ਜਲੰਧਰ ਆ ਕੇ ਮੈਂ ਇਥੋਂ
ਦੇ ਸਾਹਿਤਕ ਹਲਕਿਆਂ ਵਿੱਚ ਸਰਗਰਮੀ ਨਾਲ ਵਿਚਰਨ ਲੱਗਾ। ਪੰਜਾਬੀ ਲੇਖਕ ਸਭਾ ਜਲੰਧਰ ਦੇ
ਪ੍ਰਧਾਨ ਜਗਦੀਸ਼ ਸਿੰਘ ਵਰਿਆਮ ਅਤੇ ਜਨਰਲ ਸਕੱਤਰ ਗੁਰਬਖ਼ਸ਼ ਸਿੰਘ ਬੰਨੋਆਣਾ ਜਦੋਂ ਵੀ ਮਿਲਦੇ
ਤਾਂ ਕਹਿੰਦੇ, “ਅਸੀਂ ਚਾਹੁੰਦੇ ਹਾਂ ਤੁਹਾਡੀ ਅਗਵਾਈ ਵਿੱਚ ਸਭਾ ਵੱਲੋਂ ਕੋਈ ਕਹਾਣੀ-ਦਰਬਾਰ
ਜ਼ਰੂਰ ਕਰਵਾਇਆ ਜਾਵੇ।”
ਮੇਰੀ ਕਹਾਣੀ-ਦਰਬਾਰ ਕਰਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਸੀ। ਬਥੇਰੇ ਕਹਾਣੀ-ਦਰਬਾਰ ਪਿਛਲੇ
ਸਾਲਾਂ ਤੋਂ ਹੋ ਰਹੇ ਸਨ। ਮੈਂ ਇਸ ਵਿਚੋਂ ਕੀ ‘ਕੱਢਣਾ-ਪਾਉਣਾ’ ਸੀ! ਪਰ ਜਦੋਂ ਉਹ ਆਪਣੀ ਗੱਲ
‘ਤੇ ਅੜੇ ਹੀ ਰਹੇ ਤਾਂ ਮੈਂ ਕਿਹਾ, “ਚਾਰ-ਪੰਜ ਕਹਾਣੀਕਾਰਾਂ ਦੀਆਂ ਕਹਾਣੀਆਂ ਪੜ੍ਹਾਉਣ ਨਾਲ
ਕੀ ਹੋਵੇਗਾ! ਜਾਂ ਤਾਂ ਕਹਾਣੀ ਬਾਰੇ ਕੋਈ ਅਜਿਹਾ ਵਿਸ਼ਾਲ ਸਮਾਗ਼ਮ ਕਰਵਾਓ ਜਿਸਦੀ ਕੋਈ
ਸਾਹਿਤਕ-ਇਤਿਹਾਸਕ ਮਹੱਤਤਾ ਬਣੇ! ਤੁਹਾਡੀ ਸਭਾ ਦਾ ਨਾਂ ਵੀ ਹੋਵੇ ਕਿ ਹਾਂ, ਸਭਾ ਨੇ ਕੋਈ
ਵਿਲੱਖਣ ਸਮਾਗਮ ਕਰਵਾਇਆ ਹੈ।”
ਮੈਨੂੰ ਸਹਿਮਤ ਹੋਇਆ ਜਾਣ ਕੇ ਉਹਨਾਂ ਦੇ ਚਿਹਰੇ ਖਿੜ ਗਏ। ਸਭਾ ਦੇ ਕਿਸੇ ਵੀ ਮੈਂਬਰ ਦੀ
ਦਖ਼ਲ-ਅੰਦਾਜ਼ੀ ਤੋਂ ਬਗ਼ੈਰ ਆਪਣੀ ਮਰਜ਼ੀ ਨਾਲ ਸਮਾਗ਼ਮ ਕਰਵਾਉਣ ਦੀ ਖੁੱਲ੍ਹ ਦਿੰਦਿਆਂ ਉਹਨਾਂ ਨੇ
ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਾਅਦਾ ਕੀਤਾ। ਉਹ ਤਾਂ ਸਿਰਫ਼ ਇਹ ਚਾਹੁੰਦੇ ਸਨ ਕਿ ਸਮਾਗ਼ਮ
ਯਾਦਗ਼ਾਰੀ ਹੋਣਾ ਚਾਹੀਦਾ ਹੈ। ਉਹਨਾਂ ਦੀ ਜੁਗਿਆਸਾ ਤੇ ਗੰਭੀਰਤਾ ਵੇਖ ਕੇ ਮੈਂ ਕਰਵਾਏ ਜਾ
ਸਕਣ ਵਾਲੇ ਸਮਾਗ਼ਮ/ਸੈਮੀਨਾਰ ਦੀ ਰੂਪ-ਰੇਖ਼ਾ ਬਾਰੇ ਸੋਚਣ ਲੱਗਾ।
ਮੇਰੇ ਸਾਹਮਣੇ ਪਹਿਲਾਂ ਹੋ ਚੁੱਕੇ ਦੋ ਵੱਡੇ ਸੈਮੀਨਾਰਾਂ ਦਾ ਨਕਸ਼ਾ ਸੀ। ਇੱਕ ਸੈਮੀਨਾਰ
‘ਪੰਜਾਬੀ ਕਹਾਣੀ ਦੀਆਂ ਨਵੀਨ ਪ੍ਰਵਿਰਤੀਆਂ’ ਬਾਰੇ 1981 ਵਿੱਚ ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੇ ਜਲੰਧਰ ਵਿਚਲੇ ਰਿਜਨਲ ਸੈਂਟਰ ਵੱਲੋਂ ਜਲੰਧਰ ਵਿੱਚ ਅਤੇ ਦੂਜਾ ਉਸਤੋਂ ਕੁੱਝ
ਸਾਲ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹੀ ‘ਪੰਜਾਬੀ ਨਾਵਲ’ ਉੱਤੇ ਅੰਮ੍ਰਿਤਸਰ
ਵਿੱਚ ਕਰਵਾਇਆ ਗਿਆ ਸੀ। ਇਹਨਾਂ ਸੈਮੀਨਾਰਾਂ ਵਿੱਚ ਦੋਵਾਂ ਵਿਧਾਵਾਂ ਬਾਰੇ ਸੰਵਾਦ ਰਚਾਉਣ ਲਈ
