸੀਂਹ ਪੜ੍ਹਾਉਂਦੀ ਸੀ ) ਕੋਲ ਮੰਗਣ ਜਾ ਪਹੁੰਚੇ।ਮੋਗੇ ਦੇ ਮਸ਼ਹੂਰ ਦੀਪਕ ਸਿਨੇਮੇ ਦੇ ਬਿਲਕੁਲ ਨਾਲ ਦੇ ਕੁਆਰਟਰਾਂ ਵਿੱਚ ਸਾਡੇ ਕੁਝ ਦੋਸਤ ਰਹਿੰਦੇ ਸਨ।ਗਰਮੀ ਦੇ ਦਿਨਾਂ ਵਿੱਚ ਫ਼ਿਲਮ ਚੱਲਣ ਤੋਂ ਕੁਝ ਚਿਰ ਬਾਅਦ ਸਿਨੇਮੇ ਵਾਲੇ ਸਾਈਡ ਵਾਲੇ ਦਰਵਾਜ਼ੈ ਖੋਲ੍ਹ ਦਿੰਦੇ ਸਨ ਤਾਂ ਜੋ ਦਰਸ਼ਕਾਂ ਨੂੰ ਗਰਮੀ ਨਾ ਲੱਗੇ।ਸਾਨੂੰ ਮੌਜਾਂ ਲੱਗ ਜਾਂਦੀਆਂ ਸਨ। ਅਸੀਂ ਕੁਆਰਟਰਾਂ ਦੀ ਛੱਤ ਤੇ ਡਹੇ ਮੰਜਿਆਂ ਤੇ ਬੈਠੇ ਬੈਠੇ ਮੁਫ਼ਤ ‘ਚ ਫ਼ਿਲਮ ਦੇਖ ਲੈਂਦੇ।
ਮੋਗਾ ਕਾਲਜ ‘ਚੋਂ ਨਿੱਕਲ ਕੇ ਮੈਂ ਲੁਧਿਆਣੇ ਇੰਜੀਨੀਅਰਿੰਗ ਕਾਲਜ ਵਿੱਚ ਵਾਪਸ ਪਰਤ ਆਇਆ ਤੇ ਦਰਸ਼ਨ ਐੱਮ. ਏ. ਇੰਗਲਿਸ਼ ਕਰਨ ਲਈ ਗੌਰਮਿੰਟ ਕਾਲਜ ਹੁਸ਼ਿਆਰਪੁਰ ਜਾ ਦਾਖ਼ਲ ਹੋਇਆ।ਵਾਰ ਐਤਵਾਰ ਅਸੀਂ ਜਾਂ ਹੁਸ਼ਿਆਰਪੁਰ ਉਸ ਦੇ ਕਮਰੇ ‘ਚ ਹੁੰਦੇ ਤੇ ਜਾਂ ਲੁਧਿਆਣੇ ਮੇਰੇ ਹੋਸਟਲ ਵਿੱਚ।ਮੇਰਾ ਕਾਲਜ ਸ਼ਹਿਰੋਂ ਚਾਰ ਮੀਲ ਬਾਹਰ ਸੀ,ਨਹਿਰ ਦੇ ਕੰਢੇ ‘ਤੇ।ਰਾਤ ਦੀ ਫ਼ਿਲਮ ਦੇਖਕੇ ਵਾਪਸੀ ਤੇ ਪੈਦਲ ਤੁਰੇ ਆਉਂਦੇ,ਗ਼ਜ਼ਲਾਂ ਦੇ ਕਾਫ਼ੀਏ ਮਿਲਾਉਂਦੇ ਹੋਏ।ਹੁਸ਼ਿਆਰਪੁਰ ਗ਼ਜ਼ਲ-ਗੋ ਠਾਕੁਰ ਭਾਰਤੀ ਤੇ ਦੇਵਿੰਦਰ ਜੋਸ਼ ਨੂੰ ਮਿਲਦੇ।ਲੁਧਿਆਣੇ ਦੇ ਅਤੇ ਹੋਰ ਮੈਗ਼ਜ਼ੀਨਾਂ ‘ਚ ਅਸੀਂ ਛਪਣ ਲੱਗੇ ਤੇ ਕੁਝ ਕੁਝ ‘ਪਛਾਣ ਜਿਹੀ’ ਵੀ ਬਣਨੀ ਸ਼ੁਰੂ ਹੋ ਗਈ। ਸਮਰਾਲਾ,ਜਗਰਾਓਂ ਤੇ ਹੋਰ ਕਈ ਸਾਹਿੱਤ ਸਭਾਵਾਂ ‘ਚ ਅਸੀਂ ਇਕੱਠੇ ਜਾਂਦੇ।ਜਗਰਾਓਂ ਤਖ਼ਤ ਸਿੰਘ ਤੇ ਕੇਸਰ ਸਿੰਘ ‘ਨੀਰ’ ਮਿਲਦੇ।ਸਮਰਾਲਿਓਂ ਲਾਲ ਸਿੰਘ ਦਿਲ,ਜਗਦੀਸ਼ ਨੀਲੋਂ,ਇਕਬਾਲ ਸਿੰਘ ਕੰਗ ਆਦਿ ਸਾਡੇ ਕੋਲ ਆਏ ਰਹਿੰਦੇ।ਸਾਹਿਤਕ ਹਲਕਿਆਂ ‘ਚ ਸਾਡਾ ਨਾਂ ਇਕੱਠਾ ਹੀ ਲਿਆ ਜਾਂਦਾ। ਇੱਕ ਵਾਰ ਦਰਸ਼ਨ ਨੇ ਇੱਕ ਨਜ਼ਮ ਲਿਖੀ-‘ਏਸ ਸ਼ਹਿਰ ਮੇਰਾ ਗੀਤ ਗੁਆਚਾ’। ਉਸ ਨੇ ਕਿਧਰੇ ਜਾਣਾ ਸੀ।ਮੈਨੂੰ ਉਹ ਨਜ਼ਮ ਇਹ ਕਹਿ ਕੇ ਫੜਾ ਗਿਆ ਕਿ ਮੈਂ ਇਸ ਨੂੰ ਨਵਤੇਜ ਸਿੰਘ ਹੁਰਾਂ ਨੂੰ ‘ਪ੍ਰੀਤ-ਲੜੀ’ ਵਿੱਚ ਛਪਣ ਲਈ ਭੇਜ ਦੇਵਾਂ। ਮੈਂ ਨਵਤੇਜ ਸਿੰਘ ਹੁਰਾਂ ਨੂੰ ਆਪਣੇ ਵੱਲੋਂ ਚਿੱਠੀ ਲਿਖੀ ਤੇ ਉਹ ਕਵਿਤਾ ਨਾਲ ਲਗਾਕੇ ਭੇਜ ਦਿੱਤੀ।ਉਹਨਾ ਨੇ ਉਹ ਨਜ਼ਮ ਮੇਰੀ ਸਮਝ ਕੇ ਮੇਰੇ ਨਾਂ ਹੇਠ ਛਾਪ ਦਿੱਤੀ । ਅਗਲੇ ਪਰਚੇ ਵਿੱਚ ਉਸ ਦੀ ‘ਸੋਧ’ ਛਾਪਣੀ ਪਈ ।ਸਾਡੇ ਦੁਹਾਂ ਦੇ ਨਾਵਾਂ ‘ਚ ‘ਗਿੱਲ’ ਤੇ ‘ਨੱਤ’ ਦਾ ਹੀ ਫ਼ਰਕ ਸੀ।ਆਮ ਬੰਦਾ ਅਕਸਰ ਭੁਲੇਖ਼ਾ ਖਾ ਜਾਂਦਾ ਸੀ।ਪਰਚਾ ਕੱਢਣ ਦਾ ਸ਼ੌਕ ਜਾਗਿਆ ਤਾਂ ਖੇਤੀਬਾੜੀ ਯੂਨੀਵਰਸਿਟੀ ,’ਚ ਲੱਗੇ ਇੱਕ ਸਾਹਿਤ ਰਸੀਏ ਡਰਾਈਵਰ, ਬਲਦੇਵ ਸਿੰਘ ਪੰਨੂੰ ਦੀ ਆਰਥਿਕ ਸਹਾਇਤਾ ਨਾਲ ਮਾਸਿਕ ਪੱਤਰ ‘ਬਸੰਤ’ ਕੱਢਿਆ,ਜਿਹੜਾ ਪੈਸੇ ਦੀ ਤੋਟ ਆਉਣ ਤੇ ਬੰਦ ਕਰਨਾ ਪਿਆ।
