(ਹਰਜੀਤ ਅਟਵਾਲ ਇਸ
ਵੇਲੇ ਪੰਜਾਬੀ ਦੇ ਬਹੁਚਰਚਿਤ ਨਾਵਲਕਾਰਾਂ ਵਿਚ ਸ਼ਾਮਲ ਹੈ। ਉਹ ‘ਸੀਰਤ’ ਦੇ ਸਹਿਯੋਗੀ ਲੇਖਕ
ਹਨ। ਪਰਵਾਸੀ ਜੀਵਨ ਬਾਰੇ ਲਿਖੇ ਉਹਨਾਂ ਦੇ ਨਾਵਲਾਂ ਤੋਂ ਇਲਾਵਾ ਹੁਣ ਉਹ ਬੜੀ ਮਿਹਨਤ ਤੇ
ਖੋਜ ਨਾਲ ਨਵਾਂ ਇਤਿਹਾਸਕ ਨਾਵਲ ਲਿਖ ਰਹੇ ਹਨ।ਉਹਨਾਂ ਦੇ ਇਸ ਅਣਛਪੇ ਨਾਵਲ ‘ਦਸ ਸਾਲ ਦਸ
ਯੁੱਗ’ ਨੂੰ ਕਿਸ਼ਤਵਾਰ ਛਾਪਣ ਦਾ ਸਾਨੂੰ ਮਾਣ ਹੈ। ਪੇਸ਼ ਹੈ ਨਾਵਲ ਦੀ ਅਗਲੀ
ਕਿਸ਼ਤ-ਸੰਪਾਦਕ)
ਹਵਾ ਚਲਣੀ ਇਕ ਦਮ ਬੰਦ ਹੋ ਗਈ। ਇਕ ਦਮ ਹੁੰਮ ਫੈਲ ਗਿਆ। ਸਮਝਣ ਵਾਲੇ ਸਮਝ ਗਏ ਕਿ ਇਹ ਕਿਸੇ
ਤੁਫਾਨ ਤੋਂ ਪਹਿਲਾ ਹੁੰਮ ਹੈ।
ਫਿਰ ਰਾਵੀ ਵਲੋਂ ਹਵਾ ਦਾ ਬੁਲ੍ਹਾ ਸ਼ਾਹੀ ਕਿਲ੍ਹੇ ਵਲ ਨੂੰ ਰੁਮਕਿਆ ਪਰ ਇਹ ਬੁਲ੍ਹਾ ਗਰਮ
ਸੀ। ਸਮਝਣ ਵਾਲੇ ਸਮਝ ਗਏ ਕਿ ਹਨੇਰੀ ਆ ਰਹੀ ਹੈ। ਪੰਦਰਾਂ ਹਾੜ ਬਰਸਾਤ ਸ਼ੁਰੂ ਹੋਣ ਦਾ ਦਿਨ
ਹੁੰਦਾ ਹੈ ਪਰ ਇਹ ਪੰਦਰਾਂ ਹਾੜ ਕੁਝ ਅਗੇਤਾ ਹੀ ਆ ਰਿਹਾ ਸੀ। ਹਵਾ ਤੇਜ਼ ਹੋਈ, ਹਨੇਰੀ ਬਣ
ਗਈ, ਨਾਲ ਹੀ ਜ਼ੋਰਦਾਰ ਮੀਂਹ ਉਤਰ ਆਇਆ। ਇਥੇ ਕੁਦਰਤ ਫਰਕ ਕਰਦੀ ਰਹੀ ਕਿ ਇਹ ਹਨੇਰੀ ਕਮਜ਼ੋਰ
ਛੱਤਾਂ ਉਡਾਉਂਦੀ ਰਹੀ ਤੇ ਮਜ਼ਬੂਤ ਛੱਤਾਂ ਹਨੇਰੀ ਨੂੰ ਮਜ਼ਾਕ ਕਰਦੀਆਂ ਰਹੀਆਂ। ਕੁਝ ਵੀ
ਹੋਵੇ ਮਹਿਲ ਹਨੇਰੀ ਮੁਹਰੇ ਢਾਲ ਨਹੀਂ ਬਣ ਸਕੇ। ਹਨੇਰੀ ਦਾ ਇਕ ਛੋਟਾ ਜਿਹਾ ਟੋਟਾ ਮਹਿਲਾਂ
ਦੇ ਅੰਦਰ ਵੜਿਆ ਤੇ ਸਾਰੇ ਪੰਜਾਬ ਦੀ ਛੱਤ ਉਡਾ ਕੇ ਲੈ ਗਿਆ। ਬਾਕੀ ਪਿੱਛੇ ਬਚਿਆ ਇਕ ਟੁੱਟਾ
ਜਿਹਾ, ਬ੍ਰਿਧ ਜਿਹਾ ਪਿੰਜਰ ਜਿਸ ਨੂੰ ਜਲਦੀ ਨਾਲ ਸ਼ਾਹੀ ਪਲੰਘ ਤੋਂ ਲਾਹ ਕੇ ਹੇਠਾਂ ਜ਼ਮੀਨ
ਤੇ ਲਿਟਾ ਦਿਤਾ ਗਿਆ। ਹੁਣ ਇਹ ਕੋਈ ਪੰਜਾਬ ਦੀ ਸਰਕਾਰ ਨਹੀਂ ਸੀ ਜਿਸ ਨੂੰ ਲੱਖਾਂ ਲੋਕਾਂ ਨੇ
ਸਲਾਮਾਂ ਕਰਨੀਆਂ ਸਨ, ਹੁਣ ਇਹ ਮਿੱਟੀ ਦੀ ਢੇਰੀ ਸੀ ਜਿਸ ਨੂੰ ਜਲਦੀ ਹੀ ਲੱਕੜਾਂ ਦੇ ਹਵਾਲੇ
ਕਰ ਦਿਤਾ ਜਾਣਾ ਸੀ। ਕੁਦਰਤ ਦਾ ਹੀ ਇਹੋ ਅਸੂਲ ਸੀ ਕਿ ਇਸ ਮਿੱਟੀ ਨੇ ਕੁਝ ਘੜੀਆਂ ਵਿਚ ਹੀ
ਮੁਸ਼ਕ ਜਾਣਾ ਸੀ, ਇਸ ਵਿਚ ਕੀੜੇ ਵੀ ਚਲਣ ਲਗ ਸਕਦੇ ਸਨ ਇਸ ਲਈ ਜਿੰਨੀ ਜਲਦੀ ਹੋਵੇ ਇਸ ਨੂੰ
ਅੱਗ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ।
ਸਰਕਾਰ ਨੂੰ ਮਿੱਟੀ ਦੀ ਢੇਰੀ ਬਣਨ ਤੋਂ ਰੋਕਣ ਲਈ ਕਿੰਨੇ ਹੀ ਯੱਗ ਕਰਾਏ ਗਏ, ਪੰਡਤਾਂ ਨੇ
ਸ਼ਲੋਕ ਪੜੇ, ਮੌਲਵੀਆਂ ਨੇ ਕੁਰਾਨ ਦੀਆਂ ਆਇਤਾਂ ਤੇ ਭਾਈਆਂ ਨੇ ਸ਼ਬਦ। ਗਾਈਆਂ ਮਣਸੀਆਂ
ਗਈਆਂ। ਸੋਨੇ ਦਾ, ਸਿੱਕਿਆਂ ਦਾ ਤੇ ਹੋਰ ਪਤਾ ਨਹੀਂ ਕਿਸ ਕਿਸ ਦਾ ਬੇਹਿਸਾਬਾ ਦਾਨ ਕੀਤਾ
ਗਿਆ, ਕੁਦਰਤ ਤਕ ਅਜਿਹਾ ਕੁਝ ਵੀ ਨਹੀਂ ਪੁੱਜਿਆ ਤੇ ਨਾ ਹੀ ਪੁੱਜੇ ਸੁਮਨ ਬੁਰਜ ਵਿਚ ਬੈਠੀ
ਜਿੰਦਾਂ ਦੇ ਹੰਝੂ ਤੇ ਨਾ ਹੀ ਦੁੱਲਾ ਜੀ ਦੇ ਮਸੂਮ ਚਿਹਰੇ ਦੀ ਝਲਕ, ਕੁਦਰਤ ਚੁਪ ਚਾਪ ਆਪਣਾ
ਕੰਮ ਕਰ ਗਈ।
ਹੁਣੇ ਜਦ ਇਸ ਮਿੱਟੀ ਦੀ ਢੇਰੀ ਵਿਚ ਹਵਾ ਸੀ ਤਾਂ ਸਾਰੇ ਇਸ ਮੁਹਰੇ ਸਿਰ ਝੁਕਾਉਂਦੇ ਸਨ ਤੇ
ਹੁਣ ਅਜਿਹਾ ਕੁਝ ਨਹੀਂ ਹੋਵੇਗਾ, ਹੋ ਸਕਦਾ ਹੈ ਕੁਝ ਅੱਖਾਂ ਲਹੌਰ ਦੇ ਮੋੜਾਂ ਤੇ ਖੜ ਕੇ ਕੁਝ
ਦੇਰ ਲਈ ਰੋ ਲੈਣ, ਜੋ ਗਵਾਇਆ ਹੈ ਜਾਂ ਮੁੜ ਕੇ ਨਹੀਂ ਮਿਲ ਸਕਣਾ ਉਸ ਦਾ ਗਮ ਸਾਂਝਾ ਕਰ ਲੈਣ
ਪਰ ਇਹ ਸਭ ਆਰਜ਼ੀ ਹੋਵੇਗਾ ਕਿਉਂਕਿ ਵਕਤ ਨੇ ਰੁਕਣਾ ਨਹੀਂ। ਇਹ ਸਭ ਪਿੱਛੇ ਛੱਡ ਜਾਣਾ ਹੈ।
ਵਕਤ ਦੇ ਕਰਨ ਵਾਲਾ ਹਾਲੇ ਹੋਰ ਬਹੁਤ ਕੁਝ ਪਿਆ ਹੈ। ਵਕਤ ਕਿਸੇ ਇਕ ਲਈ ਨਹੀਂ ਹੁੰਦਾ, ਸਭ ਦਾ
ਸਾਂਝ ਹੁੰਦਾ ਹੈ।
ਇਹ ਮਿੱਟੀ ਦੀ ਢੇਰੀ ਕਿਸੇ ਵੇਲੇ ਆਪ ਤੁਫਾਨ ਹੋਇਆ ਕਰਦੀ ਸੀ। ਤੁਫਾਨ ਜਿਧਰ ਦੀ ਲੰਘਦਾ
ਤਬਾਹੀ ਕਰਦਾ ਚਲੇ ਜਾਂਦਾ। ਲੋਕ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ, ਦੁਸ਼ਮਣ ਘਰ ਛੱਡ ਕੇ ਭੱਜ
ਜਾਂਦੇ ਤੇ ਉਹ ਦੁਸ਼ਮਣ ਲੱਭਣ ਲਈ ਜਾਂ ਬਣਾਉਣ ਲਈ ਸੈਂਕੜੇ-ਹਜ਼ਾਰਾਂ ਕੋਹਾਂ ਦਾ ਸਫਰ ਤਹਿ
ਕਰਦਾ। ਖੈਬਰ ਟੱਪ ਅਫਗਾਨਿਸਤਾਨ ਜਾ ਵੜਦਾ, ਕਸ਼ਮੀਰ ਦੀਆਂ ਪਹਾੜੀਆਂ ਮਿਧਦਾ ਚੀਨ ਜਾ
ਪੁੱਜਦਾ। ਇਹ ਵੱਖਰੀ ਗੱਲ ਹੈ ਕਿ ਇਧਰ ਸਤਲੁਜ ਟੱਪਣਾ ਉਸ ਲਈ ਵਰਜਿਤ ਬਣਿਆ ਹੋਇਆ ਸੀ, ਦਿਲ
ਉਸ ਦਾ ਬਹੁਤ ਕਰਦਾ ਸੀ ਕਿ ਸਤਲੁਜ ਟੱਪੇ ਤੇ ਉਧਰ ਵਸਦੇ ਆਪਣੇ ਭਰਾਵਾਂ ਨੂੰ, ਜਿਹਨਾਂ ਨੇ ਉਸ
