ਆਪਣਾ ਪਹਿਲਾ ਨਾਵਲ ‘ਨਵੇਂ
ਰਿਸ਼ਤੇ’ ਮੈਂ 1978 ਵਿਚ ਲਿਖਿਆ ਸੀ ਜੋ 1980 ਵਿਚ ਛਪ ਕੇ ਸਾਹਮਣੇ ਆਇਆ। ਬੇਸ਼ੱਕ ਉਦੋਂ
ਤੱਕ ਮੈਂ ਦੂਜਾ ਨਾਵਲ ‘ਕੱਚੇ ਘਰ’ ਵੀ ਲਿਖ ਚੁੱਕਿਆ ਸਾਂ। 1980 ਵਾਲੀ ਵਿਸ਼ਵ ਪੰਜਾਬੀ
ਕਾਨਫ਼੍ਰੰਸ ਜੋ ਕਿ ਮੈਂ ‘ਤੇ ਮੇਰੇ ਸਾਥੀਆਂ ਜਾਂ ਪ੍ਰਗਤੀਸ਼ੀਲ ਲੇਖਕ ਸਭਾ, ਸਾਊਥਾਲ ਨੇ
ਕਰਵਾਈ ਸੀ, ਵਿਚ ਡਾ: ਹਰਭਜਨ ਸਿੰਘ ਨੇ ਏਸ ਨਾਵਲ ਦਾ ਭਰਪੂਰ ਜਿ਼ਕਰ ਕੀਤਾ। ਇਹ ਕਾਨਫਰੰਸ
ਪੂਰਾ ਇੱਕ ਮਹੀਨਾ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਚਲਦੀ ਰਹੀ ਸੀ ਅਤੇ ਹਰ ਥਾਂ ‘ਤੇ
ਡਾ: ਹਰਭਜਨ ਸਿੰਘ ਏਸ ਨਾਵਲ ਦੇ ਹਵਾਲੇ ਨਾਲ ਆਪਣੀਆਂ ਦਲੀਲਾਂ ਨੂੰ ਵਿਸਥਾਰ ਦੇਂਦੇ ਰਹੇ।
ਬਾਅਦ ਵਿਚ ਇੰਡੀਆ ਜਾ ਕੇ ਡਾਕਟਰ ਸਾਹਿਬ ਨੇ ਮੇਰੇ ਨਾਮ ਇੱਕ ਚਿੱਠੀ ਵੀ ਲਿਖੀ ਜੋ ਆਰਸੀ ਵਿਚ
ਛਪੀ। ‘ਇੱਕ ਚਿੱਠੀ ਤੇਰੇ ਨਾਂ’ ਡਾਕਟਰ ਸਾਹਿਬ ਦਾ ਆਰਸੀ ਪਰਚੇ ਵਿਚ ਸਥਾਈ ਕਾਲਮ ਚਲਦਾ
ਹੁੰਦਾ ਸੀ। ਇਸ ਸਾਰੀ ਚਰਚਾ ਨੇ ਜਿੱਥੇ ਮੈਨੂੰ ਇਕ ਨਾਵਲਕਾਰ ਵੱਜੋਂ ਸਥਾਪਿਤ ਕਰ ਦਿੱਤਾ
ਉੱਥੇ ਮੇਰੇ ਨਾਵਲੀ ਕਸਬ ਨੂੰ ਵੀ ਬਹੁਤ ਬਲ ਬਖਸਿ਼ਆ।
ਅੱਜ 10 ਨਾਵਲ ਲਿਖ ਲੈਣ ਪਿੱਛੋਂ ਮੈਂ ਸਵੈ-ਵਿਸ਼ਲੇਸ਼ਣ ਕਰਦਾ ਹੋਇਆ ਮਹਿਸੂਸ ਕਰਦਾ ਹਾਂ ਕਿ
ਨਾਵਲ ਦਾ ਵਸੀਹ ਪੈਟਰਨ ਮੇਰੇ ਸੁਭਾ ‘ਤੇ ਅਨੁਭਵ ਦੇ ਵਧੇਰੇ ਅਨੁਕੂਲ ਹੈ। ਜਿਵੇਂ ਕਿ ਮੈਂ
ਪਹਿਲਾਂ ਵੀ ਜਿ਼ਕਰ ਕਰ ਆਇਆ ਹਾਂ, ਕਵਿਤਾ/ਗ਼ਜ਼ਲ ਕਿਸੇ ਵਿਸ਼ੇਸ਼ ਸਥਿਤੀ, ਘਟਨਾ ਜਾਂ
ਵਿਅਕਤੀ ਪ੍ਰਤਿ ਫੌਰੀ ਪ੍ਰਤਿਕਿਰਿਆ ਸੀ ਜਾਂ ਕਿਸੇ ਵਿਸ਼ੇਸ਼ ਮੂਡ ਜਾਂ ਕੈਫ਼ੀਅਤ ਦਾ ਫੌਰੀ
ਪ੍ਰਗਟਾਵਾ ਸੀ। ਪਰ ਕਵਿਤਾ ਜਾਂ ਗ਼ਜ਼ਲ ਦੀ ਸੀਮਾ ਇਹ ਸੀ ਕਿ ਇਹ ਸਿਰਫ਼ ਬਿੰਬਾਂ/
ਪ੍ਰਤਿਬਿੰਬਾਂ ਦੀ ਭਾਸ਼ਾ ਵਿਚ ਹੀ ਗੱਲ ਕਰ ਸਕਦੀਆਂ ਸਨ ਜਦੋਂ ਕਿ ਮੇਰੀ ਜਿ਼ੰਦਗੀ ਲੰਮੀਆਂ
ਘਟਨਾਵਾਂ ‘ਤੇ ਮਾਰੂ ਸਥਿਤੀਆਂ ਨਾਲ ਭਰੀ ਪਈ ਸੀ। ਮੇਰੇ ਸਾਹਮਣੇ ਅਨੇਕਾਂ ਪਾਤਰ ਸਨ ਜਿਨ੍ਹਾਂ
ਤੋਂ ਮੈਂ ਕਦੇ ਆਹਤ ਹੋਇਆ ਸਾਂ ‘ਤੇ ਕਦੇ ਪੀੜਤ। ਸਿਰਫ਼ ਇਹੋ ਹੀ ਨਹੀਂ, ਅਨੇਕਾਂ ਪਾਤਰਾਂ ਦਾ
ਮੇਰੀ ਜਿ਼ੰਦਗੀ ਵਿਚ ਉਸਾਰੂ ਹਿੱਸਾ ਸੀ ਜਿਵੇਂ ਪ੍ਰਾਇਮਰੀ ਸਕੂਲ ਵਿਚ ਹੈੱਡਮਾਸਟਰ ਜੈ ਸਿੰਘ,
ਹਾਈ ਸਕੂਲ ਵਿਚ ਹੈੱਡਮਾਸਟਰ ਮਾਹਣਾ ਸਿੰਘ, ਸੈਕੰਡ ਹੈੱਡਮਾਸਟਰ ਗੁਰਬਖਸ਼ ਸਿੰਘ, ਮਾਸਟਰ ਰੂਪ
ਸਿੰਘ, ਕਾਲਜ ਵਿਚ ਹੈੱਡ ਆਫ਼ ਦਾ ਡਿਪਾਰਟਮੈਂਟ ਪ੍ਰੋ: ਸਾਧੂ ਸਿੰਘ ‘ਤੇ ਡਾ: ਆਗਿਆ ਸਿੰਘ
‘ਤੇ ਬਾਅਦ ਵਿਚ ਨੌਕਰੀ ਵੇਲੇ ਐਗ੍ਰੀਕਲਚਰ ਡਿਪਾਰਟਮੈਂਟ ਦੇ ਸਹਾਇਕ ਡਾਇਰੈਕਟਰ ਗੁਰਬਚਨ ਸਿੰਘ
ਦੀਪਕ। ਹੋਰ ਵੀ ਬਹੁਤ ਸਾਰੇ ਖੁਬਸੂਰਤ ਮਨੁੱਖ ਸਨ ਜਿਹੜੇ ਮੇਰੀ ਜਿ਼ੰਦਗੀ ਵਿਚ ਆਏ ‘ਤੇ ਮੇਰੀ
ਰੁਲੀ ਖੁਲੀ ਜਿ਼ੰਦਗੀ ਨੂੰ ਹਮਦਰਦਰਾਨਾ ਦਿਸ਼ਾ ਪ੍ਰਦਾਨ ਕੀਤੀ। ਮੈਂ ਇਹਨਾਂ ਨੂੰ ਵੀ ਆਪਣੇ
ਪਾਤਰਾਂ ਵੱਜੋਂ ਪੇਸ਼ ਕਰਨਾ ਚਾਹੁੰਦਾ ਸਾਂ ਜੋ ਮੈਂ ਨਾਵਲਾਂ ਵਿਚ ਕੀਤਾ ਵੀ।
ਜਦੋਂ ਮੈਂ ਗੰਭੀਰ ਹੋ ਕੇ ਕਹਾਣੀ ਲਿਖਣੀ ਸ਼ੁਰੂ ਕੀਤੀ ਤਾਂ ਉਹ ਸਾਰੇ ਕਿਰਦਾਰ ਜਿਨ੍ਹਾਂ ਨੇ
ਮੈਨੂੰ ਆਹਤ ‘ਤੇ ਪੀੜਿਤ ਕੀਤਾ ਸੀ ਮੇਰੇ ਸਾਹਮਣੇ ਆਉਣ ਲੱਗੇ। ਆਪਣੇ ਸੱਤਾਂ
ਕਹਾਣੀ-ਸੰਗ੍ਰਹਿਾਂ ਵਿਚ, ਜਿਹੜੇ 1965 ਤੋਂ 2000 ਤਕ ਫੈਲੇ ਹੋਏ ਹਨ, ਮੈਂ ਇਹਨਾਂ ‘ਚੋਂ
ਬਹੁਤ ਸਾਰੇ ਕਿਰਦਾਰਾਂ ‘ਤੇ ਘਟਨਾਵਾਂ ਨੂੰ ਰੂਪਾਂਤਰਿਤ ਕਰਨ ਦੀ ਕੋਸਿ਼ਸ਼ ਕੀਤੀ ਹੈ। ਪਰੰਤੂ
ਕਹਾਣੀ ਲਿਖਣ ਦੇ ਅਮਲ ਥਾਣੀਂ ਗੁਜ਼ਰਦਿਆਂ ਮੈਂ ਇਹ ਵੀ ਮਹਿਸੂਸ ਕੀਤਾ ਕਿ ਕਹਾਣੀ ਦਾ
ਰੂਪਾਕਾਰ ਮੇਰੇ ਅਨੁਭਵ ਲਈ ਕਾਫ਼ੀ ਨਹੀਂ ਸੀ ਜਾਂ ਫਿਰ ਛੋਟਾ ਸੀ। ਇਸਦੀ ਸਕੇਲ ਛੋਟੀ ਸੀ।
ਇਉਂ ਹੀ ਮੈਂ ਨਾਵਲ ਵੱਲ ਦਾ ਮੂੰਹ ਕੀਤਾ ‘ਤੇ ‘ਨਵੇਂ ਰਿਸ਼ਤੇ’ ਲਿਖਿਆ।
ਮੇਰੇ ਸਾਹਮਣੇ ਬ੍ਰਤਾਨੀਆ ਵਿਚ ਵੱਸਿਆ ਹੋਇਆ ਪੰਜਾਬੀ ਸਮਾਜ ਸੀ ਜਿਸਦਾ ਮੈਂ ਖ਼ੁਦ ਵੀ ਹਿੱਸਾ
ਸਾਂ। ਇਸੇ ਸਮਾਜ ਵਿਚ ਹੁਣ ਕੁਝ ਵੱਖਰੀ ਕਿਸਮ ਦੇ ਰਿਸ਼ਤੇ ਬਣ ਰਹੇ ਸਨ। ਭਾਰਤ ਵਿਚ ਦੱਲਿਤ
