ਅਮਰੀਕਾ ਦੇ ਸੰਵਿਧਾਨ
ਅਨੁਸਾਰ ਬਿਨਾ ਕਿਸੇ ਨਸਲੀ ਵਿਤਕਰੇ ਹਰੇਕ ਨੂੰ ਧਰਮ ਦੀ ਆਜਾਦੀ ਹੈ। ਬਿਹਤਰ ਖੁਸ਼ੀ ਅਤੇ
ਸੁਤੰਤਰਤਾ ਭਰਪੂਰ ਜਿ਼ੰਦਗੀ ਜੀਊਣ ਦਾ ਹਰ ਇੱਕ ਅਮਰੀਕੀ ਨੂੰ ਹੱਕ ਹਾਸਲ ਹੈ। ਜੀਵਨ ਦੀ
ਤਰੱਕੀ ਤੇ ਬਿਹਤਰੀ ਵਾਸਤੇ ਬਹੁਤ ਅਥਾਹ ਅਵਸਰ ਹਰ ਨਾਗਰਿਕ ਵਾਸਤੇ ਬਰਾਬਰ ਹਨ। ਦੁਨੀਆ ਦੇ ਸਭ
ਦੇਸ਼ਾਂ ਦੇ ਲੋਕ ਭਗੌੜੇ ਹੋ ਕੇ ਆਨੇ ਬਹਾਨੇ ਪਨਾਂਹਗੀਰਾਂ ਦੀ ਲੰਬੀ ਕਤਾਰ ਵਿਚ ਆਣ ਲਗਦੇ ਹਨ
ਜਿਨ੍ਹਾਂ ਵਿਚੋਂ ਬਹੁਤਿਆਂ ਦਾ ਬਹਾਨਾ ਉਨ੍ਹਾਂ ਦੇ 'ਧਰਮ ਦੀ ਆਜਾਦੀ ਨੂੰ ਖਤਰਾ' ਹੁੰਦਾ ਹੈ।
ਇਸ ਵੇਲੇ ਅਮਰੀਕਾ ਸ਼ਰਨਾਰਥੀਆਂ ਦੀ ਬਹੁਤ ਹੀ ਸੁਰਖਿਅਤ ਅੰਤਰਰਾਸ਼ਟਰੀ ਪਨਾਹਗਾਹ ਬਣ ਕੇ ਰਹਿ
ਗਿਆ ਹੈ।
ਭਾਰਤ ਦੀ ਆਜ਼ਾਦੀ ਪ੍ਰਾਪਤੀ ਵਾਸਤੇ ਸਿੱਖਾਂ ਨੇ ਵਧ ਚੜ੍ਹ ਕੇ ਤੋਪਾਂ ਦੇ ਮੂੰਹ ਅੱਗੇ ਹੋ ਕੇ
ਕੁਰਬਾਨੀਆਂ ਦਿੱਤੀਆਂ। ਆਪਣੀ ਆਬਾਦੀ ਦੀ ਪ੍ਰਤੀਸ਼ਤ ਤੋਂ ਕਿਤੇ ਵੱਧ ਹਿੱਸਾ ਪਾਕੇ ਫਾਂਸੀ ਦੇ
ਰੱਸੇ ਚੁੰਮੇ, ਜੇਲ੍ਹਾਂ ਕੱਟੀਆਂ ਸਹਿ ਤੇ ਅਸਹਿ ਕਸ਼ਟ ਝੱਲੇ। ਜਦ ਆਜ਼ਾਦੀ ਮਿਲੀ ਤਾਂ ਸਿੱਖਾਂ
ਨੂੰ ‘ਅਪਰਾਧੀ ਕੌਮ‘ ਕਹਿ ਕੇ ਪਾਸੇ ਨੁੱਕਰੇ ਲਗਾ ਦਿੱਤਾ ਗਿਆ ਤੇ ਇਹ ਉਪਾਧੀ ਅਜੇ ਤੱਕ
ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀ। ਹਰ ਮੌਕੇ ਹਰ ਸਮੇਂ ਉਨ੍ਹਾਂ ਨਾਲ ਮਤਰੇਈ ਵਾਲਾ ਵਿਤਕਰੇ
ਭਰਿਆ ਸਲੂਕ ਕੀਤਾ ਜਾਂਦਾ ਹੈ। ਪਹਿਲਾਂ ਉਨ੍ਹਾਂ ਭਾਰਤ ਦੀ ਆਜ਼ਾਦੀ ਵਾਸਤੇ ਅੰਗਰੇਜ਼ਾਂ ਨਾਲ