ਦੀ ਈਨ ਮੰਨਣ ਥਾਵੇਂ ਫਰੰਗੀਆਂ ਦੀ ਸ਼ਰਣ ਲੈ ਲਈ ਸੀ, ਮਿਲੇ, ਉਹਨਾਂ ਨਾਲ ਬੈਠ ਕੇ ਕੋਈ ਦਿਲ
ਦੀ ਗੱਲ ਕਰੇ ਤੇ ਉਹਨਾਂ ਨੂੰ ਮੋੜ ਲਿਆਵੇ ਪਰ ਉਹ ਅਜਿਹਾ ਕਰ ਨਾ ਸਕਿਆ। ਹੁਣ ਫਰੰਗੀ ਵੀ ਉਸ
ਦੇ ਦੋਸਤ ਬਣ ਚੁੱਕੇ ਸਨ। ਉਹ ਦੋਸਤ ਹੀ ਕਹਿੰਦਾ ਰਿਹਾ ਫਰੰਗੀਆਂ ਨੂੰ। ਪਤਾ ਉਸ ਨੂੰ ਵੀ ਸੀ
ਕਿ ਫਰੰਗੀ ਕਿਸੇ ਦੇ ਦੋਸਤ ਨਹੀਂ ਹੁੰਦੇ, ਫਰੰਗੀਆਂ ਨੂੰ ਵੀ ਪਤਾ ਸੀ ਕਿ ਸਰਕਾਰ ਵੀ ਕਿਸੇ
ਦਾ ਦੋਸਤ ਨਹੀਂ ਹੈ। ਸਰਕਾਰ ਦਾ ਦਾਅ ਚਲਦਾ ਤਾਂ ਹੁਣ ਤਕ ਫਰੰਗੀਆਂ ਨੂੰ ਗਲੋਂ ਫੜ ਲਿਆ
ਹੁੰਦਾ ਤੇ ਫਰੰਗੀ ਵੀ ਅਜਿਹੇ ਹੀ ਮੌਕੇ ਦੀ ਤਲਾਸ਼ ਵਿਚ ਬੈਠੇ ਸਨ। ਇਹ ਸਭ ਕੁਝ ਹੇਠਾਂ
ਹੇਠਾਂ ਸੀ, ਉਪਰੋਂ ਪੱਕੇ ਦੋਸਤ ਸਨ।
ਵੈਸੇ ਉਸ ਦਾ ਵਾਹ ਸਿਰਫ ਅੰਗਰੇਜ਼ਾਂ ਨਾਲ ਹੀ ਨਹੀਂ ਸੀ, ਉਸ ਦੇ ਰਾਜ ਵਿਚ ਹੋਰਨਾਂ ਮੁਲਕਾਂ
ਦੇ ਲੋਕ ਵੀ ਆਉਂਦੇ ਰਹਿੰਦੇ ਸਨ। ਫਰਾਂਸੀਸੀ, ਸਪੈਨਿਸ਼ ਤੇ ਇਟਾਲੀਅਨ ਤਾਂ ਉਸ ਦੀ ਫੌਜ ਵਿਚ
ਜਰਨੈਲ ਵੀ ਸਨ। ੳਹਨਾਂ ਨਾਲ ਉਸ ਦੀ ਵਾਹਵਾ ਨਿਭ ਰਹੀ ਸੀ ਪਰ ਉਹ ਇੰਗਲਿਸਤਾਨੀ ਫਿਰੰਗੀਆਂ
ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਮੁਤਾਸਰ ਵੀ ਸੀ ਖਾਸ ਤੌਰ ਤੇ ਉਹਨਾਂ ਦੀ ਬੋਲੀ ਤੋਂ। ਆਪਣੇ
ਸਹਿਜ਼ਾਦੇ ਸ਼ੇਰ ਸਿੰਘ ਨੂੰ ਅੰਗਰੇਜ਼ੀ ਸਿਖਾਉਣ ਲਈ ਵਿਸ਼ੇਸ਼ ਅਧਿਆਪਕ ਦਾ ਪ੍ਰਬੰਧ ਵੀ ਕਰ
ਲਿਆ। ਉਸ ਨੇ ਸੋਚਿਆ ਕਿ ਜਿਥੇ ਉਸ ਦੇ ਰਾਜ ਵਿਚ ਗੁਰਮੁਖੀ, ਨਾਗਰੀ, ਸੰਸਕ੍ਰਿਤ, ਫਾਰਸੀ,
ਅਰਬੀ ਦੇ ਸਕੂਲ ਹਨ ਕਿਉਂ ਨਾ ਅੰਗਰੇਜ਼ੀ ਦਾ ਇਕ ਸਕੂਲ ਵੀ ਖੋਹਲਿਆ ਜਾਵੇ। ਸਾਰੇ ਇੰਤਜ਼ਾਮ
ਹੋ ਗਏ ਪਰ ਸਰ ਜੌਹਨ ਲੌਰੀ ਦੀ ਜਿ਼ੱਦ ਕਾਰਨ ਵਿਓਂਤ ਸਿਰੇ ਨਾ ਚੜ੍ਹੀ। ਸਰ ਜੌਹਨ ਲੌਰੀ ਦੀ
ਜਿ਼ੱਦ ਸੀ ਕਿ ਅੰਗਰੇਜ਼ੀ ਸਿਖਾਉਣ ਦੇ ਨਾਲ ਨਾਲ ਬਾਈਬਲ ਦੀ ਸਿਖਿਆ ਵੀ ਦਿਤੀ ਜਾਵੇਗੀ। ਇਹ
ਸਰਕਾਰ ਨੂੰ ਮਨਜ਼ੂਰ ਨਹੀਂ ਸੀ ਸੋ ਸਭ ਕੁਝ ਅਧੂਰਾ ਰਹਿ ਗਿਆ। ਸਰਕਾਰ ਨੂੰ ਇਸ ਦਾ ਦੁੱਖ ਸੀ
ਪਰ ਦੋਸਤੀ ਕਾਇਮ ਰਹੀ।
ਫਰੰਗੀਆਂ ਤੇ ਸਰਕਾਰ ਦੀ ਦੋਸਤੀ ਵਿਚ ਬਹੁਤ ਕੁਝ ਗੂੜ੍ਹੇ ਦੋਸਤਾਂ ਵਾਲਾ ਵਾਪਰਦਾ ਸੀ;
ਜੱਫੀਆਂ ਪੈਂਦੀਆਂ, ਇਕੱਠੇ ਬੈਠ ਕੇ ਸ਼ਰਾਬਾਂ ਪੀਂਦੇ, ਮਹਿਫਲਾਂ ਲਗਦੀਆਂ, ਇਕ ਦੂਜੇ ਨੂੰ
ਤੋਹਫੇ ਦਿੰਦੇ। ਦੋਸਤੀ ਵਿਚਲੀ ਇਕ ਨਿਕੀ ਜਿਹੀ ਘਟਨਾ ਕੁਝ ਪੁਰਾਣੀ ਸੀ। ਕੁਝ ਗਰਮੀਆਂ
ਪਹਿਲਾਂ ਦੀ ਹੀ ਗੱਲ ਹੈ ਕਿ ਇਕ ਦਿਨ ਅਚਾਨਕ ਇਕ ਵੱਡੀ ਸਾਰੀ ਕਿਸ਼ਤੀ ਲਹੌਰ ਵਿਚ ਦਾਖਲ ਹੋਈ।
ਇਸ ਅਜੀਬ ਕਿਸ਼ਤੀ ਨੂੰ ਪਹੀਏ ਲਗੇ ਹੋਏ ਸਨ ਤੇ ਇਸ ਨੂੰ ਛੇ ਘੋੜੇ ਖਿਚ ਰਹੇ ਸਨ, ਬਿਲਕੁਲ
ਰੱਥ ਵਾਂਗ। ਇਸ ਖੂਬਸੂਰਤ ਕਿਸ਼ਤੀ ਨੂੰ ਦੇਖ ਕੇ ਸਾਰਾ ਲਹੌਰ ਹੀ ਹੈਰਾਨ ਸੀ। ਕਿਸ਼ਤੀਆਂ ਤਾਂ
ਲੋਕਾਂ ਨੇ ਰਾਵੀ ਵਿਚ ਦੇਖੀਆਂ ਸਨ, ਛੋਟੀਆਂ ਛੋਟੀਆਂ। ਦਰਿਆ ਪਾਰ ਕਰਾਉਣ ਵਾਲੀਆਂ। ਦਰਿਆ
ਨੂੰ ਕਈ ਪੱਤਣ ਪੈਂਦੇ ਸਨ, ਲੋਕ ਇਧਰ ਓਧਰ ਜਾਂਦੇ ਰਹਿੰਦੇ ਸਨ। ਕਿਸ਼ਤੀਆਂ ਦੇ ਪੁੱਲ ਵੀ ਬਣੇ
ਹੋਏ ਸਨ ਪਰ ਇਹ ਕਿਸ਼ਤੀ ਕੁਝ ਅਜੀਬ ਸੀ। ਕਿਸੇ ਫਕੀਰ ਦੇ ਵੱਡੇ ਸਾਰੇ ਕਾਸੇ ਵਰਗੀ ਕਿਸ਼ਤੀ।
ਇਸ ਦਾ ਇਕ ਪਾਸਾ ਜਿਵੇਂ ਕੋਈ ਉਡਣੇ ਪੰਛੀ ਦਾ ਮੂੰਹ ਹੋਵੇ ਤੇ ਦੂਜਾ ਪਾਸਾ ਜਿਵੇਂ ਬਣਦਾ
ਕਮਰਾ ਅੱਧ ਵਿਚਕਾਰ ਛੱਡਿਆ ਹੋਵੇ। ਜਿਹੜੇ ਲੋਕ ਫਰੰਗੀਆਂ ਦੇ ਮੁਲਕਾਂ ਵਿਚ ਗਏ ਹੋਣਗੇ ਉਹਨਾਂ
ਨੂੰ ਤਾਂ ਪਤਾ ਸੀ ਕਿ ਅਜਿਹੀਆਂ ਕਿਸ਼ਤੀਆਂ ਆਮ ਰਈਸ ਲੋਕ ਰੱਖਿਆ ਕਰਦੇ ਹਨ, ਜਿਹੜੇ ਲੋਕ
ਕਲਕੱਤੇ ਜਾਂ ਹੋਰ ਫਰੰਗੀਆਂ ਦੇ ਕਬਜ਼ੇ ਵਾਲੇ ਸਮੁੰਦਰਾਂ-ਝੀਲਾਂ ਦੇ ਕਿਨਾਰਿਆਂ ‘ਤੇ ਗਏ
ਹੋਣਗੇ ਉਹਨਾਂ ਨੇ ਵੀ ਫਰੰਗੀਆਂ ਦਾ ਇਹ ਸ਼ੌਂਕ ਦੇਖਿਆ ਹੋਵੇਗਾ ਪਰ ਆਮ ਲੋਕਾਂ ਲਈ ਇਹ ਅਜੂਬਾ
ਹੀ ਸੀ। ਫਰੰਗੀਆਂ ਦਾ ਸਰਕਾਰ ਲਈ ਇਹ ਤੋਹਫਾ ਸੀ। ਜਦ ਤੋਹਫਾ ਸ਼ਾਹੀ ਕਿਲ੍ਹੇ ਵਿਚ ਪੁੱਜਿਆ
ਤਾਂ ਸਰਕਾਰ ਵੀ ਦੇਖਦੀ ਰਹਿ ਗਈ। ਇਸ ਕਿਸ਼ਤੀ ਵਿਚ ਇਕ ਘਰ ਵਾਲੀ ਹਰ ਸਹੂਲਤ ਮੁਹੱਈਆ ਕੀਤੀ
ਜਾ ਸਕਦੀ ਸੀ। ਉਸ ਨੇ ਆਪਣੇ ਅਹਿਲਕਾਰ ਨੂੰ ਕਿਹਾ,
“ਦੀਵਾਨ ਦੀਨਾ ਨਾਥ, ਇਹ ਸਾਹਬ ਨੇ ਕੀ ਭੇਜ ਦਿਤਾ! ਏਸ ਕਿਸ਼ਤੀ ਦੀ ਕੀ ਲੋੜ ਪੈ ਗਈ, ਕਿਥੇ
ਵਰਤਾਂਗੇ ਇਹਨੂੰ?”
