ਕੋਈ ਨਵੀਂ ਗੱਲ ਤਾਂ ਨਹੀਂ
ਸੀ............ ਸਭ ਚਿੱਟੇ ਕੱਪੜਿੱਆਂ ਵਾਲੇ ਇਕੱਠੇ ਬੈਠੇ ਸਨ।ਨਵੀਂ ਗੱਲ ਤਾਂ ਇਹ
ਸੀ….ਨੀਲੀਆਂ ਪੱਗਾਂ ਵਾਲੇ, ਚਿੱਟੀਆਂ ਪੱਗਾਂ ਵਾਲੇ, ਤਿਕੋਨੀਆਂ ਟੋਪੀਆਂ ਵਾਲੇ, ਹੱਥਾਂ
ਵਿੱਚ ਮਾਲਾ ਵਾਲੇ, ਗਲਾਂ ਵਿਚ ਟਾਈਆਂ ਵਾਲੇ …ਸਭ ਦਿਲੋਂ ਇਕੱਠੇ ਬੈਠੇ ਸਨ।
ਨਵੀਂ ਗੱਲ ਇਹ ਸੀ ਹਿ ਪਸੀਨਾ ਸਭ ਦੇ ਮੱਥੇ ਤੇ ਸੀ।ਪਹਿਲਾਂ ਵਾਂਗ ਕੋਈ ਇੱਕ ਦੁਖੀ ਤੇ ਬਾਕੀ
ਖੁਸ਼ ਨਹੀਂ ਸਨ।
ਨਵੀਂ ਗੱਲ ਇਹ ਸੀ ਕਿ ਇਹ ਮੀਟਿੰਗ ਬਿਨਾਂ ਚਮਚਿਆਂ ਦੀ ਟਹਿਲ ਸੇਵਾ ਦੇ, ਅਖਬਾਰਾਂ, ਟੀਵੀ
ਚੈਨਲਾਂ ਦੀ ਮੌਜੁਦਗੀ ਤੋਂ ਬਗੈਰ , ਬਹੁਤ ਹੀ ਗੁਪਤ ਥਾਂ ਤੇ ਕਾਂਨਫਰੰਸ ਨਾ ਹੋ ਕੇ ਚੋਂਰਾਂ
ਦੀ ਮੀਟਿੰਗ ਵਾਂਗ ਹੋ ਰਹੀ ਸੀ।
ਇਕ ਡਰ ਹਰ ਇਕ ਦੀਆਂ ਅੱਖਾਂ ਵਿੱਚ ਸੀ ।ਵੋਟਾਂ ਵਿੱਚ ਹਾਰ ਜਾਣ ਦੇ ਡਰ ਤੋਂ ਵੀ ਵੱਡਾ,
ਕਾਰੋਬਾਰ ਵਿੱਚ ਪਏ ਘਾਟੇ ਤੋਂ ਖੌਫਨਾਕ।
ਇੰਨੇ ਨੁੰ ਇੱਕ......ਟੇਡੀ ਟੋਪੀ ਵਾਲਾ, ਟੇਡੀ ਕਮਰ ਵਾਲਾ, ਟੇਡੀ ਨੀਤ ਵਾਲਾ ਹੱਥ ਵਿੱਚ
ਖੁੰਡੀ ਫੜੀ ਲੱਕ ਦਾ ਸਹਾਰਾ ਲੈ ਕੇ ਬੁੱਢਾ ਉਠਿੱਆ।ਸਾਰੀ ਘੁਸਰ ਮੁਸਰ ਬੰਦ ਹੋ ਗਈ। ਬਾਕੀ
ਸਾਰੇ ਉਸ ਵੱਲ ਵੇਖਣ ਲਗ ਪਏ।ਬੋਲਣ ਤੋਂ ਪਹਿਲਾਂ ਉਸ ਆਪਣੀ ਆਦਤ ਮੁਤਾਬਿਕ ਇਕ ਖੰਗੂਰਾ ਮਾਰ
ਕੇ ਸਭ ਨੂੰ ਆਪਣੇ ਆਉਣ ਦੀ ਸੂਚਨਾ ਦਿੱਤੀ, ਅਤੇ ਫਿਰ ਉਸ ਦੇ ਮੂੰਹੋਂ ਇਕ ਹੈਰਾਨ ਕਰਨ ਵਾਲਾ
ਸ਼ਬਦ ਨਿਕਲਿਆ “ ਦੋਸਤੋ ” । ਹੈਰਾਨ ਕਰ ਦੇਣ ਵਾਲਾ ਇਸ ਲਈ ਪਹਿਲਾਂ ਜਿੰਨੀ ਵਾਰੀ ਵੀ ਕਿਸੇ
ਨੂੰ ਉਹ ਇਸ ਸ਼ਬਦ ਨਾਲ਼ ਸੰਬੋਧਿਤ ਹੋਇਆ ਤਾਂ ਉਸ ਦਾ ਦਿਲੋਂ ਮਤਲਬ ਹੂੰਦਾ ਸੀ “ ਦੁਸ਼ਮਣੋ”. ਪਰ
ਅੱਜ ਦਿਲ ਅਤੇ ਅਕਲ ਇਕ ਸੁਰ ਸਨ।
ਫਿਰ ਇੱਕ ਪਲ ਸਾਰਿਆਂ ਵਲ ਮੋਟੀ ਐਨਕ ਵਿੱਚ ਦੀ ਨਜ਼ਰ ਘੁਮਾ ਕੇ, ਇਹ ਦੇਖ ਕੇ ਕਿ ਸਭ ਮੇਰੀ
ਗੱਲ ਸੁਣ ਰਹੇ ਹਨ ਅੱਗੇ ਬੋਲਿਆ
“ਅੱਜ ਅਸੀਂ ਇੱਥੇ ਬੜੀ ਬਿਪਦਾ ਦੀ ਘੜੀ ਵਿੱਚ ਇਕੱਠੇ ਹੋਏ ਹਾਂ।ਅੱਜ ਸਾਡਾ ਦੇਸ਼, ਸਾਡਾ
ਸੱਭਿਆਚਾਰ, ਸਾਡਾ ਧਰਮ ਸਭ ਖਤਰੇ ਵਿੱਚ ਹੈ। ਸਾਨੂੰ ਚਾਹੀਦਾ ਹੈ………..”
