ਇਸ ਨੂੰ ਕਹਾਣੀ ਕਹਿਣ ਨੂੰ
ਜੀ ਨਹੀਂ ਕਰਦਾ ਫ਼ਿਰ ਵੀ ਕਹਿਣਾ ਪਵੇਗਾ ਮਜ਼ਬੂਰੀ ਹੈ।
ਜਿਸ ਦੌਰ ਵਿੱਚ ਅਸੀਂ ਜਿਊਂਦੇ ਹਾਂ ਉਸ ਵਿੱਚ ਸਾਡਾ ਜੀਵਨ ਚਾਰੇ ਪਾਸਿਓਂ ਅਸੰਖ,
ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਵਿੱਚ ਘਿਰਿਆ ਹੋਇਆ ਹੈ। ਜਿਵੇਂ ਅਸੀਂ ਕਿਸੇ ਹੜ੍ਹ ਵਿੱਚ
ਡੁੱਬੇ ਹੋਈਏ। ਜਾਂ ਵਗਦੇ ਹਾਈਵੇ ਤੇ ਟਰੈਫ਼ਿਕ ਦੇ ਵਿਚਕਾਰ ਖੜੇ ਹੋਈਏ। ਚਾਰੇ ਪਾਸੇ ਕਈ
ਕਿਸਮਾਂ ਦਾ ਰੌਲਾ ਅਤੇ ਜੀਵਨ ਤੇ ਉੱਨ੍ਹੇ ਹੀ ਖ਼ਤਰੇ। ਅਜਿਹਾ ਇਤਿਹਾਸ ਵਿੱਚ ਕਦੇ ਨਹੀਂ ਹੋਇਆ
ਸੀ। ਹਰ ਰੋਜ਼, ਕਈ-ਕਈ ਵਾਰ ਅਸੀਂ ਵੱਖ-ਵੱਖ ਕਹਾਣੀਆਂ ਦੇ ਪਾਤਰ ਬਣ ਜਾਂਦੇ ਹਾਂ ਜਾਂ ਬਣਾ
ਦਿੱਤੇ ਜਾਂਦੇ ਹਾਂ, ਜਾਂ ਫ਼ਿਰ ਕਿਸੇ ਹੋਰ ਨੂੰ ਬਣਦਾ ਹੋਇਆ ਦੇਖਦੇ ਹਾਂ। ਕਦੇ ਕੋਈ ਯੂਨਾਨੀ
ਤ੍ਰਾਸਦੀ, ਕਦੇ ਸੰਸਕ੍ਰਿਤ ਦੀ ਕਾਦੰਬਰੀ, ਕਦੇ ਕੋਈ ਭੁੱਲੀ ਵਿਸਰੀ ਜਾਤਕ ਕਥਾ, ਕਦੇ ਕਿਸੇ
ਵਿਦੂਸ਼ਕ ਦੀ ਕਾਮੁਦੀ। ਕਿਸੇ ਗਰੀਬ ਅਤੇ ਮਾਮੂਲੀ ਆਦਮੀ ਦੇ ਦੁੱਖ ਵਿੱਚੋਂ ਉਪਜਦਾ ਅੱਕੇ ਅਤੇ
ਸੁਖੀ ਲੋਕਾਂ ਦਾ ਚੁਟਕਲਾ।
ਅਤੇ ਕਦੇ ਕਿਸੇ ਅਖ਼ਬਾਰ ਜਾਂ ਟੀ.ਵੀ.ਚੈਨਲ ਦੀ ਨਿਊਜ਼ ਸਟੋਰੀ। ਕਿਸੇ ਦੁਰਘਟਨਾ ਜਾਂ ਅਪਰਾਧ ਦੀ
ਦਹਿਸ਼ਤਨਾਕ ਖ਼ਬਰ। ਹਾਂ ਇਹ ਜ਼ਰੂਰ ਹੈ ਕਿ ਅਸੀਂ ਉਨ੍ਹਾਂ ਵਿੱਚੋਂ ਨਹੀਂ ਹਾਂ, ਜਿਨ੍ਹਾਂ ਦੀ
ਰੋਜ਼ਾਨਾ ਜ਼ਿੰਦਗੀ ਕਿਸੇ ਰੰਗੀਨ ਅਖ਼ਬਾਰ ਜਾਂ ਚੈਨਲ ਦਾ ਮਸਾਲਾ ਜਾਂ ਗਾਸਿਪ ਬਣਦੀ ਹੈ। ਅਕਸਰ
ਪੇਜ਼ ਥ੍ਰੀ ਜਾਂ ਲੇਟ ਨਾਈਟ ਸ਼ੋ ਵਿੱਚ ਦਿੱਸਣ ਵਾਲੀ।
ਉਂਝ ਸਾਡਾ ਜੀਵਨ ਵੀ ਇੱਕ ਤਰ੍ਹਾਂ ਦਾ ‘ਰੀਐਲਟੀ ਸ਼ੋ’ ਹੀ ਹੈ। ਅਜਿਹਾ ਜਿਹੜਾ ਕਿਤੇ
ਪ੍ਰਸਾਰਿਤ ਨਹੀਂ ਹੁੰਦਾ। ਕਿਤੇ ਦਿੱਸਦਾ-ਛਪਦਾ ਨਹੀਂ। ਮੈਂ ਇੱਥੇ ਇੱਕ ਅਜਿਹੇ ਹੀ ਕਿੱਸੇ ਦੇ
ਬਾਰੇ ਦੱਸਣ ਜਾ ਰਿਹਾ ਹਾਂ, ਜਿਸਦਾ ਸਬੰਧ ਇੱਕ ਕਿਤਾਬ ਦੇ ‘ਕਵਰ’ ਦੇ ਬਨਣ ਅਤੇ ਛਪਣ ਨਾਲ
ਹੈ। ‘ਕਵਰ’ ਨੂੰ ਹਿੰਦੀ ਵਿੱਚ ਜਿਸ ਭਾਸ਼ਾ ਵਿੱਚ ਮੈਂ ਲਿਖਦਾ ਹਾਂ, ਆਵਰਣ ਕਹਿੰਦੇ ਹਾਂ।
ਇੱਕ ਪਾਨ ਵਾਲੇ ਦੀ ਗੁਮਟੀ ਦੇ ਕੋਲ ਮੈਨੂੰ ਹਿੰਦੀ ਦਾ ਉਹ ਕਵੀ ਮਿਲਿਆ ਸੀ। ਸਰਦੀਆਂ ਦੇ ਦਿਨ
ਸਨ। ਸ਼ਾਇਦ ਜਨਵਰੀ ਜਾਂ ਦਸੰਬਰ ਦੀ ਇੱਕ ਠੰਡੀ ਸਵੇਰ। ਕਵੀ ਨੇ ਇੱਕ ਚੰਗਾ ਜਿਹਾ ਊਨੀ ਕੋਟ
ਪਾਇਆ ਹੋਇਆ ਸੀ। ਉਸ ਦਾ ਰੰਗ ਅਜੇ ਤੱਕ ਮੈਨੂੰ ਯਾਦ ਹੈ। ਸਗੋਂ ਅੱਜ ਲੱਗਭੱਗ ਤੀਹ ਸਾਲ
ਬਾਅਦ, ਜਦ ਮੈਂ ਇਸ ਕਿੱਸੇ ਨੂੰ ਲਿਖ ਰਿਹਾ ਹਾਂ, ਉਹ ਰੰਗ ਹੋਰ ਵੀ ਸਾਫ਼ ਅਤੇ ਚਮਕੀਲਾ ਹੋ
ਕੇ, ਮੇਰੀਆਂ ਨਜ਼ਰਾਂ ਸਾਹਮਣੇ ਉੱਭਰ ਆਇਆ ਹੈ। ਉਸ ਕੋਟ ਦਾ ਰੰਗ ਹਲਕਾ-ਜਿਹਾ ਨੀਲਾ ਸੀ ਅਤੇ
ਉਸ ਵਿੱਚ ਥੋੜ੍ਹਾ ਜਿਹਾ ਤੋਤੇ ਦਾ ਹਰਾ ਅਤੇ ਜਾਮੁਨੀ ਦੇ ਨਾਲ ਕੁੱਝ ਹੋਰ ਵੀ ਘੁਲਿਆ ਹੋਇਆ
ਸੀ। ਸ਼ਾਇਦ ਥੋੜਾ ਜਿਹਾ ਧੁੱਦਲ ਵਰਗਾ, ਜਿਹੋ ਜਿਹਾ ਗਰਮੀਆਂ ਵਿੱਚ ਧਰਤੀ ਦਾ ਰੰਗ ਹੁੰਦਾ ਹੈ।
ਜਾਂ ਫਿਰ ਇਹ ਹੋ ਸਕਦਾ ਹੈ ਕਿ ਉਸਦੇ ਕੋਟ ਵਿੱਚ ਹਵਾ ਜਾਂ ਪਾਣੀ, ਜਾਂ ਸਮੇਂ ਨਾਲ, ਧਰਤੀ ਹੀ
ਸੁੱਚਮੁੱਚ ਥੋੜ੍ਹੀ ਜਿਹੀ ਘੁਲ ਗਈ ਹੋਵੇ।
ਪਰ ਉਹ ਵੱਖਰਾ ਜਿਹਾ ਨੀਲਾ ਸੀ, ਜਿਸਨੂੰ ਮੈਂ ਦੇਰ ਤਕ ਦੇਖਦਾ ਰਹਿ ਗਿਆ ਸੀ। ਉਹ ਨੀਲਾ
ਮੈਨੂੰ ਆਪਣੇ ਵੱਲ ਚੁੰਬਕ ਵਾਂਗੂੰ ਖਿੱਚ ਰਿਹਾ ਸੀ। ਜਾਂ ਬ੍ਰਹਿਮੰਡ ਵਿਚਲੇ ‘ਬਲੈਕ ਹੋਲ’
ਵਾਂਗੂੰ। ਮੈਂ ਉਸ ਤੋਂ ਛੁੱਟਣ ਅਤੇ ਬਚਣ ਦੀ ਕੋਸ਼ਿਸ਼ ਵਿੱਚ ਸੀ।
ਮੈਨੂੰ ਜਦ ਕਵੀ ਨੇ ਆਪਣਾ ਕਵਿਤਾ ਸੰਗ੍ਰਹਿ ਦਿੱਤਾ ਸੀ, ਤਾਂ ਮੈਨੂੰ ਪਹਿਲਾਂ ਹੀ ਭਰੋਸਾ ਸੀ
ਕਿ ਉਸਦੀਆਂ ਕਵਿਤਾਵਾਂ ਕੁੱਝ ਵੱਖਰੀ ਤਰ੍ਹਾਂ ਦੀਆਂ ਹੋਣਗੀਆਂ। ਉਸਦੀਆਂ ਕਵਿਤਾਵਾਂ ਦਾ
ਜਿਹੜਾ ਵੀ ਰੰਗ ਹੋਵੇ, ਉਸ ਵਿੱਚ ਕੁੱਝ ਹੋਰ ਵੀ ਚੀਜ਼ਾਂ ਆਪਣੇ ਰੰਗਾਂ ਦੇ ਨਾਲ ਜਾਂ ਆਪਣੇ
ਰੰਗਾਂ ਨੂੰ ਛੱਡ ਕੇ ਘੁਲੀਆਂ ਹੋਣਗੀਆਂ। ਇਸ ਤਰ੍ਹਾਂ ਕਿ ਹੁਣ ਕਵਿਤਾ ਦੇ ਰੰਗਾਂ ਵਿੱਚ
ਘੁਲੀਆਂ ਉਨ੍ਹਾਂ ਚੀਜ਼ਾਂ ਨੂੰ ਸੰਸਾਰ ਦੀਆਂ ਹੋਰ ਚੀਜ਼ਾਂ ਨਾਲੋਂ ਵੱਖਰਾ ਕਰਨਾ ਅਸੰਭਵ ਹੋ
ਚੁੱਕਾ ਹੋਵੇਗਾ।
‘ਦੀਵੇ ਦੀ ਆਖ਼ਰੀ ਬੱਤੀ’ ਜਾਂ ‘ਰੇਲਵੇ ਪਲੇਟਫ਼ਾਰਮ’ ਦਾ ਆਖ਼ਰੀ ਕੋਨਾ ਜਾਂ ‘ਰੋਟੀ ਦਾ ਬਚਿਆ
ਹੋਇਆ ਟੁਕੜਾ’ … ਕੁੱਝ ਇਹੋ ਜਿਹਾ ਹੀ ਸਿਰਲੇਖ ਉਸ ਸੰਗ੍ਰਹਿ ਦਾ ਸੀ। ਉਸ ਸੰਗ੍ਰਹਿ ਦਾ ਇਸ
ਵੇਲੇ ਠੀਕ-ਠੀਕ ਸਿਰਲੇਖ ਯਾਦ ਨਹੀਂ ਹੈ, ਪਰ ਇੰਨਾ ਜ਼ਰੂਰ ਹੈ ਕਿ ਉਸ ਵਿੱਚ ‘ਅੰਤਮ’ ਜਾਂ
‘ਆਖ਼ਰੀ’ ਵਰਗਾ ਕੋਈ ਇੱਕ ਸ਼ਬਦ ਸਿਰਲੇਖ ਦੇ ਪਿੱਛੇ ਝਾਕ ਰਿਹਾ ਸੀ। ਮੈਨੂੰ ਉਹ ਸ਼ਬਦ ਬੀਮਾਰ
ਲੱਗ ਰਿਹਾ ਸੀ। ਬੁਖ਼ਾਰ ਅਤੇ ਕਮਜ਼ੋਰੀ ਵਿੱਚ ਡੁੱਬਾ ਹੋਇਆ।
ਜੇ ਮੈਂ ਸੱਚ ਕਹਾਂ ਤਾਂ ਉਸ ਕਵੀ ਦਾ ਚਿਹਰਾ, ਬਹੁਤ ਕੋਸ਼ਿਸ਼ ਕਰਣ ਤੇ ਵੀ, ਮੇਰੇ ਚੇਤੇ ਵਿੱਚ
ਠੀਕ ਤਰ੍ਹਾਂ ਨਹੀਂ ਉੱਭਰਦਾ। ਮੈਂ ਕਈ ਵਾਰ ਉਸਦਾ ਸਕੈੱਚ ਬਣਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ
ਹਾਰ ਕੇ ਛੱਡ ਦਿੱਤੀ। ਅੱਜ ਮੈਂ ਇਹ ਕਿੱਸਾ ਲਿਖਣ ਜਾ ਰਿਹਾ ਹਾਂ ਤਾਂ ਮੈਨੂੰ ਉਸ ਕਵੀ ਦੇ
ਸਿਰਫ਼ ਊਨੀ ਕੋਟ ਦਾ ਵੱਖਰਾ ਜਿਹਾ ਨੀਲਾ ਰੰਗ ਸਿਮਰਤੀ ਦੇ ਇੱਕ ਨਮ ਬੱਧੇ ਵਾਂਗੂੰ, ਸਮੇਂ
ਵਿੱਚ ਬਹੁਤ ਦੂਰ ਦਿਖਾਈ ਦਿੰਦਾ ਹੈ। ਕਿਸੇ ਮੱਧਮ ਪੀਲੇ, ਘੱਟ ਵਾਟ ਦੇ ਪੁਰਾਣੇ ਬਲਬ ਵਾਂਗੂੰ
ਬਲਦਾ ਹੋਇਆ। … ਅਤੇ ਉਸੇ ਦੇ ਹੇਠਾਂ ਉਹ ਇੱਕ ਸ਼ਬਦ ਵੀ, ਜਿਹੜਾ ਸਿਰਲੇਖ ਦੇ ਪਿੱਛਿਓਂ ਬੁਖ਼ਾਰ
ਵਿੱਚ ਝਾਕ ਰਿਹਾ ਸੀ। ਮੈਨੂੰ ਲਗਦਾ ਹੈ ਉਸ ਬੀਮਾਰ ਸ਼ਬਦ ਦਾ ਅਰਥ ‘ਅੰਤਮ’ ਜਾਂ ‘ਅਖ਼ੀਰ’ ਵਰਗਾ
ਕੁੱਝ ਸੀ।
ਪਾਨ ਦੀ ਗੁਮਟੀ ਦੇ ਕੋਲ ਆਪਣੇ ਲਈ ਬੀੜੀ ਦਾ ਬੰਡਲ ਖ਼ਰੀਦਦਾ ਹੋਇਆ ਹਿੰਦੀ ਦਾ ਕਵੀ, ਜਿਸ ਨੇ
ਇੱਕ ਵੱਖਰਾ ਨੀਲੇ ਰੰਗ ਦਾ ਕੋਟ ਪਾਇਆ ਹੋਇਆ ਸੀ, ਇਕੱਲਾ ਨਹੀਂ ਸੀ। ਉਸਦੇ ਨਾਲ ਇੱਕ ਮਰੀਅਲ
ਜਿਹਾ ਗਰੀਬ ਅਤੇ ਉਜਾੜ, ਚਿਹਰੇ ਦਾ ਇੱਕ ਆਦਮੀ ਹੋਰ ਖੜਾ ਸੀ। ਉਸਨੇ ਸਸਤੀ ਟੈਰੀਕਾੱਟ ਦੀ
ਪੈਂਟ ਪਾਈ ਹੋਈ ਸੀ ਅਤੇ ਉਸਦੀ ਸ਼ਰਟ, ਜਿਸਦੇ ਸਾਰੇ ਰੰਗ ਲੱਗਭੱਗ ਬੁਝ ਚੁੱਕੇ ਸਨ, ਦਾ ਅਗਲਾ
ਇੱਕ ਬਟਨ ਟੁੱਟਾ ਹੋਇਆ ਸੀ, ਜਿੱਥੇ ਉਸਨੇ ਇੱਕ ਜੰਗਾਲਿਆ ਹੋਇਆ ਸੇਫ਼ਟੀਪੈਨ ਲਾਇਆ ਹੋਇਆ ਸੀ।
ਇਸ ਸੇਫ਼ਟੀਪੈਨ ਨੂੰ ਦੇਖ਼ ਕੇ ਮੈਨੂੰ ਆਪਣੇ ਬਚਪਨ ਅਤੇ ਮਾਂ ਦੀ ਯਾਦ ਆਈ ਸੀ। ਇੱਕ ਪੁਰਾਣੀ
ਕਮੀਜ਼ ਦੀ ਵੀ, ਜਿਸਨੂੰ ਮੈਂ ਕਦੇ ਪਜਾਮੇ ਅਤੇ ਕਦੇ ਹਾਫ਼ ਪੈਂਟ ਦੇ ਉੱਪਰ ਪਾਉਂਦਾ ਹੁੰਦਾ ਸੀ।
ਮੈਨੂੰ ਆਪਣੇ ਸਕੂਲ ਦੇ ਕੋਲ ਵਹਿਣ ਵਾਲਾ ਉਹ ਪਹਾੜੀ ਨਾਲਾ ਵੀ ਯਾਦ ਆਇਆ ਜਿਸਨੂੰ ਟੱਪਣ ਦੀ
ਕੋਸ਼ਿਸ਼ ਵਿੱਚ ਮੇਰੀਆਂ ਲੱਤਾਂ ਟੁੱਟ ਗਈਆਂ ਸਨ ਅਤੇ ਕਈ ਦਿਨਾਂ ਤੱਕ ਪਲੱਸਤਰ ਲਾਈ ਮੈਨੂੰ
ਪਲੰਘ ਤੇ ਪਿਆ ਰਹਿਣਾ ਪਿਆ ਸੀ। ਪਰ ਖ਼ੁਸ਼ੀ ਦੀ ਗੱਲ ਇਹ ਸੀ ਕਿ ਇੰਨੇ ਦਿਨਾਂ ਤੱਕ ਮੈਂ ਉਸ
ਨਰਕ ਵਿੱਚ ਜਾਣ ਤੋਂ ਬਚ ਗਿਆ ਸੀ, ਜਿਸਨੂੰ ਸਕੂਲ ਜਾਂ ਮੁੱਢਲੀ ਪਾਠਸ਼ਾਲਾ ਕਹਿੰਦੇ ਸਨ।
ਕਵੀ ਨੇ ਕਿਹਾ- ਇਨ੍ਹਾਂ ਨੂੰ ਮਿਲੋ। ਇਨ੍ਹਾਂ ਨੂੰ ਮਦਦ ਦੀ ਲੋੜ ਹੈ। ਇੱਥੇ ਦਿੱਲੀ ਵਿੱਚ
ਆਪਣਾ ਪ੍ਰਕਾਸ਼ਨ ਸ਼ੁਰੂ ਕੀਤਾ ਹੈ। ਤੁਸੀਂ ਆਪਣੀ ਕਵਿਤਾ ਦੀ ਕਿਤਾਬ ਇਨ੍ਹਾਂ ਨੂੰ ਹੀ ਦਿਉ।’
ਉਹ ਉਜਾੜ ਜਿਹਾ ਆਦਮੀ ਆਪਣੇ ਚਿਹਰੇ ਅਤੇ ਕੱਪੜਿਆਂ ਦੇ ਬੁਝੇ ਹੋਏ ਰੰਗਾਂ ਦੇ ਪਿੱਛੋਂ
ਮੁਸਕਰਾਇਆ। ਉਸਨੇ ਸ਼ਾਇਦ ‘ਨਮਸਤੇ’ ਜਾਂ ਨਮਸ਼ਕਾਰ ਵਰਗਾ ਕੁੱਝ ਕਿਹਾ। ਮੈਂ ਕਰੁਣਾ ਨਾਲ ਭਰਿਆ
ਹੋਇਆ, ਉਸ ਉਜਾੜ ਵਿੱਚ ਕਿਸੇ ਹਰੇ ਭਰੇ ਜੰਗਲ ਜਾਂ ਰੁੱਖ ਵਾਂਗੂੰ ਮੁਸਕਰਾਉਣਾ ਚਾਹੁੰਦਾ ਸੀ,
ਪਰ ਤਦੇ ਮੈਂ ਉਸਦੀਆਂ ਅੱਖਾਂ ਦੇਖ ਲਈਆਂ।
ਮੈਂ ਅਜਿਹੀ ਅੱਖ ਨੂੰ ਕਿਉਂ ਪਛਾਣ ਲੈਂਦਾ ਹਾਂ? ਕਿਉਂ? ਕਿਉਂ? ਕਿਉਂ?
