Welcome to Seerat.ca
Welcome to Seerat.ca

ਪਹਿਲਵਾਨ ਦਾਰਾ ਸਿੰਘ ਧਰਮੂਚੱਕੀਆ

 

- ਪ੍ਰਿੰ. ਸਰਵਣ ਸਿੰਘ

ਬੱਸ ਦੀ ਇੱਕ ਸਵਾਰੀ
ਕੁਲਦੀਪ ਸਿੰਘ ਨੂੰ ਯਾਦ ਕਰਦਿਆਂ

 

- ਕੁਲਵਿੰਦਰ ਖਹਿਰਾ

ਇਹ ਸੂਰਜ ਕਦੇ ਅਸਤ ਨਹੀਂ ਹੋਵੇਗਾ

 

- ਸਾਹਿਬ ਸਿੰਘ

ਸ਼ਬਦ-ਚਿੱਤਰ : ‘ਓਲ਼ਡ ਮੈਨ’ ਦਾ ਲੰਗੋਟੀਆ

 

- ਦਰਸ਼ਨ ਨੱਤ

ਹਵਾ

 

- ਹਰਜੀਤ ਅਟਵਾਲ

ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ

 

- ਜਸਪਾਲ ਜੱਸੀ

ਵਗਦੀ ਏ ਰਾਵੀ / ਸਾਡੇ ਵਿਚਕਾਰ ਕੌਣ ਖੜੋਤਾ ਹੈ

 

- ਵਰਿਆਮ ਸਿੰਘ ਸੰਧੂ

ਮੇਰੀ ਖੇਡ ਲੇਖਣੀ ਦੀ ਮੈਰਾਥਨ

 

- ਪ੍ਰਿੰ. ਸਰਵਣ ਸਿੰਘ

ਹਿੰਦੀ ਕਹਾਣੀ / ਆਵਰਣ

 

- ਉਦੈ ਪ੍ਰਕਾਸ਼

ਭਾਵਨਾਵਾਂ ਦੇ ਵੇਗ …!

 

- ਡਾ.ਸੁਰਿੰਦਰ ਮੰਡ

ਕਹਾਣੀ / ਮੈਂ ਇੰਡੀਆ ਜਾਣਾ ! ਪਲੀਜ਼

 

- ਸੁਖਵੀਰ ਸਿੰਘ ਸੰਧੂ ਪੈਰਿਸ

ਮੇਰੇ ਪਿੰਡ ਦੇ ਬੱਸ ਅੱਡੇ ਦੀ ਸਿਆਸਤੀ ਰੌਂਣਕ

 

- ਹਰਮੰਦਰ ਕੰਗ

ਪੌਲਿਟਿਕਲ ਆਟੋਮੇਸ਼ਨ

 

- ਗੁਰਜੀਤ ਸਿੰਘ

ਇੱਕ ਦਿਲਚਸਪ ਪੁਸਤਕ-‘ਜੋ ਵੇਖਿਆ ਸੋ ਆਖਿਆ‘

 

- ਨਿੰਦਰ ਘੁਗਿਆਣਵੀ

ਵਿਸਰਦਾ ਵਿਰਸਾ
ਪੱਖੀ

 

- ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਦੋ ਕਵਿਤਾ

 

- ਮਲਕੀਅਤ” ਸੁਹਲ”

ਇਕ ਕਵਿਤਾ / ਉਡੀਕ

 

- ਦਿਲਜੋਧ ਸਿੰਘ

ਅੱਖਾਂ ਥੱਕ ਗਈਆਂ ਤੱਕ ਤੱਕ ਰਾਹ ਸੱਜਣਾ!

 

- ਸੰਤੋਖ ਸਿੰਘ

ਇੱਕ ਸੀ ਸਾਡਾ ਭਾਅਜੀ ਤੇ ਤੁਹਾਡਾ ਭਾਈ ਮੰਨਾ ਸਿੰਘ

 

- ਹੀਰਾ ਰੰਧਾਵਾ

ਮੇਰੇ ਪੁੱਤਰੋ! ਮੈਂ ਜਿਉਨਾਂ ਵਾਂ

 

- ਕੁਲਵਿੰਦਰ ਖਹਿਰਾ

ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ!!

 

- ਕੁਲਵਿੰਦਰ ਖਹਿਰਾ

 

ਵਗਦੀ ਏ ਰਾਵੀ
ਸਾਡੇ ਵਿਚਕਾਰ ਕੌਣ ਖੜੋਤਾ ਹੈ

- ਵਰਿਆਮ ਸਿੰਘ ਸੰਧੂ

 