ਕਹਾਉਂਦੇ ਲੋਕਾਂ ਦੇ ਬੱਚੇ ਅਤੇ ਤਥਾਕੱਥਿਤ ਸਵਰਨ ਜਾਤੀਆ ਦੇ ਬੱਚੇ ਏਥੋਂ ਦੇ ਸਕੂਲਾਂ ਵਿਚ
ਇਕੱਠੇ ਪੜ੍ਹ ਰਹੇ ਸਨ। ਸਿੱਟੇ ਵੱਜੋਂ ਅੰਤਰਜਾਤੀ ਪ੍ਰੇਮ ਦੇ ਕਿੱਸੇ ਵਜੂਦ ਵਿਚ ਆ ਰਹੇ ਸਨ।
ਏਥੋਂ ਦੇ ਬੱਚਿਆਂ ਲਈ ਜ਼ਾਤ-ਪਾਤ ਵਾਲੀ ਭਾਰਤੀ ਪ੍ਰਣਾਲੀ ਦਾ ਕੋਈ ਅਰਥ ਨਹੀਂ ਸੀ ਰਹਿ ਗਿਆ।
ਇਸ ਨਵੀਂ ਦਿਸ਼ਾ ‘ਤੇ ਦਸ਼ਾ ਨੇ ਜਿੱਥੇ ਉੱਚੀਆਂ ਜਾਤੀਆਂ ਨੂੰ ਤ੍ਰਸਤ ਕੀਤਾ ਓਥੇ ਨੀਵੀਆਂ
ਨੂੰ ਸਵੈ-ਆਦਰ ਦਾ ਅਹਿਸਾਸ ਦਿੱਤਾ। ਮੇਰੇ ਵਾਸਤੇ ਬ੍ਰਤਾਨਵੀ ਪੰਜਾਬੀ ਸਮਾਜ ਵਿਚ ਆ ਰਿਹਾ ਇਹ
ਪਰਿਵਰਤਨ ਖ਼ੁਸ਼ੀ ਦੀ ਗੱਲ ਸੀ ਕਿਉਂਕਿ ਮੈਂ ਜਨਮ ਵੱਜੋਂ ਤਾਂ ਭਾਵੇਂ ਕੰਬੋਜ ਕਿਸਾਨ ਦਾ
ਪੁੱਤਰ ਸਾਂ ਪਰ ਕਰਮ ਵੱਜੋਂ ਆਪਣੇ ਤਾਏ-ਤਾਈ ‘ਤੇ ਭਰਾਵਾਂ ਦਾ ਕਾਮਾ ਬਣਿਆ ਰਿਹਾ ਸਾਂ। ਮੇਰੀ
ਹਮਦਰਦੀ ਨੀਵੀਆਂ ਜਾਤੀਆਂ ਨਾਲ ਸੀ। ਇਸੇ ਲਈ ਮੈਂ ਨਾਵਲ ‘ਨਵੇਂ ਰਿਸ਼ਤੇ’ ਦੇ ਸਮਰਪਣ ਵਿਚ
ਲਿਖਿਆ ਸੀ: ‘ਨਵੇਂ ਰਿਸ਼ਤੇ ਸਿਰਜਣ ਵਾਲਿਆ ਦੇ ਨਾਂ’। ਕਰਮਾ (ਮਜ਼੍ਹਬੀਆਂ ਦਾ ਮੁੰਡਾ) ‘ਤੇ
ਬੰਟੀ (ਜੱਟਾਂ ਦੀ ਕੁੜੀ) ਦੀ ਮੁਹੱਬਤ ਜ਼ਾਤ-ਪਾਤੀ ਸਮਾਜ ‘ਤੇ ਬ੍ਰਾਹਮਣਵਾਦ ਦੇ ਮੂੰਹ ਉੱਤੇ
ਇਕ ਕਰਾਰੀ ਚੁਪੇੜ ਸੀ। ਸ਼ਾਇਦ ਇਹੋ ਕਾਰਨ ਸੀ ਕਿ ਡਾ: ਹਰਭਜਨ ਸਿੰਘ ਨੂੰ ਇਹ ਨਾਵਲ ਬੇਹੱਦ
ਪਸੰਦ ਆਇਆ ਸੀ। ਉਹ ਨਾਵਲ ਵਿਚਲੀ ਉਸ ਖਾਸ ਘਟਨਾ ਦਾ ਹਰ ਥਾਂ ਜਿ਼ਕਰ ਕਰਦੇ ਜਿੱਥੇ ਗੁਰਜੀਤ
ਜੱਟ ਦੀ ਪਤਨੀ ਪ੍ਰੀਤੂ ਮਜ਼੍ਹਬੀ ਨੂੰ ਆਪਣੇ ਜੂਠੇ ਭਾਂਡੇ ਧੋ ਕੇ ਜਾਣ ਲਈ ਆਖਦੀ ਹੈ ਬਿਲਕੁਲ
ਉਵੇਂ ਜਿਵੇਂ ਪ੍ਰੀਤੂ ਪਿੰਡ ਹੁੰਦਿਆਂ ਕਰਦਾ ਹੁੰਦਾ ਸੀ। ਯਾਨਿ ਆਪਣਾ ਭਾਂਡਾ ਧੋ ਕੇ ਖੁਰਲੀ
ਦੇ ਕੋਲ ਰੱਖ ਜਾਣਾ।
ਮੇਰਾ ਦੂਜਾ ਨਾਵਲ ਇਕ ਬਹੁਤ ਹੀ ਵਿਰਾਟ ‘ਤੇ ਵਸੀਹ ਮਸਲੇ ਨੂੰ ਆਪਣੀ ਜ਼ਦ ਵਿਚ ਲੈਂਦਾ ਸੀ।
ਇਹ ਮਸਲਾ ਸੀ ਬ੍ਰਤਾਨੀਆ ਦੇ ਇੰਡਸਟਰੀਅਲ ਸਮਾਜ ਵਿਚ ਪੰਜਾਬੀ/ਭਾਰਤੀ ਔਰਤ ਦੀ ਅਜ਼ਾਦੀ ਦਾ।
ਜੋ ਕੁਝ ਮੇਰੇ ਆਲੇ ਦੁਆਲੇ ਘਟਨਾਵਾਂ ਦੇ ਰੂਪ ਵਿਚ ਘਟ ਰਿਹਾ ਸੀ ਉਹ ਇਹ ਸੀ ਕਿ ਏਥੇ ਆ ਕੇ
ਪੰਜਾਬੀ/ਭਾਰਤੀ ਔਰਤ ਆਰਥਕ ਤੌਰ ‘ਤੇ ਤਾਂ ਆਜ਼ਾਦ ਹੋ ਰਹੀ ਸੀ ਕਿਉਂਕਿ ਉਹ ਹੁਣ ਖ਼ੁਦ ਕਮਾ
ਰਹੀ ਸੀ। ਪਰ ਸਮਾਜਿਕ ਤੌਰ ‘ਤੇ ਜਾਂ ਫਿਰ ਪਰਿਵਾਰਕ ਰੂਪ ਵਿਚ ਉਹ ਅਜੇ ਵੀ ਆਜ਼ਾਦ ਨਹੀਂ ਸੀ।
ਉਹ ਆਜ਼ਾਦੀ ਲਈ ਛਟਪਟਾ ਰਹੀ ਸੀ। ਦੂਜੇ ਪਾਸੇ ਪੰਜਾਬੀ/ਭਾਰਤੀ ਆਦਮੀ ਨਵੇਂ ਪਰਿਵੇਸ਼ ਦੀਆਂ
ਆਰਥਿਕ ਸੁਵਿਧਾਵਾਂ ਨੂੰ ਤਾਂ ਜੀ ਆਇਆਂ ਆਖ ਰਿਹਾ ਸੀ ਪਰ ਔਰਤ ਨੂੰ ਸਾਮਾਜਿਕ ‘ਤੇ ਪਰਿਵਾਰਿਕ
ਖੁੱਲ੍ਹਾਂ ਦੇਣ ਨੂੰ ਤਿਆਰ ਨਹੀਂ ਸੀ। ਸਿੱਟੇ ਵੱਜੋਂ ਘਰ ਟੁੱਟ ਰਹੇ ਸਨ ‘ਤੇ ਬੱਚੇ ਰੁਲ ਰਹੇ
ਸਨ। ਸਾਮੰਤੀ ਮਾਨਸਿਕਤਾ ਉਥੇ ਦੀ ਉਥੇ ਹੀ ਖੜੀ ਸੀ ਜਦੋਂ ਕਿ ਰਹਿ ਸਾਰੇ ਹੀ ਉਦਯੋਗਿਕ ਦੌਰ
ਵਿਚ ਰਹੇ ਸਨ। ਇਉਂ ‘ਕੱਚੇ ਘਰ’ ਦਾ ਵਾਕੰਸ਼ ਸਾਮੰਤੀ ਮਾਨਸਿਕਤਾ ਨੂੰ ਪੇਸ਼ ਕਰਦਾ ਹੈ
ਜਦੋਂਕਿ ‘ਪੱਕੇ ਘਰ’ ਉਦਯੋਗਿਕ ਮਾਨਸਿਕਤਾ ਦਾ ਸੂਚਕ ਹੈ। ਨਾਵਲ ਦਾ ਸਮਰਪਣ ਵੀ ਇਉਂ ਹੈ:
‘ਪੱਕੇ ਘਰਾਂ ਦੀ ਤਲਾਸ਼ ਵਿਚ ਨਿਕਲੇ ਕੱਚੇ ਘਰਾਂ ਦੇ ਲੋਕਾਂ ਨੂੰ’। ਮੈਨੂੰ ਅਫ਼ਸੋਸ ਹੈ
ਮੇਰੇ ਏਸ ਨਾਵਲ ਨੂੰ ਇਸਦੇ ਡੂੰਘੇ ਅਰਥਾਂ ਵਿਚ ਸਮਝਿਆ ਹੀ ਨਹੀਂ ਗਿਆ। ਸਿੱਟੇ ਵੱਜੋਂ ਇਸ
ਬਾਰੇ ਹੋਈ ਸਮੀਖਿਆ ਦਾ ਜਿਹੜਾ ਕੰਮ ਸਾਹਮਣੇ ਆਇਆ ਉਹ ਬੜਾ ਸਤਹੀ ‘ਤੇ ਓਪਰਾ ਜਿਹਾ ਸੀ।
ਪਰ ਇੱਕ ਗੱਲ ਤਾਂ ਸੱਪਸ਼ਟ ਹੈ ਕਿ ਮੇਰੀ ਗਾਲਪਿਕ ਦ੍ਰਿਸ਼ਟੀ ਮੇਰੇ ਸਮਕਾਲੀ ਸਮਾਜ ਉੱਪਰ
ਕੇਂਦਰਿਤ ਸੀ ਨਾ ਕਿ ਆਪਣੀ ਹੀ ਜ਼ਾਤ ਉੱਪਰ। ਸਵੈ ਤੋਂ ਸਮਾਜ ਤੱਕ ਦਾ ਇਹ ਸਫ਼ਰ ਮੈਂ ਇੱਕ
ਦਹਾਕਾ ਪਹਿਲਾਂ ਤਹਿ ਕਰ ਆਇਆ ਸਾਂ। ਇਸ ਸਫ਼ਰ ਨੂੰ ਤਹਿ ਕਰਨ ਵਿਚ ਮਾਰਕਸਵਾਦ ਨੇ ਮੇਰੀ ਅਥਾਹ
ਮਦਦ ਕੀਤੀ।
ਜਿਹੜੇ ਵਿਸ਼ੇਸ਼ ਕਾਰਨ ਕਰ ਕੇ ਪੰਜਾਬੀ/ਭਾਰਤੀ ਲੋਕ ਬ੍ਰਤਾਨੀਆ ਆਏ ਉਹ ਸੀ ਆਰਥਿਕ ਬੇਹਤਰੀ।
ਆਰਥਿਕ ਬੇਹਤਰੀ ਲਈ ਉਹ ਪਰਵਾਸ ਹੰਢਾ ਰਹੇ ਸਨ। ਹਰੇਕ ਪਰਿਵਾਰ ਜਾਂ ਵਿਅਕਤੀ ਪੰਜ-ਸੱਤ ਸਾਲ
