ਫੜ ਲਓ ਓਏ,ਆ ਗਏ ਓਏ,ਭੱਜ ਗਏ ਓਏ, ਦਾ ਰੌਲਾ ਰੱਪਾ ਪਿੰਡਾਂ ਵਿੱਚ ਅਕਸਰ
ਸੁਣਾਈ ਦਿੰਦਾ ਸੀ ਜਦੋਂ ਪਿੰਡ ਵਿੱਚ ਹਨੇਰੇ ਸਵੇਰੇ ਕੋਈ ਚੋਰ ਉਚੱਕਾ ਆ
ਵੜਦਾ।ਰਾਤ ਬਰਾਤੇ ਚੋਰੀ ਕਰਨ ਦੇ ਮੰਤਵ ਨਾਲ ਆਉਂਦੇ ਪਿੰਡਾਂ ਵਿੱਚ ਚੋਰਾਂ
ਨੇ ਪਿੰਡ ਵਾਸੀਆਂ ਦਾ ਜਿਊਣਾਂ ਦੁੱਭਰ ਕੀਤਾ ਹੋਇਆ ਸੀ।ਪਿੰਡ ਦੇ ਜਿਹੜੇ
ਪਾਸੇ ਵੀ ਚੋਰ-ਚੋਰ ਦਾ ਰੌਲਾ ਪੈਂਦਾ,ਸਾਰਾ ਪਿੰਡ ਡਾਂਗਾ ਸੋਟੇ ਚੁੱਕੀ
ਉੱਧਰ ਨੂੰ ਭੱਜ ਪੈਂਦਾ ਅਤੇ ਫਿਰ ਉਦੋਂ ਹੀ ਪਿੰਡ ਦੇ ਦੂਜੇ ਪਾਸੇ ‘ਆ ਗਏ
ਓਏ ਚੋਰ ਫੜ ਲਓ ਓਏ ਚੋਰ‘ ਦਾ ਸ਼ੋਰ ਮੱਚਦਾ ਤਾਂ ਡਾਂਗਾ ਸੋਟੀਆਂ ਨਾਲ ਲੈਸ
ਲੋਕਾਂ ਦਾ ਇਕੱਠਾ ਹੋਇਆ ਸਾਰਾ ਹਜੂਮ ਗਲੀਆਂ ਵਿੱਚ ਦਗੜ ਦਗੜ ਕਰਦਾ ਉੱਧਰ
ਨੂੰ ਭੱਜ ਤੁਰਦਾ।ਪਰ ਹੱਥ ਪੱਲੇ ਕੁੱਝ ਵੀ ਨਹੀ ਲੱਗਦਾ। ਕਦੇ ਕੋਈ ਚੋਰ
ਫੜਿਆ ਹੀ ਨਹੀਂ ਗਿਆ ਸੀ।ਪਰ ਰੋਜਾਨਾਂ ਰਾਤ ਨੂੰ ਪਿੰਡ ਦੇ ਲੋਕ ਚੋਰੀ ਹੋਣ
ਦੇ ਡਰੋਂ ਜਗਰਾਤੇ ਕੱਟਦੇ ਅਤੇ ਬੈਟਰੀਆਂ ਟਾਰਚਾਂ ਦੀ ਰੌਸ਼ਨੀ ਅਤੇ ਲੋਕਾਂ
ਦੇ ਰੌਲੇ ਰੱਪੇ ਕਾਰਨ ਹਰ ਰਾਤ ਇੰਝ ਮਹਿਸੂਸ ਹੁੰਦਾ ਜਿਵੇਂ ਪਿੰਡ ਵਿੱਚ
ਕੋਈ ਸਰਕਸ ਲੱਗੀ ਹੋਈ ਹੋਵੇ।ਮੁੰਡੀਹਰ ਨੇਂ ਗੰਡਾਸੇ ਤਿੱਖੇ ਕਰਵਾ
ਲਏ।ਨੰਬਰਦਾਰ ਨੇ ਆਪਣੀ ਦੋਨਾਲੀ ਰੋਜ ‘ਫੁਲਤਰੂ‘ ਫੇਰ ਫੇਰ ਘਸਾ ਛੱਡੀ
ਸੀ।ਹਰ ਘਰ ਵਿੱਚ ਡਾਂਗਾ ਸੋਟੀਆਂ,ਬਰਛੇ,ਗੰਡਾਸਿਆਂ,ਟਕੂਆਂ ਦਾ ਢੇਰ ਲੱਗਾ
ਹੋਇਆ ਸੀ।ਕਈਆਂ ਨੇ ਘਰਾਂ ਦੀ ਰਾਖੀ ਲਈ ਕੁੱਤੇ ਵੀ ਪਾਲ ਰੱਖੇ ਸਨ।ਗਰਮੀ ਦੀ
ਰੁੱਤੇ ਲੋਕ ਘਰਾਂ ਦੀਆਂ ਛੱਤਾਂ ਤੇ ਮੰਜੇ ਡਾਹ ਕੇ ਸੌਦੇ।ਪਰ ਅੱਧੀ ਕੁ ਰਾਤ
ਨੂੰ ਚੋਰ ਚੋਰ ਰੌਲਾ ਪੈ ਜਾਂਦਾ ਜਾਂ ਕਈ ਵਾਰੀ ਗੁਰੂਦੁਆਰੇ ਦਾ ਗ੍ਰੰਥੀ
ਸਪੀਕਰ ਰਾਹੀ ਅਨਾਉਸਮੈਂਟ ਕਰ ਦਿੰਦਾ ਕਿ ਭਾਈ ਫਲਾਣਿਆਂ ਦੇ ਘਰੇ ਚੋਰ ਆ
ਵੜੇ ਹਨ,ਪਿੰਡ ਮੱਦਦ ਲਈ ਪਹੁੰਚੇ ਅਤੇ ਇਸ ਤਰਾਂ ਲੋਕ ਚੋਰਾਂ ਨੂੰ ਫੜਨ ਲਈ
ਭੱਜਦੇ।ਇਹ ਹੁਣ ਨਿੱਤ ਦਿਨ ਦਾ ਹੀ ਕੰਮ ਹੋ ਗਿਆ ਸੀ।ਚੋਰੀ ਹੋਣ ਦੇ ਡਰੋਂ
ਲੋਕਾਂ ਨੇ ਆਪਣੇ ਗਹਿਣੇ ਗੱਟੇ ਕਿਤੇ ਡੂੰਘੇ ਦੱਬ ਦਿੱਤੇ ਸਨ ਅਤੇ ਹੋਰ
ਪੂੰਜੀ ਨੂੰ ਜਿੰਦਰੇ ਮਾਰ ਕੇ ਚੌਵੀ ਘੰਟੇ ਨਿਗ੍ਹਾ ਰੱਖਦੇ।ਦਿਨ ਵੇਲੇ ਵੀ
ਪਿੰਡ ਦੀਆਂ ਸੱਥਾਂ ਵਿੱਚ,ਘਰਾਂ ਵਿੱਚ ਚੋਰਾਂ ਬਾਰੇ ਹੀ ਖੁੰਢ ਚਰਚਾ ਹੁੰਦੀ
ਰਹਿੰਦੀ ਕਿ ਫਲਾਣੇ ਪਿੰਡ ਚੋਰਾਂ ਨੇ ਘਰ ਨੂੰ ਸੰਨ ਲਾ ਲਿਆ,ਫਲਾਣੇ ਪਿੰਡ
ਚੋਰ ਸੁੱਤੀ ਪਈ ਬੁੜੀ ਦੇ ਕੰਨਾਂ ਤੋਂ ਵਾਲੀਆਂ ਲਾਹ ਕੇ ਲੈ ਗਏ।ਇਹ ਚੋਰ
ਚੋਰ ਦੀ ਛੁੱਪਾ ਛੁੱਪੀ ਆਸ ਪਾਸ ਦੇ ਪਿੰਡਾਂ ਵਿੱਚ ਵੀ ਚੱਲਦੀ ਸੀ।ਗਰਮੀਂ
ਦਾ ਹੁੰਮਸ,ਉੱਤੋ ਪਿੰਡ ਵਿੱਚ ਰਾਤ ਨੂੰ ਬਿਜਲੀ ਦੇ ਕੱਟ ਲੱਗਣ ਕਾਰਨ ਅਤੇ
