(ਸਾਹਿਬ ਸਿੰਘ ਨੇ ਭਾਜੀ ਗੁਰਸ਼ਰਨ ਸਿੰਘ ਦੇ ਤੁਰ ਜਾਣ ਤੋਂ ਕੁਝ ਚਿਰ ਪਹਿਲਾਂ ਲਿਖਿਆ ਇਹ
ਆਰਟੀਕਲ ‘ਸੀਰਤ’ ਲਈ ਸਾਡੇ ਸਹਿਯੋਗੀ ਹੀਰਾ ਰੰਧਾਵਾ ਨੇ ਭੇਜਿਆ ਸੀ। ‘ਸੀਰਤ’ ਵੱਲੋਂ
ਸ਼ਰਧਾਂਜਲੀ ਵਜੋ ਪੇਸ਼ ਹੈ।-ਸੰਪਾਦਕ)
ਭਾਅਜੀ ਗੁਰਸ਼ਰਨ ਸਿੰਘ
ਭਾਜੀ ਗੁਰਸ਼ਰਨ ਸਿੰਘ ਦੀ
ਸਿਹਤ ਅੱਜ-ਕੱਲ੍ਹ ਠੀਕ ਨਹੀਂ ਰਹਿੰਦੀ, ਜ਼ਿਆਦਾ ਸਮਾਂ ਬੈੱਡ ’ਤੇ ਲੰਮੇ ਪਿਆਂ ਹੀ ਗੁਜ਼ਰਦਾ
ਹੈ। ਕੰਨ ਸੁਣਨੋਂ ਆਤੁਰ ਹੋ ਗਏ ਹਨ, ਜੇ ਕਦੀ-ਕਦਾਈਂ ਬੈਠਦੇ ਹਨ ਤਾਂ ਵੀਲ ਚੇਅਰ ’ਤੇ, ਹਰ
ਹਫ਼ਤੇ ਹਸਪਤਾਲ ਜਾਣਾ ਪੈਂਦਾ ਹੈ ਡਾਇਲਸਿਜ਼ ਕਰਵਾਉਣ ਲਈ, ਲਿਖ ਨਹੀਂ ਸਕਦੇ ਕਿਉਂਕਿ ਹੱਥ
ਕੰਬਦੇ ਹਨ, ਖਾਣ-ਪੀਣ ਦਾ ਡਾਢਾ ਪ੍ਰਹੇਜ਼ ਚੱਲ ਰਿਹੈ ਤੇ ਖੁਰਾਕ ਦੀ ਮਾਤਰਾ ਵੀ ਪਹਿਲਾਂ ਵਾਂਗ
ਨਹੀਂ… ਅੰਦਾਜ਼ਾ ਲਗਾਉਣਾ ਔਖਾ ਨਹੀਂ ਕਿ ਇਸ ਸਥਿਤੀ ’ਚੋਂ ਲੰਘ ਰਹੇ ਆਪਣੇ ਕਿਸੇ ਬਹੁਤ ਖਾਸ
ਇਨਸਾਨ ਦੀ ਖ਼ਬਰਸਾਰ ਤੋਂ ਬਾਅਦ ਮਨੋਸਥਿਤੀ ਕਿਹੋ ਜਿਹੀ ਹੁੰਦੀ ਹੈ… ਮਨ ’ਤੇ ਨਿਰਾਸ਼ਾ ਤੇ
ਸਹਿਮ ਭਾਰੂ ਹੋ ਜਾਂਦਾ ਹੈ… ਇਹ ਸਤਰਾਂ ਪੜ੍ਹ ਕੇ ਤੁਹਾਡੇ ਅੰਦਰ ਕੁਝ ਅਜਿਹਾ ਚੱਲ ਰਿਹਾ
ਹੋਵੇਗਾ ਪਰ ਦਿਲ ’ਤੇ ਹੱਥ ਰੱਖ ਕੇ ਜ਼ਰਾ ਇਸ ਦ੍ਰਿਸ਼ ਦਾ ਆਨੰਦ ਮਾਣੋ…
ਮੈਂ ਭਾਜੀ ਦੇ ਚੰਡੀਗੜ੍ਹ ਵਿਚਲੇ ਘਰ ਆਪਣੇ ਮਿੱਤਰ ਰਾਮ ਸਵਰਨ ਨਾਲ ਮਿਲਣ ਲਈ ਪਹੁੰਚਿਆ ਤਾਂ
ਦਰਵਾਜ਼ੇ ਤੋਂ ਅੰਦਰ ਵੜਦਿਆਂ ਦੀਦੀ ਨਾਲ ਮੁਲਾਕਾਤ ਹੁੰਦੀ ਹੈ। ਉਹ ਮੁਸਕਰਾ ਕੇ ਸੁਆਗਤ ਕਰਦੇ
ਹਨ ਤੇ ਇਹ ਕਹਿ ਕੇ ਅੰਦਰ ਜਾਂਦੇ ਹਨ ਕਿ ‘ਬੈਠੋ, ਮੈਂ ਦੇਖਦੀ ਹਾਂ ਪਾਪਾ ਜਾਗਦੇ ਐ ਕਿ
ਸੁੱਤੇ…’ ਅਸੀਂ ਚੁੱਪ ਬੈਠੇ ਹਾਂ, ਭਾਜੀ ਜਾਗ ਰਹੇ ਹਨ, ਬਿਸਤਰੇ ’ਤੇ ਸਿੱਧੇ ਪਏ ਹਨ, ਸਿਰ
ਵਾਲਾ ਪਾਸਾ ਥੋੜ੍ਹਾ ਉਪਰ ਨੂੰ ਉੱਠਿਆ ਹੈ, ਦੋ ਸਿਰਹਾਣਿਆਂ ਦੀ ਮਦਦ ਨਾਲ… ਸਿਰ ’ਤੇ ਨਿੱਕੀ
ਜਿਹੀ ਪੱਗ ਬੰਨ੍ਹੀ ਹੈ, ਹਲਕੇ ਅਸਮਾਨੀ ਰੰਗ ਦਾ ਕੁੜਤਾ ਤੇ ਚਿੱਟਾ ਪਜਾਮਾ ਪਾਈ ਭਾਜੀ ਹਮੇਸ਼ਾ
ਵਾਂਗ ਤਾਜ਼ਗੀ ਭਰਪੂਰ ਲੱਗ ਰਹੇ ਹਨ, ਫੁਲਵਹਿਰੀ ਵਾਲੇ ਪੈਰਾਂ ਨੂੰ ਛੂੰਹਦਿਆਂ ਮੈਂ ਸਿਰ ਕੋਲ
ਪਹੁੰਚਦਾ ਹਾਂ, ਚਿਹਰਾ ਖਿੜ ਉੱਠਿਆ ਹੈ, ਉਹੀ ਚਿਰ-ਪਰਿਚਿਤ ਸ਼ਬਦ ਮੂੰਹੋਂ ਨਿਕਲਦੇ ਹਨ, ‘‘ਆਏ
ਓਂ!’’ ਅਸੀਂ ਦੋਵੇਂ ਹੱਥ ਜੋੜੀ ਖੜ੍ਹੇ ਹਾਂ, ਉਹੀ ਭਾਰੀ ਰੋਅਬਦਾਰ ਆਵਾਜ਼ ਫਿਰ ਕਮਰੇ ਅੰਦਰ
ਗੂੰਜਦੀ ਹੈ, ‘‘ਕੁਰਸੀਆਂ ਨੇੜੇ ਖਿੱਚ ਲਉ।’’ ਅਸੀਂ ਕੁਰਸੀਆਂ ਖਿੱਚ ਕੇ ਬੈਠਦੇ ਹਾਲੇ ਤਕ
ਚੁੱਪ ਹੀ ਹਾਂ ਲਗਪਗ, ਸਿਰਫ਼ ਭਾਜੀ ਦੇ ਦੀਦਾਰ ਕਰ ਰਹੇ ਹਾਂ ਕਿ ਮੁਸਕਰਾ ਕੇ ਕਹਿੰਦੇ ਹਨ,
‘‘ਉੱਚੀ ਬੋਲਣਾ ਪਊ।’’ ਮੈਂ ਇਹ ਪੁੱਛਣ ਲਈ ਅੰਦਰੋਂ ਤਿਆਰ ਹੋ ਰਿਹਾਂ ਕਿ ਹੁਣ ਸਿਹਤ ਕਿਵੇਂ
ਹੈ ਪਰ ਇਸ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ ‘‘ਏਅਅਅ ਸਾਹਬ ਤੈਨੂੰ ਪਤਾ ਐ ਅਮਨ ਨੂੰ
