Welcome to Seerat.ca
Welcome to Seerat.ca

ਸੰਪਾਦਕੀ / ਮਤਰੇਈ ਮਾਂ: ਪੰਜਾਬੀ

 

- ਕੁਲਵਿੰਦਰ ਖਹਿਰਾ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਨਾਵਲ ਅੰਸ਼ / ਅਪੀਲ ਨਾ ਦਲੀਲ

 

- ਹਰਜੀਤ ਅਟਵਾਲ

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ

 

- ਮਲਿਕਾ ਮੰਡ

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼ / ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਦੇ ਨਾਲ ਨਾਲ

 

- ਸਵਰਨ ਚੰਦਨ

ਜੋ ਦਿਨੇ ਡਰਨ ਪਰਛਾਵਿਓਂ...

 

- ਐਸ. ਅਸ਼ੋਕ ਭੌਰਾ

ਜਿਸ ਕਾ ਕਾਮ ਉਸੀ ਕੋ ਸੱਜੇ

 

- ਗਿਆਨੀ ਸੰਤੋਖ ਸਿੰਘ

ਇੱਕ ਪੰਜ ਤਾਰਾ ਰਿਜ਼ੋਰਟ ਦੀ ਫੇਰੀ ਦੌਰਾਨ ਵੇਖਿਆ ਉੱਪਰਲਾ ਤੇ ਹੇਠਲਾ ਸੱਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ

 

- ਪੇਸ਼ਕਸ਼ ਐੱਸ ਬਲਵੰਤ

ਹਰਫਾਂ ਦੀ ਹੱਟ...ਸ਼ਮਸ਼ੇਰ ਸੰਧੂ

 

- ਗੱਜਣਵਾਲਾ ਸੁਖਮਿੰਦਰ

ਸਵੀਰ ਸਿੰਘ ਰਾਣਾ,ਬਿੰਦਰ ਭੁਮਸੀ,ਸੁਖਰਾਜ ਸਿੰਘ ਧਾਲੀਵਾਲ ਅਤੇ ਅਜਮੇਰ ਸਿੱਧੂ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮੇਰੀ ਨਿਬੰਧ ਦ੍ਰਿਸ਼ਟੀ

 

- ਪ੍ਰੋਫੈਸਰ ਸੁਰਿੰਦਰ ਮੰਡ

ਨੌਕਰ ਦੀ ਸੰਤੀ

 

- ਰਛਪਾਲ ਕੌਰ ਗਿੱਲ

ਨੌ-ਬਾਰਾਂ-ਦਸ: ਪੂੰਜੀਵਾਦ ਅਤੇ ਸੰਸਾਰੀ ਮੰਡੀਕਰਨ ਦੇ ਜਾਲ਼ ਵਿੱਚ ਘਿਰੇ ਮਨੁੱਖ ਦੀ ਕਹਾਣੀ

 

- ਕੁਲਵਿੰਦਰ ਖਹਿਰਾ

ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ

 

- ਉਂਕਾਰਪ੍ਰੀਤ

ਧਰਤੀ ਦਾ ਫਿ਼ਕਰ

 

- ਗੁਲਸ਼ਨ ਦਿਆਲ

ਜਦ ਜੱਗ ਜੀਣ ਯੋਗ ਨਹੀਂ ਰਹਿੰਦਾ

 

- ਹਰਭਜਨ ਕੌਰ ਗਿੱਲ

ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

 

- ਹਰਮੰਦਰ ਕੰਗ

ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

 

- ਹਰਜਿੰਦਰ ਸਿੰਘ ਗੁਲਪੁਰ

ਦੋ ਗ਼ਜਲਾਂ

 

- ਮੁਸ਼ਤਾਕ

ਕਵਿਤਾ ਤੇ ਗ਼ਜ਼ਲ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੁਰਜੀਤ

ਆਪਣਾ ਹਿੱਸਾ-2

 

- ਵਰਿਆਮ ਸਿੰਘ ਸੰਧੂ

ਬੇਗੋਵਾਲ ਦੇ ਪ੍ਰਾਈਵੇਟ ਕਾਰੋਬਾਰੀ ਵੱਲੋਂ / ਸੂਫ਼ੀ ਸ਼ਾਇਰ ਗ਼ੁਲਾਮ ਰਸੂਲ ਦੀ ਮਜ਼ਾਰ ਉਤੇ ਨਜਾਇਜ਼ ਕਬਜਾ

 

- ਡਾ. ਸੁਰਿੰਦਰ ਮੰਡ

ਨੀਗਰੋ ਗ਼ੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਯੋਗਦਾਨ

 

- ਚਰਨਜੀਤ ਸਿੰਘ ਪੰਨੂੰ

ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ

 

- ਅਮਰਜੀਤ ਚੰਦਨ

ਹੁੰਗਾਰੇ

 
Online Punjabi Magazine Seerat

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ
ਕੁਝ ਹੋਰ ਅੰਸ਼

ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

- ਪ੍ਰਿੰ. ਸਰਵਣ ਸਿੰਘ

 