ਚੋਰਾਂ ਦਾ ਡਰ ਪਿੰਡ ਦੇ ਲੋਕਾਂ ਨੁੰ ਸੌਣ ਨਹੀਂ ਦਿੰਦਾ
ਸੀ।ਕੋਠਿਆਂ(ਛੱਤਾਂ) ਤੇ ਮੰਜੇ ਡਾਹ ਕੇ ਪਏ ਲੋਕ ਆਪਣੇ ਨਾਲ ਲੱਗਦੇ ਕੋਠਿਆਂ
ਤੇ ਪਏ ਗਵਾਢੀਆਂ ਨੂੰ ਰਾਤ ਨੂੰ ਬੁਲਾਉਂਦੇ ਰਹਿੰਦੇ, “ਓਏ ਕੇਸਰਾ,ਮਖਿਆ
ਜਾਗਦੈਂ ਕੇ ਸੌ ਗਿਆ ਭਲਾਂ”?ਅਗਲਾ ਭਾਵੇ ਅੱਗੋ ਹੁੰਗਾਰਾ ਭਰਦਾ ਜਾਂ ਨਾਂ
ਭਰਦਾ ਪਰ ਰਾਤ ਨੂੰ ਇਸ ਤਰਾਂ ਇੱਕ ਦੂਜੇ ਨੂੰ ਬੁਲਾਉਣ ਦਾ ਮਤਲਬ ਹੁੰਦਾ ਸੀ
ਕਿ ਕਿਸੇ ਬਿਗਾਨੇ ਬੰਦੇ ਚੋਰ ਉਚੱਕੇ ਨੂੰ ਪਤਾ ਲੱਗ ਜਾਵੇ ਕਿ ਲੋਕ ਜਾਗਦੇ
ਪਏ ਹਨ।ਮਾੜਾ ਮੋਟਾ ਕਿਤੇ ਕੋਈ ਕੁੱਤਾ ਭੌਕਦਾ ਜਾਂ ਖੜਾਕ ਹੁੰਦਾ ਤਾਂ ਲੋਕ
ਝੱਟ ਕੰਨ ਚੁੱਕ ਲੈਦੇ ਅਤੇ ਬਿੜਕਾਂ ਲੈਣ ਲੱਗਦੇ ਕਿ ਕਿਤੇ ਕੋਈ ਓਪਰਾ ਬੰਦਾ
ਤਾਂ ਨਹੀਂ ਵੜ ਗਿਆ ਪਿੰਡ ਵਿੱਚ।ਬਹੁਤੇ ਤਾਂ ਗਰਮੀਂ ਦੇ ਦਿਨਾਂ ਵਿੱਚ ਰਾਤੀ
ਸੌਣ ਲੱਗੇ ਪੱਖੇ ਵੀ ਨਹੀਂ ਸਨ ਲਾਉਂਦੇ ਕਿ ਕਿਤੇ ਪੱਖੇ ਦੇ ਖੜਕੇ ਵਿੱਚ
ਪਤਾ ਨਾਂ ਲੱਗੇ ਤੇ ਚੋਰ ਚੋਰੀ ਕਰ ਕੇ ਲੈ ਜਾਣ।ਮੱਛਰ ਤੋਂ ਬਚਣ ਲਈ ਲੋਕ
ਮੱਛਰਦਾਨੀ ਲਾ ਕੇ ਸੌਂਦੇ ਅਤੇ ਕਿਸੇ ਕੱਪੜੇ ਜਾਂ ਪੱਖੀ ਨਾਲ ਹਵਾ ਝੱਲ ਕੇ
ਰਾਤ ਟਪਾ ਲੈਦੇ।ਵਿਹੜੇ ਵਿੱਚ ਮੰਜੇ ਡਾਹ ਕੇ ਪਈਆਂ ਔਰਤਾਂ ਪੱਖੀ ਨਾਲ
ਸੁੱਤੇ ਪਏ ਨਿਆਣਿਆਂ ਨੂੰ ਹਵਾ ਝੱਲਦੀਆਂ ਤੇ ਇੱਕ ਦੂਜੀ ਨੂੰ ਰਾਤ ਨੂੰ
ਬੁਲਾਉਂਦੀਆਂ ਰਹਿੰਦੀਆਂ ਤਾਂ ਕੇ ਪਤਾ ਲੱਗਦਾ ਰਹੇ ਕਿ ਘਰ ਦੇ ਮੈਂਬਰ
ਜਾਗਦੇ ਹਨ।ਪਿੰਡ ਵਿੱਚ ਚੋਰਾਂ ਦਾ ਭੈਅ ਇੰਨਾਂ ਜਿਆਦਾ ਫੈਲ ਗਿਆ ਸੀ ਕਿ
ਪਿੰਡ ਵਿੱਚ ਜੇਕਰ ਕਿਸੇ ਦੇ ਕੋਈ ਪ੍ਰਹੁਣਾਂ ਜਾਂ ਰਿਸ਼ਦਤੇਦਾਰ ਆਉਂਦਾ ਤਾਂ
ਸ਼ਾਂਮ ਨੂੰ ਆਂਪਣੇ ਘਰ ਵਾਪਸ ਮੁੜਨ ਨੂੰ ਤਰਜੀਹ ਦਿੰਦਾ ਕਿਉਂਕਿ ਹੋਰਨਾਂ
ਪਿੰਡਾਂ ਵਿੱਚ ਵੀ ਚੋਰੀਆਂ ਦਾ ਸਿਲਸਿਲਾ ਏਦਾਂ ਹੀ ਚੱਲਦਾ ਸੀ।ਜੇ ਕਿਤੇ
ਮਜਬੂਰੀ ਵੱਸ ਕਿਸੇ ਪ੍ਰਹੁਣੇ ਜਾਂ ਰਿਸ਼ਤੇਦਾਰ ਨੂੰ ਕਿਸੇ ਰਿਸ਼ਤੇਦਾਰੀ ਵਿੱਚ
ਰਾਤ ਰੁਕਣਾਂ ਵੀ ਪੈ ਜਾਂਦਾ ਤਾਂ ਉਸ ਨੂੰ ਸਖਤ ਹਦਾਇਤ ਹੁੰਦੀ ਸੀ ਕਿ ਭਾਈ
ਹਨੇਰੇ ਸਵੇਰੇ ਇਕੱਲਿਆਂ ਬਾਹਰ ਨਹੀਂ ਨਿੱਕਲਣਾਂ ਤਾਂ ਕਿ ਕਿਤੇ ਓਪਰਾ ਬੰਦਾ
ਸਮਝ ਕੇ ਪਿੰਡ ਵਾਲੇ ਉਸ ਤੇ ਹੀ ਨਾ ਕਿਤੇ ਡਾਂਗ ਫੇਰ ਦੇਣ।ਸਾਉਣ ਦੇ ਮਹੀਨੇ
ਪੈਦੇ ਛਰਾਟਿਆਂ ਨੇ ਲੋਕਾਂ ਨੂੰ ਗਰਮੀ ਤੋਂ ਥੋੜੀ ਜਿਹੀ ਰਾਹਤ ਤਾਂ ਦੇ
ਦਿੱਤੀ ਸੀ ਪਰ ਮੱਛਰ ਵੱਧ ਗਿਆ ਸੀ।ਹਰ ਰੋਜ ਦੀ ਤਰਾਂ ਅੱਜ ਵੀ ਲੋਕਾਂ ਨੇ
ਦਿਨ ਛਿਪਦੇ ਸਾਰ ਹੀ ਰੋਟੀ ਪਾਣੀ ਛਕ ਕੇ ਕੋਠਿਆਂ ਤੇ ਡਾਹੇ ਮੰਜਿਆਂ ਉੱਤੇ
ਮੱਛਰਦਾਨੀਆਂ ਗੱਡ ਲਈਆਂ।ਸੌਣ ਤੋਂ ਪਹਿਲਾਂ ਇੱਕ ਦੂਜੇ ਨਾਲ ਗੱਲਾਂ ਕਰਦੇ
