ਜਦ ਜੱਗ ਜੀਣ ਯੋਗ ਨਹੀਂ
ਰਹਿੰਦਾ, ਅੱਥਰੂ ਬਣ ਦਿਲੋਂ ਦਰਦ ਹੈ ਵਹਿੰਦਾ।
ਜਿੰਦਗੀ ਬੜੀ ਖੂਬਸੂਰਤ ਹੈ। ਕੁਦਰਤੀ ਦਾਤਾਂ ਨਾਲ ਨਿਵਾਜ਼ੀ ਹੋਈ ਹੈ। ਕੁਰਦਤ ਨੇ ਬੇਸ਼ੁਮਾਰ,
ਬੇਸ਼ਕੀਮਤੀ ਤੋਹਫਿ਼ਆਂ ਨਾਲ ਨਿਵਾਜਿਆਂ ਸੀ ਮਨੁੱਖ ਨੂੰ, ਕਿਧਰੇ ਹਰੀਆਂ ਭਰੀਆਂ ਚਰਗਾਹਾਂ,
ਕਲ-ਕਲ ਵਹਿੰਦੇ ਝਰਨੇ, ਉੱਚੇ-ਉੱਚੇ ਪਹਾੜ, ਵਗਦੀਆਂ ਨਦੀਆਂ ਦਾ ਮਧੁਰ ਸੰਗੀਤ, ਵੰਨ ਸੁਵੰਨੇ
ਪਸੂ਼-ਪੰਛੀ। ਪੰਛੀਆਂ ਵਿੱਚ ਭਰੇ ਵੰਨ-ਸੁਵੰਨੇ ਰੰਗ ਜਿਨ੍ਹਾਂ ਨੂੰ ਦੇਖ ਕੇ
ਬਲਿਹਾਰੇ-ਬਲਿਹਾਰੇ ਜਾਈਦਾ ਹੈ ਕੁਦਰਤ ਦੇ। ਚੰਦ-ਤਾਰੇ ਤੇ ਸੂਰਜ, ਪੂਰਾ ਚੰਦਰਮਾ ਜਦ ਚਮਕਦਾ
ਹੈ ਤਾਂ ਦੇਖਣ ਦਾ ਵਖਰਾ ਹੀ ਨਜ਼ਾਰਾ ਹੁੰਦਾ ਹੈ। ਮੈਂ ਤਾ ਦੇਖਦੀ ਹੀ ਰਹਿ ਜਾਂਦੀ ਹਾਂ, ਰਾਤ
ਨੂੰ ਜਦ ਮੈਂ ਤੇ ਮੇਰੀ ਬੇਟੀ ਕੰਮ ਛੱਡ ਕੇ ਘਰ ਆਉਂਦੀਆ ਸੀ, ਤਾਂ ਮੇਰੀ ਟਿੱਕ-ਟਿੱਕੀ
ਚੰਦਰਮਾ ਤੇ ਹੀ ਲੱਗੀ ਰਹਿੰਦੀ ਸੀ, ਤਾਂ ਬੇਟੀ ਨੇ ਕਹਿਣਾ ਮੰਮੀ ਤੁਸੀਂ ਚੰਦਰਮਾ ਵੱਲ ਹੀ
ਕਿਉਂ ਦੇਖੀ ਜਾਂਦੇ ਹੋ? ਪਰ ਮੈਂ ਤਾਂ ਰੱਬੀ ਰੰਗਾਂ ਵਿੱਚ ਖੋ ਜਾਂਦੀ ਸੀ।
ਸੋਚਾਂ-ਸੋਚ, ਸੋਚ ਥੱਕ ਜਾਵਾਂ, ਕਿਦ੍ਹਾਂ ਕੀਤੇ ਇਹ ਪਸਾਰੇ’
ਚਮਕੇ ਚੰਦ ਤੇ ਚਮਕਣ ਤਾਰੇ, ਲਗਦੇ ਮੈਨੂੰ ਬਹੁਤ ਪਿਆਰੇ।
ਤੇਰੇ ਚੰਦ ਦੇ ਮੁਖੜੇ ਨੂੰ ਮੈਂ, ਟਿਕ-ਟਿਕੀ ਲਾ ਕੇ ਦੇਖੀ ਜਾਵਾਂ,
ਜਿਉਂ ਚਕੋਰ ਚੰਦ ਨੂੰ ਦੇਖੇ, ਨਜ਼ਰਾਂ ਮੁੱਖ ਤੋਂ ਕਿਵੇਂ ਹਟਾਵਾਂ।
ਕੋਈ ਰੰਗ ਮਾਣੇ ਤਾਂ ਸਹੀ ਰੱਬੀ ਦਾਤਾਂ ਦਾ। ਤਨ-ਮਨ ਸ਼ਰਸ਼ਾਰ ਹੋਵੇਗਾ, ਰੱਬੀ ਨੂਰ ਹੀ ਨਜ਼ਰ