ਅਸੀ ‘ਵਿਲੇਜ ਰੈਸਟੋਰੈਂਟ’ ਦਾ ਚੱਕਰ ਲਾ ਕੇ ਪਰਤ ਵੀ ਆਏ ਸਾਂ ਪਰ ਅਜੇ ਸਭਿਆਚਾਰ ਪ੍ਰੋਗਰਾਮ ਸ਼ੁਰੂ ਨਹੀਂ ਸੀ ਹੋਇਆ। ਹੋਰ ਤਾਂ ਹੋਰ ਅੰਦਰਲੇ ਹਾਲ ਦਾ ਤਾਂ ਅਜੇ ਤਕ ਦਰਵਾਜ਼ਾ ਵੀ ਨਹੀਂ ਸੀ ਖੁੱਲ੍ਹਾ। ਬਾਹਰ ਲੋਕਾਂ ਦੀ ਇਕ ਵੱਡੀ ਭੀੜ ਸੀ। ਏਨੀ ਭੀੜ ਦਾ ਤਾਂ ਛੋਟੇ ਜਿਹੇ ਹਾਲ ਵਿਚ ਸਮਾ ਸਕਣਾ ਵੀ ਨਾਮੁਮਕਿਨ ਸੀ। ਕਿਸੇ ਪ੍ਰਬੰਧਕ ਨੇ ਹੌਲੀ ਜਿਹੀ ਮੇਰੇ ਕੰਨ ਵਿਚ ਕਿਹਾ, ‘‘ਤੁਸੀਂ ਖੱਬੇ ਰੁਖ਼ ਹੋ ਕੇ ਹੋਟਲ ਦੇ ਪਿਛਲੇ ਹਿੱਸੇ ਵੱਲ ਜਾ ਕੇ ਪਿਛਲੇ ਦਰਵਾਜ਼ੇ ਰਾਹੀਂ ਹਾਲ ਵਿਚ ਚਲੇ ਜਾਓ। ਭੀੜ ਤੋਂ ਬਚਾ ਕਰਨ ਲਈ ਅਸੀਂ ਇਹੋ ਹੀ ਤਰੀਕਾ ਅਖ਼ਤਿਆਰ ਕੀਤਾ ਹੈ।’’
ਇੰਜ ਭਾਰਤੀ ਡੈਲੀਗੇਟਾਂ ਨੂੰ ਹੌਲੀ ਹੌਲੀ ਗੁਪਤ ਤੌਰ ‘ਤੇ ਸੂਚਿਤ ਕੀਤਾ ਜਾਣ ਲੱਗਾ। ਅਸੀਂ ਛੇਤੀ ਛੇਤੀ ਹਾਲ ਦੇ ਪਿਛਲੇ ਦਰਵਾਜ਼ੇ ਵਿਚੋਂ ਅੰਦਰ ਦਾਖ਼ਲ ਹੋਏ। ਹਾਲ ਦੀਆਂ ਕੰਧਾਂ ਦੇ ਨਾਲ, ਸਟੇਜ ਵਾਲੇ ਪਾਸੇ ਨੂੰ ਛੱਡ ਕੇ, ਮਹਿਮਾਨਾਂ ਵਾਸਤੇ ਅੱਗੜ-ਪਿੱਛੜ ਕੁਰਸੀਆਂ ਦੀਆਂ ਦੋ ਕਤਾਰਾਂ ਤਿੰਨੀਂ ਪਾਸੀਂ ਲਾਈਆਂ ਹੋਈਆਂ ਸਨ। ਅਗਲੇ ਵਿਹੜੇ ਵਿਚੋਂ ਕੁਰਸੀਆਂ ਚੁੱਕ ਕੇ ਕਾਲੀਨ ਵਿਛਾ ਦਿੱਤੇ ਗਏ ਸਨ ਤਾਂ ਕਿ ਜਿ਼ਆਦਾ ਬੰਦੇ ਬਹਿ ਸਕਣ। ਅਸੀਂ ਹਾਲ ਦੇ ਸੱਜੇ ਹੱਥ ਪਿਛਲੀ ਨੁੱਕਰ ਵਿਚ ਡੱਠੀਆਂ ਕੁਰਸੀਆਂ ‘ਤੇ ਟਿਕ ਗਏ। ਕੁਝ ਹੀ ਮਿੰਟਾਂ ਵਿਚ ਹਾਲ ਖਚਾ-ਖਚ ਭਰ ਗਿਆ। ਭਾਵੇਂ ਕਿੰਨਾ ਵੀ ਚੁਪਕੇ ਜਿਹੇ ਪਿਛਲੇ ਦਰਵਾਜ਼ੇ ਵਿਚੋਂ ਦਾਖ਼ਲ ਹੋਣ ਦਾ ਫ਼ੈਸਲਾ ਲਿਆ ਗਿਆ ਸੀ ਪਰ ਫਿਰ ਵੀ ਲੋਕਾਂ ਨੂੰ ਇਧਰਲੇ ਪਾਸੇ ਕਿਰਨ ਮਕਿਰਨੀ ਤੁਰਦਿਆਂ ਵੇਖ ਆਮ-ਲੋਕਾਂ ਨੂੰ ਭਲਾ ਕਿਵੇਂ ਨਾ ਪਤਾ ਲੱਗਦਾ। ਉਨ੍ਹਾਂ ਨੇ ਵੀ ਹਾਲ ਵਿਚ ਦਾਖ਼ਲ ਹੋਣ ਦੀ ਜਿ਼ਦ ਕੀਤੀ ਪਰ ਕੇਵਲ ਡੈਲੀਗੇਟਾਂ ਵਾਸਤੇ ਪ੍ਰੋਗਰਾਮ ਹੋਣ ਦਾ ਵਾਸਤਾ ਪਾ ਕੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਵਾਪਸ ਕੀਤਾ। ਇਸ ਦੇ ਬਾਵਜੂਦ ਕਈ ਜਣੇ ਧੁੱਸ ਦੇ ਕੇ ਅੰਦਰ ਆਣ ਵੜੇ ਸਨ। ਇਕ ਜਣਾ ਸਾਡੀਆਂ ਕੁਰਸੀਆਂ ਦੇ ਪਿੱਛੇ ਆ ਕੇ ਆਪਣੀਆਂ ਬਗ਼ਲਾਂ ਵਿਚ ਬਾਹਵਾਂ ਦੇ ਕੇ ਖਲੋਤਾ ਸੀ ਕਿ ਕਿਸੇ ਪ੍ਰਬੰਧਕ ਨੇ ਉਸ ਨੂੰ ਬਾਹਰ ਜਾਣ ਲਈ ਆਖਿਆ ਪਰ ਉਹ ਆਦਮੀ ਨਾ ਹੀ ਹਿੱਲਿਆ ਤੇ ਨਾ ਹੀ ਬੋਲਿਆ। ਪ੍ਰਬੰਧਕ ਨੇ ਦੂਜੀ ਵਾਰ ਕਿਹਾ ਉਹ ਤਦ ਵੀ ਟੱਸ ਤੋਂ ਮਸ ਨਾ ਹੋਇਆ। ਤੀਜੀ ਵਾਰ ਕਹਿਣ ‘ਤੇ ਅਤੇ ਸਾਨੂੰ ਸਭ ਨੂੰ ਆਪਣੇ ਵੱਲ ਧੌਣਾਂ ਮੋੜ ਕੇ ਵੇਖਦਿਆਂ ਜਾਣ ਉਹ ਆਦਮੀ ਕਹਿਣ ਲੱਗਾ, ‘‘ਮੈਂ ਕਿਉਂ ਬਾਹਰ ਜਾਵਾਂ! ਪਹਿਲਾਂ ਅਹੁ ਹੋਰਨਾਂ ਨੂੰ ਕੱਢੋ।’’
ਪ੍ਰਬੰਧਕ ਬੇਵਸੀ ਵਿਚ ਪਰ੍ਹਾਂ ਨੂੰ ਮੁੜ ਗਿਆ। ਉਹ ਉਸ ਨੂੰ ਚੁੱਕ ਕੇ ਤਾਂ ਬਾਹਰ ਸੁੱਟਣੋਂ ਰਿਹਾ। ਬੋਲ-ਬੁਲਾਰਾ ਹੋਣ ਨਾਲ ਬਦਮਗ਼ਜ਼ੀ ਪੈਦਾ ਹੋਣ ਡਰੋਂ ਹੀ ਸ਼ਾਇਦ ਉਹ ਚੁੱਪ ਕਰਕੇ ਚਲਾ ਗਿਆ ਸੀ। ਅਜਿਹੀ ਬਦਮਗ਼ਜ਼ੀ ਕਾਨਫ਼ਰੰਸ ਦੇ ਪ੍ਰਭਾਵ ‘ਤੇ ਮਾੜਾ ਅਸਰ ਪਾ ਸਕਦੀ ਸੀ।
