ਗੁਰਚਰਨ ਵੱਲੋਂ ਵਰਿਆਮ
ਸਿੰਘ ਸੰਧੂ ਦੀ ਕਹਾਣੀ ‘ਨੌਂ-ਬਾਰਾਂ-ਦਸ’ ‘ਤੇ ਨਾਟਕ ਖੇਡਿਆ ਗਿਆ ਤਾਂ ਇਸ ਕਹਾਣੀ ਨੂੰ
ਦੁਬਾਰਾ ਪੜ੍ਹਨ ਦੀ ਉਤਸੁਕਤਾ ਜਾਗੀ ਨਾਟਕ ਦੀ ਪੇਸ਼ਕਾਰੀ ਨੇ ਇਹ ਅਹਿਸਾਸ ਵੀ ਕਰਵਾ ਦਿੱਤਾ
ਸੀ ਕਿ ਕਹਾਣੀ ਨੂੰ ਮੈਂ ਓਨੀ ਗਹਿਰਾਈ ਤੱਕ ਨਹੀਂ ਸੀ ਸਮਝ ਸਕਿਆ ਜਿੰਨੀ ਗਹਿਰਾਈ ਤੱਕ
ਗੁਰਚਰਨ ਦੇ ਪਾਤਰਾਂ ਨੇ ਮੈਨੂੰ ਉਂਗਲ਼ੀ ਫੜ ਕੇ ਪਹੁੰਚਾਇਆ ਹੈ। ਇਸ ਨਾਟਕ ਨੂੰ ਵੇਖਣ ਤੋਂ
ਬਾਅਦ ਮੇਰੇ ਮਨ ਅੰਦਰ ਕਹਾਣੀ ਵਿਚਲੇ ਉਨ੍ਹਾਂ ਤੱਥਾਂ ਨੂੰ ਵੀ ਮੁੜ-ਵਿਚਾਰਨ ਦਾ ਖਿਆਲ ਆਇਆ
ਜਿਨ੍ਹਾਂ ਬਾਰੇ “ਦਲਿਤ” ਲੇਖਕਾਂ ਨੇ ਚਰਚਾ ਛੇੜੀ ਸੀ ਕਿ ਵਰਿਆਮ ਸਿੰਘ ਸੰਧੂ ਨੇ ਇਸ ਕਹਾਣੀ
ਰਾਹੀਂ ਜ਼ਾਤੀਵਾਦ ਦਾ ਹਮਲਾ ਕੀਤਾ ਹੈ। ਨਾਟਕ ਵੇਖਣ ਤੋਂ ਬਾਅਦ ਅਤੇ ਕਹਾਣੀ ਨੂੰ ਦੁਬਾਰਾ
ਪੜ੍ਹਦਿਆਂ ਇਹ ਗੱਲ ਮਹਿਸੂਸ ਹੋਈ ਹੈ ਕਿ ਇਹ ਕਹਾਣੀ ਮਹਿਜ਼ ਇੱਕ ਮਜ਼ਦੂਰ ਜਮਾਤ ਨਾਲ਼ ਸਬੰਧਤ
ਬੰਦੇ ਦੀ ਕਹਾਣੀ ਨਹੀਂ ਸਗੋਂ ਸੰਸਾਰੀ ਮੰਡੀਕਰਨ ਅਤੇ ਪੂੰਜੀਵਾਦ ਦਾ ਸਿ਼ਕਾਰ ਹੋ ਰਹੇ ਉਸ
ਵਰਗ ਦੀ ਕਹਾਣੀ ਹੈ ਜੋ ਆਪਣੀ ਔਕਾਤ ਅਤੇ ਆਪਣੇ ਜਜ਼ਬਾਤ ਵਿਚਲੇ ਫ਼ਾਸਲੇ ਦਾ ਸਿ਼ਕਾਰ ਹੋ ਕੇ
ਰਹਿ ਗਿਆ ਹੈ। ਇਹ ਕਹਾਣੀ ਇਸ਼ਾਰਾ ਕਰਦੀ ਹੈ ਕਿ ਸੰਸਾਰੀ ਮੰਡੀਕਰਨ ਤੇ ਪੂੰਜੀਵਾਦ ਦੀ
ਖ਼ੁਰਾਕ ਬਣਨ ਵਾਲ਼ਾ ਬਹੁਤ ਵੱਡਾ ਵਰਗ ਅੱਜ ਮਹਿਜ਼ ਇੱਕ ਮਜ਼ਾਕ ਅਤੇ ਲੁੱਟ ਦਾ ਪਾਤਰ ਬਣਕੇ
ਰਹਿ ਗਿਆ ਹੈ ਜੋ ਆਪਣੀ ਹੋਣੀ ਅਤੇ ਹਕੀਕਤ ਪ੍ਰਤੀ ਜਾਗਰੂਕ ਹੁੰਦਿਆਂ ਹੋਇਆਂ ਵੀ ਪੂੰਜੀਵਾਦ
ਦੇ ਇਸ ਭਰਮ-ਜਾਲ਼ ਵਿੱਚ ਫਸ ਕੇ ਆਪਣੀ ਬਰਬਾਦੀ ਵੱਲ ਵਧਦਾ ਤੁਰਿਆ ਜਾ ਰਿਹਾ ਹੈ।
