ਸੰਧੂ ਸ਼ਮਸ਼ੇਰ ,ਕੋਈ ਵਲ ਨਾ
ਕੋਈ ਫੇਰ। ਪਹਿਲੀ ਨਜ਼ਰ .. ਨਰਮ ,ਮ੍ਰਿਦਲ ਤੇ ਬਹੁਤ ਹੀ ਮਿਲਾਪੜਾ। ਅਪਣੱਤ ਭਰਿਆ ਹੱਥ,ਪੋਲਾ
ਪੋਲਾ ਨਿੱਘਾ ਜੇਹਾ। ਤੋਰ ‘ਚ ਕਾਹਲ ਨਹੀਂ , ਮਸਤ ਚਾਲ। ਖਰਾ , ਸਾਫ ਖੋਟ ਤੋਂ ਰਹਿਤ। 3ਪਰ
ਸੰਧੂ ਨੂੰ ਪੜ੍ਹਨਾ ਬਹੁਤ ਔਖਾ ਅਸਾਨ ਨਹੀਂ। ਕੋਈ ਸੁਆਲ ਕਰੋ, ਪ੍ਰਸ਼ਨ ਨੂੰ ਪਰਸਨਲ (ਜਾਤੀ)
ਜਾਣ .. ਸੰਭਲ ਕੇ ਜਵਾਬ ਦੇਣ ਦੀ ਕੋਸ਼ਸ ਵਿਚ ਰਹਿਣਵਾਲਾ ।
ਗੀਤ-ਸੰਗੀਤ ਦੀ ਦੁਨੀਆ ‘ਚ ਪੂਰੀ ਤਰਾਂ ਭਿਜਿਆ ਹੋਇਆ। ਕਮਾਲ ਦਾ ਚੇਤਾ ਹੈ; ਚੰਗੇ ਮਾੜੇ
ਸਾਰੇ ਸ਼ਾਇਰਾਂ ਦੇ ਮੁਖੜੇ , ਅੰਤਰੇ ਰੋਮ ਰੋਮ ‘ਚ ਵਸੇ ਪਏ ਹਨ। ਪਾਸ਼ , ਪਾਤਰ ਸ਼ਿਵ ਜਗਤਾਰ ਤੇ
ਸਾਰੇ ਦਾ ਸਾਰਾ ਦੀਦਾਰ ਸੰਧੂ ਜ਼ੁਬਾਨੀ ਯਾਦ.. ਜਿਥੋਂ ਮਰਜ਼ੀ ਸੁਣ ਲੋ।ਕਿਸਮਤ ਦਾ ਧਨੀ ਹੈ
ਘਾਟੇ ਵਾਲੀ ਲਕੀਰ ਹੈਨੀ ਹਮੇਸ਼ਾ ਖੱਟਿਆ ਹੀ ਖੱਟਿਆ ਹੈ।
ਸੰਧੂ, ਗੀਤ-ਸੰਗੀਤ ਦਾ ਇੰਤਹਾਈ ਜ਼ੀਰਕ ਬੰਦਾ ,ਜਿਸ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਹਰਫਾਂ ਦੀ
ਦੁਨੀਆਂ ਦੇ ਹਵਾਲੇ ਹੋਇਆ ।ਲੇਖਕ ਅਤੇ ਗੀਤ-ਗਵੱਵੀਆ ਸਰਕਲ ਵਿਚ ਸੰਧੂ ਨੇ ਚਾਹੇ ਪਹਿਲਾਂ ਹੀ
ਸਰਦਾ ਪੁਜਦਾ ਸਥਾਨ ਹਾਸਲ ਕਰ ਲਿਆ ਸੀ ਪਰ ਵੱਡੀ ਸਥਾਪਤੀ ਸੁਰਜੀਤ ਬਿੰਦਰੱਖੀਏ ਵੇਲੇ
ਹੋਈ।ਜਿੰਨਾਂ ਚਿਰ ਬਿੰਦਰਖੀਆ ਰਿਹਾ , ਸੰਧੂ ਲਿਖਣ ਲਖਾਉਣ ਗਾਉਣ ਵਜਾਉਣ ਵਾਲਿਆਂ ਦੀਆਂ
ਉਤਲੀਆਂ ਸਫਾਂ ‘ਚ ਰਿਹਾ।
ਜ਼ਰੂਰੀ ਨਹੀਂ ਰਾਗ ‘ਚ ਹੀ ਲਿਖਿਆ ਹੋਵੇ ਤੇ ਰਾਗ ਵਿਚ ਹੀ ਗਾਇਆ ਹੋਵੇ ਤਾਂ ਹੀ ਦੁਨੀਆਂ ਨੂੰ
ਚੰਗਾ ਲੱਗਦਾ ।ਵਖ ਵੱਖ ਵਰਗਾਂ ਨੂੰ, ਵੱਖ ਵੱਖ ਉਮਰਾਂ ਨੂੰ ਲੁਭਾਉਣ ਲਈ ਵੱਖ ਵੱਖ ਤਰ੍ਹਾਂ
ਦੀ ਗੀਤਕਾਰੀ ਗਾਈਕੀ ਹੋਇਆ ਕਰਦੀ ਹੈ , ਅਨੰਦਤਾ ਲਈ ਇਸ ਦੀਆਂ ਇਕ ਨਹੀਂ ਅਨੇਕਾਂ ਸ਼ੇਡਜ਼ ਹੋ
ਸਕਦੀਆਂ। ਬਿੰਦਰੱਖੀਆ ਕੋਈ ਕਲਾਸੀਕਲ ਰਾਗ ਘਰਾਣੇ ਦੀ ਉਪਜ ਨਹੀਂ ਸੀ ਨਾ ਹੀ ਉਸ ਤੇ “ਸਾ ਰੇ
ਗਾ ਮਾ ਪਾ” ਦਾ ਲੇਪਣ ਸੀ। ਉਹ ਤਾਂ ਬਹੁਤ ਹੀ ਸਿੱਧ ਪੱਧਰਾ ਉਚੇ ਧੋੜੇ ,ਥੜੇ, ਮਣੇ ‘ਤੇ ਖੜੋ
ਕੇ ਜ਼ੋਰ ਲਾ ਕੇ ਗਾਉਣ ਵਾਲ ਗਾਇਕ ਸੀ। ਉਸ ਦੀ ਉੱਚੀ ਸੁਰ ‘ਚ ਛੱਡੀ ਗੱਲ ਲੋਕਾਂ ਨੂੰ ਛੁਰਲੀ
ਵਾਂਗ ਸਿੱਧੀ ਅਸਮਾਨਾਂ ਨੂੰ ਚੜਦੀ ਲਗਦੀ, ਖੁਸ਼ ਕਰਦੀ ਲਗਦੀ। ਉਸ ਦੀ ਅਵਾਜ਼ ਵਿਚ, ਉਸ ਦੇ
ਸਵੱਰ ਵਿਚ ਪਿੰਡ ਦੀ ਮਿੱਟੀ ਦੀ, ਪੰਜਾਬੀ ਜੁੱਸੇ ਨਾਲ ਮੇਲ ਖਾਂਦੀ ਇਕ ਖਾਸ ਕਸ਼ਿਸਮਈ ਮਹਿਕ
ਸੀ ਜੋ ਪਿੰਡ ਦਾ ਗੁਣ ਗਾਇਨ ਕਰਦੀ ਸੀ। ਸੰਧੂ ਦੇ ਹਰਫ ਵੀ ਸਮਕਾਲੀਆਂ ਨਾਲੋਂ ਖਾਸ ਹਟ ਕੇ
ਨਹੀਂ ਹਨ , ਆਮ ਸਰਲ ਸਧਾਰਨ ਸਨ ਪਰ ਸਮਾਂ ਸੀਮਾ ਮੁਕੱਦਰੀ ਹੋ ਜਾਣ ਕਰਕੇ ਸੰਧੂ ਦੇ ਵ੍ਹਾਏ
ਅੱਖਰ ਬਿੰਦਰਖੀਏ ਦੇ ਸੁਭਾਵਿਕ ਫੋਕ ਰਾਗ ‘ਚ ਫਿਟ ਹੋ ਕੇ ਗੁਣੀਏ ‘ਚ ਹੋ ਗਏ।
ਖੱਟਿਆ ਦੋਨਾਂ ਨੇ ਬਹੁਤ ,ਪਰ ਹੱਟੀ ਸੰਧੂ ਦੀ ਚੱਲੀ ।ਸਿਖਰਲੇ ਟੰਬੇ ਦੇ ਨੇੜ ਪਹੁੰਚੇ ਤਾਂ
