ਛੋਟੇ ਬੇਟੇ ਤੇ ਬੇਟੀ ਨੇ
ਜਮੇਕਾ ਦੇ ਇੱਕ ਫਾਈਵ ਸਟਾਰ ਰਿਜ਼ੋਰਟ ਵਿੱਚ ਅਗਾਹੂੰ ਹੀ ਬੁੱਕਿੰਗ ਕੀਤੀ ਹੋਈ ਸੀ। ਬੁਕਿੰਗ
ਤੋਂ ਪਹਿਲਾਂ ਦੋਹਾਂ ਪਾਸਿਆਂ ਦੇ ਮੰਮੀ ਡੈਡੀ ਹੋਰਾਂ ਦੀ ਸਹਿਮਤੀ ਲੈ ਲਈ ਹੋਈ ਸੀ। ਟੋਰਾਂਟੋ
ਤੋਂ ਜਮੇਕਾ ਦੇ ਮਨਟੀਗੋ ਏਅਰ ਪੋਰਟ ਦਾ ਸਫਰ ਕੋਈ ਚਾਰ ਕੁ ਘੰਟੇ ਦਾ ਸੀ। ਮਨਟੀਗੋ ਏਅਰਪੋਰਟ
ਤੋਂ ਲੈਕੇ ਰੰਨਵੇਅ ਬੇਅ ‘ਤੇ ਸਥਿੱਤ ਉਸ ਨਖ਼ਲਿਸਤਾਨੀ ਬਾਹੀਆ ਪ੍ਰਿੰਸੀਪੀ (ਰਿਜ਼ੋਰਟ) ਤੱਕ
ਦਾ ਸਫਰ ਕਰੀਬ ਇੱਕ ਘੰਟੇ ਦਾ ਸੀ। ਏਅਰ ਕੰਡੀਸ਼ਨ ਲਗਜ਼ਰੀ ਬੱਸ ਰਸਤੇ ‘ਚ ਇੱਕ ਢਾਬੇ ‘ਤੇ
ਚਾਹ ਪਾਣੀ ਲਈ ਰੁਕੀ। ਕੁਝ ਤਿੱਖੇ ਮਨਚਲੇ ਸੈਲਾਨੀ ਢਾਬੇ ਨੁਮਾ ਠੇਕੇ ਦੇ ਧੁਰ ਅੰਦਰ ਤੱਕ ਵੀ
ਵੜਦੇ, ਨਿਕਲਦੇ ਵੇਖੇ। ਬੜੇ ਹਸਦੇ, ਚਹਿਕਦੇ, ਟਹਿਕਦੇ ਬਾਹਰ ਨਿਕਲੇ। ਉਨ੍ਹਾਂ ਦੇ ਹਾਸੇ
ਠੱਠੇ ਤੋਂ ਲੱਗਦਾ ਸੀ ਜਿਵੇਂ ਉਹ ਆਪਣੀ ਕੋਈ ਮੌਜ ਮਸਤੀ ਵਾਲੀ ਸ਼ੈਅ ਖ਼ਰੀਦ ਲਿਆਏ ਸੀ।
ਸ਼ਰਾਬ ਦੇ ਠੇਕੇ ਦੇ ਅਹਾਤੇ ਵਿੱਚ ਜਮੇਕਨ ਆਪਣੇ ਡਰਿੰਕ ਪੈੱਗ ਰੱਖੀ ਬੈਠੇ ਸੀ। ਬਿਲਕੁਲ ਹੀ
ਜੀ ਟੀ ਰੋਡ ਵਾਲੇ ਇੱਕ ਭਾਰਤੀ ਢਾਬੇ ਵਰਗਾ ਸੀਨ ਸੀ। ਪਰ ਢਾਬੇ ਦਾ ਆਕਾਰ ਬਹੁਤਾ ਹੀ ਛੋਟਾ
ਤੇ ਛੱਤ ਨੀਵੀਂ ਸੀ। ਦੋ ਮਾਰਗੀ ਇਹ ਸੜਕ ਜਮੇਕਾ ਦਾ ਇੱਕ ਲੰਬਾ ਹਾਈਵੇਅ ਹੈ ਜੋ ਰਾਜਧਾਨੀ
ਕਿੰਗਸਟਨ ਤੱਕ ਜਾਂਦੈ। ਇਸ ‘ਚੋਂ ਨਿਕਲਦੀਆਂ ਸੜਕਾਂ ਛੋਟੀਆਂ ਸਨ। ਬਹੁਤੀਆਂ ਕੱਚੀਆਂ।
ਹਾਈਵੇਅ ਕੈਰੀਬੀਅਨ ਸਾਗਰ ਦੇ ਨਾਲ ਨਾਲ ਹੀ ਚੱਲਦੈ। ਦੂਸਰੇ ਪਾਸੇ ਤੱਟੀ ਪਹਾੜੀ ਇਲਾਕਾ ਤੇ
ਸਫੈਦ ਪਰ ਚਿੱਟੀਆਂ ਘਸਮੈਲੀਆਂ ਤੇ ਭੁਰਭਰੀਆਂ ਚਟਾਨਾਂ ਦੀਆਂ ਪਰਤਾਂ ਵੀ ਨਜ਼ਰੀਂ ਪੈਂਦੀਆਂ।
ਲੰਬੇ ਹਾਈਵੇਅ ਦੇ ਦੋਹੀਂ ਪਾਸੀਂ ਛੋਟੇ ਛੋਟੇ ਘਰ, ਅਨੇਕ ਕਿਸਮ ਦੀਆਂ ਦੁਕਾਨਾਂ, ਢਾਬੇ ਜੀਵਨ
ਮਿਆਰ ਦੀ ਝਲਕ ਪੇਸ਼ ਕਰ ਰਹੇ ਸਨ। ਇਸ ਸੜਕ ਦੇ ਨਾਲ ਨਾਲ ਵਿਚਰਦੇ ਲੋਕਾਂ ਦੇ ਪਹਿਰਾਵੇ,
ਆਵਾਜਾਵੀ ਦੇ ਸਾਧਨਾਂ ਤੋਂ ਉਨ੍ਹਾਂ ਦੇ ਜੀਵਨ ਮਿਆਰ ਦੀ ਕਾਫੀ ਸਮਝ ਪੈਂਦੀ। ਦਿੱਖ ਤੋਂ ਦੇਸ਼
ਦੀ ਗਰੀਬੀ ਭਾਸਦੀ। ਇਸ ਦੇਸ਼ ਨੂੰ ਨੇੜੇ ਤੋਂ ਵੇਖਣ ਨੂੰ ਬੜਾ ਚਿੱਤ ਕਰਦਾ। ਪਰ ਕੋਈ ਸਬੱਬ
ਵਸੀਲਾ ਨਾ ਬਣ ਸਕਿਆ। ਤਿੱਖੀ ਧੁੱਪ ਚੰਗੀ ਚਮਕ ਰਹੀ ਸੀ। ਗਰਮੀ ਬੜੀ ਸੀ। ਵਾਪਸੀ ‘ਤੇ