ਚੜ੍ਹਦੀ ਜੁਆਨੀ ਦੇ ਫ਼ਤੂਰ ਵਿੱਚ ਉਸ ਨੇ ਕੇਸ ਕਟਾ ਦਿੱਤੇ ਤੇ ਫ਼ੋਨ ਕਰ ਕੇ ਮੈਨੂੰ ਇਸ ਬਾਰੇ ਦੱਸਿਆਾ। ਜੋਸ਼ ‘ਚ ਆ ਕੇ ਕਟਵਾ ਤਾਂ ਬੈਠਾ ਸੀ ਪਰ ਹੁਣ ਮਸਲਾ ਸੀ ਕਿ ਘਰਦਿਆਂ ਨੂੰ ਕੀ ਬਹਾਨਾ ਲਾਇਆ ਜਾਵੇ ! ਇਸ ਮੰਤਵ ਲਈ ਇੱਕ ‘ਉੱਚ=ਪੱਧਰੀ’ ਮੀਟਿੰਗ ਬੁਲਾਈ ਗਈ।ਸਭ ਦੋਸਤਾਂ ਦਾ ਵਿਚਾਰ ਸੀ ਕਿ ਇਸ ਮੰਤਵ ਲਈ ਮੇਰੇ ਤੋਂ ਵੱਧ ਢੁਕਵਾਂ ਹੋਰ ਕੋਈ ਨਹੀਂ ਸੀ,ਕਿਉਂਕਿ ਇੱਕ ਤਾਂ ਮੇਰਾ ਮੂੰਹ-ਮੱਥਾ ਹੀ ਅਜਿਹਾ ਸ਼ਰੀਫ਼ ਤੇ ‘ਵਿਚਾਰਾ ਜਿਹਾ’ ਸੀ ਕਿ ਮੇਰੀ ਕਹੀ ਹਰ ਗੱਲ ਹੀ ਇਤਬਾਰ ਯੋਗ ਲਗਦੀ ਸੀ ਤੇ ਦੂਜਾ ਦਰਸ਼ਨ ਦੇ ਬੇਬੇ ਜੀ ਮੈਨੂੰ ਆਪਣੇ ਬੇਟੇ ਨਾਲੋਂ ਵੀ ਵੱਧ ਭਰੋਸੇ ਯੋਗ ਸਮਝਦੇ ਸਨ।ਮੈਂ ਢੁੱਡੀਕੇ ਇਹ ਸੁਨੇਹਾ ਲੈ ਕੇ ਗਿਆ ਕਿ ਦਰਸ਼ਨ ਬਹੁਤ ਬੀਮਾਰ ਹੋ ਗਿਆ ਸੀ ਤੇ ਡਾਕਟਰ ਦੇ ਕਹਿਣ ਤੇ ਉਸ ਨੂੰ ਕੇਸ ਕਟਵਾਓਣੇ ਪਏ ਹਨ। ਸੁਣ ਕੇ ਘਰ ਵਾਲਿਆਂ ਦੇ ਚਿਹਰੇ ਹੀ ਉੱਤਰ ਗਏ।ਮੈਂ ਸਾਰਾ ਘਟਨਾ-ਕ੍ਰਮ ਇਸ ਤਰ੍ਹਾਂ ਗੰਭੀਰ ਹੋ ਕੇ ਬਿਆਨ ਕਰਨ ਵਿੱਚ ਕਾਮਯਾਬ ਹੋ ਗਿਆ ਸਾਂ ਕਿ ਘਰ ਵਾਲਿਆਂ ਨੂੰ ਕੇਸਾਂ ਨਾਲੋਂ ਬਹੁਤਾ ਫ਼ਿਕਰ ਦਰਸ਼ਨ ਦੀ ਸਿਹਤ ਦਾ ਲੱਗ ਗਿਆ। ਬਲਜੀਤ ਭੈਣ ਦਰਸ਼ਨ ਨੂੰ ‘ਦੇਖਣ ਜਾਣ’ ਲਈ ਤਿਆਰ ਹੋ ਗਈ। ਮੈਨੂੰ ਫ਼ਿਕਰ ਵੱਢ ਵੱਢ ਖਾਣ ਲੱਗਾ ਕਿ ਕਿਧਰੇ ਭੈਣ ਦੇ 4. ਜਾਂਦਿਆਂ ਨੂੰ ਦਰਸ਼ਨ ‘ਘੋੜੇ ਵਰਗਾ’ ਤੰਦਰੁਸਤ ਨਾ ਫਿਰਦਾ ਹੋਵੇ ਤੇ ਸਾਡੀ ਸਾਰੀ ਸਕੀਮ ‘ਤੇ ਪਾਣੀ ਫਿਰ ਜਾਵੇ।ਪੜ੍ਹਾਈ ਜ਼ਿਆਦਾ ਹੋਣ ਦਾ ਬਹਾਨਾ ਕਰ ਕੇ ਫ਼ਟਾ-ਫ਼ਟ ਲੁਧਿਆਣੇ ਵਾਲੀ ਬੱਸ ਫੜੀ ਤੇ ਰਾਹ ‘ਚੋਂ ਉੱਤਰ ਕੇ ਦਰਸ਼ਨ ਨੂੰ ਆਉਣ ਵਾਲੇ ‘ਖ਼ਤਰੇ’ ਤੋਂ ਸਾਵਧਾਨ ਕਰ
ਦਿੱਤਾ।ਭੈਣ ਹੁਸ਼ਿਆਰਪੁਰ ਪਹੁੰਚੀ ਤਾਂ ਦਰਸ਼ਨ ਢਿੱਲਾ ਜਿਹਾ ਮੂੰਹ ਬਣਾਈ ਮੰਜੇ ਤੇ ਲੇਟਿਆ ਹੋਇਆ ਸੀ।ਬਲਜੀਤ ਨਾਲ ਲੈਕੇ ਗਈ ਘਿਓ ਦੀ ਪੀਪੀ ਉਸ ਨੂੰ ਦੇ ਕੇ ਤੇ ਅੱਗੇ ਲਈ ਸਿਹਤ ਦਾ ਖ਼ਿਆਲ ਰੱਖਣ ਦੀ ਤਾਕੀਦ ਕਰ ਕੇ ਪਰਤ ਆਈ।ਵੈਸੇ ਬਾਦ ‘ਚ ਬੜੀ ਵਾਰ ਖਿਆਲ
ਆਉਂਦਾ ਰਿਹਾ ਕਿ ਘਰ ਵਾਲਿਆਂ ਨੂੰ ਸਾਡੀ ‘ਚਾਲ’ ਦਾ ਪਤਾ ਜ਼ਰੂਰ ਲੱਗ ਗਿਆ ਹੋਣੈ ਪਰ ਉਹਨਾ ਨੇ ਸਾਨੂੰ ਜ਼ਾਹਰ ਨਹੀਂ ਹੋਣ ਦਿੱਤਾ।
. 1962 ਵਿੱਚ ਜਦੋਂ ਕਮਿਊਨਿਸਟ ਪਾਰਟੀ ਦੋਫ਼ਾੜ ਹੋਈ ਤਾਂ ਉਸਦੇ ਅਖ਼ਬਾਰ ‘ਨਵਾਂ ਜ਼ਮਾਨਾ’ ਦੇ ਸੰਪਾਦਕੀ ਅਮਲੇ ਦੇ ਕੁਝ ਬੰਦੇ ਪਾਰਟੀ ਛੱਡ ਕੇ ਖੱਬੀ ਪਾਰਟੀ ਵਿੱਚ ਚਲੇ ਗਏ।ਦਰਸ਼ਨ ਨੂੰ ਮੋਗੇ ਦੇ ਪਾਰਟੀ ਸੈਕਟਰੀ ਅਖ਼ਬਾਰ ‘ਚ ਕੰਮ ਕਰਨ ਲਈ ਲੈ ਗਏ।ਉਹ ਜਲੰਧਰ ਪਹੁੰਚਿਆ ਤਾਂ ਮੈ ਵੀ ਬੜੀ ਵਾਰ ਕਾਲਜ ਖ਼ਤਮ ਹੋਣ ਤੋਂ ਬਾਅਦ ਜਲੰਧਰ ਵਾਲੀ ਬੱਸ ਫੜ ਕੇ ਉੱਥੇ ਪਹੁੰਚ ਜਾਂਦਾ। ‘ਅਨ-ਆਫ਼ੀਸ਼ੀਅਲ’ ਤੌਰ ਤੇ ਕੰਮ ‘ਚ ਹੱਥ ਵਟਾਓਂਦਾ ਤੇ ਸਵੇਰ ਨੂੰ ਵਾਪਸ ਕਾਲਜ ਲਾਉਣ ਲਈ ਲੁਧਿਆਣੇ ਪਹੁੰਚ ਜਾਂਦਾ। ਜਲੰਧਰ ਅਖ਼ਬਾਰ ਦੇ ਦਫ਼ਤਰ ਵਿੱਚ ਕਈ ਹਸਤੀਆਂ ਦੇ ਦਰਸ਼ਨ ਹੋਏ-ਸੋਹਣ ਸਿੰਘ ਜੋਸ਼,ਜਗਜੀਤ ਸਿੰਘ ਆਨੰਦ,ਤੇਰਾ ਸਿੰਘ ਚੰਨ,ਸੁਰਜਨ ਜ਼ੀਰਵੀ,ਸੁਹੇਲ ਅੰਮ੍ਰਿਤਸਰੀ,ਬਲਬੀਰ ਸੱਗੂ ਤੇ ਰਘਬੀਰ ਸਿੰਘ।ਸੰਤੋਖ਼ ਸਿੰਘ ਧੀਰ ਅਕਸਰ ਆਉਂਦੇ ਰਹਿੰਦੇ ਤੇ ਬਾਅਦ ‘ਚ ‘ਨਵਾਂ ਜ਼ਮਾਨਾ’ ‘ਚ ਕੰਮ ਵੀ ਕਰਨ ਲੱਗੇ।ਗੁਰਬਖ਼ਸ਼ ਸਿੰਘ ਫ਼ਰੈਂਕ,ਬਾਬਾ ਬੰਨੋਆਣਾ ਤੇ ਬਾਅਦ ‘ਚ ਪਾਰਟੀ ਸੈਕਟਰੀ ਰਹੇ ਭੂਪਿੰਦਰ ਸਾਂਬਰ ਵੀ ਕਈ ਵਾਰ ਆਉਂਦੇ।ਕਮਿਊਨ ,ਚ ਖਾਣਾ ਖਾਣ ਦੇਸ਼ ਭਗਤ ਯਾਦਗਾਰ ਜਾਂਦੇ ਤਾਂ ਬਾਬਾ ਗੁਰਮੁਖ਼ ਸਿੰਘ ਲਲਤੋਂ ਦੇ ਦਰਸ਼ਨ ਹੁੰਦੇ। ‘ਨਵਾਂ ਜ਼ਮਾਨਾ’ ਦੇ ਗੁਆਂਢ ‘ਚ ‘ਅਜੀਤ’ ਦਾ ਦਫ਼ਤਰ ਸੀ।ਸਾਧੂ ਸਿੰਘ ‘ਹਮਦਰਦ’ ਤੇ ਬਰਜਿੰਦਰ ਹੋਰੀਂ ਅਕਸਰ ਨਜ਼ਰ ਆਉਂਦੇ।ਨਾਭੇ ਤੋਂ ਭਜਨ ਸਿੰਘ ਵਾਲੀਆ ਆਉਂਦੇ ਤਾਂ ਉਨ੍ਹਾ ਤੋਂ ਰੂਸੀ ਬੋਲੀ ਸਿਖਦੇ।
