ਧੀਆਂ ਦੀ ਬਰਬਾਦੀ
ਮਲਕੀਅਤ” ਸੁਹਲ” 98728-48610
ਨਸ਼ਹਿਰਾ ਬਹਾਦਰ, ਡਾ: ਤਿੱਬੜੀ *ਗੁਰਦਾਸਪੁਰ)
ਇਨ੍ਹਾਂ ਡਾਲਰ ਪੌਂਡਾਂ ਨੇ,
ਕੀਤੀ ਧੀਆਂ ਦੀ ਬਰਬਾਦੀ।
ਗ਼ੋਦੀ ਵਿੱਚ ਖਡਾਉਂਦੇ ਸੀ,
ਮਾਪੇ ਸੀਨੇ ਨਾਲ ਲਗਾ ਕੇ।
ਮਾਂ ਤਾਂ ਸੁਪਨੇ ਲੈਂਦੀ ਸੀ,
ਧੀ ਦੇ ਗਲ ‘ਚ ਬਸਤਾ ਪਾ ਕੇ।
ਪੜ੍ਹ ਲਿਖ ਕੇ ਧੀ ਰਾਣੀ
ਉਹ ਮਾਣੇ ਰੱਜ ਆਜ਼ਾਦੀ;
ਇਨ੍ਹਾਂ ਡਾਲਰ ਪੌਡਾਂ ਨੇ,
ਕੀਤੀ ਧੀਆਂ ਦੀ ਬਰਬਾਦੀ।
ਅੱਜ ਪੁਤਾਂ ਨਾਲੋਂ ਵੀ,
ਧੀਆਂ ਵੱਧ ਪੜ੍ਹਾਉਂਦੇ ਲੋਕੀਂ।
ਹੁਣ ਧੀ ਦੀ ਲੋਹੜੀ ਨੂੰ,
ਪੁਤਾਂ ਵਾਂਗ ਮਨਾਉਂਦੇ ਲੋਕੀਂ।
ਮਾਪੇ ਸੋਚਾਂ ਵਿੱਚ ਡੁੱਬੇ
ਕਿਥੇ ਧੀ ਦੀ ਕਰੀਏ ਸ਼ਾਦੀ;
ਇਨ੍ਹਾਂ ਡਾਲਰ ਪੌਂਡਾਂ ਨੇ,
ਕੀਤੀ ਧੀਆਂ ਦੀ ਬਰਬਾਦੀ।
ਸੁਪਨਾਂ ਲੈ ਵਿਦੇਸ਼ਾਂ ਦੇ,
ਨਿੱਤ ਨਵੀਂ ਉਡਾਰੀ ਮਾਰਨ।
ਮਾਪੇ ਜੂਆ ਲਾ ਬਹਿੰਦੇ,
ਭਾਵੇਂ ਜਿੱਤ ਜਾਣ ਜਾਂ ਹਾਰਨ।
ਧੀ ਵੀ ਅੜੀਅਲ ਹੋ ਜਾਂਦੀ,
ਜਿਉਂ ਕਸਮ ਹੁੰਦੀ ਏ ਖਾਧੀ।
ਇਨ੍ਹਾਂ ਡਾਲਰ ਪੌਂਡਾਂ ਨੇ,
ਕੀਤੀ ਧੀਆਂ ਦੀ ਬਰਬਾਦੀ।
"ਸੁਹਲ" ਇਹੋ ਜਿਹੇ ਸੁਪਨੇ,
ਹੁੰਦੇ ਕਿਸੇ ਕਿਸੇ ਦੇ ਪੂਰੇ।
ਘਰ ਉਜੜ ਜਾਂਦੇ ਨੇ,
ਫਿਰ ਕੋਈ ਇੱਕ ਦੂਜੇ ਨੂੰ ਘੂਰੇ।
ਘਰ ਫ਼ੂਕ ਤਮਾਸ਼ਾ ਬਣਿਆਂ,
ਸੋਚਾਂ ਵਿੱਚ ਪਈ ਸ਼ਹਿਜ਼ਾਦੀ।
ਇਨ੍ਹਾਂ ਡਾਲਰ ਪੌਂਡਾਂ ਨੇ,
ਕੀਤੀ ਧੀਆਂ ਦੀ ਬਰਬਾਦੀ।
ਬਾਤ ਕੋਈ ਪਾ ਗਿਆ
ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ।
ਬਾਤ ਕੈਸੀ ਪਾ ਗਿਆ,
ਬਸ! ਅੱਗ ਸੀਨੇਂ ਲਾ ਗਿਆ।
ਯਾਦ ਉਹਦੀ ਵਿੱਚ ਭਾਵੇਂ
ਬੀਤ ਗਿਆ ਰਾਤ ਦਿਨ,
ਰੋਗ ਐਸਾ ਚੰਦਰਾ ਜੋ
ਹੱਢੀਆਂ ਨੂੰ ਖਾ ਗਿਆ।
ਯਾਰ ਦੇ ਦੀਦਾਰ ਬਾਝੋਂ
ਜੱਗ ਸੁੱਨਾਂ ਜਾਪਦਾ ਏ,
ਵੀਰਾਨ ਹੋਈ ਜ਼ਿੰਦਗੀ ਦਾ
ਗੀਤ ਕੋਈ ਗਾ ਗਿਆ।
ਮੱਚਦੀ ਹੋਈ ਅੱਗ ਦਾ
ਮੈਂ ਸੇਕ ਸੀਨੇਂ ਝੱਲਿਆ,
ਉਹ ਤਪੇ ਮਾਰੂਥਾਲ ਵਾਂਗ
ਦਿਲ ਨੂੰ ਤੜ/ਾ ਗਿਆ।
ਰਾਤ ਸਾਰੀ ਅੱਖੀਆਂ ਚੋਂ
ਕਿਣ - ਮਿਣ ਸੀ ਹੋ ਰਹੀ,
ਪਰ! ਬਣ ਉਹ ਤੂ/ਾਨ
ਮੇਰੇ ਦਿਲ ਉਤੇ ਛਾ ਗਿਆ।
ਮੈਂ ਕਈ ਵਾਰੀ ਦਿਲ ਨੂੰ
ਧਰਵਾਸ ਦੇ ਕੇ ਵੇਖਿਆ,
ਉੇਹ ਰੇਤ ਦੇ ਘਰ ਵਾਂਗਰਾਂ
ਸੁਪਨਿਆਂ ਨੂੰ ਢਾ ਗਿਆ।
"ਸੁਹਲ" ਅੱਖਾਂ ਬੰਦ ਕਰਕੇ
ਜਦ ਵੀ ਮੈਂ ਝਾਕਿਆ,
ਇਉਂ ਮੈਨੂੰ ਜਾਪਿਆ ਕਿ
ਆ ਗਿਆ ਉਹ ਆ ਗਿਆ।
ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ।
ਬਾਤ ਕੈਸੀ ਪਾ ਗਿਆ,
ਬਸ! ਅੱਗ ਸੀਨੇਂ ਲਾ ਗਿਆ।
Email-malkiatsohal42@gmail.com
Email-malkiatsohal42@yahoo.in
-0- |