ਆਏਗਾ ਚਾਰ-ਚੁਫ਼ੇਰੇ। ਪਰ ਲੋੜ ਹੈ, ਤਨ-ਮਨ ਦੀ ਸੁੱਧਤਾ ਦੀ, “ਮਨ ਚੰਗਾ ਕਠੋਲੀ ਵਿੱਚ ਗੰਗਾ”
ਜੇ ਆਤਮਾ ਪਵਿੱਤਰ ਹੈ ਤਾਂ ਹੀ ਇਹ ਨਜ਼ਾਰੇ ਬੰਦੇ ਨੂੰ ਆਤਮਿਕ ਅਨੰਦ ਹੀ ਦੇਂਦੇ ਹਨ। ਆਤਮਾ
ਹੀ ਪਰਮਾਤਮਾ ਹੈ, ਜੇ ਇਸ ਤੇ ਗੰਦਗੀ ਦੀ ਧੂੜ ਨਹੀਂ ਹੈ, ਤਾਂ ਇਹ ਪਵਿੱਤਰ ਪਾਣੀ ਦੀ ਤਰ੍ਹਾਂ
ਲਿਸ਼ਕਦੀ ਹੈ। ਅੱਜ ਦੇ ਪਦਾਰਥਵਾਦੀ-ਯੁੱਗ ਵਿੱਚ ਮਨ-ਮੈਲੇ ਤਨ-ਚੋਰ। ਸੱਭ ਪਾਸੇ ਪੈਸੇ ਦੀ
ਦੌੜ
ਹਫ਼ੜਾ-ਦਫ਼ੜੀ, ਭੀੜ-ਭੜੱਕਾ, ਮਾਰ-ਧਾੜ, ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸਿਸ਼ ਨੇ ਬੰਦੇ
ਦਾ ਅਮਨ-ਚੈਨ ਹੀ ਲੁੱਟ ਲਿਆ ਹੈ। ਚਿਹਰਿਆਂ ਤੇ ਨਾ ਖੁਸ਼ੀ ਨਾ ਸਾਂਤੀ, ਉੱਡੇ-ਉੱਡੇ,
ਉੱਖੜੇ-ਉੱਖੜੇ ਚਿਹਰੇ ਨਜ਼ਰ ਆਉਂਦੇ ਹਨ। ਬੀਤ ਗਏ ਉਹ ਦਿਨ ਜਦੋਂ ਚਿਹਰਿਆਂ ਤੇ ਸ਼ਰਮ-ਹਯਾ
ਹੁੰਦੀ ਸੀ ਤੇ ਬੰਦਾ ਸੋਚਦਾ ਸੀ ਕਿ ਕੋਈ ਮਾੜਾ ਕਰਮ ਨਾ ਹੋ ਜਾਵੇ, ਕਿਤੇ ਆਤਮਾ ਦੀ ਸਾਂਤੀ
ਨਾ ਖੋ ਜਾਵੇ। ਵੱਡਿਆਂ ਦਾ ਆਦਰ ਕੀਤਾ ਜਾਂਦਾ ਸੀ, ਧੀ-ਭੈਣ ਨੂੰ ਸਾਂਝੀ ਸਮਝਿਆਂ ਜਾਂਦਾ ਸੀ।
ਕਦੇ ਵੇਲਾ-ਕੁਵੇਲਾ ਹੋ ਜਾਣਾ ਤਾਂ ਧੀ-ਭੈਣ ਨੂੰ ਲੋਕ ਉਹਦੇ ਘਰ ਤੱਕ ਛੱਡ ਕੇ ਆਉਂਦੇ ਸਨ ਕਿ
ਸਾਡੇ ਪਿੰਡ ਦੀ ਧੀ-ਭੈਣ ਹੈ, ਕਿਸੇ ਬੇਗਾਨੀ ਧੀ-ਭੈਣ ਨਾਲ ਵੀ ਹਮਦਰਦੀ ਰੱਖਦੇ ਸੀ।ਪਰ ਕੈਸਾ
ਸਮਾਂ ਆ ਗਿਆ ਹੈ ਨਿੱਤ ਦਿਨ ਅਖ਼ਬਾਰਾਂ ਵਿੱਚ ਪੜ੍ਹ-ਪੜ੍ਹ ਕੇ ਪਰੇਸ਼ਾਨ ਹੋਈਦਾ ਹੈ, ਔਰਤ