ਸ਼ਾਇਦ ਏਨੀ ਵੱਡੀ ਗਿਣਤੀ ਵਿਚ ਭਾਰਤ ਤੋਂ ਆਏ ਲੋਕਾਂ ਨੂੰ ਵੇਖਣ ਤੇ ਸੁਣਨ ਦੀ ਤਾਂਘ ਹੀ ਸੀ ਕਿ ਸਵੇਰ ਵਾਲੇ ਪ੍ਰੋਗਰਾਮਾਂ ਵਿਚ ਵੀ ਬਹੁਤ ਸਾਰੇ ਲਾਹੌਰੀਏ ਬਿਨ-ਬੁਲਾਇਆਂ ਸਿ਼ਰਕਤ ਕਰਦੇ ਵੇਖੇ ਗਏ ਸਨ। ਪਿਛਲੇ ਦੋ ਦਿਨਾਂ ਵਿਚ ਤਾਂ ਅਜਿਹਾ ਵੀ ਹੋਇਆ ਕਿ ਭਾਰਤੀ ਡੈਲੀਗੇਟ ਖਾਣੇ ਲਈ ਅਜੇ ਪਲੇਟਾਂ ਹੀ ਹੱਥ ਵਿਚ ਫੜੀ ਟਹਿਲ ਰਹੇ ਹੁੰਦੇ ਕਿ ਬਿਨ-ਬੁਲਾਇਆ ਟਿੱਡੀ ਦਲ, ਖਾਣੇ ਵਾਲੇ ਮੇਜ਼ ਚਟਮ ਵੀ ਕਰ ਜਾਂਦਾ। ਕੱਲ੍ਹ ਤਾਂ ਰੋਟੀ ਖਾਣੋਂ ਰਹਿ ਗਏ ਭਾਰਤੀ ਡੈਲੀਗੇਟਾਂ ਲਈ ਪ੍ਰਬੰਧਕਾਂ ਨੂੰ ਦੂਜੀ ਵਾਰ ਰੋਟੀ ਦਾ ਪ੍ਰਬੰਧ ਕਰਨਾ ਪਿਆ ਸੀ। ਇਸ ਮੁਸ਼ਕਲ ਨੂੰ ਵੇਖਦਿਆਂ ਅੱਜ ਖਾਣੇ ਵਾਲੇ ਸਥਾਨ ਦੇ ਬਾਹਰ ਪ੍ਰਬੰਧਕਾਂ ਨੇ ‘ਸਿਰਫ਼ ਮਹਿਮਾਨਾਂ ਵਾਸਤੇ’ ਲਿਖ ਕੇ ਵੀ ਲਾ ਦਿੱਤਾ ਸੀ ਤਾਂ ਵੀ ਟੋਲਿਆਂ ਦੇ ਟੋਲੇ ਅੰਦਰ ਜਾ ਵੜੇ ਸਨ। ਸਕਿਉਰਿਟੀ ਵਾਲੇ ਦੀ ਕਿਉਂਕਿ ਪ੍ਰਬੰਧਕਾਂ ਨੇ ਡਿਊਟੀ ਲਾਈ ਹੋਵੇਗੀ ਕਿ ਬਾਹਰਲਾ ਆਦਮੀ ਅੰਦਰ ਨਹੀਂ ਜਾਣ ਦੇਣਾ, ਇਸ ਲਈ ਉਹਨੇ ਕਿਸੇ ਬੰਦੇ ਨੂੰ ਬਾਹਰ ਜਾਣ ਲਈ ਕਿਹਾ ਤਾਂ ਉਹ ਅੱਗੋਂ ਸ਼ੇਰ ਵਾਂਗ ਭਬਕਿਆਂ, ‘‘ਚੱਲ ਉਏ ਕੁੱਤਿਆ ਭੌਂਕ ਨਾ...‘‘
ਸਕਿਉਰਿਟੀ ਵਾਲੇ ਨੇ ਆਪਣਾ ਫਰਜ਼ ਨਿਭਾਉਣ ਲਈ ਬੁੜਬੁੜਾਉਂਦਿਆਂ ਉਸ ਨੂੰ ਦੂਜੀ ਵਾਰ ਬਾਹਰ ਜਾਣ ਲਈ ਕਿਹਾ ਤਾਂ ਉਸ ਆਦਮੀ ਨੇ ਉਸ ਨੂੰ ਉੱਚੀ ਸਾਰੀ ਭੈਣ ਦੀ ਗਾਲ੍ਹ ਕੱਢੀ ਤੇ ਆਪਣੇ ਸਾਥੀਆਂ ਦੇ ਰੋਕਦਿਆਂ ਕੌਡੀ ਪਾਉਣ ਵਾਲਿਆਂ ਵਾਂਗ ਦੋਵੇਂ ਬਾਹਵਾਂ ਉਲਾਰ ਕੇ ਉਹ ਖਾ ਜਾਣ ਲਈ ਸਕਿਉਰਿਟੀ ਵਾਲੇ ਵੱਲ ਉਲਰਿਆ।
‘‘ਭੈਣ..! ਤੈਨੂੰ ਪਤਾ ਨਹੀਂ ਮੈਂ ਕੀ ਸ਼ੈਅ ਆਂ ਉਏ! ਹਟੋ ਪਾਸੇ! ਮੈਂ ਇਹਨੂੰ ਹੁਣੇ ਗੋਲੀਆਂ ਨਾਲ ਨਾ ਭੁੰਨਿਆ ਤਾਂ ਮੈਂ ਪਿਉ ਦਾ ਪੁੱਤ ਨਹੀਂ...‘‘
ਸਕਿਉਰਿਟੀ ਵਾਲਾ ਛਿੱਥਾ ਪਿਆ ‘ਘੁਰ ਘੁਰ’ ਕਰਦਾ ਆਪਣੀ ਬੇਵੱਸੀ ‘ਤੇ ਝੁਰਦਾ ਤੁਰ ਗਿਆ ਤੇ ਉਹ ਆਦਮੀ ਉਸ ਨੂੰ ਗੋਲੀਆਂ ਨਾਲ ਭੁੰਨਣ ਦੀ ਥਾਂ ਭੁੰਨੇ ਹੋਏ ਕਬਾਬ ਉਤੇ ਆਪਣਾ ਸਾਰਾ ਗੁੱਸਾ ਕੱਢਣ ਲੱਗਾ।
ਹਾਲ ਖਚਾ-ਖਚ ਭਰ ਗਿਆ ਸੀ ਜਦੋਂ ਫ਼ਖ਼ਰ ਜ਼ਮਾਨ ਆਪਣੇ ਸਾਥੀਆਂ ਨਾਲ ਅੰਦਰ ਆਇਆ। ਉਸ ਨੂੰ ਉਦਘਾਟਨੀ ਤਕਰੀਰ ਕਰਨ ਲਈ ਆਖਿਆ ਗਿਆ। ਜਦੋਂ ਉਹ ਬੋਲਿਆ ਤਾਂ ਉਹਦੀ ਆਵਾਜ਼ ਵਿਚ ਸ਼ੇਰ ਵਰਗੀ ਦਹਾੜ ਸੀ। ਬਹੁਤ ਤਿੱਖੀ ਉਤੇਜਨਾ ਨਾਲ ਭਰੇ ਹੋਏ ਸਨ ਉਸ ਦੇ ਬੋਲ। ਉਹਦੀ ਉੱਚੀ ਸੁਰ ਭੈਅ-ਭੀਤ ਕਰਨ ਵਾਲੀ ਸੀ। ਉਹ ਜਿਵੇਂ ਸਾਹਮਣੇ ਖੜੋਤੇ ਦੁਸ਼ਮਣ ਨੂੰ ਲਲਕਾਰ ਰਿਹਾ ਸੀ। ਸਰੋਤਿਆਂ ਵਿਚ ਬੇਹੱਦ ਜੋਸ਼ ਸੀ। ਉਹ ਉੱਚੀਆਂ ਆਵਾਜ਼ਾਂ ‘ਚ, ਬਾਹਵਾਂ ਖੜ੍ਹੀਆਂ ਕਰਕੇ ‘ਫ਼ਖ਼ਰ ਜ਼ਮਾਂ!’ ‘ਜਿ਼ੰਦਾਬਾਦ’ ਦੇ ਨਾਅਰੇ ਵੀ ਲਾ ਰਹੇ ਸਨ।