ਕੰਮ ਕਰ ਕੇ, ਪੈਸੇ ਲੈ ਕੇ, ਵਾਪਿਸ ਪਰਤ ਜਾਣਾ ਲੋਚਦਾ ਸੀ। ਪਰ ਕੁਝ ਕੁ ਸਾਲਾਂ ਦੇ ਵਕਫ਼ੇ
ਬਾਅਦ ਉਹ ਇੱਥੇ ਹੀ ਟਿਕੇ ਰਹਿ ਜਾਣਗੇ - ਇਹ ਉਹਨਾਂ ਕਦੇ ਨਹੀਂ ਸੀ ਸੋਚਿਆ। ਸਮੇਤ ਪੰਜਾਬੀ
ਲੇਖਕਾਂ ਦੇ। ਪਰੰਤੂ ਸਾਧਾਰਨ ਜਿ਼ੰਦਗੀ ਜਿਊ ਕੇ ਅਤੇ ਬਿੱਲਾਂ/ਕਿਸ਼ਤਾਂ ਦਾ ਭੁਗਤਾਨ ਕਰ ਕੇ
ਉਹ ਏਨਾ ਵੀ ਨਹੀਂ ਸਨ ਜੋੜ ਸਕੇ ਕਿ ਵਾਪਸ ਜਾ ਸਕਦੇ। ਸਿੱਟਾ ਇਹ ਹੋਇਆ ਕਿ ਨਾ ਤਾਂ ਟੀਚੇ
ਅਨਸਾਰ ਪੈਸੇ ਹੀ ਇਕੱਠੇ ਹੋ ਸਕੇ ‘ਤੇ ਨਾ ਹੀ ਏਥੇ ਜੰਮੀ ਜਾਂ ਵੱਡੀ ਹੋਈ ਔਲਾਦ ਵੱਲ
ਮੁਨਾਸਿਬ ਧਿਆਨ ਦਿੱਤਾ ਜਾ ਸਕਿਆ। ਬ੍ਰਤਾਨੀਆ ਦਾ ਸਮਾਜ ਇਕ ਵਸੀਹ ‘ਤੇ ਤੇਜ਼ ਵਹਿੰਦਾ ਦਰਿਆ
ਸੀ ਜੋ ਘੱਟ ਗਿਣਤੀ ਦੇ ਭਾਰਤੀ ਪੰਜਾਬੀਆਂ ਜਾਂ ਪਾਕਿਸਤਾਨੀ ਪੰਜਾਬੀਆਂ ਦੇ ਸੱਭਿਆਚਾਰਾਂ ਨੂੰ
ਰ੍ਹੋੜ ਕੇ ਲਈ ਜਾਂਦਾ ਸੀ।ਇਸ ਤੂਫ਼ਾਨ ਵਿਚ ਕੇਵਲ ਮੁੰਡੇ ਹੀ ਨਹੀਂ ਸਨ ਗਵਾਚ ਰਹੇ ਸਗੋਂ
ਕੁੜੀਆਂ ਦੀ ਹਾਲਤ ਵੀ ਇਹੋ ਹੀ ਸੀ। ਲੰਡਨ ਦੇ ਵੈਸਟ ਐਂਡ ਇਲਾਕੇ ਵਿਚ ਕੇਵਲ ਗੋਰੀਆਂ ਹੀ
ਵੇਸਵਾਗਿਰੀ ਦਾ ਧੰਦਾ ਨਹੀਂ ਸਨ ਕਰਦੀਆਂ ਦੋਹਾਂ ਪੰਜਾਬਾਂ ਦੀਆਂ ਕੁੜੀਆਂ ਵੀ ਇਸ ਭੀੜ ਵਿਚ
ਸ਼ਾਮਿਲ ਹੋ ਗਈਆਂ ਸਨ। ਇਹ ਉਹ ਦਿਨ ਸਨ ਜਦੋਂ ਕਈਆਂ ਕਾਰਨਾਂ ਕਰ ਕੇ ਮੈਨੂੰ ਲੰਡਨ ਦੇ ਇਹਨਾਂ
ਇਲਾਕਿਆਂ ਵਿਚ ਟੈਕਸੀ ਚਲਾਉਣ ਦਾ ਕੰਮ ਕਰਨਾ ਪਿਆ ਸੀ।ਲੇਖਕ ਦੀ ਪੈਨੀ ਅੱਖ ਤਾਂ ਮੇਰੇ ਕੋਲ
ਸੀ ਹੀ ਪਰ ਇਸਦੇ ਨਾਲ ਹੀ ਬੜੇ ਬੜੇ ਕੌੜੇ ਤਜਰੁਬੇ ਵੀ ਇਸ ਕੰਮ ਵਿਚੋਂ ਮਿਲੇ।‘ਕੱਖ-ਕਾਨ ‘ਤੇ
ਦਰਿਆ’ ਦੀ ਅਮਰਜੀਤ ਉਰਫ਼ ਅੰਬੋ ਉਰਫ਼ ਐਮਾ ਨੂੰ ਮੈਂ ਇਹਨਾਂ ਹੀ ਦਿਨਾਂ ਵਿਚ ਮਿਲਿਆ ਸਾਂ।
ਪਰੰਤੂ ਨਾਵਲ ਦੀਆਂ ਮੰਗਾਂ ਨੂੰ ਮੁੱਖ ਰਖਦਿਆਂ ਮੈਂ ਕਈਆਂ ਕਿਰਦਾਰਾਂ ਦੇ ਸੰਗਮ ਵਿਚੋਂ ਇਹ
ਇਕ ਕਿਰਦਾਰ ਪੈਦਾ ਕੀਤਾ ਸੀ। ਮੇਰੇ ਇਸ ਨਾਵਲ ਨੇ ਪੰਜਾਬ ਦੇ ਪਾਠਕਾਂ ਵਿਚ ਇੱਕ ਅਜੀਬ ਜਿਹੀ
ਹੱਲਚੱਲ ਪੈਦਾ ਕਰ ਦਿੱਤੀ। ਇਸ ਇਕੱਲੇ ਨਾਵਲ ਉੱਤੇ ਹੀ ਕਈ ਐਮ.ਫਿ਼ਲਜ਼. ਹੋ ਚੁੱਕੀਆਂ ਹਨ।
ਇਹ ਨਾਵਲ 1982 ਵਿਚ ਛਪਿਆ ਸੀ।
ਉਹਨੀਂ ਹੀ ਦਿਨੀਂ ਮੇਰੇ ਦਿਮਾਗ਼ ਵਿਚ ਇੱਕ ਹੋਰ ਸ਼ੈ ਖੱਲਲ ਪੈਦਾ ਕਰ ਰਹੀ ਸੀ। ਉਹ ਇਹ ਕਿ
ਪੰਜਾਬ/ਭਾਰਤ ਤੋਂ ਆਉਣ ਵਾਲੀਆਂ ਕੁੜੀਆਂ ਤਾਂ ਇੰਗਲੈਂਡ ਵਿਚ ਸਹਿਜੇ ਹੀ ਸਮਾ ਜਾਂਦੀਆਂ ਸਨ
ਲੇਕਿਨ ਮੁੰਡੇ ਨਹੀਂ ਸਨ ਸਮਾਉਂਦੇ। ਇਸ ਲਈ ਡੀਪੋਰਟੇਸ਼ਨ ਦੇ ਬਹੁਤੇ ਕੇਸ ਵੀ ਮੁੰਡਿਆਂ ਦੇ
ਹੀ ਸਨ। ਇਸ ਸਬੰਧ ਵਿਚ ਮੈਂ ਪੰਡਤ ਵਿਸ਼ਨੂੰ ਦੱਤ ਸ਼ਰਮਾ, ਜੋ ਇਮੀਗ੍ਰੇਸ਼ਨ ਦੇ ਮਸਲਿਆਂ ਦੇ
ਉਹਨੀਂ ਦਿਨੀਂ ਮਾਹਿਰ ਸਮਝੇ ਜਾਂਦੇ ਸਨ ‘ਤੇ ਮੇਰੇ ਪਿਆਰੇ ਬਜ਼ੁਰਗ ਦੋਸਤ ਸਨ, ਨਾਲ ਮੈਂ ਕਈ
ਬੈਠਕਾਂ ਕੀਤੀਆਂ। ਫੇਰ ਇਸ ਸਾਰੀ ਸਟੱਡੀ ਵਿੱਚੋਂ ਜੋ ਨਿਕਲਿਆ ਉਹ ਨਾਵਲ ‘ਕਦਰਾਂ ਕੀਮਤਾਂ’
ਸੀ। ਇਹ ਨਾਵਲ 1983 ਵਿਚ ਪਹਿਲੀ ਵਾਰੀ ਛਪਿਆ। ਮੈਨੂੰ ਯਾਦ ਹੀ ਨਹੀਂ ਹੁਣ ਤੱਕ ਇਸਦੀਆਂ
ਕਿੰਨੀਆਂ ਐਡੀਸ਼ਨਾਂ ਛਪ ਚੁੱਕੀਆਂ ਹਨ। ‘ਨਵੇਂ ਰਿਸ਼ਤੇ’ ‘ਤੇ ‘ਕੱਖ-ਕਾਨ ‘ਤੇ ਦਰਿਆ’ ਵੀ
ਅਨੇਕਾਂ ਵਾਰੀ ਛਪ ਚੁੱਕੇ ਹਨ।
‘ਕਦਰਾਂ ਕੀਮਤਾਂ’ ਦਾ ਸਾਰ ਇਹ ਸੀ ਕਿ ਪੰਜਾਬ ਦੇ ਮਰਦ-ਪ੍ਰਧਾਨ ਸਮਾਜ ਵਿਚ ਔਰਤ ਦੀ ਸਥਿਤੀ
ਬੜੀ ਹੀਣ ਸੀ ਜਦੋਂਕਿ ਮਰਦ ਹੀ ਪਰਿਵਾਰਕ/ਸੱਭਿਆਚਾਰਕ ਮੁੱਲਾਂ ਦਾ ਸੰਚਾਲਕ ਸੀ। ਮਰਦ ਨੇ
ਆਪਣੇ ਘਰ ਵਿਚ ਅਤੇ ਬਾਹਰ ਔਰਤ ਨੂੰ ਹੁਕਮ ਮੰਨਦੀ, ਕੁੱਟ ਖਾਂਦੀ, ਚੁੱਪ ਚਾਪ ਮਰਦ ਦੀ ਧੌਂਸ
ਅੱਗੇ ਸਿਰ ਨਿਵਾਉਂਦੀ ਹੀ ਵੇਖਿਆ ਸੀ। ਕਦੇ ਮਾਂ ਦੇ ਰੂਪ ਵਿਚ, ਕਦੇ ਭੈਣ ਦੇ, ਕਦੇ ਪਤਨੀ ਦੇ
ਅਤੇ ਕਦੇ ਚਾਚੀ, ਤਾਈ, ਮਾਸੀ, ਭੂਆ, ਮਾਮੀ ਦੇ ਰੂਪ ਵਿਚ। ਇਸੇ ਹੀ ਸਥਿਤੀ ਨੂੰ ਮਰਦ ਨੇ
ਬਚਪਨ ਤੋਂ ‘ਔਰਤ ਦੀ ਮਨਜ਼ੂਰਸ਼ੁਦਾ ਸਥਿਤੀ’ ਵੱਜੋਂ ਸਵੀਕਾਰ ਕਰ ਲਿਆ ਸੀ। ਉਹੋ ਹੀ ਔਰਤ
ਜਦੋਂ ਇੰਗਲੈਂਡ ਆਉਂਦੀ ਸੀ ਤਾਂ ਏਥੋਂ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਕਾਫ਼ੀ ਹੱਦ ਤੱਕ
ਆਜ਼ਾਦੀ ‘ਤੇ ਰਾਹਤ ਮਹਿਸੂਸ ਕਰਦੀ ਸੀ। ਮਾੜੀ ਮੋਟੀ ਝਿੜਕ ਝੰਬ ਸਹਿਣੀ ਤਾਂ ਉਸਦੇ ਸੁਭਾ ਵਿਚ
