ਪ੍ਰਸਿੱਧ ਕਹਾਣੀਕਾਰ
ਜਸਵੀਰ ਸਿੰਘ ਰਾਣਾ ਮੇਰਾ ਐਮ.ਏ. ਦਾ ਵਿਦਿਆਰਥੀ ਵੀ ਰਿਹਾ ਹੈ ਪਰ ਸਾਡੀ ਅਸਲੀ ਸਾਂਝ ਉਸ ਵਕਤ
ਬਣੀਂ ਜਦ ਇੱਕਵੀਂ ਸਦੀ ਦੇ ਮੁੱਢ ਵਿਚ ਉਹ ਕਹਾਣੀਕਾਰ ਵਜੋਂ ਚਮਕਿਆ।
***
ਅਮਰਗੜ੍ਹ (ਸੰਗਰੂਰ)
18.9.99
ਸਤਿਕਾਰਯੋਗ ਡਾ. ਬਲਦੇਵ
ਸਿੰਘ ਧਾਲੀਵਾਲ ਜੀ,
ਸਤਿ ਸ੍ਰੀ ਅਕਾਲ ! ਡਾ. ਸਾਹਿਬ, ਉਸ ਦਿਨ ਯੂਨੀਵਰਸਿਟੀ ਵਿਚ ਆਪ ਨਾਲ ਗੱਲਬਾਤ ਕਰਕੇ ਇਕ
ਵਿਸ਼ੇਸ਼ ਕਿਸਮ ਦਾ ਹੁਲਾਸ ਤੇ ਸਕੂਨ ਮਿਲਿਆ, ਜਿਸ ਵਿਚ ਕਾਫੀ ਕੁਝ ਸਿੱਖਣਯੋਗ ਤੇ ਅਨੁਭਵ ਦਾ
ਹਿੱਸਾ ਬਨਾਉਣਯੋਗ ਸੀ।
ਉਸੇ ਦਿਨ ਹੀ ਆਪ ਨੇ ਆਪਣੀ ਕਹਾਣੀਆਂ ਦੀ ਕਿਤਾਬ ‘ਓਪਰੀ ਹਵਾ‘ ਮੈਨੂੰ ਦਿੱਤੀ ਸੀ। ਮੈਂ ਸਾਰੀ
ਕਿਤਾਬ ਧਿਆਨ ਨਾਲ ਪੜ੍ਹੀ ਹੈ। ਪੂਰੀ ਪੁਸਤਕ ਪੜ੍ਹਨ ਤੋਂ ਬਾਅਦ ਆਪ ਦੀ ਕਹਾਣੀ-ਕਲਾ ਇਕ
ਬੱਝਵਾਂ ਪ੍ਰਭਾਵ ਛੱਡਦੀ ਹੈ। ਮੇਰੀ ਜਾਂਚੇ ਤਾਂ ਕੱਲੀ-ਕੱਲੀ ਕਹਾਣੀ ਸਾਹਿਤ ਦੇ ‘ਸੱਤਿਅਮ,
ਸ਼ਿਵਮ, ਸੁੰਦਰਮ‘ ਵਾਲੇ ਸੰਕਲਪ ਦੀ ਕਸਵੱਟੀ ‘ਤੇ ਖਰੀ ਉਤਰਦੀ ਹੈ।
ਮੂਹਰੇ ‘ਦਵੰਦ ਕਹਾਣੀ‘ ਦੇ ਸਿਰਲੇਖ ਹੇਠ ਆਪ ਨੇ ਆਪਣੀ ‘ਲਿਖਣ-ਕਲਾ‘ ਬਾਰੇ ਜੋ ਵਿਚਾਰ ਪੇਸ਼
ਕੀਤੇ ਨੇ, ਭਾਵੇਂ ਉਹ ਆਪਣੀ ਥਾਂ ਬਾ-ਵਜ੍ਹਾ ਹੋਣ, ਪਰ ਮੈਨੂੰ ਇੰਝ ਲਗਦੈ ਕਿ ਕਹਾਣੀ,
ਆਲੋਚਨਾ ਤੇ ਸਫ਼ਰਨਾਮਾ ਆਦਿ ਸਾਹਿਤਕ ਵਿਧਾਵਾਂ ‘ਤੇ ਆਪ ਦੀ ਪਕੜ ਬਰਾਬਰ ਦੀ ਹੈ। ਕਿਉਂਕਿ ਆਪ
ਦੇ ਇਹ ਤਿੰਨੋਂ ਸਾਹਿਤਕ ਰੂਪ ਮੈਂ ਪੜ੍ਹੇ ਨੇ। ਪੜ੍ਹਨ ਦੇ ਆਧਾਰ ‘ਤੇ ਮੈਨੂੰ ਤਾਂ ਘੱਟੋ ਘੱਟ
ਇੰਝ ਲੱਗਿਐ।
ਆਪ ਜਿਹੇ ਵਿਦਵਾਨ ਲੇਖਕ ਅੱਗੇ ਇਹ ਕਹਿਣਾ ਕਿ ‘‘ਮੈਂ ਵੀ ਕਹਾਣੀਆਂ ਲਿਖਦਾ ਹਾਂ”, ਕੁਝ ਇਸ
