Welcome to Seerat.ca
Welcome to Seerat.ca

ਸੰਪਾਦਕੀ / ਮਤਰੇਈ ਮਾਂ: ਪੰਜਾਬੀ

 

- ਕੁਲਵਿੰਦਰ ਖਹਿਰਾ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਨਾਵਲ ਅੰਸ਼ / ਅਪੀਲ ਨਾ ਦਲੀਲ

 

- ਹਰਜੀਤ ਅਟਵਾਲ

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ

 

- ਮਲਿਕਾ ਮੰਡ

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼ / ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਦੇ ਨਾਲ ਨਾਲ

 

- ਸਵਰਨ ਚੰਦਨ

ਜੋ ਦਿਨੇ ਡਰਨ ਪਰਛਾਵਿਓਂ...

 

- ਐਸ. ਅਸ਼ੋਕ ਭੌਰਾ

ਜਿਸ ਕਾ ਕਾਮ ਉਸੀ ਕੋ ਸੱਜੇ

 

- ਗਿਆਨੀ ਸੰਤੋਖ ਸਿੰਘ

ਇੱਕ ਪੰਜ ਤਾਰਾ ਰਿਜ਼ੋਰਟ ਦੀ ਫੇਰੀ ਦੌਰਾਨ ਵੇਖਿਆ ਉੱਪਰਲਾ ਤੇ ਹੇਠਲਾ ਸੱਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ

 

- ਪੇਸ਼ਕਸ਼ ਐੱਸ ਬਲਵੰਤ

ਹਰਫਾਂ ਦੀ ਹੱਟ...ਸ਼ਮਸ਼ੇਰ ਸੰਧੂ

 

- ਗੱਜਣਵਾਲਾ ਸੁਖਮਿੰਦਰ

ਸਵੀਰ ਸਿੰਘ ਰਾਣਾ,ਬਿੰਦਰ ਭੁਮਸੀ,ਸੁਖਰਾਜ ਸਿੰਘ ਧਾਲੀਵਾਲ ਅਤੇ ਅਜਮੇਰ ਸਿੱਧੂ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮੇਰੀ ਨਿਬੰਧ ਦ੍ਰਿਸ਼ਟੀ

 

- ਪ੍ਰੋਫੈਸਰ ਸੁਰਿੰਦਰ ਮੰਡ

ਨੌਕਰ ਦੀ ਸੰਤੀ

 

- ਰਛਪਾਲ ਕੌਰ ਗਿੱਲ

ਨੌ-ਬਾਰਾਂ-ਦਸ: ਪੂੰਜੀਵਾਦ ਅਤੇ ਸੰਸਾਰੀ ਮੰਡੀਕਰਨ ਦੇ ਜਾਲ਼ ਵਿੱਚ ਘਿਰੇ ਮਨੁੱਖ ਦੀ ਕਹਾਣੀ

 

- ਕੁਲਵਿੰਦਰ ਖਹਿਰਾ

ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ

 

- ਉਂਕਾਰਪ੍ਰੀਤ

ਧਰਤੀ ਦਾ ਫਿ਼ਕਰ

 

- ਗੁਲਸ਼ਨ ਦਿਆਲ

ਜਦ ਜੱਗ ਜੀਣ ਯੋਗ ਨਹੀਂ ਰਹਿੰਦਾ

 

- ਹਰਭਜਨ ਕੌਰ ਗਿੱਲ

ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

 

- ਹਰਮੰਦਰ ਕੰਗ

ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

 

- ਹਰਜਿੰਦਰ ਸਿੰਘ ਗੁਲਪੁਰ

ਦੋ ਗ਼ਜਲਾਂ

 

- ਮੁਸ਼ਤਾਕ

ਕਵਿਤਾ ਤੇ ਗ਼ਜ਼ਲ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੁਰਜੀਤ

ਆਪਣਾ ਹਿੱਸਾ-2

 

- ਵਰਿਆਮ ਸਿੰਘ ਸੰਧੂ

ਬੇਗੋਵਾਲ ਦੇ ਪ੍ਰਾਈਵੇਟ ਕਾਰੋਬਾਰੀ ਵੱਲੋਂ / ਸੂਫ਼ੀ ਸ਼ਾਇਰ ਗ਼ੁਲਾਮ ਰਸੂਲ ਦੀ ਮਜ਼ਾਰ ਉਤੇ ਨਜਾਇਜ਼ ਕਬਜਾ

 

- ਡਾ. ਸੁਰਿੰਦਰ ਮੰਡ

ਨੀਗਰੋ ਗ਼ੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਯੋਗਦਾਨ

 

- ਚਰਨਜੀਤ ਸਿੰਘ ਪੰਨੂੰ

ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ

 

- ਅਮਰਜੀਤ ਚੰਦਨ

ਹੁੰਗਾਰੇ

 
Online Punjabi Magazine Seerat


ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ
- ਪੇਸ਼ਕਸ਼ ਐੱਸ ਬਲਵੰਤ

 

ਹੁਣੇ-ਹੁਣ ਪ੍ਰਕਾਸ਼ਤ ਮੇਰੀ ਪੁਸਤਕ ‘ਚੋਂ :
“ਗੁੰਮਨਾਮ ਸਿਪਾਹੀ” ਆਜ਼ਾਦੀ ਘੁਲਾਟੀਏ ਤੇ ਦੇਸ਼-ਭਗਤ, ਮਾਸਟਰ ਕਾਬੁਲ ਸਿੰਘ “ਗੋਬਿੰਦਪੁਰੀ” ਦੀ ਜੀਵਨੀ ਤੇ ਚੋਣਵੀਆਂ ਲਿਖਤਾਂ ਉਪਰ ਇਕ ਝਾਤ ਚੋਣ, ਅਨੁਵਾਦ ਤੇ ਸੰਪਾਦਨ ਐੱਸ ਬਲਵੰਤ
(ਇਹ ਲੇਖ ਜੋ ਮਾਸਟਰ ਜੀ ਦੀ ਅਖਬਾਰ “ਪੰਜਾਬੀ ਜਨਤਾ” ਵਿਚ ਛਪਿਆ ਸੀ)