ਦੁਪਹਿਰ ਵੇਲਾ ਸੀ। ਗਰਮੀ ਹੋਰ ਵੀ ਜਿ਼ਆਦਾ ਮਹਿਸੂਸ ਹੋਈ। ਏਅਰ ਕੰਡੀਸ਼ਨ ਬੱਸ ਵੀ ਭਾਰਤੀ
ਏਅਰ ਕੰਡੀਸ਼ਨਡ ਬੱਸ ਵਰਗੀ ਹੀ ਸੀ। ਰਿਜ਼ੋਰਟ ‘ਚ ਪਹੁੰਚਣ ਤੱਕ ਕਾਫੀ ਥੱਕ ਚੁੱਕੇ ਹੋਏ ਸੀ।
ਰਿਜ਼ੋਰਟ ਦੇ ਮੁੱਖ ਰਿਸੈੱਪਸ਼ਨ ‘ਤੇ ਬਵਰਦੀ ਸਮਾਰਟ ਕਰਮਚਾਰੀ ਆਪੋ ਆਪਣੇ ਕਾਰਜਾਂ ਵਿੱਚ ਰੁਝੇ
ਮਹਿਮਾਨਾਂ ਦਾ ਪੂਰੀ ਫੁਰਤੀ ਨਾਲ ਸਵਾਗਤ ਕਰ ਰਹੇ ਸਨ। ਗਾਈਡ ਨੇ ਸਾਨੂੰ ਲਗਜ਼ਰੀ
(ਐਕਸਕਲੂਸਿਵ) ਰਿਸੈੱਪਸ਼ਨ ਵਿੱਚ ਜਾ ਬਿਠਾਇਆ। ਏ ਸੀ ਦੇ ਬਾਵਜੂਦ ਵੀ ਪੋਰਟਿਬਲ ਪੱਖਾ
ਘੂਕਰਾਂ ਬੰਨ ਰਿਹਾ ਸੀ। ਤੁਰੰਤ ਸਫੈਦ ਵਾਈਨ ਅਤੇ ਨਿੰਬੂ ਪਾਣੀ ਦੇ ਗਲਾਸ ਆ ਗਏ। ਏਥੇ ਇੱਕ
ਵਿਸ਼ੇਸ਼ ਬਾਰ ਵੀ ਖਿੱਚਭਰਪੂਰ ਸੱਦੇ ਦੇ ਰਹੀ ਸੀ। ਆਈਸ ਤੇ ਨਿੰਬੂ ਨਾਲ ਵੋਦਕਾ ਦੀਆਂ
ਚੁਸਕੀਆਂ ਲੈਂਦਿਆਂ ਕੁਝ ਗਰਮੀ ਤੋਂ ਰਾਹਤ ਮਿਲੀ ਤੇ ਸੁਖਦ ਮਹਿਸੂਸ ਕੀਤਾ। ਕੇਰਾਂ ਤਾਂ
ਰਿਜ਼ੋਰਟ ਰਿਸੈੱਪਸ਼ਨ ਤੋਂ ਹੀ ਰਹਿਣ ਸਹੂਲਤਾਂ ਦੇ ਦੀਦਾਰੇ ਹੋਣੇ ਅਰੰਭ ਹੋ ਗਏ। ਜਿਵੇਂ
ਪਰਾਲੀ ਤੋਂ ਹੀ ਪਿੰਡ ਦੇ ਭਾਗ ਦਿੱਸਣ ਲੱਗ ਪੈਂਦੇ ਨੇ। ਏਨੇ ਨੂੰ ਕਮਰਿਆਂ ਦੀਆਂ ਕਾਰਡ ਨੁਮਾ
ਚਾਬੀਆਂ ਮਿਲ ਗਈਆਂ। ਸਾਮਾਨ ਵਾਲੀ ਰੇੜੀ ਐਲੀਵੇਟਰ ਵੱਲ ਤੁਰ ਪਈ। ਸਾਡੇ ਤਿੰਨੋਂ ਕਮਰੇ ਸਭ
ਤੋਂ ਉਪਰਲੀ ਸੱਤਵੇਂ ਆਕਾਸ਼ ਵਰਗੀ ਸੱਤਵੀਂ ਮੰਜ਼ਲ ‘ਤੇ ਸਨ। ਕਮਰਾ ਸੁਹਾਗ ਰਾਤ ਵਾਲੇ ਕਮਰੇ
ਵਾਂਗ ਸਜਿਆ ਪਿਆ ਸੀ, ਜਿਹੜਾ ਹੁਣ ਸਾਡੇ ਪੋਤਿਆਂ ਦੋਹਤਿਆਂ ਲਈ ਤਾਂ ਜਚਦਾ ਸੀ ਪਰ ਸਾਡੇ
ਵਰਗੇ ਬੁੱਢਿਆਂ ਲਈ ਤਾਂ ਇੱਕ ਸੁਪਨਾ ਹੀ ਬਣ ਗਿਆ ਹੋਇਆ ਸੀ। ਕਮਰੇ ਦੀ ਇੱਕ ਮਿੰਨੀ ਠੰਡੀ
ਬਾਰ ਉਪਲਬਧ ਸੀ। ਕੋਈ ਅੱਧੀ ਕੁ ਦਰਜਨ ਭਾਂਤ ਭਾਂਤ ਦੇ ਕੋਲਡ ਡਰਿੰਕਸ ਲੱਗੇ ਹੋਏ ਸਨ। ਬੀਅਰ,
ਵਿਸਕੀ, ਵੋਦਕਾ, ਜਮੇਕਨ ਰੰਮ ਆਦਿ ਸੇਵਾ ਲਈ ਤਿਆਰ ਸਨ। ਇਲੈਕਟ੍ਰਿਕ ਕੇਟਲੀ ਦੇ ਨਾਲ ਚਾਹ
ਕੌਫੀ ਦੇ ਸਾਰੇ ਨਿੱਕ ਸੁੱਕ ਹਾਜ਼ਰ ਸਨ। ਸੁੰਦਰ ਸੋਫਾ ਤੇ ਬਾਲਕੋਨੀ ਵਿੱਚ ਬੈਠਣ ਵਾਲੀਆਂ
ਕੁਰਸੀਆਂ ਮੇਜ਼ ਪਏ ਹੋਏ ਸਨ। ਕਮਰੇ ਦੋਸਤ ਜੋੜਿਆਂ, ਨਵਵਿਆਹਿਆਂ ਦੇ ਜੋਬਨ ਮੱਤੇ ਭਰਪੂਰ
ਹਨੀਮੂਨ ਵਾਸਤੇ ਆਏ ਹੋਇਆਂ ਲਈ ਕਮਾਲ ਦੇ ਸਨ। ਸਾਡੇ ਵਰਗੇ ਜੋੜੇ ਤਾਂ ਦੁਨੀਆਂ ਦੇ ਰੰਗ ਵੇਖਣ
