ਮੈਰਾਥਨ ਦੌੜ ਬਤਾਲੀ
ਕਿਲੋਮੀਟਰ ਦੀ ਹੁੰਦੀ ਹੈ। ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਿਆਂ ਸੰਤਾਲੀ ਸਾਲ ਹੋ
ਚੱਲੇ ਹਨ। ਜਿਵੇਂ ਮੈਰਾਥਨ ਦੌੜਾਕ ਦੌੜ ਮੁੱਕਣ ਦੇ ਨੇੜੇ ਸਿਰੜ ਨਾਲ ਹੋਰ ਤੇਜ਼ ਦੌੜਨ ਲੱਗਦੇ
ਹਨ ਉਵੇਂ ਮੈਂ ਵੀ ਆਪਣੀ ਲਿਖਣ ਦੀ ਚਾਲ ਹੋਰ ਤੇਜ਼ ਕਰ ਦਿੱਤੀ ਹੈ। ਪਿਛਲੇ ਦਸਾਂ ਸਾਲਾਂ ਤੋਂ
ਹਰੇਕ ਸਾਲ ਮੇਰੀ ਨਵੀਂ ਪੁਸਤਕ ਛਪ ਰਹੀ ਹੈ। ਕਦੇ ‘ਖੇਡ ਜਗਤ ਦੀਆਂ ਬਾਤਾਂ’ ਕਦੇ ‘ਖੇਡ ਮੇਲੇ
ਵੇਖਦਿਆਂ’, ਕਦੇ ‘ਓਲੰਪਿਕ ਖੇਡਾਂ ਦੀ ਸਦੀ’ ਤੇ ਕਦੇ ‘ਕਬੱਡੀ ਕਬੱਡੀ ਕਬੱਡੀ’। ਕਦੇ
‘ਚੋਣਵੇਂ ਪੰਜਾਬੀ ਖਿਡਾਰੀ’, ਕਦੇ ‘ਖੇਡ ਦਰਸ਼ਨ’, ਕਦੇ ‘ਖੇਡ ਪਕਿਰਮਾ’ ਤੇ ਕਦੇ ‘ਖੇਡਾਂ ਦੀ
ਦੁਨੀਆ’। 2009 ਵਿਚ ਆਪਣੀ ਜੀਵਨ ਗਾਥਾ ‘ਹਸੰਦਿਆਂ ਖੇਲੰਦਿਆਂ’ ਲਿਖੀ ਸੀ, ਫਿਰ ‘ਮੇਲੇ
ਕਬੱਡੀ ਦੇ’ ਤੇ ਐਤਕੀਂ ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਛਪਵਾਈ ਹੈ। ਆਉਂਦੇ ਸਾਲ
‘ਜਿਊਂਦੇ ਜਾਗਦੇ’ ਪੰਜਾਬੀਆਂ ਦੇ ਰੇਖਾ ਚਿੱਤਰ ਛਪਣਗੇ।
ਹੁਣ ਤਕ ਮੈਂ ਦੋ ਕੁ ਸੌ ਖਿਡਾਰੀਆਂ ਦੇ ਸ਼ਬਦ ਚਿੱਤਰ ਉਲੀਕ ਸਕਿਆ ਹਾਂ। ਸੌ ਤੋਂ ਵੱਧ ਦੇਸੀ
ਤੇ ਪਰਦੇਸੀ ਖੇਡਾਂ ਦੀ ਜਾਣਕਾਰੀ ਦਿੱਤੀ ਹੈ ਤੇ ਸੌ ਕੁ ਖੇਡ ਮੇਲਿਆਂ ਦੇ ਨਜ਼ਾਰੇ ਬਿਆਨ
ਕੀਤੇ ਹਨ। ਏਸਿ਼ਆਈ ਤੇ ਓਲੰਪਿਕ ਖੇਡਾਂ ਦਾ ਇਤਿਹਾਸ ਲਿਖਿਆ ਹੈ। ਕਾਮਨਵੈਲਥ ਤੇ
ਐਫਰੋ-ਏਸ਼ੀਅਨ ਖੇਡਾਂ ਬਾਰੇ ਤਬਸਰਾ ਕੀਤਾ ਹੈ ਅਤੇ ਵਿਸ਼ਵ ਕੱਪਾਂ ਤੇ ਖੇਡਾਂ ਦੇ ਅਨੇਕਾਂ
ਪੱਖਾਂ ਦੀ ਚਰਚਾ ਛੇੜੀ ਹੈ। ਵਿਚੇ ਖੇਡ ਮੇਲੇ ਵੇਖਣ ਲਈ ਕੀਤੇ ਦੇਸ ਪਰਦੇਸ ਦੇ ਸਫ਼ਰਾਂ ਦਾ
ਹਾਲ ਹੈ ਤੇ ਵਿਚੇ ਹਾਸਾ ਖੇਡਾ ਤੇ ਵਿਅੰਗ ਹੈ। ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਲਿਖਣ
ਦੇ ਨਾਲ ‘ਫੇਰੀ ਵਤਨਾਂ ਦੀ’ ਲਿਖੀ ਹੈ। ‘ਪਿੰਡ ਦੀ ਸੱਥ ‘ਚੋਂ’ ਦੇ ਨਾਲ ‘ਬਾਤਾਂ ਵਤਨ ਦੀਆਂ’
ਪਾਈਆਂ ਹਨ।
ਖੇਡਾਂ ਦੀ ਦੁਨੀਆ ਬੜੀ ਵਚਿੱਤਰ ਤੇ ਬਹੁਰੰਗੀ ਹੈ। ਸੈਂਕੜੇ ਹਜ਼ਾਰਾਂ ਖੇਡਾਂ ਜਲ, ਥਲ, ਬਰਫ਼
ਤੇ ਹਵਾ ਵਿਚ ਖੇਡੀਆਂ ਜਾ ਰਹੀਆਂ ਹਨ। ਕਿਤੇ ਜੁੱਸੇ ਦੇ ਜ਼ੋਰ ਦੀ ਪਰਖ ਹੈ, ਕਿਤੇ ਦਿਮਾਗ ਦੇ