ਨੌਂ-ਬਾਰਾਂ-ਦਸ ਕਹਾਣੀ ਸਾਡੇ ਸੱਭਿਆਚਾਰ ‘ਚ ਹੋ ਰਹੀ ਸੰਸਾਰੀ ਮੰਡੀਕਰਨ ਦੀ ਦਖ਼ਲਅੰਦਾਜ਼ੀ
ਦੇ ਖੂੰਖਾਰ ਅਸਰ ਦੀ ਕਹਾਣੀ ਹੈ। ਨਿੰਦਰ ਆਪਣੇ ਗਰੀਬ ਮਾਂ-ਬਾਪ ਲਈ ਇੱਕੋ-ਇੱਕ ਬਚਿਆ ਕਮਾਈ
ਦਾ ਸਾਧਨ ਹੈ ਜਿਸ ਤੋਂ ਮਾਂ-ਬਾਪ ਨੂੰ ਬਹੁਤ ਆਸਾਂ ਹਨ। ਆਪਣੇ ਪਿੰਡ ਵਿੱਚ ਸੁਚੱਜੇ ਤੇ ਕਮਾਊ
ਨਿੰਦਰ ਦਾ ਦੁਖਾਂਤ ਸ਼ਹਿਰ ਜਾ ਕੇ ਫਿਲਮ ਵੇਖਣ ਨਾਲ਼ ਹੀ ਸ਼ੁਰੂ ਹੁੰਦਾ ਹੈ। ਏਥੇ ਪਿੰਡ
ਸਾਡੇ ਦੇਸ਼ ਦਾ, ਨਿੰਦਰ, ਸਧਾਰਨ ਜਨਤਾ ਦਾ, ਤੇ ਸ਼ਹਿਰ ਸੰਸਾਰੀਕਰਨ ਦਾ ਪ੍ਰਤੀਕ ਹਨ। ਸਾਡਾ
ਦੇਸ਼, ਸਾਡੇ ਲੋਕ---ਭਾਵ ਨਿੰਦਰ ਦਾ ਪਿੰਡ ਤੇ ਨਿੰਦਰ ਦਾ ਪਰਵਾਰ---ਬੜੇ ਸੁਖੀ ਵੱਸਦੇ ਸਨ
ਜਦੋਂ ਤੱਕ ਇਸ ਪਿੰਡ ਦੇ ਵਸਨੀਕਾਂ ਨੂੰ ਸ਼ਹਿਰੀ ਦੁਨੀਆਂ (ਭਾਵ ਵਿਦੇਸ਼ੀ ਚਹਿਲ-ਪਹਿਲ) ਦੀ
ਪੁੱਠ ਨਹੀਂ ਸੀ ਚੜ੍ਹੀ, ਜਦੋਂ ਤੱਕ ਟੈਲੀਵਿਯਨ ਨੇ ਸਾਡੇ ਘਰਾਂ ਵਿੱਚ ਵੜ ਕੇ ਸਾਡੇ
ਰਹਿਣ-ਸਹਿਣ ਦੇ ਢੰਗ ਵਿੱਚ ਖਲਬਲੀ ਪੈਦਾ ਨਹੀਂ ਸੀ ਕਰ ਦਿੱਤੀ। ਨਿੰਦਰ ਆਪਣੀ ਪਹੁੰਚ ਤੋਂ
ਬਾਹਰੇ ਸੁਪਨੇ ਉਦੋਂ ਹੀ ਵੇਖਣੇ ਸ਼ੁਰੂ ਕਰਦਾ ਹੈ ਜਦੋਂ ਸ਼ਹਿਰ ਦੇ ਸਿਨਮੇ ਵਿੱਚ ਵੇਖੀ ਗਈ
ਫਿਲਮ ਉਸਦੇ ਮਨ ਅੰਦਰ ਸਰਮਾਇਦਾਰਾਨਾ ਚਮਕ-ਦਮਕ ਲਿਸ਼ਕ ਮਾਰਦੀ ਹੈ। ਪਿੰਡ ਵਿੱਚ ਕਿਸੇ ਦੇ ਘਰ
ਲੱਗਾ ਟੈਲੀਵਿਯਨ ਉਸਨੂੰ ਨਕਲੀ ਸੰਸਾਰ ਦੇ ਸੁਪਨੇ ਵਿਖਾਉਂਦਾ ਹੈ ਅਤੇ ਉਹ ਆਪਣੀ ਹਕੀਕਤ ਭੁੱਲ
ਕੇ ਸੁਪਨ-ਸੰਸਾਰ ਵਿੱਚ ਗਵਾਚ ਜਾਂਦਾ ਹੈ। ਇਸ ਸੁਪਨ-ਸੰਸਾਰ ਵਿੱਚ ਗਵਾਚਿਆ ਉਹ ਮਹਿਜ਼ ਮਜ਼ਾਕ
ਦਾ ਪਾਤਰ ਹੀ ਨਹੀਂ ਬਣਦਾ ਸਗੋਂ ਆਪਣੀ ਤੇ ਆਪਣੇ ਪਰਵਾਰ ਦੀ ਬਰਬਾਦੀ ਦਾ ਕਾਰਨ ਵੀ ਬਣਦਾ ਹੈ।
ਨਿੰਦਰ ਦੀ ਹੋਣੀ ਰਾਹੀਂ ਅਸੀਂ ਸਮੁੱਚੇ ਪੰਜਾਬੀਆਂ ਦੀ ਹੋਣੀ ਨੂੰ ਰੂਪਮਾਨ ਹੁੰਦਿਆਂ ਵੇਖ