ਪੰਜਾਬੀ ਜਗਤ ਦੇ ਪ੍ਰਸਿੱਧ ਵਿਦਵਾਨਾਂ/ਲੇਖਕਾਂ ਨੇ ਸ਼ਮੂਲੀਅਤ ਕੀਤੀ ਸੀ। ਦੋਵਾਂ ਸੈਮੀਨਾਰਾਂ
ਵਿੱਚ ਹੋਈ ਚਰਚਾ ਨੂੰ ਸੰਪਾਦਿਤ ਕਰਕੇ ਯੂਨੀਵਰਸਿਟੀ ਵੱਲੋਂ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਵੀ
ਕੀਤਾ ਗਿਆ ਸੀ। ਇਹਨਾਂ ਸੈਮੀਨਾਰਾਂ ਵਿੱਚ ਹੋਈ ਗੰਭੀਰ ਚਰਚਾ ਦੇ ਫ਼ਲਸਰੂਪ ਪੰਜਾਬੀ ਨਾਵਲ ਤੇ
ਕਹਾਣੀ ਬਾਰੇ ਨਵੀਆਂ ਅੰਤਰ-ਦ੍ਰਿਸ਼ਟੀਆਂ ਸਾਹਮਣੇ ਆਈਆਂ ਸਨ। ਉਸਤੋਂ ਬਾਅਦ ਵਿਦਵਾਨਾਂ ਦੀ
ਵੱਡੀ ਸ਼ਮੂਲੀਅਤ ਵਾਲਾ ਅਜਿਹਾ ਮਹੱਤਵਪੂਰਨ ਸੈਮੀਨਾਰ ਕਿਧਰੇ ਨਹੀਂ ਸੀ ਹੋਇਆ। ਪੰਜਾਬ ‘ਤੇ
ਲੰਮੇ ਕਾਲੇ ਪ੍ਰਛਾਵੇਂ ਛਾ ਗਏ ਸਨ।
ਦੋਪਾਸੀ ਦਹਿਸ਼ਤ ਦਾ ਦੌਰ ਤਾਂ ਅਜੇ ਵੀ ਚਾਲੂ ਸੀ। ਇਸ ਡਰਾਉਣੇ ਹਾਲਾਤ ਵਿੱਚ ਤੇ ਸਭਾ ਦੀ
ਕਮਜ਼ੋਰ ਆਰਥਕ ਸਥਿਤੀ ਦੇ ਰੂਬਰੂ ਅਜਿਹਾ ਸਮਾਗ਼ਮ/ ਸੈਮੀਨਾਰ ਕਰਵਾਉਣਾ ਨਾ-ਮੁਮਕਿਨ ਜਾਪਦਾ ਸੀ।
ਯੂਨੀਵਰਸਿਟੀ ਕੋਲ ਤਾਂ ਸੈਮੀਨਾਰ ਕਰਵਾਉਣ ਲਈ ਮਾਇਆ ਵੀ ਹੁੰਦੀ ਹੈ ਤੇ ਮਹਿਮਾਨਾਂ ਨੂੰ ਸੱਦਣ
ਤੇ ਸੰਭਾਲਣ ਦਾ ਪੂਰਾ ਜੁਗਾੜ ਵੀ। ਕਿਸੇ ਸਥਾਨਕ ਸਭਾ ਦੇ ਵਸੀਲੇ ਭਲਾ ਕਿੰਨੇ ਕੁ ਹੋ ਸਕਦੇ
ਹਨ! ‘ਨਾਂਹ’ ਸੁਣਨ ਦੀ ਪੂਰੀ ਆਸ ਵਿਚ, ਅਣਮੰਨੇ ਜਿਹੇ ਮਨ ਨਾਲ ਆਪਣੇ ਇਹਨਾਂ ਮਿੱਤਰਾਂ ਨਾਲ
‘ਵਿਸ਼ਾਲ ਕਹਾਣੀ ਗੋਸ਼ਟੀ’ ਕਰਵਾਉਣ ਦੀ ਯੋਜਨਾ ਸਾਂਝੀ ਕੀਤੀ ਤਾਂ ਉਹਨਾਂ ਨੂੰ ਸਗੋਂ ਹੋਰ ਚਾਅ
ਚੜ੍ਹ ਗਿਆ। ਉਹਨਾਂ ਨੇ ‘ਕਨਵੀਨਰ’ ਥਾਪ ਕੇ ਮੈਨੂੰ ਸਮਾਗ਼ਮ ਦੇ ਅਕਾਦਿਮਕ ਸੈਸ਼ਨ ਆਪਣੀ ਇੱਛਾ
ਨਾਲ ਕਰਵਾਉਣ ਦੇ ਸਾਰੇ ਅਖ਼ਤਿਆਰ ਸੌਂਪ ਦਿੱਤੇ ਤੇ ਬਾਕੀ ਸਾਰੇ ਪ੍ਰਬੰਧਾਂ ਦੀ ਜ਼ਿੰਮੇਵਾਰੀ
ਆਪਣੇ ਸਿਰ ਲੈ ਲਈ।
07-08 ਸਤੰਬਰ 1991 ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਏ ਜਾਣ ਵਾਲੀ ਇਸ
‘ਵਿਸ਼ਾਲ ਕਹਾਣੀ-ਗੋਸ਼ਟੀ’ ਦੀ ਚਰਚਾ ਪੰਜਾਬੀ ਦੇ ਸਾਹਿਤਕ ਜਗਤ ਵਿੱਚ ਪਹਿਲਾਂ ਹੀ ਬੜੇ
ਜ਼ੋਰ-ਸ਼ੋਰ ਨਾਲ ਚੱਲ ਰਹੀ ਸੀ। ਅਸੀਂ ਪਰੈੱਸ ਵਿੱਚ ਸੂਚਨਾ ਦੇਣ ਤੋਂ ਇਲਾਵਾ ਨਿੱਜੀ ਤੌਰ ‘ਤੇ
ਸੈਂਕੜੇ ਲੇਖਕਾਂ/ਵਿਦਵਾਨਾਂ ਨੂੰ ਚਿੱਠੀਆਂ ਲਿਖ ਕੇ ਕਹਾਣੀ-ਗੋਸ਼ਟੀ ਵਿੱਚ ਸ਼ਾਮਲ ਹੋਣ ਦਾ
ਸੱਦਾ ਦੇ ਕੇ ਉਹਨਾਂ ਦੀ ਹਾਜ਼ਰੀ ਦੀ ਪੇਸ਼ਗੀ ਸੂਚਨਾ ਵੀ ਮੰਗੀ ਸੀ। ਹਾਜ਼ਰ ਹੋਣ ਵਾਲੀਆਂ ਜਵਾਬੀ
ਚਿੱਠੀਆਂ ਦਾ ਪੁੱਜਾ ਢੇਰ ਵੇਖ ਕੇ ਅਸੀਂ ਹੋਣ ਵਾਲੇ ਸਮਾਗ਼ਮ ਦੀ ਸਫ਼ਲਤਾ ਦੀ ਆਸ ਵਿੱਚ ਫੁੱਲੇ