ਤੇਜ਼ ਹੋਣ ਦੀ ਤੇ ਕਿਤੇ ਚੁਸਤੀ ਫੁਰਤੀ ਦੀ। ਪੰਜਾਬ ਦੀਆਂ ਦੇਸੀ ਖੇਡਾਂ ਦੀ ਗਿਣਤੀ ਹੀ ਸੌ
ਤੋਂ ਵੱਧ ਹੈ ਜਿਨ੍ਹਾਂ ‘ਚੋਂ ਸਤਾਸੀ ਖੇਡਾਂ ਦੀ ਜਾਣਕਾਰੀ ਮੈਂ ਆਪਣੀ ਪੁਸਤਕ ‘ਪੰਜਾਬ ਦੀਆਂ
ਦੇਸੀ ਖੇਡਾਂ’ ਵਿਚ ਦਿੱਤੀ ਹੈ। ਕੁਲ ਆਲਮ ਦੀਆਂ ਹਜ਼ਾਰਾਂ ਖੇਡਾਂ ‘ਚੋਂ ਤੀਹ ਪੈਂਤੀ ਖੇਡਾਂ
ਹੀ ਹਨ ਜਿਨ੍ਹਾਂ ਦੇ ਮੁਕਾਬਲੇ ਮਹਾਂਦੀਪਾਂ ਤੇ ਓਲੰਪਿਕ ਪੱਧਰ ‘ਤੇ ਹੋਣ ਲੱਗੇ ਹਨ। ਖੇਡਾਂ
ਵਿਚ ਸੱਟਾਂ ਫੇਟਾਂ ਵੀ ਹਨ ਤੇ ਛੋਟੇ ਵੱਡੇ ਇਨਾਮ ਵੀ ਹਨ। ਖੇਡਦਿਆਂ ਕਿਸੇ ਖਿਡਾਰੀ ਦੀ ਮੌਤ
ਵੀ ਹੋ ਸਕਦੀ ਹੈ। ਕਈ ਖੇਡਾਂ ਜਾਨ ਜੋਖਮ ਵਾਲੀਆਂ ਹਨ ਜਿਨ੍ਹਾਂ ਲਈ ਸੇਫ ਗਾਰਡ ਵਰਤੇ ਜਾਂਦੇ
ਹਨ। ਖੇਡਾਂ ਦੇ ਆਲਮ ਤੇ ਗੱਲਾਂ ਦਾ ਕੋਈ ਪਾਰਾਵਾਰ ਨਹੀਂ।
ਆਪਣੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਦੀ ਭੂਮਿਕਾ ਮੈਂ ‘ਪਹੁਫੁਟਾਲਾ’ ਦੇ
ਸਿਰਲੇਖ ਹੇਠ ਬੰਨ੍ਹੀ ਸੀ। ਉਸ ਦੀਆਂ ਅੰਤਲੀਆਂ ਸਤਰਾਂ ਸਨ, “ਮੇਰੀ ਤਕੜਾ ਖਿਡਾਰੀ ਬਣਨ ਦੀ
ਰੀਝ ਸੀ ਜੋ ਪੂਰੀ ਨਹੀਂ ਹੋਈ। ਜੋ ਕੁਝ ਮੈਂ ਸਰੀਰ ਨਾਲ ਨਹੀਂ ਕਰ ਸਕਿਆ, ਉਹ ਕੁਝ ਕਲਮ ਨਾਲ
ਕਰਨ ਦੀ ਕੋਸਿ਼ਸ਼ ਕਰ ਰਿਹਾਂ। ਇਹ ਤਾਂ ਸਮਾਂ ਹੀ ਦੱਸੇਗਾ, ਮੇਰੀ ਸੀਮਾ ਕਿਥੇ ਤਕ ਹੈ? ਹਥਲੀ
ਪੁਸਤਕ ਮੇਰੀ ਲਿਖਤ ਦਾ ਪਹੁਫੁਟਾਲਾ ਹੈ ਤੇ ਇਹ ਮੈਂ ਉਨ੍ਹਾਂ ਮਾਵਾਂ ਨੂੰ ਸਮਰਪਣ ਕਰਦਾ ਹਾਂ
ਜਿਨ੍ਹਾਂ ਪੀੜਾਂ ਜਰ ਕੇ ਜੋਧੇ ਖਿਡਾਰੀ ਜਨਮੇ ਹਨ।”
ਦੂਜੀ ਪੁਸਤਕ ‘ਖੇਡ ਸੰਸਾਰ’ ਦੇ ਮੁਖ ਬੰਦ ਦਾ ਨਾਂ ਮੈਂ ‘ਪਹੁਫੁਟਾਲੇ ਪਿਛੋਂ’ ਰਖਿਆ ਸੀ। ਉਸ
ਦਾ ਮੁਢਲਾ ਪੈਰਾ ਸੀ, “ਖੇਡਾਂ ਦੀ ਆਪਣੀ ਖਿੱਚ ਹੈ ਤੇ ਆਪਣਾ ਮਹੱਤਵ। ਇਹ ਤਾਕਤ, ਤੰਦਰੁਸਤੀ
ਤੇ ਸੁਹੱਪਣ ਦਾ ਸੋਮਾ ਹਨ ਅਤੇ ਇਹਨਾਂ ਨਾਲ ਦੀ ਹੋਰ ਕੋਈ ਨੇਅਮਤ ਨਹੀਂ। ਇਹ ਕੌਮਾਂ ਦੀ ਸਿਹਤ
ਦਾ ਅਜ਼ਮਾਇਆ ਸਾਧਨ ਹਨ। ਖੇਡਾਂ ਦੀ ਚੜ੍ਹਤ ਕਿਸੇ ਰਾਸ਼ਟਰ ਦੇ ਰਾਜ਼ੀ ਬਾਜ਼ੀ ਹੋਣ ਦਾ ਸਬੂਤ
ਹੁੰਦੀ ਹੈ। ਖੇਡਾਂ ਵਿਚ ਮਨਪਰਚਾਵਾ ਵੀ ਹੈ ਅਤੇ ਜ਼ੋਰ ਤੇ ਜੁਗਤ ਦਾ ਪਰਤਿਆਵਾ ਵੀ। ਇਹ