ਹੀ ਆਏ ਹੋਏ ਸਨ। ਬੱਚਿਆਂ ਤੇ ਪਰਿਵਾਰਾਂ ਵਾਲਿਆਂ ਦਾ ਸੈਕਸ਼ਨ ਅੱਡ ਸੀ। ਉਨ੍ਹਾਂ ਦੇ ਪੂਲ ਵੀ
ਵੱਖਰੇ ਸਨ। ਲਗਜ਼ਰੀ ਵਾਲੇ ਪੂਲ ਦੇ ਸਿਰਹਾਣੇ ਲੱਗੀ ਬਾਰ ‘ਚ ਹਰ ਕਿਸਮ ਦੀ ਸ਼ਰਾਬ ਉਪਲਬਧ
ਸੀ। ਤਾਂ ਹੀ ਲਗਜ਼ਰੀ (ਐਕਸਕਲੂਸਿਵ) ਦੂਸਰਿਆਂ ਨਾਲੋਂ ਕਾਫੀ ਮਹਿੰਗਾ ਸੀ। ਕਮਰਿਆਂ ਦੇ
ਦੋਹੀਂ ਪਾਸੀਂ ਬਹੁਤ ਹੀ ਸੁਹਾਵਣੇ ਦ੍ਰਿਸ਼ ਸਨ। ਇੱਕ ਪਾਸੇ ਦੂਰ ਦੂਰ ਤੱਕ ਫੈਲਿਆ ਵਿਸ਼ਾਲ
ਸਮੁੰਦਰ ਤੇ ਦੂਜੇ ਪਾਸੇ ਤੱਟੀ ਖੇਤਰ ਦੇ ਉੱਚੇ ਨੀਵੇਂ ਹਰੀ ਭਰੀ ਬਨਸਪਤੀ ਦਾ ਨਜ਼ਾਰਾ ਪੇਸ਼
ਕਰ ਰਿਹਾ ਸੀ। ਇਹ ਦਿਨ ਵੇਲੇ ਤਾਂ ਬਹੁਤਾ ਨਜ਼ਰ ਨਾ ਪੈਂਦਾ ਪਰ ਰਾਤ ਨੂੰ ਲਾਈਟਾਂ ਵਿੱਚ ਉਹ
ਸਿ਼ਮਲੇ ਦੇ ਆਲੇ ਦੁਆਲੇ ਦਾ ਝਲਕਾਰਾ ਦਿੰਦਾ।
ਇਸ ਬਾਹੀਆ ਪ੍ਰਿੰਸਪੀ ਰਿਜ਼ੋਰਟ ਰੰਨਵੇਅ ਬੇਅ ਦੇ ਕੰਢੇ ‘ਤੇ ਇੱਕ ਵਿਸ਼ਾਲ, ਉੱਚੀ ਸੁੰਦਰ
ਇਮਾਰਤ ਹੈ। ਇਮਾਰਤ ਤੇ ਪੂਲਾਂ ਦੀ ਬਣਤਰੀ ਵਿਉਂਤ ਇੱਕ ਦਿਲਕਸ਼ ਸੀਨ ਪੇਸ਼ ਕਰਦੀ। ਸਭ
ਬਾਲਕੋਨੀ ‘ਚੋਂ ਬਾਹਰ ਸਾਗਰੀ ਦ੍ਰਿਸ਼ ਪੇਸ਼ ਹੁੰਦਾ। ਆਉਂਦਿਆਂ ਪੰਜ ਕਿਲੋਮੀਟਰ ਤੋਂ ਹੀ
ਇਹਦੀ ਸਫੈਦ ਉੱਚੀ ਇਮਾਰਤ ਦੇ ਲਾਲ ਉੱਚੇ ਗੁੰਬਦ ਖਾਲਸਾ ਕਾਲਜ ਅੰਮ੍ਰਿਤਸਰ ਦੇ ਗੁੰਬਦਾਂ
ਵਰਗੇ ਲੱਗਦੇ। ਨਹਾਉਣ ਧੋਣ ਪਿੱਛੋਂ ਬੇਟੇ ਨੇ ਰੂਮ ਸਰਵਿਸ ਲਈ ਫੋਨ ਕਰ ਦਿੱਤਾ। ਅੱਧੇ ਘੰਟੇ
ਵਿੱਚ ਚਿਕਨ ਤੇ ਫਿਸ਼ ਨਗਿਟਸ, ਸਲਾਦ ਪਹੁੰਚ ਗਿਆ। ਅਸੀਂ ਰਿਸੋਰਟ ਦੀ ਸਿਖਰਲੀ ਮੰਜ਼ਲ ਤੋਂ
ਆਸੇ ਪਾਸੇ ਦਾ ਨਜ਼ਾਰਾ ਮਾਣਦਿਆਂ ਕੋਲਡ/ਡਰਿੰਕਸ ਲਏ। ਨੌਂ ਕੁ ਵਜੇ ਡਿਨਰ ਲਈ ਨਿਕਲ ਪਏ।
ਸੋਚ ਰਿਹਾ ਸੀ ਕੀ ਕਦੇ ਅਸੀਂ ਵੀ ਫਾਈਵ ਸਟਾਰ ਰਿਜ਼ੋਰਟਾਂ ਦਾ ਆਨੰਦ ਮਾਣਾਂਗੇ! ਕਦੀ ਸੁਪਨਾ
ਵੀ ਨਹੀਂ ਸੀ ਆਇਆ। ਆ ਸਕਦਾ ਵੀ ਨਹੀਂ ਸੀ। ਇੰਡੀਆ ਰਹਿੰਦਿਆਂ ਇਹ ਬਾਤਾਂ ਦਿੱਲੀ ਦੂਰ ਅਸਤ
ਜਾਪਦੀਆਂ। ਫਾਈਵ ਸਟਾਰ ਹੋਟਲਾਂ ਦੇ ਬੋਰਡ ਜ਼ਰੂਰ ਵੇਖੀਦੇ ਸਨ। ਇਹ ਅੰਦਰੋਂ ਕਿਹੋ ਜਿਹੇ
ਹੋਣਗੇ! ਸੋਚੀਦਾ ਸੀ ਧਨਾਢ ਹੀ ਇਹਦਾ ਆਨੰਦ ਮਾਣਦੇ ਹੋਣਗੇ। ਪਰ ਜੀਵੇ ਕੈਨੇਡਾ! ਜਿਸ ਨੇ ਇਹ
ਸਭ ਕੁਝ ਸਾਡੇ ਲਈ ਸਾਖਸ਼ਾਤ ਕਰ ਦਿੱਤੈ। ਪਹਿਲਾਂ ਕਦੇ ਕਦੇ ਜੇਠ ਹਾੜ ਦੀਆਂ ਤਪਦੀਆਂ ਲੋਆਂ