“ਸਰਕਾਰ, ਇਸ ਦੇ ਬੈਠਣ ਲਈ ਗੱਦੇ ਦੇਖੋ, ਇਹਦੇ ਵਿਚ ਲਾਈਆਂ ਚੀਜ਼ਾਂ ਦੇਖੋ ਕਿੰਨੀਆਂ ਵਧੀਆ
ਤੇ ਸ਼ਾਨਦਾਰ ਨੇ, ਆਹ ਦੇਖੋ ਪੂਰੀ ਦੀ ਪੂਰੀ ਰਸੋਈ ਹੀ ਬਣੀ ਹੋਈ ਏ ਇਕ ਪਾਸੇ ਇਕ ਪਾਸੇ, ਆਹ
ਦੇਖੋ ਨਾਚ ਲਈ ਮੰਚ।”
“ਦੀਵਾਨ ਜੀ, ਇਹ ਫਿਰੰਗੀਆਂ ਦੀਆਂ ਇਲਤਾਂ ਨੇ, ਪਹਿਲਾਂ ਪਹੀਆਂ ਉਪਰ ਕਮਰਾ ਬਣਾ ਕੇ ਲੈ ਆਏ
ਤੇ ਹੁਣ ਇਹ, ...ਅਸੀਂ ਭਲਾ ਇਹਨਾਂ ਤੋਂ ਕੀ ਲੈਣਾ ਏ ਪਰ ਹੁਣ ਸਾਹਬ ਨੇ ਭੇਜਿਆ ਏ ਤਾਂ ਰੱਖ
ਲਓ, ਹੁਣ ਇਹਨੂੰ ਖੜੀ ਕਰਨ ਲਈ ਕੋਈ ਸਵਾਤ ਤਿਆਰ ਕਰੋ।”
ਕੁਝ ਸਾਲ ਪਹਿਲਾਂ ਇਹ ਅੰਗਰੇਜ਼ ਘੋੜਿਆਂ ਪਿੱਛੇ ਕੈਰਾਵਾਨ ਲਈ ਫਿਰਦਾ ਸੀ, ਮਹਾਂਰਾਜੇ ਨੇ ਉਸ
ਦੀ ਤਰੀਫ ਕੀਤੀ ਤਾਂ ਉਸ ਨੇ ਇਕ ਕੈਰਾਵਾਨ ਮਹਾਂਰਾਜੇ ਲਈ ਬਣਾ ਕੇ ਭੇਜ ਦਿਤੀ ਸੀ। ਉਸ ਦੀ
ਨਕਲ ਵਿਚ ਮਹਾਂਰਾਜੇ ਨੇ ਪਹੀਆਂ ਉਪਰ ਇਕ ਘਰ ਹੀ ਬਣਾ ਲਿਆ ਸੀ ਜਿਸ ਨੂੰ ਇਧਰ ਓਧਰ ਲੈ ਜਾਂਦਾ
ਪਰ ਉਹ ਨੂੰ ਇਹ ਸਭ ਗੋਰਿਆਂ ਦੇ ਚੋਂਚਲੇ ਜਿਹੇ ਹੀ ਲਗਦੇ। ਹੁਣ ਪਹੀਆਂ ਉਪਰ ਆਈ ਕਿਸ਼ਤੀ ਵੀ
ਅਜੀਬ ਜਿਹੀ ਲਗ ਰਹੀ ਸੀ। ਦੀਵਾਨ ਦੀਨਾ ਨਾਥ ਕਹਿਣ ਲਗਿਆ,
“ਸਰਕਾਰ, ਸ਼ਾਇਦ ਉਹਨਾਂ ਨੇ ਇਹ ਅਗੇ ਕਸ਼ਮੀਰ ਖੜਨੀ ਹੋਵੇ, ਡਲ ਝੀਲ ਲਈ, ਸਿ਼ਕਾਰੇ ਦੇ ਤੌਰ
ਤੇ ਵਰਤਣੀ ਹੋਵੇ।”
ਸਰਕਾਰ ਨੇ ਵੀ ਇਵੇਂ ਹੀ ਸੋਚਿਆ ਸੀ। ਉਸ ਨੇ ਜਦੋਂ ਕਸ਼ਮੀਰ ਪੰਜਾਬ ਵਿਚ ਰਲ਼ਾ ਲਿਆ ਸੀ ਤਾਂ
ਕਈ ਵਾਰ ਗਰਮੀਆਂ ਨੂੰ ਸ੍ਰਿੀਨਗਰ ਦਾ ਚਕਰ ਮਾਰ ਆਇਆ ਸੀ। ਡਲ ਝੀਲ ਉਸ ਨੂੰ ਬਹੁਤ ਪਸੰਦ ਸੀ
ਤੇ ਰੰਗ ਬਰੰਗੇ ਸਿ਼ਕਾਰੇ ਵੀ ਪਰ ਉਹ ਕਦੇ ਵੀ ਉਥੇ ਬਹੁਤੇ ਦਿਨ ਨਾ ਗੁਜ਼ਾਰਦੇ, ਐਡਾ ਵੱਡਾ
ਰਾਜ ਛੁੱਟੀਆਂ ਕਰਕੇ ਨਹੀਂ ਚਲਾਇਆ ਜਾਂਦਾ।
ਹਾਲੇ ਕੁਝ ਦਿਨ ਹੀ ਲੰਘੇ ਸਨ ਕਿ ਫਿਰੰਗੀਆਂ ਦਾ ਇਕ ਟੋਲਾ ਆ ਗਿਆ। ਸਰਕਾਰ ਦਾ ਖਾਸ ਦੋਸਤ
ਵਿਲਸਨ ਜੋ ਉਸ ਨਾਲ ਕਈ ਵਾਰ ਬੈਠ ਕੇ ਮੁਜਰੇ ਦੇਖਿਆ ਕਰਦਾ ਸੀ, ਉਸ ਦੀਆਂ ਤਸਵੀਰਾਂ ਬਣਾਉਣ
ਲਈ ਵਿਸ਼ੇਸ਼ ਚਿਤਰਕਾਰਾਂ ਦੇ ਇੰਤਜ਼ਾਮ ਕਰਿਆ ਕਰਦਾ ਸੀ ਤੇ ਪਰਦੇ ਨਾਲ ਕਈ ਵਾਰ ਤਾਕਤ ਦੀਆਂ
ਦਵਾਈਆਂ ਵੀ ਦੇ ਜਾਇਆ ਕਰਦਾ ਸੀ। ਉਹ ਸਰਕਾਰ ਲਈ ਵਿਸ਼ੇਸ਼ ਵਿਸਕੀ ਭੇਜਿਆ ਕਰਦਾ ਸੀ ਉਹੀ
ਵਿਲਸਨ ਇਸ ਟੋਲੇ ਦਾ ਮੋਹਰੀ ਸੀ। ਉਸ ਨੇ ਹੀ ਇਹ ਕਿਸ਼ਤੀ ਭੇਜੀ ਸੀ। ਵਿਲਸਨ ਆਉਂਦਾ ਹੀ ਬਾਕੀ
ਫਿਰੰਗੀਆਂ ਉਪਰ ਸਰਕਾਰ ਨਾਲ ਆਪਣੀ ਦੋਸਤੀ ਦਾ ਰੋਅਬ ਪਾਉਣ ਲਗਿਆ। ਉਸ ਦੱਸਣਾ ਚਾਹੁੰਦਾ ਸੀ
ਕਿ ਸਰਕਾਰ ਉਸ ਦੇ ਕਿੰਨੇ ਨੇੜੇ ਹੈ। ਵਿਲਸਨ ਨੇ ਸਿੱਖਾਂ ਵਾਂਗ ਹੀ ਦਾਹੜੀ ਰੱਖ ਕੇ ਪੱਗ
ਜਿਹੀ ਬੰਨੀ ਹੋਈ ਸੀ। ਸਰਕਾਰ ਨੂੰ ਮਿਲਣ ਆਉਣ ਵਾਲੇ ਬਹੁਤੇ ਅੰਗਰੇਜ਼ ਵੀ ਅਕਸਰ ਉਸ ਨੂੰ
ਖੁਸ਼ ਕਰਨ ਲਈ ਦਾਹੜੀ ਰਖ ਲਿਆ ਕਰਦੇ ਸਨ। ਉਸ ਵਾਂਗ ਹੀ ਚੂੜ੍ਹੀ-ਦਾਰ ਪਜਾਮਾ ਤੇ ਲੰਮਾ
ਕੁੜਤਾ ਪਾਉਂਦੇ। ਸਿਰ ਤੇ ਬੱਝੀ ਪੱਗ ਉਪਰ ਇਕ ਹੋਰ ਰੁਮਾਲ ਬੰਨ ਲੈਂਦੇ। ਦਰਬਾਰ ਨਾਲ ਜੁੜੇ
ਹੋਏ ਤੇ ਸਰਕਾਰ ਨਾਲ ਵਾਹ ਰੱਖਣ ਵਾਲੇ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਸਰਕਾਰ ਨੂੰ ਖੁਸ਼
ਕਰਨ ਲਈ ਦਾਹੜੀ ਕੇਸ ਰੱਖੇ ਹੋਏ ਸਨ। ਸਰਕਾਰ ਨੇ ਆਪਣੇ ਖੁਲ੍ਹੇ ਸੁਭਾਅ ਅਨੁਸਾਰ ਕਿਹਾ,
“ਓ ਵਿਲਸਨ, ਆਹ ਕੀ ਜਹਾਜ਼ ਜਿਹਾ ਤੂੰ ਭੇਜ ਦਿਤਾ, ਇਹਦਾ ਮੈਂ ਕੀ ਕਰੂੰ!”
“ਸਰਕਾਰ, ਇਹਦੇ ਉਪਰ ਚੜ੍ਹ ਕੇ ਸਿ਼ਕਾਰ ਖੇਡਣਾ।”
“ਓ ਭਲੇਮਾਣਸ, ਇਹਨੂੰ ਜੰਗਲ ‘ਚ ਲੈ ਕੇ ਕਿਵੇਂ ਜਾਊਂ?”
“ਸਰਕਾਰ, ਇਹਦੇ ਵਿਚ ਮੱਛੀ ਦਾ ਸਿ਼ਕਾਰ ਖੇਡਣਾ, ਖੂਬਸੂਰਤ ਰਾਵੀ ਤੇਰੇ ਗਵਾਂਡ ਏ।”
“ਓ ਵਿਲਸਨ, ਕੋਈ ਅਕਲ ਕਰ, ਮੈਂ ਸ਼ੇਰ ਦਾ ਸਿ਼ਕਾਰ ਖੇਡਣ ਵਾਲਾ ਸਿ਼ਕਾਰੀ ਹੁਣ ਤੂੰ ਮੈਨੂੰ
ਮੱਛੀ ਦਾ ਸਿ਼ਕਾਰ ਖੇਡਾਵੇਂਗਾ!”