ਜਿਵੇਂ ਸੰਧੂਆਂ ਬਾਰੇ ਧਾਰਨਾ ਹੈ ਕਿ ਇਨ੍ਹਾਂ ਦੀ ਸੁੱਤਿਆਂ ਦੀ ਅੱਖ ਖੁੱਲੀ ਰਹਿੰਦੀ ਹੈ ,
ਸੰਧੂ ਦੀ ਅੱਖ ਖੁੱਲੀ ਰਹੀ । ਸੰਧੂ ਚਤੁਰ ਸੀ ,ਇਹ ਸੰਭਲ ਕੇ ਚੱਲਿਆ ਤੇ ਆਪਣੇ ਗਾਇਕ ਹੀਰੋ
ਨੂੰ ਸੰਭਲ ਕੇ ਚੱਲਣ ਲਈ ਰਾਹਬਰੀ ਵੀ ਕਰਦਾ ਰਿਹਾ ;ਪਰ ਬਿੰਦਰੱਖੀਆ , ਸੰਧੂ ਵਾਂਗ ਹੈਵੀਵੇਟ
ਨਾ ਹੋਣ ਕਰਕੇ , ਛੇਕੜ ਸੱਟਾਂ ਖਾ ਗਿਆ ;ਵੱਡੀ ਸੱਟ ਖਾ ਗਿਆ; ਅਣਜਾਣੇ ‘ਚ ,ਤਾਸ਼ ਨੂੰ ਚੰਗੀ
ਤਰਾਂ ਫੈਂਟ ਕੇ ਖੇਡਣ ਦੀ ਬਜਾਏ ਦੁੱਕੀਆ ਤਿੱਕੀਆਂ ਦੀ ਛੋਟੀ ਤਾਸ਼ ਤੋਂ ਅੱਗੇ ਨ੍ਹੀ ਗਿਆ। ਪਰ
ਸੰਧੂ-ਬਿੰਦਰੱਖੀਏ ਦੀ ਬੈਲੈਂਸ ਸ਼ੀਟ ਨੂੰ ਘੋਖੀਏ ਤਾਂ ਲੱਗਦਾ ਸੰਧੂ ਦੀ ਸ਼ੋਹਰਤ ਰੂਪੀ ਕੈਪੀਟਲ
ਵਿਸ਼ਾਲ ਹੋ ਗਈ। ਸੰਗੀਤਕ ਵਰਤਾਰੇ ਵਿਚ ਅਕਸਰ ਗਾਇਕ ਦਾ ਜਾਂ ਗਵੱਈਏ ਦਾ ਨਾਂ ਹੀ ਉਭਰਦਾ
ਹੁੰਦਾ ।ਗੀਤਕਾਰ ਅਕਸਰ ਪ੍ਰਿਸ਼ਠ ਭੂਮੀ ਜੋਗਾ ਰਹਿ ਜਾਂਦਾ ,ਲੋਕਾਂ ਨੂੰ ਤਾਂ ਲਿਖਣ ਵਾਲੇ ਦੇ
ਨਾਂ ਦਾ ਚੇਤਾ ਨਹੀਂ ਰਹਿੰਦਾ , ਗਾਇਕ ਦਾ ਹੀ ਨਾਂ ਚੇਤੇ ਰਹਿੰਦਾ ਹੁੰਦਾ ।ਪਰ ਏਥੇ ਲੱਗਪੱਗ
ਉਲਟ ਹੁੰਦਾ ਦਿਸਿਆ ਲੋਕਾਂ ਨੂੰ ਬਿੰਦਰੱਖੀਏ ਦੇ ਨਾਂ ਨਾਲ ਸੰਧੂ ਦਾ ਨਾਂ ਲੈਣਾ ਜਰੂਰੀ
ਲੱਗਿਆ ਜਿਵੇਂ ਬਿੰਦਰੱਖੀਏ ਨੂੰ ਸੰਧੂ ਗੁਆਉਂਦਾ ਹੋਵੇ, ਸੰਧੂ ਤੋਂ ਬਿਨਾਂ ਬਿੰਦਰੱਖੀਆ ਗਾ
ਨਾ ਸਕਦਾ ਹੋਵੇ।ਗੱਲ ਕੀ ਸਮੇਂ ਦਾ ਸਬੱਬ ਐਸਾ ਬਣਿਆ ਦੋਨਾਂ ਦੀ ਹੱਟ ਤੇ ਚੁੰਗਾ ਦਾ ਵਾਰ ਆਈ
ਗਿਆ , ਸੰਧੂ ਨੂੰ ਉਠਦੇ ਬਹਿੰਦੇ ਜੋ ਫੁਰਦਾ ਜੋ ਵੀ ਲਖੀਤਰਾਂ ਖਿੱਚ ਵਾਹ ਦਿੰਦਾ , ਉਸ ਦੇ
ਸੰਤੁਲਤ ਅਣਸੰਤੁਲਤ ਹਰਫ ਬਿੰਦਰੱਖੀਏ ਦੇ ਮਾਧਿਆਮ ਰਾਹੀਂ ਸਾਰਾ ਕੁਝ ਜ਼ਾਇਜ਼ ਨਾਜ਼ਾਇਜ਼ ਕਾਬਲ ਏ
ਗੌਰ ਹੋ ਗਿਆ। ਦੋਨਾਂ ਦਾ ਦੌਰ ਏ ਕਮਾਲ ਗੁਜ਼ਰਿਆ ; ਸੰਧੂ ਲਿਖਦਾ ਗਿਆ , ਅਤੁੱਲ ਸ਼ਰਮਾ ਦੀਆਂ
ਤਰੰਗਾਂ , ਬਿੰਦਰੱਖੀਏ ਦੇ ਮੂੰਹੋ ਜੋ ਅਰਾਗ-ਬੇਰਾਗ ਮਾਰਕੀਟ ‘ਚ ਆਇਆ ਹੱਥੋ ਹੱਥੀ ਨਿਕਲਦਾ
ਗਿਆ। ਸੰਧੂ ਦੀ ਸ਼ਬਦੀ ਫਸਲ ਮੰਡੀ ‘ਚ ਲੱਥਣ ਸਾਰ ਵਿਕਦੀ ਰਹੀ ਤੁਲਦੀ ਰਹੀ। ਅਲੋਚਕ ਦੁਨੀਆ ,
ਸਫਲਤਾ ਦੇ ਰਾਜ਼ ਨੂੰ ਜਾਣਨ ਹਿਤ ਚਰਚਾ ਕਰਨ ਲੱਗੀ ,ਸਵਾਲ ਉਪਜਦੀ ਆਖਦੀ- ਸਫਲਤਾ ਪਿੱਛੇ ਕਿਸ
ਦਾ ਹੱਥ ਹੈ? ਕੋਈ ਕਹਿੰਦਾ ਬਿੰਦਰੱਖੀਏ ਦੀ ਅਵਾਜ਼ ਦਾ ਜਾਦੂ ਹੈ ਕੋਈ ਕਹਿੰਦਾ ਸੰਧੂ ਦੇ
ਹਰਫਾਂ ਦੀ ਖੇਡ ਹੈ। ਵੱਖ ਕਰਕੇ ਵੇਖਦੇ ਤਾਂ ਹਰ ਲਈ ਮੁਸ਼ਕਲ ਹੋ ਜਾਂਦਾ , ਉਪਮਾ ਦੀ ਗੱਲ ਇਕ
ਦੇ ਹਿੱਸੇ ਨਾ ਆਈ; ਨਾ ਸੰਧੂ ਦੇ ਨਾ ਬਿੰਦਰੱਖੀਏ ਦੇ ਹਿਸੇ। ।ਪਰ ਬਿਨਾਸ਼ੱਕ ਜੋ ਚਿਤਵਿਆ ਜੋ
ਗਾਂਵਿਆ ਜੋ ਬਖੇਰਿਆ , ਬਹੁਤ ਹੀ ਬਖਤਾਰੀ, ਭਾਗਾਂ ਵਾਲਾ ,ਸਾਰਾ ਸੌਦਾ ਸੌਦਾ ਖਰਾ ਨਿਕਲਿਆ।
ਵਿਰੋਧੀਆਂ ਨੇ ਇਕ ਨਹੀਂ ਹਜ਼ਾਰਾਂ ਗੱਲਾਂ ਕੀਤੀਆਂ , ਸੰਧੂ ਦੇ ਉਕਰੇ ਹਰਫਾਂ ਨੂੰ ਚਿਥਦੇ ਰਹੇ
, ਲੋਕ ਫੋਕ ਚੋਂ ਚੁੱਕੇ ਮੁੱਖੜੇ ਕਹਿ ਕਹਿ ਘਰੋੜਾਂ ਕਰਦੇ ਰਹੇ , ਪਰ ਗੀਤਾਂ ਦੀ ਗੱਡੀ
