ਭਰਾਵਾਂ ਦਾ ਸੰਗ-ਸਾਥ
ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਨਿੱਕਾ ਜਿਹਾ ਬਿਰਤਾਂਤ ਹਾਜ਼ਰ ਹੈ।
1971-72 ਦਾ ਸਾਲ ਸੀ ਸ਼ਾਇਦ। ਨਕੋਦਰ ਵਿਚ ‘ਕ੍ਰਾਂਤੀਕਾਰੀ ਲੇਖਕਾਂ’ ਵੱਲੋਂ ਇਕ ਕਾਨਫ਼ਰੰਸ
ਕੀਤੀ ਗਈ। ਪਰਚੇ ਪੜ੍ਹੇ ਗਏ, ਗਰਮਾ ਗਰਮ ਤਕਰੀਰਾਂ ਹੋਈਆਂ। ਸਰਕਾਰ ਦੀਆਂ ਨੀਤੀਆਂ ਤੇ ਪੁਲਿਸ
ਦੀਆਂ ਵਧੀਕੀਆਂ ਖਿ਼ਲਾਫ਼ ਰੋਹਦਾਰ ਆਵਾਜ਼ ਬੁਲੰਦ ਹੋਈ। ਫਿਰ ਨਕੋਦਰ ਦੇ ਬਜ਼ਾਰਾਂ ਵਿਚ
ਜੋਸ਼ੀਲੇ ਨਾਅ੍ਹਰੇ ਲਾਉਂਦਾ ਲੇਖਕਾਂ ਦਾ ਜਲੂਸ ਨਿਕਲਿਆ। ਰਾਤ ਨੂੰ ਕਵੀ ਦਰਬਾਰ ਸੀ। ਸਵੇਰ
ਵਾਲੀ ਕਾਨਫ਼ਰੰਸ ਤੇ ਰਾਤ ਵਾਲੇ ਕਵੀ ਦਰਬਾਰ ਦੀ ਸਟੇਜ ਨਕੋਦਰ ਦੇ ਪੁਲਿਸ ਥਾਣੇ ਨਾਲ ਲੱਗਵੀਂ
ਕੰਧ ਨਾਲ ਬਣੀ ਹੋਈ ਸੀ। ਕਵੀਆਂ ਦੀਆਂ ਕਵਿਤਾਵਾਂ ਵੀ ਰੋਹ ਤੇ ਰੰਜ ਨਾਲ ਭਰੀਆਂ ਹੋਈਆਂ ਸਨ।
ਮੈਂ ਪਹਿਲੀ ਵਾਰ ਕਿਸੇ ਕਵੀ ਦਰਬਾਰ ਵਿਚ ਆਪਣਾ ਗੀਤ ਗਾ ਕੇ ਪੜ੍ਹਿਆ।
ਇਸ ਕਾਨਫ਼ਰੰਸ ਦੇ ਮੁੱਖ ਕਰਨਧਾਰਾਂ ਵਿਚ ਪਾਸ਼ ਵੀ ਸੀ। ਉਹ ਕੁਝ ਚਿਰ ਹੋਇਆ ਜੇਲ੍ਹ ਵਿਚੋਂ
ਰਿਹਾ ਹੋ ਕੇ ਆਇਆ ਸੀ। ਉਹਨੀਂ ਦਿਨੀਂ ਉਹਦੀ ਬੜੀ ਚੜ੍ਹਤ ਸੀ। ਕਈ ਲੇਖਕਾਂ ਨੇ ਤਾਂ ਉਹਨੂੰ
ਪਹਿਲੀ ਵਾਰ ਵੇਖਿਆ ਸੀ। ਉਹ ਸਵੇਰ ਦੇ ਪ੍ਰੋਗਰਾਮ ਵਿਚ ਬੋਲਿਆ ਨਹੀਂ ਸੀ। ਸਾਰੇ ਸਮਝਦੇ ਸਨ
ਕਿ ਰਾਤ ਦੇ ਕਵੀ ਦਰਬਾਰ ਵਿਚ ਉਹ ਆਪਣੀ ਕਵਿਤਾ ਸੁਣਾਏਗਾ; ਆਪਣੇ ਅਨੁਭਵ ਸਾਂਝੇ ਕਰੇਗਾ। ਕਵੀ
ਦਰਬਾਰ ਸਮਾਪਤੀ ‘ਤੇ ਪੁੱਜਾ ਤਾਂ ਸਟੇਜ ਸਕੱਤਰ ਨੇ ਪਾਸ਼ ਦਾ ਨਾਂ ਲਿਆ। ਪਾਸ਼ ਥਾਣੇ ਦੀ ਕੰਧ
ਨਾਲ ਲੱਗੀ ਸਟੇਜ ‘ਤੇ ਖੜਾ ਹੋਇਆ। ਇਹੋ ਥਾਣਾ ਸੀ ਜਿਸ ਵਿਚ ਉਹਨੂੰ ਕਦੀ ਗ੍ਰਿਫ਼ਤਾਰ ਕਰ ਕੇ
ਲਿਆਂਦਾ ਗਿਆ ਸੀ। ਉਸ ਨਾਲ ਜਿ਼ਆਦਤੀ ਕੀਤੀ ਗਈ ਸੀ। ਝੂਠਾ ਕਤਲ ਕੇਸ ਉਹਦੇ ਨਾਂ ਮੜ੍ਹਿਆ ਗਿਆ
ਸੀ। ਸਪੀਕਰ ਦਾ ਮੂੰਹ ਵੀ ਥਾਣੇ ਵੱਲ ਸੀ। ਜ਼ਾਹਿਰ ਹੈ ਸਵੇਰ ਤੋਂ ਹੁਣ ਤੱਕ ਥਾਣੇ ਵਾਲੇ ਸਭ
ਕੁਝ ਸੁਣਦੇ ਰਹੇ ਸਨ।
ਹੁਣ ਸਰੋਤੇ ਸੁਣਨਾ ਤੇ ਜਾਨਣਾ ਚਾਹੁੰਦੇ ਸਨ ਕਿ ਪਾਸ਼ ਕੀ ਬੋਲਦਾ ਹੈ। ਪਾਸ਼ ਨੇ ਕੋਈ ਭਾਸ਼ਨ
ਨਹੀਂ ਕੀਤਾ। ਕੋਈ ਕਵਿਤਾ ਨਹੀਂ ਸੁਣਾਈ। ਉਸਨੇ ਅਸਮਾਨ ਵੱਲ ਬਾਂਹ ਉੱਚੀ ਚੁੱਕੀ ਤੇ ਗਰਜਵੀਂ
ਆਵਾਜ਼ ਵਿਚ ਪੁਲਿਸ ਵਾਲਿਆਂ ਨੂੰ ਸੁਣਾ ਕੇ ਸਿਰਫ਼ ਏਨਾ ਹੀ ਕਿਹਾ:
“ਗਾਲ੍ਹਾਂ ਕੱਢੀਆਂ ਗਲੀ ਵਿਚ ਖੜ ਕੇ, ਮਾਣ ਭਰਾਵਾਂ ਦੇ”
ਏਨੀ ਆਖ ਕੇ ਉਹ ਸਟੇਜ ਤੋਂ ਉੱਤਰ ਆਇਆ। ਤਾੜੀਆਂ ਦੀ ਗੜਗੜਾਹਟ ਨਾਲ ਮੈਦਾਨ ਤੇ ਅਸਮਾਨ ਗੂੰਜ
ਉੱਠਿਆ। ਇੱਕੋ ਗੱਲ ਵਿਚ ਸਾਰੀ ਗੱਲ ਆਖੀ ਗਈ ਸੀ। ਭਰਾਵਾਂ ਦਾ ਮਾਣ ਤੇ ਲੋਕਾਂ ਦੀ ਤਾਕਤ
ਪਿੱਠ ਪਿੱਛੇ ਹੋਵੇ ਤਾਂ ਬੰਦਾ ਆਪਣੇ ਹਿੱਸੇ ਦੀ ਲੜਾਈ ਬੁਲੰਦ ਇਰਾਦਿਆਂ ਨਾਲ ਲੜ ਸਕਦਾ ਹੈ।
ਦੁਸ਼ਮਣ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਲਲਕਾਰ ਸਕਦਾ ਹੈ। ਭਰਾ ਨਾਲ ਨਾ ਹੋਣ ਤਾਂ ਮਿਰਜ਼ੇ
ਵਰਗੇ ਜਵਾਨ ਦੀ ਵੀ ਦੁਸ਼ਮਣਾਂ ਦੇ ਵਾਰ ਸਹਿੰਦਿਆਂ ਧਾਹ ਨਿਕਲ ਜਾਂਦੀ ਹੈ, “ਜੱਟ ਬਾਂਝ
ਭਰਾਵਾਂ ਮਾਰਿਆ, ਕੋਈ ਨਾ ਮਿਰਜ਼ੇ ਦੇ ਸੰਗ।’
***
ਇਹਨੀਂ ਦਿਨੀਂ ਮੈਂ ਵੀ ਭਰਾਵਾਂ ਦੇ ਸੰਗ-ਸਾਥ ਵਿਚ ਵਿਚਰ ਰਿਹਾ ਸਾਂ।
ਉਂਜ ਲੋਕਾਂ ਦੇ ਸੰਗ-ਸਾਥ ਵਿਚ ਜੀ-ਵਿਚਰ ਕੇ ਕੁਝ ਚੰਗਾ ਕਰਨ ਦੀ ਤਾਂਘ ਮੇਰੇ ਮਨ ਵਿਚ ਮੁੱਢ
ਤੋਂ ਸੀ। ਸੋਲਾਂ ਸਤਾਰਾਂ ਸਾਲਾਂ ਦੀ ਉਮਰ ਵਿਚ ਮੈਂ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ
ਆਪਣੇ ਪਿੰਡ ਦੇ ਗ਼ਦਰੀ ਸ਼ਹੀਦਾਂ ਤੇ ਦੇਸ਼ ਭਗਤਾਂ ਦੀ ਯਾਦ ਵਿਚ ‘ਦੇਸ਼ ਭਗਤ ਯਾਦਗ਼ਾਰ
ਲਾਇਬ੍ਰੇਰੀ’ ਸਥਾਪਤ ਕੀਤੀ। ਕਮਰਾ ਕਿਰਾਏ ‘ਤੇ ਲੈ ਕੇ ਉਸ ਵਿਚ ਫ਼ਰਨੀਚਰ ਰਖਵਾਇਆ। ਕਿਤਾਬਾਂ
ਖ਼ਰੀਦੀਆਂ। ਅਖ਼ਬਾਰਾਂ ਤੇ ਰਿਸਾਲੇ ਮੰਗਵਾਉਣੇ ਸ਼ੁਰੂ ਕੀਤੇ। ਲਾਇਬ੍ਰੇਰੀ ਦੀ ਆਪ ਹੀ ਦੇਖ
ਭਾਲ ਕਰਦਾ। ਲੋਕ ਆਉਂਦੇ, ਲਾਇਬ੍ਰੇਰੀ ਵਿਚ ਬੈਠ ਕੇ ਪੜ੍ਹਦੇ। ਮੇਰੇ ਮਨ ਨੂੰ ਠੰਢ ਪੈਂਦੀ।
ਪਿੰਡ ਵਿਚ ਆਪ ਹੀ ਐਕਟ ਕਰਕੇ ਡਰਾਮੇ ਕਰਨ ਦੀ ਰਵਾਇਤ ਮੇਰੇ ਸੀਨੀਅਰਜ਼ ਵੱਲੋਂ ਸ਼ੁਰੂ ਕੀਤੀ
ਗਈ ਸੀ। ਇਹ ਡਰਾਮੇ ਸਾਰਾ ਪਿੰਡ ਹੁੰਮ ਹੁਮਾ ਕੇ ਵੇਖਦਾ। ਮੈਂ ਇਸ ਰੀਤ ਨੂੰ ਆਪਣੇ ਸਾਥੀਆਂ
ਨਾਲ ਮਿਲ ਕੇ ਅੱਗੇ ਤੋਰਿਆ। ਫਿਰ ਕੁਝ ਸਾਲਾਂ ਬਾਅਦ ‘ਗੁਰੂ ਨਾਨਕ ਮਿੱਤਰ-ਮੰਡਲ’ ਨਾਂ ਦੀ
ਜਥੇਬੰਦੀ ਕਾਇਮ ਕੀਤੀ। ਪਿੰਡ ਸੁਧਾਰ ਦੇ ਕੰਮ ਕਰਨੇ ਸ਼ੁਰੂ ਕੀਤੇ। ਹਫ਼ਤੇ ਦੇ ਹਫ਼ਤੇ ਪਿੰਡ
ਦੀਆਂ ਗਲੀਆਂ ਬਾਜ਼ਾਰ ਸਾਫ਼ ਕਰਦੇ। ਇਸ ਵਿਚ ਮੇਰੇ ਸਾਥੀ ਮੇਰੇ ਤੋਂ ਵੱਡੀ ਉਮਰ ਦੇ ਲੋਕ ਵੀ
ਹੁੰਦੇ, ਸਰਕਾਰੀ ਮੁਲਾਜ਼ਮ ਵੀ ਹੁੰਦੇ। ਇਹਨੀਂ ਦਿਨੀ ਹੀ ਯੁਵਕ ਕੇਂਦਰ ਦੇ ਸਾਥੀਆਂ ਦੇ
ਸੰਪਰਕ ਵਿਚ ਆਇਆ। ਅਸੀਂ ਆਸ ਪਾਸ ਦੇ ਪਿੰਡਾਂ ਵਿਚ ਲੱਗਦੇ ਮੇਲਿਆਂ ਜਾਂ ਇਕੱਠਾਂ ਵਿਚ
ਸ਼ਹੀਦਾਂ ਦੀਆਂ ਤਸਵੀਰਾਂ ਦੀ ਨੁਮਾਇਸ਼ ਲਾਉਂਦੇ। ਆਪਣੇ ਇਨਕਲਾਬੀ ਇਤਿਹਾਸ ਬਾਰੇ ਲੋਕਾਂ ਨੂੰ
ਜਾਣੂ ਕਰਵਾਉਂਦੇ।
ਦੇਸ਼ ਵਿਚ ਨਵੀਂ ਇਨਕਲਾਬੀ ਤਹਿਰੀਕ ਚੱਲੀ ਤਾਂ ਮੈਂ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਦਾ
ਹਮਦਰਦ ਬਣ ਗਿਆ। ਇਨਕਲਾਬੀ ਸਾਥੀਆਂ ਨੂੰ ਸਾਂਭਦਾ, ਸੇਵਾ-ਪਾਣੀ ਕਰਦਾ, ਮੀਟਿੰਗਾਂ
ਕਰਵਾਉਂਦਾ, ਇਸ਼ਤਿਹਾਰ ਲਵਾਉਂਦਾ, ਹੋਰ ਸਾਥੀਆਂ ਨੂੰ ਨਾਲ ਜੋੜਦਾ। ਪਰ ਛੇਤੀ ਹੀ ਮਹਿਸੂਸ
ਹੋਇਆ ਕਿ ਲਹਿਰ ਦੇ ਭੂਮੀਗਤ ਹੋਣ ਨਾਲ ਲੋਕਾਂ ਨਾਲ ਸਿੱਧੇ ਸੰਪਰਕ ਦੀ ਗੁੰਜਾਇਸ਼ ਨਹੀਂ ਰਹਿ
ਜਾਂਦੀ। ਪਿੰਡ ਦੇ ਜਿਹੜੇ ਲੋਕ ਪਹਿਲਾਂ ਇਕ ਅਗਾਂਵਧੂ ਨੌਜਵਾਨ ਵਜੋਂ ਮੈਨੂੰ ਜਾਣਦੇ-ਪਛਾਣਦੇ
ਸਨ; ਮੈਨੂੰ ਪਿਆਰ ਦਿੰਦੇ ਸਨ; ਹੁਣ ਕੁਝ ਕੁਝ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗੇ। ਮੈਂ ਲਹਿਰ
ਤੋਂ ਕਿਨਾਰਾਕਸ਼ੀ ਕਰਨ ਲੱਗਾ ਤਾਂ ਨਾਗੀ ਰੈਡੀ ਗੁਰੱਪ ਵਾਲੇ ਸਾਥੀਆਂ ਨੇ ਜਨਤਕ ਜਥੇਬੰਦੀਆਂ
ਬਣਾ ਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਣੇ ਨਾਲ
ਤੋਰਨ ਦੀ ਨੀਤੀ ਦਾ ਐਲਾਨ ਕੀਤਾ। ਲੋਕਾਂ ਵਿਚ ਕੰਮ ਕਰਕੇ ਉਹਨਾਂ ਨੂੰ ਨਾਲ ਜੋੜਨ ਦੀ ਨੀਤੀ
ਮੇਰੇ ਮਾਫ਼ਕ ਸੀ। ਮੈਂ ਅਧਿਆਪਕ ਯੂਨੀਅਨ ਵਿਚ ਕੰਮ ਕਰਨ ਲੱਗਾ। ਨਾਲ ਦੇ ਨਾਲ ‘ਨੌਜਵਾਨ ਭਾਰਤ
ਸਭਾ’ ਦੇ ਝੰਡੇ ਹੇਠਾਂ ਹੋਣ ਵਾਲੀਆਂ ਸਰਗਰਮੀਆਂ ਨਾਲ ਸਰਗਰਮ ਨਾਤਾ ਜੋੜ ਲਿਆ। ਪਿੰਡ ਵਿਚ
‘ਨੌਜਵਾਨ ਭਾਰਤ ਸਭਾ’ ਦੀ ਬਰਾਂਚ ਕਾਇਮ ਕੀਤੀ।
ਮੈਂ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਸਲਾਹ ਕੀਤੀ ਕਿ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ
ਪਿੰਡ ਸੁਧਾਰ ਤੇ ਸਮਾਜ ਸੁਧਾਰ ਦੇ ਕੁਝ ਅਜਿਹੇ ਕੰਮ ਕੀਤੇ ਜਾਣ ਜਿਨ੍ਹਾਂ ਸਦਕਾ ਆਮ ਪਿੰਡ
ਵਾਸੀ ਸਾਨੂੰ ਆਪਣੀ ਧਿਰ ਸਮਝਣ ਤੇ ਸਾਡੇ ਬਾਰੇ ਉਹਨਾਂ ਦਾ ਸ਼ੱਕ-ਸ਼ੁਭੇ ਵਾਲਾ ਰਵੱਈਆ ਤਬਦੀਲ
ਹੋ ਜਾਵੇ। ਮੈਂ ਪਿਛਲੇ ਸਾਲਾਂ ਵਿਚ ਪਿੰਡ ਦੇ ਲੋਕਾਂ ਵਿਚ ਕੰਮ ਕਰਕੇ ਆਪਣੀ ਮਾੜੀ-ਮੋਟੀ
ਪੈਂਠ ਬਣਾਈ ਹੋਈ ਸੀ। ਹੁਣ ਵੀ ਅਸੀਂ ਇਹੋ ਜਿਹੇ ਕੰਮ ਕਰ ਰਹੇ ਸਾਂ, ਜਿਸ ਨਾਲ ਲੋਕਾਂ ਦਾ
ਸਾਡੇ ਵਿਚ ਵਿਸ਼ਵਾਸ ਵਧ ਰਿਹਾ ਸੀ।
ਉਹਨਾਂ ਦਿਨਾਂ ਵਿਚ ਝੋਨੇ ਦੀ ਫ਼ਸਲ ਵਿਚ ਪਾਉਣ ਲਈ ਖ਼ਾਦ ਮਿਲਣੀ ਮੁਸ਼ਕਲ ਹੋ ਗਈ ਸੀ। ਖ਼ਾਦ
ਦੀ ਨਕਲੀ ਥੋੜ ਦਾ ਢਕਵੰਜ ਰਚ ਕੇ ਆੜ੍ਹਤੀਏ ਤੇ ਦੁਕਾਨਦਾਰ ਖ਼ਾਦ ਬਲੈਕ ਵਿਚ ਵੇਚ ਰਹੇ ਸਨ।
ਦੋ-ਦੋ ਚਾਰ-ਚਾਰ ਬੋਰੀਆਂ ਲੈਣ ਵਾਲੇ ਛੋਟੇ ਕਿਰਸਾਨ ਤਾਂ ਲਿਲਕੜੀਆਂ ਲੈਂਦੇ ਫਿਰਦੇ ਸਨ ਪਰ
ਤਕੜੇ ਲੋਕ ਬਲੈਕ ਵਿਚ ਖ਼ਾਦ ਲੈ ਕੇ ਫ਼ਸਲਾਂ ਨੂੰ ਪਾ ਰਹੇ ਸਨ। ਕਾਲੀ ਭਾਅ ਮਾਰਦੇ ਉਹਨਾਂ ਦੇ
ਝੋਨੇ ਹੱਸਣ ਲੱਗੇ। ਛੋਟੇ ਕਿਰਸਾਣਾਂ ਦੀ ਫ਼ਸਲ ਉਹਨਾਂ ਦੇ ਚਿਹਰਿਆਂ ਵਾਂਗ ਪੀਲੀ ਪੈ ਗਈ।
ਛੋਟੇ ਕਿਰਸਾਣਾਂ ਨਾਲ ਇਹ ਬੇਨਿਆਈਂ ਸੀ। ਸਾਨੂੰ ਪਤਾ ਲੱਗਾ ਕਿ ਆੜ੍ਹਤੀ ਤੇ ਦੁਕਾਨਦਾਰ ਵੱਡੇ
ਕਿਰਸਾਣਾਂ ਨੂੰ ਰਾਤ ਬਰਾਤੇ ਬਲੈਕ ਦੀ ਖ਼ਾਦ ਪਹੁੰਚਾਉਂਦੇ ਸਨ। ਅਸੀਂ ਰਾਤ ਨੂੰ ਪਿੰਡ ਦੇ
ਰਾਹਵਾਂ ‘ਤੇ ਲੁਕਵੇਂ ਨਾਕੇ ਲਾਉਣੇ ਸ਼ੁਰੂ ਕਰ ਦਿੱਤੇ। ਇੱਕ ਰਾਤ ਪਿੰਡ ਦੀ ਪਹੁੰਚ ਸੜਕ ‘ਤੇ
ਖ਼ਾਦ ਦਾ ਲੱਦਿਆ ਰੇੜ੍ਹਾ ਅਸੀਂ ਹੱਥ ਦੇ ਕੇ ਰੋਕ ਲਿਆ। ਰੇੜ੍ਹੇ ‘ਤੇ ਬੈਠਾ ਆੜ੍ਹਤੀਆ ਸਾਰੀ
ਗੱਲ ਸਮਝ ਕੇ ਰੇੜ੍ਹਾ ਛੱਡ ਕੇ ਦੌੜ ਗਿਆ। ਬੰਦਾ ਤਾਂ ਅਸੀਂ ਪਛਾਣ ਲਿਆ ਸੀ। ਰੇੜ੍ਹੇ ਵਾਲੇ
ਨੂੰ ਅਸੀਂ ਕਿਹਾ ਕਿ ਉਹ ਬਲੈਕ ਦੀ ਖ਼ਾਦ ਢੋਅ ਕੇ ਗ਼ੈਰ-ਕਾਨੂੰਨੀ ਕੰਮ ਕਰ ਰਿਹਾ ਹੈ। ਉਹ
ਤਰਲੇ ਲੈਣ ਲੱਗਾ। ਅਸੀਂ ਉਹਨੂੰ ਕਿਹਾ ਕਿ ਜਿਸ ਥਾਂ ਖ਼ਾਦ ਪਹੁੰਚਾਉਣ ਲਈ ਕਿਹਾ ਗਿਆ ਹੈ, ਉਹ
ਓਥੇ ਰੇੜ੍ਹਾ ਲੈ ਚੱਲੇ, ਅਸੀਂ ਉਹਨੂੰ ਕੁਝ ਨਹੀਂ ਕਹਿੰਦੇ। ਕੁਝ ਨੌਜਵਾਨ ਅਸੀਂ ਉਸ ਨਾਲ ਤੋਰ
ਦਿੱਤੇ ਤੇ ਮੈਂ ਪੁਲਿਸ ਵੱਲ ਚਲਾ ਗਿਆ। ਪੁਲਿਸ ਸਾਡਾ ਭੈਅ ਮੰਨਦੀ ਸੀ। ਛੋਟਾ ਥਾਣੇਦਾਰ ਸਾਡੇ
ਨਾਲ ਦੋ ਸਿਪਾਹੀ ਲੈ ਕੇ ਤੁਰ ਪਿਆ। ਅਸੀਂ ਉਸ ਹਵੇਲੀ ਵਿਚ ਜਾ ਪੁੱਜੇ ਜਿੱਥੇ ਖ਼ਾਦ ਰਖਵਾਈ
ਗਈ ਸੀ। ਖ਼ਾਦ ਵਾਲਾ ਕਿਰਸਾਣ ਆਖੇ, “ਜੀ; ਸਾਡਾ ਕੀ ਕਸੂਰ! ਅਸੀਂ ਨਾਲੇ ਬਲੈਕ ਵਿਚ ਖ਼ਰੀਦੀਏ
ਤੇ ਨਾਲੇ ਗੁਨਾਹਗਾਰ ਅਖਵਾਈਏ। ਹੁਣ ਖ਼ਾਦ ਤਾਂ ਪੌਣੀ ਏ ਨਾ ਜੀ ਫ਼ਸਲ ਨੂੰ। ਸਮੇਂ ਮਾਰ ਤਾਂ
ਨਹੀਂ ਨਾ ਕਰਨੀ।” ਅਸੀਂ ਆਖੀਏ, “ਤੁਹਾਡਾ ਕਸੂਰ ਨਾ ਸਹੀ ਪਰ ਜਿਨ੍ਹਾਂ ਨੂੰ ਖ਼ਾਦ ਮਿਲਦੀ ਈ
ਨਹੀਂ ਉਹਨਾਂ ਦਾ ਵੀ ਕੀ ਕਸੂਰ? ਜੇ ਇਹ ਕੰਮ ਠੀਕ ਹੁੰਦਾ ਤਾਂ ਖ਼ਾਦ ਲਿਆਉਣ ਵਾਲਾ ਭੱਜਦਾ
ਕਿਉਂ?”