ਲੋਕ ਅਜੇ ਥੋੜਾ ਜਿਹਾ ਹੀ ਟਿਕੇ ਸਨ ਕਿ ਪਿੰਡ ਦੇ ਗੁਰੂ ਘਰ ਦੇ ਸਪੀਕਰ
ਵਿੱਚੋਂ ਕਿਸੇ ਨੇ ਗ੍ਰੰਥੀ ਤੋਂ ਅਨਾਉਸਮੈਂਟ ਕਰਵਾ ਦਿੱਤੀ ਕਿ ਭਾਈ ਬੱਸ
ਅੱਡੇ ਦੇ ਨਾਲ ਲੱਗਦੇ ਤੇਜੇ ਸਿਓ ਕਿ ਘਰ ਚੋਰ ਆ ਗਏ ਹਨ ‘ਤੇ ਪਿੰਡ ਮੱਦਦ
ਲਈ ਪਹੁੰਚੇ।ਬੱਸ ਫਿਰ ਕੀ ਸੀ,ਪੈ ਗਿਆ ਘਸਮਾਂਣ ਪਿੰਡ ਚ।ਫਿਰ ਜੀਹਦੇ ਹੱਥ
ਵੀ ਕੋਈ ਜਿਸ ਤਰਾਂ ਦੀ ਡਾਂਗ ਸੋਟੀ ਹੱਥ ਲੱਗੀ,ਚੁੱਕ ਕੇ ਸਾਰੇ ਪਿੰਡ ਚੋਂ
ਘਰਾਂ ਦੇ ਇੱਕ ਇੱਕ ਦੋ ਦੋ ਬੰਦੇ ਬੱਸ ਅੱਡੇ ਵੱਲ ਤੇਜੇ ਸਿਓ ਕੇ ਘਰ ਵੱਲ
ਨੂੰ ਭੱਜ ਪਏ।“ਕਿੱਥੇ ਐ ਚੋਰ,ਅੱਜ ਨਹੀ ਛੱਡਦੇ,ਚੱਕ ਲਓ ਓਏ,ਵੱਢ ਦਿਆਂਗੇ
ਵਰਗੇ ਮੁਹਾਵਰੇ ਉਚਾਰਦੇ ਲੋਕ ਪਲਾਂ ਵਿੱਚ ਹੀ ਤੇਜੇ ਸਿਓ ਦੇ ਘਰੇ ਇਕੱਠੇ
ਹੋ ਗਏ।ਲੋਕਾਂ ਨੇਂ ਉਹਨਾਂ ਦੇ ਘਰ ਦੇ ਨਾਲ ਲੱਗਦੇ ਖੇਤ ‘ਚ ਖੜੀ ਕਪਾਹ ਦੀ
ਫਸਲ ਨੂੰ ਫਰੋਲ ਛੱਡਿਆ ਤਾਂ ਕਿ ਕਿਤੇ ਚੋਰ ਨਰਮੇ ਕਪਾਹ ਦੀ ਫਸਲ ਵਿੱਚ ਨਾ
ਲੁਕ ਗਏ ਹੋਣ।ਉਸ ਘਰ ਦੀ ਸੁਆਣੀ ਨੇਂ ਦੱਸਿਆ ਕਿ ਦੋ ਬੰਦੇ ਸੀ,ਉਹਨਾਂ ਦੇ
ਮੂੰਹ ਕੱਪੜੇ ਨਾਲ ਬੰਨੇ ਹੋਏ ਸਨ ਤੇ ਅਜੇ ਕੰਧ ਟੱਪ ਕੇ ਵਿਹੜੇ ਚ ਆਏ ਹੀ
ਸਨ ਕਿ ਉਸਨੇ ਰੌਲਾ ਪਾ ਦਿੱਤਾ ਤੇ ਉਹ ਮੁੜ ਉਸੇ ਕੰਧ ਉੱਤੋਂ ਦੀ ਬਾਹਰ ਵੱਲ
ਨੂੰ ਛਾਲਾਂ ਮਾਰ ਕੇ ਭੱਜ ਗਏ।ਸੱਚਮੁੱਚ ਹੀ ਕੰਧ ਤੋਂ ੳੱਖੜ ਕੇ ਤਿੰਨ ਚਾਰ
ਇੱਟਾਂ ਬਾਹਰ ਵਾਲੇ ਪਾਸੇ ਨੂੰ ਡਿੱਗੀਆਂ ਪਈਆਂ ਸਨ ਜੋ ਇਸ ਗੱਲ ਦੀ ਪੁਸ਼ਟੀ
ਕਰਦੀਆਂ ਸਨ ਕਿ ਜਰੂਰ ਕਿਸੇ ਬੰਦੇ ਨੇ ਕੰਧ ਉੱਤੋਂ ਦੀ ਬਾਹਰ ਵੱਲ ਨੂੰ ਛਾਲ
ਮਾਰੀ ਹੈ।ਅਜੇ ਕਸ਼ਮਕਸ਼ ਚੱਲ ਹੀ ਰਹੀ ਸੀ ਕਿ ਵੀਹ ਕੁ ਮਿੰਟਾਂ ਬਾਅਦ ਪਿੰਡ
ਦੇ ਦੂਜੇ ਪਾਸੇ ਰੌਲਾ ਪੈ ਗਿਆ ਕਿ ਚੋਰ ਆ ਗਏ ਛੇਤੀ ਫੜੋ।ਤੇਜੇ ਸਿਓ ਕੇ
ਘਰੋਂ ਸਾਰਾ ਹਜੂਮ ਹਲੀ ਹਲੀ ਕਰਦਾ ਗਲੀਆਂ ਵਿੱਚ ਦੀ ਪਿੰਡ ਦੇ ਦੂਜੇ ਪਾਸੇ
ਵੱਲ ਨੂੰ ਭੱਜਦਾ ਹੋਇਆ ਫਿਰਨੀ ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਸੱਚਮੁੱਚ
ਹੀ ਭਿੰਦੇ ਡਰਾਈਵਰ ਕੇ ਘਰ ਚੋਰੀ ਹੋ ਚੁੱਕੀ ਸੀ।ਚੋਰ ਭਿੰਦੇ ਡਰਾਈਵਰ ਦੇ
ਘਰ ਵਾਲੀ ਦੇ ਕੰਨਾਂ ਵਿੱਚੋ ਸੋਨੇ ਦੀਆਂ ਡੰਡੀਆਂ ਲਾਹ ਕੇ ਪਿੰਡ ਦੀ ਫਿਰਨੀ
ਦੇ ਨਾਲ ਲੱਗਦੇ ਖੇਤਾਂ ਵੱਲ ਨੂੰ ਭੱਜ ਗਏ ਸਨ।ਅੱਧੀ ਰਾਤ ਨੂੰ ਦੂਰ ਦੂਰ
ਤੱਕ ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ।ਲੋਕਾਂ ਨੇ ਫਸਲਾਂ ਵਿੱਚ
ਬਥੇਰੀਆਂ ਟਾਰਚਾਂ ਬੈਟਰੀਆਂ ਨਾਲ ਚਾਨਣ ਕਰ ਕੇ ਚੋਰਾਂ ਨੂੰ ਲੱਭਣ ਦੀ
ਕੋਸ਼ਿਸ਼ ਕੀਤੀ ਪਰ ਚੋਰ ਸ਼ਾਇਦ ਕਿਤੇ ਦੂਰ ਨਿੱਕਲ ਚੁੱਕੇ ਸਨ ਜਾਂ ਕਿਤੇ
ਸੁਰੱਖਿਅਤ ਸ਼ਥਾਨ ਤੇ ਲੁਕ ਕੇ ਬੈਠ ਗਏ ਸਨ।ਸਵੇਰ ਹੁੰਦੀ ਸਾਰ ਹੀ ਸਾਰਾ