ਹਾਲੇ ਉਹ ਇੰਨਾ ਹੀ ਬੋਲਿਆ ਸੀ ਕਿ ਕੋਲ਼ਂੋ ਇਕ ਹੋਰ ਬੁੱਢਾ ਉਠ ਕੇ ਪਹਿਲੇ ਦੇ ਕੰਨ ਵਿੱਚ
ਬੋਲਿਆ “ ਇੱਥੇ ਜਨਤਾ ਨਹੀਂ ਏ…ਸਭ ਆਪਣੇ ਹੀ ਬੰਦੇ ਨੇ , ਆਪਣੇ ਵਰਗੇ” ਗੱਲ ਸੁਣ ਕੇ ਪਹਿਲਾਂ
ਵਾਲੇ ਨੇ ਐਨਕ ਠੀਕ ਕਰਕੇ ਗੱਲ ਅੱਗੇ ਸ਼ੁਰੂ ਕੀਤੀ। “ਮੇਰਾ ਮਤਲਬ ਅਸੀਂ ਖਤਰੇ ਵਿੱਚ ਹਾਂ।
ਸਾਡੀ ਜਮਾਤ ਖਤਰੇ ਵਿੱਚ ਹੈ”।ਹੋਰਾਂ ਨੇ ਆਪਣੇ ਅਪਣੇ ਮਨਾਂ ਵਿੱਚ ਇਸ ਗੱਲ ਦੀ ਪ੍ਰੋੜਤਾ
ਕੀਤੀ।
“ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਵਿੱਚ ਕੀ ਕੀ ਹੋਇਆ ਹੈ…ਜੋ ਅੱਜ ਤੱਕ ਕਦੇ ਨਹੀਂ
ਵਾਪਰਿਆ”
“ਸਾਨੂੰ ਦੇਸ਼ ਦੀ ਸਿਆਸਤ ਵਿੱਚੋਂ , ਸਿਆਸਤ ਵਿੱਚੋਂ ਕੀ ਸਾਰੇ ਸਿਸਟਮ ਵਿੱਚੋਂ ਹੀ ਬਾਹਰ ਕੱਢ
ਦਿੱਤਾ ਗਿਆ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਿਸੇ ਆਦਮੀ ਨੇ ਨਹੀਂ ਕੀਤਾ..ਕਿਉਕਿ ਆਦਮੀ
ਨੂੰ ਤਾਂ ਅਸੀਂ ਕੁਛ ਕਰਨ ਜੋਗਾ ਛੱਡਿਆ ਹੀ ਨਹੀਂ।ਸਗੋਂ ਇਹ ਸਭ ਕੁਝ ਮਸ਼ੀਨਾਂ ਨੇ ਕੀਤਾ ਹੈ।“
ਦੁਹਰਾਉਣ ਦੀ ਲੋੜ ਤਾਂ ਨਹੀਂ ਪਰ ਫੇਰ ਵੀ ਸਾਡੇ ਸਾਥੀਆਂ ਨੂੰ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ
ਕਿ ਪਰਸੋਂ ਪਾਰਲੀਮੈਂਟ ਤੇ ਮਸ਼ੀਨਾਂ ਨੇ ਹਮਲਾ ਕਰ ਦਿੱਤਾ ਅਤੇ ਉਸ ਤੇ ਕਬਜ਼ਾ ਕਰ ਲਿਆ। ਕੀ
ਸੁਰੱਖਿਆ ਵਾਲ਼ੇ, ਕੀ ਕੋਈ ਨੇਤਾ ਜੋ ਵੀ ਮਸ਼ੀਨਾਂ ਵੱਲ ਵੇਖਦਾ ਤਾਂ ਉਹਨਾਂ ਵਿੱਚੋਂ ਨਿਕਲਨ
ਵਾਲੀਆਂ ਕਿਰਨਾਂ ਨਾਲ ਬੇਹੋਸ਼ ਹੋ ਕੇ ਡਿੱਗ ਪੈਂਦਾ। ਸਭ ਲੋਕ ਬੇਹੋਸ਼ ਹੋ ਗਏ। ਜਦੋਂ ਸੁਰਤ ਆਈ
ਤਾ ਅਸੀਂ ਆਪਣੇ ਆਪ ਨੂੰ ਆਬਾਦੀ ਤੋਂ ਦੂਰ, ਸਾਧਨਾ ਤੋਂ ਦੂਰ ਖਤਾਨਾਂ ਵਿੱਚ ਪਾਇਆ।”
ਇਹ ਮਸ਼ੀਨਾ ਚੁੱਪ ਚਪੀਤਿਆਂ ਕਿਥੋਂ ਆ ਗਈਆਂ।ਜਿਹਾ ਕਿ ਕਈਆਂ ਨੂੰ ਸੱਕ ਹੈ , ਇਸ ਸਾਡੇ
ਕਾਰਖਾਨੇ ਵਾਲੇ ਵੀਰਾਂ ਨੇ ਵੀ ਤਿਆਰ ਨਹੀਂ ਕਰਵਾਈਆਂ ਹੋ ਸਕਦੀਆਂ ਕਿਉਂਕਿ ਇਹਨਾਂ ਦੇ ਪੈਸੇ
ਨਾਲ ਹੀ ਸਾਡੀਆਂ ਨੀਤੀਆਂ ਬਣਦੀਆਂ ਹਨ ਤੇ ਸਾਡੀਆਂ ਨੀਤੀਆਂ ਨਾਲ਼ ਇਹਨਾਂ ਦਾ ਪੈਸਾ।ਫੇਰ ਰਾਤੋ
ਰਾਤ ਇਹ ਕਿਧਰੇ ਇਹ ਨਰ ਸਿੰਘ ਵਾਂਗ ਰੱਬ ਵੱਲੋਂ ਤਾਂ ਨਹੀਂ ਆ ਗਈਆਂ”
ਲੋਕਾਂ ਦੀਆਂ ਅੱਖਾਂ ਦਾ ਡਰ ਹੋਰ ਵੀ ਡੂੰਘਾ ਹੋ ਗਿਆ।“ਹਾਂ… ਹੋ ਤਾਂ ਸਕਦਾ, ਜਦ ਜਦ ਹਨੇਰ
ਵਧਦਾ ਕੋਈ ਨਾ ਕੋਈ ਚਮਤਕਾਰ ਹੋ ਕੇ ਰਹਿੰਦਾ,ਹੁਣ ਤੱਕ ਜੋ ਅਸੀਂ ਕਰ ਰਹੇ ਸੀ ਹਨੇਰ ਤੋਂ ਘੱਟ
ਵੀ ਨਹੀਂ ਸੀ” ਨੇਤਾ ਅਤੇ ਬਾਕੀ ਸਭ ਸਹਾਰੇ ਲਈ ਬਾਬਾ ਜੀ ਵੱਲ ਵੇਖਣ ਲਂਗੇ ਜਿਵੇਂ ਬਾਬਾਜੀ
ਹੁਣੇ ਰੱਬ ਨੂੰ ਫੋਨ ਕਰਕੇ ਮਸ਼ੀਨਾਂ ਵਾਪਸ ਲੈਣ ਦੀ ਸਿਫਾਰਿਸ਼ ਕਰ ਦੇਣਗੇ।ਬਾਬਾਜੀ ਨੇ ਸਹਿਜ
ਸੁਭਾਅ ਅੱਖਾਂ ਖੋਲ਼ੀਆਂ , ਸਾਰਿਆਂ ਵੱਲ ਹੌਲ਼ੀ ਹੌਲ਼ੀ ਗਰਦਨ ਘੁੰਮਾਂ ਕੇ ਵੇਖਿਆ ਅਤੇ ਉਪਦੇਸ਼
ਦੇਣ ਵਾਲ਼ੇ ਅੰਦਾਜ਼ ੱਿਵਚ ਬੋਲੇ “ ਪਿਆਰਿਓ , ਇਸ ਤਰਾਂ ਦੀ ਕੋਈ ਗੱਲ ਨਹੀਂ ਹੈ।ਵੈਸੇ ਸਾਡੇ
ਵਾਸਤੇ ਤਾਂ ਰੱਬ ਕੋਈ ਵੀ ਚੀਜ਼ ਨਹੀਂ ਕਿਉਂਕਿ ਅਸੀਂ ਆਪ ਹੀ ਰੱਬ ਸਰੂਪ ਹਾਂ।ਇਹ ਰੱਬ ਦਾ