ਵਿੱਚ ਪੰਜਾਬ ਯੂਨੀਵਰਸਟੀ ਦੇ ਗੈਸਟ ਹਾਊਸ ਦੇ ਏ ਸੀ ਵਾਤਾਕੂਲਾਂ ਦੇ ਜ਼ਰੂਰ ਅਨੰਦ ਮਾਣੀਦੇ
ਸਨ। ਏਥੇ ਤਾਂ ਕੇਵਲ ਏ ਸੀ ਸਨ। ਬਾਕੀ ਸਹੂਲਤਾਂ ਤਾਂ ਫਾਈਵ ਸਟਾਰ ਦੇ ਤਰਲੇ ਜਿਹੇ ਹੀ
ਹੁੰਦੇ। ਪਰ ਇਸ ਨਾਲ ਹੀ ਲਾਲਸਾਵਾਂ ਹੋਰ ਭੜਕ ਪੈਂਦੀਆਂ।
ਰਿਜ਼ੋਰਟ ਦੀਆਂ ਹਰ ਕਿਸਮ ਦੀਆਂ ਸ਼ਾਨਦਾਰ ਸਹੂਲਤਾਂ ਦਾ ਆਨੰਦ ਮਾਣਦਿਆਂ ਦੇਸ਼ ਦੇ ਲੋਕਾਂ ਦੀ
ਜਿ਼ੰਦਗੀ ਦੇ ਦਰਸ਼ਨ ਕਰਨ ਦੀ ਕੋਸਿ਼ਸ਼ ਨਾਲੋਂ ਨਾਲ ਕਰੀ ਗਿਆ। ਸਵੇਰੇ ਸ਼ਾਮ ਕਈ ਵਰਗਾਂ ਦੇ
ਕਰਮਚਾਰੀ ਆਪੋ ਆਪਣੀਆਂ ਡਿਊਟੀਆਂ ਵਿੱਚ ਲੱਗੇ ਵੇਖੀਦੇ। ਕੁਝ ਤਾਂ ਸੁਰੱਖਿਆ ਕਰਮੀ ਹੁੰਦੇ।
ਕੁਝ ਸਫਾਈ ਤੇ ਝਾੜ ਪੂੰਝ ਵਿੱਚ ਲੱਗੇ ਹੁੰਦੇ। ਕਮਰੇ ਵਾਲੀਆਂ ਬੀਬੀਆਂ ਦੋ ਵਾਰੀ ਹਰ ਇੱਕ
ਸਾਮਾਨ ਨੂੰ ਅੱਪਡੇਟ ਕਰਦੀਆਂ। ਜਦੋਂ ਪੂਲ ਤੋਂ ਮੁੜਦੇ ਬੈੱਡ ਸ਼ੀਟਾਂ, ਪਰਦੇ ਤੇ ਵੱਡੇ ਛੋਟੇ
ਤੌਲੀਏ ਐਨ ਸਲੀਕੇ ‘ਚ ਕੀਤੇ ਹੁੰਦੇ। ਰੂਮ ਸਰਵਿਸ ਬਾਹਲੀ ਹੀ ਤੇਜ਼ ਤੇ ਨਿਪੁੰਨ ਸੀ। ਫੋਨ
ਕਰੋ, ਤੁਹਾਡੀ ਲੋੜ ਦੀ ਪੂਰਤੀ ਕਮਰੇ ਵਿੱਚ ਹੀ ਅਲਾਦੀਨ ਦੇ ਚਿਰਾਗ ਦਾ ਆਕਾ ਲਿਆ ਪੇਸ਼
ਕਰਦਾ। ਕੋਲਡ ਡਰਿੰਕਸ ਤੇ ਬਾਰ ਵਾਲਾ ਬਹਿਰਾ ਆਪਣੀ ਟਰਾਲੀ ਨਾਲ ਬਾਅਦ ਦੁਪਹਿਰਾ ਚੱਕਰ
ਮਾਰਦਾ। ਉਨ੍ਹਾਂ ਤੋਂ ਉਨ੍ਹਾਂ ਦੇ ਵੇਤਨਾਂ ਤੇ ਜੀਵਨ ਬਾਰੇ ਗੱਲ ਤੋਰ ਲਈ ਜਾਂਦੀ। ਸਵੇਰੇ
ਸ਼ਾਮ ਸਮੁੰਦਰ ਦੇ ਕੰਢੇ ‘ਤੇ ਦੂਰ ਦੂਰ ਤੱਕ ਨਿਕਲ ਸੈਰ ਦਾ ਰੁਝਾਣ ਉੱਥੇ ਵੀ ਜਾਰੀ ਰੱਖਿਆ।
ਫਿਰਦਿਆਂ ਤੁਰਦਿਆਂ ਬੀਚਾਂ ‘ਤੇ ਕੰਮ ਕਰਦੇ ਕਾਲੇ ਜਮੇਕਨਾਂ ਨਾਲ ਗੱਲੀਂ ਪੈ ਜਾਂਦਾ। ਇਹ ਸਭ
ਤੋਂ ਹੇਠਲੀ ਪੱਧਰ ਦੇ ਕਾਮੇ ਸਨ। ਆਪਣੀ ਭਾਸ਼ਾ ਤੋਂ ਛੁੱਟ ਮਜ਼ਦੂਰ ਵਰਗ ‘ਚੋਂ ਬਹੁਤੇ
ਅੰਗਰੇਜ਼ੀ ਨੂੰ ਬਈਆਂ ਦੀ ਪੰਜਾਬੀ ਵਾਂਗ ਹੀ ਗੁਜ਼ਾਰੇ ਜੋਗੀ ਸਮਝਦੇ, ਬੋਲਦੇ। ਉਤਲੇ ਵਰਗ ਦੇ
ਬਹਿਰੇ ਬਹਿਰੀਆਂ ਅੰਗਰੇਜ਼ੀ ਵਿੱਚ ਵਾਹਵਾ ਗੱਲਬਾਤ ਕਰ ਲੈਂਦੀਆਂ। ਸਾਰੇ ਹੀ ਤਕਰੀਬਨ ਪੰਜਾਬ
ਵਾਂਗ ਗਰੀਬੀ ਤੇ ਬੇਰੋਜ਼ਗਾਰੀ ਦੇ ਭੰਨੇ ਵਰਗਿਆਂ ਵਾਂਗ ਮਜਬੂਰੀਆਂ ਵਿੱਚ ਕੰਮ ਕਰਦੇ ਸਨ,
ਵਿਸ਼ੇਸ਼ ਤੌਰ ਤੇ ਹੇਠਲਾ ਵਰਗ। ਡਿਊਟੀਆਂ ਦਾ ਸਮਾਂ ਵੀ ਲੰਬਾ ਸੀ। ਉਹਨਾਂ ਨੂੰ ਮਸੀਂ 10
ਡਾਲਰ ਤੋਂ 25 ਡਾਲਰ ਪ੍ਰਤੀ ਹਫਤਾ ਮਿਲਦਾ ਸੀ। ਜਿਹੜੇ ਬਰਾਮਦਿਆਂ ਜਾਂ ਥੋੜ੍ਹਾ ਬਾਹਰਲੇ