ਮੈਂ ਹੱਸ ਨਾ ਸਕਿਆ ਅਤੇ ਉਸ ਕਵੀ ਦੇ ਕਵਿਤਾ ਸੰਗ੍ਰਹਿ ਦੇ ਪੰਨੇ ਲਗਾਤਾਰ ਪਲਟਣ ਲੱਗਾ। ਮੈਂ
ਖ਼ੁਦ ਤੇ ਟਿਕੀਆ ਉਸਦੀਆਂ ਅੱਖਾਂ ਤੋਂ ਬਚਦਾ ਹੋਇਆ ਉੱਥੋਂ ਭੱਜ ਜਾਣਾ ਚਾਹੁੰਦਾ ਸੀ।
ਬੱਸ ਇਹੀ ਇਸ ਕਹਾਣੀ ਦਾ ਪਹਿਲਾ ਸਿਰਾ ਹੈ ਜਿਸ ਨੂੰ ਵਾਪਰਿਆਂ ਤੀਹ ਤੋਂ ਜ਼ਿਆਦਾ ਸਾਲ ਹੋ ਗਏ
ਹਨ। ਇਨ੍ਹਾਂ ਤੀਹ ਸਾਲਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਮੈਂ ਬੁੱਢਾ ਅਤੇ
ਗੰਜਾ ਹੋ ਗਿਆ ਹਾਂ। ਮੇਰੇ ਬੱਚਿਆਂ ਦੇ ਬੱਚੇ ਹੋ ਗਏ ਹਨ। ਮੇਰੀ ਰੀੜ ਦੀ ਹੱਡੀ ਗਲ ਚੁੱਕੀ
ਹੈ। ਅੱਖਾਂ ਦੀ ਰੋਸ਼ਨੀ ਬੁਝਣ ਲੱਗੀ ਹੈ ਅਤੇ ਮੈਂ ਮੋਟੇ ਲੈਨਜ਼ ਦੀ ਐਨਕ ਲਾਉਣੀ ਸ਼ੁਰੂ ਕਰ
ਦਿੱਤੀ ਹੈ। ਇਸ ਤੋਂ ਬਾਅਦ ਵੀ ਚਿਹਰੇ ਪਛਾਣ ਵਿੱਚ ਨਹੀਂ ਆਉਂਦੇ। ਚੀਜ਼ਾਂ ਅਤੇ ਆਪਣਾ ਸਮਾਂ
ਮੈਨੂੰ ਬਹੁਤ ਧੁੰਦਲਾ ਦਿਖਾਈ ਦਿੰਦਾ ਹੈ।
ਸੋਵੀਅਤ ਸੰਘ ਹੁਣ ਦੁਨੀਆਂ ਦੇ ਨਕਸ਼ੇ ਤੇ ਕਿਤੇ ਨਹੀਂ ਹੈ। ਇੱਕ ਯੂਗੋਸਲਾਵੀਆ ਹੁੰਦਾ ਸੀ।
ਜਿਸਦੇ ਮਾਰਸ਼ਲ ਟੀਟੋ ਗੁੱਟ ਨਿਰਪੱਖ ਅੰਦੋਲਨ ਚਲਾਉਂਦੇ ਸਨ ਅਤੇ ਨਹਿਰੂ ਜੀ ਦੇ ਨਾਲ
ਮੁਸਕਰਾਉਂਦੇ ਸਨ, ਉਹ ਸਭ ਕਪੂਰ ਦੇ ਧੂੰਏ ਵਾਂਗੂੰ ਕਾਫ਼ੂਰ ਹੋ ਚੁੱਕਾ ਹੈ। ਕਿਸੇ ਨੇ ਹੁਣੇ
ਕਝ ਦਿਨ ਪਹਿਲਾਂ ਦੱਸਿਆ ਕਿ ਬਿਹਾਰ ਦੇ ਜਿਸ ਜ਼ਿਲੇ ਤੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਾਬੂ
ਰਾਜਿੰਦਰ ਪ੍ਰਸਾਦ ਆਉਂਦੇ ਸਨ, ਇੱਥੋਂ ਇੱਕ ਅਜਿਹਾ ਨੇਤਾ ਚੋਣ ਜਿੱਤਦਾ ਹੈ, ਜਿਸ ਤੇ 148
ਬੰਦਿਆਂ ਦੇ ਕਤਲ ਦਾ ਇਲਜ਼ਾਮ ਹੈ। ਯਾਨੀ ਇਰਾਕ ਦੇ ਸਦਾਮ ਹੁਸੈਨ ਤੋਂ ਵੀ ਜ਼ਿਆਦਾ, ਜਿਸ ਨੂੰ
ਇਸ ਸਦੀ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਹੱਤਿਆਰੇ ਜਾਰਜ ਬੁਸ਼ ਨੇ ਫ਼ਰਜ਼ੀ ਮੁਕੱਦਮਾ ਚਲਵਾ ਕੇ
ਫ਼ਾਂਸੀ ਤੇ ਲਟਕਵਾ ਦਿੱਤਾ ਸੀ।
ਮੇਰੇ ਪਿੰਡ ਵਿੱਚ ਘਰ ਦੇ ਕੋਲੋਂ ਜਿਹੜੀ ਨਦੀ ਵਗਦੀ ਸੀ, ਉਹ ਸੁੱਕ ਚੁੱਕੀ ਸੀ ਅਤੇ ਉਸਦੀ
ਰੇਤ ਲਈ ਠੇਕੇਦਾਰਾਂ ਵਿੱਚ ਗੋਲੀਆਂ ਚਲਦੀਆਂ ਹਨ। ਮੇਰੀ ਮਰੀ ਹੋਈ ਨਦੀ ਦੀ ਰੇਤ ਕੰਨਸ਼ਟਕਸ਼ਨ
ਲਈ ਸੀਮੈਂਟ ਵਿੱਚ ਮਿਲਾਈ ਜਾਣ ਵਾਲੀ, ਗੰਗਾ ਦੀ ਰੇਤ ਤੋਂ ਵੀ ਬਿਹਤਰ ਮੰਨੀ ਜਾਂਦੀ ਹੈ।
ਗੰਗਾ ਵੀ ਗੰਗੋਤਰੀ ਜਾਂ ਗੋਮੁਖ ਦੇ ਆਪਣੇ ਮੁਹਾਨੇ ਤੋਂ ਹੀ ਮਰ ਚੁੱਕੀ ਹੈ। ਇਲਾਹਬਾਦ ਵਿੱਚ
ਉਸਦੀ ਲਾਸ਼ ਵਹਿੰਦੀ ਹੈ, ਜਿਸ ਵਿੱਚ ਦੰਦ ਕਥਾ ਬਣ ਚੁੱਕੀ ਸਰਸਵਤੀ ਅਤੇ ਮੌਤ ਦੇ ਦੇਵਤਾ
ਯਮਰਾਜ ਦੀ ਮਰੀ ਹੋਈ ਭੈਣ ਜਮਨਾ ਦੀ ਲਾਸ਼ ਆ ਕੇ ਮਿਲ ਜਾਂਦੀ ਹੈ। ਲੋਕ ਇਨ੍ਹਾਂ ਲਾਸ਼ਾਂ ਵਿੱਚ
ਆਪਣੀ ਦੇਹ ਮਲਦੇ ਹਨ ਅਤੇ ਡੁਬਕੀ ਮਾਰ ਕੇ ਸਵਰਗ ਜਾਣ ਦੀਆਂ ਪੌੜੀਆਂ ਖੋਜਦੇ ਹਨ। ਇੱਕ ਮਰੀ
ਹੋਈ ਭਾਸ਼ਾ, ਜਿਹੜੀ ਹੁਣ ਜਿਊਂਦਿਆਂ ਨੂੰ ਠੱਗਣ ਦੇ ਕੰਮ ਆਉਂਦੀ ਹੈ, ਉਸਨੂੰ ਬੋਲਦੇ ਹੋਏ
ਪੰਡੇ ਉੱਥੇ ਉਨ੍ਹਾਂ ਲੋਕਾਂ ਕੋਲੋਂ ਰੁਪਏ ਠੱਗਦੇ ਹਨ।
ਅਤੇ ਹਾਂ, ਉਹ ਕਵੀ ਵੀ, ਜਿਹੜਾ ਉਸ ਦਿਨ ਇੱਕ ਵੱਖਰੇ ਜਿਹੇ ਨੀਲੇ ਰੰਗ ਦੇ ਕੋਟ ਵਿੱਚ, ਪਾਨ
ਦੀ ਗੁਮਟੀ ਦੇ ਕੋਲ ਮੈਨੂੰ ਮਿਲਿਆ ਸੀ ਅਤੇ ਜਿਸਨੇ ਆਪਣਾ ਕਵਿਤਾ ਸੰਗ੍ਰਹਿ ਮੈਨੂੰ ਦਿੱਤਾ
ਸੀ, ਜਿਸਦਾ ਸਿਰਲੇਖ ਮੈਨੂੰ ਠੀਕ-ਠੀਕ ਯਾਦ ਨਹੀਂ, ਪਰ ਜਿਸ ਵਿੱਚ ਕੋਈ ਇੱਕ ਸ਼ਬਦ, ਜਿਸਦਾ
ਅਰਥ ਸ਼ਾਇਦ ‘ਅੰਤਮ’ ਜਾਂ ‘ਬਚਿਆਂ ਹੋਇਆ’ ਸੀ, ਅਤੇ ਜਿਹੜਾ ਤਪਦਿਕ ਦੇ ਬੁਖ਼ਾਰ ਵਿੱਚ ਡੁੱਬਿਆ
ਹੋਇਆ ਸਿਰਲੇਖ ਪਿੱਛੋਂ ਝਾਕ ਰਿਹਾ ਸੀ …
ਉਹ ਕਵੀ ਵੀ ਕਈ ਸਾਲ ਹੋਏ ਮਰ ਚੁੱਕਾ ਹੈ।
ਕਵੀ ਦਾ ਹੱਤਿਆਰਾ ਕੋਈ ਠੇਕੇਦਾਰ ਸੀ। ਉਸਨੇ ਕਵੀ ਨੂੰ ਉਸਦੇ ਦਫ਼ਤਰ ਵਿੱਚ ਦਿਨ-ਦਿਹਾੜੇ,
ਸਿਖ਼ਰ ਦੁਪਹਿਰੇ ਖਿੱਚ ਕੇ ਬਾਹਰ ਕੱਢਿਆ ਸੀ ਅਤੇ ਉਸ ਨੂੰ ਸਾਰੇ ਸ਼ਹਿਰ ਦੀ ਸੜਕ ਤੇ ਕਈ
ਘੰਟਿਆਂ ਤੱਕ ਘੁਮਾਉਂਦਾ ਰਿਹਾ।
ਪੂਰਾ ਸ਼ਹਿਰ ਦੇਖ ਰਿਹਾ ਸੀ, ਜਦ ਉਹ ਠੇਕੇਦਾਰ ਜਾਂ ਹੱਤਿਆਰਾ ਉਸ ਕਵੀ ਦੀਆਂ ਉਂਗਲੀਆਂ,
ਵੀਣੀਆਂ, ਬਾਹਾਂ, ਗਿੱਟੇ, ਪੈਰ, ਪੱਟ ਇੱਕ-ਇੱਕ ਕਰਕੇ ਵੱਢ ਰਿਹਾ ਸੀ। ਉਸ ਕਵੀ ਦੇ ਸਰੀਰ ਦੇ
ਵੱਢੇ ਹੋਏ ਅੰਗ ਉਸ ਸ਼ਹਿਰ ਦੀਆਂ ਸੜਕਾਂ ਤੇ ਖਿੱਲਰੇ ਹੋਏ ਸਨ, ਜਿਸ ਸ਼ਹਿਰ ਵਿੱਚ ਰਹਿਣ ਵਾਲੇ
ਇੱਕ ਬੁੱਢੇ ਆਦਮੀ ਤੋਂ ਇਲਾਵਾ ਕਿਸੇ ਹੋਰ ਨੇ ਉਸ ਕਵੀ ਦੀ ਇੱਕ ਵੀ ਕਵਿਤਾ ਨਹੀਂ ਪੜ੍ਹੀ ਸੀ।
ਇਸ ਸ਼ਹਿਰ ਦੇ ਸੱਤ ਹਜ਼ਾਰ ਲੋਕ ਕਵੀ ਦੀ ਹੱਤਿਆ ਨੂੰ ਕਿਸੇ ਬਾਲੀਵੁੱਡ ਦੀ ਫ਼ਿਲਮ ਜਾਂ
ਟੀ.ਵੀ.ਸੀਰੀਅਲ ਦੀ ਸ਼ੂਟਿੰਗ ਵਾਂਗੂੰ ਦੇਖ ਰਹੇ ਸਨ।
ਸਭ ਤੋਂ ਅੰਤ ਵਿੱਚ ਠੇਕੇਦਾਰ ਨੇ ਕਵੀ ਦਾ ਸਿਰ ਉਸਦੇ ਧੜ ਤੋਂ ਵੱਖ ਕਰ ਦਿੱਤਾ ਅਤੇ ਚੀਕਿਆ:
‘ਦੇਖ ਲਉ ਲੋਕੋ। ਸਮਾਂ ਬਦਲ ਚੁੱਕਾ ਹੈ। ਜਿਹੜਾ ਵੀ ਕੋਈ ਹੁਣ ਠੇਕਿਆਂ ਦਾ ਵਿਰੋਧ ਕਰੇਗਾ
ਉਸਦਾ ਇਹੀ ਹਾਲ ਹੋਵੇਗਾ?’
ਸ਼ਹਿਰ ਦੇ ਲੋਕ ਉਸ ਸਮੇਂ ਵੀ ਚੁੱਪ ਸਨ ਜਦ ਠੇਕੇਦਾਰ ਨੇ ਕਵੀ ਦਾ ਸਿਰ ਪੁਲਿਸ ਥਾਣੇ ਦੇ ਗੇਟ
ਤੇ ਸੁੱਟਿਆ ਅਤੇ ਸਾਹਮਣੇ ਰੇਹੜੀ ਤੇ ਜਾ ਕੇ ਇਮਲੀ ਦੀ ਚਟਨੀ ਦੇ ਨਾਲ ਸਮੋਸਾ ਖਾਣ ਲੱਗਾ ਅਤੇ
ਚਾਹ ਪੀਣ ਲੱਗਾ।
ਸ਼ਹਿਰ ਥੋੜ੍ਹੇ ਚਿਰ ਪਿੱਛੋਂ ਫ਼ਿਰ ਆਪਣੀ ਰਫ਼ਤਾਰ ਵਿੱਚ ਆ ਗਿਆ। ‘ਮਰਣ ਵਾਲੇ ਨਾਲ ਕੋਈ ਮਰ
ਨਹੀਂ ਜਾਂਦਾ!’ ਉਸੇ ਸ਼ਹਿਰ ਦੇ ਇੱਕ ਵਿਦਵਾਨ ਨੇ ਕਿਹਾ ਅਤੇ ਠੇਕੇਦਾਰ ਦੀ ਕਾਰ ਵਿੱਚ ਬਹਿ ਕੇ
ਕਿਸੇ ਆਯੋਜਨ ਵਿੱਚ ਚਲਾ ਗਿਆ।
ਸੱਚਮੁੱਚ ਜੇ ਉਸ ਪਾਨ ਦੀ ਗੁਮਟੀ ਵਾਲੇ ਪਹਿਲੇ ਕਿਨਾਰੇ ਤੋਂ ਇਧਰ ਦੇਖੀਏ ਤਾਂ ਦੁਨੀਆਂ
ਇਨ੍ਹਾਂ ਤੀਹ ਸਾਲਾਂ ਵਿੱਚ ਬਹੁਤ ਬਦਲ ਗਈ ਹੈ। ਹੁਣ ਤਾਂ ਮੈਂ ਦਿਹਾੜੀ ਵਿੱਚ ਆਪਣੀ ਐਨਕ ਕਈ
ਵਾਰ ਲੱਭਦਾ ਹਾਂ। ਕੋਈ ਚੀਜ਼ ਕਿਸੇ ਥਾਂ ਰੱਖ ਦਿੰਦਾ ਹਾਂ, ਫਿਰ ਉਸ ਥਾਂ ਜਾਂ ਉਸ ਚੀਜ਼,
ਦੋਵਾਂ ਨੂੰ ਭੁੱਲਦਾ ਅਤੇ ਯਾਦ ਕਰਦਾ, ਦਿਨ-ਰਾਤ ਲੱਭਦਾ ਰਹਿੰਦਾ ਹਾਂ। ਪਤਨੀ, ਜਿਸ ਦੇ ਗੋਡੇ
ਹੁਣ ਚੰਗੀ ਤਰ੍ਹਾਂ ਨਹੀਂ ਮੁੜਦੇ ਅਤੇ ਮਹਿੰਦੀ ਲਾਉਣ ਨਾਲ ਜਿਸ ਦੇ ਸਿਰ ਦੇ ਵਾਲ ਅਜੀਬ-ਜਿਹੇ
ਨਾਰੰਗੀ-ਕਥਈ ਦਿੱਸਦੇ ਹਨ, ਚਿੜਦੀ ਹੋਈ ਬੁੜਬੜਾਉਂਦੀ ਹੈ: ‘ਹੁਣ ਭੁੱਲ ਜਾ ਆਪਣੀਆਂ
ਡਿਗਰੀਆਂ, ਪ੍ਰਮਾਣ ਪੱਤਰ ਅਤੇ ਪੁਰਾਣੇ ਕਾਗਜ਼। ਨਾ ਲੱਭ ਉਨ੍ਹਾਂ ਨੂੰ। ਇਸ ਸ਼ਹਿਰ ਵਿੱਚ ਹੁਣ
ਤੈਨੂੰ ਕੋਈ ਨਹੀਂ ਪਛਾਨਦਾ। ਚੱਲ ਹਰਿਦੁਆਰ ਚੱਲਦੇ ਹਾਂ। ਅੰਤ ਵੇਲਾ ਆਇਆ …
ਉਹ ਵੀ ਤਾਂ ਅਕਸਰ ਤਵੇ ਤੇ ਰੱਖੀਆਂ ਹੋਈਆਂ ਰੋਟੀਆਂ ਭੁੱਲ ਜਾਂਦੀ ਹੈ ਜਾਂ ਖੁੱਲ੍ਹੀਆਂ
ਹੋਈਆਂ ਟੂਟੀਆਂ। ਸਾਡੇ ਘਰ ਵਿੱਚ ਸੜਦੀ ਹੋਈ ਰੋਟੀ ਦੀ ਗੰਧ ਅਤੇ ਲਗਾਤਾਰ ਵਹਿੰਦੇ ਪਾਣੀ ਦੀ
ਆਵਾਜ਼ ਸਦਾ ਆਉਂਦੀ ਰਹਿੰਦੀ ਹੈ। ਇਸ ਵਿੱਚ ਮੇਰੀ ਪਤਨੀ ਦੇ ਬੜਬੜਾਉਣ ਅਤੇ ਮੇਰੇ ਕੁੱਝ ਲੱਭਦੇ
ਰਹਿਣ ਦੀਆਂ ਆਵਾਜ਼ਾਂ ਵੀ ਮਿਲੀਆਂ ਹੁੰਦੀਆਂ ਹਨ।
ਪਰ ਕੀ ਤੁਹਾਨੂੰ ਉਹ ਉਜਾੜ ਜਿਹਾ ਆਦਮੀ ਯਾਦ ਹੈ ਜਿਹੜਾ ਉਸ ਦਿਨ ਪਾਨ ਦੀ ਗੁਮਟੀ ਦੇ ਕੋਲ
ਕਵੀ ਨਾਲ ਟੈਰੀਕਾਟ ਦੀ ਪੈਂਟ ਅਤੇ ਬੁਝੇ ਹੋਏ ਰੰਗ ਦੀ ਸ਼ਰਟ ਪਾਈ ਮਿਲਿਆ ਸੀ ਅਤੇ ਜਿਸਦੇ
ਬੀਆਬਾਨ ਵਿੱਚ ਮੈਂ ਕਿਸੇ ਜੰਗਲ ਦੇ ਰੁੱਖ ਵਾਂਗੂੰ ਹੁੰਦਾ ਹੋਇਆ ਹੱਸਣਾ ਚਾਹੁੰਦਾ ਸੀ? ਪਰ
ਤਦੇ ਅਚਾਨਕ ਮੈਂ ਉਸਦੀਆਂ ਅੱਖਾਂ ਦੇਖ ਲਈਆਂ ਸਨ?