ਹੀ ਸੀ। ਇਸ ਲਈ ਵਿਲਾਇਤੀ ਮੁੰਡੇ ਨਾਲ ਸੈਟਲ ਹੋਣ ਵਿਚ ਉਸਨੂੰ ਕੋਈ ਬਹੁਤੀ ਤਕਲੀਫ਼ ਨਹੀਂ ਸੀ
ਹੁੰਦੀ। ਪਰ ਇਸਦੇ ਉਲਟ ਮੰਗੇਤਰ ਬਣ ਕੇ ਆਇਆ ਮੁੰਡਾ ਵਿਆਹ ਕਰਵਾ ਕੇ ਏਥੇ ਜੰਮੀ ਪਲੀ ‘ਤੇ
ਵੱਡੀ ਹੋਈ ਕੁੜੀ ‘ਤੇ ਪੰਜਾਬ ਵਾਂਗ ਹੀ ਰੋਅਬ ਪਾਉਂਦਾ ਸੀ ਜਿਸਨੂੰ ਏਥੋਂ ਦੀ ਕੁੜੀ ਝੱਲਣ
ਨੂੰ ਤਿਆਰ ਨਹੀਂ ਸੀ। ਇੰਗਲੈਂਡ ਵਿਚ ਜੰਮੀ ਪਲੀ ਕੁੜੀ ਅਤੇ ਇੰਡੀਆ ਤੋਂ ਆਈ ਕੁੜੀ ਵਿਚਕਾਰ
ਜ਼ਮੀਨ ਅਸਮਾਨ ਦਾ ਫ਼ਰਕ ਸੀ। ਸਿੱਟੇ ਵੱਜੋਂ ਪੰਜਾਬ ਤੋਂ ਆਏ ਮੁੰਡਿਆਂ ਦੇ ਵਿਆਹ ਜਲਦੀ
ਟੁੱਟੇ ਅਤੇ ਉਹ ਡੀਪੋਰਟ ਕਰ ਦਿੱਤੇ ਗਏ ਜਦੋਂ ਕਿ ਕੁੜੀਆਂ ਆਮ ਤੌਰ ‘ਤੇ ਏਥੇ ਵੱਸ ਗਈਆਂ। ਇਸ
ਸਭ ਕਾਸੇ ਦੀ ਤਹਿ ਵਿਚ ਸਾਡੇ ਸੱਭਿਆਚਾਰਕ ਮੁੱਲਾਂ ਦੀਆਂ ਰੂੜ੍ਹੀਆਂ ਕੰਮ ਕਰ ਰਹੀਆਂ ਸਨ
ਜਿਨ੍ਹਾਂ ਨੂੰ ਨਾਵਲ ‘ਕਦਰਾਂ ਕੀਮਤਾਂ’ ਪੇਸ਼ ਕਰਦਾ ਹੈ। ਇਹ ਮੁੱਲ ਸਨ ਮਰਦ ‘ਤੇ ਔਰਤ ਵਿਚਲੇ
ਫ਼ਰਕ ਦੇ ਜਾਂ ਫਿਰ ਦੋਹਰੇ ਮੁੱਲ - ਔਰਤ ਵਾਸਤੇ ਹੋਰ ‘ਤੇ ਮਰਦ ਵਾਸਤੇ ਹੋਰ।
…
1983 ਤੋਂ ਬਾਅਦ ਮੇਰੀ ਜ਼ਾਤੀ ਜਿ਼ੰਦਗੀ ਵਿਚ ਝੁੱਲੇ ਤੂਫ਼ਾਨਾਂ ਕਰ ਕੇ ਮੈਂ ਦੇਰ ਤੱਕ ਕੋਈ
ਨਾਵਲ ਨਾ ਲਿਖ ਸੱਕਿਆ। ਪਰ ਸਮਾਂ ‘ਤੇ ਸੰਤੁਲਨ ਪ੍ਰਾਪਤ ਹੁੰਦਿਆਂ ਹੀ ਮੈਂ ਸਮੀਖਿਆ ਦੇ ਖੇਤਰ
ਵਿਚ ਵੜ ਗਿਆ।
ਨਾਵਲ ‘ਕੰਜਕਾਂ’ ਦੀ ਕਹਾਣੀ 1981-82 ਤੋਂ ਹੀ ਮੇਰੇ ਦਿਮਾਗ਼ ਵਿਚ ਪਨਪ ਰਹੀ ਸੀ ਭਾਵੇਂ ਕਿ
ਬੜੇ ਹੀ ਇਕਹਿਰੇ ਰੂਪ ਵਿਚ। ਇਹ ਕਹਾਣੀ ਮੇਰੇ ਇੱਕ ਦੋਸਤ, ਜੋ ਮੇਰੇ ਨਾਲ ਹੀ ਦਸਵੀਂ ਤੱਕ
ਪੜ੍ਹਿਆ ਸੀ, ਦੀ ਧੀ ਪਿੰਕੀ ਬਾਰੇ ਸੀ। ਪਿੰਕੀ ਮਸ੍ਹਾਂ ਹੀ ਸੋਲਾਂ ਵਰ੍ਹਿਆਂ ਦੀ ਸੀ ਜਦੋਂ
ਮੇਰੇ ਦੋਸਤ ਪਿਆਰਾ ਸਿੰਘ ਨੇ ਪੂਰੀ ਯੋਜਨਾ ਬਣਾ ਕੇ , ਝਾਂਸੇ ਨਾਲ, ਆਪਣੇ ਇੱਕ ਦੂਰ ਦੇ
ਬਜ਼ੁਰਗ ਜੀਜੇ ਦੇ ਸਭ ਤੋਂ ਛੋਟੇ ਮੁੰਡੇ ਦੀ ਤਸਵੀਰ ਨਾਲ ਲਾਵਾਂ ਦੇ ਕੇ ਉਸ ਵਿਚਾਰੀ ਗਊ ਨੂੰ
ਇੰਗਲੈਂਡ ਤੋਰ ਦਿੱਤਾ ਸੀ। ਮੁੰਡਾ ਫਾਰਮੇਕਾਲੋਜੀ ਦੀ ਐਮ.ਏ. ਸੀ ਅਤੇ ਇੱਕ ਪੜ੍ਹੀ ਲਿਖੀ
ਗੋਰੀ ਕੁੜੀ ਨੂੰ ਪਿਆਰ ਕਰਦਾ ਸੀ। ਉਹ ਦ੍ਹੋਵੇਂ ਇੱਕੋ ਹਸਪਤਾਲ ਵਿਚ ਕੰਮ ਕਰਦੇ ਸਨ ‘ਤੇ
ਜਲਦੀ ਹੀ ਵਿਆਹ ਕਰਾ ਲੈਣ ਦੇ ਇੱਛੁਕ ਸਨ। ਮੁੰਡੇ ਵਿਚ ਨੁਕਸ ਸਿਰਫ਼ ਇਹ ਸੀ ਕਿ ਉਹ ਆਪਣੇ
ਪਿਉ ‘ਤੇ ਵੱਡੇ ਭਰਾਵਾਂ ਸਾਹਮਣੇ ਖਲੋ ਨਹੀਂ ਸੀ ਸਕਦਾ। ਉਹਨਾਂ ਕੋਲੋਂ ਡਰਦਾ ਸੀ ਜਾਂ ਫਿਰ
ਉਹਨਾਂ ਦੀ ਬਹੁਤ ਇੱਜ਼ਤ ਕਰਦਾ ਸੀ। ਉਹਨਾਂ ਅੱਗੇ ਉਜ਼ਰ ਕਰਨ ਦੀ ਉਹਦੀ ਜੁੱਰਅਤ ਨਹੀਂ ਸੀ।
ਇੰਗਲੈਂਡ ਵਿਚ ਪਿੰਕੀ ਦੀ ਲੀਗਲ ਮੈਰਿਜ ਵੀ ਹੋ ਗਈ ਪਰ ਉਹ ਮੁੰਡਾ ਉਸ ਨਾਲ ਇੱਕ ਰਾਤ ਵੀ ਨਾ
ਸੁੱਤਾ। ਅੰਤ ਇੱਕ ਦਿਨ ਉਹਨੇ ਦੁਚਿੱਤੀ ਵਿਚ ਮਰਦੇ ਰਹਿਣ ਨਾਲੋਂ ਮੌਤ ਨੂੰ ਪਹਿਲ ਦਿੱਤੀ ਅਤੇ
ਸਰਾਬ ਵਿਚ ਨੀਂਦ ਦੀਆਂ ਗੋਲੀਆਂ ਘੋਲ ਕੇ ਪੀ ਗਿਆ। ਉਹਦੀ ਮੌਤ ਪਿੱਛੋਂ ਪਿਆਰਾ ਸਿੰਘ ਛਾਤੀ
ਪਿੱਟਦਾ ਮੇਰੇ ਦਰ ‘ਤੇ ਆਇਆ ਹਾਲਾਂਕਿ ਉਹਨੇ ਹੁਣ ਤਕ ਮੈਨੂੰ ਕੁਝ ਵੀ ਨਹੀਂ ਸੀ ਦੱਸਿਆ।
ਉਸਨੇ ਪੂਰੀ ਹਰਾਮਜ਼ਦਗੀ ਤੋਂ ਕੰਮ ਲਿਆ ਅਤੇ ਮੁੰਡੇ ਦੇ ਨਾਂ ਜਿਹੜਾ ਮਕਾਨ ਸੀ, ਉਹਨੂੰ ਉਹਦੀ
ਸਤਾਰਾਂ ਸਾਲ ਦੀ ਵਿਧਵਾ ਨੂੰ ਦੁਆ ਕੇ, ਮਕਾਨ ਵੇਚ ਕੇ, ਪੈਸੇ ਜ੍ਹੇਬ ਵਿਚ ਪਾ ਕੇ ਤੁਰਦਾ
ਬਣਿਆ। ਇਹੀ ਉਹਦਾ ਟੀਚਾ ਸੀ। ਇੱਕ ਕੰਜਕ ਨੂੰ ਆਪਣੇ ਮੁਫ਼ਾਦ ਲਈ ਵਰਤਣਾ। ਇਹ ਸੀ ਨਾਵਲ ਦੀ
ਪਹਿਲੀ ਇਕਹਿਰੀ ਕਹਾਣੀ।
ਪਰੰਤੂ ਮੇਰੀ ਜ਼ਾਤੀ ਜਿ਼ੰਦਗੀ ਵਿਚਲੇ ਤੂਫ਼ਾਨਾਂ ਕਾਰਨ ਸਮਾਂ ਨਿਕਲਦਾ ਗਿਆ ਅਤੇ ‘ਕੰਜਕਾਂ’
ਨਾਵਲ ਦੀ ਇਕਹਿਰੀ ਕਹਾਣੀ ਨਾਲ ਕਈ ਹੋਰ ਕਹਾਣੀਆਂ ਜੁੜਦੀਆਂ ਗਈਆਂ। ਇਸ ਦੌਰਾਨ ਮੈਂ
1960ਵਿਆਂ ਤੋਂ ਸ਼ੁਰੂ ਕਰ ਕੇ ਹਰ ਉਹ ਦਾਸਤਾਨ ਪੜ੍ਹੀ ‘ਤੇ ਗੌਲੀ ਜਿਸਦਾ ਸਬੰਧ ਭਾਰਤੀ ਜਾਂ
ਪਾਕਿਸਤਾਨੀ ਔਰਤ ਨਾਲ ਸੀ। ਯਾਨਿ ਬ੍ਰਤਾਨੀਆ ਵਿਚ ਉਹਨਾਂ ਦਾ ਸਾਰੇ ਦਾ ਸਾਰਾ ਸੰਘਰਸ਼। 1988
ਵਿਚ ਮੈਂ ਨਾਵਲ ਲਿਖਣ ਲਈ ਪਰ ਤੋਲ ਹੀ ਰਿਹਾ ਸਾਂ ਕਿ ਮੇਰੀ ਪਤਨੀ ਸੁਰਜੀਤ ਦੀ ਅਚਾਨਕ ਮੌਤ
ਹੋ ਗਈ। ਉਹ ਢਾਈ ਮਹੀਨੇ ਇੰਡੀਆ ਰਹਿ ਕੇ ਆਈ ਸੀ, ਆਪਣੇ ਭੈਣਾਂ ਭਰਾਵਾਂ ਕੋਲ। ਉਸਦੇ ਉਥੇ
