ਨਾਟਕਕਾਰ ਸਵ.ਗੁਰਸ਼ਰਨ ਸਿੰਘ
ਅੱਜ ਵੀ ਯਾਦ ਹੈ ਜਦ ਮੈਂ
ਅੱਜ ਤੋਂ 26 ਸਾਲ ਪਹਿਲਾਂ ਉਹਦੀ ਉਂਗਲ ਫੜ ਰੰਗਮੰਚ ਦੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ ਸੀ।
ਲੋਕਾਈ ਵਿੱਚ ਚਾਨਣਾ ਦਾ ਛੱਟਾ ਦੇਣ ਵਾਲੀ ਟੀਮ ਵਿੱਚ ਪ੍ਰਵੇਸ਼ ਕਰਕੇ ਮੈਨੂੰ ਆਪਣੇ ਆਪ ‘ਤੇ
ਮਾਣ ਮਹਿਸੂਸ ਹੋਇਆ ਸੀ। ਪੂਰੇ ਹਿੰਦੁਸਤਾਨ ਅਤੇ ਵਿਦੇਸ਼ਾਂ ਵਿੱਚ ਵੱਸੇ ਪੰਜਾਬੀਆਂ ਦੇ
ਮੁਕਾਮ ਨੂੰ ਉਸ ਆਪਣੀ ਕਰਮ ਭੂਮੀ ਬਣਾਇਆ ਸੀ। ਜਿਥੇ ਕਿਤੇ ਵੀ ਲੋਕਾਂ ਦੀ ਗੱਲ ਹੁੰਦੀ ਉਥੇ
ਹੀ ਉਹਦੇ ਨਾਟ-ਕਾਫ਼ਲੇ ਦੀ ਹਾਜ਼ਰੀ ਜਰੂਰੀ ਸਮਝੀ ਜਾਂਦੀ ਸੀ। ਨਾਟਕ ‘ਕਿਵ ਕੂੜੈ ਤੁਟੈ
ਪਾਲਿ’ ਰਾਹੀਂ ਲੋਕਾਂ ਨੂੰ ਆਪਣੇ ਨਿਸ਼ਾਨੇ ਦੀ ਗੱਲ ਕਰਦਿਆਂ ਉਸ ਲੋਕਾਂ ‘ਤੇ ਹੁੰਦੇ ਜ਼ੁਲਮ
ਨੂੰ ਮੂਕ ਦਰਸ਼ਕ ਬਣਕੇ ਵੇਖਣ ਦੀ ਬਜ਼ਾਏ ਜਬਰ ਵਿਰੁੱਧ ਆਵਾਜ਼ ਉਠਾਉਣ ਲਈ ਜਾਗਰਿਤ ਕੀਤਾ ਜਿਸ
ਲਈ ਉਸ ਐਮਰਜੰਸੀ ਦੇ ਕਾਲੇ ਦਿਨਾਂ ਵਿੱਚ ਜੇਲ੍ਹ ਦਾ ਮੂੰਹ ਵੀ ਵੇਖਿਆ ਤੇ ਰੀਸਰਚ ਅਫ਼ਸਰ ਦੀ
ਵੱਡੀ ਪਦਵੀ ਨੂੰ ਤਿਆਗ ਰੰਗਮੰਚ ਦਾ ਰਾਹ ਅਖ਼ਤਿਆਰ ਕਰ ਲਿਆ। ਉਹਦਾ ਪੱਕਾ ਵਿਸ਼ਵਾਸ਼ ਸੀ ਕਿ
ਗਲ਼ਤ ਨਿਜ਼ਾਮ ਨੂੰ ਬਦਲਣ ਲਈ ਰੰਗਮੰਚ ਜਰੀਹੇ ਆਪਣਾ ਸੁਨੇਹਾ ਵਧੇਰੇ ਚੰਗੀ ਤਰਾਂ ਪਹੁੰਚਾਇਆ
ਜਾ ਸਕਦਾ ਹੈ ਜਿਸ ਵਿੱਚ ਉਹ ਕਾਮਯਾਬ ਵੀ ਹੋਇਆ। ਉਹਦਾ ਕਹਿਣਾ ਸੀ ਕਿ ਜਿਹੜੇ ਲੋਕ ਨਾਟਕ ਤੱਕ