ਬਿਨਾਂ ਰੁਕਿਆਂ ਛੋਟੇ ਮੋਟੇ ਸਟੇਸ਼ਨਾਂ ਤੋਂ ਦੀ ਛੜੱਪੇ ਮਾਰਦੀ ਉਡਦੀ ਗਈ।
ਗਵੱਈਏ ਅਕਸਰ ਕਿਸੇ ਦਾ ਲਿਖਿਆ ਗੀਤ ,ਛੇਤੀ ਕੀਤੇ ਫੜਦੇ ਨਹੀਂ ਹੁੰਦੇ ; ਅਭਿਮਾਨੀ ਧਾਰਨਾ ‘ਚ
ਚਲੇ ਜਾਣ ਕਰਕੇ ਹੱਥ ਨਹੀਂ ਪਾਉਂਦੇ ;ਹਜ਼ਾਰ ਨਖਰੇ ਕਰਦੇ ਹਨ। ਪਰ ਸੰਧੂ ਦਾ ਗੀਤ ਗਾਈਕੀ ਦਾ
ਘੇਰਾ ਬਹੁਤ ਹੀ ਵਸੀਅ ਤੇ ਵਧੀਕ ਹੋ ਜਾਣ ਕਰਕੇ ,ਗਾਇਕ ਇਸ ਦੇ ਅੱਖਰਾਂ ਨੂੰ ਖੋਹਣ ਤਕ ਗਏ
।ਕੁੱਲ ਮਿਲਾ ਕੇ ਗਾਈਕੀ ਤੇ ਗੀਤਕਾਰੀ ਦੇ ਖੇਤਰ ਵਿਚ ਸੰਧੂ- ਬਿੰਦਰੱਖੀਏ ਦਾ ਦੌਰ ਇਕ ਰਹੱਸ
ਹੋ ਨਿਬਿੜਿਆ ; ।ਇਕ ਮਿਥ ਬਣ ਕੇ ਰਹਿ ਗਈ ; ਸਫਲਤਾ ਦਾ ਰਾਜ਼ ਸੰਧੂ ਜਾਂ ਬਿੰਦਰੱਖੀਆ।
ਸੰਧੂ ਸ਼ਮਸ਼ੇਰ ਪਿੰਡ ਦੀਆਂ ਸੱਥਾਂ ,ਗਲੀਆਂ, ਮਿੰਨੀ ਬੱਸਾਂ ਤੇ ਲਿੰਕ ਰੋਡਾਂ ਨਾਲੋਂ ਚਾਹੇ
ਚਿਰਾਂ ਦਾ ਟੁੱਟਿਆ ਹੈ ,ਪਰ ਮਿੱਟੀ ਦੀਆਂ ਯਾਦਾਂ ਦੀ ਚੀਸ ਅਜੇ ਵੀ ਇਸ ਦੇ ਰਿਦੇ ਚੋਂ ਪਿੱਛਾ
ਨਹੀਂ ਛਡ ਰਹੀ ।ਰੋਜ਼ੀ ਰੋਟੀ ਖਾਤਰ ਪਿੰਡ ਛੱਡਿਆ; ਚੰਡੀਗੜ੍ਹ ਪੱਕੀ ਰਿਹਾਇਸ਼ ਬਣਾ ਲਈ
।ਫੁੱਲਾਂ ਪਾਰਕਾਂ ਵਾਲੇ ਸੁਹਣੇ ਸ਼ਹਿਰ ਨਾਲ ਅੱਖ ਮਿਲਾ ਲਈ। ਪਰ ਸੁਤਾ ਇਸ ਦੀ ਅੱਜ ਵੀ ਪੇਂਡੂ
ਦੁਨੀਆ ਵਿੱਚ ਪਿੰਡ ਦੀ ਫਿਰਨੀ ਤੇ ਫਿਰ ਰਹੀ ਹੁੰਦੀ ਹੈ। ਜਦ ਕਿਤੇ ਵੀ ਕਿਸੇ ਮਜਲਸ ‘ਚ
ਬੈਠਿਆਂ ਸੰਧੂ ਨਾਲ ਆਪਸੀ ਲੰਮੀ ਮਗਜ਼ ਖਪਾਈ ਹੁੰਦੀ ਤਾਂ ਮਜ਼ਾਕਰਾਤ ਦਾ ਤੀਜਾ ਹਿੱਸਾ ਗੁਆਚੇ
ਸੰਸਕਾਰਾਂ ਤੇ ਸੁੰਨੇ ਘਰਾਂ ਦੇ ਜ਼ਿਕਰਾਂ ਦੇ ਹਵਾਲੇ ਹੀ ਹੋ ਰਿਹਾ ਹੁੰਦਾ।
ਭਰੇ ਮੇਲੇ ਬਹੁਤ ਹੀ ਸੋਹਣੇ ਹੁੰਦੇ। ਬੰਦਾ ਜਦ ਪਿੰਡ ਛਡਕੇ ਸ਼ਹਿਰ ‘ਚ ਆ ਵਸਦਾ ਤਾਂ ਉਸ ਵੇਲੇ
ਉਹ ਮਾਤਰ ਪਿੰਡ ਦਾ ਘਰ ਹੀ ਨਹੀਂ ਛੱਡ ਰਿਹਾ ਹੁੰਦਾ , ਉਹ ਉਸ ਵੇਲੇ ਹੋਰ ਬਹੁਤ ਕੁਝ ਉੁਮਰਾਂ
ਦਾ ਇਕੱਤਰ ਕੀਤਾ ਹੋਇਆ ਅਹਿਸਾਸਾਂ ਦਾ ਅਸਬਾਬ ਵੀ ਛੱਡ ਰਿਹਾ ਹੁੰਦਾ। ਘਰ ਦੇ ਕੰਧਾਂ ਕੌਲੇ
ਚਾਹੇ ਬਹੁਤਾ ਮਹੱਤਵ ਨਹੀਂ ਰੱਖਿਆ ਕਰਦੇ ਪਰ ਪਹਿਲੀ ਉਮਰ ਜਵਾਨੀ ਦੇ ਪਿੰਡ ਦੀ ਮਿੱਟੀ ਤੇ ਇਸ
ਦੀ ਮਨੋਹਰ ਫਿਜ਼ਾ ‘ਚ ਹੰਢਾਏ ਪਲਾਂ ਦੀ ਵੰਚਿਤਤਾ ਬਹੁਤ ਅਸਿਹ ਹੁੰਦੀ ਹੈ ; ਹੋਰਨਾਂ ਵਾਂਗ
ਸੰਧੂ ਵੀ ਇਸ ਵੇਦਨਾ ਤੋਂ ਮੁਕਤ ਨਹੀਂ ਹੋ ਸਕਿਆ।
ਪੰਜਾਬੀ ਟ੍ਰਿਬਿਊਨ ਨੇ ਸੰਧੂ ਨੂੰ ਚੰਡੀਗੜ੍ਹ ਦਾ ਵਾਸੀ ਬਣਾ ਦਿੱਤਾ। ਇਹ ਪੰਜਾਬ ਦੇ ਸ਼ਹਿਰਾਂ
ਨਾਲੋਂ ਸੋਹਣਾ ਤਾਂ ਬਹੁਤ ਹੈ ਪਰ ਇਸ ਵਿੱਚ ਮੋਗੇ ਜਗਰਾਵਾਂ ਜਲੰਧਰਾਂ ਬਠਿੰਡਿਆਂ ਵਰਗੀ
ਮੁਹੱਬਤੀ ਸਾਂਝ ਹੈ ਨਹੀਂ , ਰੂਹ ਵਾਲੀ ਨੇੜਤਾ ਤੋਂ ਬਹੁਤ ਦੂਰ ਹੈ। ਇਥੋਂ ਦੇ ਨਿਵਾਸੀ ਸੱਭ
ਕੁਝ ਹੁੰਦਿਆਂ ਸੁੰਦਿਆਂ ਵੀ ਖੁਸ਼ਕੀ ਦੇ ਲਿਬਾਸ ਵਿੱਚ ਰਹਿਣਾ ਪਸੰਦ ਕਰਦੇ ਹਨ ।ਪੰਜਾਬ ਦੀ
ਸਖਾਵਤ ਵਰਗੀ ਅਪਣੱਤ ਇਸ ਵਿਚੋਂ ਝਲਕਦੀ ਨਹੀਂ ਦਿਸਦੀ। ਪੰਜਾਹ ਸੌ ਮੀਲ ਦੀ ਵਿੱਥ ‘ਤੇ ਹੋਣ
‘ਤੇ ਵੀ ਪਰਦੇਸ਼ੀ ਸਥਾਨ ਜੇਹਾ , ਪਰਦੇਸ਼ ਦੀ ਦੂਰੀ ਵਰਗੀ ਫੀਲਿੰਗ ਦਿੰਦਾ ਲਗਦਾ। ਪੰਜਾਬ ਦੇ