ਖਿਡਾਰੀਆਂ ਦੇ ਜੁੱਸਿਆਂ ਨੂੰ ਸਡੌਲਤਾ ਵਿਚ ਢਾਲ ਕੇ ਦਿਲਕਸ਼ ਬਣਾ ਦਿੰਦੀਆਂ ਹਨ ਤੇ ਮਨੁੱਖੀ
ਸੁਹਜ ਸੁਆਦ ਵਿਚ ਵਾਧਾ ਕਰਦੀਆਂ ਹਨ।”
ਤੀਜੀ ਪੁਸਤਕ ‘ਖੇਡ ਜਗਤ ਵਿਚ ਭਾਰਤ’ ਦੀ ਭੂਮਿਕਾ ਮੈਂ ‘ਖੇਡ ਜਗਤ ਦੀ ਗੱਲ’ ਨਾਲ ਸ਼ੁਰੂ
ਕੀਤੀ ਤੇ ਲਿਖਿਆ, “ਮਨੁੱਖ ਦੀ ਸ਼ਕਤੀ ਤੇ ਸਾਹਸ ਦਾ ਕੋਈ ਸਿਰਾ ਨਹੀਂ। ਬੰਦੇ ਦੇ ਬੁਲੰਦ
ਜੇਰੇ ਅੱਗੇ ਐਵਰੈਸਟ ਜਿਹੀਆਂ ਚੋਟੀਆਂ ਦੀ ਉਚਾਈ ਵੀ ਤੁੱਛ ਹੈ। ਮਨੁੱਖ ਜੂਝਣ ਲਈ ਪੈਦਾ ਹੋਇਆ
ਹੈ। ਮੁੱਢ ਕਦੀਮ ਤੋਂ ਮਨੁੱਖ ਦੇ ਜਾਏ ਪ੍ਰਕਿਰਤਕ ਸ਼ਕਤੀਆਂ ਨਾਲ ਜੂਝਦੇ ਆਏ ਹਨ। ਖੇਡਾਂ
ਮਨੁੱਖ ਦੀ ਜੁਝਾਰ ਸ਼ਕਤੀ ਵਿਚ ਵਾਧਾ ਕਰਨ ਲਈ ਹਨ। ਖੇਡ ਮੈਦਾਨਾਂ ਵਿਚ ਬੰਦੇ ਦੀ ਲਗਨ,
ਦ੍ਰਿੜਤਾ ਤੇ ਜਿੱਤਾਂ ਜਿੱਤਣ ਲਈ ਸਿਰੜ ਦਾ ਪਤਾ ਲੱਗਦਾ ਹੈ। ਮਨੁੱਖ ਫਤਿਹ ਹਾਸਲ ਕਰਨ ਲਈ
ਜੰਮਿਆ ਹੈ। ਉਹ ਅੰਦਰ ਤੇ ਬਾਹਰ ਸਭਨਾਂ ਤਾਕਤਾਂ ਨੂੰ ਜਿੱਤ ਲੈਣਾ ਲੋਚਦਾ ਹੈ। ਇਕ ਪਾਸੇ ਉਹ
ਮਨ ਜਿੱਤਣ ਦੇ ਆਹਰ ਵਿਚ ਹੈ ਤੇ ਦੂਜੇ ਪਾਸੇ ਜੱਗ ਜਿੱਤਣ ਦੇ। ਉਹ ਧਰਤੀ ਤੇ ਸਾਗਰ ਗਾਹੁਣ
ਪਿਛੋਂ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣਾ ਚਾਹੁੰਦਾ ਹੈ।
“ਮਨੁੱਖ ਦੇ ਅਗਾਂਹ ਲੰਘ ਜਾਣ ਤੇ ਆਪਣੀ ਹੋਂਦ ਜਤਲਾਉਣ ਦੀ ਤਾਂਘ ਨੂੰ ਖੇਡਾਂ ਭਰਪੂਰ
ਹੁੰਘਾਰਾ ਦਿੰਦੀਆਂ ਹਨ। ਖੇਡਾਂ ਦਾ ਸਾਰਾ ਇਤਿਹਾਸ ਮਨੁੱਖੀ ਵੰਗਾਰ ਤੇ ਉਸ ਦਾ ਮੁਕਾਬਲਾ ਕਰਨ
ਦੀ ਕਥਾ ਹੈ। ਭਾਰਤ ਵਾਸੀਆਂ ਨੇ ਖੇਡਾਂ ਦੇ ਖੇਤਰ ਵਿਚ ਜੋ ਘਾਲਣਾਂ ਘਾਲੀਆਂ ਤੇ ਪ੍ਰਾਪਤੀਆਂ
ਕੀਤੀਆਂ ਉਹ ਹਥਲੀ ਪੁਸਤਕ ਵਿਚ ਹਾਜ਼ਰ ਹਨ। ਆਸ ਹੈ ਭਾਰਤ ਦੇ ਨੌਜੁਆਨ ਜੇਤੂਆਂ ਦਾ ਜਿ਼ਕਰ
ਪੜ੍ਹ ਕੇ ਨਵੀਆਂ ਜਿੱਤਾਂ ਵੱਲ ਮੂੰਹ ਕਰਨਗੇ। ਜੁਆਨ ਹੋ ਰਹੀ ਪੀੜ੍ਹੀ ਦੀ ਸ਼ਕਤੀ ਝੱਖੜ ਵਾਂਗ
ਹੁੰਦੀ ਹੈ ਤੇ ਝੱਖੜ ਜਿਧਰ ਮੂੰਹ ਕਰ ਲਏ ਰੁਕਦਾ ਨਹੀਂ।”
ਆਪਣੀ ਚੌਥੀ ਪੁਸਤਕ ‘ਪੰਜਾਬੀ ਖਿਡਾਰੀ’ ਮੈਂ ਉਨ੍ਹਾਂ ਖਿਡਾਰੀਆਂ ਨੂੰ ਸਮਰਪਿਤ ਕੀਤੀ ਜਿਹੜੇ
ਜੇਤੂਆਂ ਸੰਗ ਜੂਝੇ ਤੇ ਉਨ੍ਹਾਂ ਨੂੰ ਜਿੱਤ-ਮੰਚਾਂ ਉਤੇ ਚੜ੍ਹਾਉਣ ਵਿਚ ਸਹਾਈ ਹੋਏ ਪਰ
ਉਨ੍ਹਾਂ ਦਾ ਕਿਸੇ ਨਾਂ ਨਹੀਂ ਲਿਆ। ਉਸ ਵਿਚ ਪੰਜਾਹ ਚੈਂਪੀਅਨ ਖਿਡਾਰੀਆਂ ਦੇ ਰੇਖਾ ਚਿੱਤਰ