ਨਹੀਂ ਪੁੱਜ ਸਕਦੇ ਉਹਨਾਂ ਤੱਕ ਨਾਟਕ ਨੂੰ ਲਿਜਾਇਆ ਜਾਵੇ ਤੇ ਅੱਜ ਦੀ ਤਰੀਕ ਵਿੱਚ ਇਹ ਕਿਹਾ
ਜਾ ਸਕਦਾ ਹੈ ਕਿ ਪੰਜਾਬ ਭਰ ਵਿੱਚ ਲੋਕਾਂ ਦੇ ਚੁੱਲ੍ਹਿਆਂ ਤੱਕ ਉਸ ਨਾਟਕ ਨੂੰ ਪਹੁੰਚਾਇਆ।
ਪੰਜਾਬ ਦੇ ਚੱਪੇ ਚੱਪੇ ਵਿੱਚ ਉਸ ਦੀਆਂ ਪੈੜਾਂ ਹਨ। ਕੋਈ ਉਸ ਨੂੰ ਭਾਅਜੀ ਕਹਿ ਕੇ ਸੰਬੋਧਨ
ਹੁੰਦਾ ਤੇ ਕੋਈ ਭਾਈ ਮੰਨਾ ਸਿੰਘ ਆਖਦਾ। ਦਰਅਸਲ ਜਲੰਧਰ ਦੂਰਦਰਸ਼ਨ ਤੋਂ ਸਵਰਗੀ ਸਵਿਤੋਜ
ਦੁਆਰਾ ਬਣਾਏ ਲੜੀਵਾਰ ‘ਭਾਈ ਮੰਨਾ ਸਿੰਘ’ ਤੋਂ ਬਾਅਦ ਭਾਅਜੀ ਗੁਰਸ਼ਰਨ ਸਿੰਘ ਦਾ ਨਾਂ ਹੀ
ਭਾਈ ਮੰਨਾ ਸਿੰਘ ਪੈ ਗਿਆ ਸੀ। ਜਦ ਕਦੇ ਅਸੀਂ ਨਾਟਕ ਕਰਨ ਲਈ ਜਾਣਾ ਤਾਂ ਬੱਸ ਵਿੱਚ
ਕੰਡਕਟਰਾਂ ਨੇ ਕਦੇ ਟਿਕਟ ਨਾ ਕੱਟਣੀ। ਉਹਨਾਂ ਦੀ ਹਰਮਨ ਪਿਆਰਤਾ ਦਾ ਪਤਾ ਇਥੋਂ ਲੱਗਦਾ ਹੈ
ਕਿ ਇੱਕ ਵਾਰ ਅਸੀਂ ਬਠਿੰਡਾ ਖ਼ੇਤਰ ਦੇ ਕਿਸੇ ਪਿੰਡ ਵਿੱਚ ਨਾਟਕ ਕਰਨ ਗਏ ਤਾਂ ਭਾਅਜੀ ਸਟੇਜ
ਤੇ ਕੁਰਸੀ ਤੇ ਬੈਠੇ ਸਨ ਤੇ ਅਸੀਂ ਨਾਟਕ ਕਰ ਰਹੇ ਸਾਂ। ਇਸੇ ਦੌਰਾਨ ਕੁਝ ਬੀਬੀਆਂ ਪੰਡਾਲ
ਵਿੱਚ ਆਈਆਂ ਜਿਹਨਾਂ ਆਉਂਦਿਆਂ ਹੀ ਭਾਅਜੀ ਅੱਗੇ ਚਵਾਨੀ ਚਵਾਨੀ ਸੁੱਟ ਕੇ ਮੱਥਾ ਟੇਕਿਆ ਤੇ
ਮੂੰਹੋਂ ਕਹਿ ਰਹੀਆਂ ਸਨ ‘ਧੰਨ ਭਾਈ ਮੰਨਾ ਸਿੰਘ’। ਭਾਵੇਂ ਇਹੋ ਜਿਹੀਆਂ ਚੀਜ਼ਾਂ ਦੇ ਭਾਅਜੀ
ਖਿ਼ਲਾਫ ਸਨ ਤੇ ਉਹਨਾਂ ਇਸ ਸਭ ਕਾਸੇ ਵਿਰੁੱਧ ਉਸੇ ਸਟੇਜ ਤੋਂ ਆਪਣੇ ਸੰਬੋਧਨ ਵਿੱਚ ਲੋਕਾਂ
ਨੂੰ ਜਾਗਰੂਕ ਵੀ ਕੀਤਾ ਸੀ ਪਰ ਆਮ ਸਧਾਰਨ ਪ੍ਰਾਣੀ ਦਾ ਉਹਨਾਂ ਨੂੰ ਕਿਸੇ ਅਵਤਾਰ ਵਜੋਂ ਲੈਣਾ
