Welcome to Seerat.ca
Welcome to Seerat.ca

ਸੰਪਾਦਕੀ / ਮਤਰੇਈ ਮਾਂ: ਪੰਜਾਬੀ

 

- ਕੁਲਵਿੰਦਰ ਖਹਿਰਾ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਨਾਵਲ ਅੰਸ਼ / ਅਪੀਲ ਨਾ ਦਲੀਲ

 

- ਹਰਜੀਤ ਅਟਵਾਲ

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ

 

- ਮਲਿਕਾ ਮੰਡ

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼ / ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਦੇ ਨਾਲ ਨਾਲ

 

- ਸਵਰਨ ਚੰਦਨ

ਜੋ ਦਿਨੇ ਡਰਨ ਪਰਛਾਵਿਓਂ...

 

- ਐਸ. ਅਸ਼ੋਕ ਭੌਰਾ

ਜਿਸ ਕਾ ਕਾਮ ਉਸੀ ਕੋ ਸੱਜੇ

 

- ਗਿਆਨੀ ਸੰਤੋਖ ਸਿੰਘ

ਇੱਕ ਪੰਜ ਤਾਰਾ ਰਿਜ਼ੋਰਟ ਦੀ ਫੇਰੀ ਦੌਰਾਨ ਵੇਖਿਆ ਉੱਪਰਲਾ ਤੇ ਹੇਠਲਾ ਸੱਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ

 

- ਪੇਸ਼ਕਸ਼ ਐੱਸ ਬਲਵੰਤ

ਹਰਫਾਂ ਦੀ ਹੱਟ...ਸ਼ਮਸ਼ੇਰ ਸੰਧੂ

 

- ਗੱਜਣਵਾਲਾ ਸੁਖਮਿੰਦਰ

ਸਵੀਰ ਸਿੰਘ ਰਾਣਾ,ਬਿੰਦਰ ਭੁਮਸੀ,ਸੁਖਰਾਜ ਸਿੰਘ ਧਾਲੀਵਾਲ ਅਤੇ ਅਜਮੇਰ ਸਿੱਧੂ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮੇਰੀ ਨਿਬੰਧ ਦ੍ਰਿਸ਼ਟੀ

 

- ਪ੍ਰੋਫੈਸਰ ਸੁਰਿੰਦਰ ਮੰਡ

ਨੌਕਰ ਦੀ ਸੰਤੀ

 

- ਰਛਪਾਲ ਕੌਰ ਗਿੱਲ

ਨੌ-ਬਾਰਾਂ-ਦਸ: ਪੂੰਜੀਵਾਦ ਅਤੇ ਸੰਸਾਰੀ ਮੰਡੀਕਰਨ ਦੇ ਜਾਲ਼ ਵਿੱਚ ਘਿਰੇ ਮਨੁੱਖ ਦੀ ਕਹਾਣੀ

 

- ਕੁਲਵਿੰਦਰ ਖਹਿਰਾ

ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ

 

- ਉਂਕਾਰਪ੍ਰੀਤ

ਧਰਤੀ ਦਾ ਫਿ਼ਕਰ

 

- ਗੁਲਸ਼ਨ ਦਿਆਲ

ਜਦ ਜੱਗ ਜੀਣ ਯੋਗ ਨਹੀਂ ਰਹਿੰਦਾ

 

- ਹਰਭਜਨ ਕੌਰ ਗਿੱਲ

ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

 

- ਹਰਮੰਦਰ ਕੰਗ

ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

 

- ਹਰਜਿੰਦਰ ਸਿੰਘ ਗੁਲਪੁਰ

ਦੋ ਗ਼ਜਲਾਂ

 

- ਮੁਸ਼ਤਾਕ

ਕਵਿਤਾ ਤੇ ਗ਼ਜ਼ਲ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੁਰਜੀਤ

ਆਪਣਾ ਹਿੱਸਾ-2

 

- ਵਰਿਆਮ ਸਿੰਘ ਸੰਧੂ

ਬੇਗੋਵਾਲ ਦੇ ਪ੍ਰਾਈਵੇਟ ਕਾਰੋਬਾਰੀ ਵੱਲੋਂ / ਸੂਫ਼ੀ ਸ਼ਾਇਰ ਗ਼ੁਲਾਮ ਰਸੂਲ ਦੀ ਮਜ਼ਾਰ ਉਤੇ ਨਜਾਇਜ਼ ਕਬਜਾ

 

- ਡਾ. ਸੁਰਿੰਦਰ ਮੰਡ

ਨੀਗਰੋ ਗ਼ੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਯੋਗਦਾਨ

 

- ਚਰਨਜੀਤ ਸਿੰਘ ਪੰਨੂੰ

ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ

 

- ਅਮਰਜੀਤ ਚੰਦਨ

ਹੁੰਗਾਰੇ

 

Online Punjabi Magazine Seerat


ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ
- ਅਮਰਜੀਤ ਚੰਦਨ
 

 


ਕੁਲ ਸਫ਼ੇ: 112; 28 ਦੁਰਲਭ ਤਸਵੀਰਾਂ; ਭਾਅ 210 ਰੁ:
ਪ੍ਰਕਾਸ਼ਕ: ਕੌਪਰ ਕੌਇਨ, ਗ਼ਾਜ਼ੀਆਬਾਦ
ਕਿਤਾਬ ਮੰਗਵਾਉਣ ਦਾ ਪਤਾ: editorial@coppercoin.co.in


ਸੰਨ 1967-68 ਦੌਰਾਨ ਬਾਬਾ ਸੋਹਣ ਸਿੰਘ ਜੀ ਭਕਨਾ ਨਾਲ਼ ਮੇਰਾ ਮੇਲ਼-ਮਿਲਾਪ ਰਿਹਾ। ਮੇਰੇ ਮਨ ’ਤੇ ਬਾਬਾ ਜੀ ਦੀ ਜੋ ਪੱਕੀ ਤਸਵੀਰ ਬਣੀ, ਉਹ ਗਹਿਰ-ਗੰਭੀਰ ਨਿਰਮਾਣਤਾ ਦੇ ਪੁੰਜ ਦੀ ਤਸਵੀਰ ਹੈ। ਉਹ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਸਨ। ਨੇਕ ਇਨਸਾਨ ਤੇ ਇਨਕਲਾਬੀ ਵਜੋਂ ਹਰ ਕੋਈ ਉਨ੍ਹਾਂ ਦਾ ਬੇਹੱਦ ਸਤਿਕਾਰ ਤੇ ਪਿਆਰ ਕਰਦਾ ਸੀ। ਸਾਰੀ ਜ਼ਿੰਦਗੀ ਦੀ ਘਾਲਣਾ ਕਰਕੇ ਉਨ੍ਹਾਂ ਦੀ ਪਿੱਠ ਕਮਾਨ ਵਾਂਙ ਮੁੜ ਚੁੱਕੀ ਸੀ। ਓਦੋਂ ਉਹ ਬੜੇ ਬਿਰਧ ਹੋ ਚੁੱਕੇ ਸਨ। ਉਨ੍ਹਾਂ ਦੇ ਉਚਰੇ ਧੀਮੇ ਬੋਲ ਸੁਣਨ ਵਾਲ਼ੇ ਨੂੰ ਕੀਲ ਲੈਂਦੇ ਤੇ ਇੰਜ ਲਗਦਾ ਕਿ ਉਹ ਆਪਾ ਪਛਾਣਨ ਤੇ ਸਮਾਜ ਤੇ ਸਿਆਸਤ ਨੂੰ ਬਦਲਣ ਲਈ ਉਹਨੂੰ ਪਰੇਰ ਰਹੇ ਹਨ। ਗ਼ਦਰ ਲਹਿਰ ਵਿਚ ਉਨ੍ਹਾਂ ਨਾਲ਼ ਮੁੱਢ ਤੋਂ ਨਾਲ਼ ਰਹੇ ਪ੍ਰਿਥਵੀ ਸਿੰਘ ਆਜ਼ਾਦ ਨੇ ਮੇਰੇ ਕੋਲ਼ ਦਰਜ ਕਰਵਾਏ ਇੰਟਰਵੀਊ ਵਿਚ ਬਾਬਾ ਜੀ ਬਾਰੇ ਤੇ ਭਾਈ ਵਸਾਖਾ ਸਿੰਘ, ਭਾਈ ਜਵਾਲਾ ਸਿੰਘ ਤੇ ਭਾਈ ਸੰਤੋਖ ਸਿੰਘ ਹੁਰਾਂ ਦੀ ਗੱਲ ਕਰਦਿਆਂ ਸਿਰ ਨਿਵਾ ਕੇ ਹੌਲ਼ੀ-ਜਿਹੀ ਆਖਿਆ ਸੀ: “ਉਹ ਤਾਂ ਤਪੀਸ਼ਰ ਸਨ। ਇਨਸਾਨੀਅਤ ਦੇ ਲੇਖੇ ਲੱਗੀਆਂ ਨੇਕ ਰੂਹਾਂ।” ਪ੍ਰੋਫ਼ੈਸਰ ਰਣਧੀਰ ਸਿੰਘ ਨੇ ਸ਼ਾਇਦ ਪਹਿਲੀ ਵਾਰ ਗ਼ਦਰੀਆਂ ਨੂੰ ਕੋਲ਼ ਬੈਠਾ ਕੇ ਉਨ੍ਹਾਂ ਦੀਆਂ ਗੱਲਾਂ ਲਿਖ ਕੇ ਸੰਨ 45 ਵਿਚ ਅੰਗਰੇਜ਼ੀ ਵਿਚ ਕਿਤਾਬਚਾ ਛਾਪਿਆ ਸੀ: Ghadar Heroes: A Forgotten Story of the Punjab Revolutionaries of 1914-15. ਰਣਧੀਰ ਸਿੰਘ ਨੇ ਲਿਖਿਆ ਸੀ ਕਿ ਇਹ ਗ਼ਦਰੀ ‘ਦਿਓ ਕਦ ਬੰਦੇ’ ਹਨ।
ਹੁਣ ਐਨੇ ਸਾਲਾਂ ਮਗਰੋਂ ਮੈਨੂੰ ਇਹ ਜਾਣ ਕੇ ਬੜਾ ਚਾਅ ਚੜ੍ਹਿਆ ਕਿ ਅਮਰਜੀਤ ਚੰਦਨ ਨੇ ਬਰਲਿਨ ਜਾ ਕੇ ਓਥੋਂ ਦੇ ਮਿਸਲਖ਼ਾਨੇ ਵਿਚ ਬਾਬਾ ਸੋਹਣ ਸਿੰਘ ਜੀ ਦੀ ਉਰਦੂ ਹੱਥ-ਲਿਖਤ ‘ਮੇਰੀ ਜਗਤ ਯਾਤਰਾ ਮੇਂ ਆਂਖੋਂ ਦੇਖੀ ਔਰ ਮੇਰੀ ਆਪ ਬੀਤੀ’ ਲੱਭੀ ਹੈ। ਇਸ ਲਿਖਤ ਦੇ ਅਖ਼ੀਰ ਵਿਚ ਉਨ੍ਹਾਂ ਅਪਣੇ ਦਸਤਖ਼ਤ ਵੀ ਕੀਤੇ ਹੋਏ ਹਨ। ਇਹਦੀ ਸ਼ੁਰੂ ਦੀ ਇਬਾਰਤ ਤੋਂ ਲਗਦਾ ਹੈ ਕਿ ਇਹ ਕਿਸੇ ਵੱਡੇ ਬੰਦੇ ਦੇ ਆਖਣ ’ਤੇ ਭਾਰਤ ਦੀ ਆਜ਼ਾਦੀ ਲਹਿਰ ਦੇ ਇਤਿਹਾਸ ਵਾਸਤੇ ਉਨ੍ਹਾਂ ਸੰਨ 49 ਤੇ 51 ਦੌਰਾਨ ਲਿਖੀ ਸੀ। ਬਾਬਾ ਜੀ ਦੀ ਮਿੰਨਤ ਕਰਨ ਵਾਲ਼ਾ ਇਹ ਜਣਾ ਵੀਹ ਵਿਸਵੇ ਕਾਮਰੇਡ ਪੀ. ਸੀ. -ਪੂਰਨ ਚੰਦ- ਜੋਸ਼ੀ ਹੀ ਹੋਣਾ ਹੈ। ਬਰਲਿਨ ਵਾਲ਼ੇ ਕਾਗ਼ਜ਼ਾਂ ਵਿਚ ਪੁਰਾਣੀ ਕਿਸਮ ਦੀ ਆਵਾਜ਼ ਭਰਨ ਵਾਲ਼ੀ ਫੀਤੇ ਵਾਲ਼ੀ ਰੀਲ ਵੀ ਚੰਦਨ ਦੇ ਹੱਥ ਲੱਗੀ। ਇਹ ਬਾਬਾ ਜੀ ਦੀਆਂ ਪੀ. ਸੀ. ਜੋਸ਼ੀ ਨਾਲ਼ ਕੀਤੀਆਂ ਗੱਲਾਂ ਹਨ। ਉਸ ਰੀਲ ਦੀ ਬੜੇ ਜਤਨਾਂ ਨਾਲ਼ ਵੀਹ-ਕੁ ਮਿੰਟ ਦੀ ਡੀ.ਵੀ.ਡੀ ਬਣਵਾ ਕੇ ਚਲਾਈ, ਤਾਂ ਬਾਬਾ ਸੋਹਣ ਸਿੰਘ ਦੀ ਓਹੀ ਆਵਾਜ਼ ਸੁਣਾਈ ਦਿੱਤੀ। ਉਹ ਉਸੇ ਤਰ੍ਹਾਂ ਹੌਲ਼ੀ-ਹੌਲ਼ੀ ਬੜੀ ਸਾਫ਼ ਵਾਣੀ ਵਿਚ ਹਿੰਦੁਸਤਾਨੀ ਵਿਚ ਗ਼ਦਰ ਲਹਿਰ ਦੀਆਂ ਮੁੱਢ ਤੋਂ ਅਪਣੇ ਅੱਖੀਂ-ਦੇਖੀਆਂ ਹੱਡੀਂ-ਬੀਤੀਆਂ ਦਸ ਰਹੇ ਹਨ: ਅਪਣੀਆਂ ਯਾਦਾਂ ਨੂੰ ਉਹ ਕੌਮੀ ਸਰਮਾਇਆ ਜਾਣ ਕੇ ਇਤਿਹਾਸਕਾਰਾਂ ਤੇ ਆਉਣ ਵਾਲ਼ੀਆਂ ਪੀੜ੍ਹੀਆਂ ਦੇ ਸਪੁਰਦ ਕਰਦਿਆਂ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੋ ਰਹੀ ਹੈ। ਸਾਨੂੰ ਇਹ ਪੱਕਾ ਹੋ ਗਿਆ ਕਿ ਬਾਬਾ ਜੀ ਦੀ ਬਰਲਿਨ ਵਾਲ਼ੀ ਲਿਖਤ ਤੇ ਬੋਲਬਾਣੀ ਪਹਿਲਾਂ ਕਿਤੇ ਨਸ਼ਰ ਨਾ ਹੋਣ ਕਰਕੇ ਹੁਣ ਤਕ ਲੋਕਾਂ ਦੇ ਧਿਆਨ ਚ ਨਹੀਂ ਸੀ ਆਈ।