ਐੱਮ. ਏ. ਕਰਨ ਤੋਂ ਬਾਅਦ ਦਰਸ਼ਨ ਮੋਗੇ ਕੋਲ ਗੁਰੂ ਤੇਗ਼ ਬਹਾਦਰ ਗੜ੍ਹ (ਰੋਡੇ ਲੰਡੇ ) ਲੈਕਚਰਾਰ ਜਾ ਲੱਗਿਆ।ਮੈਂ ਇੰਜੀਨੀਅਰਿੰਗ ਕਰਨ ਤੋਂ ਬਾਅਦ ਜ਼ਿਲਾ ਕਰਨਾਲ(ਹੁਣ ਹਰਿਆਣਾ ) ਵਿੱਚ, ਨੀਲੋਖ਼ੇੜੀ ਪਾਲੀਟੈਕਨਿਕ ਵਿੱਚ, ਮਕੈਨੀਕਲ ਇੰਜੀਨੀਅਰਿੰਗ ਪੜ੍ਹਾਉਣ ਲੱਗਿਆ।ਦਰਸ਼ਨ ਨੂੰ (ਉਨ੍ਹਾ ਵੇਲਿਆਂ ਵਿੱਚ) 250 ਰੁਪਏ ਮਿਲਦੇ ਸਨ ਤੇ ਮੈਨੂੰ 418. ਅਸੀਂ ਜਦੋਂ ਮਿਲਦੇ ਤਾਂ ਉਹ (ਮੇਰੇ ਮੁਕਾਬਲੇ ‘ਚ ) ਘੱਟ ਤਨਖ਼ਾਹ ਮਿਲਣ ਦਾ ਗ਼ਿਲਾ ਕਰਦਾ। ਇਸ ਦਾ ਹੱਲ ਅਕਸਰ ਪੈਸੇ ਅੱਧੋ-ਅੱਧ ਕਰ ਕੇ ਕੱਢ ਲਿਆ ਜਾਂਦਾ !ਉਹ ਜਦ ਵੀ ਨੀਲੋਖ਼ੇੜੀ ਆਉਂਦਾ ਅਸੀਂ ਕਰਨਾਲ ਸਾਹਿਤ ਸਭਾ ਵਿੱਚ ਹਰਭਜਨ ਸਿੰਘ ਕੋਮਲ,ਭਗ਼ਤ ਸਿੰਘ,ਅਮਰਜੀਤ ਸਿੰਘ (ਸੰਪਾਦਕ ‘ਪ੍ਰਤੀਕ’ ) ਕਰਤਾਰ ਸਿੰਘ ਸੁਮੇਰ,ਸੋਹਣ ਸਿੰਘ ਹੰਸ,ਸ਼ਿਵਦੇਵ ਸੰਧਾਵਾਲੀਆ,ਹਰਭਜਨ ਸਿੰਘ ਧਰਨਾ ਤੇ ਹੋਰ ਲੇਖ਼ਕਾਂ ਨੂੰ ਮਿਲਦੇ।
ਦਰਸ਼ਨ ਦੀ ਸ਼ਾਦੀ 1967 ਵਿੱਚ ਮਨਜੀਤ ਨਾਲ ਹੋਈ। ਮਨਜੀਤ ਦਾ ਜਨਮ ਪਿੰਡ ਜੋਗਾਨੰਦ (ਬਠਿੰਡਾ ) ਵਿੱਚ ਸ: ਕਿਹਰ ਸਿੰਘ ਬਾਹੀਆ ਦੇ ਘਰ ਹੋਇਆ।ਉਸ ਨੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਤੋਂ,ਦੂਜੇ ਨੰਬਰ ਤੇ ਰਹਿ ਕੇ ਇਤਿਹਾਸ ਦੀ ਐੱਮ. ਏ.ਕੀਤੀ ਅਤੇ ਫੇਰ ਬੀ. ਐੱਡ. । ਤਿੰਨ ਕੁ ਸਾਲ ਦੇਵ ਸਮਾਜ ਕਾਲਜ ਫ਼ਾਰ ਵਿਮੈੱਨ,ਫ਼ਿਰੋਜ਼ਪੁਰ ਵਿਖੇ ਉਹ ਪ੍ਰੋਫ਼ੈਸਰ ਰਹੀ। ਦਰਸ਼ਨ ਦੀ ਸ਼ਾਦੀ ਤੈਅ ਹੋਈ ਤਾਂ ਉਸ ਨੇ ਬੜੀ ਖ਼ੁਸ਼ੀ ਖ਼ੁਸ਼ੀ ਮੈਨੂੰ ਇੱਕ ਲੰਬਾ ਖ਼ਤ ਲਿਖ ਕੇ ਸ਼ਾਮਲ ਹੋਣ ਦੀ ਤਾਕੀਦ ਕੀਤੀ।ਉਸਨੇ ਲਿਖਿਆ ਕਿ ਜੇ ਮੈਂ ਸ਼ਾਦੀ ਵਿੱਚ ਸ਼ਾਮਲ ਨਾ ਹੋਇਆ ਤਾਂ ਉਹ ਵਿਆਹ ਹੀ ਨਹੀਂ ਕਰਵਾਏਗਾ। ਆਪਣੀ ਸ਼ਾਦੀ ਅਤਿਅੰਤ ਸਾਦਗ਼ੀ ਨਾਲ,ਦਾਜ-ਰਹਿਤ ,ਕਰਵਾਉਣ ਤੋਂ ਬਾਅਦ ਮੈਂ ਕਸਮ ਖਾਧੀ ਸੀ ਕਿ ਵਿਆਹਾਂ ਦੇ ਮੌਕੇ ‘ਤੇ ਫ਼ਜ਼ੂਲ ਇਕੱਠ ਨੂੰ ਘੱਟ ਕਰਨ ਲਈ,ਆਪਣੀ ਮੁਹਿੰਮ ਦੇ ਪਹਿਲੇ ਕਦਮ ਦੇ ਤੌਰ ਤੇ,ਮੈਂ ਖ਼ੁਦ ਸ਼ਾਦੀਆਂ ਵਿੱਚ ਨਹੀਂ ਜਾਇਆ ਕਰਾਂਗਾ। ਪਰ ਅਜਿਹੀ ਤਾਕੀਦ ਤੋਂ ਬਾਅਦ ਉਹਦੀ ਸ਼ਾਦੀ ਵਿੱਚ ਸ਼ਾਮਲ ਨਾ ਹੋਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ !ਉਹਦਾ ਕੁਆਰਾ ਰਹਿ ਜਾਣਾ ਮੈਂ ਕਿਵੇਂ ਬਰਦਾਸ਼ਤ ਕਰਦਾ। ਸ਼ਾਦੀ ਮੋਗੇ ਹੋਈ,ਬੜੀ ਧੂਮ-ਧਾਮ ਨਾਲ। ਸ਼ਾਦੀ ਤੋਂ ਬਾਅਦ ਉਹ ਦੋਵੇਂ ਲੁਧਿਆਣੇ ਨੌਕਰੀ ਕਰਨ ਲੱਗੇ-ਦਰਸ਼ਨ ਗੌਰਮਿੰਟ ਕਾਲਜ ਵਿੱਚ ਤੇ ਮਨਜੀਤ ,ਗੌਰਮਿੰਟ ਹਾਇਰ ਸੈਕੰਡਰੀ ਸਕੂਲ ਵਿੱਚ। ਦਰਸ਼ਨ ਨੇ ਇਸ ਤੋਂ ਪਹਿਲਾਂ ਆਪਡੀ ਬਦਲੀ ਬਠਿੰਡੇ ਤੋਂ ਲੁਧਿਆਣੇ ਦੀ ਕਰਵਾ ਲਈ ਸੀ।
.
5. ਇਹਨੀ ਦਿਨੀ ਮਨਜੀਤ ਨੂੰ ‘ਆਪਣਾ ਘਰ’ ਬਨਾਉਣ ਦਾ ਫ਼ਿਕਰ ਹੋਇਆ। ਕਿਰਾਏ ਦੇ ਮਕਾਨਾ ਤੋਂ ਉਹ ਤੰਗ ਆ ਚੁੱਕੀ ਸੀ।ਸਕੂਲ ਅਧਿਆਪਕਾਵਾਂ ਨਾਲ ਰਲ ਕੇ ਉਹਨੇ ਇੱਕ ਕੋਆਪ੍ਰੇਟਿਵ ਸੋਸਾਇਟੀ ਬਣਾਈ ਅਤੇ ਮਕਾਨਾਂ ਲਈ ਜ਼ਮੀਨ ਖ਼ਰੀਦ ਲਈ। ਪਰ ਕੀਹਨੂੰ ਪਤਾ ਸੀ ਕਿ ਇਹ ਘਰ ਕਦੀ ਨਹੀਂ ਬਣ ਸਕਣਾ-‘ਬਾਲੂ ਕੀ ਭੀਤ’ ਵਾਂਗ !