ਆਪਣੇ ਆਪ ਵਿੱਚ ਇੱਕ ਵੱਡੀ ਗੱਲ ਸੀ। ਪੰਜਾਬੀ ਪੇਂਡੂ ਰੰਗਮੰਚ ਦੇ ਖ਼ੇਤਰ ਵਿੱਚ ਉਹਨਾਂ ਨੇ
ਸਟੇਜ ਤੇ ਨੁੱਕੜ ਨਾਟਕ ਦੇ ਵਿੱਚ ਦੀ ਨਵੀਂ ਵਿਧਾ ਥੜੇ ਦੇ ਥੀਏਟਰ ਦੀ ਕਾਢ ਕੱਢੀ। ਭਾਰਤ ਦਾ
ਸਭ ਤੋਂ ਵੱਡਾ ਸੰਗੀਤ ਨਾਟਕ ਅਕੈਡਮੀ ਵੱਲੋਂ ਸ਼੍ਰੋਮਣੀ ਨਾਟਕਕਾਰ ਦਾ ਐਵਾਰਡ ਉਸ ਨੂੰ ਦੇ ਕੇ
ਅਕੈਡਮੀ ਨੇ ਉਸ ਦਾ ਨਹੀਂ ਸਗੋਂ ਆਪਣਾ ਮਾਣ ਵਧਾਇਆ ਸੀ। ਅੱਜ ਤੋਂ ਕੋਈ ਇੱਕ ਦਹਾਕਾ ਪਹਿਲਾਂ
ਪੰਜਾਬ ਵਿਚਲੀਆਂ ਲੋਕ ਪੱਖੀ ਧਿਰਾਂ ਨੇ ਜਦ ਤੀਹ ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠ ਵਿੱਚ ਉਸ
ਨੂੰ ਸਨਮਾਨਿਤ ਕੀਤਾ ਤਾਂ ਇਸ ਨੂੰ ਉਹਨੇ ਸਭ ਤੋਂ ਵੱਡਾ ਇਨਾਮ ਕਿਹਾ ਸੀ। ਉਹਨਾਂ ਦੇ ਲੋਕਾਂ
ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਨਾਟਕਕਾਰ ਹੋਣ ਕਰਕੇ ਹੀ ਉਹਨਾਂ ਨੂੰ ਪੰਜਾਬੀ ਨਾਟਕ ਦੇ
ਬਾਬਾ ਬੋਹੜ ਤੇ ਪੰਜਾਬੀ ਨਾਟਕ ਦੇ ਸ਼ੈਕਸਪੀਅਰ ਵਜੋਂ ਜਾਣਿਆ ਜਾਂਦਾ ਸੀ। ਉਹਨਾਂ ਰਵਾਇਤੀ
ਇਤਿਹਾਸਿਕ ਨਾਟਕਾਂ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕਰਕੇ ਇਹਨਾਂ ਨੂੰ ਲੋਕ ਹਿੱਤਾਂ ਨਾਲ ਜੋੜ
ਕੇ ਨਵੀਂ ਗੱਲ ਕੀਤੀ ਜਿਸ ਲੜੀ ਵਿੱਚ ਉਹਨਾਂ ਦਾ ਪ੍ਰਸਿੱਧ ਨਾਟਕ ‘ਚਾਂਦਨੀ ਚੌਂਕ ਤੋਂ
ਸਰਹਿੰਦ ਤੱਕ’ ਇੱਕ ਸ਼ਾਹਕਾਰ ਰਚਨਾ ਹੈ। ਦੁੱਲੇ ਭੱਟੀ ਦੀ ਅਮਰ ਗਾਥਾ ਨੂੰ ਉਸ ਨਾਟਕ ‘ਧਮਕ