ਇਸ ਲਿਖਤ ਦੇ ਲਭਣ ਦੀ ਰਤਾ ਹੈਰਾਨੀ ਵੀ ਹੋਈ, ਕਿਉਂਕਿ ਸਾਨੂੰ ਪਹਿਲਾਂ ਬਾਬਾ ਸੋਹਣ ਸਿੰਘ ਜੀ ਦੀਆਂ ਵੱਖ-ਵੱਖ ਵੇਲੇ ਲਿਖੀਆਂ ਤਿੰਨ ਆਪਬੀਤੀਆਂ ਦਾ ਹੀ ਇਲਮ ਸੀ। ਪਹਿਲੀ ਲਹੌਰ ਸੈਂਟਰਲ ਜੇਲ ਵਿਚ ਲਿਖੀ ਮੇਰੀ ਰਾਮ ਕਹਾਣੀ ਲੜੀਵਾਰ ਕਿਸ਼ਤਾਂ ਵਿਚ ਅਕਾਲੀ ਤੇ ਪਰਦੇਸੀ ਅਖ਼ਬਾਰ ਵਿਚ 14 ਮਈ 1930 ਤੋਂ ਲੈ ਕੇ ਜਨਵਰੀ 1931 ਤਕ ਛਪਦੀ ਰਹੀ ਸੀ। - 14 ਮਈ ਤੋਂ 2 ਨਵੰਬਰ 1930 ਤਕ ਦੀ ਕਿਸ਼ਤਾਂ ਦੀ ਲੜੀ ਕਿਸੇ ਗੱਲੋਂ ਟੁੱਟਣ ਕਰਕੇ ਨੌਂ ਮਹੀਨਿਆਂ ਦਾ ਖੱਪਾ ਹੈ। ਬਾਬਾ ਜੀ ਦੀ ਰਾਮ ਕਹਾਣੀ ਕਿਸੇ ਦੇ ਚਿਤ-ਚੇਤੇ ਵਿਚ ਨਹੀਂ ਸੀ, ਪਰ ਹੁਣ ਪਿੱਛੇ ਜਿਹੇ 2012 ਵਿਚ ਰਾਜਵਿੰਦਰ ਸਿੰਘ ਰਾਹੀ ਨੇ ਆਪ ਜੋੜ ਕੇ ਛਾਪੀ ਹੈ। ਖਸਤਾ ਹੋਈਆਂ ਅੱਸੀ ਸਾਲ ਪੁਰਾਣੀਆਂ ਅਖ਼ਬਾਰਾਂ ਤੋਂ ਹੱਥੀਂ ਲਿਖ ਕੇ ਨਕਲ ਕਰਨਾ ਵੀ ਕਿਹੜਾ ਸੌਖਾ ਕੰਮ ਸੀ। ਬਾਬਾ ਜੀ ਨੇ ਅਪਣੀ ਰਾਮਕਹਾਣੀ ਫ਼ਾਰਸੀ ਅੱਖਰਾਂ ਵਿਚ ਉਰਦੂ ਚ ਲਿਖੀ ਸੀ। ਅਖ਼ਬਾਰ ਵਾਸਤੇ ਉਹਦਾ ਪੰਜਾਬੀ ਉਲੱਥਾ ਕਰਨ ਵਾਲ਼ੇ ਦਾ ਕੋਈ ਪੱਕਾ ਪਤਾ ਨਹੀਂ। ਨਾ ਇਹ ਪਤਾ ਹੈ ਕਿ ਅਖ਼ਬਾਰ ਚ ਛਪੀ ਲਿਖਤ ਚ ਕਿਸੇ ਨੇ ਕੋਈ ਕੱਟ-ਵੱਢ ਤਾਂ ਨਹੀਂ ਕੀਤੀ ਜਾਂ ਅਪਣੇ ਵੱਲੋਂ ਕਿਸੇ ਨੇ ਭਰਤੀ ਤਾਂ ਨਹੀਂ ਪਾਈ। ਪੂਰੇ 159 ਸਫ਼ਿਆਂ ਦੀ ਰਾਮਕਹਾਣੀ ਨੂੰ ਇਕ ਜਿਲਦ ਵਿਚ ਛਪਵਾਉਣਾ ਸਿਦਕ ਤੇ ਸੇਵਾ ਵਾਲ਼ਾ ਕੰਮ ਹੈ। ਸਤਾਸੀ ਸਫ਼ਿਆਂ ਦੀ ਇਕ ਹੋਰ ਆਪਬੀਤੀ ਜੀਵਨ ਸੰਗਰਾਮ - ਆਤਮ ਕਥਾ ਮਲਵਿੰਦਰਜੀਤ ਸਿੰਘ ਨੇ 1967 ਵਿਚ ਯੁਵਕ ਕੇਂਦਰ ਦੀ ਤਰਫ਼ੋਂ ਛਾਪੀ ਸੀ। ਬਾਬਾ ਜੀ ਦੀ ਉਰਦੂ ਵਿਚ ਹੀ ਲਿਖੀ ਹੋਈ ਤੀਸਰੀ ਆਪਬੀਤੀ ਦਾਸਤਾਨਏ-ਜ਼ਿੰਦਗੀ ਜਲੰਧਰ ਵਾਲ਼ੀ ਦੇਸ਼ ਭਗਤ ਯਾਦਗਾਰ ਵਿਚ ਪਈ ਹੈ। ਉਰਦੂ ਵਿਚ ਉੱਨੀ ਸਫ਼ਿਆਂ ਦੀ ਇਕ ਹੋਰ ਹੱਥਲਿਖਿਤ ਹੈ, ਜਿਸ ਵਿਚ ਸੰਨ 1915 ਵਾਲ਼ੇ ਲਹੌਰ ਸਾਜ਼ਿਸ਼ ਕੇਸ ਵਿਚ ਫਾਂਸੀ ਲੱਗੇ ਸਤ ਸ਼ਹੀਦਾਂ ਦੇ ਜੀਵਨ ਬਿਰਤਾਂਤ ਹਨ। ਇਹ ਹੈ ਤਾਂ ਅਜੀਬ ਗੱਲ ਕਿ ਬਾਬਾ ਜੀ ਨੇ ਅਪਣੀ ਕਲਮ ਨਾਲ਼ ਇੱਕੋ ਕਹਾਣੀ ਚਾਰ ਵਾਰੀ ਕਿਉਂ ਲਿਖੀ ਤੇ ਨਾਲ਼ ਇਹਦਾ ਕਾਰਣ ਵੀ ਨਾ ਦੱਸਿਆ। ਫੇਰ ਜਦ ਇਹ ਬਰਲਿਨ ਵਾਲ਼ੀ ਹੁਣ ਤਕ ਬਾਬਾ ਜੀ ਦੇ ਅਪਣੇ ਦਸਤਖ਼ਤਾਂ ਵਾਲ਼ੀ ਲੁਕੀ ਰਹੀ ਹੱਥ-ਲਿਖਿਤ ਦਾ ਪਤਾ ਲੱਗਿਆ, ਤਾਂ ਇਹ ਫ਼ੈਸਲਾ ਕਰਨਾ ਜ਼ਰੂਰੀ ਸੀ ਕਿ ਇਹਨੂੰ ਕਿਤਾਬ ਦੀ ਸ਼ਕਲ ਵਿਚ ਛਾਪਣਾ ਚਾਹੀਦਾ ਹੈ ਜਾਂ ਨਹੀਂ।