ਟੱਕਰ ਲਈ ਤੇ ਆਜ਼ਾਦੀ ਮਿਲ਼ਨ ਤੋਂ ਬਾਅਦ ਇਨ੍ਹਾਂ ਆਪਣਿਆਂ ਕੋਲੋਂ ਆਪਣੇ ਹੱਕਾਂ ਦੀ ਪ੍ਰਾਪਤੀ
ਲਈ ਹੁਣ ਤੱਕ ਕਈ ਕਿਸਮ ਦੇ ਸੱਤਿਆਗ੍ਰਹਿ ਹੜਤਾਲਾਂ ਤੇ ਜੇਲ੍ਹਾਂ ਭਰੋ ਅੰਦੋਲਨ ਕਰਨੇ ਪਏ।
1984 ਦਾ ਸਿੱਖ ਹੋਲੋਕਾਸਟ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ, ਜਿਸ ਰਾਹੀਂ ਭਾਰਤ ਦੀ
ਮੁਤਅੱਸਬੀ ਸਰਕਾਰਾਂ ਨੇ ਸਿੱਖਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਬਾਹੂ-ਬਲ
ਤੇ ਡਿਗ ਕੇ ਮੁੜ ਉੱਠਦੇ ਰਹਿੰਦੇ ਹਨ।
ਅਜੇਹੀ ਹੀ ਹਾਲਤ ਅਮਰੀਕਾ ਵਿਚ ਰਹਿਣ ਵਾਲੇ ਕਾਲੇ ਲੋਕਾਂ ਦੀ ਹੋਈ ਹੈ। ਸ਼ੁਰੂ ਤੋਂ ਉਨ੍ਹਾਂ
ਨੂੰ ਗ਼ੁਲਾਮ ਬਣਾ ਕੇ ਇੱਥੇ ਲਿਆਂਦਾ ਜਾਂਦਾ ਰਿਹਾ। ਔਰਤਾਂ, ਮਰਦਾਂ, ਬੱਚਿਆਂ, ਦੀ ਮੰਡੀ ਵਿਚ
ਇਹ ਉੱਚੇ ਲੰਬੇ ਕੱਦ ਕਾਠ ਵਾਲੇ ਕਾਲੇ ਵਿਕਦੇ ਸਨ, ਇਨ੍ਹਾਂ ਦੀ ਬੋਲੀ ਲੱਗਦੀ ਸੀ। ਜਿਹੜਾ
ਮਰਜ਼ੀ ਵੱਧ ਬੋਲੀ ਦੇ ਕੇ ਲੈ ਜਾਏ ਤੇ ਆਪਣੇ ਮਨਭਾਉਂਦਾ ਕੰਮ ਕਰਵਾਏ। ਇਨ੍ਹਾਂ ਦੀ ਆਪਣੀ ਕੋਈ
ਮਰਜ਼ੀ ਨਹੀਂ ਚਲਦੀ ਸੀ। ਪਸ਼ੂਆਂ ਵਾਂਗ ਇਹ ਕਿੱਲਿਆਂ ਨਾਲ ਬੱਧੇ ਜਾਂਦੇ ਰਹੇ ਹਨ। ਪਸ਼ੂਆਂ
ਵਾਂਗ ਵੇਚੇ ਖਰੀਦੇ ਜਾਂਦੇ ਸਨ। ਉਨ੍ਹਾਂ ਦੀ ਆਪਣੀ ਕੋਈ ਆਵਾਜ਼ ਨਹੀਂ ਸੀ। ਸਦੀਆਂ ਦੀ
ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਨੇ ਵੀ ਅਮਰੀਕੀ ਲੋਕਾਂ ਨਾਲ ਅੰਗਰੇਜ਼ਾਂ ਦਾ