ਮੁੱਕਦੀ ਗੱਲ ਅਸੀਂ ਉਹ ਖ਼ਾਦ ਕਬਜ਼ੇ ਵਿਚ ਲੈ ਲਈ ਤੇ ਸਵੇਰੇ ਪੁਲਿਸ ਚੌਕੀ ਦੇ ਕੋਲ ਬੈਠ ਕੇ
ਛੋਟੇ ਕਿਰਸਾਣਾਂ ਨੂੰ ਦੋ ਦੋ ਬੋਰੀਆਂ ਖ਼ਾਦ ਲਾਗਤ ਮੁੱਲ ‘ਤੇ ਵੇਚੀ। ਕੁਝ ਦਿਨਾਂ ਬਾਅਦ
ਅਸੀਂ ਖ਼ਾਦ ਦਾ ਭਰਿਆ ਟਰੱਕ ਕਾਬੂ ਕਰ ਲਿਆ। ਪਿੰਡ ਵਿਚ ਢੋਲ ਮਰਵਾ ਦਿੱਤਾ ਕਿ ਜਿਹੜਾ ਜਦੋਂ
ਆ ਕੇ ਨਾਂ ਲਿਖਵਾ ਦੇਵੇਗਾ ਉਹਨੂੰ ਉਹਦੇ ਨਾਂ ਦੀ ਤਰਤੀਬ ਅਨੁਸਾਰ ਲਾਗਤ ਮੁੱਲ ‘ਤੇ ਖ਼ਾਦ
ਮਿਲੇਗੀ। ਨਾਵਾਂ ਦੀ ਤਰਤੀਬ ਅਨੁਸਾਰ ਲੰਮੀ ਲਾਈਨ ਲੱਗ ਗਈ। ਵਾਰੀ ਤੇ ਬੰਦਾ ਆਉਂਦਾ ਜਾਵੇ,
ਸਾਨੂੰ ਪੈਸੇ ਜਮ੍ਹਾਂ ਕਰਵਾਏ ਤੇ ਦੋ ਦੋ ਬੋਰੀ ਖ਼ਾਦ ਚੁੱਕੀ ਜਾਵੇ। ਛੋਟੇ ਕਿਰਸਾਣਾ ਲਈ ਏਨਾ
ਹੀ ਬਹੁਤ ਸੀ। ਕੁਝ ਨਾ ਮਿਲਣ ਨਾਲੋਂ ਕੁਝ ਤਾਂ ਮਿਲ ਰਿਹਾ ਸੀ। ਲੋਕ ਆਖਣ, “ਉਏ ਭਾਊ! ਨਹੀਂ
ਰੀਸਾਂ ਤੁਹਾਡੀਆਂ। ਜੇ ਤੁਸੀਂ ਇੰਜ ਹੀ ਲੋਕਾਂ ਲਈ ਤੁਸੀਂ ਤਾਂ ਤੇਰਾਂ ਤੇਰਾਂ ਤੋਲ ਤਾ।”
ਸਾਡੇ ਏਕੇ ਅਤੇ ਵਜ੍ਹਕੇ ਕਰਕੇ ਪੁਲਿਸ ਆੜ੍ਹਤੀਆਂ, ਦੁਕਾਨਦਾਰਾਂ ਤੇ ਧਨੀ ਕਿਰਸਾਣਾਂ ਦੀ
ਹਮਾਇਤ ਕਰਨਾ ਚਾਹੁੰਦੀ ਵੀ ਸਾਡਾ ਸਾਥ ਦੇਣ ਲਈ ਮਜਬੂਰ ਸੀ। ਲੋਕਾਂ ਦਾ ਸਮੂਹ ਸਾਡੇ ਹੱਕ ਵਿਚ
ਵੇਖ ਕੇ ਉਹਨਾਂ ਦਾ ਕੋਈ ਚਾਰਾ ਨਹੀਂ ਸੀ ਚੱਲਦਾ। ਆੜ੍ਹਤੀਏ ਤੇ ਧਨੀ ਕਿਰਸਾਣ ਵੀ ਸਾਡੇ ਜਾਣੂ
ਹੀ ਸਨ। ਅਸੀਂ ਏਨਾ ਕੁ ਰਾਹ ਰੱਖ ਲੈਂਦੇ ਕਿ ਉਹਨਾਂ ਉੱਤੇ ਮੁਕੱਦਮਾ ਦਰਜ ਕਰਨ ‘ਤੇ ਬਹੁਤਾ
ਜ਼ੋਰ ਨਾ ਦਿੰਦੇ। ਇੰਝ ਪੁਲਿਸ ਦਾ ਵੀ ਉਹਨਾਂ ਅੱਗੇ ਓਹਲਾ ਰਹਿ ਜਾਂਦਾ ਕਿ ਵੇਖੋ! ਅਸੀਂ
ਤੁਹਾਡੇ ‘ਤੇ ਕੇਸ ਨਹੀਂ ਬਣਾਇਆ। ਅਸੀਂ ਵੇਚੀ ਖ਼ਾਦ ਦੇ ਪੈਸੇ ਪੁਲਿਸ ਦੀ ਹਾਜ਼ਰੀ ਵਿਚ ਮਾਲਕ
ਨੂੰ ਦੇ ਕੇ ਦਸਤਖ਼ਤ ਕਰਵਾ ਲੈਂਦੇ। ਪੁਲਿਸ ਦੀ ਗਵਾਹੀ ਨਾਲ ਹੁੰਦੀ। ਆੜ੍ਹਤੀਆ ਜਾਂ
ਦੁਕਾਨਦਾਰ ਏਨੇ ਨਾਲ ਹੀ ਸੰਤੁਸ਼ਟ ਹੋ ਜਾਂਦਾ ਕਿ ਉਸ ‘ਤੇ ਕੇਸ ਨਹੀਂ ਬਣਿਆਂ। ਅੰਦਰੋਂ ਸਾਡੇ
ਨਾਲ ਨਰਾਜ਼ ਹੋਣ ਦੇ ਬਾਵਜੂਦ ਉਹ ਉੱਤੋਂ ਉੱਤੋਂ ਸਾਡੇ ਧੰਨਵਾਦੀ ਹੀ ਹੁੰਦੇ।
ਲੋਕ ਭਲਾਈ ਦਾ ਇਹ ਪੈਂਤੜਾ ਸਾਡੇ ਕੰਮ ਆ ਰਿਹਾ ਸੀ। ਮੇਰਾ ਆਗੂ ਰੋਲ ਹੋਣ ਕਰਕੇ ਪਿੰਡ ਦੇ ਆਮ
ਲੋਕ ਤਾਂ ਬਹੁਤ ਪਿਆਰ ਤੇ ਸਤਿਕਾਰ ਦੇਣ ਲੱਗ ਪਏ ਸਨ। ਪਿੰਡ ਦੇ ਕਹਿੰਦੇ ਕਹਾਉਂਦੇ ਬੰਦੇ,
ਅੰਦਰੋਂ ਜੋ ਮਰਜ਼ੀ ਸੋਚਦੇ ਹੋਣ, ਪਰ ਮੂੰਹ ਉੱਤੇ ਮੇਰੀ ਵਡਿਆਈ ਕਰਨੋਂ ਨਾ ਉੱਕਦੇ। ਪਿੰਡ
ਵਾਲੇ ਮੇਰਾ ਏਨਾ ਮਾਣ ਕਰਨ ਲੱਗੇ ਕਿ ਕੋਈ ਮੁੱਖ-ਮੰਤਰੀ ਜਾਂ ਮੰਤ੍ਰੀ ਸਾਡੇ ਪਿੰਡ ਆਉਂਦਾ
ਤਾਂ ਉਸ ਅੱਗੇ ਪਿੰਡ ਦੀਆਂ ਮੰਗਾਂ ਪਿੰਡ ਦਾ ਸਰਪੰਚ ਨਹੀਂ ਸੀ ਰੱਖਦਾ; ਮੰਗਾਂ ਰੱਖਣ ਤੇ
ਪਿੰਡ ਦੀ ਮਹੱਤਤਾ ਬਾਰੇ ਬੋਲਣ ਲਈ ਮੈਨੂੰ ਹੀ ਕਿਹਾ ਜਾਂਦਾ। ਪੰਚਾਇਤ ਵੀ ਇਹ ਮਾਣ ਮੈਨੂੰ ਦੇ
ਕੇ ਖ਼ੁਸ਼ ਹੁੰਦੀ। ਮੈਂ ਸਭ ਦਾ ਸਾਂਝਾ ਤੇ ਉਹਨਾਂ ਦਾ ਆਪਣਾ ਸਾਂ।
ਆਪਣੀ ਵਧਦੀ ਸਾਖ਼ ਕਾਰਨ ਅਸੀਂ ਥੋੜਾ ਹੋਰ ਉਤਸ਼ਾਹ ਵਿਚ ਆ ਗਏ। ਸੋਚਿਆ; ਕੁਝ ਪਿੰਡ ਸੁਧਾਰ
ਦੇ ਕੰਮ ਸ਼ੁਰੂ ਕੀਤੇ ਜਾਣ। ਕੰਮ ਸੌਖਾ ਨਹੀਂ ਸੀ। ਦਸਾਂ ਪਿੰਡਾਂ ਜਿੱਡਾ ਤਾਂ ਪਿੰਡ ਸੀ।
ਬਾਰਾਂ ਪੱਤੀਆਂ ਵਾਲਾ ਵੱਡਾ ਪਿੰਡ ਹੋਣ ਕਰਕੇ ਵਣ ਵਣ ਦੀ ਲੱਕੜੀ ਨੂੰ ਇਕ ਸੂਤਰ ਵਿਚ ਬੰਨ੍ਹ
ਕੇ ਰੱਖਣਾ ਸੌਖਾ ਨਹੀਂ ਸੀ। ਇਕ ਜਣਾ ਜਾਂ ਇਕ ਧਿਰ ਕੋਈ ਗੱਲ ਕਰੇ ਤਾਂ ਵਿਰੋਧੀ ਧਿਰ ਉਸਦੇ
ਖਿ਼ਲਾਫ਼ ਪੈਂਤੜਾ ਮੱਲਣ ਨੂੰ ਪਹਿਲਾਂ ਲੰਗੋਟਾ ਕੱਸੀ ਖੜੋਤੀ ਹੁੰਦੀ। ਵਿਰੋਧ ਕਰਨ ਵਾਲੇ
ਕੀਤੀ ਗੱਲ ਦਾ ਮਹੱਤਵ ਨਾ ਸਮਝਦੇ। ਉਹਨਾਂ ਤਾਂ ਬੱਸ ਵਿਰੋਧ ਕਰਨਾ ਹੁੰਦਾ। ਵਿਰੋਧ ਨਿੱਜੀ ਵੀ
ਹੁੰਦੇ ਤੇ ਰਾਜਸੀ ਵੀ। ਚੌਧਰੀ ਕਿਸਮ ਦੇ ਲੋਕ ਤਾਂ ਪਹਿਲਾਂ ਹੀ ਸੋਚਦੇ ਸਨ ਕਿ ਅਸੀਂ ਪੰਚਾਇਤ
ਤੇ ਪਿੰਡ ਦੇ ਮੁਖੀਆਂ ਦੇ ਉੱਤੋਂ ਵਗਣ ਦੀ ਕੋਸਿ਼ਸ਼ ਕਰ ਰਹੇ ਹਾਂ। ਸਾਡਾ ਰਾਹ ਸੌਖਾ ਨਹੀਂ
ਸੀ। ਪਰ ਅਸੀਂ ਉੱਦਮ ਕਰਨਾ ਜ਼ਰੂਰੀ ਸਮਝਿਆ। ਸਾਡੀ ਸਕੀਮ ਨੂੰ ਸਮੂਹਕ ਪ੍ਰਵਾਨਗੀ ਮਿਲ ਸਕੇ,
ਇਸ ਮਕਸਦ ਲਈ ਮੈਂ ਤੇ ਮੇਰੇ ਸਾਥੀਆਂ ਨੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਘਰ ਘਰ ਜਾ ਕੇ
ਮਿਲਣਾ ਸ਼ੁਰੂ ਕੀਤਾ। ਮਿਲਣੀਆਂ ਦਾ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਕੀਤੇ ਜਾਣ ਵਾਲੇ
ਸੁਧਾਰਾਂ ਬਾਰੇ ਪਤਵੰੱਿਤਆਂ ਨੂੰ ਜਾਣਕਾਰੀ ਦਿੰਦੇ। ਪਿੰਡ ਦੇ ਤਤਕਾਲੀ ਸਰਪੰਚ, ਪੰਚਾਇਤ
ਮੈਂਬਰਾਂ ਤੇ ਰਹਿ ਚੁੱਕੇ ਪਹਿਲੇ ਸਰਪੰਚਾਂ ਤੋਂ ਇਲਾਵਾ ਹੋਰ ਵੀ ਕਹਿੰਦੇ ਕਹਾਉਂਦੇ
ਬਜ਼ੁਰਗਾਂ ਤੇ ਵਿਭਿੰਨ ਸਿਆਸੀ ਵਿਚਾਰਾਂ ਵਾਲੇ ਕਾਰਕੁਨਾਂ ਨੂੰ ਮੈਂ ਤੇ ਮੇਰੇ ਸਾਥੀਆਂ ਨੇ
ਮਿਲ ਮਿਲ ਕੇ ਆਪਣਾ ਏਜੰਡਾ ਦੱਸਿਆ ਤੇ ਉਹਨਾਂ ਨੂੰ ਸਾਥ ਦੇਣ ਦੀ ਬੇਨਤੀ ਕੀਤੀ। ਅਸੀਂ ਨਹੀਂ
ਸਾਂ ਚਾਹੁੰਦੇ ਕਿ ਕੋਈ ਅਜਿਹੀ ਗੱਲ ਕਰੀਏ ਜਿਸ ਨਾਲ ਪਿੰਡ ਦੇ ਕਿਸੇ ਬੰਦੇ ਨੂੰ ਲੱਗੇ ਕਿ
‘ਮੱਛਰੀ ਹੋਈ ਮੁੰਡ੍ਹੀਰ ਹਿੱਕ ਦੇ ਧੱਕੇ ਨਾਲ ਮਨਆਈਆਂ ਕਰਨ ਲੱਗੀ ਹੈ।’
ਇਕੱਲੇ ਇਕੱਲੇ ਜਣੇ ਨੂੰ ਕੀਤੀ ਬੇਨਤੀ ਕਾਰਨ ਹਰੇਕ ਬੰਦਾ ਆਪਣੇ ਆਪ ਨੂੰ ਮਹੱਤਵਪੂਰਨ ਸਮਝਦਾ।
ਇਸ ਯੋਜਨਾ ਨੂੰ ਠੀਕ ਢੰਗ ਨਾਲ ਸਿਰੇ ਚਾੜ੍ਹਣ ਲਈ ਅਸੀਂ ਸੁਹਿਰਦਤਾ ਨਾਲ ਉਸਦੀ ਸਲਾਹ ਵੀ
ਲੈਂਦੇ। ਉਸਦੀ ਸਲਾਹ ‘ਤੇ ਅਮਲ ਕਰਨ ਦਾ ਵਚਨ ਵੀ ਦਿੰਦੇ। ਉਸਦੀ ਰਾਇ ਨੂੰ ਮਹੱਤਵ ਦਿੱਤੇ ਜਾਣ
ਕਰਕੇ ਉਹ ਅੰਦਰੇ ਅੰਦਰ ਖ਼ੁਸ਼ ਵੀ ਹੁੰਦਾ ਤੇ ਸਾਡਾ ਸਾਥ ਦੇਣ ਦਾ ਵਾਅਦਾ ਵੀ ਕਰਦਾ।
ਜਿਨ੍ਹਾਂ ਜਿਨ੍ਹਾਂ ਤੋਂ ਵਿਰੋਧ ਕੀਤੇ ਜਾਣ ਦੀ ਆਸ ਸੀ, ਅਸੀਂ ਉਹਨਾਂ ਨੂੰ ਮਿਲ ਕੇ ਵੀ ਜਦੋਂ
ਉਹਨਾਂ ਦੀ ਹਉਂ ਨੂੰ ਤ੍ਰਿਪਤ ਕਰ ਲਿਆ ਤਾਂ ਇਕ ਐਤਵਾਰ ਨੂੰ ਪਿੰਡ ਦੇ ਸਾਰੇ ਉਹਨਾਂ
ਮਹੱਤਵਪੂਰਨ ਬੰਦਿਆਂ ਦੀ ਮੀਟਿੰਗ ਪਿੰਡ ਦੇ ਸਕੂਲ ਵਿਚ ਬੁਲਾ ਲਈ। ਪੰਜਾਹ ਤੋਂ ਵੱਧ ਬੰਦੇ
ਹੋਣਗੇ। ਮੈਂ ਉੱਠ ਕੇ ਉਹਨਾਂ ਨੂੰ ‘ਜੀ ਆਇਆਂ’ ਕਿਹਾ। ਉਹਨਾਂ ਦਾ ਪੇਸ਼ਗੀ ਧੰਨਵਾਦ ਕੀਤਾ ਕਿ
ਨਿੱਜੀ ਗੱਲਬਾਤ ਵਿਚ ਉਹਨਾਂ ਨੇ ਸੁਧਾਰਾਂ ਦੀ ਯੋਜਨਾ ਦਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ।
ਇਹਨਾਂ ਸੁਧਾਰਾਂ ਨਾਲ ਸਾਡਾ ਹੀ ਭਲਾ ਹੋਣਾ ਹੈ। ਸਾਰਿਆਂ ਨੇ ਇਕਮੱਤ ਨਾਲ ਸਾਡੀ ਯੋਜਨਾ ਨੂੰ
ਸਿਰੇ ਚਾੜ੍ਹੇ ਜਾਣ ਲਈ ਹਾਮੀ ਭਰੀ। ਹੁਣ ਅਸੀਂ ਇਕ ਇੱਕ ਮੁੱਦੇ ਨੂੰ ਲੈ ਕੇ ਚਰਚਾ ਕੀਤੀ।
ਵਿਆਹ ਉੱਤੇ ਯਾਰਾਂ ਬੰਦਿਆਂ ਤੋਂ ਵੱਧ ਜੰਜ ਨਹੀਂ ਜਾਏਗੀ। ਦਾਜ ਦਾ ਵਿਖਾਲਾ ਨਾ ਪਾਇਆ ਜਾਏ।
ਬਜ਼ੁਰਗਾਂ ਦੇ ਮਰਨੇ ‘ਤੇ ਫ਼ਜ਼ੂਲ ਦੀਆਂ ਖ਼ਰਚੀਲੀਆਂ ਰਸਮਾਂ ਨਾ ਕੀਤੀਆਂ ਜਾਣ। ਪਿੰਡ ਵਿਚ
ਗੰਦੇ ਅਸ਼ਲੀਲ ਰੀਕਾਰਡ ਵੱਜਣ ਦੀ ਮਨਾਹੀ ਹੋਵੇ। ਸ਼ਰਾਬ ਪੀ ਕੇ ਪਿੰਡ ਵਿਚ ਕੋਈ ਲਲਕਾਰਾ ਨਾ
ਮਾਰੇ। ਅਸੀਂ ਅਜਿਹੇ ਕਈ ਮਤੇ ਸਰਵਸੰਮਤੀ ਨਾਲ ਪਾਸ ਕੀਤੇ। ਜਿਹੜਾ ਨਿਯਮਾਂ ਦੀ ਉਲੰਘਣਾ ਕਰੇ
ਉਹਦੇ ਲਈ ਜੁਰਮਾਨਾ ਵੀ ਰੱਖਿਆ ਗਿਆ।
ਨਿਯਮਾਂ ਦਾ ਠੀਕ ਪਾਲਣ ਹੋ ਰਿਹਾ ਵੇਖਣ/ਜਾਨਣ ਲਈ ਨਿਗਰਾਨੀ ਕੌਣ ਕਰੇਗਾ? ਇਹਨਾਂ ਨਿਯਮਾਂ
ਨੂੰ ਲਾਗੂ ਕੌਣ ਕਰੇਗਾ? ਸਾਰੇ ਇਕੱਠ ਨੇ ਇਹ ਜਿ਼ੰਮੇਵਾਰੀ ਸਾਨੂੰ ਸੌਂਪ ਦਿਤੀ। ਉਹਨਾਂ
ਅਨੁਸਾਰ ਕਿਸੇ ਹੋਰ ਕੋਲੋਂ ਇਹ ਕੰਮ ਨੇਪਰੇ ਨਹੀਂ ਚੜ੍ਹਨ ਲੱਗਾ। ਅਸੀਂ ‘ਸਾਂਝੇ’ ਬੰਦੇ ਸਭ
ਨੂੰ ਮਨਜ਼ੂਰ ਸਾਂ। ਇਹ ਕਿਹਾ ਗਿਆ ਕਿ ਜਿਹੜਾ ਬੰਦਾ ਵੀ ਪਿੰਡ ਵਿਚ ਕਿਤੇ ਨਿਯਮ ਦੀ ਉਲੰਘਣਾ
ਹੁੰਦੀ ਵੇਖੇ ਉਹ ‘ਵਰਿਆਮ ਸਿੰਘ ਨੂੰ ਸੂਚਿਤ ਕਰ ਦੇਵੇ।’ ਸਭ ਦੇ ਰਜਿਸਟਰ ਉੱਤੇ ਦਸਤਖ਼ਤ
ਕਰਵਾ ਲਏ ਗਏ।
ਅਸੀਂ ਖ਼ੁਸ਼ ਸਾਂ ਕਿ ਬੜੀ ਖ਼ੁਸ਼-ਅਸਲੂਬੀ ਨਾਲ ਸਾਰੀ ਸਕੀਮ ਸਿਰੇ ਚੜ੍ਹ ਗਈ ਸੀ। ਅਸੀਂ ਇਹ
ਵੀ ਜਾਣਦੇ ਸਾਂ ਕਿ ਕਿਸੇ ਦਬਾਅ ਨਾਲ ਲੋਕਾਂ ਨੂੰ ਆਪਣੇ ਅਨੁਸਾਰੀ ਨਹੀਂ ਬਣਾਇਆ ਜਾ ਸਕਦਾ।
ਜੁਰਮਾਨੇ ਕਰਨੇ ਜਾਂ ਜੁਰਮਾਨੇ ਉਗਰਾਹੁਣਾ ਸਾਡਾ ਮਕਸਦ ਹੀ ਨਹੀਂ ਸੀ। ਅਸੀਂ ਪਿਆਰ, ਸਮਝੌਤੀ
ਤੇ ਆਪਸੀ ਭਰੱਪੀ ਮਾਣ ਨਾਲ ਹੀ ਨਿਯਮਾਂ ਨੂੰ ਲਾਗੂ ਕਰਨਾ ਚਾਹੁੰਦੇ ਸਾਂ। ਅਸੀਂ ਲੋਕਾਂ ਨੂੰ
ਇਹ ਪ੍ਰਭਾਵ ਬਿਲਕੁਲ ਨਹੀਂ ਸਾਂ ਦੇਣਾ ਚਾਹੁੰਦੇ ਕਿ ਬਲਪੂਰਵਕ ਉਹਨਾਂ ਤੋਂ ਕੋਈ ਗੱਲ ਮਨਵਾਈ
ਜਾ ਰਹੀ ਹੈ। ਅਸੀਂ ਤਾਂ ਇਹ ਅਹਿਸਾਸ ਦਿਵਾਈ ਰੱਖਣਾ ਚਾਹੁੰਦੇ ਸਾਂ ਕਿ ਨਿਯਮਾਂ ਦਾ ਪਾਲਣ ਸਭ
ਦੇ ਆਪਣੇ ਹਿਤ ਵਿਚ ਹੈ। ਉਹਨਾਂ ਨੇ ਕਿਸੇ ਦੇ ਆਖਣ ‘ਤੇ ਨਹੀਂ ਸਗੋਂ ਆਪਣੇ ਮਨ ਦੇ ਆਖਣ ‘ਤੇ
ਹੀ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਹੈ।
ਹੋਏ ਫ਼ੈਸਲਿਆਂ ਦੀ ਸੂਚਨਾ ਦਿੰਦਾ ਢੋਲ ਪਿੰਡ ਵਿਚ ਮਰਵਾ ਦਿੱਤਾ। ਸਾਡੀ ਖ਼ੁਸ਼ੀ ਦੀ ਹੱਦ ਨਾ
ਰਹੀ ਜਦੋਂ ਲੋਕਾਂ ਨੇ ਸਵੈ-ਬੰਧੇਜ ਦੇ ਤੌਰ ‘ਤੇ ਨਿਯਮਾਂ ਨੂੰ ਮੰਨਣਾ ਤੇ ਲਾਗੂ ਕਰਨਾ ਸ਼ੁਰੂ
ਕਰ ਦਿੱਤਾ। ਕਿਸੇ ਦੀ ਸਿ਼ਕਾਇਤ ਕਰਨ ਦੀ ਥਾਂ ਲੋਕ ਆਪ ਆ ਕੇ ਇਹ ਦੱਸਣ ਤੇ ਆਖਣ ਲੱਗੇ ਕਿ
ਉਹਨਾਂ ਦੇ ਪਰਿਵਾਰ ਵਿਚ ਫ਼ਲਾਂ ਸਮਾਗ਼ਮ ਹੋ ਰਿਹਾ ਹੈ; ਮੈਂ ਜਾਂ ਮੇਰਾ ਕੋਈ ਸਾਥੀ ਬੇਸ਼ੱਕ
ਜਾ ਕੇ ਵੇਖ ਲਵੇ ਕਿ ਨਿਯਮ ਠੀਕ ਤਰ੍ਹਾਂ ਲਾਗੂ ਹੋ ਰਿਹਾ ਹੈ ਜਾਂ ਨਹੀਂ। ਕਈ ਵਾਰ ਸਮਾਗਮ ਹੋ
ਜਾਣ ਤੋਂ ਬਾਅਦ ਵੀ ਕੋਈ ਜਣਾ ਆ ਕੇ ਦੱਸਦਾ ਕਿ ਉਹਨਾਂ ਨੇ ਨਿਯਮਾਂ ਅਨੁਸਾਰ ਸਾਰਥ ਸਿਰੇ
ਚਾੜ੍ਹਿਆ ਹੈ। ਸਾਡੀ ਇਹ ਕੋਈ ਮੰਗ ਨਹੀਂ ਸੀ ਕਿ ਅਗਲਾ ਸਾਨੂੰ ਆਪਣੇ ਘਰ ਵਿਚ ਹੋਣ ਵਾਲੇ
ਸਮਾਗਮ ਤੋਂ ਪਹਿਲਾਂ ਜਾਂ ਪਿੱਛੋਂ ਆ ਕੇ ਕੋਈ ਸੂਚਨਾ ਦੇਵੇ। ਇਹ ਤਾਂ ਉਹਨਾਂ ਦੀ ਆਪਣੀ
ਖ਼ੁਸ਼ੀ ਸੀ। ਇਹਨਾਂ ਸੁਧਾਰਕ ਨਿਯਮਾਂ ਮੁਤਾਬਕ ਵਿਚਰਨਾ ਉਹਨਾਂ ਨੂੰ ਚੰਗਾ ਚੰਗਾ ਲੱਗਣ ਲੱਗਾ
ਸੀ। ਇਹ ਉਹਨਾਂ ਦੇ ਸਾਂਝੇ ਭਲੇ ਦੀ ਗੱਲ ਸੀ।
ਇਕ ਸ਼ਾਮ ਨੂੰ ਸਾਡਾ ਬਜ਼ੁਰਗ ਮਾਸਟਰ ਮੁਲਖ਼ ਰਾਜ ਮੇਰੇ ਘਰ ਆ ਗਿਆ। ਉਹ ਕੁਝ ਘਬਰਾਇਆ ਹੋਇਆ
ਸੀ।
ਜਿਸ ਦਿਨ ਮੇਰਾ ਪਿਤਾ ਮੈਨੂੰ ਪਹਿਲੇ ਦਿਨ ਸਕੂਲ ਦਾਖ਼ਲ ਕਰਵਾਉਣ ਗਿਆ ਸੀ ਤਾਂ ਮਾਸਟਰ ਮੁਲਖ
ਰਾਜ ਨੇ ਮੇਰੀ ਪਿੱਠ ‘ਤੇ ਥਾਪੀ ਦਿੰਦਿਆਂ ਕਿਹਾ ਸੀ, “ਪੁੱਤਰਾ ਡਰਦਾ ਕਿਉਂ ਏਂ? ਮੈਂ ਤੇਰਾ
ਦਾਦਾ ਆਂ। ਤੇਰਾ ਪਿਉ ਵੀ ਏਹਨਾਂ ਤੱਪੜਾਂ ‘ਤੇ ਬਹਿ ਕੇ ਮੇਰੇ ਕੋਲੋਂ ਪੜ੍ਹਦਾ ਰਿਹੈ।”
ਗੱਲ ਠੀਕ ਸੀ; ਆਪਣੇ ਸੇਵਾ-ਕਾਲ ਦੇ ਪਹਿਲੇ ਦਿਨਾਂ ਵਿਚ ਉਹਨੇ ਮੇਰੇ ਪਿਤਾ ਨੂੰ ਵੀ ਪੜ੍ਹਾਇਆ
ਸੀ। ਹੁਣ ਮੈਂ ਉਹਦਾ ਵਿਦਿਆਰਥੀ ਸਾਂ। ਤੇ ਦਿਲਚਸਪ ਗੱਲ ਇਹ ਸੀ ਕਿ ਜਦੋਂ ਮੈਂ ਜੇ ਬੀ ਟੀ
ਕਰਕੇ ਪੂਹਲਾ ਭਾਈ ਤਾਰੂ ਸਿੰਘ ਵਿਚ ਪ੍ਰਾਇਮਰੀ ਅਧਿਆਪਕ ਜਾ ਲੱਗਾ ਤਾਂ ਮੁਲਖ ਰਾਜ ਉਦੋਂ
ਸਿੰਘਪੁਰੇ ਦੇ ਸਕੂਲ ਵਿਚ ਮਾਸਟਰ ਸੀ। ਪੂਹਲਿਆਂ ਨੂੰ ਸਿੰਘਪੁਰੇ ਵਿਚੋਂ ਲੰਘ ਕੇ ਜਾਈਦਾ ਸੀ।
ਸਾਡੇ ਘਰ ਵੀ ਨੇੜੇ ਨੇੜੇ ਹੋਣ ਕਰਕੇ ਮੈਂ ਤੇ ਮੇਰਾ ਦਾਦਾ-ਗੁਰੂ ਇਕੱਠੇ ਹੀ ਸਕੂਲਾਂ ਨੂੰ
ਤੁਰਦੇ। ਉਹ ਸਿੰਘਪੁਰੇ ਰੁਕ ਜਾਂਦਾ ਤੇ ਮੈਂ ਅਗਲੇ ਪਿੰਡ ਤੁਰ ਜਾਂਦਾ ਆਪਣੇ ਸਕੂਲੇ। ‘ਸੈਂਟਰ
ਮੀਟਿੰਗਾਂ’ ‘ਤੇ ਵੀ ਅਸੀਂ ਇਕੱਠੇ ਜਾਂਦੇ। ਉਸ ਕੋਲ ਸਕੂਲ ਵਿਚ ਤਿੰਨਾਂ ਪਿੰਡਾਂ ਦੀ ਡਾਕ ਵੀ
ਆਉਂਦੀ ਸੀ। ਉਹ ਪੂਹਲੇ ਡਾਕ ਵੰਡਣ ਆਉਂਦਾ ਤਾਂ ਸਕੂਲ ਵਿਚ ਮੇਰੇ ਕੋਲ ਆ ਜਾਂਦਾ। ਚਿੱਠੀਆਂ
ਤਾਂ ਮੇਰੇ ਸਕੂਲ ਦੇ ਮੁੰਡਿਆਂ ਨੂੰ ਦੇ ਦਿੰਦਾ ਪਰ ਜਿਸ ਘਰ ਮਨੀਆਰਡਰ ਆਇਆ ਹੁੰਦਾ, ਉਹਨਾਂ
ਘਰ ਜਾਣ ਲਈ ਮੈਨੂੰ ਨਾਲ ਤੋਰ ਲੈਂਦਾ। ਉਹ ਪੂਹਲਿਆਂ ਦੀਆਂ ਮੁਟਿਆਰ ਕੁੜੀਆਂ ਵੱਲ ਇਸ਼ਾਰਾ
ਕਰਕੇ ਗੱਲੀਂ ਬਾਤੀਂ ਮੈਨੂੰ ਵੀ ਛੇੜਦਾ ਰਹਿੰਦਾ ਤੇ ਮੈਂ ਵੀ ਕੁੜੀਆਂ ਦੀਆਂ ਮਾਵਾਂ ਦਾ ਨਾਂ
ਲੈ ਕੇ ਉਸ ਨਾਲ ਹਾਸਾ-ਠੱਠਾ ਕਰ ਲੈਂਦਾ। ਇੰਜ ਅਸੀਂ, ਉਹਦੇ ਰਿਟਾਇਰ ਹੋਣ ਤੋਂ ਪਹਿਲਾਂ, ਕੁਝ
ਸਮਾਂ ਸਹਿਕਰਮੀ, ਸਨੇਹੀ ਤੇ ਸੱਜਣਾਂ ਵਾਂਗ ਵੀ ਵਿਚਰਦੇ ਰਹੇ।
ਮਾਸਟਰ ਮੁਲਖ ਰਾਜ ਕਹਿੰਦਾ, “ਸਰਦਾਰ ਵਰਿਆਮ ਸਿਅ੍ਹਾਂ! ਬੜੀ ਮੁਸ਼ਕਲ ‘ਚ ਫਸ ਗਏ ਆਂ ਯਾਰ!
ਪੁੱਤ ਮੁੜ ਕੇ ਜੂ ਤੇਰੇ ਕੋਲ ਗੱਲ ਆਉਣੀ ਏਂ। ਤੂੰ ਹੁਣੇ ਈ ਕੋਈ ਹੱਲ ਕੱਢ ਖਾਂ ਯਾਰ!”
‘ਸਰਦਾਰ’, ‘ਪੁੱਤ’, ਤੇ ‘ਯਾਰ’ ਦੇ ਸੰਬੋਧਨ ਤੋਂ ਮੈਨੂੰ ਹਾਸਾ ਆ ਗਿਆ। ਮੈਂ ਉਸਦੇ ਗੋਡਿਆਂ
ਨੂੰ ਘੁੱਟ ਲਿਆ।
“ਗੁਰੂ ਜੀ ਗੱਲ ਤਾਂ ਦੱਸੋ।”
ਗੱਲ ਇਹ ਸੀ ਕਿ ਸਵੇਰੇ ਉਸਦੇ ਪਿਛਲੀ ਉਮਰੇ ਹੋਏ ਸਭ ਤੋਂ ਛੋਟੇ ‘ਪੇਟ-ਘਰੋੜੀ’ ਦੇ ਮੁੰਡੇ ਦੀ
ਜੰਜ ਜਾਣੀ ਸੀ। ਜੰਜ ਦੇ ਯਾਰਾਂ ਦੀ ਥਾਂ ਬਾਰਾਂ ਬੰਦੇ ਬਣਦੇ ਸਨ। ਹੁਣ ਇਹ ਤਾਂ ਯਾਦ ਨਹੀਂ
ਕਿ ਰਿਸ਼ਤਾ ਕਿਹੜਾ ਸੀ ਪਰ ਗੱਲ ਕੁਝ ਇੰਜ ਸੀ ਕਿ ਤਿੰਨ ਜਣੇ ਜੰਜ ਵਿਚ ਜਾਣ ਵਾਲੇ ਬਰਾਬਰ ਦੇ
ਰਿਸ਼ਤੇ ਵਾਲੇ ਸਨ। ਜਾਂ ਤਾਂ ਤਿੰਨੇ ਜੰਜੇ ਜਾਣ ਜਾਂ ਕੋਈ ਵੀ ਨਾ ਜਾਵੇ। ਰਿਸ਼ਤਾ
ਮਹੱਤਵਪੂਰਨ ਸੀ। ਛੱਡਿਆਂ ਵੀ ਗੁਜ਼ਾਰਾ ਨਹੀਂ ਸੀ। ਸਾਰਿਆਂ ਨੂੰ ਲਿਜਾਂਦੇ ਸਨ ਤਾਂ ਨਿਯਮ
ਟੁੱਟਦਾ ਸੀ। ਜੇ ਉਹਨਾਂ ਵਿਚੋਂ ਇਕ ਨੂੰ ਵਾਧੂ ਸਮਝ ਕੇ ਛੱਡਦੇ ਸਨ; ਰਿਸ਼ਤਾ ਟੁੱਟਦਾ ਸੀ।
ਅਗਲੇ ਆਖਣਾ ਸੀ, ‘ਫਿਰ ਮੈਂ ਹੀ ਮਾੜਾ ਹੋ ਗਿਆ ਨਾ!”