ਕਿਆਮ ਦੇ ਦੌਰਾਨ ਹੀ 1988 ਵਾਲੇ ਹੜ੍ਹ ਆ ਗਏ ਜਿਸ ਨਾਲ ਕਈ ਮਾਰੂ ਬਿਮਾਰੀਆਂ ਫੈਲ ਗਈਆਂ।
ਕੋਈ ਵਾਇਰਲ ਬੁਖਾਰ ਵੀ ਉਦੋਂ ਹੀ ਫੈਲਿਆ। ਜਦੋਂ 24 ਸਤੰਬਰ 1988 ਨੂੰ ਉਹ ਇੰਗਲੈਂਡ ਵਾਪਸ
ਆਈ ਤਾਂ ਉਹਨੂੰ 105 ਡਿਗਰੀ ਬੁਖ਼ਾਰ ਸੀ। ਯਾਦ ਰਹੇ 1988 ਦੇ ਇਹਨਾਂ ਹੜ੍ਹਾਂ ਵਿਚ ਸਰਕਾਰ
ਦਾ ਵੀ ਯੋਗਦਾਨ ਸੀ ਜਿਨ੍ਹਾਂ ਨੇ ਪਾਣੀ ਦੀ ਬਹੁਤਾਤ ਕਾਰਨ ਟੁੱਟਣ ‘ਤੇ ਆਇਆ ਭਾਖੜਾ ਡੈਮ ਵੀ
ਖੋਹਲ ਦਿੱਤਾ ਸੀ ਤਾਕਿ ਉਹ ਬਚਿਆ ਰਹਿ ਸਕੇ। ਸਿੱਟਾ ਇਹ ਹੋਇਆ ਕਿ ਅਨੇਕਾਂ ਹੀ ਪਿੰਡ ਰੁੜ੍ਹ
ਗਏ, ਹਜ਼ਾਰਾਂ ਦੀ ਤਾਦਾਦ ਵਿਚ ਪਸ਼ੂ ‘ਤੇ ਲੋਕ ਮਰ ਗਏ ‘ਤੇ ਬਚਦੀਆਂ ਜਾਨਾਂ ਮਗਰ ਇਹ ਵਾਇਰਲ
ਬਿਮਾਰੀ ਹੱਥ ਧੋ ਕੇ ਪੈ ਗਈ। ਵਾਪਸ ਆਉਣ ਤੋਂ ਇਕ ਹਫ਼ਤੇ ਬਾਅਦ ਹੀ ਸੁਰਜੀਤ ਦੀ ਮੌਤ ਹੋ ਗਈ।
ਮੈਂ ਏਸ ਕਿਆਮਤ ਲਈ ਮਾਨਸਿਕ ਤੌਰ ‘ਤੇ ਤਿਆਰ ਨਹੀਂ ਸਾਂ। ਮੈਨੂੰ ਤਾਂ ਖ਼ਾਬ ਵੀ ਨਹੀਂ ਸੀ ਆ
ਸਕਦਾ ਕਿ ਮੇਰੇ ਨਾਲ ਇਹ ਸਭ ਵਾਪਰ ਜਾਏਗਾ।ਮੈਂ ਬੁਰੀ ਤਰ੍ਹਾਂ ਟੁੱਟ ਗਿਆ।
ਦੋ ਸਾਲ ਮੈਨੂੰ ਇਸ ਤੂਫ਼ਾਨ ‘ਚੋਂ ਬਾਹਰ ਨਿਕਲਦਿਆਂ ਲੱਗ ਗਏ। ਫੇਰ ਮੈਂ ਦਿੱਲੀ ਮੂਵ ਕਰ
ਗਿਆ। ਇਉਂ ‘ਕੰਜਕਾਂ’ ਨਾਵਲ 1990-91 ਵਿਚ ਦਿੱਲੀ ਵਿਚ ਹੀ ਲਿਖਿਆ ਗਿਆ। 1992 ਵਿਚ ਇਹ ਛਪ
ਗਿਆ। ਜਿਨ੍ਹਾਂ ਪਾਠਕਾਂ ਨੇ ਇਹ ਨਾਵਲ ਪੜ੍ਹਿਆ ਹੈ ਉਹ ਜਾਣਦੇ ਹਨ ਕਿ ਇਹ ਨਾਵਲ ਬੇਹੱਦ
ਗੁੰਝਲਦਾਰ ਹੈ। ਇਸ ਵਿਚ ਸੈਆਂ ਹੀ ਪਾਤਰ ਹਨ, ਸੈਆਂ ਹੀ ਘਟਨਾਵਾਂ ਹਨ ਅਤੇ ਸੈਆਂ ਹੀ
ਸਥਿਤੀਆਂ ਪਰਿਸਥਿਤੀਆਂ। ਪਿੰਕੀ ਦੀ ਕਹਾਣੀ ਤਾਂ ਇਸ ਪੂਰੇ ਨਾਵਲ ਵਿਚ ਇਕ ਉੱਪ ਕਹਾਣੀ ਹੀ
ਹੈ। ਇਸ ਨਾਵਲ ਦਾ ਨਾਇਕ ਜਾਂ ਨਾਇਕਾ ਕੋਈ ਇੱਕ ਵਿਅਕਤੀ ਨਹੀਂ ਸਗੋਂ ਪੂਰੇ ਦਾ ਪੂਰਾ
ਬ੍ਰਤਾਨਵੀ ਪੰਜਾਬੀ ਸਮਾਜ ਹੈ। ਇਸ ਨਾਵਲ ਬਾਰੇ ਕਾਫ਼ੀ ਸਾਰੀ ਸਮੀਖਿਆ ਸਾਹਮਣੇ ਆਈ ਹੈ ਪਰ ਇਹ
ਸਮੀਖਿਆ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀਆਂ ਕੁਝ ਕੁ ਲੋੜਾਂ ਨੂੰ ਪੂਰਿਆਂ ਕਰਨ ਲਈ ਲਿਖੀ
ਗਈ ਹੈ। ਇਸ 567 ਸਫਿ਼ਆਂ ਦੇ ਨਾਵਲ ਦਾ ਪੂਰਾ ‘ਤੇ ਸਰਬਾਂਗੀ ਅਧਿਐਨ ਅਜੇ ਹੋਣਾ ਹੈ। ‘ਕਦਰਾਂ
ਕੀਮਤਾਂ’ ਨਾਵਲ ਤੋਂ ਪਿੱਛੋਂ ਦੇ ਅੱਠ ਸਾਲ ਇਸੇ ਨਾਵਲ ਨੂੰ ਦਿੱਤੇ ਗਏ ਹਨ। ਲਿਖੇ ਜਾਣ ਤੋਂ
ਪਹਿਲਾਂ ਨਾਵਲ ਬਾਰੇ ਰੀਸਰਚ ਹੁੰਦੀ ਹੈ, ਨਾਵਲ ਨੂੰ ਰਿੜਕਿਆ ਜਾਂਦਾ ਹੈ, ਨੋਟਸ ਲਏ ਜਾਂਦੇ
ਹਨ, ਘਟਨਾਵਾਂ ਨੂੰ ਤਰਾਸਿ਼ਆ ਜਾਂਦਾ ਹੈ, ਪਾਤਰਾਂ ਦੇ ਚਿਹਰੇ ਮੋਹਰੇ ਤੇ ਕਿਰਦਾਰ ਪਛਾਣੇ
‘ਤੇ ਦਰੁਸਤ ਕੀਤੇ ਜਾਂਦੇ ਹਨ, ਇਤਿਹਾਸਕ ਤੱਥਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਜਾਂਦਾ ਹੈ
ਅਤੇ ਉਹਨਾਂ ਨੂੰ ਕਾਲ-ਕ੍ਰਮ ਅਨੁਸਾਰ ਜੋੜਿਆ ਜਾਂਦਾ ਹੈ। ਇਸ ਸਭ ਕੁਝ ‘ਤੇ ਅਥਾਹ ਮਿਹਨਤ
ਸ਼ਕਤੀ ਲੱਗਦੀ ਹੈ, ਬੁੱਧੀ ‘ਤੇ ਸਿਰੜ ਲੱਗਦਾ ਹੈ। ਪੁਖ਼ਤਾ ਇਰਾਦੇ ‘ਤੇ ਮਿਹਨਤ ਨਾਲ ਗਾਲਪਿਕ
ਸੰਸਾਰ ਨੂੰ ਦਿਸ਼ਾ ਦਿੱਤੀ ਜਾਂਦੀ ਹੈ। ਵਿਸ਼ੇਸ਼ ਕਰ ਕੇ ‘ਕੰਜਕਾਂ’ ਵਰਗਾ ਨਾਵਲ ਲਿਖਣ ਲਈ।
ਪਰ ਸਾਡਾ ਪੰਜਾਬੀ ਆਲੋਚਕ ਏਡਾ ਸੰਜੀਦਾ ਹੈ ਕਿ ਇੱਕ ਅੱਧੇ ਹਫ਼ਤੇ ਵਿਚ ਨਾਵਲ ਨੂੰ ਏਧਰੋਂ
ਉਧਰੋਂ ਫੋਲਕੇ ਉਸ ਬਾਰੇ ਸਵੈ-ਸਿਰਜਤ ਜਿਹਾ ਨਿਰਣਾ ਦੇ ਕੇ ਅਗਲਾ ਨਾਵਲ ਪੜ੍ਹਨ ਲੱਗ ਜਾਂਦਾ
ਹੈ।
ਪੰਜਾਬੀ ਸਾਹਿਤ ਸੱਭਿਆਚਾਰ ਵਿਚ ਅਜੇ ਉਹ ਪਰੰਪਰਾ ਪੈਦਾ ਹੋਣੀ ਹੈ ਜਦੋਂ ਕੋਈ ਆਲੋਚਕ ਸਾਰੀ
ਜਿ਼ੰਦਗੀ ਕਿਸੇ ਇੱਕ ਲੇਖਕ ਉੱਤੇ ਲਾ ਦੇਵੇਗਾ, ਜਦੋਂ ਅਸੀਂ ਆਖ ਸੱਕਾਂ ਗੇ ਕਿ ਫਲਾਣਾ ਆਲੋਚਕ
ਨਾਨਕ ਸਿੰਘ ਉੱਤੇ ਮਾਹਿਰ ਹੈ ‘ਤੇ ਫਲਾਣੇ ਨੂੰ ਗੁਰਬਖਸ਼ ਸਿੰਘ ਉੱਤੇ ਪੂਰੀ ਮੁਹਾਰਤ ਹਾਸਿਲ
ਹੈ। ਬਿਲਕੁਲ ਉਵੇਂ ਜਿਵੇਂ ਅੰਗਰੇਜ਼ੀ ਜਾਂ ਯੂਰਪ ਦੀਆਂ ਹੋਰ ਭਾਸ਼ਾਵਾਂ ਵਿਚ ਪਰੰਪਰਾ ਬਣ
ਚੁੱਕੀ ਹੈ। ਪਰ ਅਜੇ ਤੱਕ ਪੰਜਾਬੀ ਆਲੋਚਕ ਤਾਂ ਕਿਸੇ ਇੱਕ ਵਿਧਾ ਦਾ ਵੀ ਆਲੋਚਕ ਨਹੀਂ ਹੈ।
ਉਹ ਕਾਵਿ ਬਾਰੇ ਵੀ ਨਿਰਣੇ ਦੇ ਸਕਦਾ ਹੈ, ਨਾਵਲ ਬਾਰੇ ਵੀ ‘ਤੇ ਕਹਾਣੀ ‘ਤੇ ਨਾਟਕ ਬਾਰੇ ਵੀ।