ਪਿੰਡ ਪੰਚਾਇਤ ਦੇ ਸੱਦੇ ਤੇ ਸੱਥ ਵਿੱਚ ਇਕੱਠਾ ਹੋ ਗਿਆ।ਲੋਕ ਰਾਤ ਹੋਈ
ਚੋਰੀ ਬਾਰੇ ਤਰਾਂ ਤਰਾਂ ਦੀਆਂ ਗੱਲਾਂ ਕਰ ਰਹੇ ਸਨ।ਕਾਫੀ ਸਮੇ ਦੇ ਵਿਚਾਰ
ਵਟਾਂਦਰੇ ਪਿੱਛੋ ਪਿੰਡ ਦੀ ਪੰਚਾਇਤ ਨੇ ਸਮੂਹ ਪਿੰਡ ਦੇ ਲੋਕਾਂ ਦੀ ਸਹਿਮਤੀ
ਨਾਲ ਇਹ ਫੈਸਲਾ ਕੀਤਾ ਕਿ ਪਿੰਡ ਵਿੱਚ ਹੁਣ ਰਾਤ ਨੂੰ ਪਹਿਰਾ ਲੱਗਿਆ
ਕਰੇਗਾ।ਹਰ ਰਾਤ ਵਾਰੀ ਸਿਰ ਕਰੀਬ ਅੱਠ ਬੰਦੇ ਪਿੰਡ ਵਿੱਚ ਪਹਿਰੇ ਤੇ ਰਿਹਾ
ਕਰਨਗੇ।ਸਿਆਣੇ ਕਹਿੰਦੇ ਹੁੰਦੇ ਹਨ ਕਿ ਜਦੋਂ ਵੀ ਕਿਸੇ ਪਿੰਡ ਵਿੱਚ ਕੋਈ
ਚੋਰੀ ਵਗੈਰਾ ਹੁੰਦੀ ਹੈ ਤਾਂ ਚੋਰਾਂ ਨਾਲ ਉਸੇ ਪਿੰਡ ਦਾ ਇੱਕ ਅੱਧਾ ਬੰਦਾ
ਜਰੂਰ ਰਲਿਆ ਹੁੰਦਾ ਹੈ ਜੋ ਕਿ ਪਿੰਡ ਦਾ ਭੇਤ ਚੋਰਾਂ ਨੂੰ ਦਿੰਦਾ ਹੈ ਨਹੀਂ
ਤਾਂ ਬਿਗਾਨੇ ਬੰਦੇ ਨੂੰ ਕੀ ਪਤੈ ਕਿ ਕਿਹੜੇ ਪਿੰਡ ਕਿਹੜਾ ਘਰ ਸਰਦਾ ਪੁਜਦਾ
ਹੈ ਕਿਹੜੇ ਘਰ ਚੋਰੀ ਕਰਨ ਲਈ ਕਿਥੋ ਦੀ ਵੜਨਾਂ ਹੈ।ਇਹੀ ਗੱਲ ਪਿੰਡ ਦੀ
ਪੰਚਾਇਤ ਨੇ ਲੋਕਾਂ ਦੇ ਇਕੱਠ ਵਿੱਚ ਦੁਹਰਾਈ ਕਿ ਜੇ ਕੋਈ ਪਿੰਡ ਦਾ ਬੰਦਾ
ਚੋਰਾਂ ਦੀ ਮੱਦਦ ਕਰ ਰਿਹਾ ਹੈ ਤਾਂ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਵੇ
ਨਹੀ ਤਾਂ ਉਸ ਵਿਰੁੱਧ ਸ਼ਖਤ ਕਾਰਵਈ ਕੀਤੀ ਜਾ ਸਕਦੀ ਹੈ।ਖੈਰ ਪਿੰਡ ਵਿੱਚ
ਬੜੀ ਮੁਸ਼ਤੈਦੀ ਵਰਤੀ ਜਾਣ ਲੱਗੀ।
ਪਰ ਪਿੰਡ ਵਿੱਚ ਠੀਕਰੀ ਪਹਿਰਾ ਲੱਗਣਾਂ ਸ਼ੁਰੂ ਹੋ ਗਿਆ ਅਤੇ ਵਾਰੀ ਸਿਰ
ਚੌਕੀਦਾਰ ਇੱਕ ਹਫਤਾ ਪਹਿਲਾਂ ਹੀ ਇਤਲਾਹ ਦੇ ਛੱਡਦਾ ਸੀ ਕਿ ਭਾਈ ਫਲਾਣੇ
ਦਿਨ ਫਲਾਣੇ ਫਲਾਣੇ ਘਰ ਦਾ ਮੈਂਬਰ ਪਹਿਰੇ ਤੇ ਜਾਵੇਗਾ।ਲੋਕਾਂ ਨੂੰ ਵੀ
ਥੋੜਾ ਸੁੱਖ ਦਾ ਸਾਹ ਆਇਆ ਕਿ ਚਲੋ ਹੁਣ ਪਿੰਡ ਵਿੱਚ ਪਹਿਰਾ ਲੱਗਣ ਲੱਗ ਪਿਆ
ਹੈ ਤੇ ਘੱਟੋ ਘੱਟ ਰਾਤ ਨੂੰ ਆਰਾਮ ਦੀ ਨੀਂਦ ਤਾਂ ਸੌ ਜਾਇਆ ਕਰਾਂਗੇ।ਪਰ
ਉਂਝ ਲੋਕ ਐਨੇ ਅਵੇਸਲੇ ਵੀ ਨਹੀਂ ਸਨ ਹੋਏ।ਸਰਦੇ ਪੁਜਦੇ ਘਰਾਂ ਵਿੱਚ
ਹਥਿਆਰ,ਦਰਮਿਆਨੇ ਘਰਾਂ ਵਿੱਚ ਸੋਟੀਆਂ ਗੰਡਾਸੇ ਤੇ ਮੁੱਢੋ ਹੀ ਗਰੀਬ ਘਰਾ
ਦੀਆਂ ਛੱਤਾਂ ਇੱਟਾਂ ਰੋੜਿਆਂ ਨਾਲ ਲੈਸ ਜਰੂਰ ਸਨ।ਪਿੰਡ ਦੀ ਵਸੋਂ ਦੇ
ਹਿਸਾਬ ਨਾਲ 34(ਚੌਂਤੀ)ਦਿਨਾਂ ਬਾਦ ਹਰ ਘਰ ਦੀ ਮੁੜ ਪਹਿਰੇ ਤੇ ਜਾਣ ਲਈ
ਵਾਰੀ ਆਉਦੀ ਸੀ।ਕਈ ਇਕੱਲੇ ਕਹਿਰੇ ਜਾਂ ਬਹੁਤੇ ਸਰਦੇ ਪੁਜਦੇ ਅਮੀਰ ਪਰਿਵਾਰ
ਆਪਣੀ ਜਗਾ ਤੇ ਪਹਿਰੇ ਲਈ ਆਪਣੇ ਕਿਸੇ ਸੀਰੀ ਸਾਂਝੀ ਨੂੰ ਜਾਂ ਕਿਸੇ ਨੂੰ
ਦਿਹਾੜੀ ਦੇ ਪੈਸੇ ਦੇ ਕੇ ਪਹਿਰੇ ਤੇ ਭੇਜ ਦਿੰਦੇ ਸਨ।ਇਸ ਤਰਾਂ ਕਈ ਲੋਕਾਂ
ਨੂੰ ਰੁਜਗਾਰ ਮਿਲ ਗਿਆ।ਪੰਚਾਇਤ ਦਾ ਹੁਕਮ ਸੀ ਕਿ ਲੋਕ ਆਪਣੇ ਆਪਣੇ ਘਰਾਂ
ਦੇ ਬਾਹਰ ਬਿਜਲੀ ਦੇ ਬੱਲਬ ਲਾਉਣ ਤੇ ਰਾਤ ਨੂੰ ਇਹਨਾਂ ਨੂੰ ਜਗਦਾ ਰੱਖਣ