ਹਨ ਤੇ ਉਹ ਸਚਿੱਤਰ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਦੇ ਨਾਲ ਅੰਗਰੇਜ਼ੀ
ਵਿਚ ਵੀ ਪ੍ਰਕਾਸ਼ਤ ਕੀਤੀ ਹੈ।
ਮੈਥੋਂ ਅਕਸਰ ਪੁਛਿਆ ਜਾਂਦੈ ਕਿ ਮੈਂ ਕਹਾਣੀਆਂ ਲਿਖਦਾ ਖੇਡ ਰਚਨਾ ਵੱਲ ਕਿਵੇਂ ਆਇਆ? ਕੀ ਮੈਂ
ਖ਼ੁਦ ਖਿਡਾਰੀ ਸਾਂ, ਖੇਡ ਅਧਿਕਾਰੀ ਜਾਂ ਖੇਡਾਂ ਦਾ ਕੋਚ? ਕਦੇ ਕਦੇ ਮੈਨੂੰ ਕੋਈ ਚਿੱਠੀ
ਅਜਿਹੀ ਵੀ ਆਉਂਦੀ ਜਿਸ ਦੇ ਸਿਰਨਾਵੇਂ ‘ਤੇ ਲਿਖਿਆ ਹੁੰਦਾ ਸਰਵਣ ਸਿੰਘ ਖੇਡ ਇਨਚਾਰਜ। ਉਹ
ਮੈਨੂੰ ਕਾਲਜ ਵਿਚ ਡੀ. ਪੀ. ਈ. ਜਾਂ ਸਰੀਰਕ ਸਿੱਖਿਆ ਦਾ ਲੈਕਚਰਾਰ ਸਮਝਦੇ। ਇਹ ਗੱਲ ਘੱਟ ਹੀ
ਪਾਠਕ ਜਾਣਦੇ ਹੋਣਗੇ ਕਿ ਕਿੱਤੇ ਵਜੋਂ ਮੈਂ ਪੰਜਾਬੀ ਦਾ ਲੈਕਚਰਾਰ ਤੇ ਕਾਲਜ ਦਾ ਪਿੰ੍ਰਸੀਪਲ
ਰਿਹਾ। ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਤੇ ਕਬੱਡੀ ਦੀ ਕੁਮੈਂਟਰੀ ਕਰਨੀ ਮੇਰਾ ਸ਼ੌਕ ਹੈ।
ਉਂਜ ਹਾਲਤ ਇਹ ਹੈ ਕਿ ਸ਼ੌਕ ਹੀ ਮੇਰਾ ਕਿੱਤਾ ਬਣਿਆ ਹੋਇਐ। ਖੇਡਾਂ ਤੇ ਖਿਡਾਰੀਆਂ ਬਾਰੇ ਮੈਂ
ਗਿਣ ਮਿਥ ਕੇ ਨਹੀਂ ਸਾਂ ਲਿਖਣ ਲੱਗਾ। ਮੇਰੇ ਨਾਲ ਤਾਂ ਉਵੇਂ ਹੋਈ ਜਿਵੇਂ ਸੁੰਘਿਆ ਸੀ ਫੁੱਲ
ਕਰ ਕੇ ਰੌਂਅ ਗਿਆ ਹੱਡਾਂ ਵਿਚ ਸਾਰੇ।
ਮਈ 1966 ਦੀ ਗੱਲ ਹੈ। ਮੈਂ ਓਦੋਂ ਦਿੱਲੀ ਦੇ ਖ਼ਾਲਸਾ ਕਾਲਜ ਵਿਚ ਪੜ੍ਹਾਉਂਦਾ ਸਾਂ ਤੇ
ਗਰਮੀਆਂ ਦੀਆਂ ਛੁੱਟੀਆਂ ਕਾਰਨ ਪਿੰਡ ਆਇਆ ਹੋਇਆ ਸਾਂ। ਮੈਂ ਖ਼ਬਰ ਪੜ੍ਹੀ ਕਿ ਪਟਿਆਲੇ ਦੇ
ਕੌਮੀ ਖੇਡ ਇੰਸਟੀਚਿਊਟ ਵਿਚ ਕਿੰਗਸਟਨ ਦੀਆਂ ਕਾਮਨਵੈਲਥ ਖੇਡਾਂ ਲਈ ਕੌਮੀ ਪੱਧਰ ਦੇ ਅਥਲੀਟਾਂ
ਦਾ ਕੋਚਿੰਗ ਕੈਂਪ ਲੱਗਾ ਹੈ। ਉਨ੍ਹਾਂ ਵਿਚ ਕੁਝ ਅਥਲੀਟ ਮੇਰੇ ਵਾਕਫ਼ ਸਨ ਜਿਨ੍ਹਾਂ ਨਾਲ ਮੈਂ
ਖ਼ੁਦ ਖੇਡ ਅਭਿਆਸ ਕਰਦਾ ਰਿਹਾ ਸਾਂ। ਉਹਨੀਂ ਦਿਨੀਂ ਬਲਵੰਤ ਗਾਰਗੀ ਦੀ ਪੁਸਤਕ ‘ਨਿੰਮ ਦੇ
ਪੱਤੇ’ ਚਰਚਿਤ ਸੀ ਤੇ ਉਸ ਵਿਚਲੇ ਸਾਹਿਤਕਾਰਾਂ ਦੇ ਰੇਖਾ ਚਿਤਰਾਂ ਨੇ ਮੈਨੂੰ ਖਿਡਾਰੀਆਂ ਦੇ
ਰੇਖਾ ਚਿੱਤਰ ਲਿਖਣ ਲਈ ਟੁੰਬ ਦਿੱਤਾ ਸੀ। ਖ਼ਬਰ ਪੜ੍ਹ ਕੇ ਮੇਰੇ ਮਨ ‘ਚ ਆਈ ਕਿ ਕੋਚਿੰਗ
ਕੈਂਪ ਵਿਚ ਇਕੱਠੇ ਹੋਏ ਨਾਮੀ ਅਥਲੀਟਾਂ ਨਾਲ ਮੇਲ ਮਿਲਾਪ ਦਾ ਸੁਨਹਿਰੀ ਮੌਕਾ ਹੈ ਤੇ ਮੈਂ