ਮੁਲਖ ਰਾਜ ਅਸੂਲੀ ਬੰਦਾ ਸੀ। ਉਹ ਦੋਵੇਂ ਪਾਸੇ ਰੱਖਣੇ ਚਾਹੁੰਦਾ ਸੀ। ਪਿੰਡ ਦੇ ਬਣੇ ਅਸੂਲ
ਵੀ ਨਿਭਾਉਣਾ ਚਾਹੁੰਦਾ ਸੀ ਤੇ ਰਿਸ਼ਤੇਦਾਰੀ ਵੀ। ਮੇਰੇ ਹਿਸਾਬ ਨਾਲ ਮੁਲਖ ਰਾਜ ਦਾ ਮੇਰੇ
ਕੋਲ ‘ਸਮੱਸਿਆ’ ਲੈ ਕੇ ਆਉਣਾ ਹੀ ਦੱਸਦਾ ਸੀ ਕਿ ਉਹ ਕਿੰਨੀ ਸੁਹਿਰਦਤਾ ਤੇ ਈਮਾਨਦਾਰੀ ਨਾਲ
ਨਿਯਮਾਂ ਦਾ ਪਾਲਣ ਕਰਨ ਲਈ ਪਾਬੰਦ ਸੀ। ਮੈਂ ਕਲੱਕੜ ਨਹੀਂ ਸਾਂ। ਹੱਸ ਕੇ ਕਿਹਾ, “ਗੁਰੂ ਜੀ
ਹੱਲ ਤਾਂ ਸੌਖਾ ਈ ਏ। ਜਦੋਂ ਜੰਜ ਚੜ੍ਹਨ ਲੱਗੇ ਤਾਂ ਬੰਦੇ ਯਾਰਾਂ ਹੀ ਹੋਣ। ਕਿਸੇ ਓਪਰੇ
ਵੇਖਣ ਵਾਲੇ ਨੂੰ ਲੱਗੇ ਕਿ ਜੰਜ ਦੀ ਗਿਣਤੀ ਹਿਸਾਬ ਅਨੁਸਾਰ ਹੀ ਹੈ। ਪਰ ਕਿਸੇ ਆਪਣੇ ਇਕ
ਅਸਲੋਂ ਨੇੜਲੇ ਬੰਦੇ ਨੂੰ ਕੁਝ ਚਿਰ ਪਹਿਲਾਂ ਪਿੰਡੋਂ ਬਾਹਰ ਜਾ ਕੇ ਓਹਲੇ ਜਿਹੇ ਖਲੋਣ ਲਈ ਆਖ
ਛੱਡੋ। ਉਹਨੂੰ ਓਥੋਂ ਕਾਰ ਵਿਚ ਬਿਠਾ ਲਿਓ। ਮਸਲਾ ਹੱਲ ਹੋ ਗਿਆ।”
ਉਹ ਫਿੱਕਾ ਜਿਹਾ ਹੱਸਿਆ, “ਸੋਚਿਆ ਤਾਂ ਅਸੀਂ ਵੀ ਕੁਝ ਇੰਜ ਹੀ ਸੀ, ਪਰ ਤੇਰੇ ਨਾਲ ਧੋਖਾ
ਕਰਨਾ ਚੰਗਾ ਨਹੀਂ ਸੀ ਲੱਗਦਾ।”
ਮੈਂ ਆਦਰ ਨਾਲ ਝੁਕ ਕੇ ਉਹਦੇ ਪੈਰਾਂ ਨੂੰ ਆਪਣੇ ਹੱਥਾਂ ਵਿਚ ਘੁੱਟ ਲਿਆ।
ਦੂਹਰੀ ਮਾਫ਼ੀ
ਇਹ ਨਹੀਂ ਸੀ ਕਿ ਕਦੀ ਕੋਈ ਮੁਸ਼ਕਲ ਹੀ ਨਹੀਂ ਸੀ ਆਉਂਦੀ, ਪਰ ਅਸੀਂ ਮੁਹੱਬਤ ਪਿਆਰ ਨਾਲ ਹੀ
ਗੱਲ ਨਜਿੱਠ ਲੈਂਦੇ। ਸਾਨੂੰ ਪਤਾ ਸੀ ਕਿ ਸਾਡੇ ਕੋਲ ਆਪਣੀ ਗੱਲ ਮਨਾਉਣ ਲਈ ਕੇਵਲ ਭਾਈਚਾਰਕ
ਦਬਾਅ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ। ਸਾਡੇ ਕੋਲ ਕਿਹੜੀ ਕੋਈ ਕਾਨੂੰਨੀ ਸ਼ਕਤੀ ਸੀ।
ਜਾਣਦੇ ਸਾਂ ਕਿ ਨਿਯਮ ਤੋੜਨ ਵਾਲੇ ਦਾ ‘ਪਿੱਟ-ਸਿਆਪਾ’ ਕੀਤਿਆਂ, ਉਹਨੂੰ ਧੌਂਸ ਦੇਣ ਕਾਰਨ
ਜਾਂ ਕਿਸੇ ਖਿ਼ਲਾਫ਼ ਦਬਾਅ ਵਾਲੀ ਕਾਰਵਾਈ ਕਰਨ ਨਾਲ ਨਿਯਮ ਤੋੜਨ ਦੀ ਰਵਾਇਤ ਸ਼ੁਰੂ ਹੋ ਜਾਣੀ
ਹੈ। ਇਕ ਵਾਰ ਰਾਹ ਪੈ ਗਿਆ ਤਾਂ ਤਾਸ਼ ਦੇ ਪੱਤੇ ਖਿੱਲਰ ਜਾਣੇ ਸਨ। ਮੈਂ ਗਰਮ ਸਾਥੀਆਂ ਨੂੰ
ਕਹਿੰਦਾ ਕਿ ਡੰਗ ਮਾਰਨਾ ਤਾਂ ਕਿਤੇ ਰਿਹਾ, ਸਾਨੂੰ ਫੁੰਕਾਰਾ ਮਾਰਨ ਤੋਂ ਵੀ ਬਿਨਾ ਹੀ ਸਾਰਨਾ
ਚਾਹੀਦਾ ਹੈ।
ਪਰ ਕਦੀ ਕਦੀ ਮਜਬੂਰੀ ਵੱਸ ਫੁੰਕਾਰਾ ਵੀ ਮਾਰਨਾ ਪੈਂਦਾ ਸੀ।
ਸਾਡਾ ਘਰ ਪਿੰਡ ਦੇ ਮੇਨ ਬਾਜ਼ਾਰ ਦੇ ਚੌਰਸਤੇ ਵਿਚ ਸੀ। ਬਜ਼ਾਰ ਵਿਚ ਸਾਡਾ ਜੱਟਾਂ ਦਾ ਘਰ
ਇੱਕੋ ਸੀ। ਬਾਕੀ ਘਰ ਬਾਹਮਣਾਂ-ਖੱਤਰੀਆਂ ਦੇ ਸਨ। ਬਹੁਤੇ ਘਰ ਤਿੰਨ ਮੰਜਿ਼ਲੇ ਉੱਚੇ
ਚੁਬਾਰਿਆਂ ਵਾਲੇ ਸਨ। ਸਰਵਣ ਰਾਮ ਦਾ ਛੋਟਾ ਮੁੰਡਾ ਵਾਸਦੇਵ ਉਰਫ਼ ‘ਵਾਸ਼ਾ’ ਬੜਾ ਉਲੱਥ ਸੀ।
ਬਦਮਾਸ਼ੀ ਵਿਚ ਵੀ ਪੈਰ ਰੱਖਣ ਲੱਗਾ ਸੀ। ਉਹ ਸ਼ਰਾਬ ਪੀ ਕੇ ਬੜੀਆਂ ਅਜੀਬੋ-ਗ਼ਰੀਬ ਤੇ
ਖ਼ਤਰਨਾਕ ਹਰਕਤਾਂ ਕਰਦਾ। ਤਿੰਨ ਮੰਜਿ਼ਲੇ ਚੁਬਾਰੇ ਦੇ ਬਨੇਰਿਆਂ ਦੇ ਬਾਹਰਵਾਰ ਬਣੀ ਛੇ ਕੁ
ਇੰਚ ਵੱਟੀ ਉੱਤੇ ਹੱਥ ਛੱਡ ਕੇ ਤੁਰਨ ਲੱਗਦਾ। ਏਨੇ ਕੁ ਥਾਂ ‘ਤੇ ਪੈਰ ਰੱਖ ਕੇ ਤੁਰਨਾ ਬੜਾ
ਔਖਾ ਸੀ। ਪੈਰ ਤਿਲਕ ਸਕਦਾ ਸੀ, ਤਵਾਜ਼ਨ ਡੋਲ ਸਕਦਾ ਸੀ, ਜਰਜਰੇ ਹੋ ਚੁੱਕੇ ਪੁਰਾਣੇ ਮਕਾਨ
ਦੀ ਪੈਰਾਂ ਹੇਠਲੀ ਬੰਨੀ ਦੀ ਕੋਈ ਇੱਟ ਉੱਖੜ ਸਕਦੀ ਸੀ। ਤੇ ਨਤੀਜਾ ਨਿਕਲਣਾ ਸੀ ਵਾਸ਼ੇ ਦਾ
ਤੀਜੀ ਮੰਜਿ਼ਲ ਤੋਂ ਬਜ਼ਾਰ ਵਿਚ ਚੌਫ਼ਾਲ ਆ ਡਿੱਗਣਾ। ‘ਸ਼ੋਅਲੇ’ ਦੇ ਧਰਮਿੰਦਰ ਨੂੰ ਟੈਂਕੀ
ਤੋਂ ਛਾਲ ਮਾਰਨੋਂ ਰੋਕਣ ਵਾਂਗ ਹੇਠਾਂ ਖਲੋਤੇ ਬੰਦੇ ਬਜ਼ਾਰ ‘ਚੋਂ ਜਾਂ ਆਂਢ-ਗਵਾਂਢ ਦੇ
ਕੋਠਿਆਂ ਤੋਂ ਆਵਾਜ਼ਾਂ ਦਿੰਦੇ, “ਉਏ ਵਾਸਿ਼ਆ! ਕੰਜਰਾ ਪੈਰ ਤਿਲਕ ਗਿਆ ਤਾਂ ਤੇਰੀ ਹੱਡੀ
ਪੱਸਲੀ ਇਕ ਵੀ ਸਬੂਤੀ ਨਹੀਂ ਬਚਣੀ। ਬੰਦਾ ਬਣਕੇ ਛੱਤ ‘ਤੇ ਚੜ੍ਹ ਜਾਹ। ਕਿਉਂ ਮਰਨ-ਮਿੱਟੀ
ਚੁੱਕੀ ਆ ਤੂੰ।”
ਪਰ ਵਾਸ਼ਾ ਕਿਸੇ ਦੀ ਨਾ ਸੁਣਦਾ। ਮੁਹਾਰਤੀ ਬਾਜ਼ੀਗ਼ਰ ਵਾਂਗ ਉੱਚੇ ਮਕਾਨ ਦੀ ਕੰਧ ਦੇ ਬਾਹਰ
ਬਾਹਰ ਵੱਟੀ ‘ਤੇ ਤੁਰਦਾ। ਪਹਿਲਾਂ ਤਾਂ ਬੰਨੀ ਜਿਹੀ ‘ਤੇ ਤੁਰਨ ਦਾ ਕਰਤੱਵ ਕਰਦਾ ਤੇ ਫਿਰ
ਬੰਨੀ ਨੂੰ ਹੱਥ ਪਾ ਕੇ ਚੁਬਾਰੇ ਦੀ ਬਾਰੀ ਵਿਚ ਪੈਰ ਅੜਾਉਂਦਾ। ਹੇਠਾਂ ਹੁੰਦਾ ਤੇ ਬਾਰੀ ਨੂੰ
ਫੜ ਕੇ ਹੇਠਲੇ ਚੁਬਾਰੇ ਦੀ ਬੰਨੀ ‘ਤੇ ਪੈਰ ਰੱਖ ਕੇ ਤੁਰਨ ਲੱਗਦਾ। ਫਿਰ ਉਸਤੋਂ ਹੇਠਾਂ।
ਪਹਿਲੀ ਮੰਜਿ਼ਲ ‘ਤੇ ਬਣੀ ਬੰਨੀ ਤੇ ਖਲੋ ਕੇ, ਟੇਢਾ ਹੋ ਕੇ ਦੁਕਾਨਾਂ ਅੱਗੇ ਛਾਂ ਕਰਨ ਲਈ
ਬਜ਼ਾਰ ਦੇ ਉਰਾਰ ਪਾਰ ਪਤਲੇ ਵਾਸਾਂ ‘ਤੇ ਪਾਏ ਤਰਪਾਲ ਵਿਚੋਂ ਕਿਸੇ ਵਾਂਸ ਨੂੰ ਟੋਂਹਦਾ ਤੇ
ਪਤਲੇ ਵਾਂਸ ‘ਤੇ ਮਦਾਰੀਆਂ ਵਾਂਗ ਤੁਰਦਾ ਬਜ਼ਾਰ ਤੋਂ ਪਾਰ ਕਿਸੇ ਦੂਜੇ ਘਰ ਦੀ ਛੱਤ ‘ਤੇ ਜਾ
ਚੜ੍ਹਦਾ। ਫਿਰ ਕੋਠੇ ਦੇ ਬਨੇਰਿਆਂ ਨੂੰ ਹੱਥ ਪਾਕੇ ਹੇਠਾਂ ਪੈਰ ਲਮਕਾ ਲੈਂਦਾ ਤੇ ਬਜ਼ਾਰ ਵਿਚ
ਛਾਲ ਮਾਰ ਦਿੰਦਾ। ਮੁੜ ਆਪਣੇ ਚੁਬਾਰੇ ਤੇ ਜਾ ਚੜ੍ਹਦਾ ਤੇ ਪਹਿਲੀ ਕਵਾਇਦ ਦੁਹਰਾਉਣ ਲੱਗਦਾ।
ਉਹਦੇ ਟੱਪਣ, ਛਾਲ ਮਾਰਨ ਦੀ ਫ਼ੁਰਤੀ ਬਾਂਦਰਾਂ ਵਰਗੀ ਸੀ। ਮੌਤ ਤੋਂ ਜਿਵੇਂ ਉਹਨੂੰ ਡਰ ਹੀ
ਨਹੀਂ ਸੀ ਲੱਗਦਾ। ਹੌਲੀ ਹੌਲੀ ਉਸਦਾ ‘ਕਰਤਬ’ ਵੇਖ ਕੇ ਡਰਨ ਵਾਲੇ ਬੰਦਿਆਂ ਦਾ ਭੈਅ ਵੀ ਲਹਿ
ਗਿਆ। ਉਸ ਵੱਲ ਉਹ ਵੇਖਦੇ ਜ਼ਰੂਰ ਪਰ ਉਹਨੂੰ ਇਸਤਰ੍ਹਾਂ ਕਰਨੋਂ ਵਰਜਦਾ ਕੋਈ ਨਾ। ਸ਼ਰਾਬੀ
ਹੋਇਆ ਉਹ ਚਾਂਗਰਾਂ ਤੇ ਲਲਕਾਰੇ ਵੀ ਮਾਰਦਾ। ਪਰ ਉਹਦੀ ਕਿਸੇ ਨਾਲ ਲਾਗ-ਡਾਟ ਨਹੀਂ ਸੀ। ਇਸ
ਲਈ ਉਹਦੇ ਲਲਕਾਰੇ ਸੁਣਕੇ ਲੋਕ ਹੱਸ ਛੱਡਦੇ। ਕਹਿੰਦੇ ਕੁਝ ਨਾ।
ਜਦੋਂ ਸ਼ਰਾਬ ਪੀ ਕੇ ਲਲਕਾਰੇ ਮਾਰਨ ‘ਤੇ ਰੋਕ ਲੱਗੀ ਤਾਂ ਮੈਂ ਸੋਚਿਆ ਕਿ ਵਾਸ਼ੇ ਦਾ ਕੀ
ਕਰਾਂਗੇ? ਮੈਂ ਉਹਨੂੰ ਸੱਦ ਕੇ ਕਿਹਾ, “ਵਾਸਿ਼ਆ! ਹੁਣ ਬੀਬਾ ਵੀਰ ਬਣਕੇ ਸਾਡੀ ਇੱਜ਼ਤ
ਰੱਖੀਂ। ਤੂੰ ਮੇਰਾ ਗਵਾਂਢੀ ਵੀ ਆਂ ਤੇ ਛੋਟਾ ਵੀਰ ਵੀ। ਮੇਰਾ ਮਾਣ ਰੱਖੀਂ।”
ਵਾਸ਼ੇ ਨੇ ਮਿੰਨ੍ਹਾ ਮਿੰਨ੍ਹਾਂ ਹੱਸਦਿਆਂ ਮੇਰੇ ਗੋਡਿਆਂ ਨੂੰ ਹੱਥ ਲਾਇਆ, “ਪਰ ਭਾ ਜੀ! ਘਰ
ਬਹਿ ਕੇ ਤਾਂ ਪੀ ਸਕਦਾਂ ਨਾ?”
“ਘਰ ਬਹਿ ਕੇ ਜਿਵੇਂ ਮਰਜ਼ੀ ਕਰੀਂ। ਪਰ ਚਾਂਗਰਾਂ ਨਾ ਮਾਰੀਂ ਬਜ਼ਾਰ ਵਿਚ।”
ਵਾਸ਼ੇ ਨੇ ਵਚਨ ਦਿੱਤਾ ਤੇ ਕਈ ਮਹੀਨੇ ਨਿਭਾਇਆ ਵੀ। ਕਈ ਸ਼ਰਾਰਤੀ ਲੋਕ ਸਾਡੇ ਖਿ਼ਲਾਫ਼ ਵੀ
ਬੋਲਦੇ; ਉਹਨੂੰ ਛੇੜਦੇ ਵੀ, ਵੰਗਾਰਦੇ ਵੀ, “ਬੱਸ ਹੋ ਗਿਆਂ ਗੁੱਗਲ? ਨਿਕਲ ਗਈ ਫੂਕ? ਕਿੱਥੇ
ਗਈਆਂ ਤੇਰੀਆਂ ਬੜ੍ਹਕਾਂ? ਇੰਜ ਇਹ ਅਗਲੇ ਦੀ ਸੰਘੀ ਨੱਪਣ ਲੱਗੇ ਤਾਂ ਪਿੰਡ ਚ ਬੋਲਣ ਵਾਲਾ
ਕੌਣ ਰਹਿ ਜੂ? ਤੂੰ ਤੇ ਵਾਸਿ਼ਆ ਗਿੱਲ ਈ ਗਵਾ ‘ਤੀ! ਏਨਾ ਵੀ ਡਰ ਕੀ ਆਖ? ਅੱਗੇ ਕਿਤੇ ਬੰਦੇ
ਖਾਂਦੇ ਪੀਂਦੇ ਨਹੀਂ ਆਏ ਕਿ ਲਲਕਾਰੇ ਨਹੀਂ ਮਾਰਦੇ ਰਹੇ? ਘੁੱਟ ਪੀ ਕੇ ਜੇ ਕੋਈ ਆਪਣਾ ਰਾਂਝਾ
ਰਾਜੀ ਕਰਨ ਲਈ ਬੁਲਬੁਲੀ ਮਾਰ ਵੀ ਲਵੇ ਤਾਂ ਕਿਸੇ ਦੇ ਕੀ ਢਿੱਡ ਪੀੜ ਹੁੰਦੀ ਏ?”
ਲੋਕਾਂ ਦੀ ਚੁੱਕਣਾ ਦਾ ਅਸਰ ਸੀ ਜਾਂ ਬਾਹਰਲੇ ਦਬਾਓ ਨਾਲ ਉਸ ਅੰਦਰ ਗੈਸ ਹੀ ਏਨੀ ਇਕੱਠੀ ਹੋ
ਗਈ ਕਿ ਇਕ ਸ਼ਾਮ ਉਹਦੇ ਅੰਦਰਲਾ ‘ਗਿੱਦੜ ਰੱਜ ਕੇ ਹਵਾਂਕਣ ਲੱਗਾ।’ ਮੈਂ ਉਸ ਦਿਨ ਆਪਣੀ ਪਤਨੀ
ਨਾਲ ਆਪਣੇ ਸਹੁਰੇ ਪਿੰਡ ਝਬਾਲ ਗਿਆ ਹੋਇਆ ਸਾਂ। ਵਾਸਦੇਵ ਨੇ ਰਾਤੀਂ ਸ਼ਰਾਬ ਪੀ ਕੇ ਸਭਾ ਦਾ
ਨਾਂ ਲੈ ਕੇ ਚਾਂਗਰਾਂ ਮਾਰੀਆਂ ਸਨ। ਕਹਿ ਰਿਹਾ ਸੀ ਕਿ ‘ਉਹਨੂੰ ਕੋਈ ਮਾਈ ਦਾ ਲਾਲ ਲਲਕਾਰੇ
ਮਾਰਨੋਂ ਰੋਕ ਨਹੀਂ ਸਕਦਾ। ਕੋਈ ਹੁੰਦਾ ਕੌਣ ਹੈ ਉਹਦੀ ਖ਼ੁਸ਼ੀ ਵਿਚ ਖ਼ਲਲ ਪਾਉਣ ਵਾਲਾ?
ਕਿਸੇ ‘ਚ ਹਿੰਮਤ ਹੈ ਤਾਂ ਉਹਨੂੰ ਰੋਕ ਕੇ ਵਿਖਾਵੇ! ਚਾਰ ਜਣੇ ਰਲ ਕੇ ਪਿੰਡ ਤੇ ਹਕੂਮਤ ਕਰੀ
ਜਾਣ! ਅਸੀਂ ਨਹੀਂ ਕਿਸੇ ਦਾ ਹੁਕਮ ਮੰਨਦੇ ਉਏ! ਆ ਜੇ ਜਿਹੜਾ ਸੂਰਮਾ ਆਉਂਦਾ ਏ ਮੈਦਾਨ ਵਿਚ।’
ਗੱਜਦਾ ਹੋਇਆ ਵਾਸ਼ਾ ਨਾਲ ਨਾਲ ਗੰਦੀਆਂ ਗਾਲ੍ਹਾਂ ਦੀ ਵਾਛੜ ਵੀ ਕਰੀ ਜਾ ਰਿਹਾ ਸੀ।
ਉਹਦਾ ਘਰ ਮੇਰੇ ਗਵਾਂਢ ਵਿਚ ਹੀ ਤਾਂ ਸੀ। ਜ਼ਾਹਿਰ ਸੀ ਕਿ ਸਾਰਾ ਕੁਝ ਮੈਨੂੰ ਸੁਣਾ ਕੇ ਹੀ
ਕਿਹਾ ਜਾ ਰਿਹਾ ਸੀ। ਉਹਦੇ ਘਰਦਿਆਂ ਵੀ, ਹੋਰ ਵੀ ਇਕ ਦੋ ਸਿਆਣੇ ਬਜ਼ੁਰਗਾਂ ਨੇ ਵਰਜਿਆ ਪਰ
ਉਹ ਕਿਸੇ ਦੀ ਕਾਹਨੂੰ ਸੁਣਦਾ ਸੀ! ਤਮਾਸ਼ਬੀਨ ਸਭ ਕੁਝ ਵੇਖ-ਸੁਣ ਕੇ ਹੱਸ ਰਹੇ ਸਨ।
ਅਗਲੇ ਦਿਨ ਸਭਾ ਦੇ ਕੁਝ ਮੁੰਡੇ ਮੇਰੇ ਕੋਲ ਝਬਾਲ ਆ ਪਹੁੰਚੇ। ਸਾਰੀ ਖ਼ਬਰ ਦਿੱਤੀ ਤੇ ਕਿਹਾ
ਕਿ ਜੇ ਅਸੀਂ ਕੋਈ ਕਦਮ ਨਾ ਚੁੱਕਿਆ ਤਾਂ ਆਪਣੀ ਹੋਂਦ ਤੇ ਮਾਣ ਤਾਂ ਮਿੱਟੀ ਵਿਚ ਮਿਲੇਗਾ ਹੀ
ਨਾਲ ਦੇ ਨਾਲ ਏਨੇ ਉੱਦਮ ਨਾਲ ਜਾਰੀ ਕੀਤੇ ਸੁਧਾਰਾਂ ਦੇ ਸਿਲਸਿਲੇ ਨੂੰ ਵੀ ਬਰੇਕ ਲੱਗ
ਜਾਏਗੀ। ਪਿੰਡ ਦੇ ਕਈ ਚੌਧਰੀ ਅੰਦਰੇ ਅੰਦਰ ਸਾਡੀ ‘ਸਰਦਾਰੀ’ ਨਾਲ ਖ਼ਾਰ ਵੀ ਖਾਂਦੇ ਸਨ ਤੇ
ਚਾਹੁੰਦੇ ਸਨ ਕਿ ਕੋਈ ਨਾ ਕੋਈ ਅਜਿਹੀ ਘਟਨਾ ਵਾਪਰੇ ਜਿਸ ਨਾਲ ਬੱਝੀ ਗੰਢ ਖੁੱਲ੍ਹ ਜਾਏ। ਮੈਂ
ਤੇ ਮੇਰੇ ਸਾਥੀ ਗੰਢ ਖੁਲ੍ਹਣ ਨਹੀਂ ਸਾਂ ਦੇਣਾ ਚਾਹੁੰਦੇ, ਪਰ ਵਾਸ਼ੇ ਨੇ ਤਾਂ ਹੁਣ
ਖੁੱਲ੍ਹ-ਮ-ਖੁੱਲ੍ਹਾ ਚੈਲਿੰਜ ਕਰ ਦਿੱਤਾ ਸੀ। ਪਿੰਡ ਦੇ ਭਰੇ ਬਾਜ਼ਾਰ ਵਿਚ ਉਸਨੇ ਸਾਨੂੰ
ਵੰਗਾਰਿਆ, ਲਲਕਾਰਿਆ ਤੇ ਗਾਲ੍ਹਾਂ ਦਿੱਤੀਆਂ ਸਨ। ਸਾਰਾ ਪਿੰਡ ਸੌਦਾ-ਸੂਤ ਲੈਣ ਬਾਜ਼ਾਰ ਵਿਚ
ਆਉਂਦਾ ਸੀ। ਗੱਲ ਕੇਵਲ ਬਜ਼ਾਰ ਵਿਚ ਜਾਂ ਮੇਰੇ ਤੇ ਵਾਸ਼ੇ ਦੇ ਘਰਾਂ ਤੱਕ ਸੀਮਤ ਨਹੀਂ ਸੀ
ਰਹਿ ਗਈ। ਗੱਲ ਸਾਰੇ ਪਿੰਡ ਵਿਚ ਫ਼ੈਲ ਗਈ ਸੀ। ਖ਼ਾਮੋਸ਼ ਬੈਠਾ ਪਿੰਡ ਇਹ ਜਾਨਣਾ ਤੇ ਵੇਖਣਾ
ਚਾਹੁੰਦਾ ਸੀ ਕਿ ਕੀ ਅਸੀਂ ਹਥਿਆਰ ਸੁੱਟ ਦਿੱਤੇ ਹਨ ਜਾਂ ਅਜੇ ਵੀ ਆਪਣੇ ਵਿਚਾਰਾਂ ਦੀ ਲੜਾਈ
ਲੜਨ ਵਿਚ ਸਾਡਾ ਕੋਈ ਭਰੋਸਾ ਹੈ।
ਸਾਥੀਆਂ ਨਾਲ ਮੈਂ ਪਿੰਡ ਆ ਗਿਆ। ਆਪਸੀ ਇਕੱਠ ਕਰਕੇ ਅਸੀਂ ਮਸਲਾ ਵਿਚਾਰਿਆ ਤੇ ਸ਼ਾਮ ਨੂੰ
ਵਾਸਦੇਵ ਦਾ ਦਰਵਾਜ਼ਾ ਜਾ ਖੜਕਾਇਆ। ਖੁੜਕ ਤਾਂ ਉਹਨੂੰ ਪਹਿਲਾਂ ਹੀ ਗਈ ਸੀ ਪਰ ਆਪਣੇ ਬੂਹੇ
ਅੱਗੇ ਵੀਹ-ਪੰਝੀ ਬੰਦਿਆਂ ਦਾ ਇਕੱਠ ਵੇਖ ਕੇ ਉਹ ਛਾਬਲ ਜਿਹਾ ਗਿਆ।
“ਕਕ…ਕ…ਕੀ ਗੱਲ ਆ? ਕਿਉਂ? ਕੀ ਹੋਇਆ? ਕਿਵੇਂ ਆਉਣੇ ਹੋਏ ਭਾ ਜੀ।”
ਮੈਂ ਉਸਦੇ ਗੁੱਟ ਨੂੰ ਹੱਥ ਪਾਇਆ, “ਆ ਜਾ ਮੇਰਾ ਬੀਬਾ ਵੀਰ, ਜ਼ਰਾ ਬਾਹਰ ਆ। ਸਾਰਾ ਕੁਝ ਦੱਸ
ਦੇਂਦੇ ਆਂ।”
ਉਹਦੇ ਦਰਵਾਜ਼ੇ ਤੋਂ ਮਸਾਂ ਦਸ ਕਦਮਾਂ ਦੀ ਵਿੱਥ ‘ਤੇ ਬਜ਼ਾਰ ਦਾ ਉਹ ਚੌਕ ਸੀ ਜਿੱਥੇ ਰਾਤੀਂ
ਉਸਨੇ ਆਪਣਾ ‘ਜਲਵਾ’ ਵਿਖਾਇਆ ਸੀ। ਸਾਡੇ ਇਕੱਠ ਨੂੰ ਵੇਖ ਕੇ ਵੱਡੀ ਗਿਣਤੀ ਵਿਚ ਲੋਕ ਬਜ਼ਾਰ
ਵਿਚ ਇਕੱਠੇ ਹੋ ਗਏ ਸਨ। ਲਾਭ ਚੰਦ ਦੀ ਦੁਕਾਨ ਦੇ ਉੱਚੇ ਥੜ੍ਹੇ ‘ਤੇ ‘ਲੋਕ-ਅਦਾਲਤ’ ਲੱਗ ਗਈ।
“ਤੂੰ ਰਾਤੀਂ ਪਿੰਡ ਦੇ ਬਣਾਏ ਨੇਮਾਂ ਨੂੰ ਤੋੜਦਿਆਂ ਸ਼ਰਾਬ ਪੀ ਕੇ ਬਜ਼ਾਰ ਵਿਚ ਲਲਕਾਰੇ
ਮਾਰੇ। ਏਨੇ ‘ਤੇ ਬੱਸ ਨਹੀਂ। ਤੂੰ ਸਾਨੂੰ ਵੀ ਗਾਲ੍ਹਾਂ ਕੱਢੀਆਂ। ਨਿਰ੍ਹਾ ਨੇਮ ਤੋੜਦਾ ਤਾਂ
ਹੋਰ ਗੱਲ ਸੀ ਪਰ ਤੂੰ ਤਾਂ ਸਾਨੂੰ ਵੀ ਵੰਗਾਰਦਾ, ਲਲਕਾਰਦਾ ਤੇ ਗਾਲ੍ਹਾਂ ਦਿੰਦਾ ਰਿਹਾ। ਜੇ
ਮਰਦ ਦਾ ਬੱਚਾ ਏਂ ਤਾਂ ਇਕ ਵਾਰ ਹੁਣ ਚਾਂਗਰ ਮਾਰ ਕੇ ਵਿਖਾ, ਗਾਲ੍ਹ ਭਾਵੇਂ ਨਾ ਹੀ ਕੱਢ। ਜੇ
ਕੱਢਣੀ ਏਂ ਤਾਂ ਉਹ ਵੀ ਕੱਢ ਕੇ ਵੇਖ ਲਾ। ਫੇਰ ਵੇਖ ਕੀ ਭਾਅ ਤੁੱਲਦੀ ਆ?” ਮੈਂ ਉਹਦੇ ਗੁੱਟ
ਨੂੰ ਹਲੂਣਾ ਦਿੱਤਾ।
ਨਾਲ ਹੀ ਮੇਰੇ ਸਾਥੀ ਵੱਖ ਵੱਖ ਆਵਾਜ਼ਾਂ ਵਿਚ ਬੋਲ ਉੱਠੇ, “ਤੂੰ ਸਾਨੂੰ ਸਮਝਿਆ ਕੀ ਏ ਉਏ?”,
“ਭਾ ਜੀ ਇਹਦੀ ਭੁਗਤ ਸਵਾਰੋ, ਗੱਲਾਂ ਬਾਤਾਂ ‘ਚ ਨਾ ਪਓ ਇਹਦੇ ਨਾਲ।”, “ਜਿਹੜੇ ਇਹਦੇ ਪਿੱਛੇ
ਨੇ ਆ ਜਾਣ ਅੱਜ ਉਹ ਵੀ ਸਾਹਮਣੇ। ਲੁਕ ਕੇ ਤਮਾਸ਼ਾ ਵੇਖਿਆਂ ਗੱਲ ਨਹੀਂ ਬਣਨੀ।”, “ਲੱਤਾਂ ਦੇ
ਭੂਤ ਵੀ ਕਦੀ ਗੱਲਾਂ ਨਾਲ ਮੰਨੇ ਨੇ।”
ਵਾਸ਼ਾ ਭੀੜ ਦਾ ਰਵੱਈਆ ਵੇਖ ਕੇ ਸਹਿਮ ਗਿਆ। ਡੌਰ ਭੌਰ ਜਿਹਾ ਹੋ ਕੇ ਭੀੜ ਦੇ ਚਿਹਰਿਆਂ ਵੱਲ
ਵੇਖੀ ਜਾਵੇ।
“ਬੋਲ! ਗੁੰਗਾ ਕਿਉਂ ਹੋ ਗਿਐਂ?” ਮੈਂ ਹਲੂਣਿਆਂ।
ਉਹ ਮੇਰੇ ਗੋਡਿਆਂ ਵੱਲ ਝੁਕਿਆ, “ਭਾ ਜੀ! ਗਲਤੀ ਹੋ ਗਈ ਸ਼ਰਾਬੀ ਹੋਏ ਤੋਂ। ਭੁੱਲ ਕਰ
ਬੈਠਾਂ। ਮਾਫ਼ ਕਰ ਦਿਓ ਮੈਨੂੰ। ਅੱਗੇ ਤੋਂ ਕੰਨ ‘ਚ ਪਾਇਆ ਰੜਕ ਗਿਆ ਤਾਂ ਆਖਿਓ। ਮੈਂ
ਤੁਹਾਡਾ ਛੋਟਾ ਵੀਰ।”
ਮੈਂ ਉਹਨੂੰ ਗੋਡਿਆਂ ਨੂੰ ਹੱਥ ਲਾਉਣੋਂ ਰੋਕ ਲਿਆ, “ਪਿੰਡ ਵੱਲੋਂ ਸਰਬਸੰਤੀ ਨਾਲ ਕੀਤੇ
ਫ਼ੈਸਲੇ ਨੂੰ ਠੁਕਰਾ ਕੇ ਤੂੰ ਸਾਨੂੰ ਨਹੀਂ, ਸਾਰੇ ਪਿੰਡ ਨੂੰ ਬੇਇਜ਼ਤ ਕੀਤਾ ਹੈ ਤੇ
ਗਾਲ੍ਹਾਂ ਸਾਨੂੰ ਨਹੀਂ ਸਾਰੇ ਪਿੰਡ ਨੂੰ ਕੱਢੀਆਂ ਨੇ। ਇਸ ਥੜੇ ‘ਤੇ ਖਲੋ ਜਾ ਤੇ ਸਾਰੀ ਸੰਗਤ
ਵੱਲ ਮੂੰਹ ਕਰਕੇ ਆਪਣੀ ਭੁੱਲ ਦੀ ਮਾਫ਼ੀ ਮੰਗ ਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਸਹੁੰ
ਖਾਹ।”
ਏਨੇ ਵਿਚ ਸੌ ਦੇ ਲਗਭਗ ਬੰਦਾ ਬਜ਼ਾਰ ਵਿਚ ਇਕੱਠਾ ਹੋ ਗਿਆ ਸੀ। ਵਾਸ਼ਾ ਭੁੜਕ ਕੇ ਥੜ੍ਹੇ ‘ਤੇ
ਚੜ੍ਹ ਗਿਆ। ਭੀੜ ਵੱਲ ਹੱਥ ਜੋੜ ਕੇ ਕਹਿੰਦਾ, “ਪਿੰਡਾ! ਮੇਰੇ ਤੋਂ ਬੜੀ ਬੱਜਰ ਭੁੱਲ ਹੋ ਗੀ
ਰਾਤੀਂ। ਮਾਫ਼ ਕਰ ਦਿਓ ਪਿੰਡਾ! ਮੈਨੂੰ ਮਾਫ਼ ਕਰ ਦਿਓ। ਆਹ ਤੁਹਾਡੇ ਅੱਗੇ ਦੋਵੇਂ ਹੱਥ
ਬੰਨ੍ਹੇਂ। ਮਾਫ਼ ਕਰ ਦਿਓ, ਮਾਫ਼ ਕਰ ਦਿਓ, ਮਾਫ਼ ਕਰ ਦਿਓ।” ਉਹ ਦੋਵੇਂ ਹੱਥ ਜੋੜੀ ਚਾਰ
ਚੁਫ਼ੇਰੇ ਖਲੋਤੀ ਭੀੜ ਵੱਲ ਸਾਰੇ ਪਾਸੇ ਮੂੰਹ ਭੁਆ ਕੇ ਮਾਫ਼ੀ ਮੰਗਣ ਲੱਗਾ। ਸਾਰੇ ਉਸ ਵੱਲ
ਵੇਖੀ ਜਾ ਰਹੇ ਸਨ। ਮਾਫ਼ੀ ਮੰਗ ਕੇ ਉਹ ਸਾਡਾ ਤੇ ਲੋਕਾਂ ਦਾ ਪ੍ਰਤੀਕਰਮ ਉਡੀਕਣ ਲੱਗਾ। ਸਾਰੇ
ਖ਼ਾਮੋਸ਼ ਸਨ। ਉਹਨੂੰ ਲੱਗਾ ਜਿਵੇਂ ਉਸਤੋਂ ਪੂਰੀ ਆਜਜ਼ੀ ਨਾਲ ਭੁੱਲ ਨਹੀਂ ਬਖ਼ਸ਼ਾਈ ਜਾ
ਸਕੀ। ਫੇਰ ਹੱਥ ਜੋੜ ਕੇ ਉਹਨੇ ਵੱਖਰੇ ਅੰਦਾਜ਼ ਵਿਚ ਆਪਣਾ ਆਪ ਪ੍ਰਗਟਾਉਣ ਦੀ ਕੋਸਿ਼ਸ਼
ਕੀਤੀ, “ਪਿੰਡਾ! ਮੈਨੂੰ ਦੂਹਰੀ ਮਾਫ਼ੀ ਦੇ ਦਿਓ।”
‘ਦੂਹਰੀ ਮਾਫ਼ੀ’ ਦੇ ਸ਼ਬਦ ਸੁਣਕੇ ਮੇਰਾ ਹਾਸਾ ਨਿਕਲ ਗਿਆ। ਮੇਰੇ ਨਾਲ ਹੋਰ ਵੀ ਬਹੁਤ ਸਾਰੇ
ਲੋਕ ਹੱਸ ਪਏ। ਵਾਸ਼ੇ ਨੇ ਛੁਟਕਾਰਾ ਹੋ ਗਿਆ ਸਮਝਿਆ। ਮੈਂ ਹੱਸਦਿਆਂ ਕਿਹਾ, “ਕੰਨਾਂ ਨੂੰ
ਹੱਥ ਲਾ ਕੇ ਕਹਿ ਕਿ ਅੱਗੇ ਤੋਂ ਬੰਦਾ ਬਣਕੇ ਰਹੂੰ ਤੇ ਏਦਾਂ ਦੀ ਗਲਤੀ ਨਹੀਂ ਕਰੂੰਗਾ।”
ਉਹਨੇ ਤੋਤੇ ਵਾਂਗ ਏਹੋ ਮੁਹਾਰਨੀ ਦੁਹਰਾ ਦਿੱਤੀ। ਮੇਰੇ ਹਿਸਾਬ ਨਾਲ ਫ਼ੈਸਲਾ ਹੋ ਗਿਆ ਸੀ।
ਮਾਰੇ ਨਾਲੋਂ ਭਜਾਇਆ ਚੰਗਾ। ਹੋਰ ਅਸੀਂ ਕੀ ਲੈਣਾ ਸੀ। ਮਸਲਾ ਨਜਿੱਠਿਆ ਗਿਆ ਸੀ। ਜੇ ਭਲਾ
ਵਾਸ਼ਾ ਵੇਹਰ ਜਾਂਦਾ ਤਾਂ ਪਤਾ ਨਹੀਂ ਗੱਲ ਨੇ ਕਿਹੜਾ ਮੋੜ ਅਖ਼ਤਿਆਰ ਕਰਨਾ ਸੀ! ਭਲਾ ਹੋਇਆ
ਅਸੀਂ ਉਸ ਮੋੜ ਤੋਂ ਉਰ੍ਹਾਂ ਹੀ ਪਰਤ ਆਏ ਸਾਂ। ਪਰ ਮੇਰੇ ਸਾਥੀਆਂ ਨੂੰ ਠੰਡ ਨਹੀਂ ਸੀ ਪਈ
ਏਨੇ ਨਾਲ। ਆਖਣ ਲੱਗੇ, “ਇਹਨੇ ਇਕੱਲੇ ਏਸ ਚੌਂਕ ਵਿਚ ਈ ਗਾਲ੍ਹਾਂ ਨਹੀਂ ਸੀ ਕੱਢੀਆਂ। ਸਾਰੇ
ਬਜ਼ਾਰ ਵਿਚ ਖ਼ੌਰੂ ਪਾਉਂਦਾ ਰਿਹਾ ਸੀ। ਏਨੇ ਨਾਲ ਨਹੀਂ ਸਰਨਾ। ਸਾਰੇ ਬਜ਼ਾਰ ਵਿਚ ਸਾਰੇ
ਮੋੜਾਂ ‘ਤੇ ਖਲੋ ਕੇ ਮਾਫ਼ੀ ਮੰਗੇ ਤਾਕਿ ਸਾਰੇ ਲੋਕਾਂ ਨੂੰ ਪਤਾ ਤਾਂ ਲੱਗੇ।”
ਸਾਥੀਆਂ ਦੀ ਮੰਨਣਾਂ ਮੇਰੀ ਤਾਂ ਮਜਬੂਰੀ ਸੀ ਪਰ ਵਾਸ਼ਾ ਮੇਰੇ ਤੋਂ ਵੀ ਪਹਿਲਾਂ ਮੰਨ ਗਿਆ,
“ਭਰਾਓ! ਜਦੋਂ ਮਾਫ਼ੀ ਮੰਗ ਈ ਲਈ ਤਾਂ ਫਿਰ ਐਥੇ ਕੀ ਤੇ ਔਥੇ ਕੀ?”