ਹਰ ਸ਼ਹਿਰ ਹਰ ਕਸਬੇ ਦੀ ਖੂਬਸੂਰਤੀ ਇਹ ਹੈ ਕਿ ਉਸ ਚੋਂ ਨਿਕਲੀ ਹਰ ਕੱਚੀ ਪੱਕੀ ਸੜਕ ਬੰਦੇ
ਨੂੰ ਪਿੰਡ ਨਾਲ ਜੋੜੀ ਰੱਖਦੀ ਹੈ , ਸ਼ਹਿਰ ‘ਚ ਚਲੇ ਜਾਣ ‘ਤੇ ਵੀ ਬੰਦੇ ਅੰਦਰੋਂ ਪਿੰਡ ਨੂੰ
ਗੁਆਚਣ ਨਹੀਂ ਦਿੰਦੀ । ਬੰਦਾ ਮਰਗਾਂ ਮੰਗਣਿਆ ਦੇ ਬਹਾਨੇ ਨਾਲ ਪਿੰਡ ਵੱਲ ਹੋ ਤੁਰਦਾ , ਉਸ
ਦਾ ਛੱਡੇ ਹੋਏ ਪਿੰਡ ‘ਚ ਰਾਤਾਂ ਕੱਟਣ ਨੂੰ ਜੀਅ ਕਰ ਆਉਂਦਾ ।ਉਸ ਨੂੰ ਪਿੰਡ ਨਾਲ ਵਰਤ ਕੇ
ਸੁਆਦ ਜੇਹਾ ਆਉਂਦਾ। ਪਰ ਇਸ ਚੰਡੀਗੜ੍ਹ ਸ਼ਹਿਰ ਨੂੰ ਨਜ਼ਰ-ਏ-ਬਦ ਇਹ ਕਿ ਚੰਡੀਗੜ੍ਹ ਚੋਂ ਕੋਈ
ਵੀ ਸੜਕ ਕੋਈ ਵੀ ਪਗਡੰਡੀ ਪਿੰਡ ਨਾਲ ਜੁੜਦੀ ਨਹੀਂ ਦਿਸਦੀ ; ਕੋਈ ਦਿਲੀ ਜੁੰਬਸ਼ ਨਹੀਂ ਪੈਦਾ
ਕਰਦੀ ; ਪਿੰਡ ਨਾਲ ਜੋੜਦੀ ਨਹੀਂ ਦਿਸਦੀ ।ਇਸ ਸ਼ਹਿਰ ਦੀ ਇਕ ਅਜੀਬ ਜੇਹੀ ਬਣਤਰ ਤੇ ਭੂਗੋਲਿਕ
ਸਥਾਨਕਤਾ ਹੋਣ ਕਰਕੇ ਹਰ ਪਿੰਡ ਚੰਡੀਗੜ੍ਹ ਤੋਂ ਦੂਰ ਹੋ ਚੁੱਕਿਆ ਲਗਦਾ , ਬਹੁਤ ਦੂਰ ਰਹਿ
ਗਿਆ ਟੁੱਟ ਚੁੱਕਿਆ ਜਾਪਦਾ। ਪਿੰਡ ਵੀ ਆਪਣੇ ਆਪ ਨੂੰ ਬਹੁਤ ਅਲਪ-ਅਨੁਮਾਨਤ ਕਰਦਾ ਹੋਇਆ ਇਸ
ਚੰਡੀਗੜ੍ਹ ਨਾਲੋਂ ਆਪਣੇ ਆਪ ਨੂੰ ਵੱਖਰਾ ਖਾਸ ਦੂਰੀ ‘ਤੇ ਸਥਿਤ ਕਰ ਲੈਂਦਾ ਜਾਪਦਾ। ਇਸ
ਤਰ੍ਹਾਂ ਖਾਲਸ ਪੇਂਡੂ ਮੱਸ ਵਾਲਾ ਸੰਧੂ ਵਰਗਾ ਬੰਦਾ ਜਦ ਪਿੰਡ ਚੋਂ ਜੰਮ ਪਲ ਵੱਡਾ ਹੋ ਕੇ ਇਸ
ਸ਼ਹਿਰ ਵਿੱਚ ਸਥਾਈ ਡੇਰਾ ਲਗਾ ਲੈਂਦਾ ਹੈ ਤਾਂ ਉਹ ਦੂਹਰੀ ਮਾਨਸਿਕਤਾ ਪੀੜ੍ਹਾ ‘ਚ ਉਲਝ
ਜਾਂਦਾ। ਭਾਈਚਾਰੇ ਤੋਂ ਰਹਿਤ , ਮਨਫੀ ਮਹੌਲ ਦੀ ਮਾਰ ਤੇ ਦੂਜਾ ਪਿੰਡ ਦੇ ਮੂਲ ਤੋਂ ਜੁਦਾ
ਹੋਣ ਦੀ ਤੜਪ ।
ਸੰਧੂ ਸੰਵੇਦਨਸ਼ੀਲ ਹੈ , ਦਿਲ ਬਹੁਤ ਹੀ ਨਰਮ ਹੈ ਇਸ ਦਾ,ਹਿਰਦੇ ਅੰਦਰ ਜੱਟਾਂ ਵਰਗਾ ਤਾਸੁਰ
ਨਹੀਂ , ਕ੍ਰੋਧਤ ਹੋ ਕੇ ਉਬਾਲਾ ਖਾਣ ਵਾਲੀ ਤਾਸੀਰ ਨਹੀਂ। ਭਾਵੁਕ ਪਰਸੰਗਾਂ ਨੂੰ ਸੁਣਨਾ ਇਸ
ਦੀ ਵੱਡੀ ਠਰੰਮੇ ਵਾਲੀ ਰੁਚੀ ਹੈ ਸੁਣਨਸਾਰ ਰੋ ਪੈਂਦਾ, ਸੱਚੀਂ ਰੋ ਪੈਂਦਾ। ਜਦ ਹੇਜ ਵੈਰਾਗ
ਦੀ ਲੋੜ ਸਮਝਦਾ ਤਾਂ ਵਹਿਣਾਂ ‘ਚ ਪੈਣ ਲਈ ਨੁਸਰਤ ਫਤਹਿ ਅਲੀ ਇਸ ਦਾ ਮਹਿਬੂਬ ਫਨਕਾਰ ਹੈ।ਰੋਣ
ਲਈ ਉਸ ਨੂੰ ਸੁਣਦਾ। ਸੁਣ ਕੇ ਰੋਣ ਲੱਗ ਪੈਂਦਾ ਹੈ ਤਾਂ ਫਿਰ ਸਾਡੇ ਵਰਗਿਆਂ ਨਾਲ ਉਸ ਦੇ
ਗੀਤਾਂ ਨੂੰ ਸਾਝਾਂ ਕਰਨ ਦੀ ਭਾਵਨਾ ਪ੍ਰਬਲ ਹੋ ਜਾਂਦੀ ਹੈ ।ਸਾਨੂੰ ਨੁਸਰਤ ਦੇ ਰੁਆਉਣੇ ਬੋਲ
ਸੁਣਾਉਣ ਲੱਗ ਪੈਂਦਾ।
ਸੰਧੂ ਦੇ ਪੈਰਾਂ ‘ਚ ਅਚੱਲਤਾ ,ਥਿਰਤਾ ਨਹੀਂ। ਕਰਮਾਂ ਚ ਰਾਹਗੀਰੀ ਲਿਖੀ ਹੈ। ਗੀਤ ਸੰਗੀਤ ਇਸ
ਦੇ ਰੋਮ ਰੋਮ ਵਿਚ ਜ਼ਜ਼ਬ ਹੈ। ਟ੍ਰਿਬਿਊਨ ‘ਚ ਨੌਕਰੀ ਕਰਦਿਆਂ, ਦਫਤਰੋਂ ਛੁੱਟੀ ਹੋਣ ਸਾਰ ਡੇਰਾ
ਕਿਸੇ ਸੰਗਤਿਕ ਡੇਰੇ ‘ਤੇ ਹੁੰਦਾ ਰਿਹਾ।ਸ਼ਾਮਾਂ ਢਲ ਜਾਂਦੀਆਂ ਮਿਊਜ਼ਿਕ ਸੈਂਟਰਾਂ ਵਿਚ
ਮਿੱਤਰਾਂ ਨਾਲ ਸੰਵਾਦ ਰਚਾਉਂਦਿਆਂ ਰਾਤਾਂ ਲੰਮੇਰੀਆਂ ,ਗਹਿਰੀਆਂ ਹੋ ਜਾਂਦੀਆਂ ਰਹੀਆਂ। ਘਰ