ਸਿਰਫ਼ ਇਹੋ ਨਹੀਂ ਉਹ ਸੱਭਿਆਚਾਰ ਦਾ ਵੀ ਵਿਸ਼ੇਸ਼ੱਗ ਹੈ ‘ਤੇ ਸਭਿਅਤਾ ਦਾ ਵੀ। ਉਹ ਹਿੰਦੂ
ਧਰਮ, ਸਿੱਖ ਧਰਮ, ਇਸਲਾਮ, ਬੁੱਧ ਧਰਮ ਆਦਿ ਸਭ ਦਾ ਵਿਸ਼ੇਸ਼ੱਗ ਹੈ। ਅਸਲ ਵਿਚ ਉਹ ਕੁਝ ਵੀ
ਨਹੀਂ। ਇਹ ਹੈ ਪੰਜਾਬੀ ਆਲੋਚਨਾ ਦਾ ਖੋਖਲਾਪਨ ਜਿਸ ਵੱਲ ਮੈਂ ਪਾਠਕਾਂ ‘ਤੇ ਲੇਖਕਾਂ ਦਾ
ਚਿਰੋਕਾ ਧਿਆਨ ਦਿਵਾਉਣਾ ਚਾਹੁੰਦਾ ਸਾਂ।
ਆਪਣੇ ਅਗਲੇ ਨਾਵਲ, ‘ਪੰਜਾਬ ਸੰਤਾਲੀ’, ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਕੁਝ ਗੱਲਾਂ ਆਪਣੇ
ਨਾਵਲ ‘ਮੱਛਰਗੰਜ’ ਬਾਰੇ ਕਰਨਾ ਚਾਹੁੰਦਾ ਹਾਂ। ਇਹ ਜ਼ਰੂਰੀ ਵੀ ਹੈ ਕਿਉਂਕਿ ਕਹਾਣੀ ਦੀ ਵਿਧਾ
ਹੋਰ ਹੈ ‘ਤੇ ਨਾਵਲ ਦੀ ਵਿਧਾ ਹੋਰ। ਨਾਵਲੈੱਟ ਨੂੰ ਜਾਂ ਫਿਰ ਸੰਖੇਪ ਨਾਵਲ ਨੂੰ ਅਸੀਂ ਕਹਾਣੀ
‘ਤੇ ਨਾਵਲ ਦੇ ਵਿਚਕਾਹੇ ਜਿਹੇ ਰੱਖ ਸਕਦੇ ਹਾਂ। ਪਰ ਫੇਰ ਵੀ ਨਾਵਲੈੱਟ ਨਾਵਲ ਦੇ ਵਧੇਰਾ
ਨੇੜੇ ‘ਤੇ ਕਹਾਣੀ ਤੋਂ ਜ਼ਰਾ ਕੁ ਦੂਰ ਹੈ। ਆਪਣੇ ਨਾਵਲ ‘ਮੱਛਰਗੰਜ’ ਨੂੰ ਮੈਂ ਇੱਕ ਲੰਮੀ
ਨਾਵਲੈੱਟ ਰਚਨਾ ਕਹਿਣਾ ਹੀ ਪਸੰਦ ਕਰਾਂਗਾ ਭਾਵੇਂ ਇਹ ਨਾਵਲ ‘ਕੰਜਕਾਂ’ ਤੋਂ ਬਾਅਦ ਵਿਚ
ਲਿਖਿਆ ਗਿਆ। ‘ਮੱਛਰਗੰਜ’ ਦਾ ਸੰਖੇਪ ਰੂਪ ‘ਤੇ ਆਕਾਰ, ਸੰਕੇਪ ਇਸ ਕਰ ਕੇ ਹੈ ਕਿ ਇਹ ਸਾਰੀ
ਰਚਨਾ ਸੰਕੇਤਕ ਰੂਪ ਵਿਚ ਪੇਸ਼ ਹੋਈ ਹੈ। ਕਵਿਤਾ ਵਾਂਗ ਹੀ ਇਸਦੇ ਸ਼ਾਬਦਿਕ ਅਰਥ ਉਹ ਨਹੀਂ ਹਨ
ਜੋ ਡਿਕਸ਼ਨਰੀ ਵਿਚ ਮਿਲਦੇ ਹਨ। ਇਸ ਵਿਚ ਆਮ ਸ਼ਬਦਾਂ ਨੂੰ ਅਸਾਧਾਰਨ ਅਰਥ ਪ੍ਰਦਾਨ ਕੀਤੇ ਗਏ
ਹਨ। ਤਾਂ ਹੀ ਇਹ ਨਾਵਲ ਸੰਕੇਤਕ ਹੈ, ਚਿੰਨ੍ਹਾਤਮਿਕ ਹੈ। ਮਿਸਾਲ ਲਈ ਮੱਛਰ ਦਾ ਵੀ ਉਹ ਅਰਥ
ਨਹੀਂ ਜੋ ਰੋਜ਼ਾਨਾ ਵਰਤਿਆ ਜਾਂਦਾ ਹੈ। ਮੱਛਰ ਰਾਤ ਨੂੰ ਜਾਗਦਾ ਹੈ, ਜਗਾਉਂਦਾ ਹੈ, ਕੱਟਦਾ
ਹੈ ਤੇ ਫੇਰ ਸੌਣ ਨਹੀਂ ਦੇਂਦਾ। ਅੱਧੀ ਰਾਤ ਨੀਂਦੋਂ ਜਾਗਿਆਂ ਬੰਦਾ ਨੀਂਦ ਨਾ ਆਉਣ ਦੀ ਸੂਰਤ
ਵਿਚ ਕੁਝ ਵੀ ਮਾੜਾ ਚੰਗਾ ਸੋਚਦਾ ਜਾਂ ਕਰਦਾ ਹੈ। ਇਸ ਨਾਵਲ ਦਾ ਮੱਛਰ ਭਾਰਤ ਦੇ ਸਿਆਸੀ ਲੋਕ
ਜਾਂ ਲੀਡਰ ਹਨ ਅਤੇ ਮੱਛਰਗੰਜ, ਅਸਲ ਵਿਚ, ਪੂਰਾ ਭਾਰਤ ਦੇਸ਼ ਹੈ। ਇਹ ਨਾਵਲ ਵੀ ਮੈਂ ਉਦੋਂ
ਲਿਖਿਆ ਜਦੋਂ 1991-94 ਵਿਚ ਮੈਂ ਦਿੱਲੀ ਵਿਚ ਰਹਿੰਦਾ ਸਾਂ। ਮੈਂ ਇਸ ਸਿਆਸੀ ਮੱਛਰ ਦਾ ਨਿੱਠ
ਕੇ ਅਧਿਅਨ ਕੀਤਾ ਸੀ। ਇਸਨੂੰ ਬਾਰੀਕੀ ਨਾਲ ਧੁਰ ਡੂੰਘ ਤੱਕ ਸਮਝਿਆ ਸੀ। 1984 ਵਿਚ ਮਿਸਿਜ਼
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਹ ਮੱਛਰ ਕਿਵੇਂ ਆਮ ਲੋਕਾਂ ਦੀ ਨੀਂਦ ਹਰਾਮ ਕਰ ਕੇ
ਉਹਨਾਂ ਨੂੰ ਅੱਧੀ ਅੱਧੀ ਰਾਤ ਉਠਾਉਂਦਾ ਹੈ ਅਤੇ ਕਿਵੇਂ ਉਹਨਾਂ ਦੇ ਹੱਥਾਂ ਵਿਚ ਤੇਲ ਦੇ
ਪੀਪੇ ‘ਤੇ ਮਾਚਿਸ ਦੀਆਂ ਤ੍ਹੀਲੀਆਂ ਫੜਾਉਂਦਾ ਹੈ - ਇਹ ਸਭ ਕੁਝ ਇਸ ਨਾਵਲ ਵਿਚ ਪੇਸ਼ ਕੀਤਾ
ਗਿਆ ਹੈ ਪਰ ਚਿੰਨ੍ਹਾਤਮਿਕ ਰੂਪ ਵਿਚ। ਮੇਰੀ ਕਹਾਣੀ ‘ਲਾਲ ਚੌਂਕ’ ਵਾਂਗ ਇਸ ਨਾਵਲ ਵਿਚ ਵੀ
ਸਾਰਾ ਕੁਝ ਪ੍ਰਤੀਕਾਤਮਿਕ ਹੈ। ਪਰ ਅੰਤ ਵਿਚ ਗੱਲ ਫੇਰ ਸਾਡੇ ਪਾਠਕਾਂ/ਆਲੋਚਕਾਂ ਦੀ
ਜਿ਼ੰਮੇਵਾਰੀ ‘ਤੇ ਜਾ ਖਲੋਂਦੀ ਹੈ ਕਿ ਉਹ ਪੜ੍ਹਨਾ ਪਸੰਦ ਹੀ ਨਹੀਂ ਕਰਦੇ। ਨਿਰਗੁੱਟ ਲੇਖਕ
ਨੂੰ ਪੜ੍ਹਨਾ ਉਹਨਾਂ ਨੂੰ ਸਮਾਂ ਬਰਬਾਦ ਕਰਨਾ ਲਗਦਾ ਹੈ।
…
ਮੇਰੇ ਪਹਿਲੇ ਕਹਾਣੀ-ਸੰਗ੍ਰਹਿ ‘ਉੱਜੜਿਆ ਖੂਹ’ ਦੀ ਇਸੇ ਨਾਂ ਦੀ ਪਹਿਲੀ ਕਹਾਣੀ ਪੰਜਾਬ ਦੇ
ਉਜਾੜੇ ਦੀ ਕਹਾਣੀ ਹੈ। ਪਰ ਇਹ ਕਹਾਣੀ ਹੈ ਨਾਵਲ ਨਹੀਂ। ਇਹ ਕਹਾਣੀ ਮੈਂ 1965 ਵਿਚ ਲਿਖੀ ਸੀ
ਪਰ ਲਿਖਣ ਤੋਂ ਬਾਅਦ ਵੀ ਮੈਂ ਸੋਚਦਾ ਰਿਹਾ ਸਾਂ ਕਿ ਸ਼ਾਇਦ ਕਹਾਣੀ ਦੀ ਵਿਧਾ ਇਸ ਕਹਾਣੀ ਨੂੰ
ਕਦੇ ਵੀ ਨਾ ਲਿਖ ਸੱਕੇ। ਮੇਰੇ ਇਸੇ ਹੀ ਕਹਾਣੀ-ਸੰਗ੍ਰਹਿ ਵਿਚ ਹੋਰ ਵੀ ਕਈ ਕਹਾਣੀਆਂ ਹਨ
ਜਿਹੜੀਆਂ ਅੰਸ਼ਕ ਰੂਪ ਵਿਚ ਪੰਜਾਬ ਦੇ ਉਜਾੜੇ ਨੂੰ ਜਾਂ ਉੱਜੜੇ ਹੋਏ ਪੰਜਾਬ ਦੀ ਰਹਿੰਦ
ਖੂੰਹਦ ਨੂੰ ਪੇਸ਼ ਕਰਦੀਆਂ ਹਨ। ਇਉਂ ਮੈਂ ਇਕ ਵਸੀਹ ਨਾਵਲ ਨੂੰ ਯਾਨਿ ਪੰਜਾਬ ਦੇ ਉਜਾੜੇ ਅਤੇ
ਉਸਦੇ ਮਾਰੂ ਪ੍ਰਭਾਵਾਂ ਨੂੰ ਟੁਕੜਿਆਂ ਵਿਚ ਲਿਖਣ ਦ ਿਕੋਸਿ਼ਸ਼ ਕਰ ਰਿਹਾ ਸਾਂ। ਮੈਨੂੰ