ਨੈਸ਼ਨਲ ਸਕੂਲ ਆਫ ਡਰਾਮਾ ’ਚ ਐਡਮਿਸ਼ਨ ਮਿਲ ਗਈ ਏ, ਮੈਨੂੰ ਬਹੁਤ ਖੁਸ਼ੀ ਹੋਈ ਏ… ਉਹ ਬੜੀ
ਮਿਹਨਤੀ ਕੁੜੀ ਏ… ਉਹ ਤੇਰਾ ਕਿਹੜਾ ਨਾਟਕ ਸੀ ਜਿਹਦੇ ’ਚ ਤੂੰ ਵੀਲ ਚੇਅਰ ’ਤੇ ਹੁੰਦਾ ਏਂ
(ਭਾਜੀ ਮੇਰਾ ਜਵਾਬ ਨਹੀਂ ਉਡੀਕਦੇ) ਉਹਦੇ ’ਚ ਬੜਾ ਅੱਛਾ ਕੰਮ ਸੀ…ਹੋਰ ਕੀ ਕਰ ਰਿਹੈਂ
ਅੱਜ-ਕੱਲ੍ਹ…।’’ (ਮੈਂ ਉਨ੍ਹਾਂ ਵੱਲ ਦੇਖਦਾ ਹਾਂ ਜਿਵੇਂ ਪੁੱਛ ਰਿਹਾ ਹੋਵਾਂ ਭਾਜੀ ਦੀ ਸਿਹਤ
ਬਾਰੇ ਪੁੱਛਣ ਦੀ ਕੋਈ ਲੋੜ ਹੈ) ‘‘ਏਅਅ ਮੈਂ ਪਲੈਨ ਕੀਤਾ ਏ ਕਿ ਪੰਜਾਬ ਵਿੱਚ ਵੀਹ ਸੈਂਟਰ
ਫਿਕਸ ਕੀਤੇ ਜਾਣਗੇ ਤੇ ਉਥੇ ਨਾਟਕ ਹੋਣ… ਨਾਟਕ (ਭਾਜੀ ਦਾ ਜੋਸ਼ ਵਧ ਰਿਹਾ ਹੈ) … ਲੋਕਾਂ ਨੂੰ
ਸਿਆਨੇ ਬਣਾਉਣਾ ਹੈ… ਏਅਅ ਸਿਆਨੇ ਬਣਾਉਣਾ ਏ… ਹੁਣ ਉਹ ਨਹੀਂ ਏ ਕਿ ਫਲਾਨੀ ਪਾਰਟੀ ਕੀ
ਕਹਿੰਦੀ ਏ, ਸਿਆਸੀ ਫੈਸਲੇ… ਉਹ ਪਏ ਲੈਣ… ਆਅਅ… ਸਾਡਾ ਕੰਮ ਏ ਲੋਗਾਂ ਨੂੰ ਸਿਆਨੇ ਬਣਾਉਣਾ…
ਬੜੀ ਭਾਰੀ ਲੋੜ ਏ ਨਾਟਕ ਦੀ ਇਹ… ਮੈਂ ਗੱਲ ਕੀਤੀ ਏ…।’’
ਭਾਜੀ ਪਿੰਡਾਂ ਦੇ ਪ੍ਰਬੰਧਕਾਂ ਦੇ ਨਾਂ ਗਿਣਾਉਣ ਲੱਗ ਪਏ ਹਨ, ਰਾਮ ਸਵਰਨ ਦੇ ਜ਼ਿੰਮੇ ਕੁਝ
ਪਿੰਡ ਲਗਾ ਦਿੱਤੇ ਹਨ, ਉਨ੍ਹਾਂ ਨੂੰ ਚਾਅ ਚੜ੍ਹਿਆ ਹੋਇਆ ਹੈ, ਉਹ ਲਗਾਤਾਰ ਬੋਲ ਰਹੇ ਹਨ।
‘‘ਹੁਣ ਮੈਂ ਮਾਣ ਨਾਲ ਕਹਿ ਸਕਨਾਂ ਕਿ ਪੰਜਾਬੀ ਨਾਟਕ ਲੋਗਾਂ ਦੇ ਦਿਲਾਂ ’ਤੇ ਰਾਜ ਕਰਦਾ ਏ…
ਬਹੁਤ ਅੱਛੇ ਤੋਂ ਅੱਛੇ ਨਾਟਕ ਹੋ ਰਹੇ ਹਨ… ਕੇਵਲ ਏ ਅੰਬਰਸਰ ’ਚ… ਏਥੇ ਸਾਹਬ ਏ… ਸੈਮੂਅਲ ਏ
ਓਧਰ … ਹੋਰ ਵੀ ਕਰ ਰਹੇ ਨੇ… ਇਨ੍ਹਾਂ ਨੂੰ ਰਾਮ ਸਵਰਨ ਲੈ ਕੇ ਜਾਉ ਪਿੰਡਾਂ ’ਚ। ਮੈਂ ਭਾਜੀ
ਦੀਆਂ ਅੱਖਾਂ ਵਿਚਲੀ ਅਲੌਕਿਕ ਚਮਕ ਦੇਖੀ ਜਾ ਰਿਹਾ ਹਾਂ, ਨਾਟਕ ਤਾਂ ਸਾਖਿਆਤ ਮੇਰੇ ਸਾਹਮਣੇ
ਵਾਪਰ ਰਿਹਾ ਹੈ… ਮਹਾਂਨਾਟਕ… ਮਹਾਂਨਾਇਕ ਦੀ ਅਦਾਕਾਰੀ ਦਾ ਜਲੌਅ, ਭਾਜੀ ਬੈੱਡ ’ਤੇ ਨਹੀਂ
ਪਏ, ਉਹ ਤਾਂ ਸਟੇਜ ’ਤੇ ਖੜ੍ਹੇ ਹਨ, ਇੱਕ ਹੱਥ ਲੱਕ ’ਤੇ ਰੱਖੀ ਤੇ ਦੂਜਾ ਹੱਥ ਹਵਾ ’ਚ ਉਲਾਰ
ਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ…‘‘ਮੇਰੇ ਲੋਗੋ ਮਤ ਸਮਝੋ ਕਿ ਦਿੱਲੀ ਤੇ ਚੰਡੀਗੜ੍ਹ
ਬੈਠੀਆਂ ਸਰਕਾਰਾਂ ਨੂੰ ਇਸ ਗੱਲ ਦਾ ਫ਼ਿਕਰ ਹੈ ਕਿ ਤੁਸੀਂ ਮਿੱਟੀ ਘੱਟੇ ’ਚ ਕਿਉਂ ਰੁਲ ਰਹੇ
ਓ… ਤੁਹਾਡੇ ਬੱਚਿਆਂ ਦੇ ਪੈਰ ਨੰਗੇ ਕਿਉਂ ਨੇ… ਤੁਹਾਡੇ ਭੜੋਲੇ ਕਿਉਂ ਖਾਲੀ ਨੇ… ਮੇਰੇ ਲੋਗੇ
ਸਿਆਨੇ ਬਨੋ… ਸਵਾਲ ਕਰੋ ਉਨ੍ਹਾਂ ਲੀਡਰਾਂ ਨੂੰ ਜੋ ਵੋਟਾਂ ਮੰਗਣ ਆਉਂਦੇ ਨੇ… ਮਤ ਪਾਉ
ਉਨ੍ਹਾਂ ਦੇ ਗਲਾਂ ’ਚ ਫੁੱਲਾਂ ਦੇ ਹਾਰ… ਲੋੜ ਐ ਉਨ੍ਹਾਂ ਦੇ ਗਲਾਂ ’ਚ ਟੁੱਟੇ ਛਿੱਤਰਾਂ ਦੇ
ਹਾਰ ਪਾਉਣ ਦੀ… ਮੈਂ ਕਹਿ ਸਕਨਾ ਕਿ ਜੇ ਹਾਲੇ ਹਿੰਮਤ ਨਹੀਂ ਛਿੱਤਰਾਂ ਦੇ ਹਾਰ ਪਾਉਣ ਦੀ ਤਾਂ
ਕਮ ਸੇ ਕਮ ਫੁੱਲਾਂ ਦੇ ਹਾਰ ਤਾਂ ਨਾ ਪਾਉ।’’ ਭਾਜੀ ਜਜ਼ਬਾਤ ’ਚ ਗੜੁੱਚ ਹੋਏ ਆਖ਼ਰੀ ਲਾਈਨਾਂ
ਇਵੇਂ ਬੋਲਦੇ ਹਨ ਜਿਵੇਂ ਨਾਟਕ ਦੇ ਕਿਸੇ ਸੀਨ ਦੀਆਂ ਆਖ਼ਰੀ ਲਾਈਨਾਂ ਅਦਾਕਾਰ ਜੋਸ਼ ਤੇ ਅਦਾਇਗੀ