ਅਕਸਰ ਰਾਤ ਕੱਟਣ ਲਈ ਧਰਮਸ਼ਾਲਾ ਸਮਾਨ ਹੀ ਰਿਹਾ। ਛੁੱਟੀ ਵਾਲਾ ਦਿਨ ਕਿਸੇ ਦਾਅਵਤ ਨੂੰ ਸਮਰਪਤ
ਹੋ ਜਾਂਦਾ। ਅੱਜ ਵੀ ਜਲੰਧਰ, ਬੰਗੇ ਲੁਧਿਆਣੇ ਨੂੰ ਤੋਰਾ ਫੇਰਾ ਬਣਿਆ ਜਾਰੀ ਹੈ ਖੇਡ
ਮੇਲਿਆਂ, ਸ਼ੂਟਿੰਗਾਂ ਤੇ ਚੈਨਲਾਂ ਤੋਂ ਵੇਹਲ ਹੀ ਨਹੀਂ।
ਸੰਧੁ ਦੇ ਹੀ ਦੱਸਣ ਅਨੁਸਾਰ ਛੋਟਾ ਹੁੰਦਾ ਇਹ( ਸੰਧੂ)ੇ ਮਾਪਿਆਂ ਦਾ ਲਾਡਲਾ ਰਿਹਾ। ਤਿੰਨਾ
ਭਰਾਵਾਂ ਚੋਂ ਸੱਭ ਤੋਂ ਛੋਟਾ। ਘਰ ‘ਚ ਹਰ ਰਿਆੜ੍ਹ ਪੁਗਦੀ ਰਹੀ। ਨਿੱਕਾ ਹੁੰਦਾ ਫਿਲਮ ਵੇਖਣ
ਦੀ ਜ਼ਿਦ ਕਰਦਾ ਤਾਂ ਬਾਪੂ ਇਸ ਨੂੰ ਸਾਈਕਲ ਦੇ ਪਿਛੇ ਬਿਠਾਉਂਦਾ ਤੇ ਫਿਲਮ ਵਿਖਾ ਲਿਆਉਂਦਾ।
ਕਿਸੇ ਵੇਲੇ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਬਹੁਤ ਮਸ਼ਹੂਰ ਹੁੰਦਾ ਸੀ , ਦੋ ਦਿਨ ਲਗਦਾ ਸੀ
ਹੁਣ ਵੀ ਲਗਦਾ। ਪਰ ਪਹਿਲੇ ਵੇਲੇ ਦੀਆਂ ਧੁੰਮਾਂ ਤਾਂ ਬਹੁਤ ਦੂਰ ਦੂਰ ਤਕ ਪਂੈਦੀਆਂ ਸੀ। ਲੋਕ
ਮੇਲਾ ਵੇਖਦੇ, ਖੇਡਾ ਪੈਂਦਾ ਵੇਖਦੇ ਅਤੇ ਨਚਾਰ ਨਚਦੇ ਵੇਖਦੇ। ਸ਼ਹਿਰ ਦੇ ਸਿਨਮੇ ‘ਚ ਉਨ੍ਹੀਂ
ਦਿਨੀ ਸਪੈਸ਼ਲ ਤੌਰ ‘ਤੇ ਪੰਜਾਬੀ ਫਿਲਮ ਲਗਿਆ ਕਰਦੀ। ਸੰਧੂ ਛੋਟਾ ਹੁੰਦਾ ਫਿਲਮ ਵੇਖਣ ਦੀ
ਬਾਹਲੀ ਖਿੱਚ ਕਰਦਾ। ਇਕ ਵਾਰ ਉਥੇ ਰੌਸ਼ਨੀ ਤੇ ਦਾਰਾ ਸਿੰਹੁ ਦੀ ਫਿਲਮ ਲੱਗੀ ਸੀ। ਸੰਧੂ ਵੀ
ਛੋਟਾ ਹੁੰਦਾ ਆਪਣੇ ਬਾਪੂ ਨਾਲ ਮੇਲਾ ਵੇਖਣ ਗਿਆ ਸੀ ਸਾਈਕਲ ਤੇ ਬੈਠ ਕੇ। ਜਦ ਫਿਲਮ ਵੇਖ ਕੇ
ਵਾਪਸ ਪਿੰਡ ਨੂੰ ਮੁੜੇ ਤੇ ਸ਼ਹਿਰੋਂ ਡੂਢ ਕੁ ਮੀਲ ਆਏ ਤਾਂ ਇਹ ਫਿਰ ਰਿਆੜ੍ਹ ਪੈ ਗਿਆ -ਬਾਪੂ
ਮੈਂ ਤਾਂ ਫਿਰ ਦਾਰੇ ਦੀ ਫਿਲਮ ਵੇਖਣੀ ਹੈ-। ਬਾਪੂ ਕਹੇ ਕਾਕਾ !ਘੰਟਾ ਤਾਂ ਹੋਇਆ ਫਿਲਮ ਵੇਖੀ
ਨੁੰ ; ਹੁਣ ਦੁਬਾਰਾ ਵੇਖ ਕੇ ਕੀ ਲੈਣਾ ?ਕੱਲ ਨੂੰ ਵੇਖ ਲਵੀਂ ਫੇਰ ਆ ਜਾਂ ਗੇ -। ਪਰ
(ਸੰਧੂ) ਅੜੀ ਪੁਗਾ ਕੇ ਹਟਿਆ ; ਬਾਪੂ ਨੂੰ ਉਸੇ ਵਕਤ ਹੀ ਸਾਈਕਲ ਪਿੱਛੇ ਮੋੜਨਾ ਪਿਆ ਤੇ
ਵੇਖੀ ਹੋਈ ਫਿਲਮ ਦੁਬਾਰਾ ਵਖਾਉਣੀ ਪਈ।
ਸੰਧੂ ਸ਼ਮਸ਼ੇਰ ਦੇ ਪਿਤਾ ਪੁਰਖੇ ਪਾਕਿਸਤਾਨੋ ਆਏ, ਇਨਾਂ ਨੂੰ ਮਦਾਰਪੁਰੇ ਜ਼ਮੀਨ ਅਲਾਟ ਹੋਈ ।
ਇਹ ਬੇਟ ਦਾ ਇਲਾਕਾ ਬਾਹਲਾ ਵਿਕਸਤ ਨਹੀਂ ਸੀ ਹੁਣ ਤਾਂ ਜ਼ਮੀਨਾਂ ਬਹੁਤ ਮਹਿੰਗੀਆਂ ਹੋ ਗਈਆਂ
,ਪਹਿਲਾਂ ਇਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ। ਦੇਸ਼ ਦੇ ਅਜ਼ਾਦ ਹੋਣ ਵੇਲੇ ਲੱਗ ਪੱਗ ਸਾਰਾ
ਪੰਜਾਬ ਹੀ ਕੋਈ ਸੌਖੀ ਸਥਿਤੀ ਵਿਚ ਨਹੀਂ ਸੀ। ਮਾਰੂ ਜ਼ਮੀਨਾਂ ਸਾਰਾ ਕੁਝ ਰੱਬ ਆਸਰੇ ਸੀ;
ਗਰੀਬ ਗੁਰਬਾ ਇਕ ਦੂਜੇ ਦੇ ਘਰਾਂ ਚੋਂ ਮੰਗ ਤੰਗ ਕੇ ਲੱਸੀਆਂ ਪੀ ਪੀ ਗੁਜ਼ਾਰਾ ਕਰਦਾ ਸੀ।
ਸੰਧੂ ਕਿਆਂ ਦੀ ਜ਼ਮੀਨ ਵਾਹਵਾ ਸੀ ਪਿੰਡ ‘ਚ ਚੰਗੀ ਬਣੀ ਸੀ। ਪਿੰਡਾਂ ਦੀਆਂ ਪੜਾਈਆਂ ਐਸੀਆਂ
ਵੈਸੀਆਂ ਹੁੰਦੀਆਂ ,।ਪੜਨ ਵਾਲੇ ਸਾਰੇ ਜੁਆਕ ਵੇਹਲੇ ਹੀ ਲਗਦੇ ਹੁੰਦੇ , ਫੱਟੀ ਬਸਤਾ ਘਰੇ
ਸੁੱਟ ਕੇ ਖੇਡਣ ਤੁਰ ਜਾਂਦੇ। ਸੰਧੂ ਦਾ ਬਾਲਪਣ ਵੀ ਰਲਵੇਂ ਮਿਲਵੇਂ ਕੁਝ ਕੁ ਚੰਗੇ ਤੇ ਕੁਝ