ਤੇ ਉਸਨੇ ਬਜ਼ਾਰ ਵਿਚ ਵੱਖ ਵੱਖ ਪੰਜ ਥਾਵਾਂ ‘ਤੇ ਖਲੋ ਕੇ ਮਾਫ਼ੀ ਮੰਗ ਲਈ।
ਮੈਦਾਨ ਫ਼ਤਹਿ ਹੋ ਗਿਆ ਸੀ। ਚੁੱਪ ਵਿਰੋਧ ਕਰਨ ਵਾਲਿਆਂ ਨੂੰ ਵੀ ਕੁਝ ਚਿਰ ਲਈ ਠੰਡ ਪੈ ਗਈ।
ਸਾਡਾ ਪਹਿਲਾਂ ਨਾਲੋਂ ਵੀ ਵਜ੍ਹਕਾ ਬਣ ਗਿਆ। ਹੁਣ ਤਾਂ ਸਗੋਂ ਇਹ ਵੀ ਹੋਣ ਲੱਗਾ ਕਿ ਕਿਸੇ
ਨੂੰ ਕੋਈ ਹੋਰ ਮੁਸ਼ਕਿਲ ਵੀ ਆ ਬਣਦੀ ਸੀ ਤਾਂ ਉਹ ਪੰਚਾਇਤ ਵੱਲ ਜਾਣ ਦੀ ਥਾਂ ਸਾਡੇ ਵੱਲ
ਆਉਂਦਾ।
ਸਾਰੀ ਤਾਕਤ ਤਾਂ ਲੋਕਾਂ ਦੀ
ਇਕ ਦਿਨ ਸਾਡੇ ਖੇਤਾਂ ਵਿਚਲਾ ਗਵਾਂਢੀ ਸਾਧਾ ਸਿੰਘ ਅਕਾਲੀ ਮੈਨੂੰ ਕਹਿੰਦਾ, “ਵਰਿਆਮ ਸਿਹਾਂ!
ਯਾਰ ਤੇਰੀ ਲੋਕ ਸੁਣਦੇ ਵੀ ਆ, ਮੰਨਦੇ ਵੀ ਆ। ਆਹ ਆਪਣੀ ਪੱਤੀ ਦੀ ਸ਼ਾਮਲਾਟ ਵਾਲਾ ਵੀ ਕੰਢਾ
ਕਢਵਾ ਦੇ।”
ਸਾਡੀ ਪੱਤੀ ਦੀ ਸਾਂਝੇ ਥਾਂ ਛੱਡੀ ਹੋਈ ਜ਼ਮੀਨ ਤੀਹ ਏਕੜ ਦੇ ਲਗਭਗ ਸੀ। ਇਹਦੇ ਵਿਚੋਂ ਸਿਰਫ਼
ਚਾਰ-ਪੰਜ ਏਕੜ ਹੀ ‘ਸਾਫ਼’ ਸੀ ਤੇ ਹਰ ਸਾਲ ਪੱਤੀ ਵੱਲੋਂ ਠੇਕੇ ‘ਤੇ ਦਿੱਤੀ ਜਾਂਦੀ ਸੀ।
ਬਾਕੀ ਜ਼ਮੀਨ ਚਾਰ-ਚਾਰ, ਪੰਜ-ਪੰਜ ਏਕੜ ਦੇ ਜਾਂ ਕੁਝ ਵੱਧ ਘੱਟ ਟੋਟਿਆਂ ਵਿਚ ਕਈ ਥਾਵਾਂ ਵਿਚ
ਵੰਡੀ ਹੋਈ ਸੀ। ਕੁਝ ਜ਼ਮੀਨ ‘ਤੇ ਤਾਂ ਨਾਲ ਲੱਗਦੀ ਪੱਤੀ ਵਾਲਿਆਂ ਕਬਜ਼ਾ ਕੀਤਾ ਹੋਇਆ ਸੀ ਤੇ
ਕੁਝ ਜ਼ਮੀਨ ਪੱਤੀ ਦੇ ਰਸੂਖ ਵਾਲੇ ਚੌਧਰੀਆਂ ਨੇ ਮੱਲੀ ਹੋਈ ਸੀ। ਉਹਨਾਂ ਨੇ ਕਈ ਸਾਲਾਂ ਤੋਂ
ਜ਼ਮੀਨ ਦੀਆਂ ਗਰਦੌਰੀਆਂ ਵੀ ਆਪਣੇ ਨਾਂ ਕਰਵਾਈਆਂ ਹੋਈਆਂ ਸਨ। ਪੱਤੀ ਵਾਲੇ ਆਮ ਲੋਕ ਉਹਨਾਂ
ਦੀ ਇਸ ਵਧੀਕੀ ਤੋਂ ਨਾਖ਼ੁਸ਼ ਤਾਂ ਸਨ ਪਰ ਉਹਨਾਂ ਨੂੰ ਜ਼ਮੀਨ ਛੱਡਣ ਲਈ ਆਖਣ ਦੀ ਹਿੰਮਤ
ਕਿਸੇ ਵਿਚ ਨਹੀਂ ਸੀ।
ਮੈਂ ਸਾਧਾ ਸਿੰਘ ਦੀ ਸਲਾਹ ‘ਤੇ ਵਿਚਾਰ ਕੀਤਾ ਅਤੇ ਪੱਤੀ ਦੇ ਲੋਕਾਂ ਨਾਲ ਵੱਖਰੇ ਵੱਖਰੇ ਮਿਲ
ਕੇ ਕਈ ਦਿਨ ਵਿਚਾਰ ਵਟਾਂਦਰਾ ਕਰਦਾ ਰਿਹਾ। ਉਹ ਕਹਿਣ, “ਜੇ ਤੂੰ ਅੱਗੇ ਲੱਗੇਂ ਤਾਂ ਅਸੀਂ
ਤੇਰੇ ਨਾਲ ਆਂ।”
ਹੌਂਸਲਾ ਕਰ ਕੇ ਮੈਂ ਜ਼ਮੀਨ ‘ਤੇ ਕਾਬਜ਼ ਬੰਦਿਆਂ ਨੂੰ ਵਾਰੀ ਵਾਰੀ ਮਿਲ ਕੇ ਆਖਿਆ, “ਪੱਤੀ
ਵਾਲੇ ਚਾਹੁੰਦੇ ਨੇ ਕਿ ਸਾਂਝੀ ਜ਼ਮੀਨ ‘ਤੇ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਐ, ਮੈਂ ਉਹਨਾਂ
ਨੂੰ ਜ਼ਮੀਨ ਛੱਡਣ ਦੀ ਬੇਨਤੀ ਕਰਾਂ। ਤੁਹਾਨੂੰ ਕਿਸੇ ਚੀਜ਼ ਦੀ ਘਾਟ ਤਾਂ ਹੈ ਨਹੀਂ।
ਭਾਈਚਾਰੇ ਦਾ ਮਾਣ ਰੱਖੋ। ਆਪਾਂ ਇਸ ਜ਼ਮੀਨ ਤੋਂ ਹੁੰਦੀ ਸਾਂਝੀ ਖੱਟੀ ਨਾਲ ਪੱਤੀ ਦਾ ਕਈ ਕੁਝ
ਸਵਾਰ ਸਕਦੇ ਹਾਂ।”
ਅਗਲਾ ਬੜਾ ਪੁੱਠਾ-ਸਿੱਧਾ ਹੁੰਦਾ। ਕਹਿੰਦਾ, ‘ਪੱਤੀ ਵਾਲੇ ਹੁੰਦੇ ਕੌਣ ਨੇ ਪੁੱਛਣ ਵਾਲੇ?
ਪੁੱਛਣ ਵਾਲਾ ਉਹਦੇ ਸਾਹਮਣੇਂ ਆ ਕੇ ਪੁੱਛਣ ਦੀ ਹਿੰਮਤ ਕਰੇ। ਇਹ ਜ਼ਮੀਨ ਤਾਂ ਨਿਰ੍ਹੀ ਕੱਲਰ
ਬੰਜਰ ਸੀ, ਅਸੀਂ ਇਸਤੇ ਸਾਲਾਂ ਬੱਧੀ ਮਿਹਨਤ ਕੀਤੀ। ਬਣਾਇਆ, ਸਵਾਰਿਆ, ਵਾਹੀ-ਯੋਗ ਬਣਾਈ ਤਾਂ
ਹੁਣ ਇਹ ਪੱਤੀ ਵਾਲਿਆਂ ਨੂੰ ਦਿਸਣ ਲੱਗ ਪਈ। ਨਾਲੇ ਫਲਾਣੇ ਨੇ ਨਹੀਂ ਕਬਜ਼ਾ ਕੀਤਾ ਹੋਇਆ?
ਉਹਨੇ ਨਹੀਂ ਆਪਣੇ ਨਾਂ ਗਰਦੌਰੀ ਕਰਾਈ?’
ਮੈਂ ਕਹਿੰਦਾ ਕਿ ‘ਫਲਾਣਾ’ ਤਾਂ ਜ਼ਮੀਨ ਛੱਡਣ ਲਈ ਤਿਆਰ ਹੈ ਪਰ ਉਹਦੀ ਸ਼ਰਤ ਹੈ ਕਿ ਤੁਸੀਂ
ਵੀ ਛੱਡ ਦਿਓ।
ਉਹ ਕਹਿੰਦਾ, “ਚੰਗਾ ਵੇਖ ਲਾਂ ਗੇ। ਜੇ ਉਹ ਛੱਡ ਦੂ ਤਾਂ ਮੈਂ ਵੀ ਛੱਡ ਦੂੰ।”
ਉਹਨੂੰ ਯਕੀਨ ਹੁੰਦਾ ਕਿ ਨਾ ਅਗਲੇ ਨੇ ਛੱਡਣੀ ਹੈ ਤੇ ਨਾ ਮੈਂ।
ਤਦ ਵੀ ਗੱਲਾਂ ਗੱਲਾਂ ਵਿਚ ਮੈਂ ਇਹ ਵਚਨ ਤਾਂ ਹਰੇਕ ਕੋਲੋਂ ਹੀ ਲੈ ਲਿਆ ਸੀ ਕਿ “ਜੇ ਉਹ ਛੱਡ
ਦੂ ਤਾਂ ਮੈਂ ਵੀ ਛੱਡ ਦੂੰ।”
ਕੁਝ ਦਿਨ ਦੇ ਅਭਿਆਸ ਮਗਰੋਂ ਮੈਂ ਸਾਰੀ ਪੱਤੀ ਦੇ ਪਰਿਵਾਰਾਂ ਦੇ ਮੁਖੀਆਂ ਦੀ ਇਕੱਤਰਤਾ
ਖੇਤਾਂ ਵਿਚ ਬਣੇ ਆਪਣੀ ਪੱਤੀ ਦੇ ਗੁਰਦਵਾਰੇ ਵਿਚ ਬੁਲਾ ਲਈ। ਮਾਹੌਲ ਤਿਆਰ ਕਰਨ ਲਈ ਸਭ ਨੂੰ
ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੇ ਹਜ਼ੂਰੀ ਦਾ ਮਹੱਤਵ ਬਿਆਨ ਕਰਦਿਆਂ ਨਿੱਕਾ ਜਿਹਾ ਲੈਕਚਰ
ਝਾੜਿਆ ਕਿ ਗੁਰੂ ਸਾਹਿਬਾਨ ਦੀ ਰਵਾਇਤ ਤਾਂ ਵੰਡ ਛਕਣ ਦੀ ਸੀ। ਕਿਸੇ ਦਾ ਹੱਕ ਮਾਰਨ ਦੀ
ਨਹੀਂ। ਕਹਿੰਦੇ ਨੇ ਤੁਰੇ ਜਾਂਦੇ ਨਿਹੰਗ ਸਿੰਘਾਂ ਨੂੰ ਇੱਕ ਤਿਲ਼ ਲੱਭਾ ਸੀ। ਛੋਟੇ ਜਿਹੇ
ਤਿਲ਼ ਨੂੰ ਵੰਡ ਕੇ ਛਕਣ ਦੀ ਜੁਗਤ ਨਾ ਲੱਭਣ ਕਰਕੇ ਉਹਨਾਂ ਨੇ ਤਿਲ਼ ਘੋਟ ਕੇ ਉਸ ਵਿਚ ਪਾਣੀ
ਪਾ ਲਿਆ। ਉਹ ਪਾਣੀ ਆਪਸ ਵਿਚ ਵੰਡ ਕੇ ਛਕ ਲਿਆ ਪਰ ਉਸ ਤਿਲ਼ ਨੂੰ ਕਿਸੇ ਇਕ ਜਣੇ ਨੇ ਇਸ
ਕਰਕੇ ਲੈਣਾ ਪ੍ਰਵਾਨ ਨਹੀਂ ਸੀ ਕੀਤਾ ਕਿਉਂਕਿ ਹਰ ਕੋਈ ਸਮਝਦਾ ਸੀ ਕਿ ਇਸਤੇ ਦੂਜੇ ਸਿੰਘ ਦਾ
ਹੱਕ ਵੀ ਬਣਦਾ ਹੈ। ਕਿਸੇ ਦਾ ਹੱਕ ਮਾਰਨ ਨੂੰ ਗੁਰੂ ਸਾਹਿਬ ਨੇ ਹਰਾਮ ਆਖਿਆ ਸੀ। ਅੱਜ ਗੁਰੂ
ਘਰ ਵਿਚ ਬੈਠੇ ਸਾਰੇ ਤੁਸੀਂ ਗੁਰਸਿੱਖ ਹੋ ਗਏ ਓ। ਗੁਰੂ ਦੀ ਸਿੱਖਿਆ ਮੁਤਾਬਕ ਸੋਚਣ ਤੇ ਅਮਲ
ਕਰਨ ਦੀ ਤੁਹਾਡੇ ਕੋਲੋਂ ਆਸ ਕਰਦਾ ਹਾਂ। ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਦਾ ਲੋਕ-ਪ੍ਰਲੋਕ
ਸੌਰ ਜਾਂਦਾ ਹੈ।
ਫਿਰ ਤੋੜਾ ਝਾੜਿਆ, “ਮੈਨੂੰ ਬੜੀ ਖ਼ੁਸ਼ੀ ਹੈ ਕਿ ਸਾਰੇ ਟੱਬਰਾਂ ਦੇ ਮੁਖੀ ਏਥੇ ਸੰਗਤ ਰੂਪ
ਵਿਚ ਇਕੱਠੇ ਹੋਏ ਨੇ। ਸੰਗਤ ਨੂੰ ਗੁਰੂ ਜੀ ਨੇ ਆਪਣੇ ਤੋਂ ਵੀ ਵੱਡਾ ਰੁਤਬਾ ਦਿੱਤਾ ਸੀ।
ਸੰਗਤ ਦਾ ਹੁਕਮ ਗੁਰੂ ਜੀ ਨੇ ਵੀ ਨਹੀਂ ਸੀ ਮੋੜਿਆ। ਮੈਨੂੰ ਵਿਸ਼ਵਾਸ ਹੈ ਕਿ ਏਥੇ ਹਾਜ਼ਰ
ਹੋਏ ਸੱਜਣ ਆਪਣੇ ਗੁਰੂ ਦਾ ਮਾਣ ਰੱਖਣਗੇ। ਵਧੀਆ ਗੱਲ ਇਹ ਹੈ ਕਿ ਜਿਨ੍ਹਾਂ ਸੱਜਣਾ ਕੋਲ
ਜ਼ਮੀਨ ਦਾ ਕਬਜ਼ਾ ਹੈ ਉਹਨਾਂ ਵਿਚੋਂ ਕੇਵਲ ਇਕ ਜਣੇ ਨੂੰ ਛੱਡ ਕੇ ਬਾਕੀ ਸਾਰੇ ਹਾਜ਼ਰ ਨੇ।
ਮੈਂ ਇਹਨਾਂ ਦਾ ਸੰਗਤ ਵੱਲੋਂ ਧੰਨਵਾਦੀ ਹਾਂ। ਇਹਨਾਂ ਸਾਰਿਆਂ ਨੇ ਕਿਹਾ ਹੈ ਕਿ ਜੇ ਦੂਜੀ
ਧਿਰ ਕਬਜ਼ਾ ਛੱਡਣ ਲਈ ਤਿਆਰ ਹੈ ਤਾਂ ਅਸੀਂ ਵੀ ਕਬਜ਼ਾ ਛੱਡ ਦਿਆਂਗੇ। ਮੈਂ ਇਹਨਾਂ ਸਾਰਿਆਂ
ਦੀ ਇਹ ਵਚਨ ਦੇਣ ਪੱਖੋਂ ਵਡਿਆਈ ਕਰਦਾ ਹਾਂ। ਇਹ ਵੀ ਸਮਝਦਾਂ ਕਿ ਮਸਲਾ ਹੱਲ ਕਰਨ ਬਾਰੇ
ਇਹਨਾਂ ਦੇ ਮਨ ਵਿਚ ਕੋਈ ਖੋਟ ਨਹੀਂ; ਤਦ ਈ ਤਾਂ ਇਹ ਸਾਰੇ ਏਥੇ ਹਾਜ਼ਰ ਹੋਏ ਨੇ।”
ਪੁਰਾਣੇ ਸਰਪੰਚ ਤੇ ਘੈਂਟ ਸਮਝੇ ਜਾਣ ਵਾਲੇ ਬੰਦੇ ਮਹਿੰਦਰ ਸਾਈਂ ਨੇ ਕਿਹਾ, “ਅਸੀਂ ਤਿਆਰ ਆਂ
ਜਮੀਨ ਛੱਡਣ ਨੂੰ ਪਰ ਪਹਿਲਾਂ ਸੇਵਾ ਸੁੰਹ ਛੱਡੇ।”
ਸੇਵਾ ਸੁੰਹ ਤਾਂ ਮੀਟਿੰਗ ਵਿਚ ਆਇਆ ਈ ਨਹੀਂ ਸੀ।
ਇਸ ਤੋਂ ਬਾਅਦ , ‘ਪਹਿਲਾਂ ਇਹਨੇ ਕਬਜ਼ਾ ਕੀਤਾ, ਪਹਿਲਾਂ ਉਹਨੇ ਗਰਦੌਰੀ ਕਰਾਈ, ਪਹਿਲਾਂ ਇਹ
ਛੱਡੇ, ਫਿਰ ਮੈਂ ਛੱਡ ਦੂੰ’ ਦੀ ਲੰਮੀ ਚਰਚਾ ਚੱਲੀ। ਗੱਲਬਾਤ ਦੀ ਵਾਗ-ਡੋਰ ਮੈਂ ਆਪਣੇ ਹੱਥ
ਰੱਖੀ। ਤੋੜਾ ਸੇਵਾ ਸਿੰਘ ‘ਤੇ ਝੜ ਰਿਹਾ ਸੀ। ਕਾਬਜ਼ ਧਿਰ ਵਾਲੇ ਸਾਰੇ ਕਹਿਣ, “ਪਹਿਲਾਂ
ਉਹਨੂੰ ਮਨਾ ਲੌ। ਅਸੀਂ ਵੀ ਮੰਨ ਜਾਂ ਗੇ।” ਉਹਨਾਂ ਨੂੰ ਖੁੜਕ ਸੀ ਕਿ ਉਹ ਮੰਨਣ ਨਹੀਂ ਲੱਗਾ।
ਸੇਵਾ ਸਿੰਘ ਦਾ ਛੋਟਾ ਭਰਾ ਮੀਟੰਗ ਵਿਚ ਹਾਜ਼ਰ ਸੀ। ਉਹਨੂੰ ਅਸੀਂ ਪਹਿਲਾਂ ਹੀ ਆਪਣੇ ਨਾਲ
ਜੋੜਿਆ ਹੋਇਆ ਸੀ। ਮੈਂ ਉਹਨੂੰ ਕਿਹਾ ਕਿ ਉਹ ਸੰਗਤ ਦਾ ਹੁਕਮ ਭਰਾ ਤੱਕ ਪੁਚਾਵੇ ਤੇ ਏਥੇ
ਵਿਸ਼ਵਾਸ ਵੀ ਦਿਵਾਏ ਕਿ ਉਹ ਆਪਣੇ ਭਰਾ ਦੀ ਜਿ਼ੰਮੇਵਾਰੀ ਚੁੱਕਦਾ ਹੈ। ਉਸਨੇ ਹਾਮੀ ਭਰੀ ਤਾਂ
ਮੈਂ ਜੈਕਾਰਾ ਬੁਲਾ ਦਿੱਤਾ ਕਿ ਲਓ ਜੀ ਮਸਲਾ ਤਾਂ ਹੱਲ ਹੋ ਗਿਆ। ਮੈਂ ਮੁੜ-ਘਿੜ ਕੇ ਕਾਬਜ਼
ਸੱਜਣਾਂ ਦੇ ‘ਤਿਆਗ’ ਦੀ ਵਡਿਆਈ ਕੀਤੀ, ਜਿਹੜਾ ਉਹਨਾਂ ਨੇ ਅਜੇ ਕਰਨਾ ਸੀ। ਉਹਨਾਂ ਨੇ ਵੀ
ਝੂਠੀ-ਸੱਚੀ ਹਾਮੀ ਭਰ ਦਿੱਤੀ। ਮੀਟਿੰਗ ਦੇ ਅਖ਼ੀਰ ਤੇ ਫ਼ੈਸਲਾ ਹੋ ਗਿਆ ਕਿ ਇਕ ਕਮੇਟੀ ਬਣਾਈ
ਜਾਵੇ ਤੇ ਇਸ ਗੱਲ ਨੂੰ ਸਰਬਸੰਮਤੀ ਨਾਲ ਸਿਰੇ ਚੜ੍ਹਾਇਆ ਜਾਏ। ਕਮੇਟੀ ਵਿਚ ਸਾਰੇ ਭਾਈਚਾਰਿਆਂ
ਦੇ ਬੰਦੇ ਸ਼ਾਮਲ ਕੀਤੇ ਗਏ। ਮੈਨੂੰ ਕਮੇਟੀ ਦਾ ਮੁਖੀ ਚੁਣਿਆਂ ਗਿਆ ਤੇ ਸਾਥੀਆਂ ਨੂੰ ਨਾਲ ਲੈ
ਕੇ ਜ਼ਮੀਨ ਛੁਡਾਉਣ ਤੇ ਗਰਦੌਰੀ ਤੁੜਾਉਣ ਦਾ ਕੰਮ ਸੌਂਪਿਆ ਗਿਆ।
ਕੰਮ ਕੋਈ ਸੌਖਾ ਨਹੀਂ ਸੀ। ਬੜੀ ਮਗ਼ਜ਼-ਪੱਚੀ ਕਰਨੀ ਪਈ। ਤਰਲਾ-ਮਿੰਨਤ ਵੀ ਕਰਨਾ ਪਿਆ।
ਭਾਈਚਾਰਕ ਦਬਾਓ ਵੀ ਰੱਖਿਆ। ਆਖ਼ਰ ਕਈ ਦਿਨਾਂ ਦੀ ਖ਼ੇਚਲ, ਖ਼ਹਿਮਖ਼ਹਿ ਤੇ ਕਸ਼ਮਕਸ਼ ਤੋਂ
ਬਾਅਦ ਮੈਂ ਤੇ ਕਮੇਟੀ ਦੇ ਸਾਥੀ ਬਹੁਤ ਹੱਦ ਤੱਕ ਕਾਮਯਾਬ ਹੋ ਗਏ। ਹੌਲੀ ਹੌਲੀ ਸਾਰੀ ਜ਼ਮੀਨ
ਪੱਤੀ ਦੇ ਕਬਜ਼ੇ ਵਿਚ ਆ ਗਈ। ਠੇਕੇ ਦੇ ਏਨੇ ਪੈਸੇ ਆਉਣ ਲੱਗੇ ਕਿ ਪੱਤੀ ਵਾਲਿਆਂ ਨੂੰ ਸਮਝ
ਨਾ ਆਉਂਦੀ ਕਿ ਕਿਹੜੇ ਸਾਂਝੇ ਥਾਂ ‘ਤੇ ਇਹਨਾਂ ਨੂੰ ਖ਼ਰਚ ਕੀਤਾ ਜਾਵੇ।
ਜਦੋਂ ਖੇਤਾਂ ਵਿਚ ਪਾਣੀ ਲਾਉਂਦਾ ਸਾਧਾ ਸਿੰਘ ਮੇਰੇ ਕੋਲ ਆਇਆ ਤੇ ਆਖਿਆ, “ਵਰਿਆਮ ਸਿਹਾਂ!
ਤੇਰੇ ਤੋਂ ਬਿਨਾਂ ਇਹ ਖੁਭੀ ਕਦੀ ਨਹੀਂ ਸੀ ਨਿਕਲਣੀ। ਸ਼ਬਾਸ਼ੇ ਤੇਰੇ। ਧੰਨ ਧੰਨ ਹੋ ਗਈ ਭਈ।
ਤੇਰੇ ਬਿਨਾਂ ਉਹਨਾਂ ਵੱਡਿਆਂ ਦੇ ਗਲ ਟੱਲੀ ਕਿਸੇ ਨਹੀਂ ਸੀ ਬੰਨ੍ਹਣੀ। ਭਾਈ ਤੂੰ ਜੁਗਤ ਵੀ
ਚੰਗੀ ਵਰਤੀ। ਸਭ ਨੇ ਸਾਰੀ ਉਮਰ ਬੁੜ ਬੁੜ ਕਰਦੇ ਰਹਿਣਾ ਸੀ ਪਰ ਜ਼ਮੀਨ ਕਿਸੇ ਕੋਲੋਂ ਛੁਡਵਾਈ
ਨਹੀਂ ਸੀ ਜਾਣੀ।”
ਮੈਂ ਕਿਹਾ, “ਭਾਊ ਜੀ! ਮੇਰਾ ਨਹੀਂ ਇਹ ਤਾਂ ਸੰਗਤ ਦੇ ਮਿਲ ਬੈਠਣ ਦਾ ਕਮਾਲ ਹੈ। ਸੰਗਤ
ਇਕੱਠੀ ਹੋ ਗਈ। ਮਿਲ ਬੈਠਣ ਨੇ ‘ਬੁੜ ਬੁੜ’ ਨੂੰ ‘ਬੋਲਾਂ’ ਵਿਚ ਬਦਲ ਲਿਆ। ਬੋਲ ਤਾਕਤ ਬਣ
ਗਏ। ਮਸਲਾ ਹੱਲ ਹੋ ਗਿਆ। ਅਗਲਿਆਂ ਵੇਖ ਲਿਆ ਕਿ ਹੁਣ ਸਾਰੀ ਪੱਤੀ ਇਕਮੁਠ ਹੋ ਗਈ ਹੈ।
ਇਕਮੁੱਠਤਾ ਅੱਗੇ ਕੋਈ ਨਹੀਂ ਟਿਕਦਾ। ਮੈਂ ਤਾਂ ਬਹਾਨਾ ਤੇ ਵਸੀਲਾ ਬਣਿਆਂ। ਅਸਲੀ ਦਬਾਅ ਤਾਂ
ਭਾਈਚਾਰੇ ਦੇ ਏਕੇ ਦਾ ਸੀ।”
“ਪਰ ਪਹਿਲ ਤਾਂ ਤੂੰ ਈ ਕੀਤੀ।”
“ਨਹੀਂ, ਪਹਿਲ ਵੀ ਤੁਸਾਂ ਕੀਤੀ। ਤੁਸਾਂ ਹੀ ਮੈਨੂੰ ਅਹਿਸਾਸ ਕਰਾਇਆ ਕਿ ਮੈਂ ਵਸੀਲਾ ਬਣ
ਸਕਦਾਂ। ਨਹੀਂ ਤਾਂ ਸ਼ਾਇਦ ਮੈਂ ਵੀ ਹੋਰਨਾਂ ਵਾਂਗ ਸੋਚੀ ਜਾਂਦਾ ਕਿ ‘ਬਲਦੀ ਦੇ ਬੁੱਥੇ ਕਿਉਂ
ਸਿਰ ਦਿਆਂ?’