“ਸਰਕਾਰ, ਹਰ ਸਿ਼ਕਾਰ ਦਾ ਅਲੱਗ ਅਨੰਦ ਹੁੰਦਾ ਏ।”
“ਮੱਛੀ ਦੇ ਸਿ਼ਕਾਰ ਦਾ ਕਾਹਦਾ ਅਨੰਦ! ਕਿਸੇ ਮਛੇਰੇ ਨੂੰ ਕਹਿ ਕੇ ਦੋ ਵੱਟੇ ਮੱਛੀ ਜਦੋਂ
ਮਰਜ਼ੀ ਮੰਗਵਾ ਲਓ।”
“ਸਰਕਾਰ ਜੀ, ਮਛੇਰੇ ਨੂੰ ਛੱਡੋ, ਮੇਰੇ ਨਾਲ ਚੱਲਿਓ, ਇਸ ਸਿ਼ਕਾਰ ‘ਤੇ ਜਾਣ ਦਾ ਮਤਲਵ ਸਿਰਫ
ਸਿ਼ਕਾਰ ਖੇਡਣਾ ਨਹੀਂ ਹੁੰਦਾ, ਕਿਸੇ ਰਾਤ ਨੂੰ ਚਲਾਂਗੇ।”
“ਸਾਹਬ ਵਿਲਸਨ, ਤੈਨੂੰ ਨਹੀਂ ਪਤਾ ਕਿ ਸਿ਼ਕਾਰ ਦਿਨ ਨੂੰ ਈ ਖੇਡਿਆ ਜਾਂਦਾ, ਰਾਤ ਨੂੰ
ਜਾਨਵਰਾਂ ਦੇ ਸੌਣ ਦਾ ਵਕਤ ਹੁੰਦਾ ਏ।”
“ਤੁਹਾਡੀ ਗੱਲ ਵੀ ਠੀਕ ਏ ਸਰਕਾਰ ਪਰ ਅਜਕਲ ਦੇ ਮੌਸਮ ਵਿਚ ਮੱਛੀ ਦਾ ਸਿ਼ਕਾਰ ਰਾਤ ਨੂੰ ਈ
ਖੇਡਿਆ ਜਾਂਦਾ ਏ, ਟਿਕੀ ਰਾਤ ਹੋਵੇ, ਚਾਨਣੀ ਅਪਣੇ ਜ਼ੋਰ ਤੇ ਹੋਵੇ ਤੇ ਫੇਰ ਸਿ਼ਕਾਰ ਦਾ
ਆਪਣਾ ਈ ਮਜ਼ਾ ਏ।”
ਸਰਕਾਰ ਨੇ ਸੋਚਣਾ ਸ਼ੁਰੂ ਕਰ ਦਿਤਾ ਕਿ ਇਹ ਵਿਲਸਨ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ। ਉਹ
ਰਾਵੀ ਕੰਢੇ ਘੋੜਸਵਾਰੀ ਕਰਨ ਲਈ ਤਾਂ ਰੋਜ਼ ਹੀ ਨਿਕਲ ਜਾਇਆ ਕਰਦਾ ਸੀ। ਅਗੇ ਜਾ ਕੇ ਜੰਗਲਾਂ
ਵਿਚ ਸਿ਼ਕਾਰ ਵੀ ਬਹੁਤ ਖੇਡਿਆ ਸੀ ਪਰ ਇਹ ਕਦੇ ਨਹੀਂ ਸੀ ਸੋਚਿਆ ਕਿ ਮੱਛੀ ਦਾ ਵੀ ਸਿ਼ਕਾਰ
ਕੀਤਾ ਜਾਂਦਾ ਹੈ। ਵਿਲਸਨ ਦੀਆਂ ਗੱਲਾਂ ਉਸ ਦੀ ਕਲਪਨਾ ਨੂੰ ਹੋਰ ਵੀ ਖੰਭ ਲਾ ਰਹੀਆਂ ਸਨ।
ਵਿਲਸਨ ਦਸਦਾ ਜਾ ਰਿਹਾ ਸੀ,
“ਸਰਕਾਰ, ਜਿਵੇਂ ਤੁਹਾਨੂੰ ਪਤਾ ਈ ਏ ਕਿ ਸਿ਼ਕਾਰ ਕਰਨ ਦੇ ਵੀ ਖਾਸ ਮਹੀਨੇ ਹੁੰਦੇ ਨੇ,
ਪਿਛਲੀ ਵਾਰ ਆਇਆ ਮੈਂ ਰਾਵੀ ਦੇ ਸਿ਼ਕਾਰ ਦਾ ਅੰਦਾਜ਼ਾ ਲਗਾ ਗਿਆ ਸਾਂ ਤੇ ਮੈਂ ਉਸੇ ਹੀ
ਹਿਸਾਬ ਨਾਲ ਆਇਆ ਵਾਂ, ਦੇਖੋ ਅਜਕਲ ਰਾਤ ਨੂੰ ਚੰਨ ਵੀ ਵੱਡਾ ਹੋ ਰਿਹਾ ਏ।”
ਅਗਲੀ ਰਾਤ ਉਹ ਤਿਆਰ ਹੋ ਕੇ ਸਿ਼ਕਾਰ ਨੂੰ ਨਿਕਲ ਤੁਰੇ। ਸਰਕਾਰ ਨੂੰ ਕੁਝ ਅਜੀਬ ਲਗ ਰਿਹਾ
ਸੀ, ਕਿਸ਼ਤੀ ਵਿਚ ਬੈਠ ਕੇ ਸਿ਼ਕਾਰ ਨੂੰ ਜਾਣਾ। ਰਾਵੀ ਕੰਢੇ ਗਏ ਤਾਂ ਮੱਛੀ ਪਾਣੀ ‘ਤੇ ਖੇਡ
ਰਹੀ ਸੀ। ਵਿਲਸਨ ਨੇ ਸਰਕਾਰ ਨੂੰ ਚੁੱਪਚਾਪ ਇਸ਼ਾਰਾ ਕੀਤਾ। ਚਾਨਣੀ ਦਰਿਆ ਉਪਰ ਇਵੇਂ ਬੈਠੀ
ਸੀ ਜਿਵੇਂ ਮੁੜ ਕੇ ਉਠਣਾ ਹੀ ਨਾ ਹੋਵੇ। ਮੱਛੀ ਪਾਣੀ ਉਪਰ ਇਧਰ ਓਧਰ ਛਾਲਾਂ ਮਾਰਦੀ ਫਿਰ ਰਹੀ
ਸੀ। ਇਹ ਅਜੀਬ ਜਿਹਾ ਨਜ਼ਾਰਾ ਜਿਹੜਾ ਮਹਾਂਰਾਜੇ ਨੇ ਕਦੇ ਪਹਿਲਾਂ ਨਹੀਂ ਸੀ ਦੇਖਿਆ, ਉਸ ਨੂੰ
ਚੰਗਾ ਲਗ ਰਿਹਾ ਸੀ। ਉਸ ਨੇ ਹੌਲੀ ਜਿਹੀ ਕਿਹਾ,
“ਓ ਵਿਲਸਨ, ਇਹ ਚੀਜ਼ ਮੈਂ ਪਹਿਲਾਂ ਕਦੇ ਨਹੀਂ ਦੇਖੀ।”
“ਆਓ, ਅਗੇ ਦੇਖਦੇ ਹਾਂ।”
ਵਿਲਸਨ ਨੇ ਕਿਹਾ ਤੇ ਸਿਪਾਹੀਆਂ ਨੂੰ ਹੌਲੀ ਹੌਲੀ ਕਿਸ਼ਤੀ ਦਰਿਆ ਵਿਚ ਠੇਲਣ ਲਈ ਕਹਿ ਦਿਤਾ।
ਉਹ ਕਿਸ਼ਤੀ ਨੂੰ ਜ਼ਰਾ ਡੂੰਘੀ ਜਗਾਹ ਲੈ ਗਏ। ਇਕ ਕੁੰਡੀ ਵਿਲਸਨ ਨੇ ਪਾਣੀ ਵਿਚ ਸੁੱਟੀ ਤੇ
ਇਕ ਸਰਕਾਰ ਨੇ। ਸਰਕਾਰ ਦੀ ਕੁੰਡੀ ਵਿਚ ਮੱਛੀ ਪਹਿਲਾਂ ਫਸ ਗਈ। ਵਿਲਸਨ ਨੇ ਰੱਸੀ ਖਿਚਣ ਵਿਚ
ਸਰਕਾਰ ਦੀ ਮੱਦਦ ਕੀਤੀ ਤੇ ਹੱਥ ਭਰ ਡੰਬਰਾ ਬਾਹਰ ਖਿਚ ਲਿਆ, ਮਹਾਂਰਾਜੇ ਨੂੰ ਚਾਅ ਚੜ ਗਿਆ
ਜਿਵੇਂ ਕੋਈ ਵੱਡੀ ਮੱਲ ਮਾਰ ਲਈ ਹੋਵੇ। ਫੜੀ ਹੋਈ ਮੱਛੀ ਇਕ ਪਾਸੇ ਸਾਂਭੀ ਤੇ ਹੋਰ ਕੁੰਡੀ
ਸੁੱਟ ਲਈ। ਹੁਣ ਤਕ ਵਿਲਸਨ ਦੀ ਕੁੰਡੀ ਵਿਚ ਵੀ ਮੱਛੀ ਫਸ ਚੁੱਕੀ ਸੀ। ਫਿਰ ਇਵੇਂ ਹੀ ਹੌਲੀ
ਹੌਲੀ ਮੁਕਾਬਲਾ ਹੋਣ ਲਗਿਆ। ਸਰਕਾਰ ਨੂੰ ਇਹ ਖੇਡ ਚੰਗੀ ਲਗ ਰਹੀ ਸੀ। ਪਤਾ ਹੀ ਨਹੀਂ ਚਲਿਆ
ਕਿ ਅਜ਼ਾਨ ਦਾ ਵਕਤ ਕਿਹੜੇ ਵੇਲੇ ਹੋ ਗਿਆ। ਆਪੋ ਆਪਣੀਆਂ ਮੱਛੀਆਂ ਗਿਣੀਆਂ ਤਾਂ ਵਿਲਸਨ ਦੀਆਂ
ਦੋ ਮੱਛੀਆਂ ਵੱਧ ਸਨ ਪਰ ਸਰਕਾਰ ਦੀਆਂ ਮੱਛੀਆਂ ਵੱਡੀਆਂ ਸਨ। ਵਿਲਸਨ ਨੇ ਕਿਹਾ,
“ਸਰਕਾਰ, ਅਜ ਜੋ ਹੋ ਗਿਆ ਸੋ ਹੋ ਗਿਆ, ਕੱਲ ਨੂੰ ਤੁਹਾਡੇ ਤੋਂ ਵੱਧ ਮੱਛੀਆਂ ਫੜ ਕੇ
ਦਿਖਾਊਂ।”
“ਵਿਲਸਨ ਰਾਵੀ ਮੇਰਾ, ਮੱਛੀਆਂ ਮੇਰੀਆਂ ਤੂੰ ਕਿਵੇਂ ਵੱਧ ਫੜ ਲਵੇਂਗਾ?”
“ਸਰਕਾਰ, ਮੈਨੂੰ ਸਿ਼ਕਾਰ ਖੇਡਣਾ ਆਉਂਦਾ ਏ, ਮੈਂ ਇਹ ਸਿ਼ਕਾਰ ਬਚਪਨ ਤੋਂ ਖੇਡਦਾ ਆਇਆਂ,
ਤੁਹਾਨੂੰ ਇਸ ਦਾ ਮਜ਼ਾ ਹੁਣ ਆਉਣ ਲਗਿਆ ਤੇ ਮੈਂ ਬਚਪਨ ਤੋਂ ਹੀ ਲੈਂਦਾ ਆਇਆਂ।”
ਹੋਇਆ ਵੀ ਇਵੇਂ ਹੀ। ਬਹੁਤੀ ਵਾਰ ਵਿਲਸਨ ਜਿੱਤ ਜਾਂਦਾ। ਕਈ ਵਾਰ ਸਰਕਾਰ ਦੀ ਜਿੱਤ ਵੀ
ਹੁੰਦੀ, ਜਾਂ ਵਿਲਸਨ ਜਾਣ ਬੁੱਝ ਕੇ ਹੀ ਸਰਕਾਰ ਨੂੰ ਜਿਤਾ ਦਿੰਦਾ, ਆਪਣੀ ਕੁੰਡੀ ਹੀ ਢੰਗ
ਨਾਲ ਨਾ ਸੁਟਦਾ। ਇਵੇਂ ਵਿਲਸਨ ਕਈ ਵਾਰ ਲਹੌਰ ਆਇਆ ਤੇ ਆਇਆ ਵੀ ਵੱਡੇ ਚੰਨ ਦੇ ਦਿਨਾਂ ਵਿਚ।
ਉਹ ਇਹ ਖੇਡ ਖੇਡਣ ਜਾਂਦੇ ਰਹੇ। ਸਰਕਾਰ ਨੂੰ ਇਸ ਕਿਸ਼ਤੀ ਨਾਲ ਵੀ ਖਾਸ ਜਿਹਾ ਮੋਹ ਹੋ ਗਿਆ।
ਇਹ ਕਿਸ਼ਤੀ ਮੱਛੀ ਦੀ ਖੇਡ ਤਕ ਹੀ ਸੀਮਤ ਨਾ ਰਹੀ ਇਸ ਉਪਰ ਮੁਜਰਾ ਵੀ ਹੋਣ ਲਗਿਆ। ਚੰਨ ਦੀ
ਚਾਨਣੀ ਹੁੰਦੀ, ਰਾਵੀ ਕੰਢੇ ਲਗੇ ਅੰਬ ਪੱਕਣ ਵਾਲੇ ਹੁੰਦੇ ਤਾਂ ਸਰਕਾਰ ਰਾਵੀ ਵਿਚ ਆਪਣੇ ਹੀ
ਜਲਵੇ ਵਿਚ ਹੁੰਦੇ। ਸ਼ਹਿਜ਼ਾਦਾ ਖੜਕ ਸਿੰਘ ਨੂੰ ਰਾਵੀ ਵਿਚ ਕਿਸ਼ਤੀ ਉਪਰ ਘੁੰਮਣਾ ਚੰਗਾ
ਨਹੀਂ ਸੀ ਲਗਦਾ। ਇਕ ਦਿਨ ਉਸ ਨੇ ਮਜ਼ਾਕ ਵਿਚ ਹੀ ਕਿਹਾ,
“ਪਿਤਾ ਜੀ, ਚੰਗੀ ਇਹ ਕਿਸ਼ਤੀ ਫਰੰਗੀਆਂ ਨੇ ਤੁਹਾਨੂੰ ਲਿਆ ਦਿਤੀ!”