ਘਸੇ ਪਿਟੇ ਹਾਣੀਆਂ ਨਾਲ ਹੀ ਖੇਡਦਿਆਂ ਬੀਤਿਆ ।ਸੰਧੂ ਜ਼ਿਆਦਾਤਰ ਪਿੰਡ ਦੇ ਲਿਬੜਿਆਂ ਤਿਬੜਿਆਂ
ਕੰਮੀਕਾਰ ਦਿਹਾੜੀਦਾਰਾਂ ਦੇ ਜੁਆਕਾਂ ਨਾਲ ਖੇਡਦਾ ਰਹਿੰਦਾ ਉਹ ਜ਼ਰਦੇ ਬੀੜੇ ਲਾਉਂਦੇ,
ਸਿਗਰਟਾਂ ਪੀਂਦੇ। ਸੰਧੂ ਵੀ ਕੋਈ ਵੀਹ ਕੁ ਪਰਸੈਂਟ ਕੋਲ ਬੈਠਾ ਹੀ ਹਵਾ ‘ਚ ਉਡਦੇ ਧੂੰਏ ਸਦਕਾ
ਹਿੱਸੇਦਾਰ ਹੋ ਜਾਂਦਾ। ਜਦ ਬੇ-ਟਾਈਮਾ ਘਰੇ ਜਾਂਦਾ ਤਾਂ ਬੇਬੇ ਕੋਲੋਂ ਪੁੱਠਾ ਸਿੱਧਾ ਸੁਣਨ
ਨੂੰ ਮਿਲਦਾ - ਆ ਗਿਆਂ ਕੌਲੇ ਕੱਛ ਕੇ, ਕਲੌਨੀ ਵਾਲਿਆਂ ਦੀਆਂ ਬੀੜੀਆ ਦੇ ਧੂੰਏ ਸੁੰਘ ਕੇ 3।
1996 ਤੋਂ ਪਹਿਲਾਂ ਮੈਂ ਸੰਧੂ ਨੂੰ ਲੱਗਪੱਗ ਬਹੁਤਾ ਨਹੀਂ ਜਾਣਦਾ। ਦਿੱਲੀ ਤੋਂ ਬਦਲ ਕੇ ਜਦ
ਮਾਰਚ ਵਿਚ ਮੈਂ ਚੰਡੀਗੜ੍ਹ ਆਇਆ ਤਾਂ ਸੰਧੂ ਬਾਰੇ ਪਤਾ ਲੱਗਾ। ਸਿੱਧਾ ਵਾਹ ਹੀ ਸੰਧੂ ਨਾਲ ਪੈ
ਗਿਆ ਸੀ।ਮਹਿਰੂਮ ਸੰਪਾਦਕ ਹਰਭਜਨ ਹਲਵਾਰਵੀ ਵੇਲੇ ਪੰਜਾਬੀ ਟ੍ਰਿਬਿਊਨ ਵਿਚ ਮੇਰਾ ਕਾਲਮ
“ਖੇਤਾਂ ਦੇ ਨਾਲ ਨਾਲ” ਸ਼ੁਰੂ ਹੋਇਆ ਤਾਂ ਉਸ ਵੇਲੇ ਅਖਬਾਰ ਦਾ ਉੱਤਮ ਖੇਤੀ ਪੰਨਾ ਸੰਧੂ ਕੋਲ
ਸੀ। ਹਲਵਾਰਵੀ ਸਾਹਿਬ ਤੋਂ ਅੱਗੇ ਬਦਲ ਬਦਲ ਕੇ ਸ਼ੰਗਾਰਾ ਸਿੰਘ ਭੁੱਲਰ , ਗੁਰਬਚਨ ਸਿੰਘ
ਭੁੱਲਰ , ਸਿਧੂ ਦਮਦਮੀ ਐਡੀਟਰ ਆਏ ;ਉਦੋਂ ਤਕ ਮੈਗਜ਼ੀਨ ਸੈਕਸ਼ਨ , ਫਿਲਮ ਸੰਸਾਰ ਦੇ ਉਤਮ ਖੇਤੀ
ਦੇ ਇਹ ਸਾਰੇ ਪੇਜ਼ ਲੱਗਪੱਗ ਸੰਧੂ ਦੀ ਰੇਖ ਦੇਖ ਹੇਠ ਤਿਆਰ ਹੁੰਦੇ ਰਹੇ ।ਇਹ ਕਹਿ ਲਵੋ ਸੰਧੂ
ਕੋਈ ਬਾਰਾਂ ਸਾਲ ਮੇਰੇ ਕਾਲਮ ਦਾ ਸੰਪਾਦਕ ਰਿਹਾ ।ਅਸੀਂ ਲਿਖਦੇ ਰਹੇ ਸੰਧੁ ਹੁਰੀਂ ਛਾਪਦੇ
ਰਹੇ। ਚੰਡੀਗੜ੍ਹ ਸ਼ਹਿਰ ,ਬਾਹਲਾ ਖਚੋ ਖਚ ਵਾਲਾ ਨਾ ਹੋਣ ਕਰਕੇ ਤੇ ਕੁਝ ਅਸਾਨਦੇਹ ਸ਼ਹਿਰ ਹੋਣ
ਕਰਕੇ ਸਾਡੀ ਉਠਣੀ ਬੈਠਣੀ ਚਲਦੀ ਰਹੀ, ਪਿੰਡਾ ਦੀਆਂ ਫਾਈਲਾ ਫਰੋਲਦੇ ਰਹੇ ਮਗਜ਼ ਭਕਾਈ ਕਰਦੇ
ਰਹੇ।
ਸੰਧੂ ਸੁਰੂ ‘ਚ ਦੇ ਸਾਲਾਂ ਬਹੁਤਾ ਗਾਲੜੀ ਨਹੀਂ ਸੀ ਘੁੱਟਵੇਂ ਜੇਹੇ ਸੁਭਾਅ ਦਾ ਸੀ ਖੁੱਲਦਾ
ਨਹੀਂ ਸੀ , ਅਸਾਂ ਚਾਹੇ ਬਹੁਤ ਸਾਲ ਮਿਲਦੇ ਰਹੇ ਗੱਲਾਂ ਗਪਾਂ ਮਾਰਦੇ ਰਹੇ ਪਰ ਦਾਅਵੇ ਨਾਲ
ਪੱਕੇ ਦੋਸਤਾਂ ਦੀ ਸ੍ਰੇਣੀ ‘ਚ ਨਹੀਂ ਆ ਸਕੇ।ਮੁਲਾਕਾਤਾਂ ਵੇਲੇ ਤਾਂ ਲੱਗਿਆ ਕਰਨਾ ਜਿਵੇਂ
ਚਿਰਾਂ ਦੇ ਪੱਕੇ ਦੋਸਤ ਹੁੰਦੇ ਹਾਂ ਪਰ ਇਕ ਦੂਜੇ ‘ਤੇ ਦਾਅਵਾ ਕੋਈ ਨਹੀਂ ਸੀ। ਜਿਵੇਂ ਪਿੰਡ
ਪੱਧਰ ਦੀਆਂ ਪੱਕੀਆਂ ਦੋਸਤੀਆਂ ਹੁੰਦੀਆਂ ਉਸ ਤਰਾਂ ਦੀ ਧਾਰਨਾ ਨਾ ਬਣ ਸਕੀ। ਅੱਜ ਵੀ ਜਦ ਕੋਈ
ਕੋਈ ਸੰਧੂ ਨਾਲ ਪਹਿਲੀ ਜਾਂ ਦੂਜੀ ਵਾਰ ਜਾਂ ਤੀਜੀ ਵਾਰ ਮਹਿਫਲ ‘ਚ ਬੈਠ ਜਾਵੇ ਤੇ ਚਿੱਤ ‘ਚ
ਭਰਮ ਪਾਲ ਲਵੇ - ਸੰਧੂ ਤਾਂ ਆਪਣਾ ਖਾਸ ਦੋਸਤ ਹੈ-। ਇਹ ਉਸ ਦੀ ਭੁੱਲ ਹੀ ਹੁੰਦੀ ਹੈ। ਮੈਂ
ਵੇਖਿਆ ਇਸ ਦੇ ਬਹੁਤ ਹੀ ਘੱਟ ਸਥਾਈ ਦੋਸਤ ਹਨ। ਖਾਸਾਂ ਚੋਂ ਖਾਸ ਲੁਧਿਆਨੇ ਵਾਲਾ ਕਾਕਾ ,