ਬੈਠੇ ਸਾਂ ਕਿ ਅਚਨਚੇਤ 7 ਸਤੰਬਰ ਨੂੰ ‘ਪੰਜਾਬ-ਬੰਦ’ ਕੀਤੇ ਜਾਣ ਦਾ ਐਲਾਨ ਹੋ ਗਿਆ। ਉਸ ਦਿਨ
ਕੋਈ ਬੱਸ-ਗੱਡੀ ਚੱਲਣ ਦੀ ਸੰਭਾਵਨਾ ਨਹੀਂ ਸੀ। ਅਜਿਹੀ ਸਥਿਤੀ ਵਿੱਚ ਲੇਖਕਾਂ ਵੱਲੋਂ ਨਾ
ਪਹੁੰਚ ਸਕਣ ਦੀ ਕਲਪਨਾ ਕਰ ਕੇ ਅਸੀਂ ਘਬਰਾ ਗਏ। ਪਰ ਲੇਖਕਾਂ ਦੇ ਮਨ ਵਿੱਚ ਵੀ ਇਸ ਸਮਾਗ਼ਮ
ਵਿੱਚ ਪਹੁੰਚਣ ਦੀ ਭਰਵੀਂ ਰੀਝ ਸੀ। ‘ਪੰਜਾਬ-ਬੰਦ’ ਨੂੰ ਧਿਆਨ ਵਿੱਚ ਰੱਖ ਕੇ ਬਹੁਤ ਸਾਰੇ
ਲੇਖਕ ਤਾਂ ਸਮਾਗ਼ਮ ਤੋਂ ਪਹਿਲੀ ਰਾਤ ਹੀ ਸਾਡੇ ਕੋਲ ਪਹੁੰਚ ਗਏ ਅਤੇ ਦੂਜੇ ਅਗਲੇ ਦਿਨ ਕਿਵੇਂ
ਨਾ ਕਿਵੇਂ ਆਪਣੀ ਸਵਾਰੀ ਦਾ ਪ੍ਰਬੰਧ ਕਰ ਕੇ ਵਿੰਗੇ-ਟੇਢੇ ਰਾਹਾਂ ਥਾਣੀਂ ਸਮੇਂ ਸਿਰ ਸਮਾਗ਼ਮ
ਵਿੱਚ ਆਣ ਹਾਜ਼ਰ ਹੋਏ। ਲਗਪਗ ਚਾਰ ਸੌ ਲੇਖਕਾਂ, ਆਲੋਚਕਾਂ ਅਤੇ ਵਿਦਵਾਨਾਂ ਦਾ ਭਰਵਾਂ ਇਕੱਠ
ਵੇਖ ਕੇ ਅਸੀਂ ਪ੍ਰਸੰਨ ਹੋ ਗਏ। ਕਿਸੇ ਇੱਕ ਵਿਧਾ ਉੱਤੇ ਰਚਾਏ ਜਾਣ ਵਾਲੇ ਸੰਵਾਦ ਬਾਰੇ ਇਹ
ਪਹਿਲਾ ਵਿਸ਼ਾਲ ਇਤਿਹਾਸਕ ਇਕੱਠ ਸੀ।
ਹਾਜ਼ਰੀ ਪੱਖੋਂ ਹੀ ਨਹੀਂ ‘ਪੰਜਾਬੀ ਕਹਾਣੀ’ ਬਾਰੇ ਗੰਭੀਰ ਤੇ ਬਹੁ-ਦਿਸ਼ਾਵੀ ਚਰਚਾ ਪੱਖੋਂ ਵੀ
ਇਹ ਸਮਾਗ਼ਮ ਲਾਸਾਨੀ ਸਿੱਧ ਹੋਇਆ। ਇਸ ਵਿੱਚ ਪੰਜਾਬੀ ਕਹਾਣੀ ਬਾਰੇ ਗੰਭੀਰ ਚਰਚਾ ਆਰੰਭਣ ਲਈ
ਅਸੀਂ ਪੰਜਾਬੀ ਦੇ ਲਗਭਗ ਸੱਠ ਬਿਹਤਰੀਨ ਕਹਾਣੀਕਾਰਾਂ ਕੋਲੋਂ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ
ਉੱਤਮ ਕਹਾਣੀ ਦੀ ਮੰਗ ਕੀਤੀ ਸੀ। ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਸੁਜਾਨ ਸਿੰਘ
ਅਤੇ ਸੰਤ ਸਿੰਘ ਸੇਖੋਂ ਤੋਂ ਲੈ ਕੇ ਬਿਲਕੁਲ ਨਵੇਂ ਪ੍ਰਤਿਭਾਵਾਨ ਕਹਾਣੀਕਾਰਾਂ ਵੱਲੋਂ ਆਈਆਂ
ਇਹ ਕਹਾਣੀਆਂ ਅਸੀਂ ਫ਼ੋਟੋ ਕਾਪੀਆਂ ਕਰਵਾ ਕੇ ਪਹਿਲਾਂ ਹੀ ਵਿਦਵਾਨ ਆਲੋਚਕਾਂ ਤੱਕ ਪਹੁੰਚਾ
ਦਿੱਤੀਆਂ ਤਾਂ ਕਿ ਉਹ ਇਹਨਾਂ ਉੱਤਮ ਕਹਾਣੀਆਂ ਦੇ ਹਵਾਲੇ ਨਾਲ ਪੰਜਾਬੀ ਕਹਾਣੀ ਬਾਰੇ ਕੋਈ
ਨਿਰਣਾਜਨਕ ਚਰਚਾ ਛੇੜ ਸਕਣ। ਨਿਸਚੈ ਹੀ ਏਨੇ ਵਿਦਵਾਨਾਂ ਦੇ ਏਡੇ ਵੱਡੇ ਇਕੱਠ ਨੂੰ ਸਾਂਭਣ ਤੇ
ਹੋਰ ਖ਼ਰਚਿਆਂ ਲਈ ਬਹੁਤ ਸਾਰੀ ਮਾਇਆ ਦੀ ਲੋੜ ਸੀ। ਇਸ ਮਾਇਆ ਦਾ ਕੁੱਝ ਹਿੱਸਾ ਤਾਂ
‘ਸਭਿਆਚਾਰਕ ਵਿਭਾਗ’ ਵੱਲੋਂ ਦਿੱਤਾ ਗਿਆ ਤੇ ਬਾਕੀ ਦਾ ਪੰਜਾਬੀ ਲੇਖਕ ਸਭਾ ਜਲੰਧਰ ਵਾਲੇ
ਮਿੱਤਰਾਂ ਨੇ ਆਪਣੀਆਂ ਸਾਂਝਾਂ ਤੇ ਵਸੀਲਿਆਂ ਤੋਂ ਮੰਗ-ਮੰਗਾ ਕੇ ਪੂਰਾ ਕੀਤਾ ਪਰ ਥੁੜ ਇੱਕ