ਬੋਰੀਆਂ ਬਿਸਤਰਾ ਗੋਲ ਕਰਾਉਣ ਵਿਚ ਰੱਜ ਕੇ ਹੱਥ ਵਟਾਇਆ ਤੇ ਅਨੇਕਾਂ ਕਸ਼ਟ ਸਹਾਰੇ। ਜੁਲਾਈ
1704 ਵਿਚ ਆਜ਼ਾਦੀ ਦੀ ਘੋਸ਼ਣਾ ਹੋ ਗਈ ਤੇ ਆਜ਼ਾਦ ਅਮਰੀਕਾ ਹੋਂਦ ਵਿਚ ਆਇਆ। ਅਮਰੀਕੀ ਲੋਕ ਆਜ਼ਾਦ
ਹੋ ਗਏ, ਪਰ ਆਜ਼ਾਦੀ ਦਾ ਇਹ ਅੰਮ੍ਰਿਤ ਕਾਲੇ ਹਬਸ਼ੀ ਲੋਕਾਂ ਤੋਂ ਅਪਹੁੰਚ ਇਨਕਾਰੀ ਹੋ ਗਿਆ। ਇਹ
ਗ਼ੁਲਾਮ ਦੇ ਗ਼ੁਲਾਮ ਹੀ ਰਹੇ। ਆਜਾਦ ਅਮਰੀਕਾ ਦੇ ਸਾਮੰਤੀ ਸਮਾਜ ਵਿਚ ਵੀ ਉਹ ਕਲੰਕਿਤ ਹੋ
ਚੁੱਕੀ ਨੀਚ ਜਾਤੀ ਸਮਝ ਕੇ ਦੁਰਕਾਰੇ ਜਾਂਦੇ ਸਨ। ਭਾਰਤ ਦੀਆਂ ਨੀਂਵੀਆਂ ਜਾਤਾਂ ਵਾਂਗ
ਉਨ੍ਹਾਂ ਵਾਸਤੇ ਵੀ ਵੱਖਰੇ ਖੂਹ ਤੇ ਬੱਸਾਂ ਗੱਡੀਆਂ ਵਿਚ ਵੱਖਰੀਆਂ ਸੀਟਾਂ ਹੁੰਦੀਆਂ ਸਨ। ਉਹ
ਆਪਣੇ ਜ਼ਿਮੀਂਦਾਰ ਮਾਲਕਾਂ ਹੱਥੋਂ ਅੱਤਿਆਚਾਰ ਅਤੇ ਦ੍ਰਿੰਦਗੀ ਦਾ ਸਿ਼ਕਾਰ ਹੁੰਦੇ ਰਹੇ। ਜਦ
ਵੀ ਕਦੇ ਉਨ੍ਹਾਂ ਆਪਣਾ ਸਿਰ ਜਾਂ ਜ਼ਬਾਨ ਕੱਢਣ ਦੀ ਕੋਸਿ਼ਸ਼ ਕੀਤੀ ਤਾਂ ਸਾਮਰਾਜ ਤਾਕਤਾਂ ਨੇ
ਉਨ੍ਹਾਂ ਦੇ ਵਿਦਰੋਹ ਬੜੀ ਕਰੂਰਤਾ ਨਾਲ ਕੁਚਲਣ ਦੇ ਹੁਕਮ ਚਾੜ੍ਹ ਦਿੱਤੇ। ਪਿਤਾ ਪੁਰਖੀ
ਖ਼ਾਨਦਾਨਾਂ ਤੋਂ ਲੈ ਕੇ ਹੁਣ ਤੱਕ ਉਹ ਆਪਣੇ ਮਾਲਕਾਂ ਦੀ ਬੰਧੂਆ ਮਜ਼ਦੂਰੀ ਕਰਦੇ ਰਹੇ।
1861 ਅਤੇ 1865 ਦੇ ਵਿਚਕਾਰ ਅਮਰੀਕਾ ਘਰੇਲੂ ਜੰਗ ਵਿਚ ਉਲਝ ਗਿਆ। ਇਸ ਦਾ ਵੱਡਾ ਕਾਰਨ
ਆਰਥਿਕ ਨਾ-ਬਰਾਬਰੀ ਤੇ ਗੁਲਾਮੀ ਪ੍ਰਥਾ ਸੀ। ਉੱਤਰੀ ਸੂਬੇ ਇਨ੍ਹਾਂ ਗ਼ੁਲਾਮਾਂ ਨੂੰ ਗ਼ੁਲਾਮ
ਰੱਖਣ ਦੇ ਵਿਰੁੱਧ ਵਿਚ ਸਨ ਤੇ ਕੁੱਝ ਦੱਖਣੀ ਹੱਕ ਵਿਚ ਸਨ। ਇਨ੍ਹਾਂ ਦੋਹਾਂ ਵਿਚਾਰ-ਧਾਰਾਵਾਂ