ਇਕ ਦੂਜੇ ਦੀ ਤਾਰੀਫ਼ ਕਰਨ ਦੀ ਥਾਂ ਅੰਤਮ ਤੌਰ ‘ਤੇ ਸਾਨੂੰ ਇਸ ਨੁਕਤੇ ‘ਤੇ ਹੀ ਸਹਿਮਤ ਹੋਣਾ
ਪਿਆ ਕਿ ਸਾਰੀ ਤਾਕਤ ਤਾਂ ਲੋਕਾਂ ਦੀ ਹੁੰਦੀ ਹੈ, ਬੰਦੇ ਤਾਂ ਉਸ ਤਾਕਤ ਨੂੰ ਜਗਾਉਣ ਜਾਂ
ਹੁਲਾਰਨ ਲਈ ਕੇਵਲ ਮਾਧਿਅਮ ਬਣਦੇ ਨੇ। ਆਪਣੇ ਬਾਰੇ ਇਸਤੋਂ ਵੱਧ ਹੋਣ ਦਾ ਅਨੁਮਾਨ ਲਾਉਣਾ ਜਾਂ
ਸੋਚਣਾ ਨਿਪਟ ਹਉਮੈਂ ਹੈ।
ਇਕ ਸਵੇਰ। ਅਜੇ ਮੈਂ ਸੌਂ ਕੇ ਉੱਠਿਆ ਹੀ ਸਾਂ ਕਿ ਸਾਡਾ ਬਾਹਰਲਾ ਦਰਵਾਜ਼ਾ ਖੜਕਿਆ। ਗਾਡੀ
ਦਰਵਾਜ਼ੇ ਵਿਚ ਲੱਗੀ ਵੱਡੀ ਬਾਰੀ ਖੋਲ੍ਹੀ। ਸਾਹਮਣੇ ਮੇਰੀ ਪੱਤੀ ਦਾ ਬਜ਼ੁਰਗ ਦਲੀਪ ਸਿੰਘ
ਅਟਾਰੀ ਵਾਲਾ ਬੁੱਕਲ ਮਾਰੀ ਖਲੋਤਾ ਸੀ। ਦਲੀਪ ਸਿੰਘ ਸਾਡੇ ਭਾਈਚਾਰੇ ਵਿਚੋਂ ਸੀ। ਸਿਆਣਾ ਤੇ
ਦਾਨਾ ਬਜ਼ੁਰਗ। ਮੇਰਾ ਪਿਓ ਉਹਨੂੰ ‘ਭਾਊ ਜੀ’ ਕਹਿ ਕੇ ਬੁਲਾਉਂਦਾ ਤੇ ਮੈਂ ‘ਤਾਇਆ ਜੀ’।
ਉਹਨੂੰ ਮੁੰਡਾ ਸ਼ਬੇਗਾ ਮੇਰਾ ਨਿੱਕੇ ਹੁੰਦੇ ਦਾ ਯਾਰ ਸੀ। ਕਦੀ ਉਹ ਸਾਡੇ ਘਰ ਆ ਜਾਂਦਾ, ਕਦੀ
ਮੈਂ ਉਹਨਾਂ ਦੇ ਘਰ ਚਲਾ ਜਾਂਦਾ। ਤਾਈ ਜੋਗਿੰਦਰ ਕੌਰ, ਮੇਰੀ ਮਾਂ ਦੀ ਸਿਰਨਾਵੀਂ, ਪੁੱਤਾਂ
ਵਾਂਗ ਲਾਡ ਕਰਦੀ, ਚੋਘੇ ਕੱਢਕੇ ਰੋਟੀ ਖਵਾਉਂਦੀ। ਸਾਡਾ ਵਿਆਹਵਾਂ-ਸ਼ਾਦੀਆਂ ਤੇ ਆਉਣ ਜਾਣ।
ਗੋਡੀ, ਵਾਢੀ ਤੇ ਵਹਾਈ ਲਈ ਇਕ ਦੂਜੇ ਟੱਬਰ ਦੀ ਮਦਦ ਕਰਨੀ। ਮੈਂ ਉਹਦੇ ਹੱਥਾਂ ਵਿਚ ਪਲਿਆ
ਸਾਂ। ਪੱਤੀ ਵਿਚ ਉਹਦੀ ਗੱਲ ਧਿਆਨ ਨਾਲ ਸੁਣੀ ਜਾਂਦੀ ਸੀ। ਪਿੰਡ ਦੇ ਕਈ ਸਾਲ ਧੜੱਲੇ ਨਾਲ
ਸਰਪੰਚੀ ਕਰਨ ਵਾਲੇ ਸੇਵਾ ਸਿੰਘ ਦਾ ਸਭ ਤੋਂ ਨੇੜਲਾ ਯਾਰ ਤੇ ਹਮਾਇਤੀ ਦਲੀਪ ਸਿੰਘ ਹੁਣ
ਪਿਛਲੇਰੀ ਉਮਰ ਵਿਚ ਸੀ। ਅੱਜ ਕੱਲ੍ਹ ਉਹਦਾ ਟੱਬਰ ਡੰਡੀ ਵਾਲੇ ਖੂਹ ‘ਤੇ ਬਣੇ ਡੇਰੇ ਉਪਰ
ਰਿਹਾਇਸ਼ ਰੱਖਦਾ ਸੀ। ਸਵੇਰੇ ਸਵੇਰੇ ਉਹਦਾ ਮੇਰੇ ਵੱਲ ਆਉਣਾ ਖਟਕਿਆ। ਕੋਈ ਗੱਲ ਜ਼ਰੂਰ ਸੀ।
ਫ਼ਤਹਿ ਬੁਲਾ ਕੇ ਮੈਂ ਬਾਰੀ ‘ਚੋਂ ਪਾਸੇ ਹੋਇਆ, “ਲੰਘ ਆਓ ਤਾਇਆ ਜੀ।”
ਬੈਠਕ ਵਿਚ ਉਹਦੇ ਸਾਹਮਣੇ ਬੈਠ ਕੇ ਮੈਂ ਉਸ ਵੱਲ ਪੁੱਛਦੀਆਂ ਨਜ਼ਰਾਂ ਨਾਲ ਵੇਖਿਆ। ਉਹਦਾ
ਚਿਹਰਾ ਗਹਿਰ-ਗੰਭੀਰ ਸੀ ਤੇ ਅੱਖਾਂ ਲਾਲ ਗਹਿਰੀਆਂ। ਆਪਣੀ ਬੁੱਕਲ ਵਿਚੋਂ ਉਹਨੇ ਸੱਜਾ ਹੱਥ
ਬਾਹਰ ਕੱਢਿਆ ਤੇ ਹੱਥ ਵਿਚ ਫੜਿਆ ਧੌਲੇ ਵਾਲਾਂ ਦਾ ਰੁੱਗ ਮੇਰੇ ਵੱਲ ਵਧਾਇਆ।
“ਆਹ ਲੈ, ਇਹਨਾਂ ਵਾਲਾਂ ਦਾ ਮੁੱਲ ਪਾ ਸਕਦਾ ਏਂ ਤਾਂ ਦੱਸ ਮੈਨੂੰ। ਨਹੀਂ ਤਾਂ ਕੋਈ ਹੋਰ ਰਾਹ
ਵੇਖਾਂ।”
ਮੈਨੂੰ ਕੋਈ ਸਮਝ ਨਾ ਆਈ। ਘਰਵਾਲੀ ਨੂੰ ਚਾਹ ਬਨਾਉਣ ਲਈ ਆਵਾਜ਼ ਦੇ ਕੇ ਮੈਂ ਸਾਰੀ ਗੱਲ
ਵਿਸਥਾਰ ਨਾਲ ਜਾਨਣੀ ਚਾਹੀ।
ਰਾਤੀਂ ਉਹ ਖੇਤਾਂ ਵਿਚੋਂ ਕਿਸੇ ਕੰਮ ਪਿੰਡ ਆਇਆ ਸੀ। ਬਜ਼ਾਰ ਵਿਚੋਂ ਲੰਘਦਿਆਂ ਉਹਨੇ ਵੇਖਿਆ
ਕਿ ਸਾਹਮਣੇ ਚੌਕੀ ਦਾ ਥਾਣੇਦਾਰ ਤੇ ਦੋ ਕੁ ਸਿਪਾਹੀ ਕਿਸੇ ਨੂੰ ਬਜ਼ਾਰ ਵਿਚ ਘੇਰੀ ਖੜੇ ਸਨ।
ਉਹਨਾਂ ਵੱਲ ਵੇਖ ਕੇ ਉਹਨੂੰ ਖਿ਼ਆਲ ਆਇਆ ਕਿ ਘੋੜੇ ਦੇ ਪਛਾੜੀ ਤੇ ਅਫ਼ਸਰ ਦੇ ਅਗਾੜੀ ਨਾ ਹੀ
ਲੰਘੀਏ ਤਾਂ ਚੰਗਾ ਹੈ। ਉਹ ਬਜ਼ਾਰ ਵਿਚੋਂ ਨਿਕਲਦੀ ਵਿਚਲੀ ਗਲੀ ਵਿਚ ਪੈ ਗਿਆ। ਉਹਨੂੰ ਪਾਸਾ
ਵੱਟ ਕੇ ਗਲੀ ਵੱਲ ਮੁੜਦਿਆਂ ਥਾਣੇਦਾਰ ਨੇ ਵੇਖ ਲਿਆ। ਸਿਪਾਹੀਆਂ ਨੂੰ ਕਹਿੰਦਾ, “ਉਹਨੂੰ ਫੜੋ
ਕੰਜਰ ਨੂੰ ਝਕਾਨੀ ਦੇ ਕੇ ਭੱਜ ਚੱਲਿਆ ਜੇ।”
ਭੱਜਣਾ ਉਹਨੇ ਕਿੱਥੇ ਸੀ। ਉਹ ਨਾ ਸ਼ਰਾਬੀ ਨਾ ਐਬੀ। ਦਸਾਂ ਨਹੂੰਆਂ ਦੀ ਕਿਰਤ ਕਰਨ ਵਾਲਾ। ਏਸ
ਉਮਰੇ ਵੀ ਹਲ਼ ਵਾਹੁੰਦਾ। ਸਿਪਾਹੀਆਂ ਨਾਲ ਬਜ਼ਾਰ ਨੂੰ ਮੁੜ ਪਿਆ।
“ਕਿਧਰ ਭੱਜਣ ਲੱਗਾ ਸੈਂ ਕੰਜਰਾ! ਕੁੜੀ ਚੋਦਾ ਅਸੀਂ ਭੱਜਣ ਦੇਂਦੇ ਆਂ ਤੇਰੇ ਵਰਗੇ ਗੁੰਡਿਆਂ
ਨੂੰ। ਤੂੰ ਸਾਨੂੰ ਕੀ ਸਮਝਿਐ ਉਏ!” ਸ਼ਰਾਬੀ ਥਾਣੇਦਾਰ ਚੀਕਿਆ।
ਦਲੀਪ ਸਿੰਘ ਸੁੱਚਾ ਬੰਦਾ ਸੀ। ਉਹਨੂੰ ਸਵੈਮਾਣ ਹੁੰਗਾਰਿਆ।
“ਸਰਦਾਰਾ! ਜ਼ਬਾਨ ਸੰਭਾਲ ਕੇ ਗੱਲ ਕਰ। ਮੈਂ ਕੋਈ ਚੋਰ-ਉਚੱਕਾ ਨਹੀਂ।”
ਏਨੀ ਸੁਣਦਿਆਂ ਥਾਣੇਦਾਰ ਨੇ ਉਹਦੀ ਦਾੜ੍ਹੀ ਨੂੰ ਫੜ ਲਿਆ।
“ਬੁੱਢਿਆ! ਚੌਰਿਆ! ਤੇਰੀ ਇਹ ਹਿੰਮਤ?”
ਦੋਵਾਂ ਹੱਥਾਂ ਨਾਲ ਦਾੜ੍ਹੀ ਨੂੰ ਹਲੂਣਿਆਂ। ਵਾਲਾਂ ਦਾ ਰੁੱਗ ਉਹਦੇ ਹੱਥਾਂ ਵਿਚ ਸੀ। ਦਲੀਪ
ਸਿੰਘ ਨੇ ਬਚਾਅ ਕਰਨ ਲਈ ਉਹਨੂੰ ਹੱਥਾਂ ਨਾਲ ਧੱਕਿਆ। ਉਹਨੇ ਗਾਲ੍ਹਾਂ ਦਿੰਦਿਆਂ ਫਿਰ ਉਹਦੀ
ਦਾੜ੍ਹੀ ਫੜ ਲਈ। ਆਖ਼ਰ ਸਿਪਾਹੀਆਂ ਨੇ ਹੀ ‘ਚਲੋ ਛੱਡੋ ਸਰਦਾਰ ਜੀ!’ ਆਖ ਕੇ ਦਲੀਪ ਸਿੰਘ ਨੂੰ
ਛੁਡਵਾਇਆ। ਨਹੀਂ ਤਾਂ ਉਹ ਕਹਿ ਰਿਹਾ ਸੀ, “ਲੈ ਚਲੋ ਇਹਨੂੰ ਚੌਕੀ ਹਰਾਮ ਦੇ ਨੂੰ। ਇਹ ਗਲੀ
‘ਚ ਕਿਤੇ ਨਜਾਇਜ਼ ਸ਼ਰਾਬ ਲੁਕਾ ਆਇਆ। ਇਹਦੇ ਤੋਂ ਬਰਾਮਦ ਕਰਾਉਣੀ ਆਂ।”
ਦਲੀਪ ਸਿੰਘ ਨੇ ਰਾਤੀਂ ਹੋਈ ਬੀਤੀ ਦਾ ਨਕਸ਼ਾ ਬੰਨ੍ਹ ਦਿੱਤਾ।
“ਆਹ ਵਾਲ ਮੈਂ ਹੁਣ ਬਜ਼ਾਰ ‘ਚੋਂ ਜ਼ਮੀਨ ‘ਤੇ ਡਿੱਗੇ ਕੱਠੇ ਕਰਕੇ ਲਿਆਇਆਂ। ਅਜੇ ਵੀ ਵੇਖ
ਦਾੜ੍ਹੀ ‘ਚੋਂ ਨਿਕਲਦੇ।” ਉਹਨੇ ਦਾੜ੍ਹੀ ਵਿਚ ਹੱਥ ਫੇਰਿਆ ਤੇ ਹੋਰ ਦਸ ਬਾਰਾਂ ਵਾਲ ਕੱਢ ਕੇ
ਮੇਰੀ ਤਲੀ ‘ਤੇ ਧਰ ਦਿੱਤੇ।
ਥਾਣੇਦਾਰ ਵਿਰੱਧ ਗੁੱਸੇ ਨਾਲ ਮੇਰਾ ਅੰਦਰ ਹਲੂਣਿਆਂ ਗਿਆ। ਇਕ ਦਮ ਮੈਨੂੰ ਕੋਈ ਗੱਲ ਸੁੱਝੀ
ਨਾ। ਪਲ ਕੁ ਸੋਚਿਆ ਤਾਂ ਮਹਿਸੂਸ ਹੋਇਆ, ਪੁਲਿਸ ਨਾਲ ਪੰਗਾ ਲੈਣ ਲਈ ਪਿੰਡ ਵਿਚੋਂ ਸਿਆਣਿਆਂ
ਤੇ ਮੋਹਤਬਰ ਬੰਦਿਆਂ ਨੂੰ ਨਾਲ ਲੈਣਾ ਬੜਾ ਜ਼ਰੂਰੀ ਸੀ। ਸਿਰਫ਼ ਸਾਡੇ ਮੁੰਡਿਆਂ ਖੁੰਡਿਆਂ
ਤੋਂ ਸ਼ਾਇਦ ਇਹ ਗੱਲ ਸੰਭਾਲੀ ਨਾ ਜਾ ਸਕੇ। ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਸਾਥੀਆਂ ਤੇ
ਹੋਰ ਬੰਦਿਆਂ ਨਾਲ ਗੱਲ ਕਰਦਾਂ, ਉਹ ਓਨਾ ਚਿਰ ਆਪਣੇ ਪੁਰਾਣੇ ਯਾਰ ਸੇਵਾ ਸਿੰਘ ਸਾਬਕਾ ਸਰਪੰਚ
ਵੱਲ ਹੋ ਆਏ।
ਉਹ ਕਹਿੰਦਾ, “ਮੈਂ ਹੋ ਆਇਆਂ। ਉਹ ਵੀ ਆਂਹਦਾ ਸੀ ਹੋਰ ਬੰਦਿਆਂ ਨੂੰ ਪਹਿਲਾਂ ਮਿਲ ਆਵਾਂ। ਹੈ
ਨੀ ਉਹਨਾਂ ਤਿਲਾਂ ‘ਚ ਤੇਲ। ਹੁਣ ਮੈਂ ‘ਕੱਲ੍ਹੇ ‘ਕੱਲ੍ਹੇ ਦੇ ਬੂਹੇ ‘ਤੇ ਜਾ ਕੇ ਕੀਹਦੇ
ਕੀਹਦੇ ਕੋਲ ਆਪਣੀ ਦਾੜ੍ਹੀ ਪੁਟਾਵਾਂ। ਤੂੰ ਈ ਦੱਸ।”
ਮੈਂ ਉਹਦੇ ਗੋਡੇ ਨੱਪ ਕੇ ਧਰਵਾਸ ਦਿੱਤਾ। ਪਿੰਡ ਦੇ ਸਾਥੀਆਂ ਕੋਲ ਗਿਆ। ਮੀਟਿੰਗ ਕੀਤੀ। ਆਸੇ
ਪਾਸੇ ਦੇ ਪਿੰਡਾਂ ਦੀਆਂ ਨੌਜਵਾਨ ਸਭਾਵਾਂ ਨੂੰ ਸੁਨੇਹਾਂ ਭੇਜਿਆ। ਦੁਪਹਿਰ ਤੱਕ ਚਾਲੀ ਪੰਜਾਹ
ਬੰਦੇ ਇਕੱਠੇ ਹੋ ਗਏ। ਅਸੀਂ ਪੁਲਿਸ ਦੇ ਖਿ਼ਲਾਫ਼ ਨਾਅ੍ਹਰੇ ਲਾਉਂਦਾ ਜਲੂਸ ਸਾਰੇ ਪਿੰਡ ਦੇ
ਦੁਆਲੇ ਕੱਢਿਆ। ਥਾਣੇ ਸਾਹਮਣੇ ਰੈਲੀ ਕੀਤੀ। ਥਾਣੇਦਾਰ ਨੂੰ ਸਿੱਧਾ ਮਿਲਣ ਦੀ ਥਾਂ ਅਸੀਂ ਕੁਝ
ਜਣੇ ਦਲੀਪ ਸਿੰਘ ਨੂੰ ਉਹਦੇ ਵਾਲਾਂ ਸਮੇਤ ਲੈ ਕੇ ਅੰਮ੍ਰਿਤਸਰ ਦੇ ਐੱਸ ਐੱਸ ਪੀ ਨੂੰ ਜਾ
ਮਿਲੇ। ਦਲੀਪ ਸਿੰਘ ਤੋਂ ਸਾਰੀ ਕਹਾਣੀ ਸੁਣਵਾਈ। ਐੱਸ ਐੱਸ ਪੀ ‘ਤੇ ਗੱਲਾਂ ਵਿਚਲੀ ਸਦਾਕਤ ਦਾ
ਅਸਰ ਪ੍ਰਤੱਖ ਦਿਸਦਾ ਸੀ। ਉਹਨੇ ਤਰਨਤਾਰਨ ਦੇ ਡੀ ਐੱਸ ਪੀ ਨੂੰ ਸਵੇਰੇ ਜਾ ਕੇ ਸਾਰੇ ਕੇਸ ਦੀ
ਇਨਕੁਆਇਰੀ ਕਰਨ ਲਈ ਸਾਡੇ ਸਾਹਮਣੇ ਫ਼ੋਨ ਕਰ ਦਿੱਤਾ।
ਪਿੰਡ ਆ ਕੇ ਮੈਂ ਆਪਣੀ ਪਛਾਣ ਦੇ ਕੁਝ ਉਹਨਾਂ ਬਜ਼ੁਰਗਾਂ ਨੂੰ, ਜਿਹੜੇ ਸਾਡੇ ਕੀਤੇ ਕੰਮਾਂ
ਨੂੰ ਆਦਰ ਦੀ ਨਜ਼ਰ ਨਾਲ ਵੇਖਦੇ ਸਨ, ਆਪਣੇ ਨਾਲ ਤੁਰਨ ਤੇ ਡੀ ਐੱਸ ਪੀ ਕੋਲ ਹੋਈ ਵਧੀਕੀ
ਖਿ਼ਲਾਫ਼ ਸਾਡੇ ਨਾਲ ਖਲੋਣ ਦੀ ਬੇਨਤੀ ਕੀਤੀ। ਉਹਨਾਂ ਵਿਚੋਂ ਵੀ ਸਿਵਾਇ ਮੋਤਾ ਸਿੰਘ ਦੇ,
ਜਿਹੜਾ ਮੇਰੇ ਪਿਓ ਦਾ ਯਾਰ ਰਿਹਾ ਸੀ, ਸਾਡੇ ਨਾਲ ਹੋਰ ਕੋਈ ਤੁਰਨ ਲਈ ਤਿਆਰ ਨਹੀਂ ਸੀ।
ਉਹਨਾਂ ਚੌਧਰੀਆਂ ਨੇ ਤਾਂ ਸਾਡੇ ਨਾਲ ਤੁਰਨਾ ਹੀ ਕੀ ਸੀ ਜਿਨ੍ਹਾਂ ਦੀਆਂ ਪੁਲਿਸ ਨਾਲ
ਚੱਤੋ-ਪਹਿਰ ਹਰੀਆਂ ਚੁਗਦੀਆਂ ਸਨ। ਉਂਜ ਵੀ ਪੁਲਿਸ ਨਾਲ ਪੰਗਾ ਲੈ ਕੇ ਕੋਈ ਦਲੀਪ ਸਿੰਘ ਵਰਗੀ
ਨਹੀਂ ਸੀ ਕਰਵਾਉਣੀ ਚਾਹੁੰਦਾ।
ਫਿਰ ਵੀ ਅਗਲੇ ਦਿਨ ਅਸੀਂ ਕੋਈ ਸੌ ਕੁ ਬੰਦਾ ਇਕੱਠਾ ਕਰ ਲਿਆ। ਇਕ ਪਾਸੇ ਅਸੀਂ ਤੇ ਦੂਜੇ
ਪਾਸੇ ਥਾਣੇਦਾਰ ਨੇ ਆਪਣੇ ਹੱਕ ਵਿਚ ਪਿੰਡ ਦੇ ਨਵੇਂ-ਪੁਰਾਣੇ ਸਰਪੰਚ, ਪੰਚਾਇਤ ਮੈਂਬਰ ਤੇ
ਹੋਰ ਘੜੰਮ ਚੌਧਰੀ ਬੁਲਾਏ ਹੋਏ ਸਨ। ਉਹਨਾਂ ਵਿਚੋਂ ਥਾਣੇਦਾਰ ਦੇ ਸਿਖਾਏ ਇਕ ਦੋ ਜਣੇ ਸਾਡੇ
ਕੋਲ ਸਮਝੌਤਾ ਕਰਵਾਉਣ ਦੀ ਤਜਵੀਜ਼ ਲੈ ਕੇ ਆਏ। ਸਾਡੇ ਤੋਂ ਪਹਿਲਾਂ ਦਲੀਪ ਸਿੰਘ ਚੀਕ ਪਿਆ,
“ਲਿਆਓ! ਤੁਹਾਡੇ ‘ਚੋਂ ਕੋਈ ਆਪਣੀ ਦਾੜ੍ਹੀ ਪੁਟਾਉਣ ਨੂੰ ਤਿਆਰ ਐ? ਮੈਂ ਸਮਝੌਤਾ ਕਰ
ਲੈਨਾਂ।”
ਵਿਚੋਲੇ ਚੁੱਪ-ਚਾਪ ਖਿਸਕ ਗਏ।
ਡੀ ਐੱਸ ਪੀ ਨੇ ਸਾਨੂੰ ਸੁਨੇਹਾਂ ਭੇਜਿਆ ਕਿ ਐੱਸ ਐੱਸ ਪੀ ਕੋਲ ਜਾਣ ਵਾਲੇ ਦੋ ਤਿੰਨ ਜਣੇ
ਅੰਦਰ ਆ ਜਾਣ; ਬਾਕੀ ਬਾਹਰ ਈ ਬੈਠਣ। ਅਸੀਂ ਮੋਤਾ ਸਿੰਘ ਨੂੰ ਵੀ ਨਾਲ ਲੈ ਲਿਆ। ਉਹਨੇ ਸਾਰਾ
ਕੇਸ ਧਿਆਨ ਨਾਲ ਸੁਣਿਆਂ। ਅਸੀਂ ਤਾਂ ਆਖਣਾ ਹੀ ਸੀ ਪਰ ਦਲੀਪ ਸਿੰਘ ਆਪ ਵੀ ਚੰਗਾ ਗੱਲ-ਕਾਰ
ਸੀ। ਉਹਨੇ ਸਾਰੀ ਕਹਾਣੀ ਹੂਬਹੂ ਬਿਆਨ ਕੀਤੀ। ਦਾੜ੍ਹੀ ਦੇ ਵਾਲਾਂ ਦਾ ਰੁੱਗ ਉਹਨੇ ਮੇਜ਼ ‘ਤੇ
ਰੱਖ ਦਿੱਤਾ। ਮੈਂ ਗਵਾਹੀ ਦਿੱਤੀ ਕਿ ਦਲੀਪ ਸਿੰਘ ਪਿੰਡ ਦੇ ਦਨਾਅ ਬੰਦਿਆਂ ਵਿਚੋਂ ਸੀ। ਅੱਜ
ਤੱਕ ਉਹਨੇ ਨਾ ਕਿਸੇ ਨਾਲ ਲੜਾਈ ਝਗੜਾ ਕੀਤਾ ਹੈ ਤੇ ਨਾ ਹੀ ਕੋਈ ਅਜਿਹਾ ਗੁਨਾਹ ਕੀਤਾ ਹੈ ਕਿ
ਉਹਨੂੰ ਜਿ਼ੰਦਗੀ ਭਰ ਕਦੀ ਥਾਣੇ ਦਾ ਮੂੰਹ ਵੇਖਣਾ ਪਿਆ ਹੋਵੇ। ਸ਼ਰਾਬੀ ਹੋਏ ਥਾਣੇਦਾਰ ਨੇ ਉਸ
ਨਾਲ ਸਰਾਸਰ ਵਧੀਕੀ ਕੀਤੀ ਹੈ। ਉਹਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ।
“ਤੂੰ ਕੌਣ ਹੁੰਦੈਂ ਅੱਗੇ ਲੱਗ ਕੇ ਲੜਾਈ ਲੜਨ ਵਾਲਾ? ਇਹਦੇ ਆਪਣੇ ਪੁੱਤ ਭਤੀਏ ਕਿੱਥੇ ਨੇ?
ਮੈਨੂੰ ਪਤੈ ਤੁਸੀਂ ਸਭਾਵਾਂ ਵਾਲੇ ਤਾਂ ਰੇੜਕਾ ਖੜਾ ਕਰੀ ਰੱਖਣਾ ਚਾਹੁੰਦੇ ਓ ਕਿਸੇ ਨਾ ਕਿਸੇ
ਗੱਲੋਂ। ਬਹਾਨਾ ਮਿਲਿਆ ਨਹੀਂ ਤੇ ਤੁਸੀਂ ‘ਜਿ਼ੰਦਾਬਾਦ, ਮੁਰਦਾਬਾਦ’ ਸ਼ੁਰੂ ਨਹੀਂ ਕੀਤੀ। ਸਭ
ਨਕਸਲੀਏ ਓ ਤੁਸੀਂ” ਡੀ ਐੱਸ ਪੀ ਨੇ ਪੁਲਸੀਆ ਰੋਹਬ ਝਾੜਦਿਆਂ ਲੋਕ-ਜਥੇਬੰਦੀਆਂ ਵੱਲ ਆਪਣੀ
ਨਫ਼ਰਤੀ ਹਉਂ ਦਾ ਪ੍ਰਗਟਾਵਾ ਕੀਤਾ।
“ਨਕਸਲੀਆਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਮੈਂ ਤਾਂ ਬਜ਼ੁਰਗ ਦਾ ਭਤੀਆ ਹਾਂ ਤੇ ਇਹ
ਮੇਰਾ ਤਾਇਆ ਹੈ। ਮੈਂ ਸਕੂਲ ਅਧਿਆਪਕ ਹਾਂ ਤੇ ਕਿਸੇ ਸਭਾ ਦਾ ਅਹੁਦੇਦਾਰ ਵੀ ਨਹੀਂ। ਤੁਹਾਡਾ
ਕੀ ਖਿ਼ਆਲ ਹੈ ਕਿ ਲੜਨ ਲਈ ‘ਬਹਾਨਾ’ ਬਨਾਉਣ ਵਾਸਤੇ ਤੇ ਤੁਹਾਨੂੰ ਵਿਖਾਉਣ ਲਈ ਅਸੀਂ ਆਪਣੇ
ਪਿਓ ਦਾਦਿਆਂ ਦੀਆਂ ਦਾੜ੍ਹੀਆਂ ਆਪੇ ਪੁੱਟਦੇ ਆਂ?”
ਕੋਲੋਂ ਮੋਤਾ ਸਿੰਘ ਤਲਖ਼ੀ ਵਿਚ ਆ ਗਿਆ, “ਸਰਦਾਰ ਜੀ! ਇਹ ਕੀ ਗੱਲ ਹੋਈ ਭਲਾ ਕਿ ਕਿਸੇ
ਬਜ਼ੁਰਗ ਦੀ ਪੁਲਿਸ ਬੇਇਜ਼ਤੀ ਕਰੇ ਤੇ ਉਹਦੇ ਪੁਤਾਂ ਭਤੀਇਆਂ ਤੋਂ ਬਿਨਾਂ ਉਹਦੇ ਹੱਕ ਵਿਚ
ਕੋਈ ਆਵਾਜ਼ ਈ ਨਾ ਉਠਾਵੇ? ਪੁੱਤ ਭਤੀਆ ਪੁਲਿਸ ਦੀ ਦਹਿਸ਼ਤ ਤੋਂ ਡਰਦਾ ਬੋਲੇ ਕੋਈ ਨਾ ਤੇ
ਹੋਰ ਕਿਸੇ ਨੂੰ ਤੁਸੀਂ ਬੋਲਣ ਨਾ ਦਿਓ। ਵਾਹ ਜੀ! ਇਹ ਕਿੱਧਰ ਦਾ ਨਿਆਂ ਏਂ?”
ਡੀ ਐੱਸ ਪੀ ਜਵਾਬ ਵਿਚ ਕੁਝ ਨਹੀਂ ਬੋਲਿਆ।
ਸਾਡੇ ਤੋਂ ਬਾਅਦ ਪਿੰਡ ਦੇ ਵੱਡੇ ਵੱਡੇ ਚੌਧਰੀ ਥਾਣੇਦਾਰ ਦੇ ਹੱਕ ਵਿਚ ਨਿੱਤਰੇ। ਚੌਕੀ ਦੇ
ਲਾਂਗਰੀ ਨੇ ਜਿਹੜਾ ਡੀ ਐੱਸ ਪੀ ਨੂੰ ਪਾਣੀ ਧਾਣੀ ਫੜਾਉਣ ਦੀ ਡਿਊਟੀ ਨਿਭਾ ਰਿਹਾ ਸੀ, ਬਾਹਰ
ਆਕੇ ਸਾਨੂੰ ਦੱਸਿਆ ਕਿ ਚੌਧਰੀ ਕਹਿ ਰਹੇ ਸਨ ਕਿ ‘ਜੀ! ਥਾਣੇਦਾਰ ਸਾਹਿਬ ਵਰਗਾ ਨੇਕ ਥਾਣੇਦਾਰ
ਤਾਂ ਅੱਜ ਤੱਕ ਇਸ ਚੌਕੀ ਵਿਚ ਕਦੀ ਆਇਆ ਈ ਨਹੀਂ। ਬੜੇ ਭਲੇਮਾਣਸ ਨੇ, ਸਭ ਦੀ ਸੁਣਕੇ ਨਿਆਂ
ਕਰਨ ਵਾਲੇ। ਕਿਸੇ ਨਾਲ ਧੱਕਾ ਨਹੀਂ, ਕਿਸੇ ਨਾਲ ਵਧੀਕੀ ਨਹੀਂ।”
ਡੀ ਐੱਸ ਪੀ ਨੇ ਮੇਜ਼ ‘ਤੇ ਪਏ ਦਲੀਪ ਸਿੰਘ ਦੀ ਦਾੜ੍ਹੀ ਦੇ ਵਾਲਾਂ ਵੱਲ ਇਸ਼ਾਰਾ ਕਰਕੇ
ਪੁੱਛਿਆ ਸੀ, “ਆਹ ਦਾੜ੍ਹੀ ਦੇ ਵਾਲ ਉਹ ਆਪੇ ਪੁੱਟ ਕੇ ਲੈ ਆਇਐ?”
ਚੌਧਰੀ ਛਿੱਥੇ ਪਏ ਆਖਣ ਲੱਗੇ ਕਿ ਇਹ ਗ਼ਲਤੀ ਪਤਾ ਨਹੀਂ ਉਹਨਾਂ ਤੋਂ ਕਿਵੇਂ ਹੋ ਗਈ!