ਫ਼ਖ਼ਰ ਜ਼ਮਾਂ ਦੀ ਉਤੇਜਨਾ ਦਾ ਇਕ ਖ਼ਾਸ ਕਾਰਨ ਸੀ। ਇਸ ਆਲਮੀ ਪੰਜਾਬੀ ਕਾਨਫ਼ਰੰਸ ਨੂੰ ਉਥੋਂ ਦੇ ਟੀ.ਵੀ. ਤੇ ਅਖ਼ਬਾਰਾਂ ਨੇ ਬਹੁਤ ਵੱਡੇ ਪੱਧਰ ਉਤੇ ਉਭਾਰਿਆ ਸੀ। ਪਾਕਿਸਤਾਨ ਵਿਚ ਇਹ ਪਹਿਲੀ ਵਾਰ ਹੋਇਆ ਸੀ ਕਿ ਮੁਲਕ ਪੱਧਰ ਉਤੇ ਪੰਜਾਬੀ ਦੇ ਨਾਂ ਨਾਲ ਜੁੜੀ ਇਸ ਕਾਨਫ਼ਰੰਸ ਦੀ ਏਨੀ ਵੱਡੀ ਚਰਚਾ ਚੱਲੀ ਸੀ। ਉਰਦੂ ਅਤੇ ਅੰਗਰੇਜ਼ੀ ਦੀਆਂ ਸਭ ਵੱਡੀਆਂ ਅਖ਼ਬਾਰਾਂ ਨੇ ਤਸਵੀਰਾਂ ਸਮੇਤ ਪਹਿਲੇ ਪੰਨਿਆਂ ਉਤੇ ਕਾਨਫ਼ਰੰਸ ਦੀ ਕਾਰਵਾਈ ਦੀਆਂ ਖ਼ਬਰਾਂ ਛਾਪੀਆਂ ਸਨ। ਇਸ ਨੂੰ ਇਕ ਚੰਗੀ ਸ਼ੁਰੂਆਤ ਕਿਹਾ ਗਿਆ ਸੀ ਪਰ ਕੱਟੜਪੰਥੀ ਵਿਚਾਰਾਂ ਵਾਲੇ ਪ੍ਰੈਸ ਵਲੋਂ ਇਸ ਕਾਨਫ਼ਰੰਸ ਦੇ ਵਿਰੁੱਧ ਵੀ ਇਕ ‘ਵਾਵੇਲਾ’ ਖੜ੍ਹਾ ਕਰ ਦਿੱਤਾ ਗਿਆ ਸੀ। ਲਾਹੌਰ ਤੋਂ ਛਪਦਾ ‘ਨਵਾਏ ਵਕਤ’ ਅਖ਼ਬਾਰ ਇਸ ਮੁਹਿੰਮ ਦਾ ਆਗੂ ਸੀ। ਇਨ੍ਹਾਂ ਅਨੁਸਾਰ ਪੰਜਾਬੀ ਲਈ ਪਾਕਿਸਤਾਨ ਵਿਚ ਕੰਮ ਕਰਨ ਵਾਲੀ ਲਾਬੀ ਹਿੰਦੁਸਤਾਨੀ ਖੁਫ਼ੀਆ ਏਜੰਸੀ ‘ਰਾਅ’ ਦੀ ਏਜੰਟ ਸੀ ਤੇ ਕਾਨਫ਼ਰੰਸ ਵਿਚ ਆਏ ਡੈਲੀਗੇਟ ਵੀ ‘ਰਾਅ’ ਦੇ ਪ੍ਰਤੀਨਿਧ ਸਨ। ਉਨ੍ਹਾਂ ਲਈ ਇਹ ਕਾਨਫ਼ਰੰਸ ‘ਨਜ਼ਰੀਆ ਪਾਕਿਸਤਾਨ’ ਦੇ ਖਿ਼ਲਾਫ਼ ਸੀ ਤੇ ਮੁਲਕ ਨੂੰ ਤੋੜ ਕੇ ਭਾਰਤ ਵਿਚ ਹੀ ਵਿਲੀਨ ਕਰਨ ਵਾਲੇ ਲੋਕਾਂ ਦੀ ਗੁਪਤ ਸਾਜਿਸ਼ ਦਾ ਇਕ ਹਿੱਸਾ ਸੀ। ਸਾਡੇ ਵਫਦ ਦੇ ਲੋਕਾਂ ਵਲੋਂ ਬਰਲਿਨ ਦੀ ਦੀਵਾਰ ਦੇ ਟੁੱਟਣ ਵਾਂਗ ‘ਵਾਘੇ ਦੀਆਂ ਲਕੀਰਾਂ ਮੇਟ ਦੇਣ ਦੀਆਂ’ ਭਾਵੁਕ ਤਕਰੀਰਾਂ ਨੇ ਵੀ ਇਸ ਸਭ ਕੁਝ ਨੂੰ ਆਧਾਰ ਮੁਹੱਈਆ ਕੀਤਾ ਸੀ।
ਪਰ ਫ਼ਖ਼ਰ ਜ਼ਮਾਂ ਦੇ ਅੰਦਰਲਾ ਸੁੱਚ ਅਤੇ ਸੱਚ ਉਬਲਦੇ ਗੁੱਸੇ ਵਿਚ ਵਹਿ ਰਿਹਾ ਸੀ। ਉਸ ਨੂੰ ਰੰਜ ਸੀ ਕਿ ਕੁਝ ਕੱਟੜਪੰਥੀ ਉਸ ਨੂੰ ਦੇਸ਼-ਧ੍ਰੋਹੀ ਐਲਾਨ ਰਹੇ ਸਨ। ਉਹ ਸੱਚਾ ਪਾਕਿਸਤਾਨੀ ਸੀ। ਆਪਣੇ ਦੇਸ਼ ਨੂੰ ਮੁਹੱਬਤ ਕਰਨ ਵਾਲਾ। ਉਹ ਕਹਿ ਰਿਹਾ ਸੀ ਕਿ ਉਹ ਕਿਸੇ ਵੀ ਕੱਟੜਪੰਥੀ ਨਾਲੋਂ ਵੱਧ ਆਪਣੇ ਦੇਸ਼ ਅਤੇ ਉਹਦੀ ਖ਼ੁਦਮੁਖ਼ਤਿਆਰੀ ਨੂੰ ਪਿਆਰ ਕਰਨ ਵਾਲਾ ਹੈ ਅਤੇ ਇਸ ਵਾਸਤੇ ਉਸ ਨੂੰ ਕਿਸੇ ‘ਮੁੱਲਾਂ ਮੁਲਾਣੇ’ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਇਹ ਲੋਕ ਸਾਨੂੰ ਨਸੀਹਤਾਂ ਦੇਣ ਦੀ ਥਾਂ ਮਸਜਿਦਾਂ ਵਿਚ ਬਹਿ ਕੇ ਆਪਣੀ ਪਾਠ-ਪੂਜਾ ਕਰਨ। ਅਸੀਂ ਬਥੇਰਾ ਚਿਰ ਇਨ੍ਹਾਂ ਦੇ ਇਹੋ ਜਿਹੇ ਫਤਵਿਆਂ ਤੋਂ ਡਰਦਿਆਂ ਚੁੱਪ ਵੱਟੀ ਰੱਖੀ। ਉਰਦੂ ਸਾਡੀ ਕੌਮੀ ਜ਼ਬਾਨ ਹੈ ਤੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਪਰ ਅਸੀਂ ਹੁਣ ਪੰਜਾਬੀ ਉਤੇ ਉਰਦੂ ਵਾਲਿਆਂ ਦੀ ਸਰਦਾਰੀ ਨਹੀਂ ਚੱਲਣ ਦੇਣੀ। ਸਾਨੂੰ ਪੰਜਾਬੀ ਹੋਣ ਅਤੇ ਪੰਜਾਬੀ ਨੂੰ ਆਪਣੀ ਮਾਂ-ਬੋਲੀ ਆਖਣ ਉਤੇ ਫ਼ਖ਼ਰ ਹੈ।
‘‘ਜੇ ਤੁਸੀਂ ਮੇਰੇ ਨਾਲ ਮੁਤਫਿਕ ਹੋ ਤਾਂ ਬਾਹਵਾਂ ਖੜ੍ਹੀਆਂ ਕਰਕੇ ਆਵਾਜ਼ ਦਿਓ।’’
ਲੋਕਾਂ ਨੇ ਭਰਵੇ ਸ਼ੋਰ ਵਿਚ ਦੋਵੇਂ ਬਾਹਵਾਂ ਹਵਾ ਵਿਚ ਉਲਾਰੀਆਂ। ਹਾਲ ਉਤਸ਼ਾਹ ਭਰੇ ਸ਼ੋਰ ਨਾਲ ਗੂੰਜਿਆ। ਫ਼ਖ਼ਰ ਜ਼ਮਾਂ ਹੋਰ ਉਤੇਜਿਤ ਹੋ ਗਿਆ।
‘‘ਅਸੀਂ ਪੂਰੇ ਤਰਵੰਜਾ ਸਾਲ ਇਨ੍ਹਾਂ ਤੋਂ ਡਰਦੇ ਚੁੱਪ ਰਹੇ। ਪੂਰੇ ਤਰਵੰਜਾ ਸਾਲਾਂ ਵਿਚ ਇਹ ਲੋਕ ਪੰਜਾਬ ਦਾ ਅੰਨ ਖਾ ਕੇ ਸਾਡੇ ਉਤੇ ਆਪਣਾ ਰੋਹਬ ਛਾਂਟਦੇ ਰਹੇ। ਪਾਨ ਖਾ ਕੇ ਸਾਡੀਆਂ ਸੜਕਾਂ ‘ਤੇ ਗੰਦ ਖਿਲਾਰਦੇ ਰਹੇ। ਅਸੀਂ ਇਨ੍ਹਾਂ ਨੂੰ ਬਥੇਰਾ ਸਿਰ ‘ਤੇ ਚੜ੍ਹਾਈ ਰੱਖਿਆ। ਏਨੇ ਸਾਲਾਂ ਵਿਚ ਇਨ੍ਹਾਂ ਸਾਡੀ ਜ਼ਬਾਨ ਤਾਂ ਕੀ ਸਿੱਖਣੀ ਸੀ, ਇਹ ਸਾਨੂੰ ਹਿਕਾਰਤ ਦੀਆਂ ਨਜ਼ਰਾਂ ਨਾਲ ਵੇਖਦੇ ਰਹੇ। ਅਗਰ ਇਨ੍ਹਾਂ ਨੂੰ ਸਾਡੀ ਜ਼ਬਾਨ ਵਿਚ ਗੱਲ ਕਰਨ ਲੱਗਿਆਂ ਤਕਲੀਫ਼ ਹੁੰਦੀ ਹੈ ਤਾਂ ਉਹ ਇਥੋਂ ਚਲੇ ਜਾਣ। ਇਹ ਖ਼ੁਦ ਨਾ ਗਏ ਤਾਂ ਅਸੀਂ ਇਨ੍ਹਾਂ ਨੂੰ ਇਥੋਂ ਧੱਕੇ ਮਾਰ ਕੇ ਕੱਢ ਦਿਆਂਗੇ।’’
ਇਸ ਭਖੇ ਹੋਏ ਮਾਹੌਲ ਵਿਚ ਇਕ-ਦੋ ਭਾਰਤੀ ਪ੍ਰਤੀਨਧਾਂ ਨੇ ਵੀ ਤਕਰੀਰ ਕੀਤੀ। ਸਾਡੀ ਇਕ ਬੀਬੀ ਨੇ ਫ਼ਖ਼ਰ ਜ਼ਮਾਂ ਦੀ ਤਕਰੀਰ ਤੇ ਪੰਜਾਬੀ ਪ੍ਰਤੀ ਪ੍ਰਗਟਾਈਆਂ ਉਸ ਦੀਆਂ ਭਾਵਨਾਵਾਂ ਦੀ ਤਾਰੀਫ਼ ਕੀਤੀ ਤੇ ਪੰਜਾਬੀ ਦੇ ਨਾਂ ‘ਤੇ ਸ਼ੁਰੂ ਹੋਈ ਇਸ ਜੱਦੋ-ਜਹਿਦ ਨੂੰ ਨਿਰੰਤਰ ਜਾਰੀ ਰੱਖਣ ਲਈ ਕਹਿੰਦਿਆਂ ਇਥੋਂ ਤਕ ਕਹਿ ਗਈ, ‘‘ਇਸ ਜੱਦੋ-ਜਹਿਦ ਵਿਚ ਜਦੋਂ ਵੀ ਸਾਡੇ ਪੰਜਾਬੀ ਵੀਰਾਂ ਨੂੰ ਉਧਰਲੇ ਪੰਜਾਬ ਦੀ ਮਦਦ ਦੀ ਲੋੜ ਹੋਈ ਤਾਂ ਅਸੀਂ ਬਾਹਵਾਂ ਉਲਾਰ ਕੇ ਤੁਹਾਡੀ ਮਦਦ ਲਈ ਪੁੱਜਾਂਗੇ।’’