ਸ਼ੋਸ਼ਾ ਤਾਂ ਅਸੀਂ ਲੋਕਾਂ ਨੂੰ ਡਰਾਉਣ ਵਾਸਤੇ ਛੱਡਿਆ ਹੈ।ਬਾਕੀ ਜੇ ਰੱਬ ਹੈ ਵੀ, ਤਾਂ ਵੀ ਉਹ
ਇਸ ਤਰਾਂ ਮੰਦਰ , ਗੁਰਦੁਆਰੇ ਬਣਾਉਣ ਵਾਲ਼ੇ, ਦਾਨ ਪੁੰਨ ਕਰਨ ਵਾਲ਼ੇ ਤੁਹਾਡੇ ਜਿਹੇ ਲੋਕਾਂ ਦਾ
ਕਦੇ ਵੀ ਬੁਰਾ ਨਹੀਂ ਸੋਚਦਾ।ਭਾਵੇਂ ਇਹ ਸਥਾਨ ਆਮਦਨ ਅਤੇ ਇੱਜ਼ਤ ਦੇ ਵਧੀਆ ਸਾਧਨ ਹਨ ਪਰ ਨਾਲ
ਹੀ ਲ਼ੋਕਾਂ ਦਾ ਕਿੱਡਾ ਵੱਡਾ ਸਹਾਰਾ ਵੀ ਨੇ। ਤਾਂ ਰੱਬ ਲੋਕਾਂ ਦੀ ਸੇਵਾ ਕਰਨ ਵਾਲ਼ੇ ਲੌਕਾਂ
ਖਿਲਾਫ ਮਸ਼ੀਨਾਂ ਕਿਵੇਂ ਭੇਜ ਸਕਦਾ ਹੈ।” ਏਨਾ ਬਚਨ ਬਿਲਾਸ ਕਰਕੇ ਮਹਾਰਾਜ ਨੇ ਫੇਰ ਬਿਰਤੀ ਲਾ
ਲਈ।
ਬਾਬਾਜੀ ਤੋਂ ਇਹ ਗੱਲ ਸੁਣ ਕੇ ਕਈ ਲੋਕ ਖੁਸ਼ ਤਾਂ ਹੋਏ ਕਿ ਰੱਬ ਵੱਲੋਂ ਤਾਂ ਸਭ ਠੀਕ ਏ ਪਰ
ਅਸਲ ਸਮੱਸਿਆ ਤਾਂ ਉਥੇ ਹੀ ਸੀ।ਇੰਨੇ ਨੂੰ ਇਕ ਜਵਾਨ ਨੇਤਾ ਜੋ ਕਿਸੇ ਪੁਰਾਣੇ ਨੇਤਾ ਦਾ
ਮੂੰਡਾ ਸੀ ਤੇ ਹਾਲੇ ਹੁਣੇ ਅਮਰੀਕਾ ਤੋਂ ਪੜਾਈ ਦੇ ਨਾਂ ਤੇ ਕਈ ਸਾਲ ਖਰਾਬ ਕਰਕੇ ਆਇਆ ਸੀ ,
ਆਪਣੇ ਕਪੜੇ ਠੀਕ ਕਰਦਾ ਬੋਲਿਆ “ ਜੇ ਇਹ ਰੱਬ ਨੇ ਨਹੀਂ ਭੇਜੀਆਂ ਤਾਂ ਇਹ ਜ਼ਰੂਰ ਕਿਸੇ ਦੂਸਰੇ
ਗ੍ਰਹਿ ਤੋਂ ਆਈਆਂ ਨੇ, ਮੈਂ ਬਹੁਤ ਹਾਲੀਵੁੱਡ ਫਿਲਮਾਂ ਦੇਖੀਆਂ ਹਨ।ਇਸ ਤਰਾਂ ਹੀ ਕਰਦੇ ਨੇ
ਦੂਜੇ ਗ੍ਰਹਿ ਵਾਸੀ।ਧਰਤੀ ਅਤੇ ਇਸ ਤੇ ਰਹਿਣ ਵਾਲ਼ਿਆਂ ਨੂੰ ਖਤਮ ਕਰ ਦਿੰਦੀਆਂ ਨੇ ਇਹ।” ਉਸ
ਦੇ ਚਿਹਰੇ ਤੁੰ ਜਵਾਨਾ ਵਾਲ਼ਾ ਜੋਸ਼ ਅਤੇ ਵਿਸ਼ਵਾਸ ਸੀ।
“ ਉਏ ਇਹ ਕਿਸੇ ਆਮ ਆਦਮੀ ਯਾਂ ਹੋਰ ਕਿਸੇ ਨੂੰ ਕੁਝ ਨਹੀਂ ਕਹਿ ਰਹੀਆਂ ਸਗੋ ਸਾਨੂੰ ਚੁਣ ਚੁਣ
ਕੇ ਨਿਸ਼ਾਨਾਂ ਬਣਾ ਰਹੀਆਂ ਨੇ। ਜੇ ਕਿਸੇ ਦੂਸਰੇ ਗ੍ਰਹਿ ਤੋਂ ਆਈਆਂ ਨੇ ਜੇ ਕੋਈ ਧਨ ਦੌਲਤ
ਚਾਹੀਦਾ ਤਾਂ ਸਾਡਾ ਦੇਸ਼ ਹੀ ਲੱਭਿਆ।ਇਹ ਤਾਂ ਅਸੀਂ ਸਾਰਾ ਹੀ ਖਾ ਗਏ, ਬਾਕੀ ਜਾ ਕੇ
ਸਵਿਟਜ਼ਰਲੈਂਡ ਧਰ ਦਿੱਤਾ, ਜਾਂ ਤਾਂ ਉੱਥੇ ਕਰਦੀਆਂ ਹਮਲਾ ਜਾਂ ਭਾਈ ਅਮਰੀਕਾ ਸਾਉਦੀ ਅਰਬ ਤੇ
ਕਰਦੀਆਂ ਹਮਲਾ, ਸਾਡੇ ਕੋਲ਼ੇ ਕੀ ਲੈਣ ਆਈਆਂ ਨੇ”।ਉਹਦੀ ਏਨੀ ਗੱਲ ਸੁਣ ਕੇ ਨੌਜਵਾਨ ਆਗੂ ਝੱਗ
ਵਾਂਗੂੰ ਬਹਿ ਗਿਆ। ਅੱਡ ਅੱਡ ਲੋਕ ਆਪਣੇ ਕੰਪਿਉਟਰ ਵਰਗੇ ਦਿਮਾਗਾਂ ਨਾਲ ਵੱਖਰੀਆਂ ਵੱਖਰੀਆਂ
ਸੰਭਾਵਨਾਵਾਂ ਦੱਸਣ ਲੱਗੇ।
ਚਲਦੀ ਤਕਰੀਰ ਵਿੱਚ ਇੱਕ ਨੀਲੀ ਪੱਗ ਵਾਲਾ ਮੁੱਛਾਂ ਤੇ ਹੱਥ ਫੇਰਦਾ ਚਿੱਟੀ ਪੱਗ ਵਾਲ਼ੇ ਦੇ
ਵੱਲ ਮੂੰਹ ਕਰਕੇ ਬੋਲਿਆ“ਉਏ ਇਹ ਤਾਂ ਪੱਕਾ ਗੁਆਂਡੀ ਮੁਲਕ ਦਾ ਕਾਰਨਾਮਾ ਏ। ਅਮਰੀਕਾ ਤੋਂ ਲੈ
ਕੇ ਮਸ਼ੀਨਾਂ ਸਾਡੇ ਤੇ ਚਲਾ ਦਿੱਤੀਆਂ” ਇੰਨਾ ਕਹਿ ਕੇ ਉਸ ਨੇ ਮੂੰਹ ਇੰਝ ਬਣਾ ਲਿਆ ਜਿਵੇਂ
ਅਲਜ਼ਬਰੇ ਦਾ ਬਹੁਤ ਮੁਸ਼ਕਲ ਸਵਾਲ ਹੱਲ ਕਰ ਲਿਆ ਹੋਵੇ ।ਚਿੱਟੀ ਪੱਗ ਵਾਲ਼ਾ ਉਸ ਵੱਲ ਇੰਝ ਦੇਖਣ
ਲੱਗਿਆ ਜਿਵੇਂ ਕੋਈ ਨਮੂਨਾ ਦੇਖਿਆ ਹੋਵੇ ਅਤੇ ਇਹ ਤੋਂ ਬਕਵਾਸ ਗੱਲ ਅਜ ਤਕ ਨਾ ਸੁਣੀ ਹੋਵੇ।
ਪਰ ਫਿਰ ਉਸ ਨੂੰ ਜਾਤ ਭਾਈ ਜਾਣ ਕੇ ਸਮਝਾਉਣ ਲੱਗਾ “ ਉਏ ਕਮਲ਼ਿਆ, ਗੁਆਡੀ ਤਾਂ ਸਗੋਂ ਖੁਦ
ਸਾਡੇ ਵਰਗੇ ਨੇ, ਸਾਡੇ ਭੈਣ ਭਰਾ ਸਾਡਾ ਖੂਨ, ਵੰਡਾਰੇ ਵੇਲ਼ੇ ਵੱਖ ਹੋਏ ਵੇ। ਸਾਡਾ
ਸਿਆਸਤਦਾਨਾਂ ਦਾ ਇਕ ਦੁਜੇ ਦੇ ਸਿਰ ਤੇ ਤਾਂ ਤੋਰੀ ਫੁਲਕਾ ਚੱਲੀ ਜਾਂਦਾ।ਉਹ ਤਾਂ ਲੋੜ ਪੈਣ