ਤਾਂ ਹੁਣ ਘਰ ਵਿੱਚ ਹੀ ਸੁਰੱਖਿਅਤ ਨਹੀਂ ਹੈ। ਬਾਹਰ ਦੀ ਤਾਂ ਆਸ ਹੀ ਮੁੱਕ ਚੁੱਕੀ ਹੈ।
ਸੁਣਿਆਂ ਕਰਦੇ ਸੀ ਕਹਾਵਤ “ਅੰਦਰ ਚੂਹੈ ਤੇ ਬਾਹਰ ਕਾਂ” ਐਵੈਂ ਨਹੀਂ ਵੱਡੇ-ਵਡੇਰਿਆਂ ਦੀ
ਮਿੱਥੀ ਕਹਾਵਤ ਸੱਚ ਹੋ ਰਹੀ। ਨਿੱਤ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਜਿਹੜੇ ਪਿਉ-ਭਰਾ ਅਣਖ਼
ਦੀ ਖਾਤਿਰ ਮਰ-ਮਿੱਟਦੇ ਸੀ, ਉਹੋ ਹੀ ਹੁਣ ਦੋਸ਼ੀ ਗਰਦਾਨੇ ਜਾ ਰਹੇ ਹਨ। ਸ: ਜਸਵੰਤ ਸਿੰਘ ਦੀ
ਕਹਾਣੀ,“ ਕੰਬਦੀ ਡਿਊੜੀ ” ਤੇ ਛੋਟੀ ਜੇਹੀ ਫਿ਼ਲਮ ਵੇਖਣ ਦਾ ਮੌਕਾ ਮਿਲਿਆ। ਉਸਦਾ ਵਿਸ਼ਾ ਵੀ
ਬਿਲਕੁਲ ਇਹੀ ਸੀ, ਕਿ ਕਿਵੇਂ ਘਰਾਂ ਅੰਦਰ ਵੀ ਔਰਤ ਸੁਰੱਖਿਅਤ ਨਹੀਂ ਹੈ। ਬਾਹਰ ਤਾਂ ਬਹੁਤ
ਲੋੜ ਹੈ, ਬਹੁਤ ਹੀ ਸੁਚੇਤ ਅਤੇ ਮਜ਼ਬੂਤ ਹੋ-ਕੇ ਘਰੋਂ ਚਲਣ ਦੀ, ਕੀ ਦੋਸ਼ ਸੀ ਉਨ੍ਹਾਂ
ਕੁੜੀਆਂ ਦਾ ਜੋ ਜੰਗਲ-ਪਾਣੀ ਲਈ ਬਾਹਰ ਗਈਆਂ ਤੇ ਬਲਾਤਕਾਰ ਦਾ ਸਿ਼ਕਾਰ ਹੋ ਗਈਆਂ, ਤੇ
ਦਰਿੰਦਿਆਂ ਨੇ ਬਾਦ ਵਿੱਚ ਰੁੱਖਾਂ ਨਾਲ ਲਟਕਾ ਦਿੱਤੀਆਂ। ਵਿਰੋਧ ਕੀਤਾ ਹੋਵੇਗਾ ਉਨ੍ਹਾਂ ਨੇ,
ਥੁੱਕਿਆਂ ਹੋਵੇਗਾ, ਉਨ੍ਹਾਂ ਗੰਦੀ ਸੋਚ ਦੇ ਮਾਲਕਾਂ ਦੇ ਮੂੰਹ ਉੱਤੇ ,ਜਿਸ ਦਾ ਸਿੱਟਾ
ਫ਼ਾਂਸੀ ਦਾ ਰੱਸਾ ਜਾਂ ਚੁੰਨੀ ਸੀ ਉਨ੍ਹਾਂ ਕੁੜੀਆਂ ਦੀ। ਉਸ ਤੋਂ ਬਾਦ ਵੀ ਅਜਿਹੀਆਂ
ਘਟਨਾਵਾਂ ਬੰਦ ਨਹੀਂ ਹੋਈਆ ਸਗੋਂ ਵੱਧਦੀਆਂ ਹੀ ਗਈਆਂ। ਇਨਸਾਨ ਹੈਵਾਨ ਬਣ ਚੁੱਕਾ ਹੈ ਹੁਣ
ਤਾਂ ਘਰੋ ਗਿਆ ਮੈਂਬਰ ਵੀ ਜਿੰਨ੍ਹੀ ਦੇਰ ਘਰ ਨਹੀਂ ਆ ਜਾਂਦਾ ਤੁਹਾਡਾ ਦਿਲ ਡਰਦਾ ਹੀ ਰਹਿੰਦਾ