ਬੱਚਿਆਂ ਨਾਲ ਮਨਜੀਤ ਨੂੰ ਅੰਤਾਂ ਦਾ ਮੋਹ ਸੀ। ਇੱਕ ਵਾਰ ਅਸੀਂ ਲੁਧਿਆਣੇ ਉਹਨਾ ਕੋਲ ਠਹਿਰੇ ਹੋਏ ਸਾਂ।ਸਾਡੀ ਪਲੇਠੀ ਦੀ ਧੀ-ਕਰਾਂਤੀ-ਸਾਰਾ ਦਿਨ ਅੰਕਲ-ਆਂਟੀ ਦੇ ਮੋਢਿਆਂ ‘ਤੇ ਚੜ੍ਹੀ ਰਹਿੰਦੀ ਅਤੇ ਮਨਜੀਤ ਦਾ ਤਾਂ ਖਹਿੜਾ ਹੀ ਨਹੀਂ ਸੀ ਛੱਡਦੀ।ਸਾਰੇ ਘਰ ‘ਚ ਉਸ ਦੇ ਦੁਪੱਟੇ ਦੀ ਕੰਨੀ ਫੜ ਕੇ ਘੁੰਮਦੀ ਰਹਿੰਦੀ। ਦਿਨੇ ਦੋਵੇਂ ਮੀਆਂ-ਬੀਵੀ ਉਸ ਨੂੰ ਬਾਜ਼ਾਰ ਲੈ ਗਏ।ਨਿੱਕੇ ਨਿੱਕੇ ਸੋਫ਼ੇ,ਕੁਰਸੀਆਂ,ਭਾਂਡੇ,ਚੱਕਲ਼ੇ-ਵੇਲਣੇ ਅਤੇ ਹੋਰ ਨਿੱਕ-ਸੁੱਕ ਖ਼ਰੀਦ ਕੇ ਉਨ੍ਹਾ ਨੇ ਬੱਚੀ ਦਾ ਜਿਵੇਂ ‘ਘਰ’ ਵਸਾ ਦਿੱਤਾ। (ਇਹਨਾ ‘ਚੋਂ ਚੱਕਲ਼ਾ-ਵੇਲਣਾ ਉਸ ਨੇ ਹਾਲੇ ਵੀ ਸਾਂਭਿਆ ਹੋਇਆ ਹੈ )ਪਰ ਜਦੋਂ ਉਹ ਆਪਣੀ ‘ਘਰ-ਘਰ ਦੀ ਖੇਡ’ ਦੇ ਰੁਝੇਵੇਂ ‘ਚੋਂ ਵੇਹਲੀ ਹੋਈ ਤਾਂ ਆਂਟੀ ਦੇ ਦੁਆਲੇ ਜਾ ਹੋਈ,ਰਸੋਈ ਵਿੱਚ।ਉਸ ਨੇ ਮਨਜੀਤ ਨੂੰ ਕਸਟਰਡ ਬਨਾਉਣ ਦੀ ਸਿਫ਼ਾਰਸ਼ ਕੀਤੀ।ਰਾਤ ਕਾਫ਼ੀ ਹੋ ਚੁੱਕੀ ਸੀ।ਸਾਰੇ ਖਾਣਾ ਖਾ ਕੇ ਸੌਂ ਚੁੱਕੇ ਸਨ।ਮਨਜੀਤ ਨੇ ਸਵੇਰ ਦੀ ‘ਬੈੱਡ-ਟੀ’ ਲਈ ਹੀ ਦੁੱਧ ਰੱਖਿਆ ਹੋਇਆ ਸੀ ।ਕੀ ਕਰਦੀ,ਕਸਟਰਡ ਕਿਵੇਂ ਬਣਾਉਂਦੀ ਦੁੱਧ ਤੋਂ ਬਗ਼ੈਰ।ਬੈੱਡ-ਟੀ ਤੋਂ ਬਗ਼ੈਰ ਮੈਂ ਤੇ ਦਰਸ਼ਨ ਨੇ ਨਹੀਂ ਸੀ ਸਾਰਨਾ ਅਤੇ ਸਵੇਰੇ ਸਵੇਰੇ ਘਰ ਸਿਰ ‘ਤੇ ਚੁੱਕ ਲੈਣਾ ਸੀ।ਅਜੀਬ ਦੁਬਿਧਾ ਸੀ। ਕਰਾਂਤੀ ਨੂੰ ਜਦੋਂ ਆਭਾਸ ਹੋਇਆ ਕਿ ਮਨਜੀਤ ਦੁੱਧ ਦੀ ਘਾਟ ਕਾਰਨ ਕਸਟਰਡ ਬਨਾਉਣ ਤੋਂ ਆਨਾਕਾਨੀ ਕਰ ਰਹੀ ਸੀ ਤਾਂ ਉਸ ਨੇ ਆਪਣੇ ਭੋਲੇਪਣ ‘ਚੋਂ,ਪੋਲਾ ਜਿਹੇ ਮੂੰਹ ਨਾਲ ਕਿਹਾ,”ਆਂਟੀ ਜੇ ਦੁੱਧ ਨਹੀਂ ਤਾਂ ਘਿਓ ਦਾ ਈ ਬਣਾ ਦਿਓ ਨਾ ਕਸਟਰਡ !”
ਅਜਿਹੇ ਇਸਰਾਰ ਨੂੰ ਟਾਲਣ ਦੀ ਹਿੰਮਤ ਮਨਜੀਤ ਵਿੱਚ ਨਹੀਂ ਸੀ।ਉਸ ਨੇ ਫ਼ਟਾ-ਫ਼ਟ,ਸਵੇਰ ਦੀ ਚਾਹ ਲਈ ਰੱਖੇ ਹੋਏ ਦੁੱਧ ਦਾ ਕਸਟਰਡ ਬਣਾ ਕੇ ਬੱਚੀ ਦੇ ਹਵਾਲੇ ਕੀਤਾ ਤਾਂ ਉਹ ਰਸੋਈ ਦੇ ਫ਼ਰਸ਼ ‘ਤੇ ਹੀ ਚੱਪ ਮਾਰ ਕੇ ਬੈਠ ਗਈ ਅਤੇ ਮਜ਼ੇ ਨਾਲ ਖਾਣ ਲੱਗੀ।ਸਵੇਰੇ ਉੱਠ ਕੇ ਅਸੀਂ ਚਾਹ ਦੀ ਮੰਗ ਕਰਨ ਲੱਗੇ ਤਾਂ ਮਨਜੀਤ,ਮੁਸਕੜੀਏਂ ਹਸਦੀ ਹੋਈ, ਕਨੱਖੀਆਂ ‘ਚੋਂ ਬੱਚੀ ਵੱਲ ਦੇਖਣ ਲੱਗੀ ਅਤੇ ਕਰਾਂਤੀ ਨੇ ਸਾਨੂੰ ਆਪਣਾ ਰਾਤ ਦਾ ‘ਕਾਰਨਾਮਾ’ ਸੁਣਾ ਕੇ ਚੁੱਪ ਕਰਵਾ ਦਿੱਤਾ !
ਦਰਸ਼ਨ ਦੀ ਵੱਡੀ ਭੈਣ ਬਲਜੀਤ ਕੈਨੇਡਾ ਜਾ ਰਹੀ ਸੀ।ਉਹਦੇ ਦੋਵੇਂ ਬੇਟੇ ਬਹੁਤ ਹੀ ਅੱਥਰੇ ਤੇ ਸ਼ਰਾਰਤੀ ਸਨ। ‘ਕੀ ਪਤਾ ਜਹਾਜ‘ਚੋਂ ਬਾਹਰ ਹੀ ਛਾਲਾਂ ਮਾਰ ਦੇਣ’ ਬਲਜੀਤ ਕਹਿਣ ਲੱਗੀ । ਬਲਜੀਤ ਦੇ ਕਹਿਣ ਮੁਤਾਬਕ ਉਹਨਾਂ ਦੋਹਾਂ ਨੂੰ ‘ਨੱਥ ਪਾ ਕੇ ਰੱਖਣ’ ਲਈ ਦਰਸ਼ਨ ਨੇ ਵੀ ਭੱਜ-ਨੱਠ ਕਰਕੇ,ਆਪਣੇ ਕਾਗ਼ਜ਼ ਪੂਰੇ ਕਰਵਾਏ ਅਤੇ ਕੈਨੇਡਾ ਜਾਣ ਲਈ ਤਿਆਰ ਹੋ ਗਿਆ।ਜਾਣ ਤੋਂ ਪਹਿਲਾਂ ਉਹ ਤੇ ਮਨਜੀਤ ਸਾਡੇ ਕੋਲ ਨੀਲੋਖ਼ੇੜੀ ਆਏ। ਮਨਜੀਤ ਅੰਦਰੋਂ ਬਹੁਤ ਹੀ ਉੱਖੜੀ ਉੱਖੜੀ ਤੇ ਉਦਾਸ ਸੀ,ਪਰ ਉੱਪਰੋਂ ਉੱਪਰੋਂ ਗੱਲ ਗੱਲ ਉੱਤੇ ਖ਼ਿਲਖ਼ਲਾਉਂਦੀ ਸੀ। ਉਹਦੇ ਕਹਿਣ ‘ਤੇ ਮੈਂ,ਗੱਲਾਂ ਗੱਲਾਂ ਵਿੱਚ, ਦਰਸ਼ਨ ਨੂੰ ਜਾਣ ਤੋਂ ਵਰਜਿਆ।ਮਲ਼ਵੀਂ ਜਿਹੀ ਜੀਭ ਨਾਲ਼ ਉਸ ਨੇ ਹਾਮੀ ਵੀ ਭਰੀ,ਪਰ ਇੱਕ ਦਿਨ ਉਹ,ਬਿਨਾ ਦੱਸੇ ਹੀ ਉਡਾਰੀ ਮਾਰ ਗਿਆ ਅਤੇ ਖੈਨੇਡਾ ਤੋਂ ਆਇਆ ਉਹਦਾ ਖ਼ਤ ਦੇਖ ਕੇ ਮੈਂ ਦੰਗ ਰਹਿ ਗਿਆ !