ਪੈਸੇ ਦੀ ਨਾ ਆਉਣ ਦਿੱਤੀ। ਦਿਲਚਸਪ ਗੱਲ ਇਹ ਕਿ ਉਹਨਾਂ ਨੇ ਦੋਵੇਂ ਦਿਨ ਸਟੇਜ ਮੈਨੂੰ ਸੌਂਪ
ਕੇ ਤੇ ਆਪ ਸਟੇਜ ਤੋਂ ਹੇਠਾਂ ਰਹਿ ਕੇ, ਬਿਨਾਂ ਆਪਣੀ ਹੋਂਦ ਜਤਾਇਆਂ ਮੇਰੀ ਇੱਛਾ ਮੁਤਾਬਕ
ਸਾਰਾ ਪ੍ਰਬੰਧ ਸਾਂਭੀ ਰੱਖਿਆ।
7 ਸਤੰਬਰ, 1991 ਨੂੰ ਸਵੇਰ ਦੇ ਸੈਸ਼ਨ ਵਿੱਚ ਕੁੱਝ ਪ੍ਰਤੀਨਿਧ ਕਹਾਣੀਆਂ ਦਾ ਪਾਠ ਵੀ ਕਰਵਾਇਆ
ਗਿਆ। ਪਹਿਲਾਂ ਹੀ ਕਹਾਣੀਆਂ ਪੜ੍ਹੀਆਂ ਹੋਈਆਂ ਹੋਣ ਕਰਕੇ ਹਰ ਇੱਕ ਵਿਦਵਾਨ ਤੇ ਲੇਖਕ ਪੰਜਾਬੀ
ਕਹਾਣੀ ਬਾਰੇ ਆਪਣਾ ਨਿਸਚਿਤ ਮੱਤ ਪੇਸ਼ ਕਰਨ ਲਈ ਕਾਹਲਾ ਸੀ। ਮੰਚ ਦਾ ਪ੍ਰਬੰਧ ਕਿਉਂਕਿ ਮੇਰੇ
ਕੋਲ ਹੀ ਸੀ; ਇਸ ਲਈ ‘ਜਨਤਕ ਮੰਗ’ ਤੇ ਕਹਾਣੀਆਂ ਦਾ ਪਾਠ ਰੋਕ ਕੇ ਖੁੱਲ੍ਹੀ ਬਹਿਸ ਦਾ ਆਰੰਭ
ਕਰ ਦਿੱਤਾ ਗਿਆ। 7 ਸਤੰਬਰ ਦੀ ਸ਼ਾਮ ਤੋਂ ਦੇਰ ਰਾਤ ਤੱਕ ਅਤੇ 8 ਸਤੰਬਰ ਦਾ ਪੂਰਾ ਦਿਨ
ਖੁੱਲ੍ਹੀ ਬਹਿਸ ਲਈ ਵਕਫ਼ ਕਰ ਦਿੱਤਾ। ਸੁਜਾਨ ਸਿੰਘ ਤੇ ਸੰਤੋਖ ਸਿੰਘ ਧੀਰ ਵਰਗੇ ਵੱਡੇ
ਸੀਨੀਅਰ ਕਥਾਕਾਰਾਂ ਆਪਣੇ ਉਦਘਾਟਨੀ ਭਾਸ਼ਨਾਂ ਵਿੱਚ ਪੰਜਾਬੀ ਕਹਾਣੀ ਬਾਰੇ ਆਪਣਾ ਇੱਕ ਨਿਸਚਿਤ
ਮੱਤ ਵੀ ਪਾਠਕਾਂ ਸਾਹਮਣੇ ਰੱਖਿਆ। ਸੁਜਾਨ ਸਿੰਘ ਨੇ ਪੰਜਾਬੀ ਕਹਾਣੀ ਵਿੱਚ ਆਏ ਵਿਧਾ-ਗਤ
ਬਦਲਾਵਾਂ ਦੀ ਚਰਚਾ ਕਰਦਿਆਂ ਲਿਖੀ ਜਾ ਰਹੀ ਨਵੀਂ ਕਹਾਣੀ ਵਿੱਚ ਉਹਨਾਂ ਦੇ ਆਪਣੇ ਵੇਲੇ ਲਿਖੀ
ਜਾਂਦੀ ਕਹਾਣੀ ਵਿੱਚ ਪੇਸ਼ ‘ਸਤਹ ‘ਤੇ ਪਏ ਪ੍ਰਗਤੀਵਾਦ’ ਦੇ ਹੁਣ ਦੀ ਕਹਾਣੀ ਵਿੱਚ ‘ਗਹਿਰੇ
ਉੱਤਰ ਜਾਣ’ ਦੀ ਪ੍ਰਵਿਰਤੀ ਨੂੰ ਉਭਾਰਿਆ ਜਦ ਕਿ ਸੰਤੋਖ ਸਿੰਘ ਧੀਰ ਨੇ ਪੰਜਾਬੀ ਦੀਆਂ
ਚੰਗੀਆਂ ਕਹਾਣੀਆਂ ਦੇ ਤੁਲਨਾਤਮਕ ਹਵਾਲੇ ਦੇ ਕੇ ਇਸਨੂੰ ਵਿਸ਼ਵ ਦੀ ਚੰਗੀ ਕਹਾਣੀ ਨਾਲ ਬਰ
ਮੇਚਣ ਵਾਲੀ ਕਹਾਣੀ ਐਲਾਨਿਆਂ। ਪੰਜਾਬੀ ਕਹਾਣੀ ‘ਤੇ ਲਿਖੇ ਖੋਜ-ਪੱਤਰ ਵੀ ਪੜ੍ਹੇ ਗਏ ਤੇ
ਪੰਜਾਬੀ ਕਹਾਣੀਕਾਰਾਂ ਅਤੇ ਆਲੋਚਕਾਂ ਦੇ ਇਸ ਅਭੂਤਪੂਰਵ ਇਕੱਠ ਵਿੱਚ ਚੰਗਿਆੜੇ ਛੱਡਦੀ ਬਹਿਸ
ਵਿੱਚੋਂ ਨਵੀਂ ਪੰਜਾਬੀ ਕਹਾਣੀ ਦੇ ਸਰੂਪ ਅਤੇ ਰੁਝਾਨ ਸੰਬੰਧੀ ਬਹੁਤ ਹੀ ਮਹੱਤਵਪੂਰਨ ਨੁਕਤੇ
ਵੀ ਉੱਭਰ ਕੇ ਸਾਹਮਣੇ ਆਏ। ਲਗਭਗ ਪੰਜਾਬੀ ਦੀਆਂ ਦੋ ਸੌ ਕਹਾਣੀਆਂ ਇਸ ਚਰਚਾ ਵਿੱਚ ਪੜਚੋਲੀਆਂ
ਗਈਆਂ ਤੇ ਉਸ ਆਧਾਰ ਉੱਤੇ ਪੰਜਾਬੀ ਕਹਾਣੀ ਬਾਰੇ ਕੁੱਝ ਨਿਰਣੈ ਪਹਿਲੀ ਵਾਰ ਲਏ ਗਏ।
ਇਸ ਗੋਸ਼ਟੀ ਵਿੱਚ ਹਰੇਕ ਲੇਖਕ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਗਿਆ। ਇਥੋਂ ਤੱਕ ਕਿ
ਪਿਛਲੇ ਸਾਲਾਂ ਤੋਂ ਹੋ ਰਹੀ ਮੇਰੀ ਚਰਚਾ ਤੋਂ ਦੁਖੀ ਤੇ ਭਰੇ-ਪੀਤੇ ਇੱਕ ਕਥਾਕਾਰ ਨੂੰ ਮੈਂ
ਆਪ ਸੱਦਾ ਦੇ ਕੇ ਆਪਣੇ ਮਨ ਦੀ ਗੱਲ ਸਾਰਿਆਂ ਨਾਲ ਸਾਂਝੀ ਕਰਨ ਲਈ ਆਖਿਆ। ਮੈਂ ਸਟੇਜ ਤੋਂ
ਵਾਰ ਵਾਰ ਐਲਾਨ ਕਰ ਰਿਹਾ ਸਾਂ ਕਿ ਜੋ ਵੀ ਸਟੇਜ ‘ਤੇ ਆ ਕੇ ਆਪਣੀ ਗੱਲ ਕਹਿਣਾ ਚਾਹੁੰਦਾ ਹੈ,
ਉਸਨੂੰ ਬਿਨਾਂ ਕਿਸੇ ਵਿਤਕਰੇ ਜਾਂ ਭੇਦ-ਭਾਵ ਦੇ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਵੇਗਾ।
8 ਨਵੰਬਰ ਵਾਲੇ ਦਿਨ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਕੁੱਝ ਕਾਰਕੁਨ ਵੀ ਸਮਾਗ਼ਮ ਵਿੱਚ ਆਣ ਵੜੇ
ਤੇ ‘ਆਪਣੀ ਗੱਲ’ ਕਹਿਣ ਲਈ ਮੇਰੇ ਕੋਲੋਂ ਸਮਾਂ ਮੰਗਣ ਲੱਗੇ। ਇਹਨਾਂ ਵਿੱਚ ਕੁੱਝ ਮੇਰੇ ਆਪਣੇ
ਕਾਲਜ ਦੇ ਮੁੰਡੇ ਵੀ ਸਨ। ਮੁੰਡਿਆਂ ਦਾ ਲਗਭਗ ਇਹੋ ਗਰੁੱਪ ਕੁੱਝ ਦਿਨ ਪਹਿਲਾਂ, ਪਹਿਲੀ
ਨਵੰਬਰ ਨੂੰ ਕਰਵਾਏ ਗਏ ‘ਗ਼ਦਰੀ ਬਾਬਿਆਂ ਦੇ ਮੇਲੇ’ ‘ਤੇ ਵੀ ਮੇਰੇ ਕੋਲ ਆਇਆ ਸੀ। ਮੇਲੇ ਦੀ
ਸਟੇਜ ਦਾ ਪ੍ਰਬੰਧ ਮੇਰੇ ਕੋਲ ਹੋਣ ਕਰਕੇ ਉਹ ਆਖ ਰਹੇ ਸਨ ਕਿ ਮੈਂ ਸਟੇਜ ਉੱਤੋਂ ਕੁੱਝ ਦਿਨ
ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਲਾਇਲਪੁਰ ਖ਼ਾਲਸਾ ਕਾਲਜ ਦੇ ਫ਼ੈਡਰੇਸ਼ਨ-ਪ੍ਰਧਾਨ ਦੀ
ਗ੍ਰਿਫ਼ਤਾਰੀ ਦੀ ਨਿੰਦਿਆ ਕਰਾਂ ਕਿਉਂਕਿ ਉਹ ਵੀ ਤਾਂ ਗ਼ਦਰੀ ਬਾਬਿਆਂ ਵਾਂਗ ਹੀ ‘ਆਜ਼ਾਦੀ ਦੀ
ਲੜਾਈ’ ਲੜ ਰਿਹਾ ਸੀ! ਮੈਂ ਉਹਨਾਂ ਦੀ ‘ਲੜਾਈ’ ਨਾਲ ਸਹਿਮਤ ਨਹੀਂ ਸਾਂ। ਉਹਨਾਂ ਦੀ ਗੱਲ
ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਅੱਜ ਉਹ ਕਹਿ ਰਹੇ ਸਨ ਕਿ ਮੇਲੇ ਦੀ ਸਟੇਜ ਤਾਂ ਤੁਸੀਂ
ਕਹਿੰਦੇ ਸੀ ਕਿ ‘ਦੇਸ਼ ਭਗਤ ਯਾਦਗ਼ਾਰ’ ਕਮੇਟੀ ਦੀ ਸਟੇਜ ਹੈ ਪਰ ਅੱਜ ਦੀ ਸਟੇਜ ਦੇ ਤਾਂ
ਇਨਚਾਰਜ ਤੁਸੀਂ ਖ਼ੁਦ ਹੀ ਹੋ। ਮੈਂ ਉਹਨਾਂ ਨੂੰ ਟਾਲਣਾ ਚਾਹੁੰਦਾ ਸਾਂ। ਸਮਝਾਇਆ ਕਿ ਏਥੇ ਤਾਂ
ਕੇਵਲ ਸਾਹਿਤਕ ਮਸਲਿਆਂ ‘ਤੇ ਅਤੇ ਖ਼ਾਸ ਤੌਰ ‘ਤੇ ਕਹਾਣੀ ਬਾਰੇ ਹੀ ਗੱਲ ਹੋ ਸਕਦੀ ਹੈ। ਉਹਨਾਂ
‘ਸਾਹਿਤਕ ਮਸਲੇ’ ‘ਤੇ ਹੀ ਬੋਲਣ ਦਾ ਵਾਅਦਾ ਕੀਤਾ। ਉਹਨਾਂ ਦੀ ਇਸੇ ਭਾਵਨਾ ਨੂੰ ਸਰੋਤਿਆਂ
ਨਾਲ ਸਾਂਝਾ ਕਰ ਕੇ ਮੈਂ ਉਹਨਾਂ ਵਿਚੋਂ ਇੱਕ ਜਣੇ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ।