ਹੈ ਕਿ ਸੁੱਖੀ-ਸਾਂਦੀ ਘਰ ਆ ਜਾਵੇ। ਪਹਿਲਾਂ ਧੀਆਂ-ਭੈਣਾਂ ਗਹਿਣਾ-ਗੱਟਾ ਪਾ-ਕੇ ਬਾਹਰ
ਨਿਕਲਦੀਆਂ, ਵਿਆਹ ਸ਼ਾਦੀਆਂ ਜਾਂਦੀਆਂ ਸਨ, ਪਰ ਹੁਣ ਤਾਂ ਇੱਕ ਮੁੰਦਰੀ ਪਾਉਣੀ ਵੀ ਮੇਰੇ
ਦੇਸ਼ ਅੰਦਰ ਮੌਤ ਨੂੰ ਆਵਾਜ਼ ਮਾਰਨਾ ਹੈ। ਕੋਈ ਔਰਤ ਹੱਥ ਵਿੱਚ ਪਰਸ ਫੜੀ ਜਾਂਦੀ ਵੀ ਖਤਰੇ
ਤੋਂ ਖਾਲੀ ਨਹੀਂ ਹੈ। ਹੱਥੋਂ ਪਰਸ ਹੀ ਖੌਹ ਕੇ ਲੈ ਜਾਂਦੇ ਹਨ। ਘਰ ਦੇ ਦਰਵਾਜ਼ੇ ਅੱਗੇ
ਖੜੀਆਂ ਔਰਤਾਂ ਦੀਆਂ ਵਾਲੀਆਂ ਤੇ ਮੁੰਦਰੀਆਂ ਵੀ ਪਿਸਤੋਲ ਦਿਖਾ ਕੇ ਲੁਹਾ ਕੇ ਲੈ ਜਾਂਦੇ ਹਨ।
ਕਿਸ ਤੇ ਯਕੀਨ ਕਰੋਗੇ, ਮਖੌਟਿਆਂ ਅੰਦਰ ਢੱਕੇ ਚਿਹਰੇ ਅੰਦਰੋ ਹੋਰ ਤੇ ਬਾਹਰੋਂ ਹੋਰ ਨੇ, ਕਈ
ਵਾਰ ਜਿੰਨ੍ਹਾਂ ਨੂੰ ਤੁਸੀਂ ਸੁਲਝੇ ਹੋਏ ਜਾਂ ਵਿਦਵਾਨ ਸਮਝਦੇ ਹੋ, ਸਟੇਜਾਂ ਤੇ ਖੜ ਕੇ
ਵੱਡੇ-ਵੱਡੇ ਭਾਸ਼ਣ ਦੇਂਦੇ ਹਨ, ਕਿ ਔਰਤ ਨੂੰ ਬਰਾਬਰ ਦੇ ਹੱਕ ਦਿਉ, ਇਨਸਾਨ ਸਮਝੋ, ਉਸਨੂੰ
ਵੱਧਣ-ਫੁੱਲਣ ਦੇ ਮੌਕੇ ਦਿਉ, ਪੈਰ ਦੀ ਜੁੱਤੀ ਨਾ ਸਮਝੋ। ਦਿਲ ਦੀ ਗੱਲ ਕਹਿਣ ਦਿਉ, ਔਰਤ
ਕਿਸੇ ਤੋਂ ਘੱਟ ਨਹੀਂ ਹੈ। ਪਰ ਉਹੋ ਹੀ ਲੋਕ ਸਟੇਜ਼ ਤੋਂ ਉੱਤਰ ਕੇ ਜਦੋ ਚਾਰ ਬੰਦਿਆਂ ਵਿੱਚ
ਜਾ ਰਹੇ ਹੁੰਦੇ ਹਨ, ਤਾਂ ਉਨ੍ਹਾਂ ਦੀਆਂ ਕਹੀਆਂ ਗੱਲਾਂ ਜਦ ਔਰਤਾਂ ਕੋਲ ਪਹੁੰਚਦੀਆਂ ਹਨ ਤਾਂ
ਔਰਤਾਂ ਖੂਨ ਦੇ ਅੱਥਰੂ ਰੋ-ਕੇ ਰਹਿ ਜਾਂਦੀਆਂ ਹਨ, ਕਿ ਕੀ ਇਹ ਮਰਦ ਅਜੇਹੀ ਘਿਨਾਉਣੀ ਸੋਚ ਦੇ
ਮਾਲਕ ਹਨ। ਫਿਰ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਨਹੀਂ ਜਿਸਨੂੰ ਹੰਸ ਸਮਝ ਲਿਆ ਇਹ ਤਾਂ