“ਹਾਂ, ਹੁਣ ਤਾਂ ਮੈਂ ਸੋਚਦਾਂ ਕਿ ਮੇਰਾ ਆਖਰੀ ਸਫਰ ਵੀ ਇਹੋ ਜਿਹੀ ਕਿਸ਼ਤੀ ‘ਤੇ ਈ ਕਰਿਓ।”
ਸਰਕਾਰ ਨੇ ਉਹ ਗੱਲ ਮਜ਼ਾਕ ਵਿਚ ਕਹੀ, ਗੰਭੀਰ ਜਾਂ ਕਿਸੇ ਹੋਰ ਮੁਦਰਾ ਵਿਚ ਪਰ ਸੱਚ ਇਹੋ ਹੋ
ਨਿਬੜਿਆ ਕਿ ਬਿਲਕੁਲ ਉਹੋ ਜਿਹੀ ਕਿਸ਼ਤੀ ਹੀ ਮਹਾਂਰਾਜੇ ਦੇ ਆਖਰੀ ਸਫਰ ਲਈ ਤਿਆਰ ਕੀਤੀ ਜਾ
ਰਹੀ ਸੀ ਤੇ ਇਸ ਨੂੰ ਸਰਕਾਰ ਦੀ ਘੋੜੀ ਲੈਲੀ ਵਾਂਗ ਸਿ਼ੰਗਾਰਿਆ ਜਾ ਰਿਹਾ ਸੀ।
ਇਸ ਵੇਲੇ ਹੋਰ ਵੀ ਬਹੁਤ ਕੁਝ ਹੋ ਰਿਹਾ ਸੀ। ਸਤੀ ਹੋਣ ਵਾਲੀਆਂ ਰਾਣੀਆਂ ਨੂੰ ਵੀ ਦੁਲਹਨ
ਵਾਂਗ ਸਜਾਉਣ ਦਾ ਕੰਮ ਸ਼ੁਰੂ ਹੋ ਚੁਕਿਆ ਸੀ ਤੇ ਨਾਲ ਹੀ ਗੋਲੀਆਂ ਨੂੰ ਵੀ। ਅਜ ਸਵੇਰੇ ਵੇਲੇ
ਸਿਰ ਹੀ ਰਾਜਾ ਸੁਚੇਤ ਸਿੰਘ ਸੁਮਨ ਬੁਰਜ ਵਿਚ ਆਇਆ ਸੀ ਤੇ ਰਾਣੀ ਜਿੰਦਾਂ ਨੂੰ ਕਹਿਣ ਲਗਿਆ
ਸੀ,
“ਮਾਈ ਜੀਓ, ਸਤੀ ਹੋਣ ਦੀ ਗੱਲ ਕਦੇ ਭੁੱਲ ਕੇ ਵੀ ਨਾ ਸੋਚਿਓ, ਕੋਈ ਕਹਿੰਦਾ ਏ ਤਾਂ ਕਹਿੰਦਾ
ਰਹਿਣ ਦਿਓ, ਤੁਸੀਂ ਜੱਟ ਸਿੱਖ ਓ, ਤੁਹਾਡੇ ਵਿਚ ਸਤੀ ਦੀ ਮਨਾਹੀ ਏ ਤੇ ਇਸ ਤੋਂ ਵੀ ਵੱਡੀ
ਗੱਲ ਇਹ ਵੇ ਕਿ ਤੁਸੀਂ ਇਸ ਸ਼ਹਿਜ਼ਾਦੇ ਦੀ ਸੰਭਾਲ ਕਰਨੀ ਏ ਤੇ ਸਰਕਾਰ ਨੇ ਤੁਹਾਡੀ
ਮਾਂ-ਪੁੱਤਰ ਦੀ ਰਖਵਾਲੀ ਦੀ ਮੇਰੀ ਜਿ਼ੰਮੇਵਾਰੀ ਲਗਾਈ ਹੋਈ ਏ।”
ਰਾਣੀ ਜਿੰਦਾਂ ਨੇ ‘ਹਾਂ’ ਵਿਚ ਸਿਰ ਮਾਰਿਆ ਸੀ। ਮੰਗਲਾ ਤੇ ਮੋਤੀਆ ਕੋਲ ਹੀ ਖੜੀਆਂ ਸਨ। ਉਹ
ਤਾਂ ਇਹ ਗੱਲ ਪਹਿਲਾਂ ਹੀ ਨਹੀਂ ਸਨ ਹੋਣ ਦੇਣਾ ਚਾਹੁੰਦੀਆਂ। ਰਾਣੀ ਜਿੰਦਾਂ ਬਾਕੀ ਰਾਣੀਆਂ
ਬਰਾਬਰ ਜਾ ਬੈਠੀ ਸੀ, ਮੰਗਲਾ ਨੇ ਮੋਤੀਆ ਨੂੰ ਰਾਣੀ ਦੇ ਨਾਲ ਜਾਣ ਦਾ ਇਸ਼ਾਰਾ ਕਰ ਦਿਤਾ
ਹੋਇਆ ਸੀ ਤਾਂ ਜੋ ਰਾਣੀ ਜਿੰਦਾਂ ਨੂੰ ਸਹਾਰਾ ਰਹੇ। ਉਸ ਨੇ ਆਪ ਤਾਂ ਸ਼ਹਜਿ਼ਾਦੇ ਨੂੰ
ਸਾਂਭਣਾਂ ਸੀ।
ਅੰਤਮ ਵਿਦਾਇਗੀ ਦੀ ਤੇ ਸਸਕਾਰ ਦੀ ਤਿਆਰੀ ਜ਼ੋਰਾਂ ‘ਤੇ ਸੀ। ਸਰਕਾਰ ਦੇ ਦੋਸਤ ਪੁੱਜ ਰਹੇ
ਸਨ, ਸਿੱਖ ਸਰਦਾਰ ਤੇ ਜਗੀਰਦਾਰ ਵੀ ਸਰਕਾਰ ਦੀ ਆਖਰੀ ਯਾਤਰਾ ਵਿਚ ਸ਼ਾਮਲ ਹੋ ਗਏ ਸਨ, ਸਰਕਾਰ
ਦੇ ਵਿਸ਼ੇਸ਼ ਦੋਸਤ ਫਿਰੰਗੀ ਵੀ ਤੇ ਹੋਰ ਬਹੁਤ ਸਾਰੇ ਵਿਦੇਸ਼ੀ ਵੀ। ਕੁਝ ਤਾਂ ਦੂਜੇ ਦੇਸ਼ਾਂ
ਦੀਆਂ ਸਰਕਾਰਾਂ ਵਲੋਂ ਆਏ ਸਨ ਤੇ ਕੁਝ ਨਿੱਜੀ ਤੌਰ ‘ਤੇ ਆਪਣੇ ਆਪ ਹੀ ਆ ਗਏ ਸਨ। ਬਹੁਤ ਸਾਰੇ
ਹੋਰ ਲੋਕ ਵੀ ਰੌਸ਼ਨੀ ਦਰਵਾਜ਼ੇ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਸਾਰੀਆਂ ਔਰਤਾਂ
ਕਿਲ੍ਹੇ ਦੇ ਇਕ ਵੱਡੇ ਹਾਲ ਵਿਚ ਬੈਠੀਆਂ ਸਨ ਜਿਥੇ ਸਰਕਰ ਦੀ ਦੇਹ ਪਈ ਸੀ। ਸਰਕਾਰ ਦਾ
ਜਨਾਜਾ਼ ਪੂਰੀਆਂ ਸ਼ਾਹੀ ਰਸਮਾਂ ਨਾਲ ਸ਼ਾਹੀ ਕਿਲ੍ਹੇ ਵਿਚੋਂ ਨਿਕਲਿਆ। ਇਹ ਸਫਰ ਲੰਮਾ ਨਹੀਂ
ਸੀ। ਪੰਜ ਗਰੰਥੀ ਪਾਠ ਕਰਦੇ ਜਾ ਰਹੇ ਸਨ, ਉਹਨਾਂ ਦੇ ਮਗਰ ਜਨੇਊ ਪਾਈ, ਨੰਗੇ ਸਰੀਰਾਂ ਤੇ
ਗੰਜੇ ਸਿਰਾਂ ਵਾਲੇ ਬ੍ਰਾਮਣ ਮੰਤਰ ਪੜਦੇ ਜਾ ਰਹੇ ਸਨ ਤੇ ਉਸ ਦੇ ਮਗਰ ਹੀ ਮੌਲਵੀ ਕੁਰਾਨ ਦੀਆ
ਆਇਤਾਂ ਦਾ ਪਾਠ ਕਰ ਰਹੇ ਸਨ। ਉਹਨਾਂ ਦੇ ਮਗਰ ਸਰਕਾਰ ਦਾ ਜਨਾਜ਼ਾ ਤੇ ਉਸ ਦੇ ਮਗਰ ਸਤੀ ਹੋਣ
ਜਾ ਰਹੀਆਂ ਰਾਣੀਆਂ ਤੇ ਰਾਣੀਆਂ ਦੇ ਨਾਲ ਉਹਨਾਂ ਦੀਆਂ ਗੋਲੀਆਂ। ਇਹਨਾਂ ਸਭ ਮਗਰ ਡੋਗਰੇ
ਰਾਜੇ ਤੇ ਸਿੱਖ ਸਰਦਾਰ ਤੇ ਹੋਰ ਜਗੀਰਦਾਰ, ਪਤਵੰਤੇ ਲੋਕ ਤੇ ਬਾਹਰੋਂ ਆਏ ਮਹਿਮਾਨ। ਰੌਸ਼ਨੀ
ਦਰਵਾਜ਼ਾ ਲੰਘ ਕੇ ਖੱਬੇ ਹੱਥ ਚਿਤਾ ਸਜਾਈ ਹੋਈ ਸੀ। ਚਾਰੇ ਰਾਣੀਆਂ ਚਿਤਾ ਤੇ ਚੜ੍ਹ ਗਈਆਂ,
ਰਾਣੀ ਗੁੱਡਾਂ, ਰਾਣੀ ਹਰਦੇਵੀ, ਰਾਣੀ ਰਾਜ ਕੰਵਰ, ਰਾਣੀ ਬਨਾਲੀ। ਸਾਰੀਆਂ ਦੀਆਂ ਸਾਰੀਆਂ
ਸੋਨੇ-ਚਾਂਦੀ, ਹੀਰੇ-ਮੋਤੀਆਂ ਨਾਲ ਲੱਦੀਆਂ ਹੋਈਆਂ ਸਨ। ਇਹਨਾਂ ਦੇ ਨਾਲ ਹੀ ਸੱਤ ਗੋਲੀਆਂ ਵੀ
ਸਨ ਜਿਹਨਾਂ ਨੂੰ ਨਾ ਕੋਈ ਜਾਣਦਾ ਸੀ ਤੇ ਨਾ ਹੀ ਪੱਛਾਣਦਾ ਸੀ, ਇਹਨਾਂ ਦੇ ਨਾਂਵਾਂ ਦਾ ਕਿਸੇ
ਨੂੰ ਪਤਾ ਹੀ ਕੀ ਹੋਣਗੇ। ਅੰਤਮ ਸਮੇਂ ਸਰਕਾਰ ਦੀ ਛਾਤੀ ਉਪਰ ਹੱਥ ਰੱਖ ਕੇ ਸ਼ਹਿਜ਼ਾਦਾ ਖੜਕ
ਸਿੰਘ ਨੇ ਆਪਣੇ ਕੰਮ ਪ੍ਰਤੀ, ਆਪਣੇ ਲੋਕਾਂ ਪ੍ਰਤੀ ਤੇ ਦੇਸ਼ ਪ੍ਰਤੀ ਵਫਾਦਾਰੀ ਦੀ ਸੌਂਹ
ਖਾਧੀ। ਰਾਣੀ ਗੁੱਡਾਂ ਨੇ ਖੜਕ ਸਿੰਘ ਦਾ ਹੱਥ ਰਾਜਾ ਧਿਆਨ ਸਿੰਘ ਦੇ ਹੱਥ ਵਿਚ ਫੜਾ ਦਿਤਾ।
ਫਿਰ ਚਿਤਾ ਦੇ ਚਾਰੇ ਪਾਸੇ ਸੰਦਲ ਦੀ ਲਕੜੀ ਦੀ ਸੰਘਣੀ ਦੀਵਾਰ ਬਣਾ ਦਿਤੀ ਗਈ। ਇੰਨੀ ਸੰਘਣੀ
ਕਿ ਕਿਸੇ ਦੀ ਚੀਖ ਤਕ ਬਾਹਰ ਨਾ ਸੁਣ ਸਕੇ। ਤੋਪਚੀਆਂ ਨੇ ਤੋਪਾਂ ਚਲਾ ਕੇ ਆਪਣੀ ਸਰਕਾਰ ਨੂੰ
ਆਖਰੀ ਸਲਾਮੀ ਦਿਤੀ। ਖੜਕ ਸਿੰਘ ਨੇ ਚਿਤਾ ਨੂੰ ਇਕ ਖੂੰਜੇ ਤੋਂ ਅੱਗ ਦਿਖਾਈ। ਕੁਝ ਪਲਾਂ ਵਿਚ