ਪਾਸੇ ਸਫਾਈ, ਝਾੜ ਪੂੰਜ ਕਰਦੇ ਹੁੰਦੇ ਉਹ ਗੱਲ ਕਰਨ ਲੱਗੇ ਅੱਗਾ ਪਿੱਛਾ ਜ਼ਰੂਰ ਵੇਖਦੇ।
ਲੱਗਦਾ ਸੀ ਗੱਲਾਂ ਕਰਨ ਦੀ ਉਨ੍ਹਾਂ ਨੂੰ ਸਖ਼ਤ ਮਨਾਹੀ ਸੀ। ਫਿਰ ਉਹ ਆਪਣੀ ਤਨਖ਼ਾਹ ਦੱਸਦੇ।
ਉਨ੍ਹਾਂ ਦੀ ਪੜ੍ਹਾਈ ਬਾਰੇ ਪੁੱਛਣਾ। ਹੇਠਲੇ ਵਰਗ ‘ਚੋਂ ਬਹੁਤਿਆਂ ਨੇ ਸਕੂਲ ਦੇ ਕੋਲੋਂ ਵੀ
ਨਹੀਂ ਸਨ ਲੰਘੇ ਹੋਏ। ਬੀਚ ਕੰਢੇ ਦੇ ਸਫਾਈ ਕਰਦੇ ਇੱਕ ਜਮੇਕਨ ਨੂੰ ਪੁੱਛਿਆ, "ਪ੍ਰਤੀ ਹਫਤਾ
ਕਿੰਨੇ ਪੈਸੇ ਮਿਲਦੇ ਨੀ।" ਉਸ ਦੇ ਜਵਾਬ ਵਿੱਚ ਬੇਵਸੀ ਭਰੀ ਚੁੱਪ ਸੀ। ਹੋਰ ਹਮਦਰਦੀ ਨਾਲ
ਪੁੱਛਿਆ, ਤਾਂ ਕਹਿੰਦਾ 10 ਕੁ ਡਾਲਰ ਪ੍ਰਤੀ ਹਫਤਾ। ਜਿਹੜਾ ਜਮੇਕਨ ਕਰੰਸੀ ‘ਚ 1100 ਡਾਲਰ
ਬਣਦੇ ਸਨ। ਬਹਿਰੇ/ਬਹਿਰੀਆਂ ਨੂੰ ਦਿੱਤੀ ਇੱਕ ਡਾਲਰ ਦੀ ਟਿੱਪ ਉਨ੍ਹਾਂ ਦੇ ਚਿਹਰਿਆਂ ‘ਤੇ
ਖੇੜੇ ਲਿਆ ਦਿੰਦੀ।
ਸਮੁੱਚੇ ਰਿਜ਼ੋਰਟ ਦੇ ਚਾਰ ਉੱਚ ਕੋਟੀ ਦੇ ਰੈਸਟੋਰੈਂਟ ਸਨ। ਡਾਨ ਪਾਬਲੋ ਕੇਵਲ ਲਗਜ਼ਰੀ
(ਐਕਸਕਲੂਸਿਵ) ਵਿੰਗ ਲਈ ਸੀ। ਇੱਕ ਅਡਲਟ ਨਾਮਕ ਜਿੱਥੇ ਸਭ ਵਰਗਾਂ ਦੇ ਸੈਲਾਨੀ ਜਾ ਸਕਦੇ ਸਨ।
ਇਹ ਬਫੇ ਕਿਸਮ ਦਾ ਸੀ। ਅਲਟੋ ਕੋਰਟ ਵਿੱਚ ਸਨੈਕਸ ਬਫੇ ਵਾਂਗ ਸਨ। ਬਾਕੀ ਭਾਂਤ ਭਾਂਤ ਦਾ
ਖਾਣਾ ਮੀਨੂੰ ‘ਚੋਂ ਆਰਡਰ ਕਰਨਾ ਪੈਂਦਾ। ਇੱਕ ਜਿਹੜਾ ਬਾਹਲਾ ਹੀ ਵਿਸ਼ੇਸ਼ ਸੀ ਉਸ ਲਈ
ਪਹਿਲਾਂ ਬੁਕਿੰਗ ਕਰਾਉਣੀ ਪੈਂਦੀ। ਵੈਜੀ ਤੇ ਨਾਨ-ਵੈਜੀ ਭੋਜਨਾਂ ਦੀ ਇੱਕ ਲੰਬੀ ਲਾਈਨ ‘ਚੋਂ
ਚੋਣ ਕਰਨੀ ਪੈਂਦੀ। ਵੈਸੇ ਤਾਂ ਖਾਣੇ ਪਰੋਸਣ ਦੇ ਨਿਸ਼ਚਿਤ ਸਮੇਂ ਹੁੰਦੇ ਸਨ। ਏਨੇ ਸੁਆਦਲੇ
ਖਾਣੇ ਦੇ ਵਿਚਕਾਰ ਜੇ ਇੱਕ ਮਿਸ ਹੋ ਜਾਂਦਾ ਤਾਂ ਚੰਗਾ ਲੱਗਦਾ। ਫਰੂਟ, ਆਈਸ ਕਰੀਮਾਂ ਤੇ
ਅਨੇਕ ਪਰਕਾਰ ਦੇ ਪਕਵਾਨ ਲਪਟਾਂ ਮਾਰਦੇ ਹੁੰਦੇ। ਏਨੀ ਭਿੰਨਤਾ ‘ਚੋਂ ਚੋਣ ਕਰਦਾ ਹੀ ਬੰਦਾ
ਰੱਝ ਜਾਂਦਾ। ਏਥੇ ਕੰਮ ਕਰਦੇ ਕਰਮਚਾਰੀਆਂ ਨੂੰ ਰੈਸਟੋਰੈਂਟ ‘ਚ ਖਾਣਾ ਨਹੀਂ ਸੀ ਮਿਲਦਾ। ਉਹ
ਆਪਣੇ ਪ੍ਰਬੰਧ ਆਪ ਕਰਦੇ ਜਾਂ ਘਰੀਂ ਜਾ ਖਾਂਦੇ। ਡਿਊਟੀਆਂ ਦਾ ਚੱਕਰ ਬੱਧਾ ਹੋਇਆ ਸੀ। ਡਿਊਟੀ
ਕਰਕੇ ਘਰਾਂ ਨੂੰ ਜਾਂਦੇ ਕ੍ਰਮਚਾਰੀ ਆਪਣੀਆਂ ਵਰਦੀ ਬਦਲਕੇ ਬਾਹਰ ਜਾਂਦੇ। ਸ਼ਾਇਦ ਸਕਿਉਰਿਟੀ
‘ਚੋਂ ਵੀ ਲੰਘਣਾ ਪੈਂਦਾ ਹੋਵੇ। ਸਥਾਨਕ ਬੱਸ ਟਰਾਂਸਪੋਰਟ ‘ਚ ਉਹ ਘਰੀਂ ਪਹੁੰਚਦੇ। ਉੱਚੇ