ਬੰਗਲਾ ਹੀ ਹੈ “ਮੈਂ ਜਾਨਿਆ ਵਡਹੰਸੁ ਹੈ ਤਾ ਮੈ ਕੀਆ ਸੰਗ ਜੇ ਜਾਣਾ ਬਗੁ ਬਪੁੜਾ ਤ” ਮੈਂ
ਪੁਛਦੀ ਹਾਂ ਕਿ ਕੀ ਤੁਸੀਂ ਕਿਸੇ ਔਰਤ ਨੂੰ ਕੋਈ ਬੁਰਾਈ ਕਰਦੇ ਦੇਖਿਆਂ ਹੈ ਜਾਂ ਸੁਣੀ-ਸੁਣਾਈ
ਤੇ ਯਕੀਨ ਕਰ ਲੈਂਦੇ ਹੋ। ਔਰਤ ਦੀ ਆਤਮਾ ਭਾਵੇਂ ਨਿਰਮਲ ਜਲ ਦੀ ਤਰ੍ਹਾਂ ਪਵਿੱਤਰ ਕਿਉਂ ਨਾ
ਹੋਵੇ, ਤੁਸੀਂ ਧੱਬਾ ਲਾਉਣ ਲੱਗੇ ਸੋਚ ਨਹੀਂ ਕਰਦੇ। ਲਾਹਨਤ ਹੈ ਇਹੋ ਜਿਹੇ ਹੈਵਾਨਾਂ ਦੇ।
ਕਿਉਂ ਉਨ੍ਹਾਂ ਦੀ ਆਤਮਾ ਉਨ੍ਹਾਂ ਨੂੰ ਦੁਰਕਾਰਦੀ ਨਹੀਂ ਹੈ? ਭਾਵੈਂ ਪੰਜੇ ਉਗਲਾਂ
ਇੱਕੋ-ਜੇਹੀਆਂ ਨਹੀਂ ਹਨ, ਕੁਝ ਚੰਗੇ ਲੋਕ ਵੀ ਹਨ ਐਵੈ ਕਿਸੇ ਤੇ ਚਿੱਕੜ ਨਹੀਂ ਸੁੱਟਦੇ। ਪਰ
ਬਹੁ-ਗਿਣਤੀ ਤਾਂ ਤਮਾਸ਼-ਬੀਨਾਂ ਦੀ ਹੈ ਜੋ ਪੁੱਠੀਆਂ-ਸਿੱਧੀਆਂ ਗੱਲਾਂ ਕਰਕੇ ਚਟ-ਕਾਰੇ
ਲੈਂਦੇ ਹਨ। ਅੱਜ ਤੁਸੀਂ ਕਿਸੇ ਦੀ ਧੀ-ਭੈਣ ਤੇ ਝੂਠੇ ਇਲਜ਼ਾਮ ਲਗਾ ਰਹੇ ਹੋ ਤਾਂ ਸੋਚੋ
ਤੁਹਾਡੀ ਪਿੱਠ ਪਿੱਛੇ ਤੁਹਾਡੀਆਂ ਧੀਆਂ-ਭੈਣਾਂ ਲਈ ਵੀ ਇਹੋ ਜਿਹੇ ਸ਼ਬਦ ਹੀ ਵਰਤੇ ਜਾ ਰਹੇ
ਹੋਣਗੇ।
ਮੰਨਦੇ ਹਾਂ ਕਿ ਕਿਤੇ ਨਾ ਕਿਤੇ ਗਲਤ ਵੀ ਹੋਣਗੀਆਂ,ਪਿਛੇ ਜਿਹੇ ਸਤਪਾਲ ਜੌਹਲ ਦਾ ਲਿਖਿਆ
ਹੋਇਆ (ਕੈਨੇਡਾ ਦਾ ਭੂਤ ਜਿਨ੍ਹਾਂ ਦੇ ਹੱਡੀ ਵੱਸਿਆਂ) ਵਿੱਚ ਜੋ ਪੜ੍ਹਿਆਂ, ਪੜ੍ਹ ਕੇ ਸਰੀਰ
ਮਿੱਟੀ ਹੁੰਦਾ ਜਾ ਰਿਹਾ ਸੀ, ਕਿ ਕੀ ਮੇਰੇ ਪੰਜਾਬ ਦੀਆਂ ਅਣਖੀ਼ਲੀਆਂ ਧੀਆਂ ਇਥੋਂ ਤੱਕ ਗਿਰ