ਬਲਬੀਰ ਸਿੰਘ ਲੁਧਿਆਣੇ ਠਾਣੇਦਾਰ ਲੱਗਾ ਹੋਇਆ ਸੀ ਜਦੋਂ ਉਹਦੇ ਵਿਆਹ ਦਾ ਦਿਨ ਬੱਝਾ। ਉਹਦੇ ਤੇ ਸੁਸ਼ੀਲ ਵਿਚਕਾਰ ਚਿੱਠੀ ਪੱਤਰ ਪਹਿਲਾਂ ਹੀ ਜਾਰੀ ਸੀ। ਲਾਹੌਰ ਉਹ ਦੋ ਚਾਰ ਵਾਰ ਮਿਲ ਵੀ ਚੁੱਕੇ ਸਨ। ਫਿਲੌਰ ਦਾ ਕੋਰਸ ਕਦੋਂ ਦਾ ਮੁੱਕ ਚੁੱਕਾ ਸੀ। ਹੁਣ ਤਾਂ ਨੌਕਰੀ ਵੀ ਮਿਲ ਚੁੱਕੀ ਸੀ। ਵਿਆਹ ਕਰਾਉਣ ‘ਚ ਕੋਈ ਅੜਿੱਕਾ ਨਹੀਂ ਸੀ ਜਿਵੇਂ ਬਚਪਨ ਦੀਆਂ ਮੰਗਣੀਆਂ ਸਮੇਂ ਹੁੰਦਾ ਸੀ। ਪਿਤਾ ਵੱਲੋਂ ਰੱਖੀ ਸ਼ਰਤ ਬੀ. ਏ. ਪਾਸ ਹੋਣਾ ਕਦੋਂ ਦੀ ਪੂਰੀ ਹੋ ਚੁੱਕੀ ਸੀ। ਹਾਕੀ ਤਾਂ ਉਹਨੇ ਹਾਲੇ ਕਈ ਸਾਲ ਖੇਡਣੀ ਸੀ ਜਿਸ ਕਰਕੇ ਵਿਆਹ ਹੋਰ ਪਿੱਛੇ ਪਾਉਣ ਦਾ ਕੋਈ ਬਹਾਨਾ ਨਹੀਂ ਸੀ ਰਹਿ ਗਿਆ। ਨਾਲੇ ਵਿਆਹ ਕਰਾਉਣ ਲਈ ਤਾਂ ਬਲਬੀਰ ਸਿੰਘ ਖ਼ੁਦ ਘਰ ਦਿਆਂ ਤੋਂ ਕਾਹਲਾ ਸੀ। ਘਰ ਦਿਆਂ ਨੂੰ ਚਾਅ ਸੀ ਕਿ ਨੂੰਹ-ਧੀ ਘਰ ਆਵੇਗੀ ਤੇ ਘਰ ਦੀ ਰੌਣਕ ਵਧੇਗੀ।
ਕੱਤੇ ਦਾ ਮਹੀਨਾ ਬੀਤ ਰਿਹਾ ਸੀ ਤੇ ਮੱਘਰ ਦੀ ਠਾਰੀ ਉਤਰ ਰਹੀ ਸੀ। ਖੇਤਾਂ ‘ਚ ਬੀਜੀਆਂ ਕਣਕਾਂ ਦੀਆਂ ਕਰੂੰਬਲਾਂ ਨਿਕਲ ਰਹੀਆਂ ਸਨ। ਸੁਖਾਵੀਂ ਰੁੱਤ ਸਮਝ ਕੇ ਵਿਆਹ 27 ਨਵੰਬਰ 1946 ਦੇ ਦਿਨ ਕਰਨਾ ਤੈਅ ਹੋਇਆ। ਵਿਚੋਲੇ ਮਾਸਟਰ ਅਜਮੇਰ ਸਿੰਘ ਸਿੱਧੂ ਸਨ ਜੋ ਬਲਬੀਰ ਸਿੰਘ ਦੇ ਪਿਤਾ ਜੀ ਨਾਲ ਦੇਵ ਸਮਾਜ ਸਕੂਲ ਵਿਚ ਹੀ ਪੜ੍ਹਾਉਂਦੇ ਸਨ। ਉਨ੍ਹਾਂ ਨੇ ਫੈਸਲਾ ਕੀਤਾ ਕਿ ਵਿਆਹ ਪੁਆਦੜੇ ਦੀ ਥਾਂ ਮੋਗੇ ਕਰਨਾ ਯੋਗ ਹੋਵੇਗਾ। ਮੋਗਾ ਉਨ੍ਹਾਂ ਦਾ ਪੱਕਾ ਟਿਕਾਣਾ ਜੁ ਬਣ ਗਿਆ ਸੀ। ਸਾਰੇ ਸਾਕ ਸੰਬੰਧੀਆਂ ਨੂੰ ਵਿਆਹ ਦੀਆਂ ਗੰਢਾਂ ਘੱਲ ਦਿੱਤੀਆਂ ਗਈਆਂ। ਦੋਸਤਾਂ ਮਿੱਤਰਾਂ ਨੂੰ ਵੀ ਸੱਦੇ ਭੇਜ ਦਿੱਤੇ। ਮਾਪਿਆਂ ਦੇ ‘ਕੱਲੇ ਪੁੱਤ ਦਾ ਵਿਆਹ ਸੀ। ਵਿਆਹ ਧੂੰਮ ਧਾਮ ਨਾਲ ਕਰਨਾ ਬਣਦਾ ਸੀ। ਬਲਬੀਰ ਸਿੰਘ ਨੇ ਵੀ ਤਿੰਨ ਹਫ਼ਤਿਆਂ ਦੀ ਛੁੱਟੀ ਲੈ ਲਈ ਤੇ ਲੁਧਿਆਣੇ ਤੋਂ ਮੋਗੇ ਆ ਗਿਆ। ਉਸ ਨੇ ਬੰਬਈ ਵਾਲੇ ਦੋਸਤ ਸੰਤ ਸਿੰਘ ਨੂੰ ਵੀ ਸੱਦਾ ਭੇਜ ਦਿੱਤਾ ਜੋ ਉਸ ਦੀ ਖੇਡ ਦਾ ਸ਼ੈਦਾਈ ਸੀ ਤੇ ਨੈਸ਼ਨਲ ਹਾਕੀ ਚੈਂਪੀਅਨਸਿ਼ਪ ‘ਤੇ ਕਲਕੱਤੇ ਪੁੱਜਾ ਸੀ।
ਲਾੜੇ ਨੂੰ ਮਾਈਏਂ ਪਾਇਆ ਗਿਆ, ਵਟਣਾ ਮਲਿਆ ਗਿਆ ਤੇ ਨਾੲ੍ਹੀ ਧੋਈ ਕਰਾ ਕੇ ਗੁਰਦਵਾਰੇ ਮੱਥਾ ਟਿਕਾਇਆ ਗਿਆ। ਹੱਥ ਵਿਚ ਕਿਰਪਾਨ ਫੜਾਈ ਗਈ। ਦੁਆਬੇ ਨਾਲ ਮਾਲਵੇ ਦੀਆਂ ਰਸਮਾਂ ਰੀਤਾਂ ਵੀ ਰਲ ਗਈਆਂ। ਲਾਹੌਰ ‘ਚ ਮਾਝੇ ਦੀਆਂ ਰਸਮਾਂ ਹੋਣੀਆਂ ਸਨ। ਬਰਾਤ ਲਈ ਇਕ ਬੱਸ ਤੇ ਇਕ ਕਾਰ ਦਾ ਪ੍ਰਬੰਧ ਕੀਤਾ ਗਿਆ। ਕਾਰ ਵਿਚ ਲਾੜਾ ਸਵਾਰ ਹੋਇਆ ਅਤੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਬੱਸ ਵਿਚ ਬੈਠੇ। ਮੋਗੇ ਤੋਂ ਲਾਹੌਰ ਜਾਣ ਲਈ ਦੋ ਰਸਤੇ ਸਨ। ਇਕ ਹਰੀਕੇ ਪੁਲ ਰਾਹੀਂ ਅੰਮ੍ਰਿਤਸਰ ਵਿਚ ਦੀ ਤੇ ਦੂਜਾ ਹੁਸੈਨੀਵਾਲੇ ਪੁਲ ਉਤੋਂ ਦੀ ਕਸੂਰ ਵਿਚ ਦੀ। ਕਸੂਰ ਵਿਚ ਦੀ ਜਾਣਾ ਨਿਸਬਤਨ ਨੇੜੇ ਪੈਂਦਾ ਸੀ। ਬਰਾਤ ਫਿਰੋਜ਼ਪੁਰ ਤੇ ਕਸੂਰ ਰਾਹੀਂ ਲਾਹੌਰ ਗਈ। ਬਲਬੀਰ ਸਿੰਘ ਲਾਹੌਰ ਜਾਣ ਲਈ ਏਨਾ ਕਾਹਲਾ ਸੀ ਕਿ ਬੱਸ ਅਜੇ ਕਸੂਰ ਨਹੀਂ ਸੀ ਲੰਘੀ ਪਰ ਉਹ ਕਾਰ ਰਾਹੀਂ ਪਹਿਲਾਂ ਹੀ ਸਹੁਰੀਂ ਜਾ ਢੁੱਕਾ। ਬੇਸ਼ੱਕ ਉਹ ਲਾੜਾ ਹੋਣ ਕਾਰਨ ਮੁੱਖ ਮਹਿਮਾਨ ਸੀ ਪਰ ਰਸਮਾਂ ਇਜਾਜ਼ਤ ਨਹੀਂ ਸਨ ਦਿੰਦੀਆਂ ਕਿ ਲਾੜੇ ਦਾ ਜਨੇਤ ਤੋਂ ਬਗ਼ੈਰ ਸਹੁਰੇ ਘਰ ਸਵਾਗਤ ਕੀਤਾ ਜਾਵੇ। ਅਜੇ ਮਿਲਣੀ ਤੇ ਹੋਰ ਰਸਮਾਂ ਹੋਣੀਆਂ ਸਨ। ਜਨੇਤ ਨੂੰ ਉਡੀਕਣ ਤੋਂ ਬਗ਼ੈਰ ਹੋਰ ਕੋਈ ਚਾਰਾ ਨਹੀਂ ਸੀ। ਕਿਸੇ ਨੂੰ ਸੁੱਝ ਗਈ ਕਿ ਲਾੜੇ ਨੂੰ ਮੁੱਖ ਦਰਵਾਜ਼ੇ ਦੀ ਥਾਂ ਪਿਛਲੇ ਦਰ ਵਿਚ ਦੀ ਲੰਘਾ ਕੇ ਕੋਠੀ ਅੰਦਰ ਬਿਠਾ ਲਿਆ ਜਾਵੇ। ਇਓਂ ਬਲਬੀਰ ਸਿੰਘ ਪਿਛਲੇ ਬੂਹੇ ਥਾਣੀਂ ਕੋਠੀ ਅੰਦਰ ਚਲਾ ਗਿਆ ਜਿਥੇ ਉਸ ਨੂੰ ਸਾਲੀਆਂ ਦੇ ਮਖੌਲ ਸੁਣਨੇ ਪਏ। ਏਡੇ ਕਾਹਲੇ ਲਾੜੇ ਨਾਲ ਅਜਿਹਾ ਹੋਣਾ ਸੁਭਾਵਿਕ ਸੀ। ਏਨਾ ਸ਼ੁਕਰ ਸੀ ਕਿ ਸਾਲੀਆਂ ਨੇ ਪਿਛਲੇ ਬੂਹਿਓਂ ਲੰਘਣ ਦਾ ਲਾਗ ਨਹੀਂ ਸੀ ਲਿਆ!
ਅੱਧੇ ਪੌਣੇ ਘੰਟੇ ਬਾਅਦ ਬਲਬੀਰ ਸਿੰਘ ਦੀ ਬਰਾਤ ਵੀ ਪਹੁੰਚ ਗਈ। ਉਸ ਵਿਚ ਪੰਜਾਬ ਦੇ ਕਈ ਨਾਮਵਰ ਵਿਅਕਤੀ ਸ਼ਾਮਲ ਸਨ। ਸ. ਸਵਰਨ ਸਿੰਘ ਜੋ ਉਸ ਸਮੇਂ ਪੰਜਾਬ ਦੇ ਹੋਮ ਮਨਿਸਟਰ ਸਨ ਤੇ ਬਾਅਦ ਵਿਚ ਭਾਰਤ ਦੇ ਕਈ ਸਾਲ ਕੇਂਦਰੀ ਮੰਤਰੀ ਰਹੇ, ਉਹ ਵੀ ਜਨੇਤ ਵਿਚ ਸ਼ਾਮਲ ਸਨ। ਉਨ੍ਹਾਂ ਦੀ ਉਂਜ ਵੀ ਬਲਬੀਰ ਸਿੰਘ ਹੋਰਾਂ ਦੇ ਪਰਿਵਾਰ ਨਾਲ ਪੁਆਦੜੇ ਰਿਸ਼ਤੇਦਾਰੀ ਸੀ। ਬਲਬੀਰ ਸਿੰਘ ਦੀ ਖੇਡ ਨੂੰ ਨਿਖਾਰਨ ਵਾਲਾ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਹਾਕੀ ਕੋਚ ਹਰਬੇਲ ਸਿੰਘ, ਪੰਜਾਬ ਯੂਨੀਵਰਸਿਟੀ ਦੇ ਹਾਕੀ ਅਧਿਕਾਰੀ ਬੀ. ਐਲ. ਗੁਪਤਾ, ਆਰ. ਡੀ. ਭੱਲਾ, ਬਸ਼ੀਰ ਅਲੀ ਸ਼ੇਖ਼ ਤੇ ਸੰਤ ਸਿੰਘ ਸਾਰੇ ਬਰਾਤ ਵਿਚ ਸ਼ਾਮਲ ਸਨ। ਵਿਚੇ ਉਹਦੇ ਨਾਲ ਖੇਡਦੇ ਰਹੇ ਹਾਕੀ ਦੇ ਕੁਝ ਖਿਡਾਰੀ ਸਨ।
ਸੰਧੂ ਪਰਿਵਾਰ ਵੱਲੋਂ ਜਨੇਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਰਿਸ਼ਤੇਦਾਰਾਂ ਦੀਆਂ ਮਿਲਣੀਆਂ ਕਰਾਈਆਂ ਗਈਆਂ। ਉਨ੍ਹਾਂ ਦਿਨੀਂ ਬਰਾਤਾਂ ਦਿਨ ਦੇ ਦਿਨ ਨਹੀਂ ਸਨ ਮੁੜਦੀਆਂ। ਘੱਟੋਘੱਟ ਇਕ ਰਾਤ ਤਾਂ ਠਹਿਰਦੀਆਂ ਹੀ ਸਨ। ਕਈ ਬਰਾਤਾਂ ਦੋ ਤਿੰਨ ਰਾਤਾਂ ਵੀ ਰੁਕ ਜਾਂਦੀਆਂ। ਅੰਮ੍ਰਿਤ ਵੇਲੇ ਬਲਬੀਰ ਸਿੰਘ ਤੇ ਸੁਸ਼ੀਲ ਕੌਰ ਦੇ ਅਨੰਦ ਕਾਰਜ ਹੋਏ। ਉਦੋਂ ਅਨੰਦ ਕਾਰਜ ਦੀ ਰਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠਿਆਂ ਹੀ ਕੀਤੀ ਜਾਂਦੀ ਸੀ। ਚਾਰ ਵਾਰ ਘੁੰਮ ਕੇ ਲਾਵਾਂ ਨਹੀਂ ਸਨ ਲਈਆਂ ਜਾਂਦੀਆਂ। ਘਰ ਦੀਆਂ ਔਰਤਾਂ ਬਰਾਤ ਵਿਚ ਸ਼ਾਮਲ ਨਹੀਂ ਸੀ ਹੁੰਦੀਆਂ। ਉਹ ਲਾੜੀ ਦੇ ਸਵਾਗਤ ਲਈ ਘਰ ਹੀ ਰਹਿੰਦੀਆਂ ਸਨ। ਜੰਨ ਕੇਵਲ ਮਰਦਾਂ ਦੀ ਚੜ੍ਹਦੀ ਸੀ। ਵਿਆਹ ਦੀਆਂ ਰਸਮਾਂ ਭੁਗਤਾ ਕੇ ਤੇ ਡੋਲੀ ਲੈ ਕੇ ਬਰਾਤ ਸ਼ਾਮ ਨੂੰ ਮੋਗੇ ਪਰਤੀ। ਲਾੜੇ ਲਾੜੀ ਦੇ ਸਵਾਗਤ ਵਿਚ ਬੂਹੇ ‘ਤੇ ਤੇਲ ਚੋਇਆ ਗਿਆ। ਫਿਰ ਗੀਤ ਗਾਏ ਗਏ-ਪਾਣੀ ਵਾਰ ਬੰਨੇ ਦੀਏ ਮਾਏ, ਬੰਨਾ ਤੇਰਾ ਬਾਹਰ ਖੜ੍ਹਾ। ਬਲਬੀਰ ਸਿੰਘ ਦੀ ਮਾਤਾ ਨੇ ਨੂੰਹ-ਪੁੱਤਰ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ। ਘਰਾਂ ਦੀਆਂ ਔਰਤਾਂ ਤੇ ਵਿਆਹ ਆਈਆਂ ਮੇਲਣਾਂ ਨੇ ਸੁਭਾਗ ਜੋੜੀ ਨੂੰ ਸ਼ਗਨ ਪਾਏ। ਔਰਤਾਂ ਸੁਸ਼ੀਲ ਦਾ ਘੁੰਡ ਚੁੱਕ ਕੇ ਮੂੰਹ ਵੇਖਦੀਆਂ ਤੇ ਲਾੜੀ ਦੇ ਨੈਣ ਨਕਸ਼ਾਂ ਨੂੰ ਸਲਾਹੁੰਦੀਆਂ ਵਧਾਈਆਂ ਦਿੰਦੀਆਂ ਜਾਂਦੀਆਂ।
ਬਲਬੀਰ ਸਿੰਘ ਦਾ ਰਿਸ਼ਤਾ ਬੀ. ਏ. ਕਰਨ ਸਾਰ ਹੀ ਹੋ ਗਿਆ ਸੀ ਪਰ ਉਦੋਂ ਇਹ ਨਹੀਂ ਸੀ ਪਤਾ ਕਿ ਉਹ ਕਿਹੜਾ ਕੈਰੀਅਰ ਚੁਣੇਗਾ? ਪੁਲਿਸ ਵਿਚ ਭਰਤੀ ਹੋਣਾ ਤਾਂ ਕਿਸੇ ਦੇ ਖ਼ਾਬ ਖਿਆਲ ‘ਚ ਵੀ ਨਹੀਂ ਸੀ। ਜਦੋਂ ਉਹ ਠਾਣੇਦਾਰ ਬਣਿਆ ਤਾਂ ਸੁਸ਼ੀਲ ਦੇ ਸਭ ਤੋਂ ਵੱਡੇ ਭਰਾ ਹਰਦੇਵ ਸਿੰਘ ਸੰਧੂ ਨੂੰ ਇਤਰਾਜ਼ ਹੋਇਆ ਕਿ ਉਸ ਦੀ ਭੈਣ ਇਕ ਪੁਲਸੀਏ ਨਾਲ ਵਿਆਹੀ ਜਾ ਰਹੀ ਹੈ। ਉਹ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਕੁੱਦਿਆ ਹੋਇਆ ਸੀ। ਬ੍ਰਿਟਿਸ਼ ਪੁਲਿਸ ਨੂੰ ਉਹ ਨਫ਼ਰਤ ਦੀ ਨਿਗ੍ਹਾ ਨਾਲ ਵੇਖਦਾ ਸੀ। ਉਸ ਨੂੰ ਸਾਰੇ ਹੀ ਪੁਲਸੀਏ ਭੈੜੇ ਲਗਦੇ ਸਨ। ਉਸ ਨੇ ਆਪਣੀ ਭੈਣ ਨੂੰ ਵੀ ਨਸੀਹਤ ਦਿੱਤੀ ਕਿ ਉਹ ਪੁਲਸੀਏ ਨਾਲ ਵਿਆਹ ਨਾ ਕਰਾਵੇ। ਪਰ ਏਨਾ ਚਿੱਠੀ-ਪੱਤਰ ਕਰ ਲੈਣ ਤੇ ਪਿਆਰ ਪਾ ਲੈਣ ਤੋਂ ਬਾਅਦ ਇਨਕਾਰ ਕਰਨਾ ਉਹਦੇ ਵੱਸ ਵਿਚ ਨਹੀਂ ਸੀ। ਨਾਲੇ ਪੁਲਿਸ ਵਿਚ ਭਰਤੀ ਉਹ ਕਿਹੜਾ ਆਪਣੀ ਮਰਜ਼ੀ ਨਾਲ ਹੋਇਆ ਸੀ? ਉਹਦੀ ਹਾਕੀ ਦੀ ਵਧੀਆ ਖੇਡ ਨੇ ਹਾਲਾਤ ਹੀ ਅਜਿਹੇ ਬਣਾ ਦਿੱਤੇ ਸਨ ਕਿ ਅਗਲਿਆਂ ਨੇ ਧਿੰਗੋਜ਼ੋਰੀ ਉਸ ਨੂੰ ਪੁਲਿਸ ਵਿਚ ਭਰਤੀ ਕਰ ਲਿਆ ਸੀ। ਉਹ ਉਹਦੇ ਰਾਹੀਂ ਕੱਪ ਤੇ ਚੈਂਪੀਅਨਸਿ਼ਪਾਂ ਜਿੱਤਣਾ ਚਾਹੁੰਦੇ ਸਨ।
ਬਲਬੀਰ ਸਿੰਘ ਤੇ ਸੁਸ਼ੀਲ ਦੇ ਵਿਆਹ ਵੇਲੇ ਹਰਦੇਵ ਸਿੰਘ ਬ੍ਰਿਟਿਸ਼ ਪੁਲਿਸ ਦੇ ਹੱਥ ਆਉਣ ਤੋਂ ਬਚਦਾ ਰੂਪੋਸ਼ ਸੀ। ਇਸੇ ਕਾਰਨ ਉਹ ਵਿਆਹ ਵਿਚ ਸ਼ਾਮਲ ਨਾ ਹੋ ਸਕਿਆ। ਬਾਅਦ ਵਿਚ ਹਰਦੇਵ ਸਿੰਘ ਤੇ ਬਲਬੀਰ ਸਿੰਘ ਮਿਲਣ ਗਿਲਣ ਲੱਗੇ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹਦਾ ਭਣਵਈਆ ਸਪੋਰਟਸਮੈਨ ਪਹਿਲਾਂ ਹੈ ਤੇ ਪੁਲੀਸਮੈਨ ਪਿੱਛੋਂ। ਬਲਬੀਰ ਸਿੰਘ ਉਸ ਨੂੰ ਇਕ ਨੇਕ ਇਨਸਾਨ ਲੱਗਾ ਜੋ ਆਪਣੀ ਡਿਊਟੀ ਦਿਆਨਤਦਾਰੀ ਨਾਲ ਨਿਭਾਅ ਰਿਹਾ ਸੀ। ਹਰਦੇਵ ਸਿੰਘ ਦਾ ਪੁਲੀਸਮੈਨ ਵਾਲਾ ਵਹਿਮ ਨਿਕਲ ਗਿਆ ਤੇ ਉਹ ਗੂੜ੍ਹੇ ਮਿੱਤਰ ਬਣ ਗਏ। ਬਾਅਦ ਵਿਚ ਹਰਦੇਵ ਸਿੰਘ ਕਾਮਯਾਬ ਬਿਜਨਿਸਮੈਨ ਸਾਬਤ ਹੋਇਆ। ਉਹ ਸਿਆਸਤ ਛੱਡ ਗਿਆ ਤੇ ਇੰਪੋਰਟ ਐਕਸਪੋਰਟ ਦੇ ਵਪਾਰ ਵਿਚ ਪੈ ਕੇ ਉੱਘੇ ਵਪਾਰੀਆਂ ਵਿਚ ਗਿਣਿਆ ਜਾਣ ਲੱਗਾ। ਉਸ ਦੀ ਪਤਨੀ ਸ਼ੀਲਾ ਨੇ ਦਿੱਲੀ ਵਿਚ ਇਕ ਪ੍ਰਕਾਸ਼ਨ ਅਦਾਰਾ ਚਲਾਇਆ ਤੇ ਚੰਗਾ ਨਾਂ ਕਮਾਇਆ।
ਉਹਨੀਂ ਦਿਨੀਂ ਨਵ ਵਿਆਹਿਆਂ ਵੱਲੋਂ ਦੂਰ ਦੁਰਾਡੇ ਜਾ ਕੇ ਹਨੀਮੂਨ ਮਨਾਉਣ ਦੀ ਰੀਤ ਨਹੀਂ ਸੀ ਤੁਰੀ। ਉਹ ਨਾ ਦਿੱਲੀ ਆਗਰੇ ਗਏ ਤੇ ਨਾਂ ਕਿਸੇ ਪਹਾੜੀ ਸਥਾਨ ਉਤੇ। ਬਲਬੀਰ ਸਿੰਘ ਦੰਪਤੀ ਨੇ ਆਪਣਾ ਹਨੀਮੂਨ ਮੋਗੇ ਵਾਲੇ ਘਰ ਵਿਚ ਰਹਿ ਕੇ ਹੀ ਮਨਾਇਆ। ਮੋਗੇ ਉਹਦੇ ਬਚਪਨ ਦੇ ਸਾਥੀ ਸਨ ਜਿਨ੍ਹਾਂ ਨੂੰ ਉਹ ਮਿਲਦੇ ਗਿਲਦੇ ਰਹੇ। ਕੁਝ ਦਿਨ ਮੋਗੇ ਰਹਿ ਕੇ ਬਲਬੀਰ ਸਿੰਘ ਤੇ ਸੁਸ਼ੀਲ ਲਾਹੌਰ ਚਲੇ ਗਏ। ਸੁਸ਼ੀਲ ਨੂੰ ਪੇਕੀਂ ਛੱਡ ਕੇ ਬਲਬੀਰ ਸਿੰਘ ਲੁਧਿਆਣੇ ਆਪਣੀ ਡਿਊਟੀ ‘ਤੇ ਜਾ ਹਾਜ਼ਰ ਹੋਇਆ। ਇਕ ਹਫ਼ਤੇ ਬਾਅਦ ਹੀ ਲਾਹੌਰ ਵਿਚ ਪੰਜਾਬ ਸਟੇਟ ਹਾਕੀ ਚੈਂਪੀਅਨਸਿ਼ਪ ਹੋਣੀ ਸੀ। ਲੁਧਿਆਣੇ ਠਾਣੇਦਾਰੀ ਕਰਦਿਆਂ ਕਈ ਮਹੀਨਿਆਂ ਤੋਂ ਉਹ ਹਾਕੀ ਖੇਡਣ ਦੀ ਪ੍ਰੈਕਟਿਸ ਨਹੀਂ ਸੀ ਕਰ ਸਕਿਆ। ਫਿਰ ਵਿਆਹ ਹੋਣ ਕਾਰਨ ਉਹ ਆਪਣੀ ਡਿਊਟੀ ਤੇ ਹਾਕੀ ਤੋਂ ਤਿੰਨ ਹਫ਼ਤੇ ਲਾਂਭੇ ਰਿਹਾ ਸੀ। ਪਰ ਉਹਦਾ ਪੰਜਾਬ ਪੁਲਿਸ ਦੀ ਟੀਮ ਵਿਚ ਖੇਡਣਾ ਜ਼ਰੂਰੀ ਸੀ ਜਿਸ ਲਈ ਉਸ ਨੂੰ ਪੁਲਿਸ ਵਿਚ ਭਰਤੀ ਕੀਤਾ ਗਿਆ ਸੀ।