ਸਕਦੇ ਹਾਂ। ਇਹ ਪਾਤਰ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਸਿਰਫ ਫਿਲਮੀ ਦੁਨੀਆਂ ਦਾ
ਪੁੱਟਿਆ ਨਿੰਦਰ ਹੀ ਮਜ਼ਾਕ ਦਾ ਪਾਤਰ ਬਣਿਆ ਹੋਇਆ ਹੈ ਜਾਂ ਅੱਜ ਸਾਰਾ ਪੰਜਾਬ ਹੀ ਇਹ
ਜਿ਼ੰਦਗੀ ਜੀਅ ਰਿਹਾ ਹੈ? ਪੰਜਾਬੀਆਂ ਅੰਦਰ ਵਿਦੇਸ਼ ਜਾਣ ਦੀ ਲੱਗੀ ਦੌੜ, ਕਰਜ਼ੇ ਚੁੱਕ ਚੁੱਕ
ਕੇ ਵੱਡੀਆਂ ਵੱਡੀਆਂ ਕੋਠੀਆਂ ਉਸਾਰਨ ਤੇ ਕਾਰਾਂ ਖਰੀਦਣ ਦਾ ਰੁਝਾਨ ਕੀ ਸਾਡੇ ਸੁਪਨ-ਸੰਸਾਰ
ਦੀ ਹੀ ਉਪਜ ਨਹੀਂ? ਨਿੰਦਰ ਦੀ ਆਪਣੇ ਗਰੀਬ ਮਾਂ-ਬਾਪ ਪ੍ਰਤੀ ਨਫ਼ਰਤ ਜਾਂ ਅਸੀਵਕਾਰਤਾ ਸਾਡੇ
ਉਸ ਰੁਝਾਨ ਦੀ ਪ੍ਰਤੀਕ ਹੀ ਹੈ ਜਿਸ ਅਧੀਨ ਅਸੀਂ ਆਪਣੇ ਪਹਿਰਾਵੇ, ਆਪਣੇ ਕਲਚਰ, ਅਤੇ ਆਪਣੇ
ਖਾਣ-ਪੀਣ ਨੂੰ ਤਿਲਾਂਜਲੀ ਦੇ ਕੇ ਅੱਜ ਵਿਦੇਸ਼ੀ ਕੱਪੜਿਆਂ, ਬੇਤੁਕੇ ਪੌਪ-ਸੰਗੀਤ, ਅਤੇ
ਪੀਜ਼ੇ ਬਰਗਰਾਂ ਪਿੱਛੇ ਦੌੜਦੇ ਹੋਏ ਪੰਜਾਬ ਦੀ ਧਰਤੀ ਤੋਂ ਹੀ ਆਪਣੇ ਕਲਚਰ ਅਤੇ ਸੱਭਿਆਚਾਰ
ਨੂੰ ਖਤਮ ਕਰਨ ਲੱਗੇ ਹੋਏ ਹਾਂ। ਕੋਈ ਕਹਿ ਸਕਦਾ ਹੈ ਕਿ ਇਹ ਮੇਰੀ ਤੰਗ ਸੋਚਣੀ ਹੈ ਤੇ ਇਹ ਵੀ
ਕਹਿ ਸਕਦਾ ਹੈ ਕਿ ਸੱਭਿਆਚਾਰ ਕਿਸੇ ਖੜੋਤ ਦਾ ਨਾਂ ਨਹੀਂ ਸਗੋਂ ਲਗਾਤਾਰ ਬਦਲਦੀ ਹੋਈ ਰਵਾਇਤ
ਦਾ ਨਾਂ ਹੈ। ਪਰ ਕੀ ਕੋਈ ਇਹ ਦਾਅਵਾ ਕਰ ਸਕਦਾ ਹੈ ਕਿ ਆਪਣੇ ਸੱਭਿਆਚਾਰ ਵਿੱਚ ਜੋ ਬਦਲਾਅ
ਅਸੀਂ ਲਿਆ ਰਹੇ ਹਾਂ ਉਹ ਸਾਡੇ ਸੱਭਿਆਚਾਰ ਨੂੰ ਕੋਈ ਅਮੀਰੀ ਬਖਸ਼ ਰਿਹਾ ਹੈ? ਕੀ ਸੰਸਾਰੀਕਰਨ
ਰਾਹੀਂ ਵਿਖਾਏ ਗਏ ਸੁਪਨਿਆਂ ਦੁਆਰਾ ਸਾਡੀ ਵਧਦੀ ਜਾ ਰਹੀ ਸੱਭਿਆਚਾਰਕ ਕੰਗਾਲੀ ਨਿੰਦਰ ਦੇ ਘਰ
ਦੀ ਕੰਗਾਲੀ ਨਾਲ਼ ਮੇਲ ਖਾਂਦੀ ਨਜ਼ਰ ਨਹੀਂ ਆਉਂਦੀ?