ਤੇ ਇਕ ਦੂਜੇ ਉਪਰ ਇਲਜ਼ਾਮ ਲਾ ਕੇ ਆਪਣਾ ਆਪਣਾ ਉੱਲੂ ਸਿੱਧਾ ਕਰ ਲਈਦਾ। ਤੂੰ ਆਪ ਹੀ ਸੋਚ
,ਸਾਨੂੰ ਸੱਤਾ ਤੋਂ ਲਾਂਭੇ ਕਰਕੇ ਲੋਕਾਂ ਨੂੰ ਭੜਕਾਉਣ, ਧਿਆਨ ਵਟਾਉਣ ਦੇ ਬਹਾਨੇ ਮੁੱਕ ਜਾਣੇ
ਨੇ । ਕਈ ਮਸਲੇ ਹੱਲ ਕਰਨੇ ਪੈ ਜਾਣੇ ਨੇ… ਜਿਹੜੇ ਅਸੀਂ ਤੇ ਉਹ ਹੱਲ ਨਹੀ ਕਰਨਾ ਚਾਹੁੰਦੇ।
ਸਮਝ ਗਿਆ” ਚਿੱਟੀ ਪੱਗ ਵਾਲੇ ਨੇ ਦੁਸਰੇ ਦੀ ਪੂਰੀ ਕਲਾਸ ਲਾ ਦਿੱਤੀ ਪਰ ਪਹਿਲਾ ਹਾਲੇ ਵੀ ਆਮ
ਆਦਮੀ ਵਾਂਗ ਦੁਚਿੱਤੀ ਵਿੱਚ ਹੀ ਸੀ।“ਜਾ ਯਾਰ ਤੈਨੂੰ ਵੀ ਆਮ ਆਦਮੀ ਵਾਂਗ ਕੋਈ ਗੱਲ ਸਮਝ ਨਾ
ਆਈ ਕਦੇ”ਚਿੱਟੀ ਪੱਗ ਵਾਲੇ ਨੇ ਪਹਿਲੇ ਦੀ ਸ਼ਕਲ ਵੇਖ ਕੇ ਕਿਹਾ ੳਤੇ ਫੇਰ ਭਾਸ਼ਣ ਸੁਨਣ ਲੱਗ
ਪਿਆ।
ਇੰਨੇ ਨੂੰ ਇੱਕ ਹੋਰ ਬੰਦਾ ਮੀੰਿਟੰਗ ਵਿੱਚ ਆਇਆ ਤੇ ਨੇਤਾ ਦੇ ਕੰਨ ਵਿੱਚ ਕੁਝ ਕਹਿ ਕੇ ਵਾਪਸ
ਪਰਤ ਗਿਆ।
“ਚੁੱਪ ਚੁੱਪ ਸਾਥਿਓ , ਸਾਨੂੰ ਪਤਾ ਲੱਗ ਗਿਆ ਹੈ ਇਹ ਮਸ਼ੀਨਾਂ ਕਿਧਰੋਂ ਆਈਆਂ ਨੇ” ਨੇਤਾ ਦੇ
ਮੂੰਹ ਤੇ ਕਰੋਧ ਸੀ।
ਇਹ ਮਸ਼ੀਨਾਂ ਸਾਡੇ ਹੀ ਵਿਭੀਸ਼ਣਾਂ ਦਾ ਕੰਮ ਹੈ। ਇਥੇ ਹੁਣ ਕੀੜੀਆਂ ਨੂੰ ਵੀ ਖੰਭ ਨਿਕਲ ਆਏ
ਹਨ।ਇਹ ਬਗਾਵਤ ਕੁਝ ਬੇਰੁਜ਼ਗਾਰ ਇੰਜੀਨੀਅਰਾਂ, ਮੁੱਠੀ ਭਰ ਲੇਖਕਾਂ ਅਤੇ ਕੁਛ ਕੁ ਮਜ਼ਦੂਰਾਂ
ਦੀਆਂ ਹਰਕਤਾਂ ਦਾ ਨਤੀਜਾ ਹੈ।ਸਾਨੂੰ ਪਤਾ ਲੱਗਿਆ ਹੈ ਇਹ ਮਸ਼ੀਨਾਂ ਨਾਂ ਤਾਂ ਸਾਡੇ ਕਾਰਖਾਨੇ
ਵਾਲ਼ੇ ਵੀਰਾਂ ਕੋਲ਼ ਬਣੀਆਂ ਹਨ ਨਾ ਹੀ ਕਿਸੇ ਧਰਮ ਗੂਰੂਆਂ ਨੇ ਕਿਸੇ ਗਵਾਂਡੀ ਮੁਲਕ ਤੋਂ ਨਹੀਂ
ਮੰਗਵਾਂਈਆਂ ਅਤੇ ਨਾਂ ਹੀ ਕਿਸੇ ਗੁਆਂਡੀ ਮੁਲਕ ਨੇ ਕਿਸੇ ਤੀਸਰੇ ਦੇਸ ਤੋਂ ਲੈ ਕੇ ਸਾਡੇ ਤੇ
ਸਾਡੇ ਤੇ ਛੱਡੀਆਂ ਹਨ। ਬਲਕਿ ਇਹਨਾਂ ਨੂੰ ਬਣਾਉਣ ਵਾਲ਼ੇ ਤਾਂ ਉਹੀ ਲੋਕ ਨੇ ਜਿੰਨਾਂ ਨੂੰ ਅਸੀ
ਡਿਗਰੀਆਂ ਕਰਨ ਦੇ ਬਾਵਜੂਦ, ਹੱਡ ਤੋੜਵੀਆਂ ਮਿਹਨਤਾਂ ਕਰਨ ਦੇ ਬਾਵਜੂਦ ਸਿਰਫ ਲਾਰੇ ਹੀ
ਦਿੱਤੇ ਨੇ।ਹੁਣ ਵਿਹਲਿਆਂ ਨੇ ਕੁਛ ਤਾਂ ਕਰਨਾਂ ਹੀ ਸੀ। ਵਿਹਲਾ ਮਨ ਸ਼ੈਤਾਨ ਦਾ ਘਰ ਤੇ ਉਸਨੇ
ਸ਼ੈਤਾਨੀ ਕਰ ਦਿੱਤੀ।
“ਉਹ ਲੋਕ ਇਸ ਨੂੰ ਪੌਲਿਟੀਕਲ ਔਟੋਮੇਸ਼ਨ ਦਾ ਨਾਂ ਦਿੰਦੇ ਹਨ ਅਖੇ ਸਾਡਾ ਕੰਮ ਵਿਵਸਥਾ ਵਿੱਚ
ਹੁਣ ਮਸ਼ੀਨਾਂ ਕਰਨਗੀਆਂ…ਹੂੰ …ਦੱਸੋ ਇੰਝ ਵੀ ਕਦੇ ਹੋਇਆ” ਨੇਤਾ ਆਪਣੇ ਆਪ ਨਾਲ਼ ਗੱਲ ਕਰਦਾ
ਬੋਲਿਆ
“ਹੋਣ ਵਿੱਚ ਹੁਣ ਬਾਕੀ ਕੀ ਰਹਿ ਗਿਆ।ਸਭ ਕੁਝ ਤਾਂ ਹੱਥੋਂ ਜਾਈ ਜਾ ਰਿਹਾ। ਇਹਨਾਂ ਦੋ ਦਿਨਾਂ
ਵਿੱਚ ਇਹਨਾਂ ਨੇ ਸਮੁੱਚੀ ਸੰਚਾਰ, ਸੈਨਿਕ ਅਤੇ ਤਕਨੀਕੀ ਅਤੇ ਨਾਗਰਿਕ ਵਿਵਸਥਾ ਆਪਣੇ ਹੱਥਾਂ
ਵਿੱਚ ਲੈ ਕੇ ਸਾਰੀ ਵਿਵਸਥਾ ਦਾ ਆਟੋਮੇਸ਼ਨ ਕਰ ਦਿੱਤਾ ਹੈ।”ਇਕ ਹੋਰ ਬੋਲਿਆ।
“ਪਰ ਇਹ ਆਟੋਮੇਸ਼ਨ ਕਿਵੇਂ ਹੋਇਆ?” ਪਹਿਲਾਂ ਵਾਲ਼ੇ ਨੇ ਸਵਾਲ ਕੀਤਾ।
“ਯਾਰ ਹਰ ਕੰਮ ਹੁਣ ਪਹਿਲਾਂ ਲਿਖੇ ਕਾਇਦੇ ਮੁਤਾਬਕ ਹੂੰਦਾ ਏ, ਸਾਡੇ ਵਾਂਗ ਨਹੀਂ ਕਿ ਗੱਲ
ਕਾਗਜ਼ ਉੱਤੇ ਹੋਰ ਅਤੇ ਅਸਲੀਅਤ ਵਿੱਚ ਹੋਰ।ਹਰ ਕੰਮ ਦਾ ਕੰਟਰੋਲ ਇੱਕ ਖੁਦ ਸੋਚ ਸਕਣ ਅਤੇ
ਬਣਾਉਣ ਵਾਲਿਆ ਦੇ ਦਿੱਤੇ ਨਿਰਦੇਸ਼ਾਂ ਮੁਤਾਬਕ ਫੈਸਲਾ ਲੈਣ ਵਾਲੀ ਮਸੀਨ ਦੇ ਹੱਥ ਏ” ਦੂਜੇ