ਨਾਲ ਇਸ ਆਸ ਨਾਲ ਬੋਲਦਾ ਹੈ ਕਿ ਦਰਸ਼ਕ ਤਾੜੀ ਮਾਰੇ… ਤੇ ਦਰੀਆਂ, ਬੋਰੀਆਂ, ਪਰਾਲੀ, ਮਿੱਟੀ
ਤੇ ਕੰਧਾਂ ’ਤੇ ਬੈਠੇ ‘ਭਾਜੀ ਦੇ ਲੋਗ’ ਤਾੜੀਆਂ ਦਾ ਮੀਂਹ ਵਰਸਾ ਦਿੰਦੇ ਹਨ। ਭਾਜੀ ਦਾ
ਲੈਕਚਰ ਹੋਰ ਭਖ ਜਾਂਦਾ ਹੈ। ਤਾੜੀਆਂ ਵਾਰ-ਵਾਰ ਗੂੰਜ ਰਹੀਆਂ ਹਨ। ਅਸੀਂ ਪਰਦੇ ਦੇ ਪਿੱਛੇ
ਬਣੇ ‘ਗਰੀਨ ਰੂਮ’ ’ਚ ਨਾਟਕ ਲਈ ਤਿਆਰ ਹੋ ਰਹੇ ਆਂ, ਭਾਜੀ ਦੀ ਆਵਾਜ਼ ਗੂੰਜ ਰਹੀ ਹੈ।
ਕਾਲਜਾਂ, ਯੂਨੀਵਰਸਿਟੀਆਂ ’ਚ ਬੈਠੇ ਸਿਆਨੇ ਆਲੋਚਕ ਭਾਜੀ ਦੇ ਰੰਗਮੰਚ ਦੀ ਪੜਚੋਲ ਕਰਦਿਆਂ ਇਹ
ਐਲਾਨ ਕਰਦੇ ਹਨ ਕਿ ਨਾਟਕ ਵਿੱਚ ਲੈਕਚਰ ਹੁੰਦਾ ਏ ਤੇ ਲੈਕਚਰ ਵਿੱਚ ਨਾਟਕ ਪਰ ਇਹ ਅਧੂਰਾ ਸੱਚ
ਏ। ਤੁਸੀਂ ਪਰੰਪਰਕ ਚੌਖਟਿਆਂ ਵਿੱਚ ਰੱਖ ਕੇ ਇਸ ਮਹਾਂਨਾਇਕ ਦੇ ਕੰਮ ਦਾ ਵਿਸ਼ਲੇਸ਼ਣ ਕਰੋਗੇ
ਤਾਂ ਸੁਭਾਵਿਕ ਹੈ ਇਹੀ ਕੁਝ ਹੋਵੇਗਾ ਪਰ ਜੇ ਰੰਗਮੰਚ ਸੰਸਾਰ ਦਾ ਮੁਕੰਮਲ ਸੱਚ ਜਾਣ ਲਵੋ ਤਾਂ
ਇਹ ਲੈਕਚਰ ਤੁਹਾਨੂੰ ਭਾਜੀ ਦੇ ਰੰਗਮੰਚ ਦੀ ਇੱਕ ਅਨੋਖੀ ਤਕਨੀਕ ਜਾਪਣ ਲੱਗੇਗੀ।
ਗੱਡੀ ਪਿੰਡ ਦੇ ਇੱਕ ਕੱਚੇ ਘਰ ਦੇ ਵਿਹੜੇ ਅੰਦਰ ਰੁਕਦੀ ਹੈ। ਭਾਜੀ ਬਾਹਰ ਨਿਕਲ ਮੰਜੇ ਜਾਂ
ਕੁਰਸੀ ’ਤੇ ਬੈਠਦਿਆਂ ਸਾਰ ਆਲੇ-ਦੁਆਲੇ ਨਾਲ ਤਾਲਮੇਲ ਕਾਇਮ ਕਰ ਲੈਂਦੇ ਹਨ। ‘ਭਾਈ ਮੰਨਾ
ਸਿੰਘ’ ਟੀ.ਵੀ. ਸੀਰੀਅਲ ਤੋਂ ਬਾਅਦ ਇੱਕ ਸਟਾਰ ਵਾਲੀ ਖਿੱਚ ਰੱਖਣ ਵਾਲੇ ਭਾਜੀ ਨੇ ਅੱਜ ਤਕ
ਕਦੀ ਅੱਧਾ ਨਖ਼ਰਾ ਵੀ ਨਹੀਂ ਦਿਖਾਇਆ। ਸ਼ੂਗਰ ਦੇ ਮਰੀਜ਼ ਹੋਣ ਦੇ ਬਾਵਜੂਦ ਜੇ ਫਿੱਕੀ ਚਾਹ ਮਿਲ
ਗਈ ਤਾਂ ਠੀਕ ਨਹੀਂ ਤਾਂ ਘਰ ਦੀ ਸੁਆਣੀ ਨੂੰ ਚੱਕਰਾਂ ’ਚ ਨਹੀਂ ਪਾਉਣਾ। ਉਹ ਪਿੰਡ ਦੇ ਹਾਲਾਤ
ਜਾਣਨੇ ਸ਼ੁਰੂ ਕਰਨਗੇ। ਗੱਲਬਾਤ ਦੌਰਾਨ ਹੀ ਆਪਣੇ ਕਿਸੇ ਕਲਾਕਾਰ ਨੂੰ ਸਟੇਜ, ਸਾਊਂਡ ਆਦਿ
ਚੈੱਕ ਕਰਨ ਲਈ ਕਹਿਣਗੇ ਪਰ ਬਹੁਤਾ ਧਿਆਨ ਉਨ੍ਹਾਂ ਲੋਕਾਂ ਦੀ ਜੀਵਨ-ਸ਼ੈਲੀ, ਮੁਸ਼ਕਲਾਂ, ਸੰਘਰਸ਼
ਆਦਿ ਦੀ ਥਾਹ ਪਾਉਣ ’ਤੇ ਖਰਚ ਕਰਨਗੇ। ਇਸ ਸਭ ਤੋਂ ਬਾਅਦ ਜਦੋਂ ਉਹ ਸਟੇਜ ਵੱਲ ਵਧਣਗੇ।
ਜਿਵੇਂ ਹੀ ਮਾਈਕ ਭਾਜੀ ਦੇ ਹੱਥ ਆਏਗਾ, ਇਧਰਲੀ-ਉਧਰਲੀ ਨਹੀਂ ਮਾਰਨਗੇ ਸਗੋਂ ਸਿੱਧਾ ‘ਆਪਣੇ
ਲੋਗਾਂ’ ਨਾਲ ਰਾਬਤਾ ਕਾਇਮ ਕਰ ਲੈਣਗੇ, ‘ਕੰਮੀਆਂ ਦੇ ਵਿਹੜਿਆਂ’ ’ਚ ਰਹਿੰਦੇ ‘ਗਰੀਬ ਲੋਕ’
ਉਸ ਦੀ ‘ਵੰਗਾਰ’ ਸੁਣ ‘ਮਿੱਟੀ ਦਾ ਮੁੱਲ’ ਸਮਝਣ ਲੱਗਣਗੇ… ‘ਨਵੇਂ ਜਨਮ’ ਦੀ ਆਸ ਨਾਲ ਭਰੇ
‘ਸਧਾਰਣ ਲੋਕ’ ਜੋਸ਼ ਨਾਲ ਕੰਬਦੇ ਇੱਕ ਦੂਜੇ ਨੂੰ ਕੂਹਣੀ ਮਾਰ ਕਹਿਣਗੇ, ‘‘ਬਈ
‘ਤਮਾਸ਼ਾ-ਏ-ਹਿੰਦੁਸਤਾਨ’ ਸਮਝਾਉਂਦਾ ਬਾਬਾ ਬੋਲਦਾ ਤਾਂ ਸੱਚੋ-ਸੱਚ ਐ।’’
ਮੈਂ ਤੇ ਰਾਮ ਸਵਰਨ ਭਾਜੀ ਦੀਆਂ ਬੇਜੋੜ ਗੱਲਾਂ ਦੇ ਰਸ ਨਾਲ ਗੜੁੱਚ ਹੋਏ ਬੈਠੇ ਹਾਂ। ਭਾਬੀ
ਕੈਲਾਸ਼ ਕੌਰ ਵੀ ਨੇੜੇ ਆ ਕੇ ਬੈਠ ਗਏ ਹਨ। ਭਾਜੀ ਜੁਗਿੰਦਰ ਬਾਹਰਲਾ ਦੀਆਂ ਗੱਲਾਂ ਕਰ ਰਹੇ
ਹਨ, ਉਸ ਦੀ ਅਦਾਕਾਰੀ ਦੇ ਉੱਚ ਮਿਆਰ ਦੀਆਂ ਗੱਲਾਂ ਕਰਦਿਆਂ ਭਾਵੁਕ ਹੋ ਜਾਂਦੇ ਹਨ, ਉਸ ਦੀ