ਉਹ ਆਦਮੀ ਹੁਣੇ ਕੁੱਝ ਦਿਨ ਪਹਿਲਾਂ ਮੈਨੂੰ ਪ੍ਰੈਸ ਕਲੱਬ ਦੇ ਕੋਲ, ਰਾਇਸੀਨਾ ਰੋਡ ‘ਤੇ
ਦਿੱਸਿਆ ਸੀ। ਉਹ ਬਿਲਕੁੱਲ ਨਵੀਂ ਇਨੋਵਾ ਜਾਂ ਲੈਂਡਕਰੂਜ਼ਰ ਵਿੱਚੋਂ ਉੱਤਰ ਕੇ ‘ਲੇ
ਮੈਰੀਡੀਅਨ’ ਵਿੱਚ ਦਾਖ਼ਲ ਹੋ ਰਿਹਾ ਸੀ। ਉਸਦੇ ਨਾਲ ਹਿੰਦੀ ਦਾ ਇੱਕ ਬੁੱਢਾ ਪ੍ਰੋਫੈਸਰ ਅਤੇ
ਇੱਕ ਅੱਧਖੜ ਕਵਿੱਤਰੀ ਸੀ। ਉਹ ‘ਬਾਰ’ ਵੱਲ ਜਾ ਰਹੇ ਸਨ।
ਉਸ ਆਦਮੀ ਨੇ ਕਾਲੇ ਰੰਗ ਦਾ ਚਮਕੀਲਾ ਪਾਰਟੀ ਸੂਟ ਪਾਇਆ ਹੋਇਆ ਸੀ। ਖੱਬੇ ਹੱਥ ਵਿੱਚ ਇੱਕ
ਐਕਜ਼ੀਕਿਊਟਿਵ ਬ੍ਰੀਫ਼ਕੇਸ ਸੀ। ਉਸਦੇ ਗੁੱਟ ਤੇ, ਮੈਂ ਸਾਫ਼-ਸਾਫ਼ ਦੇਖਿਆ, ਓਮੇਗਾ ਦੇ ਨਵੇਂ
ਮਾਡਲ ਦੀ ਉਹ ਘੜੀ ਸੀ, ਜਿਸਦਾ ਵਿਗਿਆਪਨ ਅੱਜ ਸਾਰੇ ਅੰਗ੍ਰੇਜ਼ੀ ਅਖ਼ਬਾਰਾਂ ਵਿੱਚ ਛਪਿਆ ਹੈ,
ਉਸ ਘੜੀ ਦੀ ਕੀਮਤ ਸੱਤ ਲੱਖ ਰੁਪਏ ਹੈ।
ਅੱਜ ਦੇ ਹੀ ਹਿੰਦੀ ਦੇ ਅਖ਼ਬਾਰਾਂ ਵਿੱਚ ਇੱਕ ਫ਼ੋਟੋ ਵੀ ਹੈ, ਜਿਸ ਵਿੱਚ ਉਹ ਆਦਮੀ ਉਸ ਬੁੱਢੇ
ਪ੍ਰੋਫ਼ੈਸਰ, ਅੱਧਖੜ ਕਵਿੱਤਰੀ ਅਤੇ ਤਿੰਨ ਚਾਰ ਹੋਰ ਵੀ.ਆਈ.ਪੀ.ਬੰਦਿਆਂ ਦੇ ਨਾਲ ਭਾਰਤ ਦੇ
ਉਪ-ਰਾਸ਼ਟਰਪਤੀ ਦੇ ਨਾਲ ਖੜ੍ਹਾ ਹੈ। ਇਹ ਫ਼ੋਟੋ ਕਵਿਤਾ ਸੰਗ੍ਰਹਿ ਦੇ ਵਿਮੋਚਨ ਦੀ ਹੈ। ਇਸ
ਫ਼ੋਟੋ ਵਿੱਚ ਤੀਹ ਸਾਲ ਪਹਿਲਾਂ ਦਾ ਉਜਾੜ ਜਿਹਾ ਆਦਮੀ ਕਿਸੇ ਹਰੇ-ਭਰੇ ਜੰਗਲ ਵਾਂਗੂੰ ਹੱਸ
ਰਿਹਾ ਹੈ।
ਤੁਸੀਂ ਇੱਕ ਤੱਥ ਤੇ ਗੌਰ ਕੀਤਾ? ਇਹ ਕਹਾਣੀ ਜਿੱਥੋਂ ਸ਼ੁਰੂ ਹੋਈ ਸੀ, ਉਸ ਤੋਂ ਕੁੱਝ ਹੀ ਦੇਰ
ਬਾਅਦ ਇਸਦਾ ਫੌਂਟ ਸਾਈਜ਼ ਬਦਲ ਗਿਆ। ਇਸ ਦੀਆਂ ਲਿਪੀਆਂ ਛੋਟੀਆਂ ਹੋ ਗਈਆਂ ਅਤੇ ਸਾਰੇ ਅੱਖ਼ਰ
ਅਟੈਲਿਕਸ ਵਿੱਚ ਟੇਢੇ ਹੋ ਗਏ। ਇਸਦਾ ਅਰਥ ਇਹੀ ਨਿਕਲਿਆ ਕਿ ਇਹ ਉਹ ਮੂਲ ਕਹਾਣੀ ਨਹੀਂ ਸੀ,
ਜਿਸਨੂੰ ਮੈਂ ਲਿਖਣਾ ਚਾਹੁੰਦਾ ਸੀ। ਅਜਿਹਾ ਮੈਂ ਅਕਸਰ ਕਰਦਾ ਹਾਂ। ਸ਼ਾਇਦ ਇਹ ਕਿਸੇ ਇੱਕ ਉਸ
ਦੂਜੀ ਕਥਾ ਦੀ ਪ੍ਰਸਤਾਵਨਾ ਸੀ, ਜਿਸ ਤੱਕ ਮੈਂ ਤੁਹਾਨੂੰ ਪਹੁੰਚਾਉਣਾ ਚਾਹੁੰਦਾ ਸੀ।
ਮੇਰਾ ਮੰਨਣਾ ਹੈ ਕਿ ਜਿਸ ਥਾਂ ਤੁਸੀਂ ਪਹੁੰਚਣਾ ਚਾਹੁੰਦੇ ਹੋ, ਆਪਣੇ ਘਰ ਜਾਂ ਸ਼ਹਿਰ, ਜਾਂ
ਕਿਸੇ ਦੂਜੇ ਦੇ ਘਰ ਅਤੇ ਕਿਸੇ ਦੂਜੇ ਸ਼ਹਿਰ, ਤਾਂ ਉੱਥੋਂ ਤਕ ਪਹੁੰਚਣ ਲਈ ਤੁਹਾਨੂੰ ਹਮੇਸ਼ਾ
ਇੱਕ ਦੂਰੀ ਤਹਿ ਕਰਨੀ ਪੈਂਦੀ ਹੈ। ਇਸ ਤੋਂ ਬਿਨਾਂ ਤੁਹਾਨੂੰ ਕੁੱਝ ਦੇਰ ਤੱਕ ਕਿਸੇ ਦੂਜੇ
ਸਮੇਂ ਵਿੱਚ ਵੀ ਰਹਿਣਾ ਅਤੇ ਚੱਲਣਾ ਪੈਂਦਾ ਹੈ। ਤੁਸੀਂ ਕਿਸੇ ਵੀ ਥਾਂ ਇੱਕਦਮ ਸਿੱਧੇ ਨਹੀਂ
ਪਹੁੰਚ ਸਕਦੇ। ਇਹ ਅਸੰਭਵ ਵਰਗਾ ਹੈ। ਅਜਿਹਾ ਕੌਤਕ ਸਿਰਫ਼ ਸੁਪਨੇ ਵਿੱਚ ਮੁਮਕਿਨ ਹੈ ਕਿ
ਤੁਸੀਂ ਅਚਾਨਕ ਆਪਣੇ ਆਪਨੂੰ ਠੀਕ ਉਸੇ ਸਮੇਂ ਅਤੇ ਠੀਕ ਉਸੇ ਥਾਂ ਪਾਉ, ਜਿੱਥੇ ਤੁਸੀਂ
ਪਹੁੰਚਣਾ ਚਾਹੁੰਦੇ ਸੀ।
ਫ਼ਿਰ ਜਿਵੇਂ ਕਿ ਤੁਸੀਂ ਦੇਖਿਆ ਹੀ ਹੈ, ਮੈਂ ਕਹਾਣੀ ਦਾ ਸਿਰਲੇਖ ‘ਆਵਰਣ’ ਦਿੱਤਾ ਸੀ ਜਦ ਕਿ
ਅਜੇ ਤੱਕ ਉਸ ਨਾਲ ਜੁੜੀ ਕੋਈ ਘਟਨਾ ਇਸ ਸਮੁੱਚੇ ਪਾਠ ਵਿੱਚ ਕਿਤੇ ਨਹੀਂ ਆਈ।
ਮੈਂ ਆਪਣਾ ਕਵਿਤਾ ਸੰਗ੍ਰਹਿ ਉਸ ਉਜਾੜ ਆਦਮੀ ਨੂੰ ਨਹੀਂ ਦਿੱਤਾ, ਜਿਹੜਾ ਤੀਹ ਸਾਲਾਂ
ਪਿੱਛੋਂ, ਜਦ ਸਾਰੀ ਦੁਨੀਆਂ ਬਦਲ ਚੁੱਕੀ ਸੀ, ਓਮੇਗਾ ਗੋਲਡ ਐਂਡ ਡਾਇਮੰਡ ਘੜੀ ਲਾਉਣ ਲੱਗਾ
ਸੀ ਅਤੇ ਤਦ ਤੱਕ ਜਿਹੜਾ ਕਵੀ ਠੇਕੇਦਾਰ ਦੇ ਹੱਥੋਂ ਮਾਰਿਆ ਜਾ ਚੁੱਕਾ ਸੀ, ਉਸਨੂੰ ਉਸਨੇ
ਰਾਇਲਟੀ ਨਹੀਂ ਦਿੱਤੀ ਸੀ।
ਪਰ ਕਵਿਤਾਵਾਂ ਜੇ ਲਿਖੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਛਪਵਾਉਣ ਦਾ ਰਿਵਾਜ ਵੀ ਸਮਾਜ
ਵਿੱਚ ਹੈ। ਜਿਵੇਂ ਧੀਆਂ ਜੰਮਦੀਆਂ ਹਨ ਤਾਂ ਇੱਕ ਦਿਨ ਉਨ੍ਹਾਂ ਨੂੰ ਵਿਆਹੁਣ ਦੀ ਪ੍ਰਥਾ
ਹੁੰਦੀ ਹੈ। ਲਿਹਾਜ਼ਾ ਆਪਣੀਆਂ ਕਵਿਤਾਵਾਂ ਲੈ ਕੇ ਮੈਂ ਇੱਕ ਜੰਮੇ-ਜਮਾਏ ਪ੍ਰਕਾਸ਼ਕ ਦੇ ਕੋਲ
ਗਿਆ, ਜਿਸਦੀ ਦੁਕਾਨ ਪੁਰਾਣੇ ਸ਼ਹਿਰ ਦੀ ਚਾਟ ਪਕੌੜੀ ਵਾਲੀ ਬਸਤੀ ਦੀ ਸਭ ਤੋਂ ਭੀੜੀ ਗਲੀ
ਵਿੱਚ ਸੀ।
ਪਰ ਜਦ ਦੀ ਇਹ ਗੱਲ ਹੈ, ਤਦ ਤੱਕ ਉਸ ਵੱਖਰੇ-ਜਿਹੇ ਨੀਲੇ ਕੋਟ ਵਾਲੇ ਕਵੀ ਦੀ ਹੱਤਿਆ
ਠੇਕੇਦਾਰ ਨੇ ਨਹੀਂ ਕੀਤੀ ਸੀ ਅਤੇ ਕਵੀ ਦਾ ਸਿਰ ਧੜ ਨਾਲੋਂ ਵੱਖ ਕਰਕੇ, ਉਸਨੂੰ ਥਾਣੇ ਦੇ
ਫ਼ਾਟਕ ਦੇ ਸਾਹਮਣੇ ਸੁੱਟ ਕੇ, ਉਹ ਇਮਲੀ ਦੀ ਚਟਨੀ ਅਤੇ ਸਮੋਸਾ ਨਹੀਂ ਖਾ ਰਿਹਾ ਸੀ। ਯਾਨੀ ਤਦ
ਤੱਕ ਦੁਨੀਆਂ ਇਸ ਕਦਰ ਬਦਲੀ ਨਹੀਂ ਸੀ। ਉਸ ਵਿੱਚ ਉਹ ਪੁਰਾਣਾ ਕੁੱਝ ਬਚਿਆ ਹੋਇਆ ਸੀ, ਜਿਸ
ਨਾਲ ਉਹ ਕਿਸੇ ਕਦਰ ਪਛਾਣੀ ਜਾ ਸਕਦੀ ਸੀ।
ਸ਼ਾਇਦ ਤਦ ਤੱਕ ਟੀ.ਵੀ.ਤਾਂ ਆ ਚੁੱਕਾ ਹੋਵੇਗਾ ਪਰ ਇੰਟਰਨੈੱਟ ਅਤੇ ਮੋਬਾਇਲ ਦਾ ਅਤਾ ਪਤਾ
ਨਹੀਂ ਸੀ।
ਇਸ ਲਈ ਜਦ ਸ਼ਹਿਰ ਦੀ ਪੁਰਾਣੀ ਚਾਟ-ਪਕੌੜੀ ਵਾਲੀ ਸਭ ਤੋਂ ਤੰਗ ਗਲੀ ਵਿੱਚ ਮੈਂ ਪ੍ਰਕਾਸ਼ਕ ਦੀ
ਦੁਕਾਨ ਵਿੱਚ ਆਪਣੀਆਂ ਕਵਿਤਾਵਾਂ ਦੇ ਖਰੜੇ ਨਾਲ ਦਾਖ਼ਲ ਹੋਇਆ ਤਾਂ ਉਹ ਪੂਤਨੇ ਦੀ ਚਟਨੀ ਨਾਲ
ਬਰੈਡ ਪਕੌੜਾ ਖਾ ਰਿਹਾ ਸੀ ਅਤੇ ਕਾਲੇ ਰੰਗ ਦੇ ਟੈਲੀਫ਼ੋਨ ਦੇ ਦਸ ਛੇਕਾਂ ਵਾਲੀ ਚੱਕਰੀ ਦੇ
ਵੱਖ-ਵੱਖ ਨੰਬਰਾਂ ਨੂੰ ਉਂਗਲੀਆਂ ਨਾਲ ਕਿਰਰਰ … ਘਿਰਰਰ … ਕਿਰਰਰ … ‘ਕਰਦਾ ਹੋਇਆ ਘੁਮਾ
ਰਿਹਾ ਸੀ। ਉਹ ਕਿਸੇ ਪੁਲਿਸ ਅਫ਼ਸਰ ਨੂੰ ਫ਼ੋਨ ਕਰ ਰਿਹਾ ਸੀ, ਜਿਸਦਾ ਕਵਿਤਾ ਸੰਗ੍ਰਹਿ ਉਸਨੇ
ਛਾਪਿਆ ਸੀ ਅਤੇ ਜਿਹੜਾ ਸਾਹਮਣੇ ਹੀ ਮੇਜ਼ ਤੇ, ਜਿੱਥੇ ਬਰੈਡ ਪਕੌੜੇ ਰੱਖੇ ਸਨ, ਉਸੇ ਦੇ ਕੋਲ
ਰੱਖਿਆ ਹੋਇਆ ਸੀ।
ਫ਼ੋਨ ਨਹੀਂ ਲੱਗਾ ਤਾਂ ਉਸਨੇ ਰਿਸੀਵਰ ਕਰੈਡਿਲ ਤੇ ਪਟਕਿਆ ਅਤੇ ਉਸ ਪੁਲਿਸ ਵਾਲੇ ਨੂੰ ਗਾਲ੍ਹ
ਕੱਢੀ। ਉਸਨੇ ਕਿਹਾ- ‘ਧੰਦੇ ਵਿੱਚ ਸਭ ਕਰਨਾ ਪੈਂਦਾ ਹੈ। ਕਹਿੰਦਾ ਸੀ ਬਾਰਾਂ ਸੌ ਬਾਈ
ਕਾਪੀਆਂ ਦਾ ਆਰਡਰ ਐਡਵਾਂਸ ਦਿਵਾ ਦਵੇਗਾ। ਦੇਖੋ, ਚਾਰ ਦਿਨ ਹੋ ਗਏ ਉਸਦਾ ਕਵਿਤਾ ਸੰਗ੍ਰਹਿ
ਛਪਿਆਂ, ਫੋਨ ਹੀ ਨਹੀਂ ਚੁੱਕ ਰਿਹਾ। ਪੀ.ਏ.ਕਹਿੰਦਾ ਹੈ, ਹੋਲਡ ਕਰੋ। ਚਾਰ ਦਿਨਾਂ ਵਿੱਚ
ਕੁੱਲ ਮਿਲਾ ਕੇ ਸਾਢੇ ਚਾਰ ਘੰਟੇ ਮੈਂ ਰਿਸੀਵਰ ਫ਼ੜ ਕੇ ਬੈਠਾ ਰਿਹਾ ਹੈ।’
‘ਪ੍ਰੋਡਕਸ਼ਨ ਤਾਂ ਬਹੁਤ ਚੰਗੀ ਹੈ।’ ਮੈਂ ਪੁਲਸੀਏ ਦੇ ਕਵਿਤਾ ਸੰਗ੍ਰਹਿ ਨੂੰ ਚੁੱਕਦਿਆਂ
ਹੋਇਆਂ ਕਿਹਾ।’ ਕਾਗਜ਼ ਵੀ ਤੁਸੀਂ ਕਾਫ਼ੀ ਮਹਿੰਗਾ ਲਾਇਆ ਹੈ।’
ਪ੍ਰਕਾਸ਼ਨ, ਜਿਹੜਾ ਹੁਣ ਤੱਕ ਬਰੈਡ ਪਕੌੜੇ ਦੇ ਆਖ਼ਰੀ ਟੋਟੇ ਨਾਲ ਪੁਦੀਨੇ ਦੀ ਸਾਰੀ ਚਟਨੀ ਖਾ
ਚੁੱਕਾ ਸੀ, ਤੌਲੀਏ ਨਾਲ ਹੱਥ ਪੂੰਝਦਾ ਹੋਇਆਂ ਪਹਿਲੀ ਵਾਰ ਮੁਸਕਰਾਇਆ। ‘ਕਵਰ ਡੀਜ਼ਾਈਨ ਵੀ
ਸਰਵੋਤਮ ਹੈ। ਜ਼ਾਮਿਨੀ ਰਾਇ ਦਾ ਰੀਪ੍ਰੋਡਕਸ਼ਨ ਅਸੀਂ ਯੂਜ ਕੀਤਾ ਹੈ।’
ਹਾਲਾਂਕਿ ਜਾਮਿਨੀ ਰਾਇ ਦੇ ਬਾਰੇ ਵਿੱਚ ਮੇਰੀ ਰਾਇ ਚੰਗੀ ਨਹੀਂ ਸੀ, ਫ਼ਿਰ ਵੀ ਮੈਂ ਕਿਹਾ,
‘ਹਾਂ ਕਵਰ ਚੰਗਾ ਹੈ।’
‘ਬਹੁਤ ਪੁਰਸਕਾਰ ਮਿਲੇ ਤੁਹਾਨੂੰ ਇਸ ਵਿੱਚ। ਹੁਣ ਤਾਂ ਕਿਤਾਬ ਆ ਹੀ ਜਾਣੀ ਚਾਹੀਦੀ ਹੈ।’
ਪ੍ਰਕਾਸ਼ਕ ਜਿਹੜਾ ਬਹੁਤ ਹੀ ਚੀਕਣਾ-ਚੋਪੜਿਆ ਸੀ ਅਤੇ ਬਹੁਤ ਜ਼ਿਆਦਾ ਧੁਪੇ ਹੋਇਆਂ ਕੱਪੜੇ ਪਾ
ਕੇ ਬੈਠਾ ਹੋਇਆ ਸੀ ਨੇ ਕਿਹਾ।
ਇਸ ਵਿੱਚ ਇੱਕ ਕਮਜ਼ੋਰ ਅਤੇ ਭੁੱਖਾ ਲੱਗਣ ਵਾਲਾ ਆਦਮੀ ਉੱਥੇ ਮੇਜ਼ ਤੇ ਚਾਹ ਦੇ ਦੋ ਕੱਪ ਰੱਖ
ਗਿਆ ਅਤੇ ਬਰੈੱਡ ਪਕੌੜੇ ਵਾਲੀ ਖ਼ਾਲੀ ਪਲੇਟ ਚੁੱਕ ਕੇ ਲੈ ਗਿਆ। ਜਿਸ ਸਮੇਂ ਉਹ ਆਦਮੀ ਇਹ
ਸਾਰਾ ਕੰਮ ਕਰ ਰਿਹਾ ਸੀ, ਮੈਂ ਆਪਣੇ ਝੋਲੇ ਵਿੱਚੋਂ ਕਵਿਤਾਵਾਂ ਦਾ ਖਰੜਾ ਕੱਢ ਕੇ ਮੇਜ਼ ਤੇ
ਰੱਖ ਦਿੱਤਾ ਸੀ।
‘ਇਹ ਲੋਕ ਪੁਰਸਕਾਰ ਤਾਂ ਦਿੰਦੇ ਹਨ, ਨੌਕਰੀ ਨਹੀਂ ਦਿੰਦੇ। ਕੋਈ ਕੰਮ ਵੀ ਨਹੀਂ ਦਿੰਦੇ।
ਜ਼ਿਆਦਾ ਪੁਰਸਕਾਰ ਹੋ ਗਏ ਤਾਂ ਕਿਤੇ ਮੂੰਹ ਦਿਖਾਉਣ ਯੋਗਾ ਨਹੀਂ ਰਹਾਂਗਾ। ਮੈਂ ਸੋਚਦਿਆਂ
ਹੋਇਆਂ ਕਿਹਾ। ਮੇਰੀ ਆਵਾਜ਼ ਵਿੱਚ ਆਤਮ ਦਯਾ, ਲਾਚਾਰਗੀ ਅਤੇ ਦਰਿੱਦਤਾ ਵਰਗੀ ਚੀਜ਼ ਸੀ।
‘ਤੁਹਾਨੂੰ ਨੌਕਰੀ ਕਿਉਂ ਨਹੀਂ ਮਿਲਦੀ?’
‘ਮੈਨੂੰ ਲੱਗਦਾ ਹੈ ਕਿ ਮੈਂ ਇੱਕ ਅੱਧ ਕਵਿਤਾ ਅਜਿਹੀ ਲਿਖ ਦਿੱਤੀ ਹੈ। ਸ਼ਾਇਦ ਇਸ ਲਈ ਅਤਿਲਾ
ਯੋਜੇਫ਼ ਨੂੰ ਵੀ ਕਦੇ ਨੌਕਰੀ ਨਹੀਂ ਸੀ ਮਿਲੀ।’
‘ਫ਼ਿਰ ਕੀ ਹੋਇਆ? ਬਿਜ਼ਨੈਸ ਕਰ ਲੈਣਾ ਚਾਹੀਦਾ ਸੀ।’ ਉਸਨੇ ਮੇਰੇ ਖਰੜੇ ਦੇ ਪੰਨੇ ਪਲਟਦਿਆਂ
ਹੋਇਆ ਕਿਹਾ।
‘ਅਸਲ ਵਿੱਚ ਜਿਹੜਾ ਕਵਿਤਾ ਲਿਖਣ ਲੱਗਦਾ ਹੈ, ਉਸ ਲਈ ਕਵਿਤਾ ਹੀ ਬਿਜ਼ਨੈਸ ਬਣ ਜਾਂਦੀ ਹੈ। ਪਰ
ਇਸ ਵਿੱਚ ਘਾਟਾ ਬਹੁਤ ਹੈ। ਬਹੁਤ ਕਰਜ਼ਾ ਚੜ੍ਹ ਜਾਂਦਾ ਹੈ। ਅਫ਼ਸਰਾਂ-ਨੇਤਾਵਾਂ ਦੀ ਚਮਚਾਗਿਰੀ
ਨਾ ਕਰੋ ਤਾਂ ਘਰ ਵਿਕ ਜਾਂਦਾ ਹੈ। ਬੱਚੇ ਭੁੱਖੇ ਰਹਿ ਜਾਂਦੇ ਹਨ।
‘ਉਸਦਾ ਕੀ ਹੋਇਆ ਸੀ?’
‘ਕਿਸਦਾ?’
‘ਉਹੀ ਜਿਸਦਾ ਨਾਂ ਤੁਸੀਂ ਹੁਣੇ ਲਿਆ ਸੀ, ਜਿਸਨੂੰ ਕਦੇ ਨੌਕਰੀ ਨਹੀਂ ਮਿਲੀ ਸੀ।’ ਪ੍ਰਕਾਸ਼ਕ
ਨੇ ਪੁੱਛਿਆ।
‘ਉਹ ਰੇਲ ਦੀ ਲਾਈਨ ਤੇ ਵੱਢ ਕੇ ਮਰ ਗਿਆ। 32 ਸਾਲ ਦੀ ਉਮਰ ਵਿੱਚ। ਹੁਣ ਤਾਂ ਖੈਰ ਉਸਨੂੰ
ਹੰਗਰੀ ਵਿੱਚ ਕਵਿਤਾ ਦੇ ਇਤਿਹਾਸ ਦਾ ਸਭ ਤੋਂ ਮਹਾਨ ਕਵੀ ਮੰਨਿਆ ਜਾਂਦਾ ਹੈ, ਪਰ ਇਹ ਤਾਂ
ਮਰਨ ਤੋਂ ਬਾਅਦ ਦੀ ਗੱਲ ਹੈ। ਅਸਲ ਵਿੱਚ ਜਦ ਉਹ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ, ਤਾਂ
ਉਸਨੇ ਇੱਕ ਕਵਿਤਾ ਲਿਖ ਦਿੱਤੀ ਸੀ, ਜਿਸ ਨਾਲ ਇੱਕ ਪ੍ਰੋਫੈਸਰ ਨਾਰਾਜ਼ ਹੋ ਗਿਆ ਸੀ ਅਤੇ ਉਸਨੇ
ਉਸਦਾ ਦਾਖ਼ਲਾ ਖਾਰਜ ਕਰਵਾ ਦਿੱਤਾ ਸੀ।’
‘ਓਹ!’ ਪ੍ਰਕਾਸ਼ਕ ਦੀ ਆਵਾਜ਼ ਵਿੱਚ ਪਛਤਾਵੇ ਵਰਗਾ ਕੁੱਝ ਸੀ। ‘ਉਸਨੂੰ ਕਵਿਤਾ ਨਹੀਂ ਲਿਖਣੀ
ਚਾਹੀਦੀ ਸੀ। ਬਈ, ਆਪਣੇ ਧੰਦੇ ਦਾ ਕੁੱਝ ਤਾਂ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਨਹੀਂ?’
ਪਰ ਸਾਡੇ ਇੱਥੇ ਦੂਜੇ ਤਰੀਕੇ ਨਾਲ ਮਾਰਦੇ ਹਨ। ਇੱਥੇ ਜਿਹੜਾ ਅਸਲ ਵਿੱਚ ਕਵੀ ਹੁੰਦਾ ਹੈ,
ਉਸਨੂੰ ਪਹਿਲਾਂ ਭੁੱਖਾ ਰੱਖ ਕੇ ਪਾਗਲ ਕਰ ਦਿੰਦੇ ਹਨ। ਕਈ ਤਰੀਕਿਆਂ ਨਾਲ ਉਸਦੇ ਬਾਰੇ ਵਿੱਚ
ਅਫ਼ਵਾਹਾਂ ਫ਼ੈਲਾਈਆਂ ਜਾਂਦੀਆਂ ਹਨ। ਬਾਅਦ ਵਿੱਚ ਉਹ ਮਰ ਜਾਂਦਾ ਹੈ। ਪਰ ਮੇਰਾ ਅੰਦਾਜ਼ਾ ਹੈ ਕਿ
ਇਹਨੀਂ ਦਿਨੀਂ ਕਹਾਣੀ ਵਿੱਚ ਜ਼ਿਆਦਾ ਜ਼ੋਖ਼ਮ ਹੁੰਦਾ ਹੈ। ਕਈਆਂ ਦੇ ਖਿਲਾਫ਼ ਤਾਂ ਮੁਕੱਦਮੇ ਦਰਜ
ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਜਲਾਵਤਨ ਕਰ ਦਿੱਤਾ ਜਾਂਦਾ ਹੈ।
ਪ੍ਰਕਾਸ਼ਕ ਨੇ ਗਹਿਰੀਆਂ ਅੱਖਾਂ ਨਾਲ ਮੈਨੂੰ ਦੇਖਿਆ। ਇਸ ਵਿੱਚ ਹਮਦਰਦੀ ਅਤੇ ਘਬਰਾਹਟ ਦੋਵੇਂ
ਸਨ।
‘ਤੁਹਾਡੀਆਂ ਕਵਿਤਾਵਾਂ ਚੰਗੀਆਂ ਹਨ। ਇਨ੍ਹਾਂ ਵਿੱਚ ਟਰੈਜਿਡੀ ਬਹੁਤ ਹੈ। ਮੇਰੀ ਲਾਈਫ਼ ਵਿੱਚ
ਵੀ ਬਹੁਤ ਟਰੈਜਿਡੀ ਹੈ।’ ਉਸਨੇ ਹਲਕੀ ਮੁਸਕਰਾਹਟ ਦੇ ਨਾਲ ਕਿਹਾ। ‘ਪਰ ਮੇਰਾ ਇੱਕ ਸੁਝਾਅ ਹੈ
ਤੁਹਾਨੂੰ।’ ਉਸਨੇ ਗੰਭੀਰਤਾ ਨਾਲ ਮੇਰੇ ਵੱਲ ਦੇਖਿਆ।
‘ਕੀ?’ ਮੈਂ ਪੁੱਛਿਆ।
‘ਤੁਸੀਂ ਕਦੇ ਕਹਾਣੀਆਂ ਨਾ ਲਿਖਿਓ।’ ਥੋੜ੍ਹੀ ਦੇਰ ਤੱਕ ਉਹ ਮੈਨੂੰ ਦੇਖਦਾ ਰਿਹਾ, ਫ਼ਿਰ ਉਸਨੇ
ਕਿਹਾ, ‘ਤੁਹਾਡਾ ਇਹ ਕਵਿਤਾ ਸੰਗ੍ਰਹਿ ਅਸੀਂ ਛਾਪ ਰਹੇ ਹਾਂ। ਤੁਸੀਂ ਦੇਖਣਾ, ਉਸ ਪੁਲਿਸ
ਵਾਲੇ ਦੇ ਸੰਗ੍ਰਹਿ ਤੋਂ ਵੀ ਬਿਹਤਰ ਤੁਹਾਡੀ ਪ੍ਰੋਡਕਸ਼ਨ ਹੋਵੇਗੀ।’
ਉਸਨੇ ਉੱਠ ਕੇ ਮੇਰੇ ਨਾਲ ਹੱਥ ਮਿਲਾਇਆ। ਸੱਤ ਸੌ ਪੰਜਾਹ ਰੁਪਏ ਰਾਇਲਟੀ ਦਾ ਐਡਵਾਂਸ ਚੈੱਕ
ਦਿੱਤਾ। ਮੈਂ ਉਸਦਾ ਧੰਨਵਾਦ ਕੀਤਾ ਅਤੇ ਤੁਰਨ ਤੋਂ ਪਹਿਲਾਂ ਮੈਂ ਉਸਨੂੰ ਕਿਹਾ: ‘ਤੁਸੀਂ
ਚਿੰਤਾ ਬਿਲਕੁਲ ਹੀ ਨਾ ਕਰੋ। ਉਂਝ ਵੀ ਬਚਪਨ ਤੋਂ ਹੀ ਮੈਂ ਕਵੀ ਹੀ ਹਾਂ। ਕਹਾਣੀ ਮੈਂ ਕਦੇ
ਨਹੀਂ ਲਿਖਾਂਗਾ। ਕਵਿਤਾ ਹੀ ਕਾਫ਼ੀ ਹੈ।’
ਉਹ ਮੁਸਕਰਾਉਂਦਾ ਹੋਇਆ ਮੈਨੂੰ ਦੇਖ ਰਿਹਾ ਸੀ। ਉਸਦੇ ਆਫ਼ਿਸ ਵਿੱਚ ਕੰਮ ਕਰਨ ਵਾਲੀ ਇੱਕ
ਕੁੜੀ, ਜਿਸਦਾ ਚਿਹਰਾ ਮੈਂ ਚੰਗੀ ਤਰ੍ਹਾਂ ਨਹੀਂ ਸੀ ਦੇਖ ਸਕ ਰਿਹਾ, ਉਸਦੇ ਕੋਲ ਆ ਗਈ ਸੀ।
ਸ਼ਾਇਦ ਉਹ ਪਹਿਲਾਂ ਹੀ ਉਸਦੇ ਕੋਲ ਆਉਣਾ ਚਾਹੁੰਦੀ ਸੀ ਪਰ ਮੇਰੇ ਕਾਰਣ ਨਹੀਂ ਆ ਸਕ ਰਹੀ ਸੀ।
ਬੂਹੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮੈਂ ਜ਼ੋਰ ਨਾਲ ਕਿਹਾ: ‘ਸਰਾਵਗੀ ਜੀ, ਇਸ ਸੰਗ੍ਰਹਿ ਦੇ
ਕਵਰ ਲਈ ਚਿੱਤਰ ਮੈਂ ਖੁਦ ਤੁਹਾਨੂੰ ਦਿਆਂਗਾ।’
ਬਾਹਰ ਭੀੜੀ ਗਲੀ ਵਿੱਚੋਂ ਨਿਕਲ ਕੇ ਜਦ ਮੈਂ ਸੜਕ ਤੇ ਆਇਆ, ਤਦ ਇਹ ਖ਼ਿਆਲ ਆਇਆ ਚੈੱਕ ਮੈਂ
ਜਮ੍ਹਾਂ ਕਿੱਥੇ ਕਰਾਵਾਂਗਾ? ਕਿਸੇ ਬੈਂਕ ਵਿੱਚ ਅਕਾਊਂਟ ਤਾਂ ਹੋਣਾ ਚਾਹੀਦਾ ਹੈ?