ਤਾਂ ਕਿ ਚਾਨਣ ਕਾਰਨ ਕਿਸੇ ਗੈਰ ਬੰਦੇ ਨੂੰ ਦੇਖਿਆ ਜਾ ਸਕੇ।ਪਿੰਡ ਦੇ ਬੱਸ
ਅੱਡੇ ਤੇ ਬਿਜਲੀ ਉਪਕਰਣਾਂ ਨੂੰ ਠੀਕ ਕਰਨ ਦੀ ਦੁਕਾਨ ਖੋਲੀ ਬੈਠੇ ਮਹਾਜਨਾਂ
ਦਾ ਮੁੰਡਾ ਲੱਕੜ ਦੀ ਫੱਟੀ ਤੇ ਜੜੇ ਜੜਾਏ ਬੱਲਬ ਵੇਚਣ ਲੱਗ ਪਿਆ ਉਸਦਾ
ਰੁਜਗਾਰ ਵੀ ਚੰਗਾ ਚੱਲ ਪਿਆ।ਰਾਤਾਂ ਨੂੰ ਘੁੰਮਣ ਫਿਰਨ ਅਤੇ ਗੱਲਾਂ ਦੇ
ਸ਼ੌਕੀਨ ਕਈ ਮੁੰਡੇ ਉਡੀਕਦੇ ਹੀ ਰਹਿੰਦੇ ਕਿ ਕਦ ਉਹਨਾਂ ਦੀ ਪਹਿਰੇ ਲਈ ਵਾਰੀ
ਆਵੇ।ਤੇ ਇੰਝ ਹਰ ਰਾਤ ਅੱਠ ਬੰਦੇ ਸਾਰੀ ਰਾਤ ਤੁਰ ਫਿਰ ਕੇ ਪਿੰਡ ਵਿੱਚ
ਪਹਿਰਾ ਦਿੰਦੇ।ਕਦੇ ਪਿੰਡ ਦੇ ਇੱਧਰਲੇ ਪਾਸੇ ਤੇ ਕਦੀ ਪਿੰਡ ਦੇ ਦੂਜੇ ਪਾਸੇ
ਚਾਰ ਚਾਰ ਬੰਦਿਆਂ ਦੀਆਂ ਟੋਲੀਆਂ ਬਣਾ ਕੇ ਘੁੰਮਦੇ ਘਮਾਉਂਦਿਆਂ ਕਦੀ ਕੋਈ
ਘਰੋਂ ਚਾਹ ਬਣਵਾ ਲਿਆਉਂਦਾ ਕਦੇ ਸਰਦੀ ਰੁੱਤੇ ਕਪਾਹ ਦੀਆਂ ਛਿਟੀਆਂ ਦੀ
ਧੂਣੀ ਬਾਲ ਲੈਂਦੇ ਸੇਕਣ ਲਈ।ਪਹਿਰੇ ਤੇ ਜਾਣ ਵਾਲੇ ਕਈ ਮੁੰਡੇ ਖੁੰਢੇ ਕਿਸੇ
ਦੇ ਘਰ ਵਿਆਹ ਦੀ ਮੂਵੀ ਦੇਖਣ ਲਈ ਕਿਰਾਏ ਤੇ ਲਿਆਦੇ ਵੀ.ਸੀ,ਆਰ. ਤੇ
ਫਿਲਮਾਂ ਦੇਖਣ ਵੀ ਵੜ ਜਾਂਦੇ ਪਰ ਪਹਿਰਾ ਬੜੀ ਮੁਸ਼ਤੈਦੀ ਨਾਲ ਲੱਗ ਰਿਹਾ ਸੀ
ਤੇ ਕਦੇ ਕਦੇ ਰਾਤ ਨੂੰ ਪਿੰਡ ਵਿੱਚ ਪੁਲਿਸ ਵੀ ਗੇੜਾ ਮਾਰਦੀ ਸੀ ਤੇ ਪੁਲਸ
ਵਾਲੇ ਪਹਿਰੇ ਵਾਲਿਆ ਨੂੰ ਵੀ ਚੈੱਕ ਕਰ ਜਾਂਦੇ ਸਨ।
ਪਿੰਡ ਵਿੱਚ ਰਹਿੰਦੇ ਜੋਗਿੰਦਰ ਸਿਓ ਨੇ ਆਪਣੇ ਪਹਿਰੇ ਦੀ ਵਾਰੀ ਤੇ ਆਪਣੇ
ਸੀਰੀ ਨੂੰ ਆਪਣੀ ਦੋਨਾਲੀ ਰਾਈਫਲ ਫੜਾ ਕੇ ਪਹਿਰੇ ਤੇ ਤੋਰ ਦਿੱਤਾ ਤੇ ਆਪ
ਦੋ ਪੈੱਗ ਲਾ ਕੇ ਹਵਾ ਪਿਆਜੀ ਹੋਇਆ ਸੌਂ ਗਿਆ।ਜਿੱਡਾ ਕੁ ਕੱਦ ਜੋਗਿੰਦਰ
ਸਿਓ ਦੇ ਸੀਰੀ ਮੱਘਰੀ ਦਾ ਸੀ ਉਸ ਤੋਂ ਡੇਢ ਗਿੱਠ ਲੰਬੀ ਉਸਨੂੰ ਰਾਈਫਲ ਫੜਾ
ਦਿੱਤੀ ਤੇ ਮੱਘਰੀ ਵੀ ਫੁੱਲਿਆ ਨਾਂ ਸਮਾਏ ਕਿ ਬਈ ਬੇਸ਼ੱਕ ਉਸਦੇ ਆਪਣੇ ਘਰੇ
ਸੋਟੀ ਵੀ ਨਹੀਂ ਸੀ ਪਰ ਅੱਜ ਸਰਦਾਰ ਨੇ ਉਸਨੂੰ ਰਾਈਫਲ ਫੜਾ ਦਿੱਤੀ ਤੇ ਇਸੇ
ਕਰਕੇ ਉਹ ਬਾਕੀ ਪਹਿਰੇ ਵਾਲਿਆ ਦੇ ਅੱਗੇ ਅੱਗੇ ਤੁਰਿਆ ਕਰੇ।ਮੱਘਰੀ ਦੇ ਨਾਲ
ਪਹਿਰੇ ਤੇ ਬਾਕੀ ਮੁੰਡਿਆਂ ਨੇ ਉਸਨੂੰ ਛੇੜਨਾਂ ਸ਼ੁਰੂ ਕਰ ਦਿੱਤਾ ਕਿ ਜਿੱਡਾ
ਮੱਘਰੀ ਆਪ ਹੈ ਉਸ ਤੋਂ ਵੱਡੀ ਰਫਲ ਹੈ।ਮੌਕੇ ਤੇ ਰਫਲ ਤਾਂ ਇਸ ਤੋਂ ਚੱਲਣੀ
ਨਹੀ,ਇਹ ਕੀ ਸ਼ੇਰ ਮਾਰਦੂੰ।ਇੱਕ ਮੁੰਡੇ ਨੇ ਸਿਰਫ ਦੇਖਣ ਲਈ ਹੀ ਮੱਘਰੀ ਤੋਂ
ਰਫਲ ਦੀ ਮੰਗ ਕੀਤੀ ਤਾਂ ਮੱਘਰੀ ਨੇ ਝੱਟ ਜਵਾਬ ਦੇ ਦਿੱਤਾ ਤਾਂ ਉਹ ਮੁੰਡਾ
ਮੱਘਰੀ ਨੂੰ ਕਹਿੰਦਾ,“ਉਏ ਤੈਨੂੰ ਚਲਾਉਣੀ ਵੀ ਆਉਦੀ ਐ ਇਹ,ਕਿ ਐਵੀ ਟੰਬਾ
ਚੱਕੀ ਫਿਰਦੈ?”ਅੱਗੋ ਪਹਿਲਾ ਹੀ ਖਿੱਝਿਆ ਹੋਇਆ ਮੱਘਰੀ ਗੁੱਸੇ ਚ ਆਇਆ