ਗਈਆਂ ਹਨ। ਪੜ੍ਹ ਕੇ ਸ਼ਰਮ ਨਾਲ ਸਿਰ ਝੁੱਕਦਾ ਸੀ। ਕਿ ਕੀ ਇਹ ਸੱਚ ਹੈ ਯਕੀਨ ਨਹੀਂ ਸੀ ਆ
ਰਿਹਾ। ਪਰ ਜੇ ਹੈ,ਤਾਂ ਲਾਹਨਤ ਹੈ ਉਨ੍ਹਾਂ ਧੀਆਂ ਨੂੰ। ਜੋ ਮੇਰੇ ਪੰਜਾਬ ਦੀ ਮਿੱਟੀ ਪਲੀਤ
ਕਰਨ ਤੇ ਤੁੱਲੀਆਂ ਹਨ। ਜ਼ਮੀਰ ਦੀ ਆਵਾਜ਼ ਸੁਣੋ ਜ਼ਮੀਰ ਕਦੇ ਵੀ ਬੁਰਾ ਕਰਮ ਕਰਨ ਦੀ ਇਜ਼ਾਜਤ
ਨਹੀਂ ਦੇਂਦੀ, ਜ਼ਮੀਰ ਹਮੇਸ਼ਾਂ ਬੁਰਾਈ ਤੋ ਮੋੜ ਲੈ ਆਵੇਗੀ, ਜ਼ਮੀਰ ਕੂਕਦੀ ਹੈ ਇਹ ਬੁਰਾ
ਕਰਮ ਹੈ, ਨਾ ਕਰੋ, ਪਰ ਉਸਨੂੰ ਅਣਗੋਲਿਆਂ ਕਰਕੇ ਬੁਰਾਈ ਦਾ ਸਾਥ ਦੇਣਾ ਆਤਮਾ ਨੂੰ ਮਲੀਨ ਹੀ
ਕਰੇਗਾ। ਪੈਸਾ ਹੀ ਸੱਭ ਕੁਝ ਨਹੀਂ ਹੁੰਦਾ। “ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਅਣਖ ਦੇ ਨਾਲ”
ਇਹਨਾਂ ਨੂੰ ਉਹਨਾਂ ਧੀਆਂ ਤੋ ਸੇਧ ਲੈਣੀ ਚਾਹੀਦੀ ਹੈ, ਜੋ ਹਰ ਖੇਤਰ ਵਿੱਚ ਮੱਲਾਂ ਮਾਰ
ਰਹੀਆਂ ਹਨ, ਅਤੇ ਮੁੰਡਿਆਂ ਤੋਂ ਵੀ ਅੱਗੇ ਲੰਘ ਰਹੀਆਂ ਹਨ।
ਸਮਾਜ ਵਿਗੜ ਰਿਹਾ ਹੈ ਗਰਕ ਰਿਹਾ ਹੈ, ਨਸਿ਼ਆਂ ਦੇ ਦਰਿਆ ਅੰਦਰ। ਜਿਸ ਕਾਰਣ ਕਦਰਾਂ ਕੀਮਤਾਂ
ਦਾ ਘਾਣ ਹੋ ਰਿਹਾ ਹੈ। ਅੱਜ ਦੀ ਔਰਤ ਅੰਦਰ ਵੜ੍ਹਕੇ ਵੀ ਬੈਠ ਨਹੀਂ ਸਕਦੀ, ਪੜ੍ਹ-ਲਿਖ ਕੇ
ਜੌਬ ਕਰਕੇ ਉਹ ਆਪਣੇ ਪਰਿਵਾਰ ਨੂੰ ਖੁਸ਼ ਅਤੇ ਖੁਸ਼ਹਾਲ ਪਰਿਵਾਰ ਬਣਾਉਣਾ ਲੋਚਦੀ ਹੈ। ਉਹ
ਅਗਾਂਹ ਵਧਣ ਦੀ ਕੋਸਿ਼ਸ ਕਰਦੀ ਹੈ। ਦਰਿੰਦੇ ਲੜਕੀਆਂ ਦੇ ਪਿੱਛੇ ਲੱਗ ਤੁਰਦੇ ਹਨ, ਜੇਕਰ ਉਹ
ਕਿਹਾ ਨਹੀਂ ਮੰਨਦੀਆਂ ਜਾਂ ਗੁੱਸੇ ਵਿੱਚ ਆ ਕੇ ਗੁੱਸੇ ਭਰੇ ਲਫ਼ਜਾਂ ਨਾਲ ਝਾੜਦੀਆਂ ਹਨ, ਤਾਂ