ਅਹਿਸਾਸ ਹੋ ਰਿਹਾ ਸੀ ਕਿ ਕਿਤੇ ਕੁਝ ਘਾਟ ਹੈ। ਕੁਝ ਅਜਿਹਾ ਸੀ ਜਿਹੜਾ ਹਰ ਕਹਾਣੀ ਵਿੱਚੋਂ
ਰਹਿ ਜਾਂਦਾ ਸੀ। ਕਾਫ਼ੀ ਚਿਰ ਬਾਅਦ ਮੈਨੂੰ ਸਮਝ ਆਈ ਕਿ ਉਜਾੜੇ ਦੀ ਕਹਾਣੀ, ਅਸਲ ਵਿਚ, ਇੱਕ
ਨਾਵਲ ਦੀ ਕਹਾਣੀ ਸੀ। ਇਹੋ ਹੀ ਉਹ ਦੌਰ ਸੀ ਜਦੋਂ ਮੈਂ ਇਰਾਦਾ ਕੀਤਾ ਕਿ ਜਦੋਂ ਮੇਰੀ ਕਲਮ
ਬਹੁਤ ਪੱਕ ਗਈ ਤਾਂ ਪੰਜਾਬ ਦੀ ਤਬਾਹੀ ਦਾ ਇਹ ਨਾਵਲ ਲਿਖਾਂਗਾ।
ਇਹ ਨਾਵਲ ਲਿਖਣਾ ਵੀ ਮੈਂ ਹੀ ਸੀ, ਕਿਸੇ ਹੋਰ ਲੇਖਕ ਨੇ ਨਹੀਂ, ਕਿਉਂਕਿ ਪੰਜਾਬ ਦੀ ਵੰਡ,
ਉਜਾੜੇ ਅਤੇ ਉਹਨਾਂ ਦੇ ਮਾਰੂ ਪ੍ਰਭਾਵਾਂ ਨੂੰ ਮੈਂ ਆਪਣੇ ਪਿੰਡੇ ‘ਤੇ, ਆਪਣੀ ਰੂਹ ‘ਤੇ ਅਤੇ
ਆਪਣੀ ਪੂਰੀ ਮਾਨਸਿਕਤਾ ‘ਤੇ ਹੰਢਾਇਆ ਸੀ। ਇਉਂ ‘ਉੱਜੜਿਆ ਖੂਹ’ ਕਹਾਣੀ ਦਾ ਫੈਲ ਕੇ ਨਾਵਲ ਬਣ
ਜਾਣਾ ਉਸਦੇ ਖਾਮੀਰ ਵਿਚ ਹੀ ਪਿਆ ਸੀ ਅਤੇ ਇਹ ਸਿਰਫ਼ ਮੇਰੇ ਮਾਧਿਅਮ ਰਾਹੀਂ ਹੀ ਮੁਮਕਿਨ ਹੋ
ਸਕਦਾ ਸੀ। ਅੰਤ ਵਿਚ ‘ਉੱਜੜਿਆ ਖੂਹ’ ਦੀਆਂ ਸਾਰੀਆਂ ਹੀ ਕਹਾਣੀਆਂ ‘ਪੰਜਾਬ ਸੰਤਾਲੀ’ ਨਾਵਲ
ਵਿਚ ਸਮਾ ਗਈਆਂ।
ਮੇਰੀ ਇੱਕ ਵੱਖਰੀ ਜਿਹੀ ਆਦਤ ਹੈ। ਉਹ ਇਹ ਕਿ ਮੈਂ ਦੀਵਾਨਗੀ ਦੀ ਹੱਦ ਤੱਕ ਵਿਵਸਥਿਤ ਆਦਮੀ
ਹਾਂ। ਪੰਜਾਹ ਸਾਲ ਪਹਿਲਾਂ ਦੀ ਸਾਂਭ ਕੇ ਰੱਖੀ ਹੋਈ ਕੋਈ ਵੀ ਚੀਜ਼ ਮੈਂ ਤੁਹਾਨੂੰ ਇੱਕ ਮਿੰਟ
ਵਿਚ ਲੱਭ ਕੇ ਦੇ ਸਕਦਾ ਹਾਂ। ਇਹ ਗੱਲ ਮੇਰੀ ਪ੍ਰਕਿਰਤੀ ਵਿਚ ਹੀ ਸ਼ਾਮਿਲ ਹੈ। ਮੈਂ ਖਲਾਰਾ
ਪਸੰਦ ਹੀ ਨਹੀਂ ਕਰਦਾ। ਮੇਰੇ ਆਲੇ ਦੁਆਲੇ ਦੀਆਂ ਚੀਜ਼ਾਂ ਵਸਤਾਂ ਖਿੰਡੀਆਂ ਹੋਈਆਂ ‘ਤੇ ਉੱਘੜ
ਦੁੱਗੜੀਆਂ ਨਹੀਂ ਰਹਿ ਸਕਦੀਆਂ। ਉਹ ਹਮੇਸ਼ਾਂ ਕਿਸੇ ਆਰਡਰ ਵਿਚ, ਕਿਸੇ ਕ੍ਰਮ ਵਿਚ ਹੀ
ਹੋਣਗੀਆਂ। ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ ਆਪਣੇ ਆਪ ਨੂੰ ਕੁਰਸੀ-ਮੇਜ਼ ‘ਤੇ ਕੰਮ ਕਰਦਿਆਂ
ਹੀ ਪਾਇਆ ਹੈ। ਜਦੋਂ ਕੁਰਸੀ ‘ਤੇ ਮੇਜ਼ ਪ੍ਰਪਤ ਨਹੀਂ ਸਨ ਉਦੋਂ ਮੈਂ ਸਾਧਾਰਨ ਫੱਟੇ ਨੂੰ ਚੀਰ
ਕੇ ‘ਤੇ ਲੱਤਾਂ ਲਾ ਕੇ ਮੇਜ਼ ਬਣਾ ਲਿਆ ਸੀ ਅਤੇ ਕੁਰਸੀ ਲਈ ਉਸਤੋਂ ਨੀਵੀਂ ਕੋਈ ਸ਼ੈ ਵਰਤ ਲਈ
ਸੀ ਹਾਲਾਂਕਿ ਮੈਂ ਤਰਖਾਣ ਪਰਿਵਾਰ ‘ਚੋਂ ਨਹੀਂ ਹਾਂ। ‘ਆਪਣੇ ਖੂਹ’ (ਤਾਏ ਦਾ) ਉੱਤੇ ਮੈਂ
ਵੱਧੇ ਹੋਏ ਕਿਸੇ ਰੁੱਖ ਦੇ ਤਣਿਆਂ ਤੋਂ ਇਹ ਕੰਮ ਲੈ ਲਿਆ ਸੀ।
ਦੂਜੀ ਗੱਲ ਇਹ ਕਿ ਲਿਖਣ-ਪੜ੍ਹਨ ਤੋਂ ਪਹਿਲਾਂ ਮੇਰੀ ਲੋੜ ਦੀ ਹਰ ਸ਼ੈ ਮੇਰੇ ਮੇਜ਼ ‘ਤੇ ਜਾਂ
ਜੋ ਕੁਝ ਵੀ ਪ੍ਰਾਪਤ ਹੈ, ਉੱਤੇ ਮੇਰੀ ਪਹੁੰਚ ਵਿਚ ਹੋਣੀ ਚਾਹੀਦੀ ਹੈ। ਹਵਾਲਾ ਪੁਸਤਕਾਂ,
ਕਾਗ਼ਜ਼, ਕਲਮਾਂ, ਦਵਾਤ, ਪੈਨਸਿਲ ਆਦਿ ਆਦਿ। ਕੰਮ ਕਰਦਿਆਂ ਏਧਰ ਉਧਰ ਭੱਜਣਾ ‘ਤੇ ਸਾਰੀ ਸੋਚ
ਨੂੰ ਬਿਖੇਰ ਲੈਣਾ ਮੇਰੇ ਸੁਭਾੳੇ ਵਿਚ ਨਹੀਂ ਹੈ। ਸ਼ਾਂਤੀ-ਪੂਰਵਕ ਕੰਮ ਕਰਨ ਦੀ ਘੜੀ ਵਿਚ
ਮੈਨੂੰ ‘ਕੱਯੌਸ’ ਪਸੰਦ ਨਹੀਂ। ਮੇਰੇ ਸੁਭਾਅ ਦੀਆਂ ਇਹ ਲੋੜਾਂ ਜਾਂ ਫਿਰ ਬੰਦਸ਼ਾਂ ਏਥੇ ਹੀ
ਨਹੀਂ ਮੁੱਕ ਜਾਂਦੀਆਂ ਸਗੋਂ ਹੋਰ ਅੱਗੇ ਤੁਰਦੀਆਂ ਹਨ।
ਲਾਇਬ੍ਰੇਰੀਅਨ ਦਾ ਪੇਸ਼ਾ ਸ਼ਾਇਦ ਇਸੇ ਕਾਰਨ ਮੇਰੇ ਬੇਹੱਦ ਮੇਚ ਸੀ ਕਿਉਂਕਿ ਇਹ ਪੇਸ਼ਾ
ਕਿਤਾਬਾਂ, ਰਸਾਲਿਆਂ ਅਤੇ ਹਰ ਪ੍ਰਕਾਰ ਦੀ ਸੂਚਨਾ ਨੂੰ ਠੀਕ ਤਰੀਕੇ ਨਾਲ ਵਿਵਸਥਿਤ ਕਰਨ ਅਤੇ
ਰੱਖਣ ਦਾ ਨਾਂ ਹੈ। ਜਦੋਂ ਕੋਈ ਪਾਠਕ ਕਿਸੇ ਵੀ ਸ਼ੈ ਦੀ ਮੰਗ ਕਰੇ ਤਾਂ ਉਹ ਸ਼ੈ ਮਿੰਟਾਂ ਵਿਚ
ਨਹੀਂ ਬਲਕਿ ਸਕਿੰਟਾਂ ਵਿਚ ਰਿਟ੍ਰੀਵ ਹੋਣੀ ਚਾਹੀਦੀ ਹੈ।
ਮੇਰੇ ਅਜਿਹੇ ਸੁਭਾਅ ਵਿੱਚੋਂ ਹੀ ਇੱਕ ਹੋਰ ਸ਼ਾਖ ਨਿਕਲਦੀ ਹੈ। ਉਹ ਇਹ ਹੈ ਕਿ ਮੈਂ ਜਦੋਂ ਵੀ
ਨਾਵਲ ਲਿਖਣਾ ਹੋਵੇ ਉਦੋਂ ਹੀ ਇੱਕ ਪ੍ਰਾਜੈਕਟ ਬਣਾ ਕੇ ਅੱਗੇ ਤੁਰਦਾ ਹਾਂ। ਇਸ ਅਮਲ ਨੂੰ
ਆਪਾਂ ਨੇਮ ਵੀ ਆਖ ਸਕਦੇ ਹਾਂ। ਮਤਲਬ ਕਿ ਕਿਸੇ ਨੇਮ, ਅਸੂਲ, ਨਿਯਮ ਜਾਂ ਯੋਜਨਾ ਅਨੁਸਾਰ ਕੰਮ
ਕਰਨਾ। ਬਿਲਕੁਲ ਕੁਦਰਤ ਵਾਂਗ। ਕੁਦਰਤ ਦਾ ਸਾਰਾ ਕਾਰੋਬਾਰ ਵੀ ਕਿਸੇ ਨੇਮ ਅਨੁਸਾਰ ਹੀ ਚਲਦਾ
ਹੈ। ਮੇਰੀ ਆਪਣੀ ਕੁਦਰਤ ਜਾਂ ਪ੍ਰਕਿਰਤੀ ਵੀ ਇਹੋ ਹੀ ਹੈ।