ਹੀ ਅੱਗ ਸਾਰੀ ਚਿਤਾ ਵਿਚ ਫੈਲ ਗਈ ਤੇ ਅੱਗ ਆਪਣੀ ਆਦਤ ਮੁਤਾਬਕ ‘ਫੜ ਫੜ’ ਦੀ ਅਵਾਜ਼ ਕਰਨ
ਲਗੀ ਤੇ ਸਭ ਕੁਝ ਜਲ਼ ਕੇ ਸੁਆਹ ਹੋਣ ਲਗਿਆ। ਸਾਰੇ ਸਰਦਾਰਾਂ ਨੇ ਆਪਣੀਆਂ ਪੱਗਾਂ ਲਾਹ ਕੇ
ਚਿਤਾ ਵਿਚ ਸੁੱਟ ਦਿਤੀਆਂ। ਚਿਤਾ ਵਿਚੋਂ ਉਠਦੇ ਧੂੰਏਂ ਦੇ ਬੱਦਲ ਰਾਵੀ ਉਪਰੋਂ ਦੀ ਹੋ ਕੇ
ਪਹਾੜਾਂ ਵਲ ਜਾਣ ਲਗੇ। ਕਬੂਤਰਾਂ ਦੇ ਇਕ ਜੋੜੇ ਨੇ ਗਲਤੀ ਨਾਲ ਉਡਾਰੀ ਭਰੀ ਕਿ ਚਿਤਾ ਵਲ ਆ
ਗਿਆ। ਚਿਤਾ ਦਾ ਇੰਨਾ ਸੇਕ ਸੀ ਕਿ ਪੰਛੀ ਲੂਹ ਹੋ ਕੇ ਚਿਤਾ ਵਿਚ ਹੀ ਆ ਡਿਗੇ ਤੇ ਨਾਲ ਹੀ
ਸੜ੍ਹ ਕੇ ਸਵਾਹ ਹੋ ਗਏ। ਲੋਕਾਂ ਇਹਨਾਂ ਪੰਛੀਆਂ ਬਾਰੇ ਕਈ ਕਹਾਣੀਆਂ ਘੜਨ ਲਗੇ। ਕਈ ਲੋਕ ਤਾਂ
ਬਹੁਤ ਹੀ ਭਾਵੁਕ ਹੋ ਰਹੇ ਸਨ। ਰਾਜਾ ਧਿਆਨ ਸਿੰਘ ਧਾਂਹਾਂ ਮਾਰ ਰਿਹਾ ਸੀ। ਉਸ ਕਹਿੰਦਾ ਜਾ
ਰਿਹਾ ਸੀ ਕਿ ਸਰਕਾਰ ਬਿਨਾਂ ਉਹ ਜੀਅ ਨਹੀਂ ਸਕੇਗਾ। ਉਸ ਨੇ ਤਿੰਨ ਵਾਰ ਚਿਤਾ ਵਿਚ ਛਾਲ ਮਾਰਨ
ਦੀ ਕੋਸਿ਼ਸ਼ ਕੀਤੀ ਉਸ ਦੇ ਵੱਡੇ ਭਰਾ ਗੁਲਾਬ ਸਿੰਘ ਨੇ ਉਸ ਨੂੰ ਬਹੁਤ ਮੁਸ਼ਕਲ ਨਾਲ ਰੋਕਿਆ।
ਇਸ ਮੌਕੇ ਦੀਆਂ ਕਈ ਕਹਾਣੀਆਂ ਬਣਨ ਲਗੀਆਂ। ਕੋਈ ਆਖਦਾ ਕਿ ਸਰਕਾਰ ਦੇ ਵਿਯੋਗ ਵਿਚ ਆਲੇ
ਦੁਆਲੇ ਦੇ ਦਰਖਤ ਸੁੱਕ ਗਏ ਹਨ। ਕੋਈ ਕਹਿੰਦਾ ਕਿ ਚਿਤਾ ਵਿਚ ਬੈਠੀਆਂ ਗੋਲੀਆਂ ਪੰਜਾਬ ਨੂੰ
ਬਦਦੁਆ ਦਿੰਦੀਆਂ ਸਤੀ ਹੋਈਆਂ ਹਨ। ਕੋਈ ਕਹਿੰਦਾ ਕਿ ਚਿਤਾ ਵਿਚੋਂ ਕਿਸੇ ਨੇ ਸ਼ੇਰ ਸਿੰਘ ਨੂੰ
ਅਵਾਜ਼ ਮਾਰੀ ਹੈ ਤੇ ਕੋਈ ਕੁਝ ਹੋਰ।
ਸ਼ੇਰ ਸਿੰਘ ਅਜਿਹੇ ਮੌਕੇ ‘ਤੇ ਕਿਉਂ ਸ਼ਾਮਲ ਨਹੀਂ ਸੀ ਹੋਇਆ, ਬਹੁਤ ਸਾਰਿਆਂ ਨੂੰ ਇਹ ਗੱਲ
ਰੜਕ ਰਹੀ ਸੀ। ਅੰਦਾਜ਼ਾ ਇਹੋ ਲਾਇਆ ਜਾ ਰਿਹਾ ਸੀ ਕਿ ਉਹ ਸ਼ਰਾਬ ਪੀ ਕੇ ਸੁੱਤਾ ਪਿਆ ਹੋਵੇਗਾ
ਜਾਂ ਕੋਈ ਨਵੀਂ ਔਰਤ ਮਿਲ ਗਈ ਹੋਵੇਗੀ। ਸਿੱਖ ਸਰਦਾਰਾਂ ਨੇ ਇਸ ਗੱਲ ਦਾ ਕੁਝ ਇਤਰਾਜ਼ ਵੀ
ਕੀਤਾ ਪਰ ਬਾਅਦ ਵਿਚ ਜਾ ਕੇ ਗੱਲ ਸਾਫ ਹੋਈ ਕਿ ਸ਼ੇਰ ਸਿੰਘ ਦੇ ਨਾ-ਆਉਣ ਦਾ ਕੀ ਕਾਰਨ ਸੀ।
ਅਸਲ ਵਿਚ ਖੜਕ ਸਿੰਘ ਤੇ ਰਾਜਾ ਧਿਆਨ ਸਿੰਘ ਨੂੰ ਲਗ ਰਿਹਾ ਸੀ ਕਿ ਸ਼ੇਰ ਸਿੰਘ ਗੱਦੀ ਦਾ
ਦਾਅਵੇਦਾਰ ਬਣ ਸਕਦਾ ਹੈ। ਸ਼ੇਰ ਸਿੰਘ ਖੜਕ ਸਿੰਘ ਨਾਲੋਂ ਕਿਤੇ ਵੱਧ ਕਾਬਲ ਰਾਜਾ ਬਣ ਸਕਦਾ
ਸੀ। ਉਸ ਨੇ ਕਈ ਲੜਾਈਆਂ ਵੀ ਲੜੀਆਂ ਸਨ ਤੇ ਆਪਣੀ ਬਹਾਦਰੀ ਦਾ ਸਬੂਤ ਦਿਤਾ ਸੀ। ਕਈ
ਮੁਹਿੰਮਾਂ ਦੀ ਉਸ ਨੇ ਅਗਵਾਈ ਕੀਤੀ ਸੀ। ਇਸ ਲਈ ਖਾਲਸਾ ਫੌਜ ਵਿਚ ਵੀ ਉਹ ਪਸੰਦ ਕੀਤਾ ਜਾਂਦਾ
ਸੀ। ਅਸਲ ਵਿਚ ਤਾਂ ਖਾਲਸਾ ਫੌਜ ਚਾਹੁੰਦੀ ਹੀ ਸ਼ੇਰ ਸਿੰਘ ਨੂੰ ਸੀ ਪਰ ਸਰਕਾਰ ਦੀ ਕੀਤੀ ਤੇ
ਕਹੀ ਨੂੰ ਉਹ ਉਲੱਦਣਾ ਨਹੀਂ ਸੀ ਚਾਹੁੰਦੇ। ਇਹੋ ਸੋਚ ਕੇ ਹੀ ਰਾਜਾ ਧਿਆਨ ਸਿੰਘ ਨੇ ਖੜਕ
ਸਿੰਘ ਨੂੰ ਕਿਹਾ ਸੀ,
“ਮਹਾਂਰਾਜਾ, ਹਾਲੇ ਵੀ ਸ਼ੇਰ ਸਿੰਘ ਤੁਹਾਡੇ ਮੁਕਾਬਲੇ ‘ਤੇ ਆ ਗਿਆ ਤਾਂ ਉਹ ਮਹਾਂਰਾਜਾ ਬਣ
ਜਾਵੇਗਾ, ਹਾਲਾਤ ਉਸ ਦੇ ਹੱਕ ਵਿਚ ਜਾਂਦੇ ਨੇ, ਇਸ ਬਾਰੇ ਸਾਵਧਾਨ ਹੋਣ ਦੀ ਲੋੜ ਏ, ਉਸ ਕੋਲ
ਨਿੱਜੀ ਫੌਜ ਵੀ ਏ।”
“ਰਾਜਾ ਜੀ, ਹੁਣ ਆਪਾਂ ਇਕੱਠਿਆਂ ਕੰਮ ਕਰਨਾ ਏ ਤਾਂ ਇਸ ਬਾਰੇ ਤੁਸੀਂ ਸੋਚੋ।”
“ਸਰਕਾਰ ਦੀ ਖਬਰ ਨੂੰ ਆਏ ਨੂੰ ਈ ਸ਼ੇਰ ਸਿੰਘ ਨੂੰ ਕੈਦ ਕਰ ਲਿਆ ਜਾਵੇ।”
ਇਹੋ ਖਬਰ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਦੋਸਤ ਸਰਦਾਰਾਂ ਨੂੰ ਮਿਲ ਗਈ ਤੇ ਉਸ ਨੇ ਉਸੇ ਵੇਲੇ
ਹੀ ਸ਼ੇਰ ਸਿੰਘ ਨੂੰ ਲਹੌਰ ਆਉਣ ਤੋਂ ਮਨ੍ਹਾਂ ਕਰ ਦਿਤਾ। ਜਦ ਧਿਆਨ ਸਿੰਘ ਨੇ ਸਰਕਾਰ ਦੀ ਮੌਤ
ਬਾਰੇ ਵੀ ਸੁਨੇਹਾ ਭੇਜਿਆ ਤਾਂ ਸ਼ੇਰ ਸਿੰਘ ਦਾ ਇਹੋ ਉਤਰ ਸੀ ਕਿ ਪਹਿਲਾਂ ਇਹ ਯਕੀਨ ਦਵਾਇਆ
ਜਾਵੇ ਕਿ ਉਸ ਨੂੰ ਕੈਦ ਨਹੀਂ ਕੀਤਾ ਜਾਵੇਗਾ। ਸ਼ੇਰ ਸਿੰਘ ਆਪਣੀ ਜਗੀਰ, ਬਟਾਲੇ ਦੇ ਇਲਾਕੇ
ਵਿਚ ਰਹਿ ਕੇ ਵਧੇਰੇ ਖੁਸ਼ ਸੀ। ਅੰਦਰਖਾਤੇ ਸੰਧਾਵਾਲੀਆਂ ਦੇ ਇਰਾਦਿਆਂ ਤੋਂ ਵੀ ਉਹ ਜਾਣੂੰ
ਸੀ। ਧਿਆਨ ਸਿੰਘ ਵਲੋਂ ਕੋਈ ਵੀ ਮਹਾਂਰਾਜਾ ਬਣੇ ਵਜ਼ੀਰੀ ਉਸ ਨੂੰ ਚਾਹੀਦੀ ਸੀ। ਵਜ਼ੀਰੀ
ਕਰਦਿਆਂ ਉਸ ਦੀ ਮਨਮਰਜ਼ੀ ਚਲਣੀ ਚਾਹੀਦੀ ਸੀ ਸੋ ਖੜਕ ਸਿੰਘ ਉਸ ਦੇ ਪੰਜੇ ਵਿਚ ਹੈ ਹੀ ਸੀ।
ਫਿਰ ਕਾਫੀ ਦਿਨਾਂ ਬਾਅਦ ਜਦ ਧਿਆਨ ਸਿੰਘ ਨੂੰ ਯਕੀਨ ਹੋ ਗਿਆ ਕਿ ਹੁਣ ਸ਼ਹਿਜ਼ਾਦਾ ਸ਼ੇਰ
ਸਿੰਘ ਕੁਝ ਨਹੀਂ ਕਰ ਸਕੇਗਾ, ਖਾਲਸਾ ਫੌਜ ਨੇ ਵੀ ਖੜਕ ਸਿੰਘ ਨੂੰ ਮਹਾਂਰਾਜਾ ਮੰਨ ਲਿਆ ਹੈ
ਤਾਂ ਉਹ ਆਪ ਜਾ ਕੇ ਸ਼ੇਰ ਸਿੰਘ ਨੂੰ ਸਰਕਾਰ ਦੀਆਂ ਹੋਰ ਆਖਰੀ ਰਸਮਾਂ ਵਿਚ ਸ਼ਾਮਲ ਹੋਣ ਲਈ
ਲਹੌਰ ਲੈ ਆਇਆ। ਉਸ ਨੇ ਮਹਾਂਰਾਜਾ ਖੜਕ ਸਿੰਘ ਨੂੰ ਕਹਿ ਕੇ ਸ਼ੇਰ ਸਿੰਘ ਦੀ ਜਗੀਰ ਵਿਚ ਇਕ