ਤਰ੍ਹਾਂ ਹੈ ਜਿਵੇਂ ਕੋਈ ਦੀਵਾ ਸੂਰਜ ਨੂੰ ਕਹੇ ਕਿ ਮੈਂ ਵੀ ਰੌਸ਼ਨੀ ਵੰਡਦਾ ਹਾਂ। ਪਰ ਫਿਰ ਵੀ
ਜਿੰਨੀ ਕੁ ਮੈਨੂੰ ਸਮਝ ਹੈ ਉਹਦੇ ਆਧਾਰ ‘ਤੇ ਮੈਂ ਕਹਾਂਗਾ ਕਿ ‘ਓਪਰੀ ਹਵਾ‘ ਵਿਚਲੀਆਂ
ਕਹਾਣੀਆਂ ਮਨੁੱਖੀ ਜ਼ਿੰਦਗੀ ਦੇ ਰਣ-ਤੱਤੇ ‘ਚੋਂ ਚੁੱਕੇ ਹੋਏ ਭਖਦੇ ਸੰਕਟਮਈ ਪਲਾਂ ਦਾ
ਕਲਾਤਮਿਕ ਪ੍ਰਗਟਾਵਾ ਹੈ। ਤੁਹਾਡੀਆਂ ਬਹੁਤੀਆਂ ਕਹਾਣੀਆਂ ਛੋਟੀ ਕਿਸਾਨੀ ਨੂੰ ਅਜੋਕੇ ਦੌਰ
ਵਿਚ ਦਰਪੇਸ਼ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਅੱਜ ਦਾ ਦੌਰ ਪਦਾਰਥਵਾਦੀ ਤੇ
ਮਕੈਨੀਕਲ ਹੈ। ਇਸ ਦੌਰ ਵਿਚ ਵੱਖ-ਵੱਖ ਕਾਰਨਾਂ ਕਰਕੇ ਛੋਟੀ ਕਿਸਾਨੀ ਦਾ ਵਜੂਦ ਤਿੜਕਿਆ ਹੈ।
ਇਹ ਤਿੜਕਾ, ਰਿਸ਼ਤਿਆਂ, ਸੋਚ, ਆਰਥਿਕ ਪੱਧਰ, ਸਮਾਜਿਕ ਤੇ ਇਖ਼ਲਾਕੀ ਪੱਧਰ, ਹਰ ਹਿੱਸੇ ਵਿਚ
ਨਜ਼ਰ ਆਉਂਦਾ ਹੈ। ਤੇ ਇਹ ਤਿੜਕਾ ਹੀ ਅਜੋਕੀ ਛੋਟੀ ਕਿਸਾਨੀ ਦੇ ਪਰਿਵਾਰਕ ਗਰਭ ਵਿਚ ਪਨਪ ਰਹੇ
ਬਹੁ-ਪਰਤੀ ਸੰਕਟਾਂ ਦਾ ਕੇਂਦਰੀ-ਧੁਰਾ ਹੈ। ਔਰ ਏਸ ‘ਧੁਰੇ‘ ਨੂੰ ਆਪ ਨੇ ਸਮਰੱਥ ਢੰਗ ਨਾਲ
ਪਕੜ ਕੇ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤਾ ਹੈ। ਕਹਾਣੀਆਂ ਦੀ ਤਕਨੀਕ, ਡਿਜ਼ਾਇਨ, ਸ਼ੈਲੀ ਤੇ
ਵਿਸ਼ੇਸ਼ ਤੌਰ ਤੇ ਵਰਤੀ ਗਈ ਠੁੱਕਦਾਰ ਠੇਠ ਲੋਕ-ਭਾਸ਼ਾ ਵਾਲਾ ਮੁਹਾਵਰਾ ਆਦਿ ਸਾਰੇ ਤੱਤ ਆਪ ਦੀ
ਸ਼ਿਲਪ-ਕਲਾ ਦਾ ਪ੍ਰਮੁੱਖ ਚਿੰਨ੍ਹ ਬਣਕੇ ਉੱਭਰਦੇ ਹਨ।
ਬਾਕੀ ‘ਨਾਂ ਦਾ ਪਿਛਲਾ ਅੱਧ‘, ‘ਤੱਕੜੀ ਦੀ ਡੰਡੀ‘ ਤੇ ‘ਹਨੀਮੂਨ‘ ਕਹਾਣੀਆਂ ਵਿਚ ਪਤੀ-ਪਤਨੀ
ਦੇ ਰਿਸ਼ਤੇ ਵਿਚ ਆਏ ਬਹੁ-ਪਰਤੀ ਸੰਕਟਾਂ ਦਾ ਬੜੀ ਸੂਖ਼ਮਤਾ ਨਾਲ ਵਰਨਣ ਕੀਤਾ ਗਿਆ ਹੈ। ਕਿਤਾਬ
ਬਹੁਤ ਅੱਛੀ ਹੈ। ਚੰਗੀਆਂ ਕਹਾਣੀਆਂ ਲਿਖਣ ਲਈ ਮੁਬਾਰਕਬਾਦ !