ਵਿਚਕਾਰ ਭਿਆਨਕ ਸੀਤ ਯੁੱਧ ਚੱਲਦਾ ਰਿਹਾ। ਬਹੁਤ ਦੇਰ ਦੱਖਣੀ ਰਿਆਸਤਾਂ ਗ਼ੁਲਾਮ ਰੱਖਣ ਦੇ ਹੱਕ
ਤੇ ਅੜੀਆਂ ਰਹੀਆਂ। ਅਖੀਰ ਇਨ੍ਹਾਂ ਦੀ ਵੀ ਸੁਣੀ ਗਈ। ਇਮੈਂਸੀਪੇਸ਼ਨ ਐਕਟ ਅਨੁਸਾਰ ਸਾਰੇ
ਅਮਰੀਕੀਆਂ ਨੂੰ ਬਰਾਬਰ ਦੇ ਹੱਕ ਮਿਲ਼ਨ ਕਰ ਕੇ ਗ਼ੁਲਾਮਾਂ ਦਾ ਛੁਟਕਾਰਾ ਹੋ ਗਿਆ। ਉਸ ਸਮੇਂ
ਅਮਰੀਕਾ ਦਾ ਪ੍ਰਧਾਨ ਅਬਰਾਹਮ ਲਿੰਕਨ ਨਹੀਂ ਸੀ ਚਾਹੁੰਦਾ ਕਿ ਇਸ ਗ਼ੁਲਾਮੀ ਅਤੇ ਹੋਰ ਕਾਰਨਾਂ
ਕਰ ਕੇ ਅਮਰੀਕਾ ਦੀਆਂ ਦੱਖਣੀ ਤੇ ਉੱਤਰੀ ਰਿਆਸਤਾਂ ਦੇ ਮਤਭੇਦ ਵਧ ਕੇ ਦੁਫਾੜ ਹੋ ਜਾਣ। ਉਸ
ਨੇ 1863 ਵਿਚ ਇਮੈਂਸੀਪੇਸ਼ਨ ਐਕਟ ਦੀ ਘੋਸ਼ਣਾ ਕਰ ਦਿੱਤੀ ਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ
ਕੱਟਣ ਦਾ ਪ੍ਰਸਤਾਵ ਪਾਸ ਕਰ ਕੇ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਨੱਥ ਪਾ ਦਿੱਤੀ। ਘਰੇਲੂ ਲੜਾਈ
ਵਿਚ ਉੱਤਰੀ ਰਿਆਸਤਾਂ ਦੱਖਣੀ ਤੇ ਹਾਵੀ ਹੋ ਗਈਆਂ। 1865 ਵਿਚ ਲੜਾਈ ਖ਼ਤਮ ਹੋ ਗਈ ਤੇ
ਇਮੈਂਸੀਪੇਸ਼ਨ ਐਕਟ ਸਾਰੀਆਂ ਸਟੇਟਾਂ ਵਿਚ ਲਾਗੂ ਹੋ ਗਿਆ। ਅਮਰੀਕੀ ਸੰਵਿਧਾਨ ਦੇ 13ਵੇਂ
ਸੰਸ਼ੋਧਨ ਅਨੁਸਾਰ ਅਮਰੀਕਾ ਵਿਚੋਂ ਗ਼ੁਲਾਮੀ ਪ੍ਰਥਾ ਦਾ ਅੰਤ ਹੋ ਗਿਆ ਤੇ ਇਹ ਕਾਨੂੰਨੀ ਤੌਰ ਤੇ
ਵਿਵਰਜਿਤ ਹੋ ਗਈ। ਇਸ ਐਕਟ ਦੇ ਪਾਸ ਹੋਣ ਨਾਲ ਹਜ਼ਾਰਾਂ ਗ਼ੁਲਾਮ ਆਪਣੇ ਮਾਲਕਾਂ ਕੋਲੋਂ ਛੁੱਟ