ਨੌਂ-ਬਾਰਾਂ-ਦਸ ਕਹਾਣੀ ਦਾ ਪਲਾਟ ਨਸਿ਼ਆਂ ‘ਚ ਗਰਕ ਗਏ ਸਾਡੇ ਪੰਜਾਬ ਦੀ ਬਰਬਾਦੀ ਦੇ ਕਾਰਨਾਂ
ਦਾ ਪਲਾਟ ਹੈ। ਨਿੰਦਰ ਨੇ ਫਿਲਮਾਂ ਵੇਖੀਆਂ ਹਨ; ਫਿਲਮਾਂ ਵਿੱਚ ਵਿਚਰਦੇ ਅਦਾਕਾਰਾਂ ਦੀ
ਚਮਕ-ਦਮਕ ਵੇਖੀ ਹੈ ਅਤੇ ਉਨ੍ਹਾਂ ਦੀਆਂ ਕਹਾਣੀਆਂ ਸੁਣੀਆਂ ਹਨ। ਇਸੇ ਚਮਕ-ਦਮਕ ਦਾ ਪੁੱਟਿਆ
ਉਹ ਆਪਣੀ ਹੈਸੀਅਤ ਭੁੱਲ ਕੇ ਧਰਮਿੰਦਰ ਦਾ ਪੁੱਤ ਹੋਣ ਦਾ ਭਰਮ ਪਾਲ਼ ਲੈਂਦਾ ਹੈ ਤੇ ਇਸੇ ਭਰਮ
ਨੂੰ ਹਕੀਕਤ ਬਣਾਉਣ ਦੀ ਕੋਸਿ਼ਸ਼ ਵਿੱਚ ਮਜ਼ਾਕ ਦਾ ਭਾਗੀ ਬਣ ਜਾਂਦਾ ਹੈ। ਨਿੰਦਰ ਦਾ ਇਹ
ਦੁਖਾਂਤ ਪੰਜਾਬ ਅਤੇ ਪੰਜਾਬੀਆਂ ਦੇ ਮੌਜੂਦਾ ਹਾਲ ਦਾ ਬਹੁਤ ਹੀ ਸ਼ਕਤੀਸ਼ਾਲੀ ਮੈਟਾਫਰ ਬਣਕੇ
ਉਭਰਦਾ ਹੈ। ਨਿੰਦਰ ਕਰੋੜਪਤੀ ਹੋਣ ਦੇ ਸੁਪਨੇ ਲੈਂਦਾ ਹੋਇਆ ਸ੍ਰੀਦੇਵੀ (ਨਾਟਕ ਵਿੱਚ
ਐਸ਼ਵਰਿਆ ਰਾਏ) ਨੂੰ ਆਪਣੇ ਸਾਧਨ ਵਜੋਂ ਚਿਤਵਦਾ ਹੈ। ਦਰਅਸਲ ਨਿੰਦਰ ਉਸ ਵਰਗ ਦਾ ਪ੍ਰਤੀਕ ਹੈ
ਜੋ ਇਸੇ ਹੀ ਚਮਕ-ਦਮਕ ਦਾ ਪੁੱਟਿਆ ਹੋਇਆ ਅਤੇ ਇਸੇ ਹੀ ਤਰ੍ਹਾਂ ਦੀ ਅਮੀਰੀ ਦੀ ਆਸ ਵਿੱਚ
ਨਸਿ਼ਆਂ ਦੇ ਧੰਦੇ ਵਿੱਚ ਗਰਕ ਰਿਹਾ ਹੈ। ਕੈਨੇਡਾ ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਜੇਲ੍ਹਾਂ
ਵਿੱਚ ਹਜ਼ਾਰਾਂ ਹੀ ਪੰਜਾਬੀ ਇਸ ਭਰਮ-ਜਾਲ ਦਾ ਸਿ਼ਕਾਰ ਹੋ ਕੇ ਸੜ ਰਹੇ ਨੇ। ਨਿੰਦਰ ਦੀ ਸਭ
ਤੋਂ ਵੱਡੀ ਜੀਂਦੀ-ਜਾਗਦੀ ਮਿਸਾਲ ਨਸਿ਼ਆਂ ਦੀ ਤਸਕਰੀ ਦੇ ਦੋਸ਼ ਵਿੱਚ ਫੜਿਆ ਗਿਆ ਭੋਲਾ ਹੈ
ਜਿਸ ਦਾ ਮੰਨਣਾ ਹੈ ਕਿ ਮੁੰਬਈ ਜੇਲ੍ਹ ਵਿੱਚ ਦਾਊਦ ਦੇ ਬੰਦਿਆਂ ਕੋਲ਼ੋਂ ਸੁਣੀ ਦਾਊਦ ਦੀ