ਪਟਿਆਲੇ ਨੂੰ ਚੱਲ ਪਿਆ।
ਪਟਿਆਲੇ ਖਿਡਾਰੀਆਂ ਦੇ ਰਹਾਇਸ਼ੀ ਕਮਰਿਆਂ ਵਿਚ ਤਣੀਆਂ ‘ਤੇ ਕੱਛੇ, ਬੁਨੈਣਾਂ ਤੇ ਜਾਂਘੀਏ
ਸੁੱਕਣੇ ਪਾਏ ਹੋਏ ਸਨ। ਉਥੇ ਮੁੜ੍ਹਕੇ ਦੀ ਮਹਿਕ ਪਸਰੀ ਹੋਈ ਸੀ। ਕਿੱਲੀਆਂ ‘ਤੇ ਰੰਗਦਾਰ
ਧਾਰੀਆਂ ਵਾਲੇ ਨੀਲੇ-ਲਾਲ ਟਰੈਕ ਸੂਟ ਲਟਕ ਰਹੇ ਸਨ। ਹੇਠਾਂ ਰੰਗ ਬਰੰਗੇ ਦੌੜਨ ਵਾਲੇ ਬੂਟ ਪਏ
ਸਨ। ਉਥੇ ਖ਼ੁਸ਼-ਦਿਲ ਪਰਵੀਨ ਕੁਮਾਰ ਸੀ, ਸ਼ੌਂਕੀ ਮਹਿੰਦਰ ਗਿੱਲ, ਹਸਦਾ ਹਸਾਉਂਦਾ ਅਜਮੇਰ
ਮਸਤ ਤੇ ਚੁੱਪ ਕੀਤਾ ਲਾਭ ਸਿੰਘ। ਨਿਰਮਲ ਸਿੰਘ ਦੇ ਪੱਟ ਉਤੇ ਸੱਪ ਖੁਣਿਆ ਹੋਇਆ ਸੀ ਤੇ
ਗੁਰਬਚਨ ਰੰਧਾਵਾ ਲੱਤ ਚੁੱਕ ਕੇ ਤਾੜੀ ਮਾਰਦਾ ਸੀ। ਜਰਨੈਲ ਸਿੰਘ ਅਮਲੀਆਂ ਵਾਂਗ ਨਿਢਾਲ ਪਿਆ
ਸੀ ਤੇ ਜੋਗਿੰਦਰ ਸਿੰਘ ਮੋਚਣੇ ਨਾਲ ਮੁੱਛਾਂ ਦੇ ਵਾਲ ਸੰਵਾਰ ਰਿਹਾ ਸੀ। ਬਲਵੰਤ ਸਿੰਘ ਨੇ
ਸ਼ੱਕਰ ਘੋਲ ਕੇ ਸ਼ਰਬਤ ਪਿਆਇਆ ਤੇ ਬਲਦੇਵ ਸਿੰਘ ਨੇ ਬਦਾਮ ਖੁਆਏ।
ਚਾਰ ਪੰਜ ਰਾਤਾਂ ‘ਕਾਰਨਰ’ ਹੋਟਲ ਵਿਚ ਕੱਟਣ ਪਿਛੋਂ ਮੇਰਾ ਮਹਿੰਦਰਾ ਕਾਲਜ ਦੇ ਸੁੰਨੇ ਪਏ
ਹੋਸਟਲ ਵਿਚ ਰਹਿਣ ਦਾ ਜੁਗਾੜ ਬਣ ਗਿਆ। ਸਾਰਾ ਦਿਨ ਅਥਲੀਟਾਂ ਸੰਗ ਬਿਤਾਉਣ ਪਿਛੋਂ ਮੈਂ
ਹੋਸਟਲ ਦੇ ਸੁੰਨੇ ਅਹਾਤੇ ਵਿਚ ਬਲਬ ਜਗਾ ਕੇ ਡਾਇਰੀ ‘ਤੇ ਲਿਖਣ ਲੱਗਦਾ ਤਾਂ ਮੱਛਰ ਮੇਰੇ
ਦੁਆਲੇ ਮੰਡਰਾਉਣ ਲਗਦਾ। ਮੈਂ ਵੀਹ ਦਿਨਾਂ ਵਿਚ ਵੀਹ ਬਾਈ ਖਿਡਾਰੀਆਂ ਬਾਰੇ ਦੋ ਢਾਈ ਸੌ
ਸਫਿ਼ਆਂ ਦੇ ਨੋਟਿਸ ਲੈ ਲਏ।
ਇਕ ਦਿਨ ਮੈਂ ਟਰੈਕ ਦੀਆਂ ਪੌੜੀਆਂ ‘ਤੇ ਬੈਠਾ ਕੁਝ ਨੋਟ ਕਰ ਰਿਹਾ ਸਾਂ ਕਿ ਨੇੜੇ ਹੀ ਬੈਠੇ
ਅਥਲੀਟ ਗੱਲਾਂ ਕਰਨ ਲੱਗੇ। ਅਜਮੇਰ ਮਸਤ ਕਹਿਣ ਲੱਗਾ, “ਉਹ ਜਿਹੜਾ ਲੰਡੂ ਜਿਆ ਅਫਸਰ ਐ ਨਾ,
ਟੁੱਟੇ ਜੇ ਲੱਕ ਆਲਾ, ਸਫ਼ਰ ਥਰਡ ਕਲਾਸ ਕਰਦਾ ਤੇ ਟੀ. ਏ. ਫਸਟ ਕਲਾਸ ਦਾ ਲੈਂਦਾ। ਪਰ ਸਾਨੂੰ
ਪਾਈਆ ਦੁੱਧ ਵਧਾਉਂਦੇ ਦੀ ਜਾਨ ਨਿਕਲਦੀ ਆ।”
ਮੇਰੀ ਡਾਇਰੀ ਖੋਲ੍ਹੀ ਹੋਈ ਸੀ। ਗੁਰਬਚਨ ਰੰਧਾਵੇ ਦੀ ਨਿਗ੍ਹਾ ਮੇਰੇ ‘ਤੇ ਪਈ ਤਾਂ ਉਹ ਉਚੀ
ਦੇਣੀ ਬੋਲਿਆ, “ਵੀਰਾ ਕਿਤੇ ਇਹ ਨਾ ਲਿਖ ਦੇਈਂ। ਇਹ ਤਾਂ ਅਸੀਂ ਹਸਦੇ ਆਂ, ਹੋਰ ਨਾ ਕਿਤੇ
ਪਾਈਏ ਦੁੱਧ ਤੋਂ ਵੀ ਜਾਈਏ?”