ਭਟਕਣ, ਪਾਰਟੀਆਂ ਦੀ ਉਦਾਸੀਨਤਾ ਬਾਰੇ ਨਿੱਕੇ-ਨਿੱਕੇ ਫਿਕਰੇ ਬੋਲ ਕੇ ਅੱਗੋਂ ਲੰਘੀ ਜਾਂਦੇ
ਹਨ… ਬਾਹਰਲੇ ਦੇ ਉਪੇਰਿਆਂ ਦੇ ਡਾਇਲਾਗ ਭਾਜੀ ਯਾਦ ਕਰ ਕਰਕੇ ਸੁਣਾ ਰਹੇ ਹਨ। ਉਸ ਦੀ ਸਕਿੱਟ
‘ਨਿੱਕਲ ਕੱਦੂ’ ਦੇ ਸੰਵਾਦ ਅਦਾਇਗੀ ਨਾਲ ਤੇ ਹੱਥਾਂ ਦੀਆਂ ਮੁਦਰਾਵਾਂ ਬਣਾ-ਬਣਾ ਸੁਣਾ ਰਹੇ
ਹਨ, ਨਾਲ ਖੁੱਲ੍ਹਾ ਹਾਸਾ ਹੱਸ ਰਹੇ ਹਨ… ਫਿਰ ਸੁਰਿੰਦਰ ਕੌਰ, ਬਲਦੇਵ ਮੋਹਲਾ, ਜਗਦੀਸ਼
ਫਰਿਆਦੀ ਦੀ ਕਲਾਕਾਰੀ ਨੂੰ ਚੇਤੇ ਕਰਦਿਆਂ ਤੇਰਾ ਸਿੰਘ ਚੰਨ ਦੇ ਉਪੇਰਾ ‘ਅਮਰ ਪੰਜਾਬ’ ਦੀ
ਚਰਚਾ ਛੇੜ ਲੈਂਦੇ ਹਨ… ‘‘ਇਹ ਉਪੇਰਾ ਉੱਚ ਪੱਧਰ ਦੀ ਕਿਰਤ ਐ… ਮੇਰੀ ਬੜੀ ਤਮੰਨਾ ਐ ਕਿ
ਇਹਨੂੰ ਕੋਈ ਸਟੇਜ ਕਰੇ… ਸਾਹਬ ਤੂੰ ਕਹਿੰਦਾ ਸੀ, ਫੇਰ ਕੀ ਬਣਿਆ?’’ … ਫੇਰ ਬਿਨਾਂ ਜਵਾਬ
ਉਡੀਕਿਆਂ ਕਮਿਊਨਿਸਟ ਪਾਰਟੀ ਨੂੰ ਧਰ ਲੈਂਦੇ ਹਨ ਕਿ ਐਨੇ ਵੱਡੇ ਕਲਾਕਾਰ ਲਈ ਕੁਝ ਵੀ ਨਹੀਂ
ਕਰ ਪਾਈ… ਭਾਜੀ ਦੇ ਫ਼ਿਕਰਾਂ ਦੀ ਫਹਿਰਿਸਤ ਬਹੁਤ ਲੰਬੀ ਹੈ… ਉਮਰ ਦੀਆਂ ਤਰਕਾਲਾਂ ਵੇਲੇ
ਬੀਮਾਰ ਪਿਆ ਬੰਦਾ ਆਮ ਤੌਰ ’ਤੇ ਸਾਰੇ ਫ਼ਿਕਰਾਂ, ਜ਼ਿੰਮੇਵਾਰੀਆਂ ਤੋਂ ਉਪਰਾਮ ਹੋ ਜਾਂਦਾ ਹੈ…
ਪਰ ਭਾਜੀ ਗੁਰਸ਼ਰਨ ਸਿੰਘ ਨੇ ਕੁੱਲ ਲੋਕਾਈ ਦੇ ਫ਼ਿਕਰਾਂ ਦੀ ਪੱਗ ਆਪਣੇ ਸਿਰ ’ਤੇ ਬੰਨ੍ਹੀ ਹੋਈ
ਹੈ… ਮੇਰਾ ਧਿਆਨ ਭਾਜੀ ਦੀ ਪੱਗ ਵੱਲ ਜਾਂਦਾ ਹੈ… ਆਖ਼ਰੀ ਲੜ ਖੁੱਲ੍ਹ ਕੇ ਮੱਥੇ ’ਤੇ ਢਿਲਕ
ਗਿਆ ਹੈ, ਅੱਖ ਦੇ ਭਰਵੱਟੇ ਤੋਂ ਥੋੜ੍ਹਾ ਉਪਰ ਲਟਕ ਗਿਆ ਹੈ।
‘‘ਕਿੰਨੀ ਵਾਰ ਸਮਝਾਇਆ ਕਿ ਸ਼ੀਸ਼ੇ ਵਿੱਚ ਦੇਖ ਕੇ ਪੱਗ ਨਾ ਬੰਨ੍ਹਿਆ ਕਰੋ… ਬੰਨ੍ਹਦੇ ਉਂ ਫਿਰ
ਢਾਹੁੰਦੇ ਉਂ… ਫਿਰ ਬੰਨ੍ਹਦੇ ਓਂ…।’’ ਭਾਜੀ ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਕਲਾਨੌਰ ਦੇ
ਲਾਗੇ ਇੱਕ ਮਿੱਟੀ ਰੰਗੇ ਪਿੰਡ ਵਿੱਚ ਗੱਡੇ ਦੀ ਬਣੀ ਨਿੱਕੀ ਜਿਹੀ ਸਟੇਜ ਦੇ ਪਿੱਛੇ ਬਣੇ ਇੱਕ
ਮੰਜੇ ਜਿੱਡੇ ਕੁ ਗਰੀਨ ਰੂਮ ਵਿੱਚ ਇੱਕ ਕਲਾਕਾਰ ਨੂੰ ਡਾਂਟ ਰਹੇ ਹਨ… ਗੁੱਸੇ ਵਿੱਚ
ਉੱਚੀ-ਉੱਚੀ ਬੋਲ ਰਹੇ ਹਨ… ਆਵਾਜ਼ ਦਰਸ਼ਕਾਂ ਤਕ ਵੀ ਜਾ ਰਹੀ ਹੈ। ਪ੍ਰਬੰਧਕ ਇੱਕ ਅੱਧੀ ਵਾਰ
ਅੰਦਰ ਆਏ ਪਰ ਭਾਜੀ ਨੂੰ ‘ਚੰਡੀ’ ਬਣਿਆ ਦੇਖ ਕੇ ਪਿੱਛੇ ਨੂੰ ਖਿਸਕ ਗਏ ਹਨ… ਗੁੱਸੇ ਵਿੱਚ
ਭਾਜੀ ਨੇ ਆਪਣੀ ਪੱਗ ਖੋਲ੍ਹ ਲਈ ਹੈ, ਫਿਰ ਫਟਾਫਟ ਉਸ ਨੂੰ ਆਪਣੀ ਪੱਗ ਬੰਨ੍ਹ ਕੇ ਦੱਸ ਰਹੇ
ਹਨ। ਸਕਿੰਟਾਂ ’ਚ ਹੀ ਲੜ ਘੁਮਾਉਣ ਤੋਂ ਬਾਅਦ ਮੱਥੇ ’ਤੇ ਅੰਗੂਠਾ ਪੁੱਠਾ ਰੱਖ ਕੇ ਪੱਗ ਦੀ
ਨੋਕ ਸਿੱਧੀ ਕਰਦੇ ਹਨ। ‘‘ਇੰਝ ਬੰਨ੍ਹੀ ਦੀ ਏਅਅ ਪੱਗ… ਏਹ ਸ਼ੀਸ਼ਾ ਗੁਰਸ਼ਰਨ ਸਿੰਘ ਦੇ ਨਾਟਕਾਂ
’ਚ ਨਹੀਂ ਚੱਲਣਾ।’’ …ਸ਼ੀਸ਼ਾ ਚੁੱਕ ਤੋੜ ਦਿੰਦੇ ਹਨ… ਇੱਕ ਵਾਰ ਸੰਗਰੂਰ ਲਾਗੇ ਇੱਕ ਪਿੰਡ ’ਚ
ਸ਼ੋਅ ਕਰ ਰਹੇ ਸੀ, ਆਖਰੀ ਨਾਟਕ ਚੱਲ ਰਿਹਾ ਸੀ, ਮੈਂ ਬੁੱਢਿਆਂ ਵਾਲਾ ਮੁੱਛਾਂ-ਦਾੜ੍ਹੀ ਵਾਲਾ