ਕਹਾਣੀ ਨੇ ਹੀ ਉਸ ਨੂੰ ਏਸ ਪੱਧਰ ਤੱਕ ਜਾਣ ਲਈ ਪ੍ਰੇਰਿਆ ਸੀ। ਨਿੰਦਰ ਆਪਣੇ ਪਿੰਡੋਂ ਬਾਹਰ
ਸ਼ਹਿਰ ਵਿੱਚ ਝਾਤੀ ਮਾਰਨ ਨਾਲ਼ ਆਪਣਾ ਸੰਤੁਲਨ ਗਵਾਉਂਦਾ ਹੈ, ਭੋਲਾ, ਦਾਊਦ ਦੀ ਚੜ੍ਹਤ ਦੇ
ਕਿੱਸੇ ਸੁਣ ਕੇ ਅਤੇ ਕੈਨੇਡਾ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਸੜਨ ਵਾਲ਼ੇ ਪੰਜਾਬੀ ਸਿਰੇ ਦੀ
ਅਯਾਸ਼ੀ ਭਰੀ ਜਿ਼ੰਦਗੀ ਦੇ ਸੁਪਨੇ ਲੈਂਦਿਆਂ ਹੋਇਆਂ ਬਰਬਾਦੀ ਦੇ ਰਾਹ ਵੱਲ ਤੁਰਦੇ ਹਨ।
ਕਹਾਣੀ ਦਾ ਨਾਟਕੀ ਰੂਪ ਇਸ ਗੱਲ ਨੂੰ ਹੋਰ ਵੀ ਚੰਗੀ ਤਰ੍ਹਾਂ ਉਭਾਰਦਾ ਹੈ ਜਦੋਂ ਨਿਹੰਗ ਸਿੰਘ
ਤਾਂ ਤਲੀ ‘ਤੇ ਸੀਸ ਰੱਖਣ ਦੀ ਗੱਲ ਕਰਦਾ ਹੈ ਪਰ ਉਸੇ ਹੀ ਸਮੇਂ ਅਮਲੀ ਦੀ ਆਮਦ ਹੁੰਦੀ ਹੈ ਜੋ
ਰੋ ਰਿਹਾ ਹੈ ਕਿ ਉਸਦੀ ਤਲੀ ਤੋਂ ਜਰਦੇ ਦੀ ਚੁਟਕੀ ਡਿੱਗ ਗਈ ਹੈ: ਭਾਵ ਹੁਣ ਪੰਜਾਬੀ ਆਪਣੀ
ਅਣਖ ਦੀ ਖਾਤਰ ਆਪਣੀਆਂ ਤਲੀਆਂ ‘ਤੇ ਸੀਸ ਨਹੀਂ ਧਰਦੇ ਸਗੋਂ ਆਪਣੀਆਂ ਤਲੀਆਂ ਤੋਂ ਨਸਿ਼ਆਂ ਦਾ
ਸਵਾਦ ਚੱਖਦੇ ਹਨ। ਨਿੰਦਰ ਆਪਣੇ ਸੁਪਨੇ ਦੀ ਤੁਰਤ ਪੂਰਤੀ ਲਈ ਸ੍ਰੀਦੇਵੀ ਨੂੰ ਟੂਲ ਸਮਝਦਾ ਹੈ
ਅਤੇ ਆਮ ਪੰਜਾਬੀ ਰਾਤੋ-ਰਾਤ ਅਮੀਰ ਹੋਣ ਦੇ ਸੁਪਨੇ ਦੀ ਪੂਰਤੀ ਲਈ ਨਸਿ਼ਆਂ ਦੇ ਧੰਦੇ ਨੂੰ
ਆਪਣੀ “ਸ੍ਰੀਦੇਵੀ” ਬਣਾਉਂਦੇ ਹਨ। ਇਸ ਤਰ੍ਹਾਂ ਨਿੰਦਰ ਲੁਕਵੇਂ ਰੂਪ ਵਿੱਚ ਪੰਜਾਬੀਆਂ ਦੇ
ਨਸਿ਼ਆਂ ਵਿੱਚ ਗਰਕਣ ਦੇ ਕਾਰਨਾਂ ਵੱਲ ਵੀ ਸੰਕੇਤ ਕਰਦਾ ਹੈ।
ਨੌਂ-ਬਾਰਾਂ-ਦਸ ਕਹਾਣੀ ਸਿਰਫ ਸੰਸਾਰੀਕਰਨ ਦਾ ਵਿਰੋਧ ਹੀ ਨਹੀਂ ਕਰਦੀ ਸਗੋਂ ਪੰਜਾਬੀਆਂ ਦੇ
ਇਸਦਾ ਸਿ਼ਕਾਰ ਹੋਣ ਦੇ ਕਾਰਨਾਂ ਵੱਲ ਵੀ ਬਹੁਤ ਸਾਰੀਆਂ ਗੁੱਝੀਆਂ ਰਮਜ਼ਾਂ ਕਰਦੀ ਹੈ। ਨਿੰਦਰ