ਲਾਹੌਰ ਵਿਚ ਪੁਲਿਸ ਦੀ ਟੀਮ ਨੂੰ ਤਾਂ ਪੁਲਿਸ ਲਾਈਨਜ਼ ਵਿਚ ਠਹਿਰਾਇਆ ਗਿਆ ਪਰ ਸੱਜ ਵਿਆਹੇ ਬਲਬੀਰ ਸਿੰਘ ਨੂੰ ਆਗਿਆ ਦੇ ਦਿੱਤੀ ਕਿ ਉਹ ਸਹੁਰੇ ਘਰ ਠਹਿਰ ਸਕਦੈ। ਉਸ ਸਮੇਂ ਪੰਜਾਬ ਪੁਲਿਸ ਦੀ ਟੀਮ ਵੇਖਣ ਨੂੰ ਤਕੜੀ ਲੱਗਦੀ ਸੀ ਕਿਉਂਕਿ ਉਸ ਵਿਚ ਕਈ ਮੰਨੇ ਪ੍ਰਮੰਨੇ ਖਿਡਾਰੀ ਸ਼ਾਮਲ ਸਨ। ਪਰ ਟੀਮ ਦੀ ਪ੍ਰੈਕਟਿਸ ਬੜੀ ਘੱਟ ਹੋਈ ਸੀ ਜਿਸ ਕਰਕੇ ਤਾਲਮੇਲ ਦੀ ਘਾਟ ਸੀ। ਚੈਂਪੀਅਨਸਿ਼ਪ ਸ਼ੁਰੂ ਹੋਈ ਤਾਂ ਸੌਖੇ ਮੈਚ ਵੀ ਪੰਜਾਬ ਪੁਲਿਸ ਦੀ ਟੀਮ ਮਸੀਂ ਜਿੱਤ ਸਕੀ। ਧਨੰਤਰ ਖਿਡਾਰੀ ਵੀ ਆਸ ਤੋਂ ਥੱਲੇ ਖੇਡ ਰਹੇ ਸਨ। ਬਲਬੀਰ ਸਿੰਘ ਪਰੇਸ਼ਾਨ ਸੀ ਕਿ ਉਸ ਤੋਂ ਪਹਿਲਾਂ ਵਾਂਗ ਗੋਲ ਨਹੀਂ ਸਨ ਹੋ ਰਹੇ। ਸੈਮੀ ਫਾਈਨਲ ਮੈਚ ਵਿਚ ਤਾਂ ਦਿੱਲੀ ਦੀ ਇਕ ਸਾਧਾਰਨ ਟੀਮ ਨੇ ਹੀ ਪੰਜਾਬ ਪੁਲਿਸ ਦੀ ਟੀਮ ਨੂੰ ਹਰਾ ਦਿੱਤਾ!
ਪੰਜਾਬ ਪੁਲਿਸ ਲਈ ਇਹ ਬੜੀ ਵੱਡੀ ਨਮੋਸ਼ੀ ਸੀ ਕਿ ਉਹਦੇ ਘਰ ਵਿਚ ਬਾਹਰ ਦੀ ਇਕ ਸਾਧਾਰਨ ਟੀਮ ਉਸ ਨੂੰ ਹਰਾ ਦੇਵੇ ਤੇ ਉਸ ਨੂੰ ਆਪਣੀ ਸਟੇਟ ਦੀ ਚੈਂਪੀਅਨਸਿ਼ਪ ਤੋਂ ਹੀ ਬਾਹਰ ਕਰ ਦੇਵੇ। ਬਲਬੀਰ ਸਿੰਘ ਲਈ ਇਹ ਗਹਿਰੇ ਸਦਮੇ ਵਾਲੀ ਗੱਲ ਸੀ। ਉਹ 1943, 44 ਤੇ 45 ਵਿਚ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਵਿਚ ਖੇਡਿਆ ਸੀ ਤੇ ਹਰ ਵਾਰ ਉਨ੍ਹਾਂ ਦੀ ਟੀਮ ਨੇ ਅੰਤਰ-ਯੂਨੀਵਰਸਿਟੀ ਚੈਂਪੀਅਨਸਿ਼ਪ ਜਿੱਤੀ ਸੀ। ਇਕ ਸਾਲ ਫਿਲੌਰ ਦੀ ਪੁਲਿਸ ਟ੍ਰੇਨਿੰਗ ਲੈਣ, ਠਾਣੇਦਾਰੀ ਕਰਨ ਤੇ ਵਿਆਹ ਕਰਾਉਣ ਪਿੱਛੋਂ ਉਹਦੀ ਖੇਡ ਸਿਖਰਲੀ ਫਾਰਮ ਵਿਚ ਨਹੀਂ ਸੀ ਰਹੀ। ਉਸ ਨੂੰ ਝਟਕਾ ਲੱਗਾ ਤੇ ਆਪਣੀ ਖੇਡ ਬਾਰੇ ਗੰਭੀਰਤਾ ਨਾਲ ਸੋਚਣ ਲੱਗਾ। ਉਸ ਨੇ ਮਹਿਸੂਸ ਕੀਤਾ ਕਿ ਉਸ ਵਿਚ ਪਹਿਲਾਂ ਵਾਲਾ ਖੇਡ ਡਿਸਿਪਲਿਨ ਨਹੀਂ ਰਿਹਾ। ਜੇ ਉਸ ਨੇ ਓਲੰਪਿਕ ਖੇਡਾਂ ਤਕ ਜਾਣਾ ਹੈ ਤਾਂ ਉਸ ਨੂੰ ਖੇਡ ਅਨੁਸਾਸ਼ਨ ਵਿਚ ਬੱਝਣਾ ਪਵੇਗਾ ਤੇ ਹਰਬੇਲ ਸਿੰਘ ਦੇ ਸਿਖਾਏ ਸਬਕਾਂ ਅਨੁਸਾਰ ਪ੍ਰੈਕਟਿਸ ਕਰਨੀ ਪਵੇਗੀ। ਉਸ ਨੇ ਮਿਥ ਲਿਆ ਕਿ ਉਹ ਹੋਰ ਸਭ ਕੁਝ ਪਿੱਛੇ ਪਾ ਦੇਵੇਗਾ ਤੇ ਹਾਕੀ ਨੂੰ ਪੂਰਨ ਤੌਰ ‘ਤੇ ਸਮਰਪਿਤ ਹੋਵੇਗਾ।
ਉਹ ਆਪਣੀ ਪਤਨੀ ਨਾਲ ਲੁਧਿਆਣੇ ਰਹਿੰਦਿਆਂ ਹਾਕੀ ਖੇਡਣ ਦੀ ਫਿਰ ਪਹਿਲਾਂ ਵਾਂਗ ਪ੍ਰੈਕਟਿਸ ਕਰਨ ਲੱਗਾ। ਪ੍ਰੈਕਟਿਸ ਲਈ ਗੌਰਮਿੰਟ ਕਾਲਜ ਲੁਧਿਆਣੇ ਦਾ ਹਾਕੀ ਮੈਦਾਨ ਸਹਾਈ ਹੋਇਆ। ਸੁਸ਼ੀਲ ਨੇ ਆਪਣੇ ਪਤੀ ਨੂੰ ਡਿਊਟੀ ਨਿਭਾਉਣ ਤੇ ਹਾਕੀ ਖੇਡਣ ਵਿਚ ਭਰਪੂਰ ਸਹਿਯੋਗ ਦਿੱਤਾ। ਇਹ ਵਰਣਨਯੋਗ ਹੈ ਕਿ ਬਲਬੀਰ ਸਿੰਘ ਦੀਆਂ ਹਾਕੀ ਦੀ ਖੇਡ ਵਿਚ ਵੱਡੀਆਂ ਪ੍ਰਾਪਤੀਆਂ ਵਿਆਹੇ ਜਾਣ ਤੋਂ ਬਾਅਦ ਦੀਆਂ ਹਨ। ਇਹ ਦਕੀਆਨੂਸੀ ਵਿਚਾਰ ਹੈ ਕਿ ਕੋਈ ਖਿਡਾਰੀ ਵਿਆਹੇ ਜਾਣ ਬਾਅਦ ਖੇਡਾਂ ਜੋਗਾ ਨਹੀਂ ਰਹਿੰਦਾ। ਬਲਬੀਰ ਸਿੰਘ ਵਾਂਗ ਐਸੀਆਂ ਅਨੇਕਾਂ ਮਿਸਾਲਾਂ ਹਨ ਜੋ ਸਾਬਤ ਕਰਦੀਆਂ ਹਨ ਕਿ ਵਿਆਹਾਂ ਤੋਂ ਬਾਅਦ ਵੀ ਖਿਡਾਰੀ ਵੱਡੀਆਂ ਮੱਲਾਂ ਮਾਰਦੇ ਰਹੇ ਹਨ। ਡਾਕਟਰੀ ਖੋਜ ਨੇ ਸਿੱਧ ਕੀਤਾ ਹੈ ਕਿ ਕੁਦਰਤੀ ਕਾਮ ਨਿਕਾਸ ਸਰੀਰ ਨੂੰ ਨਿਤਾਣਾ ਨਹੀਂ ਕਰਦਾ। ਇਹ ਨਿਰਾ ਵਹਿਮ ਹੀ ਹੈ ਕਿ ਬ੍ਰਹਮਚਾਰੀ ਸਰੀਰਕ ਤੌਰ ‘ਤੇ ਵਧੇਰੇ ਤਕੜੇ ਹੁੰਦੇ ਹਨ।
ਦੇਸ਼ ਵੰਡ ਤੋਂ ਪਹਿਲਾਂ ਬੰਬਈ ਵਿਚ 1947 ਦੀ ਨੈਸ਼ਨਲ ਹਾਕੀ ਚੈਂਪੀਅਨਸਿ਼ਪ ਹੋਣੀ ਸੀ। ਪੰਜਾਬ ਦੀ ਟੀਮ ਚੁਣਨ ਲਈ ਲਾਹੌਰ ਵਿਚ ਟਰਾਇਲ ਹੋਏ। ਤਦ ਤਕ ਪੋਠੋਹਾਰ ਵਿਚ ਦੰਗੇ ਫਸਾਦ ਹੋਣੇ ਸ਼ੁਰੁੂ ਹੋ ਗਏ ਸਨ। ਟਰਾਇਲਾਂ ਸਮੇਂ ਲਾਹੌਰ ਵਿਚ ਵੀ ਗੜਬੜ ਦਾ ਅੰਦੇਸ਼ਾ ਸੀ। ਮਾਹੌਲ ਵਿਚ ਤਨਾਅ ਸੀ। ਹਾਕੀ ਦਾ ਇਕ ਮਸ਼ਹੂਰ ਖਿਡਾਰੀ ਸੀ ਆਈ. ਐਸ. ਦਾਰਾ। ਉਹ ਧਿਆਨ ਚੰਦ ਦੀ ਕਪਤਾਨੀ ਵਿਚ ਇੰਡੀਆ ਦੀ ਟੀਮ ਵੱਲੋਂ ਬਰਲਿਨ ਦੀ ਓਲੰਪਿਕਸ ਖੇਡਿਆ ਸੀ। ਦਾਰਾ ਬ੍ਰਿਟਿਸ਼ ਫੌਜ ਵਿਚ ਸੀ ਜਿਸ ਨੂੰ ਦੂਜੇ ਵਿਸ਼ਵ ਯੁੱਧ ਵਿਚ ਲੜਨਾ ਪਿਆ। ਜਪਾਨੀਆਂ ਨੇ ਉਸ ਨੂੰ ਮਲਾਇਆ ਤੇ ਫਰੰਟ ਉਤੇ ਫੜ ਲਿਆ। ਉਹ ਬ੍ਰਿਟਿਸ਼ ਆਰਮੀ ਛੱਡ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਵਿਚ ਸ਼ਾਮਲ ਹੋ ਗਿਆ। ਉਸ ਨੇ ਨੇਤਾ ਜੀ ਦਾ ਗਹਿਰਾ ਅਸਰ ਕਬੂਲਿਆ। ਉਸ ਨੂੰ ਆਜ਼ਾਦ ਹਿੰਦ ਫੌਜ ਵਿਚ ਕਰਨਲ ਦਾ ਅਹੁਦਾ ਦੇ ਦਿੱਤਾ ਗਿਆ ਤੇ ਉਹ ਕਰਨਲ ਦਾਰਾ ਦੇ ਨਾਂ ਨਾਲ ਮਸ਼ਹੂਰ ਹੋਇਆ।
ਜਦੋਂ ਪਤਾ ਲੱਗਾ ਕਿ ਅੰਗਰੇਜ਼ ਭਾਰਤ ਛੱਡਣ ਵਾਲੇ ਹਨ ਤਾਂ ਉਹ ਲਾਹੌਰ ਵਿਚ ਨਮੂਦਾਰ ਹੋ ਗਿਆ। 1947 ਵਿਚ ਉਸ ਨੂੰ ਪੰਜਾਬ ਦੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਹ ਸੈਂਟਰ ਫਾਰਵਰਡ ਖੇਡਣਾ ਚਾਹੁੰਦਾ ਸੀ ਪਰ ਟਰਾਇਲ ਲੈ ਰਹੀ ਚੋਣ ਕਮੇਟੀ ਨੇ ਉਸ ਦੀ ਗੱਲ ਨਹੀਂ ਮੰਨੀ। ਚੋਣ ਕਮੇਟੀ ਵਿਚ ਸਰ ਜੌਨ੍ਹ ਬੈਨਟ, ਆਰ. ਡੀ. ਭੱਲਾ, ਬਸ਼ੀਰ ਅਹਿਮਦ ਸ਼ੇਖ਼, ਬਿਸ਼ਨ ਸਿੰਘ ਸਮੁੰਦਰੀ ਤੇ ਬੀ. ਐਲ. ਗੁਪਤਾ ਸਨ। ਸਰ ਜੌਨ੍ਹ ਨੇ ਸਾਫ ਕਹਿ ਦਿੱਤਾ ਕਿ ਸੈਂਟਰ ਫਾਰਵਰਡ ਤਾਂ ਬਲਬੀਰ ਸਿੰਘ ਹੀ ਖੇਡੇਗਾ। ਦਾਰਾ ਫਿਰ ਰਾਈਟ ਇਨਸਾਈਡ ਖੇਡਿਆ। ਫੁੱਲ ਬੈਕ ਧਰਮ ਸਿੰਘ ਤੇ ਬਾਵਾ ਤਰਲੋਚਣ ਸਿੰਘ ਸਨ। ਹਾਫ ਲਾਈਨ ਵਿਚ ਗੁਰਚਰਨ ਸਿੰਘ ਬੋਧੀ, ਅਮੀਰ ਕੁਮਾਰ ਤੇ ਸ਼ਾਹਰੁਖ਼ ਸੀ ਅਤੇ ਫਾਰਵਰਡ ਲਾਈਨ ਵਿਚ ਰਾਮ ਸਰੂਪ, ਦਾਰਾ, ਬਲਬੀਰ ਸਿੰਘ, ਅਜ਼ੀਜ਼ ਤੇ ਖ਼ੁਰਮ। ਜਦੋਂ ਪੰਜਾਬ ਦੀ ਟੀਮ ਲਾਹੌਰ ਤੋਂ ਬੰਬਈ ਨੂੰ ਚੱਲੀ ਤਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਸਾਂਝੇ ਪੰਜਾਬ ਦੀ ਆਖ਼ਰੀ ਟੀਮ ਹੋਵੇਗੀ। ਬੀ. ਐਲ. ਗੁਪਤਾ ਟੀਮ ਦਾ ਮੈਨੇਜਰ ਸੀ। ਕੋਈ ਨਹੀਂ ਸੀ ਜਾਣਦਾ ਕਿ ਉਸ ਚੈਂਪੀਅਨਸਿ਼ਪ ਤੋਂ ਬਾਅਦ ਬਲਬੀਰ ਸਿੰਘ ਦੇ ਸਾਥੀ ਦਾਰਾ, ਸ਼ਾਹਰੁਖ਼, ਅਜ਼ੀਜ਼ ਤੇ ਖ਼ੁਰਮ ਸਰਹੱਦ ਦੇ ਪਰਲੇਪਾਰ ਰਹਿ ਜਾਣਗੇ ਤੇ ਇੰਡੀਆ ਦੀ ਥਾਂ ਇਕ ਨਵੇਂ ਦੇਸ਼ ਦੀ ਵਰਦੀ ਪਾ ਕੇ ਖੇਡਣ ਲੱਗਣਗੇ।