ਲੱਖ ਰੁਪਏ ਦਾ ਵਾਧਾ ਵੀ ਕਰਾ ਦਿਤਾ ਸੀ ਜਿਸ ਨਾਲ ਉਸ ਨੇ ਸ਼ੇਰ ਸਿੰਘ ਦਾ ਦਿਲ ਵੀ ਜਿੱਤ
ਲਿਆ। ਰਾਜਾ ਧਿਆਨ ਸਿੰਘ ਬਹੁਤ ਤੇਜ਼ ਦਿਮਾਗ ਬੰਦਾ ਸੀ। ਉਸ ਨੂੰ ਇਸ ਨਾਲ ਵਾਸਤਾ ਨਹੀਂ ਸੀ
ਕਿ ਪੰਜਾਬ ਉਪਰ ਕਿਸ ਦੀ ਹਕੂਮਤ ਹੈ, ਉਸ ਨੂੰ ਸਿਰਫ ਇਹ ਸੀ ਕਿ ਵਜ਼ੀਰ ਉਹ ਹੋਣਾ ਚਾਹੀਦਾ
ਹੈ। ਉਸ ਨੇ ਆਪਣੇ ਪੁੱਤਰ ਹੀਰਾ ਸਿੰਘ ਨੂੰ ਵੀ ਵਜ਼ੀਰ ਦੇ ਤੌਰ ‘ਤੇ ਤਿਆਰ ਕਰਨਾ ਸ਼ੁਰੂ ਕਰ
ਦਿਤਾ ਸੀ। ਰਾਜ ਕਿਵੇਂ ਚਲਾਉਣਾ ਹੈ ਇਹ ਸਿਰਫ ਧਿਆਨ ਸਿੰਘ ਹੀ ਜਾਣਦਾ ਸੀ, ਖੜਕ ਸਿੰਘ ਜਾਂ
ਸ਼ੇਰ ਸਿੰਘ ਨਹੀਂ। ਧਿਆਨ ਸਿੰਘ ਤੋਂ ਬਾਅਦ ਹੀਰਾ ਸਿੰਘ ਹੁਣ ਸਮਝਣ ਲਗ ਪਿਆ ਸੀ। ਉਹ ਹਰ
ਵੇਲੇ ਆਪਣੇ ਪਿਤਾ ਨਾਲ ਰਹਿ ਕੇ ਸਿਖਦਾ ਰਹਿੰਦਾ ਸੀ। ਰਾਜਾ ਧਿਆਨ ਸਿੰਘ ਸਮਝਦਾ ਸੀ ਕਿ ਅਜ
ਖੜਕ ਸਿੰਘ ਹੈ ਤੇ ਕੱਲ ਨੂੰ ਸ਼ੇਰ ਸਿੰਘ ਵੀ ਹੋ ਸਕਦਾ ਹੈ, ਸੋ ਹਰ ਇਕ ਨੂੰ ਹੱਥ ਵਿਚ ਰੱਖਣ
ਦੀ ਲੋੜ ਸੀ। ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਲਹੌਰ ਲਿਆ ਕੇ ਧਿਆਨ ਸਿੰਘ ਨੇ ਉਸ ਦਾ ਵਿਸ਼ਵਾਸ
ਵੀ ਜਿੱਤ ਲਿਆ।
ਸਾਰੇ ਪੰਜਾਬ ਵਿਚ ਤੇਰਾਂ ਦਿਨ ਦਾ ਸੋਗ ਐਲਾਨ ਦਿਤਾ ਗਿਆ। ਹੁਣ ਤਕ ਦੇਸ਼ ਦੇ ਕੋਨੇ ਕੋਨੇ ਤਕ
ਸਰਕਾਰ ਦੇ ਚਲਾਣੇ ਦੀ ਖਬਰ ਫੈਲ ਚੁੱਕੀ ਸੀ। ਸਾਰੀਆਂ ਦੁਕਾਨਾਂ ਬੰਦ ਸਨ। ਗੁਰਦਵਾਰਿਆਂ ਵਿਚ
ਭੋਗ ਪਾਏ ਜਾ ਰਹੇ ਸਨ। ਮੰਦਰਾਂ ਵਿਚ ਵੀ ਸਰਕਾਰ ਦੀ ਰੂਹ ਦੀ ਸ਼ਾਂਤੀ ਲਈ ਅਰਦਾਸਾਂ ਕੀਤੀਆਂ
ਜਾ ਰਹੀਆਂ ਸਨ। ਲੋਕ ਸਰਕਾਰ ਦੀ ਚਿਤਾ ਨੂੰ ਮੱਥਾ ਟੇਕਣ ਆ ਰਹੇ ਸਨ। ਬਹੁਤ ਸਾਰੇ ਰੌਸ਼ਨੀ
ਦਰਵਾਜ਼ੇ ਕੋਲ ਖੜੇ ਰੋਂਦੇ ਰਹਿੰਦੇ। ਤੀਜੇ ਦਿਨ ਚਿਤਾ ਠੰਡੀ ਹੋਈ ਤਾਂ ਸਾਰੇ ਅਸਤ ਚੁਗਣ ਲਈ
ਇਕੱਠੇ ਹੋ ਗਏ। ਭਾਵੇਂ ਖੜਕ ਸਿੰਘ ਦੀ ਮਹਾਂਰਾਜਾ ਬਣਨ ਦੀ ਰਸਮ ਪੂਰੀ ਨਹੀਂ ਸੀ ਹੋਈ ਪਰ ਉਹ
ਮਹਾਂਰਾਜੇ ਵਾਲੇ ਫਰਜ਼ ਨਿਭਾਉਣ ਲਗ ਪਿਆ ਸੀ। ਹਿਰਨ ਦੀ ਖੱਲ ਦਾ ਇਕ ਥੈਲਾ ਬਣਾਇਆ ਗਿਆ।
ਸਾਰੇ ਅਸਤ ਇਕੱਠੇ ਕਰਕੇ ਉਸ ਵਿਚ ਪਾਏ ਗਏ। ਇਕ ਵਿਸ਼ੇਸ਼ ਪਾਲਕੀ ਤਿਆਰ ਕਰਵਾਈ ਗਈ ਜਿਸ ਵਿਚ
ਇਹ ਅਸਤ ਹਰਦੁਵਾਰ ਲੈ ਕੇ ਜਾਏ ਜਾਣੇ ਸਨ।
ਅਸਤਾਂ ਵਾਲੀ ਪਾਲਕੀ ਨੂੰ ਇਕ ਵਾਰ ਫਿਰ ਤੋਪਾਂ ਦੀ ਸਲਾਮੀ ਦਿਤੀ ਗਈ। ਸਾਰੀ ਫੌਜ ਰਾਹ ਵਿਚ
ਪੰਕਤੀਆਂ ਬਣਾ ਕੇ, ਆਪਣੇ ਹਥਿਆਰ ਉਲਟੇ ਕਰ ਕੇ ਖੜ ਗਈ। ਆਪਣੀ ਸਰਕਾਰ ਨੂੰ ਆਖਰੀ ਵਾਰੀ
ਅਲਵਿਦਾ ਆਖਦੀ ਲਗਭਗ ਸਾਰੀ ਫੌਜ ਹੀ ਰੋ ਰਹੀ ਸੀ। ਖੜਕ ਸਿੰਘ ਅਸਤ ਪਾਉਣ ਲਈ ਹਰਦੁਵਾਰ ਲਈ
ਤੁਰ ਗਿਆ।...
ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਲਹੌਰ ਆਉਣਾ ਚੰਗਾ ਲਗਿਆ। ਉਸ ਦੇ ਮਨ ਵਿਚ ਕਈ ਸੁਫਨਿਆਂ ਨੇ
ਜਨਮ ਲੈ ਲਿਆ। ਉਸ ਦੇ ਚਾਪਲੂਸ ਵਾਰ ਵਾਰ ਉਸ ਨੂੰ ਯਾਦ ਕਰਾ ਰਹੇ ਸਨ ਕਿ ਖੜਕ ਸਿੰਘ ਵਿਚ ਤਾਂ
ਕੋਈ ਗੁਣ ਹੀ ਨਹੀਂ ਸੀ, ਮਹਾਂਰਾਜਾ ਉਸ ਨੂੰ ਹੀ ਬਣਨਾ ਚਾਹੀਦਾ ਸੀ। ਉਸ ਨੇ ਪੰਜਾਬ ਦਾ ਦੌਰਾ
ਕੀਤਾ ਤੇ ਆਪਣੇ ਹੱਕ ਵਿਚ ਲੋਕਾਂ ਨੂੰ ਜਾਗਰਤ ਕਰਨਾ ਸ਼ੁਰੂ ਕਰ ਦਿਤਾ। ਉਹ ਕਾਂਗੜੇ ਤਕ ਗਿਆ
ਤੇ ਸਤਲੁਜ ਤੋਂ ਪਾਰ ਅੰਗਰੇਜ਼ਾਂ ਤਕ ਵੀ। ਲਹੌਰ ਦੇ ਤਖਤ ਉਪਰ ਅੱਖ ਤਾਂ ਖੜਕ ਸਿੰਘ ਦੇ
ਪੁੱਤਰ ਕੰਵਰ ਨੌਨਿਹਾਲ ਸਿੰਘ ਦੀ ਵੀ ਸੀ। ਕੁੰਵਰ ਨੌਨਿਹਾਲ ਸਿੰਘ ਇਕ ਬਹੁਤ ਹੀ ਜਾਨਬਾਜ਼
ਸਿਪਾਹੀ ਸੀ। ਪਿਸ਼ਾਵਰ ਵਿਚ ਉਸ ਦੀ ਬਹੁਤ ਧਾਂਕ ਸੀ। ਅੰਗਰੇਜ਼ ਵੀ ਉਸ ਦੀ ਬਹਾਦਰੀ ਦੀਆਂ
ਸਿਫਤਾਂ ਕਰਦੇ ਸਨ। ਉਹ ਜਰਨੈਲ ਹਰੀ ਸਿੰਘ ਨਲੂਏ ਦਾ ਚੰਡਿਆ ਹੋਇਆ ਸਿਪਾਹੀ ਸੀ। ਭਾਵੇਂ ਹਾਲੇ
ਉਸ ਦੀ ਉਮਰ ਬਹੁਤੀ ਨਹੀਂ ਸੀ ਪਰ ਆਪਣੀ ਉਮਰ ਤੋਂ ਕਈ ਵੱਡੇ ਵੱਡੇ ਕਾਰਨਾਮੇ ਉਸ ਨੇ ਕੀਤੇ
ਸਨ। ਬਹੁਤ ਸਾਰੇ ਲੋਕ ਕਿਹਾ ਕਰਦੇ ਕਿ ਉਹ ਹੀ ਪੰਜਾਬ ਦੇ ਤਖਤ ਦਾ ਅਸਲੀ ਹੱਕਦਾਰ ਹੈ। ਜੇ
ਸਰਕਾਰ ਅੰਤਿਮ ਵੇਲੇ ਤਕ ਪੂਰੀ ਹੋਸ਼ ਵਿਚ ਹੁੰਦੇ ਤਾਂ ਸ਼ਾਇਦ ਉਹ ਹੀ ਉਹਨਾਂ ਦੀ ਚੋਣ
ਹੁੰਦੀ। ਨੌਨਿਹਾਲ ਸਿੰਘ ਨੇ ਵੀ ਆਪਣੇ ਪਰ ਤੋਲਣੇ ਸ਼ੁਰੂ ਕਰ ਦਿਤੇ ਸਨ। ਉਹ ਸਿਧਾ ਤਾਂ ਗੱਦੀ
‘ਤੇ ਬੈਠ ਨਹੀਂ ਸੀ ਸਕਦਾ, ਖੜਕ ਸਿੰਘ ਰਾਹੀਂ ਹੀ ਗੱਦੀ ਤਕ ਪੁੱਜਿਆ ਜਾ ਸਕਦਾ ਸੀ। ਸਰਕਾਰ
ਦੇ ਸਸਕਾਰ ਤੋਂ ਬਾਅਦ ਹੀ ਕੁੰਵਰ ਨੌਨਿਹਾਲ ਨੂੰ ਪਿਸ਼ਾਵਰ ਖਾਸ ਮੁਹਿੰਮ ਤੇ ਜਾਣ ਦਾ ਸੱਦਾ ਆ
ਗਿਆ ਸੀ। ਜਾਂਦਾ ਹੋਇਆ ਉਹ ਹਿਦਾਇਤ ਕਰ ਗਿਆ ਕਿ ਉਸ ਦੇ ਆਉਣ ‘ਤੇ ਹੀ ਖੜਕ ਸਿੰਘ ਨੂੰ
ਸਿੰਘਾਸਨ ‘ਤੇ ਬੈਠਾਉਣ ਦੀ ਰਸਮ ਕੀਤੀ ਜਾਵੇ।