ਪਹਿਰੇ ਵਾਲੇ ਉਸ ਮੁੰਡੇ ਨੂੰ ਕਹਿੰਦਾ,“ਉਏ ਟੰਬਾ ਟੁੰਬਾ ਨਾ ਕਹਿ
ਏਹਨੂੰ,ਫੈਰ ਮਾਰ ਕੇ ਭਰਿਆੜ ਕਰਦੂੰ ਸਹੁਰੇ ਨੂੰ।” ਅੱਧੀ ਰਾਤ ਨੂੰ ਪਿੰਡ
ਦੀ ਬਾਹਰਲੀ ਫਿਰਨੀ ਤੇ ਪਹਿਰਾ ਦੇਣ ਵਾਲਿਆ ‘ਚ ਹੀ ਤੂੰ-ਤੂੰ ਮੈਂ-ਮੈ ਹੋ
ਗਈ ਤੇ ਉਹਨਾਂ ਦਾ ਰੌਲਾ ਸੁਣ ਕੇ ਪਿੰਡ ਦੇ ਲੋਕਾਂ ਨੇ ਸਮਝਿਆ ਕਿ ਸ਼ਾਇਦ
ਚੋਰ ਆ ਗਏ।ਇੰਝ ਪਿੰਡ ਵਿੱਚ ਭਾਵੇ ਚੋਰ ਉਚੱਕਾ ਵੜਦਾ ਭਾਵੇਂ ਨਾ ਵੜਦਾ ਪਰ
ਪਹਿਰੇ ਵਾਲੇ ਨਿੱਤ ਕੋਈ ਅਜਿਹੀ ਭਸੂੜੀ ਜਰੂਰ ਪਾਈ ਰੱਖਦੇ ਸਨ।ਕੜਾਕੇ ਦੀ
ਸਰਦੀ ਦੀ ਇੱਕ ਰਾਤ ਨੂੰ ਭੋਲਾ ਡਾਕਟਰ ਕੰਬਲ ਦੀ ਬੁੱਕਲ ਮਾਰ ਕੇ ਅੱਧੀ ਰਾਤ
ਨੂੰ ਕਿਸੇ ਦੇ ਘਰੋਂ ਬਿਮਾਰ ਬੁੜੇ ਨੂੰ ਟੀਕਾ ਲਗਾ ਕੇ ਘਰ ਨੂੰ ਵਾਪਸ ਜਾ
ਰਿਹਾ ਸੀ।ਗਲੀ ਦੇ ਦੂਜੀ ਨੁੱਕਰ ਤੋਂ ਤੁਰੇ ਆਉਂਦੇ ਪਹਿਰਾ ਦੇਣ ਵਾਲਿਆਂ
ਨੂੰ ਹਨੇਰੇ ਜਿਹੇ ਵਿੱਚ ਸ਼ੱਕ ਪੈ ਗਿਆ ਕਿ ਕੰਬਲ ਦੀ ਬੁੱਕਲ ਮਾਰੀ ਕੋਈ
ਬੰਦਾ ਤੇਜੀ ਨਾਲ ਜਾ ਰਿਹੈ,ਸ਼ਾਇਦ ਕੋਈ ਚੋਰ ਹੈ।ਉਹਨਾਂ ਨੇ ਪਿੱਛੋ ਦੀ ਜਾ
ਕੇ ਭੋਲੇ ਡਾਕਟਰ ਨੂੰ ਦਬੋਚ ਲਿਆ ਤੇ ਉਸਦੀ ਗੱਲ ਸੁਣੇ ਬਗੈਰ ਹੀ ਉਸਦੇ
ਉੱਤੇ ਲਏ ਕੰਬਲ ਵਿਚ ਲਪੇਟ ਕੇ ਉਸ ਦਾ ਕੁਟਾਪਾ ਕਰ ਦਿੱਤਾ ਤੇ ਇੱਕ ਨੇ
ਪਿੰਡ ਦੇ ਸਪੀਕਰ ਵਿੱਚੋਂ ਅਨਾਉਸਮੈਂਟ ਕਰਵਾ ਦਿੱਤੀ ਕਿ ਪਹਿਰੇ ਵਾਲਿਆ ਨੇ
ਚੋਰ ਫੜ ਲਿਆ ਹੈ।ਜਦ ਅੱਧੀ ਰਾਤ ਨੂੰ ਇਕੱਠੇ ਹੋਏ ਲੋਕਾਂ ਨੇ ਭੋਲੇ ਡਾਕਟਰ
ਦਾ ਚਿਹਰਾ ਨੰਗਾ ਕੀਤਾ ਤਾਂ ਠੰਢ ਵਿੱਚ ਪਈ ਕੁੱਟ ਕਾਰਨ ਭੋਲੇ ਡਾਕਟਰ ਤੋਂ
ਬੋਲਿਆ ਨਾਂ ਜਾਵੇ।ਪਰ ਭੋਲੇ ਡਾਕਟਰ ਨੇ ਉੱਥੇ ਹੀ ਸਹੁੰ ਪਾ ਲਈ ਕਿ ਅੱਜ
ਤੋਂ ਬਾਅਦ ਰਾਤ ਨੂੰ ਕਿਸੇ ਦੇ ਘਰੇ ਦਵਾਈ ਬੂਟੀ ਨਹੀਂ ਦੇਣ ਜਾਣਾਂ ਬੇਸ਼ੱਕ
ਕੋਈ ਮਰਦਾ ਹੈ ਤਾਂ ਮਰੇ।ਸੋ ਏਦਾਂ ਕਈ ਵਾਰ ਚੋਰਾਂ ਦੇ ਭੁਲੇਖੇ ਸਾਧ ਵੀ
ਕੁੱਟੇ ਗਏ ਸਨ।ਘਰਾਂ ਦੇ ਨਾਲ ਲੱਗਦੀਆਂ ਗਲੀਆਂ ਵਿੱਚ ਦੀ ਜਦ ਕੋਈ ਆਵਾਰਾ
ਪਸ਼ੂ ਰਾਤ ਨੂੰ ਲੰਘਦਾ ਤਾਂ ਖੜਾਕ ਹੁੰਦਾ ਤੇ ਛੱਤਾਂ ਤੇ ਮੰਜੇ ਡਾਹੀ ਪਏ
ਲੋਕ ਸ਼ੱਕ ਵਜੋ ਹੀ ਗਲੀ ਵਿੱਚ ਇੱਟਾਂ ਰੋੜੇ ਵਗਾਹ ਮਾਰਦੇ।ਕਣਕਾਂ ਨੂੰ ਦੂਜਾ
ਪਾਣੀ ਲਾਉਣ ਦੀ ਰੁੱਤ ਚੱਲ ਰਹੀ ਸੀ।ਕਿਸਾਨ ਖੇਤਾਂ ਨੂੰ ਰਾਤਾਂ ਨੂੰ ਪਾਣੀ
ਲਾਉਂਦੇ ਜਿਸ ਕਰਕੇ ਉਹਨਾਂ ਨੂੰ ਰਾਤਾਂ ਖੇਤਾਂ ਵਿੱਚ ਬਤੀਤ ਕਰਨੀਆਂ
ਪੈਂਦੀਆਂ।ਸੁੱਖਾ ਵੀ ਕਹੀ ਮੋਢੇ ਤੇ ਰੱਖ ਕੇ ਆਪਣੇ ਬਾਪੂ ਨੂੰ ਨਾਲ ਲੈ ਕੇ
ਆਪਣੀ ਰਾਤ ਦੀ ਪਾਣੀ ਦੀ ਵਾਰੀ ਲਈ ਕਣਕ ਨੂੰ ਰੌਣੀ ਕਰਨ ਲਈ ਸ਼ਾਮ ਪੈਂਦੇ ਹੀ
ਖੇਤ ਪਹੁੰਚ ਗਏ।ਘਰ ਵਿੱਚ ਸੁੱਖੇ ਦੀ ਪਤਨੀ ਤੇ ਮਾਂ ਇਕੱਲੀਆਂ ਹੋਣ ਕਰਕੇ
ਉਹ ਗੁਆਢੀਆਂ ਨੂੰ ਕਹਿ ਗਿਆ ਕਿ ਰਾਤ ਬਰਾਤੇ ਘਰ ਦਾ ਧਿਆਨ ਰੱਖਿਓ।ਅਜੇ