ਦਿੱਲੀ ਪਰਤ ਕੇ ਮੈਂ ਸਭ ਤੋਂ ਪਹਿਲਾਂ ਗੁਰਬਚਨ ਸਿੰਘ ਦਾ ਹੀ ਰੇਖਾ ਚਿੱਤਰ ਲਿਖਿਆ ਜੋ ਉਸ
ਸਮੇਂ ਦਾ ਅੱਵਲ ਨੰਬਰ ਅਥਲੀਟ ਸੀ। ਉਹ ਡਿਕੈਥਲਨ ਦਾ ਏਸ਼ੀਆ ਚੈਂਪੀਅਨ ਸੀ ਤੇ ਹਰਡਲਾਂ ਦੀ
ਦੌੜ ਵਿਚੋਂ ਓਲੰਪਿਕ ਖੇਡਾਂ ‘ਚ ਪੰਜਵੇਂ ਨੰਬਰ ‘ਤੇ ਆਇਆ ਸੀ। ਉਹਦਾ ਸਿਰਲੇਖ ਮੈਂ ‘ਮੁੜ੍ਹਕੇ
ਦਾ ਮੋਤੀ’ ਰਖਿਆ ਜੀਹਨੂੰ ਸਾਹਿਤਕ ਪਰਚੇ ‘ਆਰਸੀ’ ਨੇ ਛਾਪਿਆ। ਉਸ ਦਾ ਅਰੰਭ ਇਸ ਤਰ੍ਹਾਂ ਸੀ,
“ਗੁਰਬਚਨ ਸਿੰਘ ਜਿੰਨਾ ਤਕੜਾ ਅਥਲੀਟ ਹੈ ਉਨਾ ਹੀ ਤਕੜਾ ਗਾਲੜੀ। ਉਹ ਇਕੋ ਸਾਹ ਪਿੰਡਾਂ ਦੀ
ਰੂੜੀ ਮਾਰਕਾ ਤੋਂ ਲੈ ਕੇ ਓਲੰਪਿਕ ਦੀ ਫਾਈਨਲ ਦੌੜ ਤਕ ਗੱਲਾਂ ਕਰੀ ਜਾਵੇਗਾ...।”
ਆਰਟੀਕਲ ਛਪਣ ਪਿਛੋਂ ਗੁਰਬਚਨ ਮੈਨੂੰ ਕਨਾਟ ਪਲੇਸ ਵਿਚ ਮਿਲਿਆ ਤੇ ਪੈਂਦੀ ਸੱਟੇ, ‘ਉਹ ਕੀ
ਲਿਖ ਮਾਰਿਆ ਈ ਭਾਊ’ ਦਾ ਉਲਾਂਭਾ ਦੇ ਕੇ ਬਿਨਾਂ ਹੱਥ ਮਿਲਾਏ ਚਲਦਾ ਬਣਿਆ। ਉਸੇ ਆਰਟੀਕਲ ਵਿਚ
ਮੈਂ ਅੱਗੇ ਜਾ ਕੇ ਲਿਖਿਆ ਸੀ, “ਅਥਲੈਟਿਕਸ ਗੁਰਬਚਨ ਸਿੰਘ ਦੇ ਲਹੂ ਵਿਚ ਹੈ। ਇਹਦੇ ਵਿਚ
ਅੱਗੇ ਤੋਂ ਅੱਗੇ ਆਉਣ ਲਈ ਉਹਨੇ ਦਿਨ ਰਾਤ ਮੁੜ੍ਹਕਾ ਡੋਲ੍ਹਿਆ ਹੈ ਤੇ ਹੁਣ ਉਹ ਹਰਡਲਾਂ ਉਤੇ
ਬਾਜ ਵਾਂਗ ਉਡ ਰਿਹੈ...!
ਹੱਸ ਹੱਸ ਮਿਲਦੇ ਉਸ ਸੋਹਣੇ ਸੱਜਣ ਨੂੰ ਰੋਸੇ ਵਿਚ ਰੁਖ਼ਸਤ ਹੋ ਗਿਆ ਤਕ ਕੇ ਮੇਰੀਆਂ ਅੱਖਾਂ
ਭਰ ਆਈਆਂ ਤੇ ਮੈਂ ਵਰਾਂਡੇ ਦੀ ਨੁੱਕਰ ਵਿਚ ਜਾ ਖੜ੍ਹਾ ਹੋਇਆ।
ਉਧਰੋਂ ਆਰਸੀ ਦੇ ਐਡੀਟਰ ਭਾਪਾ ਪ੍ਰੀਤਮ ਸਿੰਘ ਦਾ ਫੋਨ ਆਇਆ ਕਿ ਕਿਸੇ ਹੋਰ ਖਿਡਾਰੀ ਦਾ ਰੇਖਾ
ਚਿਤਰ ਵੀ ਭੇਜੋ। ਮੈਂ ਪਰਵੀਨ ਕੁਮਾਰ ਬਾਰੇ ਲਿਖਿਆ ਤੇ ਉਹਦਾ ਸਿਰਲੇਖ ‘ਧਰਤੀ ਧੱਕ’ ਰੱਖਿਆ।
ਉਸ ਨੂੰ ਆਰਸੀ ਨੇ ਮੂਹਰੇ ਕਰ ਕੇ ਛਾਪਿਆ। ਪਾਠਕਾਂ ਨੇ ਰੱਜਵੀਂ ਪਰਸੰਸਾ ਕੀਤੀ। ਪਰਵੀਨ ਦੀਆਂ
ਗੱਲਾਂ ਬਾਤਾਂ ਹਾਸੇ ਮਖੌਲ ਨਾਲ ਲੱਦੀਆਂ ਹੋਈਆਂ ਸਨ। ਮੈਂ ਵੀ ਕਸਰ ਨਹੀਂ ਸੀ ਛੱਡੀ। ਲਿਖਿਆ
ਸੀ, “ਸਵਾ ਕੁਇੰਟਲ ਦਾ ਪਰਵੀਨ ਜਦੋਂ ਰੇਡੀਓ ਦੇ ਗਾਣੇ ‘ਤੇ ਨਚਦਾ ਹੈ ਤਾਂ ਮੋਢਿਆਂ ਨਾਲ ਲੱਕ
ਵੀ ਹਿਲਾਉਂਦਾ ਹੈ। ਉਹਦਾ ਹਿਲਦਾ ਲੱਕ ਇਓਂ ਲਗਦਾ ਹੈ ਜਿਵੇਂ ਬੋਰੀ ਹਿਲਦੀ ਹੋਵੇ!”