ਵੈਰੀ ਬਣ ਜਾਂਦੇ ਹਨ। ਤੇਜਾਬ ਸੁੱਟਦੇ ਹਨ। ਉਸਨੂੰ ਬਦਨਾਮ ਕਰਨ ਦੀ ਕੋਸਿ਼ਸ ਕਰਦੇ ਹਨ। ਉਹ
ਮਾਨਸਿਕ ਸੰਤਾਪ ਝੱਲਦੀ ਹੈ। ਪਰ ਆਪਣੇ ਦਿਲ ਦਾ ਦਰਦ ਕਿਸਨੂੰ ਦੱਸੇ। ਕਹਿੰਦੇ ਸੱਚ
ਸੋਚਦਾ-ਸੋਚਦਾ ਉਥੇ ਹੀ ਖੜ੍ਹਾ ਵੇਖਦਾ ਰਹਿ ਜਾਂਦਾ ਹੈ। ਪਰ ਝੂਠ 10 ਚੱਕਰ ਲਾ ਆਉਂਦਾ ਹੈ।
ਝੂਠੀਆਂ ਅਫ਼ਵਾਹਾਂ ਇਵੇਂ ਹੀ ਫੈਲਦੀਆਂ ਹਨ। ਇਸ ਗੁਲਾਮੀ ਤੋਂ ਆਜਾਦ ਹੋਣ ਦੀ ਜਦ ਵੀ ਔਰਤ ਨੇ
ਕੋਸਿ਼ਸ ਕੀਤੀ ਉਸ ਤੇ ਝੂਠੈ ਇਲਜ਼ਾਮ ਲਾ-ਲਾ ਕੇ ਉਸਨੂੰ ਅੰਦਰੇ ਰਹਿਣ ਲਈ ਮਜ਼ਬੂਰ ਕਰ
ਦਿੱਤਾ। ਔਰਤ ਚਾਹੇ ਵੱਗਦੇ ਨਿਰਮਲ ਪਾਣੀ ਦੀ ਤਰ੍ਹਾਂ ਸਵੱਛ ਹੋਵੇ, ਜਿੰਦਗੀ ਵਿੱਚ ਉਸਨੇ
ਭਾਵੇਂ, ਕਿਸੇ ਗੰਦੀ ਸੋਚ ਦੇ ਮਾਲਕ ਦੀ ਉਂਗਲ ਛੋਹਣ ਨਾ ਦਿੱਤੀ ਹੋਵੇ। ਪਰ ਕਾਲੇ ਕਾਂ ਗੱਲ
ਕਰਕੇ ਉਸਦੇ ਪਵਿੱਤਰ ਸਾਫ਼ ਸੁਥਰੇ ਜੀਵਨ ਨੂੰ ਮਲੀਨ ਕਰਨ ਦੀ ਕੋਸਿ਼ਸ ਕਰਦੇ ਹਨ। ਕਈ ਵਾਰ
ਔਰਤ ਜਦ ਕੁਝ ਭੇੜੀਆਂ ਦੇ ਵੱਸ ਪੈ ਜਾਂਦੀ ਹੈ ਤਾਂ ਬੇਵੱਸ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ
ਦਿੱਲੀ ਰੇਪ ਕਾਂਡ ਹੋਇਆ ਸੀ। ਜਿਸ ਦਾ ਦਰਦ ਦਿਲ ਨੇ ਮਹਿਸੂਸ ਕੀਤਾ ਸੀ, ਤਾਂ ਮੈਂ ਇੱਕ
ਨਿਹੋਰਾ ਕਵਿਤਾ ਦੇ ਰੂਪ ਵਿੱਚ ਭਾਰਤ ਮਾਂ ਨੂੰ ਦਿੱਤਾ ਸੀ।
ਜੇਕਰ ਹੈ ਨਹੀਂ ਸੀਨੇ ਵਿੱਚ ਦਰਦ ਤੇਰੇ, ਤਾਂ ਤੂੰ ਧੀਆਂ ਦਾ ਜੰਮਣਾ ਬੰਦ ਕਰਦੇ,
ਤੇਰੇ ਪੱਲੂ ਦਾ ਪੱਲਾ ਬੇਪਰਦ ਹੋਇਆ, ਕੋਈ ਉੱਚੀ ਮਜਬੂਤ ਜੇਹੀ ਕੰਧ ਕਰਦੇ।
ਇਹ ਭੇੜੀਏ ਪੁੱਤ ਨਾ ਜੰਮ ਮਾਤਾ, ਜੇਕਰ ਧੀਆਂ ਨੂੰ ਨਹੀਂ ਬਚਾ ਸਕਦੀ,