ਮੇਕਅੱਪ ਕਰਕੇ ਚੌਕੀਦਾਰ ਦੀ ਭੂਮਿਕਾ ਨਿਭਾ ਰਿਹਾ ਸੀ। ਏਨੇ ’ਚ ਹੀ ਲਾਗਲੇ ਪਿੰਡ ਦੇ ਕੁਝ
ਸੱਜਣਾਂ ਨੇ ਪਰਦੇ ਪਿੱਛੇ ਬੈਠੇ ਭਾਜੀ ਨੂੰ ਤੁਰਤ-ਫੁਰਤ ਉਨ੍ਹਾਂ ਦੇ ਪਿੰਡ ’ਚ ਵੀ ਪ੍ਰੋਗਰਾਮ
ਕਰਨ ਲਈ ਮਨਾ ਲਿਆ। ਮੈਂ ਆਪਣਾ ਸੀਨ ਕਰਕੇ ਸਟੇਜ ਤੋਂ ਉਤਰ ਰਿਹਾ ਸੀ ਤੇ ਭਾਜੀ ਦੀ ਐਂਟਰੀ
ਸੀ। ਸਟੇਜ ਦੇ ਕੋਨੇ ਵਿੱਚ ਹੀ ਮੈਨੂੰ ਕਹਿੰਦੇ, ‘‘ਆਹ ਦਾਹੜੀ ਨਾ ਉਤਾਰੀਂ… ਅਗਲੇ ਪਿੰਡ
ਆਪਾਂ ਪਹਿਲਾ ਨਾਟਕ ਇਹ ਕਰਾਂਗੇ ‘ਬੇਗ਼ਮੋ ਦੀ ਧੀ’… ਫਿਰ ਦੂਜਾ ਨਾਟਕ।’’ ਅਸ਼ਕੇ ਜਾਈਏ ਇਸ
ਵਿਉਂਤਕਾਰ ਦੇ… ਜਿਸ ਨਾਟਕ ਨੂੰ ਉਹ ਪ੍ਰੋਗਰਾਮ ਦਾ ਸਿਖ਼ਰ ਐਲਾਨਦੇ ਹਮੇਸ਼ਾ ਅਖੀਰ ’ਚ ਕਰਦੇ
ਸੀ, ਸਮੇਂ ਦੀ ਲੋੜ ਅਨੁਸਾਰ ਪਹਿਲਾਂ ਕਰਨ ਲਈ ਤਿਆਰ। ਮੈਂ ਪ੍ਰੋਗਰਾਮ ਤੋਂ ਬਾਅਦ ਨਕਲੀ
ਮੁੱਛਾਂ ਦਾੜ੍ਹੀ ਕਾਰਨ ਰੋਟੀ ਵੀ ਨਾ ਖਾ ਸਕਿਆ ਤੇ ਅਗਲੇ ਪਿੰਡ ਤਕ ਗਰਮੀ ਦੇ ਬਾਵਜੂਦ ਗੱਡੀ
ਦਾ ਸ਼ੀਸ਼ਾ ਬੰਦ ਕਰਕੇ ਬੈਠਾ ਰਿਹਾ, ਨਕਲੀ ਦਾਹੜੀ ਦੀ ਚੌਕੀਦਾਰੀ ਕਰਦਾ ਬੁੱਢਾ ਚੌਕੀਦਾਰ।
23 ਮਾਰਚ, 1993 ਭਗਤ ਸਿੰਘ ਦਾ ਸ਼ਹੀਦੀ ਦਿਹਾੜਾ। ਭਾਜੀ ਦੀ ਨਾਟਕ ਟੀਮ ਆਪਣੇ ਇਨਕਲਾਬੀ
ਨਾਟਕਾਂ ਰਾਹੀਂ ਸ਼ਰਧਾਂਜਲੀ ਭੇਟ ਕਰਨ ਲਈ ਜਾ ਰਹੀ ਹੈ ਪਰ ਕਾਹਮਾ ਪਹੁੰਚਦਿਆਂ ਹੀ ਸਰਕਾਰੀ
ਮਸ਼ੀਨਰੀ ਨੇ ਰੋਕ ਦਿੱਤਾ ਹੈ, ਕੇਂਦਰ ਤੋਂ ਵੱਡੇ ਮੰਤਰੀਆਂ ਨੇ ਪਹੁੰਚਣਾ ਹੈ। ਉਨ੍ਹਾਂ ਦੀ
ਸੁਰੱਖਿਆ ਨੂੰ ਖ਼ਤਰਾ ਹੈ… ਭਾਜੀ ਤਲਖੀ ਵਿੱਚ ਹਨ, ਪ੍ਰਬੰਧਕਾਂ ਦੀਆਂ ਤਲੀਆਂ ’ਤੇ ਅੱਗ਼ ਮੱਚ
ਰਹੀ ਹੈ… ਉਹ ਤੱਤਾ ਭਖਵਾਂ ਮਾਹੌਲ ਯਾਦ ਕਰ ਅੱਜ ਵੀ ਮਨ ਨਸ਼ਿਆ ਉੱਠਦਾ ਹੈ… ਮਿਥਿਆ ਪ੍ਰੋਗਰਾਮ
ਨਹੀਂ ਹੋਇਆ ਪਰ ਭਾਜੀ ਦੀ ਨਾਟਕੀ ਫੁਲਵਾੜੀ ਅੰਦਰ ਇੱਕ ਨਵੇਂ ਨਾਟਕ ਦਾ ਬੀਜ ਧਰਿਆ ਜਾ ਚੁੱਕਾ
ਹੈ… ਭਾਜੀ ਪ੍ਰੋਗਰਾਮਾਂ ’ਤੇ ਜਾਂਦੇ, ਉਠਦੇ, ਬਹਿੰਦੇ, ਸਫ਼ਰ ਕਰਦੇ ਵਾਰ-ਵਾਰ ਕਹਿ ਰਹੇ ਹਨ,
‘‘ਜੇ ਭਗਤ ਸਿੰਘ ਅੱਜ ਜ਼ਿੰਦਾ ਹੁੰਦਾ ਤਾਂ…। ‘ਬੁੱਤ ਜਾਗ ਪਿਆ’ ਨਾਟਕ ਭਾਜੀ ਨੇ ਲਿਖ ਕੇ
ਸਾਡੇ ਸਪੁਰਦ ਕਰ ਦਿੱਤਾ ਹੈ। ਮੇਰੇ ਹਿੱਸੇ ਭਗਤ ਸਿੰਘ ਦਾ ਕਿਰਦਾਰ ਆਇਆ ਹੈ… ਅਸੀਂ ਨਾਟਕ
ਤਿਆਰ ਕਰ ਲਿਆ ਹੈ ਪਰ ਸਾਨੂੰ ਵੀ ਨਹੀਂ ਪਤਾ ਕਿ ਅੱਧਾ ਨਾਟਕ ਤਾਂ ਭਾਜੀ ਨੇ ਕਾਗਜ਼ਾਂ ’ਤੇ
ਉਤਾਰਿਆ ਹੀ ਨਹੀਂ, ਆਪਣੀ ਹਿੱਕ ਅੰਦਰ ਸਾਂਭ ਰੱਖਿਆ ਹੈ ਤੇ ਕੁਝ ਹੀ ਦਿਨਾਂ ਬਾਅਦ ਸ਼ਹੀਦ ਭਗਤ
ਸਿੰਘ ਦੇ ਬੁੱਤ ਤੋਂ ਅੱਧੇ ਕੁ ਮੀਲ ਦੇ ਫ਼ਾਸਲੇ ’ਤੇ ਕਾਹਮਾ ਪਿੰਡ ਵਿੱਚ ਜਦ ਇਸ ਨਾਟਕ ਦੀ
ਅਨਾਊਂਸਮੈਂਟ ਹੋਈ ਤਾਂ ਭਾਜੀ ਨੇ ਆਪਣੀ ਹਿੱਕ ਦਾ ਬਟਨ ਖੋਲ੍ਹ ਦਿੱਤਾ। …ਲਗਾਤਾਰ
ਪੰਦਰਾਂ-ਵੀਹ ਮਿੰਟ ਭਾਜੀ ਬੋਲੀ ਜਾ ਰਹੇ ਹਨ। ਅਸੀਂ ਮੰਚ ਦੇ ਪਿੱਛੇ ਐਂਟਰੀ ਲੈਣ ਲਈ ਉਤਾਵਲੇ
ਹੋ ਰਹੇ ਹਾਂ ਪਰ ਬਾਬਾ ਗਰਜ ਰਿਹਾ ਹੈ, ‘‘23 ਮਾਰਚ ਵਾਲੇ ਦਿਨ ਮੈਂ ਖਟਕੜ ਕਲਾਂ ਪਹੁੰਚਿਆ,
ਸ਼ਹੀਦ ਦੇ ਅਸਲੀ ਵਾਰਸਾਂ ਨੂੰ ਇਜਾਜ਼ਤ ਨਹੀਂ ਕਿ ‘ਬੁੱਤ’ ਦੇ ਕੋਲ ਜਾਣ (ਭਾਜੀ ਦੀ ਆਵਾਜ਼