ਮੈਂ, ਪਹਿਲੀ ਵਾਰ ਇਕ ਸਾਲ ਦੀ ਸਜ਼ਾ ਭੁਗਤ ਕੇ 1922 ਦੇ ਅਖੀਰ ‘ਚ ਕੈਂਪ ਜੇਲ੍ਹ ਮਿੰਟਗੁਮਰੀ ਤੋਂ ਰਿਹਾਅ ਹੋਇਆ ਸਾਂ। ਮੇਰੇ ਕੈਦ ਹੋਣ ਪਿਛੋਂ ਮੇਰੇ ਸਾਥੀ-ਮਾਸਟਰ ਦਲੀਪ ਸਿੰਘ ਜੀ, ਸ. ਕਰਮ ਸਿੰਘ ਜੀ ਝਿੰਗੜ, ਸ. ਕਰਮ ਸਿੰਘ ਜੀ ਦੌਲਤਪੁਰੀ, ਸ. ਧੰਨਾ ਸਿੰਘ ਜੀ ਬੈਹਲਪੁਰੀ, ਸ. ਉਦੇ ਸਿੰਘ ਜੀ ਤੇ ਸ. ਕਿਸ਼ਨ ਸਿੰਘ ਜੀ ਆਦਿ ਬੱਬਰ ਅਕਾਲੀ ਬਣ ਮਫਰੂਰ ਹੋ ਚੁੱਕੇ ਸਨ। ਏਹ ਸਾਰੇ ਸੱਜਣ ‘‘ਬੱਬਰ ਅਕਾਲੀ ਦੋਆਬਾ” ਨਾਮ ਦਾ ਹਫ਼ਤੇਵਾਰ ਅਖ਼ਬਾਰ ਕਢਦੇ ਸਨ। ਅਖ਼ਬਾਰ ਕੈਂਪ ਜੰਗਲ ਵਿਚੋਂ ਉਡਾਰੂ ਪਰੈਸ ਤੋਂ ਸੈਕਲੋ ਸਟਾਈਲ ‘ਚ ਛਪਦਾ ਸੀ, ਅਖ਼ਬਾਰ ਦੇ ਕੁਝ ਕੁ ਇਸ਼ੂ ਸਾਨੂੰ ਮਿੰਟਗੁਮਰੀ ਜੇਲ੍ਹ ‘ਚ ਕਿਸੇ ਨਾ ਕਿਸੇ ਤਰ੍ਹਾਂ ਪੁਚਾਏ ਜਾਂਦੇ ਸਨ।
ਮੇਰੇ ਰਿਹਾ ਹੁੰਦਿਆਂ ਹੀ ਬਹੁਤ ਸਾਰੇ ਸਾਥੀ ਮਿਲਨ ਆਏ ਤੇ ਮੈਨੂੰ ਪਹਾੜ ਵਲ ਸੈਰ ਲਈ ਲੈ ਗਏ। ਉਨ੍ਹੀਂ ਦਿਨੀਂ ਜਥੇਦਾਰ ਕਰਮ ਸਿੰਘ ਜੀ ਹੁਰੀਂ ਦੋਸ਼ੀਆਂ ਦੀ ਲਿਸਟ ਬਣਾ ਰਹੇ ਸਨ ਤੇ ਫੈਸਲਾ ਕਰ ਰਹੇ ਸਨ ਕਿ ਕਿਸ ਜੁਰਮ ਦੀ ਕੀ ਸਜ਼ਾ ਹੋਵੇ? ਮੈਂ ਤਾਂ ਦੋ ਕੁ ਮਹੀਨੇ ਬਾਹਰ ਰਹਿਣ ਉਪਰੰਤ ਫਿਰ ਫੜ੍ਹਿਆ ਗਿਆ ਤੇ ਮੇਰੇ ਪਿਛੋਂ ਇਨ੍ਹਾਂ ਨੇ ਇਕ ਲੰਬੀ ਚੌੜੀ ਲਿਸਟ ਬਣਾ ਕੇ ਦੇਸ਼-ਧਰੋਹੀਆਂ ਨੂੰ ਕਤਲ ਕਰਨਾ ਆਰੰਭ ਦਿੱਤਾ। ਸਾਥ ਹੀ ਇਕ ਚਿੱਠੀ (ਜਥੇਦਾਰ ਕਰਮ ਸਿੰਘ ਜੀ ਦੌਲਤਪੁਰੀ, ਸ. ਧੰਨਾ ਸਿੰਘ ਜੀ ਬੈਹਲ ਪੁਰੀ ਤੇ ਸ. ਉਦੇ ਸਿੰਘ ਜੀ ਰਾਮਗੜ੍ਹ ਝੁੰਗੀਆਂ) ਦੇ ਦਸਤਖ਼ਤਾਂ ਹੇਠ ਪੰਜਾਬ ਸਰਕਾਰ ਨੂੰ ਘੱਲ ਦਿੱਤੀ ਗਈ ਅਤੇ ਬੱਬਰ ਅਕਾਲੀ ਦੋਆਬਾ ਵਿਚ ਪ੍ਰਕਾਸ਼ਿਤ ਕਰ ਦਿੱਤੀ ਗਈ। ਉਸਦਾ ਹੈਡਿੰਗ ਸੀ, ‘‘ਪੰਜਾਬ ਸਰਕਾਰ ਦੇ ਨਾਮ ਸਾਡੀ ਖੁੱਲ੍ਹੀ ਚਿੱਠੀ।” ਉਸ ਚਿੱਠੀ ‘ਚ ਉਨ੍ਹਾਂ ਲਿਖਿਆ ਸੀ ਕਿ ਅਮਕੇ-2 ਆਦਮੀ ਨੂੰ ਅਸੀਂ ਕਤਲ ਕੀਤਾ ਹੈ ਤੇ ਅਮਕੇ-2 ਆਦਮੀਆਂ ਦੀ ਲਿਸਟ ਬਣਾਈ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਦੋਸ਼ਾਂ ਅਨੁਸਾਰ ਸਜ਼ਾ ਦਿੱਤੀ ਜਾਏਗੀ। ਪਰ ਏਸੇ ਸਭ ਕੁਝ ਦੀ ਜ਼ੁੰਮੇਵਾਰੀ ਸਾਡੇ ਤਿੰਨਾਂ ਦੇ ਸਿਰ ਹੈ। ਜੋ ਉਨ੍ਹਾਂ ਕਤਲਾਂ ਦਾ ਮੁਆਵਜ਼ਾ ਜਾਂ ਸਜ਼ਾ ਦੇਣੀ ਹੋਵੇ, ਅਸਾਨੂੰ ਮਿਲੇ। ਨਾਲ ਹੀ ਸਾਡਾ ਏੇਹ ਵੀ ਅਟੱਲ ਫੈਸਲਾ ਹੈ ਕਿ ਅਸੀਂ ਜੀਉਂਦੇ ਜੀਅ ਹੱਥ ਨਹੀਂ ਆਉਣਾ। ਕੁਝ ਕੁ ਕਤਲਾਂ ਤੇ ਏਸੇ ਚਿੱਠੀ ਦੇ ਛਪਣ ਤੋਂ ਉਪਰੰਤ ਸਾਰੇ ਇਲਾਕੇ ‘ਚ ਤਹਿਲਕਾ ਮੱਚ ਗਿਆ। ਸਾਰੇ ਦੁਆਬੇ ‘ਚ ਗਰਮੀ ਜਿਹੀ ਆ ਗਈ। ਸਰਕਾਰ ਨੇ ਸੈਂਕੜੇ ਘੋੜ-ਅਸਵਾਰ ਤੇ ਪੈਦਲ ਸਿਪਾਹੀ ਇਨ੍ਹਾਂ ਸੂਰਮਿਆਂ ਨੂੰ ਫੜਨ ਲਈ ਨਿਯਤ ਕਰ ਦਿੱਤੇ। ਇਨ੍ਹਾਂ ਬੱਬਰ ਅਕਾਲੀਆਂ ਦੀ ਗ੍ਰਿਫਤਾਰੀ ਦੀ ਆੜ ਵਿਚ ਇਲਾਕੇ ਦੀਆਂ ਬਹੁਤੀਆਂ ਫਸਲਾਂ ਰੌਂਦ ਮਾਰੀਆਂ। ਕਈ ਥਾਈਂ ਮਾਸੂਮ ਦੇਵੀਆਂ ਦੀ ਬੇ-ਇਜ਼ਤੀ ਭੀ ਕੀਤੀ ਗਈ। ਭਲੇ-ਮਾਣਸਾਂ ਨੂੰ ਤੰਗ ਕੀਤਾ ਗਿਆ। ਕਈ ਪਿੰਡੀਂ ਤਾਜ਼ੀਰੀ ਚੌਂਕੀਆਂ ਬਿਠਾ ਦਿਤੀਆਂ ਗਈਆਂ।