ਅੱਧੀ ਕੁ ਰਾਤ ਹੀ ਮੁੱਕੀ ਸੀ ਕਿ ਉਹਨਾਂ ਦੀ ਰਸੋਈ ਵਿੱਚੋਂ ਠੱਕ ਠੱਕ ਦੀਆਂ
ਆਵਾਜਾਂ ਆਉਣ ਲੱਗੀਆਂ।ਨੂੰਹ ਨੂੰ ਭਿਣਕ ਲੱਗ ਗਈ ਤੇ ਉਸ ਨੇ ਆਪਣੀ ਸੱਸ ਨੂੰ
ਹਲੂਣ ਕੇ ਕਹਿੰਦੀ ਕਿ ਬੇਬੇ ਆਪਣੇ ਘਰੇ ਤਾਂ ਚੋਰ ਵੜ ਆਏ ਹਨ।ਦੋਨੋ ਨੂੰਹ
ਸੱਸ ਘਰ ਇਕੱਲੀਆਂ ਹੋਣ ਕਰਕੇ ਡਰੀਆਂ ਹੋਈਆਂ ਸਨ।ਬੁੜੀ ਨੇ ਹਿੱਮਤ ਜਿਹੀ
ਕਰਕੇ ਖੰਗੂਰਾ ਜਿਹਾ ਮਾਰਿਆ ਕਿ ਜੇਕਰ ਕੋਈ ਚੋਰ ਹੋਇਆ ਤਾਂ ਉਸ ਨੂੰ ਪਤਾ
ਲੱਗ ਜਾਵੇ ਕਿ ਘਰ ਦੇ ਮੈਂਬਰ ਜਾਗਦੇ ਪਏ ਹਨ।ਠੱਕ ਠੱਕ ਦੀ ਆਵਾਜ ਆਉਣੀ ਬੰਦ
ਹੋ ਗਈ।ਪਰ ਕੁੱਝ ਦੇਰ ਬਾਅਦ ਫਿਰ ਉਸ ਤਰਾਂ ਦੀਆਂ ਅਵਾਜਾਂ ਰਸੋਈ ਵਿੱਚੋਂ
ਆਉਣ ਲੱਗ ਪਈਆਂ।ਬੁਰੀ ਤਰਾਂ ਡਰੀਆਂ ਹੋਈਆਂ ਨੂੰਹ ਸੱਸ ਨੇ ਚੋਰ ਚੋਰ ਦਾ
ਰੌਲਾ ਪਾ ਦਿੱਤਾ।ਰੌਲਾ ਪਾਉਣ ਦੀ ਦੇਰ ਸੀ ਕਿ ਮਿੰਟਾਂ ਵਿੱਚ ਹੀ ਉਹਨਾਂ ਦੇ
ਘਰ ਡਾਂਗਾ ਸੋਟੇ ਲੈ ਕੇ ਲੱਗਭੱਗ ਸਾਰਾ ਪਿੰਡ ਇਕੱਠਾ ਹੋ ਗਿਆ।ਕਈਆਂ ਨੇ
ਤਾਂ ਆਉਦੇ ਸਾਰ ਹੀ ਘੁੱਪ ਹਨੇਰੇ ਵਿੱਚ ਰਸੋਈ ਵਿੱਚ ਪਏ ਭਾਂਡਿਆਂ ਤੇ
ਸੋਟੀਆਂ ਮਾਰ ਮਾਰ ਕੇ ਅੱਧੇ ਭਾਂਡੇ ਚਿੱਬੇ ਕਰ ਦਿੱਤੇ।ਜਦ ਰੌਸ਼ਨੀ ਕਰ ਕੇ
ਚੋਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇੱਕ ਕਾਲੇ ਘਸਮੈਲੇ
ਜਿਹੇ ਰੰਗ ਦੀ ਬਿੱਲੀ ਨੇ ਦੁੱਧ ਪੀਣ ਦੇ ਲਾਲਚ ਵਿੱਚ ਇੱਕ ਭੀੜੇ ਜਿਹੇ
ਮੂੰਹ ਵਾਲੀ ਗੜਬੀ ਵਿੱਚ ਮੂੰਹ ਫਸਾ ਲਿਆ ਸੀ।ਗੜਬੀ ਵਿੱਚੋ ਆਪਣਾਂ ਫਸਿਆ
ਹੋਇਆ ਗਲ ਕੱਢਣ ਲਈ ਜਦ ਬਿੱਲੀ ਇੱਧਰ ਉੱਧਰ ਦੌੜਦੀ ਤਾਂ ਖੜਕਾ ਹੁੰਦਾ ਸੀ
ਜਿਸਨੂੰ ਉਹਨਾਂ ਚੋਰ ਸਮਝ ਲਿਆ ਸੀ।ਬੁੜੀ ਦਾ ਡਰਦੀ ਦਾ ਸਾਹ ਚੜਿਆ ਹੋਇਆ ਸੀ
ਤੇ ਉਹ ਉੱਥੇ ਹੀ ਲੱਗ ਪਈ ਆਪਣੀਂ ਨੂੰਹ ਨੂੰ ਗਾਲਾਂ ਕੱਢਣ,“ਨੀਂ ਏਨੂ ਬੀਹ
ਆਰੀ ਕਿਹੈ ਮਿੱਢੋ ਜੀ ਨੂੰ ਬਈ ਰਾਤ ਨੂੰ ਜੂਠੇ ਭਾਂਡੇ ਮਾਜ ਸਵਾਰ ਕੇ ਪਿਆ
ਕਰ,ਜੂਠੇ ਭਾਂਡਿਆਂ ਚ ਕੁਤੇ ਬਿੱਲੇ ਨੇ ਮੂੰਹ ਮਾਰਨਾ ਈ ਹੋਇਆ,ਊਈਂ ਸਾਰਾ
ਪਿੰਡ ਕੱਠਾ ਕਰਾਤਾ ਭਰਾਵਾਂ ਪਿੱਟੀ ਨੇ।”ਰੌਲੇ ਰੱਪੇ ਤੋਂ ਘਬਰਾਈ ਅਤੇ ਸੱਸ
ਦੀਆਂ ਗਾਲਾਂ ਸੁਣ ਕੇ ਉਹ ਵਿਚਾਰੀ ਰੋਣ ਹਾਕੀ ਹੋਈ ਪਈ ਸੀ।ਅਖੇ “ਜੇ ਮੈ
ਜਾਂਣਦੀ ਜੱਟਾਂ ਦੇ ਵੱਸ ਪੈਂਣਾਂ ਗੋਹਾ ਕੂੜਾ ਪਹਿਲਾਂ
ਸਿੱਖਦੀ”।ਚੋਰ-ਸਿਪਾਹੀ ਦੀ ਇਹ ਖੇਡ ਮੁੱਕਣ ਦਾ ਨਾਂਅ ਨਹੀਂ ਲੈ ਰਹੀ ਸੀ ਪਰ
ਅਜੇ ਤਾਂਈ ਕੋਈ ਚੋਰ ਫੜਿਆ ਵੀ ਨਹੀ ਸੀ ਗਿਆ।ਗੁਰੂ ਘਰ ਦਾ ਗ੍ਰੰਥੀ ਸਵੇਰੇ
ਸਾਢੇ ਕੁ ਚਾਰ ਵਜੇ ਲੋਕਾਂ ਨੂੰ ਉੱਠਣ ਦਾ ਹੋਕਾ ਦਿੰਦਾ ਤੇ ਲੋਕ ਸੁੱਖ ਦਾ
ਸਾਹ ਲੈਂਦੇ ਕਿ ਚਲੋ ਰਾਤ ਗੁਜਰ ਗਈ ਤੇ ਪਹਿਲੇ ਪਹਿਰ ਹੀ ਉੱਠ ਕੇ ਲੋਕ ਕੰਮ