ਮੈਂ ਚੱਲਦੇ ਸਮਾਗ਼ਮ ਵਿੱਚ ਖ਼ਾਹ-ਮ-ਖ਼ਾਹ ਬਦਮਗਜ਼ੀ ਪੈਦਾ ਹੋਣ ਤੋਂ ਬਚਣਾ ਚਾਹੁੰਦਾ ਸਾਂ।
ਫ਼ੈਡਰੇਸ਼ਨ ਦੇ ਬੁਲਾਰੇ ਨੇ ਕੁੱਝ ਇਸ ਢੰਗ ਨਾਲ ਗੱਲ ਸ਼ੁਰੂ ਕੀਤੀ ਕਿ ਉਹ ਵੀ ਸਾਹਿਤਕਾਰਾਂ ਦਾ
ਸਤਿਕਾਰ ਕਰਦੇ ਹਨ ਪਰ ਇਹ ਵੀ ਚਾਹੁੰਦੇ ਹਨ ਕਿ ਸਾਹਿਤਕਾਰ ਇਸ ਸਮੇਂ ‘ਲੜੇ ਜਾ ਰਹੇ ਘੋਲ’
ਬਾਰੇ ਵੀ ਆਪਣਾ ਫ਼ਰਜ਼ ਪਛਾਨਣ! ਸਰੋਤਿਆਂ ਵਿਚੋਂ ਕਿਸੇ ਨੇ ਪੁੱਛਿਆ ਕਿ ‘ਕੀ ਪਾਸ਼ ਦਾ ਕਤਲ
ਸਾਹਿਤਕਾਰਾਂ ਦੇ ਕੀਤੇ ਜਾਣ ਵਾਲੇ ਓਸੇ ‘ਸਤਿਕਾਰ’ ਦਾ ਹਿੱਸਾ ਸੀ!’ ਉਹ ਅੱਗੋਂ ਕਹਿਣ ਲੱਗਾ
ਕਿ ‘ਪਾਸ਼ ਨੂੰ ਸਾਹਿਤਕਾਰ ਹੋਣ ਕਰਕੇ ਕਤਲ ਨਹੀਂ ਕੀਤਾ ਗਿਆ-।” ਅਜੇ ਗੱਲ ਉਸਦੇ ਮੂੰਹ ਵਿੱਚ
ਹੀ ਸੀ ਕਿ ਸਰੋਤਿਆਂ ਵੱਲੋਂ ਉਸਦੇ ਬੋਲਣ ‘ਤੇ ਇਤਰਾਜ਼ ਕੀਤਾ ਗਿਆ। ਮੈਂ ਉਸਦੀ ਬਾਂਹ ਨੂੰ
ਕਰੜਾਈ ਨਾਲ ਫੜ੍ਹ ਕੇ ਬੋਲਣਾ ਬੰਦ ਕਰਨ ਲਈ ਕਿਹਾ। ਉਹ ਰੌਲੇ ਗੌਲੇ ਵਿੱਚ ਬੋਲੀ ਜਾ ਰਿਹਾ
ਸੀ। ਮੈਂ ਉਸਦੀ ਧੌਣ ਦੁਆਲੇ ਬਾਂਹ ਵਲਾਈ ਤੇ ਉਸਨੂੰ ਧੱਕ ਕੇ ਸਟੇਜ ਤੋਂ ਲਾਹ ਦਿੱਤਾ।
ਪੰਜ-ਸੱਤ ਜਣੇ ਮੰਚ ਦੇ ਸਾਹਮਣੇ ਖਲੋ ਕੇ ਰੌਲਾ ਪਾਉਂਦੇ, ਬਾਹਵਾਂ ਹਿਲਾਉਂਦੇ,
‘ਹਾਲ-ਪਾਹਰਿਆ’ ਕਰਦੇ ਇਹ ਕਹਿੰਦੇ ਹਾਲ ਵਿਚੋਂ ਬਾਹਰ ਚਲੇ ਗਏ, “ਸਾਨੂੰ ਧੱਕੇ ਦੇ ਕੇ ਸਟੇਜ
ਤੋਂ ਲਾਹਿਆ ਗਿਐ। ਬੋਲਣ ਨਹੀਂ ਦਿੱਤਾ ਗਿਆ। ਸਾਡੀ ਬਹੁਤ ਬੇਇਜ਼ਤੀ ਕੀਤੀ ਗਈ ਹੈ! ਕੋਈ ਨਹੀਂ,
ਅਸੀਂ ਵੀ ਇਸ ਬੇਇਜ਼ਤੀ ਦਾ ਬਦਲਾ ਜ਼ਰੂਰ ਲਵਾਂਗੇ।”
ਵੇਖਣ ਨੂੰ ਤਾਂ ਇਹ ਘਟਨਾ ਛੋਟੀ ਜਿਹੀ ਸੀ ਪਰ ਉਹਨਾਂ ਦੀ ਧਮਕੀ ਦੇ ਦੂਰ-ਰਸ ਸਿੱਟੇ ਵੀ ਨਿਕਲ
ਸਕਦੇ ਸਨ! ਅਸਲ ਵਿੱਚ ਇਹਨਾਂ ਮੁੰਡਿਆਂ ਨੂੰ ਮੇਰਾ ‘ਅੱਤਵਾਦ-ਵਿਰੋਧੀ’ ਲੇਖਕ ਹੋਣਾ ਰੜਕਦਾ
ਸੀ ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਨਾਲ ਪੰਗਾ ਲਈ ਰੱਖਣਾ ਚਾਹੁੰਦੇ ਸਨ। ਇਹ ਤਾਂ
ਸ਼ੁਕਰ ਹੋਇਆ ਕਿ ਇੱਕ-ਅੱਧੇ ਸਾਲ ਦੇ ਅੰਦਰ ਅੰਦਰ ਉਹਨਾਂ ਦਾ ਜ਼ੋਰ ਘਟ ਗਿਆ ਤੇ ਸਰਕਾਰ ਦਾ
ਦਬਾਓ ਵਧ ਗਿਆ। ‘ਮੈਨੂੰ ਸਬਕ ਸਿਖਾਉਣ’ ਦਾ ਐਲਾਨ ਕਰਨ ਵਾਲੇ ਆਪ ਬਦੇਸ਼ਾਂ ਵਿੱਚ ਜਾ ਲੁਕੇ।
ਪਰ ਕੁਲ ਮਿਲਾ ਕੇ ਇਹ ‘ਵਿਸ਼ਾਲ ਕਹਾਣੀ ਗੋਸ਼ਟੀ’ ਮਿੱਠੀਆਂ ਯਾਦਾਂ ਦਾ ਖ਼ਜ਼ਾਨਾ ਛੱਡ ਗਈ।
‘ਗੋਸ਼ਟੀ’ ਦੀ ਅਪਾਰ ਸਫ਼ਲਤਾ ਤੋਂ ਬਾਅਦ ਲੇਖਕ ਪੁੱਛਣ ਲੱਗੇ ਕਿ ਹੁਣ ਫੇਰ ਇਹੋ ਜਿਹਾ ਯਾਦਗ਼ਾਰੀ
ਸਮਾਗ਼ਮ ਕਦੋਂ ਕਰਵਾਇਆ ਜਾਵੇਗਾ!