ਅਮਰਜੀਤ ਚੰਦਨ ਨੇ ਇਸ ਬਾਬਤ ਅਪਣੇ ਮਿਤਰਾਂ ਤੇ ਇਤਿਹਾਸਕਾਰਾਂ ਨਾਲ਼ ਸਲਾਹ ਕੀਤੀ। ਬਾਬਾ ਸੋਹਣ ਸਿੰਘ ਦੀਆਂ ਚਾਰੇ ਆਪ-ਬੀਤੀਆਂ ਪੜ੍ਹਿਆਂ ਪਤਾ ਚਲ ਜਾਂਦਾ ਹੈ ਕਿ ਚਹੁੰਆਂ ਵਿਚ ਥੋਹੜੇ ਬਹੁਤੇ ਫ਼ਰਕ ਨਾਲ਼ ਵਿਚਲੀ ਗੱਲ ਤਾਂ ਇੱਕੋ ਹੀ ਕੀਤੀ ਹੋਈ ਹੈ। ਪਰ ਗੱਲ ਕਰਨ ਦਾ ਢੰਗ ਇੱਕੋ ਜਿਹਾ ਨਹੀਂ। ਬਾਬਾ ਜੀ ਨੇ ਸਾਰੀ ‘ਰਾਮ ਕਹਾਣੀ’ ਦੇ ਘਟਨਾਵਾਂ ਦੇ ਵੱਖ-ਵੱਖ ਪੱਖ ਵੀ ਇੱਕੋ ਤਰ੍ਹਾਂ ਨਹੀਂ ਉਘਾੜੇ। ਪਹਿਲਾਂ ਇਹ ਫ਼ੈਸਲਾ ਹੋਇਆ ਕਿ ਬਾਬਾ ਜੀ ਦੀ ਉਰਦੂ ਦੀ ਲਿਖਤ ਦਾ ਪੰਜਾਬੀ ਲਿਪੀਅੰਤਰ ਕਰਵਾ ਲਿਆ ਜਾਵੇ ਤੇ ਬੋਲੀ ਉਰਦੂ ਹੀ ਰੱਖੀ ਜਾਵੇ। ਮੰਨਿਆ-ਪਰਮੰਨਿਆ ਲਿਖਾਰੀ ਤੇ ਉਰਦੂਦਾਨ ਪ੍ਰੇਮ ਪ੍ਰਕਾਸ਼ ਇਹ ਕੰਮ ਕਰਨ ਨੂੰ ਰਾਜ਼ੀ ਹੋ ਗਿਆ। ਲਿਪੀਅੰਤਰ ਪੜ੍ਹ ਕੇ ਲੱਗਿਆ ਕਿ ਇਹਦਾ ਪੰਜਾਬੀ ਉਲੱਥਾ ਹੀ ਹੁਣ ਦੇ ਪਾਠਕਾਂ ਨੂੰ ਚੰਗਾ ਲੱਗੇਗਾ। ਤੇ ਪੰਜਾਬੀ ਉਲੱਥਾ ਚੰਦਨ ਨਾਲ਼ੋਂ ਬਿਹਤਰ ਹੋਰ ਕਿਹਨੇ ਕਰ ਸਕਣਾ ਸੀ?

ਇਸ ਆਪ-ਬੀਤੀ ਵਿਚ ਬਾਬਾ ਸੋਹਣ ਸਿੰਘ ਅਪਣੀ ਛੱਬੀ ਸਾਲਾਂ ਦੀ ਵਰੇਸ ਵਿਚ ਨਾਮਧਾਰੀ ਸੰਤ ਬਾਬਾ ਕੇਸਰ ਨਾਲ਼ ਹੋਈ ਸੰਗਤ ਤੋਂ ਸ਼ੁਰੂ ਕਰਦੇ ਹਨ, ਜਿਨ੍ਹਾਂ ਦੀ ਮਿਕਨਾਤੀਸੀ ਸ਼ਖ਼ਸੀਅਤ ਦਾ ਉਨ੍ਹਾਂ ’ਤੇ ਰੂਹਾਨੀ ਅਸਰ ਪਿਆ। ਬਾਬਾ ਜੀ ਬੜਾ ਬਾਰੀਕ ਫ਼ਰਕ ਬਿਆਨ ਕਰਦੇ ਹਨ:
 
ਨਾਮਧਾਰੀ ਲਹਿਰ ਵਿਚ ਦੋ ਖ਼ਿਆਲਾਂ ਦੇ ਮੈˆਬਰ ਸਨ। ਇਕ ਆਜ਼ਾਦ ਖ਼ਿਆਲ, ਜੋ ਛੂਤ-ਛਾਤ ਤੇ ਫ਼ਿਰਕਾਪ੍ਰਸਤੀ ਤੋਂ ਦੂਰ ਸਨ। ਦੂਸਰੇ, ਸ਼ਰੱਈ, ਜੋ ਛੂਤ-ਛਾਤ ਤੇ ਫ਼ਿਰਕਾਪ੍ਰਸਤੀ ਵਿਚ ਜਕੜੇ ਹੋਏ ਸਨ। ਬਾਬਾ ਕੇਸਰ ਆਜ਼ਾਦ-ਖ਼ਿਆਲ ਤੇ ਫ਼ਿਰਕਾਪ੍ਰਸਤੀ ਤੋਂ ਦੂਰ ਸਨ। ਹਿੰਦੂ ਮੁਸਲਿਮ ਸਿੱਖ ਈਸਾਈ ਤਮਾਮ ਇਨਸਾਨ ਉਨ੍ਹਾਂ ਦੀ ਨਜ਼ਰ ਵਿਚ ਇਕ ਤੇ ਭਾਈ ਭਾਈ ਸਨ। ਇਹੀ ਵਜ੍ਹਾ ਸੀ ਕਿ ਨਾਮਧਾਰੀ ਹੁੰਦਿਆਂ ਵੀ ਮੇਰੇ ’ਤੇ ਛੂਤ-ਛਾਤ ਤੇ ਫ਼ਿਰਕਾਪ੍ਰਸਤੀ ਦਾ ਅਸਰ ਨਾ ਸੀ।

ਬਾਬਾ ਜੀ ਨੇ ਇਹ ਵੀ ਲਿਖਿਆ ਕਿ ਮਹਾਰਾਜ ਰਾਮ ਸਿੰਘ ਦੇ ਵੇਲੇ ਦੇ ਨਾਮਧਾਰੀਆਂ ਵਿਚ ਦੇਸ਼ਭਗਤੀ ਕੁਟ-ਕੁਟ ਕੇ ਭਰੀ ਹੋਈ ਸੀ। ਉਨ੍ਹਾਂ ਦਾ ਅਖ਼ਲਾਕ ਵੀ ਉੱਚਾ ਸੀ; ਚੋਰੀ ਠੱਗੀ ਵਗ਼ੈਰਾ ਦੀਆਂ ਬੁਰੀਆਂ ਆਦਤਾਂ ਨਹੀਂ ਸਨ; ਆਮ ਤੌਰ ’ਤੇ ਝੂਠ ਵੀ ਨਹੀਂ ਬੋਲਦੇ ਸਨ। ਮੈਂ ਉਨ੍ਹਾਂ ਕੋਲ਼ੋਂ ਦੇਸ਼ਭਗਤੀ ਤੇ ਕੁਰਬਾਨੀ ਬਾਰੇ ਬਹੁਤ ਕੁਝ ਸਿਖਿਆ, ਜਿਸਦੇ ਲਈ ਅੱਜ ਤਕ ਮਸ਼ਕੂਰ ਹਾਂ।

ਬਾਬਾ ਜੀ ਨੇ ਅਪਣੇ ’ਤੇ ਪਏ ਇਕ ਹੋਰ ਵੱਡੇ ਅਸਰ ਦਾ ਵੇਰਵਾ ਸੰਨ 1907 ਵਿਚ ਸਰਦਾਰ ਅਜੀਤ ਸਿੰਘ ਦੀ ਪਗੜੀ ਸੰਭਾਲ਼ ਲਹਿਰ ਬਾਬਤ ਪਾਇਆ ਹੈ। ਇਸ ਜਨਤਕ ਉਭਾਰ ਬਾਰੇ ਲਿਖਦੇ ਹਨ:

“ਭਾਵੇਂ ਇਸ ਲਹਿਰ ਨੂੰ ਦਬਾਅ ਤਾਂ ਦਿੱਤਾ ਗਿਆ, ਪਰ ਕੌਮੀ ਐਜੀਟੇਸ਼ਨ ਕਦੀ ਡੰਡੇ ਦੇ ਜ਼ੋਰ ਖ਼ਤਮ ਨਹੀਂ ਕੀਤੀ ਜਾ ਸਕਦੀ। ਫ਼ਰਕ ਸਿਰਫ਼ ਇਹੀ ਹੁੰਦਾ ਹੈ ਕਿ ਐਜੀਟੇਸ਼ਨ ਦੀ ਅੱਗ ਜ਼ਾਹਿਰਾ ਤੌਰ ’ਤੇ ਤਾਂ ਦਬ ਜਾਂਦੀ ਹੈ, ਪਰ ਕੌਮ ਦੇ ਦਿਲਾਂ ਵਿਚ ਸੁਲਘਣ ਲਗਦੀ ਹੈ। ਇਹ ਇਕ ਦਿਨ ਖ਼ਤਰਨਾਕ ਸੂਰਤ ਇਖ਼ਤਿਆਰ ਕਰ ਲੈਂਦੀ ਹੈ।”