1922 ‘ਚ ਚੌਰਾ-ਚੌਰੀ ਦਾ ਹਾਦਸਾ ਹੋ ਗਿਆ। ਮਹਾਤਮਾ ਗਾਂਧੀ ਜੀ ਨੇ ਸਤਿਆਗ੍ਰਹਿ ਮੁਲਤਵੀ ਕਰ ਦਿੱਤਾ। ਚੌਰਾ-ਚੌਰੀ ਦੇ ਹਾਦਸੇ ਦੀ ਆੜ ‘ਚ ਸਰਕਾਰ ਨੇ ਬੇਹੱਦ ਤਸ਼ੱਦਦ ਕਰਨਾ ਆਰੰਭ ਦਿੱਤਾ। ਮਹਾਤਮਾ ਗਾਂਧੀ ਨੇ ਅਪੀਲ ਕੀਤੀ ਕਿ ਜੇਕਰ ਪੰਜ ਸੱਜਨ ਚੌਰਾ-ਚੌਰੀ ਦੇ ਹਾਦਸੇ ਦਾ ਇਕਬਾਲ ਕਰ ਲੈਣ ਤਾਂ ਮੈਂ ਬਾਕੀਆਂ ਨੂੰ ਛੁਡਾਉਣ ਦਾ ਪੂਰਾ-2 ਯਤਨ ਕਰਾਂਗਾ। ਪਰ ਕਿਸੇ ਇਕ ਨੇ ਵੀ ਇਕਬਾਲ ਨਾ ਕੀਤਾ। ਤੇ ਜਿਥੋਂ ਤੀਕ ਮੈਨੂੰ ਯਾਦ ਹੈ 64 ਦੇ ਲਗਭਗ ਆਦਮੀ ਫਾਂਸੀ ਲਟਕਾ ਦਿੱਤੇ ਗਏ। ਇਹਨਾਂ ਹਾਲਤਾਂ ਦੀ ਧੁੰਦਲੀ ਜਿਹੀ ਯਾਦ ਮੈਨੂੰ ਹੈ ਸੀ। ਜਦੋਂ ਜਥੇਦਾਰ ਕਰਮ ਸਿੰਘ ਜੀ ਤੇ ਉਨ੍ਹਾਂ ਦੇ ਸਾਥੀਆਂ ਨੇ ਸਰਕਾਰ ਦੇ ਨਾਮ ਖੁਲ੍ਹੀ ਚਿੱਠੀ ਰਾਹੀਂ ਲਿਖਿਆ ਕਿ ‘‘ਸਾਡੀ ਆੜ ਵਿਚ ਬੇ-ਗੁਨਾਹਾਂ ਨੂੰ ਤੰਗ ਨਾ ਕੀਤਾ ਜਾਵੇ।‘‘ ਪਰ ਅੰਗਰੇਜ਼ੀ ਸਰਕਾਰ ਨੇ ਇਕ ਨਾ ਸੁਣੀ, ਮੈਂ ਜੇਲ੍ਹ ‘ਚ ਸਾਂ, ਕਦੀ ਕਦਾਈਂ ਕੋਈ ਅਧੂਰੀ ਜਿਹੀ ਖ਼ਬਰ ਪੁੱਜਦੀ ਸੀ। ਇਲਾਕੇ ਦੀ ਤਬਾਹੀ, ਸ਼ਰੀਫ ਦੇਵੀਆਂ ਦੀ ਬੇ-ਹੁਰਮਤੀ ਦੀ ਖ਼ਬਰਾਂ ਸੁਣ ਕੇ ਖੂਨ ਉਬਲਦਾ ਸੀ। ਪਰ ਬੇ-ਬਸ ਸਾਂ, ਦੂਜੇ ਮੈਨੂੰ ਰਹਿ 2 ਕੇ ਖਿਆਲ ਆਉਂਦਾ ਸੀ ਕਿ ਮਹਾਤਮਾ ਜੀ ਨੂੰ ਦੁਆਬੇ ‘ਚ ਬੈਠ ਕੇ ਇਥੇ ਹੋ ਰਹੇ ਤਸ਼ੱਦਦ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਹੈ। ਕਿਉਂਕਿ ਕਸੂਰਵਾਰ ਆਪਣੇ ਕਸੂਰ ਦਾ ਇਕਬਾਲ ਕਰਦੇ ਹਨ। ਫੇਰ ਬਾਕੀ ਲੋਕਾਂ ਨੂੰ ਤੰਗ ਕਰਨ ਦੇ ਕੀ ਅਰਥ? ਖੈਰ! ਮੈਂ 1926 ਦੇ ਅਖੀਰ ਜਾਂ 1928 ਦੇ ਅਰੰਭ ‘ਚ ਰਾਵਲਪਿੰਡੀ ਜੇਲ੍ਹ ਤੋਂ ਰਿਹਾਅ ਹੋਇਆ। ਬਾਹਰ ਹੀ ਮੈਂ ਪੰਜ ਸਤ ਮਜ਼ਮੂਨ ਲਿਖੇ ਜੋ ਮੇਰੇ ਦਿਲੀ ਜਜ਼ਬਿਆਂ ਦਾ ਮਜ਼ਾਹਿਰਾ ਸਨ। ਮੈਂ ਗਾਂਧੀ ਜੀ ਦੇ ਨਾਂਅ ‘‘ਮੇਰੀ ਪਹਿਲੀ ਖੁੱਲ੍ਹੀ ਚਿੱਠੀ”, ‘‘ਦੂਸਰੀ ਖੁੱਲ੍ਹੀ ਚਿੱਠੀ”, ਤੇ
‘‘ਤੀਸਰੀ ਖੁੱਲ੍ਹੀ ਚਿੱਠੀ” ਨਾਂਅ ਹੇਠ ਲਗਾਤਾਰ ਤਿੰਨ ਆਰਟੀਕਲ ਲਿਖੇ। ਮੇਰੀ ਸੂਝ ਬੂਝ ਦੀ ਏਹ ਹਾਲਤ ਸੀ ਕਿ ਅਖ਼ਬਾਰਾਂ ਵਿਚ ਤਾਂ ਚਿੱਠੀਆਂ ਛਪਵਾ ਦਿੱਤੀਆਂ, ਪਰ ਮਹਾਤਮਾ ਜੀ ਨੂੰ ਲਿਖ ਕੇ ਕੋਈ ਪੱਤਰ ਨਾ ਘੱਲਿਆ। ਜਿੱਥੇ ਤੀਕ ਮੈਨੂੰ ਯਾਦ ਹੈ, ਇਨ੍ਹਾਂ ਚਿੱਠੀਆਂ ਵਿਚ ਮੈਂ ਲਿਖਿਆ ਕਿ ‘‘ਤੁਸੀਂ ਤਸ਼ਦੱਦ ਦੀ ਕੀ ਤਾਰੀਫ਼ ਕਰਦੇ ਹੋ? ਕਿਉਂਕਿ ਸਾਡੀਆਂ ਤਕਰੀਰਾਂ ਨੂੰ ਨਾ ਸਰਕਾਰ ਨੇ ਤਸ਼ੱਦਦ ਸਮਝਿਆ ਨਾ ਹੀ ਜਨਤਾ ਨੇ। ਜਦੋਂ ਸਾਡੇ ਟੁਕੜਿਆਂ ਪੁਰ ਪਲਨ ਵਾਲੇ ਆਦਮੀ ਸਾਡੀ ਬਹੂ ਬੇਟੀ ਦੀ ਬੇ-ਇਜ਼ਤੀ ਕਰਨ ਤਾਂ ਉਸ ਵੇਲੇ ਉਨ੍ਹਾਂ ਨੂੰ ਸੁਮੱਤ ਦੇਣੀ ਤਸ਼ੱਦਦ ਹੈ? ਕੀ ਉਸ ਵੇਲੇ ਚੁਪ ਚਾਪ ਬੇ-ਇਜ਼ਤੀ ਸਹਾਰੀ ਜਾ ਸਕਦੀ ਹੈ? ਤੁਸੀਂ ਚੌਰਾ ਚੌਰੀ ਦੇ ਹਾਦਸੇ ਦਾ ਪੰਜਾਂ ਸਜਨਾਂ ਤੋਂ ਇਕਬਾਲ ਕਰਾਉਣਾ ਚਾਹੁੰਦੇ ਸੌ ਤੇ ਇਕਬਾਲ ਕਰਨ ਦੀ ਸੂਰਤ ਵਿਚ ਬਾਕੀਆਂ ਨੂੰ ਛਡਾਉਣ ਲਈ ਸਾਰਾ ਜ਼ੋਰ ਲਾਉਣ ਲਈ ਤਿਆਰ ਸੌ, ਪਰ ਦੁਆਬੇ ਅੰਦਰ ਹੋ ਰਹੇ ਘੋਰ ਅਤਿਆਚਾਰ ਸਮੇਂ ਜਦ ਇਨ੍ਹਾਂ ਤਿੰਨਾਂ ਸੱਜਣਾਂ ਨੇ ਸਾਰੀ ਜ਼ੁੰਮੇਵਾਰੀ ਲੈ ਲਈ ਸੀ ਤਾਂ ਤੁਸਾਂ ਇਥੇ ਡੇਰੇ ਕਿਉਂ ਨਾ ਲਾ ਲਏ? ਤੇ ਪੀੜ੍ਹਤ ਲੋਕਾਂ ਦੀ ਮਦਦ ਕਿਉਂ ਨਾ ਕੀਤੀ? ਆਦਿ।” ਤੇ ਇਨ੍ਹਾਂ ਤੋਂ ਬਿਨਾਂ ਮੈਂ ਮਜ਼ਮੂਨ ਲਿਖੇ, ‘‘ਦਫ਼ਾ 216 ਪੁਰ ਸਰਸਰੀ ਨਜ਼ਰ”, ‘‘ਦਫ਼ਾ 110, 108 ਪੁਰ ਨਜ਼ਰ”, ‘‘ਦੋਆਬੇ ਅੰਦਰ ਸ਼ਹੀਦੀ ਯਾਦਗਾਰ ਦੀ ਲੋੜ” ਆਦਿ ਖਾਸੇ ਗਰਮ ਗਰਮ ਆਰਟੀਕਲ ਤਸੱਵਰ ਕੀਤੇ ਗਏ, ਪਰ ਉਹ ਲੇਖ ਮੇਰੇ ਜਿਹੇ ਸੈਂਕੜੇ ਨੌਜਵਾਨਾਂ ਦੇ ਖਿਆਲਾਂ ਦੀ ਤਰਜਮਾਨੀ ਕਰਦੇ ਸਨ।