ਨਗਾਰੇ ਦੀ’ ਰਾਹੀਂ ਨਵੇਂ ਅਰਥ ਦੇ ਕੇ ਦੁੱਲੇ ਨੂੰ ਲੋਕਾਂ ਦੇ ਨਾਇਕ ਵਜੋਂ ਪੇਸ਼ ਕੀਤਾ।
ਐਮੇਰਿਕਾ, ਕੈਨੇਡਾ, ਤੇ ਇੰਗਲੈਂਡ ਸਮੇਤ ਵਿਦੇਸ਼ਾਂ ਵਿੱਚ ਲੋਕਾਂ ਲਈ ਜੂਝ ਰਹੇ ਲੋਕਾਂ ਲਈ
ਉਹਨਾਂ ਅਨੇਕਾਂ ਵਾਰ ਪਹੁੰਚ ਕੇ ਨਾਟਕ ਪੇਸ਼ਕਾਰੀਆਂ ਕੀਤੀਆਂ। ਪ੍ਰਗਤੀਸ਼ੀਲ ਲਹਿਰ ਦੇ ਇਸ
ਪ੍ਰਤੀਬੱਧ ਮਹਾਂਨਾਇਕ ਦਾ ਜਨਮ 1929 ਵਿੱਚ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ ਸੀ ਜਦ ਕਿ
ਜੀਵਨ ਦਾ ਆਖਿ਼ਰੀ ਸਾਹ ਉਹਨਾਂ ਨੇ ਆਪਣੇ ਚੰਡੀਗੜ੍ਹ ਨਿਵਾਸ ਵਿੱਚ 27 ਸਤੰਬਰ 2011 ਰਾਤ ਦੇ
11:30 ਵਜੇ ਲਿਆ। ਆਪਣੀ 82 ਵਰ੍ਹਿਆਂ ਦੇ ਜੁਝਾਰੂ ਜੀਵਨ ਦੇ 50 ਸਾਲ ਉਹਨਾਂ ਪੰਜਾਬੀ
ਰੰਗਮੰਚ ਨੂੰ ਦਿੱਤੇ। ਉਹਨਾਂ ਇਸ ਦਰਮਿਆਨ 20 ਦੇ ਕਰੀਬ ਨਾਟਕਾਂ ਦੀਆਂ ਕਿਤਾਬਾਂ ਪੰਜਾਬੀ
ਰੰਗਮੰਚ ਦੀ ਝੋਲੀ ਪਾਈਆਂ। ਬਹੁਤ ਸਾਰੀਆਂ ਫਿਲਮਾਂ ਵਿੱਚ ਵੀ ਉਹਨਾਂ ਭੂਮਿਕਾਵਾਂ ਨਿਭਾਈਆਂ।
ਆਪਣੇ ਦੋਸਤ ਫਿਲਮੀ ਦੋਸਤ ਸਵ: ਬਲਰਾਜ ਸਾਹਨੀ ਦੀ ਯਾਦ ਵਿੱਚ ਉਹਨਾਂ ਨੇ ਬਲਰਾਜ ਸਾਹਨੀ
ਯਾਦਗਾਰੀ ਪ੍ਰਕਾਸ਼ਨ ਆਪਣੇ ਜੀਵਨ ਦੇ ਅੰਤ ਤੱਕ ਚਲਾਇਆ। ਲੋਕ ਪੱਖੀ ਸਫ਼ਾਂ ਵਿੱਚ ਉਹਨਾਂ
ਵੱਲੋਂ ਕੱਢੇ ਜਾਦੇ ਰਹੇ ਸਮਤਾ ਰਸਾਲੇ ਨੂੰ ਪਵਿੱਤਰ ਕਿਤਾਬ ਵਜੋਂ ਸਮਝਿਆ ਜਾਂਦਾ ਸੀ ਜਿਸ ਦੇ
ਅੰਕ ਬਹੁਤ ਸਾਰੇ ਲੋਕਾਂ ਕੋਲ ਸਾਂਭੇ ਹੋਏ ਪਏ ਹਨ। ਪੰਜਾਬ ‘ਚ ਰੰਗਮੰਚ ਮੁਹਾਜ਼ ‘ਤੇ ਕੰਮ