ਮੈਨੂੰ ਇਹੋ ਜਿਹੀਆਂ ਬਚਗਾਨਾ ਗੱਲਾਂ ਚੰਗੀਆਂ ਨਹੀਂ ਸਨ ਲੱਗਦੀਆਂ। ਇਹੋ ਜਿਹੀਆਂ ਤਕਰੀਰਾਂ ਹੀ ਪਾਕਿਸਤਾਨ ਦੇ ਕੱਟੜਪੰਥੀਆਂ ਨੂੰ ਕਹਿਣ ਦਾ ਮੌਕਾ ਦਿੰਦੀਆਂ ਸਨ ਕਿ ਇਹ ਦੋਹਾਂ ਮੁਲਕਾਂ ਦੇ ਪਾਕਿਸਤਾਨ ਤੇ ਇਸਲਾਮ ਵਿਰੋਧੀ ਲੋਕਾਂ ਦਾ ਇਕੱਠ ਹੈ। ਇਸੇ ਕਰਕੇ ਹੀ ਮੈਂ ਆਪਣੀ ਕੱਲ੍ਹ ਦੀ ਤਕਰੀਰ ਵਿਚ ਹਿੰਦੁਸਤਾਨ ਦੇ ਵੱਖਰੇ ਮੁਲਕਾਂ ਦੀ ਹੋਂਦ ਦੇ ਮੁੱਦੇ ਨੂੰ ਉਭਾਰਿਆ ਤੇ ਇਕ-ਦੂਜੇ ਦੀ ਆਜ਼ਾਦੀ ਦਾ ਸਨਮਾਨ ਕਰਦਿਆਂ ਹੋਇਆਂ ਸਾਂਝ ਦੇ ਸੂਤਰਾਂ ਨੂੰ ਤਲਾਸ਼ਣ ਤੇ ਉਨ੍ਹਾਂ ਨਾਲ ਜੁੜਨ ‘ਤੇ ਜ਼ੋਰ ਦਿੱਤਾ ਸੀ। ਅੱਜ ਫ਼ਖ਼ਰ ਜ਼ਮਾਂ ਨੂੰ ਵੀ ਸ਼ਾਇਦ ਇਸੇ ਲਈ ਆਪਣੇ ਸੱਚੇ-ਸੁੱਚੇ ਪਾਕਿਸਤਾਨੀ ਹੋਣ ਦੀ ਪੁਸ਼ਟੀ ਕਰਨੀ ਪਈ। ਮੈਂ ਹੌਲੀ ਜਿਹੀ ਰਘਬੀਰ ਸਿੰਘ ਦੇ ਕੰਨ ਵਿਚ ਕਿਹਾ, ‘‘ਇਹ ਬੀਬੀ ਭਲਾ ਬਾਹਵਾਂ ਉਲਾਰ ਕੇ ਕੀ ਮੱਦਦ ਕਰ ਦਏਗੀ।’’
ਉਹ ਹੱਸਿਆ, ‘‘ਇਹੋ ਜਿਹੀਆਂ ਭਾਵੁਕ ਤੇ ਖ਼ਾਹਮਖ਼ਾਹ ਆਪਣਾ ਨਾਇਕਤਵ ਸਥਾਪਤ ਕਰਨ ਵਾਲੀਆਂ ਗੱਲਾਂ ਤੋਂ ਜਿੰਨਾ ਬਚਿਆ ਜਾਵੇ, ਚੰਗਾ ਹੈ ਪਰ ਆਪਣੇ ਬੰਦਿਆਂ ਦੀ ਭਾਵੁਕਤਾ ਦਾ ਕੋਈ ਕੀ ਕਰੇ!’’
ਸਭਿਆਚਾਰਕ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਸੀ। ਇਕ ਨੌਜਵਾਨ ਗਾਇਕ ਨੱਚਦਾ-ਟੱਪਦਾ ਹੋਇਆ, ਭੰਗੜਾ ਪਾਉਂਦਾ ਸੰਗੀਤ ਦੇ ਸ਼ੋਰ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਸੀ। ਸਾਡੇ ਅੱਗੇ-ਬੈਠੇ ਸਰੋਤਿਆਂ ਵਿਚੋਂ ਇਕ ਅੱਠ ਨੌਂ ਸਾਲ ਦੀ ਬੱਚੀ ਉਠੀ ਤੇ ਸਾਡੇ ਕੋਲ ਆ ਕੇ ਖੜੋ ਗਈ। ਉਠਣ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਦੇ ਕੰਨ ਵਿਚ ਘੁਸਰ-ਮੁਸਰ ਕੀਤੀ ਸੀ।
‘‘ਅੰਕਲ! ਅਪਨੇ ਆਟੋਗ੍ਰਾਫ ਦੇ ਦੋ ਪਲੀਜ਼।’’ ਮੈਂ ਅਤੇ ਰਘਬੀਰ ਸਿੰਘ ਨੇ ਉਸ ਦੀ ਡਾਇਰੀ ਉਤੇ ਉਸ ਦਾ ਨਾਂ ਲਿਖ ਕੇ ਜਿ਼ੰਦਗੀ ਵਿਚ ਤਰੱਕੀ ਕਰਨ ਦੀ ਆਸ਼ੀਰਵਾਦ ਉਰਦੂ ਅੱਖਰਾਂ ਵਿਚ ਪੰਜਾਬੀ ਲਿਖ ਕੇ ਦਿੱਤੀ ਤੇ ਹੇਠਾਂ ਆਪਣੇ ਦਸਤਖਤ ਕਰ ਦਿੱਤੇ। ਬੱਚੀ ਨੇ ਪੜ੍ਹਿਆ ਤੇ ਖ਼ੁਸ਼ ਹੋ ਕੇ ਮੁਸਕਰਾਈ।
‘‘ਥੈਂਕਯੂ ਅੰਕਲ।’’