ਕੁੰਵਰ ਨੌਨਿਹਾਲ ਸਿੰਘ ਦੀ ਇਸ ਹਿਦਾਇਤ ‘ਤੇ ਸਾਰੇ ਹੀ ਡੋਗਰੇ ਇਕ ਦੂਜੇ ਵਲ ਦੇਖਦੇ ਸੋਚਣ
ਲਗੇ ਸਨ। ਸਾਰੇ ਆਪੋ ਆਪਣੀ ਜਗਾਹ ਫਿਕਰਵੰਦ ਸਨ। ਗੁਲਾਬ ਸਿੰਘ ਨੂੰ ਕਸ਼ਮੀਰ ਦਾ ਫਿਕਰ ਸੀ
ਜਿਸ ਉਪਰ ਉਹ ਪੱਕੇ ਤੌਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਰਾਜਾ ਧਿਆਨ ਸਿੰਘ ਨੂੰ ਆਪਣੀ
ਵਜ਼ੀਰੀ ਦਾ ਸੀ ਪਰ ਸੁਚੇਤ ਸਿੰਘ ਨੂੰ ਰਾਣੀ ਜਿੰਦਾਂ ਦਾ ਫਿਕਰ ਸੀ। ਮੌਕਾ ਮਿਲਦੇ ਹੀ ਉਹ
ਰਾਣੀ ਜਿੰਦਾਂ ਨਾਲ ਮੁਲਾਕਾਤ ਕਰਨ ਸੁਮਨ ਬੁਰਜ ਦੇ ਜਨਾਨਾਖਾਨੇ ਵਿਚ ਗਿਆ। ਆਮ ਤੌਰ ‘ਤੇ ਉਹ
ਆਉਂਦਾ ਤਾਂ ਗੋਲੀਆਂ ਥੋੜੀ ਦੂਰ ਹੋ ਕੇ ਖੜ ਜਾਂਦੀਆਂ। ਉਸ ਨੇ ਕਾਫੀ ਸਾਰੀਆਂ ਗੱਲਾਂ ਰਾਣੀ
ਜਿੰਦਾਂ ਨਾਲ ਕਰਨੀਆਂ ਹੁੰਦੀਆਂ ਪਰ ਉਸ ਦਿਨ ਮੋਤੀਆ ਉਹਨਾਂ ਦੇ ਨਜ਼ਦੀਕ ਹੀ ਖੜੀ ਰਹੀ। ਰਾਜਾ
ਸੁਚੇਤ ਸਿੰਘ ਨੇ ਕਿਹਾ,
“ਮਾਈ ਜੀ, ਪੰਜਾਬ ਦੇ ਹਾਲਾਤ ਠੀਕ ਨਹੀਂ, ਲਗਦਾ ਏ ਕਿ ਕੁਝ ਗਲਤ ਹੋਣ ਵਾਲਾ ਏ, ਸ਼ਹਿਜ਼ਾਦਾ
ਸ਼ੇਰ ਸਿੰਘ ਆਪਣੇ ਹੱਕ ਵਿਚ ਲੋਕ ਇਕੱਠੇ ਕਰ ਰਿਹਾ ਏ, ਕੁੰਵਰ ਨੌਨਿਹਾਲ ਸਿੰਘ ਦੇ ਚਾਲੇ ਵੀ
ਠੀਕ ਨਹੀਂ ਜਾਪਦੇ ਤੇ ਮਹਾਰਾਜਾ ਖੜਕ ਸਿੰਘ ਤਾਂ ਜਦੋਂ ਨਸ਼ੇ ਵਿਚ ਹੁੰਦੇ ਨੇ ਉਹਨਾਂ ਦਾ ਪਤਾ
ਨਹੀਂ ਹੁੰਦਾ ਕਿ ਕੀ ਕਰ ਦੇਣ, ਕਿਹੜਾ ਗਲਤ ਕਦਮ ਚੁੱਕ ਲੈਣ, ਮੂੰਹੋਂ ਕਿਹੜਾ ਹੁਕਮ ਸੁਣਾ
ਦੇਣ।”
“ਰਾਜਾ ਜੀ, ਜੋ ਸਤਿਗੁਰੂ ਨੂੰ ਮਨਜ਼ੂਰ, ਸਾਨੂੰ ਤਾਂ ਸ਼ਹਿਜ਼ਾਦੇ ਦਲੀਪ ਦਾ ਬਹੁਤ ਫਿਕਰ ਏ,
ਆਪਸ ਵਿਚ ਲੜਦੇ ਲੜਦੇ ਇਹਦੇ ਦੁਸ਼ਮਣ ਹੀ ਨਾ ਬਣ ਜਾਣ।”
“ਇਵੇਂ ਨਹੀਂ ਹੋਵੇਗੀ, ਜਦ ਤਕ ਮੈਂ ਹਾਂ, ਪੰਜਾਬ ਵਿਚ ਡੋਗਰੇ ਨੇ, ਸ਼ਹਿਜ਼ਾਦਾ ਦਲੀਪ ਸਿੰਘ
ਦੀ ਹਵਾ ਵਲ ਵੀ ਨਹੀਂ ਕੋਈ ਦੇਖ ਸਕਦਾ।”
“ਪਰ ਰਾਜਾ ਜੀ, ਹਵਾ ਇੰਨੀ ਭੈੜੀ ਵਗੀ ਹੋਈ ਏ ਕਿ...।”
“ਮਾਈ ਜੀ, ਮੈਂ ਇਕ ਤਜ਼ਵੀਜ਼ ਲੈ ਕੇ ਆਇਆਂ, ਤਜ਼ਵੀਜ਼ ਨਹੀਂ ਬਲਕਿ ਇਕ ਗੁਜਾਰਿਸ਼ ਏ, ਬੇਨਤੀ
ਏ। ਸਰਕਾਰ ਵਲੋਂ ਲਾਈ ਜਿੰ਼ਮੇਵਾਰੀ ਅਨੁਸਾਰ ਮੈਂ ਚਾਹੁੰਦਾ ਵੀ ਇਹੋ ਹਾਂ ਕਿ ਤੁਸੀਂ ਹੁਣ
ਇਥੇ ਲਹੌਰ ਵਿਚ ਨਹੀਂ ਰਹੋਂਗੇ।”
ਰਾਣੀ ਜਿੰਦਾਂ ਸੋਚਾਂ ਵਿਚ ਪੈ ਗਈ ਕਿ ਰਾਜਾ ਸੁਚੇਤ ਸਿੰਘ ਕੀ ਕਹਿ ਰਿਹਾ ਸੀ। ਜੇ ਉਹ ਲਹੌਰ
ਵਿਚ ਨਹੀਂ ਰਹੇਗੀ ਤਾਂ ਜਾਵਗੀ ਕਿਥੇ। ਉਸ ਦੇ ਮਾਂਪੇ ਤਾਂ ਪਹਿਲਾਂ ਹੀ ਕਮਜ਼ੋਰ ਜਿਹੇ ਲੋਕ
ਹਨ, ਉਸ ਦੀ ਮੱਦਦ ਕੌਣ ਕਰੇਗਾ। ਇਥੇ ਸੁਮਨ ਬੁਰਜ ਦੇ ਜਨਾਨੇ ਖਾਨੇ ਵਿਚ ਜਿਸ ਦਾ ਦਿਲ ਕਰੇ
ਮੂੰਹ ਚੁੱਕ ਕੇ ਆ ਵੜਦਾ ਹੈ ਚਾਹੇ ਉਹ ਖੜਕ ਸਿੰਘ ਹੋਵੇ ਜਾਂ ਕੁੰਵਰ ਨੌਨਿਹਾਲ ਸਿੰਘ। ਉਸ
ਨੂੰ ਸੋਚਾਂ ਵਿਚ ਪਈ ਦੇਖ ਕੇ ਮੋਤੀਆ ਨੇ ਹੌਲੇ ਜਿਹੇ ਰਾਣੀ ਦੇ ਕੰਨ ਵਿਚ ਕਿਹਾ,
“ਰਾਣੀ ਸਾਹਿਬਾ, ਇਹ ਵੇਲਾ ਤਖਤ ਤੋਂ ਦੂਰ ਜਾਣ ਦਾ ਨਹੀਂ, ਸਮਾਂ ਬੜਾ ਬਲਵਾਨ ਏ, ਤੁਹਾਡਾ ਵੀ
ਹੱਕ ਓਨਾ ਈ ਏ ਜਿੰਨਾ ਬਾਕੀਆਂ ਦਾ।”
ਰਾਜਾ ਸੁਚੇਤ ਸਿੰਘ ਨੂੰ ਇਕ ਗੋਲੀ ਦਾ ਰਾਣੀ ਜਿੰਦਾਂ ਦੇ ਕੰਨ ਵਿਚ ਇਵੇਂ ਗੱਲ ਕਰਨਾ ਚੰਗਾ
ਨਾ ਲਗਿਆ ਪਰ ਉਹ ਚੁੱਪ ਰਿਹਾ। ਉਸ ਨੇ ਰਾਣੀ ਜਿੰਦਾਂ ਨੂੰ ਆਪਣੇ ਦਿਲ ਦੀ ਗੱਲ ਕਹਿ ਲੈਣ
ਦਿਤੀ। ਰਾਣੀ ਬੋਲੀ,
“ਰਾਜਾ ਜੀ, ਲਹੌਰ ਦਰਬਾਰ ਇਥੇ ਵੇ, ਤਖਤ ਇਥੇ ਵੇ, ਸਾਨੂੰ ਜੋ ਕੁਝ ਮਿਲਣਾ ਏ ਇਥੋਂ ਈ ਮਿਲਣਾ
ਏ, ਤੇ ਇਸ ਜਗਾਹ ਨੂੰ ਛੱਡ ਕੇ ਅਸੀਂ ਕਿਥੇ ਜਾਵਾਂਗੇ?”
“ਮਾਈ ਜੀ, ਮੈਂ ਸਾਰੀ ਗੱਲ ਸੋਚ ਰੱਖੀ ਏ, ਮੈਨੂੰ ਪਤਾ ਏ ਕਿ ਤੁਹਾਡਾ ਸਭ ਕੁਝ ਇਥੇ ਵੇ, ਮੈਂ
ਤੁਹਾਡੇ ਸਭ ਕੁਝ ਦੀ ਰਖਵਾਲੀ ਕਰਨ ਲਈ ਜਿਉਂ ਵਾਂ। ਮਾਈ ਜੀ, ਮੈਂ ਆਪਣੇ ਪ੍ਰਮਾਤਮਾ ਨੂੰ
ਹਾਜ਼ਰ-ਨਾਜ਼ਰ ਜਾਣ ਕੇ ਕਸਮ ਖਾਂਦਾ ਹਾਂ ਕਿ ਆਖਰੀ ਦਮ ਤਕ ਤੁਹਾਡੇ ਤੇ ਕੁੰਵਰ ਦਲੀਪ ਸਿੰਘ
ਲਈ ਵਫਾਦਾਰ ਰਹਾਂਗਾ ਪਰ ਇਸ ਵੇਲੇ ਤੁਸੀਂ ਸਾਡੀ ਜੰਮੂ ਵਾਲੀ ਹਵੇਲੀ ਵਿਚ ਚਲੇ ਚਲੋ, ਉਥੇ
ਰਹਿ ਕੇ ਸਹੀ ਸਮੇਂ ਦੀ ਉਡੀਕ ਕਰੋ, ਇਸ ਘੁਟਨ ਭਰੇ ਤੇ ਖਤਰਨਾਕ ਮਹੌਲ ਤੋਂ ਦੂਰ ਰਹਿ ਕੇ
ਸ਼ਹਿਜ਼ਾਦਾ ਦਲੀਪ ਸਿੰਘ ਦੀ ਪਰਵਰਿਸ਼ ਕਰੋ।”
“ਜੰਮੂ ਤਾਂ ਲਹੌਰ ਤੋਂ ਬਹੁਤ ਦੂਰ ਪਵੇਗਾ!”
“ਚਾਰ ਦਿਨ ਦਾ ਰਾਹ ਏ ਸਾਰਾ, ਘੋੜੇ ਚੰਗੇ ਹੋਣ ਤਾਂ ਤਿੰਨ ਦਿਨ ਦਾ ਪਰ ਤੁਸੀਂ ਇਸ ਬਾਰੇ
ਫਿਕਰ ਨਾ ਕਰੋ, ਤੁਹਾਨੂੰ ਲਹੌਰ ਦੀ ਹਰ ਖਬਰ ਮਿਲਦੀ ਰਹੇਗੀ, ਮੈਂ ਲਹੌਰ ਵਿਚ ਹੀ ਰਹਾਂਗਾ
ਤੁਹਾਡੇ ਸਾਰੇ ਹਿੱਤਾਂ ਦੀ ਰਾਖੀ ਕਰਾਂਗਾ।”
(ਤਿਆਰੀ ਅਧੀਨ ਨਾਵਲ ‘ਦਸ ਸਾਲ ਦਸ ਯੁੱਗ’ ਵਿਚੋਂ)
-0-
|