ਡੀ ਐੱਸ ਪੀ ਖਿਝ ਗਿਆ। ਕਹਿੰਦਾ, “ਤੁਸੀਂ ਸਾਰੇ ਚਿੱਟੇ ਪੱਗੜ ਬੰਨ੍ਹ ਕੇ ਹਵੇਲੀਆਂ ਤੇ
ਵਾੜਿਆਂ ‘ਚੋਂ ਉੱਠ ਕੇ ਆ ਗਏ ਜੇ। ਤੁਸੀਂ ਵੀ ਏਦਾਂ ਦਾ ਨਿਆਂ ਈ ਕਰਦੇ ਹੋਵੋਗੇ?”
ਇਨਕੁਆਇਰੀ ਨਿਪਟਾਉਣ ਤੋਂ ਬਾਅਦ ਡੀ ਐੱਸ ਪੀ ਜਾਣ ਲੱਗਾ ਤਾਂ ਮੈਂ ਅੱਗੇ ਹੋ ਕੇ ਪੁੱਛਿਆ ਕਿ
ਉੇਹਨੇ ਕੀ ਫ਼ੈਸਲਾ ਕੀਤਾ ਹੈ। ਉਹ ਖਿਝ ਕੇ ਅਫ਼ਸਰੀ ਠਾਠ ਨਾਲ ਬੋਲਿਆ, “ਕਿਉਂ ਤੂੰ ਮੇਰਾ
ਅਫ਼ਸਰ ਲੱਗਾ ਏਂ, ਜੋ ਤੈਨੂੰ ਜਵਾਬ ਦਿਆਂ?”
ਅਸਲ ਵਿਚ ਡੀ ਐੱਸ ਪੀ ਨੌਜਵਾਨ ਸਭਾ ਦੇ ਅੱਗੇ ਲੱਗਣ ‘ਤੇ ਖ਼ਫ਼ਾ ਲੱਗਦਾ ਸੀ ਤੇ ਉਸਦੇ ਵਿਹਾਰ
ਵਿਚੋਂ ਲੋਕ-ਜਥੇਬੰਦੀਆਂ ਪ੍ਰਤੀ ਸਥਾਪਤੀ ਦੇ ਨਜ਼ਰੀਏ ਦੀ ਝਲਕ ਪੈਂਦੀ ਸੀ। ਫਿਰ ਵੀ ਜੀਪ ਵਿਚ
ਬੈਠਣ ਲੱਗਿਆਂ ਉਹਦੇ ਮੂੰਹੋਂ ਨਿਕਲ ਗਿਆ, “ਨਿਆਂ ਹੋਊਗਾ।”
ਏਨੀ ਆਖ ਉਹ ਜੀਪ ਭਜਾ ਕੇ ਲੈ ਗਿਆ। ਅਗਲੇ ਦਿਨ ਐੱਸ ਐੱਸ ਪੀ ਨੂੰ ਮੁੜ ਤੋਂ ਮਿਲਣ ਦੀ ਸਲਾਹ
ਬਣਾ ਹੀ ਰਹੇ ਸਾਂ ਕਿ ਪਤਾ ਲੱਗਾ; ਇਨਕੁਆਇਰੀ ਦੇ ਆਧਾਰ ‘ਤੇ ਥਾਣੇਦਾਰ ਨੂੰ ਲਾਈਨ ਹਾਜ਼ਰ ਕਰ
ਲਿਆ ਗਿਆ ਹੈ।
ਅਸੀਂ ਪਿੰਡ ਵਿਚ ਜੇਤੂ ਜਲੂਸ ਕੱਢਿਆ।
‘ਪੁਲਿਸ-ਤਸ਼ੱਦਦ-ਮੁਰਦਾਬਾਦ!’ ‘ਧੱਕੇਸ਼ਾਹੀ ਨਹੀਂ ਚੱਲੇਗੀ!’ ‘ਪੁਲਸੀ ਟਾਊਟ ਮੁਰਦਾਬਾਦ!’
ਦੇ ਨਾਅ੍ਹਰੇ ਲਾਉਂਦੇ ਅਸੀਂ ਪਿੰਡ ਦੁਆਲੇ ਗੇੜਾ ਲਾਇਆ।
ਤਖ਼ਤਪੋਸ਼ਾਂ ‘ਤੇ ਬੈਠੇ ਚੌਧਰੀ ਸਾਡੇ ਵੱਲ ਵੇਖ ਕੇ ਖਸਿਆਨੀ ਹਾਸੀ ਹੱਸਣ।
ਅਗਲੇ ਦਿਨ ਆਪਣੇ ਆਪ ਨੂੰ ਘੈਂਟ ਸਮਝਣ ਵਾਲਾ ਉਹੋ ਥਾਣੇਦਾਰ ਪਿੰਡ ਦੇ ਮੋਅਤਬਰ ਬੰਦਿਆਂ ਨੂੰ
ਨਾਲ ਲੈ ਕੇ ਮੇਰੀਆਂ ਬਰੂਹਾਂ ‘ਤੇ ਮੁਆਫ਼ੀ ਮੰਗਣ ਆ ਗਿਆ। ਇਹਨਾਂ ਬੰਦਿਆਂ ਵਿਚ ਮੇਰੀ ਪਛਾਣ
ਦੇ ਆਂਢੀ-ਗਵਾਂਢੀ ਸ਼ਰੀਫ਼ ਬਜ਼ੁਰਗ ਵੀ ਸਨ। ਤਾਇਆ ਲਾਭ ਚੰਦ ਕਹਿਣ ਲੱਗਾ, “ਪੁੱਤ ਵਰਿਆਮ
ਸਿਅ੍ਹਾਂ! ਗਲਤੀ ਤਾਂ ਸਾਹਬ ਬਹਾਦਰ ਨੇ ਬੜੀ ਵੱਡੀ ਕੀਤੀ ਸੀ। ਪਰ ਹੁਣ ਭੁੱਲ ਬਖਸ਼ਾਉਣਾ
ਚਾਹੁੰਦੇ ਨੇ। ਪੁੱਤਰਾ! ਭੁੱਲ ਬਖ਼ਸ਼ ਦੇਣੀ ਵੀ ਮੁਦੱਬਰ ਬੰਦਿਆਂ ਦਾ ਕੰਮ ਐਂ। ਕਰੋ ਜੀ
ਸਾਹਬ ਬਹਾਦਰ ਤੁਸੀਂ ਆਪ ਗੱਲ ਕਰੋ।”
ਥਾਣੇਦਾਰ ਮੇਰੇ ਵੱਲ ਹੱਥ ਜੋੜ ਕੇ ਕਹਿੰਦਾ, “ਕਾਮਰੇਡ ਜੀ! ਬਥੇਰੀ ਹੋ ਗਈ ਮੇਰੇ ਨਾਲ। ਗਲਤੀ
ਮਾਫ਼ ਕਰ ਦਿਓ ਤੇ ਗੱਲ ਅੱਗੇ ਨਾ ਵਧਾਓ। ਲਾਈਨ ਹਾਜ਼ਰ ਤਾਂ ਹੋ ਗਿਆਂ। ਮੇਰਾ ਅੱਗੇ ਨੁਕਸਾਨ
ਹੋਣ ਤੋਂ ਬਚਾਓ। ਮੇਰੀ ਤਾਂ ਕੁਝ ਦਿਨਾਂ ਤੱਕ ਪ੍ਰਮੋਸ਼ਨ ਵੀ ਡਿਊ ਹੈ।”
ਮੈਂ ਕਿਹਾ ਕਿ ਉਹ ਮੇਰੇ ਕੋਲੋਂ ਨਹੀਂ, ਸਾਹਮਣੇ ਬੈਠੇ ਦਲੀਪ ਸਿੰਘ ਕੋਲੋਂ ਮੁਆਫ਼ੀ ਮੰਗ ਲਵੇ
ਤਾਂ ਅਸੀਂ ਉਸ ਖ਼ਿਲਾਫ਼ ਅਗਲਾ ਸੰਘਰਸ਼ ਰੋਕ ਲਵਾਂਗੇ! ਉਹ ਉੱਠ ਕੇ ਦਲੀਪ ਸਿੰਘ ਦੇ ਗੋਡਿਆਂ ਨੂੰ
ਹੱਥ ਲਾਉਣ ਲਈ ਅੱਗੇ ਵਧਿਆ ਤਾਂ ਉਸਨੇ ਅੱਗੋਂ ਥਾਣੇਦਾਰ ਨੂੰ ਗੁੱਸੇ ਵਿੱਚ ਝਿੜਕ ਕੇ
ਬਿਠਾਉਂਦਿਆਂ ਕਿਹਾ, “ਹੁਣ ਮੇਰੀ ਵਾਰੀ ਏ। ਪਰੇ ਹੋ ਜਾ, ਮੇਰੇ ਗੋਡਿਆਂ ਨੂੰ ਆਪਣੇ ਗੰਦੇ
ਹੱਥ ਨਾ ਲਾਵੀਂ। ਮੇਰੇ ਪੁੱਤ ਨੇ ਮੈਨੂੰ ਹੁਣ ਤੇਰੇ ਅੱਗੇ ਬੋਲਣ ਜੋਗਾ ਕਰ ਦਿੱਤਾ ਹੈ। ਮੈਂ
ਤੈਨੂੰ ਮਾਫ਼ ਨਹੀਂ ਕਰਨ ਲੱਗਾ।”
ਉਸ ਅੰਦਰੋਂ ਸਾਡੇ ਏਕੇ ਦੀ ਤਾਕਤ ਲਲਕਾਰ ਰਹੀ ਸੀ।
ਥਾਣੇਦਾਰ ਨੂੰ ਮਾਫ਼ੀ ਨਾ ਮਿਲੀ ਤੇ ਉਹਨੂੰ ਬਣਦੀ ਸਜ਼ਾ ਭੁਗਤਣੀ ਹੀ ਪਈ।
***
(ਕੰਪਿਊਟਰ ‘ਤੇ ਇਹ ਸਤਰਾਂ ਲਿਖ ਰਿਹਾ ਸਾਂ ਤਾਂ ਪਤਨੀ ਕੋਲ ਆਕੇ ਪੁੱਛਣ ਲੱਗੀ, “ਕੀ ਲਿਖ
ਰਹੇ ਓ?” ਮੈਂ ਦੱਸਿਆ ਤਾਂ ਕਹਿੰਦੀ, “ਤੁਹਾਨੂੰ ਉਹ ਗੱਲ ਚੇਤੇ ਐ ਜਦੋਂ ਘਾਟੀ ਉਤਲੇ ਕੁੜੀਆਂ
ਦੇ ਮਿਡਲ ਸਕੂਲ ਦੀਆਂ ਭੈਣ ਜੀਆਂ ਆਪਣੇ ਘਰ ਸਿ਼ਕਾਇਤ ਲੈ ਕੇ ਆਈਆਂ ਸਨ ਕਿ ਛੁੱਟੀ ਵਾਲੇ ਦਿਨ
ਕੁਝ ਬੰਦੇ ਕੰਧਾਂ ਟੱਪ ਕੇ ਸਕੂਲ ਵਿਚ ਆ ਜਾਂਦੇ ਨੇ ਤੇ ਓਥੇ ਬਰਾਂਡੇ ਵਿਚ ਬੈਠ ਕੇ ਸ਼ਰਾਬਾਂ
ਪੀਂਦੇ ਤੇ ਜੂਆ ਖੇਡਦੇ ਨੇ। ਤੁਸੀਂ ਉਹਨਾਂ ਬੰਦਿਆਂ ਦਾ ਪਤਾ ਕਰਕੇ ਉਹਨਾਂ ਨੂੰ ਵੀ ਹਟਾਇਆ
ਸੀ।”)
ਇਹ ਗੱਲ ਮੇਰੇ ਚੇਤੇ ਵਿਚ ਨਹੀਂ ਸੀ। ਪਤਨੀ ਦੇ ਕਹਿਣ ‘ਤੇ ਹੀ ਚੇਤੇ ਆਈ। ਇੰਜ ਹੀ ਕਈ ਹੋਰ
ਗੱਲਾਂ ਹਨ; ਚੇਤੇ ਵਿਚਲੀਆਂ ਵੀ ਤੇ ਚੇਤੇ ‘ਚੋਂ ਵਿਸਰ ਗਈਆਂ ਵੀ। ਪਰ ਮੇਰਾ ਉਹਨਾਂ ਸਾਰੀਆਂ
ਗੱਲਾਂ ਨੂੰ ਹੀ ਬਿਆਨ ਕਰਨ ਦਾ ਮਕਸਦ ਨਹੀਂ। ਮੈਂ ਤਾਂ ਇਹਨਾਂ ਕੁਝ ਗੱਲਾਂ ਦੇ ਪਿਛੋਕੜ ਨੂੰ
ਬਿਆਨ ਕਰ ਕੇ ਅਸਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ।
ਟੁੱਟਦੀਆਂ ਮਿੱਥਾਂ
ਇਹ ਅਠਵੇਂ ਦਹਾਕੇ ਦੇ ਅੰਤਲੇ ਸਾਲਾਂ ਦੀ ਗੱਲ ਹੈ। ਇਹਨਾਂ ਪਿਛਲੇ ਸਾਲਾਂ ਵਿਚ ਪੁਲਾਂ ਹੇਠੋਂ
ਬਹਤ ਪਾਣੀ ਵਗ ਚੁੱਕਾ ਸੀ। 1975 ਵਿਚ ਲੱਗੀ ਐਮਰਜੈਂਸੀ ਨੇ ਇਕ ਵਾਰ ਤਾਂ ਲੋਕਾਂ ਨੂੰ ਨਿੱਸਲ
ਕਰ ਦਿੱਤਾ ਸੀ। ਮੈਂ ਦੋ ਵਾਰ ਐਮਰਜੈਂਸੀ ਵਿਚ ਜੇਲ੍ਹ ਯਾਤਰਾ ਕਰ ਚੁੱਕਾ ਸਾਂ। ਨੌਜਵਾਨ ਭਾਰਤ
ਸਭਾਵਾਂ ਦਾ ਪਹਿਲਾ ਢਾਂਚਾ ਉਖੜ ਪੁੱਖੜ ਚੁੱਕਾ ਸੀ। ਮੇਰੇ ਪਿੰਡ ਦੇ ਕੁਝ ਨੌਜਵਾਨ ਆਪੋ ਆਪਣੇ
ਕੰਮਾਂ ਧੰਦਿਆਂ ‘ਤੇ ਜਾ ਲੱਗੇ ਸਨ। ਕੁਝ ਵਿਆਹੇ ਗਏ ਸਨ ਤੇ ਪਰਿਵਾਰ ਪਾਲਣ ਲੱਗ ਗਏ ਸਨ। ਉਂਝ
ਵੀ ਮੈਂ ਨਕਸਲੀ ਸਿਆਸਤ ਤੋਂ ਕਿਨਾਰਾਕਸ਼ੀ ਕਰ ਲਈ ਸੀ। ਪਹਿਲਾਂ ਵੀ ਮੈਂ ਨੌਜਵਾਨ ਭਾਰਤ ਸਭਾ
ਤੇ ਅਧਿਆਪਕ ਯੂਨੀਅਨ ਵਿਚ ਇਸ ਕਰਕੇ ਕੰਮ ਕਰਦਾ ਰਿਹਾ ਸਾਂ ਕਿਉਂਕਿ ਕੁਝ ਸਾਰਥਕ ਕਰਨ ਦਾ ਚਾਅ
ਸੀ ਮੇਰੇ ਮਨ ਵਿਚ। ਉਸ ਗੁਰੱਪ ਦੀ ਸਿਆਸਤ ਵਿਚ ਸਰਗਰਮ ਸ਼ਮੂਲੀਅਤ ਤੋਂ ਮੈਂ ਪਹਿਲਾਂ ਈ ਟੇਢ
ਵੱਟ ਲਈ ਸੀ।
ਐਮਰਜੈਂਸੀ ਦੀ ਜੇਲ੍ਹ ਭੁਗਤਣ ਬਾਅਦ ਮੈਂ ਪੰਜਾਬ ਯੂਨੀਵਰਸਿਟੀ ਤੋਂ ਐਮ ਫਿ਼ਲ ਕਰ ਲਈ ਸੀ ਤੇ
ਇਹਨੀ ਦਿਨੀ ਆਦਰਸ਼ ਸਕੂਲ ਧਰਦਿਓ-ਬੁੱਟਰ ਵਿੱਚ ਪੰਜਾਬੀ ਦਾ ਲੈਕਚਰਾਰ ਜਾ ਲੱਗਾ ਸਾਂ। ਓਥੇ
ਕਿਰਾਏ ‘ਤੇ ਕਮਰਾ ਲੈ ਰੱਖਿਆ ਸੀ। ਕਦੀ ਕਦੀ ਓਥੇ ਵੀ ਰਹਿ ਪੈਂਦਾ ਪਰ ਬਹੁਤੀ ਵਾਰ ਤਾਂ ਰੋਜ਼
ਹੀ ਪਿੰਡ ਆ ਜਾਂਦਾ ਕਿਉਂਕਿ ਪਿੱਛੇ ਪਤਨੀ ਤੇ ਛੋਟੇ ਬੱਚੇ ਇਕੱਲੇ ਰਹਿੰਦੇ ਸਨ। ਸਵੇਰੇ
ਤੜ੍ਹਕੇ ਬੱਸ ਫੜ ਕੇ ਫੇਰ ਸਕੂਲ ਵੱਲ ਤੁਰ ਪੈਂਦਾ। ਸ਼ਨਿੱਚਰ-ਐਤ ਤਾਂ ਪਿੰਡ ਆਉਂਦਾ ਹੀ।
ਇਸ ਸ਼ਨਿੱਚਰ ਦੀ ਰਾਤ ਨੂੰ ਮੈਂ ਘਰ ਪਹੁੰਚਿਆ ਤਾਂ ਪਤਨੀ ਨੇ ਬੜੀ ਉਦਾਸ ਖ਼ਬਰ ਸੁਣਾਈ। ਪਿੰਡ
ਦੇ ਹੀ ਕੁੱਝ ਬੰਦਿਆਂ ਨੇ ਪਿੰਡ ਦੀ ਔਰਤ ਨੂੰ ਗਲੀਆਂ ਵਿੱਚ ਨੰਗਿਆਂ ਕਰਕੇ ਫੇਰਿਆ ਸੀ।
‘ਕਸੂਰ’ ਉਸਦਾ ਇਹ ਸੀ ਕਿ ਉਸਦੇ ਮੁੰਡੇ ਨੇ ਅਗਲਿਆਂ ਦੀ ਕੁੜੀ ਨਾਲ ਬਦਤਮੀਜ਼ੀ ਕੀਤੀ ਸੀ।
ਮੁੰਡੇ ਨੇ ਬੜੀ ਮਾੜੀ ਗੱਲ ਕੀਤੀ ਸੀ। ਪਿੰਡ ਦੀ ਧੀ-ਭੈਣ ਤਾਂ ਸਾਰੇ ਪਿੰਡ ਦੀ ਧੀ-ਭੈਣ
ਹੁੰਦੀ ਸੀ। ਉਹਨੇ ਆਪਣੀ ਭੈਣ ਨਾਲ ਭੱਦਾ ਮਜ਼ਾਕ ਕੀਤਾ ਸੀ। ਉਹਨੂੰ ਬਣਦੀ ਸਜ਼ਾ ਮਿਲਣੀ
ਚਾਹੀਦੀ ਸੀ। ਉਹ ਤਾਂ ਲੁਕ ਗਿਆ ਸੀ ਪਰ ਸਜ਼ਾ ਉਹਦੀ ਮਾਂ ਭੁਗਤ ਰਹੀ ਸੀ। ਪਹਿਲਾਂ ਉਸਨੇ
ਆਪਣੀ ‘ਭੈਣ’ ਨੂੰ ਛੇੜਿਆ ਸੀ ਤੇ ਹੁਣ ਮਾਂ ਨੂੰ ਨੰਗੀ ਕਰਨ ਦਾ ਕਾਰਨ ਬਣ ਗਿਆ ਸੀ। ਜਟਕੇ
ਜਿਹੇ ਤਰਕ ਮੁਤਾਬਕ ਮਾਂ ਦਾ ‘ਕਸੂਰ’ ਇਹ ਸੀ ਕਿ ਉਹਨੇ ਅਜਿਹੀ ‘ਗੰਦੀ ਔਲਾਦ’ ਜੰਮੀ ਹੀ ਕਿਉਂ
ਸੀ! ਜੇ ਉਸਨੇ ਇਹੋ ਜਿਹਾ ਮੁੰਡਾ ਜੰਮਿਆਂ ਸੀ ਤਾਂ ਹੁਣ ਭੁਗਤੇ ਵੀ ਉਹੋ ਈ। ਅਗਲਿਆਂ ਨੇ
ਬਦਲਾ ਲੈਣ ਲਈ ਇਹ ਕਾਰਵਾਈ ਕੀਤੀ ਸੀ।
ਮੇਰੀ ਪਤਨੀ ਨੂੰ ਗਿਲਾ ਸੀ ਕਿ ਪਿੰਡ ਦੇ ਬੰਦਿਆਂ ਨੇ ਉਸ ਔਰਤ ਨੂੰ ਛੁਡਾਉਣ ਦਾ ਕੋਈ ਚਾਰਾ
ਨਹੀਂ ਸੀ ਕੀਤਾ। ਲੋਕ ਕੋਠਿਆਂ ਉੱਤੇ, ਗਲੀਆਂ ਦੇ ਮੋੜਾਂ ‘ਤੇ ਖਲੋ ਕੇ ‘ਤਮਾਸ਼ਾ’ ਵੇਖਦੇ ਰਹੇ
ਪਰ ਉਸ ਔਰਤ ਵੱਲੋਂ ਛੁਡਾਏ ਜਾਣ ਲਈ ਪਾਈਆਂ ਬਹੁੜੀਆਂ ਤੇ ਦੁਹਾਈਆਂ ਦਾ ਉਹਨਾਂ ‘ਤੇ ਕੋਈ ਅਸਰ
ਨਾ ਹੋਇਆ। ਅਸਰ ਤਾਂ ਹੋਇਆ ਹੋਵੇਗਾ ਪਰ ਕਿਸੇ ਵਿਚ ਅੱਗੇ ਵਧਕੇ ਛੁਡਾਉਣ ਦੀ ਹਿੰਮਤ ਨਹੀਂ
ਸੀ। ਅਗਲਿਆਂ ਨੇ ਲਲਕਾਰਿਆ ਸੀ ਕਿ ਜਿਹੜਾ ਉਹਨੂੰ ਛੁਡਾਉਣ ਲਈ ਅੱਗੇ ਆਇਆ, ਉਹਦੀ ਜਾਨ ਦੀ
ਖ਼ੈਰ ਨਹੀਂ। ਜਾਨ ਦੀ ਖ਼ੈਰ ਤਾਂ ਸਾਰੇ ਹੀ ਲੋੜਦੇ ਸਨ। ਹੋਰਨਾਂ ਵਾਂਗ ਕੋਠੇ ਤੇ ਖਲੋ ਕੇ
ਔਰਤ ਨਾਲ ਹੁੰਦੀ ਬਦਸਲੂਕੀ ਵੇਖ ਕੇ ਮੇਰੀ ਪਤਨੀ ਨੇ ਅੱਖਾਂ ‘ਚ ਗਲੇਡੂ ਭਰ ਕੇ ਨੇੜੇ ਆਣ
ਖਲੋਤੀ ਗਵਾਂਢਣ ਸੁਰਜੀਤ ਕੌਰ ਨੂੰ ਕਿਹਾ ਸੀ, “ਨੀ ਸੁਰਜੀਤ ਕੁਰੇ! ਪਿੰਡ ਅਸਲੋਂ ਈ ਗਰਕ
ਗਿਆ। ਵੇਖ! ਬੰਦੇ ਬੁਢੀਆਂ ਕੰਧਾਂ ਕੌਲਿਆਂ ‘ਤੇ ਖਲੋਤੇ ਬੂਥੇ ਚੁੱਕੀ ਤਮਾਸ਼ਾ ਵੇਖੀ ਜਾਂਦੇ
ਆ। ਉਹਨੂੰ ਇਹਨਾਂ ਰਾਖ਼ਸ਼ਾਂ ਤੋਂ ਛੁਡਾਉਂਦਾ ਕੋਈ ਨਹੀਂ ਅੜੀਏ!”
ਗਲੀ ਦੇ ਅਗਲੇ ਮੋੜ ‘ਤੇ ਬਜ਼ੁਰਗ ਕਾਮਰੇਡ ਹਰਬੰਸ ਸਿੰਘ ਨੇ ਬੰਦੂਕ ਵਾਲੇ ਦਾ ਨਾਂ ਲੈ ਕੇ
ਫਿਟਕਾਰਿਆ ਜ਼ਰੂਰ ਸੀ, “ਓ ਚੱਜ ਕਰੋ ਕੁਝ ਉਏ! ਬੰਦਿਆਂ ਵਾਲੀ ਗੱਲ ਕਰੋ। ਇਹਦਾ ਵਿਚਾਰੀ ਦਾ
ਕੀ ਕਸੂਰ ਏ? ਮੁੰਡੇ ਨੂੰ ਫੜ ਕੇ ਭਾਵੇਂ ਗੋਲੀ ਮਾਰ ਦੋ।”
ਉਹ ਅੱਗੇ ਵਧਿਆ ਤਾਂ ਬੰਦੂਕ ਵਾਲੇ ਨੇ ਸੱਜੇ ਹੱਥ ਨਾਲ ਬੰਦੂਕ ਸੰਭਾਲੀ ਤੇ ਖੱਬੇ ਹੱਥ ਨਾਲ
ਅੱਗੇ ਵਧੀ ਆਉਂਦੇ ਕਾਮਰੇਡ ਦੇ ਗਲੱ੍ਹਥਾ ਮਾਰਿਆ। ਕਾਮਰੇਡ ਪਿੱਠ ਪਰਨੇ ਗਲੀ ਵਿਚ ਡਿਗ ਪਿਆ।
ਕਾਮਰੇਡ ਆਪਣੀ ਵਿੰਗੀ ਬਾਂਹ ਨੂੰ ਪਲੋਸਣ ਲੱਗਾ।
“ਕਾਮਰੇਡਾ! ਆਪਣਾ ਕੰਮ ਕਰ। ਅੱਗੇ ਤੇਰੀ ਖੱਬੀ ਬਾਂਹ ਟੁਟੀ ਆ; ਹੁਣ ਸੱਜੀ ਨਾ ਤੁੜਾ
ਬੲ੍ਹੀਂ।”
ਕੋਠਿਆਂ ‘ਤੇ ਖਲੋਤੇ ਲੋਕਾਂ ਨੇ ਸਭ ਕੁਝ ਵੇਖਿਆ ਸੀ। ਕਾਮਰੇਡ ਨੂੰ ਅੱਗੇ ਵਧਦਿਆਂ ਵੀ ਤੇ
ਪਿੱਛੇ ਡਿੱਗਦਿਆਂ ਵੀ। ਉਹ ਕਾਮਰੇਡ ਨੂੰ ਵੇਖ ਕੇ ਅੱਗੇ ਵਧਦੇ ਤਾਂ, ਔਰਤ ਦੀ ‘ਇੱਜ਼ਤ’ ਤਾਂ
ਗਈ ਹੀ ਸੀ, ਪਿੰਡ ਦੀ ਇੱਜ਼ਤ ਤਾਂ ਰਹਿ ਜਾਂਦੀ।
ਮੈਂ ਕਲਪਨਾ ਵਿਚ ਅਜੇ ਵੀ ਗਲੀ ਵਿਚ ਫਿਰ ਰਿਹਾ ਸਾਂ। ਕੋਲ ਪਈ ਪਤਨੀ ਹੌਲੀ ਜਿਹੀ ਫੁਸਫੁਸਾਈ,
“ਮੈਂ ਤਾਂ ਸੁਰਜੀਤ ਕੌਰ ਨੂੰ ਆਂਹਦੀ ਸਾਂ ਕਿ ਜੇ ਉਹ ਏਥੇ ਹੁੰਦੇ, ਉਹਨਾਂ ਤਾਂ ਇਸਤਰ੍ਹਾਂ
ਨਹੀਂ ਸੀ ਹੋਣ ਦੇਣਾ ਕਦੀ ਵੀ। ਭਾਵੇਂ ਕੁੱਝ ਹੁੰਦਾ, ਉਹ ਤਾਂ ਲੋਕਾਂ ਨੂੰ ਵੰਗਾਰ ਕੇ
ਕਾਮਰੇਡ ਤੋਂ ਵੀ ਪਹਿਲਾਂ ਜਾ ਕੁੱਦਦੇ ਮੌਤ ਦੇ ਮੂੰਹ ਵਿਚ, ਪਰ ਉਹਨੂੰ ਨੰਗਿਆਂ ਨਹੀਂ ਸਨ
ਹੋਣ ਦਿੰਦੇ!”
ਮੇਰੀ ਪਤਨੀ ਨੇ ਮੇਰੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਮੇਰੇ ਵੱਲੋਂ ਕਦੇ ਬਹੁਤੇ ਸੁਖ ਦੇ ਦਿਨ
ਨਹੀਂ ਸਨ ਵੇਖੇ। ਏਨੇ ਕੁ ਸਾਲਾਂ ਵਿਚ ਤਿੰਨ ਚਾਰ ਵਾਰ ਜੇਲ੍ਹ ਯਾਤਰਾ ਕਰ ਆਇਆ ਸਾਂ। ਇਕ ਦੋ
ਵਾਰ ਤਾਂ ਅਜਿਹਾ ਵੀ ਹੋਇਆ ਕਿ ਉਸ ਨੂੰ ਕਈ ਕਈ ਦਿਨ ਖ਼ਬਰ ਹੀ ਨਾ ਹੁੰਦੀ ਕਿ ਪੁਲਿਸ ਮੈਨੂੰ
ਕਿੱਥੇ ਲੈ ਗਈ ਹੈ! ਉਹਨੂੰ ਇਹ ਵੀ ਧੁੜਕੂ ਰਹਿੰਦਾ ਕਿ ਪੁਲਿਸ ਨੇ ਮੈਨੂੰ ਮਾਰ ਖ਼ਪਾ ਹੀ ਨਾ
ਦਿੱਤਾ ਹੋਵੇ ਜਾਂ ਕਿਸੇ ਵੇਲੇ ਵੀ ਅਜਿਹਾ ਭਾਣਾ ਵਾਪਰ ਨਾ ਜਾਵੇ! ਇਸ ਸਭ ਕੁਝ ਦੇ ਬਾਵਜੂਦ
ਉਹਨੂੰ ਮੇਰੇ ‘ਤੇ ਗਿਲਾ ਕੋਈ ਨਹੀਂ ਸੀ। ਉਹਨੂੰ ਅੰਦਰੋਂ ਸ਼ਾਇਦ ਇਹ ਲੱਗਦਾ ਸੀ ਕਿ ਮੈਂ
ਗ਼ਲਤ ਨਹੀਂ ਸਾਂ। ਪਰ ਅਜਿਹਾ ਵੀ ਨਹੀਂ ਸੀ ਕਿ ਉਹ ਮੈਨੂੰ ‘ਮੇਰੇ ਰਾਹ’ ‘ਤੇ ਤੁਰੇ ਜਾਣ ਲਈ
ਕੋਈ ਉਚੇਚੀ ਹੱਲਾ-ਸ਼ੇਰੀ ਦਿੰਦੀ ਹੋਵੇ। ਨਾ ਉਸਨੇ ਕਦੀ ਜਾ਼ਹਿਰਾ ਤੌਰ ‘ਤੇ ਮੇਰੇ ਕੀਤੇ ਦੀ
ਕੋਈ ਪ੍ਰਸੰਸਾ ਕੀਤੀ ਸੀ ਨਾ ਨਿੰਦਿਆ। ਉਹ ਤਾਂ ਜਿਵੇਂ ਵੀ ਜਿ਼ੰਦਗੀ ਚੱਲਦੀ ਸੀ, ਉਸ ‘ਤੇ
ਖ਼ੁਸ਼ ਸੀ। ਅੱਜ ਪਹਿਲੀ ਵਾਰ ਸੀ ਕਿ ਉਸਨੇ ਮੇਰੇ ਬਾਰੇ ਅਜਿਹੀ ਟਿੱਪਣੀ ਕੀਤੀ ਸੀ, “ਮੈਂ
ਤਾਂ ਸੁਰਜੀਤ ਕੌਰ ਨੂੰ ਆਂਹਦੀ ਸਾਂ ਕਿ ਜੇ ਉਹ ਏਥੇ ਹੁੰਦੇ, ਉਹਨਾਂ ਤਾਂ ਇਸਤਰ੍ਹਾਂ ਨਹੀਂ
ਸੀ ਹੋਣ ਦੇਣਾ ਕਦੀ ਵੀ। ਭਾਵੇਂ ਕੁਝ ਹੁੰਦਾ, ਉਹ ਤਾਂ ਲੋਕਾਂ ਨੂੰ ਵੰਗਾਰ ਕੇ, ਕਾਮਰੇਡ ਤੋਂ
ਵੀ ਪਹਿਲਾਂ, ਜਾ ਕੁੱਦਦੇ ਮੌਤ ਦੇ ਮੂੰਹ ਵਿਚ, ਪਰ ਉਹਨੂੰ ਨੰਗਿਆਂ ਨਹੀਂ ਸੀ ਹੋਣ ਦਿੰਦੇ!”