ਰੋਣਹਾਕੀ ਤੇ ਰੋਹ ਨਾਲ ਭਰੀ ਪਈ ਹੈ)।
ਭਾਜੀ ਦਾ ਨਾਟਕ, ਲੈਕਚਰ, ਦਰਦੇ ਦਿਲ ਜਾਰੀ ਹੈ… ਦਰਸ਼ਕ-ਸਰੋਤੇ ਮੰਤਰ ਮੁਗਧ ਹੋਏ ਬੈਠੇ ਹਨ…
ਵਾਰ-ਵਾਰ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਉੱਚੇ ਹੋ ਰਹੇ ਹਨ। ਮੈਂ ਸਾਥੀ ਕਲਾਕਾਰ ਦੇ ਹੁੱਝ
ਮਾਰਦਾ ਹਾਂ, ‘ਭਾਜੀ ਨੇ ਨਾਟਕ ਦਾ ਗ੍ਰਾਫ ਬਹੁਤ ਉੱਚਾ ਚੁੱਕ ਦਿੱਤਾ ਹੈ। ਆਪਾਂ ਨੂੰ ਜਾਨ
ਲਾਉਣੀ ਪਵੇ ਉਸ ਨੂੰ ਬਰਕਰਾਰ ਰੱਖਣ ਲਈ’ ਅੱਖਾਂ ਈ ਅੱਖਾਂ ’ਚ ਅਹਿਦ ਹੋ ਗਿਆ। ਭਾਜੀ ਗੁਰਸ਼ਰਨ
ਸਿੰਘ ਦੇ ਚੇਲਿਆਂ ਵੱਲੋਂ… ਚਿਹਰੇ ਮਘਣ ਲੱਗ ਪਏ, ਮੁੱਠੀਆਂ ਤਣ ਗਈਆਂ… ਸਟੇਜ ਤੋਂ ਭਾਜੀ ਦੀ
ਲਲਕਾਰ ਗੂੰਜੀ ‘‘ਤੇ ਆ ਰਿਹਾ ਹੈ ਸ਼ਹੀਦ ਭਗਤ ਸਿੰਘ’’ …ਮੈਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ
ਮਾਰਦਾ ਸਟੇਜ ’ਤੇ ਚੜ੍ਹ ਰਿਹਾ ਹਾਂ… ਸੌ ਗੁਣਾਂ ਜੋਸ਼ ਨਾਲ ਨਾਅਰੇ ਦਾ ਜਵਾਬ ਆ ਰਿਹਾ ਹੈ…
ਮੈਂ ਜੋਸ਼ ਨਾਲ ਕੰਬ ਉਠਦਾ ਹਾਂ… ਇਨਕਲਾਬ! ਪੰਡਾਲ ਅੰਬਰ ਗੂੰਜਣ ਲਾ ਦਿੰਦਾ ਹੈ –
ਜ਼ਿੰਦਾਬਾਦ!! !! ਮੈਂ ਬੁੱਤ ਬਣ ਮੁੱਕਾ ਲਹਿਰਾ ਅਹਿੱਲ ਹੋ ਗਿਆ ਹਾਂ, ਭਾਜੀ ਸਟੇਜ ਦੀ ਨੁੱਕਰ
’ਤੇ ਹੀ ਖੜ੍ਹੇ ਹਨ, ਮੇਰੇ ਵੱਲ ਦੇਖ ਮੁਸਕਰਾ ਰਹੇ ਹਨ, ਉਨ੍ਹਾਂ ਦੇ ਹੱਥ ’ਚ ਫੜਿਆ ਬੇ-ਤਾਰ
ਮਾਈਕ ਕੰਬ ਰਿਹਾ ਹੈ।
ਭਾਬੀ ਜੀ ਵੀ ਕਮਰੇ ਅੰਦਰ ਆ ਗਏ ਹਨ, ਕੁਰਸੀ ਲੈ ਕੇ ਬਹਿ ਗਏ ਹਨ। ਭਾਜੀ ਕੰਬਦੇ ਹੱਥ ਨਾਲ
ਗੱਲਾਂ ਕਰੀ ਜਾ ਰਹੇ ਹਨ। ਭਾਬੀ ਇੱਕ ਫ਼ਿਕਰਮੰਦ ਬੀਵੀ ਵਾਂਗ ਭਾਜੀ ਦੀ ਸਿਹਤ ਦੀਆਂ ਗੱਲਾਂ
ਕਰਦੇ ਹਨ, ਉਹ ਗੱਲਾਂ ਪੁੱਛਣ ਲਈ ਅਸੀਂ ਗਏ ਸੀ ਸ਼ਾਇਦ… ‘‘ਤੁਹਾਡੇ ਭਾਜੀ ਨੂੰ ਨਹੀਂ ਪਤਾ ਕਿ
ਅਸੀਂ ਇਨ੍ਹਾਂ ਨੂੰ ਡਾਇਲਸਿਜ਼ ਲਈ ਲੈ ਕੇ ਜਾਂਦੇ ਹਾਂ, ਬਸ ਆ ਕੇ ਕਹਿੰਦੇ ਨੇ ਮੈਂ ਇਸ ਤੋਂ
ਬਾਅਦ ਚੰਗਾ-ਚੰਗਾ ਮਹਿਸੂਸ ਕਰਦਾ ਹਾਂ… ਇਨ੍ਹਾਂ ਦਾ ਦਿਲ ਤੁਹਾਡੇ ਸਾਰਿਆਂ ’ਚ ਧੜਕਦਾ
ਰਹਿੰਦਾ ਐ… ਕੀ ਹੋ ਰਿਹੈ, ਕਿਵੇਂ ਹੋ ਰਿਹੈ…’’ ਭਾਜੀ ਭਾਬੀ ਨੂੰ ਬਹੁਤਾ ਨਹੀਂ ਬੋਲਣ
ਦਿੰਦੇ, ਆਪਣੇ ਕਿੱਸੇ ਫਿਰ ਛੇੜ ਲੈਂਦੇ ਹਨ, ਭਾਬੀ ਵਿੱਚ-ਵਿੱਚ ਵਾਰੀ ਲੈਂਦੀ ਹੈ ਪਰ ਸਿਰਫ਼
ਇੱਕ ਸਹਾਇਕ ਅਦਾਕਾਰ ਵਾਂਗ… ਭਾਜੀ ਕਿਊ ਦੇਣ ਤਾਂ ਨਾ…
ਸਾਊਥਹਾਲ, ਇੰਗਲੈਂਡ… ਹਰਸੇਵ ਬੈਂਸ ਦਾ ਘਰ… ਕੈਨੇਡਾ, ਅਮਰੀਕਾ, ਇੰਗਲੈਂਡ ਦਾ ਸੌ ਦਿਨਾਂ
ਦੌਰਾ ਆਖਰੀ ਪੜਾਅ ’ਤੇ ਹੈ… ਅਸੀਂ ਸਾਰੇ ਆਪੋ-ਆਪਣੇ ਸੂਟਕੇਸ ਪੈਕ ਕਰ ਰਹੇ ਹਾਂ… ਅਚਾਨਕ
ਭਾਜੀ ਦੇ ਜ਼ੋਰ-ਜ਼ੋਰ ਨਾਲ ਬੋਲਣ ਦੀ ਆਵਾਜ਼ ਆਉਂਦੀ ਹੈ। … ਭਾਜੀ ਦੇ ਸਾਹਮਣੇ ਕਿੰਨੇ ਸਾਰੇ
ਕਿਤਾਬਾਂ ਦੇ ਖਰੜੇ ਪਏ ਹਨ… ਤੇ ਭਾਬੀ ਦੇ ਹੱਥਾਂ ’ਚ ਸੂਟ… ਭਾਜੀ ਗੁੱਸੇ ਅਤੇ ਭਾਵੁਕਤਾ ਨਾਲ
ਬੋਲਦੇ-ਬੋਲਦੇ ਸੋਫ਼ੇ ਦੇ ਕੋਨੇ ਤੱਕ ਆ ਖਿਸਕੇ ਹਨ, ‘‘ਏਅਅ ਖਰੜੇ ਮੇਰੇ ਲਈ ਜ਼ਿੰਦਗੀ ਮੌਤ ਦਾ