ਮਨਜੀਤ ਇਕੱਲੀ ਰਹਿ ਜਾਣ ਕਰਕੇ ਬਹੁਤ ਉਦਾਸ ਸੀ।ਗੋਦ ਸੱਖਣੀ ਹੋਣ ਦਾ ਉਸ ਨੂੰ ਬਹੁਤ ਹੀ ਝੋਰਾ ਸੀ।ਸਾਡੀ ਦੂਜੀ ਬੱਚੀ-ਰੋਹਿਨੀ-ਦੇ ਜਨਮ ਤੋਂ ਬਾਅਦ ਉਹਦਾ ਨਿਹੋਰੇ-ਭਰਿਆ ਖ਼ਤ ਆਇਆ ਕਿ ਅਸੀਂ ਬੇਸ਼ਕ ਉਸ ਨੂੰ ਸੂਚਨਾ ਦੇਣ ਦੀ ‘ਖੇਚਲ਼’ ਨਹੀਂ ਸੀ ਕੀਤੀ,ਪਰ ਉਹਨੂੰ ਇਹ ਖ਼ਬਰ ‘ਕੈਨੇਡਾ ਰਾਹੀਂ’ ਮਿਲ ਗਈ ਸੀ। ਫੇਰ ਦਰਸ਼ਨ ਨੇ ਮਨਜੀਤ ਨੂੰ ਵੀ ਕੈਨੇਡਾ ਬੁਲਾ ਲਿਆਾ।ਉਹ ਛੁੱਟੀ ਲੈ ਕੇ ‘ਸੈਰ ਲਈ’ ਕੈਨੇਡਾ ਚਲੀ ਗਈ। ਇਲਾਜ ਵੀ ਕਰਵਾਇਆ। ਇਸ ਦੇ ਫ਼ਲ-ਸਰੂਪ 24 ਜੂਨ 1974 ਨੂੰ ਉਨ੍ਹਾ ਦੇ ਘਰ ਕਾਕੇ ਪਰਮਿੰਦਰ ਨੇ ਜਨਮ ਲਿਆ ਤਾਂ ਉਨ੍ਹਾ ਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ।ਪਰ ਇਹ ਖ਼ੁਸ਼ੀ ਬਹੁਤੀ ਦੇਰ ਨਾ ਰਹਿ ਸਕੀ। ਮਨਜੀਤ ਨੂੰ ਛਾਤੀਆਂ ਵਿੱਚ ਦਰਦ ਮਹਿਸੂਸ ਹੋਣ ਲੱਗਿਆ।ਕਿਸੇ ਅਦਿੱਖ ਹੋਣੀ ਦੇ ਡਰ ਕਰਕੇ ਜਲਦੀ ਚੈੱਕ-ਅੱਪ ਵੀ ਨਾ ਕਰਵਾਇਆ।ਪਰ ਆਖ਼ਰ ਉਸੇ ਸਾਲ ਨਵੰਬਰ ਵਿੱਚ ਹਸਪਤਾਲ ਜਾ ਕੇ ਵਿਖਾਇਆ ਤਾਂ ਉਹੀ ਹੋਇਆ ਜੀਹਦਾ ਡਰ ਸੀ।ਉਹਨੂੰ ਕੈਂਸਰ ਦੀ ਨਾਮੁਰਾਦ ਡੈਣ ਬੁਰੀ ਤਰਾਂ ਚਿੰਬੜ ਚੁੱਕੀ ਸੀ।ਪਰ ਹਾਲੀਂ ਘਰ ਵਾਲਿਾਆਂ ਨੇ ਉਸ ਨੂੰ ਇਸ ਬਾਰੇ ਦੱਸਿਆ ਨਹੀਂ ਸੀ।
6. ਦਰਸ਼ਨ ਗਿੱਲ ਨੂੰ ਕੈਨੇਡਾ ਖ਼ਬਰ ਮਿਲੀ ਤਾਂ ਉਹ ਹਰਫ਼ਲਿਆ ਹੋਇਆ ਭਾਰਤ ਪਹੁੰਚਿਆ।ਉਹਨੂੰ ਆਪਣਾ ਚਮਨ ਉੱਜੜਦਾ ਹੋਇਆ ਜਾਪ ਰਿਹਾ ਸੀ।ਕੁਝ ਸੁੱਝ ਨਹੀਂ ਸੀ ਰਿਹਾ। ਮਨਜੀਤ ਨੂੰ ਪੀ ਜੀ ਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ।ਦਰਸ਼ਨ ਊਰੀ ਵਾਂਗ ਉੱਧੜਦਾ ਉਹਦੇ ਅੱਗੇ-ਪਿੱਛੇ ਫਿਰ ਰਿਹਾ ਸੀ ਅਤੇ ਉਹਦਾ ਬੁਰਾ ਹਾਲ ਸੀ। ਮੈਂ ਅਤੇ ਮੇਰੀ ਪਤਨੀ ਸੁਰਜੀਤ ,ਮਨਜੀਤ ਦੀ ਖ਼ਬਰ ਲੈਣ ਗਏ।ਉਹਦੇ ਚਿਹਰੇ ਉੱਤੇ ਉਹੀ ਰੌਣਕ ਅਤੇ ਜਲਾਲ ਸੀ-ਜਿਵੇਂ ਕੋਈ ਗੱਲ ਹੀ ਨਹੀਂ ਹੁੰਦੀ।ਦਰਸ਼ਨ ਵਾਰਡ ਤੋਂ ਬਾਹਰ ਆ ਕੇ,ਫੁੱਟ-ਫੁੱਟ ਕੇ ਰੋ ਲੈਂਦਾ ਸੀ ਪਰ ਮਨਜੀਤ ਦੇ ਸਾਹਮਣੇ ਜਾ ਕੇ,ਦਿਲ ਉੱਤੇ ਪੱਥਰ ਅਤੇ ਬੁੱਲ੍ਹਾਂ ਉੱਤੇ ਮੁਸਕਰਾਹਟ ਰੱਖ ਕੇ ਉਹਦਾ ਦਿਲ ਧਰਾਉਂਦਾ ਰਹਿੰਦਾ ਸੀ।ਉਹਦੀਆ ਅੱਖਾਂ ਲਾਲ ਸਨ ਅਤੇ ਸੁੱਜੀਆਂ ਹੋਈਆਂ।ਮੈਂ ਦਰਸ਼ਨ ਨੂੰ ਦਿਲਬਰੀ ਦੇ ਰਿਹਾ ਸਾਂ-ਹੋਰ ਇਸ ਹਾਲਤ ਵਿੱਚ ਕਰ ਵੀ ਕੀ ਸਕਦਾ ਸਾਂ।ਅਸੀਂ ਦੋਵੇਂ ਬੇਵਸੀ ਦੀ ਮੂਰਤ ਬਣੇ ਹੋਏ ਸਾਂ।ਅੰਦਰ ਦੋਵੇਂ ਸਹੇਲੀਆਂ ਉੱਚੀ ਉੱਚੀ ਹੱਸ ਰਹੀਆਂ ਸਨ-ਸੁਆਟਰਾਂ ਦੀਆਂ ਬੁਣਤੀਆਂ,ਜੈਮ ਅਤੇ ਅਚਾਰ ਪਾਉਣ ਦੇ ਢੰਗਾਂ ਤੋਂ ਲੈਕੇ ਆਪੋ ਆਪਣੇ ਪਤੀਆਂ ਦੀਆਂ ਨਿੱਕੀਆਂ-ਮੋਟੀਆਂ ਆਦਤਾਂ ਉੱਤੇ ਟੀਕਾ ਟਿੱਪਣੀ ਕਰ ਰਹੀਆਂ ਸਨ। ਸਿਸਟਰ ਵਾਰ ਵਾਰ ਆ ਕੇ ਉਹਨਾਂ ਨੂੰ ਉੱਚੀ ਬੋਲਣ ਤੋਂ ਮਨ੍ਹਾ ਕਰ ਰਹੀ ਸੀ,ਪਰ ਮਨਜੀਤ ਸ਼ਾਇਦ ਆਪਣੇ ਦਿਲ ਦਾ ਗ਼ੁਬfਰ ਕੱਢ ਹੀ ਲੈਣਾ ਚਾਹੁੰਦੀ ਸੀ। ਉਹ ਆਪਣੇ ਭਵਿੱਖ ਦੀਆਂ ਵਿਉਂਤਾਂ ਬਣਾ ਰਹੀ ਸੀ-ਬਿਲਕੁਲ ਮੌਤ ਦੀ ਦੰਦੀ ਉੱਤੇ ਖੜ੍ਹੀ ਹੋਈ,ਅਗਲੇ ਪਲ ਦੀ ਹੋਣੀ ਤੋਂ ਬੇਖ਼ਬਰ ! ਭਰ ਸਿਆਲ ਦੀ ਰੁੱਤ ਸੀ ਅਤੇ ਬਾਹਰ ਕਾਲ਼ੇ ਬੱਦਲ਼ ਘਿਰ ਆਏ ਸਨ। ਕੜ ਪਾਟਣ ਹੀ ਵਾਲ਼ਾ ਸੀ। ਖ਼ੁਦਾ ਖ਼ੈਰ ਕਰੇ,ਮੈਂ ਸੋਚਿਆ ਤੇ ਮੇਰਾ ਦਿਲ ਦਹਿਲ ਗਿਆ !