ਆਪ ਦਾ ਸ਼ੁਭਚਿੰਤਕ,
ਜਸਵੀਰ ਸਿੰਘ ਰਾਣਾ
ਬਿੰਦਰ ਭੁਮਸੀ ਦਾ ਖ਼ਤ
ਉੱਭਰ ਰਿਹਾ ਕਹਾਣੀਕਾਰ ਬਿੰਦਰ ਭੁਮਸੀ ਮੇਰੇ ਪਾਠਕ ਵਜੋਂ ਹੀ ਮੇਰੇ ਨਜ਼ਦੀਕ ਆਇਆ ਅਤੇ
ਹੌਲੀ ਹੌਲੀ ਦੋਸਤ ਬਣ ਗਿਆ।
***
ਪਿੰਡ ਭੁਮਸੀ, ਡਾਕਖਾਨਾ
ਚੌਂਦਾ,
ਤਹਿ. ਮਾਲੇਰਕੋਟਲਾ, ਜ਼ਿਲ੍ਹਾ ਸੰਗਰੂਰ
20.12.2009
ਮਾਣਯੋਗ ਡਾ. ਬਲਦੇਵ
ਸਿੰਘ ਧਾਲੀਵਾਲ ਜੀ,
ਸਤਿ ਸ੍ਰੀ ਅਕਾਲ ! ਕਹਾਣੀ ਧਾਰਾ ਦੇ ‘ਬਾਪੂ ਵਿਸ਼ੇਸ਼‘ ਅੰਕ ਵਿਚ ਆਪ ਜੀ ਦੁਆਰਾ ‘ਬਾਪੂ‘ ਬਾਰੇ
ਲਿਖਿਆ ਰੇਖਾ-ਚਿੱਤਰ ‘ਇਕ ਹੋਰ ਯੋਧੇ ਦਾ ਚਲਾਣਾ‘ ਪੜ੍ਹਿਆ। ਪੜ੍ਹਨ ਉਪਰੰਤ ਬਾਪੂ ਜੋਗਿੰਦਰ
ਸਿਉਂ ਬਾਰੇ ਜੋ ਅਕਸ ਮੇਰੇ ਦਿਮਾਗ ਵਿਚ ਬਣਿਆ, ਉਹ ਛਾਪ ਅਮਿੱਟ ਤੇ ਨਾ-ਭੁੱਲਣ ਵਾਲੀ ਹੈ। ਇਸ
ਰੇਖਾ-ਚਿੱਤਰ ਨੂੰ ਪੜ੍ਹ ਕੇ ਮੈਨੂੰ ਆਪਣੇ ‘ਬਾਪੂ‘ ਬਾਰੇ ਲਿਖੇ ਰੇਖਾ-ਚਿੱਤਰ ਵਿਚੋਂ ਕਮੀਆਂ
ਦਿਸਣ ਲੱਗ ਪਈਆਂ। ਮੇਰੇ ਬਾਪੂ ਬਾਰੇ ਮੈਥੋਂ ਬਹੁਤ ਸਾਰੇ ਪੱਖ ਅਣਛੋਹੇ ਹੀ ਰਹਿ ਗਏ। ਕਹਿਣ
ਦਾ ਭਾਵ ਇਹ ਰੇਖਾ-ਚਿੱਤਰ ਮੇਰੇ ਲਈ ਭਵਿੱਖ ਵਿਚ ਪ੍ਰੇਰਨਾ-ਸ੍ਰੋਤ ਬਣਿਆ ਹੈ। ਆਪ ਦੀ ਭਾਸ਼ਾ
ਤੇ ਸ਼ੈਲੀ ਤਾਂ ਹੈ ਹੀ ਕਮਾਲ !
