(1)
ਉਸ ਦੇ ਨਾਂ
ਖੋਹ ਕੇ ਖਾਬ ਰੰਗਲੇ ਸਾਰੇ
ਕਰ ਸਮੇਂ ਦੇ ਹਵਾਲੇ
ਚੁਪ ਚਾਪ ਤੁਰ ਜਾਣਾ
ਇਹ ਜ਼ਿੰਦਗੀ ਨਹੀਂ ।
ਠੰਡੇ ਪਾਣੀਆਂ ਦੇ ਛਿੱਟੇ
ਦੇਕੇ ਹਾਸੇ ਮਿੱਠੇ ਮਿੱਠੇ
ਕਰਨਾ ਅੱਗ ਦੇ ਹਵਾਲੇ
ਇਹ ਜ਼ਿੰਦਗੀ ਨਹੀਂ ।
ਪਾਕੇ ਛਾਵਾਂ ਵਾਲੇ ਰਾਹ
ਦੇਕੇ ਨਿੱਘੇ ਨਿੱਘੇ ਸਾਹ
ਝੱਟ ਨਜ਼ਰਾਂ ਚੁਰਾਣਾ
ਇਹ ਜ਼ਿੰਦਗੀ ਨਹੀਂ ।
ਥੋੜਾ ਬੂਹਾ ਖੜਕਾ ਕੇ
ਮੈਨੂੰ ਖੋਲਣ ਲਈ ਕਹਿਕੇ
ਹੋਰ ਗਲੀ ਛੁੱਪ ਜਾਣਾ
ਇਹ ਜ਼ਿੰਦਗੀ ਨਹੀਂ ।
ਮੈਨੂ ਛੱਤ 'ਤੇ ਬੁਲਾ ਕੇ
ਚੜਦਾ ਸੂਰਜ ਦਿਖਾ ਕੇ
ਬਾਕੀ ਦਿੰਨ ਖੋਹ ਲੈਣਾ
ਇਹ ਜ਼ਿੰਦਗੀ ਨਹੀਂ ।
ਦਿੱਤੇ ਉਮਰਾਂ ਨੂੰ ਵਾਇਦੇ
ਪਰ ਹੋਰ ਸੀ ਇਰਾਦੇ
ਇੱਕ ਸਚ ਮਾਰ ਜਾਣਾ
ਇਹ ਜ਼ਿੰਦਗੀ ਨਹੀਂ ।
ਦਿੰਨੇ ਪਾਈਆਂ ਲਖ ਬਾਤਾਂ
ਪਰ ਗੂੰਗੀਆਂ ਨੇ ਰਾਤਾਂ
ਚੁੱਪ ਵਿੱਚ ਡੁੱਬ ਜਾਣਾ
ਇਹ ਜ਼ਿੰਦਗੀ ਨਹੀਂ ।
(2)
ਤਨਹਾਈ
ਸਿਖਰ ਦੁਪਹਿਰੇ ਧੁੱਪ ਲੁਟਾਈ ।
ਲੁੱਟ ਗਈ ਜਿਹੜੀ ਪਰਤ ਨਾਂ ਆਈ ।
ਗੂੰਗੇ ਬੋਲੇ ਦਿੰਨ ਦੀ ਕਿਸਮਤ ,
ਦੁਸ਼ਮਨ ਹੋਈ ਆਪਣੀ ਤਨਹਾਈ ।
ਰੁਖ ਬੀਜੇ ਸਨ ਆਪਣੀ ਹੱਥੀਂ
ਗਰਮ ਲੂਹ ਨੇ ਪੱਤੇ ਸਾੜੇ ,
ਛਾਂ ਤੋਂ ਖਾਲੀ ਸੜ ਸੜ ਮੋਈ
ਸਫਰ ਲਈ ਜਿਹੜੀ ਰਾਹ ਬਣਾਈ ।
ਉੱਚੀ ਰੋਈ ਕੋੱਠੇ ਚੜ ਕੇ
ਸਾਰੇ ਜੱਗ ਨੂੰ ਦਰਦ ਸੁਣਾਇਆ ,
ਤੂੰ ਨਿਰਮੋਹੀ ਮੋਹ ਤੋਂ ਖਾਲੀ
ਫੁੱਲਾਂ ਦੀ ਤੂੰ ਰੁੱਤ ਗਵਾਈ ।
ਉੱਚੀਆਂ ਕੰਧਾਂ ਜਿੰਦ ਇੱਕਲੀ
ਸ਼ਾਮ ਨੇ ਆਕੇ ਰੂਹ ਹੈ ਮੱਲੀ ,
ਅੰਧਰ ਬਾਹਰ ਬੇ-ਰੋਣਕ ਹੋਇਆ
ਚੁੱਪ ਨੇ ਆਪਣੀ ਮੰਜੀ ਡਾਈ ।
ਅੰਦਰੋਂ ਡਰ ਕੇ ਬਾਹਰ ਨੂੰ ਦੌੜੀ
ਜਗ ਨੂੰ ਲੱਗੀ ਡਾਢੀ ਕੌੜੀ ,
ਚੀਰ ਹਰਨ ਦੀ ਹੋਈ ਤਿਆਰੀ
ਘਰ ਦੀਆਂ ਕੰਧਾਂ ਲਾਜ ਬਚਾਈ ।
ਝੂਠ ਤੇਰੇ ਨੂੰ ਕੁਝ ਨਾਂ ਹੋਇਆ
ਉਮਰ ਬਿਰਹਾ ਦੀ ਹੋ ਗਈ ਲੰਮੀ ,
ਜਿੰਦਗੀ ਜੋ ਅਰਥ ਕਰੇਂ ਤੂੰ
ਅਰਥ ਹੈ ਉਸਦਾ ਸਿਰਫ ਜੁਦਾਈ ।
---diljodh@yahoo.com---
-0-
|