ਨੈਸ਼ਨਲ ਚੈਂਪੀਅਨਸਿ਼ਪ ਦੇ ਪਹਿਲੇ ਦੋਵੇਂ ਮੈਚ ਪੰਜਾਬ ਦੀ ਟੀਮ ਨੇ ਜਿੱਤ ਤਾਂ ਲਏ ਪਰ ਮਹਿਸੂਸ ਕੀਤਾ ਜਿਵੇਂ ਟੀਮ ਵਿਚ ਪੂਰਾ ਤਾਲਮੇਲ ਨਾ ਹੋਵੇ। ਤੀਜੇ ਮੈਚ ਤਕ ਟੀਮ ਪੂਰੀ ਫਾਰਮ ਵਿਚ ਆ ਗਈ ਤੇ ਬਹੁਤ ਵਧੀਆ ਖੇਡੀ। ਬਲਬੀਰ ਸਿੰਘ ਦੀ ਖੇਡ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਦਰਸ਼ਕ ਮਹਿਸੂਸ ਕਰਨ ਲੱਗੇ ਕਿ ਪੰਜਾਬ ਦੀ ਟੀਮ ਕਲਕੱਤੇ ਵਾਂਗ ਬੰਬਈ ਦੀ ਨੈਸ਼ਨਲ ਚੈਂਪੀਅਨਸਿ਼ਪ ਵੀ ਜਿੱਤ ਸਕਦੀ ਹੈ। ਉਸ ਸਮੇਂ ਬੰਬਈ ਦੀ ਟੀਮ ਬਹੁਤ ਤਕੜੀ ਸਮਝੀ ਜਾਂਦੀ ਸੀ ਜਿਸ ਵਿਚ ਦੇਸ਼ ਦੇ ਨਾਮਵਰ ਹਾਕੀ ਖਿਡਾਰੀ ਖੇਡ ਰਹੇ ਸਨ। ਉਨ੍ਹਾਂ ਵਿਚ ਆਰ. ਐਸ. ਜੈਂਟਲ, ਅਮੀਰ ਕੁਮਾਰ, ਲੈਰੀ ਫਰਨਾਂਡਸ, ਵਾਲਟਰ ਡੀਸੌਜ਼ਾ, ਲੇਵੀ ਪਿੰਟੋ ਤੇ ਰੈਡੀ ਰੌਗਰਿਗਜ਼ ਵਰਗੇ ਖਿਡਾਰੀ ਸ਼ਾਮਲ ਸਨ।
ਪੰਜਾਬ ਤੇ ਬੰਬਈ ਦੀਆਂ ਟੀਮਾਂ ਨੇ ਆਪੋ ਆਪਣੇ ਸੈਮੀ ਫਾਈਨਲ ਮੈਚ ਜਿੱਤ ਲਏ। ਫਾਈਨਲ ਮੈਚ ਧੋਬੀ ਤਲਾਓ ਨੇੜੇ ਓਲਡ ਬੰਬੇ ਹਾਕੀ ਐਸੋਸੀਏਸ਼ਨ ਦੇ ਗਰਾਊਂਡ ਵਿਚ ਖੇਡਿਆ ਜਾਣਾ ਸੀ। ਸਿਖਰ ਦੀਆਂ ਟੀਮਾਂ ਦਾ ਉਹ ਮੈਚ ਵੇਖਣ ਲਈ ਦਰਸ਼ਕ ਏਨੀ ਵੱਡੀ ਗਿਣਤੀ ਵਿਚ ਢੁੱਕੇ ਕਿ ਕਿਧਰੇ ਤਿਲ ਸੁੱਟਣ ਜੋਗੀ ਥਾਂ ਵੀ ਖਾਲੀ ਨਾ ਰਹੀ। ਦਰਸ਼ਕ ਆਪਣੀ ਸਥਾਨਕ ਟੀਮ ਨੂੰ ਹੱਲਾਸ਼ੇਰੀ ਦੇ ਰਹੇ ਸਨ ਤੇ ਪੰਜਾਬ ਦੀ ਟੀਮ ਨੂੰ ਹੂਟ ਕਰ ਰਹੇ ਸਨ। ਖੇਡ ਬੜੀ ਤੇਜ਼ ਤਰਾਰ ਹੋਈ ਪਰ ਕੋਈ ਟੀਮ ਗੋਲ ਨਾ ਕਰ ਸਕੀ। ਮੈਚ ਬਰਾਬਰੀ ‘ਤੇ ਸਮਾਪਤ ਕਰਨਾ ਪਿਆ।
ਦੂਜੇ ਦਿਨ ਫਿਰ ਮੈਚ ਖੇਡਿਆ ਗਿਆ। ਦਰਸ਼ਕਾਂ ਦੀਆਂ ਭੀੜਾਂ ਪਹਿਲੇ ਦਿਨ ਵਾਂਗ ਹੀ ਉਮਡੀਆਂ। ਕਈਆਂ ਨੇ ਤਾਂ ਸ਼ਰਤਾਂ ਵੀ ਲਾ ਲਈਆਂ ਕਿ ਫਲਾਣੀ ਟੀਮ ਜਿੱਤੇਗੀ। ਮੈਚ ਬੜਾ ਫਸ ਕੇ ਹੋਇਆ। ਦਰਸ਼ਕਾਂ ਦੀਆਂ ਕਿਲਕਾਰੀਆਂ ਨੇ ਮਾਹੌਲ ਵਿਚ ਜੋਸ਼ ਭਰ ਦਿੱਤਾ ਸੀ। ਆਖ਼ਰ ਪੰਜਾਬ ਦੀ ਟੀਮ ਨੇ ਇਕ ਗੋਲ ਕਰ ਦਿੱਤਾ ਤੇ ਦੂਜੀ ਵਾਰ ਨੈਸ਼ਨਲ ਚੈਂਪੀਅਨਸਿ਼ਪ ਜਿੱਤ ਲਈ। ਬਲਬੀਰ ਸਿੰਘ ਲਈ ਇਹ ਦੂਹਰੀ ਖ਼ੁਸ਼ੀ ਸੀ। ਕੁਝ ਮਹੀਨੇ ਪਹਿਲਾਂ ਉਹਦਾ ਵਿਆਹ ਹੋਇਆ ਸੀ ਤੇ ਪਤਨੀ ਨੂੰ ਭੇਟ ਕਰਨ ਲਈ ਦੂਜਾ ਗੋਲਡ ਮੈਡਲ ਉਹਦੇ ਹੱਥ ਆ ਗਿਆ ਸੀ।
ਜੇਤੂ ਟੀਮ ਦਾ ਲਾਹੌਰ ਪਰਤਣਾ
ਬਲਬੀਰ ਸਿੰਘ ਦਾ ਜਿਗਰੀ ਯਾਰ ਸੰਤ ਸਿੰਘ ਬੇਹੱਦ ਖ਼ੁਸ਼ ਸੀ। ਉਹ ਟੀਮ ਨੂੰ ਬੰਬਈ ਦੇ ਨਜ਼ਾਰੇ ਵਿਖਾਉਣੇ ਤੇ ਫਿਲਮੀ ਅਦਾਕਾਰਾਂ ਨੂੰ ਮਿਲਾਉਣਾ ਚਾਹੁੰਦਾ ਸੀ। ਬੰਬਈ ਉਹਦਾ ਆਪਣਾ ਸ਼ਹਿਰ ਸੀ। ਉਹ ਤਾਂ ਪਿਛਲੇ ਸਾਲ ਵੀ ਆਪਣਾ ਕੰਮ ਕਾਰ ਛੱਡ ਕੇ ਕਲਕੱਤੇ ਪੰਜਾਬ ਦੀ ਟੀਮ ਦੇ ਅੰਗ ਸੰਗ ਰਿਹਾ ਸੀ। ਉਥੇ ਉਸ ਨੇ ਜੇਤੂ ਟੀਮ ਨੂੰ ਦਾਅਵਤ ਦਿੱਤੀ ਸੀ ਤੇ ਬਲਬੀਰ ਸਿੰਘ ਨੂੰ ਪਹਿਲੀ ਵਾਰ ਵਿਸਕੀ ਦਾ ਮਜ਼ਾ ਚਖਾਇਆ ਸੀ। ਉਸ ਨੇ ਮੈਨੇਜਰ ਬੀ. ਐਲ. ਗੁਪਤਾ ਨੂੰ ਬੇਨਤੀ ਕੀਤੀ ਕਿ ਟੀਮ ਇਕ ਦਿਨ ਹੋਰ ਰਹੇ। ਪਰ ਲਾਹੌਰ ਤੋਂ ਗੜਬੜ ਦੀਆਂ ਖ਼ਬਰਾਂ ਆ ਰਹੀਆਂ ਸਨ ਜਿਸ ਕਰਕੇ ਖਿਡਾਰੀ ਤੁਰਤ ਲਾਹੌਰ ਮੁੜਨਾ ਚਾਹੁੰਦੇ ਸਨ। ਬੁੱਕ ਕੀਤੀਆਂ ਟਿਕਟਾਂ ਮੁਤਾਬਿਕ ਟੀਮ ਨੇ ਉਸੇ ਸ਼ਾਮ ਰੇਲ ਗੱਡੀ ਫੜਨੀ ਸੀ।
ਪਰ ਸੰਤ ਸਿੰਘ ਵਾਰ ਵਾਰ ਜ਼ੋਰ ਦੇ ਰਿਹਾ ਸੀ ਕਿ ਟੀਮ ਇਕ ਰਾਤ ਤਾਂ ਹੋਰ ਠਹਿਰੇ ਤਾਂ ਜੋ ਉਹ ਖਿਡਾਰੀਆਂ ਦੀ ਮਨਭਾਉਂਦੀ ਸੇਵਾ ਕਰ ਸਕੇ। ਟੂਰਨਾਮੈਂਨ ਦੌਰਾਨ ਤਾਂ ਖਿਡਾਰੀ ਡਿਸਿਪਲਿਨ ਵਿਚ ਬੱਧੇ ਹੋਏ ਸਨ ਤੇ ਉਹ ਉਨ੍ਹਾਂ ਦੀ ਉਹ ਪੀਣ ਪਿਆਉਣ ਦੀ ਸੇਵਾ ਨਹੀਂ ਸੀ ਕਰ ਸਕਿਆ। ਗੁਪਤਾ ਜੀ ਨੇ ਸੰਤ ਸਿੰਘ ਨੂੰ ਸਮਝਾਇਆ ਕਿ ਲਾਹੌਰ ਤੋਂ ਤਾਰਾਂ ਆ ਰਹੀਆਂ ਹਨ ਪਈ ਖਿਡਾਰੀਆਂ ਨੂੰ ਛੇਤੀ ਘਰੋ ਘਰੀ ਪੁਚਾਇਆ ਜਾਵੇ। ਅਖ਼ੀਰ ਸੰਤ ਸਿੰਘ ਇਸ ਗੱਲ ‘ਤੇ ਅੜ ਗਿਆ ਕਿ ਬਲਬੀਰ ਸਿੰਘ ਨੂੰ ਉਸ ਪਾਸ ਇਕ ਰਾਤ ਰਹਿਣ ਦਿੱਤਾ ਜਾਵੇ। ਸਵੇਰੇ ਉਹ ਉਸ ਨੂੰ ਹਵਾਈ ਜਹਾਜ਼ ‘ਤੇ ਚੜ੍ਹਾਅ ਕੇ ਗਵਾਲੀਅਰ ਭੇਜ ਦੇਵਗਾ ਜਿਥੋਂ ਉਹ ਟੀਮ ਨਾਲ ਰਲ ਕੇ ਲਾਹੌਰ ਚਲਾ ਜਾਵੇਗਾ। ਗੁਪਤਾ ਜੀ ਨੂੰ ਇਹ ਗੱਲ ਐਵੇਂ ਫੈਂਟਰ ਮਾਰਨ ਵਰਗੀ ਲੱਗੀ। ਉਨ੍ਹਾਂ ਦਿਨਾਂ ਵਿਚ ਹਵਾਈ ਜਹਾਜ਼ ‘ਤੇ ਚੜ੍ਹਨਾ ਚੜ੍ਹਾਉਣਾ ਮਾਮੂਲੀ ਗੱਲ ਨਹੀਂ ਸੀ। ਰੰਗੀਲੜੇ ਸੰਤ ਸਿੰਘ ਦੀ ਰੰਗੀਲੜੀ ਪੇਸ਼ਕਸ਼ ‘ਤੇ ਸਾਰੇ ਹੱਸਣ ਲੱਗੇ।