ਇਹ ਉਦੋਂ ਦੀ ਗੱਲ ਹੈ, ਜਦ ਸ਼ਹਿਰ ਵਿੱਚ ਇੰਨੇ ਬੈਂਕ, ਕਾਰਾਂ ਅਤੇ ਸ਼ਾਪਿੰਗ ਮਾਲਜ਼ ਨਹੀਂ ਸਨ।
ਮੈਟਰੋ ਦੇ ਬਾਰੇ ਵਿੱਚ ਤਾਂ ਕੋਈ ਸੋਚ ਵੀ ਨਹੀਂ ਸਕਦਾ ਸੀ।
ਜਿਵੇਂ ਹੀ ਅਸੀਂ ਜਾਂ ਕੋਈ ਹੋਰ ਚੀਜ਼ ਸਿਮਰਤੀਆਂ ਵਿੱਚ ਜਾਂਦੀ ਹੈ, ਉਹ ਆਪਣੇ ਆਪ ਵਿਰੂਪਤ ਹੋ
ਜਾਂਦੀ ਹੈ। ਉਸਦਾ ਰੂਪ ਬਦਲ ਜਾਂਦਾ ਹੈ। ਸਿਮਰਤੀ ਦਾ ਮਤਲਬ ਹੀ ਹੁੰਦਾ ਹੈ ਸਮੇਂ ਵਿੱਚ
ਪਿੱਛੇ ਵੱਲ ਮੁੜਨਾ। ਉਲਟੀ ਦਿਸ਼ਾ ਵਿੱਚ ਮੁੜਨਾ। ਅਜਿਹੇ ਵਿੱਚ ਜਿਵੇਂ ਲਿਪੀਆਂ ਟੇਢੀਆਂ ਹੋ
ਜਾਂਦੀਆਂ ਹਨ। ਉਂਝ ਹੀ ਸਾਡੇ ਚਿਹਰੇ ਵੀ ਟੇਢੇ-ਮੇਢੇ ਹੋ ਜਾਂਦੇ ਹਨ। ਲੇਖਨ ਤਾਂ ਉਂਝ ਵੀ
ਇੱਕ ਅਜਿਹਾ ਪੇਸ਼ਾ ਹੈ, ਜਿਸ ਵਿੱਚ ਲਗਾਤਾਰ ਅਤੇ ਵਾਰ-ਵਾਰ ਸਿਮਰਤੀਆਂ ਵਿੱਚ ਰਹਿਣਾ ਅਤੇ
ਆਉਣਾ-ਜਾਣਾ ਪੈਂਦਾ ਹੈ, ਇਸ ਲਈ ਤੁਸੀਂ ਜ਼ਿਆਦਾਤਰ ਦੇਖਿਆ ਹੋਵੇਗਾ ਕਿ ਲੇਖਕਾਂ ਅਤੇ ਕਵੀਆਂ
ਦੇ ਚਿਹਰੇ ਟੇਢੇ-ਮੇਢੇ ਹੁੰਦੇ ਹਨ। ਕਿਸੇ ਲੇਖਕ ਨੂੰ ਕਈ ਵਾਰ ਮਿਲਣ ਤੇ ਲੱਗਦਾ ਹੈ, ਜਿਵੇਂ
ਉਸਦਾ ਚਿਹਰਾ ਕਿਸੇ ਟੁੱਟੇ ਹੋਏ ਸ਼ੀਸ਼ੇ ਵਿੱਚ ਦੇਖ ਰਹੇ ਹੋ। ਵੱਢਿਆ-ਟੁੱਕਿਆ ਅਤੇ ਸਾਰੇ
ਹਿੱਸੇ ਵੱਖ-ਵੱਖ ਖ਼ਿਲਰੇ ਹੋਏ।
ਜਿੰਨਾ ਚੰਗਾ ਜਿਹੜਾ ਕਵੀ ਹੋਵੇਗਾ, ਉੱਨਾ ਹੀ ਇਟੈਲਿਕਸ ਵਿੱਚ ਟੇਢਾ ਅਤੇ ਗੱਡਮੱਡ ਹੋ ਚੁੱਕਾ
ਉਸਦਾ ਚਿਹਰਾ ਹੋਵੇਗਾ।
ਹਰ ਚੰਗਾ ਅਤੇ ਸੱਚਾ ਕਵੀ ਜਾਂ ਲੇਖਕ ਹਮੇਸ਼ਾ ਆਪਣੇ ਡੀਲੀਟ ਹੋ ਜਾਣ ਜਾਂ ਇਰੇਜ਼ ਹੋ ਜਾਣ ਦੇ
ਡਰ ਨਾਲ ਘਿਰਿਆ ਰਹਿੰਦਾ ਹੈ। ਉਸਦੇ ਸ਼ਬਦ ਉਸੇ ਤਰ੍ਹਾਂ ਕਮਜ਼ੋਰ ਅਤੇ ਬੁਖਾਰ ਵਿੱਚ ਉਸੇ
ਤਰ੍ਹਾਂ ਡੁੱਬੇ ਹੋਏ ਹੁੰਦੇ ਹਨ, ਜਿਵੇਂ ਅਸੀਂ ਉਸ ਕਵੀ ਦੇ ਸੰਗ੍ਰਹਿ ਦੇ ਸਿਰਲੇਖ ਦੇ ਪਿੱਛੇ
ਦੇਖਿਆ ਸੀ, ਜਿਸ ਨੇ ਤਿੰਨ ਸਾਲ ਪਹਿਲਾਂ ਇੱਕ ਵੱਖਰਾ ਜਿਹਾ ਨੀਲਾ ਕੋਟ ਪਾਇਆ ਹੋਇਆ ਸੀ ਅਤੇ
ਜਿਸਦਾ ਕਤਲ ਬਦਲਦੇ ਹੋਏ ਸਮੇਂ ਵਿੱਚ ਇੱਕ ਠੇਕੇਦਾਰ ਨੇ ਸ਼ਰੇਆਮ, ਦਿਨ-ਦਿਹਾੜੇ ਕਰ ਦਿੱਤਾ
ਸੀ।
ਸਾਰਾ ਸ਼ਹਿਰ ਕਵੀ ਦੀ ਹੱਤਿਆ ਨੂੰ ਕਿਸੇ ਫ਼ਿਲਮ ਜਾਂ ਟੀ.ਵੀ.ਸੀਰੀਅਲ ਦੀ ਸ਼ੂਟਿੰਗ ਵਾਂਗੂੰ
ਚੁੱਪ-ਚਾਪ ਦੇਖ ਰਿਹਾ ਸੀ।
ਉਹ ਚਿੱਤਰਕਾਰ ਜਿਹੜਾ ਮੇਰਾ ਦੋਸਤ ਸੀ ਅਤੇ ਜਿਸ ਤੋਂ ਮੈਂ ਆਪਣੇ ਪਹਿਲੇ ਕਵਿਤਾ ਸੰਗ੍ਰਹਿ ਦਾ
ਕਵਰ ਬਣਵਾਉਣਾ ਚਾਹੁੰਦਾ ਸੀ ਅਤੇ ਜਿਸ ਤੋਂ ਆਪਣਾ ਪਹਿਲਾਂ ਬੈਂਕ ਅਕਾਊਂਟ ਖੋਲ੍ਹਣ ਵਿੱਚ ਮਦਦ
ਲੈਣੀ ਚਾਹੁੰਦਾ ਸੀ ਉਸਨੂੰ ਲੱਭਦਿਆਂ ਮੈਨੂੰ ਤਿੰਨ ਦਿਨ ਲੱਗ ਗਏ। ਉਸਦੇ ਘਰ ਜਾਂਦਾ ਸੀ ਤਾਂ
ਉਸਦੀ ਪਤਨੀ ਦੱਸਦੀ ਕਿ ਉਹ ਸਟੂਡੀਓ ਗਏ ਹਨ। ਸਟੂਡੀਓ ਪਹੁੰਚਦਾ ਸੀ ਤਾਂ ਉੱਥੇ ਇੱਕ ਉਦਾਸ
ਜਿਹਾ ਤਾਲਾ ਲਟਕਿਆ ਮਿਲਦਾ ਸੀ, ਜਿਵੇਂ ਉਹ ਖੁਦ ਉਸਦੀ ਉਡੀਕ ਵਿੱਚ ਹੋਵੇ। ਉਹ ਇੱਕ ਇਕੱਲਾ,
ਉਦਾਸ ਅਤੇ ਬੁੱਢਾ ਹੁੰਦਾ ਤਾਲਾ ਸੀ।
ਇੱਕ ਦਿਨ ਤਾਂ ਦੇਰ ਰਾਤ ਮੈਂ ਉਸਦੇ ਘਰ ਪਹੁੰਚਿਆ ਲਗਭਗ ਅੱਧੀ ਰਾਤ। ਇਸ ਆਸ ਨਾਲ ਕਿ ਹੁਣ
ਤੱਕ ਉਹ ਘਰ ਆਪਣੇ ਬੀਵੀ-ਬੱਚੇ ਕੋਲ ਮੁੜ ਆਇਆ ਹੋਵੇਗਾ। ਪਰ ਉੱਥੇ ਉਸਦੀ ਪਤਨੀ ਬੇਚੈਨ ਅਤੇ
ਡਰੀ ਹੋਈ ਟੇਰੈਸ ਤੇ ਟਹਿਲ ਰਹੀ ਸੀ। ਮੈਨੂੰ ਦੇਖਦਿਆਂ ਹੀ ਉਹ ਡਰ ਗਈ ਅਤੇ ਜ਼ੋਰ-ਜ਼ੋਰ ਨਾਲ
ਰੋਣ ਲੱਗੀ। ‘ਤੁਸੀਂ ਮੇਰੇ ਕੋਲੋਂ ਕੁੱਝ ਲੁਕੋ ਰਹੇ ਹੋ। ਸੱਚ ਦੱਸੋ ਕੀ ਹੋਇਆ ਉਨ੍ਹਾਂ
ਨਾਲ?’ ਮੈਂ ਡਰ ਗਿਆ ਅਤੇ ਉਸਨੂੰ ਸਮਝਾਉਣ ਵਿੱਚ ਮੈਨੂੰ ਡੇਢ ਦੋ ਘੰਟੇ ਲੱਗ ਗਏ ਕਿ ਅਜਿਹਾ
ਕੁੱਝ ਨਹੀਂ ਹੈ, ਸਗੋਂ ਮੈਂ ਤਾਂ ਦਰਅਸਲ ਆਪਣੇ ਕਵਿਤਾ ਸੰਗ੍ਰਹਿ ਦਾ ਕਵਰ ਬਨਵਾਉਣ ਉਸ ਕੋਲ
ਆਇਆ ਸੀ।
ਆਖ਼ਰਕਾਰ ਇੱਕ ਸਕੂਲੀ ਬੱਚੇ ਨੇ, ਜਿਸ ਦੀ ਬੱਸ ਉਸ ਇਲਾਕੇ ਤੋਂ ਤੀਹ ਕਿਲੋਮੀਟਰ ਦੂਰ ‘ਇੰਡੀਅਨ
ਹੇਰੀਟੇਜ ਪਬਲਿਕ ਸਕੂਲ’ ਹਰ ਰੋਜ਼ ਸਵੇਰੇ ਜਾਂਦੀ ਸੀ, ਦੱਸਿਆ ਕਿ ਆਰਟਿਸਟ ਅੰਕਲ ਨੂੰ ਉਸਨੇ
ਕੰਡੂਰੀ ਦੀਆਂ ਪਹਾੜੀਆਂ ਦੇ ਕੋਲ ਜੰਗਲ ਦੇ ਇੱਕ ਰੁੱਖ ਹੇਠਾਂ ਬੈਠੇ ਦੇਖਿਆ ਹੈ। ਉਸਨੇ
ਦੱਸਿਆ ਕਿ ਉਹ ਉਸਨੂੰ ਕਈ ਦਿਨਾਂ ਤੋਂ ਉੱਧਰ ਦੇਖਦਾ ਰਿਹਾ ਹੈ।
ਮੈਂ ਉਸੇ ਬੱਸ ਵਿੱਚ, ਸੱਠ ਸਕੂਲੀ ਬੱਚਿਆਂ ਨਾਲ ਬਹਿ ਕੇ ਗਿਆ ਕੰਡੂਰੀ ਦੀਆਂ ਪਹਾੜੀਆਂ ਵਾਲੇ
ਇਲਾਕੇ ਵਿੱਚ ਉੱਤਰ ਗਿਆ। ਉੱਥੇ ਥੋੜਾ ਬਹੁਤਾ ਜੰਗਲ ਬਚਿਆ ਹੋਇਆ ਸੀ। ਕੁੱਝ ਰੁੱਖ ਦੂਰ-ਦੂਰ
ਫ਼ੈਲੇ ਹੋਏ ਸਨ ਜਿਨ੍ਹਾਂ ਤੇ ਲਾਲ ਰੰਗ ਦੇ ਟੇਸੂ ਫੁੱਲੇ ਹੋਏ ਸਨ। ਸਾਗਵਾਨ ਅਤੇ ਕਿੱਕਰ ਦੇ
ਦਰੱਖਤਾਂ ਤੋਂ ਬਿਨਾਂ ਉੱਥੇ ਝਾੜੀਆਂ ਅਤੇ ਝੁਰਮਟ ਬਹੁਤ ਸਨ। ਉੱਚੀਆਂ-ਉੱਚੀਆਂ ਲੇਟੀਨਾ ਅਤੇ
ਗਾਜਰ-ਬੂਟੀ ਨਾਲ ਉੱਥੋਂ ਦੀ ਧਰਤੀ ਢਕੀ ਹੋਈ ਸੀ। ਮੈਂ ਸੋਚਿਆ, ਸ਼ਾਇਦ ਚਿੱਤਰਕਾਰ ਉੱਥੇ ਕਲਰਜ਼
ਇਕੱਠੇ ਕਰਣ ਆਉਂਦਾ ਹੋਵੇਗਾ ਕਿਉਂਕਿ ਕਈ ਵਾਰ ਉਸਨੇ ਕਿਹਾ ਸੀ ਕਿ ਉਹ ਆਪਣੀ ਪੇਂਟਿੰਗ ਦੇ
ਵਿਸ਼ੇ ਅਤੇ ਮੈਟੀਰੀਅਲ ਦੋਵਾਂ ਤੋਂ ਅੱਕ ਚੁੱਕਾ ਹੈ। ਸ਼ਾਇਦ ਉੱਥੇ ਕੰਡੂਰੀ ਦੀਆਂ ਪਹਾੜੀਆਂ
ਅਤੇ ਜੰਗਲ ਵਿੱਚ ਮਿਲਣ ਵਾਲੀ ਕਾਲੀ, ਪੀਲੀ, ਸਫ਼ੈਦ ਅਤੇ ਗੇਰੂਆ ਮਿੱਟੀ ਅਤੇ ਕਈ ਤਰ੍ਹਾਂ ਦੇ
ਜੰਗਲੀ ਫੁੱਲਾਂ ਤੋਂ ਰੰਗ ਇਕੱਠੇ ਕਰਣ ਲੱਗਾ ਹੋਵੇਗਾ।
ਉਹ ਮੈਨੂੰ ਇੱਕ ਨਾਲੇ ਦੀ ਢਲਾਨ ਤੇ ਇੱਕ ਜੰਗਲੀ ਬੂਟੇ ਦੇ ਕੋਲ ਚੁੱਪ-ਚਾਪ ਬੈਠਾ ਦਿੱਸਿਆ।
ਉਸਦੇ ਕੱਪੜੇ ਮਟਮੈਲੇ ਸਨ ਅਤੇ ਉਸਦੀ ਦਾੜੀ ਧੂੜ ਅਤੇ ਮਿੱਟੀ ਨਾਲ ਭਰੀ ਹੋਈ ਸੀ। ਉਹ ਉਸ
ਅਜਨਬੀ ਜੰਗਲੀ ਪੌਦੇ ਨੂੰ ਟਿਕ-ਟਿਕੀ ਲਾ ਕੇ ਦੇਖ ਰਿਹਾ ਸੀ। ਕੋਲ ਹੀ ਉਸਦੀ ਸਕੈੱਚ ਬੁੱਕ
ਅਤੇ ਉਸਦਾ ਝੋਲਾ ਪਿਆ ਹੈ। ਉਸਦੇ ਚਿਹਰੇ ਦੀ ਵਿਰਾਨੀ ਵਿੱਚ ਕੋਈ ਗਹਿਰੀ ਕਰੁਣਾ ਅਤੇ ਚਿੰਤਾ
ਝਾਕ ਰਹੀ ਸੀ।
ਮੈਂ ਸਾਫ਼-ਸਾਫ਼ ਦੇਖਿਆ ਉਸ ਦੀਆਂ ਅੱਖਾਂ ਵਿੱਚ ਡਰ ਸੀ।
ਮੈਨੂੰ ਅਚਾਨਕ ਮਾਰੇ ਗਏ ਕਵੀ (ਹਾਲਾਂਕਿ ਤਦ ਤੱਕ ਉਹ ਮਾਰਿਆ ਨਹੀਂ ਗਿਆ ਸੀ) ਦੇ ਸੰਗ੍ਰਹਿ
ਦੇ ਸਿਰਲੇਖ ਦੇ ਪਿੱਛਿਓਂ ਝਾਕਦਾ ਉਹ ਸ਼ਬਦ ਯਾਦ ਆਇਆ, ਜਿਹੜਾ ਸ਼ਾਇਦ ਤਪਦਿਕ ਦੇ ਬੁਖਾਰ ਵਿੱਚ
ਡੁੱਬਾ, ਕੰਬ ਰਿਹਾ ਸੀ ਅਤੇ ਜਿਸ ਦਾ ਅਰਥ ਵੀ ‘ਅੰਤਮ’ ਜਾਂ ‘ਆਖ਼ਰੀ’ ਵਰਗਾ ਸੀ।
‘ਪਿਛਲੇ ਹਫ਼ਤੇ ਮੈਂ ਇਸਦੀਆਂ ਪੱਤੀਆਂ ਤੋੜ ਕੇ ਲੈ ਗਿਆ ਸੀ ਅਤੇ ਆਪਣੇ ਸਟੂਡੀਓ ਵਿੱਚ ਇੱਕ
ਕੱਚ ਦੇ ਗਿਲਾਸ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਸੀ।’ ਚਿੱਤਰਕਾਰ ਨੇ ਦੱਸਿਆ, ‘ਮੈਂ ਸੋਚਿਆ
ਸੀ ਕਿ ਜਿਹੜਾ ਪੌਦਾ ਹੁਣ ਸਾਡੀ ਧਰਤੀ ਤੋਂ ਅਲੋਪ ਹੋਣ ਵਾਲਾ ਹੈ, ਘੱਟੋ-ਘੱਟ ਉਸਦਾ ਰੰਗ ਬਚਾ
ਕੇ ਆਪਣੀ ਕਿਸੇ ਪੇਂਟਿੰਗ ਵਿੱਚ ਵਰਤ ਲਵਾਂਗਾ। ਹੁਣ ਇਸੇ ਢੰਗ ਨਾਲ ਅਸੀਂ ਚੀਜ਼ਾਂ ਨੂੰ ਬਚਾ
ਸਕਦੇ ਹਾਂ। ਅਸਲ ਵਿੱਚ ਜਦ ਇੰਨੀਆਂ ਚੀਜ਼ਾਂ ਖ਼ਤਮ ਹੋ ਰਹੀਆਂ ਹਨ, ਕਿਸੇ ਤਰ੍ਹਾਂ ਅਸੀਂ
ਉਨ੍ਹਾਂ ਦੀਆਂ ਸਿਮਰਤੀਆਂ ਹੀ ਬਚਾ ਸਕੀਏ ਤਾਂ ਬਹੁਤ ਹੈ।’
ਉਹ ਥੋੜੇ ਚਿਰ ਲਈ ਰੁਕਿਆ, ਫ਼ਿਰ ਉਸਨੇ ਕਿਹਾ- ‘ਪਰ, ਜਾਣਦੇ ਹੋ ਕੀ ਹੋਇਆ? ਉਸ ਗਿਲਾਸ ਦਾ
ਪਾਣੀ ਦੋ ਘੰਟਿਆਂ ਦੇ ਅੰਦਰ ਬਰਫ਼ ਵਾਂਗੂੰ ਜੰਮ ਗਿਆ। ਸਫ਼ੈਦ। ਇੰਨਾ ਗਾੜਾ ਕਿ ਮੈਨੂੰ ਚਾਕੂ
ਨਾਲ ਉਸਨੂੰ ਕੱਟ ਕੇ ਬਾਹਰ ਕੱਢਣਾ ਪਿਆ।
ਉਹ ਆਪਣੇ ਰੁਮਾਲ ਨਾਲ ਉਸ ਪੌਦੇ ਦੀਆਂ ਸੁੱਕਦੀਆਂ ਪੱਤੀਆਂ ਦੀ ਧੂੜ ਅਤੇ ਮੈਲ ਪੂੰਝਣ ਲੱਗ
ਪਿਆ। ਇੰਨੇ ਪੋਲਿਆਂ ਹੱਥਾਂ ਨਾਲ ਕੀ ਪੱਤੀਆਂ ਨੂੰ ਕੋਈ ਦਰਦ ਨਾ ਹੋਵੇ। ਉਹ ਪੌਦਾ ਸੱਚਮੁੱਚ
ਗਹਿਰੇ ਬੁਖ਼ਾਰ ਵਿੱਚ ਸੀ, ਬਹੁਤ ਕਮਜ਼ੋਰ। ਇਸ ਨਾਲ ਜੀਵਨ ਹੁਣ ਬਹੁਤ ਥੋੜ੍ਹਾ ਬਾਕੀ ਬਚਿਆ ਸੀ।
‘ਇਸਦੀਆਂ ਜੜ੍ਹਾਂ ਨੂੰ ਕੈਂਸਰ ਹੈ ਜਾਂ ਕੋਈ ਸੰਕਰਾਮਕ ਰੋਗ … ਪਹਿਲਾਂ ਮੈਂ ਇਹੀ ਸੋਚਿਆ ਸੀ
ਫ਼ਿਰ ਮੈਂ ਇਸ ਦੀਆਂ ਜੜ੍ਹਾਂ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ ਖੋਦਿਆ …। ਸੋਚਿਆ ਸੀ ਦਿੱਲੀ ਦੀ
ਕਿਸੇ ਚੰਗੀ ਨਰਸਰੀ ਤੋਂ ਕੋਈ ਦਵਾਈ ਲੈ ਆਵਾਂਗਾ, ਕੋਈ ਚੰਗਾ ਜਿਹਾ ਡੀ-ਇਨ ਫ਼ੈਕਟੀਸਾਈਡ … ਪਰ
…।’
ਕੁਝ ਦੇਰ ਚੁੱਪ ਰਹਿਣ ਪਿੱਛੋਂ ਚਿੰਤਤ ਅਤੇ ਡਰੀ ਹੋਈ ਆਵਾਜ਼ ਵਿੱਚ ਉਸਨੇ ਕਿਹਾ- ‘ਅਸਲ ਵਿੱਚ
ਕੈਂਸਰ ਜਾਂ ਕੋਈ ਦੂਜੀ ਸੰਕਰਾਮਕ ਬੀਮਾਰੀ ਇਸ ਬੂਟੇ ਦੀਆਂ ਜੜ੍ਹਾਂ ਨੂੰ ਹੀ ਨਹੀਂ, ਧਰਤੀ ਦੀ
ਮਿੱਟੀ ਨੂੰ ਵੀ ਲੱਗ ਚੁੱਕੀ ਹੈ। … ਅਤੇ ਇਹ ਤੇਜ਼ੀ ਨਾਲ ਫ਼ੈਲਦੀ ਜਾ ਰਹੀ ਹੈ।’
‘ਮੈਂ ਬਨਸਪਤੀ ਦੀ ਇੱਕ ਕਿਤਾਬ ਵਿੱਚ ਦੇਖਿਆ ਕਿ ਇਸ ਪੌਦੇ ਨੂੰ ‘ਜਲ ਜਮਨੀ’ ਕਹਿੰਦੇ ਸਨ?