ਉਹ ਤਾਂ ਹੁਣ ਵੀ ਚਾਹ ਰਹੀ ਸੀ ਕਿ ਜੇ ਮਜ਼ਲੂਮ ਧਿਰ ਦੀ ਮਦਦ ਕੀਤੀ ਜਾ ਸਕਦੀ ਹੋਵੇ ਤਾਂ ਜ਼ਰੂਰ
ਕਰਾਂ!
ਮੈਨੂੰ ਇਕ ਪਲ ਲਈ ਉਹਦੇ ‘ਤੇ ਲਾਡ ਆਇਆ ਤੇ ਆਪਣੇ ਆਪ ‘ਤੇ ਮਾਣ ਵੀ ਹੋਇਆ। ਇਹ ਵੀ ਜਾਪਿਆ
ਜਿਵੇਂ ਕਾਮਰੇਡ ਦੀ ਥਾਂ ਮੈਂ ਖ਼ੁਦ ਗਲੀ ਵਿਚ ਨਿੱਤਰ ਪਿਆ ਸਾਂ। ਪਰ ਮੈਂ ਤਾਂ ਇਕੱਲਾ ਸਾਂ!
ਮੇਰੇ ਸਾਥੀ ਕਿੱਥੇ ਸਨ! ਅਗਲੇ ਪਲ ਮੈਂ ਪਿੱਠ ਪਰਨੇ ਧਰਤੀ ‘ਤੇ ਡਿੱਗਾ ਪਿਆ ਸਾਂ।
ਇਕੱਲੇ ਕਾਮਰੇਡ ਤੋਂ ਬਿਨਾਂ ਸਾਰੇ ਪਿੰਡ ‘ਚੋਂ ਕੋਈ ਮਰਦ ਨਿੱਤਰਿਆ ਈ ਨਾ ਜਿਹੜਾ ਉਸ ਅਬਲਾ
ਦੀ ਮਦਦ ਕਰਦਾ! ਇਹ ਠੀਕ ਹੈ ਕਿ ਕਾਮਰੇਡ ਵੀ ਅੱਜ ਕੱਲ੍ਹ ‘ਇਕੱਲਾ’ ਹੀ ਰਹਿ ਗਿਆ ਸੀ।
ਕਾਮਰੇਡੀ ਹਰਬੰਸ ਸਿੰਘ ਨੂੰ ਵਿਰਾਸਤ ‘ਚੋਂ ਮਿਲੀ ਸੀ। ਕਦੀ ਉਹਦਾ ਬਜ਼ੁਰਗ ਬਾਪ ਫ਼ਤਹਿ ਸਿੰਘ
ਕਾਮਰੇਡ ਪਿੰਡ ਵਿਚ ਵੱਡੇ ਵੱਡੇ ਜਲਸੇ ਕਰਵਾਉਂਦਾ ਹੁੰਦਾ ਸੀ। ਭੀੜਾਂ ਉੱਲਰ ਆਉਂਦੀਆਂ ਸਨ
ਕਾਮਰੇਡਾਂ ਦਾ ਜਲਸਾ ਤੇ ਡਰਾਮਾ ਵੇਖਣ ਲਈ। ਕਮਿਊਨਿਸਟ ਲੀਡਰ ਤਕਰੀਰਾਂ ਕਰਦੇ ਤਾਂ ਨਾ ਉਹ
ਇਲਾਕੇ ਤੇ ਪਿੰਡ ਦੇ ਚੌਧਰੀਆਂ ਤੋਂ ਡਰਦੇ ਤੇ ਨਾ ਹੀ ਸਰਕਾਰ ਜਾਂ ਪੁਲਿਸ ਤੋਂ। ਉਹ ਤਾਂ
ਲਲਕਾਰ ਕੇ ਆਖਦੇ, “ਜੇ ਕੋਈ ਇਹਨਾਂ ਧੱਕੜਾਂ ਤੇ ਬਦਮਾਸ਼ਾਂ ਦਾ ਟੁਕੜ-ਬੋਚ ਜਲਸੇ ਵਿਚ ਬੈਠਾ
ਹੈ ਤਾਂ ਜਾ ਦੱਸੇ ਉਹਨਾਂ ਨੂੰ। ਉਹਨਾਂ ਦਾ ਧੱਕਾ ਹੁਣ ਲੋਕ ਚੱਲਣ ਨਹੀਂ ਦੇਣਗੇ। ਸੀ ਆਈ ਡੀ
ਵਾਲੇ ਵੀ ਕੰਨ ਖੋਲ੍ਹ ਕੇ ਸੁਣ ਲੈਣ। ਦੱਸ ਦੇਣ ਆਪਣੇ ਆਕਾਵਾਂ ਨੂੰ। ਲੋਕ ਹੁਣ ਜਾਗ ਪਏ ਨੇ।
ਹੁਣ ਤੁਹਾਡੀਆਂ ਚੰਮ ਦੀਆਂ ਬਹੁਤੀ ਦੇਰ ਨਹੀਂ ਚੱਲਣ ਲੱਗੀਆਂ।”
ਫੇਰ ਵੀ ਸ਼ੁਕਰ ਸੀ; ਕਾਮਰੇਡ ‘ਇਕੱਲਾ’ ਰਹਿ ਜਾਣ ਦੇ ਬਾਵਜੂਦ ‘ਮਰਿਆ’ ਨਹੀਂ ਸੀ। ਉਸ ਵਿਚ
ਇਸ ਪਿੰਡ ਦੀ ਆਤਮਾ ਜਿਊਂਦੀ ਸੀ ਅਜੇ। ਕੋਈ ਤਾਂ ਸੀ ਜਿਸਨੇ ਪਿੰਡ ਦੇ ਇਤਿਹਾਸ ਦਾ ਮੂੰਹ
ਅਸਲੋਂ ਹੀ ਕਾਲ਼ਾ ਨਹੀਂ ਸੀ ਹੋਣ ਦਿੱਤਾ। ਉਹ ਸਫ਼ਲ ਤਾਂ ਨਹੀਂ ਸੀ ਹੋਇਆ ਪਰ ਉਸਨੇ ‘ਹਾਅ’
ਦਾ ਨਾਅ੍ਹਰਾ ਤਾਂ ਮਾਰਿਆ ਹੀ ਸੀ।
ਪਤਨੀ ਫੇਰ ਹੁੰਗਾਰੀ, “ਕਲਜੁਗ ਆ ਗਿਆ। ਹਨੇਰ ਸਾਈਂ ਦਾ! ਇਹ ਕੇਹੋ ਜਿਹਾ ਏ ਤੁਹਾਡਾ ਪਿੰਡ?”
ਮੈਂ ਸ਼ਰਮਸਾਰ ਹੋ ਗਿਆ। ‘ਏਹੋ ਜਿਹਾ ਤਾਂ ਨਹੀਂ ਸੀ ਮੇਰਾ ਪਿੰਡ।’ ਮੈਂ ਤਾਂ ਪਿੰਡ ਦੇ
ਸ਼ਾਨਾਂ-ਮੱਤੇ ਇਤਿਹਾਸ ਦਾ ਬੜਾ ਮਾਣ ਕਰਦਾ ਸਾਂ। ਜਦੋਂ ਵੀ ਆਪਣੇ ਪਿੰਡ ਦਾ ਜਿ਼ਕਰ ਕਰਦਾ
ਤਾਂ ਮੇਰੇ ਬੋਲਾਂ ਵਿਚ ਬੱਚਿਆਂ ਵਾਲਾ ਉਤਸ਼ਾਹ ਹੁੰਦਾ। ਮੈਂ ਹੁਣ ਵੀ ਅਕਸਰ ਬੜੇ ਮਾਣ ਨਾਲ
ਆਪਣੇ ਪਿੰਡ ਦੇ ਇਸ ਵਿਰਾਸਤੀ ਗੌਰਵ ਦੀ ਵਡਿਆਈ ਕਰਦਾ ਰਹਿੰਦਾਂ। ਸੁਰ ਸਿੰਘ ਦਾ ਪੰਜਾਬ ਅਤੇ
ਭਾਰਤ ਦੇ ਇਤਿਹਾਸ ਵਿਚ ਬਹੁਤ ਹੀ ਮਾਣਯੋਗ ਸਥਾਨ ਹੈ। ਗੁਰੂ-ਕਾਲ ਦੇ ਮੁਢਲੇ ਦਿਨਾਂ ਤੋਂ
ਇਸਦੀ ਸਿੱਖੀ ਦੀ ਵਿਰਾਸਤੀ ਸ਼ਾਨ ਨਾਲ ਸਾਂਝ ਰਹੀ ਹੈ। ਗੁਰੂ ਅਰਜਨ ਤੇ ਗੁਰੂ ਹਰਗੋਬਿੰਦ
ਵੇਲੇ ਸਾਡੇ ਪਿੰਡ ਦਾ ਭਾਈ ਬਿਧੀ ਚੰਦ ਉਹਨਾਂ ਦਾ ਸਿੱਖ ਤੇ ਸੰਗੀ-ਸਾਥੀ ਰਿਹਾ। ਸ਼ਾਹਜਹਾਨ
ਦੇ ਫੌਜੀਆਂ ਵੱਲੋਂ ਗੁਰੂ ਹਰਗੋਬਿੰਦ ਦੀ ਭੇਟਾ ਲਿਆਂਦੇ ਜਾਣ ਵਾਲੇ ਕਾਬਲ ਦੇ ਸਿੱਖ ਕੋਲੋਂ
ਖੋਹੇ ਗਏ ਘੋੜੇ, ਦਿਲਬਾਗ ਤੇ ਗੁਲਬਾਗ, ਭਾਈ ਬਿਧੀ ਚੰਦ ਹੀ ਇਕ ਵਾਰ ਘਾਹੀ ਤੇ ਇਕ ਵਾਰ
ਨਜੂਮੀ ਦਾ ਭੇਸ ਧਾਰ ਕੇ ਲਾਹੌਰ ਦੇ ਕਿਲ੍ਹੇ ਵਿਚੋਂ ਕੱਢ ਕੇ ਲਿਆਇਆ ਸੀ। ਪੱਟੀ ਸ਼ਹਿਰ ‘ਚੋਂ
ਮੁਗ਼ਲਾਂ ਵੱਲੋਂ ਖੋਹੇ ਗੁਰੂ ਘਰ ਦੇ ਦੁਸ਼ਾਲੇ ਲਿਆਉਣ ਵਾਲਾ ਬਿਧੀ ਚੰਦ ਦਾ ਪਰਸੰਗ ਵੀ ਅਸੀਂ
ਪੜ੍ਹਦੇ ਸੁਣਦੇ ਆਏ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਾਜਨਾ ਕੀਤੀ ਤਾਂ
ਸਿੱਖਾਂ ਵਿਚ ਹੱਕ–ਸੱਚ ਲਈ ਲੜ ਮਰਨ ਲਈ ਜੋਸ਼ ਪੈਦਾ ਕਰਨ ਲਈ, ਯੋਧਿਆਂ ਦੀਆਂ ਵਾਰਾਂ ਦਾ ਗਾਇਨ
ਕਰਨ ਵਾਲੇ ਪਹਿਲੇ ਢਾਡੀ ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਹੀ ਸਨ। ਗੁਰੂ ਗੋਬਿੰਦ
ਸਿੰਘ ਜੀ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਅਤੇ ਟੁੱਟੀ ਗੰਢਣ ਵਾਲੇ ਚਾਲੀ ਮੁਕਤਿਆਂ ਦੇ ਆਗੂ
ਜੱਥੇਦਾਰ ਭਾਈ ਮਹਾਂ ਸਿੰਘ ਇਸੇ ਹੀ ਪਿੰਡ ਦੇ ਸਨ।
ਪਤਨੀ ਨੇ ਗੁੱਸੇ ਅਤੇ ਹਿਰਖ਼ ਨਾਲ ਆਖਿਆ, “ਇਹਨਾਂ ਨੂੰ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ
ਚਾਹੀਦੀ ਏ। ਕਰੋ ਕੁਝ ਤੁਸੀਂ। ਮੈਨੂੰ ਪਤੈ; ਕਰ ਸਕਦੇ ਜੇ। ਮੁੰਡੇ ਨੂੰ ਵੀ ਸਜ਼ਾ ਮਿਲੇ ਤੇ
ਇਹਨਾਂ ਨੂੰ ਵੀ। ਪਹਿਲਾਂ ਵਾਂਗ ਬੰਦੇ ਕੱਠੇ ਕਰੋ। ਪੁਲਿਸ ਨੂੰ ਮਿਲੋ। ਕੁਝ ਵੀ ਕਰੋ। ਕੀ
ਕਰਨੈ, ਤੁਸੀਂ ਜਾਣੋ। ਹੈ ਹਾਇ! ਏਨਾ ਕਲਜੁਗ!”
ਮੈਨੂੰ ਲੱਗਾ ਉਹਦੇ ਪਿੰਡ ਝਬਾਲ ਦੀ ਮਾਈ ਭਾਗੋ ਮੇਰੇ ਪਿੰਡ ਦੇ ਭਾਈ ਮਹਾਂ ਸਿੰਘ ਨੂੰ ਫੇਰ
ਵੰਗਾਰ ਰਹੀ ਹੈ, “ਮਹਾਂ ਸਿੰਘਾ! ਤੇਰੇ ਪਿੰਡ ਦੇ ਸਿੰਘ ਗੁਰੂ ਤੋਂ ਫੇਰ ਬੇਮੁੱਖ ਹੋ ਗਏ ਈ।
ਇਹਨਾਂ ਨੂੰ ਆਖ ਪਾ ਲੈਣ ਚੂੜੀਆਂ ਆਪਣੇ ਹੱਥੀਂ।”
ਗੁਰੂ ਗੋਬਿੰਦ ਸਿੰਘ ਕੋਲੋਂ ਅੰਮ੍ਰਿਤ ਛਕਣ ਵਾਲੇ ਸੁਰ ਸਿੰਘ ਦੇ ਜੱਦੀ ਵਸਕੀਨ ਤੇ ਜੱਸਾ
ਸਿੰਘ ਰਾਮਗੜ੍ਹੀਏ ਦੇ ਬਾਬੇ ਭਾਈ ਹਰਦਾਸ ਸਿੰਘ ਨੇ ਬਚਿੱਤਰ ਸਿੰਘ ਵੱਲੋਂ ਹਾਥੀ ਦਾ ਮੱਥਾ
ਵਿੰਨ੍ਹਣ ਵਾਲੀ ਆਪਣੇ ਹੱਥੀਂ ਬਣਾਈ ਨਾਗਣੀ ਮੇਰੇ ਮੱਥੇ ਵੱਲ ਸਿੱਧੀ ਕੀਤੀ ਹੋਈ ਸੀ।
ਮੁਗ਼ਲ ਰਾਜ ਹੀ ਨਹੀਂ ਸਗੋਂ ਅੰਗਰੇਜ਼ੀ ਰਾਜ ਸਮੇਂ ਚੱਲੇ ਹਰੇਕ ਅੰਗਰੇਜ਼ ਵਿਰੋਧੀ ਅੰਦੋਲਨ ਵਿਚ
ਸੁਰ ਸਿੰਘ ਪੇਸ਼–ਪੇਸ਼ ਰਿਹਾ। ਵੀਹਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ
ਪੁੱਟਣ ਲਈ ਬਣੀ ‘ਗ਼ਦਰ ਪਾਰਟੀ' ਵਿਚ ਸੁਰ ਸਿੰਘ ਪਿੰਡ ਦਾ ਪ੍ਰਮੁੱਖ ਰੋਲ ਸੀ। ਮਾਝੇ ਵਿਚ ਇਸ
ਪਿੰਡ ਨੂੰ ਗ਼ਦਰ ਪਾਰਟੀ ਦਾ ਸਭ ਤੋਂ ਵੱਡਾ ਗੜ੍ਹ ਸਮਝਿਆ ਜਾਂਦਾ ਸੀ। ਕਰਤਾਰ ਸਿੰਘ ਸਰਾਭਾ
ਦੇ ਨਜ਼ਦੀਕੀ ਸਾਥੀਆਂ ਭਾਈ ਜਗਤ ਸਿੰਘ ਅਤੇ ਪ੍ਰੇਮ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ।
ਪ੍ਰੇਮ ਸਿੰਘ ਦੇ ਛੋਟੇ ਭਰਾ ਭਾਈ ਮਿਤ ਸਿੰਘ ਨੇ ਮੈਨੂੰ ਸਾਡੀ ਬਾਹਰਲੀ ਚੰਦੂ ਕੀ ਪੱਤੀ ਦੀ
ਖੂਹੀ ਨੇੜੇ ਖਲੋ ਕੇ ਦੱਸਿਆ ਸੀ, “ਏਸ ਖੂਹੀ ‘ਤੇ ਮੈਂ ਕਰਤਾਰ ਸੁੰਹ ਸਰਾਭੇ ਨੂੰ ਨਵ੍ਹਾਇਆ
ਸੀ ਪਾਣੀ ਦੇ ਡੋਲ ਕੱਢ ਕੱਢ ਕੇ। ਉਹਦਾ ਗੋਰਾ ਚਿੱਟਾ ਪਿੰਡਾ ਤੇ ਥੱਬੇ ਥੱਬੇ ਦੇ ਲਿਸ਼ਕਦੇ
ਪੱਟ ਸਨ। ਉਦੋਂ ਸਰਾਭਾ ਆਪਣੇ ਪਿੰਡ ਕਈ ਦਿਨ ਠਹਿਰਿਆ ਸੀ। ਉਹ ਪਾਰਟੀ ਬਨਾਉਣ ਲਈ ਦਿਨੇ ਨਿਕਲ
ਜਾਂਦੇ ਤੇ ਰਾਤ-ਬਰਾਤੇ ਘਰ ਮੁੜਦੇ।”
ਸੁਰ ਸਿੰਘ ਦੇ ਹੀ ਗੁਰਦਿੱਤ ਸਿੰਘ, ਇੰਦਰ ਸਿੰਘ, ਕਾਲਾ ਸਿੰਘ, ਜਵੰਦ ਸਿੰਘ, ਬੁੱਢਾ ਸਿੰਘ,
ਗੰਡਾ ਸਿੰਘ, ਕੇਸਰ ਸਿੰਘ ਆਦਿ ਨੂੰ ਉਮਰ ਕੈਦ, ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ
ਸੁਣਾਈ ਗਈ। ‘ਕਾਮਾਗਾਟਾ ਮਾਰੂ' ਇਨਕੁਆਰੀ ਕਮੇਟੀ ਦੀ ਰਿਪੋਰਟ ਇਹ ਵੀ ਦੱਸਦੀ ਹੈ ਕਿ ਅੰਗਰੇਜ਼
ਸਰਕਾਰ ਬਾਬਾ ਗੁਰਦਿੱਤ ਸਿੰਘ ਤੋਂ ਬਿਨ੍ਹਾਂ ਜਿਨ੍ਹਾਂ ਹੋਰ ਵਿਅਕਤੀਆਂ ਨੂੰ ਖ਼ਤਰਨਾਕ ਲੀਡਰਾਂ
ਵਿਚ ਗਿਣਦੀ ਸੀ, ਉਹਨਾਂ ਵਿਚ ਸ. ਸੁੱਚਾ ਸਿੰਘ, ਪਿੰਡ ਸੁਰ ਸਿੰਘ ਵੀ ਇਕ ਅਜਿਹਾ ਹੀ ਖ਼ਤਰਨਾਕ
ਬਾਗ਼ੀ ਸੀ ਅਤੇ ਬਜਬਜ ਘਾਟ 'ਤੇ ਚੱਲੀ ਗੋਲੀ ਵਿਚ ਉਸਦੀ ਲੱਤ ਉØੱਪਰ ਗੋਲੀ ਵੱਜੀ ਸੀ। ਸੁੱਚਾ
ਸਿੰਘ ਵੀ ਸਾਡੀ ਪੱਤੀ ਦਾ ਸੀ। ਮੈਂ ਆਪਣੇ ਬਚਪਨ ਵਿਚ ਉਹਦੀ ਲੱਤ ‘ਤੇ ਲੱਗਾ ਗੋਲੀ ਦਾ
ਨਿਸ਼ਾਨ ਆਪ ਵੇਖਿਆ ਸੀ। ਇਹਨਾਂ ਸਭ ਲੀਡਰਾਂ ਤੋਂ ਇਲਾਵਾ ਇਹਨਾਂ ਦੇ ਪਿੱਛੇ ਸੈਂਕੜਿਆਂ ਦੀ
ਗਿਣਤੀ ਵਿਚ ਹੋਰ ਵਰਕਰ ਵੀ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ ਲਈ ਗ਼ਦਰ ਪਾਰਟੀ ਵਲੋਂ ਆਰੰਭ ਕੀਤੇ
ਸੰਘਰਸ਼ ਵਿਚ ਜੁੱਟੇ ਹੋਏ ਸਨ। ਗ਼ਦਰੀਆਂ ਤੇ ਆਜ਼ਾਦੀ ਸੰਗਰਾਮੀਆਂ ਦੀ ਵੱਧ ਤੋਂ ਵੱਧ ਸਹਾਇਤਾ
ਕਰਨ ਲਈ ਤਤਪਰ ਰਹਿਣ ਵਾਲਾ ਸਰਦਾਰ ਹਰਚੰਦ ਸਿੰਘ ਲਾਇਲਪੁਰ ਸੁਰ ਸਿੰਘ ਦਾ ਜੰਮ–ਪਲ ਹੀ ਸੀ।
ਉਨ੍ਹੀਵੀਂ ਸਦੀ ਦੇ ਅਖ਼ੀਰ ‘ਤੇ ਸ਼ਾਂਤ ਸਾਗਰ ਦੇ ਪੱਛਮੀ ਕੰਢੇ ‘ਤੇ ਉੱਤਰਨ ਵਾਲਾ ਤੇ ਹੋਰ
ਭਾਰਤੀਆਂ ਲਈ ਅਮਰੀਕਾ ਕਨੇਡਾ ਲਈ ਰਾਹ ਖੋਲ੍ਹਣ ਲਈ ਬਹਾਨਾ ਬਣਨ ਵਾਲਾ ਪਹਿਲਾ ਬੰਦਾ ਭਾਈ
ਬਖ਼ਸ਼ੀਸ਼ ਸਿੰਘ ਵੀ ਸੁਰ ਸਿੰਘ ਦਾ ਸੀ। ਗ਼ਦਰ ਪਾਰਟੀ ਦਾ ਆਖ਼ਰੀ ਸਕੱਤਰ ਕੇਸਰ ਸਿੰਘ ਵੀ ਸੁਰ
ਸਿੰਘ ਦਾ ਵਸਨੀਕ ਸੀ।
ਕਿਸਾਨ ਮੋਰਚਾ, ਅਕਾਲੀ ਮੋਰਚੇ ਤੇ ਹਰਛਾ ਛੀਨਾ ਮੋਘਾ ਮੋਰਚਾ ਵਿਚ ਵੀ ਸੁਰ ਸਿੰਘ ਦੇ ਅਨੇਕਾਂ
ਕਿਸਾਨ ਜੇਲ੍ਹਾਂ ਵਿਚ ਗਏ। ਸਰਕਾਰ ਵਿਰੋਧੀ ਕਿਸਾਨ ਮੋਰਚੇ ਵਿਚ ਜੇਲ੍ਹ ਦੀਆਂ ਤੰਗੀਆਂ
ਸਹਿੰਦੇ ਹੋਏ ਸੁਰ ਸਿੰਘ ਦਾ ਲਾਲ ਦੀਨ ਸ਼ਹੀਦੀ ਪਾ ਗਿਆ।
ਪਿੰਡ ਦਾ ਇਤਿਹਾਸ ਮੇਰੇ ਕੋਲੋਂ ਜਵਾਬ ਮੰਗ ਰਿਹਾ ਸੀ। ਸਾਰੀ ਰਾਤ ਮੈਂ ਅੱਜ ਵਾਲੀ ਦੁਖਦਾਈ
ਘਟਨਾ ਨੂੰ ਇਸ ਪਿੰਡ ਦੇ ਬਹਾਦਰੀ ਭਰੇ ਇਤਿਹਾਸ ਨਾਲ ਜੋੜ ਕੇ ਸੋਚਦਾ ਰਿਹਾ। ਭਾਈ ਬਿਧੀ ਚੰਦ,
ਜਥੇਦਾਰ ਮਹਾਂ ਸਿੰਘ, ਜੱਸਾ ਸਿੰਘ ਰਾਮਗੜੀਏ ਦੇ ਵਡੇਰਿਆਂ ਦਾ ਇਹ ਪਿੰਡ ਅਸਲੋਂ ਹੀ ਕਿਵੇਂ
ਗ਼ਰਕ ਗਿਆ ਕਿ ਆਪਣੀ ਹੀ ਇੱਕ ਔਰਤ ਨੂੰ ਨੰਗਾ ਹੋਣੋ ਬਚਾ ਨਾ ਸਕਿਆ! ਇਹ ਤਾਂ ਉਹਨਾਂ ਗ਼ਦਰੀ
ਸੂਰਬੀਰਾਂ ਦਾ ਪਿੰਡ ਸੀ ਜਿਹੜੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋ ਗਏ ਸਨ ਤੇ ਜਿਨ੍ਹਾਂ ਦੀ
ਯਾਦਗ਼ਾਰ ਪਿੰਡ ਵਿੱਚ ਬਨਾਉਣ ਲਈ ਮੈਂ ਕਦੋਂ ਦਾ ਤਰਲੋ-ਮੱਛੀ ਹੋ ਰਿਹਾ ਸਾਂ।
ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆ ਰਹੀ। ਬੇਚੈਨੀ ਵਿਚ ਕਰਵਟਾਂ ਬਦਲ ਰਿਹਾ ਸਾਂ। ਅੱਖਾਂ
ਮੀਟਦਾ ਤਾਂ ਸ਼ਰਮਿੰਦਿਆਂ ਕਰਨ ਵਾਲਾ ਦ੍ਰਿਸ਼ ਕਲਪਨਾ ਵਿਚ ਸਾਕਾਰ ਹੋ ਉੱਠਦਾ। ਭੂਤਾਂ ਦੀ
ਭੀੜ ਵਿਚ ਘਿਰੀ ਅਲਫ਼ ਨੰਗੀ ਔਰਤ ਆਪਣੇ ਹੱਥਾਂ ਬਾਹਵਾਂ ਨਾਲ ਨੰਗੇਜ ਨੂੰ ਕੱਜਣ ਦੀ ਕੋਸਿ਼ਸ਼
ਕਰਦੀ ਹੈ। ਗੰਦੀਆਂ ਗਾਲ੍ਹਾਂ ਕੱਢਦੇ ਹੋਏ ਦੋ ਜਣੇ ਸੱਜੇ ਖੱਬਿਓਂ ਉਸਦੀਆਂ ਬਾਹਵਾਂ ਖਿੱਚਦੇ
ਹਨ। ਇੱਕ ਦੇ ਹੱਥ ਕਿਰਪਾਨ, ਦੂਜੇ ਹੱਥ ਬਰਛਾ। ਇਕ ਜਣਾ ਉਹਨਾਂ ਦੇ ਪਿੱਛੇ ਦੁਨਾਲੀ ਬੰਦੂਕ
ਫੜੀ ਕੰਧਾਂ ਕੋਠਿਆਂ ‘ਤੇ ਚੜ੍ਹੇ ਤਮਾਸ਼ਬੀਨ ਲੋਕਾਂ ਵੱਲ ਇੰਜ ਵੇਖਦਾ ਹੈ ਜਿਵੇਂ ਹੁਣੇ ਹੁਣੇ
ਜਮਰੌਦ ਦਾ ਕਿਲ੍ਹਾ ਫ਼ਤਹਿ ਕੀਤਾ ਹੋਵੇ ਤੇ ਹੁਣ ਸਿਖ਼ਰ ਦੁਪਹਿਰੇ ਪਿੰਡ ਦੀਆਂ ਗਲੀਆਂ ਵਿਚ
ਜੇਤੂ ਜਲੂਸ ਨਿਕਲ ਰਿਹਾ ਹੈ! ਦੋ ਹਥਿਆਰਬੰਦ ਬੰਦੇ ਬੰਦੂਕ ਵਾਲੇ ਦੇ ਪਿੱਛੇ ਪਿੱਛੇ ਤੁਰ ਰਹੇ
ਹਨ।
ਨੰਗੀ ਔਰਤ ਚੀਕਦੀ ਹੈ, ਰੋਂਦੀ ਹੈ। ਉਹਨਾਂ ਦੀ ਪਕੜ ਵਿਚੋਂ ਬਾਹਵਾਂ ਛੁਡਾਉਣ ਦੀ ਅਸਫ਼ਲ
ਕੋਸਿ਼ਸ਼ ਕਰਦੀ ਹੈ। ਫਿਰ ਗੋਡਿਆਂ ਭਾਰ ਹੋ ਕੇ ਭੁੰਜੇ ਬਹਿ ਜਾਂਦੀ ਹੈ। ਜਿਸਮ ਦਾ ਅਗਲਾ
ਹਿੱਸਾ ਲੁਕਾਉਣ ਲਈ ਆਪਣਾ ਸਿਰ ਜ਼ਮੀਨ ਵਿਚ ਗੱਡ ਦਿੰਦੀ ਹੈ। ਧਰਤੀ ਨੂੰ ਕਹਿ ਰਹੀ ਹੈ ਫਟ
ਜਾਣ ਲਈ। ਧਰਤੀ ਫਟਦੀ ਨਹੀਂ। ਬੰਦੂਕ ਵਾਲਾ ਗਾਲ੍ਹ ਕੱਢਕੇ ਪਿੱਠ ਵਿਚ ਲੱਤ ਮਾਰਦਾ ਹੈ। ਬਰਛੇ
ਵਾਲਾ ਗੁੱਤੋਂ ਫ਼ੜ ਕੇ ਉਠਾਉਂਦਾ ਹੈ। ਵਾਲਾਂ ਤੋਂ ਫੜ ਕੇ ਗਲੀ ਵਿਚ ਧੂਹੀ ਜਾ ਰਹੀ ਹੈ।
ਬੰਦੂਕ ਵਾਲਾ ਨਾਲਦਿਆਂ ਨੂੰ ਗਾਲ੍ਹ ਕੱਢ ਕੇ ਆਖਦਾ ਹੈ, “ਭੈਣ…! ਇਹਨੂੰ ਮਾਂ ਨੂੰ ਸਿੱਧਾ
ਖੜਾ ਕਰ ਕੇ ਤੋਰੋ।” ਉਹਦੀ ਮਾਂ-ਭੈਣ ਦੀ ਗਾਲ੍ਹ ਸੁਣਕੇ ਉਸ ਔਰਤ ਦੇ ਅਮੂਰਤ ਚਿਹਰੇ ‘ਤੇ ਕਦੀ
ਮੇਰੀ ਭੈਣ ਦਾ ਤੇ ਕਦੀ ਮੇਰੀ ਮਾਂ ਦਾ ਚਿਹਰਾ ਲੱਗ ਜਾਂਦਾ ਹੈ। ਮੈਂ ਸ਼ਰਮ ਨਾਲ ਪਾਣੀ ਪਾਣੀ
ਹੋ ਜਾਂਦਾ ਹਾਂ। ਇਸ ਦ੍ਰਿਸ਼ ਨੂੰ ਅੱਖੋਂ ਓਹਲੇ ਕਰਨ ਲਈ ਜ਼ੋਰ ਨਾਲ ਸਿਰ ਝਟਕਦਾ ਹਾਂ। ਹਾੜੇ
ਕੱਢਦੀ ਤੇ ਤਰਲੇ ਲੈਂਦੀ ਜ਼ਨਾਨਾ ਆਵਾਜ਼ ਕੰਨੀਂ ਮੱਚਣ ਲੱਗਦੀ ਹੈ, “ਵੇ ਲੋਕੋ! ਮੈਂ ਤੁਹਾਡੀ
ਭੈਣ ਵੇ; ਮੈਂ ਤੁਹਾਡੀ ਮਾਂ ਵੇ; ਮੈਨੂੰ ਇਹਨਾਂ ਰਾਖ਼ਸ਼ਾਂ ਤੋਂ ਬਚਾਓ।”
ਲੱਗਦਾ ਹੈ ਇਹ ਆਵਾਜ਼ ਤਾਂ ਮੇਰੀ ਪਤਨੀ ਦੀ ਹੈ। ਮੈਂ ਉੱਭੜਵਾਹੇ ਸਿਰ ਚੁੱਕ ਕੇ ਨਾਲ ਪਈ
ਪਤਨੀ ਵੱਲ ਵੇਖਦਾ ਹਾਂ।
“ਕੀ ਗੱਲ ਨੀਂਦ ਨਹੀਂ ਆਉਂਦੀ?” ਉਹ ਪੁੱਛਦੀ ਹੈ। ਮੇਰੇ ਜਵਾਬ ਦੇਣ ਤੋਂ ਪਹਿਲਾਂ ਮੁੜ ਬੋਲ
ਪੈਂਦੀ ਹੈ, “ਮੈਨੂੰ ਤਾਂ ਅਜੇ ਵੀ ਵਿਚਾਰੀ ਦਿਸੀ ਜਾਂਦੀ ਹੈ। ਇਹ ਕੀ ਤਰੀਕਾ ਹੋਇਆ ਬਦਲਾ
ਲੈਣ ਦਾ। ਕਸੂਰ ਪੁੱਤ ਦਾ ਤੇ ਭੁਗਤੇ ਮਾਂ? ਜਨਾਨੀ ਤਾਂ ਜੰਮੇ ਈ ਨਾ।”
ਸਾਰੀ ਰਾਤ ਆਪਣੀ ਤਾਕਤ ਨੂੰ ਜੋਂਹਦਾ ਰਿਹਾ। ਆਪਣੇ ਨਿੱਕੇ ਜਿਹੇ ਨਿੱਜੀ ਇਤਿਹਾਸ ਦੇ ਨਾਲ
ਨਾਲ ਤੁਰਨ ਲੱਗਾ।
ਪਰ ਮੈਂ ਵੀ ਤਾਂ ਇਸ ਇਤਿਹਾਸ ਦਾ ਹੀ ਹਿੱਸਾ ਸਾਂ। ਮੈਂ ਮਜ਼ਲੂਮ ਧਿਰ ਦੀ ਕੀ ਤੇ ਕਿਵੇਂ ਮਦਦ
ਕਰ ਸਕਦਾ ਸਾਂ!