ਨੇਤਾ ਨੇ ਗੱਲ ਸਭ ਦੇ ਖਾਨੇ ਪਾ ਦਿੱਤੀ।ਪਰ ਫੇਰ ਵੀ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਸੀ।
ਉਸ ਦੀ ਗੱਲ ਸੁਣ ਕੇ ਨੇਤਾ ਕੁਝ ਦੇਰ ਲਈ ਚੁੱਪ ਕਰਕੇ ਫੇਰ ਬੋਲਣ ਲੱਗਾ
“ਹੁਣ ਸਾਡੇ ਅੱਗੇ ਸਵਾਲ ਇਹ ਹੈ ਕਿ ਅਸੀ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਹੈ।ਇਸ ਵਾਸਤੇ ਮੈ
ਤੁਹਾਡੇ ਸੁਝਾਵਾਂ ਦੀ ਮੰਗ ਕਰਦਾ ਹਾਂ”ਇੰਨਾ ਕਹਿ ਕੇ ਉਹ ਮੋਟੀ ਐਨਕ ਵਾਲ਼ਾ ਬੁੱਢਾ ਨੇਤਾ
ਮੌਜੂਦ ਲੋਕਾਂ ਵੱਲ ਵੇਖਣ ਲੱਗ ਪਿਆ।ਸਾਰੇ ਮਹੌਲ ਵਿੱਚ ਖੁਸਰ ਫੁਸਰ ਸੂਰੂ ਹੋ ਗਈ।
“ਇਸ ਸਭ ਕਾਸੇ ਲਈ ਇਹਨਾਂ ਕੋਲ਼ ਪੈਸਾ ਕਿਥੋਂ ਆਇਆ”
“ਫਲਾਨਾਂ ਫਲਾਨਾਂ ਬੰਦਾ ਜਰੂਰ ਹੋਣਾ ਇਸ ਕੰਮ ਪਿੱਛੇ”
“ਕੀ ਪਤਾ ਕਦੋਂ ਤੋਂ ਤਿਆਰੀ ਕਰ ਰਹੇ ਸੀ ਜਾਂ ਕਿੱਥੋਂ ਕਿੱਥੋਂ ਪੈਸਾ ਇਕੱਠਾ ਕੀਤਾ ਪਰ ਵੱਡਾ
ਮਸਲਾ ਤਾਂ ਸਾਡੀ ਜਮਾਤ ਦੇ ਭਵਿੱਖ ਦਾ ਹੈ, ਨੇਤਾ,ਧਰਮ, ਅਧਿਕਾਰੀ ਦੇ ਹਿੱਤਾਂ ਦਾ ਹੈ”ਨੇਤਾ
ਨੇ ਫੇਰ ਖੁਸਰ ਫੁਸਰ ਦਾ ਜਵਾਬ ਦਿੱਤਾ।
ਬਾਬਾਜੀ ਕਾਫੀ ਦੇਰ ਤੋਂ ਚੁੱਪ ਸਨ। ਨੇਤਾਵਾਂ ਅਫਸਰਾਂ ਦੀਆਂ ਸਕਲਾਂ ਤੇ ਆਈਆਂ ਚਿੰਤਾ ਦੀਆਂ
ਲਕੀਰਾਂ ਨੂੰ ਦੇਖ ਕੇ ਮੁਸਕਰਾ ਰਹੇ ਸਨ“ਇਹ ਕੋਈ ਚਿੰਤਾਂ ਵਾਲ਼ੀ ਗੱਲ ਨਹੀਂ…ਇਹੋ ਜਿਹੀਆਂ
ਭੀੜਾਂ ਤਾਂ ਕੌਮਾਂ ਤੇ ਪੈਂਦੀਆਂ ਹੀ ਰਹਿੰਦੀਆਂ ਹਨ।ਪਰ ਜਦ ਤੱਕ ਲੋਕ ਧਰਮ ਦੇ ਨਾਂ ਤੇ ਸਾਡੇ
ਨਾਲ਼ ਹਨ ਸਾਡਾ ਕੋਈ ਕੋਝ ਨਹੀਂ ਵਿਗਾੜ ਸਕਦਾ”ਮਹਾਤਮਾਂ ਜੀ ਫੇਰ ਅੱਖਾਂ ਮੁੰਦ ਕੇ ਫਿਰ ਰੱਬ
ਨਾਲ ਗੱਲ਼ੀ ਰੁਝ ਗਏ ਪਰ ਸਰੀਰਕ ਤੌਰ ਤੇ ਉਹ ਉਥੇ ਮੌਜੂਦ ਲੋਕਾਂ ਦੇ ਵੀ ਦਰਦ ਸੁਣ ਰਹੇ ਸਨ।
ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਲੋਕਾਂ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਚਮਕ ਆਈ ।“ਅਸੀ
ਦੁਬਾਰਾ ਵਿਵਸਥਾ ਵਿੱਚ ਵੜਾਂਗੇ, ਦੁਬਾਰਾ ਆਪਣੀ ਤਾਕਤ ਹਾਸਲ ਕਰਾਗੇਂ। ਪਰ ਸਾਨੂੰ ਕੁਝ ਦਿਨ
ਚਾਹੀਦੇ ਹਨ ਆਪਣੇ ਸਾਧਨ ਇਕੱਠੇ ਕਰਨ ਲਈ,ਤਾਂ ਕਿ ਅਸੀ ਇਸ ਬਿਪਦਾ ਦਾ ਸਹੀ ਢੰਗ ਨਾਲ ਟਾਕਰਾ
ਕਰ ਸਕੀਏ ।ਸੋ ਹੁਣ ਤੋਂ ਚਾਰ ਦਿਨ ਬਾਅਦ ਅਸੀਂ ਇਸੇ ਥਾਂ ਤੇ ਦੁਬਾਰਾ ਮਿਲਾਂਗ”ੇ।
ਸਾਰੀ ਭੀੜ ਹੌਲ਼ੀ ਹੌਲ਼ੀ ਖਿਡਣ ਲੱਗੀ। ਹਰ ਕੋਈ ਆਪਣੀਆਂ ਆਪਣੀਆਂ ਸੋਚਾਂ ਵਿੱਚ ਡੁਬਿਆ,
ਮਸ਼ੀਨਾਂ ਤੋਂ ਬਚਦਾ ਜਾ ਰਿਹਾ ਸੀ।
ਨੇਤਾ ਦੁਖੀ ਸੀ ਇੱਥੇ ਕੋਈ ਦਲ ਬਦਲਣ ਨੂੰ ਵੀ ਸੰਭਾਵਨਾ ਨਹੀਂ ਸੀ।
ਅਧਿਕਾਰੀ ਦੁਖੀ ਸੀ ਕਿ ਪਹਿਲਾਂ ਤਾਂ ਹਵਾ ਮੁਤਾਬਕ ਮੂੰਹ ਕਰ ਲਈਦਾ ਸੀ..ਹੁਣ ਕੀ ਕਰੀਏ?
ਕਾਰਖਾਨੇ ਵਾਲਾ ਦੁਖੀ ਸੀ ਕਿ ਹਰ ਰੋਜ਼ ਉਸ ਦਾ ਕਰੋੜਾਂ ਦਾ ਘਾਟਾ ਪੈ ਰਿਹਾ ਸੀ।
ਤਿੰਨੇ ਦੁਖੀ ਸਨ ਕਿ ਇੱਥੇ ਗਾਂਧੀ ਦੀਆਂ ਕਾਗਜ਼ੀ ਫੋਟੋਆਂ ਵੀ ਕੋਈ ਅਸਰ ਨਹੀਂ ਕਰ ਸਕਦੀਆਂ।
ਮਹਾਤਮਾਂ ਖੁਸ਼ ਸੀ ਕਿਉਕਿ ਜਦੋਂ ਮਸ਼ੀਨਾਂ ਉਹਨਾਂ ਨੂੰ ਚੁੱਕ ਕੇ ਲਿਆਈਆਂ ਸਨ ਤਾਂ ਬਾਹਰ