ਅਜਿਹੇ ਸਮਾਗ਼ਮ ਕਰਵਾਉਣੇ ਕੋਈ ਖੇਡ ਨਹੀਂ ਸਨ। ਘੱਟੋ-ਘੱਟ ਸੱਠ-ਸੱਤਰ ਹਜ਼ਾਰ ਰੁਪਈਆ ਇਸ ‘ਤੇ
ਖ਼ਰਚਾ ਹੋਇਆ ਸੀ ਪਰ ਮੇਰੇ ਮਿੱਤਰਾਂ ਨੂੰ ਗੋਸ਼ਟੀ ਦੀ ਬੇਮਿਸਾਲ ਸਫ਼ਲਤਾ ਤੇ ਚਰਚਾ ਨੇ
ਨਸਿਅ਼ਾਇਆ ਹੋਇਆ ਸੀ। ਉਹ ਇਸ ਮਹਾਂ-ਸਮਾਗ਼ਮ ਨੂੰ ਆਪਣੇ ਖ਼ਾਤੇ ਵਿੱਚ ਪਾ ਕੇ ਧੰਨ-ਧੰਨ ਸਨ ਤੇ
ਜੇ ਮੈਂ ਚਾਹਵਾਂ ਤਾਂ ਉਹ ਅਜਿਹੇ ਹੀ ਕਿਸੇ ਹੋਰ ਯਾਦਗ਼ਾਰੀ ਸਮਾਗ਼ਮ ਦਾ ਭਾਰ ਖ਼ੁਸ਼ੀ ਖ਼ੁਸ਼ੀ ਆਪਣੇ
ਸਿਰ ਚੁੱਕਣ ਲਈ ਤਿਆਰ ਸਨ।
ਉਹਨਾਂ ਦੀ ਇਸ ਰੀਝ ਨੂੰ ਪੂਰਾ ਕਰਨ ਦਾ ਮੌਕਾ ਫਿਰ ਆ ਗਿਆ। ਮੈਂ ਉਹਨੀਂ ਦਿਨੀਂ ਪੰਜਾਬ
ਸਾਹਿਤ ਅਕਾਦਮੀ, ਚੰਡੀਗੜ੍ਹ ਦੀ ਕਾਰਜਕਾਰਨੀ ਦਾ ਮੈਂਬਰ ਸਾਂ। ਅਕਾਦਮੀ ਦੀ ਵੱਖ ਵੱਖ
ਸਾਹਿਤਕ-ਅਦਾਰਿਆਂ ਦਾ ਸਹਿਯੋਗ ਲੈ ਕੇ ਵਿਭਿੰਨ ਸਾਹਿਤਕ ਵਿਧਾਵਾਂ ਬਾਰੇ ਸੈਮੀਨਾਰ ਕਰਵਾਉਣ
ਦੀ ਯੋਜਨਾ ਸੀ। ਇਸੇ ਯੋਜਨਾ ਅਧੀਨ ਮੈਂ ਪੰਜਾਬੀ ਲੇਖਕ ਸਭਾ ਜਲੰਧਰ ਵਾਲੇ ਬੇਲੀਆਂ ਨੂੰ ਫਿਰ
ਤੋਂ ਵੰਗਾਰਿਆ ਤਾਂ ਉਹ ਖ਼ੁਸ਼ੀ ਖ਼ੁਸ਼ੀ ਰਾਜ਼ੀ ਹੋ ਗਏ। ਦੋਵਾਂ ਅਦਾਰਿਆਂ ਦੇ ਆਪਸੀ ਸਹਿਯੋਗ ਨਾਲ
ਹੋਣ ਵਾਲੇ ‘ਕਹਾਣੀ-ਉਤਸਵ’ ਦਾ ਕਨਵੀਨਰ ਪਹਿਲਾਂ ਵਾਂਗ ਹੀ ਮੈਨੂੰ ਥਾਪਿਆ ਗਿਆ।
6/7 ਨਵੰਬਰ 1993 ਨੂੰ ਪਹਿਲੇ ਸਮਾਗ਼ਮ ਤੋਂ ਲਗਭਗ ਦੋ ਸਾਲ ਬਾਅਦ ਜਲੰਧਰ ਦੇ ਦੇਸ਼ ਭਗਤ
ਯਾਦਗ਼ਾਰ ਹਾਲ ਵਿੱਚ ਫਿਰ ਤੋਂ ਲੇਖਕ/ਵਿਦਵਾਨ ਪਹਿਲਾਂ ਵਾਂਗ ਹੀ ਭਰਪੂਰ ਹਾਜ਼ਰੀ ਵਿੱਚ ਜੁੜ
ਬੈਠੇ। ਪਹਿਲੀ ‘ਵਿਸ਼ਾਲ ਕਹਾਣੀ ਗੋਸ਼ਟੀ’ ਵਿੱਚ ਰਹਿ ਗਿਈਆਂ ਕੁੱਝ ਘਾਟਾਂ ਨੂੰ ਮੁੱਖ ਰੱਖ ਕੇ
ਅਸੀਂ ਇਸ ਵਾਰ ‘ਖੁੱਲ੍ਹੀ ਬਹਿਸ’ ਦੀ ਥਾਂ ਪੰਜਾਬੀ ਕਹਾਣੀ ‘ਤੇ ਯੋਜਨਾ ਪੂਰਵਕ ਬਹਿਸ ਕਰਵਾਉਣ
ਲਈ ਕਹਾਣੀ ਦੇ ਵੱਖ ਵੱਖ ਪੱਖਾਂ ਉੱਤੇ ਖੋਜ-ਪੱਤਰ ਲਿਖਵਾਏ। ਨਵੇਂ ਉੱਭਰ ਰਹੇ ਕਹਾਣੀਕਾਰਾਂ
ਬਾਰੇ ਚਰਚਾ ਵੀ ਕਰਵਾਈ। ਇਹਨਾਂ ਖੋਜ-ਪੱਤਰਾਂ ‘ਤੇ ਹੋਈ ਬਹਿਸ ਵਿੱਚ ਕੁੱਝ ਹੋਰ ਨਵੇਂ ਨੁਕਤੇ
ਵੀ ਉੱਭਰ ਕੇ ਸਾਹਮਣੇ ਆਏ। ਇਸਤੋਂ ਇਲਾਵਾ ਲੇਖਕ-ਪਾਠਕ-ਆਲੋਚਕ ਸੰਵਾਦ ਵੀ ਰਚਾਇਆ ਗਿਆ।
ਇਹ ਕਹਾਣੀ ਉਤਸਵ ਵੀ ਆਪਣੀਆਂ ਯਾਦਗ਼ਾਰੀ ਪੈੜਾਂ ਛੱਡ ਗਿਆ।
ਇਹਨਾਂ ਦੋ ਯਾਦਗ਼ਾਰੀ ਮਹਾਂ-ਸਮਾਗਮਾਂ ਦੀ ਇਤਿਹਾਸਕ ਮਹੱਤਤਾ ਨੂੰ ਸਮਝਦਿਆਂ ਹੋਇਆਂ ‘ਪੰਜਾਬ
ਸਾਹਿਤ ਅਕਾਦਮੀ’ ਚੰਡੀਗੜ੍ਹ ਨੇ ਸਮਾਗ਼ਮਾਂ ਵਿੱਚ ਪੜ੍ਹੇ ਪਰਚਿਆਂ ‘ਤੇ ਹੋਈ ਬਹਿਸ ਨੂੰ
ਸੰਪਾਦਿਤ ਕਰਕੇ ਪੁਸਤਕ ਰੂਪ ਵਿੱਚ ਛਾਪਣ ਦਾ ਨਿਰਣਾ ਲਿਆ। ਸਾਡੇ ਕੋਲ ਸਬੱਬ ਨਾਲ ਦੋਵਾਂ
ਸਮਾਗ਼ਮਾਂ ਦੀ ਆਡੀਓ-ਵੀਡੀਓ ਰੀਕਾਰਿਡਿੰਗ ਮੌਜੂਦ ਸੀ। ਮੈਂ ਸਾਰੀ ਕਾਰਵਾਈ ਨੂੰ ਲਿਖਿਆ,