ਬੇਸ਼ੱਕ ਇੱਕ ਥਿੜਕਿਆ ਹੋਇਆ ਪਾਤਰ ਬਣਕੇ ਪੇਸ਼ ਹੁੰਦਾ ਹੈ ਪਰ ਅੰਦਰੋਂ ਉਹ ਪੂਰਾ ਚੇਤੰਨ ਹੈ।
ਉਹ ਜਾਣਦਾ ਹੈ ਕਿ ਉਸਦੀਆਂ ਰੀਝਾਂ ਨੂੰ ਤੇ ੳਸਦੇ ਸੁਪਨਿਆਂ ਨੂੰ ਉਸਦੇ ਘਰ ਦੀਆਂ ਤੰਗੀਆਂ ਨੇ
ਖਾ ਲਿਆ ਹੈ। ਉਸ ਦਾ ਜਵਾਨ ਕਮਾਊ ਭਰਾ ਮਰ ਗਿਆ ਹੈ ਤੇ ਉਹ ਜਾਣਦਾ ਹੈ ਕਿ ਉਸ ਦੇ ਸੱਜਣ (ਮਾਰ
ਗਿਆ ਭਰਾ) ਨੂੰ “ਰੋਟੀ ਹੀ ਮਾਰ ਗਈ”। ਪਰ ਉਸਦੀ ਗਰੀਬੀ ਦਾ ਦੁਖਾਂਤ ਵੀ ਵੇਖੋ ਕਿ ਉਸ ਦੀਆਂ
ਥੁੜਾਂ ਉਸ ਨੂੰ ਆਪਣੇ ਭਰਾ ਦੀ ਮੌਤ ਵਿੱਚੋਂ ਵੀ “ਫਾਇਦਾ” ਲੱਭਣ ਲਈ ਮਜਬੂਰ ਕਰਦੀਆਂ ਹਨ ਤੇ
ਆਪਣੇ ਮਾਰੇ ਗਏ ਭਰਾ ਦੀ ਮੰਗੇਤਰ ਦਾ ਸਾਕ ਨਾ ਮਿਲਣ ‘ਤੇ ਉਸ ਨੂੰ ਹੌਕਾ ਭਰਨਾ ਪੈਂਦਾ ਹੈ
ਕਿ, “ਸਾਨੂੰ ਭਰਾ ਮਰੇ ਦਾ ਕੀ ਫਾਇਦਾ ਹੋਇਆ?” ਨਿੰਦਰ ਆਪਣੀ ਗਰੀਬੀ ਦੇ ਕਾਰਨਾਂ ਤੋਂ ਵੀ
ਸੁਚੇਤ ਹੈ। ਉਹ ਜਾਣਦਾ ਹੈ ਕਿ ਪੜ੍ਹਾਈ ਉਸ ਦੀ ਮੁਕਤੀ ਦਾ ਕਾਰਨ ਬਣ ਸਕਦੀ ਸੀ ਪਰ…ਉਸਦੇ
“ਪੈਸੇ ਨੈਤੇ ਨੇ ਕੱਢ ਲਏ” ਤੇ “ਕਿਤਾਬਾਂ ਵਾਲ਼ਾ ਝੋਲ਼ਾ ਕਿੱਲੀ ‘ਤੇ ਟੰਗਿਆ ਰਹਿ ਗਿਆ।”
ਨੈਤਾ ਉਸਦਾ ਅਸਲੀ ਬਾਪ ਹੋਣ ਕਰਕੇ ਨਿੰਦਰ ਦਾ ਅਜਿਹਾ ਕਹਿਣਾ ਇਸ ਗੱਲ ਦਾ ਪ੍ਰਤੀਕ ਸਾਬਤ
ਹੁੰਦਾ ਹੈ ਕਿ ਉਹ ਅੰਦਰੋਂ ਸੁਚੇਤ ਹੈ ਕਿ ਉਸਦੇ ਪਿਉ ਦੀ ਗਰੀਬੀ, ਭਾਵ ਉਸਦਾ ਗਰੀਬ ਪਰਵਾਰ
ਵਿੱਚ ਪੈਦਾ ਹੋਣਾ ਹੀ ਅੁਸਦੇ ਸੁਪਨਿਆਂ ਦੀ ਅਪੂਰਤੀ ਦਾ ਕਾਰਨ ਹੈ। ਮਿਰਜ਼ੇ ਦੇ ਤਰਕਸ਼ ਦੇ
ਜੰਡ ‘ਤੇ ਟੰਗੇ ਜਾਣ ਵਾਂਗ ਹੀ ਨਿੰਦਰ ਦਾ ਕਿੱਲੀ ‘ਤੇ ਟੰਗਿਆ ਝੋਲ਼ਾ ੳਸੁਦੀ ਬੇਵਸੀ ਤੇ