ਆਪ ਨੂੰ ਇਸ ਮੁੱਢਲੇ ਅਸਰ ਵਿਚ ਅਪਣੀ ਅਖ਼ਲਾਕੀ ਸਚੇਤਨਾ ਤੇ ਦੇਸ਼ਭਗਤੀ ਦੇ ਜਜ਼ਬੇ ਦੇ ਬੀਜ ਨਜ਼ਰ ਆਉਂਦੇ ਹਨ। ਇਸੇ ਸਦਕੇ ਬਾਬਾ ਜੀ ਅਮਰੀਕਾ ਵਿਚ ਗ਼ਦਰ ਪਾਰਟੀ ਦੇ ਸਿਰਕੱਢ ਆਗੂ ਬਣੇ।

ਅਮਰੀਕਾ ਕੈਨੇਡਾ ਵਿਚ ਆਵਾਸੀ ਹਿੰਦੀ ਕਾਮਿਆਂ ਨੂੰ ਸਿਆਸੀ ਸੁਰਤ ਆਉਣ ਤੇ ਗ਼ਦਰ ਪਾਰਟੀ ਦੇ ਬੱਝਣ ਦਾ ਪਿਛੋਕੜ ਦਸਦਿਆਂ ਬਾਬਾ ਜੀ ਕਈ ਪੱਖ ਤੇ ਉਨ੍ਹਾਂ ਨਾਲ਼ ਜੁੜੀਆਂ ਪੇਚੀਦਗੀਆਂ ਬਿਆਨ ਕਰਦੇ ਹਨ। ਹਿੰਦੀ ਕਾਮਿਆਂ ਨਾਲ਼ ਹੁੰਦੀ ਨਸਲੀ ਬਦਸਲੂਕੀ ਤੇ ਹਮਲਿਆਂ ਕਰਕੇ ਜਾਗਿਆ ਰੋਹ ਇਕ ਪੱਖ ਸੀ।

ਹਿੰਦੀ ਦੁਨੀਆ ਭਰ ਵਿਚ ਸਭ ਤੋਂ ਮਾੜੇ ਗ਼ੁਲਾਮ ਸਮਝੇ ਜਾਂਦੇ ਸਨ। ‘ਹਿੰਦੂ ਸਲੇਵ’ ਬੁਲਾ ਕੇ ਮਖੌਲ ਕੀਤਾ ਜਾਂਦਾ; 30 ਕਰੋੜ ਹੁੰਦਿਆਂ ਵੀ ਥੋਹੜੇ ਜਿਹੇ ਜ਼ਾਲਿਮ ਵਿਦੇਸ਼ੀ ਅੰਗਰੇਜ਼ਾਂ ਦਾ ਵਿਰੋਧ ਨਾ ਕਰਨਾ: ‘ਤੀਹ ਕਰੋੜ ਬੰਦੇ ਕਿ ਭੇਡਾਂ’ ਵਰਗੇ ਤਾਹਨਿਆਂ ਕਾਰਣ ਇਹ ਅਹਿਸਾਸ ਪੈਦਾ ਹੋਇਆ ਕਿ ਸਾਡੀ ਕੌਮੀ ਹਸਤੀ ਕੀ ਹੈ ਅਤੇ ਜ਼ਲੀਲ ਕਿਉਂ ਹੋ ਰਹੇ ਹਾਂ। “ਹਿੰਦੀਓਂ ਕੋ ਜ਼ਮਾਨੇ ਕੇ ਲਫੇੜੋਂ ਨੇ ਜਗਾਯਾ”। ਹਿੰਦੀਆਂ ’ਤੇ ਅਮਰੀਕਾ ਦੀ ਆਜ਼ਾਦ ਹਵਾ ਦਾ, ਅਮਰੀਕਾ ਦੀ ਅਪਣੀ ਜੰਗ-ਇ-ਆਜ਼ਾਦੀ ਦਾ ਅਤੇ ਦੁਨੀਆ ਭਰ ਦੇ ਵਿਚ ਹੋ ਰਹੇ ਇਨਕ਼ਲਾਬ ਦੇ ਅਸਰ ਦਾ ਖ਼ਾਸ ਜ਼ਿਕਰ ਕੀਤਾ ਹੈ।...ਚੀਨ ਦਾ ਇਨਕ਼ਲਾਬ ਤਾਂ ਇਨ੍ਹਾਂ ਸੈਂਕੜੇ ਹਿੰਦੀਆਂ ਨੇ ਜਿਹੜੇ 1911 ਵਿਚ ਚੀਨ ਵਿਚ ਸਨ, ਅਪਣੀਆਂ ਅੱਖਾਂ ਨਾਲ਼ ਦੇਖਿਆ ਸੀ। ਸਾਨ ਫ਼ਰਾਂਸਿਸਕੋ ਓਸ ਵਕ਼ਤ ਦੀਆਂ ਸਾਰੀਆਂ ਇਨਕ਼ਲਾਬੀ ਪਾਰਟੀਆਂ - ਆਇਰਿਸ਼, ਚੀਨੀ, ਰੂਸੀ ਆਦਿ ਦਾ ਮਰਕਜ਼ ਸੀ, ਸਭ ਅਪਣੇ ਦਫ਼ਤਰ ਤੋਂ ਅਪਣੇ ਮੁਲਕ ਦੀ ਆਜ਼ਾਦੀ ਲਈ ਕੰਮ ਕਰ ਰਹੀਆਂ ਸਨ। ਹਿੰਦੀ ਇਨਕ਼ਲਾਬੀਆਂ ਤੇ ਵਿਦਿਆਰਥੀਆਂ ਦਾ ਉਨ੍ਹਾਂ ਨਾਲ਼ ਮੇਲ-ਜੋਲ ਸੀ।

ਹਿੰਦੀ ਵਿਦਿਆਰਥੀਆਂ ਤੇ ਇਨਕ਼ਲਾਬੀਆਂ ਦਾ ਪਾਇਆ ਯੋਗਦਾਨ ਇਕ ਹੋਰ ਪੱਖ ਸੀ। ਹਿੰਦੀ ਵਿਦਿਆਰਥੀ ਤੇ ਹਿੰਦੀ ਮਜ਼ਦੂਰ ਇਕ ਦੂਜੇ ਨਾਲ਼ ਮਿਲ਼ ਕੇ, ਮੋਢੇ ਨਾਲ਼ ਮੋਢਾ ਲਾ ਕੇ ਕੰਮ ਕਰਦੇ ਸਨ। ਦਿਨ ਵਿਚ ਕਰਨ ਵਾਲ਼ੇ ਕੰਮ ਤੋਂ ਇਲਾਵਾ ਉਨ੍ਹਾਂ ਨੇ ਮਜ਼ਦੂਰ ਭਾਈਆਂ ਲਈ ਨਾਈਟ ਸਕੂਲ ਖੋਲ੍ਹ ਦਿੱਤੇ ਸਨ। ਜਿਸਦਾ ਨਤੀਜਾ ਇਹ ਹੋਇਆ ਕਿ ਅਨਪੜ੍ਹ ਹਿੰਦੀ ਵੀ ਅੰਗਰੇਜ਼ੀ ਸਮਝਣ, ਬੋਲਣ ਤੇ ਕਿਸੇ ਹਦ ਤਕ ਲਿਖਣਾ ਸਿਖ ਜਾਂਦੇ ਸਨ।

ਬਾਬਾ ਜੀ ਗ਼ਦਰੀਆਂ ਨੂੰ ‘ਅਨਪੜ੍ਹ ਲਾਣਾ’ ਦੱਸਣ ਵਾਲ਼ਿਆਂ ਦਾ ਖੰਡਨ ਕਰਦਿਆਂ ਕਈ ਗ਼ਦਰੀਆਂ ਦੇ ਨਾਂ ਲੈ ਕੇ ਦਸਦੇ ਹਨ ਕਿ ਉਹ ਬਹੁਤ ਪੜ੍ਹੇ-ਲਿਖੇ ਬੀ.ਏ. ਐੱਮ.ਏ. ਪਾਸ ਸਨ: ਇਨ੍ਹਾਂ ਦੇ ਆਪਸੀ ਖ਼ਿਆਲਾਂ ਦੇ ਵਿਚਾਰ-ਵਟਾਂਦਰੇ ਦਾ ਅਸਰ ਵੀ ਹੋਇਆ। ਲਾਲਾ ਹਰਦਿਆਲ ਦਾ ਉਹਦੇ ਆਲਿਮਾਨਾ ਲੈਕਚਰਾਂ ਤੇ ਕਲਮ ਦੀ ਸ਼ਕਤੀ ਕਰਕੇ ਅਮਰੀਕਨਾਂ ਤੇ ਹਿੰਦੀ ਵਿਦਿਆਰਥੀਆਂ ਵਿਚ ਬੜਾ ਨਾਂ ਸੀ। ਅਪਣੀ ਸਾਦਾ ਰਹਿਣੀ ਤੇ ਤਿਆਗ ਕਰਕੇ ਉਹ ਹਰ ਕਿਸੇ ਦਾ ਦਿਲ ਜਿਤ ਲੈਂਦਾ ਸੀ। ਨਿਜੀ ਮੁਫ਼ਾਦ ਪਾਰੋਂ ਕੌਮੀ ਮੁਫ਼ਾਦ ਨੂੰ ਤਰਜੀਹ ਦਿੱਤੀ ਜਾਣ ਲੱਗੀ। ਇਹ ਕਹਿਣਾ ਗ਼ਲਤ ਹੈ ਕਿ ਗ਼ਦਰ ਪਾਰਟੀ ਲਾਲਾ ਹਰਦਿਆਲ ਜਾਂ ਕਿਸੇ ਇਕ ਹੋਰ ਬੰਦੇ ਨੇ ਬਣਾਈ, ਇਹ ਤਾਂ ਸਾਰਿਆਂ ਦੀ ਮਜਮੂਈ ਕੋਸ਼ਿਸ਼ ਦਾ ਨਤੀਜਾ ਸੀ।

ਬਾਬਾ ਸੋਹਣ ਸਿੰਘ ਜੀ ਯੁਗਾਂਤਰ ਆਸ਼ਰਮ ਵਿਚ ਕੋਈ ਵੀਹ ਕੁ ਸੇਵਾਦਾਰਾਂ ਦੇ ਕੀਤੇ ਕੰਮ ਨੂੰ ਬੜੇ ਮਾਣ ਨਾਲ਼ ਯਾਦ ਕਰਦੇ ਲਿਖਦੇ ਹਨ: “ਮੈਨੂੰ ਅੱਜ ਵੀ ਇਨ੍ਹਾਂ ਸਾਥੀਆਂ ਦੇ ਤਿਆਗ ਤੇ ਕੁਰਬਾਨੀ ਤੇ ਦੇਸ਼ਭਗਤੀ ’ਤੇ ਰਸ਼ਕ ਆਉਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਮਜਮੂਈ ਅਸਰ ਨੇ ਆਜ਼ਾਦੀ ਦੀ ਰੂਹ ਪੈਦਾ ਕਰ ਦਿੱਤੀ।”