ਸੋਧਿਆ ਤੇ ਸੰਪਾਦਤ ਕੀਤਾ। ਉਦਘਾਟਨੀ ਤੇ ਪ੍ਰਧਾਨਗੀ ਭਾਸ਼ਨਾਂ ਤੋਂ ਇਲਾਵਾ ਪੜ੍ਹੇ ਗਏ ਪਰਚਿਆਂ
ਨੂੰ ਸੰਖੇਪ ਤੇ ਸੰਤੁਲਿਤ ਕਰ ਕੇ ਤਰਤੀਬ ਵਿੱਚ ਬੰਨ੍ਹਣ ਲਈ ਵਿਦਵਾਨਾਂ ਕੋਲੋਂ ਦੁਬਾਰਾ
ਲਿਖਵਾਇਆ। ਇਹ ਪੁਸਤਕ ‘ਪੰਜਾਬੀ ਕਹਾਣੀ ਆਲੋਚਨਾ-ਰੂਪ ਤੇ ਰੁਝਾਨ’ ਦੇ ਨਾਮ ਹੇਠਾਂ 1995
ਵਿੱਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਹੋਈ। ਅੱਜ-ਕੱਲ੍ਹ ਪੰਜਾਬੀ
ਕਹਾਣੀ ਬਾਰੇ ਖੋਜ ‘ਤੇ ਚਰਚਾ ਕਰਨ ਵਾਲਿਆਂ ਵਾਸਤੇ ਇਹ ਹਵਾਲਾ-ਪੁਸਤਕ ਬਣ ਗਈ ਹੈ।
ਲੇਖਕਾਂ/ਵਿਦਵਾਨਾਂ ਦੀ ਜ਼ੋਰਦਾਰ ਮੰਗ ‘ਤੇ ਜਲੰਧਰ ਵਿੱਚ ਹੀ ਨਵੰਬਰ 1997 ਵਿੱਚ ਪੰਜਾਬ
ਸਾਹਿਤ ਅਕਾਦਮੀ, ਚੰਡੀਗੜ੍ਹ ਤੇ ਪੰਜਾਬੀ ਲੇਖਕ ਸਭਾ, ਜਲੰਧਰ ਦੇ ਆਪਸੀ-ਸਹਿਯੋਗ ਨਾਲ ਫਿਰ
ਤੋਂ ਤੀਜਾ ਦੋ-ਰੋਜ਼ਾ ‘ਕਹਾਣੀ ਉਤਸਵ’ ਕਰਵਾਇਆ ਗਿਆ। ਇਸ ਵਾਰ ਵੀ ਇਸ ਸਮਾਗ਼ਮ ਦਾ ਕਨਵੀਨਰ ਮੈਂ
ਹੀ ਸਾਂ। ਇਸ ਵਿੱਚ ਪਿਛਲੇ ਸਮਾਗ਼ਮਾਂ ਵਿੱਚ ਰਹਿ ਗਏ ਨੁਕਤਿਆਂ ‘ਤੇ ਖੋਜ-ਪੱਤਰ ਲਿਖਵਾ ਕੇ
ਚਰਚਾ ਕਰਵਾਈ ਗਈ। ਭਰਪੂਰ ਹਾਜ਼ਰੀ ਅਤੇ ਸੰਵਾਦ ਦੀ ਉੱਚੀ ਪੱਧਰ ਨੂੰ ਲੈ ਕੇ ਇਹ ਸਮਾਗ਼ਮ ਵੀ
ਪਹਿਲੇ ਦੋ ਸਮਾਗ਼ਮਾਂ ਵਾਂਗ ਹੀ ਲੇਖਕਾਂ ਦੇ ਚੇਤਿਆਂ ਦਾ ਹਿੱਸਾ ਬਣ ਗਿਆ। ਵਿਛੜਨ ਲੱਗੇ
ਸਾਹਿਤਕਾਰ ਮਿੱਤਰ ‘ਅਗਲਾ ਪ੍ਰੋਗਰਾਮ ਛੇਤੀ ਕਰਵਾਉਣ’ ਦਾ ਵਾਅਦਾ ਮੰਗ ਰਹੇ ਸਨ!
ਬਾਅਦ ਵਿੱਚ ਬਲਦੇਵ ਧਾਲੀਵਾਲ ਨੇ ਇਹਨਾਂ ਕਹਾਣੀ-ਉਤਸਵਾਂ ਦੇ ਹਵਾਲੇ ਨਾਲ ‘ਨਵਾਂ-ਜ਼ਮਾਨਾਂ’
ਦੇ ਕਾਲਮਾਂ ਵਿੱਚ ਇਹ ਵੀ ਲਿਖਿਆ ਕਿ ਲੇਖਕ ਮਿੱਤਰ ਆਪਣੇ ਧੀਆਂ-ਪੁੱਤਾਂ ਦੇ ਵਿਆਹ ਦੀ ਤਰੀਕ
ਮਿਥਣ ਲੱਗੇ ਹੁਣ ਇਹ ਧਿਆਨ ਰੱਖਣ ਲੱਗੇ ਹਨ ਕਿ ਕਿਤੇ ਇਹਨਾਂ ਦਿਨਾਂ ਵਿੱਚ ਜਲੰਧਰ ਵਾਲਾ
ਕਹਾਣੀ ਉੱਤਸਵ ਤਾਂ ਨਹੀਂ ਹੋ ਰਿਹਾ!
ਇਹਨਾਂ ਤਿੰਨ ਕਹਾਣੀ-ਉਤਸਵਾਂ ਰਾਹੀਂ ਪੰਜਾਬੀ ਕਹਾਣੀ ਦੀ ਭਰਪੂਰ ਚਰਚਾ ਹੋਈ ਤੇ ਇਹ ਦੂਜੀਆਂ
ਵਿਧਾਵਾਂ ਨਾਲੋਂ ਅਗਰ-ਦ੍ਰਿਸ਼ ‘ਤੇ ਆ ਗਈ। ਪੁਰਾਣੀ ਤੇ ਨਵੀਂ ਪੰਜਾਬੀ ਕਹਾਣੀ ਦੀ ਇੱਕ
ਆਲੋਚਨਾਤਮਕ ਤਸਵੀਰ ਉੱਘੜ ਕੇ ਸਭ ਦੇ ਸਾਹਮਣੇ ਆ ਗਈ ਸੀ। ਪੰਜਾਬੀ ਕਹਾਣੀ ਸੰਬੰਧੀ ਹੋਣ ਵਾਲੀ
ਹਰੇਕ ਨਿੱਕੀ-ਵੱਡੀ ਚਰਚਾ ਵਿੱਚ ਇਹਨਾਂ ਕਹਾਣੀ-ਸਮਾਗ਼ਮਾਂ ਵਿੱਚ ਉੱਠੇ ਨੁਕਤਿਆਂ ਦੇ ਹਵਾਲੇ
ਨਾਲ ਗੱਲ ਹੋਣ ਲੱਗੀ।
ਪੰਜਾਬੀ ਕਹਾਣੀ ਨੂੰ ਅਗਰਭੂਮੀ ਵਿੱਚ ਲਿਆ ਕੇ ਗੰਭੀਰ ਚਰਚਾ ਦਾ ਮਾਹੌਲ ਬਨਾਉਣ ਵਿੱਚ ਮੈਂ
ਆਪਣਾ ਯੋਗਦਾਨ ਪਾ ਚੁੱਕਾ ਸਾਂ। ਇਸਤੋਂ ਬਾਅਦ ਮੈਨੂੰ ‘ਕਹਾਣੀ-ਉਤਸਵ’ ਕਰਵਾਉਣ ਦੀ ਲੋੜ ਨਹੀਂ
ਪਈ।
-0- |