ਬਰਬਾਦੀ ਦਾ ਕਾਰਨ ਬਣਦਾ ਹੈ। ਇਸ ਸੰਦਰਭ ਵਿੱਚ ਸਭ ਤੋਂ ਅਹਿਮ ਮੈਟਾਫਰ ਤਾਰੇ ਦੇ ਰੂਪ ਵਿੱਚ
ਆਉਂਦਾ ਹੈ ਜੋ ਚੋਰੀ-ਛੁਪੇ ਸਕੂਲ ਪੜ੍ਹਨ ਗਏ ਨਿੰਦਰ ਨੂੰ ਥੱਪੜ ਮਾਰ ਕੇ ਉਸਦੀ ਅਸਲੀਅਤ ਦਾ
ਅਹਿਸਾਸ ਦਿਵਾਉਂਦਾ ਹੈ ਸਕੂਲ ਵਿੱਚੋਂ ਕੱਢ ਕੇ ਮੱਝਾਂ ਚਾਰਨ ਲਾ ਦਿੰਦਾ ਹੈ। ਤਾਰਾ ਉਸ
ਮਜਬੂਰੀ ਦਾ ਪ੍ਰਤੀਕ ਹੈ ਜੋ ਬੱਚਿਆਂ ਨੂੰ ਪੜ੍ਹਨ ਤੋਂ ਆਕੀ ਰੱਖਦਾ ਹੈ। ਇਸ ਤਰ੍ਹਾਂ ਨਿੰਦਰ
ਉਸ ਵਰਗ ਦਾ ਪ੍ਰਤੀਕ ਬਣਕੇ ਸਾਹਮਣੇ ਆਉਂਦਾ ਹੈ ਜੋ ਆਪਣੇ ਅੰਦਰ ਸੁਪਨੇ ਤਾਂ ਪਾਲ ਰਿਹਾ ਹੈ
ਪਰ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਜਾਇਜ਼ ਸਾਧਨਾਂ ਤੋਂ ਵਾਂਝਾ ਹੈ। ਇਹ ਵਰਗ ਮਹਿਜ਼
ਮਜ਼ਦੂਰ ਵਰਗ ਹੀ ਨਹੀਂ ਸਗੋਂ 90% ਤੋਂ ਵੱਧ ਪੰਜਾਬੀ ਵਰਗ ਹੈ।
ਭਾਵੇਂ ਇਸ ਕਹਾਣੀ ਕਾਰਨ ਕੁਝ ਸਨਕੀ ਲੇਖਕਾਂ ਨੇ ਵਰਿਆਮ ਸਿੰਘ ਸੰਧੂ ‘ਤੇ ਜੱਟਵਾਦ ਦਾ ਲੇਬਲ
ਲਾਉਣ ਦੀ ਕੋਸਿ਼ਸ਼ ਕੀਤੀ ਹੈ ਪਰ
ਏਥੇ ਜ਼ਾਤ ਵੀ ਜਮਾਤ ਦਾ ਪ੍ਰਤੀਕ ਬਣਕੇ ਉਭਰਦੀ ਹੈ ਨਾ ਕਿ ਜੱਟ-ਮਜ੍ਹਬੀ ਦੇ ਰੂਪ ਵਿੱਚ। ਜਿਸ
ਧਰਾਤਲ ‘ਤੇ ਕਹਾਣੀ ਦਾ ਪਲਾਟ ਸਿਰਜਿਆ ਗਿਆ ਹੈ ਉਸ ਅਨੁਸਾਰ ਹੋਰ ਕੋਈ ਵੀ ਮੈਟਾਫਰ ਬਨਾਵਟੀ
ਹੀ ਲੱਗਣਾ ਸੀ ਕਿਉਂਕਿ ਜਿਸ ਸਮੇਂ ਅਤੇ ਜਿਸ ਜਮਾਤ ਲਈ ਇਹ ਕਹਾਣੀ ਲਿਖੀ ਗਈ ਹੈ ਉਹ ਆਪਣੀ
ਹੋਣੀ ਨੂੰ ਕਿਸਾਨ-ਮਜ਼ਦੂਰ ਦੇ ਰਿਸ਼ਤੇ ਦੇ ਸੰਦਰਭ ਵਿੱਚ ਹੀ ਚੰਗੀ ਤਰ੍ਹਾਂ ਸਮਝ ਸਕਦੀ
ਸੀ---ਇਹੋ ਹੀ ਇੱਕ ਟਕਰਾਅ ਸੀ ਜਿਸ ਨਾਲ਼ ਉਸਦਾ ਰੋਜ਼ ਦਾ ਵਾਸਤਾ ਸੀ। ਨਿੰਦਰ ਇੱਕ ਲੁੱਟ ਹੋ