ਉਸਨੇ ਕੁੱਝ ਚਿਰ ਪਿੱਛੋਂ ਕਿਹਾ।
ਮੈਂ ਉਸਦੀ ਸਕੈੱਚ ਬੁੱਕ ਦੇ ਪੰਨੇ ਪਲਟੇ। ਉਸਨੇ ਬਹੁਤ ਸਾਰੀਆਂ ਡਰਾਇੰਗ ਬਣਾਈਆਂ ਹੋਈਆਂ ਸਨ।
ਤਰ੍ਹਾਂ-ਤਰ੍ਹਾਂ ਦੀਆਂ ਪੱਤੀਆਂ ਅਤੇ ਟਹਿਣੀਆਂ ਸਨ। ਚਿੜੀਆਂ, ਗਾਵਾਂ, ਬੱਕਰੀਆਂ। ਇੱਕ ਪੰਨੇ
ਤੇ ਉਸਨੇ ਲਿਖਿਆ ਸੀ- ‘ਕੈਂਸਰ’ ਅਤੇ ਉਸ ਤੇ ਉਸਨੇ ਉਸੇ ਪੌਦੇ ਦਾ ਸਕੈੱਚ ਬਣਾਇਆ ਹੋਇਆ ਸੀ।
ਉਸ ਸਕੈੱਚ ਵਿੱਚ ਇਹ ਪੌਦਾ ਆਪਣੀ ਮੌਤ ਦੇ ਬਿਲਕੁਲ ਨੇੜੇ ਲੱਗ ਰਿਹਾ ਸੀ। ਉਸਦਾ ਜੀਵਨ ਮੁੱਕਣ
ਦੇ ਬਿਲਕੁਲ ਨੇੜੇ ਸੀ।
ਮੈਂ ਦੇਖਿਆ ਮੇਰਾ ਦੋਸਤ ਚਿੱਤਰਕਾਰ ਰੋ ਰਿਹਾ ਸੀ।
‘ਮੇਰਾ ਇਸ ਸ਼ਹਿਰ ਵਿੱਚ ਰਹਿਣ ਲਈ ਦਿਲ ਨਹੀਂ ਕਰਦਾ। … ਘਰ ਵੀ ਜਾਂਦਾ ਹਾਂ ਤਾਂ ਲੱਗਦਾ ਹੈ
ਕਿ ਮੇਰੇ ਘਰ ਦਾ ਜੀਵਨ ਵੀ ਇਸ ਪੌਦੇ ਵਾਂਗੂੰ ਹੌਲੀ-ਹੌਲੀ ਬੁਝ ਰਿਹਾ ਹੈ। ਮੇਰੇ ਬੇਟੇ ਨੂੰ
ਜਾਣਦੇ ਹੋ … ਬੱਸ ਇੱਕ ਉਸੇ ਲਈ ਮੈਂ ਜਿਊਈ ਜਾਣਾ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਜੇ ਮੈਂ
ਮਰ ਗਿਆ ਫ਼ਿਰ ਉਹ ਕਿਸੇ ਨਾਲ ਕੋਈ ਗੱਲ ਨਹੀਂ ਕਰ ਸਕੇਗਾ। ਬਚਪਨ ਤੋਂ ਹੀ ਉਹ ਸਿਰਫ਼ ਦੇਖ ਸਕਦਾ
ਹੈ। ਜਿਨ੍ਹਾਂ ਇਸ਼ਾਰਿਆਂ ਅਤੇ ਹਰਕਤਾਂ ਨਾਲ ਉਹ ਕੁੱਝ ਕੰਿਹਦਾ ਹੈ, ਉਹ ਪੂਰੇ ਸ਼ਹਿਰ ਵਿੱਚ
ਸਿਰਫ਼ ਮੈਂ ਸਮਝਦਾ ਹਾਂ।
‘ਉਸਦੀ ਮਾਂ ਵੀ ਉਸ ਨਾਲ ਸੰਪਰਕ ਨਹੀਂ ਕਰ ਸਕਦੀ।’ ਉਸਨੇ ਜੋੜਿਆ ਅਤੇ ਚੁੱਪ ਕਰ ਗਿਆ।
ਜਦ ਅਸੀਂ ਦੋਵੇਂ ਮੁੜ ਰਹੇ ਸਾਂ ਤਾਂ ਰਾਹ ਵਿੱਚ ਉਸਨੇ ਕਿਹਾ ਸੀ- ‘ਕੀ ਤੈਨੂੰ ਨਹੀਂ ਲੱਗਦਾ
ਕਿ ਜਿਸ ਸਮੇਂ ਵਿੱਚ ਅਸੀਂ ਰਹਿ ਰਹੇ ਹਾਂ ਉਸ ਵਿੱਚ ਅਸੀਂ ਘਟਨਾਵਾਂ ਅਤੇ ਚੀਜ਼ਾਂ ਨੂੰ ਸਿਰਫ਼
ਦੇਖ ਸਕਦੇ ਹਾਂ? ਕੁੱਝ ਕਰ ਨਹੀਂ ਸਕਦੇ?’
ਉਸ ਰਾਤ ਅਸੀਂ ਦੋਵਾਂ ਨੇ ਬਹੁਤ ਸ਼ਰਾਬ ਪੀਤੀ। ਅਸੀਂ ਬਹੁਤ ਪੁਰਾਣੇ, ਲਗਭਗ ਭੁਲਾ ਦਿੱਤੇ ਗਏ
ਗਾਣੇ ਗਾਏ। ਕਈ ਵਾਰ ਅਸੀਂ ਫ਼ੁੱਟ-ਫ਼ੁੱਟ ਕੇ ਰੋਂਦੇ ਰਹੇ। ਅਸੀਂ ਪ੍ਰਾਰਥਨਾਵਾਂ ਕੀਤੀਆਂ।
ਇਸ ਗੱਲ ਨੂੰ ਬੀਤਿਆਂ ਵੀ ਕਈ ਸਾਲ ਹੋ ਗਏ ਹਨ, ਜਦ ਉਸ ਰਾਤ ਉਸਨੇ ਮੈਨੂੰ, ਮੇਰੇ ਕਵਿਤਾ
ਸੰਗ੍ਰਹਿ ਲਈ, ਕੰਧ ਤੋਂ ਲਾਹ ਕੇ, ਉਹ ਚਿੱਤਰ ਦਿੱਤਾ।
ਉਹ ਕਲਰ ਪੇਂਟਿੰਗ ਨਹੀਂ, ਕਲਮ ਨਾਲ ਬਣਾਇਆ ਗਿਆ ਸਕੈੱਚ ਸੀ। ਉਹ ਸਕੈੱਚ ਲੱਕੜ ਦੇ ਫ਼ਰੇਮ ਦੇ
ਅੰਦਰ ਸੀ। ਉਸ ਵਿੱਚ ਸੱਤ-ਅੱਠ ਸਾਲ ਦਾ ਇੱਕ ਬੱਚਾ ਸੀ, ਜਿਸ ਦੀਆਂ ਅੱਖਾਂ ਵਿੱਚ ਇੱਕ ਅਜੀਬ
ਜਿਹਾ ਡਰ ਅਤੇ ਬੇਵਸੀ ਸੀ। ਕੁਝ-ਕੁਝ ਉਸ ਪੌਦੇ ਦੇ ਸਕੈੱਚ ਵਾਂਗੂੰ, ਜਿਸਨੂੰ ਮੈਂ ਆਪਣੇ
ਦੋਸਤ ਚਿੱਤਰਕਾਰ ਦੀ ਡਰਾਇੰਗ ਬੁੱਕ ਵਿੱਚ ਦੇਖਿਆ ਸੀ।
ਬਹੁਤ ਦੇਰ ਤੱਕ ਉਹ ਚਿੱਤਰ ਨੂੰ ਫ਼ੜ ਕੇ ਬੈਠਾ ਰਿਹਾ। ਮੈਂ ਉਸਨੂੰ ਇਸ ਤਰ੍ਹਾਂ ਪਹਿਲੀ ਵਾਰ
ਦੇਖਿਆ ਸੀ। ਉਹ ਕਿਤੇ ਆਪਣੇ ਆਪ ਵਿੱਚ ਗੁਆਚ ਗਿਆ ਸੀ। ਫ਼ਿਰ ਉਸਨੇ ਮੇਰੇ ਵੱਲ ਦੇਖਿਆ ਅਤੇ
ਬੋਲਿਆ- ‘ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਅਤੇ ਸਭ ਤੋਂ ਅਲੱਗ ਚਿੱਤਰ ਹੈ।
ਕਲਾ-ਗੈਲਰੀਆਂ ਅਤੇ ਬਜ਼ਾਰ ਵਿੱਚ ਸ਼ਾਇਦ ਇਸਦੀ ਕੋਈ ਕੀਮਤ ਨਹੀਂ ਹੋਵੇਗੀ। ਮੈਂ ਇਸਨੂੰ ਕਦੇ
ਵੇਚ ਵੀ ਨਹੀਂ ਸਕਦਾ।’
ਇਹ ਚਿੱਤਰ ਮੇਰੇ ਪੁੱਤਰ ਦਾ ਹੈ, ਜੋ ਮੇਰੇ ਮਰਣ ਪਿੱਛੋਂ ਇਸ ਸੰਸਾਰ ਵਿੱਚ ਕਿਸੇ ਨੂੰ ਕੁੱਝ
ਦੱਸ ਨਹੀਂ ਸਕੇਗਾ। ਮੈਂ ਇਸੇ ਲਈ ਜਿਊਣਾ ਚਾਹੁੰਦਾ ਹਾਂ।
ਕੁਝ ਦੇਰ ਤੱਕ ਉਸ ਸਕੈੱਚ ਨੂੰ ਦੇਖਣ ਤੋਂ ਬਾਅਦ ਉਸਨੇ ਕਿਹਾ- ‘ਕਿਉਂਕਿ ਇਸ ਚਿੱਤਰ ਤੋਂ
ਬਿਨਾਂ ਮੈਂ ਕੋਈ ਹੋਰ ਚਿੱਤਰ ਬਣਾ ਨਹੀਂ ਸਕਦਾ ਅਤੇ ਸੱਚ ਪੁੱਛੋ ਤਾਂ ਇਸਨੂੰ ਦੇਖੇ ਬਿਨਾਂ
ਮੈਂ ਜੀ ਵੀ ਨਹੀਂ ਸਕਦਾ …। ਇੰਨਾ ਕਹਿ ਕੇ ਬਹੁਤ ਅਜੀਬ ਤਰੀਕੇ ਨਾਲ ਉਹ ਹੱਸਿਆ- ‘ਤੂੰ ਬਚਪਨ
ਵਿੱਚ ਮਾਂ ਜਾਂ ਨਾਨੀ-ਦਾਦੀ ਕੋਲੋਂ ਉਹ ਕਹਾਣੀ ਜ਼ਰੂਰ ਸੁਣੀ ਹੋਵੇਗੀ, ਜਿਸ ਵਿੱਚ ਜੰਗਲ ਵਿੱਚ
ਕਿਸੇ ਪੁਰਾਣੇ ਕਿਲੇ ਦੇ ਖੰਡਰ ਵਿੱਚ ਰਹਿਣ ਵਾਲੇ ਕਿਸੇ ਦਿਓ ਦੇ ਪ੍ਰਾਣ, ਕਈ ਸਮੁੰਦਰ ਪਾਰ,
ਕਈ ਮਹਾਂਦੀਪਾਂ ਤੋਂ ਦੂਰ, ਕਿਸੇ ਆਈਸਲੈਂਡ ਦੇ ਪਹਾੜ ਦੀ ਚੋਟੀ ਤੇ ਇੱਕ ਪਿੰਜਰੇ ਵਿੱਚ ਕੈਦ
ਤੋਤੇ ਵਿੱਚ ਹੁੰਦੇ ਸਨ … ਜਿਸਨੂੰ ਹਰ ਵਾਰ ਕੋਈ ਰਾਜਕੁਮਾਰ ਉਸਦੇ ਖੰਡਰ ਵਿੱਚ ਆ ਕੇ, ਉਸ
ਤੋਤੇ ਦੀ ਧੌਣ ਮਰੋੜ ਜਾਂਦਾ ਸੀ ਅਤੇ ਉਸਦੀ ਧੀ ਨੂੰ ਲੈ ਕੇ ਚਲਾ ਜਾਂਦਾ ਸੀ … ਮੇਰੀ ਜਾਨ ਵੀ
ਸਮਝ ਲੈ ਠੀਕ ਉਸੇ ਬਦਕਿਸਮਤ ਦਿਓ ਵਾਂਗੂੰ, ਇਸ ਚਿੱਤਰ ਵਿੱਚ ਹੈ।’
ਰਾਤ ਦਾ ਡੇਢ ਵੱਜ ਚੁੱਕਾ ਸੀ। ਬਾਹਰ ਕੋਈ ਰੌਲਾ ਨਹੀਂ ਰਹਿ ਗਿਆ ਸੀ। ਸ਼ਹਿਰ ਦਾ ਟਰੈਫ਼ਿਕ ਸੌਂ
ਗਿਆ ਸੀ। ਸਟੂਡੀਓ ਵਿੱਚ ਸਿਰਫ਼ ਸਾਡੇ ਸਾਹਾਂ ਦੀਆਂ ਆਵਾਜ਼ਾਂ ਰਹਿ ਗਈਆਂ ਸਨ।
ਅਸੀਂ ਜਿੰਨੀ ਸ਼ਰਾਬ ਪੀਤੀ ਸੀ ਅਤੇ ਜਿੰਨੀਆਂ ਪ੍ਰਾਰਥਨਾਵਾਂ ਕੀਤੀਆਂ ਸਨ … ਅਤੇ ਜਿੰਨੇ ਗਾਣੇ
ਗਾਏ ਸਨ ਉਨ੍ਹਾਂ ਸਾਰਿਆਂ ਦੀ ਖੁਮਾਰੀ ਅਜੇ ਬਾਕੀ ਸਨ। ਸਾਡੀਆਂ ਦੋਵਾਂ ਦੀਆਂ ਅੱਖਾਂ ਅਤੇ
ਤੱਕ ਸੁੱਕ ਨਹੀਂ ਸਕੀਆਂ ਸਨ।
ਉਸਨੇ ਮੇਰੇ ਵੱਲ ਦੇਖਿਆ। ਉਸਦੀਆਂ ਅੱਖਾਂ ਲਾਲ ਸਨ।
ਉਸਨੇ ਉਹ ਚਿੱਤਰ ਮੈਨੂੰ ਦਿੰਦਿਆਂ ਹੋਇਆ ਕਿਹਾ- “ਇਸਨੂੰ ਲੈ ਜਾਉ। ਪਰ ਜਿਹੋ ਜਿਹਾ ਇਹ ਹੈ,
ਇਸਨੂੰ ਇਸੇ ਤਰ੍ਹਾਂ ਮੋੜਨਾ। ਇਸਨੂੰ ਕੋਈ ਨੁਕਸਾਨ ਨਾ ਪਹੁੰਚੇ। … ਤੂੰ ਸਮਝ ਰਿਹਾ ਏਂ ਨਾ?’
ਉਸਦੀਆਂ ਅੱਖਾਂ ਵਿੱਚ ਤਰਦੇ ਸ਼ੱਕ ਨੂੰ ਮੈਂ ਸਾਫ਼-ਸਾਫ਼ ਦੇਖ ਸਕਦਾ ਸੀ।
ਇੱਕ ਪਲ ਲੱਗਾ, ਮੈਨੂੰ ਇਹ ਚਿੱਤਰ ਸੌਂਪਦਿਆਂ ਹੋਇਆਂ ਉਹ ਮੇਰੇ ਕੋਲੋਂ ਆਪਣੇ ਪ੍ਰਾਣਾਂ ਦੀ
ਭੀਖ ਮੰਗ ਰਿਹਾ ਹੈ।
ਉੱਥੋਂ ਤੁਰਨ ਤੋਂ ਪਹਿਲਾਂ ਮੈਨੂੰ ਉਸਦਾ ਇੱਕ ਹੋਰ ਵਾਕ ਸੁਣਾਈ ਦਿੱਤਾ ਸੀ। ਜਾਂ ਸ਼ਾਇਦ ਦੁੱਖ
ਅਤੇ ਸ਼ਰਾਬ ਦੇ ਨਸ਼ੇ ਵਿੱਚ ਮੈਨੂੰ ਇੰਜ ਲੱਗਾ ਹੋਵੇ। ਉਹ ਵਾਕ ਵੀ ਬੀਮਾਰ ਅਤੇ ਬੁਖ਼ਾਰ ਵਿੱਚ
ਡੁੱਬਾ ਲੱਗ ਰਿਹਾ ਸੀ।
‘ਉਸ ਕਿਲੇ ਦੇ ਪ੍ਰਾਚੀਨ ਖੰਡਰ ਵਿੱਚ ਰਹਿਣ ਵਾਲੇ ਬਦਕਿਸਮਤ ਦਿਓ ਦੀ ਧੀ ਤੱਕ ਉਸਦੀ ਸਕੀ ਨਾ
ਹੋਈ। ਕਿੰਨਾ ਇਕੱਲਾ ਸੀ ਉਹ। ਹੈ ਨਾ?’