ਦੂਸਰੀ ਗੱਲ ‘ਇਕ ਹੋਰ ਯੋਧੇ ਦਾ ਚਲਾਣਾ‘ ਸਿਰਲੇਖ ਪੜ੍ਹ ਕੇ ਮੇਰੇ ਤੇ ਪ੍ਰਭਾਵ ਇਹ ਪਿਆ -
ਲਾਜ਼ਮੀ ਤੌਰ ‘ਤੇ ਇਹ ਰੇਖਾ-ਚਿੱਤਰ ਉਸ ਯੋਧੇ ਬਾਰੇ ਹੈ, ਜਿਸਨੇ ਯੁੱਧ ਦੇ ਮੈਦਾਨ ਵਿਚ ਸ਼ਹੀਦੀ
ਦਿੱਤੀ ਹੋਵੇ ਪਰ ਸਾਰਾ ਰੇਖਾ-ਚਿੱਤਰ ਪੜ੍ਹਨ ਉਪਰੰਤ ਇਹ ਗੱਲ ਸਪੱਸ਼ਟ ਹੋ ਗਈ ਕਿ ਮੈਦਾਨ ਸਿਰਫ
ਸਰਹੱਦ ‘ਤੇ ਹੀ ਨਹੀਂ ਹੁੰਦੇ, ਯੁੱਧ ਦੇ ਇਹ ਮੈਦਾਨ ਸਮਾਜ, ਘਰ ਤੇ ਬੰਦੇ ਦੇ ਅੰਦਰ ਵੀ
ਹੁੰਦੇ ਹਨ ਜਿਨ੍ਹਾਂ ਨੂੰ ਸਰ ਕਰਨ ਵਾਲਾ ਸਾਧਾਰਣ ਬੰਦਾ ਵੀ ਯੋਧਾ ਹੀ ਹੁੰਦਾ ਹੈ। ਜੋ
ਜ਼ਿੰਦਗੀ ਦੀ ਗਹਿਗੱਚ ਲੜਾਈ ਲੜਦਿਆਂ ਉਸ ਉੱਪਰ ਜਿੱਤ ਪ੍ਰਾਪਤ ਕਰਦਾ ਹੈ, ਭਾਵੇਂ ਉਹ ਅੰਤਿਮ
ਸਚਾਈ ਮੌਤ ਹੀ ਕਿਉਂ ਨਾ ਹੋਵੇ।
ਤੀਸਰੀ ਗੱਲ ਬਾਪੂ ਦਾ ਇਹ ਕਥਨ, ‘‘ਯਾਰ ਮੇਰੇ ਵੰਨੀਉਂ ਤੁਸੀਂ ਪਟਿਆਲੇ ਆਲੇ ਰਾਜੇ ਦੇ ਮਹਿਲ
ਬੈਅ ਕਰਾ ਲੋ ਪਰ ਜੇ ਪਿਉ-ਦਾਦੇ ਦੀ ਢੇਰੀ ਗਾਲ਼ ਕੇ ਈ ਵਾਧਾ ਕਰਨੈ ਤਾਂ ਉਹ ਟੱਟੂ ਦਾ ਵਾਧੈ।”
ਅਜੋਕੇ ਪੈਸੇ ਦਾ ਪੁੱਤ ਬਣੇ ਵਿਅਕਤੀ ਨੂੰ ਵਿਕਾਸ ਦੇ ਅਸਲ ਅਰਥ ਦੱਸਦਾ ਹੋਇਆ ‘ਅਸਲੀ ਬੰਦਾ‘
ਬਣਾਉਣ ਦੇ ਆਹਰ ਵਿਚ ਹੈ। ‘ਕੋਈ ਜੰਮ ਪੂ ਕਦੇ ਉਹਨੂੰ ਵੀ ਬੰਦਾ ਬਣਾਉਣ ਆਲਾ...‘ ਵਰਗੇ ਬੋਲ
ਵੀ ਸੱਚਮੁੱਚ ਇਕ ਯੋਧੇ ਦੇ ਹੀ ਹੋ ਸਕਦੇ ਹਨ। ਪਰ ਯੋਧਾ ਬਣਨ ਤੋਂ ਪਹਿਲਾਂ ਬੰਦਾ ਬਣਨਾ ਵੱਡੀ
ਗੱਲ ਹੈ। ਬਾਪੂ ਦੀ ਖ਼ੂਬੀ ਹੀ ਸਭ ਤੋਂ ਵੱਡੀ ਇਹੀ ਹੈ ਕਿ ਉਸਨੇ ਪਹਿਲਾਂ ਖ਼ੁਦ ਇਸ ਗੱਲ ਨੂੰ
ਧਾਰਨ ਕਰ ਲਿਆ ਸੀ - ‘ਲੈ ਹੁਣ ਆਪਾਂ ਤਾਂ ਬਣਗੇ ਬੰਦੇ, ਦਾਲ ਰੋਟੀ ਦਾ ਵੈਲ ਰਹਿ ਗਿਆ ਹੁਣ
ਨੀ ਕਿਸੇ ਸਾਲੇ ਦੀ ਸ਼ਾਨੀ ਭਰਦੇ।‘