ਅਜੀਤਪਾਲ ਜੀਤੀ , ਪ੍ਰਿਸੀਪਲ ਸਰਵਣ ਸਿੰਘ ਹਰਜੀਤ ਨਾਗਰਾ , ਦੁਆਬੇ ਵਾਲਾ ਬੀਸਲਾ , ਦੋ ਚਾਰ
ਹੋਰ ਹੋਣਗੇ ਬਾਹਲੇ ਨਹੀਂ। ਇਨ੍ਹਾਂ ਦਾ ਹੀ ਇਹ ਬਾਹਲਾ ਜ਼ਿਕਰ ਹੋਇਆ ਕਰਦਾ ਬਾਕੀ ਤਾਂ ਜਿਵੇਂ
ਪੜੀ ਹੋਈ ਕਿਤਾਬ , ਸੈਲਫ ਤੇ ਜਾ ਟਿਕਦੀ ਹੈ ਉਸ ਤਰਾਂ ਹੀ ਆਏ ਗਏ ਹੋਈ ਜਾਂਦੇ। ਇਸ ਦੇ
ਪ੍ਰੋਫੈਸ਼ਨ ਦੇ ਗਾਇਕ ਗੀਤਕਾਰ ਜਿਨ੍ਹਾਂ ਵਿਚ ਬਹੁਤ ਵਿਚਰਦਾ ਰਿਹਾ ਉਨ੍ਹਾਂ ਨਾਲ ਵੀ ਕੋਈ
ਸਾਂਝ ਭਿਆਲੀ ਬਹੁਤੀ ਸਥਿਰਤਾ ਵਾਲੀ ਨਹੀਂ ਹੈ।
ਸੰਧੂ ਦੇ ਦੋਸਤਾਂ ਮਿਤਰਾਂ ਦਾ ਇਸ ‘ਤੇ ਭਾਰੀ ਗਿਲਾ ਹੈ ਤੇ ਵੱਡਾ ਦੋਸ਼ ਇਹ ਹੀ ਲਗਦਾ ਹੈ ਕਿ
ਸੰਧੂ ਫੋਨ ਨਹੀਂ ਚੁਕਦਾ ਘੰਟੀ ਵੱਜੀ ਜਾਂਦੀ ਰਹਿੰਦੀ ਹੈ ,ਜਾਣ ਕੇ ਬਿਜ਼ੀ ਟੋਨ ‘ਚ ਪਾ
ਦਿੰਦਾ। ਇਸ ਦੇ ਦਫਤਰੀ ਸਾਥੀਆਂ ਗੁਰਦਿਆਲ ਬੱਲ ਵਰਗਿਆਂ ਦਾ ਅਕਸਰ ਇਹ ਹੀ ਗਿਲਾ ਕਰਦੇ ਆਖਦੇ
- ਬਾਈ ਜੀ ਸੰਧੂ ਨੂੰ ਐਨਾ ਕੁ ਤਾਂ ਕਹਿ ਦੇ, ਕਿਤੇ ਪੀਰ ਫੋਨ ਤਾਂ ਚੁੱਕ ਲਿਆ ਕਰੇ ;ਘੰਟੀ
ਵੱਜੀ ਜਾਂਦੀ ਰਹਿੰਦੀ ;ਸਾਡੇ ਨਾਲ ਪੱਚੀ ਸਾਲ ਰਿਹਾ ,ਸਾਡਾ ਫੋਨ ਵੀ ਨਹੀਂ ਚੁੱਕਦਾ -। ਅਸਲ
‘ਚ ਸੰਧੂ ਜਾਣ ਪਹਿਚਾਨ ਵਾਲਿਆਂ ਦਾ ਫੋਨ ਵੀ ਸੇਵ/ ਸਟੋਰ ਨਹੀਂ ਕਰਦਾ , ਅਣਪਛਾਤਾ ਫੋਨ ਤਾਂ
ਚੁੱਕਣਾ ਦੂਰ ਦੀ ਗੱਲ ਹੈ। ਸੇਵ ਹੋਇਆ ਫੋਨ ਵੀ ਉਦੋਂ ਸੁਣਦਾ ਜਦ ਬਿਲਕੁਲ ਫਰੀ ਹੋਵੇ ਜਾਂ
ਫਿਰ ਮਤਲਬੀ ਗੱਲ ਵਾਲਾ ਜਿਸ ਦੇ ਸੁਣੇ ਬਗੈਰ ਸਰ ਨਹੀਂ ਸਕਦਾ , ਉਥੇ ਤਾਂ ਘੰਟਾ ਘੰਟਾ ਦਿਲ
ਲੱਗੀਆਂ ਹੋਈ ਜਾਂਦੀਆਂ ।
ਸੰਧੂ ਦੇ ਜੀਵਨ ਵਿਚ ਭਰੋਵਾਲ ਵਾਲ ਮਹਿਰੂਮ ਗਾਇਕ ਦੀਦਾਰ ਸੰਧੂ ਪੁਰੀ ਤਰਾਂ ਸਮਿਆ ਹੈ। ਸੰਧੂ
ਦੀ ਬਹੁਤੀ ਹਿਯਾਤੀ ਉਸ ਦੇ ਨਾਲ ਬੀਤੀ ਹੈ। ਸੰਧੂ ਦੀ ਮਹਿਫਲ ਵਿਚ ਦੀਦਾਰ ਸੰਧੂ ਦਾ ਜ਼ਿਕਰ ਨਾ
ਆਵੇ ਇਹ ਹੋ ਹੀ ਨਹੀਂ ਸਕਦਾ। ਇਕ ਵਾਰ ਦੀਦਾਰ ਸੰਧੂ ਦੇ ਗੀਤਾਂ ਦੀ ਗੱਲ ਚੱਲ ਪਵੇ ਫਿਰ ਤਾਂ
ਮਾਈਕ ਸੰਧੂ ਤੋਂ ਖੋਹਣਾ ਮੁਸ਼ਕਲ ਹੋ ਜਾਂਦਾ। ਭਰੋਵਾਲ ਦੇ ਟਿੱਬਿਆਂ ਤੋਂ ਲੈ ਕੇ ਲੁਧਿਆਣੇ
ਵਾਲੇ ਉਸ ਦੇ ਦਫਤਰ ਦੀਆਂ ਕਹਾਣੀਆਂ ਅਤੇ ਉਸ ਦੇ ਨਾਲ ਗਾਉਣ ਵਾਲੀਆ ਦੀਆਂ ਰੁੱਖੀਆਂ ਮਿੱਸੀਆਂ
ਗੱਲਾਂ ਉਤਰੀਆਂ ਹੀ ਆਉਂਦੀਆਂ। ਦਿਦਾਰ ਦੀ ਤੂੰਬੀ ਤੇ ਦੀਦਾਰ ਦੀ ਦਾਰੂ ਦੀਆਂ ਲਘੂ ਕਥਾਵਾਂ
ਮੁੱਕਦੀਆਂ ਹੀ ਨਹੀਂ। ਸੰਧੂ ਸ਼ਮਸ਼ੇਰ ਨੂੰ ਦੀਦਾਰ ਦਾ ਹਰ ਫੈਨ , ਆਪਣਾ ਹੀ ਕੁਝ ਲੱਗਣ ਲੱਗ
ਪੈਂਦਾ ।ਦੀਦਾਰ ਸੰਧੂ ਤੇ ਸ਼ਮਸ਼ੇਰ ਸੰਧੂ ਦੀ ਦੋਸਤੀ ਦੇ ਖਾਸ ਤਿੰਨ ਮਜ਼ਬੂਤ ਕਾਰਨ ਇਹ ਹਨ ਕਿ
ਇਕ ਤਾਂ ਦੋਨੋਂ ਸੰਧੂ ਹਨ ਤੇ ਦੂਜਾ ਦੋਨਾਂ ਦਾ ਪਿਛੋਕੜ ਲਹਿੰਦਾ ਪੰਜਾਬ ਸੀ ਤੇ ਤੀਜਾ
ਸਾਹਿਤਕ ਮੱਸ। ਦੀਦਾਰ ਜੋ ਵੀ ਗੀਤ ਲਿਖਦਾ ਸੰਧੂ ਤੋਂ ਪੜਾਉਂਦਾ , ਸੋਧ ਕਰਾਂਉਂਦਾ ।
ਸਮਸ਼ੇਰ ਸੰਧੂ ਨੇ ਬਹੁਤ ਹੀ ਗੀਤਾਂ ਦੀਆਂ ਐਲਬਮਾਂ ਦਿੱਤੀਆਂ , ਸੈਕੜੈ ਗੀਤ ਲਿਖੇ ਫਿਲਮਾਏ ਤੇ
ਅਨੇਕਾਂ ਸਿੰਗਰਾਂ ਤੋਂ ਗੁਆਏ ਪਰ ਮਹਿਫਲਾਂ ਵਿਚ ਇਹ ਜ਼ਿਕਰ ਸੰਧੂ ਨੇ ਕਦੇ ਨਹੀਂ ਕੀਤਾ ਕਿ