ਲੋਕਾਂ ਦੀ ਭੀੜ ਸੀ ਅਤੇ ਮਸ਼ੀਨ ਭੋਰੇ ਵਿੱਚ ਚੋਰ ਰਾਹ ਵਿੱਚ ਦੀ ਚੁੱਕ ਲਿਆਈ ਸੀ ਜੋ ਉਸ ਨੇ
ਕੁਛ ਖਾਸ ਵਿਅਕਤੀਆਂ ਦੇ ਆਉਣ ਲਈ ਅਤੇ ਵੇਲ਼ੇ ਕੁਵੇਲ਼ੇ ਲਈ ਬਣਾਇਆ ਸੀ।ਪਰ ਇਹ ਮੈਨੂੰ ਸਿਧੀਆਂ
ਵੀ ਤਾਂ ਚੁੱਕ ਸਕਦੀਆਂ ਸੀ ਫਿਰ ਮੇਰੇ ਚੋਰ ਰਾਹ ਵੱਲ ਦੀ ਕਿਉਂ ਆਈਆਂ? ਸ਼ਾਇਦ ਮੇਰੇ ਭਗਤਾਂ
ਤੋਂ ਡਰਦੀਆਂ ਹੋਣ। ਚਲ ਮੈਨੂੰ ਤਾਂ ਇਸ ਦਾ ਵੀ ਵੱਧ ਫਾਇਦਾ ਹੈ।ਲੋਕ ਮੇਰੇ ਗਾਇਬ ਹੋਣ ਨੂੰ
ਜ਼ਰੂਰ ਹੀ ਚਮਤਕਾਰ ਕਹਿਣਗੇ ਅਤੇ ਜਦ ਮੈਂ ਹੁਣ ਫੇਰ ਕਈ ਦਿਨ ਬਾਅਦ ਉਸੇ ਚੋਰ ਰਾਹ ਵਿੱਚ ਦੀ
ਜਾ ਕੇ ਬਾਹਰ ਦਰਸ਼ਨ ਦੇਵਾਂਗਾ ਤਾਂ ਉਹ ਜਰੂਰ ਮੈਨੂੰ ਰੱਬ ਹੀ ਮੰਨਣਗੇ ਅਤੇ ਮੇਰੀ ਮਹਿਮਾਂ
ਹੋਰ ਵਧ ਕੇ ਰੱਬ ਵਰਗੀ ਹੋ ਜਾਵੇਗੀ।
ਸਭ ਨੂੰ ਉਮੀਦ ਸੀ ਕਿ ਚਾਰ ਦਿਨ ਬਾਅਦ ਜ਼ਰੂਰ ਕੋਈ ਹੱਲ ਨਿਕਲੇਗਾ।ਪਰ…
ਚਾਰ ਦਿਨ ਬਾਅਦ ਸਭ ਦੇ ਚਿਹਰੇ ਉੱਤਰੇ ਹੋਏ ਸਨ।ਟੇਡੀ ਟੋਪੀ ਵਾਲ਼ੇ ਦੇ ਸਿਰ ਤੇ ਟੋਪੀ ਨਹੀਂ
ਸੀ, ਖੂੰਡੀ ਵੀ ਕਿਤੇ ਰਾਹ ਵਿੱਚ ਹੀ ਡਿੱਗ ਪਈ ਸੀ।ਲੱਕ ਤੇ ਖੱਬਾ ਹੱਥ ਧਰ ਕੇ ਉਹ ਮਸਾਂ ਹੀ
ਪਹੁੰਚਿਆ ਸੀ। ਲਾਲ ਤੇ ਚਿੱਟੀਆਂ ਪੱਗਾਂ ਵਾਲੇ ਵੀ ਆਏ ਸਨ ਪਰ ਉਝ ਪਤਾ ਲੱਗਾ ਕਿ ਉਹ ਵੀ
ਸਿਰੋਂ ਰੋਡੇ ਹੀ ਹਨ ਕਿਉਂਕਿ ਉਹਨਾਂ ਦੀਆਂ ਪੱਗਾਂ ਤਾਂ ਰਾਹ ਵਿੱਚ ਹੀ ਕਿਤੇ ਲਹਿ ਕੇ ਡਿੱਗ
ਪਈਆਂ ਸਨ।ਸਾਰਿਆਂ ਦੇ ਕੱਪੜੇ ਮੈਲ਼ੇ ਕੁਚੈਲੇ ਪਸੀਨੇ ਦੀ ਬੋ ਮਾਰਦੇ ਜਿਵੇਂ ਹੁਣੇ ਹੁਣੇ
ਕਿਤੋਂ ਮਜ਼ਦੂਰੀ ਕਰਕੇ ਆਏ ਹੋਣ ।ਸਭ ਨੂੰ ਆਪਣੀ ਹੋਣੀ ਤੇ ਤਰਸ ਆ ਰਿਹਾ ਸੀ। ਮਹਾਤਮਾਂ ਜੀ
ਹਾਲੇ ਪਹੁੰਚੇ ਨਹੀਂ ਸਨ।
“ਜਨਤਾ ਕਿੰਨੀ ਅਕ੍ਰਿਤਘਣ ਹੈ, ਜੋ ਵੀ ਅਸੀਂ ਕੀਤਾ ਸਭ ਭੁੱਲ ਗਏ”ਉਹੀ ਪੁਰਾਣਾ ਨੇਤਾ ਬੁਝੀ
ਜਿਹੀ ਅਵਾਜ਼ ਵਿੱਚ ਕਹਿਣ ਲੱਗਾ।ਉਸ ਦੀ ਅਵਾਜ਼ ਵਿੱਚੋ ਪਹਿਲਾਂ ਵਾਲੀ ਰੜਕ ਗਾਇਬ ਸੀ
“ਏਸ ਭੁੱਲਣ ਦੇ ਗੁਣ ਦਾ ਤਾਂ ਅਸੀਂ ਹੁਣ ਤੱਕ ਫਾਇਦਾ ਲੈਦੇ ਰਹੇ ਹਾਂ ਹੁਣ ਤੱਕ।ਚਾਰ ਸਾਲ
ਰੁਆਕੇ , ਇੱਕ ਸਾਲ ਮਨਾ ਕੇ। ਭੋਲੀ ਜਨਤਾ ਮੰਨ ਜਾਂਦੀ ਸੀ”ਇਕ ਹੋਰ ਵਿਹਲਾ ਨੇਤਾ ਬੋਲਿਆ।
“ਇਸ ਸਾਰੀ ਸਮੱਸਿਆ ਦੀ ਜੜ ਇਹ ਸਿਖਿੱਆ ਮੰਤਰੀ ਏ ਕਿ ਜੀ ਬੱਚਿਆਂ ਨੂੰ ਪੜਾਓ। ਹੁਣ ਲੈ ਲਓ
ਸਵਾਦ ਬੱਚੇ ਪੜਾਉਣ ਦਾ” ਨੇਤਾ ਨੂੰ ਸਿੱਖਿਆ ਮੰਤਰੀ ਮੇਰਾ ਮਤਲਬ ਸਾਬਕਾ ਸਿੱਖਿਆ ਮੰਤਰੀ ਤੇ
ਗੁੱਸਾ ਸੀ ।
ਸਿੱਖਿਆ ਮੰਤਰੀ ਕਿਹੜਾ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਸੀ ਅਤੇ ਇਕ ਦੂਜੇ ਦੇ ਕਪੜੇ ਲਬੇੜਨੇ
ਤਾਂ ਵੈਸੇ ਵੀ ਵਧੀਆ ਨੇਤਾ ਦੀ ਪਛਾਣ ਹੂੰਦੀ ਏ “ਓਸ ਵੇਲ਼ੇ ਤੁਸੀਂ ਕਿਹੜਾ ਕੋਈ ਕੰਮ ਕੀਤਾ ਬਈ
ਵੋਟ ਮੰਗ ਲੈਂਦੇ। ਨਾਂ ਤਾਂ ਕੋਈ ਦੰਗਾ ਕਰਵਾਇਆ, ਨਾ ਘੱਟ ਗਿਣਤੀ ਦੇ ਲੋਕ ਮਰਵਾਏ ਤੁਸੀਂ
ਵੱਡੇ ਧਰਮੀਆਂ ਨੇ ਬਈ ਵੋਟਾਂ ਪੈ ਜਾਂਦੀਆਂ। ਸੋ ਮੈਂ ਸਿੱਖਿਆ ਦਾ ਪ੍ਰਬੰਧ ਕੀਤਾ ਤੇ ਲੋਕਾਂ
ਨੇ ਓਹਦੇ ਕਰਕੇ ਸਾਨੂੰ ਦੁਬਾਰਾ ਚੁਣਿਆਂ। ਬਾਕੀ ਇਹਨਾਂ ਉਦਯੋਗਪਤੀਆਂ ਦੀ ਵੀ ਸਿਫਾਰਿਸ਼ ਸੀ
ਕਿ ਸਾਨੂੰ ਪੜੀ ਲਿਖੀ ਲੇਬਰ ਚਾਹੀਦੀ ਹੈ ਜੋ ਅੰਗਰੇਜ਼ੀ ਅਤੇ ਕੰਮਪਿਉਟਰ ਚੰਗੀ ਤਰਾਂ ਚਲ਼ਾ