‘‘ਹੁਣ ਸਾਨੂੰ ਮੰਦੇ-ਚੰਗੇ ਤੋਂ ਕੌਣ ਰੋਕਿਆ ਕਰੂ ਤਾਇਆ...” ਚਾਚੇ ਦੇ ਮੁੰਡੇ ਅਮਰਜੀਤ ਦੀਆਂ
ਨਿਕਲੀਆਂ ਧਾਹਾਂ ‘ਇਕ ਹੋਰ ਯੋਧੇ ਦੇ ਚਲਾਣੇ ਨੂੰ ਹਰ ਆਮ/ਖਾਸ ਪਾਠਕ ਨੂੰ ਵਧੇਰੇ ਡੂੰਘਾਈ
ਨਾਲ ਮਹਿਸੂਸ ਕਰਵਾ ਜਾਂਦੀਆਂ ਹਨ। ਅੰਤ ਵਿਚ ਮੇਰੀ ਸਲਾਮ ਹੈ ਉਸ ਯੋਧੇ ਨੂੰ ਤੇ ਤੁਹਾਡੀ ਕਲਮ
ਨੂੰ...।
ਬਿੰਦਰ ਸਿੰਘ ‘ਭੁਮਸੀ‘
***
ਸੁਖਰਾਜ ਸਿੰਘ
ਧਾਲੀਵਾਲ ਦਾ ਖ਼ਤ
ਹੋਣਹਾਰ ਕਹਾਣੀਕਾਰ ਸੁਖਰਾਜ ਸਿੰਘ ਧਾਲੀਵਾਲ ਨਾਲ ਅਧਿਆਪਕ- ਵਿਦਿਆਰਥੀ ਵਾਲਾ ਬਣਿਆਂ
ਸਬੰਧ ਹੌਲੀ ਹੌਲੀ ਲੇਖਕ-ਪਾਠਕ ਵਾਲਾ ਬਣ ਗਿਆ ਅਤੇ ਫਿਰ ਦੋਸਤੀ ਦਾ ਰਿਸ਼ਤਾ ਕਾਇਮ ਹੋ ਗਿਆ।
***
ਉੜਾਂਗ
31.1.99
ਸਤਿਕਾਰਯੋਗ ਸ੍ਰੀਮਾਨ
ਜੀ, ਸ. ਬਲਦੇਵ ਸਿੰਘ ਧਾਲੀਵਾਲ,
ਸਤਿ ਸ੍ਰੀ ਅਕਾਲ ! ਸਤਿਕਾਰਯੋਗ ਪ੍ਰੋਫ਼ੈਸਰ ਸਾਹਿਬ। ਤੁਹਾਨੂੰ ਮਿਲ ਕੇ ਜੋ ਖੁਸ਼ੀ ਹੋਈ ਉਸ ਦਾ
ਅੰਦਾਜ਼ਾ ਸ਼ਬਦਾਂ ਵਿਚ ਨਹੀਂ ਬਿਆਨ ਕਰ ਸਕਦਾ।
ਅੱਜ ਪ੍ਰੋਫ਼ੈਸਰ ਸ਼ਿੰਦਰਪਾਲ ਕੋਲ ਗਿਆ ਸੀ। ਤੁਹਾਡੇ ਬਾਰੇ ਵਿਚ ਗੱਲ ਕੀਤੀ। ਉਹਨਾਂ ਨੇ ਮੈਨੂੰ
ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਿ ਮੈਂ ਤੁਹਾਡੀ ਰਹਿਨੁਮਾਈ ਵਿਚ ਲੇਖਣੀ ਦੇ ਖੇਤਰ ਵਿਚ
ਕੁਝ ਕਰ ਸਕਦਾ ਹਾਂ।
ਤੁਸੀਂ ਏਨੀਆਂ ਸਾਰੀਆਂ ਪੁਸਤਕਾਂ ਜੋ ਪੜ੍ਹਨ ਨੂੰ ਦਿੱਤੀਆਂ ਹਨ, ਇਹ ਮੇਰੇ ਤੇ ਬੜਾ ਵੱਡਾ
ਅਹਿਸਾਨ ਹੈ। ਪ੍ਰੋਫ਼ੈਸਰ ਸਾਹਿਬ ਮੇਰੀ ਤਾਂ ਏਨੀ ਪਹੁੰਚ ਵੀ ਨਹੀਂ ਕਿ ਸਿਲੇਬਸ ਦੀਆਂ
ਕਿਤਾਬਾਂ ਵੀ ਖਰੀਦ ਸਕਾਂ। ਤੁਸੀਂ ਮੇਰੇ ਤੇ ਬੜਾ ਵੱਡਾ ਉਪਕਾਰ ਕੀਤਾ ਇਹ ਮੈਂ ਕਦੇ ਵੀ ਨਹੀਂ
ਭੁਲਾਵਾਂਗਾ।