ਪੀ. ਜੀ. ਆਈ. ਨੇ ਜੁਆਬ ਦੇ ਦਿੱਤਾ ਤਾਂ ਦਰਸ਼ਨ ਅੱਕੀਂ-ਪਲਾਹੀਂ ਹੱਥ ਮਾਰਨ ਲੱਗ ਪਿਆ।ਦੇਸੀ ਇਲਾਜ ਕਰਵਾਉਂਦਾ ਰਿਹਾ ਪਰ ਹੋਣੀ ਨੂੰ ਟਾਲ਼ ਨਾ ਸਕਿਆ। 22 ਜੁਲਾਈ 1975 ਨੂੰ ਮਨਜੀਤ ਦਾ ਹਾਸਾ ਸਦਾ ਲਈ ਬੰਦ ਹੋ ਗਿਆ। ਸਿਰਫ਼ ਵਰ੍ਹਿਆਂ ਦੀ ਵਿੱਥ ਤੋਂ ਹੁਣ ਚਾਂਦੀ ਦੇ ਘੁੰਗਰੂਆਂ ਦੀ ਛਣਕਾਰ ਬਾਕੀ ਹੈ,ਮ੍ਰਿਗ-ਤ੍ਰਿਸ਼ਨਾ ਵਾਂਗ ! ਦਰਸ਼ਨ ਨੇ ਲਿਖਿਆ-
ਗ਼ਮ ਤੇਰੇ ਮੈਨੂੰ ਜਲਾਇਆ ਰਾਤ-ਦਿਨ
ਕਿੱਸਾ ਜੋ ਮੇਰਾ ਪੜ੍ਹੇਗਾ,ਓਹ ਯਾਦ ਤੈਨੂੰ ਕਰੇਗਾ।
ਮਨਜੀਤ ਦੀ ਯਾਦ ਵਿੱਚ ਦਰਸ਼ਨ ਨੇ 1980 ਵਿੱਚ ‘ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ,ਕੈਨੇਡਾ’ ਦੀ ਸਥਾਪਨਾ ਕੀਤੀ।ਗੁਰਚਰਨ ਰਾਮਪੁਰੀ ਨੂੰ ਇਸ ਟਰੱਸਟ ਦਾ ਪ੍ਰਧਾਨ ਬਣਾਇਆ ਗਿਆ। ਗੁਰਬਚਨ ਸਿੰਘ ਭੁੱਲਰ ਇਸ ਦੇ ਮੀਤ-ਪ੍ਰਧਾਨ ਅਤੇ ਦਰਸ਼ਨ ਗਿੱਲ ਸਕੱਤਰ ਬਣਾਏ ਗਏ।ਜਗਤਾਰ ਢਾਅ ਅਤੇ ਦਰਸ਼ਨ ਨੱਤ ਇਸ ਦੇ ਮੈਂਬਰ ਸਨ। ਬਾਅਦ ਵਿੱਚ ਹਰਭਜਨ ਹਲਵਾਰਵੀ ਅਤੇ ਰਘਬੀਰ ਸਿੰਘ ਸਿਰਜਣਾ ਵੀ ਟਰੱਸਟ ਨਾਲ ਸਬੰਧਤ ਰਹੇ। ਟਰੱਸਟ ਹਰ ਸਾਲ ਪੰਜਾਬੀ ਦੇ ਚੋਣਵੇੰ ਸਾਹਿਤਕਾਰਾਂ ਨੂੰ ਉਹਨਾਂ ਦੀ ਸਮੁੱਚੀ ਘਾਲਣਾ ਲਈ ਪੁਰਸਕਾਰ ਦੇ ਕੇ ਸਨਮਾਨਿਤ ਕਰਦਾ ਰਿਹਾ ਹੈ।ਪਹਿਲਾ ਪੁਰਸਕਾਰ ਪੰਜਾਬੀ ਸਾਹਿਤ ਦੇ ‘ਬਾਬਾ ਬੋਹੜ’ ਸੰਤ ਸਿੰਘ ਸੇਖੋਂ ਹੋਰਾਂ ਨੂੰ ਅਤੇ ਅੰਤਿਮ ਪੁਰਸਕਾਰ ਸੁਖ਼ਦੇਵ ਮਾਦਪੁਰੀ ਹੁਰਾਂ ਨੂੰ ਦਿੱਤਾ ਗਿਆ। ਪੁਰਸਕਾਰ ਪ੍ਰਾਪਤ ਕਰਨ ਵਾਲੇ ਹੋਰ ਲੇਖ਼ਕਾਂ ਵਿੱਚ ਗਿਆਨੀ ਕੇਸਰ ਸਿੰਘ,ਸੋਹਣ ਸਿੰਘ ਜੋਸ਼,ਸੰਤੋਖ਼ ਸਿੰਘ ਧੀਰ,ਗੁਰਸ਼ਰਨ ਸਿੰਘ,ਸੁਜਾਨ ਸਿੰਘ,ਦੇਵਿੰਦਰ ਸਤਿਆਰਥੀ,ਪਾਸ਼,ਰਘਬੀਰ ਢੰਡ,ਪ੍ਰੀਤ-ਲੜੀ,ਪਿਆਰਾ ਸਿੰਘ ਸਹਿਰਾਈ,ਵਣਜਾਰਾ ਬੇਦੀ,ਵਰਿਆਮ ਸਿੰਘ ਸੰਧੂ,ਹਰੀ ਸਿੰਘ ਦਿਲਬਰ,ਅਜਮੇਰ ਔਲਖ,ਡਾ ਹਰਿਭਜਨ ਸਿੰਘ,ਡਾ ਜਗਤਾਰ,ਸੁਰਜੀਤ ਪਾਤਰ,ਸੁਖ਼ਵੰਤ ਕੌਰ ਮਾਨ,ਗੁਰਚਰਨ ਰਾਮਪੁਰੀ,ਤੇਰਾ ਸਿੰਘ ਚੰਨ,ਕਿਰਪਾਲ ਸਿੰਘ ਕਸੇਲ,ਅਜਾਇਬ ਚਿੱਤ੍ਰਕਾਰ,ਗ਼ੁਲਜ਼ਾਰ ਸਿੰਘ ਸੰਧੂ,ਬਚਿੰਤ ਕੌਰ,ਡਾ ਹਰਚਰਨ ਸਿੰਘ,ਜਗਜੀਤ ਸਿੰਘ ਆਨੰਦ,ਕਿਰਪਾਲ ਕਜ਼ਾਕ ਅਤ ਗੁਰਦੇਵ ਰੁਪਾਣਾ ਸ਼ਾਮਲ ਹਨ।
ਮਨਜੀਤ ਯਾਦਗਾਰੀ ਪੁਰਸਕਾਰ ਸਥਾਪਤ ਕਰ ਕੇ ਦਰਸ਼ਨ ਗਿੱਲ ਜਿਵੇਂ ਉਸ ਦੀ ਯਾਦ ਨੂੰ ਸੱਜਰੀ ਰਖਦਾ ਰਿਹਾ ,ਇਹ ਉਸਦਾ ਹੀ ਜੇਰਾ ਸੀ,ਨਹੀਂ ਤਾਂ ਆਪਣੇ ਹੀ ਅੱਲ੍ਹੇ ਜ਼ਖ਼ਮਾਂ ਨੂੰ ਹਰ ਵਰ੍ਹੇ ਉਚੇੜਨਾ ਕੋਈ ਸੌਖਾ ਨਹੀਂ ਹੁੰਦਾ।ਇਸ ਪੁਰਸਕਾਰ ਨੂੰ ਪਰਾਪਤ ਕਰਨ ਵਾਲੇ ਸਾਹਿਤਕਾਰਾਂ ਦੀ ਮਹਾਨਤਾ ਦੇ ਜਲੌਅ ਨਾਲ ਮਨਜੀਤ ਦੀ ਯਾਦ ਦਾ ਕੱਦ-ਬੁੱਤ ਹਰ ਵਰ੍ਹੇ ਹੋਰ ਵੀ ਉਚੇਰਾ ਹੁੰਦਾ ਜਾਪਦਾ ਰਿਹਾ !