ਮੈਨੂੰ ਯਾਦ ਹੈ ਕਿ ਸ. ਈਸ਼ਰ ਸਿੰਘ ਜੀ ਮਝੈਲ ਜੋ ਉਸ ਵੇਲੇ ਬਰਮਾ, ਆਸਾਮ ‘ਚ ਗਏ ਹੋਏ ਸਨ, ਨੇ ਮੈਨੂੰ ਲਿਖਿਆ ਸੀ ਕਿ ਮੈਂ ‘‘ਸੰਭਲ ਕੇ ਚਲਾਂ ਤੇ ਫੂਕ ਫੂਕ ਕੇ ਕਦਮ ਰੱਖਾਂ।” ਉਨ੍ਹੀਂ ਦਿਨੀਂ ਮਹਾਂ ਸ਼ਹੀਦ ਸ. ਭਗਤ ਸਿੰਘ ਜੀ ਨੇ ਮੈਨੂੰ ਮਿਲਨ ਲਈ ਇਕ ਉਚੇਚੇ ਆਦਮੀ ਰਾਹੀਂ ਸਦਿਆ ਕਿ ਮੈਂ ਉਨ੍ਹਾਂ ਨੂੰ ਲਾਹੌਰ ਮਿਲਾਂ।
ਸ. ਭਗਤ ਸਿੰਘ ਜੀ ਕਾਕੋਰੀ ਕੇਸ ‘ਚ ਮੁਸ਼ਤਬਹ ਹੋਣ ਕਰਕੇ ਲਾਹੌਰ ‘ਚ ਹਦ ਬੰਦ ਸਨ। ਤੇ ਇਕ ਤਰ੍ਹਾਂ ਦੀ ਜ਼ਮਾਨਤ ਹੋਈਹੋਈ ਸੀ। ਉਨ੍ਹੀਂ ਦਿਨੀਂ ਨਾ-ਮਿਲਵਰਤਨ ਤੇ ਸਤਿਆਗ੍ਰਹਿ ਦੀ ਤਹਿਰੀਕ ਜ਼ੋਰਾਂ ਪੁਰ ਸੀ, ਤੇ ਮੇਰੇ ਪੁਰ ਉਸ ਦਾ ਧਰਮ ਵਾਂਗੁ ਅਸਰ ਸੀ। ਉਦੋਂ ਜ਼ਮਾਨਤ ਕਰਾਉਣ ਵਾਲੇ ਨੂੰ ਕਮਜ਼ੋਰ ਗਿਣਿਆ ਜਾਂਦਾ ਸੀ। ਏਸ ਲਈ ਮੈਂ ਮਿਲਣ ਜਾਣ ਤੋਂ ਝਿਜਕਿਆ ਤੇ ਨਾਂਹ ਕਰ ਦਿੱਤੀ। ਦੂਜੀ ਵਾਰ ਵੀ ਮੈਂ ਟਾਲ ਮਟੋਲ ਤੋਂ ਕੰਮ ਲਿਆ। 1928 ‘ਚ ਜਲੰਧਰ ਵਿਚ ਨੌਜਵਾਨ ਭਾਰਤ ਸਭਾ ਬਣ ਚੁੱਕੀ ਸੀ, ਮੈਂ ਉਸਦਾ ਜਨਰਲ ਸਕੱਤਰ ਸਾਂ, ਅਪ੍ਰੈਲ ਵਿਚ ਨੌਜਵਾਨ ਭਾਰਤ ਸਭਾ ਦੀ ਕਾਨਫ਼ਰੰਸ ਲਾਲਾ ਕਿਦਾਰ ਨਾਥ ਸਹਿਗਲ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਹੋਈ। ਮੇਰੀ ਸ. ਭਗਤ ਸਿੰਘ ਨਾਲ ਪਹਿਲੀ ਮੁਲਾਕਾਤ ਉਸ ਵੇਲੇ ਹੋਈ। ਜਦੋਂ ਉਸ ਮੇਰੇ ਉਨ੍ਹਾਂ ਨੂੰ ਮਿਲਣੋਂ ਇਨਕਾਰ ਦਾ ਕਾਰਨ ਪੁੱਛਿਆ ਤੇ ਮੇਰੇ ਦੱਸਣ ਪੁਰ ਉਨ੍ਹਾਂ ਹੱਸ ਕੇ, ਪਰ ਗੰਭੀਰਤਾ ਨਾਲ ਕਿਹਾ, ‘‘ਕਿ ਤੁਸੀਂ ਮੇਰੀ ਅਜ਼ਮਾਇਸ਼ ਕਰ ਸਕਦੇ ਹੋ। ਮੈਂ ਡਰਦਾ ਨਹੀਂ ਹਾਂ। ਡਰ ਮੇਰੀ ਖਲੜੀ ‘ਚ ਹੀ ਨਹੀਂ ਹੈ। ਕਹੋ ਤਾਂ ਉਬਲਦੇ ਤੇਲ ‘ਚ ਹੱਥ ਪਾਉਣ ਨੂੰ ਤਿਆਰ ਹਾਂ ਚਾਹੋ ਤਲਵਾਰ ਨਾਲ ਕੋਈ ਅੰਗ ਕੱਟ ਕੇ ਦੇਖ ਸਕਦੇ ਹੋ, ਜਿਵੇਂ ਚਾਹੋਂ ਕਰ ਸਕਦੇ ਹੋ, ਮੇਰੇ ਡਰਨ ਦਾ ਸਵਾਲ ਹੀ ਨਹੀਂ ਹੈ, ਮੈਂ ਤਾਂ ਏਹ ਠੀਕਰਾ ਅੰਗਰੇਜ਼ ਦੇ ਮੱਥੇ ਮਾਰਨਾ ਚਾਹੁੰਦਾ ਹਾਂ, ਪਰ ਸਾਥੀਆਂ ਦੇ ਕਹੇ ਤੇ ਰੁਕਿਆ ਹੋਇਆ ਹਾਂ।” ਉਨ੍ਹਾਂ ਦੀਆਂ ਗੱਲਾਂ ਦਾ ਮੇਰੇ ਪੁਰ ਜਾਦੂ ਵਾਂਗ ਅਸਰ ਹੋ ਰਿਹਾ ਸੀ, ਆਪ ਹੰਸੂ ਹੰਸੂ ਕਰਦੇ ਪਰ ਗੰਭੀਰਤਾ ਨਾਲ ਗੱਲਾਂ ਕਰੀ ਗਏ ਮੈਂ ਬੁਤ ਬਣੀ ਸੁਣਦਾ ਗਿਆ। ਗੱਲਾਂ ਗੱਲਾਂ ‘ਚ ਉਨ੍ਹਾਂ ਆਪਣੇ ਇਰਾਦਿਆਂ ਦਾ ਇਜ਼ਹਾਰ ਕੀਤਾ ਕਿ ਪੰਜਾਬ ‘ਚ ਨਵੀਂ ਇਨਕਲਾਬੀ ਪਾਰਟੀ ਦੀ ਲੋੜ ਹੈ। ਅਸ਼ੀਂ ‘‘ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ” ਨਾਮ ਦੀ ਪਾਰਟੀ ਬਣਾਈ ਹੈ। ਤੁਸੀਂ ਵੀ ਸਾਥ ਦਿਓ।” ਮੈਂ ਉਨ੍ਹਾਂ ਨੂੰ ਦੱਸਿਆ ਕਿ ਅਜਿਹੀਆਂ ਪਾਰਟੀਆਂ ਸਿਰੇ ਨਹੀਂ ਚੜ੍ਹਦੀਆਂ। ਸਾਥੀ ਵਾਹਿਦਾ ਮੁਆਫ਼ ਬਣ ਜਾਂਦੇ ਹਨ। ਮੈਂ ਉਹਨਾਂ ਦੇ ਸਾਹਮਣੇ ਪਿੰਡੀ ਪਿਸਤੌਲ ਕੇਸ (ਜਿਸ ਵਿਚ ਸਾਜਿਸ਼ ਤਿੰਨਾਂ ਆਦਮੀਆਂ ਦੀ ਸੀ, ਤੇ ਪਕੜ ਲਏ ਸਨ ਪੰਝੀ-ਤੀਹ। ਸਾਰੇ ਡਰਦੇ ਮਾਰੇ ਬਿਨਾਂ ਕੁਝ ਪਤੇ ਸ਼ਤੇ ਦੇ ਪੁਲਿਸ ਦੀ ਮਰਜ਼ੀ ਅਨੁਸਾਰ ਬਿਆਨ ਦੇਈ ਜਾਂਦੇ ਸਨ ਅਖੀਰ ‘ਚ ਤਿੰਨਾਂ ਸੱਜਣਾਂ ਨੂੰ ਪੰਜ ਪੰਜ ਸਾਲ ਦੀ ਸਜ਼ਾ ਹੋਈ ਸੀ) ਸਾਹਮਣੇ ਰੱਖਿਆ-ਬੱਬਰ ਲਹਿਰ ਦੇ ਸਾਰੇ ਹਾਲਾਤ, ਪੁਲਸੀ ਤਸ਼ੱਦਦ ਤੇ ਸਾਰੇ ਹਾਲਾਤ ਦਾ ਅਸਰ ਉਨ੍ਹਾਂ ਦੇ ਸਾਹਮਣੇ ਰੱਖਿਆ ਪਰ ਸਰਦਾਰ ਭਗਤ ਸਿੰਘ ਜੀ ਨੇ ਆਪਣੇ ਸਾਥੀਆਂ ਦਾ ਪਰਸਪਰ ਪ੍ਰੇਮ ਤੇ ਪਿਆਰ ਦੱਸ ਕੇ ਪਾਰਟੀ ਦੀ ਬਹੁਤ ਮਜ਼ਬੂਤੀ ਦੱਸੀ। ਮੇਰੇ ਸਵਾਲ ਪਰ ਕਿ ਸ੍ਰੀ ਬੀ.