ਬੀ. ਐਲ. ਗੁਪਤਾ ਨੇ ਕਿਹਾ, “ਪਹਿਲਾ ਬੰਬਈ ਤੋਂ ਗਵਾਲੀਅਰ ਦੀ ਹਵਾਈ ਟਿਕਟ ਲਿਆ ਕੇ ਦਿਖਾਓ। ਜੇ ਟਿਕਟ ਈ ਨਾ ਮਿਲੀ ਤਾਂ ਬਲਬੀਰ ਸਿੰਘ ਜਹਾਜ਼ ‘ਤੇ ਕਿੰਜ ਚੜ੍ਹੇਗਾ ਤੇ ਕਿਵੇਂ ਸਾਡੇ ਨਾਲ ਗਵਾਲੀਅਰ ਪਹੁੰਚ ਕੇ ਰਲੇਗਾ? ਅਸੀਂ ਲਾਹੌਰ ਜਾ ਕੇ ਬੈਨਟ ਸਾਹਿਬ ਨੂੰ ਕੀ ਦੱਸਾਂਗੇ, ਬਲਬੀਰ ਸਿੰਘ ਕਿਥੇ ਰਹਿ ਗਿਆ?” ਗੁਪਤਾ ਜੀ ਸਮਝਦੇ ਸਨ ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ। ਪਰ ਸੰਤ ਸਿੰਘ ਲਈ ਇਹ ਖੱਬੇ ਹੱਥ ਦਾ ਖੇਲ੍ਹ ਸੀ। ਉਸ ਨੇ ਫੋਨ ਘੁੰਮਾਇਆ ਤੇ ਗੱਡੀ ਤੁਰਨ ਤੋਂ ਪਹਿਲਾਂ ਹੀ ਹਵਾਈ ਟਿਕਟ ਹਾਜ਼ਰ ਹੋ ਗਈ। ਟੀਮ ਗੱਡੀ ਚੜ੍ਹ ਗਈ। ਬਲਬੀਰ ਸਿੰਘ ਨੂੰ ਨਾਲ ਲੈ ਕੇ ਸੰਤ ਸਿੰਘ ਨੇ ਟੀਮ ਨੂੰ ਟਾ-ਅ-ਟਾ ਕਰ ਦਿੱਤੀ।
ਉਨ੍ਹੀਂ ਦਿਨੀਂ ਬੰਬਈ ਵਿਚ ਸ਼ਰਾਬਬੰਦੀ ਸੀ। ਬਲਬੀਰ ਸਿੰਘ ਤਾਂ ਪੀਂਦਾ ਨਹੀਂ ਸੀ ਪਰ ਸੰਤ ਸਿੰਘ ਪੀਣ ਖਾਣ ਦਾ ਸੌ਼ਕੀਨ ਸੀ। ਉਹ ਬਲਬੀਰ ਸਿੰਘ ਨੂੰ ਆਪਣੇ ਮਨਪਸੰਦ ਮਹਿੰਗੇ ਹੋਟਲ ਵਿਚ ਲੈ ਗਿਆ ਜਿਥੇ ਵਿਸਕੀ ਚਾਹ ਦੇ ਪਿਆਲੇ ਵਿਚ ਪਰੋਸੀ ਜਾਂਦੀ ਸੀ। ਆਰਡਰ ਦੇਣ ਵੇਲੇ 'ਸਪੈਸ਼ਲ ਚਾਹ' ਦਾ ਆਰਡਰ ਦੇਣਾ ਪੈਂਦਾ ਸੀ। ਬਲਬੀਰ ਸਿੰਘ ਹੈਰਾਨ ਸੀ ਕਿ ਇਹ ਕਿਹੋ ਜਿਹੀ ਸ਼ਰਾਬਬੰਦੀ ਸੀ? ਉਹ ਖ਼ੁਦ ਪੰਜਾਬ ਪੁਲਿਸ ਦਾ ਠਾਣੇਦਾਰ ਸੀ। ਉਸ ਨੂੰ ਸਮਝਣ ਵਿਚ ਦੇਰ ਨਾ ਲੱਗੀ ਜਦੋਂ ਸੰਤ ਸਿੰਘ ਨੇ ਦੱਸਿਆ ਕਿ ਇਹ ਸਾਰਾ ਕੁਛ ਬੰਬਈ ਪੁਲਿਸ ਦੀ ਮਿਲੀਭੁਗਤ ਨਾਲ ਚੱਲ ਰਿਹੈ। ਬਲਬੀਰ ਸਿੰਘ ਨੇ ਤਾਂ ਲਾਲ ਰੰਗ ਦਾ ਸ਼ਰਬਤ 'ਟੂਟੀ-ਫਰੂਟੀ' ਮੰਗਵਾਇਆ ਪਰ ਸੰਤ ਸਿੰਘ ਨੇ 'ਸਪੈਸ਼ਲ ਚਾਹ' ਦਾ ਆਰਡਰ ਦਿੱਤਾ।
ਬਲਬੀਰ ਸਿੰਘ ਫਰੂਟੀ ਤੇ ਸੰਤ ਸਿੰਘ ਚਾਹ ਪੀ ਕੇ ਤੇ ਸਨੈਕਸ ਲੈ ਕੇ ਇਕ ਹੋਰ ਹੋਟਲ ਵਿਚ ਚਲੇ ਗਏ। ਉਥੇ ਬਲਬੀਰ ਸਿੰਘ ਨੇ ਆਪਣੀ ਮਨਭਾਉਂਦੀ ਆਈਸ ਕਰੀਮ ਮੰਗਵਾਈ। ਸੰਤ ਸਿੰਘ ਨੇ ਫਿਰ ਸਪੈਸ਼ਲ ਚਾਹ ਦਾ ਕੱਪ ਮੰਗਵਾ ਲਿਆ। ਬਲਬੀਰ ਸਿੰਘ ਨੂੰ ਫਿਲਮਾਂ ਵਿਚ ਵੇਖਿਆ ਇਕ ਐਕਟਰ ਦਰਵਾਜ਼ੇ ਵਿਚ ਦੀ ਆਉਂਦਾ ਦਿਸਿਆ। ਉਹ ਖ਼ੂਬਸੂਰਤ ਨੌਜੁਆਨ ਸੀ। ਸੰਤ ਸਿੰਘ ਦਾ ਉਹ ਚੰਗਾ ਵਾਕਫ਼ ਸੀ। ਉਹ ਕੋਲ ਦੀ ਲੰਘਣ ਲੱਗਾ ਤਾਂ ਸੰਤ ਸਿੰਘ ਨੇ ਉਸ ਨੂੰ ਰੋਕ ਲਿਆ। ਉਸ ਨੂੰ ਬਲਬੀਰ ਸਿੰਘ ਨਾਲ ਮਿਲਾਇਆ। ਉਸ ਦਾ ਨਾਂ ਸ਼ਾਮ ਸੀ ਜਿਸ ਦੀ ਫਿਲਮੀ ਘੋੜ ਸਵਾਰੀ ਦਰਸ਼ਕਾਂ ਦੇ ਦਿਲਾਂ ਨੂੰ ਧੂਹ ਪਾਉਂਦੀ ਸੀ। ਬਲਬੀਰ ਸਿੰਘ ਜਦੋਂ ਕਦੇ ਸ਼ਾਮ ਦੀ ਫਿਲਮ ਵੇਖਦਾ ਸੀ ਤਾਂ ਉਸ ਨੂੰ ਮੁਲਤਾਨ ਦੇ ਇਲਾਕੇ ਵਿਚ ਕੀਤੀ ਆਪਣੀ ਘੋੜ ਸਵਾਰੀ ਯਾਦ ਆ ਜਾਂਦੀ ਸੀ।
ਸੰਤ ਸਿੰਘ ਨੇ ਦੋਹਾਂ ਦੀ ਜਾਣ ਪਛਾਣ ਇਹ ਕਹਿੰਦਿਆਂ ਕਰਾਈ ਕਿ ਸ਼ਾਮ ਫਿਲਮਾਂ ਦਾ ਰਾਈਜਿ਼ੰਗ ਸਟਾਰ ਹੈ ਤੇ ਬਲਬੀਰ ਸਿੰਘ ਹਾਕੀ ਦਾ। ਸ਼ਾਮ ਨੇ ਕਿਹਾ ਕਿ ਉਹ ਬਲਬੀਰ ਸਿੰਘ ਨੂੰ ਹਾਕੀ ਸਟਾਰ ਵਜੋਂ ਪਹਿਲਾਂ ਹੀ ਜਾਣਦੈ। ਉਹ ਜੱਫੀ ਪਾ ਕੇ ਮਿਲੇ। ਫਿਰ ਆਪਣੀ ਘੋੜ ਸਵਾਰੀ ਦੇ ਸ਼ੌਕ ਦੀਆਂ ਗੱਲਾਂ ਕਰਦੇ ਖ਼ੁਸ਼ ਹੋਏ। ਸੰਤ ਸਿੰਘ ਨੇ ਸ਼ਾਮ ਨੂੰ ਸਪੈਸ਼ਲ ਚਾਹ ਦੀ ਪੇਸ਼ਕਸ਼ ਕੀਤੀ ਪਰ ਸ਼ਾਮ ਨੇ ਕਿਸੇ ਹੋਰ ਪਾਰਟੀ ਵਿਚ ਜਾਣਾ ਸੀ। ਉਸ ਨੇ ਖਿ਼ਮਾਂ ਮੰਗੀ ਕਿ ਸਪੈਸ਼ਲ ਚਾਹ ਤਾਂ ਉਹ ਪੀਵੇਗਾ ਹੀ ਪਰ ਪੀਵੇਗਾ ਪਾਰਟੀ ਵਿਚ ਜਾ ਕੇ। ਉਥੇ ਵਧੇਰੇ ਮੇਜ਼ਾਂ ਉਤੇ ਸਪੈਸ਼ਲ ਚਾਹ ਦੇ ਪਿਆਲੇ ਹੀ ਸ਼ੋਭ ਰਹੇ ਸਨ। ਅਜਿਹੀ ਸੀ ਬੰਬਈ ਦੀ ਨਸ਼ਾਬੰਦੀ!
ਬਲਬੀਰ ਸਿੰਘ ਨੂੰ ਫਿਲਮਾਂ ਦੇ ਚੜ੍ਹਦੇ ਸਿਤਾਰੇ ਸ਼ਾਮ ਦੀ ਮਿਲਣੀ ਅੱਜ ਵੀ ਯਾਦ ਹੈ। ਸ਼ਾਮ ਦੀ ਬਦਕਿਸਮਤੀ ਸੀ ਕਿ ਉਹ ਘੋੜ ਸਵਾਰੀ ਕਰਦਿਆਂ ਇਕ ਹਾਦਸੇ ਵਿਚ ਜੁਆਨ ਅਵੱਸਥਾ ‘ਚ ਹੀ ਚੱਲ ਵਸਿਆ। ਜੀਂਦਾ ਰਹਿੰਦਾ ਤਾਂ ਸੰਭਵ ਸੀ ਉਹਦੀਆਂ ਵੀ ਦਲੀਪ ਕੁਮਾਰ ਤੇ ਰਾਜ ਕਪੂਰ ਵਾਂਗ ਗੱਲਾਂ ਹੁੰਦੀਆਂ। ਬਲਬੀਰ ਸਿੰਘ ਤੇ ਦਲੀਪ ਕੁਮਾਰ ਹਾਣੋ ਹਾਣੀ ਹਨ ਜੋ ਨੱਬੇ ਸਾਲ ਦੀਆਂ ਉਮਰਾਂ ਪਾਰ ਕਰ ਚੁੱਕੇ ਹਨ। ਬਲਬੀਰ ਸਿੰਘ ਫਿਲਮਾਂ ਵੇਖਣ ਦਾ ਸੌ਼ਕੀਨ ਤਾਂ ਨਹੀਂ ਸੀ ਪਰ ਜਦੋਂ ਕਿਤੇ ਜਿੱਤੀ ਹੋਈ ਟੀਮ ਖੁਸ਼ੀ ਮਨਾਉਣ ਲਈ ਸਿਨਮੇ ਜਾਣ ਦਾ ਪ੍ਰੋਗਰਾਮ ਬਣਾਉਂਦੀ ਤਾਂ ਉਹ ਵੀ ਸਾਥ ਦੇ ਦਿੰਦਾ।
ਉਹ ਇਕ ਰਾਤ ਤੇ ਇਕ ਦਿਨ ਲਈ ਸੰਤ ਸਿੰਘ ਦਾ ਮਹਿਮਾਨ ਸੀ। ਸੰਤ ਸਿੰਘ ਨੇ ਉਸ ਨੂੰ ਵੱਧ ਤੋਂ ਵੱਧ ਦੋਸਤਾਂ ਨਾਲ ਮਿਲਾਉਣ ਦੀ ਕੋਸਿ਼ਸ਼ ਕੀਤੀ। ਦੋਸਤ ਖਾਣ ਪੀਣ ਲਈ ਜੋ਼ਰ ਦਿੰਦੇ ਤਾਂ ਬਲਬੀਰ ਸਿੰਘ ਪੀਣ ਤੋਂ ਨਾਂਹ ਕਰ ਦਿੰਦਾ। ਉਹ ਮੀਟ ਤਾਂ ਕਦੇ ਕਦਾਈਂ ਖਾਣ ਲੱਗ ਪਿਆ ਸੀ ਪਰ ਸ਼ਰਾਬ ਨਹੀਂ ਸੀ ਪੀਂਦਾ। ਮੀਟ ਵੀ ਮੋਗੇ ਘਰ ਵਿਚ ਕਦੇ ਨਹੀਂ ਸੀ ਖਾਧਾ। ਉਹ ਵੀ ਇਕ ਟੂਰਨਾਮੈਂਟ ਸਮੇਂ ਖਾਧਾ ਗਿਆ ਸੀ ਤੇ ਸ਼ਰਾਬ ਵੀ ਕਲਕੱਤੇ ਸੰਤ ਸਿੰਘ ਵੱਲੋਂ ਸ਼ਰਤ ਲਾਉਣ ‘ਤੇ ਪੀਤੀ ਗਈ ਸੀ। ਸੰਤ ਸਿੰਘ ਪਹਿਲਾਂ ਹੀ ਦੋਸਤਾਂ ਨੂੰ ਕਲਕੱਤੇ ਵਾਲੀ ਗੱਲ ਦੱਸ ਦਿੰਦਾ ਸੀ ਕਿ ਬਲਬੀਰ ਸਿੰਘ ‘ਤੇ ਵਧੀਆ ਵਿਸਕੀ ਜ਼ਾਇਆ ਨਾ ਕਰੋ! ਚੜ੍ਹਨੀ ਤਾਂ ਇਹਨੂੰ ਹੈ ਨਹੀਂ ਫਿਰ ਪਿਆਉਣ ਦਾ ਕੀ ਫਾਇਦਾ? ਇਹ ਵੀ ਦੱਸ ਦਿੰਦਾ ਕਿ ਕਲਕੱਤੇ ਉਹ ਪੀਣ ਪਿਆਉਣ ਦੇ ਗੇੜ ਵਿਚ ਇਹਨੂੰ ਛੇ ਸੌ ਰੁਪਏ ਹਾਰ ਗਿਆ ਸੀ। ਇਹ ਵੱਖਰੀ ਗੱਲ ਸੀ ਕਿ ਰੁਪਏ ਬਾਅਦ ਵਿਚ ਮੋੜ ਦਿੱਤੇ ਸਨ।