ਅਮਰੀਕਾ ਵਿਚ ਉਸ ਵੇਲੇ ਮੌਜੂਦ ਤਿੰਨ ਕਿਸਮ ਦੇ ਹਿੰਦੀਆਂ ਦੀ ਸਾਂਝੀ ਕੋਸ਼ਿਸ਼ ’ਤੇ ਬਾਬਾ ਜੀ ਦਾ ਦਿੱਤਾ ਜ਼ੋਰ ਉਸ ਸਿਲ਼ ’ਤੇ ਵੀ ਹੈ, ਜੋ ਉਨ੍ਹਾਂ ਅਪਣੇ ਪਿੰਡ ਚ ਸੰਨ 1967 ਵਿਚ ਲਾਈ ਸੀ: “ਗ਼ਦਰ ਪਾਰਟੀ ਹਿੰਦੀ ਮਿਹਨਤਕਸ਼ਾਂ, ਹਿੰਦੀ ਜਲਾਵਤਨਾਂ ਦੇਸ਼ ਭਗਤਾਂ ਤੇ ਹਿੰਦੀ ਵਿਦਿਅਰਾਥੀਆਂ ਦੀ ਮਿਲਵੀਂ ਕੋਸ਼ਸ਼ ਦੇ ਸਿੱਟੇ ਵਜੋਂ ਹੋਂਦ ਵਿਚ ਆਈ।”
ਮੁਕੰਮਲ ਆਜ਼ਾਦੀ ਦਾ ਟੀਚਾ ਉਨ੍ਹਾਂ ਸਾਰਿਆਂ ਮਿਲ਼ ਬੈਠ ਕੇ ਵਿਚਾਰਿਆ ਤੇ ਮਿਥਿਆ ਸੀ। ਇਹ ਗੱਲ ਧਿਆਨਜੋਗ ਹੈ ਕਿ ਬਾਬਾ ਜੀ ਨੇ ਹਮੇਸ਼ਾ ਲਿਖ ਕੇ ਬੋਲ ਕੇ ਗ਼ਦਰੀਆਂ ਨੂੰ ਹਿੰਦੀ ਹੀ ਦੱਸਿਆ। ਲਿਖਦੇ ਹਨ: ਹਿੰਦੀ ਮਜ਼ਦੂਰ “ਦੁਨੀਆ ਵਿਚ ਅਪਣੇ ਆਪ ਨੂੰ ਬੜੀ ਭਾਰੀ ਕੌਮ ਦਾ ਮੈਂਬਰ ਤੇ ਅਪਣੇ ਆਪ ਨੂੰ ਮਜ਼ਬੂਤ ਸਮਝਣ ਲੱਗਾ ਸੀ।” ਉਹ ਕਿਤੇ ਵੀ ਇਹ ਨਹੀਂ ਆਖਦੇ ਕਿ ਗ਼ਦਰੀ ਸਿੱਖ ਸਨ ਜਾਂ ਹਿੰਦੂ ਜਾਂ ਮੁਸਲਮਾਨ ਸਨ। ਗ਼ਦਰੀਆਂ ਨੇ ਅਪਣੀ ਪਛਾਣ ਧਰਮ ਦੇ ਆਧਾਰ ’ਤੇ ਨਹੀਂ ਸੀ ਬਣਾਈ। ਅਸਲ ਵਿਚ ਉਨ੍ਹਾਂ ਸਾਹਵੇਂ ਕਈ ਧਰਮਾਂ, ਬੋਲੀਆਂ, ਸੰਸਕ੍ਰਿਤੀਆਂ ਤੇ ਜਾਤਾਂ ਦੀ ਮਿਲ਼ਵੀਂ ਕੌਮ ਦਾ ਨਕਸ਼ਾ ਸੀ। ਇਤਿਹਾਸਕ ਤੌਰ ’ਤੇ ਗ਼ਦਰ ਪਾਰਟੀ ਦੀ ਇਹ ਸੋਚ ਬਾਕੀ ਸਿਆਸੀ ਲਹਿਰਾਂ ਤੋਂ ਕਿਤੇ ਅਗੇਤਰੀ ਸੀ, ਭਾਵੇਂ ਕਿ ਉਸ ਵੇਲੇ ਭਾਰਤੀ ਕੌਮ ਦਾ ਤਸੱਵਰ ਏਨਾ ਪੁਖ਼ਤਾ ਨਹੀਂ ਸੀ।


ਬਾਬਾ ਜੀ ਦਾ ਘਰ:
ਖੱਬਿਓ: ਬਾਬਾ ਗੁੱਜਰ ਸਿੰਘ ਭਕਨਾ, ਬਾਬਾ ਸੋਹਣ ਸਿੰਘ ਭਕਨਾ ਤੇ ਹਰੀਸ਼ ਪੁਰੀ. 1967
ਫ਼ੋਟੋ ਇਤਿਹਾਸਕਾਰ ਡਬਲਯੂ. ਐੱਚ. ਮੈਕਲਾਉਡ ਦੀ ਖਿੱਚੀ ਹੋਈ ਹੈ

ਬਾਬਾ ਸੋਹਣ ਸਿੰਘ ਜੀ ਕੈਨੇਡਾ ਵਿਚ ਨਸਲੀ ਵਿਤਕਰੇ ਤੇ ਹਿੰਦੀਆਂ ਦੇ ਆਉਣ ’ਤੇ ਲਾਈਆਂ ਰੋਕਾਂ ਵਿਰੁਧ ਪਹਿਲੀਆਂ ਕੀਤੀਆਂ ਕੋਸ਼ਿਸ਼ਾਂ ਅਤੇ ਅਮਰੀਕਾ ਵਿਚ ਚੱਲੀਆਂ ਸਿਆਸੀ ਸਰਗਰਮੀਆਂ ਵਿਚਲਾ ਫ਼ਰਕ ਸੁਚੱਜ ਨਾਲ਼ ਪੇਸ਼ ਕਰਦੇ ਹਨ। ਅਮਰੀਕਾ ਦਾ ਉਸ ਵੇਲੇ ਦਾ ਮਾਹੌਲ ਖੁੱਲ੍ਹ ਵਾਲ਼ਾ ਸੀ ਤੇ ਕਈ ਦੇਸਾਂ ਦੇ ਇਨਕਲਾਬੀ ਸੋਚ ਵਾਲ਼ੇ ਆਵਾਸੀਆਂ ਦੇ ਮੇਲ਼-ਜੋਲ ਸਦਕੇ ਹਿੰਦੁਸਤਾਨ ਦੀ ਮੁਕਤੀ ਵਾਸਤੇ ਪ੍ਰੇਰਣਾ ਤੇ ਸਹੀ ਕਿਸਮ ਦਾ ਮੌਕਾ ਮਿਲ਼ਿਆ। ਗ਼ਦਰ ਪਾਰਟੀ ਦੇ ਬੱਝਣ ਨਾਲ਼ ਤੇ ਇਹਦੇ ਹਫ਼ਤੇਵਾਰ ਪਰਚੇ ਗ਼ਦਰ ਦੇ ਕੀਤੇ ਪ੍ਰਚਾਰ ਸਦਕੇ ਕੈਨੇਡਾ ਦੇ ਹਿੰਦੀ ਮਜ਼ਦੂਰਾਂ ਨੂੰ ਇਹ ਸੋਝੀ ਆਈ ਕਿ ਉਨ੍ਹਾਂ ਨੂੰ ਪਰਦੇਸ ਚ ਪੈਂਦੇ ਧੱਕੇ ਇਸ ਕਰਕੇ ਪੈਂਦੇ ਹਨ ਕਿ ਹਿੰਦੁਸਤਾਨ ਬਰਤਾਨੀਆ ਦਾ ਗ਼ੁਲਾਮ ਹੈ। ਬਾਬਾ ਜੀ ਇਕ ਹੋਰ ਪੱਖ ਉਜਾਗਰ ਕਰਦੇ ਹਨ ਕਿ ਅਮਰੀਕਾ ਵਿਚ ਹਿੰਦੀਆਂ ਵਿਚ ਆਈ ਪਹਿਲੀ ਸਿਆਸੀ ਚੇਤਨਾ ਕਿਸ ਥਾਂ ਆਈ। ਕੈਲਿਫ਼ੋਰਨੀਆ ਰਿਆਸਤ ਵਿਚ ਸਾਨ ਫ਼ਰਾਂਸਿਸਕੋ ਦਾ ਨਾਂ ਇਸ ਕਰਕੇ ਜ਼ਿਆਦਾ ਬੋਲਣ ਲਗ ਪਿਆ, ਕਿਉਂਕਿ ਓਥੇ ਗ਼ਦਰ ਪਾਰਟੀ ਦਾ ਸਦਰ ਦਫ਼ਤਰ ਯੁਗਾਂਤਰ ਆਸ਼ਰਮ ਸੀ। ਪਰ ਗ਼ਦਰ ਪਾਰਟੀ ਦੀ ਨੀਂਹ ਰੱਖਣ ਦਾ ਹੀਲਾ ਪਹਿਲਾਂ ਓਰੇਗਨ ਰਿਆਸਤ ਦੇ ਹਿੰਦੀ ਮਜ਼ਦੂਰਾਂ ਨੇ ਕੀਤਾ ਸੀ। “ਕੈਲਿਫ਼ੋਰਨੀਆ ਦਾ ਇਲਹਾਕ ਬਾਅਦ ਵਿਚ ਹੋਇਆ।” ਆਪ ਦਸਦੇ ਹਨ ਕਿ ਇਕ ਕਾਰਣ ਇਹ ਸੀ ਕਿ ਓਰੇਗਨ ਤੇ ਵਾਸ਼ਿੰਗਟਨ ਰਿਆਸਤਾਂ ਵਿਚ ਬਹੁਤ ਸਾਰੇ
ਹਿੰਦੀ ਮਜ਼ਦੂਰ ਲੱਕੜ ਦੇ ਨੇੜੇ-ਨੇੜੇ ਦੇ ਕਾਰਖ਼ਾਨਿਆਂ ਵਿਚ ਕੰਮ ਕਰਦੇ ਸਨ। ਸੋਹਣ ਸਿੰਘ, ਕਾਂਸ਼ੀ ਰਾਮ, ਖ਼ਾਨਖੋਜੇ, ਤਾਰਕਨਾਥ ਦਾਸ, ਗੁਰਾਂਦਿੱਤਾ ਕੁਮਾਰ ਤੇ ਠਾਕਰ ਦਾਸ ਵਰਗੇ ਆਗੂ ਐਤਵਾਰ ਦੇ ਐਤਵਾਰ ਕੱਠੇ ਹੋ ਕੇ ਬਹਿ ਕੇ ਵਿਚਾਰਾਂ ਕਰਦੇ ਸਨ। ਜਦ ਕਿ ਕੈਲਿਫ਼ੋਰਨੀਆ ਵਿਚ ਹਿੰਦੀ ਦੂਰ-ਦੂਰ ਫੈਲੇ ਹੋਏ ਫ਼ਾਰਮਾਂ ਵਿਚ ਕੰਮ ਕਰਦੇ ਸੀ। ਭਾਵੇਂ ਭਾਈ ਜਵਾਲਾ ਸਿੰਘ, ਭਾਈ ਵਸਾਖਾ ਸਿੰਘ, ਭਾਈ ਸੰਤੋਖ ਸਿੰਘ, ਕਰਤਾਰ ਸਿੰਘ ਸਰਾਭਾ ਤੇ ਪੰਡਿਤ ਜਗਤ ਰਾਮ ਦਾ ਮੇਲ਼ ਲਾਲਾ ਹਰਦਿਆਲ ਨਾਲ਼ ਸੰਨ 1912 ਦੇ ਅਖ਼ੀਰ ਜਿਹੇ ਚ ਹੋਇਆ; ਪਰ ਓਦੋਂ ਤਕ ਉਨ੍ਹਾਂ ਨੂੰ ਆਪ ਵੀ ਬਹੁਤਾ ਪਤਾ ਨਾ ਸੀ ਕਿ ਉਨ੍ਹਾਂ ਦੀ ਸਿਆਸੀ ਸਰਗਰਮੀ ਦਾ ਰੁਖ਼ ਕਿਧਰ ਨੂੰ ਹੋਣਾ ਚਾਹੀਦਾ ਹੈ। ਕੈਲਿਫ਼ੋਰਨੀਆ ਵਿਚਲੇ ਹਿੰਦੀਆਂ ਦਾ ਆਪਸੀ ਤਾਲਮੇਲ਼ ਓਰੇਗਨ ਤੇ ਵਾਸ਼ਿੰਗਟਨ ਵਾਲ਼ਿਆਂ ਨਾਲ਼ੋਂ ਘਟ ਸੀ। ਐਸਟੋਰੀਆ ਵਿਚ ਗ਼ਦਰ ਪਾਰਟੀ ਦੇ ਬੱਝਣ ਦੇ ਕਈ ਮਹੀਨਿਆਂ ਪਿੱਛੋਂ ਕੈਲਿਫ਼ੋਰਨੀਆ ਵਾਲ਼ਿਆਂ ਨੂੰ ਗ਼ਦਰ ਪਾਰਟੀ ਚ ਰਲਣ ਲਈ ਆਖਿਆ ਗਿਆ ਸੀ। ਲਾਲੇ ਹਰਦਿਆਲ ਦੀ ਗ੍ਰਿਫ਼ਤਾਰੀ ਤੇ ਅਮਰੀਕਾ ਤੋਂ ਚਲੇ ਜਾਣ ਪਿੱਛੋਂ ਹੀ ਬਾਬਾ ਸੋਹਣ ਸਿੰਘ ਆਪ ਦੂਰ-ਦਰਾਜ਼ ਥਾਈਂ ਜਾ-ਜਾ ਕੇ ਹਿੰਦੀ ਕਾਮਿਆਂ ਨੂੰ ਪਾਰਟੀ ਵਿਚ ਭਰਤੀ ਕਰਨ ਲੱਗੇ ਸੀ।