ਬੇਟੇ ਪੰਮੀ ਦੀ ਸੰਭਾਲ ਦਾ ਵਾਸਤਾ ਪਾ ਕੇ,ਘਰਦਿਆਂ ਵੱਲੋਂ ਬਹੁਤ ਜ਼ੋਰ ਪਾਏ ਜਾਣ ‘ਤੇ ਦਰਸ਼ਨ ਗਿੱਲ ਦੀ ਦੂਸਰੀ ਸ਼ਾਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭੇ, ਬੀਬੀ ਚਰਨਜੀਤ ਨਾਲ ਹੋਈ। ਉਹ ਬਹੁਤ ਹੀ ਠਰ੍ਹੰਮੇ ਵਾਲੇ, ਸ਼ਾਤ ‘ਤੇ ਸਾਊ ਸੁਭਾਅ ਦੇ ਹਨ।
7. ਦਰਸ਼ਨ ਦੇ ਬੇਬੇ ਜੀ (ਜਿਵੇਂ ਆਮ ਹੀ ਸੱਸਾਂ ਦੀ ਆਦਤ ਹੁੰਦੀ ਹੈ ) ਜੇ ਵੱਧ-ਘੱਟ ਵੀ ਬੋਲਦੇ ਤਾਂ ਉਹ ਚੁੱਪ ਕਰ ਰਹਿੰਦੇ ਰਹੇ ਹਨ। ਦਰਸ਼ਨ ਦੀ ਆਦਤ ਸੀ ਕਿ ਉਹ ਇੰਡੀਆ ਤੋਂ ਆਏ ਹਰ ਪੰਜਾਬੀ ਲੇਖ਼ਕ ਨੂੰ ਆਪਣੇ ਘਰ ਠਹਿਰਨ ਲਈ ਜ਼ੋਰ ਪਾਉਂਦਾ। ਚਰਨਜੀਤ ਹੋਰੀਂ ਹਰ ਮਹਿਮਾਨ ਦੀ ਖ਼ਾਤਰਦਾਰੀ ਮੱਥੇ ਵੱਟ ਪਾਏ ਬਗ਼ੈਰ ਕਰਦੇ ਰਹੇ। ਕਈ ਸੱਜਣ ਮਹੀਨਿਆਂ ਬੱਧੀ ਵੀ ਉਨ੍ਹਾ ਦੇ ਘਰ ਟਿਕੇ ਰਹੇ ਹਨ ਪਰ ਕਿਸੇ
ਇੱਕ ਨੂੰ ਵੀ ਉਹਨਾ ਨੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ।ਦੂਜੇ ਵਿਆਹ ਤੋਂ ਦਰਸ਼ਨ ਹੁਰਾਂ ਦੇ ਘਰ ਬੇਟੀ ਸ਼ੰਮੀ ਅਤੇ ਬੇਟੇ ਰੰਮੀ ਨੇ ਜਨਮ ਲਿਆ। ਸਭ ਤੋਂ ਵੱਡੇ ਬੇਟੇ ਪੰਮੀ ਦਾ ਵੀ ਚਰਨਜੀਤ ਹੁਰਾਂ ਨਾਲ ਅੰਤਾਂ ਦਾ ਮੋਹ ਹੈ।
ਰੀਟਾਇਰ ਹੋਣ ਤੋਂ ਬਾਅਦ ਮੈਂ 2003 ਵਿੱਚ ਵੱਡੀ ਬੇਟੀ ਕੋਲ ਕੈਲੀਫ਼ੋਰਨੀਆ (ਅਮਰੀਕਾ) ਪਹੁੰਚਿਆ ਤਾਂ ਦਰਸ਼ਨ ਨੂੰ ਜਿਵੇਂ ਅੰਤਾਂ ਦਾ ਚਾਅ ਚੜ੍ਹ ਗਿਆ। ਮਸਾਂ ਮਸਾਂ ਅਸੀਂ ਦੋਵੇਂ ਇੱਕ ਦੂਜੇ ਦੈ ‘ਗੁਆਂਢੀ’ ਬਣੇ ਸਾਂ। ਸਾਨ=ਫ਼ਰਾਂਸਿਸਕੋ ਤੌਂ ਵੈਨਕੂਵਰ ਦੂਰ ਹੀ ਕਿੰਨਾ ਸੀ !ਮੈਨੂੰ ਅਮਰੀਕਾ ਆਇਆਂ ਹਾਲੇ ਕੁੱਲ ਤਿੰਨ ਦਿਨ ਹੀ ਹੋਏ ਸਨ ਕਿ ਉਸ ਵੱਲੋਂ ਮੈਨੂੰ ਵੈਨਕੂਵਰ ਵਿੱਚ ਹੋਣ ਵਾਲੀ ‘ਵਿਸ਼ਵ ਪੰਜਾਬੀ ਕਾਨਫ਼ਰੰਸ’ ਵਿੱਚ ਸ਼ਾਮਲ ਹੋਣ ਦਾ ‘ਹੁਕਮਨਾਮਾ’ ਆ ਗਿਆ। ਮੈਂ ਹਾਲੇ ਆਪਣੇ ਘਰ ਦੇ ਆਲੇ-ਦੁਆਲੇ ਤੋਂ ਵੀ ਪੂਰੀ ਤਰ੍ਹਾਂ ਵਾਕਫ਼ ਨਹੀਂ ਸੀ ਹੋਇਆ। ਇਸ ਬੇਗਾਨੇ ਦੇਸ਼ ਤੋਂ ਅਗਲੇ ‘ਹੋਰ ਵੀ ਬੇਗਾਨੇ’ ਮੁਲਕ ਨੂੰ ਤੁਰਨਾ-ਮੈਨੂੰ ਜਿਵੇਂ ‘ਡਰ ਜਿਹਾ” ਮਹਿਸੂਸ ਹੋਇਆ।ਮੈਨੂੰ ਤਾਂ ਹਾਲੇ ਗਰੀਨ-ਕਾਰਡ ਵੀ ਨਹੀਂ ਸੀ ਮਿਲਿਆ।ਹਾਂ ਪਾਸਪੋਰਟ ਵਿੱਚ ਐਂਟਰੀ ਕਰਕੇ ਗਰੀਨ-ਕਾਰਡ ਜਲਦੀ ਮਿਲ ਜਾਣ ਦਾ ਭਰੋਸਾ ਦੁਆ ਦਿੱਤਾ ਗਿਆ ਸੀ। ਦਰਸ਼ਨ ਨੇ ਮੈਨੂੰ ਹੌਸਲਾ ਦੇ ਕੇ ਕਿਹਾ ਕਿ ਸਾਨ ਫ਼ਰਾਂਸਿਸਕੋ ਤੋਂ ਸਿਆਟਲ ਤੱਕ ਮੈਂ ਜਹਾਜ਼ ਤੇ ਆ ਜਾਵਾਂ। ਅੱਗੇ ਵੈਨਕੂਵਰ ਵਾਲੀ ਬੱਸ ਤਿਆਰ ਮਿਲੇਗੀ।ਰਸਤੇ ਦੀ ਬੇਮਿਸਾਲ ਖ਼ੂਬਸੂਰਤੀ ਦਾ ਅਨੰਦ ਮਾਣਦਾ ਹੋਇਆ,ਅਮਰੀਕਾ-ਕੈਨੇਡਾ ਬਾਰਡਰ ਕਰਾਸ ਕਰ ਕੇ ਮੈਂ ਵੈਨਕੂਵਰ ਪਹੁੰਚ ਜਾਵਾਂ। ਬੱਸ ਸਟਾਪ ਤੋਂ ਉਹ ਮੈਨੂੰ ਲੈ ਲਵੇਗਾ।ਇਸ ਕਾਨਫ਼ਰੰਸ ਵਿੱਚ ਬਹੁਤ ਸਾਰੇ ਭੁੱਲੇ-ਭਟਕੇ ਦੋਸਤਾਂ ਨਾਲ ਮੁਲਾਕਾਤ ਹੋਈ। ਕਈਆਂ ਨੂੰ ਮਿਲਿਆਂ ਤਾਂ ਚੌਥਾਈ ਸਦੀ ਤੋਂ ਵੀ ਵੱਧ ਸਮਾਂ ਹੋ ਗਿਆ ਸੀ। ਪ੍ਰਬੰਧਕਾਂ ਲਈ ਇਹ ਤੈਅ ਕਰਨਾ ਮੁਸ਼ਕਲ ਹੋ ਰਿਹਾ ਸੀ ਕਿ ਮੈਨੂੰ ਇੰਡੀਆ ਦੇ ਪੰਜਾਬੀ ਲੇਖ਼ਕਾਂ ਵਿੱਚ ਸ਼ਾਮਲ ਕੀਤਾ ਜਾਵੇ ਜਾਂ ਅਮਰੀਕਾ ਤੋਂ ਆਏ ਪੰਜਾਬੀ ਲੇਖ਼ਕਾਂ ਵਿੱਚ।ਦਰਸ਼ਨ ਤੇ ਉਸ ਦੇ ਸਹਿਯੋਗੀਆਂ ਦੀ ਅਣਥੱਕ ਮਿਹਨਤ ਸਦਕਾ ਇਹ ਕਾਨਫ਼ਰੰਸ ਅਤਿਅੰਤ ਸਫ਼ਲਤਾ ਨਾਲ ਨੇਪਰੇ ਚੜ੍ਹੀ।
