( 1 )
ਜੇ ਮਨੁੱਖਤਾ ਦੇ ਸਾਗਰ ”ਚ ਲਹਿ ਜਾਵੇਂਗਾ ।
ਭੇਦ ਭਾਵ ਜ਼ਮਾਨੇ ਦੇ ਤੂੰ ਸਹਿ ਜਾਵੇਂਗਾ ।
ਰਹਿਣ ਦੇ, ਤੂੰ ਇੰਝ ਦਿਖਾ ਨਾ ਦਿਲ ਦੇ ਜ਼ਖਮ
ਨਹੀਂ ਤੇ ਘਰ ”ਚ ”ਕੱਲਾ ਹੀ ਰਹਿ ਜਾਵੇਂਗਾ ।
ਅਪਣੇ ਕਿੱਸੇ ਬਾਜ਼ਾਰੋਂ , ਤੂੰ ਦੂਰ ਹੀ ਰੱਖ
ਨਹੀਂ ਤੇ ਮੂੰਹ ਦਿਖਾਣੋ ਵੀ ਰਹਿ ਜਾਵੇਂਗਾ ।
ਹਾਦਸਾ ਇਹ ਤਾਂ ਪਹਿਲਾਂ ਵੀ ਹੋਇਆ ਲਗਦੈ
ਹੌਸਲਾ ਰੱਖ, ਤੂੰ ਸੱਭ ਕੁੱਝ ਸਹਿ ਜਾਵੇਂਗਾ ।
ਜਦ ਤੂੰ ਵੇਖੇਂਗਾ ਸ਼ੀਸ਼ੇ ”ਚ ਚਿਹਰਾ ਆਪਣਾ
ਦਿਲ ”ਤੇ ਜੋ ਗੁਜ਼ਰੀ ,ਮੁਹੱਬਤ ”ਚ ਕਹਿ ਜਾਵੇਂਗਾ ।
ਓ ਨਾਦਾਨਾ ! ਜੋ ਬਾਗ ”ਚ ਵਗਦੀ ਏ ਹਵਾ
ਉਹਨੂੰ ਸਮਝ, ਨਹੀਂ ਤੇ ਪਿੱਛੇ ਰਹਿ ਜਾਵੇਂਗਾ ।
ਆ ਜਾਊ ਤਨਹਾਈ ”ਚ ਜੀਣਾ ”ਮੁਸ਼ਤਾਕ”
ਸਾਡੇ ਕੋਲ ਜੇ ਦੋ ਦਿਨ, ਤੂੰ ਰਹਿ ਜਾਵੇਂਗਾ ।
................................................................
( 2 )
ਫ਼ਿਰ ਉਨ੍ਹਾਂ ਨੂੰ ਯਾਦ ਆਈ ਦੋਸਤੀ ।
ਜਿਨ੍ਹਾਂ ਫਾਹੇ ਸੀ ਲਗਾਈ ਦੋਸਤੀ ।
ਜਾਣ ਦੀ ਉਹਨਾਂ ਨੂੰ ਕਾਹਲ ਹੋਵੇਗੀ
ਐਂਵੇ ਨਾ ਦਿਲ ਤੋਂ ਭੁਲਾਈ ਦੋਸਤੀ ।
ਟੀਰੀਆਂ ਅੱਖਾਂ,ਜ਼ਬਾਨ ਥੋਥਲੀ
ਸੱਜ ਸਜਾ ਕੇ,ਵਿਹੜੇ ਆਈ ਦੋਸਤੀ ।
ਖੇਡ ਕੇ ਦੋ ਦਿਨ ਅਸਾਡੇ ਸ਼ੌਕ ਨਾਲ
ਝਟ ਪਟੇ, ਹੋਈ ਪਰਾਈ ਦੋਸਤੀ ।
ਜੋ ਕਦੇ ਸਾਹਾਂ ਤੋਂ ਵੀ ਅਜ਼ੀਜ਼ ਸੀ
ਹੋ ਗਈ ਉਹ ਵੀ ਪਰਾਈ ਦੋਸਤੀ ।
ਕੌਣ ਸਾਡੀ ਲਾਸ਼ ਨੂੰ ਸੰਭਾਲੇ ਗਾ !
ਕਬਰ ਤੇ ਜੇ ਕਰ ਨਾ ਆਈ ਦੋਸਤੀ ।
ਇਹਤੋਂ ਵੱਧ ਕੇ ਹੋਰ ਕੀ ਹੋਣੈ ਗੁਨਾਹ
ਜਾਂ ਉਹਨਾਂ ਤੱਕੜੀ ਚੜ੍ਹਾਈ ਦੋਸਤੀ ।
ਕੋਹਿਨੂਰ ਤੋਂ ਵੀ ਬੇਸ਼ਕੀਮਤੀ ਹੈ
ਉਮਰ ਭਰ ਦੀ ਜੋ ਕਮਾਈ ਦੋਸਤੀ ।
ਵਾਰੋ ਵਾਰੀ ਤੁਰ ਗਏ ”ਮੁਸ਼ਤਾਕ” ਸੱਭ
ਖ਼ੂਬ ਯਾਰਾਂ ਨੇ ਨਿਭਾਈ ਦੋਸਤੀ ।
...............................................
-0-
|