ਮੈਂ ਉਸ ਸਕੂਲ ਵਿਚ ਹੀ ਕੰਮ ਕਰ ਰਿਹਾ ਹਾਂ। ਇੰਮਪਰੂਵਮੈਂਟ ਦੀ ਤਿਆਰੀ ਵੀ ਕਰਦਾ ਹਾਂ ਤੇ
ਕਦੇ ਕੁਝ ਲਿਖ ਵੀ ਲੈਂਦਾ ਹਾਂ। ਤੁਹਾਡਾ ਹੱਥ ਸਿਰ ਤੇ ਰਵੇ ਤਾਂ ਆਸ ਹੈ ਇਹ ਨਿਮਾਣਾ ਵੀ ਕੁਝ
ਕਰ ਸਕੇਗਾ।
ਤੁਹਾਨੂੰ ਮਿਲ ਕੇ ਜੋ ਖੁਸ਼ੀ ਹੋਈ ਇਹ ਮੈਂ ਅਨੁਭਵ ਤਾਂ ਕਰ ਰਿਹਾ ਹਾਂ ਪਰ ਲਿਖਣ ਦਾ ਵੱਲ
ਨਹੀਂ ਹੈ। ਤੁਸੀਂ ਇਕ ਲੇਖਕ ਹੋ ਤੇ ਇਸ ਸਮੇਂ ਦੇ ਪ੍ਰਸਿੱਧ ਆਲੋਚਕ ਵੀ। ਪਹਿਲਾਂ ਤੁਹਾਡੀਆਂ
ਲਿਖਤਾਂ ਹੀ ਪੜ੍ਹੀਆਂ ਸੀ। ਸੋਚਦਾ ਸਾਂ ਕਦੇ ਇਸ ਇਨਸਾਨ ਨੂੰ ਮਿਲ ਵੀ ਸਕਾਂਗਾ। ਮੇਰੀ ਤਮੰਨਾ
ਪਰਮਾਤਮਾ ਨੇ ਬੜੀ ਜਲਦੀ ਪੂਰੀ ਕਰ ਦਿੱਤੀ। ਸ੍ਰੀਮਾਨ ਜੀ ਮੈਂ ਲਿਖਣਾ ਤੇ ਪੜ੍ਹਨਾ ਸਿਰਤੋੜ
ਚਾਹੁੰਦਾ ਹਾਂ ਪਰ ਹਾਲਾਤਾਂ ਤੋਂ ਕਾਫ਼ੀ ਮਜ਼ਬੂਰ ਹਾਂ। ਤੁਸੀਂ ਉਸ ਵਕਤ ਰਾਇ ਦਿੱਤੀ ਸੀ ਕਿ
ਨਿਰਾਸ਼ ਨਾ ਹੋਣਾ। ਆਪਣੇ ਆਪ ਨੂੰ ਮੈਂ ਕੁਝ ਸਮੇਂ ਦੇ ਅਨੁਸਾਰ ਢਾਲਣਾ ਤਾਂ ਸਿੱਖ ਲਿਆ ਹੈ,
ਬਾਕੀ ਵਕਤ ਸਿਖਾ ਦੇਵੇਗਾ। ਜ਼ਿੰਦਗੀ ਵਿਚ ਮੈਂ ਚਾਹੁੰਦਾ ਹਾਂ ਤੁਹਾਡੇ ਵਰਗੇ ਵਿਦਵਾਨਾਂ ਦੀ
ਸੰਗਤ ਮਿਲਦੀ ਰਹੇ।
ਆਸ ਹੈ ਤੇ ਭਰੋਸੇ ਵੀ ਹੈ, ਤੁਸੀਂ ਹਮੇਸ਼ਾਂ ਮੇਰੇ ਸਹੀ ਮਾਰਗ-ਦਰਸ਼ਕ ਬਣੇ ਰਹੋਗੇ। ਮੈਂ ਤਾਂ
ਅਜੇ ਬੱਚਾ ਹੀ ਹਾਂ, ਜੇ ਕੁਝ ਹਾਲਾਤ ਜਾਂ ਆਪਣੀ ਔਕਾਤ ਤੋਂ ਵੱਧ ਜਾਂ ਘੱਟ ਲਿਖ ਗਿਆ ਹੋਵਾਂ
ਤਾਂ ਛੋਟਾ ਭਰਾ ਸਮਝ ਕੇ ਮੁਆਫ਼ ਕਰਨਾ।
ਤੁਹਾਡਾ ਆਪਣਾ,
ਸੁਖਰਾਜ ਸਿੰਘ ਧਾਲੀਵਾਲ
ਅਜਮੇਰ ਸਿੱਧੂ ਦੇ ਖ਼ਤ
ਅਜਮੇਰ ਸਿੱਧੂ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦਾ ਨਾਮਵਰ ਰਚਨਾਕਾਰ ਹੈ। ਉਸ ਦੀ ਕਹਾਣੀ
ਨਾਲ ਬਣੀਂ ਸਾਂਝ ਹੌਲੀ-ਹੌਲੀ ਗੂੜ੍ਹੀ ਮਿੱਤਰਤਾ ਵਿਚ ਬਦਲ ਗਈ।