ਫਿਰ ਉਹ ਆਪਣੀ ਡਾਇਰੀ ਲੈ ਕੇ ਸਾਡੇ ਤੋਂ ਪੰਜ-ਛੇ ਸੀਟਾਂ ਦੀ ਵਿੱਥ ‘ਤੇ ਬੈਠੇ ਆਪਣੇ ਪਿਉ ਕੋਲ ਗਈ ਤੇ ਉਸ ਅੱਗੇ ਆਪਣੀ ਡਾਇਰੀ ਕੀਤੀ। ਪਿਤਾ ਨੇ ਡਾਇਰੀ ਪੜ੍ਹੀ। ਬੱਚੀ ਨੂੰ ਪਿਆਰ ਦਿੱਤਾ ਤੇ ਫਿਰ ਆਪਣੇ ਵਾਲੇ ਪਾਸੇ ਬੈਠੇ ਰਘਬੀਰ ਸਿੰਘ ਨੂੰ ਕਿਹਾ, ‘‘ਤੁਹਾਡੇ ਵਿਚੋਂ ਸੰਧੂ ਸਾਹਿਬ ਕੌਣ ਨੇ...ਮੈਂ ਕਰਨਲ ਗਿੱਲ ਹਾਂ...।’’
ਉਸ ਨੇ ਰਘਬੀਰ ਸਿੰਘ ਨਾਲ ਹੱਥ ਮਿਲਾਇਆ।
ਰਘਬੀਰ ਸਿੰਘ ਨੇ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਕਰਨਲ ਗਿੱਲ ਕਹਿਣ ਲੱਗਾ, ‘‘ਸੰਧੂ ਸਾਹਿਬ ਜੇ ਤਕਲੀਫ਼ ਨਾ ਮੰਨੋ ਤਾਂ ਕੁਝ ਪਲ ਐਥੇ ਮੇਰੇ ਕੋਲ ਆ ਜਾਓ!’’
ਉਸ ਨੇ ਕਿਸੇ ਨੂੰ ਕਹਿ ਕੇ ਆਪਣੇ ਨਾਲ ਦੀ ਸੀਟ ਮੇਰੇ ਲਈ ਖ਼ਾਲੀ ਕਰਵਾ ਦਿੱਤੀ ਸੀ।
ਸਟੇਜ ਉਤੇ ਪਾਕਿਸਤਾਨ ਦੀ ਨਵੀਂ ਉਭਰਦੀ ਗਾਇਕਾ ਨਸੀਬੋ ਲਾਲ ਗਾ ਰਹੀ ਸੀ। ਪੂਰੇ ਰਸ-ਰੰਗ ਵਿਚ ਭਿੱਜ ਕੇ।
ਕੁਰਸੀ ‘ਤੇ ਆਪਣੇ ਕੋਲ ਬੈਠਦਿਆਂ ਹੀ ਕਰਨਲ ਗਿੱਲ ਨੇ ਪੋਲੇ ਜਿਹੇ ਮੈਨੂੰ ਆਪਣੀ ਵੱਖੀ ਨਾਲ ਘੁੱਟਿਆ।
‘‘ਸੰਧੂ ਸਾਅ੍ਹਬ! ਸਾਡੇ ਏਥੇ ਲਾਹੌਰ ਜਿ਼ਲੇ ਵਿਚ ਸੰਧੂ ਬਹੁਤ ਨੇ। ਤੁਹਾਡੇ ਓਧਰ ਗਿਲ ਹੈਗੇ ਨੇ...?’’
‘‘ਹਾਂ...ਹਾਂ ਕਿਉਂ ਨਹੀਂ...ਗਿੱਲ ਬਹੁਤ ਨੇ...ਸਾਡੇ ਓਧਰ...ਆਪਣੀਆਂ ਬਹੁਤ ਸਾਰੀਆਂ ਗੋਤਾਂ ਸਾਂਝੀਆਂ ਹੀ ਤਾਂ ਨੇ ਜੱਟਾਂ ਦੀਆਂ। ਏਧਰ ਵੀ ਤੇ ਓਧਰ ਵੀ। ਸੰਧੂ, ਗਿੱਲ, ਰੰਧਾਵੇ, ਚੀਮੇ, ਘੁੰਮਣ...।’’
‘‘ਆਪਾਂ ਜੱਟ-ਭਰਾ ਜੂ ਹੋਏ’’ ਉਸ ਨੇ ਗਰਮਜੋਸ਼ੀ ਨਾਲ ਮੇਰਾ ਹੱਥ ਘੁੱਟਿਆ। ਸਰਹੱਦਾਂ ‘ਤੇ ਲੜਨ-ਮਰਨ ਵਾਲਾ ਇਕ ਫੌਜ ਦਾ ਅਫ਼ਸਰ, ਜਿਸ ਨੂੰ ਦੂਜਾ ਮੁਲਕ, ਦੁਸ਼ਮਣ ਦਾ ਮੁਲਕ ਸਮਝਣ ਦੀ ਸਿੱਖਿਆ ਦਿੱਤੀ ਗਈ ਸੀ-ਉਸ ਅੰਦਰ ਉਹਦਾ ਭਰਪਣ ਫੁੱਟ ਪਿਆ ਸੀ।
‘‘ਸੰਧੂ ਸਾਅ੍ਹਬ ! ਐਹ ਲਵੋ, ਮੇਰਾ ਫੋਨ ਨੰਬਰ ਤੇ ਅਗਲੇ ਦਿਨਾਂ ‘ਚ ਜਦੋਂ ਵੀ ਮੌਕਾ ਲੱਗੇ, ਵਿਹਲ ਹੋਵੇ ਤਾਂ ਮੇਰੇ ਘਰ ਮੇਰੇ ਨਾਲ ਖਾਣਾ ਖਾਵੋ। ਮੈਨੂੰ ਬਹੁਤ ਹੀ ਖ਼ੁਸ਼ੀ ਹੋਵੇਗੀ...।’’
ਮੇਰੇ ਨਾਲ ਹੀ ਉਸ ਨੇ ਅੱਗੇ ਉਲਰ ਕੇ ਰਘਬੀਰ ਸਿੰਘ ਨੂੰ ਵੀ ਨਿਉਤਾ ਦਿੱਤਾ।