ਫਿਰ ‘ਅੱਗ ਦੀ ਨਾਲ’ ਛਪਿਆ ਤਾਂ ਇਕ ਪਾਠਕ ਨੇ ਲਿਖਿਆ, “ਸਰਦਾਰਾ ਤਾਂ ਅੱਗ ਦੀ ਨਾਲ ਹੈ ਈ,
ਮੈਨੂੰ ਲਿਖਣ ਵਾਲਾ ਵੀ ਘੱਟ ਨਹੀਂ ਲਗਦਾ।”
ਮੇਰਾ ਹੌਂਸਲਾ ਵਧ ਗਿਆ ਤੇ ਮੈਂ ‘ਸ਼ਹਿਦ ਦਾ ਘੁੱਟ’, ‘ਅਲਸੀ ਦਾ ਫੁੱਲ’, ‘ਕਲਹਿਰੀ ਮੋਰ’,
‘ਪੱਤੋ ਵਾਲਾ’ ਤੇ ‘ਪੌਣ ਦਾ ਹਾਣੀ’ ਆਦ ਦਸ ਬਾਰਾਂ ਰੇਖਾ ਚਿਤਰ ਆਰਸੀ ਲਈ ਲਗਾਤਾਰ ਲਿਖੇ।
ਪੜ੍ਹਦਿਆਂ ਲਿਖਦਿਆਂ ਮੈਨੂੰ ਸੋਝੀ ਹੋਈ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਰਚੀਆਂ ਜਾਂਦੀਆਂ
ਰਚਨਾਵਾਂ ਮਨੁੱਖ ਦੀ ਜਿੱਤਾਂ ਜਿਤਣ ਲਈ ਜੂਝ ਰਹੀ ਸ਼ਕਤੀ ਦਾ ਬਿਰਤਾਂਤ ਹੋਣ ਕਾਰਨ ਅਗਾਂਹਵਧੂ
ਹੁੰਦੀਆਂ ਹਨ ਤੇ ਪ੍ਰਗਤੀਸ਼ੀਲ ਸਾਹਿਤ ਦਾ ਭਾਗ ਬਣਦੀਆਂ ਹਨ। ਇਹ ਵੀ ਅਹਿਸਾਸ ਹੋਇਆ ਕਿ
ਖੇਡਾਂ ਦੇ ਨਾਇਕਾਂ ਦੀ ਸਿਰਜਣਾ ਨੌਜੁਆਨਾਂ ਲਈ ਪ੍ਰੇਰਨਾ ਦਾ ਸੋਮਾ ਹੁੰਦੀ ਹੈ ਤੇ ਮੈਂ ਸੁਤੇ
ਸਿਧ ਹੀ ਖਿਡਾਰੀਆਂ ਨੂੰ ਨਾਇਕਾਂ ਵਾਂਗ ਪੇਸ਼ ਕਰ ਰਿਹਾ ਸਾਂ।
ਜੁਲਾਈ 67 ਵਿਚ ਮੈਂ ਦਿੱਲੀ ਛੱਡ ਕੇ ਢੁੱਡੀਕੇ ਆ ਗਿਆ ਤੇ ਖੇਡ-ਖਿਡਾਰੀਆਂ ਨਾਲੋਂ ਨਾਤਾ
ਟੁੱਟ ਜਾਣ ਕਾਰਨ ਮੇਰੀ ਲਿਖਣ ਦੀ ਰਫ਼ਤਾਰ ਘਟ ਗਈ। ਬੱਸ ਸਾਰਾਦਿੰਦੂ ਸਾਨਿਆਲ ਦੀ ਅੰਗਰੇਜ਼ੀ
ਪੁਸਤਕ ਦਾ ‘ਭਾਰਤ ਵਿਚ ਹਾਕੀ’ ਨਾਂ ਹੇਠ ਤੇ ਦੂਜੀ ਪੁਸਤਕ ‘ਡਾਕ ਟਿਕਟਾਂ ਦਾ ਸ਼ੌਕ’ ਨਾਂ
ਹੇਠ ਅਨੁਵਾਦ ਕੀਤਾ ਤੇ ਕੁਝ ਫੁਟਕਲ ਆਰਟੀਕਲ ਲਿਖੇ। 1975 ਵਿਚ ਮੈਂ ਦੁਬਾਰਾ ਰਫ਼ਤਾਰ ਫੜੀ।
ਉਹਨੀਂ ਦਿਨੀਂ ਦਿੱਲੀ ਤੋਂ ‘ਸਚਿੱਤਰ ਕੌਮੀ ਏਕਤਾ’ ਮੈਗਜ਼ੀਨ ਨਿਕਲਣਾ ਸ਼ੁਰੂ ਹੋਇਆ ਜਿਸ ਦੀ
ਇਸ਼ਾਇਤ ਪੰਜਾਹ ਹਜ਼ਾਰ ਤੋਂ ਵੀ ਟੱਪ ਗਈ। ਡਾ. ਹਰਿਭਜਨ ਸਿੰਘ ਨੇ ਮੈਨੂੰ ‘ਖੇਡਾਂ ਵਿਚ
ਪੰਜਾਬੀ’ ਅੰਕ ਲਈ ਆਰਟੀਕਲ ਲਿਖਣ ਨੂੰ ਕਿਹਾ। ਮੈਂ ‘ਪੰਜਾਬ ਦੇ ਖਿਡਾਰੀ’ ਲੇਖ ਭੇਜਿਆ ਤਾਂ
ਮੈਨੂੰ ਮਨੀ ਆਰਡਰ ਮਿਲਿਆ ਜਿਸ ਦੀ ਮੈਨੂੰ ਅੰਤਾਂ ਦੀ ਖ਼ੁਸ਼ੀ ਹੋਈ। ਸਚਿੱਤਰ ਕੌਮੀ ਏਕਤਾ ਨੇ
ਇਕ ਸਥਾਈ ਕਾਲਮ ‘ਖੇਡ ਮੈਦਾਨ ‘ਚੋਂ’ ਸ਼ੁਰੂ ਕੀਤਾ ਜੋ ਮੈਂ ਪੰਦਰਾਂ ਸਾਲ ਲਿਖਿਆ। ਉਸੇ
ਰਸਾਲੇ ਵਿਚ ਮੈਂ ਪਹਿਰੇਦਾਰ ਦੇ ਨਾਂ ਹੇਠ ‘ਪਿੰਡ ਦੀ ਸੱਥ ‘ਚੋਂ’ ਕਾਲਮ ਲਿਖਦਾ ਰਿਹਾ।
1978 ਵਿਚ ਸ਼ੁਰੂ ਹੋਏ ‘ਪੰਜਾਬੀ ਟ੍ਰਿਬਿਊਨ’ ਨੇ ਮੇਰੀ ਲਿਖਣ ਚਾਲ ਹੋਰ ਤੇਜ਼ ਕਰਵਾ ਦਿੱਤੀ।
ਉਹਦੇ ਹਫ਼ਤਾਵਾਰ ਖੇਡ-ਅੰਕ ਲਈ ਲਿਖਣ ਤੋਂ ਸਿਵਾ ਮੈਂ ਉਸ ਅਖ਼ਬਾਰ ਲਈ ਬੰਬਈ ਦਾ ਹਾਕੀ ਵਿਸ਼ਵ