ਆਹੁਦਿਆਂ ਵਾਲਿਆਂ ਦੀਆਂ ਰਿਹਾਇਸ਼ਾਂ ਰਿਜ਼ੋਰਟ ਦੇ ਕੈਂਪਸ ਵਿੱਚ ਹੀ ਸਨ।
ਲਗਜ਼ਰੀ ਪੂਲ ਦੇ ਕਿਨਾਰੇ ‘ਤੇ ਇੱਕ ਬਹੁਤ ਹੀ ਸਜਿਆ ਹੋਇਆ ਚਿੱਟੀ ਛੱਤਰੀ ਤੇ ਚਿੱਟੇ ਵਸਤਰਾਂ
ਵਾਲਾ ਫਰਨਿਸ਼ਡ ਸਥਾਨ ਹਰ ਸ਼ਾਮ ਨੂੰ ਤਿਆਰ ਹੁੰਦਾ। ਕੋਈ ਪੰਜਾਹ ਕੁ ਮਹਿਮਾਨਾਂ ਬੈਠ ਸਕਦੇ
ਸਨ। ਇਸ ਵਿੱਚ ਅਰੇਂਜਡ ਸ਼ਾਦੀ ਸਾਲਗ੍ਰਹਿ ਜਾਂ ਜਨਮ ਦਿਨ ਪਾਰਟੀ ਜਾਂ ਸ਼ਾਦੀ ਦੇ ਪ੍ਰੋਗਰਾਮ
ਚੱਲਦੇ ਰਹਿੰਦੇ। ਇਸ ਵਾਸਤੇ ਪਹਿਲਾਂ ਪ੍ਰਬੰਧਕਾਂ ਨੂੰ ਇੰਤਜ਼ਾਮ ਕਰਨ ਲਈ ਕਹਿਣਾ ਪੈਂਦਾ।
ਇਹੋ ਜਿਹੀਆਂ ਕੁਝ ਥਾਵਾਂ ਬੀਚ ਦੇ ਕੰਢੇ ‘ਤੇ ਵੀ ਸਨ। ਸਮੁੰਦਰ ‘ਚ ਬੋਟਿੰਗ, ਰੋਇੰਗ, ਅਤੇ
ਹੋਰ ਖੇਡਾਂ ਦੇ ਵਿਸ਼ੇਸ਼ ਸਥਾਨ ਵੀ ਸਨ। ਦਿਨ ਵੇਲੇ ਤਾਂ ਧੁੱਪ ਬੜੀ ਚਮਕਦੀ ਹੁੰਦੀ। ਬੱਦਲ
ਵਾਲੇ ਦਿਨ ਵਾਹਵਾ ਘੁੰਮ ਫਿਰ ਲਈ ਦਾ ਸੀ। ਨਹੀਂ ਤਾਂ ਸਵੇਰੇ ਸ਼ਾਮ ਨੂੰ ਹੀ ਨਿਕਲੀ ਦਾ ਸੀ।
ਪੂਲ ‘ਚ ਆਨੰਦ ਮਾਣਨ ਵਾਲੇ ਪਾਣੀ ‘ਚ ਆਪੋ ਆਪਣੇ ਚੋਹਲ ਮੋਹਲਾਂ ‘ਚ ਮਸਤ ਹੁੰਦੇ। ਖੂਬ
ਤਾਰੀਆਂ, ਚੁੱਭੀਆਂ ਲਾਉਂਦੇ। ਪ੍ਰੇਮੀ ਜੋੜੇ ਇੱਕ ਦੂਜੇ ਦੇ ਮੋਢਿਆਂ ਜਾਂ ਗੋਦੀ ਚੜ੍ਹੇ,
ਮੂੰਹ ‘ਚ ਮੂੰਹ ਪਾਈ ਪਾਣੀ ‘ਚ ਕਲੋਲਾਂ ਕਰ ਰਹੇ ਹੁੰਦੇ। ਉਹ ਬਾਹਰਲੀ ਦੁਨੀਆਂ ਨੂੰ ਭੁੱਲੀ
ਬੈਠੇ ਹੁੰਦੇ। ਪੂਲ ਦੇ ਕੰਢੇ ‘ਤੇ ਹੀ ਉਨ੍ਹਾਂ ਦੇ ਦਾਰੂ ਸਿੱਕੇ ਵਾਲੀਆਂ ਗਲਾਸੀਆਂ ਪਈਆਂ
ਹੁੰਦੀਆਂ। ਕਈ ਸਕਿੱਨ ਟੈਨਿੰਗ ਵਾਸਤੇ ਲਾਇਨਜ਼ ਕਲੋਦਿੰਗ ਵਿੱਚ ਧੁੱਪੇ ਲੇਟੇ ਪੜ੍ਹ ਰਹੇ
ਹੁੰਦੇ। ਬੀਬੀਆਂ ਨੇ ਆਪਣੇ ਨੰਗੇਜ਼ਾਂ ਦੁਆਲੇ ਮਸੀਂ ਸਾਧਾਂ ਵਰਗੀ ਇੱਕ ਪੱਟੀ ਜਿਹੀ ਹੀ ਵਲ਼ੀ
ਹੁੰਦੀ। ਧੁੱਪ ਦੀ ਚਮਕ ਤੋਂ ਬਚਾ ਲਈ ਗਾਗਲਜ਼ ਲਾਏ ਹੁੰਦੇ। ਪੂਰੇ ਸ਼ਾਂਤ ਮਾਹੌਲ ‘ਚ ਹਰ ਉਮਰ
ਦੇ ਜੋੜੇ, ਆਲੇ ਦੁਆਲੇ ਤੋਂ ਬੇਖ਼ਬਰ, ਆਪੋ ਆਪਣੇ ਆਨੰਦਾਂ ‘ਚ ਗੜੂੰਦ ਕਿਸੇ ਹੋਰ ਹੀ ਦੁਨੀਆਂ
‘ਚ ਪਹੁੰਚੇ ਹੁੰਦੇ।
ਅਸੀਂ ਦੋਵੇਂ ਇੱਕ ਸ਼ਾਮ ਬਾਹਰ ਪੂਲ ਤੋਂ ਕੁਝ ਹਟਵੇਂ ਬੈਠੇ ਹੋਏ ਸੀ। ਇੱਕ ਮਧਰੀ, ਛਮਕ ਛੱਲੋ
ਜਮੇਕਨ ਬਹਿਰੀ ਨੂੰ ਪੁੱਛਿਆ, "ਕੀ ਤੂੰ ਵਿਆਹੀ ਹੋਈ ਏਂ? ਕੀ ਤੇਰਾ ਬੁਆਏ ਫਰੈਂਡ ਹੈ?" ਬੜੇ