ਕਰਦੇ ਬਹੁਤੇ ਲੋਕ ਉਹਨਾਂ ਤੋਂ ਪ੍ਰੇਰਿਤ ਹੋ ਕੇ ਹੀ ਇਸ ਖ਼ੇਤਰ ਵਿੱਚ ਆਏ ਸਨ। ਉਹਨਾਂ ਵੱਲੋਂ
ਕਾਇਮ ਕੀਤੇ ਪੰਜਾਬ ਲੋਕ ਸਭਿਆਚਾਰਿਕ ਮੰਚ ਦੀਆਂ ਨਾਟ-ਟੀਮਾਂ ਅੱਜ ਪੰਜਾਬ ਭਰ ਵਿੱਚ ਟੀਮਾਂ
ਕੰਮ ਕਰ ਰਹੀਆਂ ਹਨ ਜਿਹੜੀਆਂ ਸਾਰਾ ਸਾਲ ਲੋਕਾਂ ਨੂੰ ਜਾਗਰਿਤ ਕਰਨ ਦਾ ਯਤਨ ਕਰ ਰਹੀਆਂ ਹਨ।
ਅੱਜ ਰੰਗਮੰਚ ਉਦਾਸ ਹੈ ਇਸ ‘ਤੇ ਕਾਲਾ ਸਿਆਹ ਪਰਦਾ ਲਟਕ ਰਿਹਾ ਹੈ ਉਸ ‘ਤੇ ਇੱਕ ਪ੍ਰਸ਼ਨ
ਚਿੰਨ ਹੈ, ‘ਤੇ ਉਡੀਕ ਰਿਹਾ ਹੈ ਸ਼ੇਰ ਵਾਂਗ ਗੜਕਦੀ ਬੁਲੰਦ ਆਵਾਜ਼ ਵਾਲੇ ਉਸ ਸ਼ਖ਼ਸ਼ ਨੂੰ
ਨਾਟਕ ਵਿੱਚ ਜਿਸ ਦੀ ਆਵਾਜ਼ ਨਾਲ ਦਰਸ਼ਕਾਂ ਵਿੱਚ ਮੌਤ ਵਰਗੀ ਚੱਪ ਪਸਰ ਜਾਂਦੀ ਸੀ। ਪਰ ਇਹ
ਤਲਖ਼ ਹਕੀਕਤ ਹੈ ਕਿ ਭਾਈ ਮੰਨਾ ਸਿੰਘ ਹੁਣ ਪਰਤ ਕੇ ਕਦੇ ਨਹੀਂ ਆਵੇਗਾ। ਪਰ ਭਾਅਜੀ ਗੁਰਸ਼ਰਨ
ਸਿੰਘ ਦੇ ਵਾਰਿਸ ਜਿੰਨਾਂ ਨੂੰ ਉਹਨਾਂ ਇਸ ਸਫ਼ਰ ‘ਤੇ ਤੋਰਿਆ ਉਹਨਾਂ ਦੇ ਨਕਸ਼ੇ ਕਦਮਾਂ ‘ਤੇ
ਚੱਲਦੇ ਹੋਏ ਰੰਗਮੰਚ ਰਾਹੀਂ ਲੋਕਾਈ ‘ਚ ਚਾਨਣਾਂ ਦਾ ਛੱਟਾ ਦੇ ਰਹੇ ਹਨ। ਲੋਕ ਧਾਰਾ ਨੂੰ
ਪਰਨਾਏ ਯੁੱਗ ਪੁਰਸ਼ ਅੱਗੇ ਸਾਡਾ ਸਿਜਦੇ ਵਜੋਂ ਸਿਰ ਝੁੱਕਦਾ ਹੈ ਜਿਹੜਾ ਸਦਾ ਲਈ ਸਾਡੇ
ਦਿਲਾਂ ਅੰਦਰ ਜੀਊਂਦਾ ਰਹੇਗਾ। ਅਸੀਂ ਵਾਅਦਾ ਕਰਦੇ ਹਾਂ ਕਿ ਉਹਦੇ ਵੱਲੋਂ ਬਾਲੀ ਮਿਸ਼ਾਲ ਨੂੰ
ਸਦਾ ਜਗਦਾ ਰੱਖਾਂਗੇ ਤਾਂ ਜੋ ਸਮਾਜ ਵਿੱਚੋਂ ਹਨੇਰੇ ਨੂੰ ਸਦਾ ਲਈ ਨਦਾਰਦ ਕੀਤਾ ਜਾ ਸਕੇ।
ਹੀਰਾ ਰੰਧਾਵਾ (ਡਾ.),
ਟੋਰਾਂਟੋ
416-319-0551
hihira@live.ca
-0- |