ਹਰਦਿਆਲ ਆਪ ਬੜਾ ਚੰਗਾ ਬੁਲਾਰਾ ਤੇ ਗ਼ਦਰ ਅਖ਼ਬਾਰ ਦਾ ਸੁਚੱਜਾ ਸੰਪਾਦਕ ਸੀ, ਪਰ ਬਾਬਾ ਸੋਹਣ ਸਿੰਘ ਬਿਨਾਂ ਕਿਸੇ ਲਾਗ-ਲਪੇਟ ਦੇ ਲਿਖਦੇ ਹਨ ਕਿ ਹਰਦਿਆਲ ਵਿਚ ਲੋਕਾਂ ਨੂੰ ਜੱਥੇਬੰਦ ਕਰਨ ਦੀ ਸਲਾਹੀਅਤ ਨਹੀਂ ਸੀ ਤੇ ਉਹਦੇ ਖ਼ਿਆਲਾਤ ਵੀ ਬੜੀ ਛੇਤੀ ਬਦਲਦੇ ਰਹਿੰਦੇ ਸੀ। ਆਲਮੀ ਜੰਗ ਮੁੱਕਣ ਬਾਅਦ ਸੰਨ 1919 ਵਿਚ ਹਰਦਿਆਲ ਨੇ ਐਸਾ ਪਲ਼ਟਾ ਖਾਧਾ ਕਿ ਉਹਦੀ ਇਸ ਹਰਕਤ ਨੂੰ ਵਸਾਹਘਾਤ ਹੀ ਮੰਨਿਆ ਗਿਆ। ਉਹਦੀ ਦੇਣ ਏਨੀ ਕੁ ਹੀ ਸੀ
ਕਿ ਉਹ ਯੁਗਾਂਤਰ ਆਸ਼ਰਮ ਵਿਚ ਸਿਰਫ਼ ਚਾਰ ਮਹੀਨੇ ਰਿਹਾ ਤੇ ਗ਼ਦਰ ਅਖ਼ਬਾਰ ਵਾਸਤੇ ਲੇਖ ਲਿਖਦਾ ਰਿਹਾ। ਇਸ ਤੋਂ ਵਧ ਉਹਨੇ ਹੋਰ ਕੋਈ ਕੰਮ ਨਹੀਂ ਕੀਤਾ। ਪਰ ਹਰਦਿਆਲ ਦਾ ਉਨ੍ਹਾਂ ਨਾਲ਼ ਸਾਥ ਸਿਰਫ਼ ਏਨਾ ਕੁ ਨਹੀਂ ਸੀ ਤੇ ਵਿਦਵਾਨ ਵਜੋਂ ਅੱਗੇ ਲਗ ਕੇ ਜੋ ਉਸ ਹਿੰਦੀਆਂ ’ਤੇ ਅਸਰ ਪਾਇਆ, ਉਹਦੀ ਅਹਿਮੀਅਤ ਦੇਰ-ਪਾ ਸੀ। ਉਸ ਵਕਤ ਭਾਈ ਭਗਵਾਨ ਸਿੰਘ, ਮੁਹੰਮਦ ਬਰਕਤੁੱਲਾ ਤੇ ਰਾਮ ਚੰਦਰ ਦੇ ਨਿਭਾਏ ਰੋਲ ਨੂੰ ਬਾਬਾ ਸੋਹਣ ਸਿੰਘ ਜਾਂ ਅਣਡਿੱਠ ਕਰਦੇ ਹਨ ਜਾਂ ਘਟਾਅ ਕੇ ਪੇਸ਼ ਕਰਦੇ ਹਨ। ਉਨ੍ਹਾਂ ਦੇ ਸਾਨ ਫ਼ਰਾਂਸਿਸਕੋ ਛੱਡਣ ਮਗਰੋਂ ਰਾਮ ਚੰਦਰ ਤੇ ਭਗਵਾਨ ਸਿੰਘ ਦੇ ਕੀਤੇ ਕੰਮ ਦਾ ਪਤਾ, ਜ਼ਾਹਿਰ ਹੈ, ਬਾਬਾ ਜੀ ਨੂੰ ਕਈ ਸਾਲਾਂ ਬਾਅਦ ਹੋਰਨਾਂ ਦੇ ਦੱਸੇ ਤੋਂ ਹੀ ਪਤਾ ਲੱਗਾ ਹੋਵੇਗਾ। ਜੋ ਨਾ ਅੱਖੀਂ ਡਿੱਠਾ ਸੀ ਤੇ ਨਾ ਕੋਈ ਆਪ-ਬੀਤੀ ਸੀ। ਉਨ੍ਹਾਂ ਦੋ ਆਗੂਆਂ ਬਾਰੇ ਸੁਣੀਆਂ-ਸੁਣਾਈਆਂ ਗੱਲਾਂ ਨੂੰ ਐਸੇ ਬੰਦੇ ਦਾ ਮੰਨ ਲੈਣਾ ਰਤਾ ਅਜੀਬ ਲਗਦਾ ਹੈ, ਜੋ ਬੜਾ ਨਿਰਮਾਣ ਤੇ ਸਾਵੀਂ ਸੋਚ ਵਾਲ਼ਾ ਬੰਦਾ ਕਰਕੇ ਜਾਣਿਆ ਜਾਂਦਾ ਹੈ।
ਲਗਦਾ ਹੈ ਕਿ ਗ਼ਦਰ ਪਾਰਟੀ ਦੀ ਤੇ ਇਹਦੇ ਕੀਤੇ ਫ਼ੈਸਲਿਆਂ ਹੁੰਦੀ ਕੁਝ ਨੁਕਤਾਚੀਨੀ ਤੋਂ ਬਾਬਾ ਸੋਹਣ ਸਿੰਘ ਜੀ ਦਾ ਮਨ ਦੁਖਦਾ ਸੀ। ਇਸੇ ਕਰਕੇ ਇਨ੍ਹਾਂ ਨੇ “ਗ਼ਦਰ ਪਾਰਟੀ ’ਤੇ ਮੁਖ਼ਾਲਿਫ਼ਾਂ ਦੇ ਬੇਬੁਨਿਆਦ ਇਲਜ਼ਾਮਾਂ” ਦਾ ਪੂਰੇ ਵੇਰਵੇ ਨਾਲ਼ ਜਵਾਬ ਦਿੱਤਾ ਹੈ। ਜੋ ਦਲੀਲਾਂ ਇਨ੍ਹਾਂ ਨੇ ਗ਼ੈਰ-ਫ਼ਿਰਕੂ ਸਮਝ, ਸਾਹਸੀ ਉਮੰਗਾਂ, ਭੁਲੇਖਿਆਂ, ਫ਼ੈਸਲਿਆਂ ਤੇ ਕੁਰਬਾਨੀਆਂ ਨੂੰ ਸਹੀ ਤੇ ਵਾਜਿਬ ਕਰਾਰ ਦੇਣ ਵਾਸਤੇ ਦਿੱਤੀਆਂ ਹਨ; ਉਨ੍ਹਾਂ ਤੋਂ ਲਹਿਰ ਦੀਆਂ ਸਰਗਰਮੀਆਂ ਤੇ ਇਨਕਲਾਬੀ ਤਬਦੀਲੀ ਨੂੰ ਸਮੁੱਚੀ ਦੇਣ ਦੀ ਨਿਰਖ-ਪਰਖ ਵਾਸਤੇ ਪਾਠਕਾਂ ਨੂੰ ਮਦਦ ਮਿਲ਼ੇਗੀ। ਅੰਡੇਮਾਨ ਕਾਲ਼ੇਪਾਣੀ ਦੀ ਸੈਲੂਲਰ ਜੇਲ ਵਿਚ ਗ਼ਦਰੀ ਦੇਸ਼ਭਗਤਾਂ ਨੂੰ ਦਿੱਤੇ ਵਹਿਸ਼ੀ ਤਸੀਹਿਆਂ ਤੇ ਸਜ਼ਾਵਾਂ ਅਤੇ ਲੰਮੀਆਂ ਭੁੱਖ ਹੜਤਾਲਾਂ ਦਾ ਬਾਬਾ ਜੀ ਅੱਖੀਂ-ਡਿੱਠਾ ਹੱਡੀਂ-ਹੰਢਾਇਆ ਲਿਖਿਆ ਹਾਲ ਹਿਰਦੇਵੇਧਕ ਹੈ। ਉਸ ਜੇਲ ਵਿਚ ਅਪਣੇ ਹੱਕਾਂ ਤੇ ਮਨੁੱਖੀ ਗੌਰਵ ਖ਼ਾਤਿਰ ਸਤ ਗ਼ਦਰੀ ਸੂਰਮੇ ਸ਼ਹੀਦ ਹੋਏ ਸਨ।

ਵੱਖ-ਵੱਖ ਸਾਜ਼ਿਸ਼ ਕੇਸਾਂ ਵਿਚ ਅਪਣੇ ਫਾਹੇ ਲੱਗੇ, ਜਲਾਵਤਨ ਹੋਏ ਤੇ ਤਾਉਮਰ ਕੈਦ ਸਜ਼ਾਯਾਫ਼ਤਾ ਸਾਥੀਆਂ ਦੇ ਨਾਵਾਂ ਦੀ ਲੰਮੀ ਸੂਚੀ ਦੇ ਨਾਲ਼ ਬਾਬਾ ਜੀ ਨੇ ਅੰਡੇਮਾਨ ਦੇ ਬੰਗਾਲੀ, ਮਰਾਠੇ, ਮੋਪਲਾ ਤੇ ਗੁਜਰਾਤੀ ਤੇ ਹੋਰ ਇਨਕਲਾਬੀ ਕੈਦੀਆਂ ਦੇ ਨਾਂ ਵੀ ਦਰਜ ਕੀਤੇ ਹਨ। ਸ਼ਾਇਦ ਇਹਦਾ ਮਤਲਬ ਇਹ ਦੱਸਣਾ ਹੈ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਦੇਸ਼ਭਗਤਾਂ ਦਾ ਇੱਕੋ ਹੀ ਭਾਈਚਾਰਾ ਸੀ ਤੇ ਉਹ ਸਾਰੇ ਭਾਰਤ ਦੀ ਮੁਕਤੀ ਦੀ ਇੱਕੋ ਜੱਦੋਜਹਿਦ ਦੇ ਯੋਧੇ ਸਨ। ਜਿੰਨੀ ਸੰਵੇਦਨਾ ਨਾਲ਼ ਬਾਬਾ ਜੀ ਨੇ ਮੋਪਲਾ ਦੇਸ਼ਭਗਤਾਂ ਦੇ ‘ਬਲੈਕ ਹੋਲ’ ਕ਼ਤਲ-ਏ-ਆਮ ਬਾਰੇ ਲਿਖਿਆ ਹੈ, ਓਨਾ ਬਹੁਤੇ ਇਤਿਹਾਸਕਾਰਾਂ ਨੇ ਨਹੀਂ ਲਿਖਿਆ। ਪਾਠਕਾਂ ਨੂੰ ਇਹ ਜਾਣ ਕੇ ਅਚੰਭਾ ਹੋਵੇਗਾ ਕਿ ਬਾਬਾ ਜੀ ਨੇ ਕੁਲ ਛੱਬੀ ਸਾਲ ਕੈਦ ਕੱਟੀ ਅਤੇ ਹਮਕੈਦੀਆਂ ਨਾਲ਼ ਰਲ਼ ਕੇ ਸਿਆਸੀ ਕੈਦੀਆਂ ਦੇ ਹਕ਼ ਲੈਣ ਖ਼ਾਤਿਰ ਕੁਲ ਅੱਠ ਵਾਰੀ ਲੰਮੀਆਂ ਭੁੱਖ ਹੜਤਾਲਾਂ ਕੀਤੀਆਂ। ਇਕ ਐਸੀ ਭੁੱਖ ਹੜਤਾਲ ਭਗਤ ਸਿੰਘ ਤੇ ਉਹਦੇ ਸਾਥੀਆਂ ਦੀ ਹਮਦਰਦੀ ਵਿਚ ਲਹੌਰ ਸੈਂਟਰਲ ਜੇਲ ਵਿਚ ਸੰਨ 1929 ਵਿਚ ਕੀਤੀ ਸੀ।

ਇਹ ਆਪ-ਬੀਤੀ ਦਰਸਾਉਂਦੀ ਹੈ ਕਿ ਕਿਵੇਂ ਇਨਕਲਾਬ ਦੇ ਸੁਪਨਿਆਂ ਵਾਲ਼ਾ ਨਵਾਂ ਸਮਾਜ ਸਾਜਣ ਲਈ ਅਨਿਆਂ ਖ਼ਿਲਾਫ਼ ਲੜਾਈ ਕਰਦਿਆਂ ਉਨ੍ਹਾਂ ਨੇ ਅਪਣੀ ਸਾਰੀ ਜ਼ਿੰਦਗੀ ਲੇਖੇ ਲਾ ਦਿੱਤੀ। ਆਪ ਜਦ ਸੰਨ 1930 ਵਿਚ ਜੇਲ ਚੋਂ ਬਿਲਾ ਸ਼ਰਤ ਰਿਹਾਅ ਹੋਏ, ਤਾਂ ਘਰ ਟਿਕ ਕੇ ਬੈਠਣ ਦੀ ਥਾਂ ਅਗਲੇ ਲੋਕ ਕਾਰਜ ਦਾ ਸੋਚਣ ਲੱਗੇ: “ਭਵਿੱਖ ਵਿਚ ਕਿਹੜੀ ਤਹਿਰੀਕ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਨਾਲ਼ ਦੁਨੀਆ ਵਿਚ ਕਾਮਯਾਬ ਹੋਵੇਗੀ, ਇਸ ’ਤੇ ਮੈਂ ਕਈ ਦਿਨ ਵਿਚਾਰ ਕੀਤਾ। ਆਖ਼ਿਰ ਮੈਂ ਕਮਿਉਨਿਜ਼ਮ ਇਖ਼ਤਿਆਰ ਕਰ ਲਿਆ।” ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਦੀ ਹੈਸੀਅਤ ਵਿਚ ਮੋਰਚੇ ਦੀ ਅਗਵਾਈ ਕੀਤੀ, ਤਾਂ ਆਪ ਨੂੰ ਚਾਰ ਸਾਲ ਦਿਓਲੀ ਕੈਂਪ ਜੇਲ ਚ ਡਕ ਦਿੱਤਾ ਗਿਆ। ਸੰਨ 43 ਵਿਚ ਰਿਹਾਈ ਵੇਲੇ ਇਨ੍ਹਾਂ ਦੀ ਉਮਰ 73 ਸਾਲ ਹੋ ਚੁੱਕੀ ਸੀ। ਤਾਂ ਵੀ ਫੇਰ ਤੋਂ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਤੇ ਹਿੰਦ ਕਮਿਉਨਿਸਟ ਪਾਰਟੀ ਵਿਚ ਕੰਮ ਕਰਨ ਲੱਗੇ। ਇਸ ਬਾਰੇ ਲਿਖਦੇ ਹਨ: “ਕਰਨ ਵਾਲ਼ਾ ਕੰਮ ਪਿਆ ਸੀ...ਅੰਗਰੇਜ਼ੀ ਸਾਮਰਾਜ ਵੀ ਅੱਖਾਂ ਦੇ ਸਾਹਮਣੇ ਹਿੰਦੁਸਤਾਨ ਵਿਚ ਕਾਇਮ ਸੀ। ਐਸੀ ਹਾਲਤ ਵਿਚ ਘਰ ਬੈਠਣਾ ਮੁਸ਼ਕਿਲ ਸੀ।” ਬਾਬਾ ਜੀ ਦੇ ਇਸ ਕਥਨ ਤੋਂ ਉਨ੍ਹਾਂ ਦੋਖੀਆਂ ਨੂੰ ਚਾਨਣ ਹੋ ਜਾਣਾ ਚਾਹੀਦਾ ਹੈ, ਜੋ ਆਖੀ ਜਾਂਦੇ ਹਨ ਕਿ ਬਾਬਾ ਭਕਨਾ ਕਮਿਉਨਿਸਟਾਂ ਦਾ ਵਸਾਹ ਨਹੀਂ ਸੀ ਕਰਦੇ ਤੇ ਉਹ ਗ਼ਦਰ ਪਾਰਟੀ ਦੇ ਇਤਿਹਾਸ ਨੂੰ ਅਪਣਾ ਬਣਾ ਕੇ ਪੇਸ਼ ਕਰਦੇ ਕਮਿਉਨਿਸਟਾਂ ਤੋਂ ਬਚਾਅ ਕੇ ਰੱਖਣਾ ਚਾਹੁੰਦੇ ਸਨ।

ਇਹ ਗੱਲ ਸਮਝ ਆਉਂਦੀ ਹੈ ਕਿ ਜਿਸ ਆਗੂ ਨੇ ਅਪਣਾ ਸਮਾਜ ਬਦਲਣ ਲਈ ਅਪਣਾ ਸਭ ਕੁਝ ਲੇਖੇ ਲਾ ਦਿੱਤਾ ਸੀ, ਉਹਦੀਆਂ ਅੱਖਾਂ ਸਾਹਮਣੇ ਹੋਈ ਦੇਸ ਦੀ ਤਕਸੀਮ ਦਾ ਉਹਨੂੰ ਕਿੰਨਾ ਦੁੱਖ ਹੋਇਆ ਹੋਵੇਗਾ। ਬਾਬਾ ਸੋਹਣ ਸਿੰਘ ਜੀ ਤੇ ਹੋਰਨਾਂ ਦੇਸ਼ਭਗਤਾਂ ਦੇ ਨਵਾਂ ਸਮਾਜ ਸਾਜਣ ਦੇ ਸੁਪਨੇ ਪੂਰੇ ਨਹੀਂ ਹੋਏ। ਮੈਨੂੰ ਕੋਈ ਸ਼ਕ ਨਹੀਂ ਕਿ ਬਾਬਾ ਜੀ ਦੀ ਇਹ ਸੰਖੇਪ ਜਿਹੀ ਆਪ-ਬੀਤੀ ਪਾਠਕਾਂ ਨੂੰ ਰੋਚਕ ਲੱਗੇਗੀ ਤੇ ਇਨਕਲਾਬੀ ਤਬਦੀਲੀ ਵਾਸਤੇ ਜੱਦੋਜਹਿਦ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੂੰ ਪਰੇਰੇਗੀ। ਇਸੇ ਵਿਚ ਹੀ ਅਮਰਜੀਤ ਚੰਦਨ ਦੇ ਇਸ ਆਪਬੀਤੀ ਨੂੰ ਛਾਪਣ ਦੇ ਕੀਤੇ ਉਪਰਾਲ਼ੇ ਦਾ ਸਿਲਾ ਹੈ।
- ਹਰੀਸ਼ ਪੁਰੀ