ਸਵਾਲ ਨੇ… ਜ਼ਿੰਦਗੀ ਮੌਤ! … ਪਹਿਲਾਂ ਇਹ ਪੈਕ ਹੋਣਗੇ ਫਿਰ ਜਗ੍ਹਾ ਬਚੀ ਤਾਂ ਰੱਖਣਾ ਆਪਣੇ
ਸੂਟ… ਗੁਰਸ਼ਰਨ ਸਿੰਘ ਦੀ ਜ਼ਿੰਦਗੀ ਦਾ ਮਕਸਦ ਨਹੀਂ ਪਤਾ ਤੁਹਾਨੂੰ…।’’ ਭਾਬੀ ਚੁੱਪ ਹੋ ਗਈ
ਹੈ, ਭਾਜੀ ਲਗਾਤਾਰ ਬੋਲ ਰਹੇ ਹਨ, ਕਿਤਾਬਾਂ, ਸਾਹਿਤ, ਨਾਟਕ, ਲੋਕ, ਰਾਜਨੀਤੀ… ਉੱਚੀ-ਉੱਚੀ
…ਅਸੀਂ ਡਰ ਗਏ ਹਾਂ ਕਿ ਉਨ੍ਹਾਂ ਨੂੰ ਕੁਝ ਹੋ ਨਾ ਜਾਵੇ, ਮੇਜ਼ਬਾਨ ਬਹੁਤੇ ਘਬਰਾ ਗਏ ਹਨ…
ਹੌਲੀ-ਹੌਲੀ ਸਭ ਸ਼ਾਂਤ ਹੋ ਜਾਂਦਾ ਹੈ। ਭਾਜੀ ਦੇ ਮਿਸ਼ਨ ਦੀ ਲਾਈਨ ਬੜੀ ਸਿੱਧੀ ਤੇ ਸਪਸ਼ਟ ਹੈ,
ਉਹਦੇ ’ਚ ਵਿਘਨ ਨਹੀਂ ਪਾ ਸਕਦਾ ਕੋਈ ਵੀ। ਭਾਜੀ ਆਪਣੇ ਕੰਮ ਅਤੇ ਉਸ ਦੀ ਰੂਪ-ਰੇਖਾ ਪ੍ਰਤੀ
ਬਹੁਤ ਸਪਸ਼ਟ ਹਨ, ਕੋਈ ਗੁੰਝਲ ਨਹੀਂ।
ਮੇਰਾ ਧਿਆਨ ਇਸ ਕਮਰੇ ਦੇ ਪਿਛਲੇ ਪਾਸੇ ਬਣੇ ਕਮਰੇ ਵੱਲ ਜਾਂਦਾ ਹੈ। ਕਿਤਾਬਾਂ ਨਾਲ ਭਰਿਆ
ਕਮਰਾ… ਇੱਕ ਰੁਪਏ ਕੀਮਤ ਵਾਲੀ ‘ਚਨੁੱਕਰੀਆਂ ਸੀਖਾਂ’ ਵੀ ਇੱਥੇ ਪਈ ਹੈ। ਵੀਹ ਰੁਪਏ ’ਚ ਵੇਚੀ
ਜਾਣ ਵਾਲੀ ‘ਅਸੀਂ ਲੜਾਂਗੇ ਸਾਥੀ’ ਵੀ… ਇਸ ਕਮਰੇ ਅੰਦਰ ਵੜਦੇ ਸਾਂ ਅਸੀਂ ਸਵੇਰੇ-ਸਵੇਰੇ
ਪ੍ਰੋਗਰਾਮ ’ਤੇ ਜਾਣ ਤੋਂ ਪਹਿਲਾਂ… ਬੈਗ ਕਿਤਾਬਾਂ ਨਾਲ ਭਰ ਲੈਂਦੇ… ਭਾਜੀ ਹਦਾਇਤਾਂ ਦਿੰਦੇ,
ਕਿਹੜੀ ਕਿਤਾਬ ਕਿੰਨੀ ਰੱਖਣੀ ਹੈ ਤੇ ਕਿਵੇਂ ਵੇਚਣੀ ਹੈ… ਗੁਰਬਚਨ ਦਾ ‘ਸਾਹਿਤਨਾਮਾ’ ਵੀ
ਭਾਜੀ ਪਿੰਡਾਂ ਦੇ ਦਰਸ਼ਕਾਂ ਨੂੰ ਵੇਚ ਆਉਂਦੇ… ਅੰਮ੍ਰਿਤਾ ਪ੍ਰੀਤਮ ਦਾ ‘ਪਿੰਜਰ’ ਵੀ…
ਇੰਗਲੈਂਡ ਵਾਲੇ ਧੀਰ ਦਾ ਨਾਵਲ ‘ਇਹ ਲੋਕ’ ਕੋਈ ਖਰੀਦੇ ਨਾ (ਭਾਬੀ ਨਾਲ ਲੜ ਕੇ ਜਿਸ ਦਾ ਖਰੜਾ
ਲੈ ਕੇ ਆਏ ਸੀ)… ਭਾਜੀ ਖਿਝ ਜਾਂਦੇ ‘‘ਨਹੀਂ ਨਾ ਲਿਖਿਆ ਗਿਆ ਉਸ ਤੋਂ ਚੱਜ ਨਾਲ ਇਹ ਨਾਵਲ…
ਏਅਅ ਪਤਾ ਨੀ ਕਿਉਂ ਐਨਾ ਖਿਲਾਰਾ ਪਾਇਆ ਏ’’ ਧਰ ਲਿਆ ਧੀਰ ਨੂੰ… ਗੱਡੀ ਰੋਪੜ ਟੱਪ ਗਈ ਪਰ ਇਸ
ਨਾਵਲ ਵਾਲੀ ਰੀਲ੍ਹ ਨਾ ਮੁੱਕੇ। ਭਾਜੀ ਇਵੇਂ ਹੀ ਕਰਦੇ ਨੇ, ਕਿਸੇ ਸਾਹਿਤਕਾਰ ਦੇ ਮਗਰ ਪੈ
ਜਾਣ ਫੇਰ ਦਵੱਲੀ ਰੱਖਦੇ ਨੇ। ਇੱਕ ਦਿਨ ਕਹਿੰਦੇ, ‘‘ਸਾਹਬ ਅੱਜ ਕਿਤਾਬਾਂ ਦਾ ਬੈਗ ‘ਇਹ ਲੋਕ’
ਨਾਵਲ ਨਾਲ ਭਰ ਲੈ, ਹੋਰ ਕੋਈ ਕਿਤਾਬ ਨਹੀਂ ਲਿਜਾਣੀ। ਕਮਰੇ ਦੀ ਅੱਧੀ ਨੁੱਕਰ ਮੱਲੀ ਸੂ’’
ਮੈਂ ਸੱਠ-ਸੱਤਰ ਕਾਪੀਆਂ ਬੈਗ ’ਚ ਪਾ ਲਈਆਂ ਤੇ ਪੰਝੀ ਕੁ ਕਾਪੀਆਂ ਗੱਡੀ ’ਚ ਉਂਝ ਈ ਧਰ
ਲਈਆਂ।
ਪ੍ਰੋਗਰਾਮ ਮੁੱਕਿਆ ਤਾਂ ਭਾਜੀ ਹੱਥ ’ਚ ਨਾਵਲ ਫੜੀ ਸਟੇਜ ’ਤੇ ਆਏ, ‘‘ਮੇਰੇ ਲੋਗੋ ਜੇ ਸਿਆਨੇ
ਬਣਨਾ ਏ… ਆਲੇ-ਦੁਆਲੇ ਕੀ ਵਾਪਰ ਰਿਹੈ ਤੇ ਕਿਉਂ ਵਾਪਰ ਰਿਹੈ… ਉਹਨੂੰ ਸਮਝਣਾ ਏ ਤਾਂ ਸਾਹਿਤ
ਨਾਲ ਜੁੜੋ। ਅਸੀਂ ਕਿਤਾਬਾਂ ਸਟੇਜ ਦੀ ਨੁੱਕਰੇ ਰੱਖ ਦਿੱਤੀਆਂ ਹਨ ਪੰਜ ਮਿੰਟਾਂ ’ਚ ਸਾਰੀਆਂ
ਕਾਪੀਆਂ ਖਤਮ।
ਨਕਸਲਾਈਟ ਉਸ ਨੂੰ ਆਪਣਾ ਸਮਝਦੇ ਹਨ, ਜਦੋਂ ਕਿਤੇ ਉਸ ਨੂੰ ਸੀ.ਪੀ.ਆਈ.ਜਾਂ ਸੀ.ਪੀ.ਐਮ. ਦੀਆਂ
ਸਟੇਜਾਂ ’ਤੇ ਨਾਟਕ ਖੇਡਦਾ ਦੇਖਦੇ ਹਨ ਤਾਂ ਖਿਝ ਜਾਂਦੇ… ਇਵੇਂ ਹੀ ਸੀ.ਪੀ.ਆਈ., ਸੀ.ਪੀ.ਐਮ.