‘ਪੰਜਾਬ ਸੰਤਾਲੀ’ ਦੀ ਤ੍ਰੈਲੜੀ (ਉਜਾੜਾ, ਤਸਦੀਕ, ਰੋਹ-ਵਿਦਰੋਹ) ਦੇ ਕਰੀਬ 1100 ਸਫ਼ੇ
ਬਣਦੇ ਹਨ। ਇਹ ਇੱਕ ਵਸੀਹ ਨਾਵਲ ਹੈ। ਘੱਟੋ ਘੱਟ ਪੰਜਾਬੀ ਵਿਚ।‘ਕੰਜਕਾਂ’ ਦੇ 567 ਸਫ਼ੇ ਹਨ।
ਬਿਨਾ ਪ੍ਰਾਜੈਕਟ ਦੇ ਅਜਿਹੇ ਨਾਵਲ ਨਹੀਂ ਸੀ ਲਿਖੇ ਜਾ ਸਕਦੇ। ‘ਪੰਜਾਬ ਸੰਤਾਲੀ’ ਨੂੰ ਲਿਖਣ
ਲਈ, ਨੋਟ ਕੀਤਾ ਜਾਏ ਕਿ ਸਿਰਫ਼ ਲਿਖਣ ਲਈ, ਤਿੰਨ ਸਾਲ ਲੱਗੇ ਯਾਨਿ 1996 ਤੋਂ 1998 ਤੱਕ।
ਇਹ ਤਿੰਨੇ ਨਾਵਲ ਤਿੰਨ ਸਾਲਾਂ ਤੱਕ ਛਪਦੇ ਰਹੇ: ਉਜਾੜਾ - 1999 ਵਿਚ, ਤਸਦੀਕ - 2000 ਵਿਚ,
ਰੋਹ-ਵਿਦਰੋਹ - 2001 ਵਿਚ ਸਾਹਮਣੇ ਆਇਆ। 1992 ਤੋਂ ਲੈ ਕੇ 1997 ਤੱਕ ਮੈਂ ਇਸ ਨਾਵਲ ਬਾਰੇ
ਖੋਜ ਕਰਦਾ ਰਿਹਾ ਜੋ ਕਿ ਨਾਵਲ ਪੜ੍ਹ ਕੇ ਸੱਪਸ਼ਟ ਹੋ ਜਾਂਦਾ ਹੈ।
ਹੁਣ ਮੈਂ ਚਾਹੁੰਦਾ ਹਾਂ ਕਿ ਇਹ ਤਿੰਨੇ ਜਿਲਦਾਂ ਇਕੱਠੀਆਂ ਹੋ ਕੇ ‘ਪੰਜਾਬ ਸੰਤਾਲੀ’ ਦੇ ਨਾਂ
ਥੱਲੇ ਛਪ ਜਾਣ। ਸ਼ਾਇਦ ਪੰਜਾਬ ਦੀ ਕੋਈ ਯੂਨੀਵਰਸਿਟੀ ਇਸ ਵਿਚ ਮੇਰੀ ਮਦਦ ਕਰੇ। ਕੰਮ ਬਹੁਤ
ਖਰਚੇ ਵਾਲਾ ਹੈ। ਇਹ ਕੰਮ ਇਸ ਲਈ ਵੀ ਜ਼ਰੂਰੀ ਹੈ ਕਿ ਕਿਸੇ ਪਾਠਕ ਨੇ ਕੇਵਲ ‘ਉਜਾੜਾ’ ਹੀ
ਪੜ੍ਹਿਆ ਹੈ, ਕਿਸੇ ਨੇ ਸਿਰਫ਼ ‘ਤਸਦੀਕ’ ‘ਤੇ ਕਿਸੇ ਨੇ ਕੇਵਲ ‘ਰੋਹ-ਵਿਦਰੋਹ’। ਪੂਰੀ
ਤ੍ਰੈਲੜੀ ਕਿਸੇ ਕਿਸੇ ਨੇ ਹੀ ਪੜ੍ਹੀ ਹੈ।
ਜਿਨ੍ਹਾਂ ਪਾਠਕਾਂ ਨੇ ਮੇਰੀ ਇਹ ਤ੍ਰੈਲੜੀ ਪੜ੍ਹੀ ਹੈ ਉਹਨਾਂ ਨੂੰ ਮਹਿਸੂਸ ਹੋਇਆ ਹੈ ਕਿ ਇਹ
ਕਿਸੇ ਨਾ ਕਿਸੇ ਰੂਪ ਵਿਚ ਮੇਰੀ ਵਸੀਹ ਸਵੈਜੀਵਨੀ ਦਾ ਹੀ ਹਿੱਸਾ ਹੈ। ਇਸ ਵਿਚ ਕੋਈ ਸ਼ੱਕ
ਨਹੀਂ ਕਿ ਇਸ ਵਿਚ ਮੇਰੀ ਸਵੈਜੀਵਨੀ ਦੇ ਕੁਝ ਅੰਸ਼ ਹਨ ਪਰੰਤੂ ਇਹ ਸਾਰੇ ਦਾ ਸਾਰਾ ਜਾਂ
ਹੂਬਹੂ ਮੇਰੀ ਸਵੈਜੀਵਨੀ ਨਹੀਂ ਹੈ। ਇਹ ਇੱਕ ਨਾਵਲ ਹੈ, ‘ਤੇ ਨਾਵਲ ਦ ਿਵਿਧਾ ਦੀਆਂ ਆਪਣੀਆਂ
ਲੋੜਾਂ ‘ਤੇ ਮੰਗਾਂ ਹਨ। ਪਰ ਹਰੇਕ ਨਾਵਲ ਦੀ ਪ੍ਰੇਰਨਾ ਦਾ ਕੋਈ ਨਾ ਕੋਈ ਸੋਮਾ ਤਾਂ ਹੁੰਦਾ
ਹੀ ਹੈ। ਇਉਂ ਮੇਰਾ ਆਪਣਾ ਜੀਵਨ ਹੀ ਉਹ ਸੋਮਾ ਹੈ ਜਿਸ ਤੋਂ ਇਹ ਨਾਵਲ ਪ੍ਰਭਾਵਿਤ ਹੋਇਆ ਹੈ।
ਲੇਕਿਨ ਫਿਰ ਵੀ ਇਹ ਨਾਵਲ ਪੰਜਾਬ ਬਾਰੇ ਹੈ ਮੇਰੇ ਬਾਰੇ ਨਹੀਂ - 1947 ਤੋਂ ਪਹਿਲਾਂ ਦੇ,
1947 ਦੇ ਸਮੇਂ ਦੇ ਅਤੇ ਉਸਤੋਂ ਬਾਅਦ ਦੇ ਪੰਜਾਬ ਬਾਰੇ ਹੈ ਇਹ ਨਾਵਲ। ਪੰਜਾਬ ਦਾ ਇਤਿਹਾਸ
ਇਸ ਵਿਚ ਕੰਮ ਕਰ ਰਿਹਾ ਹੈ, ਵੰਡ ਦੇ ਕਾਰਨ ਮੌਜੂਦ ਹਨ, ਵੰਡ ਹੋਣ ਤੋਂ ਪਿੱਛੋਂ ਦੇ ਉੱਜੜੇ
ਪੰਜਾਬ ਦੀ ਦਿਲ ਚੀਰਵੀਂ ਹੂਕ ਮੌਜੂਦ ਹੈ।
ਇਹ ਨਾਵਲ ਸਾਧਾਰਨ ਬੰਦੇ ਦੇ ਉਜਾੜੇ ਦੀ ਬਾਤ ਪਾਉਂਦਾ ਹੈ। ਉਹ ਬੰਦਾ ਜਿਸਨੂੰ ਚਿੱਤ ਚੇਤਾ ਵੀ
ਨਹੀਂ ਸੀ ਕਿ ਅਜਿਹਾ ਵੀ ਹੋ ਸਕਦਾ ਸੀ। ਜੇ ਆਉਣ ਵਾਲੇ ਖਤਰੇ ਦਾ ਆਭਾਸ ਹੋਵੇ ਅਤੇ ਉਹੋ ਕੁਝ
ਵਾਪਰ ਜਾਏ ਤਾਂ ਦੁੱਖ ਦੀ ਇੱਕ ਸੀਮਾ ਹੁੰਦੀ ਹੈ। ਪਰੰਤੂ ਜੇ ਵਾਪਰਨ ਵਾਲੀ ਮਹਾਪਰਲੋ ਦਾ ਥਹੁ
ਪਤਾ ਹੀ ਨਾ ਹੋਵੇ ਤਾਂ ਇਹ ਅਚਾਨਕ ਬਿਜਲੀ ਡਿੱਗਣ, ਅਚਾਨਕ ਜਵਾਲਾਮੁਖੀ ਪਾਟ ਜਾਣ ਜਾਂ ਅਚਾਨਕ
ਸੁਨਾਮੀ ਵਰਗਾ ਕਹਿਰ ਬਰਪਾ ਹੋ ਜਾਣ ਵਰਗੀ ਸਥਿਤੀ ਬਣ ਜਾਂਦੀ ਹੈ। ਪੰਜਾਬ ਦੇ ਸਾਧਾਰਨ ਬੰਦੇ
ਨਾਲ ਇਹੋ ਕੁਝ ਹੀ ਵਾਪਰਿਆ। ਉਹ ਤਾਂ ਇਸ ਕਹਿਰ ਤੋਂ ਇੱਕ ਫ਼ੀ ਸਦੀ ਵੀ ਜਾਣੂੰ ਨਹੀਂ ਸੀ।
ਪਾਕਿਸਤਾਨ ਬਣਾਉਣਾ ਉਹਦੇ ਲਈ ਪੰਝੀ ਪੰਜਾਹ ਏਕੜਾਂ ਵਿਚ ਪਿੰਡ ਜਾਂ ਸ਼ਹਿਰ ਬਣਾਉਣ ਜਾਂ
ਵਸਾਉਣ ਵਾਲੀ ਗੱਲ ਸੀ। ਇਸੇ ਕਾਰਨ ਇਹ ਤ੍ਰਾਸਦੀ ਬਹੁਤ ਵੱਡੀ ਬਣ ਗਈ। ਮੇਰਾ ਪ੍ਰਯੋਜਨ ਵੀ
ਇਹੋ ਸੀ - ਆਮ ਬੰਦੇ ਦਾ ਇਸ ਬਾਰੇ ਮੂਲੋਂ ਹੀ ਅਗਿਆਨੀ ਹੋਣਾ ਕਿਉਂਕਿ ਹਿੰਦੁਸਤਾਨ ਦੇ ਪੂਰੇ
ਇਤਿਹਾਸ ਵਿਚ ਵੀ ਇਸਤਰਾਂ ਦੀ ਕੋਈ ਮਿਸਾਲ ਮੌਜੂਦ ਨਹੀਂ ਸੀ। ਜੇ ਹੁੰਦੀ ਤਾਂ ਉਸਨੂੰ ਪਤਾ
ਹੁੰਦਾ ਜਾਂ ਫਿਰ ਕਿਸੇ ਸਿਆਣੇ ਰਾਹੀਂ ਹੀ ਪਤਾ ਲੱਗ ਜਾਂਦਾ। ਖੁਦ ਮੇਰਾ ਬਾਪ ‘ਤੇ ਮੇਰਾ
ਤਾਇਆ ਇਸ ਆਉਣ ਵਾਲੀ ਮਹਾਪਰਲੋ ਬਾਰੇ ਕੁਝ ਨਹੀਂ ਸਨ ਜਾਣਦੇ। ਸਭ ਇਹੋ ਸਮਝਦੇ ਸਨ ਕਿ ਬਸ ਕੁਝ
ਦਿਨਾਂ ਜਾਂ ਹਫ਼ਤਿਆਂ ਦੀ ਗੱਲ ਹੈ, ਫੇਰ ਇਹ ਬੁਖਾਰ ਲਹਿ ਜਾਏਗਾ ‘ਤੇ ਉਹ ਸਾਰੇ ਆਪੋ ਆਪਣੇ
ਘਰਾਂ ਨੂੰ ਵਾਪਸ ਪਰਤ ਜਾਣਗੇ।
-0-
|