ਸੰਪਾਦਕੀ ਤੇ ਅਨੁਵਾਦਕੀ:

ਬਾਬਾ ਸੋਹਣ ਸਿੰਘ ਜੀ ਭਕਨਾ ਦੀਆਂ ਹੁਣ ਤਕ ਦੋ ਆਤਮ ਕਥਾਵਾਂ ਛਪੀਆਂ ਹਨ: ਜੀਵਨ ਸੰਗਰਾਮ (1967) ਤੇ ਮੇਰੀ ਰਾਮ ਕਹਾਣੀ (2012)। ਹਥਲੀ ਲਿਖਤ ਬਾਬਾ ਜੀ ਨੇ ਸ਼ਾਇਦ ਕਮਿਉਨਿਸਟ ਆਗੂ ਪੀ. ਸੀ. ਜੋਸ਼ੀ ਦੇ ਆਖਣ ’ਤੇ ਸੰਨ 1951 ਵਿਚ ਲਿਖੀ ਸੀ, ਜੋ ਹੁਣ ਬਰਲਿਨ ਵਿਚ ਜਮਹੂਰੀ ਜਰਮਨ ਗਣਰਾਜ ਦੇ ਇਤਿਹਾਸਕਾਰ ਹਰਜ਼ਟ ਕਰੂਗਰ (ਦੇਹਾਂਤ 1985) ਦੇ ਮਿਸਲਖ਼ਾਨੇ ਵਿਚ ਸਾਂਭੀ ਪਈ ਹੈ। ਅਪਣੇ ਇਤਿਹਾਸ ਦਾ ਇਹ ਖ਼ਜ਼ਾਨਾ ਮਈ 2013 ਵਿਚ ਅਲੀ ਰਜ਼ਾ ਦੇ ਸੱਦਿਆਂ ਮੇਰੇ ਬਰਲਿਨ ਗਏ ਦੇ ਅਚਾਨਕ ਹੱਥ ਲੱਗਾ। ਮੈਂ ਤੇ ਅਲੀ ਰਜ਼ਾ ਉਨ੍ਹਾਂ 92 ਦੇਸ਼ਭਗਤਾਂ ਦੀ ਖੋਜ ਕਰ ਰਹੇ ਸਾਂ, ਜੋ ਗ਼ਦਰੀ ਤੇ ਕਿਰਤੀ ਪਾਰਟੀ ਨੇ ਇਨਕਲਾਬ ਦੀ ਅੱਗ ਲੈਣ 1924 ਤੋਂ ਲੈ ਕੇ 1940 ਤਕ ਮੌਸਕੋ ਘੱਲੇ ਸਨ।

ਬਾਬਾ ਜੀ ਉਰਦੂ ਵਿਚ ਲਿਖਦੇ ਸਨ। ਸੰਨ 1930 ਵਿਚ ਜੇਲੋਂ ਲਿਖ ਕੇ ਘੱਲੀ ਤੇ ਕਿਰਤੀ ਅਤੇ ਅਕਾਲੀ ਤੇ ਪਰਦੇਸੀ ਵਿਚ ਛਪੀ ਮੇਰੀ ਰਾਮ ਕਹਾਣੀ ਦੇ ਪੰਜਾਬੀ ਉਲੱਥੇ ਦੀ ਮਾਝੀ ਬੋਲੀ ਦੀ ਤਾਸੀਰ ਤੋਂ ਅਟਕਲ ਲਾਈ ਜਾ ਸਕਦੀ ਹੈ ਕਿ ਇਹ ਉਲੱਥਾ ਜਾਂ ਅਰਜਨ ਸਿੰਘ ਗੜਗੱਜ ਜਾਂ ਗੁਰਚਰਨ ਸਿੰਘ ਸਹਿੰਸਰੇ ਨੇ ਕੀਤਾ ਹੋਣਾ ਹੈ। ਜੀਵਨ ਸੰਗਰਾਮ ਦਾ ਪੰਜਾਬੀਕਰਨ ਮਲਵਿੰਦਰਜੀਤ ਸਿੰਘ ਵੜੈਚ ਨੇ ਕੀਤਾ ਸੀ।

‘ਇਸ ਜਗਤਯਾਤ੍ਰਾ ਮੇਂ ਆਂਖੋਂ ਦੇਖੀ ਆਪ-ਬੀਤੀ ਸੋਹਨ ਸਿੰਘ ਭਕਨਾ ਬਕਲ਼ਮਖ਼ੁਦ’ ਦਾ ਅਸੀਂ ਪਹਿਲਾਂ ਪ੍ਰੇਮ ਪ੍ਰਕਾਸ਼ ਦਾ ਕੀਤਾ ਨਿਰਾ ਲਿਪੀਅੰਤਰ ਛਾਪਣਾ ਚਾਹਿਆ ਸੀ, ਤਾਂ ਕਿ ਪਾਠਕ ਨੂੰ ਬਾਬਾ ਜੀ ਦੀ ਸੋਚ ਤੇ ਭਾਵਨਾ ਦਾ ਉਰਦੂ ਵਿਚ ਕੀਤੇ ਪ੍ਰਗਟਾਵੇ ਦਾ ਨਿਕਟਵਰਤੀ ਤਜਰਬਾ ਹੋਵੇ; ਜਿਵੇਂ ਉਹ ਅਪਣਾ ਲਿਖਿਆ ਤੁਹਾਨੂੰ ਆਪ ਹੀ ਪੜ੍ਹ ਕੇ ਸੁਣਾ ਰਹੇ ਹੋਣ। ਹਰੀਸ਼ ਪੁਰੀ ਦਾ ਵਿਚਾਰ ਮੇਰੇ ਮਨ ਲੱਗਾ ਕਿ ਗੁਰਮੁਖੀ ਵਿਚ ਲਿਖੀ ਉਰਦੂ ਬੋਲੀ ਪਾਠਕ ਨੂੰ ਓਪਰੀ ਲੱਗੇਗੀ ਤੇ ਪੜ੍ਹਨ ਚ ਔਖਿਆਈ ਹੋਵੇਗੀ। ਮੈਂ ਇਸ ਪੰਜਾਬੀ ਉਲੱਥੇ ਵਿਚ ਬਾਬਾ ਜੀ ਵਾਲ਼ੀ ਲਿਖਤ ਦਾ ਮੁਹਾਵਰਾ ਬਣਾਈ ਰਖਣ ਦਾ ਜਤਨ ਕੀਤਾ ਹੈ।
ਅੱਜ ਕਲ੍ਹ ਕੁਝ ਖ਼ਾਲਿਸਤਾਨੀ ਨੌਸੀਖੀਏ ਇਤਿਹਾਸਕਾਰ ਤਿੰਘ-ਤਿੰਘ ਕੇ ਇਹ ਦੱਸਣੋਂ ਨਹੀਂ ਹਟਦੇ ਕਿ ਗ਼ਦਰੀ ਸਿੱਖ ਸਨ! ਜਿਵੇਂ ਕਿ ਇਸ ਗੱਲ ਦਾ ਕਿਸੇ ਨੂੰ ਪਹਿਲੋਂ ਪਤਾ ਨਹੀਂ ਸੀ। ਉਨ੍ਹਾਂ ਨੂੰ ਸਾਫ਼-ਸਾਫ਼ ਦੱਸਣ ਦੀ ਲੋੜ ਹੈ ਕਿ ਗ਼ਦਰੀ ਬਾਬੇ ਖ਼ਾਲਿਸਤਾਨੀ ਬਿਲਕੁਲ ਨਹੀਂ ਸਨ। ਇਸ ਲਿਖਤ ਵਿਚ ਵੀ ਉਨ੍ਹਾਂ ਨੂੰ ਇਹ ਮੂੰਹ-ਤੋੜਵਾਂ ਜਵਾਬ ਵੀ ਦਰਜ ਹੈ ਕਿ ਬਾਬਾ ਜੀ ਦਾ ਕਮਿਉਨਿਸਟ ਬਣਨਾ ਉਨ੍ਹਾਂ ਦੀ ਮਾਨਵੀ ਸੋਚ ਦਾ ਸਿਖਰ ਸੀ।

ਭਕਨੇ ਪਿੰਡ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਮੈਨੂੰ ਮਿਲ਼ਦਾ ਰਿਹਾ। ਓਦੋਂ ਦੀਆਂ ਉਨ੍ਹਾਂ ਦੀਆਂ ਮੇਰੇ ਪਿਤਾ ਤੇ ਮੇਰੀਆਂ ਖਿੱਚੀਆਂ ਫ਼ੋਟੋਆਂ ਅਸਾਂ ਪਿਉ-ਪੁੱਤਾਂ ਦੀ ਕੀਤੀ ਨੇਕ ਕਮਾਈ ਹੈ। ਮੇਰੇ ਪਿਤਾ ਗੋਪਾਲ ਸਿੰਘ ਚੰਦਨ ਆਪ ਕੀਨੀਆ ਦੀ ਗ਼ਦਰ-ਕਿਰਤੀ ਪਾਰਟੀ ਦੇ ਆਗੂ ਰਹੇ ਸਨ।
- ਅਮਰਜੀਤ ਚੰਦਨ


ਸੰਤਜਨਾਂ ਕੀ ਸੰਗਤ: ਮਈ 1967 ਵਿਚ ਅਮ੍ਰਿਤਸਰ ਚ ਹੋਈ ਪ੍ਰੀਤ ਮਿਲਣੀ ਚ ਬਾਬਾ ਸੋਹਣ ਸਿੰਘ ਤੇ ਸ਼ੀਲਾ ਦੀਦੀ (ਐਨਕਾਂ ਵਾਲ਼ੀ), ਓਸ਼ਿਮਾ ਰੇਖੀ ਤੇ ਪਿਛਾੜੀ ਜਸਵੰਤ ਕੌਰ ਗਿੱਲ ਤੇ ਅਮਰਜੀਤ ਚੰਦਨ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346