ਸਕੇ।ਨੌਕਰੀਆਂ ਇਹ ਨੀ ਦੇ ਸਕੇ ਹੁਣ ਇਸੇ ਜਨਤਾ ਨੇ ਉਹੀ ਕੰਮਪਿਉਟਰ ਭਜਾ ਕੇ ਸਾਡੇ ਮਗਰ ਲਾ
ਲਿਆ। ਹੁਣ ਭੱਜੇ ਫਿਰੋ ਪੂੰਛਾਂ ਬਚਾਉਦੇ।“ ਸਿੱਖਿਆ ਮੰਤਰੀ ਸਾਰਾ ਦੋਸ਼ ਆਦਤ ਅਨੁਸਾਰ
ਉਦਯੋਗਪਤੀਆਂ ਦੇ ਸਿਰ ਮੜ ਕੇ ਸੁਰਖਰੂ ਹੋ ਗਿਆ।
“ਜਿੰਨਾ ਹੋ ਸਕਿਆ ਅਸੀਂ ਸਭ ਨੂੰ ਨੌਕਰੀ ਦਿੱਤੀ। ਹੁਣ ਅਸੀ ਸਭ ਦਾ ਠੇਕਾ ਤਾਂ ਨਹੀਂ ਲਿਆ।
ਨਾਲ਼ੇ ਇਹ ਮਸ਼ੀਨਾਂ ਬਣਾਉਣ ਵਾਲ਼ੇ ਉਹ ਨੇ ਜਿੰਨਾਂ ਨੂੰ ਇਹਨਾਂ ਅਧਿਕਾਰੀਆਂ ਨੇ ਸਰਕਾਰੀ ਨੌਕਰੀ
ਵਿੱਚ ਨਹੀਂ ਆਉਣ ਦਿੱਤਾ । ਇਹ ਓਹਨਾਂ ਤੋਂ ਉਹਨਾਂ ਦੇ ਭਾਰ ਦੇ ਬਰਾਬਰ ਰਿਸ਼ਵਤ ਮੰਗਦੇ ਸੀ ਤੇ
ਉਹ ਦੇ ਨਹੀਂ ਸਕੇ। ਸੋ ਜ਼ਿੰਮੇਵਾਰ ਤਾਂ ਇਹ ਅਧਿਕਾਰੀ ਨੇ।”ਹੁਣ ਸਾਰੀ ਗੱਲ ਅਧਿਕਾਰੀਆਂ ਤੇ ਆ
ਪਈ ।
“ ਨਾਂ ਜੀ ਨਾਂ ਸਾਡਾ ਇਸ ਵਿੱਚ ਰੱਤੀ ਭਰ ਵੀ ਦੋਸ਼ ਨਹੀਂ। ਅਸੀਂ ਤਾਂ ਵਗਦੀ ਹਵਾ ਦੇ ਨਾਲ
ਚਲਣਾ ਏ, ਨਾਲ਼ੇ ਅਸੀਂ ਤਾਂ ਆਪ ਆਪਣੇ ਭਾਰ ਬਰਾਬਰ ਪੈਸੇ ਦਿੱਤੇ ਨੇ ਤਾਂ ਲਈਏ ਕਿਉਂ ਨਾ।ਬਾਕੀ
ਅਸੀਂ ਕਿਹੜਾ ਇਕੱਲ਼ਿਆਂ ਨੇ ਲਈ ਏ ਅੱਧੇ ਤੋਂ ਵੱਧ ਹਿੱਸਾ ਤਾਂ ਇਹਨਾ ਚਿਟ ਕੱਪੜੀਆਂ ਨੂੰ
ਦਿੱਤਾ ਏ। ਜੇ ਇਹ ਕੁਛ ਮੂੰਹ ਘੱਟ ਅੱਡਦੇ ਤਾਂ ਅਸੀਂ ਵੀ ਸ਼ਰਮ ਕਰਦੇ” ਅਫਸਰਾਂ ਨੇ ਗੇਂਦ ਫੇਰ
ਨੇਤਾਵਾਂ ਦੇ ਸਿਰ ਵਿੱਚ ਮਾਰੀ।
ਨੇਤਾ ਨੂੰ ਗੱਲ ਸਿਰ ਪਈ ਵੇਖ ਕੇ ਫਿਰ ਰੱਬ ਦੀ ਯਾਦ ਆਈ ਪਰ ਮਹਾਤਮਾਂ ਜੀ ਹਾਲੇ ਵੀ ਨਹੀਂ ਸਨ
ਆਏ “ਮਹਾਰਾਜ ਨਹੀਂ ਆਏ ਹਾਲੇ”ਜਿਵੇ ਸਿਰਫ ਉਹ ਹੀ ਹੁਣ ਕੋਈ ਹੱਲ ਦੇ ਸਕਦੇ ਹੋਣ।
“ਉਹਨਾਂ ਨਾਲ ਤਾਂ ਸਭ ਤੋਂ ਮਾੜੀ ਹੋਈ। ਉਸ ਦਿਨ ਜਦ ਉਹ ਇੱਥੋਂ ਗਏ ਤਾਂ ਉਥੇ ਇਕ ਵੀ ਸ਼ਰਧਾਲੂ
ਨਹੀਂ ਸੀ। ਮਸੀਨਾਂ ਨੇ ਪੁਰਾਣੀਆਂ ਫੋਟੋਆਂ ਅਤੇ ਵੀਡੀਓ ਦਿਖਾਕੇ ਉਹਨਾਂ ਦੀਆਂ ਕਰਤੂਤਾਂ ਦੇ
ਕੱਚਾ ਚਿੱਠਾ ਲੋਕਾਂ ਅੱਗੇ ਖੋਲ ਦਿੱਤਾ।ਬਾਅਦ ਵਿੱਚ ਪੁਲਸ ਬਾਬਾਜੀ ਨੂੰ ਇੱਕ ਕਤਲ ਕੇਸ ਵਿੱਚ
ਫੜਕੇ ਲੈ ਗਈ ਜਿਸ ਕਤਲ ਤੋਂ ਡਰਦੇ ਪੰਦਰਾਂ ਸਾਲ ਪਹਿਲਾਂ ਉਹ ਬਾਬਾਜੀ ਬਣਿਆਂ ਸੀ।
ਸਭ ਰਹਿੰਦੀ ਖੁੰਹਦੀ ਉਮੀਦ ਵੀ ਮੁੱਕਦੀ ਜਾ ਰਹੀ ਸੀ। ਹਲਕੀ ਜਿਹੀ ਚਮਕ ਫੇਰ ਨੇਤਾ ਦੇ ਮੂੰਹ
ਤੇ ਆਈ “ ਕੋਈ ਗੱਲ ਨਹੀ ਪ੍ਰੈਸ ਤਾਂ ਸਾਡੇ ਕੋਲ ਹੈ। ਅਸੀਂ ਲੋਕਾਂ ਵਿੱਚ ਜਾਵਾਂਗੇ , ਉਹਨਾਂ
ਨੂੰ ਜਗਾਵਾਂਗੇ। ਕੋਈ ਵੀ ਸ਼ਕਤੀ ਲੋਕ ਸ਼ਕਤੀ ਅੱਗੇ ਨਹੀਂ ਟਿਕ ਸਕਦੀ ।ਅਸੀ ਸਭ ਨੂੰ ਜਾਗ੍ਰਿਤ
ਕਰਾਂਗੇ। ਇਹ ਤੁਹਾਡਾ ਫਰਜ਼ ਵੀ ਏ ਐਡੀਟਰ ਸਾਹਿਬ “।
“ਫਰਜ਼ ਵਾਲ਼ੀ ਤਾਂ ਗੱਲ ਛੱਡੋ ਨੇਤਾਜੀ, ਜੇ ਫਰਜ਼ ਪਿੱਛੇ ਢੂਹਾ ਕਟਾੳੇਦੇ ਰਹਿੰਦੇ ਤਾਂ ਅਸੀ
ਅੱਜ ਵੀ ਉਹੀ ਸੜਕਾਂ ਤੇ ਹੀ ਲਿਟਦੇ ਫਿਰਦੇ। ਸਾਡੀ ਸਾਰੀ ਕਮਾਈ ਤਾਂ ਇਸ਼ਤਿਹਾਰਾਂ ਅਤੇ ਰੰਗੀਨ
ਫੋਟੋਆਂ ਦੇ ਸਿਰ ਤੇ ਹੀ ਸੀ ।ਬਾਕੀ ਜੋ ਤੁਸੀਂ ਕਹਿੰਦੇ ਉਹੀ ਸਾਡਾ ਫਰਜ਼ ਸੀ। ਹੁਣ ਸਾਡੇ ਹੱਥ
ਕੀ ਏ...... ਛੁਣਛਣਾ।ਪ੍ਰੈਸ ਅਤੇ ਬਾਕੀ ਮੀਡਿਆ ਜਿਵੇਂ ਪਹਿਲਾਂ ਤੁਸੀਂ ਹਥਿਆ ਲਿਆ ਸੀ ਹੁਣ
ਮਸ਼ੀਨਾਂ ਨੇ ਕਬਜੇ ਵਿੱਚ ਲੈ ਕੇ ਲੇਖਕਾਂ ਦੇ ਹਵਾਲੇ ਕਰ ਦਿੱਤਾ ਏ”।ਐਡੀਟਰ ਸਾਫ ਹੀ ਪੱਲਾ