1958 ਵਿੱਚ ਸ਼ੁਰੂ ਹੋਈ ਸਾਡੀ ਇਸ ਦੋਸਤੀ ਨੇ 2008 ਵਿੱਚ ਪੰਜਾਹ ਸਾਲ ਪੂਰੇ ਕਰ ਲਏ ਤਾਂ ਸਾਨੂੰ ਅਥਾਹ ਖ਼ੁਸ਼ੀ ਹੋਈ। ਜੀਵਨ ਵਿੱਚ ਬਹੁਤ ਸਾਰੇ ਦੋਸਤ ਬਣਦੇ ਤੇ ਵਿੱਛੜਦੈ ਰਹੇ ਪਰ ਏਨੀ ਦੇਰ ਕਿਸੇ ਨਾਲ ਨਿਭ ਨਹੀਂ ਸਕੀ। ਬਹੁਤ ਵਾਰ ਅਸੀਂ ਸਾਲਾਂ ਬੱਧੀ ਇੱਕ ਦੂਜੇ ਨੂੰ ਮਿਲਣਾ ਤਾਂ ਦੂਰ ਦੀ ਗੱਲ,ਫ਼ੋਨ ਤੱਕ ਵੀ ਨਹੀਂ ਸੀ ਕਰਦੇ।ਬੱਸ ਇੱਕ ਧਰਵਾਸ ਜਿਹਾ ਹੁੰਦਾ ਸੀ ਕਿ ਫ਼ੋਨ ਨਹੀਂ ਆਇਆ ਤਾਂ ਇਸ ਦਾ ਮਤਲਬ ਸਭ ਕੁਝ ਠੀਕ-ਠਾਕ ਹੈ।ਪਤਾ ਹੁੰਦਾ ਸੀ ਕਿ ਕੋਈ ਐਸਾ ਹੈ ਦੁਨੀਆਂ ਵਿੱਚ ਜੋ ਤੁਹਾਨੂੰ ‘ਸਮਝਦਾ’ ਹੈ। ਦਰਸ਼ਨ ਦੋਸਤੀ ਦੀ ਪੰਜਾਹਵੀਂ ਵਰ੍ਹੇ-ਗੰਢ ਮਨਾਉਣ ਮੇਰੇ ਕੋਲ ਕੈਲੀਫ਼ੋਰਨੀਆ ਆਇਆ। ਉਸ ਤੋਂ ਸਾਡੀ ਇਸ ‘ਅਦੁੱਤੀ’ ਦੋਸਤੀ ਦੀ ਖ਼ੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਜਿਸ ਕਿਸੇ ਨੂੰ ਵੀ ਮਿਲ਼ਦਾ,ਸਾਡੀ ਇਸ ਦੋਸਤੀ ਦੀ ਪੰਜਾਹਵੀਂ ਵਰ੍ਹੇ-ਗੰਢ ਦੀ ਕਹਾਣੀ ਜ਼ਰੂਰ ਪਾਉਂਦਾ। ਇੰਨ੍ਹੀ ਦਿਨੀ ਲਿਖੀ ਮੇਰੀ ਇੱਕ ਗ਼ਜ਼ਲ ਦਾ ਸ਼ਿਅਰ ਹੈ-
ਯਾਰ ਹੋਣਗੇ ਮਿਲ ਜਾਵਣਗੇ,ਭੁੱਲ-ਭੁਲੇਖ਼ੇ ਰਾਹਾਂ ‘ਤੇ-
ਯਾਰਾਂ ਨਾਲ ਬਹਾਰਾਂ ਨੂੰ ਇੰਝ ਦਿਲ ਤੋਂ ਨਹੀਂ ਭੁਲਾਈ ਦਾ।
ਦਰਸ਼ਨ ਦਾ ਇੱਕ ਵਾਰ ਅਚਾਨਕ ਫ਼ੋਨ ਆਇਆ ਕਿ ਉਹ ਹਸਪਤਾਲ ਵਿੱਚ ਦਾਖ਼ਲ ਹੈ।ਕਾਰਨ ਪੁੱਛਿਆ ਤਾਂ ਕਹਿਣ ਲੱਗਿਆ ‘ਕੋਈ ਐਡੀ ਖ਼ਾਸ ਗੱਲ ਨਹੀਂ। ਉਪਰੇਸ਼ਨ ਕਰ ਕੇ ਇੱਕ ਗ਼ੁਰਦਾ,ਜੋ ਕੈਂਸਰ ਹੋਣ ਕਾਰਨ ਖ਼ਰਾਬ ਸੀ,ਕੱਢ ਦਿੱਤਾ ਗਿਐ। ਹੁਣ ਕੋਈ ਖ਼ਤਰਾ ਨਹੀਂ।‘ ਉਸ ਤੋਂ ਬਾਅਦ ਆਮ ਵਾਂਗ ਇੰਡੀਆ ਦਾ ਚੱਕਰ ਮਾਰ ਕੇ ‘ਮਨਜੀਤ ਯਾਦਗਾਰੀ ਪੁਰਸਕਾਰ ਸਮਾਗ਼ਮ’ ਵੀ ਕਰ ਗਿਆ। ਪਰ ਕੈਂਸਰ ਵਰਗੀ ਭਿਆਨਕ ਬਿਮਾਰੀ ਕਿੱਥੇ ਖਹਿੜਾ ਛਡਦੀ ਹੈ। ਫੇਫੜਿਆਂ ਤੇ ਅਟੈਕ ਹੋ ਗਿਆ ਤਾਂ ਕਈ ਵਾਰ ਹਸਪਤਾਲ ਜਾਂਦਾ ਆਉਂਦਾ ਰਿਹਾ। ਮਨਜੀਤ ਦੀ ਇਸੇ ਬਿਮਾਰੀ ਨਾਲ ਹੋਈ ਮੌਤ ਕਾਰਨ ਉਸ ਨੂੰ ਬੇਸ਼ਕ ਅੰਦਰ ਹੀ ਅੰਦਰ ਆਉਣ ਵਾਲੀ ਹੋਣੀ ਦਾ ਆਭਾਸ ਹੋ ਗਿਆ ਹੋਵੇਗਾ,ਪਰ ਅਸ਼ਕੇ ਉਸ ਸੂਰਮੇ ਦੇ ਜੇਰੇ ਦੇ-ਕਦੇ ਵੀ ਉਦਾਸੀ ਵਾਲੀ ਕੋਈ ਗੱਲ ਜ਼ਬਾਨ ‘ਤੇ ਨਹੀਂ ਲਿਆਂਦੀ। ਟੀ ਵੀ ‘ਤੇ ਇੰਟਰਵਿਊ ਹੋਈ ਤਾਂ ਵੀ ਉਸ ਨੇ 8. ਮਿਸਾਲੀ ਵਿਲ-ਪਾਵਰ ਦਿਖਾਈ। ਅੰਤਮ ਚਲਾਣੇ ‘ਤੋਂ ਤਿੰਨ ਕੁ ਮਹੀਨੇ ਪਹਿਲਾਂ ਫ਼ੋਨ ‘ਤੇ ਹੋਈ ਇੱਕ ਗੱਲ-ਬਾਤ ਵਿੱਚ ਮੇਰੀ ਪਤਨੀ ਸੁਰਜੀਤ ਨੂੰ ਕਹਿਣ ਲੱਗਾ,” ਲੱਡੂ ਮੰਗਾ ਕੇ ਖਾ ਲਓ ਭੈਣ ਜੀ,ਡਾਕਟਰ ਨੇ ਕਹਿ ਦਿੱਤੈ ਅਜੇ ਚਾਰ ਪੰਜ ਸਾਲ ਹੋਰ ਕਿਧਰੇ ਨਹੀਂ ਜਾਂਦੇ ।“
ਜਿਸ ਧਜ ਸੇ ਕੋਈ ਮਕਤਲ ਮੇਂ ਗਿਆ,ਵੋਹ ਸ਼ਾਨ ਸਲਾਮਤ ਰਹਿਤੀ ਹੈ,
ਯੇਹ ਜਾਨ ਤੋ ਆਨੀ-ਜਾਨੀ ਹੈ,ਇਸ ਜਾਂ ਕੀ ਤੋ ਕੋਈ ਬਾਤ ਨਹੀਂ।
ਦਰਸ਼ਨ ਦੇ ਤਾਂ ਕਈ ਨਿੱਘੇ ਦੋਸਤ ਸਨ,ਪਰ ਮੇਰੇ ਸਿਰਫ਼ ਦੋ-ਅਵਤਾਰ ਟੱਲੇਵਾਲੀਆ ਤੇ ਦਰਸ਼ਨ ਗਿੱਲ। ਅਵਤਾਰ ਚੜ੍ਹਦੀ ਜੁਆਨੀ ਵਿੱਚ ਹੀ ਵਿਛੋੜਾ ਦੇ ਗਿਆ। ਉਦੋਂ ਉਸਦੀ ਸ਼ੋਕ-ਸਭਾ ਵਿੱਚ ਬੋਲਦਿਆਂ ਮੈਂ ਕਿਹਾ ਸੀ-
“ ਮੇਰੇ ਦੋ ਹੀ ਨਿੱਘੇ ਦੋਸਤ ਸਨ,ਮੇਰੀ ਸੱਜੀ ਤੇ ਖ਼ੱਬੀ ਬਾਂਹ ਵਰਗੇ। ਇੱਕ ਕੈਨੇਡਾ ਤੁਰ ਗਿਐ ਤੇ ਦੂਜਾ ਅਗਲੇ ਜਹਾਨ। ਮੈਨੂੰ ਲਗਦੈ ਮੇਰੀ ਇੱਕ ਬਾਂਹ ਵੱਢੀ ਗਈ ਹੈ ‘ਤੇ ਦੂਜੀ ਟੁੱਟ ਗਈ ਹੈ !”
ਦਰਸ਼ਨ ਦੇ ਜਾਣ ਨਾਲ ਮੇਰੀ ‘ਟੁੱਟੀ ਹੋਈ ਬਾਂਹ’ ਵੀ ਵੱਢੀ ਗਈ ਹੈ-
“ਤੁਮ ਨਾ ਜਾਨੇ ਕਿਸ ਜਹਾਂ ਮੇ ਖ਼ੋ ਗਏ-
ਹਮ ਭਰੀ ਦੁਨੀਆਂ ਮੇਂ ਤਨਹਾ ਹੋ ਗਏ।“
8.

(1211,Sector-10,Urban Estate,AMBALA CITY (Haryana)-134 003,INDIA )
(6591,Mirabeau Dr.,NEWARK CA 94560, U.S.A. )

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346