ਠਰੰਮੇ ਨਾਲ ਬੋਲੀ, "ਹੈ ਵੇ ... ਪਰ ਅਸੀਂ ਕਦੀ ਕਦੀ ਹੀ ਮਿਲਦੇ ਹਾਂ ... ਉਹ ਕਿਸੇ ਦੂਸਰੇ
ਰਿਜ਼ੋਰਟ ‘ਚ ਕੰਮ ਕਰਦੈ ... ਤੇਰੀ ਤਨਖ਼ਾਹ ਕਿੰਨੀ ਹੈ ... ਕਹਿੰਦੀ 2500 ਡਾਲਰ ਪ੍ਰਤੀ
ਹਫਤਾ ... ।" ਹੋਰ ਗੱਲ ਬਾਤ ਤੋਂ ਪਤਾ ਲੱਗਾ ਕਿ ਇਹ ਤਾਂ ਮਸੀਂ $20 ਪ੍ਰਤੀ ਹਫਤਾ ਹੀ ਬਣਦੀ
ਹੈ। ਹਾਜ਼ਰ ਜਵਾਬ ਸੀ। ਮੇਰੇ ਵੱਲ ਆਉਂਦੀ ਆਪਣੀ ਬੀਵੀ ਵੱਲ ਵੇਖ ਕਿਹਾ ਔਹ ਈ ਮੇਰੀ ਗਰਲ
ਫਰੈਂਡ। ਕਹਿੰਦੀ ਨਹੀਂ ਇਹ ਤਾਂ ਤੁਹਾਡੀ ਬੀਵੀ ਐ।
ਇਸ ਸਮੁੱਚੇ ਅਨੁਭਵ ਤੋਂ ਸਿੱਧ ਹੋ ਜਾਂਦੈ ਕਿਉਂ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਕਾਰਪੋਰੇਟ
ਸਰਮਾਏਦਾਰ ਕਾਰੋਬਾਰ ਕਰਨ ਨੂੰ ਲੋਚਦੈ। ਲੇਬਰ ਬਹੁਤ ਸਸਤੀ ਹੁੰਦੀ ਹੈ। ਲੇਬਰ ਹੀ ਸੇਵਾਵਾਂ
ਤੇ ਵਸਤੂਆਂ ਦੇ ਉਤਪਾਦਨ ਵਿੱਚ ਇੱਕ ਅਹਿਮ ਭਾਗ ਹੁੰਦੈ। ਇਸ ਨਾਲ ਉਨ੍ਹਾਂ ਦੇ ਮੁਨਾਫੇ ਮੋਟੇ
ਬਣਦੇ ਹਨ। ਜਿਹੜੇ ਉਹ ਆਪਣੇ ਯੋਰਪੀ ਦੇਸ਼ਾਂ ਵਿੱਚ ਜੋਕਾਂ ਵਾਂਗ ਖਿੱਚ ਲਿਜਾਂਦੇ ਹਨ। ਗਰੀਬ
ਦੇਸ਼ ਗਰੀਬੀ ਦੇ ਸੰਕਟਾਂ ਵਿੱਚ ਦਿਨ ਕੱਟੀ ਕਰਨ ‘ਤੇ ਮਜਬੂਰ ਹੁੰਦੇ ਹਨ। ਇਹ ਚਾਲ ਮੁੱਢ
ਕਦੀਮ ਤੋਂ ਯੋਰਪੀ ਤੇ ਪੱਛਮੀ ਸਰਮਾਏਦਾਰੀ ਦੀ ਰਹੀ ਹੈ।
ਸਪੇਨੀਆਂ ਪਿੱਛੋਂ ਇੰਗਲੈਂਡ ਦੇ ਕਬਜ਼ੇ ਵਿੱਚ ਆਇਆ ਜਮੇਕਾ ਤੀਸਰਾ ਵੱਡਾ ਟਾਪੂ ਹੈ। ਅਬਾਦੀ
27 ਕੁ ਕਰੋੜ ਹੈ। ਯੂ ਕੇ ਤੋਂ ਅਗਸਤ 1962 ਵਿੱਚ ਪੂਰਨ ਆਜ਼ਾਦ ਹੋਣ ਪਿੱਛੋਂ ਹਾਲੀ ਵੀ ਆਪਣੇ
ਕੌਮੀ ਤਰਾਨੇ ਵਿੱਚ 'ਲੈਂਡ ਵੂਈ ਲਵ, ਗਾਡ ਸੇਵ ਦੀ ਕੁਵੀਨ' ਗਾਉਂਦੈ। ਗਰੀਬ ਦੇਸ਼ ਦੇ
ਨੇਤਾਵਾਂ ਦੀ ਗਰੀਬ ਜ਼ਹਿਨੀਅਤ। ਇਸ ਦੇਸ਼ ਨੂੰ ਕਦੀ ਲੈਂਡ ਆਫ ਵੁੱਡ ਐਂਡ ਵਾਟਰ ਕਿਹਾ ਜਾਂਦਾ
ਸੀ। ਕੁਝ ਇਹਨੂੰ ਲੈਂਡ ਆਫ਼ ਸਪਰਿੰਗਜ਼ ਵੀ ਕਹਿੰਦੇ। ਇਸ ਨੂੰ ਸ਼ੁਰੂ ਵਿੱਚ ਸ਼ੂਗਰ ਤੇ ਸਲੇਵ
ਐਕਸਪੋਰਟਰ ਵੀ ਕਿਹਾ ਜਾਂਦਾ ਸੀ। ਪਛੜੇ ਗਰੀਬ ਦੇਸ਼ਾਂ ਵਿੱਚ ਹੁਣ ਹੋਟਲ ਇੰਡਸਟਰੀ ਕਾਫੀ ਫੈਲ
ਚੁੱਕੀ ਹੈ। ਇਸ ਸਪੈਨਿਸ਼ ਹੋਟਲ ਕਾਰਪੋਰੇਟਸ ਦਾ ਹੈੱਡ ਕੁਆਟਰ ਤਾਂ ਪਾਮਾ, ਸਪੇਨ ਵਿਖੇ ਹੈ।
ਇਸ ਦੇ ਸਪੇਨ, ਮੈਕਸੀਕੋ, ਡਮੀਨੀਕਨ ਰਿਪਬਲਲਿਕ ਅਤੇ ਜੇਮੀਕਾ ਦੇ ਰਨਵੇਅ ਬੇਅ ਸਮੇਤ 24 ਪੰਜ
ਤਾਰਾ ਬੀਚ ਰਿਜ਼ੋਰਟਸ ਹਨ। ਇਹ ਸਾਰੇ ਬਾਹੀਆ ਪ੍ਰਿੰਸੀਪੀ ਨਾਮ ਹੇਠ ਹਨ। ਇਹ ਰਿਜ਼ੋਰਟ ਮੌਜ