ਝਾੜ ਗਿਆ।
ਗੱਲ ਕਿਸੇ ਪਾਸੇ ਨਾ ਲੱਗੀ ।ਅੰਤ ਨੇਤਾ ਫੇਰ ਬੋਲਿਆ “ਹੁਣ ਸਾਡੇ ਕੋਲ਼ ਕੋਈ ਰਾਹ ਨਹੀਂ ਰਹਿ
ਗਿਆ ।ਇੱਕੋ ਇਕ ਰਾਹ ਬਾਕੀ ਹੈ, ਸੰਘਰਸ਼ ਦੀ ਰਾਹ। ਅਸੀ ਸ਼ਾਂਤ ਮਈ ਮਾਰਚ ਕਰਾਂਗੇ ਅਤੇ ਆਪਣਾ
ਪੱਖ ਰੱਖਾਂਗੇ”
“ਨਾਂ ਜੀ ਨਾਂ ਨਾਂ ਨਾਂ” ਇੱਕ ਨੇਤਾ ਬਿੱਲਕੁਲ ਸਿਰ ਫੇਰ ਗਿਆ।“ਪਰਸੋਂ ਨਾਲ਼ ਦੇ ਸਟੇਟ
ਵਾਲ਼ਿਆਂ ਇੰਝ ਹੀ ਕੀਤਾ ਸੀ। ਮਸ਼ੀਨਾਂ ਦੇ ਹੁਕਮ ਨਾਲ ਸਾਡੀ ਹੀ ਭਰਤੀ ਕੀਤੀ ਪੁਲ਼ਸ ਨੇ ਬਿਨਾਂ
ਚਿਤਾਵਨੀ ਤੋਂ ਗੋਲ਼ੀ ਚਲਾ ਦਿੱਤੀ ਅਤੇ ਚਾਰ ਬੇਕਸੂਰ ਨੇਤਾ ਮਾਰੇ ਗਏ ਵਿਚਾਰੇ। ਉਹਨਾਂ ਦੀ
ਤਾਂ ਉਮਰ ਵੀ ਕੁਛ ਨਹੀਂ ਸੀ ਮਸਾਂ ਸੱਠ ਸੱਠ ਸਾਲ ਦੇ। ਇੱਕ ਵਿਚਾਰਾ ਪਚਵੰਜਾ ਸਾਲ ਦਾ ਹੀ ਸੀ
ਹਾਲੇ ਇੱਕ ਵੀ ਘਪਲਾ ਨਹੀਂ ਕੀਤਾ ਸੀ”
“ਓਹ ਹੋ…ਬੜੇ ਅਫਸੋਸ ਦੀ ਗੱਲ ਹੈ” ਕੁਝ ਪਲ ਸੋਚ ਕੇ “ਹੁਣ ਸਾਡੇ ਕੋਲ਼ ਸਿਰਫ ਹਥਿਆਰ ਬੰਦ
ਵਿਦਰੋਹ ਦਾ ਹੀ ਰਾਹ ਬਚਦਾ ਹੈ”
ਕਿਹੜੇ ਵਿਦਰੋਹ ਦੀ ਗੱਲ ਕਰਦੇ ਹੋ ਨੇਤਾਜੀ, ਇਹ ਤਾ ਸਰਾਸਰ ਦੇਸ਼ਧਰੋ ਹੋਵੇਗਾ”
“ ਉਹ ਕਿਵੇਂ”
“ਉਹ ਨੀ ਜੀ ਪਤਾ, ਪਰ ਸਾਡੇ ਵੇਲ਼ੇ ਤਾਂ ਜਿਹੜਾ ਸਿਰ ਆਪਣੇ ਹੱਕ ਲਈ ਉਠਦਾ ਸੀ ਉਹਨੂੰ ਅਸੀਂ
ਦੇਸ਼ਧ੍ਰੋਹੀ ਹੀ ਕੰਿਹੰਦੇ ਸੀ। ਭਾਵੇ ਉਹ ਆਪਣੇ ਭੁੱਖੇ ਜਵਾਕਾਂ ਲਈ ਰੋਟੀ ਮੰਗ ਰਿਹਾ ਹੋਵੇ
ਜਾਂ ਆਪਣੇ ਲਈ ਕੰਮ”
“ਫੇਰ ਵੀ ਅਸੀ ਹੁਣ ਪੁਰਾਣੇ ਵਰਕਰਾਂ ਨਾਲ਼ ਰਲ਼ ਕੇ ਲੋਕਾਂ ਨੂੰ ਆਪਣੇ ਨਾਲ ਜੋੜਾਗੇ ਅਜ਼ਾਦੀ
ਲਈ” ਪਹਿਲਾ ਨੇਤਾ ਬੱਚਿਆਂ ਵਾਂਗ ਆਪਣੀ ਜ਼ਿੱਦ ਤੇ ਅੜਿਆ ਹੋਇਆ ਸੀ।
“ਨੇਤਾ ਜੀ ਤੁਹਾਡੇ ਗੱਲ ਖਾਨੇ ਕਿਉਂ ਨਹੀ ਵੜਦੀ ਹੁਣ ਲੋਕ ਮਜ਼ਲੂਮ ਨਹੀਂ… ਆਪਾਂ ਖੁਦ
ਹਾਂ।ਅਤੇ ਕਿਹੜੇ ਵਰਕਰਾਂ ਦੀ ਗੱਲ ਕਰਦੇ ਹੋ ਨੇਤਾ ਜੀ। ਵੈਸੇ ਤਾਂ ਤੁਸੀ ਹੁਣ ਨੇਤਾ ਵੀ ਨਹੀ
ਰਹੇ ਕਿਉਕਿ ਤੁਹਾਡਾ ਟੋਲਾ ਜਿਸਦੇ ਤੁਸੀ ਨੇਤਾ ਸੀ ਉਹ ਵੀ ਤੁਹਾਡੇ ਪਿੱਛੋਂ ਜਾ ਰਹੇ ਨੇ।ਕੋਈ
ਵਰਕਰ ਨਹੀਂ ਰਿਹਾ ਕਿਸੇ ਪਿੱਛੇ ਹੁਣ” ਦੂਸਰਾ ਨੇਤਾ ਅੱਕ ਕੇ ਬੋਲਿਆ।
ਨੇਤਾਨੇ ਪਿੱਛੇ ਮੁੜਕੇ ਦੇਖਿਆ ਤਾਂ ਸੱਚ ਹੀ ਕੋਈ ਨਹੀ ਸੀ
“ਲੋਕ ਤਾਂ ਸਗੋਂ ਸਾਥੋਂ ਛੁਟਕਾਰਾ ਪਾ ਕੇ ਆਜ਼ਾਦੀ ਮਹਸੂਸ ਕਰ ਰਹੇ ਨੇ। ਅਧਿਕਾਰੀਆਂ ਅਤੇ
ਉਦਯੋਗਪਤੀਆਂ ਨੇ ਮਸ਼ੀਨਾਂ ਨਾਲ ਸਮਝੌਤਾ ਕਰ ਲਿਆ ਏ ਰਿਸ਼ਵਤਾਂ ਨਾ ਖਾਣ ਤੇ ਮਜ਼ਦੂਰਾਂ ਨੂੰ
ਪੂਰੀਆਂ ਤਨਖਾਹਾਂ ਤੇ ਸਹੂਲਤਾਂ ਦੇਣ ਦਾ। ਰੱਬ ਹੁਣ ਧਰਮ ਦੇ ਵਿਚੋਲਿਆਂ ਤੋੱ ਬਿਨਾ ਹੀ
ਲੋਕਾਂ ਦੇ ਦਿਲਾਂ ਵਿੱਚ ਵਸਣ ਲੱਗ ਪਿਆ ਹੈ।ਜੇ ਹੁਣ ਅਸੀ ਜਿਉਣਾ ਏ ਤਾਂ ਆਮ ਲੋਕ ਬਣਕੇ ਹੀ
ਰਹਿਏ ਤੇ ਅਰਦਾਸ ਕਰੀਏ ਕਿ ਮਸੀਨਾਂ ਕੋਈ ਪੁਰਾਣਾ ਕਾਰਨਾਮਾਂ ਖੋਲ ਕੇ ਸਾਡਾ ਬੁਢਾਪਾ ਜੇਲ
ਵਿੱਚ ਨਾ ਕਢਵਾਉਣ”
ਪਹਿਲਾ ਨੇਤਾ ਸੱਚੀਆਂ ਗੱਲਾਂ ਨਾਲ ਯਰਕ ਗਿਆ “ ਠੀਕ ਕਹਿ ਰਿਹਾ ਏਂ ਯਾਰਾ ਚਲ ਹੁਣ ਆਪਾਂ ਵੀ
ਲੋਕ ਛਿਪ ਕੇ ਘਰ ਚੱਲੀਏ”
ਦੋਵੇਂ ਜਾਣਿਆਂ ਦੇ ਮੈਲ਼ੇ ਚਿੱਟੇ ਕੁੜਤੇ ਰਾਹਾਂ ਦੀ ਧੂੜ ਵਿੱਚ ਗਵਾਚ ਗਏ।
9915952523
-0-
|