ਤੇਰੇ ਵਿਹੜੇ ਵੀ ਫੁੱਲ ਨਹੀਂ ਖਿੜਨ ਲੱਗੇ। ਜੇਕਰ ਕਲੀਆਂ ਨੂੰ ਪਾਣੀ ਨਹੀਂ ਪਾ ਸਕਦੀ।
ਕਲੀਆਂ ਮਹਿਕਣਾਂ ਛੱਡ ਦੇਣ ਵਿੱਚ ਵਿਹੜੇ, ਤਾਂ ਫਿਰ ਵਿਹੜੇ ਬਹਾਰ ਨਹੀਂ ਆ ਸਕਦੀ।
ਪਰ ਦੁੱਖ ਹੈ ਕੋਈ ਕਮੀ ਨਹੀ ਹੋਈ। ਭਾਵੇਂ ਉਨ੍ਹਾਂ ਲੋਕਾਂ ਨੂੰ ਫਾਂਸੀ ਦੀ ਸਜਾ ਹੋ ਚੁੱਕੀ
ਹੈ। ਪਰ ਨਿੱਤ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਇਹ ਜੁਲਮ ਵੱਧਿਆ ਹੀ ਹੈ, ਘੱਟਿਆ ਨਹੀਂ ਹੈ।
ਭਾਰਤ ਤੇ ਪਾਕਿਸਤਾਨ ਵਿੱਚ ਵੀ ਉਸੇ ਤਰ੍ਹਾਂ ਹੀ ਗੈਂਗ-ਰੇਪ ਤੋਂ ਬਾਦ ਲੜਕੀਆਂ ਨੂੰ ਰੱਸੀ
ਜਾਂ ਚੁੰਨੀ ਨਾਲ ਰੁੱਖ ਤੇ ਲਟਕਾ ਦਿੱਤਾ ਗਿਆ। ਪਰ ਘਬਰਾਉ ਨਾ ਦੇਸ਼ ਦੀਓ ਬੱਚੀਓ, ਕਿੰਨੀਆਂ
ਕੁ ਨੂੰ ਦੇਣਗੇ ਇਹ ਫਾਂਸੀ? ਆਖਿਰ ਇਕ ਦਿਨ ਆਵੇਗਾ ਜਦ ਇਹਨਾਂ ਭੈੜੀਆਂ ਦੇ ਗਲਾ ਵਿੱਚ ਵੀ
ਇਹੋ ਰੱਸੇ ਹੋਣਗੇ। ਤਸੱਦਦ ਝੱਲ-ਝੱਲ ਕੇ ਔਰਤ ਖੁਦ ਇੰਨੀਂ ਮਜ਼ਬੂਤ ਹੋ ਜਾਵੇਗੀ, ਕਿ ਇਹ
ਮਮਤਾ ਦੀ ਮੂਰਤ, ਇਕ ਦਿਨ ਮਾਈ ਭਾਗੋ, ਝਾਂਸੀ ਦੀ ਰਾਣੀ, ਤੇ ਚੰਡੀ ਬਣ ਮੈਦਾਨ ਵਿੱਚ ਉਤਰੇਗੀ
ਤੇ ਇਹਨਾਂ ਜਾਲਮਾਂ ਦੇ ਖੁਦ ਆਹੂ ਲਾਵੇਗੀ। ਅਤੇ ਦੱਬੀਆਂ ਕੁਚਲੀਆਂ ਨੂੰ ਆਵਾਜ਼ ਦੇਵੇਗੀ,
ਉੱਠੋ, ਉੱਠੋ! ਨੀ ਦੇਸ ਦੀਓ ਸ਼ੇਰ ਬੱਚੀਓ, ਲਉ ਥਾਪਣਾ ਕਲਗੀਆਂ ਵਾਲੜੇ ਦੀ।
ਇਹ ਜੋ ਭੈੜੀਏ ਫਿਰਨ ਚਹੁੰ-ਮਾਰਗਾਂ ਤੇ, ਇਹਨਾਂ ਵਾਸਤੇ ਤੁਸੀਂ ਵੰਗਾਰ ਬਣ ਜੋ।
ਜੇਕਰ ਰਾਖੇ ਨਹੀਂ ਸਾਡੀਆਂ ਇੱਜਤਾਂ ਦੇ, ਇਨ੍ਹਾਂ ਵਾਸਤੇ ਛੁਰੀ ਕਟਾਰ ਬਣ ਜੋ
-0- |