ਧੰਦੀ ਲੱਗ ਜਾਂਦੇ।ਕਈ ਰਾਤਾਂ ਪਿੰਡ ‘ਚ ਸੁੱਖ ਸ਼ਾਂਤੀ ਰਹਿਣ ਮਗਰੋਂ ਇੱਕ
ਰਾਤ ਚੱਕੀ ਵਾਲੇ ਭਾਨੇ ਕੀ ਬੁੜੀ ਨੇ ਅੱਧੀ ਰਾਤ ਨੂੰ ਚੋਰ ਚੋਰ ਦਾ ਰੌਲਾ
ਪਾ ਦਿੱਤਾ ਕਿ ਉਸਨੇ ਆਪਣੇ ਘਰ ਇੱਕ ਚੋਰ ਵੜਦਾ ਦੇਖਿਐ।ਰਾਤ ਨੂੰ ਉਹਨਾਂ ਦੇ
ਘਰ ਇਕੱਠੇ ਹੋਏ ਪਿੰਡ ਦੇ ਹਜੂਮ ਨੇ ਡਾਂਗਾ ਮਾਰ ਮਾਰ ਕੇ ਉਹਨਾਂ ਦਾ
ਕੁੱਕੜਾਂ ਵਾਲਾ ਖੁੱਡਾ ਹੀ ਭੰਨ ਸੁੱਟਿਆ।ਖੁੱਡੇ ਵਿੱਚ ਤਾੜੇ ਕੁੱਕੜ
ਕੁੱਕੜੀਆਂ ਦੀ ਕੁੱਕੜ-ਕੈਂ ਨੇ ਅਸਮਾਨ ਸਿਰ ਤੇ ਚੁੱਕ ਲਿਆ ਸੀ।ਸਵੇਰੇ ਪਤਾ
ਲੱਗਾ ਕਿ ਮੁੰਡੀਹਰ ਨੇ ਰਾਤ ਉਹਨਾਂ ਦੀਆਂ ਸੱਤ ਕੁੱਕੜ ਕੁੱਕੜੀਆਂ ਹੀ ਮਾਰ
ਸੁੱਟੀਆਂ।ਸਵੇਰੇ ਸਾਢੇ ਕੁ ਚਾਰ ਵਜੇ ਗੁਰੂ ਘਰ ਦੇ ਭਾਈ ਸਹਿਬ ਨੇ ਸਪੀਕਰ
ਵਿੱਚੋ ਅਨਾਉਸਮੈਂਟ ਕਰ ਦਿੱਤੀ ਕਿ ਭਾਈ ਰਾਤ ਗੁਰੂ ਘਰ ਦੇ ਲੰਗਰ ਹਾਲ ਵਿੱਚ
ਪਏ ਬਰਤਨ ਕਿਸੇ ਚੋਰ ਨੇ ਚੋਰੀ ਕਰ ਲਏ ਹਨ।ਦਿਨ ਚੜਦੇ ਸਾਰ ਹੀ ਲੋਕ ਗੁਰੂ
ਘਰ ਵਿੱਚ ਇਕੱਠੇ ਹੋ ਗਏ ਜਦ ਦੇਖਿਆ ਤਾਂ ਪਤਾ ਲੱਗਾ ਕਿ ਸੱਚਮੁੱਚ ਹੀ ਕਿਸੇ
ਚੋਰ ਨੇ ਗੁਰੂ ਘਰ ਦੇ ਬਰਤਨ ਚੁਰਾ ਲਏ ਸਨ।ਲੋਕਾਂ ਨੇ ਪੜਤਾਲ ਸ਼ੁਰੂ ਕਰ
ਦਿੱਤੀ।ਲੱਡੂ ਖਾ ਕਿ ਚੁਬਾਰੇ ਵਿੱਚੋਂ ਨਿੱਕਲੀ ਤੇ ਮੱਖੀਆਂ ਨੇ ਪੈੜ ਦੱਬ
ਲਈ ਕਹਾਵਤ ਦੇ ਮੁਤਾਬਕ ਕੁੱਝ ਕੁ ਘੰਟਿਆਂ ਵਿੱਚ ਹੀ ਚੋਰ ਫੜ ਲਿਆ।ਨਸ਼ਾ
ਪੱਤਾ ਛਕਣ ਵਾਲੇ ਬਿਰਜੇ ਅਮਲੀ ਨੇ ਗੁਰੂ ਘਰ ਵਿੱਚੋਂ ਇਸ ਮਨਸ਼ਾ ਨਾਲ ਬਰਤਨ
ਚੋਰੀ ਕਰ ਲਏ ਸਨ ਕਿ ਇਹਨਾਂ ਨੂੰ ਵੇਚ ਕੇ ਹਫਤੇ ਭਰ ਦਾ ਨਸ਼ਾ ਆ ਜਾਵੇਗਾ ਤੇ
ਉਹ ਮੌਜਾਂ ਲਵੇਗਾ।ਪੰਚਾਇਤ ਇਕੱਠੀ ਹੋ ਗਈ ਬਿਰਜੇ ਨੂੰ ਪੰਚਾਇਤ ਨੇ ਸੱਦ
ਲਿਆ।ਲੋਕ ਬਿਰਜੇ ਨੂੰ ਕੁੱਟਣ ਨੂੰ ਕਾਹਲੇ ਸਨ।ਪੰਚਾਇਤ ਨੇ ਬਿਰਜੇ ਨੂੰ
ਆਪਣਾਂ ਪੱਖ ਰੱਖਣ ਲਈ ਕਿਹਾ ਤਾਂ ਬੇਸ਼ਰਮੀ ਜਿਹੀ ਨਾਲ ਬਿਰਜਾ ਭਰੀ ਪੰਚਾਇਤ
ਵਿੱਚ ਕਹਿੰਦਾ,“ਲੈ ਬਈ ਗੱਲ ਸੁਣਲੈ ਪੰਚੈਤੇ।ਰੱਬ ਸਭ ਦੇ ਢਿੱਡ ਭਰਦੈ,ਨਸ਼ੇ
ਪੱਤੇ ਦੀ ਵੀ ਮਤਬਲ ਤੋਟ ਸੀ,ਥੋਨੂੰ ਪਤੈ,ਤੁਸੀ ਸਾਰਾ ਪਿੰਡ ਮਖਿਆ ਗੁਰਦਾਰੇ
ਚੜਾਵਾ ਚੜਾਉਨੋ ਓ,ਆਪਾਂ ਨੂੰ ਕੋਈ ਪੁੱਛਦਾ ਨੀ।ਨਾਂ ਫੇਰ ਕੀ ਹੋ ਗਿਆ ਜੇ
ਭਾਂਡੇ ਚੱਕ ਲੇ ਤਾਂ, ਹੈਂ?ਐਥੈ ਵੱਡੇ ਵੱਡੇ ਚੋਰ ਗੁਰੂ ਦੀਆਂ ਗੋਲਕਾਂ
ਢਕਾਰ ਗੇ।ਆਹ ਚੱਕੋ ਭਾਂਡੇ ਤੇ ਗੱਲ ਨਿਬੇੜੋ ਪਰੇ,ਹੋਰ ਕੀ?” ਇਨਾਂ ਕਹਿ ਕੇ
ਚੋਰੀ ਦੇ ਬਰਤਨਾਂ ਵਾਲੀ ਬੋਰੀ ਬਿਰਜੇ ਅਮਲੀ ਨੇ ਪੰਚਾਇਤ ਵੱਲ ਵਗਾਹ
ਮਾਰੀ।ਅਮਲੀ ਬਿਰਜੇ ਦੀ ਗੱਲ ਸੁਣਕੇ ਲੋਕਾਂ ਨੂੰ ਅਤੇ ਪੰਚਾਇਤ ਨੂੰ ਕੋਈ
ਗੱਲ ਨਹੀਂ ਸੀ ਅਹੁੜ ਰਹੀ।
ਫੋਨ 0061 434 288 301
Email - harmander.kang@gmail.com
-0-
|