ਮਸਤੀ ਕਰਨ ਦੇ ਅਧਭੁੱਤ ਕਲਪਨਾਸ਼ੀਲ ਥਾਵਾਂ ਹਨ। ਇਹ ਨਖ਼ਲਿਸਤਾਨੀ ਡੇਟ ਪਾਲਮ ਦੇ ਗਰੂਵ ਹੀ
ਜਾਪਦੇ ਹਨ। ਚਾਰ ਚੁਫੇਰੇ ਗਰੀਬੀ ਤੇ ਵਿਚਾਲੇ ਐਸ਼ੋ-ਇਸ਼ਰਤ ਦੇ ਮਨਜ਼ਰ। ਇਸ ਕਾਰਪੋਰੇਟ ਨੇ
ਇਹਨਾਂ ਹੋਟਲਾਂ ਵਿੱਚ 7000 ਹਜ਼ਾਰ ਸਥਾਨਕ ਕਾਮਿਆਂ ਨੂੰ ਕੰਮ ਦਿੱਤਾ ਹੋਇਐ।
ਗਰੀਬ ਪਛੜੇ ਦੇਸ਼ਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਦੀ ਬੜੀ ਲੋੜ ਹੈ। ਗੱਲ ਇੱਥੇ ਮੁਕਦੀ
ਹੈ ਕਿ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਖਿੱਚਣ ਲਈ ਇਨ੍ਹਾਂ ਰਿਜ਼ੋਰਟਾਂ ਵਿੱਚ ਹਰ ਕਿਸਮ ਦੀਆਂ
ਮੌਜਾਂ ਮਾਣਨ ਤੋਂ ਲੈਕੇ ਦੁਨੀਆਂ ਭਰ ਦੀਆਂ ਭਾਸ਼ਾਵਾਂ, ਖਾਧ ਖੁਰਾਕ ਤੇ ਡਰਿੰਕਸ ਦੇ
ਬੰਦੋਬਸਤ ਹਨ। ਨਿਪੁੰਨ ਸਾਫ ਸੁਥਰੀ ਸੇਵਾ ਉੱਚ ਕੋਟੀ ਦੀ ਮਿਲਦੀ ਹੈ। ਸੈਲਾਨੀ ਖੁਸ਼ ਹੋਕੇ
ਜਾਂਦੇ ਹਨ। ਕਿਸੇ ਗੱਲ ਦੀ ਤੋਟ ਨਹੀਂ ਆਉਣ ਦਿੱਤੀ ਜਾਂਦੀ। ਕਾਰਪੋਰੇਟਸ ਦੀ ਕਾਰੋਬਾਰੀ ਸੂਝ
ਸਿਆਣਪ ਤੇ ਕੰਟਰੋਲ ਕਿਸੇ ਕਿਸਮ ਦੀ ਢਿਲ ਨਹੀਂ ਆਉਣ ਦਿੰਦਾ। ਤਾਂ ਹੀ ਆਏ ਸੈਲਾਨੀ ਅੱਗੇ
ਦੂਜਿਆਂ ਨੂੰ ਇੱਥੇ ਜਾਣ ਦੀ ਸਲਾਹ ਦਿੰਦੇ।
ਦੁੱਖ ਤੇ ਅਫਸੋਸ ਇਹ ਹੀ ਹੁੰਦੈ ਕਿ ਇਸ ਹੋਟਲ ਉਦਯੋਗ ਦਾ ਧੰਦਾ ਦੇਸ਼ ਦੇ ਪ੍ਰਸ਼ਾਸਨ ਦੇ ਹੱਥ
ਵਿੱਚ ਕਿਉਂ ਨਹੀਂ। ਤਾਂ ਹੀ ਲੋਕਾਂ ਦੀ ਆਮਦਨ ਤੇ ਦੇਸ਼ ਦੀ ਅਰਥ ਵਿਵਸਥਾ ਪ੍ਰਫੁਲਤ ਨਹੀਂ
ਹੁੰਦੀ। ਸਿੱਖਿਆ, ਰੋਜ਼ਗਾਰ, ਸਿਹਤ ਸਹੂਲਤਾਂ ਤੇ ਆਵਾਜਾਈ ਆਦਿ ਦੇ ਸਾਧਨ ਓਦੋਂ ਹੀ ਵਧਣ
ਫੁੱਲਣਗੇ ਜਦੋਂ ਲੋਕ ਹਿਤੂ ਕੌਮੀ ਸਰਕਾਰਾਂ ਹੋਂਦ ਵਿੱਚ ਆ ਗਈਆਂ। ਪਛੜੇ ਦੇਸ਼ਾਂ ਦਾ ਵਿਕਾਸ
ਓਦੋਂ ਹੀ ਹੋਣੈ। ਨਹੀਂ ਤਾਂ ਲੁੱਟ ਜਾਰੀ ਰਹੇਗੀ। ਕੌਮੀ ਲਹਿਰਾਂ ਤੇ ਲੀਡਰਾਂ ਨੂੰ ਇਸ ਗੱਲ
ਦੀ ਪਹਿਚਾਣ ਜਿੰਨੀ ਛੇਤੀ ਹੋ ਜਾਵੇ ਓਨਾ ਹੀ ਚੰਗਾ ਹੋਵੇਗਾ। ਕੌਮੀ ਜਾਗ੍ਰਤੀ ਸਿੱਖਿਆ ਨਾਲ
ਆਉਣੀ ਹੈ। ਪਰ ਸ਼ਾਤਰ ਸਰਮਾਏਦਾਰੀ ਨਿਜ਼ਾਮ ਆਮ ਜੰਤਾ ਨੂੰ ਜਾਣਬੁੱਝਕੇ ਸਿੱਖਿਆ ਤੋਂ ਵਿਰਵਾ
ਰੱਖਦੈ। ਇਹ ਹੀ ਮਾਣਵਤਾ ਦੀ ਵੱਡੀ ਤਰਾਸਦੀ ਹੈ। ਪਤਾ ਨਹੀਂ ਦੇਸ਼ ਦੇ ਕੌਮੀ ਰਹਿਬਰਾਂ ਨੂੰ
ਕਦੋਂ ਇਹਦਾ ਅਹਿਸਾਸ ਹੋਵੇਗਾ!
ਫੋਨ: 647-402-2170
-0-
|