ਕੇ ਰਾਜਧਾਨੀ ਦੀਆਂ ਸੜਕਾਂ ਤੇ ਆਣ ਨਿੱਤਰੇ। ਗ਼ੁਲਾਮਾਂ ਦਾ ਛੁਟਕਾਰਾ ਕਰਨਾ ਅਬਰਾਹਮ ਲਿੰਕਨ
ਨੂੰ ਏਨਾ ਮਹਿੰਗਾ ਪਿਆ ਕਿ ਉਸ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ। ਗ਼ੁਲਾਮੀ ਦੇ ਮੁਦਈਆਂ
ਜੋ ਉਸ ਨੂੰ 14 ਅਪ੍ਰੈਲ 1865 ਨੂੰ ਉਸ ਦੀ ਦੂਸਰੀ ਟਰਮ ਵੇਲੇ ਅਬਰਾਹਮ ਲਿੰਕਨ ਫੋਰਡ
ਸਿਨੇਮਾ-ਘਰ ਵਿਚ ਡਰਾਮਾ ਵੇਖਣ ਗਿਆ ਆਪਣੀ ਸੀਟ ਤੇ ਬੈਠ ਗਿਆ। ਜੌਹਨ ਵਿਲਕ ਬੂਥ ਨੇ ਉਸ ਦੇ
ਸਿਰ ਪਿੱਛੋਂ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ। ਜੋਹਨ ਬੂਥ ਗ਼ੁਲਾਮ ਰੱਖਣ ਦੇ ਮੁੱਦਈ
ਰਿਆਸਤਾਂ ਦਾ ਸਮਰੱਥਕ ਸੀ। ਮਹਾਤਮਾ ਗਾਂਧੀ ਤੇ ਨੱਥੂ ਰਾਮ ਗੌਡਸੇ ਵਾਲੀ ਕਹਾਣੀ ਇੱਥੇ
ਦੁਹਰਾਈ ਗਈ। ਪ੍ਰਧਾਨ ਲਿੰਕਨ ਨੇ ਕਿਹਾ ਸੀ ‘ਲੋਕਾਂ ਦੀ ਸਰਕਾਰ, ਲੋਕਾਂ ਵੱਲੋਂ ਸਰਕਾਰ, ਤੇ
ਲੋਕਾਂ ਵਾਸਤੇ ਸਰਕਾਰ’ ਦਾ ਅਮਰੀਕੀ ਸਿਧਾਂਤ ਦੁਨੀਆ ਤੋਂ ਕਦੇ ਖ਼ਤਮ ਨਹੀਂ ਹੋਵੇਗਾ ਜਿਸ ਕਾਰਨ
ਦੱਖਣੀ ਰਿਆਸਤ ਦੇ ਕਾਤਲਾਂ ਨੇ ਉਸ ਨੂੰ ਹੀ ਖ਼ਤਮ ਕਰ ਦਿੱਤਾ। ਬਾਦ ਵਿਚ ਉਸ ਦਾ ਕਾਤਲ ਬੂਥ ਵੀ
ਅਮਰੀਕੀ ਫ਼ੌਜਾਂ ਹੱਥੋਂ 26 ਅਪ੍ਰੈਲ ਨੂੰ ਮਾਰਿਆ ਗਿਆ।
ਸਿਵਲ ਵਾਰ ਦੇ ਅੰਤ ਹੋਣ ਤੇ ਅਮਰੀਕਾ ਦੀ ਪੁਨਰ ਸਿਰਜਣਾ ਸ਼ੁਰੂ ਹੋਈ। ਬਹੁਤ ਸਾਰੀਆਂ
ਇਮਾਰਤਾਂ ਤੇ ਸਮਾਰਕ ਬਣਨੇ ਸ਼ੁਰੂ ਹੋਏ। ਲੋਕਾਂ ਨੇ ਸਰਕਾਰ ਤੱਕ ਘਰੇਲੂ ਸਮੱਸਿਆਵਾਂ ਨੂੰ
ਸੁਲਝਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਇਸ ਵੇਲੇ ਸਭ ਤੋਂ ਅਹਿਮ ਮਸਲਾ ਛੁੱਟੇ ਹੋਏ
ਗ਼ੁਲਾਮਾਂ ਦੇ ਪੁਨਰ ਵਸੇਬੇ ਅਤੇ ਉਨ੍ਹਾਂ ਦੇ ਬਰਾਬਰ ਹੱਕਾਂ ਦੀ ਬਹਾਲੀ ਵਾਸਤੇ ਸੀ। ਉਹ ਹੁਣ
ਭਾਵੇਂ ਗ਼ੁਲਾਮ ਨਹੀਂ ਸਨ ਪਰ ਉਨ੍ਹਾਂ ਨੂੰ ਪੂਰਨ ਆਜ਼ਾਦੀ ਵੀ ਹਾਸਲ ਨਹੀਂ ਸੀ। ਇਸ ਵਾਸਤੇ
ਸੰਗਠਨਾਂ ਨੇ ਸੜਕਾਂ ਤੇ ਮਾਰਚ ਕਰ ਕੇ ਆਪਣੀ ਹਾਜਰੀ ਦਾ ਸਬੂਤ ਦਿੱਤਾ। ਗ਼ੁਲਾਮਾਂ ਦੇ ਬਹੁਤ
ਸਾਰੇ ਸੰਗਠਨ ਹੋਂਦ ਵਿਚ ਆਏ। 1963 ਵਿਚ ਦੋ ਲੱਖ ਕਾਲੇ ਲੋਕ ਆਪਣੇ ਨਾਲ ਹੁੰਦੇ ਅਨੁਚਿਤ
ਸਲੂਕ ਦੇ ਖ਼ਿਲਾਫ਼ ਆਪਣੇ ਵਾਜਬ ਨਿਆਇਕ ਹੱਕਾਂ ਲਈ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਅਗਵਾਈ
ਵਿਚ ਨੈਸ਼ਨਲ ਮਾਲ ਤੇ ਮੁਜ਼ਾਹਰੇ ਤੇ ਇਕੱਠੇ ਹੋਏ। ਲੂਥਰ ਕਿੰਗ ਦੀ ਜੋਸ਼ੀਲੀ ਤਕਰੀਰ ਨੇ
ਸਰਕਾਰ ਦੇ ਵੀ ਕੰਨ ਖੋਲ੍ਹ ਦਿੱਤੇ। ਉਸ ਤੋਂ ਬਾਦ ਵੀ ਕਈ ਵੇਰਾਂ ਸੱਤਿਆਗ੍ਰਹਿ ਹੁੰਦੇ ਰਹੇ
ਤੇ ਅਖੀਰ ਸਭ ਜਾਤਾਂ ਧਰਮਾਂ ਦੇ ਅਮਰੀਕੀ ਲੋਕਾਂ ਨੂੰ ਬਰਾਬਰ ਦੇ ਹੱਕ ਮਿਲ ਗਏ।
ਹੁਣ ਇਹ ਗਿਣ ਗਿਣ ਕੇ ਬਦਲੇ ਲੈ ਰਹੇ ਹਨ। ਓਬਾਮਾ ਦੇ ਆਉਣ ਕਰ ਕੇ ਇਨ੍ਹਾਂ ਦੇ ਡੰਗ ਕੁਝ
ਤਿੱਖੇ ਹੋ ਗਏ ਹਨ ਪਰ ਅਜੇ ਵੀ ਇਨ੍ਹਾਂ ਦੀ ਔਸਤਨ ਹਾਲਤ ਬਹੁਤੀ ਚੰਗੀ ਨਹੀਂ। ਇੱਕ ਤਾਜਾ
ਸਰਵੇ ਅਨੁਸਾਰ 27.2 ਫੀ ਸਦੀ ਨੀਗਰੋ ਲੋਕ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਤੀਤ ਕਰਦੇ ਹਨ।
(ਛਪ ਰਹੇ ਸਫ਼ਰਨਾਮੇ ‘ਮੇਰੀ ਵਾਈਟ ਹਾਊਸ ਫੇਰੀ’ ਵਿਚੋਂ)
-0-
|