ਇਸ ਘਟਨਾ ਨੂੰ ਵਾਪਰਿਆਂ ਹੋਇਆ ਵੀ ਤੇਈ-ਚੌਵੀ ਸਾਲ ਹੋ ਚੁੱਕੇ ਹੋਣਗੇ। ਪਰ ਇਸ ਵਾਰ ਯਾਦਾਂ
ਵਿੱਚੋਂ ਵਾਪਸ ਅੱਜ ਦੇ ਸਮੇਂ ਵਿੱਚ ਮੁੜਨਾ ਦੁਖਦਾਈ ਸੀ। ਇਸ ਕਿੱਸੇ ਦੀਆਂ ਜਿਹੜੀਆਂ
ਲਿੱਪੀਆਂ ਸਮੇਂਦੀ ਸੁਰੰਗ ਵਿੱਚ ਪਿੱਛਲੇ ਪਾਸੇ ਜਾਂਦੀਆਂ ਹੋਈਆਂ ਇਟੈਲਿਕਸ ਵਿੱਚ ਬਦਲ ਕੇ
ਤਿਰਛੀਆਂ ਅਤੇ ਟੇਢੀਆਂ ਹੋ ਗਈਆਂ ਸਨ, ਉਹ ਫ਼ਿਰ ਸੁਭਾਵਿਕ ਆਕਾਰ ਅਤੇ ਰੂਪ ਵਿੱਚ ਵਾਪਸ ਨਹੀਂ
ਆਉਣਾ ਚਾਹੁੰਦੀਆਂ ਸਨ।
ਸੱਚ ਪੁੱਛੋ ਤਾਂ ਮੈਂ ਖੁਦ ਵੀ ਉਸ ਬੀਤੇ ਸਮੇਂ ਵਿੱਚ ਮੁੜਨਾ ਨਹੀਂ ਚਾਹੁੰਦਾ ਸੀ। ਮੈਂ
ਚਾਹੁੰਦਾ ਸੀ ਕਿ ਮੈਂ ਉੱਥੇ ਹੀ ਰਹਿ ਜਾਵਾਂ, ਜਿੱਥੇ ਮੇਰਾ ਦੋਸਤ ਚਿੱਤਰਕਾਰ ਮਿੱਟੀ ਅਤੇ
ਫੁੱਲਾਂ ਵਿੱਚੋਂ ਰੰਗ ਇਕੱਠਾ ਕਰਦਾ ਹੋਇਆ ਕੁੱਝ ਵੱਖਰੇ ਤਰ੍ਹਾਂ ਦੇ ਚਿੱਤਰ ਬਣਾਉਣਾ
ਚਾਹੁੰਦਾ ਸੀ। ਉਸ ਸਮੇਂ ਵਿੱਚੋਂ ਜਿੱਥੇ ਕੰਡੂਰੀ ਦੀਆਂ ਪਹਾੜੀਆਂ ਤਲਹੱਟੀ ਵਿੱਚ, ਇੱਕ ਸਭ
ਤੋਂ ਅਲੱਗ, ਆਪਣੀ ਪ੍ਰਜਾਤੀ ਦਾ ਆਖ਼ਰੀ ਪੌਦਾ ਆਪਣੀਆਂ ਜੜਾਂ ਅਤੇ ਆਲੇ-ਦੁਆਲੇ ਦੀ ਜ਼ਮੀਨ ਵਿੱਚ
ਫ਼ੈਲ ਰਹੇ ਕੈਂਸਰ ਨਾਲ ਜੀ-ਜਾਨ ਨਾਲ ਜੂਝ ਰਿਹਾ ਸੀ। ਜਿਊਂਦੇ ਰਹਿਣ ਦੀ ਔਖੀ ਲੜਾਈ। ਬੁਖਾਰ,
ਲਕਵੇ, ਕਮਜ਼ੋਰੀ ਵਿੱਚ … ਛੁੱਟਦੇ ਟੁੱਟਦੇ ਸਾਹਾਂ ਨਾਲ ਆਪਣੀ ਪੱਕੀ ਹਾਰ ਨੂੰ ਹਰ ਪਲ, ਹਰ
ਸੈਕਿੰਡ ਅਸਵੀਕਾਰ ਕਰਦਿਆਂ ਹੋਇਆਂ।
ਮੈਂ ਜੇ ਉਸੇ ਸਮੇਂ ਵਿੱਚ ਰਹੀ ਜਾਂਦਾ ਤਾਂ ਹੁਣ ਤੱਕ ਉਸ ਕਵੀ ਦਾ ਕਤਲ ਵੀ ਠੇਕੇਦਾਰ ਦੇ
ਹੱਥੋਂ ਨਾ ਹੋਇਆ ਹੁੰਦਾ, ਜਿਹੜਾ ਤੀਹ ਸਾਲ ਪਹਿਲਾਂ ਪਾਨ ਦੀ ਗੁਮਟੀ ਦੇ ਕੋਲ, ਇੱਕ ਵੱਖਰਾ
ਜਿਹਾ ਨੀਲਾ ਕੋਟ ਪਾਈ ਮੈਨੂੰ ਮਿਲਿਆ ਸੀ ਅਤੇ ਜਿਸਨੇ ਮੈਨੂੰ ਆਪਣਾ ਉਹ ਕਵਿਤਾ ਸੰਗ੍ਰਹਿ
ਦਿੱਤਾ ਸੀ, ਜਿਸਦੇ ਸਿਰਲੇਖ ਦੇ ਪਿੱਛੋਂ ਬੁਖ਼ਾਰ ਵਿੱਚ ਡੁੱਬਾ ਇੱਕ ਅਜਿਹਾ ਸ਼ਬਦ ਝਾਕ ਰਿਹਾ
ਸੀ, ਜਿਸਦਾ ਅਰਥ ‘ਅੰਤਮ’ ਜਾਂ ‘ਆਖ਼ੀਰ’ ਵਰਗਾ ਕੁੱਝ ਸੀ।
ਉਸ ਰਾਤ, ਜਦ ਡੇਢ ਜਾਂ ਦੋ ਵਜੇ ਹੋਣਗੇ ਅਤੇ ਚਿੱਤਰਕਾਰ ਨੇ ਜਦ ਮੇਰੀਆਂ ਕਵਿਤਾਵਾਂ ਦੇ
ਪਹਿਲੇ ਸੰਗ੍ਰਹਿ ਦੇ ਆਵਰਣ ਲਈ ਮੈਨੂੰ ਫ਼ਰੇਮ ਵਿੱਚ ਜੜਿਆ ਚਿੱਤਰ ਸੌਂਪਿਆ ਸੀ ਤਾਂ ਇੱਕ ਦੂਜੇ
ਤੋਂ ਵਿਦਾ ਲੈਣ ਤੋਂ ਪਹਿਲਾਂ ਅਸੀਂ ਦੋਵੇਂ ਇੱਕ ਦੂਜੇ ਦੇ ਗਲੇ ਮਿਲ ਕੇ ਬਹੁਤ ਰੋਏ ਸੀ।
ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਅਸੀਂ ਸਭ ਇੱਕ ਦੂਜੇ ਲਈ ਕਿਸ ਹੱਦ ਤੱਕ ਚਿੰਤਤ ਅਤੇ
ਜ਼ਰੂਰੀ ਸਾਂ। ਅਤੇ ਇੱਕ ਦੂਜੇ ਨੂੰ ਕਿਸ ਹੱਦ ਤੱਕ ਚਾਹੁੰਦੇ ਸਾਂ।
ਸ਼ਾਇਦ ਅਸੀਂ ਉਸ ਬੀਮਾਰ ਪੌਦੇ ਅਤੇ ਸਿਰਲੇਖ ਦੇ ਪਿੱਛੋਂ ਝਾਕਦੇ, ਬੁਖ਼ਾਰ ਵਿੱਚ ਡੁੱਬੇ ਸ਼ਬਦ
ਜਾਂ ਪੁਰਾਣੀ ਲੋਕ ਕਥਾ ਦੇ ਜੰਗਲ ਵਿੱਚ, ਕਿਸੇ ਪ੍ਰਾਚੀਨ ਕਿਲੇ ਦੇ ਖੰਡਰ ਵਿੱਚ ਰਹਿੰਦੇ
ਬਦਨਸੀਬ ਦਿਓ ਵਾਂਗੂੰ … ਕਿਸੇ ਵੀ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਜਿਊਂਦੇ ਰਹਿਣਾ ਚਾਹੁੰਦੇ
ਸਾਂ।
ਮੈਂ ਉਸ ਚਿੱਤਰ ਨੂੰ ਲੈ ਕੇ ਜਦ ਸ਼ਹਿਰ ਦੀ ਪੁਰਾਣੀ ਬਸਤੀ ਦੀ ਚਾਟ-ਪਕੌੜੀ ਵਾਲੀ ਸਭ ਤੋਂ
ਭੀੜੀ ਗਲੀ ਵਿੱਚ ਪ੍ਰਕਾਸ਼ਕ ਦੀ ਦੁਕਾਨ ਤੇ ਪਹੁੰਚਿਆ ਤਾਂ ਉਸ ਦਿਨ ਉਹ ਬਰੈਡ ਪਕੌੜਾ ਨਹੀਂ,
ਬੀਕਾਨੇਰੀ ਸਮੋਸਾ ਖਾ ਰਿਹਾ ਸੀ। ਉਸਨੇ ਮੈਨੂੰ ਵੀ ਸਮੋਸਾ ਖਾਣ ਲਈ ਕਿਹਾ, ਪਰ ਮੈਂ ਮਨ੍ਹਾਂ
ਕਰ ਦਿੱਤਾ।
ਉਹਨੀ ਦਿਨੀਂ ਮੈਂ ਬਹੁਤ ਗਰੀਬੀ ਵਿੱਚ ਦੱਖਣੀ ਦਿੱਲੀ ਦੇ ਬੇਰਸਰਾਏ ਮੁਹੱਲੇ ਵਿੱਚ, ਮੱਝ ਦੇ
ਇੱਕ ਕਮਰੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਮੈਨੂੰ ਇਹ ਚੰਗਾ ਵੀ ਨਹੀਂ ਸੀ ਲੱਗਦਾ ਕਿ
ਘਰ ਵਿੱਚ ਮੇਰੀ ਪਤਨੀ ਅਤੇ ਬੱਚੇ ਭੁੱਖੇ ਬੈਠੇ ਹੋਣ ਅਤੇ ਮੈਂ ਪ੍ਰਕਾਸ਼ਕ ਦੀ ਦੁਕਾਨ ਤੇ ਬਹਿ
ਕੇ ਬੀਕਾਨੇਰੀ ਸਮੋਸੇ ਖਾਵਾਂ।
ਮੈਂ ਉਹ ਚਿੱਤਰ ਸਾਹਮਣੇ ਮੇਜ਼ ਤੇ ਰੱਖਿਆ ਸਮੋਸੇ ਵਾਲੀ ਪਲੇਟ ਦੇ ਬਿਲਕੁਲ ਨਾਲ।
ਪ੍ਰਕਾਸ਼ਕ ਵਾਸ਼-ਬੇਸ਼ਿਨ ਵਿੱਚ ਕੁਰਲਾ ਕਰਕੇ, ਤੌਲੀਏ ਨਾਲ ਹੱਥ ਅਤੇ ਮੂੰਹ ਪੂੰਝਦਾ ਹੋਇਆ
ਕੁਰਸੀ ਤੇ ਬੈਠਦਿਆ ਹੋਇਆ ਬੋਲਿਆ- ‘ਹੂੰ …। ਪਰ ਇਹ ਤਾਂ ਸਕੈੱਚ ਹੈ? ਸਿਰਫ ਕਾਲੇ ਅਤੇ ਸਫ਼ੈਦ
ਵਿੱਚ।’
ਉਸਦੀ ਆਵਾਜ਼ ਵਿੱਚ ਨਿਰਾਸ਼ਾ ਅਤੇ ਖਿੱਝ ਸੀ।
‘ਮੈਂ ਤਾਂ ਸ਼ਾਨਦਾਰ ‘ਕਵਰ’ ਦੇ ਬਾਰੇ ਵਿੱਚ ਸੋਚਿਆ ਸੀ। ਯਾਦ ਹੋਵੇਗਾ ਤੁਹਾਨੂੰ। ਮੈਂ ਤਾਂ
ਉਸ ਪੁਲਿਸ ਵਾਲੇ ਤੋਂ ਵੀ ਬਿਹਤਰ ਤੁਹਾਡਾ ਪ੍ਰੋਕਡਕਸ਼ਨ ਚਾਹੁੰਦਾ ਸੀ। ਤੁਹਾਡੀਆਂ ਕਵਿਤਾਵਾਂ,
ਸਮਝੋ ਮੈਂ ਨਾਨ-ਸਟਾਪ ਪੜ੍ਹ ਗਿਆ। ਇੱਕੋ ਸਾਹ ਵਿੱਚ।’ ਕੁੱਝ ਦੇਰ ਤੱਕ ਉਸ ਸਕੈੱਚ ਨੂੰ
ਦੇਖਦੇ ਰਹਿਣ ਤੋਂ ਬਾਅਦ ਉਸਨੇ ਕਿਹਾ- ‘ਵਿਕਰੀ ਦੇ ਲਿਹਾਜ਼ ਨਾਲ ਵੀ ਇਹ ਬਹੁਤ ਡਲ ਬਣੇਗਾ। …
ਕੀ ਤੁਹਾਡੇ ਕਵਿਤਾ ਸੰਗ੍ਰਹਿ ਦੇ ਟਾਈਟਲ ਲਈ ਇਹ ਚਿੱਤਰ ਜ਼ਰੂਰੀ ਹੈ।’
‘ਹਾਂ’ , ਮੈਂ ਬਹੁਤ ਠੰਡੀ ਆਵਾਜ਼ ਵਿੱਚ ਕਿਹਾ, ‘ਇੰਝ ਹੀ ਸਮਝ ਲਉ।’
‘ਕੀ ਤੁਸੀਂ ਚੈੱਕ ਜਮ੍ਹਾਂ ਕਰਵਾ ਦਿੱਤਾ ਸੀ?’ ਉਸਨੇ ਅਚਾਨਕ ਪੁੱਛਿਆ।
‘ਕਿਹੜਾ ਚੈੱਕ?’ ਮੈਂ ਸੱਚਮੁੱਚ ਚੈੱਕ ਬਾਰੇ ਭੁੱਲ ਚੁੱਕਾ ਸੀ।
‘ਜਿਹੜਾ ਮੈਂ ਉਸ ਦਿਨ ਅਡਵਾਂਸ ਅਗੈਨੇਸਟ ਰਾਇਲਟੀ ਤੁਹਾਨੂੰ ਦਿੱਤਾ ਸੀ। ਸਾਢੇ ਸੱਤ ਸੌ ਦਾ।’
ਉਸਦੀ ਆਵਾਜ਼ ਵਿੱਚ ਤਲਖ਼ੀ ਸੀ।
‘ਜਮਾਂ ਤਾਂ ਕਰਵਾ ਦਿੱਤਾ ਪਰ ਢਾਈ ਸੌ ਛੱਡ ਕੇ ਬਾਕੀ ਰੁਪਏ ਬੈਂਕ ਅਕਾਊਂਟ ਖੋਲ੍ਹਣ ਵਿੱਚ
ਲੱਗ ਗਏ। … ਪਰ ਇਸਦੀ ਕੋਈ ਗੱਲ ਨਹੀਂ।’ ਮੈਂ ਉਸਨੂੰ ਕਿਹਾ।
‘ਯਾਨੀ ਤੁਸੀਂ ਮੈਨੂੰ ਇਹ ਸਮਝਾਉਣਾ ਚਾਹੁੰਦੇ ਹੋ ਕਿ ਅਜੇ ਤੱਕ ਤੁਹਾਡਾ ਕੋਈ ਬੈਂਕ ਅਕਾਊਂਟ
ਹੀ ਨਹੀਂ ਸੀ? … ਅਤੇ ਤੁਸੀਂ ਦਿੱਲੀ ਵਿੱਚ ਇੰਨੇ ਦਿਨਾਂ ਤੋਂ ਆਪਣੇ ਟੱਬਰ-ਟੀਰ ਨਾਲ ਰਹਿ
ਰਹੇ ਹੋ? ਸਗੋਂ ਤੁਹਾਡੇ ਬੱਚੇ ਵੀ ਹਨ?’ Ðਉਸਦੀ ਆਵਾਜ਼ ਵਿੱਚ ਗੁੱਸਾ ਅਤੇ ਵਿਅੰਗ ਦੋਵੇਂ ਸਨ।
‘ਮੇਰੇ ਬੱਚਿਆਂ ਨੂੰ ਛੱਡੋ। … ਉਸ ਪੁਲਿਸ ਵਾਲੇ ਦੇ ਕਵਿਤਾ ਸੰਗ੍ਰਹਿ ਦਾ ਕੀ ਹੋਇਆ?
ਬਾਰ੍ਹਾਂ ਸੌ ਬਾਈ ਕਾਪੀਆਂ ਵਿਕੀਆਂ?’
ਪ੍ਰਕਾਸ਼ਕ ਦੇ ਚਿਹਰੇ ਤੇ ਖੁਸ਼ੀ ਮੁੜ ਆਈ। ਮੁਸਕਰਾਹਟ ਜਿਹੜੀ ਇਸ ਵਿੱਚ ਗਾਇਬ ਸੀ, ਆਪਣੀਆਂ
ਸਾਰੀਆਂ ਬਾਰੀਕੀਆਂ ਅਤੇ ਰੰਗਾਂ ਨਾਲ ਉਸਦੀਆਂ ਅੱਖਾਂ, ਗੱਲਾਂ ਅਤੇ ਬੁੱਲ੍ਹਾਂ ਤੇ ਫ਼ੈਲ ਗਈ।
‘ਕੀ ਗੱਲ ਕਰਦੇ ਹੋ ਤੁਸੀਂ? ਬਾਰ੍ਹਾਂ ਸੌ ਬਾਈ? ਹੁਣ ਤੱਕ ਛੇ ਹਜ਼ਾਰ ਕਾਪੀਆਂ ਜਾ ਚੁੱਕੀਆਂ
ਹਨ। ਚਾਰ ਵਾਰ ਪ੍ਰਿੰਟ ਆਰਡਰ ਦੇਣਾ ਪਿਆ। ਰਾਜ ਭਾਸ਼ਾ ਵਿਭਾਗ, ਗ੍ਰੰਥ ਅਕਾਦਮੀ, ਤੇਰ੍ਹਾਂ
ਕੇਂਦਰੀ ਯੂਨੀਵਰਸਿਟੀਆਂ, ਰੇਲਵੇ ਬੋਰਡ, ਅਠਤਾਲੀ ਲਾਇਬਰੇਰੀਆਂ …! ਚਾਰ ਭਾਸ਼ਾਵਾਂ ਵਿੱਚ
ਉਸਦਾ ਅਨੁਵਾਦ ਹੋ ਰਿਹਾ ਹੈ। ਹੋਮ ਮਨਿਸਟਰ ਅਤੇ ਗਵਰਨਰ ਨੇ ਵਿਮੋਚਨ ਕੀਤਾ। ਕੋਈ ਅਖ਼ਬਾਰ
ਅਜਿਹਾ ਨਹੀਂ, ਜਿੱਥੇ ਉਸਦਾ ਰਿਵਿਊ ਨਹੀਂ ਆਇਆ।
ਅਚਾਨਕ ਉਸਦੀ ਆਵਾਜ਼ ਵਿੱਚ ਵਿਅੰਗ ਫ਼ਿਰ ਵਾਪਸ ਆਇਆ- ‘ਅਤੇ ਇੱਕ ਇਹ ਤੁਹਾਡਾ ਸੰਗ੍ਰਹਿ? ਫ਼ਿਰ
ਅਜਿਹਾ ਟਾਈਟਲ? ਪੰਜ ਸੌ ਕਾਪੀਆਂ ਕੱਢਣ ਵਿੱਚ ਸਾਨੂੰ ਪੰਜ ਸਾਲ ਲੱਗ ਜਾਣਗੇ। ਉਹ ਤਾਂ ਸਮਝੋ
… ਜਿਵੇਂ ਲੱਛਮੀ ਗਣੇਸ਼ ਦੇ ਸਾਹਮਣੇ ਅਸੀਂ ਅਗਰਬੱਤੀ ਬਾਲ ਦਿੰਦੇ ਹਾਂ, ਇੰਜ ਹੀ ਤੁਹਾਡੇ
ਵਰਗਿਆਂ ਦਾ ਸੰਗ੍ਰਹਿ ਛਾਪ ਦਿੰਦੇ ਹਾਂ। … ਇਹ ਚੈਰਿਟੀ ਹੈ, ਬਿਜ਼ਨੈੱਸ ਨਹੀਂ … ਸਮਝੇ
ਤੁਸੀਂ।’
ਮੈਂ ਜਦ ਉੱਥੋਂ ਮੁੜ ਰਿਹਾ ਸੀ ਤਾਂ ਮੈਂ ਜ਼ੋਰ ਦੇ ਕੇ ਪੰਜਵੀਂ ਵਾਰ ਉਸਨੂੰ ਕਿਹਾ- ‘ਸਰਾਵਗੀ
ਜੀ ਕਿਸੇ ਵੀ ਤਰ੍ਹਾਂ ਇਸ ਚਿੱਤਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। … ਇਸਦੀ ਕਾਪੀ
ਕਰਾ ਕੇ ਤੁਸੀਂ ਮੈਨੂੰ ਛੇਤੀ ਤੋਂ ਛੇਤੀ ਮੋੜ ਦੇਣਾ। ਫ਼ੋਨ ਕਰ ਦਿਉ, ਮੈਂ ਆ ਕੇ ਲੈ
ਜਾਵਾਂਗਾ।’
‘ਠੀਕ ਹੈ … ਠੀਕ ਹੈ। ਕਿੰਨੀ ਵਾਰ ਕਹੋਗੇ ਯਾਰ!’ ਪ੍ਰਕਾਸ਼ਕ ਨੇ ਝੁੰਜਲਾਉਂਦਿਆਂ ਹੋਇਆਂ
ਕਿਹਾ।
ਇਹ ਘਟਨਾ ਵੀ ਉਦੋਂ ਦੀ ਹੈ। ਤੁਸੀਂ ਲਿਪੀਆਂ ਅਤੇ ਉਨ੍ਹਾਂ ਦੇ ਤਿਰਛੇ ਹੋ ਜਾਣ ਤੋਂ ਹੀ ਜਾਣ
ਗਏ ਹੋਵੋਗੇ। ਦਿਨ-ਹਫ਼ਤੇ-ਮਹੀਨੇ ਬੀਤਦੇ ਰਹੇ। ਮੇਰਾ ਸੰਗ੍ਰਹਿ ਛਪ ਗਿਆ। ਉਸਨੂੰ ਸਮਕਾਲੀ
ਕਵਿਤਾ ਦਾ ਇੱਕ ਗਿਆਰ੍ਹਾਂ ਸੌ ਰੁਪਏ ਵਾਲਾ ਇਨਾਮ ਵੀ ਮਿਲ ਗਿਆ। ਹਾਲਾਂਕਿ ਮੈਂ ਲੱਭ ਨੌਕਰੀ
ਰਿਹਾ ਸੀ, ਜਿਹੜੀ ਕਿਤੇ ਨਹੀਂ ਮਿਲਦੀ ਸੀ।
ਜਦ ਚਿੱਤਰਕਾਰ ਦੋਸਤ ਨੂੰ ਮੈਂ ਆਪਣਾ ਸੰਗ੍ਰਹਿ ਦਿੱਤਾ ਤਾਂ ਉਹ ਬਹੁਤ ਖੁਸ਼ ਹੋਇਆ ਸੀ। ਅਸੀਂ
ਦੋਵਾਂ ਨੇ ਉਸ ਰਾਤ ਉਸ ਕਿਤਾਬ ਦਾ ਜਸ਼ਨ ਮਨਾਇਆ। ਗਾਣੇ ਗਾਏ, ਸ਼ਰਾਬ ਪੀਤੀ ਅਤੇ ਖਰੌੜੇ ਖਾ ਕੇ
ਸਾਰੀ ਰਾਤ ਦਿੱਲੀ ਦੀਆਂ ਸੜਕਾਂ ਤੇ ਸਕੂਟਰ ਤੇ ਘੁੰਮਦੇ ਰਹੇ।
ਮੈਂ ਜਦ-ਜਦ ਪ੍ਰਕਾਸ਼ਕ ਕੋਲੋਂ ਉਹ ਚਿੱਤਰ ਮੰਗਦਾ, ਜਿਹੜਾ ਮੈਂ ਉਸਨੂੰ ਦਿੱਤਾ ਸੀ, ਉਹ ਅਗਲੇ
ਹਫ਼ਤੇ ਜਾਂ ਅਗਲੇ ਮਹੀਨੇ ਦਾ ਵਾਅਦਾ ਕਰ ਲੈਂਦਾ। ਕਦੇ ਕਹਿੰਦਾ ਕਿ ਉਹ ਗੁਦਾਮ ਵਿੱਚ ਪਿਆ ਹੈ।
ਕਦੇ ਦੱਸਦਾ ਕਿ ਉਹ ਆਰਟਿਸਟ ਦੇ ਕੋਲ ਹੈ ਅਤੇ ਉਹ ਅਜੇ ਛੁੱਟੀ ਤੇ ਗਿਆ ਹੈ।
ਮੈਂ ਚਿੰਤਤ ਹੋ ਰਿਹਾ ਸੀ ਕਿਉਂਕਿ ਮੇਰਾ ਚਿੱਤਰਕਾਰ ਦੋਸਤ, ਮੇਰੇ ਕੋਲੋਂ ਵਾਰ-ਵਾਰ ਉਹ
ਚਿੱਤਰ ਵਾਪਸ ਮੰਗਦਾ। ਕਈ ਵਾਰ ਦੇਰ ਰਾਤ ਉਸਦਾ ਪਰੇਸ਼ਾਨ-ਜਿਹਾ ਫ਼ੋਨ ਆਉਂਦਾ ਕਿ ਉਹ ਨਾ ਤਾਂ
ਕੋਈ ਨਵਾਂ ਚਿੱਤਰ ਬਣਾ ਸਕ ਰਿਹਾ ਹੈ, ਨਾ ਉਸਦਾ ਦਿਲ ਕਿਤੇ ਲੱਗਦਾ ਹੈ।
ਉਸ ਰਾਤ ਬਿਜਲੀ ਚਲੀ ਗਈ ਸੀ। ਸ਼ਾਇਦ ਸਾਡੇ ਇਲਾਕੇ ਦਾ ਕੋਈ ਟਰਾਂਸਫ਼ਾਰਮਰ ਸੜ ਗਿਆ ਸੀ। ਸੰਘਣੇ
ਹਨੇਰੇ ਵਿੱਚ ਗਰਮੀ ਅਤੇ ਹੁੱਸੜ ਸੀ। ਰਾਤ ਅੱਧੀ ਤੋਂ ਜ਼ਿਆਦਾ ਲੰਘ ਚੁੱਕੀ ਸੀ, ਜਦ ਟੈਲੀਫ਼ੋਨ
ਦੀ ਘੰਟੀ ਵੱਜੀ।
ਦੂਜੇ ਪਾਸਿਓਂ ਚਿੱਤਰਕਾਰ ਦੋਸਤ ਦੀ ਆਵਾਜ਼ ਆ ਰਹੀ ਸੀ:
ਕੰਡੂਰੀ ਦੀਆਂ ਪਹਾੜੀਆਂ ਦੀ ਤਲਹਟੀ ਵਿੱਚ ਜਿਸ ਜਲ-ਜਮਨੀ ਦਾ ਪੌਦਾ ਅਸੀਂ ਦੇਖਿਆ ਸੀ, ਜਿਹੜਾ
ਕੈਂਸਰ ਨਾਲ ਇਕੱਲਾ ਲੜ ਰਿਹਾ ਸੀ ਕੱਲ੍ਹ ਉਸਦੀ ਮੌਤ ਹੋ ਗਈ। ਉਹ ਸੁੱਕ ਚੁੱਕਾ ਸੀ। ਉਸਨੂੰ
ਦਰਦ ਬਹੁਤ ਰਹਿੰਦਾ ਸੀ। ਬੁਖ਼ਾਰ ਉੱਤਰਦਾ ਹੀ ਨਹੀਂ ਸੀ। … ‘
ਉਸਦਾ ਗਹਿਰਾ ਸਾਹ ਮੈਨੂੰ ਫ਼ੋਨ ਤੇ ਸੁਣਾਈ ਦਿੱਤਾ। ਜਿਵੇਂ ਉਹ ਕਿਸੇ ਤਕਲੀਫ਼ ਤੋਂ ਮੁਕਤ ਹੋਇਆ
ਹੋਵੇ। ਛੁਟਕਾਰੇ ਦਾ ਸਾਹ।
‘ਚਲੋ, ਚੰਗਾ ਹੋਇਆ। ਆਜ਼ਾਦ ਹੋਇਆ ਉਹ। … ਪਰ ਹੁਣ ਪਤਾ ਨਹੀਂ। … ਪਰ ਸੁਣੋ …। ਕੈਂਸਰ ਜਾਂ
ਜਿਹੜਾ ਵੀ ਕੋਈ ਸੰਕਰਾਮਕ ਰੋਗ ਹੈ … ਉਹ ਫ਼ੈਲ ਰਿਹਾ ਸੀ। ਮੈਂ ਕੰਡੂਰੀ ਦੀਆਂ ਪਹਾੜੀਆਂ ਦੇ
ਨੇੜੇ-ਤੇੜੇ ਮਿਲਣ ਵਾਲੇ ਮਿੱਟੀ ਦੇ ਰੰਗ ਇਕੱਠੇ ਕਰਨੇ ਚਾਹੇ ਸਨ ਨਾ? ਕਾਲੇ, ਪੀਲੇ, ਗੇਰੂਏ,
ਲਾਲ, ਸਫ਼ੈਦ, ਕੱਥਈ ਰੰਗ …। ਮੈਂ ਜਾਣਿਆ ਹੈ ਕਿ ਉਨ੍ਹਾਂ ਸਾਰੇ ਰੰਗਾਂ ਨੂੰ ਸੰਕਰਾਮਣ ਹੋ
ਚੁੱਕਾ ਹੈ। … ਉਹ ਬੀਮਾਰ ਹਨ … ਅਤੇ ਜਿਊਂਦੇ ਰਹਿਣ ਲਈ ਉਹ ਲੜ ਰਹੇ ਹਨ …।’
ਬਹੁਤ ਚਿਰ ਤੱਕ ਮੈਂ ਉਸਦੇ ਸਾਹਾਂ ਦਾ ਚੱਲਣਾ ਟੈਲੀਫ਼ੋਨ ਦੇ ਉਸ ਸਿਰੇ ਤੇ ਸੁਣਦਾ ਰਿਹਾ।
ਉੱਧਰ ਕੋਈ ਬੇਚੈਨ ਜਿਹੀ ਖ਼ਾਮੋਸ਼ੀ ਸੀ, ਜਿਸਦੀ ਆਹਟ ਮੈਨੂੰ ਸੁਣ ਰਹੀ ਸੀ। … ਆਖ਼ਰ ਉਹ ਬੋਲਿਆ:
ਮੈਂ ਵਾਰ-ਵਾਰ ਨਹੀਂ ਕਹਿਣਾ ਚਾਹੁੰਦਾ। ਪਰ ਤੂੰ ਜਿਵੇਂ ਵੀ ਹੋਵੇ … ਉਸ ਪ੍ਰਕਾਸ਼ਕ ਕੋਲੋਂ
ਮੇਰਾ ਸਕੈੱਚ ਹਾਸਲ ਕਰੋ। … ਮੈਂ ਇਹਨੀਂ ਦਿਨੀਂ ਕੁੱਝ ਕਰ ਨਹੀਂ ਸਕ ਰਿਹਾ ਹਾਂ। ਕੈਨਵਸ
ਦੀਆਂ ਮੂਲ ਆਕਿਰਤੀਆਂ ਨੂੰ ਤਾਂ ਛੱਡੋ, ਮੇਰੇ ਕੋਲੋਂ ਤਾਂ ਪਿੱਠ ਭੂਮੀ ਵੀ ਰੰਗੀ ਨਹੀਂ
ਜਾਂਦੀ। … ਜਦ ਹੀ ਬੁਰਸ਼ ਚੁੱਕਦਾ ਹਾਂ … ਬੱਸ ਥਾਂ ਡਰਾਉਣੇ ਢੰਗ ਨਾਲ ਖ਼ਾਲੀ ਹੈ, ਜਿੱਥੇ ਉਹ
ਸੀ। ਜਿਵੇਂ ਕੋਈ ਅਜਿਹਾ ਭਿਅੰਕਰ ਅਸਮਾਨ ਜਿਸ ਵਿੱਚ ਇੱਕ ਵੀ ਨਛੱਤਰ ਨਾ ਬਚਿਆ ਹੋਵੇ … ‘
‘ਇਹਨੀਂ ਦਿਨੀਂ ਮੇਰੇ ਸੁਪਨੇ ਵਿੱਚ ਬੱਸ ਉਹੀ ਵਾਰ-ਵਾਰ ਦਿਖਾਈ ਦਿੰਦਾ ਹੈ …! … ਅਤੇ ਉਸਦੇ
ਨਾਲ ਉਹੀ ਪੌਦਾ … ਅਤੇ ਮਿੱਟੀ ਦੇ ਬੀਮਾਰ ਰੰਗ … ‘
ਉਸ ਦੇ ਸਾਹ ਹੇਠਾਂ-ਉੱਪਰ ਹੋ ਰਹੇ ਸਨ। ਕੀ ਉਨ੍ਹਾਂ ਨੂੰ ਵੀ ਸੰਕਰਮਣ ਹੋ ਰਿਹਾ ਹੈ?