ਮੈਂ ਕਰਨਲ ਗਿੱਲ ਦਾ ਇਸ ਮੁਹੱਬਤ ਭਰੇ ਸੱਦੇ ਲਈ ਧੰਨਵਾਦ ਕਰ ਰਿਹਾ ਸਾਂ ਤੇ ਉਧਰ ਸਟੇਜ ਉਤੇ ਆਸ਼ਕ ਜੱਟ ਆਪਣੇ ਗੀਤ ਤੋਂ ਪਹਿਲਾਂ ਭੂਮਿਕਾ ਬੰਨ੍ਹਦਾ ਹੋਇਆ ਕਹਿ ਰਿਹਾ ਸੀ।
‘‘ਇਹ ਸਾਡੇ ਲਈ ਬੜੀ ਖ਼ੁਸ਼ੀ ਦੀ ਗੱਲ ਹੈ ਤੇ ਸਾਡੀ ਖ਼ੁਸ਼-ਨਸੀਬੀ ਕਿ ਸਰਹੱਦ ਪਾਰੋਂ ਸਾਡੇ ਭਰਾ ਅੱਜ ਏਥੇ ਸਾਡੇ ਵਿਚ ਸ਼ਾਮਲ ਹੋਏ ਨੇ...।’’
ਮੇਰੇ ਤੋਂ ਦਸ ਕੁ ਸੀਟਾਂ ਸੱਜੇ ਹੱਥ ਆਪਣੀ ਕੁਰਸੀ ਨੂੰ ਥੋੜ੍ਹਾ ਕੁ ਅੱਗੇ ਨੂੰ ਵਧਾ ਕੇ ਬੈਠਾ ਹੋਇਆ ਇਕ ਮੋਟਾ ਆਦਮੀ ਆਸ਼ਕ ਜੱਟ ਦੇ ਬੋਲ ਸੁਣ ਕੇ ਗੁੱਸੇ ਵਿਚ ਹੱਥ ਹਿਲਾਂਦਾ ਉੱਚੀ ਆਵਾਜ਼ ਵਿਚ ਹੁੰਗਾਰਿਆ, ‘‘ਹੈਹੋ ਜਿਹੀ ਬਕਵਾਸ ਬੰਦ ਕਰ ਉਏ! ਸਿੱਧਾ ਗੌਣ ਸੁਣਾ।’’
ਉਸ ਨੂੰ ਸਰਹੱਦ ਪਾਰੋਂ ਆਏ ਲੋਕਾਂ ਨੂੰ ਭਰਾ ਆਖਣ ਵਾਲੀ ਗੱਲ ਜਚੀ ਨਹੀਂ ਸੀ। ਉਸ ਦੀ ਇਸ ਟਿੱਪਣੀ ਨੂੰ ਸ਼ਾਇਦ ਜਾਣਬੁੱਝ ਅਣਗੌਲਿਆ ਕਰ ਦਿੱਤਾ ਗਿਆ ਸੀ, ਨਹੀਂ ਤਾਂ ਉਹਦੀ ਆਵਾਜ਼ ਸੁਣੀ ਤਾਂ ਸਾਰੇ ਹਾਲ ਵਿਚ ਗਈ ਸੀ।
ਖ਼ੂਬਸੂਰਤ ਆਵਾਜ਼ ਦੀ ਮਾਲਿਕ ਤਸੱਵਰ ਖਾਨੁਮ ਕਾਲੇ ਰੰਗ ਦੇ ਸੂਫੀਆਨਾ ਕੱਪੜਿਆਂ ਵਿਚ ਫੱਬ-ਫੱਬ ਪੈ ਰਹੀ ਬੜੇ ਵਜਦ ਵਿਚ ਸੂਫੀਆਨਾ ਕਲਾਮ ਗਾ ਰਹੀ ਸੀ। ਸਰੋਤੇ ਸੰਗੀਤ ਦੇ ਜਾਦੂ ਦੇ ਕੀਲੇ ਹੋਏ ਸਿਰ ਹਿਲਾ ਰਹੇ ਸਨ ਪਰ ਮੇਰਾ ਧਿਆਨ ਬਾਰ-ਬਾਰ ਉਸ ਮੋਟੇ ਆਦਮੀ ਵੱਲ ਜਾ ਰਿਹਾ ਸੀ। ਮੇਰੇ ਅਤੇ ਤਸੱਵਰ ਖ਼ਾਨੁਮ ਵਲੋਂ ਗਾਏ ਜਾ ਰਹੇ ਸੂਫੀਅਨਾ ਕਲਾਮ ਵਿਚ ਉਹ ਬਾਰ-ਬਾਰ ਕਿਉਂ ਆਣ ਖੜੋਂਦਾ ਸੀ!
ਰਾਤ ਢਲ ਗਈ ਸੀ ਜਦੋਂ ਪ੍ਰੋਗਰਾਮ ਖ਼ਤਮ ਹੋਇਆ। ਹਾਲ ਤੋਂ ਬਾਹਰ ਆ ਕੇ ਕਰਨਲ ਗਿੱਲ ਸਾਨੂੰ ਫਿਰ ਕਿਸੇ ਵੇਲੇ ਸਮਾਂ ਕੱਢ ਕੇ ਆਪਣੇ ਨਾਲ ਖਾਣਾ-ਖਾਣ ਦਾ ਸੱਦਾ ਦੇ ਰਿਹਾ ਸੀ।
‘‘ਗਿੱਲ ਸਾਅ੍ਹਬ ! ਆਓ ਤੁਹਾਨੂੰ ਆਪਣਾ ਗਿੱਲ ਵੀ ਮਿਲਾਵਾਂ...‘‘ ਮੈਂ ਕੋਲ ਆ ਖੜੋਤੇ ਗੁਰਭਜਨ ਗਿੱਲ ਦੀ ਬਾਂਹ ਫੜ ਕੇ ਇਸ਼ਾਰਾ ਕਰਦਿਆਂ ਕਿਹਾ, ‘‘ਇਹ ਕਰਨਲ ਗਿੱਲ ਨੇ...।’’
ਕਰਨਲ ਗਿੱਲ ਨੇ ਛੋਟੇ ਭਰਾ ਵਾਂਗ ਗੁਰਭਜਨ ਗਿੱਲ ਨੂੰ ਆਪਣੀਆਂ ਬਾਹਵਾਂ ਵਿਚ ਵਲ ਲਿਆ।
ਆਸ਼ਕ ਜੱਟ ਨੂੰ ਗਾਲ੍ਹ ਕੱਢਣ ਵਾਲਾ ਉਹ ਮੋਟਾ ਆਦਮੀ ਕਿੱਥੇ ਸੀ!

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346