***
ਨਵਾਂ ਸ਼ਹਿਰ
6.8.01
ਡਾ. ਬਲਦੇਵ ਸਿੰਘ
ਧਾਲੀਵਾਲ ਜੀ,
ਯਾਦ ! ਸਤਿਕਾਰ !! ਮਾਣ !!! 15 ਜੁਲਾਈ ਨੂੰ ਮੇਰੀ ਕਥਾ ਪੁਸਤਕ ‘ਤੇ ਗੋਸ਼ਟੀ ਲੁਧਿਆਣਾ ਵਿਖੇ
ਹੋਈ ਸੀ। ਤੁਹਾਡਾ ਪਰਚਾ ਸੀ। ਮੈਂ ਪਰਚੇ ਤੋਂ ਬੜਾ ਪ੍ਰਭਾਵਿਤ ਹੋਇਆ ਹਾਂ। ਹੁਣ ਤੱਕ ਜਿੰਨਾ
ਵੀ ਮੇਰੀ ਕਹਾਣੀ ਰਚਨਾ ਬਾਰੇ ਲਿਖਿਆ ਗਿਆ ਹੈ, ਭਾਵੇਂ ਘੱਟ ਲਿਖਿਆ ਗਿਆ ਹੈ। ਮੈਂ ਸੰਤੁਸ਼ਟ
ਹਾਂ। ਪਰ ਤੁਹਾਡੇ ਪਰਚੇ ਨੇ ਤਾਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦਿੱਤੀਆਂ। ਦਰਅਸਲ ਤੁਸਾਂ
ਉਹ ਮੇਰੀ ਰਗ ਫੜ੍ਹੀ ਹੈ ਜਿਹੜਾ ਮੇਰੇ ਅੰਦਰ ਕੀੜਾ ਜਲਾਂਦਾ ਹੈ। ਬਾਕੀ ਵਿਦਵਾਨ ਸੱਜਣ ਇਥੇ
ਤੱਕ ਨਹੀਂ ਪਹੁੰਚੇ। ਭਾਵੇਂ ਬਹੁਤਿਆਂ ਦੀ ਪਹੁੰਚ ਠੀਕ ਰਹੀ ਹੈ। ਪਰ ਜਿਹੜੇ ਪੁਆਇੰਟ ਤੁਸੀਂ
ਲੈ ਕੇ ਆਏ ਹੋ, ਉਨ੍ਹਾਂ ਤੋਂ ਮੈਨੂੰ ਜਾਪਦਾ ਹੈ ਮੇਰੀ ਰਚਨਾ ਨਾਲ ਇਨਸਾਫ਼ ਹੋਇਆ ਹੈ।
ਅਜਿਹਾ ਪ੍ਰਭਾਵਸ਼ਾਲੀ ਪਰਚਾ ਲਿਖਣ ਲਈ ਧੰਨਵਾਦੀ ਹਾਂ।
ਉਸ ਦਿਨ ਤੁਹਾਡੀ ਗ਼ੈਰ ਹਾਜ਼ਰੀ ਰੜਕਦੀ ਰਹੀ। ਜੇਕਰ ਤੁਸੀਂ ਹੁੰਦੇ, ਗੱਲ ਹੀ ਹੋਰ ਹੋਣੀ ਸੀ।
ਤੁਸੀਂ ਪਤਾ ਨਹੀਂ ਇਸ ਗੱਲ ਨੂੰ ਕਿਵੇਂ ਲਓਗੇ। ਇਹਦੇ ਅਰਥ ਹੋਰ ਨਾ ਕੱਢਣੇ। ਮੈਂ ਚਾਹੁੰਦਾ
ਹਾਂ ਇਹ ਪਰਚਾ ਛਪਣਾ ਚਾਹੀਦਾ ਹੈ। ਜੇਕਰ ਤੁਸੀਂ ਕਿਤੇ ਛਪਵਾ ਸਕੇ ਤਾਂ ਧੰਨਵਾਦੀ ਹੋਵਾਂਗਾ।
ਸਿਰਜਣਾ ਵਿਚ ਤੁਹਾਡੀ ਕਹਾਣੀ ‘ਕਾਰਗਿਲ‘ ਪੜ੍ਹੀ ਹੈ। ਵਿਦਵਾਨਾਂ ਵਾਂਗ ਲਿਖਾਂ ਤਾਂ ਕੁਝ
ਨਹੀਂ ਕਹਿ ਸਕਦਾ। ਉਂਝ ਕਹਾਣੀ ਅੱਛੀ ਹੈ। ਮਨ ਨੂੰ ਟੁੰਬਦੀ ਹੈ।
ਕਿਤੇ ਨਵਾਂ ਸ਼ਹਿਰ ਆਉਣਾ। ਸੁਭਾਗ ਸਮਝਾਂਗਾ।
ਤੁਹਾਡਾ ਹਿਤੂ,