ਮੈਂ ਡਰਿਆ ਹੋਇਆ ਹਾਂ।
ਪਤਨੀ ਕਹਿੰਦੀ ਹੈ, ਬਾਹਰ ਕਿਸੇ ਦੇ ਤੁਰਣ ਦੀ ਆਵਾਜ਼ ਆ ਰਹੀ ਹੈ।
‘ਕੌਣ …? … ਕੌਣ ਹੈ? ਮੈਂ ਚੀਕਦਾ ਹਾਂ।
ਬਾਹਰ ਦੁਨੀਆਂ ਸੀ, ਜਿਹੜੀ ਬਹੁਤ ਤੇਜ਼ੀ ਨਾਲ ਬਦਲ ਰਹੀ ਸੀ। ਜਿੱਥੇ ਮੈਂ ਰਹਿੰਦਾ ਸੀ, ਉਸਦੇ
ਆਲੇ-ਦੁਆਲੇ ਉੱਚੇ ਸ਼ਾਪਿੰਗ ਮਾਲਜ਼ ਬਣ ਗਏ ਸਨ। ਮਲਟੀ-ਪਲੈਕਸਿਜ਼, ਐਡ ਲੈਬਜ਼ ਦਾ ਆਈਮੈਕਸ, ਫ਼ੋਰ
ਡੀ ਅੰਡਰਵਰਲਡ, ਸਕਾਈ ਸਕੇਪਰਜ਼ …। ਮੈਟਰੋ ਰੇਲ ਚੱਲਣ ਲੱਗੀ ਸੀ।
ਇੰਨਾ ਵੱਡਾ ਬਾਜ਼ਾਰ ਆ ਗਿਆ ਸੀ, ਚਾਰੇ ਪਾਸੇ ਅਤੇ ਉਹ ਫ਼ੈਲਦਾ ਜਾ ਰਿਹਾ ਸੀ। ਉਸ ਦੀਆਂ
ਸੀਮਾਵਾਂ ਕਿਤੇ ਨਹੀਂ ਸਨ। ਉਹ ਅਨਹਦ ਸਨ।
ਪਰ ਅਜਿਹੀਆਂ ਘਟਨਾਵਾਂ ਵੀ ਇਹਨੀਂ ਦਿਨੀਂ ਵਾਪਰਨ ਲੱਗੀਆਂ ਸਨ, ਜਿਨ੍ਹਾਂ ਦੇ ਬਾਰੇ ਵਿੱਚ
ਪਹਿਲਾਂ ਸੋਚਣਾ ਤੱਕ ਮੁਮਕਿਨ ਨਹੀਂ ਸੀ। ਜਿੱਥੇ ਮੈਂ ਰਹਿੰਦਾ ਸੀ, ਉਸ ਤੋਂ ਬੱਸ ਦੋ-ਢਾਈ
ਕਿਲੋਮੀਟਰ ਦੂਰ, ਇੱਕ ਵੱਡੀ ਕੋਠੀ ਵਿੱਚ ਰਹਿਣ ਵਾਲਾ ਇੱਕ ਅਮੀਰ ਅੱਯਾਸ਼ ਆਪਣੇ ਨੌਕਰ ਨਾਲ
ਮਿਲਦੇ ਨੇੜੇ-ਤੇੜੇ ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬਾਂ ਦੇ ਨਿੱਕੇ-ਨਿੱਕੇ ਬੱਚੇ ਅਤੇ
ਬੱਚੀਆਂ ਨਾਲ ਬਲਾਤਕਾਰ ਕਰਣ ਪਿੱਛੋਂ ਉਨ੍ਹਾਂ ਦੇ ਗੋਸ਼ਤ ਦਾ ਕਬਾਬ ਬਣਾ ਕੇ ਖਾਣ ਲੱਗਾ ਸੀ।
ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਇੱਕ ਅਜਿਹਾ ਹਸਪਤਾਲ ਸੀ, ਜਿਸ ਵਿੱਚ ਲੋਕਾਂ ਨੂੰ ਜਿਨ੍ਹਾਂ
ਵਿੱਚ ਜ਼ਿਆਦਾਤਰ ਗਰੀਬ ਹੁੰਦੇ ਸਨ, ਬੇਹੋਸ਼ ਕਰਕੇ ਉਨ੍ਹਾਂ ਦੇ ਗੁਰਦੇ ਕੱਢ ਕੇ ਅਮੀਰਾਂ ਨੂੰ
ਲਾ ਦਿੱਤੇ ਜਾਂਦੇ ਸਨ।
ਮੋਬਾਇਲ ਆ ਚੁੱਕਾ ਸੀ। ਪਲਾਜ਼ਮਾਂ ਟੀ.ਵੀ.ਅਤੇ ਐਲ.ਸੀ.ਡੀ.ਮਾਨੀਟਰ ਆ ਗਏ ਸਨ। ਲੈਪਟਾਪ ਅਤੇ
ਆਈਪਾਡ ਨੂੰ ਆਇਆ ਅਰਸਾ ਗੁਜ਼ਰ ਚੁੱਕਾ ਸੀ।
ਹਿੰਸਾ ਸਮੁੰਦਰ ਵਾਂਗੂੰ ਜਾਂ ਅਸਮਾਨ ਵਾਂਗੂੰ ਚਾਰੇ ਪਾਸੇ ਸੀ। ਚੁਣੇ ਹੋਏ ਲੋਕਾਂ ਦੇ ਘਰ
ਰੁਪਿਆ ਬਰਸਣ ਲੱਗਾ ਸੀ। ਫ਼ੋਬਰਸ ਦੀ ਸੂਚੀ ਵਿੱਚ ਮੇਰੇ ਦੇਸ਼ ਦੇ ਦਸ ਆਦਮੀ ਦੁਨੀਆਂ ਦੇ ਸਭ
ਤੋਂ ਅਮੀਰ ਖ਼ਰਬਪਤੀਆਂ ਵਿੱਚ ਸ਼ਾਮਲ ਹੋ ਗਏ ਸਨ।
ਇਹ ਬਹੁਤ ਪੁਰਾਣੀ ਗੱਲ ਨਹੀਂ ਹੈ। ਤਿੰਨ ਚਾਰ ਸਾਲ ਹੀ ਹੋਏ ਹੋਣਗੇ। ਉਸ ਕਵੀ ਦਾ ਕਤਲ ਹੋਇਆ
ਦਸ-ਬਾਰ੍ਹਾਂ ਸਾਲ ਲੰਘ ਚੁੱਕੇ ਸਨ, ਜਿਹੜਾ ਪਾਨ ਦੀ ਗੁਮਟੀ ਦੇ ਕੋਲ, ਵੱਖਰੇ ਜਿਹੇ ਨੀਲੇ
ਰੰਗ ਦਾ ਕੋਟ ਪਾਈ, ਬੀੜੀ ਦਾ ਬੰਡਲ ਖਰੀਦਦਾ ਹੋਇਆ ਮਿਲਿਆ ਸੀ ਅਤੇ ਜਿਸਨੇ ਆਪਣਾ ਕਵਿਤਾ
ਸੰਗ੍ਰਹਿ ਮੈਨੂੰ ਦਿੱਤਾ ਸੀ, ਜਿਸਦੇ ਸਿਰਲੇਖ ਦੇ ਪਿੱਛੇ ਬੁਖਾਰ ਵਿੱਚ ਡੁੱਬਾ ਉਹ ਸ਼ਬਦ ਝਾਕ
ਰਿਹਾ ਸੀ, ਜਿਸਦਾ ਅਰਥ ‘ਅੰਤਮ’ ਜਾਂ ‘ਅਖ਼ੀਰ’ ਵਰਗਾ ਕੁੱਝ ਸੀ।
ਜਿਸ ਕਵੀ ਦੇ ਸਾਰੇ ਅੰਗ, ਇੱਕ-ਇੱਕ ਕਰ ਕੇ ਵੱਢਣ ਤੋਂ ਬਾਅਦ ਉਸਦੇ ਸਿਰ ਨੂੰ ਠੇਕੇਦਾਰ ਨੇ
ਧੜ ਤੋਂ ਵੱਖ ਕਰ ਦਿੱਤਾ ਸੀ ਅਤੇ ਥਾਣੇ ਦੇ ਫ਼ਾਟਕ ਦੇ ਕੋਲ ਸੁੱਟ ਕੇ ਚੀਕਿਆ ਸੀ: ‘ਦੇਖ ਲਉ
ਸਾਰੇ। ਹੁਣ ਵਕਤ ਬਦਲ ਚੁੱਕਾ ਹੈ। ਜਿਹੜਾ ਵੀ ਠੇਕਿਆਂ ਦਾ ਵਿਰੋਧ ਕਰੇਗਾ, ਉਸਦਾ ਇਹੀ ਹਾਲ
ਹੋਵੇਗਾ।’
ਅਜਿਹਾ ਕਹਿ ਕੇ, ਅੱਜ ਤੋਂ ਕਈ ਸਾਲ ਪਹਿਲਾਂ ਉਹ ਇਮਲੀ ਦੀ ਚਟਨੀ ਅਤੇ ਸਮੋਸੇ ਖਾਣ ਚਲਾ ਗਿਆ
ਸੀ।
ਮੈਂ ਕਈ ਵਾਰ ਉਸ ਪ੍ਰਕਾਸ਼ਕ ਦੀ ਦੁਕਾਨ ਤੇ ਜਾ ਚੁੱਕਾ ਸੀ। ਉਹ ਹਰ ਵਾਰ ਚਿੱਤਰ ਮੋੜਣ ਦੀ ਗੱਲ
ਨੂੰ ਅੱਗੇ ਖਿਸਕਾ ਦਿੰਦਾ ਸੀ। ਹੁਣ ਉਹ ਬਰੈਡ ਪਕੌੜਾ, ਪੁਦੀਨੇ ਦੀ ਚਟਨੀ ਜਾਂ ਬੀਕਾਨੇਰੀ
ਸਮੋਸੇ ਖਾਂਦਾ ਨਹੀਂ ਮਿਲਾ ਸੀ। ਕਦੇ ਉਹ ਡੋਮਿਨੋ ਦਾ ਪੀਜ਼ਾ, ਕਦੇ ਕੇਂਟਕੀ ਚਿਕਨ, ਕਦੇ ਕੋਈ
ਮੈਕਸੀਕਨ ਜਾਂ ਇਟਾਲੀਅਨ ਵਿਅੰਜਨ ਖਾਂਦਾ ਦਿੱਸਦਾ। ਮੇਰੇ ਹੁਲੀਏ ਤੋਂ ਉਹ ਬੇਚੈਨ ਹੋਣ
ਲੱਗਦਾ। ਉਸਦੇ ਚਿਹਰੇ ਦੀ ਮੁਸਕਰਾਹਟ ਗਾਇਬ ਹੋ ਜਾਂਦੀ ਅਤੇ ਉੱਥੇ ਪਰੇਸ਼ਾਨੀ ਦੀਆਂ ਲਕੀਰਾਂ
ਪੈਦਾ ਹੋ ਜਾਂਦੀਆਂ।
ਕੁਝ ਬਾਅਦ ਵਿੱਚ ਉਸਨੇ ਆਪਣੀ ਦੁਕਾਨ ਦੇ ਰੀਸ਼ੈਪਸ਼ਨ ਤੇ ਅਤੇ ਫ਼ਾਟਕ ਤੇ ਦਰਬਾਨ ਨੂੰ ਕਹਿ
ਦਿੱਤਾ ਸੀ ਕਿ ਮੈਨੂੰ ਬਾਹਰੋਂ ਹੀ ਮੋੜ ਦਿੱਤਾ ਜਾਵੇ। ਉਸਦੀਆਂ ਹਿੰਦੋਸਤਾਨ ਵਿੱਚ ਚਾਰ ਸੌ
ਦੁਕਾਨਾਂ ਖੁੱਲ੍ਹ ਚੁੱਕੀਆਂ ਸਨ। ਉਹ ਵੀ ਤੀਹ ਸਾਲ ਪਹਿਲਾਂ ਵਾਲੇ ਟੈਰੀਕਾਟ ਦੀ ਪੈਂਟ ਪਾਉਣ
ਵਾਲੇ ਉਜਾੜ ਜਿਹੇ ਬੰਦੇ ਵਾਂਗੂੰ ਓਮੇਗਾ ਦੀ ਡੀਜ਼ਾਈਡਿੰਡ ਡਾਇਮੰਡ ਰਿਸਟ ਵਾਚ ਲਾਉਣ ਲੱਗਾ
ਸੀ। ਮੈਂ ਅਕਸਰ ਉਸਦੀਆਂ ਰੰਗਦਾਰ ਤਸਵੀਰਾਂ ਅਖ਼ਬਾਰਾਂ ਵਿੱਚ ਦੇਖਦਾ ਸੀ, ਜਿਸ ਵਿੱਚ ਉਹ ਕਦੇ
ਉਪ ਰਾਸ਼ਟਰਪਤੀ, ਕਦੇ ਕਿਸੇ ਮੰਤਰੀ ਜਾਂ ਕਾਰਪੋਰੇਟ ਕਿੰਗ ਦੇ ਨਾਲ ਕਿਤਾਬਾਂ ਦੇ ਵਿਮੋਚਨ
ਸਮਾਰੋਹ ਵਿੱਚ ਮਹੱਤਵਪੂਰਨ ਆਲੋਚਕਾ, ਵਿਦਵਾਨਾਂ, ਅਫ਼ਸਰਾਂ ਅਤੇ ਕਵੀਆਂ ਵਿੱਚ ਘਿਰਿਆ ਕਿਸੇ
ਹਰੇ-ਭਰੇ ਰੁੱਖ ਵਾਂਗੂੰ ਮੁਸਕਰਾਉਂਦਾ ਦਿੱਸਦਾ ਸੀ।
ਜਿਸ ਭਾਸ਼ਾ ਵਿੱਚ ਮੈਂ ਲਿਖਦਾ ਸੀ, ਉਸ ਵਿੱਚ ਅਜਿਹੇ ਲੇਖਕ ਬਹੁਤ ਵੱਡੀ ਗਿਣਤੀ ਵਿੱਚ ਆ ਗਏ
ਸਨ, ਜਿਨ੍ਹਾਂ ਦੀਆ ਕਾਰਾਂ ਤੇ ਲਾਲ ਪੀਲੀਆਂ ਬੱਤੀਆਂ ਲੱਗੀਆਂ ਹੁੰਦੀਆਂ ਸਨ। ਉਹ ਸਰਕਾਰ
ਦੁਆਰਾ ਸੱਤਾਵਾਨ ਬਣਾ ਦਿੱਤੇ ਗਏ ਸਨ।
ਮੇਰੇ ਚਿੱਤਰਕਾਰ ਦੋਸਤ ਦਾ ਫ਼ੋਨ ਕਦੇ-ਕਦੇ ਹੁਣ ਵੀ ਆਉਂਦਾ ਸੀ। ਰਾਤ ਨੂੰ ਉਸਦੇ ਸਾਹਾਂ ਦਾ
ਚੜ੍ਹਨਾ ਲਹਿਣਾ ਅਤੇ ਉਸਦੀ ਖ਼ਾਮੋਸ਼ੀ ਅਕਸਰ ਦੂਜੇ ਸਿਰੇ ਤੇ ਸੁਣਾਈ ਦਿੰਦੀ ਰਹਿੰਦੀ।
ਹਰ ਗਰੀਬ ਅਤੇ ਕਮਜ਼ੋਰ ਆਦਮੀ ਆਪਣੇ ਘਰ ਅਤੇ ਜ਼ਮੀਨ ਤੋਂ ਬੇਦਖ਼ਲ ਹੋ ਰਿਹਾ ਸੀ। ਪਿੰਡਾਂ ਵਿੱਚ
ਜਿੱਥੇ ਕਿਸਾਨ ਅਤੇ ਖੇਤ-ਮਜ਼ਦੂਰ ਰਹਿੰਦੇ ਸਨ, ਉੱਥੇ ਵਿਧਵਾਵਾਂ ਦੀ ਗਿਣਤੀ ਬਹੁਤ ਵਧ ਗਈ ਸੀ।
ਪਿੰਡ ਛੱਡ-ਛੱਡ ਕੇ ਲੋਕ ਪਤਾ ਨਹੀਂ ਕਿੱਥੇ ਭੱਜ ਰਹੇ ਸਨ।
‘ਅਗਲੇ ਹਫ਼ਤੇ ‘ਆਦਿਵਰਣ’ ਕਲਾ ਗੈਲਰੀ ਵਿੱਚ ਮੇਰਾ ਏਕਲ ਰਿਸਟਰੋਸਪੇਕਸ਼ਨ ਹੈ। ਤੂੰ ਜ਼ਰੂਰ ਆਉਣਾ
ਹੈ।’ ਅੱਧੀ ਰਾਤ ਚਿੱਤਰਕਾਰ ਦੋਸਤ ਦਾ ਫ਼ੋਨ ਆਇਆ। ਬਹੁਤ ਦੇਰ ਤੱਕ ਉਸਦੇ ਸਾਹ ਦੂਜੇ ਸਿਰੇ ਤੇ
ਚੱਲਦੇ ਰਹੇ। ਮੈਂ ਡਰ ਰਿਹਾ ਸੀ, ਪਰ ਡਰਨ ਨਾਲ ਕੀ ਹੁੰਦਾ ਹੈ?