ਰਹੀ ਤੇ ਭਰਮਾਈ ਜਾ ਰਹੀ ਜਮਾਤ ਦਾ ਪ੍ਰਤੀਕ ਹੈ ਜਦਕਿ ਜਸਵੰਤ ਸੋਸ਼ਨਹਾਰੀ ਜਮਾਤ ਦੇ ਪ੍ਰਤੀਕ
ਵਜੋਂ ਉਭਰਦਾ ਹੈ। ਏਥੇ ਲੇਖਕ ਖੱਬੇ-ਪੱਖੀ ਧਿਰ ਦੀ ਚੁੱਪ ਨੂੰ ਵੀ ਨਹੀਂ ਬਖਸ਼ਦਾ ਜੋ ਸੋਸ਼ਨ
ਦਾ ਸਿ਼ਕਾਰ ਹੋ ਰਹੇ ਆਦਮੀ ਲਈ ਦੱਬਵੀਂ ਸੁਰ ਵਿੱਚ ਹਮਦਰਦੀ ਤਾਂ ਜ਼ਾਹਿਰ ਕਰਦਾ ਹੈ ਪਰ
ਹਕੀਕਤ ਵਿੱਚ ਹਮ-ਪਿਆਲਾ ਸੋਸ਼ਨਕਾਰਾਂ ਨਾਲ਼ ਹੀ ਹੁੰਦਾ ਹੈ।
ਨੌਂ-ਬਾਰਾਂ-ਦਸ ਕਹਾਣੀ ਦਾ ਨਿਚੋੜ ਇਸ ਦੇ ਆਖਰੀ ਵਾਕ ਵਿੱਚ ਹੈ ਜੋ ਨਿੰਦਰ ਦੀ ਨਹੀਂ ਸਗੋਂ
ਪੰਜਾਬ ਦੀ ਬਰਬਾਦੀ ਦਾ ਰਾਜ਼ ਦੱਸਦਾ ਹੈ। ਕਹਾਣੀ ਦੇ ਅੰਤ ‘ਤੇ ਆਪਣੇ ਸੁਪਨ-ਸੰਸਾਰ ‘ਚੋਂ
ਬਾਹਰ ਆਉਂਦਾ ਨਿੰਦਰ ਧਾਹ ਮਾਰਦਾ ਹੈ, “ਰੌਂਦ ਵੱਜ ਗਿਆ ਚਾਚਾ....ਜਿਹੜਾ ਮਜ੍ਹਬੀਆਂ ਦੇ ਘਰ
ਜੰਮ ਪਏ...“ ਇਹ ਉਹ ਧਾਹ ਹੈ ਜਿਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਤੇ ਜਿਸ ਨੇ ਪੰਜਾਬ
ਦੀ ਜਵਾਨੀ ਨੂੰ ਨਸਿ਼ਆਂ ਵਿੱਚ ਡੋਬ ਦਿੱਤਾ ਹੈ। ਹਰ ਪੰਜਾਬੀ ਆਪਣੇ ਨਾਲ਼ ਵੱਜ ਗਿਆ “ਰੌਂਦ”
ਹੀ ਤਾਂ ਮਹਿਸੂਸ ਕਰ ਰਿਹਾ ਹੈ ਜੋ ਉਹ ਕਿਸੇ “ਧਰਮਿੰਦਰ” ਦੇ ਘਰ ਪੈਦਾ ਨਹੀਂ ਹੋਇਆ। ਨਿੰਦਰ
ਦੇ ਸੁਪਨਿਆਂ ਵਾਂਗ ਹੀ ਹਰ ਪੰਜਾਬੀ ਸੁਪਨਿਆਂ ਦੇ ਸੰਸਾਰ ਵਿੱਚ ਜੀਅ ਰਿਹਾ ਹੈ ਤੇ ਇਨ੍ਹਾ
ਸੁਪਨਿਆਂ ਦੀ ਪ੍ਰਾਪਤੀ ਲਈ ਆਪਣਾ-ਆਪ ਬਰਬਾਦ ਕਰੀ ਜਾ ਰਿਹਾ ਹੈ। ਇਸ ਰੂਪ ਵਿੱਚ ਵੇਖਿਆਂ ਇਹ
ਕਹਾਣੀ ਮਹਿਜ਼ ਨਿੰਦਰ ਦੀ ਕਹਾਣੀ ਨਹੀਂ ਸਗੋਂ ਸੰਸਾਰੀਕਰਨ ਦਾ ਸਿ਼ਕਾਰ ਹੋ ਗਏ ਸਮੁੱਚੇ
ਪੰਜਾਬ ਦੀ ਕਹਾਣੀ ਹੈ...ਹਰ ਪੰਜਾਬੀ ਦੀ ਕਹਾਣੀ ਹੈ।
-0-
|