ਮੇਰੇ ਫਲਾਨੇ ਗੀਤ ਦਾ ਪਿਛੋਕੜ ਇਹ ਹੈ ਇਸ ਕਾਰਨ ਮੈਂ ਇਹ ਗੀਤ ਰਚਿਆ । ਕਦੇ ਵੀ ਗੱਲ ਸਾਂਝੀ
ਨਹੀਂ ਕੀਤੀ ਕਿ ਫਲਾਨਾ -ਯਾਰ ਬੋਲਦਾ ਜਾਂ ਦੁਪੱਟਾ ਤੇਰਾ ਸੱਤ ਰੰਗ ਦਾ, ਜਾਂ ਗੁਟਕੂੰ ਕਰੇ
ਕਬੂਤਰ ਚੀਨਾ - ਆਦਿ ਦੇ ਲਿਖਣ ਦੀ ਕੀ ਇਤਿਹਾਸਿਕਤਾ ਸੀ ? ਇਹ ਕਿਉਂ ਲ਼ਿਖਿਆ , ਇਸ ਦਾ ਫੁਰਨਾ
ਕਿਵੇਂ ਫੁਰਿਆ? ਜਦ ਕਿ ਸੰਧੂ ਜਦੋਂ ਦੀਦਾਰ ਸੰਧੂ ਦੇ ਗੀਤਾਂ ਦੀ ਗੱਲ ਕਰਦਾ ਹੁੰਦਾ ਤਾਂ ਉਸ
ਦੇ ਸਾਰੇ ਗੀਤਾਂ ਦੇ ਲਿਖਣ ਦੇ, ਔੜਨ ਦੇ ਕਾਰਨਾਂ ਦਾ ਵਿਸਥਾਰ ਸਹਿਤ ਚਾਨਣਾ ਪਾ ਰਿਹਾ
ਹੁੰਦਾ। ਸੰਧੂ ਨੂੰ , ਦੀਦਾਰ ਸੰਧ ਦੇ ਜੀਵਨ ਬਾਰੇ ਤੇ ਉਸ ਦੇ ਗੀਤਾਂ ਦੀ ਕੱਲੀ ਕੱਲੀ ਲਾਈਨ
ਯਾਦ ਹੈ। ਤੁਸੀਂ ਸੰਧੂ ਦੀ ਮਹਿਫਲ ਵਿਚ ਬੈਠੇ ਹੋਵੋ ਥੋਡੇ ਕੋਲ ਬੋਲਣ ਲਈ ਕੋਈ ਵਿਸ਼ਾ ਨਾ
ਹੋਵੇ ਕੋਈ ਏਜੰਡਾ ਨਾ ਹੋਵੇ ਤਾਂ ਤੁਸੀ ਖਾਲੀ ਦੀਦਾਰ ਸੰਧੂ ਦੀ ਗੱਲ ਛੇੜ ਦੇਵੋ ਫਿਰ ਇਕੱਲਾ
ਸੰਧੂ ਹੀ ਦਿਦਾਰ ਦੀਆਂ ਗੱਲਾਂ ਨੂੰ ਲੈ ਕੇ ਤੁਹਾਨੂੰ ਤਿੰਨ ਘੰਟੇ ਆਹਰੇ ਲਾਈ ਰੱਖੇਗਾ।
ਸ਼ਮਸ਼ੇਰ ਸੰਧੂ ਹਮੇਸ਼ਾ ਸਰਲ ਤੇ ਤਨਾਉ ਰਹਿਤ ਜੀਵਨ ਦੀ ਕੋਸ਼ਸ਼ ‘ਚ ਹੁੰਦਾ। ਪੰਗਾ ਪੈਣ ਵਾਲੇ ਤੇ
ਚਿੰਤਾ ਗਰਸਤ ਪਲਾਂ ਤੋਂ ਪਾਸਾ ਵਟਣਾ ਸੰਧੂ ਦਾ ਸੁਭਾਅ ਬਣ ਚੁੱਕਿਆ। ਹਰ ਉਸ ਕਾਰਜ ‘ਚ ਸ਼ਾਮਲ
ਹੋਣ ਤੋਂ ਟਾਲਾ ਕਰਨ ਦੇ ਯਤਨ ‘ਚ ਹੁੰਦਾ ਜਿਥੋਂ ਮੌਜ ‘ਚ ਵਿਘਨ ਪੈਣ ਦੀ ਸੰਭਾਵਨਾ ਬਣ ਰਹੀ
ਹੋਵੇ ।ਉਸ ਦੀ ਧਾਰਮਿਕ ਪ੍ਰਵਿਰਤੀ ਬਹਤ ਸਰਲ ਹੈ। ਪਾਸ਼ ਨਾਲ ਸੰਧੂ ਦੀ ਬਹੁਤ ਨੇੜਤਾ ਰਹੀ ।ਉਸ
ਨੂੰ ਬੜੀ ਬਰੀਕੀ ਨਾਲ ਵਾਚਿਆ , ਉਸ ਨਾਲ ਰਾਤਾਂ ਕੱਟੀਆਂ ,ਪੰਗੇ ਲੈਂਦਿਆਂ ਸੱਟਾਂ ਵੀ
ਖਾਧੀਆਂ।।ਉਸ ਦੀ ਲਿਖਤ ਨੂੰ ਰੂਹ ਤੋਂ ਮਾਣਿਆ ਉਸ ਦੀਆਂ ਰਚਨਾਵਾਂ ਦੀਆਂ ਸਤਰਾਂ ਵੀ ਇਸ ਦੇ
ਜ਼ੁਬਾਨੀ ਚੇਤੇ ਹਨ। ਪਾਸ਼ ਦੇ ਜੀਵਨ ਦੀਆਂ ਖਾਸ ਘਟਨਾਵਾਂ ਜੋ ਸਨਮੁੱਖ ਵਾਪਰੀਆਂ ਉਨਾਂ ਦੇ
ਅਧਾਰਤ ‘ ਇਕ ਪਾਸ਼ ਇਹ ਵੀ ‘ ਕਿਤਾਬ ਲਿਖੀ ਜੋ ਖੂਬ ਚਰਚਿਤ ਹੋਈ । ਇਸ ਤੋਂ ਇਲਾਵਾ ਇਸ ਦੇ
ਹੋਰ ਬਹੁਤ ਸਾਰੇ ਖੱਬੀ ਵਿਚਾਰ ਧਾਰਾ ਦੇ ਕਾਮਰੇਡ ਮਿੱਤਰ ਹਨ ਪਰ ਸੰਧੂ ਤੇ ਕਾਮਰੇਡੀ ,
ਮਾਰਕਸਿਜ਼ਮ ਆਦਿ ਦਾ ਮਲੰਮਾ ਨਹੀਂ ਚੜ੍ਹਿਆ। ਇਸ ਦੀ ਸੰਗਤ ਵਿਚ ਧਾਰਮਿਕ ਵਿਅਕਤੀਆ ਦੇ ਪ੍ਰਵੇਸ਼
ਦਾ ਬਹੁਤਾ ਜ਼ਿਕਰ ਨਹੀਂ ਫੇਰ ਵੀ ਪਿੰਡ ਵਿਚ ਲੰਮਾ ਸਮਾਂ ਬਿਤੳਾੁਣ ‘ਤੇ ਅਕਸਰ ਲੋਕ ਧਾਰਮਿਕ
ਵਿਵਸਥਾ ਦੇ ਧਾਰਨੀ ਹੋ ਜਾਦੇ ਹਨ ।ਪਰ ਇਸ ਤੇ ਧਾਰਮਿਕਤਾ ਦੀ ਵੀ ਝਾਲ ਨਹੀਂ ਚੜ੍ਹੀ॥ ਪਰ ਖਾਸ
ਧਾਰਮਿਕ ਨਾ ਹੋ ਕੇ ਧਰਮ ਪ੍ਰਤੀ ਕੋਈ ਗਤੀਰੋਧ ਵੀ ਨਹੀਂ ਹੈ ।ਕੁੱਲ ਮਿਲਾ ਕਿਸੇ ਵੀ ਇਜ਼ਮ ਦਾ
ਨਾ ਹੋ ਕੇ ਮੌਜ਼ਮਈ ਜ਼ਿੰਦਗੀ ਬਤੀਤ ਕਰਨ ਦੇ ਰੌਂਅ ‘ਚ ਰਹਿਣ ਵਾਲਾ ਸ਼ਮਸ਼ੇਰ ਸਿੰਘ ਸੰਧੂ ਬਹੁਤ
ਹੀ ਮਸਤ , ਮ੍ਰਿਦਲ ਤੇ ਮੌਜੀ ਬੰਦਾ ਹੈ।
99151 06449
-0-
|