ਵਾਇਦੇ ਮੁਤਾਬਿਕ ਸੰਤ ਸਿੰਘ ਨੇ ਇਕ ਰਾਤ ਦੀ ਮਹਿਮਾਨ ਨਿਵਾਜ਼ੀ ਪਿੱਛੋਂ ਬਲਬੀਰ ਸਿੰਘ ਨੂੰ ਹਵਾਈ ਜਹਾਜ਼ ਚੜ੍ਹਾਉਣਾ ਸੀ। ਪਰ ਉਸ ਦਾ ਦਿਲ ਕਰਦਾ ਸੀ ਆਪਣੇ ਮਿੱਤਰ ਨੂੰ ਕੁਝ ਦਿਨ ਹੋਰ ਬੰਬਈ ਰੱਖੇ। ਹਾਲੇ ਉਸ ਦੇ ਚਾਅ ਪੂਰੇ ਨਹੀਂ ਸਨ ਹੋਏ। ਪਰ ਬਲਬੀਰ ਸਿੰਘ ਦੇ ਜ਼ੋਰ ਦੇਣ ਉਤੇ ਸੰਤ ਸਿੰਘ ਨੂੰ ਆਪਣਾ ਦੋਸਤ ਸਾਂਤਾ ਕਰੂਜ਼ ਦੇ ਹਵਾਈ ਅੱਡੇ ਤੋਂ ਜਹਾਜ਼ ਚੜ੍ਹਾਉਣਾ ਹੀ ਪਿਆ। ਬਲਬੀਰ ਸਿੰਘ ਦਾ ਇਹ ਪਹਿਲਾ ਹਵਾਈ ਸਫ਼ਰ ਸੀ ਜੋ ਚੌਵੀਵੇਂ ਸਾਲ ਦੀ ਉਮਰ ਵਿਚ ਹੋ ਰਿਹਾ ਸੀ। ਉਸ ਪਿੱਛੋਂ ਤਾਂ ਏਨੇ ਹਵਾਈ ਸਫ਼ਰ ਹੋ ਜਾਣੇ ਸਨ ਕਿ ਹਵਾਈ ਅੱਡਿਆਂ ਦੇ ਨਾਂ ਵੀ ਚੇਤੇ ਨਹੀਂ ਸਨ ਰਹਿਣੇ। ਬਲਬੀਰ ਸਿੰਘ ਨੂੰ ਪਹਿਲੇ ਹਵਾਈ ਸਫ਼ਰ ਦਾ ਅਨੰਦ ਆਉਣ ਹੀ ਲੱਗਾ ਸੀ ਕਿ ਬੜੀ ਛੇਤੀ ਗਵਾਲੀਅਰ ਆ ਗਿਆ। ਉਹ ਜਹਾਜ਼ ਤੋਂ ਉੱਤਰ ਕੇ ਰੇਲਵੇ ਸਟੇਸ਼ਨ ‘ਤੇ ਪੁੱਜਾ ਤਾਂ ਬੰਬਈ ਤੋਂ ਰੇਲ ਗੱਡੀ ਵੀ ਪੁੱਜ ਗਈ ਸੀ। ਉਹ ਉਥੋਂ ਫਿਰ ਟੀਮ ਨਾਲ ਰਲ ਗਿਆ। ਗਵਾਲੀਅਰ ਵਿਚ ਉਸ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਖੇਡਿਆ ਹਾਕੀ ਟੂਰਨਾਮੈਂਟ ਯਾਦ ਆਇਆ। ਮਹਾਰਾਜੇ ਦੀ ਬੱਘੀ ਵਿਚ ਲਏ ਝੂਟੇ ਯਾਦ ਆਏ ਤੇ ਸ਼ਾਹੀ ਮਹਿਲ ਦੀਆਂ ਦਾਅਵਤਾਂ ਦਾ ਲੁਤਫ਼ ਯਾਦ ਆਇਆ!
ਰੇਲ ਗੱਡੀ ਜਦੋਂ ਦਿੱਲੀ, ਲੁਧਿਆਣੇ, ਫਿਲੌਰ, ਜਲੰਧਰ ਤੇ ਅੰਮ੍ਰਿਤਸਰ ਵਿਚ ਦੀ ਲੰਘ ਰਹੀ ਸੀ ਤਾਂ ਬਲਬੀਰ ਸਿੰਘ ਦੇ ਮਨ ਵਿਚ ਉਨ੍ਹਾਂ ਸ਼ਹਿਰਾਂ ਨਾਲ ਜੁੜੀਆਂ ਯਾਦਾਂ ਦੀ ਲੜੀ ਘੁੰਮ ਰਹੀ ਸੀ। ਦਿੱਲੀ ਦਾ ਰੇਲਵੇ ਸਟੇਸ਼ਨ ਆਇਆ ਤਾਂ ਪੁਲਿਸ ਵਿਚ ਭਰਤੀ ਕਰਨ ਲਈ ਲੱਗੀ ਹੱਥਕੜੀ ਯਾਦ ਆਈ। ਲੁਧਿਆਣੇ ਹੁਣ ਉਹ ਠਾਣੇਦਾਰ ਲੱਗਾ ਹੋਇਆ ਸੀ। ਅਪ੍ਰੈਲ 1947 ਦੇ ਦਿਨ ਸਨ। ਪੱਕੀਆਂ ਸੁਨਹਿਰੀ ਕਣਕਾਂ ਹੁਲ੍ਹਾਰੇ ਮਾਰ ਰਹੀਆਂ ਸਨ। ਸਤਲੁਜ ਲੰਘਦਿਆਂ ਫਿਲੌਰ ਦੇ ਕਿਲੇ ਦੀ ਕੈਦ ਯਾਦ ਆਈ ਤੇ ਨਾਨਕੇ ਦਾਦਕੇ ਯਾਦ ਆਏ। ਜਲੰਧਰ ਉਹ ਭਰਤੀ ਹੋਇਆ ਸੀ। ਅੰਮ੍ਰਿਤਸਰ ਉਹਦਾ ਹਾਕੀ ਦਾ ਮੱਕਾ ਸੀ। ਤੇ ਲਾਹੌਰ? ਲਾਹੌਰ ਨੂੰ ਤਾਂ ਉਹ ਦਿਲ ਹੀ ਦੇ ਚੁੱਕਾ ਸੀ। ਉਥੇ ਉਸ ਦੀ ਸੱਜ ਵਿਆਹੀ ਪਤਨੀ ਉਹਦੀ ਉਡੀਕ ਵਿਚ ਬਿਹਬਲ ਸੀ। ਕਦੋਂ ਬਲਬੀਰ ਸਿੰਘ ਆਵੇ ਤੇ ਉਹ ਖ਼ੁਸ਼ੀਆਂ ਮਨਾਉਣ।
ਟੀਮ ਦੇ ਸਵਾਗਤ ਲਈ ਪੰਜਾਬ ਹਾਕੀ ਐਸੋਸੀਏਸ਼ਨ ਦਾ ਪ੍ਰਧਾਨ ਸਰ ਜੌਨ੍ਹ ਬੈਨਟ ਹਾਕੀ ਅਧਿਕਾਰੀਆਂ ਤੇ ਹਾਕੀ ਪ੍ਰੇਮੀਆਂ ਨਾਲ ਲਾਹੌਰ ਦੇ ਰੇਲਵੇ ਸਟੇਸ਼ਨ ‘ਤੇ ਹਾਜ਼ਰ ਸੀ। ਟੀਮ ਗੱਡੀ ‘ਚੋਂ ਬਾਹਰ ਨਿਕਲੀ ਤਾਂ ਜੇਤੂ ਖਿਡਾਰੀਆਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ। ਉਥੋਂ ਟੀਮ ਨੂੰ ਜਲੂਸ ਦੀ ਸ਼ਕਲ ਵਿਚ ਪਬਲਿਕ ਰਿਸੈਪਸ਼ਨ ਲਈ ਲਿਜਾਇਆ ਗਿਆ। ਸਮਾਗਮ ਦੌਰਾਨ ਖਿਡਾਰੀਆਂ ਦੀ ਉਸਤਤ ਵਿਚ ਭਾਸ਼ਨ ਹੋਏ ਤੇ ਉਨ੍ਹਾਂ ਦਾ ਮਾਨ ਸਨਮਾਨ ਕੀਤਾ ਗਿਆ। ਇਹ ਸਾਂਝੇ ਪੰਜਾਬ ਦੀ ਹਾਕੀ ਟੀਮ ਦਾ ਆਖ਼ਰੀ ਮਾਨ ਸਨਮਾਨ ਸੀ। ਕੁਝ ਮਹੀਨਿਆਂ ‘ਚ ਪੰਜਾਬ ਦੁਫਾੜ ਹੋ ਜਾਣਾ ਸੀ। ਲਾਹੌਰ ਇਕ ਬੰਨੇ, ਅੰਮ੍ਰਿਤਸਰ ਦੂਜੇ ਬੰਨੇ। ਜਦੋਂ ਰਸਮੀ ਭਾਸ਼ਨ ਹੋ ਰਹੇ ਸਨ ਤਾਂ ਬਲਬੀਰ ਸਿੰਘ ਦਾ ਦਿਲ ਕਰਦਾ ਸੀ ਉਹ ਛੇਤੀ ਮੁੱਕਣ ਅਤੇ ਉਹ ਮਾਡਲ ਟਾਊਨ ਜਾ ਕੇ ਆਪਣੀ ਪਤਨੀ ਤੇ ਪਰਿਵਾਰ ਨੂੰ ਮਿਲੇ।
ਸਮਾਗਮ ਮੁੱਕਿਆ ਤਾਂ ਸਾਰੇ ਆਪੋ ਆਪਣੇ ਟਿਕਾਣਿਆਂ ਨੂੰ ਜਾਣੇ ਸ਼ੁਰੂ ਹੋ ਗਏ। ਰਾਵਲਪਿੰਡੀ ਵੱਲ ਹੋਏ ਦੰਗਿਆਂ ਦੀ ਅੱਗ ਲਾਹੌਰ ਵੀ ਆ ਪਹੁੰਚੀ ਸੀ। ਲਾਹੌਰ ਵਿਚ ਵੀ ਕਿਤੇ ਕਿਤੇ ਫਸਾਦ ਹੋਣੇ ਸ਼ੁਰੂ ਹੋ ਗਏ ਸਨ। ਮਾਹੌਲ ਵਿਚ ਦਹਿਸ਼ਤ ਸੀ। ਬਲਬੀਰ ਸਿੰਘ ਦਾ ਇਕੱਲਿਆਂ ਮਾਡਲ ਟਾਊਨ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਇਹ ਗੱਲ ਕਿਸੇ ਦੇ ਦਿਮਾਗ਼ ਵਿਚ ਹੀ ਨਹੀਂ ਸੀ ਆਈ। ਟੀਮ ਦੇ ਕਪਤਾਨ ਦਾਰੇ ਨੇ ਕਿਹਾ ਗਾਰਡਨ ਕਲੋਨੀ ਤਕ ਉਹ ਉਹਦੇ ਨਾਲ ਚੱਲੇਗਾ। ਉਨ੍ਹਾਂ ਨੇ ਰੇਲਵੇ ਸਟੇਸ਼ਨ ਤੋਂ ਟੈਕਸੀ ਲਈ। ਰਸਤੇ ਵਿਚ ਦਾਰੇ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਘਰ ਸਨ। ਉਹ ਦਾਰੇ ਨੂੰ ਮਿਲਣਾ ਤੇ ਮੁਬਾਰਕਾਂ ਦੇਣੀਆਂ ਚਾਹੁੰਦੇ ਸਨ। ਕਰਨਲ ਦਾਰਾ ਲਾਹੌਰ ਦਾ ਨਾਮਵਰ ਵਿਅਕਤੀ ਸੀ।
ਬਲਬੀਰ ਸਿੰਘ ਕਰਨਲ ਦਾਰੇ ਨੂੰ ਇਹ ਕਹਿਣੋ ਝਿਜਕਦਾ ਰਿਹਾ ਕਿ ਪਹਿਲਾਂ ਉਹਨੂੰ ਮਾਡਲ ਟਾਊਨ ਉਤਾਰ ਆਵੇ ਤੇ ਫੇਰ ਆਪਣੇ ਦੋਸਤਾਂ ਨੂੰ ਮਿਲਦਾ ਰਹੇ। ਦਰਅਸਲ ਗਾਰਡਨ ਕਲੋਨੀ ਰਾਹ ਵਿਚ ਸੀ ਤੇ ਮਾਡਲ ਟਾਊਨ ਅਗਾਂਹ ਸੀ। ਦੋਸਤਾਂ ਨੂੰ ਮਿਲਦਿਆਂ ਗਿਲਦਿਆਂ ਦਾਰੇ ਨੇ ਕਿਸੇ ਨਾਲ ਵੀ ਬਲਬੀਰ ਸਿੰਘ ਨੂੰ ਨਾ ਮਿਲਾਇਆ। ਦਾਰਾ ਮਹਿਸੂਸ ਕਰ ਰਿਹਾ ਸੀ ਕਿ ਬਲਬੀਰ ਸਿੰਘ ਨੂੰ ਉਹਦੇ ਮੁਸਲਮਾਨ ਦੋਸਤ ਸ਼ਾਇਦ ਪਸੰਦ ਨਾ ਕਰਨ। ਬਜ਼ਾਰ ਵੀ ਸੁੰਨੇ ਸੁੰਨੇ ਲੱਗਦੇ ਸਨ। ਬਲਬੀਰ ਸਿੰਘ ਨੇ ਵੀ ਮਹਿਸੂਸ ਕਰ ਲਿਆ ਕਿ ਲਾਹੌਰ ਬਦਲ ਚੱਲਿਆ ਹੈ। ਜਦੋਂ ਦਾਰਾ ਆਪਣੇ ਦੋਸਤਾਂ ਨਾਲ ਕੰਨਾਸੋਰੀ ਕਰਦਾ ਤਾਂ ਬਲਬੀਰ ਸਿੰਘ ਨੂੰ ਲੱਗਦਾ ਜਿਵੇਂ ਉਹ ਉਹਦੀਆਂ ਹੀ ਗੱਲਾਂ ਕਰਦੇ ਹੋਣ। ਉਸ ਨੂੰ ਸ਼ੱਕ ਪੈਣ ਲੱਗਾ ਕਿਤੇ ਉਹਦੇ ਨਾਲ ਹੀ ਕੋਈ ਮਾੜਾ ਭਾਣਾ ਨਾ ਵਰਤ ਜਾਵੇ! ਭਾਵੇਂ ਇਹ ਨਿਰਆਧਾਰ ਸੋਚ ਸੀ ਪਰ ਮਾਹੌਲ ਨਿਰਦਈ ਬਣਦਾ ਜਾ ਰਿਹਾ ਸੀ।