ਨੂੰ ਤਕਲੀਫ ਹੁੰਦੀ… ਹਰ ਕੋਈ ਸਮਝਦਾ ਇਹ ਬਾਬਾ ਤਾਂ ਸਾਡਾ ਹੈ ਪਰ ਨਹੀਂ… ਇਹ ਬਾਬਾ ਤਾਂ
‘ਲੋਗਾਂ’ ਦਾ ਹੈ।
ਭਾਜੀ ਦੀ ਪੱਗ ਦਾ ਲੜ ਹੁਣ ਅੱਖ ਦੇ ਉਪਰ ਆ ਗਿਆ ਹੈ… ਮੈਂ ਕੁਰਸੀ ਤੋਂ ਉਠ ਸਿਰ ਕੋਲ ਜਾਂਦਾ
ਹਾਂ… ਧੀਮੇ ਸੁਰ ’ਚ ਪੁੱਛਦਾ ਹਾਂ, ‘‘ਭਾਜੀ ਪੱਗ ਠੀਕ ਕਰ ਦਿਆਂ, ਲੜ ਤੁਹਾਨੂੰ ਤੰਗ ਕਰ
ਰਿਹੈ।’’ ਭਾਜੀ ਬੜੇ ਪਿਆਰ ਨਾਲ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਇਜਾਜ਼ਤ ਦਿੰਦੇ ਹਨ, ‘‘ਆਅਅਅਅ’’
…ਮੈਂ ਭਾਜੀ ਦੀਆਂ ਅੱਖਾਂ ਵਿੱਚ ਦੇਖਦਾ ਹਾਂ… ਮੇਰਾ ਗਲ ਭਰ ਆਉਂਦਾ ਹੈ… ਮੈਂ ਪੱਗ ਠੀਕ ਕਰ
ਰਿਹਾਂ, ਭਾਜੀ ਨੀਝ ਲਾ ਕੇ ਮੇਰੇ ਚਿਹਰੇ ਵੱਲ ਵੇਖ ਰਹੇ ਹਨ, ਸ਼ਾਇਦ ਕੁਝ ਪੜ੍ਹ ਰਹੇ ਹੋਣ…
ਮੈਂ ਵਾਪਸ ਕੁਰਸੀ ’ਤੇ ਆ ਬੈਠਦਾ ਹਾਂ… ਭਾਬੀ ਦੱਸ ਰਹੀ ਹੈ, ‘‘ਬੜਾ ਸ਼ੌਕ ਐ ਇਨ੍ਹਾਂ ਨੂੰ
ਪੱਗ ਬੰਨ੍ਹਣ ਦਾ, ਅੱਜ ਵੀ ਆਪ ਬੰਨ੍ਹੀ ਸੂ।’’ ਭਾਜੀ ਗੱਲਾਂ ਦੀ ਲੜੀ ਫੇਰ ਜੋੜ ਲੈਂਦੇ ਹਨ…
ਕਦੀ ਪਾਸ਼ ਦੀਆਂ ਗੱਲਾਂ, ਕਦੀ ਗਿਆਨ ਸਿੰਘ ਸੰਘਾ, ਕਦੀ ਦੀਪਕ, ਕਦੀ ਬਲਦੇਵ ਮਾਨ, ਕਦੇ
ਪ੍ਰਿਥੀਪਾਲ, ਕਦੀ ਸੰਤ ਰਾਮ ਉਦਾਸੀ, …ਕਦੀ ਦੇਸ਼ ਭਗਤ ਯਾਦਗਾਰ ਹਾਲ ਦਾ ਜ਼ਿਕਰ ਕਰ ਰਹੇ ਹਨ,
ਪਲਸ ਮੰਚ ਦਾ, ਨਾਟ ਮੇਲਿਆਂ ਦਾ, ਥੀਏਟਰ ਵਿਭਾਗਾਂ ਦਾ… ਭਾਜੀ ਦੀਆਂ ਉਂਗਲਾਂ ਦੇ ਪੋਟਿਆਂ
’ਤੇ ਹੈ ਸਭ ਕੁਝ, ਉਹ ਕੁਝ ਵੀ ਨਹੀਂ ਭੁੱਲੇ… ਤੇ ਨਾ ਹੀ ਭੁੱਲੇ ਲੋਗਾਂ ਨੂੰ ਸਿਆਨੇ ਬਣਾਉਣ
ਦਾ ਫ਼ਿਕਰ। ਅਸੀਂ ਆਗਿਆ ਲੈਂਦੇ ਹਾਂ, ਭਾਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਾਂ ਤੇ ਬਾਹਰ ਆ
ਜਾਂਦੇ ਹਾਂ, ਜੋਸ਼ ਨਾਲ ਭਰੇ ਹੋਏ, ਉਤਸ਼ਾਹ ਨਾਲ ਓਤ-ਪੋਤ! ਮੈਂ ਬਾਹਰ ਆ ਸੋਚ ਰਿਹਾ ਹਾਂ, ਹੁਣ
ਅੰਦਰ ਭਾਜੀ ਕੀ ਕਰ ਰਹੇ ਹੋਣਗੇ।
ਬਾਈ ਰਾਮ ਸਵਰਨ ਦੀ ਆਵਾਜ਼ ਮੇਰੀ ਇਕਾਗਰਤਾ ਤੋੜਦੀ ਹੈ, ‘‘ਚਲ ਸਾਹਬ ਘਰ ਚੱਲੀਏ,
ਗੱਲਾਂ-ਗੱਲਾਂ ’ਚ ਪਤਾ ਈ ਨੀ ਲੱਗਾ, ਕਦੋਂ ਸੂਰਜ ਅਸਤ ਹੋ ਗਿਆ। ਮੈਂ ਝਟਕੇ ਨਾਲ ਬਾਈ ਵੱਲ
ਦੇਖਦਾ ਹਾਂ, ਫੇਰ ਤਰਤਾਲੀ ਸੈਕਟਰ ਦੇ ਬਾਰਾਂ ਸੌ ਪੰਤਾਲੀ ਨੰਬਰ ਮਕਾਨ ’ਤੇ ਮੇਰੀ ਨਜ਼ਰ ਸਥਿਰ
ਹੋ ਜਾਂਦੀ ਹੈ… ਮਕਾਨ ਦੇ ਬੂਹੇ ਖਿੜਕੀਆਂ ’ਚੋਂ ਸੂਰਜ ਦੀ ਲਾਲੀ ਡੁੱਲ੍ਹ-ਡੁੱਲ ਪੈ ਰਹੀ ਹੈ।
ਮੈਂ ਆਪ ਮੁਹਾਰੇ ਬੋਲ ਉਠਦਾ ਹਾਂ, ‘‘ਇਸ ਸੂਰਜ ਦਾ ਨਾਂ ਗੁਰਸ਼ਰਨ ਸਿੰਘ ਹੈ, ਇਹ ਕਦੇ ਅਸਤ
ਨਹੀਂ ਹੋਵੇਗਾ।’’
-0-
|