ਅਜਮੇਰ ਸਿੱਧੂ
***
ਨਵਾਂ ਸ਼ਹਿਰ
6.9.01
ਡਾ. ਬਲਦੇਵ ਧਾਲੀਵਾਲ
ਜੀ,
ਯਾਦ ! ਸਤਿਕਾਰ !! ਤੁਹਾਡਾ ਕੱਲ੍ਹ ਖ਼ਤ ਮਿਲਿਆ। ਖ਼ਤ ਤੋਂ ਪਤਾ ਲੱਗਾ ਕਿ ਤੁਸੀਂ ਰੀਡਰ ਬਣ ਗਏ
ਹੋ। ਰੀਡਰ ਬਣਨ ਦੀਆਂ ਵਧਾਈਆਂ ਕਬੂਲ ਕਰਨੀਆਂ। ਜਦੋਂ ਆਪਣੇ ਪਿਆਰੇ/ਸਤਿਕਾਰੇ ਉੱਚੀਆਂ
ਪਦਵੀਆਂ ‘ਤੇ ਪੁੱਜਦੇ ਹਨ ਤਾਂ ਮਾਣ ਜਿਹਾ ਹੁੰਦਾ ਹੈ। ਮੈਂ ਤਾਂ ਇਹੀ ਆਸ ਕਰਦਾ ਹਾਂ ਕਿ
ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋਗੇ ਤੇ ਤਰੱਕੀ ਕਰਦੇ ਰਹੋਗੇ।
ਤੁਹਾਡੀ ਪੁਸਤਕ ‘ਆਧੁਨਿਕ ਪੰਜਾਬੀ ਕਹਾਣੀ - ਦ੍ਰਿਸ਼ਟੀਮੂਲਕ ਪਰਿਪੇਖ‘ ਮੇਰੇ ਕੋਲ ਹੈ। ਮੈਂ
ਗੁਲਾਟੀ ਸਾਹਿਬ ਤੋਂ ਲਈ ਸੀ। ਜਿਵੇਂ ਤੁਸਾਂ ਲਿਖਿਆ ਹੈ, ਉਸ ਵਿਚ ਮੇਰਾ ਜ਼ਿਕਰ ਹੈ। ਮੈਂ
ਪੜ੍ਹਿਆ ਸੀ। ਦਰਅਸਲ ਮੈਂ ਚਿੱਠੀ ਤੁਹਾਨੂੰ ਤੁਹਾਡੇ ਪਰਚੇ ਤੋਂ ਪ੍ਰਭਾਵਿਤ ਹੋ ਕੇ ਲਿਖੀ ਸੀ।
ਬਹੁਤੇ ਵਿਦਵਾਨ ਆਲੋਚਕ ਕਹਾਣੀ ਦਾ ਸਾਰ ਅੰਸ਼ ਲਿਖ ਛੱਡਦੇ ਹਨ ਜਾਂ ਵਿਆਖਿਆ ਕਰਦੇ ਹਨ ਜਾਂ
ਘਾਟਾਂ ਦੱਸਣ ਲੱਗ ਪੈਂਦੇ ਹਨ। ਡਾ. ਸਰਬਜੀਤ ਜੀ ਕਹਿੰਦੇ ਸਨ, ‘‘ਸਭ ਤੋਂ ਔਖਾ ਕਵਿਤਾ ਦੀ
ਆਲੋਚਨਾ ਕਰਨਾ ਹੈ। ਕਹਾਣੀ ਦਾ ਕੀ ਹੈ। ਕਹਾਣੀ ਦਾ ਸਾਰ ਅੰਸ਼ ਜਾਂ ਵਿਆਖਿਆ ਕਰੀ ਜਾਂਦੇ ਨੇ।”
ਪਰ ਤੁਹਾਡਾ ਪਰਚਾ ਪੜ੍ਹ ਕੇ ਉਲਟ ਹੋ ਗਿਆ। ਲੱਗਾ ਕਿ ਕਹਾਣੀ ‘ਤੇ ਪਰਚਾ ਲਿਖਣਾ ਵੀ ਔਖਾ ਹੈ।
ਦਰਅਸਲ ਤੁਹਾਡੇ ਪਰਚੇ ਵਿਚੋਂ creativity ਨਜ਼ਰ ਆਈ। ਪਹਿਲਾਂ ਡਾ. ਰਜਿੰਦਰਪਾਲ ਸਿੰਘ ਹੁਰਾਂ
ਵੀ ਅੱਛਾ ਕੰਮ ਕੀਤਾ ਸੀ।
ਤੁਹਾਡੀ ਕਲਮ ਨੂੰ ਸਲਾਮ ਤੇ ਸ਼ੁਭ ਕਾਮਨਾਵਾਂ !
ਤੁਹਾਡਾ ਹਿਤੂ,
ਅਜਮੇਰ ਸਿੱਧੂ
-0-
|