ਦਾਰਾ ਦੋਸਤਾਂ ਮਿੱਤਰਾਂ ਨੂੰ ਮਿਲਦਾ ਗਾਰਡਨ ਕਲੋਨੀ ਜਾ ਉਤਰਿਆ। ਟੈਕਸੀ ਵਾਲਾ ਬਲਬੀਰ ਸਿੰਘ ਨੂੰ ਮਾਡਲ ਟਾਊਨ ਲੈ ਗਿਆ ਜਿਥੇ ਸੰਧੂ ਪਰਿਵਾਰ ਉਸ ਨੂੰ ਤੀਬਰਤਾ ਨਾਲ ਉਡੀਕ ਰਿਹਾ ਸੀ। ਬਲਬੀਰ ਸਿੰਘ ਨੂੰ ਇਕੱਲੇ ਆਇਆਂ ਵੇਖ ਕੇ ਸੁਸ਼ੀਲ ਨੇ ਡਰ ਪ੍ਰਗਟ ਕੀਤਾ ਕਿ ਉਸ ਨੇ ਏਡਾ ਰਿਸਕ ਕਿਉਂ ਲਿਆ? ਪਰਿਵਾਰ ਨੂੰ ਉਮੀਦ ਸੀ ਕਿ ਪੁਲਿਸ ਪਾਰਟੀ ਉਸ ਨੂੰ ਘਰ ਛੱਡਣ ਆਵੇਗੀ। ਬਾਹਰ ਤਾਂ ਅੱਗਾਂ ਲੱਗੀਆਂ ਹੋਈਆਂ ਸਨ। ਕਤਲੋ ਗ਼ਾਰਤ ਹੋ ਰਹੀ ਸੀ। ਸੰਧੂ ਪਰਿਵਾਰ ਦੇ ਆਂਢੀ ਗੁਆਂਢੀ ਹਿੰਦੂ ਸਿੱਖ ਘਰ ਛੱਡ ਕੇ ਜਾ ਚੁੱਕੇ ਸਨ। ਬਲਬੀਰ ਸਿੰਘ ਦੀ ਉਡੀਕ ਵਿਚ ਸੁਸ਼ੀਲ ਹੋਰੀਂ ਸਹਿਮੇ ਬੈਠੇ ਸਨ। ਸੁਸ਼ੀਲ ਦੀਆਂ ਦੋ ਕਜ਼ਨ ਭੈਣਾਂ ਜੋ ਲਾਇਲਪੁਰ ਦੇ ਚੱਕਾਂ ਤੋਂ ਲਾਹੌਰ ਉਨ੍ਹਾਂ ਕੋਲ ਰਹਿ ਕੇ ਪੜ੍ਹ ਰਹੀਆਂ ਸਨ ਉਨ੍ਹਾਂ ਦੇ ਮਾਪੇ ਆਪਣੇ ਪਾਸ ਲੈ ਗਏ ਸਨ। ਲਾਹੌਰ ‘ਚ ਹੁਣ ਹਿੰਦੂਆਂ ਸਿੱਖਾਂ ਦੀਆਂ ਜਾਨਾਂ ਸੁਰੱਖਿਅਤ ਨਹੀਂ ਸਨ। ਬੰਬਈ ਦੀ ਜਿੱਤ ਤੇ ਗੋਲਡ ਮੈਡਲ ਦੀ ਖ਼ੁਸ਼ੀ ਅੱਧੀ ਰਹਿ ਗਈ ਸੀ। ਜਾਨ ਬਚਾਉਣ ਦੇ ਲਾਲੇ ਪੈ ਗਏ ਸਨ। ਬਲਬੀਰ ਸਿੰਘ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਹ ਖ਼ਤਰਾ ਸਹੇੜ ਬੈਠਾ ਸੀ। ਟੈਕਸੀ ਵਾਲਾ ਬਦਨੀਤ ਹੁੰਦਾ ਤਾਂ ਉਸ ਨੂੰ ਜਨੂੰਨੀਆਂ ਦੇ ਹਵਾਲੇ ਕਰ ਸਕਦਾ ਸੀ। ਉਸ ਨੇ ਪਰਿਵਾਰ ਨੂੰ ਸਲਾਹ ਦਿੱਤੀ ਕਿ ਹੁਣ ਲਾਹੌਰੋਂ ਨਿਕਲਣ ਵਿਚ ਹੀ ਭਲਾ ਹੈ।
ਲਾਹੌਰੋਂ ਨਿਕਲ ਉਹ ਲੁਧਿਆਣੇ ਆ ਗਏ। ਬਲਬੀਰ ਸਿੰਘ ਲੁਧਿਆਣੇ ਸਦਰ ਠਾਣੇ ਵਿਚ ਤਾਇਨਾਤ ਸੀ। ਕੁਝ ਦਿਨਾਂ ਬਾਅਦ ਅਖ਼ਬਾਰਾਂ ਵਿਚ ਖ਼ਬਰ ਛਪੀ ਕਿ ਇੰਡੀਅਨ ਹਾਕੀ ਫੈਡਰੇਸ਼ਨ ਨੇ ਬਾਈ ਖਿਡਾਰੀ ਚੁਣੇ ਹਨ ਜਿਹੜੇ ਵੱਖ ਵੱਖ ਸ਼ਹਿਰਾਂ ਵਿਚ ਤੇ ਸੀਲੋਨ ਵਿਚ ਹਾਕੀ ਮੈਚ ਖੇਡਣਗੇ। ਸੂਚੀ ਵਿਚ ਚਾਰ ਖਿਡਾਰੀ ਬਲਬੀਰ ਸਿੰਘ, ਤਰਲੋਚਣ ਸਿੰਘ, ਰਾਮ ਸਰੂਪ ਤੇ ਅਮੀਰ ਕੁਮਾਰ ਪੰਜਾਬ ਦੇ ਸਨ। ਇਹ ਪਹਿਲਾ ਮੌਕਾ ਸੀ ਕਿ ਬਲਬੀਰ ਸਿੰਘ ਨੇ ਭਾਰਤੀ ਹਾਕੀ ਫੈਡਰੇਸ਼ਨ ਦੀ ਵਰਦੀ ਪਾ ਕੇ ਖੇਡਣਾ ਸੀ। ਚੁਣੇ ਗਏ ਖਿਡਾਰੀਆਂ ਨੂੰ ਦਿੱਲੀ ਸੱਦਿਆ ਗਿਆ ਜਿਥੇ ਪਹਿਲਾ ਮੈਚ ਹੋਇਆ। ਫਿਰ ਅਜਮੇਰ, ਮਾਨਵਦਰ, ਬੰਬਈ, ਪੂਨੇ, ਬੰਗਲੌਰ, ਨਾਗਪੁਰ, ਗਵਾਲੀਅਰ ਤੇ ਹੈਦਰਾਬਾਦ ‘ਚ ਮੈਚ ਖੇਡੇ ਗਏ। ਟੀਮ ਵੱਲੋਂ ਜਿੰਨੇ ਗੋਲ ਕੀਤੇ ਜਾਂਦੇ ਅੱਧੋਂ ਵੱਧ ਬਲਬੀਰ ਸਿੰਘ ਦੀ ਹਾਕੀ ਨਾਲ ਹੁੰਦੇ। ਬਲਬੀਰ ਸਿੰਘ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦਾ ਰਿਹਾ।
ਹੈਦਰਾਬਾਦ ਤੋਂ ਟੀਮ ਹਵਾਈ ਜਹਾਜ਼ ਚੜ੍ਹੀ ਤੇ ਮਦਰਾਸ ਤੋਂ ਸਮੁੰਦਰੀ ਜਹਾਜ਼ ‘ਤੇ ਸੀਲੋਨ ਅੱਪੜੀ। ਸ੍ਰੀ ਲੰਕਾ ਦਾ ਨਾਂ ਉਦੋਂ ਸੀਲੋਨ ਸੀ। ਬਲਬੀਰ ਸਿੰਘ ਪਹਿਲੀ ਵਾਰ ਬਦੇਸ਼ੀ ਟੂਰ ‘ਤੇ ਗਿਆ। ਸੀਲੋਨ ਵਿਚ ਭਾਰਤੀ ਟੀਮ ਦੇ 'ਪ੍ਰੋਬੇਬਲਜ਼' ਨੇ ਕੰਡੀ ਤੇ ਕੋਲੰਬੋ ਵਿਚ ਮੈਚ ਖੇਡੇ। ਬਲਬੀਰ ਸਿੰਘ ਦੀ ਹਰੇਕ ਥਾਂ ਗੁੱਡੀ ਚੜ੍ਹਦੀ ਗਈ ਤੇ ਉਸ ਦੀ ਭਾਰਤੀ ਟੀਮ ਵਿਚ ਥਾਂ ਪੱਕੀ ਹੁੰਦੀ ਗਈ। ਉਹ ਆਪਣੀ ਖੇਡ ਨਾਲ ਸੰਤੁਸ਼ਟ ਸੀ। ਆਸ ਬੱਝ ਗਈ ਸੀ ਕਿ 1948 ਦੀਆਂ ਓਲੰਪਿਕ ਖੇਡਾਂ ਲਈ ਉਹ ਭਾਰਤੀ ਟੀਮ ਵਿਚ ਚੁਣਿਆ ਜਾਵੇਗਾ ਤੇ ਉਸ ਲਈ ਹਾਕੀ ‘ਚ ਹੋਰ ਅੱਗੇ ਵਧਣ ਦਾ ਰਾਹ ਖੁੱਲ੍ਹ ਜਾਵੇਗਾ।
ਇਕ ਮਹੀਨੇ ਦੇ ਟੂਰ ਬਾਅਦ ਖਿਡਾਰੀ ਘਰੋ ਘਰੀ ਪਰਤੇ ਤਾਂ ਦੰਗੇ ਫਸਾਦ ਚੜ੍ਹਦੇ ਪੰਜਾਬ ਵਿਚ ਵੀ ਸ਼ੁਰੂ ਹੋ ਗਏ ਸਨ। ਬਲਬੀਰ ਸਿੰਘ ਆਪਣੀ ਪਤਨੀ ਨੂੰ ਲੁਧਿਆਣੇ ਲੈ ਆਇਆ। ਉਸ ਨੇ ਆਪਣੇ ਮਾਤਾ ਪਿਤਾ ਨੂੰ ਵੀ ਜ਼ੋਰ ਪਾਇਆ ਕਿ ਉਹ ਵੀ ਮੋਗੇ ਤੋਂ ਲੁਧਿਆਣੇ ਆ ਜਾਣ ਤਾਂ ਵਧੇਰੇ ਮਹਿਫੂਜ਼ ਰਹਿਣਗੇ। ਪਰ ਗਿਆਨੀ ਦਲੀਪ ਸਿੰਘ ਸਮਾਜ ਸੇਵਕ ਹੋਣ ਦੇ ਨਾਤੇ ਮੋਗੇ ਦੇ ਮੁਸਲਮਾਨਾਂ ਨੂੰ ਬਚਾਉਣਾ ਚਾਹੁੰਦੇ ਸਨ। ਉਹ ਮੋਗੇ ਹੀ ਰਹੇ ਤੇ ਦੁਖਿਆਰਿਆਂ ਦੀ ਸਹਾਇਤਾ ਕਰਦੇ ਰਹੇ। ਬਲਬੀਰ ਸਿੰਘ ਨੇ ਲੁਧਿਆਣੇ ਕਾਲਜ ਰੋਡ ‘ਤੇ ਇਕ ਮਕਾਨ ਦਾ ਹਿੱਸਾ ਕਿਰਾਏ ‘ਤੇ ਲੈ ਰੱਖਿਆ ਸੀ। ਉਦੋਂ ਲੁਧਿਆਣਾ ਬਹੁਤਾ ਵੱਡਾ ਸ਼ਹਿਰ ਨਹੀਂ ਸੀ। ਮੋਗੇ ਵਰਗਾ ਹੀ ਸੀ। ਹੁਣ ਤਾਂ ਵੀਹ ਲੱਖ ਤੋਂ ਵੱਧ ਲੋਕ ਲੁਧਿਆਣੇ ਦੇ ਵਸਨੀਕ ਹਨ। ਉਦੋਂ ਲੁਧਿਆਣੇ ਦੇ ਕਈ ਮਹੱਲਿਆਂ ਵਿਚ ਬਿਜਲੀ ਵੀ ਨਹੀਂ ਸੀ ਆਈ।
ਸੁਸ਼ੀਲ ਲਾਹੌਰ ਦੇ ਮਾਡਲ ਟਾਊਨ ਦੀਆਂ ਸੁਖ ਸਹੂਲਤਾਂ ਮਾਣਦੀ ਆਈ ਸੀ। ਜੂਨ ਜੁਲਾਈ ਵਿਚ ਹੱਲੇ-ਗੁੱਲੇ ਹੋਰ ਵਧੇ ਤਾਂ ਸੁਸ਼ੀਲ ਦੀ ਸੁਰੱਖਿਆ ਲਈ ਬਲਬੀਰ ਸਿੰਘ ਉਸ ਨੂੰ ਸਦਰ ਠਾਣੇ ਦੇ ਕੁਆਟਰ ਵਿਚ ਹੀ ਲੈ ਆਇਆ। ਉਥੇ ਬਿਜਲੀ ਨਹੀਂ ਸੀ। ਕੁਆਟਰ
ਵੀ ਇਕੋ ਕਮਰੇ ਦਾ ਸੀ। ਲਾਹੌਰ ਦੀ ਅਮੀਰੀ ਮਾਣਦੀ ਆਈ ਸੁਸ਼ੀਲ ਲੁਧਿਆਣੇ ਦੀਵੇ ਬਾਲ ਕੇ ਰੋਟੀਆਂ ਲਾਹੁੰਦੀ ਤੇ ਸਮਾਂ ਟਪਾਉਂਦੀ ਰਹੀ। ਬਲਬੀਰ ਸਿੰਘ ਅੱਜ ਵੀ ਹੈਰਾਨ ਹੁੰਦੈ ਕਿ ਉਹ ਦਿਨ ਉਸ ਨੇ ਕਿਵੇਂ ਕੱਟੇ ਤੇ ਕਦੇ ਕੋਈ ਝੋਰਾ ਨਾ ਝੁਰਿਆ। ਧੰਨ ਸੀ ਸੁਸ਼ੀਲ!

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346