‘ਦੇਖੋ ਇੱਕ ਵਾਰ ਫ਼ਿਰ ਕੋਸ਼ਿਸ਼ ਕਰਕੇ ਦੇਖੋ। … ਤੁਸੀਂ ਸਮਝ ਸਕਦੇ ਹੋ!’ ਉਸਦੀ ਆਵਾਜ਼ ਬਹੁਤ
ਕਮਜ਼ੋਰ ਸੀ। ਇੰਨੀ ਕਿ ਮੈਨੂੰ ਲੱਗਾ ਕਿ ਕਦੇ ਵੀ ਉਸਦੇ ਸਾਹ ਉੱਖੜ ਸਕਦੇ ਸਨ।’
ਮੇਰੇ ਆਪਣੇ ਸਾਹਾਂ ਦਾ ਹਾਲ ਵੀ ਅਜਿਹਾ ਹੀ ਸੀ।
‘ਮੇਰੇ ਚਿੱਤਰਾਂ ਦੀ ਇੰਟਰਨੈਸ਼ਨਲ ਮਾਰਕੀਟ ਰੇਟਿੰਗ ਹੋਈ ਹੈ। ਪੈਰਿਸ ਅਤੇ ਨਿਊਯਾਰਕ ਵਿੱਚ। …
ਉਸ ਜਲ-ਜਮਨੀ ਦੇ ਜਿਹੜੇ ਚਾਰ ਚਿੱਤਰ ਮੈਂ ਮਿੱਟੀ ਅਤੇ ਫੁੱਲਾਂ ਪੱਤੀਆਂ ਦੇ ਰੰਗ ਨਾਲ ਬਣਾਏ
ਸਨ … ਉਨ੍ਹਾਂ ਦੇ ਆਕਸ਼ਨ ਦੀ ਪ੍ਰੀਮੀਅਮ ਢਾਈ ਕਰੋੜ ਤੋਂ ਉੱਪਰ ਦੀ ਹੈ। … ਮੇਰੀ ਸਮੱਸਿਆ
ਸਮਝੋ। ਇਹ ਸਿਰਫ਼ ਇਮੋਸ਼ਨਲ ਮਾਮਲਾ ਨਹੀਂ ਹੈ। … ਬਾਜ਼ਾਰ ਮੌਕੇ ਦੇ ਰਿਹਾ ਹੈ। ਇਸ ਵਿੱਚ ਸਾਡੇ
ਦੁੱਖਾਂ ਦਾ ਵੀ ਮੁੱਲ ਹੈ …।’
ਉਹ ਹਫ਼ ਰਿਹਾ ਸੀ। ਉਸਦੀ ਆਵਾਜ਼ ਵਿੱਚ ਵਿਆਕੁਲਤਾ ਸੀ।
‘ਤੂੰ ਵੀ ਬਹੁਤ ਝੱਲਿਆ ਹੈ। … ਤੇਰੀਆਂ ਕਵਿਤਾਵਾਂ ਵੀ ਹੁਣ ਵਿਕਣਗੀਆਂ। … ਮੈਨੂੰ ਮੇਰੇ
ਚਿੱਤਰ ਹੁਣ ਕਿਸੇ ਦੂਜੀ ਥਾਂ ਲੈ ਜਾਣਗੇ। ਇੱਥੇ ਜਿਹੋ ਜਿਹੀ ਹਾਲਾਤ ਹੋ ਰਹੀ ਹੈ, ਉਸ ਵਿੱਚ
ਸਾਡਾ ਇੱਥੇ ਰਹਿ ਸਕਣਾ ਮੁਸ਼ਕਲ ਹੁੰਦਾ ਜਾਵੇਗਾ। … ਤੂੰ ਵੀ ਇੱਥੇ ਜਿਊਂਦਾ ਨਹੀਂ ਰਹਿ
ਸਕੇਂਗਾ।’
ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਸਨੇ ਕਿਹਾ- ‘ਮੇਰੀ ਦਿੱਕਤ ਇਹ ਹੈ ਕਿ ਉਸ ਸਕੈੱਚ ਤੋਂ
ਬਿਨਾਂ ਉਹੋ ਜਿਹੀ ਪੇਂਟਿੰਗ ਨਹੀਂ ਕਰ ਹੁੰਦੀ, ਜਿਉਂ ਜਿਹੀ ਮੈਂ ਚਾਹੁੰਦਾ ਹਾਂ। … ਕੋਸ਼ਿਸ਼
ਕਰੋ … ਉਸ ਪ੍ਰਕਾਸ਼ਕ ਦੇ ਮੂੰਹ ਤੇ ਅਸੀਂ ਰੁਪਏ ਚੁੱਕ ਕੇ ਮਾਰਾਂਗੇ।
ਮੈਂ ਅਗਲੇ ਹੀ ਦਿਨ ਚਿੱਤਰ ਲੈਣ ਗਿਆ। ਦਰਵਾਜ਼ੇ ਤੇ ਗਾਰਡ ਨੇ ਮੈਨੂੰ ਰੋਕਿਆ। ਮੈਨੂੰ ਅਤੇ
ਮੇਰੇ ਝੋਲੇ ਨੂੰ ਚੈੱਕ ਕੀਤਾ। ਅੰਦਰ ਰੀਸ਼ੈਪਸ਼ਨ ਤੇ ਦੋ ਘੰਟਿਆਂ ਤੱਕ ਕਿਸੇ ਸਵਾਲੀ ਵਾਂਗੂੰ
ਬੈਠਾ ਰਿਹਾ। ਮੈਂ ਜਾਣਦਾ ਸੀ ਕਿ ਪ੍ਰਕਾਸ਼ਕ ਮੈਨੂੰ ਫ਼ਿਰ ਟਾਲੇਗਾ।
ਮੈਂ ਸਭ ਤੋਂ ਪਹਿਲਾਂ ਉਸਦੇ ਚੈਂਬਰ ਦੇ ਸ਼ੀਸ਼ੇ ਭੰਨੇ। ਉਹ ਅੰਦਰ ਤਿੰਨ ਚਾਰ ਚਮਕਦਾਰ ਲੋਕਾਂ
ਵਿੱਚ ਘਿਰਿਆ ਸੀ। ਇਨ੍ਹਾਂ ਵਿੱਚ ਕਈ ਅਫ਼ਸਰ ਅਤੇ ਉਨ੍ਹਾਂ ਦੇ ਚਾਪਲੂਸ ਸਨ, ਜਿਹੜੇ ਸਾਰੇ ਦੇ
ਸਾਰੇ ਕਵੀ ਬਣੇ ਹੋਏ ਸਨ।
ਉਸ ਤੋਂ ਬਾਅਦ ਸਿਰਫ਼ ਕੋਰਾ ਹੈ। ਮੈਨੂੰ ਫ਼ਿਰ ਸਮੇਂ ਵਿੱਚ ਪਿੱਛੇ ਜਾਣਾ ਪਵੇਗਾ, ਜਿੱਥੇ
ਚਿਹਰੇ ਟੇਢੇ ਅਤੇ ਲਿੱਪੀਆਂ ਤਿਰਛੀਆਂ ਹੋ ਜਾਂਦੀਆਂ ਹਨ। ਚੀਜ਼ਾਂ ਅਤੇ ਘਟਨਾਵਾਂ ਆਪਣਾ ਆਕਾਰ
ਅਤੇ ਪ੍ਰਕਾਰ ਗੁਆ ਦਿੰਦੀਆਂ ਹਨ।
ਮੈਂ ਸੱਚਮੁੱਚ ਨਹੀਂ ਜਾਣਦਾ ਕਿ ਉਸਤੋਂ ਬਾਅਦ ਕੀ ਹੋਇਆ। ਮੇਰੀਆਂ ਅੱਖਾਂ ਦੇ ਸਾਹਮਣੇ ਕੋਈ
ਸੰਘਣਾ ਕੋਰਾ ਛਾ ਗਿਆ। ਲੱਗਾ ਕਿ ਕੋਈ ਭੂਚਾਲ ਆਇਆ ਹੈ ਜਾਂ ਕੋਈ ਅੱਤਵਾਦੀ ਹਮਲਾ ਹੋਣ ਲੱਗਾ
ਸੀ। ਨਿਸ਼ਚਿਤ ਹੀ ਇਹ ਨੌਂ/ਗਿਆਰ੍ਹਾਂ ਤੋਂ ਬਾਅਦ ਦੀ ਘਟਨਾ ਹੈ।
ਬੱਸ ਇੱਕ ਵਿਸਫੋਟ ਦੀ ਆਵਾਜ਼ ਮੈਨੂੰ ਅਖ਼ੀਰ ਵਿੱਚ ਸੁਣਾਈ ਦਿੱਤੀ ਸੀ।
‘ਮੈਂ ਇਹ ਠੀਕ-ਠੀਕ ਨਹੀਂ ਕਹਿ ਸਕਦਾ ਕਿ ਇਹ ਆਵਾਜ਼ ਮੇਰੇ ਅੰਦਰੋਂ ਆਈ ਸੀ ਜਾਂ ਧਮਾਕਾ ਬਾਹਰ
ਕਿਤੇ ਹੋਇਆ ਸੀ।’
ਅੱਖਾਂ ਖੁੱਲ੍ਹੀਆਂ ਤਾਂ ਮੈਂ ਹਸਪਤਾਲ ਵਿੱਚ ਸੀ। ਪਤਨੀ ਅਤੇ ਪੁੱਤਰ ਬੈਠੇ ਹੋਏ ਸਨ। ਪਤਾ
ਲੱਗਾ ਕਿ ਮੇਰੇ ਤੇ ਇੱਕ ਐਫ.ਆਈ.ਆਰ.ਦਰਜ ਹੈ। ਮੇਰੀ ਜ਼ਮਾਨਤ ਦੀ ਸੁਣਵਾਈ ਕੱਲ੍ਹ ਹੈ।
ਮੈਂ ਜ਼ਮਾਨਤ ਤੇ ਛੁੱਟ ਗਿਆ ਅਤੇ ‘ਆਦਿਵਰਣ’ ਕਲਾ ਦੀਰਘ ਵਿੱਚ ਆਪਣੇ ਦੋਸਤ ਦੇ ਰਿਸਟਰੋਸ਼ਪੈਕਸ਼ਨ
ਵਿੱਚ ਗਿਆ। ਉਹ ਇੱਕ ਬਹੁਤ ਸਫ਼ਲ ਪ੍ਰਦਰਸ਼ਨੀ ਸੀ। ਲਗਭਗ ਸਾਰੇ ਪ੍ਰਮੁੱਖ ਕਲਾ ਸਮੀਖ਼ਅਕ,
ਪੱਤਰਕਾਰ ਅਤੇ ਕਲਾ-ਸੰਗ੍ਰਹਿਕ ਉੱਥੇ ਆਏ ਹੋਏ ਸਨ। ਕਈ ਵੀ.ਆਈ.ਪੀ.ਸਨ। ਸਾਰਾ ਮੀਡੀਆ ਮੌਜੂਦ
ਸੀ।
ਪਰ ਉੱਥੇ ਉਹ ਨਹੀਂ ਸੀ। ਕਿਤੇ ਵੀ।
ਮੇਰੇ ਦੋਸਤ। ਚਿੱਤਰਕਾਰ। ਉਹ ਜਿਹੜਾ ਮੈਨੂੰ ਬੇਤਹਾਸ਼ਾ ਪਿਆਰ ਕਰਦਾ ਸੀ, ਠੀਕ ਉਸ ਅਲੱਗ
ਪ੍ਰਜਾਤੀ ਦੇ ਅੰਤਮ ਪੌਦੇ ਵਾਂਗੂੰ, ਜਿਸ ਨੂੰ ਕੈਂਸਰ ਸੀ ਅਤੇ ਜਿਹੜਾ ਕੰਡੂਰੀ ਦੀਆਂ
ਪਹਾੜੀਆਂ ਦੀ ਤਲਹਟੀ ਤੇ ਮਰ ਚੁੱਕਾ ਸੀ।
‘ਆਦਿਵਰਣ’ ਕਲਾ ਗੈਲਰੀ ਦੇ ਕੰਧ ਤੇ ਜਿੱਥੇ ਉਸਦੇ ਸਾਰੇ ਚਿੱਤਰ ਅਲੱਗ-ਅਲੱਗ ਸਿਰਲੇਖਾਂ ਅਤੇ
ਕੀਮਤ ਨਾਲ ਟੰਗੇ ਸਨ ਅਤੇ ਹਰ ਚਿੱਤਰ ਤੇ ਇੱਕ ਵੱਖਰੀ ‘ਸਪਾਟ ਲਾਈਟ’ ਸੀ, ਉਸੇ ਕੰਧ ਦੇ
ਬਿਲਕੁਲ ਵਿਚਕਾਰ ਇੱਕ ਚੌਰਸ ਜਿਹੀ ਥਾਂ ਡਰਾਉਣੇ ਢੰਗ ਨਾਲ ਖ਼ਾਲੀ ਛੱਡ ਦਿੱਤੀ ਗਈ ਸੀ।
ਉੱਥੇ ਸਿਰਫ਼ ਸ਼ੂਨਯ ਸੀ ਜਿਸਦੇ ਉੱਪਰ ਇੱਕ ਧੁੰਦਲੀ ਰੋਸ਼ਨੀ ਦਾ ਦਾਇਰਾ ਪੈ ਰਿਹਾ ਸੀ। ਹੇਠਾਂ
ਸਿਰਲੇਖ ਦੇ ਨਾਲ, ਕਾਗਜ਼ ਦੀ ਪੱਟੀ ਤੇ ਲਿਖਿਆ ਹੋਇਆ ਸੀ:
‘ਚਾਈਲਡ ਐਂਡ ਹਿਜ਼ … ਫਿਊਚਰ’
‘ਪੇਂਟਿੰਗ ਮਿਸਿੰਜ਼’
ਪਤਾ ਲੱਗਾ, ਪਿਛਲੇ ਰਾਤ ਮੇਰਾ ਦੋਸਤ ਚਿੱਤਰਕਾਰ, ਉਸੇ ਖ਼ਾਲੀ ਥਾਂ ਲਈ ਬੱਚੇ ਦਾ ਸਕੈੱਚ ਬਣਾ
ਰਿਹਾ ਸੀ, ਜਦ ਉਸਨੂੰ ‘ਬਰੇਨ ਹੈਮਰੇਜ’ ਹੋਇਆ। ਉਹ ‘ਅਪੋਲੋ’ ਦੇ ਆਈ.ਸੀ.ਯੂ.ਵਿੱਚ ਬੇਹੋਸ਼
ਪਿਆ ਹੈ। ‘ਕੋਮਾ’ ਵਿੱਚ।
ਇੰਜ ਹੀ ਹੁੰਦਾ ਹੈ, ਜਦ ਕੋਈ ਬੀਮਾਰ ਸ਼ਬਦ, ਪੌਦਾ ਜਾਂ ਆਦਮੀ ਕਿਸੇ ਸੰਕਰਮਿਤ ਸਮੇਂ ਵਿੱਚ
ਪਿੱਛੇ ਵੱਲ, ਪੁੱਠੇ ਪਾਸੇ ਤੁਰਨਾ ਚਾਹੁੰਦਾ ਹੈ। ਅਜਿਹੇ ਵਿੱਚ ਸਭ ਕੁੱਝ ਇਟੈਲਿਕਸ ਵਿੱਚ
ਤਿਰਛਾ ਅਤੇ ਟੇਢਾ ਹੋ ਜਾਂਦਾ ਹੈ। ਚੀਜ਼ਾਂ ਆਪਣਾ ਆਕਾਰ ਅਤੇ ਪ੍ਰਕਾਰ ਗੁਆ ਦਿੰਦੀਆਂ ਹਨ।
ਉਸ ਦਿਨ ਆਖ਼ਰ ਉਸਨੇ ਹਾਰ ਮੰਨ ਲਈ ਹੋਵੇਗੀ। ਉਸ ਲੱਗ ਗਿਆ ਹੋਵੇਗਾ ਕਿ ਹੁਣ ਪ੍ਰਕਾਸ਼ਕ ਦੀ
ਦੁਕਾਨ ਜਾਂ ਗੁਦਾਮ ਵਿੱਚੋਂ ਮੈਂ ਉਸ ਸਕੈੱਚ ਨੂੰ ਵਾਪਸ ਹਾਸਲ ਨਹੀਂ ਕਰ ਸਕਾਂਗਾ। ਉਹ ਅਚਾਨਕ
ਰਾਤ ਨੂੰ ਬੇਚੈਨ ਹੋ ਉੱਠਿਆ ਹੋਵੇਗਾ। ਉਸਨੇ ਸਟੂਡੀਓ ਵਿੱਚ ਆਪਣੇ ਈਜ਼ਲ ਦੇ ਸਾਹਮਣੀ ਕੰਧ ਨੂੰ
ਦੇਖਿਆ ਹੋਵੇਗਾ। ਉੱਥੇ ਉਹ ਡਰਾਉਣੀ ਖ਼ਾਲੀ ਥਾਂ ਸੀ, ਜਿਹੜੀ ਪਹਿਲਾਂ ਉਸ ਡਰੇ ਹੋਏ ਸੱਤ ਅੱਠ
ਸਾਲ ਦੇ ਬੱਚੇ ਦੇ ਸਕੈੱਚ ਨਾਲ ਢਕੀ ਰਹਿੰਦੀ ਸੀ ਅਤੇ ਜਿਸਦੀ ਪ੍ਰਤੀਲਿਪੀ ਮੇਰੇ ਕਵਿਤਾ
ਸੰਗ੍ਰਹਿ ਤੇ ਕਵਰ ‘ਤੇ ਸੀ।
ਉਸਨੇ ਈਜਲ ਤੇ ਖ਼ਾਲੀ ਸਫ਼ੈਦ ਕਾਗਜ਼ ਚੜਾਇਆ ਹੋਵੇਗਾ। ਆਪਣਾ ਸਕੈੱਚ ਪੈੱਨ ਕੱਢਿਆ ਹੋਵੇਗਾ ਅਤੇ
ਕੁੱਝ ਟੇਢੀਆਂ ਲਕੀਰਾਂ ਖਿੱਚੀਆਂ ਹੋਣਗੀਆਂ।
ਬੱਸ ਇਹੀ ਉਹ ਬਿੰਦੂ ਜਾਂ ਪਲ ਹੈ, ਜਿੱਥੋਂ ਸਭ ਕੁੱਝ ਨਸ਼ਟ ਹੋਣਾ ਸ਼ੁਰੂ ਹੁੰਦਾ ਹੈ।
ਉਹ ਬੱਚਾ, ਜਿਸਦਾ ਸਕੈੱਚ ਉਸਨੇ ਪੰਜ ਛੇ ਸਾਲ ਪਹਿਲਾਂ ਬਣਾਇਆ ਸੀ, ਉਹ ਬੱਚਾ ਹੁਣ ਪੰਜ ਛੇ
ਸਾਲ ਵੱਡਾ ਹੋ ਚੁੱਕਾ ਹੋਵੇਗਾ। ਉਸਨੇ ਉਸਦਾ ਪੁਰਾਣਾ ਡਰਿਆ ਹੋਇਆ ਚਿਹਰਾ ਯਾਦ ਕਰਨ ਦੀ
ਕੋਸ਼ਿਸ਼ ਕੀਤੀ ਹੋਵੇਗੀ, ਕੁੱਝ ਇਸ ਤਰ੍ਹਾਂ ਕਿ ਉਸਦੀ ਸਿਮਰਤੀ ਵਿੱਚ ਪਰਵਰਤਿਤ ਹੋ ਕੇ ਉਹ
ਇਮੇਜ ਉਸਦੇ ਮਸਤਕ ਦੇ ਰੇਟੀਨਾ ਤੱਕ ਪਹੁੰਚ ਜਾਵੇ। ਪਰ ਅਜਿਹਾ ਕਰਣ ਲਈ ਉਸਨੂੰ ਆਪਣੇ ਸਮੇਂ
ਵਿੱਚ ਪੰਜ-ਛੇ ਸਾਲ ਪਿੱਛੇ ਵੱਲ ਜਾਣਾ ਪਿਆ ਹੋਵੇਗਾ।
… ਅਤੇ ਅਜਿਹਾ ਕਰਦਿਆਂ ਹੋਇਆਂ ਉਹ ਤਿਰਛਾ ਅਤੇ ਟੇਢਾ-ਮੇਢਾ ਹੋਣ ਲੱਗਾ ਹੋਵੇਗਾ। ਉਹ
ਇਟੈਲਿਕਸ ਵਿੱਚ ਬਦਲਣ ਲੱਗਾ ਹੋਵੇਗਾ। ਉਸਦੇ ਸਰੀਰ ਦੇ ਸਾਰੇ ਅੰਗ ਤਿਰਛੇ ਹੋਣ ਲੱਗੇ ਹੋਣਗੇ।
ਉਸਦੇ ਗੁਰਦੇ, ਲਿਵਰ … ਉਸਦੀਆਂ ਸ਼ਿਰਾਵਾਂ ਅਤੇ ਧਮਨੀਆਂ, ਉਸਦਾ ਦਿਲ … ਅਤੇ ਵਹਿੰਦਾ ਹੋਇਆ
ਲਹੂ। ਫ਼ਿਰ ਅੰਤ ਵਿੱਚ ਉਸਦਾ ਮਸਤਕ ਅਤੇ ਉੱਥੇ ਮੌਜੂਦ ਬਹੁਤ ਸਾਰੀਆਂ ਸਿਮਰਤੀਆਂ …
… ਅਚਾਨਕ ਉਸਦਾ ਚਿਹਰਾ ਕਿਸੇ ਕਮਜ਼ੋਰ ਨਾਜ਼ੁਕ ਸ਼ੀਸ਼ੇ ਵਾਂਗੂੰ ਕਈ ਟੁਕੜਿਆਂ ਵਿੱਚ ਤਿੜਕ ਗਿਆ
ਹੋਵੇਗਾ। ਕੋਈ ਹਲਕੀ ਜਿਹੀ ਆਵਾਜ਼ ਵੀ ਉੱਥੇ ਪੈਦਾ ਹੋਈ ਹੋਵੇਗੀ, ਜਿਸਨੂੰ ਕੌਮਾ ਵਿੱਚ ਜਾਣ
ਤੋਂ ਠੀਕ ਪਹਿਲਾਂ ਉਸਨੇ ਸੁਣਿਆ ਹੋਵੇਗਾ।
ਉਸਦੇ ਦੁਆਰਾ ਬੁਣੀ ਗਈ ਉਹ ਆਖ਼ਰੀ ਆਵਾਜ਼ ਰਹੀ ਹੋਵੇਗੀ।
ਮੇਰੇ ਨਾਲ ਵੀ ਇਹ ਹੋ ਸਕਦਾ ਹੈ। ਕਦੇ ਵੀ। ਇਸ ਲਈ ਮੈਂ ਵੀ ਇੱਥੋਂ ਚਲੇ ਜਾਣਾ ਚਾਹੁੰਦਾ
ਹਾਂ। ਮੈਂ ਮਾਈਗ੍ਰੇਸ਼ਨ ਲਈ ਸੰਸਾਰ ਦੇ ਸਾਰੇ ਦੇਸ਼ਾਂ ਨੂੰ ਪ੍ਰਾਰਥਨਾ-ਪੱਤਰ ਭੇਜਾਂਗਾ।
ਪਰ ਇੱਥੋਂ ਜਾਣਾ ਇਹੋ ਜਿਹਾ ਨਹੀਂ ਹੋਵੇਗਾ, ਜਿਹੋ ਜਿਹਾ ਕਿਸੇ ਐਨ.ਆਰ.ਆਈ.ਜਾਂ ਕਿਸੇ ਕਾਲ
ਸੈਂਟਰ ਜਾਂ ਕਿਸੇ ਐਮ.ਐਨ.ਸੀ.ਦਾ ਜਾਣਾ ਹੁੰਦਾ ਹੈ। ਇਹ ਜਾਣਾ ਉਹੋ ਜਿਹਾ ਵੀ ਨਹੀਂ ਹੋਵੇਗਾ
ਜਿਵੇਂ ਵਿਜੈ ਮਾਲਿਆ ਆਈ.ਪੀ.ਐਲ.ਦੀ ਕ੍ਰਿਕਟ ਟੀਮ ਲੈ ਕੇ ਦੱਖਣੀ ਅਫ਼ਰੀਕਾ ਜਾਂ ਇੰਗਲੈਂਡ ਚਲਾ
ਜਾਂਦਾ ਹੈ। ਇਹ ਜਾਣਾ ਉਹੋ ਜਿਹਾ ਹੋਵੇਗਾ ਜਿਵੇਂ ਕੋਈ ਰੁੱਖ-ਪਿੱਪਲ, ਪਲਾਸ਼ ਜਾਂ ਬੋਹੜ ਧਰਤੀ
ਵਿੱਚ ਦੂਰ-ਦੂਰ ਤੱਕ, ਦਸਾਂ ਦਿਸ਼ਾਵਾਂ ਵਿੱਚ ਫ਼ੈਲੀਆਂ ਆਪਣੀਆਂ ਜੜ੍ਹਾਂ ਸਮੇਟ ਲਵੇ ਅਤੇ
ਜਿਊਂਦੇ ਰਹਿਣ ਲਈ ਕਿਤੇ ਚਲਾ ਜਾਵੇ।
ਮੈਂ ਆਪਣੇ ਸਾਰੇ ਅਸਬਾਬ … ਸਾਰਾ ਸਾਮਾਨ ਹੁਣ ਸਮੇਟ ਰਿਹਾ ਹਾਂ। ਮੈਂ ਹੁਣ ਇਟੈਲਿਕਸ ਵਿੱਚ
ਤਿਰਫਾ ਨਹੀਂ ਹੋਣਾ ਚਾਹੁੰਦਾ।
ਇਸ ਘਟਨਾ ਨੂੰ ਤਿੰਨ ਸਾਲ ਹੋ ਗਏ ਹਨ। ਮੇਰਾ ਦੋਸਤ ਅਜੇ ਤੱਕ ‘ਅਪੋਲੋ’ ਵਿੱਚ ਹੈ। ਉਹ ਇਸ
ਵਕਤ ਵੀ ‘ਕੌਮਾ’ ਵਿੱਚ ਹੈ। ‘ਵੈਂਟੀਲੇਟਰ’ ਦੀ ਮਦਦ ਨਾਲ ਉਸਦੇ ਫ਼ੇਫ਼ੜੇ ਚੱਲ ਰਹੇ ਹਨ ਅਤੇ
ਉਸਦਾ ਦਿਲ ਧੜਕ ਰਿਹਾ ਹੈ। ਮਸ਼ੀਨਾਂ ਦੇ ਕਾਰਨ ਉਸਦੀਆਂ ਧਮਨੀਆਂ ਅਤੇ ਨਾੜੀਆਂ ਵਿੱਚ ਖ਼ੂਨ ਦੌੜ
ਰਿਹਾ ਹੈ।
ਡਾਕਟਰ ਕਹਿੰਦੇ ਹਨ, ਇਸਨੂੰ ਤਦ ਤੱਕ ਇਸੇ ਤਰ੍ਹਾਂ ਰਹਿਣਾ ਪਵੇਗਾ, ਜਦ ਤੱਕ ਇਸਦੇ ਦਿਮਾਗ ਦੀ
ਮੌਤ ਨਹੀਂ ਹੁੰਦੀ।
ਪਰ ਇਸ ਦੁਨੀਆਂ ਵਿੱਚ ਮੈਂ ਇਕੱਲਾ ਅਜਿਹਾ ਹਾਂ, ਜਿਹੜਾ ਇਹ ਜਾਣਦਾ ਹੈ ਕਿ ਜੇ ਮੈਨੂੰ
ਪ੍ਰਕਾਸ਼ਕ ਦੇ ਗੁਦਾਮ ਜਾਂ ਦੁਕਾਨ ਵਿੱਚ ਉਹ ਗੁਆਚਾ ਹੋਇਆ ‘ਸਕੈੱਚ’ ਮਿਲ ਜਾਵੇ ਤਾਂ ਮੈਂ
ਤਿੰਨ ਸਾਲ ਤੋਂ ਆਪਣੇ ‘ਕੌਮਾ’ ਵਿੱਚ ਪਏ ਦੋਸਤ ਦੇ ਕੰਨ ਵਿੱਚ ਫ਼ੁਸਫ਼ਸਾ ਕੇ ਇਹ ਖ਼ਬਰ ਦਿਆਂ
ਤਾਂ ਉਹ ਅਜੇ ਵੀ ਵਾਪਸ ਜੀਵਨ ਵਿੱਚ ਮੁੜ ਸਕਦਾ ਹੈ।
ਇਹੀ ਉਹ ਸੰਭਾਵਨਾ ਹੈ, ਜਿਹੜੀ ਸਾਡੇ ਸਮੇਂ ਵਿੱਚ ਹੁਣ ਤੱਕ ਕਿਸੇ ਕਦਰ ਬਣੀ ਹੋਈ ਹੈ।
ਅਨੁਵਾਦ: ਭਜਨਬੀਰ ਸਿੰਘ
ਉਦੈ ਪ੍ਰਕਾਸ਼, 9/2, ਜੱਜ
ਕਲੋਨੀ, ਨਿਆਏ ਮਾਰਗ,
ਸੈਕਟਰ-9, ਵੈਸ਼ਾਲੀ, ਗਾਜ਼ੀਆਬਾਦ-201010
ਭਜਨਬੀਰ ਸਿੰਘ, ਮੋਬਾਇਲ 98556-75724
# 239, ਪ੍ਰੀਤ ਕਲੋਨੀ, ਨੇੜੇ ਏ.ਸੀ.ਨੈਸ਼ਨਲ ਪਬਲਿਕ ਸਕੂਲ,
ਜ਼ੀਰਕਪੁਰ-140603, ਜ਼ਿਲਾ ਐਸ.ਏ.ਐਸ.ਨਗਰ (ਮੋਹਾਲੀ) ਪੰਜਾਬ।
-0-
|