ਕੱਪ ਅਤੇ ਦਿੱਲੀ ਤੇ ਸਿਓਲ ਦੀਆਂ ਏਸ਼ੀਆਈ ਖੇਡਾਂ ਕਵਰ ਕੀਤੀਆਂ। ਬਰਜਿੰਦਰ ਸਿੰਘ ਨੇ ਪਹਿਲਾਂ
‘ਦ੍ਰਿਸ਼ਟੀ’ ਫਿਰ ‘ਪੰਜਾਬੀ ਟ੍ਰਿਬਿਊਨ’ ਤੇ ਹੁਣ ਮੈਨੂੰ ‘ਅਜੀਤ’ ਨਾਲ ਜੋੜਿਆ ਹੋਇਆ ਹੈ।
ਮੈਂ ਟੋਰਾਂਟੋ ਦੇ ‘ਪਰਵਾਸੀ’, ਵੈਨਕੂਵਰ ਦੇ ‘ਇੰਡੋ ਕੈਨੇਡੀਅਨ ਟਾਇਮਜ਼’, ਲੰਡਨ ਦੇ ‘ਦੇਸ
ਪ੍ਰਦੇਸ’ ਤੇ ਹੋਰ ਪਰਚਿਆਂ ਲਈ ਵਰ੍ਹਿਆਂ ਤੋਂ ਲਿਖ ਰਿਹਾਂ। ਮੈਨੂੰ ਲੱਗਦੈ ਮੇਰੇ ਹਜ਼ਾਰ ਕੁ
ਆਰਟੀਕਲ ਤਾਂ ਛਪ ਹੀ ਗਏ ਹੋਣਗੇ। ਕਹਾਣੀਆਂ ਲਿਖਦਾ ਰਹਿੰਦਾ ਤਾਂ ਉਹ ਵੀ ਸੌ ਦੋ ਸੌ ਹੋ
ਜਾਣੀਆਂ ਸਨ ਪਰ ਰਹਿ ਮੈਂ ਕਹਾਣੀਆਂ ਜੋਗਾ ਹੀ ਜਾਣਾ ਸੀ। ਮੈਨੂੰ ਜਿੰਨਾ ਮਾਣ ਸਨਮਾਨ ਮੇਰੀ
ਖੇਡ ਲੇਖਣੀ ਨੇ ਦੁਆਇਆ ਉਹ ਸ਼ਾਇਦ ਨਾ ਮਿਲ ਸਕਦਾ।
ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਖੇਡ ਸਾਹਿਤ ਦੇ ਵਾਧੇ ਲਈ ਅਨੇਕਾਂ ਅਖ਼ਬਾਰ ਤੇ ਰਸਾਲਿਆਂ
ਦੇ ਖੇਡ ਅੰਕ ਨਿਕਲ ਰਹੇ ਹਨ। ਮੇਰੀ ਰੀਸ ਨਾਲ ਬਹੁਤ ਸਾਰੀਆਂ ਨਵੀਆਂ ਕਲਮਾਂ ਨੇ ਇਸ ਪਾਸੇ
ਲਿਖਣਾ ਸ਼ੁਰੂ ਕੀਤਾ ਹੈ। ਪੰਜਾਬੀ ਵਿਚ ਸੌ ਦੇ ਕਰੀਬ ਖੇਡ ਪੁਸਤਕਾਂ ਵਜੂਦ ਵਿਚ ਆ ਚੁੱਕੀਆਂ
ਹਨ ਜਿਨ੍ਹਾਂ ਵਿਚ ਅਠਾਰਾਂ ਤਾਂ ਮੇਰੀਆਂ ਹੀ ਹਨ। ਇਕ ਸਾਹਿਤਕ ਗੋਸ਼ਟੀ ਵਿਚ ਜਦੋਂ ਇਕ ਆਲੋਚਕ
ਨੇ ਖੇਡ ਲੇਖਕਾਂ ਨੂੰ ਸਾਹਿਤਕਾਰ ਮੰਨਣੋਂ ਹੀ ਇਨਕਾਰ ਕਰ ਦਿੱਤਾ ਤਾਂ ਮੈਥੋਂ ਆਖਿਆ ਗਿਆ,
“ਤੁਸੀ ਸਾਨੂੰ ਸਾਹਿਤਕਾਰ ਨਹੀਂ ਸਮਝਦੇ ਤਾਂ ਸਿਹਤਕਾਰ ਹੀ ਸਮਝ ਲਓ। ਜੇਕਰ ਸਾਡੇ ‘ਚ ਦਮ
ਹੋਇਆ ਤਾਂ ਅਸੀਂ ਪੰਜਾਬੀ ਦੇ ਖੇਡ ਅਦਬ ਦੀ ਵੱਖਰੀ ਅਲਮਾਰੀ ਸਿ਼ੰਗਾਰ ਕੇ ਵਿਖਾਵਾਂਗੇ। ਸਾਡੇ
ਵਿਚ ਸਪਰਿੰਟਾਂ ਲਾਉਣ ਵਾਲੇ ਵੀ ਹਨ ਤੇ ਮੈਰਾਥਨ ਲਾਉਣ ਵਾਲੇ ਵੀ। ਲੰਮੇ ਸਫ਼ਰ ਲਈ ਸਾਡੇ
ਜੇਰੇ ਬੁਲੰਦ ਹਨ ਤੇ ਅਸੀਂ ਹਰ ਹਾਲਤ ਵਿਚ ਮੰਜਿ਼ਲਾਂ ਸਰ ਕਰਾਂਗੇ।”
ਇਹ ਵੰਗਾਰ ਹੁਣ ਪੰਜਾਬੀ ਖੇਡ ਲੇਖਕਾਂ ਤੇ ਹੌਂਸਲਾ ਵਧਾਉਣ ਵਾਲੇ ਪਾਠਕਾਂ ਦੇ ਸਾਹਮਣੇ ਹੈ।
ਮੈਂ ਤਾਂ ਇਹੋ ਆਖਾਂਗਾ, “ਦੋਸਤੋ ਆਪਣੀਆਂ ਕਲਮਾਂ ਹੋਰ ਮਜ਼ਬੂਤੀ ਨਾਲ ਫੜੋ। ਸਾਡੀ ਪਿਆਰੀ
ਮਾਂ ਬੋਲੀ ਵਿਚ ਖੇਡ ਅਦਬ ਦਾ ਅਜੇ ਪਹੁਫੁਟਾਲਾ ਹੀ ਹੋਇਆ ਹੈ, ਸਵੇਰਾ ਹੋ ਰਿਹੈ, ਧੁੱਪਾਂ
ਦੂਰ ਹਨ ਤੇ ਤਿੱਖੜ ਦੁਪਹਿਰ ਦੀਆਂ ਮੰਜ਼ਲਾਂ ਹੋਰ ਵੀ ਦੂਰ!”
ਮੇਰੀ ਮੈਰਾਥਨ ਜਾਰੀ ਹੈ ਤੇ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਡਿੱਗ ਨਹੀਂ ਪੈਂਦਾ।
-0-
|