ਬਚਪਨ ਵਿਚ ਇਤਿਹਾਸ ਦੀ ਸੋਝੀ ਉਦੋਂ ਆਉਣ ਲੱਗੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੇ ਭਾਈ ਬਿਧੀ
ਚੰਦ ਦੀ ਯਾਦ ਵਿਚ, ਪਿੰਡ ਵਿਚ, ਲੱਗਦੇ ਮੇਲਿਆਂ ਵਿਚ ਢਾਡੀਆਂ-ਕਵੀਸ਼ਰਾਂ ਤੋਂ ਇਤਿਹਾਸਕ
ਪ੍ਰਸੰਗ ਸੁਣਦਾ। ਪਤਾ ਲੱਗਾ ਇਹ ਧਰਤੀ ਤਾਂ ਸ਼ਹੀਦ ਸੂਰਮੇ ਪੈਦਾ ਕਰਨ ਵਾਲ਼ੀ ਜਰਖ਼ੇਜ਼
ਜ਼ਮੀਨ ਹੈ। ਮੇਰੇ ਨਾਲ ਦੇ ਪਿੰਡ ਸਿੰਘਪੁਰੇ ਨਾਲ ਨਵਾਬ ਕਪੂਰ ਸਿੰਘ ਦੀ ਹਸਤੀ ਜੁੜੀ ਹੋਈ
ਸੀ। ਦੂਜਾ ਪਿੰਡ ਭਾਈ ਤਾਰੂ ਸਿੰਘ ਦਾ ਸੀ। ਅਗਲਾ ਪਿੰਡ ਬਾਬੇ ਦੀਪ ਸਿੰਘ ਦਾ ਸੀ। ਉਸਤੋਂ ਦੋ
ਪਿੰਡ ਛੱਡ ਕੇ ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਭਾਈ ਸੁੱਖਾ ਸਿੰਘ ਦਾ ਪਿੰਡ ਮਾੜੀ ਕੰਬੋਕੇ
ਸੀ। ਨੇੜੇ ਹੀ ਡੱਲ-ਵਾਂ ਵਾਲੇ ਭਾਈ ਤਾਰਾ ਸਿੰਘ ਦੀ ਯਾਦਗ਼ਾਰ ਸੀ।
ਇਤਿਹਾਸ ਦਾ ਇਹ ਖ਼ਮੀਰ ਮੇਰੀ ਆਤਮਾ ਵਿਚ ਰਚਦਾ ਰਿਹਾ ਸੀ। ਇਸ ਇਤਿਹਾਸ ਦੇ ਸਿਰ ‘ਤੇ ਮੈਂ
ਆਪਣੇ ਹਿੱਸੇ ਦੀ ਲੜਾਈ ਪਿਛਲੇ ਸਾਲਾਂ ਵਿਚ ਲੜਦਾ ਵੀ ਰਿਹਾ ਸਾਂ।
ਪਿੰਡ ਦੇ ਮਾਣ-ਮੱਤੇ ਇਤਿਹਾਸ ਦੇ ਨਾਲ ਨਾਲ ਮੈਨੂੰ ਆਪਣੇ ਇਸ ਨਿੱਜੀ ਇਤਿਹਾਸ ‘ਤੇ ਵੀ ਬੜਾ
ਮਾਣ ਸੀ। ਜਾਤਾਂ-ਗੋਤਾਂ ਨੂੰ ਮੰਨਣਾ ਹੈ ਤਾਂ ਗੱਲ ਮਾੜੀ ਪਰ ਸਦੀਆਂ ਤੋਂ ਇਹ ਸਾਡੇ
ਸੰਸਕਾਰਾਂ ਦਾ ਹਿੱਸਾ ਬਣ ਕੇ ਧੁਰ ਅਵਚੇਤਨ ਵਿੱਚ ਧਸ ਕੇ ਬੈਠੀਆ ਹੋਈਆਂ ਨੇ, ਇਹਨਾਂ ਤੋਂ
ਅਸਲੋਂ ਛੁਟਕਾਰਾ ਪਾਉਣਾ ਸੰਭਵ ਨਹੀਂ। ਏਸੇ ਕਰਕੇ ਮੈਨੂੰ ਆਪਣੇ ‘ਸੰਧੂ ਜੱਟ’ ਹੋਣ ਦਾ ਵੀ
ਬੜਾ ਗੌਰਵ ਸੀ। ਮੈਂ ਆਪਣੇ ਆਪ ਨੂੰ ਭਾਈ ਬਾਲੇ, ਭਾਈ ਤਾਰੂ ਸਿੰਘ, ਸ਼ਹੀਦ ਭਗਤ ਸਿੰਘ ਦੀ
ਸੰਧੂਆਂ ਦੀ ਵਿਰਾਸਤ ਨਾਲ ਵੀ ਜੋੜ ਲੈਂਦਾ ਸਾਂ। ਮੈਨੂੰ ਆਪਣੇ ਮਰਾਸੀ ਦੀ ਇਹ ਗੱਲ ਵੀ ਨਹੀਂ
ਭੁੱਲੀ ਸੀ ਕਿ ‘ਸੰਧੂਆਂ ਦੀਆਂ ਤਾਂ ਸੁੱਤਿਆਂ ਦੀਆਂ ਵੀ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ।
ਇੱਕ ਵਾਰ ਕੋਈ ਦੁਸ਼ਮਣ ਸੁੱਤੇ ਪਏ ਕਿਸੇ ਸੂਰਮੇ ਸੰਧੂ ਨੂੰ ਮਾਰਨ ਲਈ ਅੱਗੇ ਵਧਿਆ ਤਾਂ ਸੁੱਤੇ
ਪਏ ਸੰਧੂ ਦੀਆਂ ਖੁੱਲ੍ਹੀਆਂ ਅੱਖਾਂ ਤੋਂ ਹੀ ਭੈਅ-ਭੀਤ ਹੋ ਗਿਆ ਤੇ ਉਸਦਾ ਹੌਸਲਾ ਰੇਤ ਹੋ
ਗਿਆ ਸੀ।’
ਅੱਜ ਮੇਰੇ ਪਿੰਡ ਦਾ ਸਮੂਹਿਕ ਇਤਿਹਾਸ ਤੇ ਮੇਰਾ ਨਿੱਜੀ ਇਤਿਹਾਸ ਮੈਨੂੰ ਮਜ਼ਲੂਮ ਔਰਤ ਦੀ
ਸਹਾਇਤਾ ਕਰਨ ਲਈ ਵੰਗਾਰ ਰਿਹਾ ਸੀ। ਪਰ ਪਿਛਲੇ ਸਾਲਾਂ ਵਿੱਚ ਐਮਰਜੈਂਸੀ ਲੱਗ ਜਾਣ ਕਰਕੇ ਤੇ
ਮੇਰੇ ਦੋ ਵਾਰ ਗ੍ਰਿਫ਼ਤਾਰ ਹੋਣ ਅਤੇ ਫੇਰ ਐੱਮ ਫ਼ਿਲ ਕਰਨ ਜਾ ਲੱਗਣ ਕਰਕੇ ਪਿੰਡ ਦੀ ‘ਨੌਜਵਾਨ
ਭਾਰਤ ਸਭਾ’ ਕਾਰਜਹੀਣ ਹੋ ਗਈ ਸੀ। ਇਲਾਕੇ ਵਿਚਲਾ ਇਸਦਾ ਢਾਂਚਾ ਵੀ ਬਿਖ਼ਰ ਗਿਆ ਸੀ।
ਪਿੰਡ-ਸੁਧਾਰ ਲਈ ਸਾਡੇ ਬਣਾਏ ਨਿਯਮ ਤਾਕਤ ਵਾਲਿਆਂ ਨੇ ਮੁੜ ਮੌਕਾ ਮਿਲਦੇ ਸਾਰ ਹੀ ਤੋੜ
ਦਿੱਤੇ ਸਨ।
ਹੁਣ ਕਿਸੇ ਜਥੇਬੰਦਕ ਤਾਕਤ ਤੋਂ ਬਿਨਾਂ ਮੈਂ ਇਕੱਲਾ ਪੀੜਤ ਧਿਰ ਦੀ ਕੀ ਮਦਦ ਕਰ ਸਕਦਾ ਸਾਂ!
ਸਾਰੀ ਰਾਤ ਸੋਚਦਾ ਰਿਹਾ। ਪੁਲਿਸ ਨੂੰ ਮਿਲਾਂ; ਸਰਪੰਚ ਜਾਂ ਪੰਚਾਇਤ ਨੂੰ ਮਿਲਾਂ ਜਾਂ
ਪਹਿਲਾਂ ਵਾਂਗ ਪਿੰਡ ਦੇ ਮੋਅਤਬਰ ਬੰਦਿਆਂ ਦਾ ਇਕੱਠ ਬੁਲਾ ਕੇ ਮਸਲਾ ਵਿਚਾਰਿਆ ਜਾਏ? ਕਿਹੜੇ
ਕਿਹੜੇ ਪੁਰਾਣੇ ਸਾਥੀ ਨਾਲ ਤੁਰ ਸਕਦੇ ਨੇ? ਕਾਮਰੇਡ ਹਰਬੰਸ ਸਿੰਘ ਤੇ ਕਾਮਰੇਡ ਸ਼ੇਰ ਸਿੰਘ
ਨੂੰ ਮਿਲ ਕੇ ਉਹਨਾਂ ਦੀ ਸਲਾਹ ਲਵਾਂ? ਪਹਿਲਾ ਸੱਜੀ ਪਾਰਟੀ ਦਾ ਸੀ ਦੂਜਾ ਖੱਬੀ ਦਾ। ਇਹ ਵੀ
ਸੋਚਿਆ ਕਿ ਇਲਾਕੇ ਦੇ ਸਾਰੇ ਖੱਬੇ ਪੱਖੀ ਵਿਚਾਰਾਂ ਵਾਲੇ ਬੰਦਿਆਂ ਨਾਲ ਤਾਲ-ਮੇਲ ਕਰਾਂ?
ਕਰਾਂ ਤਾਂ ਕੀ ਕਰਾਂ? ਮਨ ਵਿਚ ਬਾਰ ਬਾਰ ਇਹ ਖਿ਼ਆਲ ਆਉਂਦਾ, ‘ਜੇ ਕਿਤੇ ਪਹਿਲਾਂ ਵਰਗੇ ਦਿਨ
ਤੇ ਤਾਕਤ ਹੁੰਦੀ ਤਾਂ ਧੱਕਾ ਕਰਨ ਵਾਲਿਆਂ ਨੂੰ ਗਿਆਨ ਕਰਾ ਦਿੰਦੇ ਇਕ ਵਾਰ!’ ਖੱਬੇ ਪੱਖੀਆਂ
ਦੀ ਆਪਸੀ ਫੁੱਟ ਤੇ ਕੁਸੇਧ ਨੇ ਜਥੇਬੰਦੀਆਂ ਦਾ ਢਾਂਚਾ ਖੰਡਿਤ ਕਰ ਦਿੱਤਾ ਸੀ। ਲੋਕਾਂ ਦੇ
ਰਹਿੰਦੇ ਵੱਟ ਐਮਰਜੈਂਸੀ ਦੇ ਸੁਹਾਗੇ ਨੇ ਕੱਢ ਛੱਡੇ ਸਨ।
ਇਸੇ ਉਧੇੜ-ਬੁਣ ਵਿਚ ਰਾਤ ਲੰਘ ਗਈ। ਸਵੇਰੇ ਉੱਠਿਆ ਤਾਂ ਪਤਨੀ ਕਹਿੰਦੀ, “ਕਾਮਰੇਡ ਨੂੰ ਨਾਲ
ਲੈ ਕੇ ਇੱਕ ਵਾਰ ਸਰਪੰਚ ਨੂੰ ਤਾਂ ਮਿਲੋ। ਢੇਰੀ ਢਾਹ ਕੇ ਨਾ ਬਹੋ। ਤੁਸੀਂ ਚਾਹੋ ਤਾਂ ਸਭ
ਕੁਝ ਕਰ ਸਕਦੇ ਓ।”
ਘਰੋਂ ਬਾਹਰ ਨਿਕਲਿਆ। ਬਾਜ਼ਾਰ ਦੇ ਵਿਚਕਾਰਲੇ ਚੌਕ ਵਿਚ ਜੁੜ ਖਲੋਤੇ ਬੰਦੇ ਕੱਲ੍ਹ ਦੀ ਘਟਨਾ
ਦੀ ਜੁਗਾਲੀ ਕਰ ਰਹੇ ਸਨ। ਮੈਂ ਵੀ ਉਹਨਾਂ ਵਿਚ ਇਕ ਪਾਸੇ ਖਲੋ ਗਿਆ। ਡਾ ਤਰਲੋਕ ਸਿੰਘ
ਸਮੁੰਦਰੀ ਵਾਲਾ ਆਖ ਰਿਹਾ ਸੀ, “ਬੜਾ ਘੋਰ ਜ਼ੁਲਮ ਹੋਇਐ ਜੀ। ਇਕ ਤਰ੍ਹਾਂ ਨਾਲ ਪੂਰੇ ਪਿੰਡ
ਦੇ ਮੱਥੇ ‘ਤੇ ਕਾਲਖ ਦਾ ਧੱਬਾ ਲੱਗ ਗਿਐ। ਮੈਂ ਤਾਂ ਆਖੂੰਗਾ ਜੀ ਕਿ ਇੱਕ ਬੀਬੀ ਨੰਗੀ ਨਹੀਂ
ਹੋਈ, ਸਾਰਾ ਪਿੰਡ ਨੰਗਾ ਹੋ ਗਿਆ। ਭਾਰਤ ਮਾਂ ਨੰਗੀ ਹੋ ਗਈ।”
ਉਹਦਾ ਕੋਈ ਜੋਟੀਦਾਰ ਬੋਲਿਆ, “ਡਾਕਟਰ ਸਾਹਬ! ਭਾਰਤ ਮਾਂ ਦਾ ਐਨਾ ਫਿਕਰ ਸੀ ਤਾਂ ਕੱਲ੍ਹ
ਅੱਗੇ ਹੁੰਦੋਂ। ਛੇਆਂ ਕਰਮਾਂ ‘ਤੇ ਤੇਰੀ ਦੁਕਾਨ ਸੀ। ਉਦੋਂ ਤਾਂ…।”
ਡਾਕਟਰ ਦੀ ਮੇਰੇ ਵੱਲ ਨਜ਼ਰ ਗਈ। ਖਸਿਆਨੀ ਜਿਹੀ ਹਾਸੀ ਹੱਸ ਕੇ ਕਹਿੰਦਾ, “ਓ ਅਸੀਂ ਤਾਂ ਜੀ
ਵੇਖੋ ਬੁੱਢੇ ਬੰਦੇ ਆਂ। ਇਹ ਤਾਂ ਇਹਨਾਂ ਵਰਗੇ ਬੰਦਿਆਂ ਦਾ ਕੰਮ ਏਂ; ਨੌਜਵਾਨਾਂ ਦਾ…ਲੜਨਾ
ਭਿੜਨਾ।”
“ਹਾਹੋ…ਹਾਹੋ…ਇਹਨੂੰ ਫੇਰ ਦਿਓ ਖਾਂ ਬਲਦੀ ਦੇ ਬੁੱਥੇ। ਸੁਖ ਨਾਲ ਟੁੱਕ ਨਾ ਖਾਣ ਦਿਓ ਇਹਨੂੰ।
ਇਹਨੇ ਬੋਂਡੀ ਬੰਦਿਆਂ ਲਈ ਫਾਟਾਂ ਭੰਨਾਉਣ ਦਾ ਠੇਕਾ ਲਿਐ? ਪਿੰਡ ਵਾਲੇ ਕਿੰਨੇ ਕੁ ਸੂਰਮੇ ਨੇ
ਇਹਦੀ ਭੁੱਲ ਨਹੀਂ ਇਹਨੂੰ। ਤੁਹਾਡੀ ਪਿੰਡ ਵਾਲਿਆਂ ਦੀ ਕਰਤੂਤ ਦਾ ਇਹਨੂੰ ਪਤਾ ਨਹੀਂ ਨਾ?
ਦਲੀਪ ਸੁੰਹ ਅਟਾਰੀ ਵਾਲੇ ਦੀ ਗੱਲ ਭੁੱਲ ਗਈ ਹੋਣੀ ਆਂ ਇਹਨੂੰ? ਕਿਵੇਂ ਸਾਰੇ ਪਿੰਡ ਦੇ
ਚੌਧਰੀ ਇਹਦੀ ਮਦਦ ਲਈ ਭੱਜੇ ਗਏ ਸੀ!”
“ਦਲੀਪ ਵਾਲੀ ਗੱਲ ਤਾਂ ਨਹੀਂ ਭੁੱਲੀ ਮੈਨੂੰ ਪਰ ਇਹ ਗੱਲ ਵੀ ਤਾਂ ਬੜੀ ਮਾੜੀ ਹੋਈ ਐ।” ਮੈਂ
ਆਖਿਆ।
“ਮਾੜੀ ਜੀ…ਬਿਲਕੁਲ ਮਾੜੀ…ਇੰਜ ਨਹੀਂ ਸੀ ਹੋਣਾ ਚਾਹੀਦਾ।” ਸਾਰੇ ਸਹਿਮਤ ਸਨ।
“ਮਾੜੀ ਸੀ ਤਾਂ ਅੱਗੇ ਹੋ ਕੇ ਛੁਡਾਉਣਾ ਸੀ ਫੇਰ? ਉਦੋਂ ਕਿਉਂ ਸਭ ਨੂੰ ਸੱਪ ਸੁੰਘ ਗਿਆ?”
ਲਾਗੋਂ ਕੋਈ ਦੁਕਾਨਦਾਰ ਬੋਲਿਆ, “ਬਗਾਨੀ ਮੌਤੇ ਕੌਣ ਮਰਦੈ ਜੀ?”
“ਓ ਛੱਡੋ ਖਹਿੜਾ! ਜਾਓ ਆਪੋ ਆਪਣੇ ਘਰਾਂ ਨੂੰ…ਆਪਸ ਵਿਚ ਨਾ ਲੜ ਪਿਓ। ਉਹਨਾਂ ਉਹਨਾਂ ਦੀ
ਕੁੜੀ ਛੇੜੀ, ਉਹਨਾਂ ਉਹਨਾਂ ਦੀ ਬੁੱਢੀ ਨੰਗੀ ਕਰ ‘ਤੀ। ਇਹਦੇ ‘ਚ ਬਹੁਤੀ ਜਮ੍ਹਾਂ ਤਫ਼ਰੀਕ
ਦੀ ਲੋੜ ਈ ਨਹੀਂ। ਸ੍ਹਾਬ ਦਾ ਸਿੱਧਾ ਸਵਾਲ ਆ। ਜੱਟ ਇੰਜ ਬਦਲੇ ਲੈਂਦੇ ਈ ਹੁੰਦੇ ਆ। ਨਾਲੇ
ਹੋਣ ਵਾਲੀ ਗੱਲ ਤਾਂ ਹੋ ਗਈ। ਹੁਣ ਪਹਿਆ ਕੁੱਟੀ ਜਾਣ ਦਾ ਕੀ ਫ਼ਾਇਦਾ?”
ਰੋਡਾ ਧੂਸ਼ ਦੋਵਾਂ ਹੱਥਾਂ ਨਾਲ ਨਾਲ ਇੰਜ ਇਸ਼ਾਰੇ ਕਰ ਰਿਹਾ ਸੀ ਜਿਵੇਂ ਭੇਡਾਂ ਬੱਕਰੀਆਂ ਦੇ
ਇੱਜੜ ਨੂੰ ਖਿੰਡ ਜਾਣ ਲਈ ਸਿ਼ਸ਼ਕਾਰ ਰਿਹਾ ਹੋਵੇ।
ਮੈਨੂੰ ਉਸ ਵੱਲ ਮੁਸਕਰਾਉਂਦਾ ਤੱਕ ਕੇ ਰੋਡਾ ਕਹਿੰਦਾ, “ਓ ਤੂੰ ਵੀ ਜਾ ਸਰਦਾਰਾ! ਇਨ੍ਹਾਂ ਦੇ
ਆਖੇ, ਚੁੱਕੇ ਫੇਰ ਨਾ ਕੋਈ ਪੰਗਾ ਲੈ ਬਹਿੰਦਾ ਹੋਵੀਂ। ਮਸਾਂ ਸਿੱਧੇ ਰਾਹੇ ਪੈ ਕੇ ਟੱਬਰ
ਪਾਲਣ ਲੱਗੈਂ।”
ਮੈਂ ਖੇਤਾਂ ਨੂੰ ਨਿਕਲ ਗਿਆ। ਹੁਣੇ ਹੋਈ ਗੱਲ-ਬਾਤ ਨੂੰ ਚਿੱਥਦਾ ਰਿਹਾ। ਲੋਕ ਤਾਂ ਆਪਣੀ
ਆਪਣੀ ਜਾਨ ਬਚਾਉਣ ਦੀ ਫਿ਼ਕਰ ਵਿਚ ਲੱਗੇ ਹੋਏ ਨੇ। ਵਾਕਿਆ ਈ ਬੇਗ਼ਾਨੀ ਮੌਤੇ ਕੌਣ ਮਰਦਾ ਏ?
ਰੋਡੇ ਦੀ ਆਵਾਜ਼ ਇਕ ਵਾਰ ਫੇਰ ਕੰਨਾਂ ਵਿਚ ਗੂੰਜੀ, “ਓ ਤੂੰ ਵੀ ਜਾ ਸਰਦਾਰਾ! ਇਨ੍ਹਾਂ ਦੇ
ਆਖੇ, ਚੁੱਕੇ ਫੇਰ ਨਾ ਕੋਈ ਪੰਗਾ ਲੈ ਬਹਿੰਦਾ ਹੋਵੀਂ। ਮਸਾਂ ਸਿੱਧੇ ਰਾਹੇ ਪੈ ਕੇ ਟੱਬਰ
ਪਾਲਣ ਲੱਗੈਂ।”
ਦੁਨੀਆਂਦਾਰ ਲੋਕਾਂ ਲਈ ਤਾਂ ਮੈਂ ਹੁਣ ਹੀ ‘ਟੱਬਰ ਨੂੰ ਪਾਲਣ ਵਾਲੇ ਸਿੱਧੇ ਰਾਹ’ ਤੁਰਿਆ
ਸਾਂ। ਪਹਿਲਾਂ ਤਾਂ ਪੁੱਠੇ ਪੰਗੇ ਹੀ ਲੈਂਦਾ ਰਿਹਾ ਸਾਂ! ਮੇਰੀ ਭੈਣ ਦੀ ਸਹੇਲੀ ਦੇ ਚਿੰਤਤ
ਬੋਲ ਮੇਰੇ ਅੰਦਰ ਖ਼ੌਰੂ ਪਾਉਣ ਲੱਗੇ। ਕਈ ਸਾਲ ਪਹਿਲਾਂ ਜਦੋਂ ਮੇਰੇ ਪਿਤਾ ਦੀ ਮੌਤ ਹੋਈ ਤਾਂ
ਮੈਂ ਕੁਝ ਦਿਨ ਪਹਿਲਾਂ ਈ ‘ਮੋਗਾ ਐਜੀਟੇਸ਼ਨ’ ਵਿਚ ਜੇਲ੍ਹ ਵਿਚੋਂ ਛੁੱਟ ਕੇ ਆਇਆ ਸਾਂ। ਮੇਰੀ
ਭੈਣ ਦੀ ਉਸ ਸਹੇਲੀ ਨੇ ਮੇਰੇ ਪਿਤਾ ਦੀ ਮੌਤ ਦਾ ਅਫ਼ਸੋਸ ਕਰਦਿਆਂ ਕਿਹਾ, “ਭੈਣੇ! ਬੜਾ ਮਾੜਾ
ਹੋਇਆ। ਚਾਚੇ ਦੇ ਜਾਣ ਪਿੱਛੋਂ ਘਰ ਦਾ ਭਾਰ ਤਾਂ ਪੈ ਗਿਆ ਵਿਚਾਰੇ ਛੋਟੇ ਵੀਰ ਦੇ ਮੋਢਿਆਂ
‘ਤੇ। ਵੱਡਾ ਵੀਰ ਤਾਂ ਸੁਣਿਐਂ ਨਲਾਇਕ ਈ ਨਿਕਲਿਆ।”
ਸਾਰਾ ਦਿਨ ਮੇਰੀ ਜ਼ਮੀਰ ਤੇ ਮੇਰੇ ਅੰਦਰਲੇ ਦੁਨੀਆਂਦਾਰ ਬੰਦੇ ਵਿਚ ਲੜਾਈ ਹੁੰਦੀ ਰਹੀ।
ਆਖ਼ਰਕਾਰ ਦੁਨੀਆਂਦਾਰ ਬੰਦਾ ਜਿੱਤ ਗਿਆ।
ਮੇਰਾ ਮਨ ਬੜਾ ਦੁਖੀ ਹੋਇਆ। ਮੈਂ ਬਣਦੀ ਜਿ਼ੰਮੇਵਾਰੀ ਤੋਂ ਭਗੌੜਾ ਹੋ ਗਿਆ ਸਾਂ।
ਸੋਮਵਾਰ ਨੂੰ ਮੈਂ ਡਿਊਟੀ ‘ਤੇ ਚੱਲਿਆ ਤਾਂ ਪਤਨੀ ਨੂੰ ਅੱਜ ਹੀ ਛੁੱਟੀ ਲੈ ਕੇ ਆਉਣ ਦਾ ਲਾਰਾ
ਲਾਇਆ ਤੇ ਆਖਿਆ ਕਿ ਆ ਕੇ ਕੁਝ ਨਾ ਕੁਝ ਕਰਦੇ ਹਾਂ।
ਬੱਚੀ ਰੂਪ ਨੂੰ ਲਾਡ ਲਡਾ ਕੇ ਦੋ ਕੁ ਸਾਲ ਦੇ ਸੁੱਤੇ ਪਏ ਬੇਟੇ ਸੁਪਨਦੀਪ ਵੱਲ ਵੇਖਿਆ। ਉਸਦਾ
ਮੱਥਾ ਚੁੰਮਣ ਲਈ ਝੁਕਿਆ ਤਾਂ ਵੇਖਿਆ ਉਸ ‘ਸੁੱਤੇ ਪਏ ਸੰਧੂ’ ਦੀਆਂ ਅੱਖਾਂ ਖੁੱਲ੍ਹੀਆਂ
ਹੋਈਆਂ ਸਨ। ਇਹ ਖੁੱਲ੍ਹੀਆਂ ਅੱਖਾਂ ਜੋ ਮੇਰੇ ਲਈ ਸਦਾ ‘ਸੰਧੂਆਂ ਦੀ ਬਹਾਦਰੀ’ ਦਾ ਚਿੰਨ੍ਹ
ਰਹੀਆਂ ਸਨ, ਅੱਜ ਮੇਰੀ ‘ਬਹਾਦਰੀ’ ਨੂੰ ਵੰਗਾਰ ਰਹੀਆਂ ਸਨ, ਜਿਹੜਾ ‘ਮੈਦਾਨ’ ਵਿਚੋਂ ਪਿੱਠ
ਵਿਖਾ ਕੇ ਭੱਜ ਨਿਕਲਿਆ ਸੀ!
ਲੱਗਦਾ ਸੀ ਉਸਨੇ ਮੇਰੀ ਕਮਜ਼ੋਰੀ ਤੇ ਚੋਰੀ ਫੜ੍ਹ ਲਈ ਸੀ। ਉਹ ਖੁੱਲ੍ਹੀਆਂ ਅੱਖਾਂ ਅੱਜ ਵੀ
ਜਦੋਂ ਮੈਨੂੰ ਯਾਦ ਆਉਂਦੀਆਂ ਹਨ ਤਾਂ ਜਿੱਥੇ ਇਸ ਹਕੀਕਤ ਦਾ ਖ਼ਿਆਲ ਆਉਂਦਾ ਹੈ ਕਿ ਜ਼ੁਲਮ ਨਾਲ
ਲੜਨ ਲਈ ਹਮੇਸ਼ਾ ਜਥੇਬੰਦਕ ਏਕਾ ਲੋੜੀਂਦਾ ਹੈ, ਓਥੇ ਮੇਰੀ ‘ਬਹਾਦਰੀ ਵਾਲੀ ਵਿਅਕਤੀਗਤ ਹਉਮੈਂ’
ਦੀ ਨਿਕਲਦੀ ਫੂਕ ਮੈਨੂੰ ਹਰ ਵਾਰ ਸ਼ਰਮਿੰਦਾ ਕਰ ਜਾਂਦੀ ਹੈ।
ਪਿੱਛੋਂ ਆਪਣੇ ਅੰਦਰ ਦੀ ਇਹ ਲੜਾਈ ਮੈਂ ‘ਦਲਦਲ’ ਕਹਾਣੀ ਵਿਚ ਸਾਂਭ ਲਈ। ਜਦੋਂ ਵੀ ਕਦੀ ਮੈਂ
ਇਸ ਕਹਾਣੀ ਦੀਆਂ ਅੱਖਾਂ ਨਾਲ ਅੱਖਾਂ ਮਿਲਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੇਰੀਆਂ ਅੱਖਾਂ
ਨੀਵੀਂਆਂ ਹੋ ਜਾਂਦੀਆਂ ਹਨ।
ਮੈਨੂੰ ਲੱਗਣ ਲੱਗਦਾ ਹੈ, ਮੇਰੇ ਵੱਲੋਂ ਪਹਿਲਾਂ ਸੁਣਾਈਆਂ ਗੱਲਾਂ ਤਾਂ ਨਿਰ੍ਹੀਆਂ ਗੱਪਾਂ
ਜਾਂ ਫੜ੍ਹਾਂ ਹਨ। ਪਹਿਲਾਂ ਮੈਂ ਜੋ ਕੁਝ ਕਰ ਸਕਿਆ ਸਾਂ, ਆਪਣੇ ਸੰਗੀਆਂ ਦੇ ਸਾਥ ਵਿਚ ਹੀ ਕਰ
ਸਕਿਆ ਸਾਂ। ਮੈਂ ਇਕੱਲਾ-ਕਾਰਾ ਕੀ ਸਾਂ? ਕੁਝ ਵੀ ਨਹੀਂ। ਬੰਦਾ ਬੰਦਿਆਂ ਨਾਲ ਮਿਲ ਕੇ ਈ
ਬੰਦਿਆਈ ਲਈ ਲੜ ਸਕਦਾ ਹੈ। ਮੇਰੇ ਅੰਦਰ ਇਸ ਘਟਨਾ ਨੂੰ ਚੇਤੇ ਕਰਦਿਆਂ ਪੈਦਾ ਹੁੰਦੇ ਗਿਲਾਨੀ
ਤੇ ਸ਼ਰਮਿੰਦਗੀ ਦੇ ਅਹਿਸਾਸ ਤੋਂ ਇਹ ਤਾਂ ਲੱਗਦਾ ਹੈ ਕਿ ਮੈਂ ਅਸਲੋਂ ਪੱਥਰ ਨਹੀਂ ਸਾਂ ਹੋ
ਗਿਆ। ਮੇਰੀ ਜ਼ਮੀਰ ਅਸਲੋਂ ਹੀ ਮਰ ਖਪ ਨਹੀਂ ਸੀ ਗਈ। ਪਰ ਮੌਕੇ ਦੀ ਲੋੜ ਮੁਤਾਬਕ ਮੈਂ ਲੜ ਵੀ
ਤਾਂ ਨਹੀਂ ਸਾਂ ਸਕਿਆ।
ਇਹ ਸੱਚ ਹੈ ਕਿ ਤੁਹਾਡਾ ਇਤਿਹਾਸ, ਤੁਹਾਡੀ ਬਹਾਦਰੀ ਦੀ ਮਿੱਥ ਤਾਂ ਹੀ ਤੁਹਾਡੇ ਹੱਕ ਵਿਚ
ਭੁਗਤਦੀ ਹੈ ਜੇ ਤੁਹਾਡੇ ਨਾਲ ਭਰਾਵਾਂ ਦਾ ਸਾਥ ਹੋਵੇ। ਭਰਾਵਾਂ ਦੇ ਸਾਥ ਬਿਨਾਂ ਬੰਦਾ ਅੱਜ
ਵੀ ਮਰਿਆ ਜਾਂ ਕੱਲ੍ਹ ਵੀ।
ਤੇ ਮੌਤ ਸਦਾ ਸਰੀਰਕ ਹੀ ਨਹੀਂ ਹੁੰਦੀ।
-0-
|