ਸੀ. ਵੋਹਰਾ ਪੁਰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਉੱਤਰ ਵਿਚ ਆਪ ਨੇ ਕਿਹਾ ਕਿ ਉਨ੍ਹਾਂ ਦਾ ਐਸ ਵੇਲੇ ਅੰਡਰ ਗਰਾਊਂਡ ਪਾਰਟੀ ਨਾਲ ਕੋਈ ਤੁਅੱਲਕ ਨਹੀਂ ਹੈ। ਉਹ ਅਜਕਲ੍ਹ ਕੇਵਲ ਨੌਜੁਆਨ ਭਾਰਤ ਸਭਾ ਦੇ ਮੈਂਬਰ ਹਨ। ਦੂਜੇ ਸ. ਮੰਗਲ ਸਿੰਘ ਜੀ ਅਕਾਲੀ ਨੂੰ ਕਿਸੇ ਗੱਲੋਂ ਸ਼ੱਕ ਪੈ ਗਈ ਹੈ। ਪਰ ਏਹ ਸ਼ੱਕ ਨਿਰਮੂਲ ਹੈ। ਸਾਥੀ ਪੁਰ ਇਤਬਾਰ ਕੀਤਾ ਜਾ ਸਕਦਾ ਹੈ। ਮੈਂ ਸੋਚਾਂਗਾ ਕਹਿ ਕੇ ਗੱਲ ਮੁਕਾ ਦਿੱਤੀ, ਉਨ੍ਹਾਂ ਨੇ ਮੈਨੂੰ ਵਿਆਹ ਕਰਾਉਣ ਤੋਂ ਹੋੜਿਆ। ਮੈਂ ਆਪ ਵੀ ਵਿਆਹ ਦੇ ਹੱਕ ਵਿਚ ਨਹੀਂ ਸਾਂ। ਮੇਰੀ ਉਨ੍ਹਾਂ ਨਾਲ ਰਾਏ ਮਿਲ ਗਈ ਤੇ ਮੈਂ ਸ਼ਾਦੀ ਦੇ ਹੋਰ ਵੀ ਵਿਰੁਧ ਹੋ ਗਿਆ। ਉਪਰੰਤ ਜਦ ਵੀ ਉਹ ਜਲੰਧਰ ਆਏ ਮੈਨੂੰ ਜ਼ਰੂਰ ਮਿਲਦੇ ਰਹੇ। ਇਕ ਵਾਰ ਉਹ ਨੌਜੁਵਾਨ ਭਾਰਤ ਸਭਾ ਦੇ ਸਿਲਸਿਲੇ ‘ਚ ਆਏ। ਉਨ੍ਹਾਂ ਨਾਲ ਸਾਥੀ ਅਬਦੁਲ ਮਜੀਦ, ਮੁਨਸ਼ੀ ਅਹਿਮਦ ਦੀਨ, ਜੋਸ਼, ਕਾਮਰੇਡ ਰਾਮ ਚੰਦਰ ਵੀ ਸਨ। ਉਨ੍ਹਾਂ ਮੈਜਿਕ ਲੈਨਟਰਨ ਨਾਲ ਦੇਸ਼ ਭਗਤਾਂ ਦੀਆਂ ਤਸਵੀਰਾਂ ਦਿਖਾਈਆਂ ਤੇ ਥੋੜ੍ਹਾ- 2 ਹਾਲ ਦੱਸਿਆ ਬਾਕੀ ਸਾਥੀਆਂ ਨੇ ਲੈਕਚਰ ਕੀਤੇ। ਮੈਜਿਕ ਨੂੰ ਅੱਗ ਲੱਗ ਗਈ ਤੇ ਸ. ਭਗਤ ਸਿੰਘ ਜੀ ਦਾ ਮੱਥਾ ਲੂਸਿਆ ਗਿਆ ਪਰ ਆਪ ਨੇ ਫੌਰਨ ਪਗੜੀ ਦਾ ਲੜ ਵਲੇਟ ਲਿਆ ਤੇ ਕੰਮ ਨਾ ਛੱਡਿਆ। ਸਭ ਨੇ ਬਹੁਤ ਕਿਹਾ ਪਰ ਉਨ੍ਹਾਂ ਹਸ ਕੇ ਟਾਲ ਦਿੱਤਾ। ਫੇਰ ਸਾਰੀ ਰਾਤ ਉਨ੍ਹਾਂ ਦੇ ਮੱਥੇ ‘ਚ ਪੀੜ੍ਹ ਹੁੰਦੀ ਰਹੀ। 1928 ਵਿਚ ਅਕਤੂਬਰ ਮਹੀਨੇ ਮੈਂ ਮੁੜ ਫੜਿਆ ਗਿਆ, ਪਿਛੋਂ ਸਾਂਡਰਸ ਮਾਰਿਆ ਗਿਆ।
ਅਸਲ ਵਿਚ ਮਾਰਨਾ ਤਾਂ ਮਿਸਟਰ ਸਕਾਟ ਨੂੰ ਸੀ ਪਰ ਉਸ ਦਿਨ ਉਹ ਕਸੂਰ ਚਲਾ ਗਿਆ। ਤੇ ਜੈ ਗੋਪਾਲ ਨੂੰ ਦੂਰੋਂ ਸਕਾਟ ਤੇ ਸਾਂਡਰਸ ਵਿਚ ਫਰਕ ਨਾ ਦਿਸਿਆ ਉਸ ਨੇ ਕਹਿ ਦਿੱਤਾ ਕਿ ਏਹੀ ਸਕਾਟ ਹੈ। ਰਾਜਗੁਰੂ ਤੇ ਸ. ਭਗਤ ਸਿੰਘ ਨੇ ਉਸ ਨੂੰ ਮਾਰ ਦਿੱਤਾ। ਇਕ ਚੰਨਣ ਸਿੰਘ ਨਾਮੀ ਸਿਪਾਹੀ ਇਨ੍ਹਾਂ ਦੇ ਮਗਰ ਭੱਜਾ , ਤੇ ਇਨ੍ਹਾਂ ਉਸ ਨੂੰ ਸਮਝਾਇਆ ਕਿ ਅਸੀਂ  ਉਸੇ ਨੂੰ ਮਾਰਨਾ ਸੀ ਤੂੰ ਮੁੜ ਜਾ ਪਰ ਉਸ ਇਕ ਨਾ ਮੰਨੀ ਤੇ ਸਰਦਾਰ ਭਗਤ ਸਿੰਘ ਜੀ ਦੀ ਗੋਲੀ ਨਾਲ ਠੰਡਾ ਹੋ ਗਿਆ। ਇਸ ਸਿਲਸਿਲੇ ‘ਚ ਕਾਫੀ ਨੌਜੁਆਨ ਫੜੇ ਗਏ। ਅਖ਼ਬਾਰਾਂ ਨੇ ਰੌਲਾ ਪਾਇਆ ਕਿ ਏਹ ਅੰਗਰੇਜ਼ ਅਫ਼ਸਰ ਮਲੰਗੀ ਡਾਕੂ ਦੇ ਸਾਥੀਆਂ ਨੇ ਮਾਰ ਦਿੱਤਾ ਹੈ। ‘‘ਉੱਧਰ ਮੇਰਠ ਦਾ ਸਾਜ਼ਿਸ਼ ਕੇਸ ਚਲ ਪਿਆ ਜਿਸ ਵਿਚ ਸਾਡੇ ਪੰਜਾਬ ਦੇ ਤਿੰਨ ਬੰਦੇ ਸਨ, ਸਹਿਗਲ, ਜੋਸ਼ ਤੇ ਅਬਦੁਲ ਮਜੀਦ। ਪੁਲਿਸ ਹੰਸਰਾਜ ਵੋਹਰਾ ਤੇ ਜੈ ਗੋਪਾਲ ਨੂੰ ਸਰਕਾਰੀ ਗਵਾਹ ਬਨਾਉਣ ਵਿਚ ਕਾਮਯਾਬ ਨਾ ਹੋ ਸਕੀ।
ਪਰ ਸੁਖਦੇਵ ਉਦੋਂ ਪਾਰਟੀ ਦਾ ਲੀਡਰ ਸੀ ਤੇ ਬਹੁਤ ਦਿਮਾਗੀ ਸਮਝਿਆ ਜਾਂਦਾ ਸੀ। ਉਂਝ ਨਿਗਰਾਨੀ ਤਾਂ ਸਾਰਿਆਂ ਦੀ ਹੋ ਰਹੀ ਸੀ ਪਰ ਸੁਖਦੇਵ ਉਨ੍ਹੀਂ ਦਿਨੀਂ ਦਿੱਲੀ ਤੋਂ ਆਇਆ ਸੀ ਤਾਂ ਪੁਲਿਸ ਨੇ ਸੁਖਦੇਵ ਦਾ ਪਿੱਛਾ ਕਰਨ ਤੇ ਮਕਾਨ ਦੇ ਪਿਛਲੇ ਪਾਸੇ ਗੰਧਕ ਡੁਲ੍ਹੀ ਮਿਲੀ। ਇਹ ਦੇਖਕੇ ਪੁਲੀਸ ਨੇ ਛਾਪਾ ਮਾਰਿਆ ਤਾਂ ਸੁਖਦੇਵ ਹੁਰੀਂ ਫੜ੍ਹੇ ਗਏ। ਸੁਖਦੇਵ ਦੇ ਮੂੰਹੋਂ ਸ਼ੇਖੀ ‘ਚ ਆ ਕੇ ਕੁਝ ਅਜਿਹੇ ਸ਼ਬਦ ਨਿਕਲ ਗਏ ਜਿਸ ਤੋਂ ਏਹ ਜ਼ਾਹਿਰ ਹੁੰਦਾ ਸੀ, ਕਿ ਸਾਂਡਰਸ ਦਾ ਕਤਲ ਇਨ੍ਹਾਂ ਦੀ ਪਾਰਟੀ ਨੇ ਹੀ ਕੀਤਾ ਹੈ। ਉਹ ਬੰਦੇ ਮਾਤਰਮ ਵਿਚ ਬਿਆਨ ਦੀ ਸ਼ਕਲ ਵਿਚ ਛਪ ਗਿਆ। ਅਗਲੇ ਦਿਨ ਜੈ ਗੋਪਾਲ ਤੇ ਹੰਸਰਾਜ ਵੋਹਰਾ, ਦੋਵੇਂ ਸਰਕਾਰੀ ਗਵਾਹ ਬਣ ਗਏ। ਓਧਰ ਸਰਦਾਰ ਭਗਤ ਸਿੰਘ ਤੇ ਮਿਸਟਰ ਦੱਤ ਅਸੈਂਬਲੀ ਵਿਚ ਬੰਬ ਸੁਟਣ ਪੁਰ ਵੀਹ-2 ਸਾਲ ਦੀ ਕੈਦ ਹੋ ਚੁੱਕੇ ਸਨ, ਤੇ ਦੱਤ ਸੈਂਟਰਲ ਜੇਲ੍ਹ ਲਾਹੌਰ ਵਿਚ ਤੇ ਸ. ਭਗਤ ਸਿੰਘ ਜੀ ਮੀਆਂਵਾਲੀ ਜੇਲ੍ਹ ਵਿਚ ਤਬਦੀਲ ਹੋ ਚੁੱਕੇ ਸਨ। ਸ. ਗੋਪਾਲ ਸਿੰਘ ਜੀ ਕੌਮੀ ਤੇ ਮੈਂ ਉਨ੍ਹੀਂ ਦਿਨੀਂ ਮੀਆਂ ਵਾਲੀ ਸਾਂ, ਬਾਬਾ ਰੂੜ੍ਹ ਸਿੰਘ ਜੀ, ਬਾਬਾ ਸ਼ੇਰ ਸਿੰਘ ਜੀ ਤੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਵੀ ਉਸੇ ਜੇਲ੍ਹ ਵਿਚ ਸਨ। ਬਾਬਾ ਰੂੜ ਸਿੰਘ ਨੇ ਭੁੱਖ ਹੜਤਾਲ ਕੀਤੀ ਹੋਈ ਸੀ ਤੇ ਹਾਲਤ ਖਰਾਬ ਸੀ, ਸਰਦਾਰ ਭਗਤ ਸਿੰਘ ਜੀ ਨੇ ਤੇ ਦੱਤ ਨੇ ਦਿੱਲੀ ਤੋਂ ਹੀ ਭੁੱਖ ਹੜਤਾਲ ਕੀਤੀ ਹੋਈ ਸੀ। ਇਸ ਲਈ ਮੈਂ ਤੇ ਕੌਮੀ ਜੀ ਬਾਬਾ ਰੂੜ੍ਹ ਸਿੰਘ ਨੂੰ ਮਿਲਣ ਮਗਰੋਂ ਸ. ਭਗਤ ਸਿੰਘ ਨੂੰ ਮਿਲਣ ਚਲੇ ਗਏ। ਸ. ਭਗਤ ਸਿੰਘ ਦੇ ਬੇੜੀਆਂ ਲਗੀਆਂ ਹੋਈਆਂ ਸਨ ਤੇ ਆਪ ਘੂਕ ਸੁੱਤੇ ਪਏ ਸਨ। ਅਸੀਂ ਜਾਂਦਿਆਂ ਹੀ ਜਗਾਇਆ, ਉਹ ਉਠ ਕੇ ਬੈਠ ਗਏ। ਅਸੀਂ ਭੁੱਖ ਹੜਤਾਲ ਤੁੜਵਾਨੀ ਚਾਹੁੰਦੇ ਸਾਂ, ਏਸ ਲਈ ਆਪ ਤਜਰਬੇ ਦੀ ਬਿਨਾ ਪੁਰ ਤੇ ਉਨ੍ਹਾਂ ਪੁਰ ਚਲਨ ਵਾਲੇ ਮੁਕੱਦਮੇ ਤੇ ਹੋਰ ਹਾਲਤਾਂ ਤੇ ਬਹਿਸ ਹੁੰਦੀ ਰਹੀ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਭੁੱਖ ਹੜਤਾਲ ਛਡ ਦੇਣੀ ਚਾਹੀਦੀ ਹੈ। ਪਰ ਦੱਤ ਲਾਹੌਰ ਹੈ। ਉਹਨੂੰ ਟਪਲਾ ਲਗ ਸਕਦਾ ਹੈ ਕਿ ਭਗਤ ਸਿੰਘ ਆਪਣੇ ਪੰਜਾਬੀ ਦੋਸਤਾਂ ਦੇ ਆਖੇ ਲੱਗ ਗਿਆ ਹੈ। ਤੇ ਮੇਰੀ ਪ੍ਰਵਾਹ ਨਹੀਂ ਕੀਤੀ, ਇਸ ਲਈ ਜਦੋਂ ਤੀਕ ਅਸੀਂ ਦੋਵੇਂ ਇਕੱਠੇ ਨਹੀਂ ਹੋ ਜਾਂਦੇ, ਭੁੱਖ ਹੜਤਾਲ ਜਾਰੀ ਰਖਣੀ ਪਵੇਗੀ। ਸਾਥੀਆਂ ਦਾ ਪਿਆਰ ਤੇ ਇਤਬਾਰ ਤਾਂ ਹੀ ਬਣਿਆ ਰਹਿ ਸਕਦਾ। ਗੱਲਾਂ-ਬਾਤਾਂ ‘ਚ ਮੈਂ ਉਹਨਾਂ ਨੂੰ ਪੁਰਾਣੀ ਗੱਲਬਾਤ ਦਾ ਇਸ਼ਾਰਾ ਕਰਕੇ ਦੱਸਿਆ ਕਿ ਵੋਹਰਾ ਅਤੇ ਜੈ ਗੋਪਾਲ ਸਰਕਾਰੀ ਗਵਾਹ ਬਣ ਚੁੱਕੇ ਹਨ। ਆਪ ਨੇ ਹੱਸ ਕੇ ਪਰ ਸੰਜੀਦਗੀ ਨਾਲ ਕਿਹਾ ਕਿ ‘‘ਹਾਂ ਮੈਨੂੰ ਪਤਾ ਲਗ ਗਿਆ ਹੈ। ਪਰ ਮੇਰਾ ਪੂਰਾ-2 ਯਕੀਨ ਹੈ ਕਿ ਮੇਰੇ ਸੌਂਹੇ ਹੁੰਦਿਆਂ ਹੀ ਦੋਵੇਂ ਮੁਕਰ ਜਾਣਗੇ। ਉਹ ਅਜਿਹਾ ਕਰ ਨਹੀਂ ਸਕਦੇ ਮੈਨੂੰ ਆਪਣੇ ਦਿਲੀ ਪਿਆਰ ਤੇ ਨਿਘ ਪੁਰ ਪੂਰਾ-2 ਭਰੋਸਾ ਹੈ।”
ਮੇਰੇ ਸਵਾਲ ਦੇ ਉਤਰ ਵਿਚ ਆਪ ਨੇ ਦੱਸਿਆ ਕਿ ਅਸੀਂ ਅਸੈਂਬਲੀ ‘ਚੋਂ ਸਾਫ ਬਾਹਰ ਆ ਸਕਦੇ ਸਾਂ ਪਰ ਜਾਣਕੇ ਨਹੀਂ ਸਾਂ ਆਏ। ਉਹਨਾਂ ਇਨਸਾਨੀ ਕਮਜ਼ੋਰੀਆਂ ਤੇ ਇਨਸਾਨੀ ਫਿਤਰਤ, ਹਾਉਮੈਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਤਾਂ ਪੰਜਾਬ ਪਰੈਸ ਨੇ ਏਹ ਲਿਖ ਦਿੱਤਾ ਕਿ ਸਾਂਡਰਸ ਮਲੰਗੀ ਡਾਕੂ ਦੇ ਸਾਥੀਆਂ ਨੇ ਮਾਰਿਆ ਹੋਣਾ ਹੈ ਤੇ ਇਸ ਗੱਲ ਨੇ ਸਾਡੇ ਕੀਤੇ ਕਾਰਨਾਮੇ ਪੁਰ ਮਿੱਟੀ ਪਾ ਦਿੱਤੀ। ਪੰਜਾਬੀ ਗੱਭਰੂਆਂ ਦੇ ਜਜ਼ਬਾਤ ਦੀ ਤਰਜਮਾਨੀ ਨਹੀਂ ਹੋਣ ਦਿੱਤੀ। ਕੇਸ ਦੀ ਨੌਈਯਤ ਸਿਆਸੀ ਅਤੇ ਮੁਜਰਮਾਨਾ ਜਾਹਿਰ ਕੀਤੀ ਹੈ। ਦੂਜੇ ਮੇਰਠ ਕੇਸ ਨੂੰ ਵਧੇਰੇ ਅਹਿਮੀਅਤ ਮਿਲ ਰਹੀ ਹੈ। ਜਦ ਕਿ ਅਸੀਂ ਬਹੁਤ ਖ਼ਤਰਾ ਲੈ ਕੇ ਸਾਰੇ ਮੁਲਕ ਨੂੰ ਇਕ ਤਰ੍ਹਾਂ ਦਾ ਹਲੂਣਾ ਦੇ ਦਿੱਤਾ ਹੈ। ਅਸੀਂ ਸਾਂਡਰਸ ਦੇ ਕੇਸ ਨੂੰ ਜਿਆਦਾ ਅਹਿਮੀਅਤ ਦੇਣਾ ਚਾਹੁੰਦੇ ਸਾਂ। ਅਸੀਂ ਉਨ੍ਹਾਂ ਦੇ ਅਸੈਂਬਲੀ ਬੰਬ ਵਿਚ ਦਿੱਤੇ ਬਿਆਨ ਦੀ ਤਾਰੀਫ਼ ਕੀਤੀ ਕਿ ਉਸ ਬਿਆਨ ਨੇ ਤੁਸਾਡੀ ਸਾਰੇ ਦੇਸ਼ ਦੀ ਇੱਜ਼ਤ ਨੂੰ ਚਾਰ ਚੰਦ ਲਗਾ ਦਿੱਤੇ ਹਨ। ਹੁਣ ਏਸ ਵਿਚ ਤੁਸਾਡਾ ਕੀ ਰਵਈਆ ਹੋਵੇਗਾ? ਤਾਂ ਉਨ੍ਹਾਂ ਹੱਸ ਕੇ ਕਿਹਾ ਕਿ ਅਵੱਲ ਤਾਂ ਮੇਰਾ ਸਬੂਤ ਹੈ ਕਿ ਮੈਂ ਉਸ ਦਿਨ ਪੰਜਾਬ ਵਿਚ ਨਹੀਂ ਸਾਂ, ਅੱਗੇ ਅੰਗਰੇਜ਼ ਦੀ ਨੀਅਤ ਦੇਖਾਂਗੇ ਜੇਕਰ ਮੈਨੂੰ ਯਕੀਨ ਹੋ ਗਿਆ ਕਿ ਅੰਗਰੇਜ਼ ਸਾਨੂੰ ਫਾਹੇ ਲਾਉਣ ਪਰ ਤੁਲਿਆ ਬੈਠਾ ਹੈ ਤਾਂ ਮੈਂ ਅਜਿਹਾ ਬਿਆਨ ਦਿਆਂਗਾ ਜੋ ਦੁਨੀਆਂ ਦੀ ਤਾਰੀਖ ਵਿਚ ਇਕ ਤਾਰੀਖੀ ਦਸਤਾਵੇਜ਼ ਦੀ ਸ਼ਕਲ ਇਖਤਿਆਰ ਕਰੇਗਾ। ਉਨ੍ਹਾਂ ਨੂੰ ਸਵਾਲ ਪੁਛਿਆ ਕਿ ‘‘ਫਰਜ਼ ਕਰੋ, ਸਰਕਾਰ ਤੁਸਾਂ ਨੂੰ ਫਾਂਸੀ ਦੀ ਸਜ਼ਾ ਦੇ ਕੇ ਉਸ ਤੇ ਅਮਲ ਕਰਨ ਤੋਂ ਪਹਿਲਾਂ ਤੁਸਾਂ ਨੂੰ ਇਕ ਜਾਂ ਦੋ ਬੰਦਿਆਂ ਨੂੰ ਮਿਲਣ ਦੀ ਆਖਰੀ ਖੁੱਲ੍ਹ ਹੋਵੇ ਤਾਂ ਤੁਸੀਂ ਕਿਸ ਕਿਸ ਨੂੰ ਮਿਲੋਗੇ?” ਆਪ ਨੇ ਕਿਹਾ ਕਿ ‘‘ਮੇਰੀ ਮੌਤ ਦਾ ਸਦਮਾ ਤਾਂ ਮੇਰੀ ਦਾਦੀ ਨੂੰ ਜਿਆਦਾ ਹੋਣਾ ਹੀ ਹੈ, ਤੇ ਮੇਰੀ ਚਾਚੀ (ਮਿਸਜ਼ ਅਜੀਤ ਸਿੰਘ ਜੀ) ਨੂੰ ਵੀ ਬਹੁਤ ਦੁੱਖ ਹੋਵੇਗਾ, ਕਿਉਂਕਿ ਉਨ੍ਹਾਂ ਨੇ ਮੈਨੂੰ ਜ਼ਿਆਦਾ ਲਾਡਾਂ ਤੇ ਚਾਅਵਾਂ ਨਾਲ ਪਾਲਿਆ ਹੈ। ਪਰ ਜੇਕਰ ਅਜੇਹੀ ਗੱਲ ਬਣੀ ਤਾਂ ਮੈਂ ਆਪਣੇ ਪੁਲੀਟੀਕਲ ਗੁਰੂ ਸ੍ਰੀ ਸੁਰਿੰਦਰ ਨਾਥ ਸਨਿਆਲ ਨੂੰ ਮਿਲਾਂਗਾ। ਸੁਰਿੰਦਰ ਨਾਥ ਸਨਿਆਲ 14-15 ਦੀ ਸਾਜਿਸ਼ ਕੇਸ ਦੇ ਮੁਲਜ਼ਮ ਸਨ ਤੇ ਫੇਰ ਕਾਕੋਰੀ ਦੇ। (ਮੇਰੇ ਨਾਲ ਉਹ ਦੇਓਲੀ ਕੈਂਪ ਜੇਲ੍ਹ ‘ਚ ਰਹੇ ਹਨ। ਉਸ ਵੇਲੇ ਤਾਂ ਉਨ੍ਹਾਂ ਦੇ ਖਿਆਲ ਹਿੰਦੂ ਸਭਾਈ ਜਿਹੇ ਜਾਪਦੇ ਸਨ। ਤੇ ਆਪ ਬਿਰਧ ਵੀ ਬਹੁਤ ਹੋ ਗਏ ਸਨ।) ਤੇ ਜੇਕਰ ਦੂਜੇ ਸੱਜਣ ਨੂੰ ਮਿਲਣ ਦੀ ਖਾਹਿਸ ਪੁਛੋਗੇ ਤਾਂ ਉਹ ਕਿਦਾਰ ਨਾਥ ਸਹਿਗਲ ਦੀ ਹੋਵੇਗੀ।” ਜਦੋਂ ਮੈਂ ਪੁੱਛਿਆ ਕਿ ‘‘ਆਪਣੇ ਪਿਤਾ ਜੀ ਤੇ ਹੋਰ ਸੰਬੰਧੀਆਂ ਨੂੰ ਕਿਉਂ ਨਹੀਂ ਪਹਿਲੇ ਨੰਬਰ ਪੁਰ ਰੱਖਿਆ?” ਤਾਂ ਆਪ ਨੇ ਹੱਸ ਕੇ ਕਿਹਾ ਕਿ ‘‘ਉਨ੍ਹਾਂ ਨੂੰ ਤਾਂ ਮੁਕੱਦਮੇ ਦੇ ਦੌਰਾਨ ਵੀ ਮਿਲਦਾ ਰਹਾਂਗਾ,,,ਤੇ ਜੇਕਰ ਮੈਂ ਫਾਂਸੀ ਲੱਗਣਾ ਹੀ ਹੋਇਆ ਤਾਂ ਏਹ ਵੀ ਕਹਾਂਗਾ ਕਿ ਮੇਰੀ ਸੁਆਹ ਕੋਈ ਨਾ ਬੇਚੇ।”
ਮੀਆਂਵਾਲੀ ਅਨ੍ਹੇਰੀਆਂ ਬਹੁਤ ਆਉਂਦੀਆਂ ਸਨ। ਬਾਜੇ ਵਕਤ ਆਦਮੀ ਨੂੰ ਆਪਣਾ ਹਥ ਨਜ਼ਰ ਨਹੀਂ ਸੀ ਆਉਂਦਾ। ਸਾਡਾ ਇਕ ਮਿੱਤਰ ਸ੍ਰੀ ਝੰਡੇ ਖਾਂ ਗੁੱਜਰ ਔਲੀਏ ਕਲਾਂ ਜ਼ਿਲਾ ਫੀਰੋਜ਼ਪੁਰ ਨੂੰ ਦੱਸ ਸਾਲ ਲਈ ਡਾਕੇ ਦੇ ਕੇਸ ਵਿਚ ਸਜ਼ਾ ਹੋਈ ਹੋਈ ਸੀ ਤੇ ਉਹ ਮੇਰੇ ਨਾਲ ਰਾਵਲਪਿੰਡੀ ਜੇਲ੍ਹ ਵਿਚ ਵੀ ਰਿਹਾ ਸੀ। ਮੀਆਂਵਾਲੀ ਉਹ ਪੀਲੀ ਵਰਦੀ ਵਾਲਾ ਨੰਬਰਦਾਰ ਸੀ ਤੇ ਬਹੁਤ ਜੇਰੇ ਵਾਲਾ ਤੇ ਮਨਚਲਾ ਆਦਮੀ ਸੀ। ਭਾਵੇਂ ਪਕੇਰੀ ਉਮਰ ਦਾ ਸੀ ਪਰ ਸੀ ਜੁਆਨੀ ਦੀ ਸਪਿਰਟ ਵਾਲਾ ਇਨਸਾਨ। ਅਸੀਂ ਇਕ ਦਿਨ ਬਾਬਾ ਸ਼ੇਰ ਸਿੰਘ ਨਾਲ ਸਲਾਹ ਕੀਤੀ ਕਿ ਭਗਤ ਸਿੰਘ ਜੇਲ ਚੋਂ ਬਾਹਰ ਨਿਕਲ ਸਕੇ ਤਾਂ ਅੰਗਰੇਜ਼ੀ ਸਾਮਰਾਜ ਪੁਰ ਬਹੁਤ ਵੱਡੀ ਸੱਟ ਬਜ ਸਕਦੀ ਹੈ। ਝੰਡੇ ਨਾਲ ਗੱਲ ਹੋਈ ਤਾਂ ਉਸ ਫੌਰਨ ਹਾਂ ਕਰ ਦਿੱਤੀ ਤੇ ਪਿਸਤੌਲ ਸਣੇ ਗੋਲੀਆਂ, ਤੇ ਜੰਗਲਾਂ ਕਟਨ ਦੀ ਤਾਰ ਹਫਤੇ ਦੇ ਅੰਦਰ 2 ਜੇਲ੍ਹ ‘ਚ ਮੰਗਵਾਉਣ ਦਾ ਇਕਰਾਰ ਕਰ ਲਿਆ। ਸਾਥ ਹੀ ਏਹ ਵੀ ਸਲਾਹ ਬਣੀ ਕਿ ਝੰਡਾ ਭਗਤ ਸਿੰਘ ਨੂੰ ਫਾਂਸੀ ਵਾਲੀ ਕੋਠੀ ‘ਚੋਂ ਕੱਢ ਕੇ ਸਾਡੀ ਮੋਰਾ ਬੈਰਕ ਜੋ ਜੇਲ੍ਹ ਦੇ ਦੂਜੇ ਸਿਰੇ ਸੀ ਲੈ ਆਵੇਗਾ। ਇੱਥੇ ਅਸੀਂ ਮੰਜੇ ਤੋਂ ਬਾਣ ਤੇ ਦੌਣ ਨਾਲ ਤਟੀਆਂ ਤੋਂ ਬਾਂਸ ਲਾਹ ਕੇ ਪੌੜੀ ਬਣਾ ਛਡਾਂਗੇ ਤੇ ਇਥੋਂ ਸਾਡੇ ਚੋਂ ਇਕ (ਕਾਬਲ ਸਿੰਘ) ਨਾਲ ਚਲੇਗਾ। ਪਰ ਏਸ ਪੁਰ ਅਮਲ ਹੋਣ ਤੋਂ ਪਹਿਲਾਂ ਲਾਜ਼ਮੀ ਸੀ ਕਿ ਸ. ਭਗਤ ਸਿੰਘ ਭੁੱਖ ਹੜਤਾਲ ਤੋੜ ਦੇਣ। ਕਿਉਂਕਿ ਗ਼ੈਰ ਇਲਾਕੇ ਬੀਮਾਰ ਨੂੰ ਚੁੱਕ ਕੇ ਲੈ ਜਾਣਾ ਬਹੁਤ ਕਠਿਨ ਸੀ। ਪਸਤੌਲ ਆਦਿ ਦਾ ਬੰਦੋਬਸਤ ਹੋ ਗਿਆ ਪਰ ਸ. ਭਗਤ ਸਿੰਘ ਭੁੱਖ ਹੜਤਾਲ ਛੱਡਣ ਨੂੰ ਨਾ ਮੰਨੇ ਉਨ੍ਹਾਂ ਦਾ ਖਿਆਲ ਸੀ ਕਿ ਪਤਾ ਨਹੀਂ ਪੁਲਸ ਉਨ੍ਹਾਂ ਨੂੰ ਕੇਹੜੇ ਵੇਲੇ ਲਾਹੌਰ ਲੈ ਜਾਏ? ਏਸ ਲਈ ਐਵੇਂ ਡੋ ਡੋ ਹੋ ਜਾਣ ਦਾ ਡਰ ਹੈ। ਉਨ੍ਹਾਂ ਦੇ ਹੱਠ ਕਰਨ ਪੁਰ ਏਹ ਤਜਵੀਜ਼ ਛਡਣੀ ਪਈ। ਏਸ ਤੋਂ ਬਾਅਦ ਮੈਂ ਉਨ੍ਹਾਂ ਦੀ ਹਮਦਰਦੀ ‘ਚ ਭੁੱਖ ਹੜਤਾਲ ਕਰ ਦਿੱਤੀ ਮੇਰੇ ਦੋ ਕੁ ਹਫਤੇ ਬਾਅਦ ਕੌਮੀ ਜੀ, ਮੁਨਸ਼ੀ ਅਹਿਮਦ ਦੀਨ ਤੇ ਰਾਮ ਚੰਦਰ ਜੀ ਨੇ ਵੀ ਭੁੱਖ ਹੜਤਾਲ ਕਰ ਦਿੱਤੀ। ਸ. ਭਗਤ ਸਿੰਘ ਜੀ ਨੂੰ ਛੇਤੀ ਹੀ ਲਾਹੌਰ ਲੈ ਜਾਇਆ ਗਿਆ। ਸਪੈਸ਼ਲ ਮਜਿਸਟਰੇਟ ਨਾਲ ਝਗੜਾ ਹੋ ਜਾਣ ਕਰਕੇ ਸ. ਭਗਤ ਸਿੰਘ ਜੀ ਆਪਣੀ ਮਰਜ਼ੀ ਦਾ ਬਿਆਨ ਨਾ ਦੇ ਸਕੇ।
ਆਪ ਜੀ ਦੀ ਤੇ ਆਪ ਦੇ ਸਾਥੀਆਂ ਦੀ ਫਾਂਸੀ ਦੀ ਸਜ਼ਾ ਹਟਾਉਣੀ ਵਾਇਸਰਾਏ ਨੇ ਮੰਨ ਲਈ ਸੀ, ਪਰ ਏਹ ਫੈਸਲਾ ਸਾਡੇ ਇਕ ਲੀਡਰ ਨੇ ਸ਼ੇਖੀ ‘ਚ ਆ ਕੇ ਆਊਟ ਕਰ ਦਿੱਤਾ ਤੇ ਸੀ.ਆਈ.ਡੀ. ਅਫਸਰਾਂ ਦੇ ਵਾ-ਵੇਲਾ ਕਰਨ ਪੁਰ ਆਪ ਨੂੰ ਆਪ ਦੇ ਸਾਥੀ ਸਮੇਤ ਸ਼ਾਮ ਵੇਲੇ ਫਾਂਸੀ ਪੁਰ ਲਟਕਾ ਦਿੱਤਾ ਗਿਆ ਤੇ ਉਥੇ ਹੀ ਸਰੀਰ ਦੇ ਟੁਕੜੇ ਕਰਕੇ ਛੋਟੇ ਦਰਵਾਜ਼ੇ ਰਾਹੀਂ ਬੋਰੀਆਂ ‘ਚ ਪਾ ਕੇ ਮੋਟਰ ਪੁਰ ਫੀਰੋਜ਼ਪੁਰ ਦੇ ਲਾਗੇ ਸਤਲੁਜ ਦੇ ਕੰਢੇ ਸਸਕਾਰ ਕਰ ਦਿੱਤਾ ਗਿਆ। ਸ. ਭਗਤ ਸਿੰਘ ਜੀ ਨਾਲ ਰਹਿਣ ਦਾ ਭਾਵੇਂ ਮੈਨੂੰ ਬਹੁਤ ਥੋੜ੍ਹਾ ਸਮਾਂ ਮਿਲਿਆ ਪਰ ਉਨ੍ਹਾਂ ਦਾ ਹੰਸੂ-ਹੰਸੂ ਕਰਦਾ ਚਿਹਰਾ ਲਟਬੌਰੀਆਂ ਵਾਂਗ ਪਗੜੀ ਦਾ ਲੜ ਉਪਰ ਨੂੰ ਸਿਟਿਆ ਹੋਇਆ ਤੇ ਇਕ ਚੰਗੇ ਸੁਲਝੇ ਹੋਏ ਦਿਮਾਗ਼ ਤੇ ਸਾਰੀ ਦੁਨੀਆਂ ਦੇ ਖ਼ਤਰਿਆਂ ਤੋਂ ਲਾ-ਪ੍ਰਵਾਹ ਸੱਜਣ ਦੀ ਯਾਦ ਤਾਜ਼ਾ ਰਹੇਗੀ। ਸ. ਭਗਤ ਸਿੰਘ ਦੇ ਫਾਂਸੀ ਲਟਕਾਏ ਜਾਣ ਉਪਰੰਤ ਇਕ ਗੱਲ ਜਿਸ ਨੇ ਮੈਨੂੰ ਬਹੁਤ ਦੁਖੀ ਕੀਤਾ ਉਹ ਇਹ ਸੀ ਕਿ ਇਕ ਪ੍ਰਤਾਪ ਸਿੰਘ ਨਾਮੀ ਮਜ਼੍ਹਬੀ ਸਿੱਖ, ਜੋ ਸੀ.ਆਈ.ਡੀ. ਦਾ ਮੁਲਾਜ਼ਮ ਸੀ, ਨੂੰ ਮੇਰੇ ਪਾਸ, 108 ਦਫਾ ਅਵਾਰਾਗਰਦੀ ‘ਚ ਫੜ੍ਹ ਕੇ ਰਖਿਆ ਗਿਆ ਜੋ ਸਾਡੀ ਸੂਹ ਲੈਂਦਾ ਤੇ ਆਪਣੇ ਮਹਿਕਮੇਂ ਨੂੰ ਭੇਜਦਾ ਸੀ। ਪਰ ਉਹ ਆਪਣੀ ਅਸਲੀ ਪਹਿਚਾਣ ਲੁਕੋਣ ਲਈ ਆਪਣੇ ਆਪ ਨੂੰ ਸਰ ਜੋਗਿੰਦਰ ਸਿੰਘ ਦਾ ਭਣੇਵਾਂ ਕਹਿੰਦਾ ਸੀ। ਸਾਨੂੰ ਦੇਰ ਬਾਅਦ ਇਹ ਭੇਦ ਖੁਲ੍ਹਿਆ ਤੇ ਅਸੀਂ ਉਸ ਰਾਤ ਉਸ ਨੂੰ ਖੂਬ ਫਾਂਟਾ ਵੀ ਚਾੜ੍ਹਿਆ। ਪਰ ਮਗਰੋਂ ਕੁਝ ਦਿਨੀਂ ਬਾਅਦ ਹੀ ਉਸ ਨੂੰ ਬਾਹਰ ਕੱਢ ਦਿੱਤਾ ਗਿਆ, ਜਿਸ ਦਾ ਸਾਨੂੰ ਪਤਾ ਤਕ ਨ ਲੱਗਣ ਦਿੱਤਾ ਗਿਆ।

for further enquiry or a copy of the book email : sbalwant1946@gmail.com

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346